.

ਗੁਰਬਾਣੀ ਉਪਦੇਸ਼ ਤੋਂ ਅਕਾਲ ਪੁਰਖ ਤੇ

ਕਾਲ ਪੁਰਖ ਦਾ ਭੇਦ

ਅਕਾਲ ਪੁਰਖ

ਮੂਲ ਮੰਤ੍ਰ ਦਾ ਪਹਿਲਾ ਅੱਖਰ ਗਿਣਤੀ ਦਾ 1 ਹੈ। ਗੁਰਬਾਣੀ ਉਸ ਨੂੰ 1 (ਇੱਕ), ਏਕੰਕਾਰ ਕਹਿ ਕੇ ਬਿਆਨ ਕਰਦੀ ਹੈ। ਇੱਕ ਏਕੰਕਾਰ ਇਕੋ ਇੱਕ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਹੈ, ਸ਼ਖ਼ਸੀਅਤ ਹੈ। ਇੱਕ ਏਕੰਕਾਰ ਜੋਤਿ ਰੂਪ ਹੈ, ਪਰਮ ਨਿਰਮਲ ਚੇਤਨਾ ਹੈ, ਦੇਹ ਰਹਿਤ ਹੈ, ਰੂਪ ਰੇਖ ਰੰਗ ਤੋਂ ਨਿਆਰਾ ਹੈ, ਸੱਤ, ਸਦਾ ਸੱਤ ਅਸਲੀਅਤ ਹੈ, ਨਾਮ ਜੋਤਿ ਰੂਪ ਹੈ, ਕਰਤਾ ਹੈ, ਆਦਿ ਪੁਰਖ ਹੈ, ਨਿਰਭਉ, ਨਿਰਵੈਰ, ਅਕਾਲ ਪੁਰਖ ਹੈ, ਅਜੂਨੀ ਹੈ, ਆਪਣੇ ਆਪ ਤੋਂ ਆਪ ਪੈਦਾ ਹੋਇਆ ਹੈ, ਸੈਭੰ ਹੈ। ਗੁਣੀ ਭਰਪੂਰ ਹੈ, ਉਸ ਵਿੱਚ ਅਉਗੁਣ ਵਿਕਾਰ ਕੋਈ ਨਹੀਂ, ਨਿਰਮਲ ਹੈ, ਪਵਿੱਤਰ ਹੈ, ਉਸ ਨੂੰ ਕਿਸੇ ਦਾ ਭੈ ਨਹੀਂ, ਇਕੋ ਇੱਕ ਹੈ। ਇਸ ਲਈ ਉਸ ਨੂੰ ਕਿਸੇ ਤੋਂ ਵੱਖ ਹੋਣ ਦਾ ਭਰਮ, ਹਉ ਨਹੀਂ। (ਉਸ ਤੋਂ ਇਲਾਵਾ ਕੋਈ ਚੀਜ਼, ਵਸਤੂ, ਜੀਵ ਜੰਤ, ਦੇਵੀ-ਦੇਵਤੇ, ਮਨੁੱਖ, ਇੱਕ ਏਕੇ ਦੀ ਉਪਾਈ ਮਾਇਆ ਹੈ, ਸੱਤ ਨਹੀਂ।)

ਉਸ ਦਾ ਗੁਣ ਹੁਕਮ, ਉਸ ਦੀ ਸਭ ਕੰਮ ਕਰਨ ਕਰਾਉਣ ਵਾਲੀ ਸਮਰੱਥਾ ਹੈ, ਬਖ਼ਸ਼ੀਸ਼ ਵੀ ਉਸ ਦਾ ਗੁਣ ਹੈ। ਉਹ ਨਿਰਾਕਾਰ ਹੈ। ਗਿਆਨ ਸਰੂਪ ਹੈ, ਚੇਤਨਾ ਵਾਲਾ, ਆਨੰਦ ਸਰੂਪ ਹਸਤੀ ਹੈ।

ਇੱਕ ਏਕੰਕਾਰ ਛਤੀਹ ਜੁਗ ਸੁੰਨ ਸਮਾਧ ਵਿੱਚ ਰਿਹਾ, ਉਦੋਂ ਸਮਾਂ (Time) ਤੇ space ਅਜੇ ਨਹੀਂ ਸੀ। ਜਦੋਂ ਸੁੰਨ ਸਮਾਧ ਵਿੱਚ ਜੋਤਿ ਰੂਪ ਅਕਾਲ ਪੁਰਖ ਦੀ ਮਰਜ਼ੀ ਹੋਈ ਤਾਂ ਉਸਨੇ ਹੁਕਮ ਨਾਲ ਓਅੰਕਾਰ ਧੁੰਨ ਉਚਾਰੀ। ਓਅੰਕਾਰ ਧੁੰਨ ਵਿੱਚ ਨਿਰਮਲ ਚੇਤਨਾ ਹੈ ਤੇ ਇਸ ਤੋਂ ਉਪਜੀਆਂ ਅਨੇਕਾਂ ਸੰਗੀਤਕ ਧੁੰਨਾਂ ਹਨ, ਜਿਸ ਤੋਂ ਹੁਕਮ ਨਾਲ ਸੰਸਾਰ ਰਚਨਾ ਹੋਈ।

ਇਕੋ ਇੱਕ ਹਸਤੀ ਇੱਕ ਏਕੰਕਾਰ ਅਕਾਲ ਪੁਰਖ ਨੇ ਸੰਸਾਰ ਰਚਿਆ ਤੇ ਜੀਵ, ਜੰਤਾਂ, ਖੰਡਾਂ, ਬ੍ਰਹਮੰਡਾਂ ਦੇ ਅਨੇਕਾਂ ਰੂਪ ਧਾਰ ਕੇ ਆਪ ਖੇਡਨਾ ਸ਼ੁਰੂ ਕੀਤਾ। ਸਾਰਾ ਸੰਸਾਰ ਤੇ ਸੰਸਾਰ ਦੀ ਜਨਮ ਮਰਨ ਦੀ ਖੇਡ ਉਸ ਦੇ ਹੁਕਮ ਨਾਲ ਹੋ ਰਹੀ ਜਾਦੂਈ ਖੇਡ (Illsion) ਹੈ।

ਜਦੋਂ ਉਸਨੂੰ ਭਾਵੇਗਾ ਤਾਂ ਉਸਦਾ ਮਾਇਆਵੀ ਸਰੂਪ ਸਮਾਪਤ ਹੋ ਜਾਵੇਗਾ, ਤੇ ਇਕੋ ਇੱਕ ‘ਸੁੰਨ ਸਮਾਧ ਜੋਤਿ’, ਨਾਮ ਜੋਤਿ ਵਿੱਚ ਸਮਾ ਜਾਏਗਾ।

ਕਈ ਬਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ॥

(ਪੰਨਾ 276, ਗੁਰੂ ਗ੍ਰੰਥ ਸਾਹਿਬ)

ਅਕਾਲ ਪੁਰਖ ਨੇ ਤ੍ਰਿਗੁਣੀ ਸੰਸਾਰ ਜਾਂ ਤ੍ਰਿਭਵਣ ਸੰਸਾਰ ਨੂੰ ਕਾਲ (ਸਮਾਂ) ਉਪਾ ਕੇ ਕਾਲ ਦੇ ਜਨਮ ਮਰਨ ਦੇ ਗੇੜ ਵਿੱਚ ਪਾਇਆ। ਸੰਸਾਰ ਉਪਾਉਨ ਸਮੇਂ ਇਕੋ ਇੱਕ ਹਸਤੀ ਅਕਾਲ ਪੁਰਖ ਨੇ ਜੀਵ ਨੂੰ ਹਉਂ ਦਾ ਭਰਮ ਦਿੱਤਾ, ਜਿਸ ਕਰਕੇ ਮਨੁੱਖ ਆਪਣੇ ਆਪੇ, ‘ਮੈਲੀ ਜਿੰਦ’ ਨੂੰ ਸੱਤ ਤੇ ਸੰਸਾਰ ਦੇ ਸਭ ਕੰਮ ਕਰਨ ਵਾਲਾ ਸਮਝਨ ਲੱਗਾ। ਮਨੁੱਖ ਨਹੀਂ ਜਾਣਦਾ ਕਿ ਜਿਸ ਭਰਮ ਵਾਲੀ ਜਿੰਦ ਨੂੰ ਉਹ ਮੈਂ ਹਾਂ ਕਹਿੰਦਾ ਹੈ, ਉਹ ਅਕਾਲ ਪੁਰਖ ਦਾ ਉਪਾਇਆ ਮਾਯਾਵੀ ਸਰੂਪ ਹੈ। ਮਨੁੱਖ ਆਪ ਕੁੱਝ ਨਹੀਂ ਕਰ ਕਰਾ ਸਕਦਾ। ਕਰਨ ਕਰਾਵਨਹਾਰ ਨਾਲ ਵੱਸਦਾ ਜੋਤਿ ਰੂਪ ਅਕਾਲ ਪੁਰਖ ਹੈ। ਮਨੁੱਖ ਸਭ ਕੰਮ ਹੁਕਮ ਵਿੱਚ ਕਰਦਾ ਹੈ।

ਕਾਲ ਪੁਰਖ

ਵੇਦ ਮਤ ਦਾ ਅੱਖਰ ਓਮ, ਕਾਲ ਸਮੇਂ ਵਿੱਚ ਹੋ ਰਹੀ ਤ੍ਰਿਗੁਣੀ ਸੰਸਾਰ, ਤ੍ਰਿਭਵਣ ਵਿੱਚ ਵਰਤ ਰਹੀ ਜਨਮ ਮਰਨ ਦੀ ਖੇਡ ਹੈ। ਵੇਦ ਮਤ, ਓਮ ਤੇ ਕਾਲ ਨੂੰ ਸੱਤ ਸਮਝਦਾ ਹੈ। ਭਰਮ ਕਰਕੇ, ਕਾਲ ਨੂੰ ਹੀ ਅਕਾਲ, ਕਰਤਾ, ਨਿਰਭਉ, ਨਿਰਵੈਰ, ਅਜੂਨੀ ਸੁਯੰਭਵ ਵੀ ਕਹਿੰਦਾ ਹੈ।

ਵੇਦ ਮਤ ਨਹੀਂ ਜਾਣਦਾ ਕਿ ਓਮ ਤੇ ਕਾਲ ਇਕੋ ਏਕੇ ਦੇ ਹੁਕਮ ਨਾਲ ਉਪਾਏ ਮਾਯਾਵੀ ਸਰੂਪ ਹਨ ਤੇ ਇਕੋ ਏਕੇ ਦੇ ਹੁਕਮ ਵਿੱਚ ਕਾਰ ਕਰਦੇ ਹਨ। ਵੇਦ ਮਤ ਨੂੰ ਹੁਕਮ ਦੀ ਪਛਾਣ ਨਹੀਂ।

ਗੁਰਬਾਣੀ ਓਮ, ਓਅੰ ਨਮ: , ਦੀ ਵਿਚਾਰ ਸਮਝਾਉਂਦੀ ਹੈ।

ਓਨਮ ਅਖਰ ਸੁਣਹੁ ਬੀਚਾਰੁ॥ ਓਨਮ ਅਖਰੁ ਤ੍ਰਿਭਵਣ ਸਾਰੁ॥

(ਪੰਨਾ 930, ਗੁਰੂ ਗ੍ਰੰਥ ਸਾਹਿਬ)

ਓਮ ਜਾਂ ਵੇਦ ਮਤ ਦਾ ਅੱਖਰ ਓਮਕਾਰ, ਤ੍ਰੈਗੁਣੀ ਸੰਸਾਰ, ਤ੍ਰਿਭਵਣ ਸੰਸਾਰ ਹੈ, ਮਾਇਆ ਦਾ ਜੰਜਾਲ ਹੈ। ਵੇਦ ਮਤ ਓਮ, ਓਮਕਾਰ ਤੇ ਤ੍ਰਿਗੁਣੀ ਸੰਸਾਰ ਦਾ ਵਖਿਆਨ ਕਰਦਾ ਹੈ, ਤਰੀਆ ਅਵਸਥਾ ਨੂੰ ਨਹੀਂ ਜਾਣਦਾ।

* ਚਾਰੇ ਬੇਦ ਕਥਹਿ ਆਕਾਰੁ॥ ਤੀਨਿ ਅਵਸਥਾ ਕਹਹਿ ਵਖਿਆਨੁ॥ ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ॥

(ਪੰਨਾ 154, ਗੁਰੂ ਗ੍ਰੰਥ ਸਾਹਿਬ)

* ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ॥ ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ॥ ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ॥

(ਪੰਨਾ 230, ਗੁਰੂ ਗ੍ਰੰਥ ਸਾਹਿਬ)

  • ਸਿਮ੍ਰਿਤਿ ਸਾਸਤ ਅੰਤੁ ਨ ਜਾਣੈ॥ ਮੂਰਖੁ ਅੰਧਾ ਤਤੁ ਨ ਪਛਾਣੈ॥
  • ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ॥

(ਪੰਨਾ 1061, ਗੁਰੂ ਗ੍ਰੰਥ ਸਾਹਿਬ)

ਵੇਦ ਮਤ ਅਨੁਸਾਰ ਕਾਲ ਦੇਵਤਾ ਹੈ, ਸ਼ਕਤੀ ਰੂਪ ਹੈ। ਸ਼ਕਤੀ ਦੇ ਅਨੇਕ ਨਾਮ ਹਨ, ਜਿਸ ਤਰ੍ਹਾਂ ਕਾਲ, ਮਹਾਕਾਲ, ਕਾਲੀ, ਬ੍ਰਹਮਾ, ਵਿਸ਼ਨੂੰ, ਮਹੇਸ਼, ਭਗਉਤੀ, ਦੁਰਗਾ, ਚੰਡੀ, ਭਵਾਨੀ ਆਦਿ। ਵੇਦ ਮਤ ਇਹਨਾਂ ਮਿਥਿਆ ਸ਼ਕਤੀਆਂ ਨੂੰ ਬ੍ਰਹਮ ਕਹਿੰਦਾ ਹੈ, ਭਗਵਾਨ, ਪਰਮਾਤਮਾ ਕਹਿੰਦਾ ਹੈ, ਤੇ ਇਹਨਾਂ ਸ਼ਕਤੀਆਂ ਦੀ ਉਸਤਤਿ, ਜਪ, ਸਿਮਰਣ, ਧਿਆਨ ਦਾ ਉਪਦੇਸ਼ ਦਿੰਦਾ ਹੈ।

ਗੁਰਬਾਣੀ ਸਮਝਾਉਂਦੀ ਹੈ ਕਿ ਸਭ ਦੇਵੀ ਦੇਵਤੇ ਆਵਾਗਵਨ ਦੇ ਗੇੜ ਵਿੱਚ ਘੁੰਮਦੇ ਹਨ। ਜਦੋਂ ਅਸੀਂ ਦੇਵੀ ਦੇਵਤਿਆਂ ਦੇ ਗੁਣ ਤੇ ਸਰੂਪ ਦਸਮ ਗ੍ਰੰਥ ਦੀਆਂ ਰਚਨਾਵਾਂ ਵਿਚੋਂ ਪੜ੍ਹਾਂਗੇ ਤਾਂ ਸਪਸ਼ਟ ਹੋ ਜਾਵੇਗਾ ਕਿ ਸਭ ਵਿੱਚ ਅਨੇਕਾਂ ਅਵਗੁਣ ਵਿਕਾਰ ਹਨ। ਦੇਵੀ ਦੇਵਤਿਆਂ ਦੀ ਉਸਤਤਿ, ਤੇ ਜਪ ਸਿਮਰਣ ਕਰਨ ਵਾਲਿਆਂ ਵਿੱਚ ਇਹਨਾਂ ਦੇ ਅਵਗੁਣ ਆ ਜਾਂਦੇ ਹਨ। ਜਿਸਦਾ ਸਿਮਰਣ ਕਰਾਂਗੇ, ਉਹੋ ਜਿਹਾ ਹੋ ਜਾਵਾਂਗੇ।

ਗੁਰਬਾਣੀ ਇਕੋ ਇੱਕ ਸਦੀਵੀ ਹਸਤੀ ਅਕਾਲ ਪੁਰਖ ਦੇ ਜਪ/ਸਿਮਰਣ ਧਿਆਨ ਦਾ ਉਪਦੇਸ਼ ਦਿੰਦੀ ਹੈ।

* ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ॥

(ਪੰਨਾ 1113, ਗੁਰੂ ਗ੍ਰੰਥ ਸਾਹਿਬ)

* ਏਕੋ ਜਪਿ ਏਕੋ ਸਾਲਾਹਿ॥ ਏਕੁ ਸਿਮਰਿ ਏਕੋ ਮਨ ਆਹਿ॥

(ਪੰਨਾ 289, ਗੁਰੂ ਗ੍ਰੰਥ ਸਾਹਿਬ)

ਗੁਰਬਾਣੀ ਅਨੁਸਾਰ ਸਭ ਦੇਵੀ ਦੇਵਤੇ, ਦੂਜੇ ਹਨ। ਗੁਰਬਾਣੀ ਕਹਿੰਦੀ ਹੈ:

ਮਾਈ ਰੀ ਆਨ ਸਿਮਰਿ ਮਰਿ ਜਾਂਹਿ॥

(ਪੰਨਾ 1225, ਗੁਰੂ ਗ੍ਰੰਥ ਸਾਹਿਬ)

(ਰੀ ਮਾਈ, ਦੂਜੇ ਨੂੰ ਸਿਮਰਣ ਵਾਲੇ ਜੰਮਦੇ ਮਰਦੇ ਰਹਿੰਦੇ ਹਨ।)

ਗੁਰਮਤਿ, ਕਾਲ, ਦੇਵੀ ਦੇਵਤਿਆਂ ਦੀ ਉਸਤਤਿ, ਜਪ, ਸਿਮਰਣ ਤੋਂ ਗੁਰਸਿੱਖਾਂ ਨੂੰ ਵਰਜਦੀ ਹੈ। ਗੁਰਸਿੱਖ, ਗੁਰੂ ਤੋਂ ਉਪਦੇਸ਼ ਲੈ ਕੇ, ਇਕੋ ਇੱਕ ਸਦੀਵੀ ਹਸਤੀ, ਅਕਾਲ ਪੁਰਖ ਦੀ ਉਸਤਤਿ ਤੇ ਅਰਾਧਨਾ ਕਰਦੇ ਹਨ, ਤੇ ਸਦ ਜੀਵਤ ਹੋ ਜਾਂਦੇ ਹਨ।

ਗੁਰ ਉਪਦੇਸਿ ਕਾਲ ਸਿਉ ਜੁਰੈ॥ ਕਾਲ ਪੁਰਖ ਕਾ ਮਰਦੈ ਮਾਨੁ॥

(ਪੰਨਾ 1159, ਗੁਰੂ ਗ੍ਰੰਥ ਸਾਹਿਬ)

ਦਸਮ ਗ੍ਰੰਥ ਦੀਆਂ ਰਚਨਾਵਾਂ ਵੇਦ ਮਤ ਦੇ ਕਵੀਆਂ ਨੇ ਦੇਵੀ ਦੇਵਤਿਆਂ ਦੀ ਉਸਤਤਿ ਤੇ ਸਿਮਰਣ ਦੇ ਭਾਵ ਵਿੱਚ ਰਚੀਆਂ ਹਨ। ਦਸਮ ਗ੍ਰੰਥ ਦੀਆਂ ਰਚਨਾਵਾਂ ਉਪਰ ਸ੍ਰੀ ਮੁਖਵਾਕ ਪਾ: 10 ਲਿਖ ਕੇ ਜਣਾਇਆ ਗਿਆ ਹੈ ਕਿ ਰਚਨਾਵਾਂ ਪਾ: 10 ਦੀਆਂ ਉਚਾਰੀਆਂ ਹਨ। ਜੇ ਪਾ: 10 ਨੂੰ ਇਹਨਾਂ ਰਚਨਾਵਾਂ ਦਾ ਰਚਨਹਾਰ ਮੰਨੀਏ, ਤਾਂ ਇਹ ਵੀ ਮੰਨਣਾ ਪਵੇਗਾ ਕਿ ਪਾ: 10, ਦੇਵੀ ਦੇਵਤਿਆਂ, ਕਾਲ, ਮਹਾਕਾਲ, ਭਗਉਤੀ ਦੇ ਉਪਾਸ਼ਕ ਸਨ।

ਗੁਰਬਾਣੀ ਵੇਦ ਮਤ ਦਾ ਖੰਡਨ ਮੂਲੋਂ ਹੀ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਸਜੇ। ਗੁਰੂ ਗੋਬਿੰਦ ਸਿੰਘ ਜੀ, ਪਹਿਲੀ ਨੌਂ ਗੁਰੂ ਪਾਤਸ਼ਾਹੀਆਂ ਤੇ ਗੁਰਬਾਣੀ ਦੇ ਵਿਰੁੱਧ ਕੋਈ ਬਾਣੀ ਨਹੀਂ ਰਚ ਸਕਦੇ।

ਉਦਾਹਰਣ ਲਈ ਅਸੀਂ ਕਾਲ, ਮਹਾਕਾਲ ਦੀ ਉਸਤਤਿ ਤੇ ਸਰੂਪ ਦਾ ਵਰਨਣ ਰਚਨਾ ਬਚਿਤ੍ਰ ਨਾਟਕ ਵਿੱਚੋਂ ਕਰਦੇ ਹਾਂ -

ਦਸਮ ਗ੍ਰੰਥ ਪੰਨਾ 39 -

ਸ੍ਰੀ ਕਾਲ ਜੀ ਕੀ ਉਸਤਤਿ

ਭੁਜੰਗ ਪ੍ਰਯਾਤ ਛੰਦ।

ਸਦਾ ਏਕ ਜੋਤਯੰ, ਅਜੂਨੀ ਸਰੂਪੰ। ਮਹਾਂਦੇਵ ਦੇਵੰ, ਮਹਾਂ ਭੂਪ ਭੂਪੰ।

ਨਿਰੰਕਾਰ ਨਿਤਯੰ, ਨਿਰੂਪੰ ਨ੍ਰਿਬਾਣੰ। ਕਲੰਕਾਰਣੇਯੰ, ਨਮੋ ਖੜਗਪਾਣੰ।

ਕਾਲ ਵੇਦ ਮਤ ਦਾ ਦੇਵਤਾ ਹੈ। ਹਮੇਸ਼ਾ ਇੱਕ ਜਯੋਤ ਹੈ, ਦੇਵਤਿਆਂ ਵਿੱਚ ਵੱਡਾ ਦੇਵਤਾ ਹੈ, ਵੱਡਾ ਰਾਜਾ ਹੈ, ਆਕਾਰ ਤੋਂ ਬਿਨਾ ਹੈ, ਨਿਤਯ, ਹਮੇਸ਼ਾ ਹੈ, ਰੂਪ ਰਹਿਤ ਹੈ। ਸ਼ਕਤੀ ਦਾ ਕਰਨ ਵਾਲਾ ਤੇ ਖੜਗਧਾਰੀ ਹੈ।

ਨ ਰੂਪੰ ਨ ਰੇਖੰ, ਨ ਰੰਗੰ ਨ ਰਾਗੰ। ਨ ਨਾਮੰ ਨ ਠਾਮੰ, ਮਹਾਂ ਜੋਤਿ ਜਾਗੰ।

ਕਾਲ ਦੇਵਤਾ ਦਾ ਰੂਪ ਰੇਖ ਰੰਗ ਨਹੀਂ, ਕਿਸੇ ਨਾਲ ਪ੍ਰੇਮ ਨਹੀਂ, ਨਾਮ ਤੇ ਟਿਕਾਨਾ ਨਹੀਂ, ਉਸ ਦੀ ਵੱਡੀ ਜੋਤਿ ਜਗ ਰਹੀ ਹੈ।

ਅਲੇਖੰ ਅਭੇਖੰ ਅਨੀਲੰ ਅਨਾਦੰ। ਪਰੇਯੰ ਪਵਿਤ੍ਰੰ ਸਦਾ ਨ੍ਰਿਬਖਾਦੰ।

ਲੇਖੇ ਤੋਂ ਬਾਹਰ ਹੈ, ਗਿਣਤੀ ਤੋਂ ਰਹਿਤ ਹੈ, ਉਸਦਾ ਮੁੱਢ ਨਹੀਂ ਲੱਭਦਾ, ਸਭ ਤੋਂ ਪਰੇ ਹੈ, ਪਵਿੱਤਰ ਹੈ, ਝਗੜਿਆਂ ਤੋਂ ਰਹਿਤ ਹੈ।

ਸੁਭੂਤੰ ਭਵਿਖਯੰ, ਭਵਾਨੰ ਭਵੇਯੰ। ਨਮੋ ਨ੍ਰਿਬਿਕਾਰੰ, ਨਮੋ ਨ੍ਰਿਜੁਰੇਯੰ।

ਨਮੋ ਦੇਵ ਦੇਵੰ, ਨਮੋ ਰਾਜ ਰਾਜੰ। ਨਿਰਾਲੰਬ ਨਿਤਯੰ, ਸੁ ਰਾਜਾਧਿਰਾਜੰ।

ਕਾਲ, ਪਿਛਲੇ ਸਮੇਂ ਵਿੱਚ ਸੀ, ਅੱਗੇ ਨੂੰ ਹੋਵੇਗਾ, ਹੁਣ ਵੀ ਹੈ। ਨਮਸਕਾਰ ਹੈ ਵਿਕਾਰਾਂ ਤੋਂ ਰਹਿਤ ਨੂੰ, ਹੋਸ਼ਾਂ ਤੋਂ ਰਹਿਤ ਨੂੰ, ਦੇਵਤਿਆਂ ਦੇ ਦੇਵ ਨੂੰ, ਰਾਜਿਆਂ ਦੇ ਰਾਜੇ ਨੂੰ, ਉਹ ਆਸਰੇ ਤੋਂ ਬਿਨਾ ਹੈ, ਨਿੱਤ ਹੈ, ਰਾਜਿਆਂ ਦਾ ਰਾਜਾ ਹੈ।

ਮਹਾਂ ਤੇਜ ਤੇਜੰ, ਮਹਾਂ ਜ੍ਹਾਲ ਜ੍ਹਾਲੰ। ਮਹਾਂ ਤੰਤ੍ਰ ਮੰਤ੍ਰੰ ਮਹਾਂ ਕਾਲ ਕਾਲੰ।

ਉਸ ਦਾ ਵੱਡਾ ਤੇਜ਼ ਹੈ, ਅਗਨੀ ਦੀ ਵੱਡੀ ਲਾਟ ਹੈ। ਮੰਤ੍ਰਾਂ ਵਿੱਚ ਮਹਾ ਮੰਤ੍ਰ ਹੈ, ਕਾਲ ਵਿੱਚ ਮਹਾਕਾਲ ਹੈ।

ਨੋਟ: ਰਚਨਾ ‘ਜਾਪ ਸਾਹਿਬ’ ਵਿੱਚ ਵੀ ਕਾਲ ਦੇ ਉਪਰ ਦਿੱਤੇ ਗੁਣਾਂ ਨੂੰ ਕਰਮ ਨਾਮ ਕਿਹਾ ਗਿਆ ਹੈ, ਤੇ ਕਾਲ ਦੇਵਤੇ ਨੂੰ ਕਰਮ ਨਾਮਾਂ ਨਾਲ ਨਮਸਕਾਰ ਕੀਤੀ ਹੈ। ਕਾਲ ਜੀ ਦੀ ਉਸਤਤਿ ਵਿੱਚ ਕਵੀ ਸ਼ਸਤਰਾਂ ਦੇ ਨਾਮ ਲੈਂਦਾ ਹੈ। ਸ਼ਸਤਰਾਂ ਨੂੰ ਨਮਸਕਾਰ ਕਰਦਾ ਹੈ, ਜੋ ਕਾਲ ਦਾ ਰੂਪ ਹੀ ਹਨ।

ਪੰਨਾ 39, ਦਸਮ ਗ੍ਰੰਥ -

ਨਮਸਕਾਰ ਸ੍ਰੀ ਖੜਗ ਕੋ, ਕਰੋਂ ਸੁ ਹਿਤੁ ਚਿਤੁ ਲਾਇ।

ਪੂਰਨ ਕਰੋਂ ਗਿਰੰਥ ਇਹੁ, ਤੁਮ ਮੁਹਿ ਕਰਹੁ ਸਹਾਇ। 1. 504.

ਸ੍ਰੀ ਕਾਲ ਜੀ ਕੀ ਉਸਤਤਿ। ਤ੍ਰਿਭੰਗੀ ਛੰਦ।

ਖਗ ਖੰਡ ਬਿਹੰਡੰ ਖਲਦਲ ਖੰਡੰ, ਅਤਿ ਰਣ ਮੰਡੰ ਬਰਬੰਡੰ।

ਭੁਜ ਦੰਡ ਅਖੰਡੰ, ਤੇਜ ਪ੍ਰਚੰਡੰ, ਜੋਤਿ ਅਮੰਡੰ, ਭਾਨੁ ਪ੍ਰਭੰ।

ਸੁਖ ਸੰਤਾਂ ਕਰਣੰ, ਦੁਰਮਤਿ ਦਰਣੰ, ਕਿਲਬਿਖ ਹਰਣੰ, ਅਸਿ ਸਰਣੰ।

ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ, ਮਮ ਪ੍ਰਤਿਪਾਰਣ ਜੈ ਤੇਗੰ।

ਮਹਾ ਕਾਲ ਦੇ ਸਰੂਪ ਦਾ ਰੂਪਕ, ਮਹਾਕਾਲ, ਵੇਦ ਮਤ ਦਾ ਦੇਵਤਾ ਹੈ। ਇਹ ਵੀ ਕਾਲ ਦਾ ਰੂਪ ਹੀ ਹੈ।

ਡਮਾਡੱਮ ਡਉਰੂ ਸਿਤਾਸੇਤ ਛਤ੍ਰੰ।। ਹਾਹਾ ਹੂਹ ਹਾਸੰ ਝਮਾ ਝੱਮ ਅਤੰ।।

ਮਹਾ ਘੋਰ ਸਬਦੰ ਬਜੇ ਸੰਖ ਐਸੰ।। ਪ੍ਰਲੈਕਾਲ ਕੇ ਕਾਲ ਕੀ ਜ੍ਹਾਲ ਜੈਸੰ।।

ਮਹਾਕਾਲ ਦੇ ਹੱਥ ਦਾ ਡਉਰੂ ਡੰਮ ਡੰਮ ਕਰਦਾ ਹੈ, ਚਿੱਟਾ ਛੱਤਰ ਝੁੱਲਦਾ ਹੈ। ਹਾ ਹਾ, ਹੂ ਹੂ ਕਰਦੇ ਹੱਸ ਰਹੇ ਹਨ। ਹੱਥ ਵਿਚਲੇ ਅਸਤ੍ਰ ਝਿਲ ਮਿਲ ਕਰ ਰਹੇ ਹਨ। ਜਦੋਂ ਸੰਖ ਵਜਾਉਂਦੇ ਹਨ, ਉਸਦਾ ਵੱਡਾ ਡਰਾਉਣਾ ਸ਼ਬਦ ਅਜਿਹਾ ਹੁੰਦਾ ਹੈ, ਜਿਸ ਤਰ੍ਹਾਂ ਪਹਿਲੇ ਦੇ ਸਮੇਂ ਦੀ ਕਾਲ ਦੀ ਅਗਨੀ ਭੜਭੜਾਉਂਦੀ ਹੈ।

ਮਹਾਕਾਲ ਦਾ ਸਰੂਪ -

ਤੋਟਕ ਛੰਦ।। ਤ੍ਹਪ੍ਰਸਾਦਿ।।

ਮੁਖ ਬਿਜੁੱਲ ਜ੍ਹਾਲ ਘਣੰ ਪ੍ਰਜੁਲੰ।। ਮਦਰਾ ਕਰ ਮੱਤ ਮਹਾ ਭਭਕੰ।।

ਬਨ ਮੈ ਮਨੋ ਬਾਘ ਬਚਾ ਬਬਕੰ।। 53।।

ਮੁੱਖ ਵਿੱਚੋਂ ਬਿਜਲੀ ਦੀ ਲਾਟ, ਜਵਾਲਾ ਨਿਕਲਦੀ ਹੈ। ਸ਼ਰਾਬ ਵਿੱਚ ਮਸਤ ਉਚਾ ਭਭਕਨਾ ਐਸਾ ਹੈ ਮਾਨੋ ਜੰਗਲ ਵਿੱਚ ਸ਼ੇਰ ਦਾ ਬੱਚਾ ਭਬਕਦਾ ਹੈ।

ਨੋਟ: ਵੇਦ ਮਤ ਅਨੁਸਾਰ ਇੱਕ ਹੀ ਕਾਲ ਸ਼ਕਤੀ ਦੇ ਅਨੇਕਾਂ ਨਾਮ, ਕਾਲ, ਮਹਾਕਾਲ, ਕਾਲੀ, ਭਗਉਤੀ ਆਦਿ ਹਨ।

ਕਵੀ ਕਾਲ ਨੂੰ ਅਕਾਲ ਵੀ ਕਹਿੰਦਾ ਹੈ।

ਗੁਰਬਾਣੀ ਅਨੁਸਾਰ ਕਾਲ ਤੇ ਸਭ ਦੇਵਤੇ, ਇਕੋ ਇੱਕ ਸਦੈਵੀ ਹਸਤੀ, ਜੋਤਿ ਰੂਪ ਅਕਾਲ ਪੁਰਖ ਨੇ ਹੁਕਮ ਨਾਲ ਰਚੇ ਹਨ, ਅਕਾਲ ਪੁਰਖ ਦਾ ਮਾਯਾਵੀ ਸਰੂਪ ਹਨ, ਮਿਥਿਆ ਹਨ। ਵੇਦ ਮਤ ਹਉਂ ਦੇ ਭੁਲੇਖੇ ਕਰਕੇ ਦੇਵੀ ਦੇਵਤਿਆਂ ਨੂੰ, ਜੋਤਿ ਰੂਪ, ਰੂਪ ਰੇਖ ਰੰਗ ਤੋਂ ਨਿਆਰਾ, ਅਕਾਲ, ਨਿਰਭਉ, ਨਿਰਵੈਰ, ਅਜੂਨੀ, ਸੈਭੰ ਕਹਿੰਦਾ ਹੈ। ਵੇਦ ਮਤ ਨੂੰ ਇਕੋ ਇੱਕ ਸਦੀਵ ਹਸਤੀ ਅਕਾਲ ਪੁਰਖ ਦਾ ਗਿਆਨ ਨਹੀਂ। ਵੇਦ ਮਤ, ਸ਼ਕਤੀਆਂ ਦਾ ਉਪਾਸ਼ਕ ਹੈ ਤੇ ਇਹਨਾਂ ਦੇ ਜਪ ਸਿਮਰਣ ਧਿਆਨ ਤੇ ਉਸਤਤਿ ਦਾ ਉਪਦੇਸ਼ ਦਿੰਦਾ ਹੈ। ਗੁਰਬਾਣੀ ਕਹਿੰਦੀ ਹੈ ਕਿ ਇਹ ਪਾਰਬ੍ਰਹਮ ਦੀ ਮਾਇਆ ਹੈ, ਇਹਨਾਂ ਦੇ ਉਪਾਸ਼ਕ ਜੰਮਦੇ ਮਰਦੇ ਰਹਿੰਦੇ ਹਨ। ਗੁਰਬਾਣੀ, ਦੇਵੀ ਦੇਵਤਿਆਂ ਦੇ ਜਪ ਸਿਮਰਣ ਉਸਤਤਿ ਤੋਂ ਗੁਰਸਿੱਖਾਂ ਨੂੰ ਤੇ ਸਾਰੇ ਸੰਸਾਰ ਦੇ ਮਨੁੱਖਾਂ ਨੂੰ ਵਰਜਦੀ ਹੈ।

ਸਭ ਦੇਵੀ ਦੇਵਤੇ ਹੁਕਮ ਵਿੱਚ ਕਾਰ ਕਰਦੇ ਹਨ। ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਦਰਸਾਏ ਦੇਵੀ ਦੇਵਤਿਆਂ, ਕਾਲ, ਮਹਾਕਾਲ, ਭਗਉਤੀ ਆਦਿ ਨੂੰ ਅਸੀਂ ਅਕਾਲ ਪੁਰਖ, ਪਾਰਬ੍ਰਹਮ ਨਹੀਂ ਕਹਿ ਸਕਦੇ। ਸਾਡੇ ਵਿਦਵਾਨਾਂ ਨੇ ਪਰੰਪਰਾਗਤ ਭੁੱਲ ਦੇ ਕਾਰਣ ਇਹ ਅਰਥ ਕੀਤੇ ਹਨ।

ਕਵੀ ਨੇ ਕਾਲ ਦੀ ਸ਼ਕਤੀ ਦਾ ਵਰਣਨ ਹੇਠ ਲਿਖੇ ਪਦੇ ਵਿੱਚ ਵੀ ਕੀਤਾ ਹੈ:

ਸਵੈਯਾ।।

ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾਕੀ ਕਾਲ ਹੈ।।

ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ।।

ਕਾਲ ਹੀ ਪਾਇ ਸੁਰਾਸੁਰ ਗੰਧ੍ਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ।।

ਔਰ ਸੁਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ।। 84।।

ਕਾਲ ਦਾ ਇਸ਼ਾਰਾ ਪਾ ਕੇ ਹੀ ਭਗਵਾਨ ਵਿਸ਼ਨੂੰ ਹੋਇਆ, ਇਸ ਜਗਤ ਵਿੱਚ ਜਿਸਦੀ ਸ਼ਕਤੀ ਪ੍ਰਗਟ ਹੋ ਰਹੀ ਹੈ। ਕਾਲ ਦਾ ਇਸ਼ਾਰਾ ਪਾ ਕੇ ਹੀ ਬ੍ਰਹਮ ਹੋਇਆ ਹੈ। ਕਾਲ ਦਾ ਇਸ਼ਾਰਾ ਪਾ ਕੇ ਹੀ ਦੇਵਤੇ, ਦੈਤ ਆਦਿ ਹੋਏ। ਹੋਰ ਸਭ ਸੰਸਾਰ ਜਨਮ ਮਰਨ ਵਿੱਚ ਹੈ, ਇਕੋ ਕਾਲ, ਸਦਾ ਅਕਾਲ, ਕਾਲ ਤੋਂ ਰਹਿਤ ਹੈ। ਵੇਦ ਮਤ ਤੇ ਕਵੀ ਕਾਲ ਨੂੰ ਹੀ ਅਕਾਲ ਕਹਿੰਦੇ ਹਨ। ਗੁਰਮਤਿ ਅਨੁਸਾਰ ਵੇਦ ਮਤ ਮੂਲ ਮੰਤ੍ਰ ਵਿੱਚ ਦਰਸਾਏ ਅਕਾਲ ਪੁਰਖ ਨੂੰ ਨਹੀਂ ਜਾਣਦਾ।

ਡਾ: ਗੁਰਮੁਖ ਸਿੰਘ



.