.

ਪੁਨਰਪ ਜਨਮ ਨਾ ਹੋਈ (ਭਾਗ ਦੂਜਾ)

ਹੋਰ ਸਾਹਿਤ ਤਾਂ ਸਾਰੀ ਦੁਨੀਆਂ ਪੜ੍ਹਦੀ ਹੈ ਪਰ ਇਸ ਤਰ੍ਹਾਂ ਦਾ ਸਾਹਿਤ ਜਿਹੜਾ ਆਪਣੇ ਆਪ ਬਾਰੇ ਚਾਨਣਾ ਪਾਉਂਦਾ ਹੋਵੇ ਉਹ ਅਸੀਂ ਤੇ ਖਾਸ ਕਰਕੇ ਪੰਜਾਬੀਆਂ ਨੇ ਤਾਂ ਪੜ੍ਹਨਾ ਛੱਡ ਹੀ ਦਿੱਤਾ ਹੈ ਤੇ ਬਹੁਤ ਸਾਰੇ ਲੋਕ ਐਸੇ ਵੀ ਹਨ ਜਿਹੜੇ ਬਾਬੇ ਨਾਨਕ ਦੇ ਬਚਨਾਂ ਨੂੰ ਅੱਜ ਦੇ ਪਾਖੰਡੀ ਸਾਧਾਂ/ਬਾਬਿਆਂ ਦੀਆਂ ਐਨਕਾਂ ਲਾ ਕੇ ਸਮਝਣ ਦੀ ਕੋਸ਼ਿਸ਼ ਵਿੱਚ ਹਨ ਤੇ ਫਿਰ ਸਮਝ ਕੇ ਅਸੀਂ ਵੇਦਾਂਤੀ ਹੀ ਬਣ ਜਾਂਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨਹੀ।
ਗੁਰਬਾਣੀ ਮੁਤਾਬਕ ਮਨੁੱਖਾ ਜੀਵ ਦੀ ਮੌਤ ਦੋ ਤਰ੍ਹਾਂ ਦੀ ਹੈ। ਇੱਕ ਹੈ ਸ਼ਰੀਰਕ ਤੇ ਇੱਕ ਹੈ ਆਤਮਕ। ਗੁਰੂ ਨਾਨਕ ਸਾਹਿਬ ਦਾ ਫੁਰਮਾਣ ਹੈ:
ਮਃ 1॥ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ 2॥ {ਪੰਨਾ 648}
ਮਰਨ ਤੇ ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿੱਚ ਰੱਖੇ ਜਾਂਦੇ ਹਨ। ਪਰ ਹੇ ਨਾਨਕ! ਸਰੀਰ ਨੂੰ ਇਨ੍ਹਾਂ ਤਰੀਕਿਆਂ ਨਾਲ ਖਤਮ ਕਰਨ ਤੋਂ ਬਾਅਦ ਕੀ ਕਿੱਥੇ ਜਾਂਦਾ ਹੈ ਕੋਈ ਪਤਾ ਨਹੀ। ਇਸ਼ਾਰਾ ਰੂਹਾਂ ਵੱਲ ਨੂੰ ਲੱਗਦਾ ਹੈ ਜਿਸ ਵਿੱਚ ਆਮ ਲੋਕ ਪੰਡਿਤ ਦੇ ਕਹੇ ਮੁਤਾਬਕ ਵਿਸ਼ਵਾਸ਼ ਕਰਦੇ ਹਨ। 2.
ਮਰਨ ਤੋਂ ਬਾਅਦ ਮੁਕਤੀ ਦੇਣੀ ਜਾਂ ਦਿਵਾਉਣੀ ਤਾਂ ਹਿੰਦੂ ਅਤੇ ਸੰਸਾਰ ਦੇ ਬਾਕੀ ਧਰਮਾਂ ਦਾ ਕੰਮ ਹੈ ਸਿੱਖ ਧਰਮ ਦਾ ਨਹੀ। ਸਿੱਖ ਧਰਮ ਤਾਂ ਨਕਦੀ ਦਾ ਧਰਮ ਹੈ।
ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ॥ ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ॥ 3॥ ਪੰਨਾ 406॥ ਹੇ ਭਾਈ! ਸਤਿਜੁਗ ਨੂੰ, ਤ੍ਰੇਤੇ ਨੂੰ, ਦੁਆਪਰ ਨੂੰ (ਚੰਗਾ) ਜੁਗ ਆਖਿਆ ਜਾਂਦਾ ਹੈ (ਪਰ ਪ੍ਰਤੱਖ ਦਿੱਸ ਰਿਹਾ ਹੈ ਕਿ ਸਗੋਂ) ਕਲਿਜੁਗ ਸਾਰੇ ਜੁਗਾਂ ਵਿੱਚ ਸ੍ਰੇਸ਼ਟ ਹੈ (ਕਿਉਂਕਿ ਇਸ ਜੁਗ ਵਿਚ) ਜੇਹੜਾ ਹੱਥ ਕੋਈ ਕਰਮ ਕਰਦਾ ਹੈ, ਉਹੀ ਹੱਥ ਉਸ ਦਾ ਫ਼ਲ ਭੁਗਤਦਾ ਹੈ। ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ (ਵਿਕਾਰਾਂ ਦੇ ਕਾਰਨ) ਫੜਿਆ ਨਹੀਂ ਜਾਂਦਾ। 3.
ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ 20॥ ਮਨੁੱਖੀ ਜੀਵ ਜੈਸੇ ਕੰਮ/ਕਰਮ ਕਰਦਾ ਹੈ ਵੈਸਾ ਹੀ ਨਤੀਜਾ ਉਸਨੂੰ ਭੁਗਤਣਾ ਪੈਂਦਾ ਹੈ/ ਵੈਸਾ ਫਲ ਹੀ ਉਸਨੂੰ ਮਿਲ ਜਾਂਦਾ ਹੈ ਤੇ ਕੁਦਰਤੀ ਨਿਯਮ ਵਿੱਚ ਮਨੁੱਖੀ ਜੀਵ ਇਸ ਧਰਤੀ ਤੇ ਆਉਂਦਾ ਹੈ ਤੇ ਨਿਯਮ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ ਤੇ ਸਜਾ ਵੀ ਇਸੇ ਜਨਮ `ਚ ਹੀ ਮਿਲ ਜਾਂਦੀ ਹੈ। ਪ੍ਰਮਾਤਮਾ ਦੇ ਨਿਯਮ ਮੁਤਾਬਕ ਉਸਨੂੰ ਸਜਾ ਕਿਵੇਂ ਤੇ ਕਿਹੜੀ ਮਿਲੀ ਇਸਦਾ ਬਹੁਤ ਵਾਰੀ ਸਾਨੁੰ ਪਤਾ ਨਹੀਂ ਚੱਲਦਾ ਤੇ ਅਸੀਂ ਕਹਿੰਦੇ ਹਾਂ ਕਿ ਫਲਾਣਾ ਤਾਂ ਐਡਾ ਵੱਡਾ ਚੋਰ ਸੀ ਤੇ ਵੇਖੋ ਉਹ ਕਿਤਨੀ ਚੰਗੀ ਮੌਤੇ ਮਰਿਆ ਹੈ। ਭੇਣੋ ਤੇ ਭਰਾਵੋ ਕਿਸੇ ਦੇ ਕਰਮਾਂ ਦੀ ਸਜਾ ਨੂੰ ਨਾਪਣ ਦਾ ਇਹ ਪੈਮਾਨਾ ਅਸੀਂ ਬਣਾਇਆ ਹੈ ਕੁਦਰਤ ਨੇ ਨਹੀਂ। ਕੁਦਰਤੀ ਪੈਮਾਨੇ ਦਾ ਕਿਸੇ ਨੂੰ ਕੋਈ ਨਹੀਂ ਪਤਾ।
ਸਿੱਖ ਨੂੰ ਮਰਨ ਤੋਂ ਬਾਅਦ ਦੀ ਮੁਕਤੀ ਵਿੱਚ ਕੋਈ ਵਿਸ਼ਵਾਸ ਨਹੀ ਤੇ ਐਸੀ ਮੁਕਤੀ ਨੂੰ ਗੁਰਬਾਣੀ ਰੱਦ ਕਰਦੀ ਹੈ:
ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕਇਲਾ॥ ਏ ਪੰਡੀਆ ਮੋ ਕਉ ਢੇਢ ਕਹਤ, ਤੇਰੀ ਪੈਜ ਪਿਛੰਉਡੀ ਹੋਇਲਾ॥ 2॥ ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ, ਅਤਿਭੁਜ ਭਇਓ ਅਪਾਰਲਾ॥ ਫੇਰਿ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ॥ 3॥ 2॥ (ਪੰਨਾ 1292)
ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ 4॥ ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥ 5॥ 2॥ 6॥ {ਪੰਨਾ 874} ਹੇ ਭਵਾਨੀ ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ, ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) । 4.
ਕਾਯਉ ਦੇਵਾ ਕਾਇਅਉ ਦੇਵਲ, ਕਾਇਅਉ ਜੰਗਮ ਜਾਤੀ॥ ਕਾਇਅਉ ਧੂਪ ਦੀਪ ਨਈਬੇਦਾ, ਕਾਇਅਉ ਪੂਜਉ ਪਾਤੀ॥ 1॥ ਕਾਇਆ ਬਹੁ ਖੰਡ ਖੋਜਤੇ, ਨਵ ਨਿਧਿ ਪਾਈ॥ ਨਾ ਕਛੁ ਆਇਬੋ, ਨਾ ਕਛੁ ਜਾਇਬੋ, ਰਾਮ ਕੀ ਦੁਹਾਈ॥ 1॥ ਰਹਾਉ॥ {ਪੰਨਾ 695}
ਦੇਸ ਦੇਸਾਂਤਰਾਂ ਨੂੰ ਖੋਜ ਕੇ (ਆਖ਼ਰ ਆਪਣੇ) ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ-ਰੂਪ ਨੌ ਨਿਧੀ ਲੱਭ ਲਈ ਹੈ, (ਹੁਣ ਮੇਰੀ ਕਾਇਆਂ ਵਿਚ) ਪਰਮਾਤਮਾ (ਦੀ ਯਾਦ) ਦਾ ਹੀ ਤੇਜ-ਪ੍ਰਤਾਪ ਹੈ, (ਉਸ ਦੀ ਬਰਕਤਿ ਨਾਲ ਮੇਰੇ ਲਈ) ਨਾ ਕੁੱਝ ਜੰਮਦਾ ਹੈ ਨਾਹ ਮਰਦਾ ਹੈ (ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ)। 1. ਰਹਾਉ।
ਰਾਮਕਲੀ ਮਹਲਾ 5॥ ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥ 1॥ ਕਉਨੁ ਮੂਆ ਰੇ ਕਉਨੁ ਮੂਅ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥ 1॥ ਰਹਾਉ॥
ਗੁਰੂ ਅਰਜਨ ਪਾਤਸ਼ਾਹ ਵੀ ਇਹੀ ਫਰੁਮਾਉਂਦੇ ਹਨ ਕਿ ਪੰਜ ਤੱਤ ਪੰਜਾਂ ਤੱਤਾਂ ਵਿੱਚ ਮਿਲ ਗਏ ਬੈਠ ਕੇ ਵੀਚਾਰ ਕਰਕੇ ਦੇਖ ਲਓ ਮਰਿਆ ਕੁੱਝ ਵੀ ਨਹੀ।
ਗੁਰਬਾਣੀ ਜਾਂ ਗੁਰਮਤਿ ਅਸਲ ਵਿੱਚ ਜਿਹੜੀ ਮੁਕਤੀ ਦੀ ਗੱਲ ਕਰਦੀ ਹੈ ਉਹ ਹੈ ਜਿਉਂਦੇ ਜੀਅ ਮੁਕਤੀ ਪ੍ਰਾਪੱਤ ਕਰਨੀ। ਬਹੁਤੇ ਸਿੱਖ ਰਹਿਰਾਸ ਪੜ੍ਹਦੇ ਹਨ ਪਰ ਸਮਝਦੇ ਨਹੀ। ਗੁਰੂ ਨਾਨਕ ਸਾਹਿਬ ਦਾ ਫੁਰਮਾਣ ਹੈ:
ਆਸਾ ਮਹਲਾ1॥ ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥ ਜੇ ਸੱਚ ਆਖਦਾ ਹਾਂ ਤਾਂ ਜਿਉਂਦਾ ਨਹੀ ਤਾਂ ਮਰ ਜਾਂਦਾ ਹਾਂ।। ਸੱਚ ਵਿੱਚ ਅਭੇਦ ਹੋ ਜਾਣਾ ਹੀ ਰੱਬ `ਚ ਮਸਾ ਜਾਣਾ ਹੈ।
ਜਿਹੜੇ ਸੰਤ ਜਾਂ ਸਾਧ ਇਹ ਆਖਦੇ ਹਨ ਕਿ ਅਸੀਂ ਰੱਬ ਦਖਾਉਂਦੇ ਹਾਂ ਜਾਂ ਰੱਬ ਜੀ ਦੇ ਦਰਸ਼ਨ ਕਰਵਾਉਂਦੇ ਹਾਂ ਜਾਂ ਉਹ ਇਹ ਕਹਿੰਦੇ ਹਨ ਕਿ ਰੱਬ ਜੀ ਸਾਡੇ ਵੱਸ ਵਿੱਚ ਹੈ, ਉਹ ਲੋਕ ਠੱਗ ਹਨ ਕਿਉਂਕਿ ਗੁਰਬਾਣੀ ਦਾ ਰੱਬ ਤਾਂ ਹੈ ਹੀ ‘ਨਿਰੰਕਾਰ’ ਜਿਸ ਦਾ ਕੋਈ ਅਕਾਰ ਨਹੀ। ਜਿਸਦਾ ਕੋਈ ਅਕਾਰ ਨਹੀ ਉਹ ਦੇਖਿਆ ਵੀ ਨਹੀ ਜਾ ਸਕਦਾ, ਉਸਦੇ ਨੰਗੀ ਅੱਖ ਨਾਲ ਦਰਸ਼ਨ ਵੀ ਨਹੀਂ ਹੋ ਸਕਦੇ ਤੇ ਉਹ ਰੱਬ ਕਿਸੇ ਦੇ ਵੱਸ ਵਿੱਚ ਵੀ ਨਹੀਂ ਹੋ ਸਕਦਾ। ਇਸ ਕਰਕੇ ਰੱਬ ਜੀ ਕੋਈ ਦਿਸਣ ਵਾਲੀ ਸ਼ੈ ਨਹੀ। ਜਿਨ੍ਹਾਂ ਨੇ ਰੱਬ ਜੀ ਨੂੰ ਨਹੀ ਦੇਖਿਆ ਭਾਵ ਰੱਬ ਜੀ ਨੂੰ ਆਪਣੇ ਹਿਰਦੇ ਵਿੱਚ ਨਹੀ ਵਸਾਇਆ ਉਹ ਜਿਉਂਦੇ ਜੀਅ ਜੰਮਣ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ। ਗੁਰਬਾਣੀ ਵਿਚੋਂ ਆਪਾਂ ਕੁੱਝ ਹੋਰ ਉਦਾਹਰਣਾਂ ਲੈਂਦੇ ਹਾਂ। ਜਿਵੇਂ:
ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ॥ ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ॥ 2॥ ਪੰਨਾ 31॥
ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ॥ ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ॥ ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ॥ 4॥ ਪੰਨਾ 115॥
ਪਵੜੀ॥ ਇਕਨਾ ਮਰਣੁ ਨ ਚਿਤਿ, ਆਸ ਘਣੇਰਿਆ॥ ਮਰਿ ਮਰਿ ਜੰਮਹਿ ਨਿਤ, ਕਿਸੈ ਨ ਕੇਰਿਆ॥ ਆਪਨੜੈ ਮਨਿ ਚਿਤਿ, ਕਹਨਿ ਚੰਗੇਰਿਆ॥ ਜਮ ਰਾਜੈ ਨਿਤ ਨਿਤ, ਮਨਮੁਖ ਹੇਰਿਆ॥ ਮਨਮੁਖ ਲੂਣ ਹਾਰਾਮ, ਕਿਆ ਨ ਜਾਣਿਆ॥ ਬਧੇ ਕਰਨਿ ਸਲਾਮ, ਖਸਮ ਨ ਭਾਣਿਆ॥ ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ॥ ਕਰਸਨਿ ਤਖਤਿ ਸਲਾਮੁ, ਲਿਖਿਆ ਪਾਵਸੀ 11॥ {ਪੰਨਾ 143}
ਇਥੇ ਨਿੱਤ ਜੰਮਣ ਤੇ ਮਰਣ ਦੀ ਗੱਲ ਹੈ ਪਰ ਕੋਈ ਵੀ ਆਦਮੀ ਜਾਂ ਜੀਵ ਹਰ ਰੋਜ਼ ਮਰਦਾ ਜੰਮਦਾ ਨਹੀ। ਫਿਰ ਇਹ ਕਿਵੇਂ ਹੁੰਦਾ ਹੈ: ਆਖਾ ਜੀਵਾ ਵਿਸਰੈ ਮਰਿ ਜਾਉ॥ ਇਹ ਹਰ ਰੋਜ਼ ਜਿਉਂਦੇ ਜੀਅ ਮਰਣ ਜੰਮਣ ਦੀ ਗੱਲ ਹੈ। ਹਰ ਰੋਜ਼ 84 ਦੇ ਚੱਕਰ, ਪੰਡਿਤ ਦਾ 84 ਲੱਖ ਵਾਲਾ ਚੱਕਰ ਨਹੀ, ਵਿੱਚ ਪੈਣ ਦੀ ਗੱਲ ਹੈ।
ਸਲੋਕ ਮਃ 5॥ ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ॥ ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ॥ 1॥ {ਪੰਨਾ 523}
ਜਿਤਨਾ ਚਿਰ ਜੀਉਂਦਾ ਰਿਹਾ ਰੱਬ ਨੂੰ ਯਾਦ ਨਾਹ ਕੀਤਾ, ਮਰ ਗਿਆ ਤਾਂ ਮਿੱਟੀ ਵਿੱਚ ਰਲ ਗਿਆ; ਹੇ ਨਾਨਕ ! ਰੱਬ ਨਾਲੋਂ ਟੁੱਟੇ ਹੋਏ ਐਸੇ ਮੂਰਖ ਗੰਦੇ ਮਨੁੱਖ ਨੇ ਦੁਨੀਆ ਨਾਲ ਹੀ (ਜੀਵਨ ਅਜਾਈਂ) ਗੁਜ਼ਾਰ ਦਿੱਤਾ। 1
ਮਃ 5॥ ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ॥ ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ॥ 2॥ {ਪੰਨਾ 523}
ਹੇ ਨਾਨਕ ! ਜਿਸ ਮਨੁੱਖ ਨੇ ਸਤ ਸੰਗ ਵਿੱਚ (ਰਹਿ ਕੇ) ਜੀਊਂਦਿਆਂ (ਸਾਰੀ ਉਮਰ) ਪਰਮਾਤਮਾ ਨੂੰ ਯਾਦ ਰੱਖਿਆ, ਤੇ ਮਰਨ ਵੇਲੇ ਭੀ ਪ੍ਰਭੂ ਦੇ ਪਿਆਰ ਵਿੱਚ ਰਿਹਾ, ਉਸ ਨੇ ਇਹ ਮਨੁੱਖਾ ਜੀਵਨ-ਰੂਪ ਅਮੋਲਕ ਚੀਜ਼ (ਸੰਸਾਰ-ਸਮੁੰਦਰ ਵਿੱਚ ਰੁੜ੍ਹਨੋਂ) ਬਚਾ ਲਈ ਹੈ। 2.
ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ॥ ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ॥ 2॥ {ਪੰਨਾ 523}
ਪੰਚ ਦੂਤ ਕਾਇਆ ਸੰਘਾਰਹਿ॥ ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ॥ ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ॥ 11॥ ਪੰਨਾ 1045॥
ਇਨ੍ਹਾਂ ਪੰਗਤੀਆਂ ਵਿੱਚ ਵੀ ਹਰ ਰੋਜ਼ ਜੰਮਣ ਤੇ ਮਰਨ ਦੀ ਗੱਲ ਗੁਰੂ ਜੀ ਕਰਦੇ ਹਨ। ਜਿਹੜੇ ਸ਼ਬਦ ਦੀ ਵੀਚਾਰ ਨਹੀ ਕਰਦੇ ਉਹ ਜੰਮਦੇ ਮਰਦੇ ਰਹਿੰਦੇ ਹਨ ਇਸੇ ਜ਼ਿੰਦਗੀ ਵਿੱਚ ਜਿਉਂਦੇ ਜੀਅ। ਜਦੋਂ ਹੀ ਲਾਲਸਾ ਵੱਸ ਕੁੱਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਦੀ ਜੂਨ ਵਿੱਚ ਪੈ ਗਿਆ, ਜਦੋਂ ਹੀ ਹੰਕਾਰੀ ਬਿਰਤੀ ਅਧੀਨ ਕੁੱਝ ਕੀਤਾ ਤਾਂ ਹਾਥੀ ਦੀ ਜੂਨ `ਚ ਪੈਣਾ ਕਹਿਆ ਗਿਆ ਹੈ ਆਦਿ।
ਪਉੜੀ॥ ਜੀਵਦਿਆ ਮਰੁ ਮਾਰਿ ਨ ਪਛੋਤਾਈਐ॥ ਝੂਠਾ ਇਹੁ ਸੰਸਾਰੁ, ਕਿਨਿ ਸਮਝਾਈਐ॥ ਸਚਿ ਨ ਧਰੇ ਪਿਆਰੁ ਧੰਧੈ ਧਾਈਐ॥ ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ॥ ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ॥ ਆਪਿ ਦੇਇ ਪਿਆਰੁ ਮੰਨਿ ਵਸਾਈਐ॥ ਮੁਹਤੁ ਨ ਚਸਾ ਵਿਲੰਮੁ, ਭਰੀਐ ਪਾਈਐ॥ ਗੁਰ ਪਰਸਾਦੀ ਬੁਝਿ ਸਚਿ ਸਮਾਈਐ॥ 20॥ {ਪੰਨਾ 147}
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ॥ 2॥ ਪੰਨਾ 450॥
ਅਸੀਂ ‘ਅੱਗੇ’ ਦਾ ਮਤਲਬ ਸਾਧਾਂ ਦੀ ਵਿਆਖਿਆ ਮੁਤਾਬਕ ਅਗਲਾ ਜਨਮ ਸਮਝ ਲਿਆ ਇਸ ਕਰਕੇ ਹੀ ਇਹ ਸਾਰਾ ਝਗੜਾ ਖੜਾ ਹੋਇਆ ਹੈ। ‘ਹੁਣ’ ਦਾ ਮਤਲਬ ਅੱਜ ਹੈ ਤਾਂ ਇਸ ਪੰਗਤੀ ਦੇ ਪਿਛਲੇ ਅੱਧੇ ਹਿਸੇ ਦਾ ਮਤਲਬ ਅਸੀਂ ਭਵਿਖਤ ਕਿਉਂ ਕਰਦੇ ਹਾਂ? ਕਿਉਂਕਿ ਹਰ ਮਨੁੱਖ ਮੌਤ ਤੋਂ ਡਰਦਾ ਹੈ ਤੇ ਸਾਧ ਲੋਕਾਂ ਨੂੰ ਡਰਾ ਡਰਾ ਕੇ ਲੋਕਾਂ ਕੋਲੋਂ ਪੈਸੇ ਲੈ ਕੇ ਕਲਿਆਣ ਕਰਨ ਦੀ ਗੱਲ ਕਰਦੇ ਹਨ ਤੇ ਭੋਲੇ ਭਾਲੇ ਲੋਕ ਇਸ ਚੱਕਰ ਵਿੱਚ ਫਸ ਜਾਂਦੇ ਹਨ। ਗੁਰਬਾਣੀ ਮਨੁੱਖ ਨੂੰ ‘ਨਿਰਭਉ’ ਬਣਾਉਂਦੀ ਹੈ, “ਨਿਰਭਉ ਜਪੈ ਸਗਲ ਭਉ ਮਿਟੈ” ਬਸ ਫਿਰ ਸਾਰੇ ਟੰਟੇ ਖਤਮ ਹੋ ਜਾਂਦੇ ਹਨ।
ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ॥ ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ॥ 2॥ {ਪੰਨਾ 643}
ਸਤਿਗੁਰੂ ਦੇ ਸਨਮੁਖ ਗੁਰਮੁਖ ਕਬੂਲ ਹਨ, ਪਰ ਮਨ ਦੇ ਅਧੀਨ ਮਨਮੁਖ ਜੰਮਦੇ ਮਰਦੇ ਰਹਿੰਦੇ ਹਨ। ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿੱਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਮੁਏ ਹੋਏ ਨਹੀਂ ਆਖੀਦਾ। 2.
ਸ਼ਰੀਰਕ ਤੌਰ ਤੇ ਤਾਂ ਇਸ ਬਾਣੀ ਨੂੰ ਲਿਖਣ ਵਾਲੇ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਹਨ।
ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ 1॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ 2॥ ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ 3॥ ਪੰਨਾ 940॥
ਐ ਬੰਦੇ! ਤੈਨੂੰ ਬੜੀ ਦੇਰ ਬਾਅਦ ਇਹ ਮਨੁੱਖਾ ਜਨਮ ਮਿਲਿਆ ਹੈ ਤੇ ਤੂੰ ਚੰਗੇ ਗੁਣ ਧਾਰਣ ਕਰਕੇ ਪ੍ਰਮਾਤਮਾ ਨੂੰ ਮਿਲਣ ਦੀ ਕੋਸਿਸ ਕਰ। ਜਿਵੇਂ ਪੁਰਾਣੇ ਖਿਆਲ ਹਨ ਕਿ ਤੂੰ ਅਹਿ ਅਹਿ ਜਨਮ ਧਾਰਣ ਕੀਤੇ ਜਿਵੇਂ ਪੱਥਰ ਬਣਿਆ, ਰੁਖ ਬਿਰਖ ਬਣਿਆ, ਗਰਭ ਵਿਚੋਂ ਗਿਰ ਗਿਆ ਤੇ 84 ਲੱਖ ਜੋਨਾਂ ਵਿੱਚ ਘੁੰਮਦਾ ਘੁੰਮਦਾ ਹੁਣ ਮਨੁੱਖ ਬਣਿਆ ਹੈ ਤਾਂ ਹੁਣ ਕਿਉਂ ਨਹੀਂ ਆਪਣਾ ਜਨਮ ਸਵਾਰਦਾ? ਪ੍ਰਮਾਤਮਾ ਨੂੰ ਭੁੱਲਣ ਨਾਲ ਤੇਰੇ ਗੁਣ ਗਲ ਜਾਣਗੇ ਇਸ ਕਰਕੇ ਮੇਰੇ ਮਨ ਤੂੰ ਸਿਰਫ ਇੱਕ ਪ੍ਰਮਾਤਮਾ ਨੂੰ ਹਮੇਸ਼ਾਂ ਯਾਦ ਰੱਖ। ਮਨ ਏਕੁ ਨ ਚੇਤਸਿ ਮੂੜ ਮਨਾ॥ ਹਰਿ ਬਿਸਰਤ ਤੇਰੇ ਗੁਣ ਗਲਿਆ॥ 1॥ ਰਹਾਉ॥ ਪੰਨਾ 12॥
ਸਤਿਗੁਰ ਕੈ ਜਨਮੇ, ਗਵਨੁ ਮਿਟਾਇਆ॥ ਅਨਹਤਿ ਰਾਤੇ, ਇਹੁ ਮਨੁ ਲਾਇਆ॥ ਮਨਸਾ ਆਸਾ ਸਬਦਿ ਜਲਾਈ॥ ਗੁਰਮੁਖਿ ਜੋਤਿ ਨਿਰੰਤਰਿ ਪਾਈ॥ ਤ੍ਰੈ ਗੁਣ ਮੇਟੇ, ਖਾਈਐ ਸਾਰੁ॥ ਨਾਨਕ, ਤਾਰੇ ਤਾਰਣਹਾਰੁ॥ 20॥ {ਪੰਨਾ 940}
ਅਸਲ ਵਿੱਚ ਮਨੁੱਖਾ ਜੀਵ ਦਾ ਜਨਮ ਹੁੰਦਾ ਹੀ ਓਦੋਂ ਹੈ ਜਦੋਂ ਓਹ ਗਿਆਨ ਪ੍ਰਾਪੱਤ ਕਰ ਲੈਂਦਾ ਹੈ ਨਹੀਂ ਤਾਂ ਉਸ ਨੂੰ ਜਨਮਿਆ ਹੀ ਨਾ ਸਮਝੋ। ਕਿਉਂਕਿ ਉਹ ਲੋਭ ਲਾਲਚ ਵਿੱਚ ਡੁਬਿਆ ਜਿਉਂਦੇ ਜੀਅ ਜੰਮਦਾ ਮਰਦਾ ਰਹਿੰਦਾ ਹੈ। ਇਸੇ ਨੂੰ ਹੀ ਪੰਨਾ 940 ਵਾਲੀਆਂ ਪੰਗਤੀਆਂ ਵਿੱਚ “ਜੀਵਤ ਮਰਹਿ ਦਰਗਹ ਪਰਵਾਨੁ॥” ਕਿਹਾ ਹੈ।
ਬਾਕੀ ਜੇ ਕੋਈ ਇਹ ਕਹੇ ਕਿ ਫਲਾਣੇ ਸਾਧ, ਸੰਤ ਜਾਂ ਕਿਸੇ ਵੀ ਹੋਰ ਪ੍ਰਾਣੀ ਨੇ ਨਾਮ ਜਪਿਆ ਤੇ ਉਹ ਮੁਕਤ ਹੋ ਗਿਆ। ਇਹ ਗੱਲ ਤਾਂ ਹੈ ਹੀ ਕੁਦਰਤੀ ਅਸੂਲ ਦੇ ਉਲਟ। ਕੁਦਰਤ ਦੇ ਕਿਸੇ ਵੀ ਨਿਯਮ ਨੂੰ ਅਸੀਂ ਆਪਣੀ ਮਨ ਮਰਜ਼ੀ ਦੀ ਸਾਧਨਾ ਕਰਕੇ ਖਤਮ ਨਹੀਂ ਕਰ ਸਕਦੇ।
ਗੁਰੂ ਨਾਨਕ ਸਾਹਿਬ ਇੱਕ ਅਦਰਸ਼ ਮਨੁੱਖ ਦੀ ਘਾੜਤ ਘੜਨ ਲਈ, ਮਨੁੱਖ ਨੂੰ ਇਸੇ ਜਨਮ ਵਿੱਚ ਹੀ ਚੰਗਾ ਬਣਾਉਣ ਲਈ ਇਹ ਸਾਰਾ ਉਪਰਾਲਾ ਕਰਦੇ ਹਨ। ਆਪਣਾ ਅੱਜ ਚੰਗਾ ਬਣਾ ਲਈਏ ਤਾਂ ਕੱਲ੍ਹ ਦਾ ਫਿਕਰ ਕਰਨ ਦੀ ਲੋੜ ਮੁੱਕ ਜਾਂਦੀ ਹੈ। ਅਸੀਂ ਆਪਣਾ ਅੱਜ ਚੰਗਾ ਬਣਾਉਂਣਾ ਨਹੀ ਚਾਹੁੰਦੇ ਤੇ ਮੌਤ ਤੋਂ ਬਾਅਦ ਦੀ ਜਿੰਦਗੀ ਦਾ ਫਿਕਰ ਸਾਨੂੰ ਵੱਡ ਵੱਡ ਖਾ ਰਿਹਾ ਹੈ।
ਪੇਈਅੜੈ ਸਹੁ ਸੇਵਿ ਤੂੰ, ਸਾਹੁਰੜੈ ਸੁਖਿ ਵਸੁ॥ ਗੁਰ ਮਿਲਿ ਚਜੁ ਅਚਾਰੁ ਸਿਖੁ, ਤੁਧੁ ਕਦੇ ਨ ਲਗੈ ਦੁਖੁ॥ 3॥ ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ॥ ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ॥ 4॥ {ਮ: 5, ਪੰਨਾ 50}
ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ) ਬਰੈਂਪਟਨ।

www.singhsabhacanada.com
.