.

ਭੂਮਿਕਾ

ਗੁਰਬਾਣੀ ਨੇ ਵੇਦ ਬਾਣੀ ਨੂੰ ਵਾਪਾਰੀ ਕਿਹਾ ਹੈ। ਗੁਰੂ ਜੀ ਨੇ ਕਿਹਾ ਹੈ ਚਾਰੇ ਵੇਦ ਤ੍ਰੈਗੁਣੀ ਸੰਸਾਰ ਦੀ ਵਿਚਾਰ ਦਸਦੇ ਹਨ। ਤੁਰੀਆ ਅਵਸਰਾ ਜਾਂ ਏਕਾ ਏਕਾੰਕਾਰ ਦੀ ਸੂਝ-ਬੂਝ ਗਿਆਨ, ਪੂਰੇ ਸਤਿਗੁਰੂ ਤੋ ਪ੍ਰਪਾਤ ਹੁੰਦੀ ਹੈ।

ਚਾਰੇ ਬੇਦ ਕਥਹਿ ਆਕਾਰ।।

ਤੀਨ ਅਵਸਥਾ ਕਹੇ ਵਖਿਆਨੁ।।

ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨ।।

(ਪੰਨਾ 154 ਗੁਰੂ ਗ੍ਰੰਥ ਸਹਿਬ)

ਸਿਮ੍ਰਿਤ ਸਾਸਤਰਾ ਦੇ ਊਪਦੇਸ਼ ਬਾਰੇ ਗੁਰਬਾਣੀ ਸਮਝਾਉSਦੀ ਹੈ ਸਿਮ੍ਰਿਤ ਸਾਸਤਰਾਂ ਨੂੰ ਤੱਤ, ਏਕਾ ਏਕੰਕਾਰ ਪਾਰ ਬ੍ਰਹਮ ਜੋਤਿਰੂਪ ਅਕਾਲ ਪੁਰਖ ਦੀ ਪਛਾਣ ਨਹੀਂ।

* ਸ੍ਰਿਮਿਤਿ ਸਾਸਤ ਅੰਤ ਨ ਜਾਣੈ।।

ਮੂਰਖੁ ਅੰਧਾ ਤਤੁ ਨ ਪਛਾਣੈ।।

ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ।।

(ਪੰਨਾ 1061 ਗੁਰੂ ਗ੍ਰੰਥ ਸਾਹਿਬ)

* ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ।।

ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ।।

(ਪੰਨਾ 920 ਗੁਰੂ ਗ੍ਰੰਥ ਸਾਹਿਬ)

ਵੇਦ ਬਾਣੀ ਬਾਰੇ ਗੁਰਬਾਣੀ ਕੀ ਉਪਦੇਸ਼ ਦਿੰਦੀ ਹੈ

ਗੁਰੂ ਨਾਨਕ ਸਾਹਿਬ ਤੇ ਪਹਿਲੇ ਚਾਰ ਸਿੱਖ ਗੁਰੂ, ਹਿੰਦੂ ਘਰਾਨਿਆਂ ਵਿੱਚ ਪੇਦਾ ਹੋਏ। ਹਿੰਦੂ ਧਰਮ ਦਾ ਮੂਲ ਵੇਦ ਸਾਸਤ੍ਰ ਸਿਮ੍ਰਿਤੀਆਂ ਹਨ। ਗੁਰੂ ਨਾਨਕ ਸਾਹਿਬ ਹਿੰਦੂਆਂ ਦੇ ਤੀਰਥਾਂ, ਕੁਰੂਕਸ਼ੇਤਰ, ਹਰਿਦੁਆਰ, ਬਨਾਰਸ, ਜਗੰਨਾਥਪੁਰੀ ਆਦਿ ਤੇ ਗਏ ਤੇ ਬ੍ਰਾਹਮਣਾਂ ਨੂੰ ਉਪਦੇਸ਼ ਦਿੱਤਾ ਤੇ ਬਾਣੀ ਉਚਾਰੀ। ਗੁਰੂ ਜੀ ਪਰਬਤਾਂ ਉੱਤੇ ਜੋਗੀਆਂ ਸਿੱਧਾਂ ਦੇ ਟਿਕਾਣੇ ਤੇ ਗਏ ਤੇ ਉਥੇ ਵੀ ਉਪਦੇਸ਼ ਦਿੱਤਾ। ਬ੍ਰਾਹਮਣ ਤੇ ਜੋਗੀ / ਸਿੱਧ, ਵੇਦ ਸ਼ਾਸਤ੍ਰ ਸਿਮ੍ਰਿਤੀਆਂ ਦੀ ਸਿੱਖਿਆ ਮੁਤਾਬਕ ਭਗਤੀ ਕਰਦੇ ਸਨ।

ਸਿਮ੍ਰਿਤੀਆਂ ਤੇ ਸ਼ਾਸਤਰਾਂ ਦਾ ਮੂਲ ਵੇਦ ਬਾਣੀ ਹੈ। ਸਿਮ੍ਰਿਤੀਆਂ ਤਕਰੀਬਨ 31 ਹਨ, ਜਿਨ੍ਹਾਂ ਨੂੰ ਲਿੱਖਣ ਵਾਲੇ ਵੱਡੇ-ਵੱਡੇ ਰਿਸ਼ੀ ਮੁਨੀ ਹੋਏ ਹਨ, ਜਿਸ ਤਰ੍ਹਾਂ ਮਨੂ ਸਿਮ੍ਰਿਤੀ, ਵਸ਼ਿਸ਼ਟ ਸਿਮ੍ਰਿਤੀ ਆਦਿ। ਸਿਮ੍ਰਿਤੀਆਂ ਦੇ ਉਪਦੇਸ਼ਾਂ ਵਿੱਚ ਬਹੁਤ ਭਿੰਨ ਭੇਦ ਹਨ। ਛੇ ਪ੍ਰਸਿੱਧ ਸ਼ਾਸਤਰ ਹਨ ਜਿੰਨ੍ਹਾਂ ਵਿੱਚ ਦਰਸ਼ਨ ਵਿਦਿਆ/ਫਿਲੋਸਫੀ ਹੈ। ਇਹਨਾਂ ਆਪਸ ਵਿੱਚ ਵਿਰੋਧੀ ਵਿਚਾਰਾਂ ਵਾਲੇ ਖਟ ਸ਼ਾਸਤਰਾਂ ਨੂੰ ਗੁਰਬਾਣੀ ਨੇ ਪਾਖੰਡ ਕਿਹਾ। ਇਹ ਸਭ ਸੰਸਾਰ ਦੀਆਂ ਪ੍ਰਸਿੱਧ ਪੁਸਤਕਾਂ ਹਨ।

ਗੁਰੂ ਨਾਨਕ ਦਾ ਮੱਤ ਇਹਨਾਂ ਨਾਲੋਂ ਵੱਖਰਾ ਸੀ, ਤੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਹਨਾਂ ਨੂੰ ਭੁੱਲੇ ਮਾਰਗ ਦੱਸਿਆ ਹੈ। ਗੁਰੂ ਨਾਨਕ ਸਾਹਿਬ ਨੇ ਨਾਮ ਧਰਮ ਦਾ ਉਪਦੇਸ਼ ਦਿੱਤਾ, ਤੇ ਇੱਕ ਏਕੰਕਾਰ, ਨਿਰਗੁਣ ਬ੍ਰਹਮ ਦੀ ਭਗਤੀ ਦਾ ਉਪਦੇਸ਼ ਦਿੱਤਾ, ਜਿਸ ਮਾਰਗ ਤੇ ਚੱਲ ਕੇ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ, ਤੇ ਜੀਵ ਸਦ ਸੁਖੀ, ਤੇ ਸਦ ਜੀਵਤ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਇਕੋ ਇੱਕ ਹੋਂਦ ਪਾਰਬ੍ਰਹਮ ਦੇ ਸੰਸਾਰ ਵਿੱਚ ਪਸਰੇ ਸਰੂਪ ਨਾਮ ਦਾ ਜਾਪ ਸਿਮਰਣ ਕਰਨ ਦਾ ਉਪਦੇਸ਼ ਦਿੱਤਾ ਹੈ।

ਹਿੰਦੂ ਧਰਮ ਸ਼ਾਸਤਰਾਂ, ਵੇਦ ਬਾਣੀ, ਸਿਮ੍ਰਿਤੀਆਂ, ਸ਼ਾਸਤਰਾਂ ਦਾ ਮੂਲ ਬ੍ਰਹਮਾ ਹੈ। ਇਨ੍ਹਾਂ ਸ਼ਾਸਤਰਾਂ ਅਨੁਸਾਰ ਬ੍ਰਹਮਾ ਸੰਸਾਰ ਨੂੰ ਪੈਦਾ ਕਰਨ ਵਾਲਾ ਦੇਵਤਾ ਹੈ, ਵਿਸ਼ਨੂੰ ਸੰਸਾਰ ਨੂੰ ਪਾਲਣ ਵਾਲਾ ਦੇਵਤਾ ਹੈ ਤੇ ਸ਼ਿਵਜੀ ਸੰਸਾਰ ਦਾ ਸੰਘਾਰ ਕਰਨ ਵਾਲਾ ਦੇਵਤਾ ਹੈ। ਇਹ ਸਮਝਦੇ ਹਨ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ ਦੀ ਤ੍ਰਿਕੁਟੀ ਰਲ ਕੇ ਬ੍ਰਹਮ ਬਣਦੀ ਹੈ।

ਹਿੰਦੂ ਧਰਮ ਦੇਵਤਿਆਂ ਤੇ ਦੇਵਤਿਆਂ ਦੇ ਅਵਤਾਰ ਰਾਮ ਚੰਦ੍ਰ, ਕ੍ਰਿਸ਼ਨ ਜੀ ਆਦਿ ਦੀ ਪੂਜਾ/ਅਰਾਧਨਾ/ਧਿਆਨ ਦਾ ਉਪਦੇਸ਼ ਦਿੰਦਾ ਹੈ। ਹਿੰਦੂ ਧਰਮ ਦੇਵਤਿਆਂ ਦੇ ਅਵਤਾਰਾਂ ਦੀਆਂ ਮੂਰਤੀਆਂ ਦੀ ਪੂਜਾ ਦਾ ਵੀ ਉਪਦੇਸ਼ ਦਿੰਦਾ ਹੈ। ਹਿੰਦੂ ਰਾਮ ਚੰਦ੍ਰ, ਕ੍ਰਿਸ਼ਨ ਜੀ ਨੂੰ ਭਗਵਾਨ ਕਹਿੰਦੇ ਹਨ। ਗੁਰਬਾਣੀ ਅਨੁਸਾਰ ਇਹ ਸਭ ਦੂਜੇ ਹਨ, ਭਗਵਾਨ ਕੇਵਲ ਇੱਕ ਪਾਰਬ੍ਰਹਮ ਹੈ।

ਗੁਰਬਾਣੀ ਅਨੁਸਾਰ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਤੇ ਇਹਨਾਂ ਦੇ ਅਵਤਾਰ ਦੂਜੇ ਹਨ, ਇਹਨਾਂ ਦੀ ਅਰਾਧਨਾ ਨਾਲ ਤ੍ਰੈ ਗੁਣੀ ਸੰਸਾਰਕ ਸ਼ਕਤੀਆਂ ਦੀ ਅਰਾਧਨਾ ਹੁੰਦੀ ਹੈ। ਇਸ ਤਰ੍ਹਾਂ ਏਕੰਕਾਰ ਨਿਰਗੁਣ ਬ੍ਰਹਮ ਦੀ ਪਛਾਣ ਨਹੀਂ ਹੋ ਸਕਦੀ, ਚੌਥੇ ਪਦ ਦੀ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਤੇ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਨਹੀਂ ਹੋ ਸਕਦਾ, ਜਮਾਂ ਦੇ ਵੱਸ ਪੈਣਾ ਪੈਂਦਾ ਹੈ।

ਹੁਣ ਅਸੀਂ ਵੇਦਾਂ ਦੀ ਵਿਚਾਰ ਗੁਰਬਾਣੀ ਤੋਂ ਸਮਝਨ ਦਾ ਯਤਨ ਕਰਦੇ ਹਾਂ। ਏਕੰਕਾਰ ਨਿਰਗੁਣ ਬ੍ਰਹਮ ਨੇ ਚਾਰੇ ਵੇਦ ਬ੍ਰਹਮਾ ਨੂੰ ਦਿੱਤੇ। ਬ੍ਰਹਮਾ ਵੇਦ ਪੜ੍ਹ ਕੇ ਵਿਚਾਰ ਕਰਦਾ ਰਿਹਾ ਪਰ ਇੱਕੋ-ਇੱਕ ਸਦੈਵੀ ਹਸਤੀ ਜੋਤਿ ਰੂਪ ਪਾਰਬ੍ਰਹਮ ਦੇ ਹੁਕਮ ਨੂੰ ਬੁੱਝ ਨਹੀਂ ਸਕਿਆ, ਇਸ ਲਈ ਨਰਕਾਂ ਸੁਰਗਾਂ ਵਿੱਚ ਘੁੰਮਦਾ ਹੈ। ਇਸਨੂੰ ਬ੍ਰਹਮ ਦੀ ਪਛਾਣ ਨਹੀਂ ਹੋਈ।

ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥

ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥

(ਪੰਨਾ 423, ਗੁਰੂ ਗ੍ਰੰਥ ਸਾਹਿਬ)

ਵੇਦਾਂ ਨੇ ਪਾਪ ਪੁੰਨ ਦੀ ਵਿਚਾਰ ਤੇ ਬ੍ਰਹਮਾ ਵਿਸ਼ਨੂੰ ਮਹੇਸ਼ ਆਦਿ ਦੀਆਂ ਕਥਾ ਕਹਾਣੀਆਂ ਕਹੀਆਂ, ਤੇ ਉੱਚੀਆਂ ਨੀਵੀਆਂ ਜਾਤੀਆਂ ਦੀ ਵਿਚਾਰ ਵੀ ਇਥੋਂ ਹੀ ਆਈ।

ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ॥

ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥

ਉਤਮ ਮਧਿਮ ਜਾਤੀ ਜਿਨਸੀ ਭਰਮਿ ਭਵੈ ਸੰਸਾਰੁ॥

(ਪੰਨਾ 1243, ਗੁਰੂ ਗ੍ਰੰਥ ਸਾਹਿਬ)

ਪੁੰਨ ਪਾਪ ਨਰਕ ਸੁਰਗ ਦਾ ਬੀਜ ਹਨ, ਪੁੰਨ ਪਾਪ ਕਰਮਾਂ ਨਾਲ ਜੀਵ ਲੇਖੇ ਵਿੱਚ ਹੀ ਰਹਿੰਦਾ ਹੈ, ਜਿੰਨੀ ਦੇਰ ਲੇਖੇ ਤੋਂ ਨਹੀਂ ਛੁੱਟਦਾ, ਉਤਨੀ ਦੇਰ ਜਨਮ ਮਰਨ ਹੈ। ਇਸ ਤਰ੍ਹਾਂ ਤੱਤ ਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ। ਪੁੰਨ ਪਾਪ ਮਾਇਆ ਦਾ ਵਪਾਰ ਹੈ।

ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ॥

ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ॥

(ਪੰਨਾ 1243, ਗੁਰੂ ਗ੍ਰੰਥ ਸਾਹਿਬ)

ਬ੍ਰਹਮਾ ਨੇ ਵੇਦ ਬਾਣੀ ਪਰਗਾਸੀ, ਇਹ ਮਾਇਆ ਦੇ ਮੋਹ ਦਾ ਖਿਲਾਰਾ ਹੈ। ਬੇਦ ਮਾਇਆ ਦਾ ਵਾਪਾਰੀ ਹੈ, ਗਿਆਨ ਰਾਸਿ ਗੁਰਮੰਤ੍ਰ ਨਾਮ ਸਤਿਗੁਰ ਤੋਂ ਪ੍ਰਾਪਤ ਹੁੰਦਾ ਹੈ, ਜਿਸ ਨਾਲ ਬ੍ਰਹਮ ਗਿਆਨ ਹੁੰਦਾ ਹੈ ਤੇ ਮਨੁੱਖ ਇਸੇ ਜੀਵਨ ਵਿੱਚ ਮੁਕਤ ਹੋ ਜਾਂਦਾ ਹੈ।

ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ॥

ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ॥

(ਪੰਨਾ 1244, ਗੁਰੂ ਗ੍ਰੰਥ ਸਾਹਿਬ)

ਸਿੰਮ੍ਰਿਤ ਸ਼ਾਸਤਰ ਭਰਮ ਵਿੱਚ ਹਨ। ਇਹਨਾਂ ਨੂੰ ਪਰਮ ਤੱਤ, ਏਕੰਕਾਰ ਬ੍ਰਹਮ ਜੋਤਿ ਦੀ ਪਛਾਣ ਨਹੀਂ ਹੋ ਸਕਦੀ, ਸਿੰਮ੍ਰਿਤ ਸ਼ਾਸਤਰ ਪੁੰਨ ਪਾਪ ਦੀ ਵਿਚਾਰ ਦਿੰਦੇ ਹਨ।

ਸਿਮ੍ਰਿਤਿ ਸਾਸਤ ਅੰਤੁ ਨ ਜਾਣੈ॥ ਮੂਰਖੁ ਅੰਧਾ ਤਤੁ ਨ ਪਛਾਣੈ॥

ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ॥

(ਪੰਨਾ 1061, ਗੁਰੂ ਗ੍ਰੰਥ ਸਾਹਿਬ)

ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ॥

ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ॥

(ਪੰਨਾ 920, ਗੁਰੂ ਗ੍ਰੰਥ ਸਾਹਿਬ)

ਚਾਰੇ ਵੇਦ ਆਕਾਰ ਵਾਲੇ ਸ੍ਰਿਸ਼ਟੀ, ਤ੍ਰੈ ਗੁਣੀ ਮਾਇਆ ਦਾ ਵਖਿਆਨ ਕਰਦੇ ਹਨ। ਚਉਥੇ ਪਦ ਦੀ ਅਵਸਥਾ ਤੁਰੀਆ ਅਵਸਥਾ ਸਤਿਗੁਰੂ ਤੋਂ ਜਾਣੀ ਜਾ ਸਕਦੀ ਹੈ।

ਚਾਰੇ ਬੇਦ ਕਥਹਿ ਆਕਾਰੁ॥ ਤੀਨਿ ਅਵਸਥਾ ਕਹਹਿ ਵਖਿਆਨੁ॥

ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ॥

(ਪੰਨਾ 154, ਗੁਰੂ ਗ੍ਰੰਥ ਸਾਹਿਬ)

(ਤੁਰੀਆ ਅਵਸਥਾ ਵਿੱਚ ਆਤਮਾ ਦੇ ਦਰਸ਼ਨ, ਤੇ ਏਕੇ ਪਾਰਬ੍ਰਹਮ ਦਾ ਗਿਆਨ ਹੋ ਜਾਂਦਾ ਹੈ।)

ਗੁਰਬਾਣੀ ਪੂਰੇ ਸਤਿਗੁਰੂ ਤੋਂ ਵਿਧੀ ਪੂਰਵਕ, ਗੁਰਮੰਤ੍ਰ ਨਾਮ/ਗੁਰਸ਼ਬਦ, ਪ੍ਰਾਪਤ ਕਰਕੇ ਨਾਮ ਸਿਮਰਨ ਦਾ ਉਪਦੇਸ਼ ਦਿੰਦੀ ਹੈ, ਜਿਸ ਨਾਲ ਏਕੰਕਾਰ ਨਿਰਗੁਣ ਬ੍ਰਹਮ ਦੀ ਅਰਾਧਨਾ ਹੁੰਦੀ ਹੈ। ਇਹ ਗੁਰਮਤਿ ਨਾਮ ਹੈ। ਹਿੰਦੂ ਗ੍ਰੰਥ ਵੀ ਨਾਮ ਸਿਮਰਨ ਦਾ ਉਪਦੇਸ਼ ਦਿੰਦੇ ਹਨ, ਪਰ ਉਹ ਗੁਰਮਤਿ ਨਾਮ ਨਹੀਂ, ਦੂਜੇ ਦਾ ਸਿਮਰਨ ਹੈ। ਬ੍ਰਾਹਮਣੀ ਮਤ ਵਾਲਿਆਂ ਨੇ ਲੋਕਾਂ ਨੂੰ ਉੱਚੀਆਂ ਨੀਵੀਆਂ ਜਾਤੀਆਂ ਵਿੱਚ ਵੰਡ ਲਿਆ, ਤੇ ਬ੍ਰਾਹਮਣ ਨੂੰ ਜਗਤ ਦਾ ਗੁਰੂ ਬਣਾਇਆ। ਬ੍ਰਾਹਮਣ ਵੇਦਾਂ ਸ਼ਾਸਤਰਾਂ ਦੀ ਵਿਚਾਰ ਕਰਦਾ ਹੈ, ਪਾਪ ਪੁੰਨ ਦੀ ਵਿਚਾਰ ਕਰਦਾ ਹੈ, ਵੇਦਾਂ ਦੇ ਪਾਠ ਹੁੰਦੇ ਹਨ। ਓਮ ਨੂੰ ਸੱਤ ਕਹਿ ਕੇ ਉਸ ਦਾ ਧਿਆਨ ਧਰਿਆ ਜਾਂਦਾ ਹੈ, ਰਾਮ ਚੰਦ੍ਰ, ਕ੍ਰਿਸ਼ਨ, ਸ਼ਿਵ ਜੀ, ਦੁਰਗਾ ਭਵਾਨੀ ਤੇ ਇਹਨਾਂ ਦੀਆਂ ਮੂਰਤੀਆਂ ਦੀ ਪੂਜਾ ਕਰਾਉਂਦਾ ਹੈ। ਇਹ ਸਮਝਦੇ ਹਨ ਇਸ ਤਰ੍ਹਾਂ ਬ੍ਰਹਮ ਦੀ ਪੂਜਾ ਅਰਾਧਨਾ ਹੁੰਦੀ ਹੈ। ਗੁਰਬਾਣੀ ਕਹਿੰਦੀ ਹੈ, ਇਹ ਦੂਜੇ ਦੀ ਅਰਾਧਨਾ ਹੈ, ਇਸ ਤਰ੍ਹਾਂ ਇੱਕ ਏਕੰਕਾਰ ਦਾ ਗਿਆਨ ਨਹੀਂ ਹੋ ਸਕਦਾ।

ਗੁਰਬਾਣੀ ਦਾ ਉਪਦੇਸ਼ ਹੈ ਕਿ ਪਰਮੇਸਰ ਦਾ ਨਾਮ ਸਭ ਸ੍ਰਿਸ਼ਟੀ ਲੈਂਦੀ ਹੈ। ਪਰ ਕੇਵਲ ਪੂਰੇ ਸਤਿਗੁਰੂ ਤੋਂ ਨਾਮ ਲੈ ਕੇ, ਗੁਰਮੰਤ੍ਰ ਨਾਮ/ਗੁਰਸ਼ਬਦ ਦੇ ਸਿਮਰਨ ਨਾਲ, ਤੱਤ ਬ੍ਰਹਮ ਦਾ ਗਿਆਨ ਹੁੰਦਾ ਹੈ, ਇਸ ਤਰ੍ਹਾਂ ਨਾਮ ਜਪਣ ਵਾਲੇ ਗੁਰਮੁਖ ਹਨ, ਹੋਰ ਸਭ ਮਨਮੁਖ ਹਨ।

ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ॥

ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ॥

(ਪੰਨਾ 423, ਗੁਰੂ ਗ੍ਰੰਥ ਸਾਹਿਬ)

ਅਗਿਆਨੀ ਗੁਰੂ ਤੋਂ ਨਾਮ ਲੈ ਕੇ ਜਪਣ ਨਾਲ ਹਉਂ ਦਾ ਭਰਮ ਨਹੀਂ ਜਾਂਦਾ ਤੇ ਪਾਰਬ੍ਰਹਮ ਬੁਝਿਆ ਨਹੀਂ ਜਾਂਦਾ।

ਅੰਧੇ ਗੁਰੂ ਤੇ ਭਰਮੁ ਨ ਜਾਈ॥ ਮੂਲੁ ਛੋਡਿ ਲਾਗੇ ਦੂਜੈ ਭਾਈ॥ (ਪੰਨਾ 232, ਗੁਰੂ ਗ੍ਰੰਥ ਸਾਹਿਬ)

(‘ਅਗਿਆਨੀ ਗੁਰੂ’ ਤੋਂ ਨਾਮ ਲੈ ਕੇ ਸਿਮਰਨ ਨਾਲ ਦੂਜੇ ਦੀ ਭਗਤੀ ਹੁੰਦੀ ਹੈ, ਇਹ ਮੂਲ, ਤੱਤ ਬ੍ਰਹਮ, ਏਕੰਕਾਰ ਨੂੰ ਛੱਡ ਕੇ ਦੂਜੇ ਨਾਲ ਲਗੇ ਹਨ।)

ਕਬੀਰ ਜੀ ਕਹਿੰਦੇ ਹਨ -

ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ॥

(ਪੰਨਾ 1369, ਗੁਰੂ ਗ੍ਰੰਥ ਸਾਹਿਬ)

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥

ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥

(ਪੰਨਾ 1377, ਗੁਰੂ ਗ੍ਰੰਥ ਸਾਹਿਬ)

ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥

(ਹਿੰਦੂ ਬ੍ਰਹਮ ਤੋਂ ਭੁਲੇ ਖੋਟੇ ਰਸਤੇ ਜਾ ਰਹੇ ਹਨ।)

ਨਾਰਦਿ ਕਹਿਆ ਸਿ ਪੂਜ ਕਰਾਂਹੀ॥ ਅੰਧੇ ਗੁੰਗੇ ਅੰਧ ਅੰਧਾਰੁ॥

ਪਾਥਰੁ ਲੈ ਪੂਜਹਿ ਮੁਗਧ ਗਵਾਰ॥

(ਇਹ ਮੁਗਧ ਗਵਾਰ ਪੱਥਰ ਦੀ ਮੂਰਤੀ ਦੀ ਪੂਜਾ ਕਰਦੇ ਹਨ।)

ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥

(ਪੰਨਾ 556, ਗੁਰੂ ਗ੍ਰੰਥ ਸਾਹਿਬ)

(ਪੱਥਰ ਆਪ ਡੁੱਬਦੇ ਹਨ, ਤੁਹਾਨੂੰ ਕਿਵੇਂ ਸੰਸਾਰ ਸਾਗਰ ਤੋਂ ਪਾਰ ਕਰਾਉਨਗੇ।)

ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ॥

ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ॥

ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ॥

(ਪੰਨਾ 230, ਗੁਰੂ ਗ੍ਰੰਥ ਸਾਹਿਬ)

ਸਤਿਗੁਰੂ ਜੀ ਕਹਿੰਦੇ ਹਨ ਮੈਂ ਨਹੀਂ ਜਾਣਦਾ ਪ੍ਰਭੂ ਨੂੰ ਕਿਹੜੀ ਗੱਲ ਚੰਗੀ ਲਗਦੀ ਹੈ, ਮਨਾ, ਕੋਈ ਰਾਹ ਖੋਜ। ਸਤਿਗੁਰੂ ਜੀ ਨੇ ਹਿੰਦੂ ਧਰਮ ਦੇ ਮਾਰਗਾਂ ਦੀ ਗਿਣਤੀ ਕੀਤੀ ਹੈ, ਇਹ ਸਾਰੇ ਕਹਿੰਦੇ ਹਨ ਉਹਨਾਂ ਉੱਚ ਪਦ ਪਾ ਲਿਆ ਹੈ, ਪਰਮੇਸਰ ਪਾ ਲਿਆ ਹੈ। ਕੋਈ ਆਪਣੇ ਆਪ ਨੂੰ ਘੱਟ ਨਹੀਂ ਅਖਵਾਉਂਦਾ। ਸਤਿਗੁਰੂ ਜੀ ਕਹਿੰਦੇ ਹਨ ਇਹ ਸਭ ਉਪਾਵ ਭੁੱਲੇ ਮਾਰਗ ਹਨ, ਮੈਂ ਇਹ ਸਭ ਤਿਆਗ ਦਿੱਤੇ ਹਨ, ਤੇ ਸਤਿਗੁਰੂ ਦੀ ਸ਼ਰਨ ਆਇਆ ਹਾਂ ਜੋ ਗੁਰਮੰਤ੍ਰ ਨਾਮ ਦਾ ਸਿਮਰਨ ਕਰਾ ਕੇ ਚਉਥੇ ਪਦ ਤਕ ਪਹੁੰਚਾਉਂਦਾ ਹੈ ਤੇ ਤੱਤ ਬ੍ਰਹਮ, ਇਕੋ ਇੱਕ ਹੋਂਦ ਹਸਤੀ ਨਿਰਗੁਣ ਬ੍ਰਹਮ ਦੀ ਪਛਾਣ ਕਰਾਉਂਦਾ ਹੈ। ਫਿਰ ਲੇਖਾ ਨਹੀਂ ਰਹਿੰਦਾ ਤੇ ਜਨਮ ਮਰਨ ਨਹੀਂ ਰਹਿੰਦਾ।

ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥ 1॥ ਰਹਾਉ॥

ਧਿਆਨੀ ਧਿਆਨੁ ਲਾਵਹਿ॥ ਗਿਆਨੀ ਗਿਆਨੁ ਕਮਾਵਹਿ॥

ਪ੍ਰਭੁ ਕਿਨ ਹੀ ਜਾਤਾ॥ 1॥ ਭਗਉਤੀ ਰਹਤ ਜੁਗਤਾ॥

ਜੋਗੀ ਕਹਤ ਮੁਕਤਾ॥ ਤਪਸੀ ਤਪਹਿ ਰਾਤਾ॥ 2॥

ਮੋਨੀ ਮੋਨਿਧਾਰੀ॥ ਸਨਿਆਸੀ ਬ੍ਰਹਮਚਾਰੀ॥

ਉਦਾਸੀ ਉਦਾਸਿ ਰਾਤਾ॥ 3॥ ਭਗਤਿ ਨਵੈ ਪਰਕਾਰਾ॥

ਪੰਡਿਤੁ ਵੇਦੁ ਪੁਕਾਰਾ॥ ਗਿਰਸਤੀ ਗਿਰਸਤਿ ਧਰਮਾਤਾ॥ 4॥

ਇਕ ਸਬਦੀ ਬਹੁ ਰੂਪਿ ਅਵਧੂਤਾ॥ ਕਾਪੜੀ ਕਉਤੇ ਜਾਗੂਤਾ॥

ਇਕਿ ਤੀਰਥਿ ਨਾਤਾ॥ 5॥ ਨਿਰਹਾਰ ਵਰਤੀ ਆਪਰਸਾ॥

ਇਕਿ ਲੂਕਿ ਨ ਦੇਵਹਿ ਦਰਸਾ॥ ਇਕਿ ਮਨ ਹੀ ਗਿਆਤਾ॥ 6॥

ਘਾਟਿ ਨ ਕਿਨ ਹੀ ਕਹਾਇਆ॥ ਸਭ ਕਹਤੇ ਹੈ ਪਾਇਆ॥

ਜਿਸੁ ਮੇਲੇ ਸੋ ਭਗਤਾ॥ 7॥

(ਇਹ ਸਭ ਕਹਿੰਦੇ ਹਨ ਕਿ ਮੈਂ ਪਾ ਲਿਆ ਹੈ, ਕਿਸੇ ਨੇ ਘੱਟ ਨਹੀਂ ਕਹਾਇਆ, ਪਰ ਪਰਮਜੋਤਿ ਨਾਲ ਕੋਈ ਨਹੀਂ ਮਿਲਿਆ।)

ਸਗਲ ਉਕਤਿ ਉਪਾਵਾ॥ ਤਿਆਗੀ ਸਰਨਿ ਪਾਵਾ॥

ਨਾਨਕੁ ਗੁਰ ਚਰਣਿ ਪਰਾਤਾ॥ 8॥

(ਪੰਨਾ 71, ਗੁਰੂ ਗ੍ਰੰਥ ਸਾਹਿਬ)

(ਮੈਂ ਉਪਰ ਦਿੱਤੇ ਸਗਲ ਉਪਾਵ ਤਿਆਗ ਦਿੱਤੇ ਹਨ, ਤੇ ਸਤਿਗੁਰੂ ਦੀ ਸ਼ਰਨ ਆਇਆ ਹਾਂ ਜੋ ਗੁਰਮੰਤ੍ਰ ਨਾਮ ਦੇ ਕੇ ਸ਼ੁਧ ਮਨ ਨਾਮ ਜਾਪ/ਸਿਮਰਣ ਦਾ ਉਪਦੇਸ਼ ਦਿੰਦਾ ਹੈ।)

ਸਤਿਗੁਰੂ ਜੀ ਕਹਿੰਦੇ ਹਨ ਏਕੰਕਾਰ ਨਿਰਗੁਣ ਬ੍ਰਹਮ ਨੂੰ ਛੱਡ ਕੇ ਹੋਰਾਂ ਦਾ ਸਿਮਰਨ ਕਰਨ ਵਾਲੇ ਮੂਰਖ ਖੋਤੇ ਹਨ। (ਇਹ ਬਿਰਥਾ ਕਹਿੰਦੇ ਹਨ ਅਸੀਂ ਤੇਰੇ ਹਾਂ।)

ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ॥

ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ॥

ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ॥

(ਸ਼ਿਵ, ਬ੍ਰਹਮਾ, ਰਾਖਸ਼ ਜਿਤਨੇ ਹਨ, ਕਾਲ ਦੀ ਅਗਨੀ ਵਿੱਚ ਸੜਦੇ ਹਨ।)

(ਪੰਨਾ 1267, ਗੁਰੂ ਗ੍ਰੰਥ ਸਾਹਿਬ)

ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ॥

ਮੁਕਤਿ ਕਦੇ ਨ ਹੋਵਈ ਨਹੁ ਪਾਇਨਿ੍ਯ੍ਯ ਮੋਖ ਦੁਆਰੁ॥

ਬਿਨੁ ਸਤਿਗੁਰ ਬੰਧਨ ਨ ਤੁਟਹੀ ਨਾਮਿ ਨ ਲਗੈ ਪਿਆਰੁ॥

(ਪੰਨਾ 1277, ਗੁਰੂ ਗ੍ਰੰਥ ਸਾਹਿਬ)

ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ॥

ਸਤਿਗੁਰੁ ਸੇਵਹਿ ਤਾ ਗਤਿਮਿਤਿ ਪਾਵਹਿ ਹਰਿਜੀਉ ਮੰਨਿ ਵਸਾਏ॥

ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ॥

(ਪੰਨਾ 67, ਗੁਰੂ ਗ੍ਰੰਥ ਸਾਹਿਬ)

ਗੁਰੂ ਅਮਰਦਾਸ ਜੀ ਕਹਿੰਦੇ ਹਨ ਸਤਿਗੁਰੂ ਜੀ ਦੀ ਸ਼ਰਨ ਆ ਕੇ ਸਤਿਗੁਰੂ ਦੀ ਸੇਵਾ ਅਰਾਧਨਾ ਬਿਨਾ ਕਿਸੇ ਨੇ ਏਕੰਕਾਰ ਨਿਰਗੁਣ ਬ੍ਰਹਮ, ਜੋਤਿ ਰੂਪ ਨੂੰ ਨਹੀਂ ਪਛਾਣਿਆ। ਇਹ ਗੁਰਮੁਖ ਹਨ। ਹੋਰ ਸਭ ਮਨਮੁਖ ਬਕ-ਬਕ ਕੇ ਵਿਲਕ-ਵਿਲਕ ਕੇ ਮਰ ਗਏ, ਤੇ ਜਨਮ ਮਰਨ ਦੇ ਗੇੜ ਵਿੱਚ ਰਹੇ, ਦੁਖੀ ਹੋ ਕੇ ਦੁੱਖ ਵਿੱਚ ਸਮਾਏ ਰਹਿੰਦੇ ਹਨ। ਗੁਰੂ ਦੀ ਸ਼ਰਨ ਆਉਣ ਵਾਲੇ ਗੁਰਮੁਖ, ਗੁਰਮਤਿ ਨਾਮ ਸਿਮਰਦੇ ਹਨ, ਨਾਮ ਰਸ ਪੀਂਦੇ ਹਨ ਤੇ ਸਹਜ ਸੁਭਾ ਹੀ ਸੱਚ ਵਿੱਚ ਸਮਾ ਜਾਂਦੇ ਹਨ। ਸਤਿਗੁਰੂ ਤੇ ਗੁਰਬਾਣੀ ਦੀ ਸ਼ਰਨ ਵਿੱਚ ਆ ਕੇ ਕਾਲ ਵੱਸ ਨਹੀਂ ਹੁੰਦੇ ਤੇ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਹੋ ਜਾਂਦਾ ਹੈ।

ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ

ਬਿਲਲਾਈ॥

ਆਵਹਿ ਜਾਵਹਿ ਠਉਰ ਨ ਪਾਵਹਿ ਦੁਖ ਮਹਿ ਦੁਖਿ ਸਮਾਈ॥

ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ॥ 6॥

ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ

ਅਧਿਕਾਈ॥

ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ॥

ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ॥

(ਪੰਨਾ 638, ਗੁਰੂ ਗ੍ਰੰਥ ਸਾਹਿਬ)

(ਸਤਿਗੁਰ ਸੱਚਾ ਹੈ, ਗੁਰਬਾਣੀ ਸੱਚੀ ਹੈ, ਗੁਰੂ ਦੀ ਸ਼ਰਨ ਆ ਕੇ ਨਾਮ ਸਿਮਰਨ ਨਾਲ ਛੁਟੀਦਾ ਹੈ।)

ਗੁਰਮਤਿ ਦਾ ਇਹ ਵੀ ਫੈਸਲਾ ਹੈ ਕਿ ਗੁਰੂ ਦੀ ਸ਼ਰਨ ਆਉਣ ਤੋਂ ਪਹਿਲਾਂ ਹੋਰ ਸਭ ਭਰੋਸੇ/ਅਕੀਦੇ ਛੱਡ ਕੇ ਆਓ। ਕਿਸੇ ਹੋਰ ਉੱਤੇ ਭਰੋਸਾ ਰਖਦੇ ਹੋਏ ਸਤਿਗੁਰੂ ਦੀ ਸ਼ਰਨ ਆਉਣਾ, ਦੋ ਬੇੜੀਆਂ ਵਿੱਚ ਪੈਰ ਰਖਣਾ ਹੈ, ਇਸ ਤਰ੍ਹਾਂ ਛੁਟਕਾਰਾ ਨਹੀਂ ਹੁੰਦਾ।

ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਜੀ ਤੇ ਅਨੇਕਾਂ ਸ਼ਰਧਾਲੂ ਸਤਿਗੁਰੂ ਦੀ ਸ਼ਰਨ ਆਉਣ ਤੋਂ ਪਹਿਲਾਂ ਦੇਵੀ ਦੇਵਤਿਆਂ ਨੂੰ ਮੰਨਦੇ ਸਨ ਤੇ ਹਰ ਸਾਲ ਤੀਰਥ ਦੀ ਯਾਤਰਾ ਲਈ ਜਾਂਦੇ ਸਨ, ਗੁਰੂ ਸ਼ਰਨ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਪਹਿਲੇ ਧਰਮ ਦੇ ਅਕੀਦੇ ਤਿਆਗ ਦਿੱਤੇ ਤੇ ਦੂਜਾ ਪਾਸਾ ਨਹੀਂ ਤੱਕਿਆ। ਸਤਿਗੁਰ ਦੀ ਸਿੱਖਿਆ ਨੂੰ ਸੱਤ ਕਰਕੇ ਪਰਵਾਨ ਕੀਤਾ ਤੇ ਸੇਵਾ ਇੱਕ ਮਨ ਹੋ ਕੇ ਕੀਤੀ।

ਜਾ ਕਉ ਮੁਨਿ ਧ੍ਯ੍ਯਾਨੁ ਧਰੈ ਫਿਰਤ ਸਗਲ ਜੁਗ

ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ॥

ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ

ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ॥

ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ

ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ॥

ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ

ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ॥

(ਪੰਨਾ 1404, ਗੁਰੂ ਗ੍ਰੰਥ ਸਾਹਿਬ)

ਗੁਰਬਾਣੀ ਅਨੁਸਾਰ ਅਸਲ ਪੰਡਿਤ ਉਹ ਹੈ ਜੋ ਤ੍ਰਿਹ ਗੁਣਾਂ ਦੀ ਪੰਡ, ਤ੍ਰੈ ਗੁਣ ਮਾਇਆ ਦੀ, ਵੇਦਾਂ ਸ਼ਾਸਤਰਾਂ ਦੀ ਵਿਚਾਰ ਨੂੰ ਤਿਆਗੇ, ਸਤਿਗੁਰੂ ਤੋਂ ਦੀਖਿਆ ਲੈ ਕੇ ਵਿਧੀ ਪੂਰਵਕ ਗੁਰਮਤਿ ਨਾਮ ਲਵੇ ਤੇ ਨਾਮ ਜਪੇ।

ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ॥

ਅਨਦਿਨੁ ਏਕੋ ਨਾਮੁ ਵਖਾਣੈ॥ ਸਤਿਗੁਰ ਕੀ ਓਹੁ ਦੀਖਿਆ ਲੇਇ॥

ਸਤਿਗੁਰ ਆਗੈ ਸੀਸੁ ਧਰੇਇ॥

(ਪੰਨਾ 1261, ਗੁਰੂ ਗ੍ਰੰਥ ਸਾਹਿਬ)

ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ॥ ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧਲਉ ਧੰਧੁ ਕਮਾਈ॥

(ਪੰਨਾ 1126, ਗੁਰੂ ਗ੍ਰੰਥ ਸਾਹਿਬ)

(ਡੋਲਨ ਵਾਲੀ ਟੇਢੀ ਚਾਲ ਹੈ। ਨੇਤ੍ਰ ਵੀ ਅੰਧੁਲੇ ਹਨ। ਗੁਰੂ ਦੇ ਸ਼ਬਦ ਤੇ ਸੁਰਤਿ ਦੇ ਮੇਲ ਦਾ ਯਤਨ ਨਹੀਂ ਕਰਦਾ। ਉਸ ਨੂੰ ਇਹ ਨਹੀਂ ਪਤਾ ਸ਼ਾਸਤਰ ਵੇਦ ਤਾਂ ਤ੍ਰੈ ਗੁਣੀ ਮਾਇਆ ਦੀ ਵਿਚਾਰ ਕਰਦੇ ਹਨ। ਅਗਿਆਨੀ ਧੰਧਾ ਹੀ ਕਰਦਾ ਹੈ.

ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ॥

ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ॥

ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ॥

ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ॥

ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ॥

ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ॥

ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ॥

ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ॥

(ਪੰਨਾ 1100, ਗੁਰੂ ਗ੍ਰੰਥ ਸਾਹਿਬ)

(ਪਾਰਬ੍ਰਹਮ ਪਰਮੇਸਰ ਥਿਰ ਹੈ। ਗੁਰਮੁਖ ਸੇਵਕ ਵੀ ਗੁਰਮਤਿ ਸਿਮਰਨ ਕਰਕੇ ਸਦਜੀਵਤ ਹੋ ਜਾਂਦਾ ਹੈ, ਬਾਕੀ ਸਭ ਜਨਮ ਮਰਨ ਦੇ ਗੇੜ ਵਿੱਚ ਹਨ।)

ਸਾਚੀ ਕੀਰਤਿ ਸਾਚੀ ਬਾਣੀ॥ ਹੋਰ ਨ ਦੀਸੈ ਬੇਦ ਪੁਰਾਣੀ॥

ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ॥

(ਪੰਨਾ 1022, ਗੁਰੂ ਗ੍ਰੰਥ ਸਾਹਿਬ)

ਵਰਤ ਨ ਰਹਉ ਨ ਮਹ ਰਮਦਾਨਾ॥

ਤਿਸੁ ਸੇਵੀ ਜੋ ਰਖੈ ਨਿਦਾਨਾ॥ 1॥

ਏਕੁ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥ 1॥

(ਵਰਤ ਨਹੀਂ ਰਖਦਾ, ਰੋਜੇ ਨਹੀਂ ਰਖਦਾ, ਉਸ ਨੂੰ ਅਰਾਧਦਾ ਹਾਂ ਜੋ ਓੜਕ ਰਖਦਾ ਹੈ। ਮੇਰੇ ਲਈ ਹਿੰਦੂਆਂ ਦਾ ਗੋਸਾਂਈ ਤੇ ਮੁਸਲਮਾਨਾਂ ਦਾ ਅੱਲ੍ਹਾ, ਇਕੋ ਏਕੰਕਾਰ ਹੀ ਹੈ, ਹਿੰਦੂ ਮੁਸਲਮਾਨ ਦੋਹਾਂ ਤੋਂ ਪੱਲਾ ਛੁੜਾ ਲਿਆ ਹੈ।)

ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥

ਪੂਜਾ ਕਰਉ ਨ ਨਿਵਾਜ ਗੁਜਾਰਉ॥

ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥ 3॥

ਨ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ 4॥

ਕਹੁ ਕਬੀਰ ਇਹੁ ਕੀਆ ਵਖਾਨਾ॥

ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ॥ 5॥

(ਪੰਨਾ 1136, ਗੁਰੂ ਗ੍ਰੰਥ ਸਾਹਿਬ)

(ਹਿੰਦੂ, ਮੁਸਲਮਾਨਾਂ ਦੇ ਪੂਜਾ, ਭਗਤੀ ਦੇ ਤਰੀਕੇ ਨਹੀਂ ਅਪਨਾਂਦਾ। ਗੁਰੂ ਨੂੰ ਮਿਲ ਕੇ ਏਕ ਨਿਰੰਕਾਰ, ਇੱਕ ਏਕੰਕਾਰ ਨੂੰ ਸਿਮਰਦਾ ਹਾਂ।)

ਵੇਦਾਂ ਸ਼ਾਸਤਰਾਂ ਦੀ ਸਿੱਖਿਆ ਵਰਣ ਜਾਤ

ਵੇਦ ਸ਼ਾਸਤਰਾਂ ਮੁਤਾਬਕ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਚਾਰ ਵਰਣ/ਜਾਤੀਆਂ ਹਨ। ਸਭ ਵਰਣਾਂ ਦਾ ਆਪੋ ਆਪਣਾ ਨਿਯਮਤ ਧਰਮ ਹੈ। ਬ੍ਰਾਹਮਣ ਦਾ ਕੰਮ ਵਿਦਿਆ ਪੜ੍ਹਣਾ ਤੇ ਪੜ੍ਹਾਨਾ, ਖੱਤਰੀ ਦਾ ਕੰਮ ਜੰਗੀ ਸਿਖਸ਼ਾ ਪ੍ਰਾਪਤ ਕਰਨਾ ਤੇ ਰਾਜ ਤੇ ਧਰਮ ਲਈ ਲੜਨਾ, ਵੈਸ਼ ਦਾ ਕੰਮ ਵਪਾਰ ਆਦਿ ਤੇ ਸ਼ੂਦਰ ਦਾ ਕੰਮ ਸਭ ਵਰਣਾਂ ਦੀ ਸੇਵਾ। ਸ਼ੂਦਰ ਨੂੰ ਗਿਆਨ ਪ੍ਰਾਪਤ ਕਰਨ ਦਾ ਤੇ ਪੂਜਾ ਕਰਨ ਦਾ ਕੋਈ ਅਧਿਕਾਰ ਨਹੀਂ। ਨੀਵੀਆਂ ਜਾਤੀਆਂ ਦੀਆਂ ਵੀ ਸ਼੍ਰੇਣੀਆਂ ਹਨ। ਲੋਹਾਰ, ਤਰਖਾਨ ਆਦਿ ਹੱਥੀਂ ਕੰਮ ਕਰਨ ਵਾਲੇ ਵੀ ਨੀਵੀਆਂ ਜਾਤੀਆਂ ਵਿੱਚ ਸ਼ਾਮਿਲ ਹਨ। ਵੇਦਾਂਤ ਅਨੁਸਾਰ ਮਨੁੱਖੀ ਜਾਮੇ ਵਿੱਚ ਜਨਮ, ਪੁਰਸ਼, ਇਸਤਰੀ ਚਾਰੇ ਵਰਣ ਆਪਣੇ ਪੂਰਬਲੇ ਜਨਮਾਂ ਵਿੱਚ ਕੀਤੇ ਕਰਮਾਂ ਅਨੁਸਾਰ ਹੁੰਦਾ ਹੈ। ਇਸ ਸੰਸਾਰ ਵਿੱਚ ਵੀ ਜੋ ਕਰਮ ਜੀਵ ਕਰਦਾ ਹੈ ਪਿਛਲੇ ਸੰਸਕਾਰਾਂ ਮੁਤਾਬਕ ਹੋ ਰਹੇ ਹਨ। ਇਹ ਸਾਡੀ ਪ੍ਰਾਲਬਧ ਹੈ, destiny ਹੈ। ਸਭ ਮਨੁੱਖ ਆਪਣੀ ਪ੍ਰਾਲਬਧ ਅਨੁਸਾਰ ਜੀਵਨ ਬਸਰ ਕਰਦੇ ਹਨ। ਹਜ਼ਾਰਾਂ ਸਾਲਾਂ ਤੋਂ ਇਹ ਵਿਚਾਰ ਸਨਾਤਨ ਧਰਮ ਦੇ ਰੂਪ ਵਿੱਚ ਭਾਰਤ ਵਾਸੀਆਂ ਦੇ ਮਨ ਵਿੱਚ ਵਸੇ ਹਨ।

ਵੇਦਾਂਤੀ ਦੀ ਵਰਣ ਜਾਤ ਵੰਡ ਦੇ ਪੱਖ ਵਿੱਚ ਦਲੀਲ

ਸਨਾਤਨ ਧਰਮ ਕਿਸੇ religion ਦਾ ਨਾਮ ਨਹੀਂ। ਇਹ ਕੁਦਰਤੀ ਨਿਯਮਾਂ ਦੀ ਵਿਚਾਰ ਹੈ। ਵੇਦਕ ਧਰਮ ਸਮਝਦਾ ਹੈ ਕਿ ਸੰਸਾਰ ਦੇ ਸਾਰੇ ਜੀਵ ਆਪਣੇ ਕੀਤੇ ਕਰਮਾਂ ਦੇ ਫਲ ਭੋਗਦੇ ਹਨ, ਪਿਛਲੇ ਜਨਮ ਵਿੱਚ ਕੀਤੇ ਕਰਮ ਸੰਸਕਾਰ ਬਣਦੇ ਹਨ। ਮਨੁੱਖਾ ਜਨਮ ਵਿੱਚ ਆਉਣ ਸਮੇਂ ਬੱਚਾ ਆਪਣੇ ਪਿਛਲੇ ਕੀਤੇ ਕਰਮਾਂ ਅਨੁਸਾਰ ਬ੍ਰਾਹਮਣ, ਖੱਤਰੀ, ਵੈਸ਼ ਜਾਂ ਸ਼ੂਦਰ ਦੇ ਘਰ ਆਪਣੇ ਕਰਮਾਂ ਦਾ ਫਲ ਭੋਗਣ ਲਈ ਜਨਮ ਲੈਂਦਾ ਹੈ। ਬੰਦੇ ਦੀ ਕਾਬਲੀਅਤ ਤੇ ਸਮਝ ਰੁਚੀ ਆਪਣੀ ਜਨਮ ਜਾਤ ਦੇ ਅਨੁਕੂਲ, ਸੁਭਾਵਕ ਹੁੰਦੀ ਹੈ। ਜੀਵ ਦਾ ਕਰਮਾਂ ਤੋਂ ਛੁਟਕਾਰਾ, ਆਪਣੇ ਕਰਮਾਂ ਦੇ ਫਲ ਭੋਗ ਕੇ ਹੀ ਹੋ ਸਕਦਾ ਹੈ। ਜੇ ਸਭ ਵਰਣ/ਜਾਤੀਆਂ ਆਪੋ ਆਪਣਾ ਜੀਵਨ ਤੇ ਫਰਜ਼ ਵਰਣ ਵੰਡ ਦੇ ਹਿਸਾਬ ਨਾਲ, ਖੁਸ਼ੀ ਨਾਲ ਨਿਭਾਉਣ ਤਾਂ ਸਮਾਜ ਸੁਖੀ ਰਹਿ ਸਕਦਾ ਹੈ ਤੇ ਕਿਸੇ ਝਗੜੇ ਕਸ਼ਮਕਸ਼ ਦਾ ਡਰ ਨਹੀਂ। ਜਦੋਂ ਮਨੁੱਖ ਇਸ ਜਨਮ ਤੋਂ ਬਣੇ ਕੁਦਰਤੀ ਨਿਯਮ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਤਾਂ ਝਗੜੇ ਹੁੰਦੇ ਹਨ ਤੇ ਸਮਾਜ ਵਿੱਚ ਬੇਚੈਨੀ ਹੁੰਦੀ ਹੈ।

ਉਪਰਲੇ ਵਿਚਾਰਾਂ ਅਨੁਸਾਰ ਸੰਸਾਰ ਵਿੱਚ 84 ਲੱਖ ਜੂਨਾਂ ਦੇ ਜੀਵ/ਜੰਤ ਇਸ ਕਰਮਾਂ ਦੇ ਨਿਯਮ ਅਨੁਸਾਰ, ਜੂਨਾਂ ਦੇ ਦੁਖ/ਸੁਖ ਦੇ ਚੱਕਰ ਕੱਢ ਰਹੇ ਹਨ ਤੇ ਕੱਢਦੇ ਰਹਿਣਗੇ।

ਗੁਰੂ ਨਾਨਕ ਸਾਹਿਬ ਨੇ ਜੀਵ ਦੇ ਕਰਮਬੱਧ ਹੋਣ ਵਾਲੀ ਤੇ 84 ਲੱਖ ਜੂਨਾਂ ਵਿੱਚ ਘੁੰਮਣ ਦੀ ਵੈਦਕ ਵਿਚਾਰ ਨੂੰ ਸਹੀ ਕਰਾਰ ਦਿੱਤਾ ਹੈ, ਪਰ ਗੁਰਬਾਣੀ ਸਮਝਾਉਂਦੀ ਹੈ ਕਿ ਮਨੁੱਖਾ ਜੂਨੀ ਵਿਸ਼ੇਸ਼ ਹੈ ਤੇ ਮਨੁੱਖ ਜੂਨੀ ਵਿੱਚ ਜੀਵ ਕਰਮਜਾਲ ਤੋਂ ਛੁੱਟਨ ਦਾ ਯਤਨ ਕਰ ਸਕਦਾ ਹੈ, ਸੱਚੀ ਗੁਰਮਤਿ ਭਗਤੀ ਕਰ ਸਕਦਾ ਹੈ। ਫਿਰ ਕਰਮਜਾਲ ਨਹੀਂ ਰਹਿੰਦਾ, ਜੀਵ ਸਦਜੀਵਤ ਹੋ ਜਾਂਦਾ ਹੈ ਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਜੋ ਮਨੁੱਖ ਇਸ ਜਨਮ ਵਿੱਚ ਕਰਮਜਾਲ ਤੋਂ ਛੁੱਟਨ ਦਾ ਯਤਨ ਨਹੀਂ ਕਰਦੇ ਉਹ ਜਨਮ ਮਰਨ ਦੇ ਗੇੜ ਵਿੱਚ ਹੀ ਰਹਿੰਦੇ ਹਨ।

ਲਖ ਚਉਰਾਸੀਹ ਜੋਨਿ ਸਬਾਈ॥

ਮਾਣਸ ਕਉ ਪ੍ਰਭਿ ਦੀਈ ਵਡਿਆਈ॥

ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥

(ਪੰਨਾ 1075, ਗੁਰੂ ਗ੍ਰੰਥ ਸਾਹਿਬ)

ਗੁਰਬਾਣੀ ਅਨੁਸਾਰ ਚੰਗੇ ਕਰਮ ਕਰਨੇ ਜ਼ਰੂਰੀ ਹਨ ਪਰ ਸ਼ਾਸਤਰਾਂ ਵਿੱਚ ਦੱਸੇ ਜਪ, ਤਪ, ਸੰਜਮ ਨਿਹਫਲ ਹਠ ਕਰਮ ਹਨ।

ਇਸਲਾਮ ਤੇ ਈਸਾਈ ਮਤ ਤੇ ਕੁੱਝ ਹੋਰ ਮਤ ਜੀਵ ਦੇ ਜੂਨਾਂ ਵਿੱਚ ਘੁੰਮਣ ਨੂੰ ਨਹੀਂ ਮੰਨਦੇ। ਉਹਨਾਂ ਅਨੁਸਾਰ ਮਰਨ ਉਪਰੰਤ ਆਤਮਾ ਜੀਵ ਦੇ ਨਾਲ ਕਬਰ ਵਿੱਚ ਦਫਨ ਰਹਿੰਦੀ ਹੈ। ਜਦੋਂ ਕਿਆਮਤ ਦਾ ਦਿਨ ਆਵੇਗਾ ਤਾਂ ਸਭ ਜੀਵਆਤਮਾ ਕਬਰਾਂ ਵਿਚੋਂ ਉਠਣਗੀਆਂ, ਤੇ ਉਹਨਾਂ ਦੇ ਕਰਮਾਂ ਦੇ ਹਿਸਾਬ ਨਾਲ ਉਹਨਾਂ ਨੂੰ ਸਵਰਗ ਜਾਂ ਦੋਜਖ ਵਿੱਚ ਭੇਜਿਆ ਜਾਵੇਗਾ।

ਗੁਰਬਾਣੀ ਅਨੁਸਾਰ ਕਰਮ ਤੇ ਕਰਮਾਂ ਦੇ ਫਲ, ਕੁਦਰਤੀ ਨਿਯਮ ਹਨ, ਪਰ ਇਸ ਕੁਦਰਤੀ ਨਿਯਮ ਤੋਂ ਉਪਰ ਪਾਰਬ੍ਰਹਮ ਦਾ ਹੁਕਮ ਹੈ। ਕਰਮਾਂ ਦੇ ਫਲ ਸੁਤੰਤਰ ਵਸਤੂ ਨਹੀਂ, ਪਾਰਬ੍ਰਹਮ ਦੇ ਹੁਕਮਾਂ ਅਨੁਸਾਰ ਫਲ ਪ੍ਰਾਪਤ ਹੁੰਦੇ ਹਨ। ਮਨੁੱਖ ਦੇ ਮਸਤਕ ਤੇ ਲਿਖੇ ਕਰਮਾਂ ਦੇ ਲੇਖ ਅਸਲ ਵਿੱਚ ਹੁਕਮ ਦੇ ਲੇਖ ਹਨ। ਪਾਰਬ੍ਰਹਮ ਆਪਣੇ ਹੁਕਮ ਦੇ ਲੇਖ/ਪ੍ਰਾਲਬਧ ਨੂੰ ਆਪਣੀ ਬਖਸ਼ੀਸ਼ ਦੁਆਰਾ ਮੇਟ ਦਿੰਦਾ ਹੈ ਤੇ ਕਰਮਾਂ ਦਾ ਹਿਸਾਬ ਤੇ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ। ਬਖਸ਼ੀਸ਼ ਦੀ ਪ੍ਰਾਪਤੀ ਦਾ ਰਾਹ ਪੂਰੇ ਸਤਿਗੁਰੂ ਦੇ ਦਿੱਤੇ ਨਾਮ ਦੀ ਕਮਾਈ ਹੈ।

ਕਰਮਜਾਲ ਦੀ ਵਿਚਾਰਧਾਰਾ ਦੀ ਦਲਦਲ ਵਿੱਚ ਫਸਿਆ ਵੇਦਾਂਤੀ ਗੁਰਬਾਣੀ ਦੀ ਵਿਸ਼ੇਸ਼ਤਾ ਨੂੰ ਸਮਝ ਨਹੀਂ ਸਕਦਾ। ਉਹ ਆਪਣੇ ਵੇਦਾਂਤੀ ਵਿਚਾਰ ਤੋਂ ਨਿਕਲਣ ਦਾ ਰਾਹ ਨਹੀਂ ਜਾਣ ਸਕਦਾ। ਇਸ ਦਾ ਇਕੋ ਤਰੀਕਾ ਹੈ, ਗੁਰਸਿੱਖਾਂ ਦੀ ਸੰਗਤ ਤੇ ਗੁਰਬਾਣੀ ਦੀ ਕਥਾ। ਚੋਹਾਂ ਵਰਣਾਂ ਨੂੰ ਗੁਰਬਾਣੀ ਨੇ ਇੱਕ ਹੀ ਉਪਦੇਸ਼ ਦਿੱਤਾ ਹੈ, ਕਿ ਜੋ ਪੂਰੇ ਗੁਰੂ ਤੋਂ ਦੀਖਿਆ ਤੇ ਉਪਦੇਸ਼ ਲੈ ਕੇ ਨਾਮ ਜਪਦਾ ਹੈ ਉਹ ਤਰ ਜਾਂਦਾ ਹੈ।

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥

ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ

ਘਟਿ ਘਟਿ ਨਾਨਕ ਮਾਝਾ॥

(ਖਤ੍ਰੀ, ਬ੍ਰਾਹਮਣ, ਸ਼ੂਦ, ਵੈਸ਼ ਵਿੱਚ ਜਾਤੀ ਦੇ ਆਧਾਰ ਤੇ ਕੋਈ ਫਰਕ ਨਹੀਂ। ਇਹਨਾਂ ਵਿੱਚੋਂ ਜੋ ਭੀ ਗੁਰੂ ਜੀ ਦੀ ਸ਼ਰਨ ਆਵੇਗਾ, ਤੇ ਗੁਰਮਤਿ ਨਾਮ ਜਪੇਗਾ, ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ।)

(ਪੰਨਾ 747, ਗੁਰੂ ਗ੍ਰੰਥ ਸਾਹਿਬ)

ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ॥

(ਪੰਨਾ 56, ਗੁਰੂ ਗ੍ਰੰਥ ਸਾਹਿਬ)

(ਪੂਰੇ ਸਤਿਗੁਰ ਤੋਂ ਬਿਨਾ ਕਰਮਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ।)

ਪੂਰਾ ਸਤਿਗੁਰ ਕਰਮਾਂ ਦੇ ਬੰਧਨ ਤੋਂ ਛੁਟਕਾਰਾ ਗੁਰਮਤਿ ਨਾਮ ਸਿਮਰਣ ਭਗਤੀ ਕਰਾ ਕੇ ਕਰਾਉਂਦਾ ਹੈ, ਆਪਣੀ ਨਦਰ ਕਰਮ ਬਖਸ਼ੀਸ਼ ਦੁਆਰਾ। ਗੁਰਮਤਿ ਅਨੁਸਾਰ ਗੁਰਮੰਤ੍ਰ ਨਾਮ ਲੈ ਕੇ ਏਕੰਕਾਰ ਦੀ ਭਗਤੀ ਜਪ ਸਿਮਰਨ ਅਰਾਧਨਾ ਹੁੰਦੀ ਹੈ। ਹੋਰ ਕਿਸੇ ਦੇਵੀ ਦੇਵਤੇ ਅਵਤਾਰ ਦੇ ਜਪ ਸਿਮਰਨ ਭਗਤੀ ਕਰਨ ਨਾਲ ਹਉਂ ਦਾ ਭਰਮ ਨਹੀਂ ਜਾ ਸਕਦਾ ਤੇ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।

ਡਾ: ਗੁਰਮੁਖ ਸਿੰਘ
.