.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 47)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਥਾ ਸੁਣੋ

ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਪੂਰਨ ਸਿੰਘ ਜੀ ਦੁਆਰਾ ਅੰਮ੍ਰਿਤਸਰ - ਮਹਿਤਾ ਸੜਕ ਉਪਰ ਸਥਿਤ ਗੁ: ਬੇਰ ਸਾਹਿਬ ਵਿਖੇ ਦਸੰਬਰ ੧੯੯੯ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਗੁਰਬਾਣੀ ਕਥਾ ਦੇ ਹੂ-ਬ-ਹੂ ਕੁੱਝ ਅੰਸ਼ ਜੋ ਉਸ ਸਮੇਂ ਟੇਪ ਰਿਕਾਰਡ ਕੀਤੀ ਵੀਡੀਓ ਕੈਸਿਟ ਤੋਂ ਨੋਟ ਕਰਕੇ ਦੇ ਰਹੇ ਹਾਂ। (ਸਬੂਤ ਲਈ ਕੈਸਟ ਸਾਡੇ ਕੋਲ ਹੈ)
ਕੀ ਗਿਆਨੀ ਪੂਰਨ ਸਿੰਘ ਦੇ ਨਿੱਜੀ ਕਰਤੱਵ ਕੌਮ ਨੂੰ ਗੁਮਰਾਹ ਨਹੀਂ ਕਰ ਰਹੇ?
ਡਾ; ਸੁਖਪ੍ਰੀਤ ਸਿੰਘ ਉਦੋਕੇ
ਅਕਾਲ ਤਖਤ ਸਾਹਿਬ ਅਕਾਲ ਪੁਰਖ ਦਾ ਤਖ਼ਤ ਹੈ। ਸੰਸਾਰ ਦੇ ਦੁਨਿਆਵੀ ਤਖ਼ਤਾਂ ਦੇ ਮੁਕਾਬਲੇ ਇਸ ਦੀ ਹਸਤੀ ਕਿਤੇ ਉਚੇਰੀ ਹੈ। ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਕਿਸੇ ਵੀ ਧਰਮ ਨਾਲ ਸੰਬੰਧਿਤ ਮਨੁੱਖ ਜੋ ਸਰਬੱਤ ਦੇ ਭਲੇ ਦਾ ਸੰਕਲਪ ਮਨ ਵਿੱਚ ਲੈ ਕੇ ਅਕਾਲ ਪੁਰਖ ਦੇ ਸਨਮੁਖ ਸੀਸ ਝੁਕਾ ਰਿਹਾ ਹੈ ਕਿਉਂਕਿ ਇਹ ਤਖ਼ਤ ਅੱਗੇ ਵੀ ਝੁਕਾ ਰਿਹਾ ਹੈ ਕਿਉਂਕਿ ਇਹ ਤਖ਼ਤ ਸੱਚੇ ਨੇ ਰਚਾਇਆ ਹੈ। ਮੁਖਵਾਕ ਹੈ:
ਸਚੈ ਤਖਤੁ ਰਚਾਇਆ … …. .॥
ਅਕਾਲ ਪੁਰਖ ਦਾ ਰਚਾਇਆ ਤਖ਼ਤ ਜਿਸ ਦੇ ਸਨਮੁਖ ਹਰ ਪ੍ਰਾਣੀ ਸੀਸ ਝੁਕਾਈ ਖੜ੍ਹਾ ਹੈ ਗੁਰੂ ਹਰਿਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ ਪਰੰਤੂ ਉਹ ਆਪ ਇਸ ਤਖਤ ਦੇ ਮਾਲਕ ਨਾ ਬਣੇ।
ਡਾ. ਦਿਲਗੀਰ ਦੇ ਲਫਜਾਂ ਵਿੱਚ “ਗੁਰੂ ਹਰਿਗੋਬਿੰਦ ਸਾਹਿਬ ਖੁਦ ਇਸ ਤਖਤ ਸਾਹਿਬ ਦੇ ਮਾਲਕ ਨਹੀਂ ਬਣੇ ਸਨ। ਉਹ ਤਾਂ ਇਸ ਤਖਤ ਦੇ ਸਰਬਰਾਹ ਸਨ!”
ਗੁਰੂ ਹਰਿਗੋਬਿੰਦ ਸਾਹਿਬ ਨੇ ਤਖ਼ਤ ਦੀ ਸੇਵਾ ਸੰਭਾਲ ਦਾ ਕਾਰਜ ਭਾਈ ਗੁਰਦਾਸ ਜੀ ਨੂੰ ਪਹਿਲਾ ਸੇਵਾਦਾਰ ਥਾਪ ਕੇ ਬਖਸ਼ਿਆ।
ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦਾ ਜ਼ਿਹਨੀ ਮਰਕਜ਼ ਹੈ ਇਸ ਪਾਵਨ ਅਸਥਾਨ ਤੋਂ ਕੌਮ ਨੇ ਹਰ ਖੇਤਰ ਭਾਵੇਂ ਉਹ ਸਮਾਜਿਕ, ਧਾਰਮਿਕ, ਰਾਜਨੀਤਕ, ਫਲਸਫਾ ਜਾਂ ਕੌਮੀ ਗੈਰਤ ਉਪਰ ਹੋ ਰਹੇ ਮਾਰੂ ਹਮਲਿਆਂ ਪ੍ਰਤੀ ਹੈ-ਅਗਵਾਈ ਲੈਣੀ ਹੈ। ਪਰ ਕੁੱਝ ਸਮੇਂ ਤੋਂ ਸਮੁੱਚੀ ਕੌਮ ਬੜੇ ਮੰਦਭਾਗੇ ਦੌਰ ਵਿਚੋਂ ਗੁਜ਼ਰ ਰਹੀ ਹੈ। ਸਿਆਸੀ ਮਹਾਰਥੀਆਂ ਅਤੇ ਸਵਾਰਥ ਪੰਥੀਆਂ ਦੀ ‘ਕਿਰਪਾ’ ਨੇ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਦਾ ਘਾਣ ਕਰਕੇ ਰੱਖ ਦਿੱਤਾ ਹੈ। ਸੰਸਾਰ ਦੇ ਲੋਕ-ਮੰਚ ਉਪਰ ਇੱਕ ਤਮਾਸ਼ਾ ਬਣਾਇਆ ਜਾ ਰਿਹਾ ਹੈ। ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਨਾਵਾਕਿਫ਼ ਲੋਕ ਤਖਤ ਉਪਰ ਤਾਨਾਸ਼ਾਹੀ ਦਾ ਬੁਰਕਾ ਪਾ ਕੇ ਬੈਠ ਜਾਂਦੇ ਹਨ। ਕੌਮ ਦੀ ਬਦਕਿਸਮਤੀ ਹੈ ਕਿ ਤਖਤ ਉਪਰ ਕਾਬਜ਼ ਸਵਾਰਥੀ ਲੋਕ ਜੋ ਪੰਥ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਹਨ ਨੇ ਆਪਣੇ ਆਪ ਨੂੰ ਅਕਾਲ ਤਖਤ ਸਮਝਣਾ ਸ਼ੁਰੂ ਕਰ ਦਿੱਤਾ ਹੈ।
ਸਿਆਸੀ ਮਹਾਰਥੀਆਂ ਵੱਲੋਂ ਸਵਾਰਥ ਅਤੇ ਰਾਜਨੀਤਕ ਸੱਤਾ ਦੇ ਨਸ਼ੇ ਵੱਸ ਲਏ ਗਏ ਫੈਸਲਿਆਂ ਨੇ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਮਸੰਦਾਂ ਤੋਂ ਮਹੰਤਾਂ ਦੀਆਂ ਪੁਸ਼ਾਕਾਂ ਪਾ ਕੇ ਗੁਰਧਾਮਾਂ ‘ਤੇ ਕਾਬਜ਼ ਲੋਕਾਂ ਤੋਂ ਬਾਅਦ ਹੁਣ ਅਖੌਤੀ ‘ਸੰਤ’ ਅਕਾਲ ਤਖਤ ਸਾਹਿਬ ਵਰਗੀਆਂ ਅਹਿਮ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਆਪਣੀ ਆਗੋਸ਼ ਵਿੱਚ ਲੈ ਚੁੱਕੇ ਹਨ।
ਗਿਆਨੀ ਪੂਰਨ ਸਿੰਘ ਜੋ ਅਕਾਲ ਤਖਤ ਦੇ ਮੁੱਖ ਸੇਵਾਦਾਰ ਦੀ ਸਨਮਾਨਯੋਗ ਪਦਵੀ ਉਪਰ ਬਿਰਾਜਮਾਨ ਹਨ, ਵਲੋਂ ਸੰਤ ਸਮਾਜੀਆਂ ਅਤੇ ਆਰ. ਐੱਸ. ਐੱਸ ਦੇ ਪ੍ਰਭਾਵ ਅਧੀਨ ਅਜਿਹੇ ਮਨਮਰਜ਼ੀ ਭਰਪੂਰ ਫੈਸਲੇ ਲਏ ਜਾ ਰਹੇ ਹਨ ਜਿਨ੍ਹਾਂ ਨਾਲ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਘਾਣ ਹੋਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿ ਜਾਵੇਗੀ। ਗਿਆਨੀ ਜੀ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬਾਂ ਨੂੰ ਨਜ਼ਰਅੰਦਾਜ ਕਰਕੇ ਸੰਤ ਸਮਾਜੀਏ, ਇਸ ਤਰ੍ਹਾਂ ਹਰ ਵੇਲੇ ਨਾਲ ਜੋੜੀ ਬੈਠੇ ਹਨ ਜਿਵੇਂ ਬਰਾਬਰ ਦੇ ਤਖਤਾਂ ਦੇ ਜਥੇਦਾਰ ਹੋਣ ਤੇ ਇਹ ਹੀ ਮਨਮਤੀਏ ਹਨ ਜੋ ਗਿਆਨੀ ਜੀ ਨੂੰ ਗੁਮਰਾਹ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਚਲਤ ਮਾਨ ਮਰਯਾਦਾ ਭੰਗ ਕਰ ਕੇ ਡੇਰੇਦਾਰਾਂ ਵਰਗੀਆਂ ਵਿਅਕਤੀਗਤ ਕਾਰਵਾਈਆਂ ਕਰਵਾ ਰਹੇ ਹਨ ਤੇ ਸੰਤ ਸਮਾਜੀਆਂ ਨੂੰ ਪੂਰੇ ਅਧਿਕਾਰ ਦਿੱਤੇ ਹਨ ਕਿ ਅਕਾਲ ਤਖਤ ਵਲੋਂ ਬਿਆਨ ਦੇਈ ਜਾਣ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰ ‘ਤੇ ਸੱਟ ਮਾਰ ਰਹੇ ਹਨ।
ਗਿਆਨੀ ਪੂਰਨ ਸਿੰਘ ਜੀ ਵਲੋਂ ਕੀਤੀ ਕਥਾ
ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਪੂਰਨ ਸਿੰਘ ਜੀ ਦੁਆਰਾ ਅੰਮ੍ਰਿਤਸਰ-ਮਹਿਤਾ ਸੜਕ ਉਪਰ ਸਥਿਤ ਗ: ਬੇਰ ਸਾਹਿਬ ਵਿਖੇ ੧ ਦਸੰਬਰ ੧੯੯੯ ਨੂੰ ਸੰਗਤਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਗੁਰਬਾਣੀ ਕਥਾ ਦੇ ਹੂ-ਬ-ਹੂ ਕੁੱਝ ਅੰਸ਼ ਜੋ ਉਸ ਸਮੇਂ ਟੇਪ ਰਿਕਾਰਡ ਕੀਤੀ ਵੀਡੀਓ ਕੈਸਿਟ ਤੋਂ ਨੋਟ ਕਰਕੇ ਦੇ ਰਹੇ ਹਾਂ। (ਸਬੂਤ ਲਈ ਕੈਸਿਟ ਸਾਡੇ ਕੋਲ ਹੈ)
(ੳ) ੴਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
(ਅ) … … ਵਿੱਦਿਆ ਜ਼ਿਆਦਾ ਪੜ੍ਹ ਲਈ ਜਾਵੇ …. . ਤਾਂ ਮਨੁੱਖ … … ਨਾਸਤਿਕ ਹੋ ਜਾਂਦਾ ਹੈ, ਆਸਤਿਕ ਨਹੀਂ ਰਹਿੰਦਾ … … ਜਾਂ ਤੇ ਨਾਮ-ਬਾਣੀ ਨਾਲ ਜੁੜਿਆ ਰਹੇ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਹਰ ਗੱਲ ਦਾ ਫੈਸਲਾ ਰੱਖ ਦਿੱਤਾ ਹੈ ਕਿਤੇ ਗੁਰਬਾਣੀ ਵਿੱਚ ਇਹ ਪਦ ਰਖਿਆ, “ਵਿਦਿਆ ਵੀਚਾਰੀ ਤਾਂ ਪਰਉਪਕਾਰੀ॥” ਪੜਿ ਪੜਿ ਪਾਵੈ ਮਾਨੁ॥
ਕਿਤੇ ਪਦ ਰਖਿਆ ਹੈ (ਕੁਝ ਚਿਰ ਰੁਕ ਕੇ) ਵਿਦਿਆ ਦੇ ਪ੍ਰਥਾਏ, ਜੇਤਾ ਪੜ੍ਹਿਆ ਤੇਤਾ ਕੜ੍ਹਿਆ ਇਹ ਪਦ ਰਖਿਆ ਗੁਰੂ ਪਾਤਸ਼ਾਹ ਨੇ ਅਤੇ ਕੜ੍ਹੀ ਹੋਈ ਵਸਤੂ ਜਿਹੜੀ ਹੱਦ ਤੋਂ ਵੱਧ ਅੱਗ ਤੇ ਰੱਖੀ ਜਾਵੇ, ਕੌੜੀ ਹੋ ਜਾਂਦੀ ਹੈ। ਬਹੁਤੇ (ਵਿਦਵਾਨ) ਕੌੜੇ ਹੋ ਚੁੱਕੇ ਹਨ ਜਿਨ੍ਹਾਂ ਬਹੁਤ ਵਿਦਿਆ ਪ੍ਰਾਪਤ ਕੀਤੀ ਹੈ।
(ੲ) … … “ਅਖਬਾਰਾਂ ਆਪ ਪੜ੍ਹਦੇ ਹੋ, ਥੋੜ੍ਹਾ ਜਿਹਾ ਸਮਾਂ ਹੋ ਗਿਆ ਇੱਕ ਬਜ਼ੁਰਗ ਦਾ ਚਿੱਤਰ ਸੀ ਅਖਬਾਰ ਦੇ ਵਿੱਚ … … ਇਹ ਗੱਲ ਲਿਖੀ ਕਾਫੀ ਵਿਸਥਾਰ ਦੇ ਵਿਚ, ਕਿ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ, ਗੋਇੰਦਵਾਲ ਸਾਹਿਬ ਜੋ ਗੁਰਬਾਣੀ ਦੀਆਂ ਸੈਂਚੀਆਂ ਸਨ ਉਹ ਲੈਣ ਹੀ ਨਹੀਂ ਗਏ।”
(ਸ) “ਇਕ ਵਿਦਵਾਨ … … ਕਾਲਾ ਅਫਗਾਨਾ ਕਰਕੇ ਉਸ ਦਾ ਨਾਮ ਹੈ। ਦਸਮ ਗ੍ਰੰਥ ਜੀ ਨੂੰ ਸਤਿਗੁਰਾਂ ਦੀ ਬਾਣੀ ਮੰਨਣ ਨੂੰ ਤਿਆਰ ਨਹੀਂ ਹੈ … … ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ, “ਜੇਤਾ ਪੜ੍ਹਿਆ ਤੇਤਾ ਕੜ੍ਹਿਆ”
(ਹ) “ਥੋੜ੍ਹੀ ਜਿਹੀ ਜਾਗਰਤਾ ਵਿੱਚ ਆਉ ਤਾਂ ਆਪਣਾ ਗੁਜਾਰਾ ਹੋ ਸਕਦਾ ਹੈ। ਵਰਨਾ ਆਪਣਾ ਇਤਿਹਾਸ ਵੀ ਕਲੰਕਤ ਕੀਤਾ ਜਾ ਰਿਹਾ ਹੈ। ਦੀਨ ਦੁਨੀਆਂ ਦੇ ਮਾਲਕ ਉਪਰ ਵੀ ਕਿੰਤੂ ਪਰੰਤੂ ਕਰ ਰਹੇ ਹਨ। ਸ਼ਕਲ ਸਿੱਖਾਂ ਵਾਲੀ ਹੈ ਮਗਰ ਪਤਾ ਨਹੀਂ ਕੀ ਐ।”
(ਕ) “ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਇੱਕ ਰਸਾਲਾ ਚੰਡੀਗੜ੍ਹੋਂ” ਛਪਦਾ ਹੈ (ਸਪੋਕਸਮੈਨ) ਉਸ ਨੇ ਉਸ ਵਿੱਚ ਦਾਸ ਪ੍ਰਤੀ ਭੱਦੇ ਲਫਜ਼ ਵਰਤੇ।
… … ਉਹ ਰਸਾਲੇ ਵਾਲਾ (ਸੰਪਾਦਕ ਸਪੋਕਸਮੈਨ) ਇਸ ਗੱਲ ਤੋਂ ਮੁਨਕਰ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਬੇਦੀਆਂ ਦੀ ਕੁਲ ਵਿੱਚ ਅਵਤਾਰ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਸੋਢੀਆਂ ਦੀ ਕੁਲ ਵਿੱਚ ਅਵਤਾਰ ਨਹੀਂ ਹੋਇਆ।
ਮੈਂ ਉਸ (ਸੰਪਾਦਕ ਸਪੋਕਸਮੈਨ) ਨੂੰ ਪੁੱਛਿਆ ਕਿ ਕੀ ਲਉ-ਕੁਸ਼ ਨਹੀਂ ਹੋਏ … … ਤੇ ਲਉ ਤੇ ਕਸ਼ੁ ਨਹੀਂ ਹੋਏ ਤਾਂ ਬਾਲਮੀਕ ਜੀ ਵੀ ਨਹੀਂ ਹੋਏ ਤੇ ਤੂੰ ਰਸਾਲੇ ਵਿੱਚ ਲਿਖ ਦੇਹ ਹਾਂ ਕਿ ਬਾਲਮੀਕ ਨਾਮ ਦਾ ਕੋਈ ਗੁਰਮੁਖ ਪਿਆਰਾ ਹੋਇਆ ਹੀ ਨਹੀਂ ਤਾਂ ਤੇਰੇ ਘਰ ਦਾ ਕੋਈ ਦਰਵਾਜ਼ਾ ਰਹਿ ਜਾਊ ਤਾਂ ਮੈਨੂੰ ਆਖੀਂ … … ਇੱਟਾਂ ਮਾਰ ਮਾਰ ਕੇ ਲੋਕ ਭੰਨ ਦੇਣਗੇ।
(ਖ) “ਮੈਂ ਮਹਾਂਪੁਰਸ਼ ਸੰਤ ਬਾਬਾ ਜੀਤ ਸਿੰਘ ਦੇ ਦਰਸ਼ਨ ਕਰਕੇ ਤੁਰਨ ਲੱਗਾ ਤਾਂ ਮੈਨੂੰ ਕਹਿਣ ਲੱਗੇ, “ਸਤਿਗੁਰਾਂ ਦੇ ਚਰਨ ਕੰਵਲਾਂ ਪਾਸ ਅਰਦਾਸ ਕਰਿਉ ਜੇ ਜਾ ਕੇ।” ਮੈਂ ਕਿਹਾ, “ਮਹਾਂਪੁਰਸ਼ੋ ਦਸੋ, ਕਾਹਦੀ ਅਰਦਾਸ ਕਰਨੀ ਹੈ?”
ਕਹਿਣ ਲੱਗੇ, “ਗੁਰੂ ਜੀ ਦੇ ਉਲਟ ਕੁੱਝ ਲੋਕ ਪ੍ਰਚਾਰ ਕਰ ਰਹੇ ਹਨ, ਸਚੇ ਪਾਤਸ਼ਾਹ ਦੇ ਚਰਨ ਕੰਵਲਾਂ ਪਾਸ ਅਰਦਾਸ ਕਰਿਓ ਜੇ, ਪ੍ਰਮੇਸ਼ਰ ਇਨ੍ਹਾਂ ਦਾ ਫਾਹ ਹੀ ਵੱਢ ਦੇਵੇ।” ਭਾਵ ਇਹ ਖਤਮ ਹੀ ਹੋ ਜਾਣ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਿਆ ਕਰਦੇ ਹਨ।
(ਗ) “ … … ਦਾਸ ਨੇ ਇਹ ਕੰਮ ਵੀ ਕੀਤਾ ਸੀ, ਗੁਰੂ ਪਾਤਸ਼ਾਹ ਨੇ ਕਰਵਾਇਆ ਹੈ। ਮਹਾਂਪੁਰਸ਼ਾਂ ਨੇ ਬੇਸ਼ੱਕ ਕੁੱਝ ਨੇ ਬਿਆਨ ਦਿੱਤੇ, ਕੁੱਝ ਨੇ ਨਹੀਂ ਦਿੱਤੇ, ਦਾਸ ਨੇ ਸੱਦੇ ਵੀ ਸੀ, ਸੱਦਣ ਉਤੇ ਵੀ ਕੁੱਝ ਨਹੀਂ ਆਏ ਪਰ ਬਹੁਤੇ ਆਏ … … ਕੰਮ ਤੇ ਸੀ ਉਹ ਮਹਾਂਪੁਰਸ਼ਾਂ ਦਾ ਜਿਹੜੀ ਜੰਤਰੀ ਛਾਪੀ ਗਈ ਹੈ … … ਦਾਸ ਨੇ ਰੋਕ ਲਾਈ (ਜੰਤਰੀ ਉਪਰ) ਅਖਬਾਰ ਵਿੱਚ ਵੀ ਦਿੱਤਾ, ਮਗਰੋਂ ਪੰਜਾਂ ਸਿੰਘ ਸਾਹਿਬਾਂ ਵਲੋਂ ਵੀ ਦਿੱਤਾ ਗਿਆ ਪਰ ਅਜੇ ਤਕ ਚਰਚਾ ਚੱਲ ਰਹੀ ਹੈ ਤੇ ਇਸ ਕਰਕੇ ਇਹ ਸਾਰਾ ਕੁੱਝ ਕਰਨ ਵਾਲਾ ਹੈ ਤੇ ਮਹਾਂ ਪੁਰਸ਼ਾਂ ਦੇ ਕਰਨ ਵਾਲਾ ਹੈ … … ਦਾਸ ਨੇ ਤਾਂ ਪੜ੍ਹਨਾ ਕਰਕੇ ਵੇਖਿਆ ਕਿ ਇਹ ਜੰਤਰੀ ਗੁਰਸਿੱਖਾਂ ਵਿੱਚ ਪਾਟਕ ਪਾ ਦੇਵੇਗੀ। … … ਘਰ ਘਰ ਜੰਤਰੀਆਂ ਛਪ ਜਾਣਗੀਆਂ।”
ਗਿਆਨੀ ਪੂਰਨ ਸਿੰਘ ਜੀ ਵੱਲੋਂ ਕੀਤੀ ਗੁਰਬਾਣੀ ਕਥਾ ਬਾਰੇ ਵਿਚਾਰ
(ੳ) ਗਿਆਨੀ ਪੂਰਨ ਸਿੰਘ ਨੇ ਆਪਣਾ ‘ਗੁਰਮਤਿ ਵਿਖਿਆਨ’ ਆਰੰਭ ਕਰਨ ਤੋਂ ਪਹਿਲਾ ਮੂਲ ਮੰਤਰ ਦਾ ਉਚਾਰਣ ‘ਹੋਸੀ ਭੀ ਸਚੁ’ ਤਕ ਕੀਤਾ। ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹੀ ਜੋ ਅਕਾਲ ਤਖਤ ਸਾਹਿਬ ਦੀ ਪਾਵਨ ਮਰਿਆਦਾ ਤੋਂ ਬਾਗੀ ਹਨ ਜਾਂ ਸੰਤ ਸਮਾਜ ਯੂਨੀਅਨ ਦੇ ਪ੍ਰਭਾਵ ਅਧੀਨ ਪਾਵਨ ਮਰਿਆਦਾ ਦੀਆਂ ਧੱਜੀਆਂ ਉਡਾ ਰਹੇ ਹਨ ਤਾਂ ਜਨਤਾ ਕੀ ਸੇਧ ਲਵੇਗੀ। ਕੀ ਗਿਆਨੀ ਜੀ ਜੋ ਖੁਦ ਆਪਣੇ ਆਪ ਨੂੰ ਹੀ ਤਖਤ ਸਮਝ ਰਹੇ ਹਨ ਨੇ ਕਦੀ ਸਿੱਖ ਰਹਿਤ ਮਰਿਆਦਾ ਦਾ ਖਰੜਾ ਨਹੀਂ ਪੜ੍ਹਿਆ? ਕੀ ਪ੍ਰਵਾਨਤ ਮਰਿਆਦਾ ਦੀ ਉਲੰਘਣਾ ਕਰ ਕੇ ਉਹ ਆਪ ਤਨਖਾਹੀਏ ਨਹੀਂ ਹੋ ਜਾਂਦੇ?
ਇਤਹਾਸ ਗਵਾਹ ਹੈ - ਵਿਚਾਰੋ
ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਗੁਰੂ ਘਰ ਦੀ ਬਰਾਬਰਤਾ ਕਰਨ ਅਤੇ ਗੁਰੂ ਘਰ ਲਈ ਇਕੱਠੀ ਕੀਤੀ ਹੋਈ ਮਾਇਆ ਵਿਚੋਂ ਕੁੱਝ ਹਿੱਸਾ ਹੜੱਪਣ ਕਾਰਨ ਸਖਤ ਸਜਾਵਾਂ ਦਿੱਤੀਆ ਸਨ। ਆਉ ਜ਼ਰਾ ਇਮਾਨਦਾਰੀ ਨਾਲ ਸੋਚੀਏ ਕਿ ਅੱਜ ਦੇ ਪਾਖੰਡੀ ਬਾਬਿਆਂ ਡੇਰੇਦਾਰਾਂ ਤੇ ਉਸ ਸਮੇਂ ਦੇ ਮਸੰਦਾਂ ਵਿੱਚ ਕੋਈ ਅੰਤਰ ਹੈ? ਇਹ ਤਾਂ ਉਹਨਾਂ ਨੂੰ ਬਹੁਤ ਪਿਛੇ ਛੱਡ ਗਏ ਹਨ ਕਿਉਂਕਿ ਅੱਜ ਕੌਮ ਅੰਦਰ ਅਜਿਹਾ ਡੇਰੇਦਾਰ ਸੰਤ ਨਹੀਂ ਜੋ ਮਾਇਆ ਪੰਥਕ ਕਾਰਜਾਂ ਵਿੱਚ ਖਰਚ ਕਰਦਾ ਹੋਵੇ ਜਾ ਕਿਸੇ ਨੇ ਕਦੀ ਪੰਥ ਦੇ ਖਾਤੇ ਵਿੱਚ ਕੁੱਝ ਹਿੱਸਾ ਜਮ੍ਹਾਂ ਕਰਵਾਇਆ ਹੋਵੇ। ਦੂਜੀ ਗੱਲ ਸੀ ਗੁਰੂ ਦੀ ਬਰਾਬਰਤਾ ਕਰਨ ਦੀ। ਇਸ ਵਿੱਚ ਇਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਤੋਂ ਇਹ ਸਿੱਧ ਕਰ ਸਕਣ ਕਿ ਅਸੀਂ ਗੁਰੂ ਦੇ ਬਰਾਬਰ ਨਹੀਂ ਹਾਂ। ਉਦਾਹਰਣ ਦੇਣ ਦੀ ਲੋੜ ਤਾ ਮਹਿਸੂਸ ਨਹੀਂ ਹੁੰਦੀ ਪਰੰਤੂ ਜੇ ਦੇਖੀਏ ਤਾ ਗੁਰੂ ਗ੍ਰੰਥ ਸਾਹਿਬ ਅੰਦਰ ਜੇਕਰ ਭੱਟਾਂ ਨੇ ਗੁਰੂ ਸਾਹਿਬ ਦੀ ਉਸਤਤ ਕਰਦੇ ਹੋਏ “ਆਪ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ” (ਪੰਨਾ ੧੩੯੫) ਕਿਹਾ ਸੀ, ਅੱਜ ਇਹਨਾਂ ਪਾਖੰਡੀਆਂ ਨੇ ਆਪਣੇ ਮਰ ਚੁੱਕੇ ਗੱਦੀਦਾਰਾਂ ਦੀ ਉਸਤਤ ਇਸ਼ਤਿਹਾਰਾਂ ਅੰਦਰ ਇਸੀ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਜੀ ਜੇਕਰ ਗੁਰੂ ਨਾਨਕ ਦੇਵ ਜੀ ਨੂੰ ਕਲਯੁੱਗ ਮਿਲਿਆ ਸੀ ਤਾਂ ਇਹਨਾਂ ਨੇ ਵੀ ਬਾਬਿਆਂ ਦੀਆਂ ਸਾਖੀਆਂ ਵਿੱਚ ਇਹੀ ਕੁੱਝ ਲਿਖਣਾ ਸ਼ੁਰੂ ਕਰ ਦਿੱਤਾ ਹੈ (ਭਾਵੇਂ ਇਸ ਸਾਖੀ ਨਾਲ ਗੁਰਮਤਿ ਦਾ ਕੋਈ ਸੰਬੰਧ ਨਹੀਂ)। ਉਹ ਮਸੰਦ ਮਾਇਆ ਵਿਚੋਂ ਥੋੜ੍ਹਾ ਹਿੱਸਾ ਵੀ ਦੇਣ ਲਈ ਤਿਆਰ ਨਹੀਂ। ਇਹਨਾਂ ਦੀ ਸਜ਼ਾ ਦਾ ਅੰਦਾਜਾ ਪਾਠਕ ਖੁਦ ਲਗਾ ਲੈਣ (ਅਸੀਂ ਇਹਨਾਂ ਨੂੰ ਵੀ ਮਸੰਦ ਕਿਉਂ ਨਹੀਂ ਮੰਨਦੇ?)॥ ਇਹ ਸਾਰਿਆਂ ਨੂੰ ਚੋਰ ਜਾਂ ਅਹੁਦੇਦਾਰਾਂ ਨੂੰ ਮਸੰਦ ਕਹਿੰਦੇ ਆਮ ਸੁਣੇ ਜਾ ਸਕਦੇ ਹਨ ਪਰੰਤੂ ਉਨ੍ਹਾ ਦਾ ਸਾਲ ਵਿੱਚ ਇੱਕ ਵਾਰ ਲੇਖਾ ਜੋਖਾ ਤਾਂ ਹੁੰਦਾ ਹੈ ਜਿਸ ਨਾਲ ਹੇਰਾ ਫੇਰੀ ਦੀ ਗੁੰਜਾਇਸ਼ ਘੱਟ ਜਾਂਦੀ ਹੈ, ਪਰ ਇਹਨਾਂ ਦਾ ਨਾ ਕੋਈ ਹਿਸਾਬ ਮੰਗ ਸਕਦਾ ਹੈ ਅਤੇ ਨਾ ਹੀ ਇਹ ਪੰਥ ਨੂੰ ਹਿਸਾਬ ਦੇਣਗੇ।
ਇਹ ਸਭ ਕੁੱਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਇਹਨਾਂ ਬਾਬਿਆਂ ਨੇ ਸੰਗਤ ਨੂੰ ਕਦੇ ਗੁਰਬਾਣੀ ਦੀ ਸੋਝੀ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਡਾ ਫਰਜ ਬਣਦਾ ਹੈ ਕਿ ਅਸੀ ਆਪਣੇ ਜੀਵਨ ਦੇ ਹਰ ਖੇਤਰ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਲਈਏ ਨਾ ਕਿ ਸਿਰਫ ਆਪਣੇ ਨਾਂ ਨਾਲ ਸੰਤ ਸਾਧ ਬ੍ਰਹਮਗਿਆਨੀ ਆਦਿ ਸ਼ਬਦ ਲਾਉਣ ਵਾਲਿਆਂ ਦੇ ਪਿਛੇ ਲੱਗ ਕੇ ਆਪਣਾ ਵੱਡਮੁੱਲਾ ਜੀਵਨ ਅਜਾਈਂ ਗਵਾ ਲਈਏ। ਜੇਕਰ ਸੰਤ ਸਮਾਜ ਦਾ ਪ੍ਰਚਾਰ ਪੰਥਕ ਰਹਿਤ ਮਰਿਯਾਦਾ ਵਿਰੁੱਧ ਗੁਰੂ ਹੁਕਮਾਂ ਦੇ ਉਲਟ ਅਤੇ ਅੱਜ ਦੇ ਸਮੇਂ ਵਾਂਗ ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦਾ ਹਾਲ ਵੀ ਬੁੱਧ ਧਰਮ ਵਾਂਗ ਹੋ ਜਾਏਗਾ। ਜਿਸ ਤਰ੍ਹਾਂ ‘ਨਾਨਕ ਜੋਤਿ’ ਨੇ ਪੰਡਿਤ ਅਤੇ ਕਾਜ਼ੀ ਨੂੰ ਸੰਬੋਧਨ ਕਰ ਕਰ ਕੇ ਕਰਮ ਕਾਂਡਾਂ ਤੋਂ ਵਰਜਿਆ ਹੈ, ਸਿੱਖ ਦਾ ਨਾਮ ਵੀ ਉਸੇ ਲੜੀ ਵਿੱਚ ਆ ਜਾਵੇਗਾ ਅਤੇ ਸਿੱਖ ਹਿੰਦੂ ਹੀ ਨਹੀਂ ਬਲਕਿ ਕਰਮ ਕਾਂਡਾਂ ਵਿੱਚ ਉਸ ਤੋਂ ਵੀ ਅੱਗੇ ਲੰਘ ਜਾਣਗੇ।
ਅਖੀਰ ਵਿੱਚ ਜੇਕਰ ਅਸੀਂ ਸੰਤ ਬ੍ਰਹਮਗਿਆਨੀ ਸਾਧ ਸੰਤਨ ਦੀ ਪਰਿਭਾਸ਼ਾ ਲੋਕਾਂ ਨੂੰ ਜਾਣੂ ਕਰਵਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਦ ਹੀ ਇਸ ਮਸੰਦ ਪ੍ਰਥਾ ਨੂੰ ਨੱਥ ਪਾਈ ਜਾ ਸਕਦੀ ਹੈ। ਗੁਰਮਤਿ ਤੋ ਜਾਣੂ ਸਿੱਖ ਕੌਮ ਨੂੰ ਪੁਰਜ਼ੋਰ ਬੇਨਤੀ ਹੈ ਕਿ ਸਭ ਰਲ ਕੇ ਇਹਨਾਂ ਗੁਰਮਤਿ ਤੋਂ ਅਨਜਾਣ, ਪੰਥਕ ਰਹਿਤ ਮਰਯਾਦਾ ਦਾ ਵਿਰੋਧ ਕਰਨ ਵਾਲੇ ਆਪੇ ਬਣੇ ਸੰਤ ਬ੍ਰਹਮਗਿਆਨੀ ਡੇਰੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗਣ ਤੇ ਉਸ ਬਾਰੇ ਸਾਰੀ ਕੌਮ ਨੂੰ ਜਾਣੂੰ ਕਰਵਾਈਏ। ਆਉ, ਇਹਨਾਂ ਦੇ ਸਮਾਗਮਾਂ ਵਿੱਚ ਜਾ ਕੇ ਇਹਨਾਂ ਦੁਆਰਾ ਛਾਪਿਆ ਲਿਟਰੇਚਰ ਪੜ੍ਹ ਕੇ ਇਨ੍ਹਾਂ ਦੁਆਰਾ ਗੁਰਮਤਿ ਦੇ ਵਿਰੁੱਧ ਕੀਤੇ ਕਰਮ ਕਾਂਡਾਂ ਬਾਰੇ ਸਿੱਖ ਕੌਮ ਨੂੰ ਅਤੇ ਇਹਨਾਂ ਨੂੰ ਪੱਤਰ ਵਿਹਾਰ ਦੁਆਰਾ ਗੁਰਮਤਿ ਦੀ ਰੋਸ਼ਨੀ ਤੋਂ ਜਾਣੂ ਕਰਵਾਈਏ ਜਿਵੇਂ ਨਾਨਕ ਜੋਤ ਨੇ ਪੰਡਤ ਅਤੇ ਕਾਜ਼ੀ ਨੂੰ ਬਾਂਹ ਤੋਂ ਫੜ ਫੜ ਕੇ ਸੱਚ ਦੇ ਲੜ ਲਾਇਆ ਸੀ।
ਨੋਟ: ਵੇਖੋ ਨੇਰ੍ਹ ਸਾਈ ਦਾ:- ਜਿਨ੍ਹਾਂ ਬੰਦਿਆਂ (ਭੇਖੀਆਂ) ਇਤਨੀ ਯੋਗਤਾ ਵੀ ਨਹੀਂ ਕਿ ਕੋਈ ਕਿਰਤ ਕਰ ਕੇ ਆਪਣੇ ਲਈ ਦੋ ਰੋਟੀਆਂ ਹੀ ਕਮਾ ਸਕਣ, ਉਹ ਦੂਸਰਿਆਂ ਦੀ ਜਨਮਾ ਜਨਮਾਂ ਦੀ ਭੁੱਖ ਮਿਟਾ ਰਹੇ ਹਨ। ਜਿਹੜੇ ਬੰਦੇ ਰਾਤ ਦਿਨ ਆਪ ਪ੍ਰੇਸ਼ਾਨ ਹਨ ਉਹ ਦੂਸਰਿਆਂ ਨੂੰ ਸ਼ਾਂਤੀ ਪ੍ਰਦਾਨ ਕਰ ਰਹੇ ਹਨ।
.