.

ਪ੍ਰਸ਼ਨ: ਕਈ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਅੱਸੂ ਵਦੀ ਸਤਵੀਂ ਨੂੰ ਜੋਤੀ ਜੋਤ ਸਮਾਉਣ ਲੱਗੇ ਸਨ ਪਰ (ਮਾਤਾ) ਸੁਲਖਣੀ ਜੀ ਦੇ ਇਹ ਕਹਿਣ `ਤੇ ਕਿ ਅਠਵੀਂ ਤਿਥਿ ਨੂੰ ਉਹਨਾਂ ਦੇ ਪਿਤਾ ਜੀ ਦਾ ਸ਼ਰਾਧ ਹੈ, ਤਾਂ ਹਜ਼ੂਰ ਨੇ ਜੋਤੀ ਜੋਤ ਸਮਾਉਣ ਦਾ ਇਰਾਦਾ ਤਿਆਗ ਦਿੱਤਾ ਅਤੇ ਅਗਲੇ ਦਿਨ ਪਿਤਾ ਜੀ ਦਾ ਸ਼ਰਾਧ ਕਰਕੇ ਫਿਰ ਦਸਮੀਂ ਨੂੰ ਜੋਤੀ ਜੋਤ ਸਮਾਏ। ਇਸ ਕਥਨ ਦੀ ਪੁਸ਼ਟੀ ਵਜੋਂ ਕੁੱਝ ਪੁਸਤਕਾਂ ਦੇ ਹਵਾਲੇ ਵੀ ਦੇਂਦੇ ਹਨ। ਜੇਕਰ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਜੀ ਦਾ ਸ਼ਰਾਧ ਕਰਦੇ ਹਨ ਤਾਂ ਫਿਰ ਸਿੱਖਾਂ ਲਈ ਸ਼ਰਾਧ ਕਰਨਾ ਮਨਮਤਿ ਕਿਵੇਂ ਹੋਇਆ?

ਉੱਤਰ: ਗੁਰੂ ਨਾਨਕ ਸਾਹਿਬ ਜੀ ਦੇ ਸ਼ਰਾਧ ਸਬੰਧੀ ਜੋ ਵਿਚਾਰ ਸਨ ਉਹ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ। ਗੁਰਦੇਵ ਦੀ ਵਿਚਾਰਧਾਰਾ ਨੂੰ ਦੇਖਣ ਅਥਵਾ ਸਮਝਣ ਲਈ ਗੁਰਬਾਣੀ ਨਾਲੋਂ ਵਧੇਰੇ ਹੋਰ ਕੋਈ ਸਾਧਨ ਨਹੀਂ ਹੈ। ਜਦ ਗੁਰਬਾਣੀ ਵਿੱਚ ਸਤਿਗੁਰੂ ਇਹੋ ਜੇਹੇ ਕਰਮਾਂ ਨੂੰ ਅਗਿਆਨਮਈ ਕਰਮ ਆਖਦਿਆਂ ਮਨੁੱਖਤਾ ਨੂੰ ਇਹਨਾਂ ਕਰਮਾਂ ਦਾ ਤਿਆਗ ਕਰਨ ਲਈ ਕਹਿ ਰਹੇ ਹਨ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਮਹਾਰਾਜ ਅਜੇਹੇ ਕਰਮ ਵਿੱਚ ਖ਼ੁਦ ਵਿਸ਼ਵਾਸ ਰੱਖਦੇ ਹੋਣ। ਸਤਿਗੁਰੂ ਜੀ ਨੇ ਸਚਿਆਰ ਬਣਨ ਦੇ ਜੋ ਸਾਧਨ ਹਨ, ਉਹਨਾਂ ਦਾ ਗੁਰਬਾਣੀ ਵਿੱਚ ਭਲੀ ਪ੍ਰਕਾਰ ਵਰਣਨ ਕਰ ਦਿੱਤਾ ਹੋਇਆ ਹੈ। ਕੀ ਇਹੋ ਜੇਹੀਆਂ ਲਿੱਖਤਾਂ ਤੋਂ ਇਹ ਸਮਝਿਆ ਜਾਵੇ ਕਿ ਹਜ਼ੂਰ ਸਚਿਆਰ ਬਣਨ ਦੇ ਕੁੱਝ ਸਾਧਨ ਗੁਰਬਾਣੀ ਵਿੱਚ ਵਰਣਨ ਕਰਨੇ ਭੁੱਲ ਗਏ ਸਨ ਅਤੇ ਉਹਨਾਂ ਦੀ ਭਿਣਕ ਇਹੋ ਜੇਹੇ ਲੇਖਕਾਂ ਨੂੰ ਪੈ ਗਈ ਅਤੇ ਉਹਨਾਂ ਨੇ ਫਿਰ ਸਿੱਖ ਜਗਤ `ਤੇ ਪਰਉਪਕਾਰ ਕਰਦਿਆਂ ਹੋਇਆਂ ਇਹਨਾਂ ਨੂੰ ਆਪਣੀਆਂ ਲਿੱਖਤਾਂ ਰਾਂਹੀ ਸਿੱਖ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ? ਫਿਰ ਲਿੱਖਤਾਂ ਵੀ ਉਹ ਜੇਹੜੀਆਂ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਦੇ ਬਿਲਕੁਲ ਹੀ ਉਲਟ ਹਨ। ਅਜੇਹੀ ਸੋਚ ਅਥਵਾ ਵਿਸ਼ਵਾਸ ਕਰਕੇ ਅਸੀਂ ਕੀ ਸਿੱਧ ਕਰਨ ਦੀ ਕੋਸ਼ਸ਼ ਕਰ ਰਹੇ ਹਾਂ? ਸ਼ਾਇਦ ਇਸ ਗੱਲ ਦਾ ਅਜੇਹਾ ਆਖਣ ਜਾਂ ਲਿੱਖਣ ਵਾਲਿਆਂ ਨੂੰ ਅਹਿਸਾਸ ਨਹੀਂ ਹੈ। ਜੇਕਰ ਥੋਹੜਾ ਬਹੁਤ ਵੀ ਅਜੇਹਾ ਅਹਿਸਾਸ ਹੁੰਦਾ ਤਾਂ ਅਜੇਹੀਆਂ ਲਿੱਖਤਾਂ ਨੂੰ ਕਿਸੇ ਵੀ ਰੂਪ ਵਿੱਚ ਸਵੀਕਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਜਿਨ੍ਹਾਂ ਪੁਸਤਕਾਂ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਨੂੰ ਅਜੇਹੇ ਕਰਮਾਂ ਦਾ ਖੰਡਨ ਕਰਦਿਆਂ ਵੀ ਦਰਸਾਇਆ ਗਿਆ ਹੈ। ਮਿਸਾਲ ਦੇ ਤੌਰ ਤੇ ਭਾਈ ਸੰਤੋਖ ਸਿੰਘ ਜੀ ਲਿੱਖਦੇ ਹਨ ਕਿ ਜਦ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਪਿਤਾ ਜੀ ਨੂੰ ਪਿਤਰਾਂ ਨਮਿਤ ਸ਼ਰਾਧ ਕਰਦਿਆਂ ਦੇਖਿਆ ਤਾਂ ਆਪ ਜੀ ਨੇ ਪਿਤਾ ਜੀ ਨੂੰ ਇਹ ਗੱਲ ਆਖੀ ਕਿ:
ਹੇ ਪਿਤ! ਸਤਯ ਬਚਨ ਤੁਮ ਮਾਨਹੁ॥ ਪੁੰਨਵਾਨ ਅਤਿਸ਼ੈ ਨਿਜ ਜਾਨਹੁ॥
ਪਿਤਰ ਗਏ ਤੁਮਰੇ ਅਸ ਠੌਰੀ॥ ਭੂਖਹੁ ਪਯਾਸ ਜਹਾਂ ਨਹਿ ਥੋਰੀ॥
ਜਿਨਕੇ ਮਨ ਅਭਿਲਾਖਾ ਨਾਹੀਂ॥ ਕਰੈ ਸ਼੍ਰਾਧ ਸੰਤਤਿ ਕਿਯੋਂ ਤਾਹੀਂ?
(ਨਾਨਕ ਪ੍ਰਕਾਸ਼, ਉੱਤਰਾਰਧ)
ਜੇਹੜੇ ਆਪਣੇ ਪਿਤਾ ਜੀ ਨੂੰ ਇਸ ਤਰ੍ਹਾਂ ਸਮਝਾ ਰਹੇ ਹਨ, ਉਹ ਫਿਰ ਆਪ ਹੀ ਉਸੇ ਪਿਤਾ ਜੀ ਦਾ ਸ਼ਰਾਧ ਕਰਾਉਣ ਲੱਗ ਪਏ; ਇਹ ਗੱਲ ਕਿਵੇਂ ਮੰਨੀ ਜਾ ਸਕਦੀ ਹੈ?
ਇਹ ਵੀ ਹੈਰਾਨਗੀ ਦੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਬਾਰੇ ਅਜੇਹਾ ਲਿੱਖਣ ਵਾਲੇ ਹੀ ਲੇਖਕਾਂ ਨੇ ਜਦ ਪਿੱਛਲੇ ਗੁਰੂ ਸਾਹਿਬਾਨ ਬਾਰੇ ਲਿੱਖਿਆ ਤਾਂ ਜਾਤ ਅਭਿਆਨੀਆਂ ਨੂੰ ਗੁਰੂ ਸਾਹਿਬਾਨ ਵਲੋਂ ਪਰਚਾਰੀ ਜਾ ਰਹੀ ਵਿਚਾਰਧਾਰਾ `ਚ ਜੋ ਇਤਰਾਜ਼ ਸੀ, ਉਹਨਾਂ ਵਿੱਚ ਇੱਕ ਇਹ ਵੀ ਸੀ ਕਿ ਆਪ ਦੇ ਉਪਦੇਸ਼ ਸਦਕਾ ਸਿੱਖਾਂ ਨੇ ਪਿਤਰਾਂ ਨਮਿਤ ਕਰਮ ਕਰਨੇ ਛੱਡ ਦਿੱਤੇ ਹਨ। ਕੀ ਇੱਥੇ ਇਹ ਸਮਝਿਆ ਜਾਏ ਕਿ ਗੁਰੂ ਨਾਨਕ ਮਹਾਰਾਜ ਤੋਂ ਮਗਰਲੇ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਛੱਡ ਦਿੱਤਾ ਸੀ, ਜਿਸ ਕਾਰਨ ਅਜੇਹੇ ਵਿਅਕਤੀ ਗੁਰੂ ਸਾਹਿਬ ਨਾਲ ਨਰਾਜ਼ ਹੋ ਗਏ? ਨਹੀਂ ਨਹੀਂ, ਹਰਗ਼ਿਜ਼ ਨਹੀਂ। ਘੱਟੋ ਘੱਟ ਕੋਈ ਵੀ ਸਿੱਖ ਸੁਪਨੇ ਵਿੱਚ ਵੀ ਅਜੇਹਾ ਨਹੀਂ ਸੋਚ ਸਕਦਾ ਕਿ ਬਾਕੀ ਨੌਂ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਦੀ ਕਿਸੇ ਵੀ ਸਿੱਖਿਆ ਦਾ ਤਿਆਗ ਕਰ ਦਿੱਤਾ ਸੀ। ਸਾਰੇ ਹੀ ਗੁਰੂ ਸਾਹਿਬਾਨ ਇਕੋ ਜੋਤ ਅਤੇ ਜੁਗਤਿ ਦੇ ਧਾਰਨੀ ਸਨ।
ਜਿੱਥੋਂ ਤੱਕ ਗੁਰੂ ਨਾਨਕ ਸਾਹਿਬ ਦੇ ਅੱਸੂ ਵਦੀ ਨੂੰ ਜੋਤੀ ਜੋਤ ਸਮਾਉਣ ਦਾ ਸਵਾਲ ਹੈ, ਇਸ ਸਬੰਧ ਵਿੱਚ ਇੱਨੀ ਕੁ ਹੀ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਅੱਸੂ ਸੁਦੀ 10 ਨੂੰ ਜੋਤੀ ਜੋਤ ਸਮਾਏ ਸਨ ਨਾ ਕਿ ਅੱਸੂ ਵਦੀ 10 ਨੂੰ। ਗਯਾਨ ਰਤਨਾਵਲੀ, ਮਹਿਮਾ ਪ੍ਰਕਾਸ਼ ਆਦਿ ਪੁਸਤਕਾਂ ਵਿੱਚ ਹਜ਼ੂਰ ਦੇ ਜੋਤੀ ਜੋਤ ਸਮਾਉਣ ਦੀ ਇਹੀ ਤਰੀਕ ਲਿੱਖੀ ਹੋਈ ਹੈ। ਸ਼੍ਰਾਧਾਂ ਦਾ ਮਹਾਤਮ ਦਰਸਾਉਣ ਲਈ ਹੀ ਕੁੱਝ ਲੇਖਕਾਂ ਨੇ ਹਜ਼ੂਰ ਦੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਸੁਦੀ ਦਸਮੀ ਲਿੱਖ ਦਿੱਤੀ ਹੈ। ਜੇਕਰ ਗੁਰੂ ਨਾਨਕ ਮਹਾਰਾਜ ਸ਼੍ਰਾਧਾਂ ਵਾਲੀ ਦਸਮੀ ਨੂੰ ਜੋਤੀ ਜੋਤ ਸਮਾਏ ਵੀ ਹੋਣ ਤਾਂ ਵੀ ਇਹ ਇਸ ਗੱਲ ਦਾ ਪ੍ਰਮਾਣ ਨਹੀਂ ਹੈ ਕਿ ਗੁਰੂ ਸਾਹਿਬ ਨੇ ਆਪਣੇ ਪਿਤਾ ਜੀ ਦਾ ਸ਼੍ਰਾਧ ਕੀਤਾ ਜਾਂ ਉਹ ਇਨ੍ਹਾਂ ਵਿੱਚ ਵਿਸ਼ਵਾਸ ਰੱਖਦੇ ਸਨ। ਪੁਰਾਤਨ ਜਨਮ ਸਾਖੀ, ਗਯਾਨ ਰਤਨਾਵਲੀ (ਜਿਸ ਨੂੰ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਆਖਿਆ ਜਾਂਦਾ ਹੈ) , ਤਵਾਰੀਖ ਗੁਰੂ ਖ਼ਾਲਸਾ ਆਦਿ ਪੁਸਤਕਾਂ ਵਿੱਚ ਇਹ ਸ਼ਰਾਧ ਵਾਲਾ ਪ੍ਰਸੰਗ ਹੈ ਹੀ ਨਹੀਂ ਹੈ। ਗੁਰੂ ਕਾਲ ਤੋਂ ਬਾਅਦ ਵਿੱਚ ਗੁਰੂ ਇਤਿਹਾਸ ਵਿੱਚ ਇਹੋ ਜਿਹੇ ਪ੍ਰਸੰਗ ਆਦਿ ਇਤਿਹਾਸ ਦਾ ਅੰਗ ਬਣੇ।
ਕਈ ਸੱਜਣ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਸੰਸਾਰ ਦੀ ਮਰਯਾਦਾ ਕਾਇਮ ਰੱਖਣ ਹਿਤ ਅਜੇਹਾ ਕੀਤਾ ਹੈ। ਅਜੇਹੇ ਸੱਜਣਾਂ ਨੂੰ ਇੱਨੀ ਕੁ ਹੀ ਬੇਨਤੀ ਹੈ ਕਿ ਗੁਰੂ ਸਾਹਿਬਾਨ ਗੁਰਸਿੱਖੀ ਦੀ ਮਰਯਾਦਾ ਕਾਇਮ ਕਰਕੇ ਉਸ ਨੂੰ ਪ੍ਰਚਲਿਤ ਕਰਨ ਵਾਲੇ ਸਨ ਨਾ ਕਿ ਪਾਖੰਡ ਨੂੰ ਸਿੱਖੀ ਵਿੱਚ ਬੜਾਵਾ ਦੇਣ ਵਾਲੇ। ਜੇਕਰ ਸਤਿਗੁਰੂ ਇਹੋ ਜੇਹੀਆਂ ਕਥਿੱਤ ਮਰਯਾਦਾ ਦੀ ਪਾਲਣਾ ਕਰਨ ਵਾਲੇ ਹੁੰਦੇ ਤਾਂ ਜਾਤ ਅਭਿਆਨੀ ਅਤੇ ਕਰਮਕਾਂਡੀ ਆਦਿ ਸਤਿਗੁਰਾਂ ਦਾ ਵਿਰੋਧ ਨਾ ਕਰਦੇ, ਅਤੇ ਨਾ ਹੀ ਸਰਕਾਰੇ ਦਰਬਾਰੇ ਸ਼ਿਕਾਇਤਾਂ ਕਰਦੇ ਕਿ ਗੁਰੂ ਸਾਹਿਬ ਅਧਰਮ ਦਾ ਪ੍ਰਚਾਰ ਕਰ ਲੋਕਾਂ ਨੂੰ ਗੁਮਰਾਹ ਕਰ ਹਨ। ਇਹੋ ਜੇਹੀ ਸੋਚ ਰੱਖਣ ਵਾਲੇ ਸੱਜਨਾਂ ਨੂੰ, ਭਾਈ ਗੁਰਦਾਸ ਜੀ ਦੇ ਇਸ ਕਥਨ ਨੂੰ ਧਿਆਨ ਨਾਲ ਪੜ੍ਹਣ ਦੀ ਲੋੜ ਹੈ:- ਤੇਰਹ ਪਦ ਕਰਿ ਜਗ ਵਿਚਿ ਪਿਤਰ ਕਰਮ ਕਰਿ ਭਰਮਿ ਭੁਲਾਇਆ। (ਵਾਰ 7, ਪਉੜੀ 13)
ਭਾਵ ਭਰਮ ਵਿੱਚ ਭੁਲੇ ਲੋਕ, ਪਿਤਰਾਂ ਵਾਸਤੇ ਤੇਰਾਂ ਪਦ (ਛੱਤਰੀ, ਜੋੜਾ, ਵਸਤਰ, ਛਾਪ, ਕਮੰਡਲ, ਆਸਨ, ਰਸੋਈ ਦੇ ਪੰਜ ਭਾਂਡੇ, ਸੋਟੀ, ਕੱਚਾ ਅੰਨ, ਪੱਕਾ ਅੰਨ ਨਕਦੀ ਆਦਿ) ਦਾਨ ਕਰਦੇ ਹਨ। ਕਰਮ ਕਾਂਡੀਆਂ ਨੇ ਸੰਸਾਰ ਨੂੰ ਭਰਮਾਂ ਵਿੱਚ ਭੁਲਾ ਦਿੱਤਾ ਹੈ।
ਇਸ ਸੰਖੇਪ ਜੇਹੀ ਵਿਚਾਰ ਪਿੱਛੋਂ ਪਾਠਕਾਂ ਦਾ ਧਿਆਨ ਗੁਰੂ ਨਾਨਕ ਸਾਹਿਬ ਦੇ ਆਸਾ ਰਾਗ ਵਿਚਲੇ ਸ਼ਬਦ ਵਲ ਦਿਵਾਇਆ ਜਾ ਰਿਹਾ ਹੈ:-
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥ ਲੋਕਾ ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥ ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥ ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥ ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥ (358)
ਪਿਤਰਾਂ ਨਮਿਤ ਪਿੰਡ ਪਤਲ, ਕਿਰਿਆ ਆਦਿ ਬਾਰੇ ਹਜ਼ੂਰ ਜੇਹੋ ਜੇਹਾ ਦ੍ਰਿਸ਼ਟਕੋਣ ਰੱਖਦੇ ਹਨ, ਉਹ ਇਸ ਸ਼ਬਦ ਵਿੱਚ ਅੰਕਤ ਹੈ। ਗੁਰਦੇਵ ਦੀ ਆਪਣੀ ਗਵਾਹੀ ਦੇ ਹੁੰਦਿਆਂ ਕਿਸੇ ਹੋਰ ਗਵਾਹੀ ਦੀ ਲੋੜ ਨਹੀਂ ਹੈ। ਗੁਰਬਾਣੀ ਦੀ ਪਰਮਾਣੀਕਤਾ ਉੱਤੇ ਕਿਸੇ ਤਰ੍ਹਾਂ ਦੇ ਕਿੰਤੂ ਪਰੰਤੂ ਦੀ ਸੰਭਾਵਨਾ ਨਹੀਂ ਹੈ; ਕਿਉਂਕਿ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਸਾਹਿਬ ਨੇ ਆਪਣੀ ਮੌਜੂਦਗੀ ਵਿਚ, ਦੇਖ ਰੇਖ ਵਿੱਚ ਕਰਵਾਈ ਸੀ। ਇਸ ਲਈ ਗੁਰਬਾਣੀ ਹੀ ਸਾਡੇ ਪਾਸ ਇੱਕ ਇਹੋ ਜੇਹਾ ਸਰੋਤ ਹੈ, ਜਿਸ ਵਿਚੋਂ ਗੁਰੂ ਸਾਹਿਬਾਨ ਦੀ ਸਿੱਖਿਆ ਦਾ ਸਹੀ ਅਤੇ ਸ਼ੁਧ ਸਰੂਪ ਮਿਲਦਾ ਹੈ। ਜਿੱਥੋਂ ਤੱਕ ਇਤਿਹਾਸ ਦਾ ਸਵਾਲ ਹੈ, ਇਤਿਹਾਸ ਵਿੱਚ ਥੋਹੜੀ ਬਹੁਤ ਨਹੀਂ ਬਲਕਿ ਬਹੁਤ ਜ਼ਿਆਦਾ ਮਿਲਾਵਟ ਹੈ। ਕਈ ਇਤਿਹਾਸ ਦੀਆਂ ਪੁਸਤਕਾਂ ਵਿੱਚ ਤਾਂ ਇੱਕ ਅੱਧੀ ਗੱਲ ਭਾਂਵੇ ਗੁਰਬਾਣੀ ਦੇ ਆਸ਼ੇ ਅਨੁਕੂਲ ਹੋਵੇ ਬਾਕੀ ਸਭ ਕੁੱਝ ਗੁਰਬਾਣੀ ਦੇ ਸਿਧਾਂਤ ਤੋਂ ਬਿਲਕੁਲ ਹੀ ਉਲਟ ਹੈ।
ਸਾਨੂੰ ਇਹ ਹਮੇਸ਼ਾਂ ਹੀ ਯਾਦ ਰੱਖਣ ਦੀ ਲੋੜ ਹੈ ਕਿ ਸਾਡੇ ਗੁਰੂ, ਗੁਰੂ ਗਰੰਥ ਸਾਹਿਬ ਹਨ। ਗੁਰੂ ਸਾਹਿਬ ਨੇ ਸਾਨੂੰ ਇਹਨਾਂ ਦੇ ਹੀ ਲੜ੍ਹ ਲਾਇਆ ਹੈ। ਸਾਨੂੰ ਗੁਰੂ ਦੀ ਗੱਲ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ ਨਾ ਕਿ ਗੁਰੂ ਸਾਹਿਬ ਬਾਰੇ ਲਿੱਖਣ ਜਾਂ ਕਹਿਣ ਵਾਲਿਆਂ `ਤੇ। ਹਾਂ, ਜੇਕਰ ਗੁਰੂ ਸਾਹਿਬ ਬਾਰੇ ਲਿੱਖਣ ਜਾਂ ਆਖਣ ਵਾਲੇ ਕੁੱਝ ਐਸਾ ਲਿੱਖ ਜਾਂ ਕਹਿ ਰਹੇ ਹਨ, ਜੋ ਗੁਰੂ ਗਰੰਥ ਸਾਹਿਬ ਦੇ ਆਸ਼ੇ ਦੇ ਅਨੁਕੂਲ ਹੈ, ਤਾਂ ਉਹ ਅਵੱਸ਼ ਮੰਣਨ ਯੋਗ ਹੈ। ਪਰ ਜੇਕਰ ਕੁੱਝ ਅਜੇਹਾ ਆਖਿਆ ਜਾ ਰਿਹਾ ਹੈ ਜੋ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿਪਰੀਤ ਹੈ, ਤਾਂ ਉਹ ਕਿਸੇ ਵੀ ਰੂਪ ਵਿੱਚ ਮੰਣਨ ਯੋਗ ਨਹੀਂ ਹੈ। ਅਜੇਹਾ ਵਿਅਕਤੀ ਭਾਂਵੇ ਕੋਈ ਬਾਬਾ ਹੈ, ਗਿਆਨੀ ਹੈ ਜਾਂ ਲਿਖਾਰੀ ਆਦਿ ਹੈ। ਗੁਰੂ ਗਰੰਥ ਸਾਹਿਬ ਨਾਲੋਂ ਨਾ ਤਾਂ ਕੋਈ ਬਾਬਾ ਵੱਡਾ ਹੈ ਨਾ ਹੀ ਕੋਈ ਗਿਆਨੀ ਜਾਂ ਲਿਖਾਰੀ ਆਦਿ।
ਸੋ, ਇਸ ਕਥਨ ਵਿੱਚ ਕੋਈ ਸਚਾਈ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਜੀ ਦਾ ਸ਼ਰਾਧ ਕੀਤਾ; ਅਤੇ ਨਾ ਹੀ ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣ ਦਾ ਦਿਨ ਬਦਲਿਆ। ਜੇਕਰ ਹਜ਼ੂਰ ਦੇ ਜੋਤੀ ਜੋਤ ਸਮਾਉਣ ਦਾ ਦਿਨ ਸ਼ਰਾਧਾਂ ਵਾਲੀ ਦਸਮੀਂ ਵੀ ਮੰਨ ਲਿਆ ਜਾਏ, ਤਾਂ ਵੀ ਇਹ ਇਸ ਗੱਲ ਦਾ ਪ੍ਰਤੀਕ ਨਹੀਂ ਕਿ ਮਹਾਰਾਜ ਇਹਨਾਂ ਕਰਮ ਧਰਮ ਵਿੱਚ ਵਿਸ਼ਵਾਸ ਕਰਦੇ ਸਨ। ਜੇਕਰ ਖ਼ਾਲਸਾ ਪੰਥ ਗੁਰੂ ਗਰੰਥ ਸਾਹਿਬ ਦਾ ਲੜ ਘੁੱਟ ਕੇ ਪਕੜੀ ਰੱਖੇ ਤਾਂ ਕਿਸੇ ਦੀ ਕੋਈ ਵੀ ਲਿੱਖਤ ਖ਼ਾਲਸਾ ਪੰਥ ਨੂੰ ਗੁਮਰਾਹ ਨਹੀਂ ਕਰ ਸਕਦੀ।

ਜਸਬੀਰ ਸਿੰਘ ਵੈਨਕੂਵਰ
.