ਔਰਤ ਦੀ ਅਜਾਦੀ!
ਬਾਬਾ ਫੋਜਾ ਸਿੰਘ ਵੀਕਐਂਡ ਤੇ
ਸਾਉਂਣ ਜਿਹੀ ਵਰਗੀ ਲੱਗੀ ਝੜੀ ਵਾਲੇ ਦਿਨ ਗਰਾਜ ਵਿੱਚ ਬੈਠਾ ਗਾਹੜੇ ਮਿੱਠੇ ਦੀ ਚਾਹ ਨਾਲ ਘਰ ਦੇ
ਆਖਰੀ ਟੁੱਟੇ ਬਤਾਊਆਂ ਦੇ ਪਕੌੜਿਆਂ ਦਾ ਲੁਤਫ ਲੈ ਰਿਹਾ ਬਾਹਰ ਦੀ ਠੰਡੀ ਠੰਡੀ ਕਿਣਮਿਣ-ਕਿਣਮਿਣ ਦੇਖ
ਰਿਹਾ ਸੀ ਕਿ ਉਹਨਾ ਦੇ ਹੇਠੋਂ ਗੁਆਂਢਣ ਬੀਬੀ ਗੱਡੀ ਵਿੱਚ ਕਿਤੋਂ ਆਈ ਤੇ ਬਾਬੇ ਨੂੰ ਕਹਿਣ ਲਗੀ ਕਿ
‘ਬਾਬਾ’ ਤੁਸੀਂ ਵੀ ਔਰਤ ਦੀ ਅਜਾਦੀ ਦੀ ਗੱਲ ਕਰਦੇ ਹੋ ਆਹ ਰੇਡੀਉ ਪ੍ਰੋਗਰਾਮ ਸੁਣੋ, ਬੀਬੀ ਇੱਕ ਔਰਤ
ਦੇ ਹੱਕ ਵਿੱਚ ‘ਤਬਾਹੀ’ ਕਰੀ ਜਾਂਦੀ ਹੈ।
ਬਾਬੇ ਦੀ ਉਤਸੁਕਤਾ ਵਧ ਗਈ ਤੇ ਉਹ ਅੰਦਰੋਂ ਵਾਜਾ ਚੁੱਕ ਲਿਆਇਆ। ਰੇਡੀਓ ਵਾਲੀ ਬੀਬੀ ਔਰਤ ਦੀ ਅਜਾਦੀ
ਲਈ ਸੁੱਚਮੁਚ ਸਾਹੋ ਸਾਹੀ ਹੋਈ ਪਈ ਸੀ। ਮਰਦਾਂ ਦੇ ਔਰਤ ਉਪਰ ਜੁਲਮਾਂ ਦੀਆਂ ਕਹਾਣੀਆਂ ਪਾ ਪਾ ਉਹ
ਔਰਤ ਨੂੰ ਹਲੂਣ ਰਹੀ ਜਾਪਦੀ ਸੀ ਕਿ ਤੁਹਾਡੇ ਸਾਰੇ ਦੁੱਖਾਂ ਦਾ ਕਾਰਨ ਕੇਵਲ ਤੇ ਕੇਵਲ ਮਰਦਾ ਜਾਤ
ਹੈ! ਬਾਬਾ ਬੜਾ ਹੈਰਾਨ ਸੀ ਕਿ ਇਹ ਬੀਬੀ ਕਿਧਰ ਨੂੰ ਤੁਰ ਪਈ। ਜਦ ਕਿ ਮਰਦ ਨਾਲੋਂ ਔਰਤ ਹੀ ਖੁਦ ਔਰਤ
ਦੀ ਜਿਆਦਾ ਵੱਡੀ ਦੁਸ਼ਮਣ ਹੈ। ਦਾਜ ਤੋਂ ਲੈ ਕੇ ਮੁੰਡਾ ਜੰਮਣ ਤਕ, ਵਿਆਹ ਤੋਂ ਲੈ ਕੇ ਮਰਨ ਤੱਕ, ਸੱਸ
ਤੋਂ ਲੈ ਕੇ ਨੂੰਹ ਤੱਕ ਔਰਤ ਹੀ ਔਰਤ ਨੂੰ ਜ਼ਲੀਲ ਕਰਦੀ ਹੈ। ਜੇ ਉਹ ਮੁੰਡਾ ਵੀ ਮੰਗਦੀ ਹੈ ਤਾਂ ਮਰਦ
ਹੀ। ਜੇ ਮਰਦ ਇੰਨਾ ਹੀ ਜਾਲਮ ਹੈ ਤਾਂ ਉਹ ਔਰਤ ਮੰਗਣ ਕਿਉਂ ਨਹੀ ਬਾਬਿਆਂ ਕੋਲੇ ਜਾਂਦੀ। ਔਰਤ ਪੈਦਾ
ਹੋਣ ਤੇ ਕਿਉਂ ਨਹੀ ਲੋਹੜੀਆਂ ਬਾਲਦੀ, ਜ਼ਸ਼ਨ ਮਨਾਉਦੀ ਤੇ ਲੱਡੂ ਵੰਡਦੀ। ਬੇਸ਼ਕ ਔਰਤ ਉਪਰ ਹੱਥ ਮਰਦ ਦਾ
ਉਠਦਾ ਹੈ ਪਰ ਉਸ ਹੱਥ ਪਿਛੇ ਵੀ ਹੱਥ ਖੁਦ ਔਰਤ ਦਾ ਹੀ ਜਿਆਦਾ ਰਿਹਾ ਹੈ।
ਪਰ ਬੀਬੀ ਨੇ ਇੱਕ ਪਾਸੜ ਹੀ ਮਰਦ ਜ਼ਾਤ ਨੂੰ ਚੰਗਾ ਮੋਟੇ ਖੇਸ ਵਾਂਗ ਥਾਪੀਆਂ ਨਾਲ ਧੋਤਾ! ਬੀਬੀ ਦੇ
ਜਦ ਕੁੱਝ ਸਾਹ ਵਿੱਚ ਸਾਹ ਆਇਆ ਤਾਂ ਉਸ ਨੂੰ ਬਿੱਜਨੈੱਸ ਮੈਨ ਭਰਾਵਾਂ ਦੇ ਸੰਦੇਸ਼ ਯਾਦ ਆਏ ਸੰਦੇਸ਼ਾਂ
ਤੋਂ ਬਾਅਦ ਬੀਬੀ ਪ੍ਰੋਗਰਾਮ ਨੂੰ ਹਲਕਾ-ਫੁਲਕਾ ਕਰਨ ਦੇ ਇਰਾਦੇ ਨਾਲ ਗੀਤ ਸੰਗੀਤ ਵਲ ਲੈ ਤੁਰੀ। ਗੀਤ
ਸੰਗੀਤ ਦੇ ਥੋੜੇ ਸਮੇ ਬਾਅਦ ਪਤਾ ਨਹੀ ਬੀਬੀ ਨੂੰ ਮਿਰਜਾ ਕਿਥੋਂ ਯਾਦ ਆ ਗਿਆ ਉਸ ਜਗਮੋਹਨ ਕੌਰ ਦਾ
ਮਿਰਜਾ ਚੁੱਕ ਦਿਤਾ।
ਓ. ਓ. ਓ. ਓ. ਓ. ਭੱਠ ਰੰਨਾ ਦੀ ਦੋਸਤੀ, ਖੁੱਚੀਂ ਜਿੰਨਾ ਦੀ ਮੱਤ. ਹਸ ਲਾਉਂਦੀਆਂ ਯਾਰੀਆਂ, ਰੋ ਕੇ
ਦੇਂਦੀਆਂ ਦਸ। ਹੱਥੀ ਯਾਰ ਮਰਾਉਂਦੀਆਂ, ਮਰਾਉਂਦੀਆਂ. ਆਂ. ਆਂ ਓ ਦੇ ਕੇ ਹਿੱਕ ਵਿੱਚ ਲੱਤ, ਆਹ ਬਈ
ਆਹ! ! ! ! ! ! ! ! !
ਬਾਬੇ ਦੀ ਚਾਹ ਦਾ ਸੁਆਦ ਸਵਾਹ ਹੋ ਗਿਆ। ਹੱਦ ਹੋ ਗਈ, ਗਾਉਂਣ ਵਾਲੀ ਵੀ ਔਰਤ! ਲਾਉਣ ਵਾਲੀ ਵੀ ਔਰਤ!
ਬੇਇੱਜਤੀ ਵੀ ਔਰਤ ਦੀ! ਦੁਹਾਈਆਂ ਵੀ ਔਰਤ ਦੀ ਅਜਾਦੀ ਦੀਆਂ! ਇੱਕ ਸਾਹਿਬਾਂ ਪਿੱਛੇ ਸਾਰੀਆਂ ਕਿਵੇਂ
ਇੰਝ ‘ਮਰਵਾਉਂਦੀ’ ਤੋਂ ‘ਮਰਵਾਉਂਦੀਆਂ’ ਹੋ ਗਈਆਂ? ਇਹ ਗੱਲ ਕਿਧਰ ਨੂੰ ਗਈ ਬਈ?
ਊਠ ਦਾ
ਬੁੱਲ…?
ਬਾਬਾ ਫੋਜਾ ਸਿੰਘ ਨੇ ਛੋਟੇ ਹੁੰਦੇ
ਦੇਖਿਆ ਕਿ ਉਸ ਦੇ ਬਾਪੂ ਨੇ ਇੱਕ ਊਠ ਰੱਖਿਆ ਹੁੰਦਾ ਸੀ। ਉਸ ਊਠ ਦੇ ਹੋਰ ਗੁਣਾ ਦਾ ਤਾਂ ਬਾਬੇ ਨੂੰ
ਪਤਾ ਨਹੀ ਸੀ ਪਰ ਊਠ ਦੇ ਲਮਕਦੇ ਬੁੱਲ ਵਲ ਬਾਬਾ ਬੜੇ ਗੌਰ ਨਾਲ ਦੇਖਿਆ ਕਰਦਾ ਸੀ। ਦਰਅਸਲ ਬਾਬੇ ਦੀ
ਰੁਚੀ ਇਸ ਗੱਲ ਵਿੱਚ ਹੁੰਦੀ ਸੀ ਕਿ ਭਲਾ ਦੇਖਿਆ ਜਾਵੇ ਕਿ ਬੁੱਲ ਡਿਗਣ ਤੋਂ ਬਾਅਦ ਊਠ ਕੈਸਾ ਜਾਪਦਾ
ਹੈ। ਬਾਬਾ ਇਹ ਦੇਖਦਾ-ਦੇਖਦਾ ਜਵਾਨ ਹੋ ਗਿਆ ਤੇ ਊਠ ਬੁੱਢਾ ਹੋ ਕੇ ਮਰ ਗਿਆ ਪਰ ਊਠ ਦਾ ਬੁੱਲ ਨਾ
ਡਿੱਗਿਆ ਨਾ ਬਾਬੇ ਦੀ ਖਾਹਸ਼ ਪੂਰੀ ਹੋਈ। ਉਂਝ ਵੀ ਵੱਡੇ ਹੋਏ ਬਾਬੇ ਨੂੰ ਪਤਾ ਚਲ ਚੁੱਕਿਆ ਸੀ ਕਿ ਊਠ
ਦਾ ਬੁੱਲ ਲੱਖ ਲਮਕੀ ਜਾਵੇ ਪਰ ਇਹ ਡਿੱਗਦਾ ਕਦੇ ਨਹੀ ਹੁੰਦਾ।
ਊਠ ਦੇ ਬੁੱਲ ਤੋਂ ਬਾਬੇ ਨੂੰ ਇੱਕ ਗੁਰਦੁਆਰੇ ਦੀ ਕਹਾਣੀ ਯਾਦ ਆ ਗਈ। ਕਹਿੰਦੇ ਨੇ ਕਿ ਘੁਸਰ-ਮੁਸਰ
ਜਿਹੀ ਹੋਈ ਕਿ ਕੋਟਾਂ ਵਿੱਚ ‘ਗੋਲਾਬਾਰੀ’ ਕਰਕੇ ਦੋਵੇਂ ਧਿਰਾਂ ਥੱਕ ਲੱਥੀਆਂ ਨੇ ਹੁਣ ਕਿਉਂ ਨਾ
‘ਸਮਝੌਤਾ ਐਕਸਪ੍ਰੈਸ’ ਚਲਾਈ ਜਾਵੇ। ਯਾਦ ਰਹੇ ਕਿ ਇਹ ਪੰਜਾਬ ਤੋਂ ਵਾਹਗੇ ਜਾਣ ਵਾਲੀ ‘ਸਮਝੌਤਾ
ਐਕਸਪ੍ਰੈਸ’ ਨਹੀ ਸੀ ਇਹ ਤਾਂ ਕੋਟ-ਕਚਹਿਰੀਆਂ ਦੀ ਛਿੱਤਰ ਘਸਾਈ ਤੋਂ ਬਾਅਦ, ਕਈ ਲੱਖ ਡਾਲਰ ਕਬਜਾ
ਕਾਇਮ ਰੱਖਣ ਜਾਂ ਕਬਜਾ ਕਰਨ ਖਾਤਰ ਫੂਕਣ ਤੋਂ ਬਾਅਦ, ਲੋਕਾਂ ਵਲੋਂ ਮਿੱਟੀ-ਘੱਟਾ ਉਡਾਏ ਜਾਣ ਤੋਂ
ਬਾਅਦ ਸਿਰ ਕੰਮ ਕੀਤਾ ਕਿ ਕਿਉਂ ਨਾ ਰਲ ਕੇ ਸਮਝੌਤਾ ਕਰ ਲਿਆ ਜਾਵੇ। ਉਂਝ ਇਸ ਸਮਝੌਤੇ ਲਈ ਹੇਠਲੀ
ਧਿਰ ਜਿਆਦਾ ‘ਸੁਹਿਰਦ’ ਤਾਂ ਜਾਪ ਰਹੀ ਸੀ ਕਿ ਕੋਟ ਵਿੱਚ ਫੂਕੇ ਜਾ ਰਹੇ ਪੈਸੇ ਸ਼ਾਇਦ ਉਹਨਾ ਦੀ
ਜ੍ਹੇਬ ਵਿਚੋਂ ਜਾ ਰਹੇ ਸਨ ਪਰ ਕਾਬਜ ਧਿਰ ਨੂੰ ਫਰਕ ਨਹੀ ਸੀ ਪੈਂਦਾ ਉਹਨਾ ਲਈ ਤਾਂ `ਚੋਰੀ ਦਾ ਮਾਲ
ਡਾਗਾਂ ਦੇ ਗੱਜ’ ਵਾਲੀ ਕਹਾਣੀ ਸੀ।
ਇਸ ‘ਟਰੇਨ’ ਨੂੰ ਚਲਦੀ ਕਰਨ ਲਈ ਤੇ ਦੋਹਾਂ ‘ਵਿਰੋਧੀ ਮੁੱਲਖਾਂ’ ਵਿੱਚ ਭਾਈਚਾਰਾ ਬਣਾਉਂਣ ਲਈ ਇੱਕ
ਵਿਚੋਲਿਆਂ ਦਾ ਗਰੋਹ ਵੀ ਸ਼ਾਮਲ ਹੋ ਗਿਆ ਜਾਂ ਕਰ ਲਿਆ ਗਿਆ ਜਾਂ ਮਜਬੂਰੀ ਬਣ ਗਈ। ਉਹਨਾ ਸੋਚਿਆ ਚਲੋ
ਕੌਮ ਦੀ ਕੋਟਾਂ ਵਿੱਚ ਹੁੰਦੀ ਖੇਹ ਖਰਾਬੀ ਤੋਂ ਬਚਣ ਲਈ ਦੋਵੇ ਧਿਰਾਂ ਵਾਰੀ-ਵਾਰੀ ਝੂਟੇ ਲੈ ਲਿਆ
ਕਰਨ। ਮਸਲਾ ਤਾਂ ਦੋਹਾਂ ਦਾ ਝੂਟੇ ਲੈਣਾ ਹੀ ਹੈ ਹੋਰ ਇਹਨੀ ਜਿਹੜਾ ਕਬਜੇ ਨਾਲ ਚਿਤੌੜ ਜਿੱਤਣਾ ਪਤਾ
ਹੀ ਹੈ। ਬਈ ਚਲੋ ਪੈਸਾ ਬਚੂ ਨਾਲੇ ਬਦਨਾਮੀ। ਚਲਾਈ ਜਾਣ ਵਾਲੀ ‘ਟਰੇਨ’ ਦਾ ਮੱਕਸਦ ਹੋਣਾ ਸੀ ਕਿ ਜਿਸ
‘ਡਰਾਈਵਰ’ ਨੇ ਕਈ ਸਾਲ ਝੂਟੇ ਲੈ ਲੲੈ ਨੇ ਉਹ ਕ੍ਰਿਪਾ ਕਰਕੇ ਗੱਡੀ ਦਾ ਸਟੇਰਿੰਗ ਹੁਣ ਦੂਜੇ ਨੂੰ ਦੇ
ਦੇਵੇ ਤਾਂ ਕਿ ਉਹ ਵੀ ਹੁਣ ਕੁੱਝ ਚਿਰ ਇੰਝਣ ਦੀਆਂ ਚੀਕਾਂ ਮਰਵਾ ਲਵੇ ਤੇ ਝੂਟੇ ਲੈ ਕੇ ਦੇਖ ਲਵੇ!
ਪਰ ਬਾਬਾ ਬੜਾ ਹੈਰਾਨ ਹੋਇਆ ਜਦ ਬਾਬੇ ਨੂੰ ਪਤਾ ਚਲਿਆ ਕਿ ਡੋਲੀ ਤੁਰਨ ਵਾਲੀ ਕੁੜੀ ਦੇ ਧਾਹੀ ਮਾਰਨ
ਵਾਂਗ ਕਿ ‘ਇੱਕ ਰਾਤ ਰੱਖਲੈ ਹੋਰ ਨੀ ਮਾਏ ਸਾਨੂੰ ਇੱਕ ਰਾਤ ਹੋਰ ਨਾ ਤੋਰ’ ਦੀ ਕਹਾਣੀ ਵਾਂਗ
ਪੁਰਾਣਾਂ ਡਰਾਈਵਰ ਧਾਹੀਂ ਜਿਹੀ ਮਾਰ ਉੱਠਿਆ ਕਿ ਦੁਹਾਈ ਰੱਬ ਦੀ ਯਾਰੋ ਮੈਨੂੰ ਕੁੱਝ ਮਹੀਨੇ ਝੂਟੇ
ਹੋਰ ਲੈ ਲੈਣ ਦਿਉ ਫਿਰ ਜੋ ਮਰਜੀ ਕਰ ਲਿਉ…?
ਉਧਰ ਗੱਡੀ ਨੂੰ ਧੱਕਾ ਲੱਗਦਾ ਦੇਖ ਇੱਕ ਗਰੋਹ ਵੀ ਸਰਗਰਮ ਹੋ ਗਿਆ ਕਿ ਹੱਦ ਹੋਗੀ! ਸਾਡੇ ਤੋਂ ਬਿਨਾ
ਵੀ ਗੱਡੀ ਚਲ ਸਕਦੀ? ਇੰਝ ਕਦੇ ਹੋਇਆ? ਉਹਨਾ ਨੂੰ ਜਾਪਿਆ ਕਿ ਟਰੰਟੋ ਦੇ ‘ਬੁਸ਼’ ਅਸੀਂ ਹੁੰਨੇ ਆਂ ਇਹ
ਕਿਹੜੇ ‘ਬਿਲ ਲਾਦਨ’ ਕਿੱਲੇ ਢਾਹੁਣ ਲਗ ਪਏ? ਤੇ ਉਹਨਾ ਕਮਜੋਰ ਜਿਹੇ ‘ਮੁਸ਼ਰਫ’ ਦੇ ਪਤਾ ਨਹੀ ਕੀ ਗਲ
ਵਿੱਚ ਗੂਠ ਦਿਤਾ ਕਿ ਊਠ ਦਾ ਬੁਲ ਹਾਲੇ ਤੱਲ ਲਮਕੀ ਜਾਂਦਾ ਪਰ ਬਾਬੇ ਫੌਜਾ ਸਿੰਘ ਦੀ ਇਸ ਨੂੰ
ਡਿੱਗਦੇ ਦੇਖਣ ਦੀ ਖਾਹਸ਼ ਪੂਰੀ ਨਹੀ ਹੁੰਦੀ ਦਿਸਦੀ ਤੇ ਉਧਰ ਸਮਝੌਤਾ ਐਸਕਪ੍ਰੈਸ ਖੁਡੇ ਲਾਇਨ ਖੜੀ
ਵਕੀਲਾਂ ਦੀ ਇੰਤਜਾਰ ਕਰ ਰਹੀ ਹੈ।
ਬਾਬਾ ਝੰਡੀਆਂ ਨਾਲ ਸ਼ਿਗਾਰ ਕੇ ਤੁਰਨ ਵਾਲੀ ‘ਸਮਝੌਤਾ ਐਕਸਪ੍ਰੈਸ’ ਨੂੰ ਖੁਡੇ ਲਾਇਨ ਲੱਗੀ ਦੇਖਦਾ
ਸੋਚ ਰਿਹਾ ਸੀ ਕਿ ਬਗਲਾ ਇੱਕ ਟੰਗ ਤੇ ਸਮਾਧੀ ਲਾਈ ਬੈਠਾ ਕਿੰਨਾ ਪਿਆਰਾ ਲੱਗਦਾ ਹੈ ਮਜਾਲ ਕਿਤੇ ਸਾਹ
ਵੀ ਉੱਚਾ ਲੈ ਜਾਵੇ ਪਰ ਇੰਨੀ ਉੱਚੀ ਸਮਾਧੀ ਦੀ ਮੱਤ ਇੱਕ ਨਿਗੂਣੀ ਜਿਹੀ ਡਡ ਵਿੱਚ ਉਲਝ ਕੇ ਰਹਿ
ਜਾਂਦੀ ਹੈ। ਇੱਕ ਪਾਸੇ ਉਹ ਸਿੱਖ ਜਿਹੜੇ ਕਿ ਭਰਾਵਾਂ ਵਿੱਚ ਲੜਾਈ ਨਾ ਪਵੇ, ਸੋਚ ਕੇ ਦਿੱਲੀ ਦਾ
ਤੱਖਤ ਛੱਡ ਆਏ ਸਨ ਇੱਕ ਪਾਸੇ ‘ਮਾਡਰਨ ਸਿੱਖ’ ਜਿਹੜੇ ਸੋਚਦੇ ਜਿੰਨੀ ਮਰਜੀ ਖੇਹ ਉਡਦੀ ਰਹੇ, ਮਿਲੀ
‘ਡਰਾਈਵਰੀ’ ਨਹੀ ਛੱਡਣੀ। ਪਰ ਉਂਝ ਸਾਡੇ 300 ਸਾਲ ਗੁਰੂ ਦੇ ਨਾਲ ਹਨ…?
ਆ ਮਿਲ ਬਾਬਾ
ਨਾਨਕ……
ਬਾਹਰ ਬੜੀ ਸਿਖਰ ਦੁਪਹਿਰ ਲਗੀ ਹੋਈ
ਸੀ ਯਾਨੀ ਕਾਂ ਦਾ ਡੇਲਾ ਪਿਆ ਨਿਕਲੇ, ਏਅਰਕੰਡੀਸ਼ਨ ਕਮਰੇ ਵਿੱਚ ਬੈਠੇ ਬਾਬਾ ਜੀ ਬੜੀ ਕਰਣਾ ਨਾਲ
ਗੁਰੂ ਨਾਨਕ ਸਾਹਬ ਦੀ ਫੋਟੋ ਅਗੇ ਦੁਪਹਿਰ ਦੇ ਪ੍ਰਸ਼ਾਦੇ ਦਾ ਥਾਲ ਰੱਖੀ ਅਰਦਾਸਾਂ ਕਰ ਰਹੇ ਸਨ। ਬਾਬਾ
ਜੀ ਦਾ ਸੇਵਕ ਸੰਗਤਾਂ ਵਲੋਂ ਆਏ ਪ੍ਰਸਾਦੇ ਵਿਚੋਂ ‘ਰੁੱਖੇ-ਮਿਸੇ’ ਦਾ ਥਾਲ, ਜਿਸ ਵਿੱਚ ਘਿਉ ਨਾਲ
ਗੜੁੱਚ ਸਾਦੇ ਜਿਹੇ ਕਾਗਜ ਵਰਗੇ ਉਡ-ਉਡ ਜਾਂਦੇ ਫੁਲਕੇ, ਤਾਜੇ ਮੱਖਣ ਦੀ ਕੌਲੀ, ਮਟਰ ਪਨੀਰ, ਰੈਤਾ,
ਉਪਰ ਧੂੜੇ ਹਰੇ ਧਨੀਏ ਨਾਲ ਮਹਿਕਾਂ ਮਾਰਦੀ ਤੁੜਕੇ ਵਾਲੀ ਮੋਠਾਂ ਦੀ ਦਾਲ, ਪਿਸਤੇ ਵਾਲੀ ਤੋਕੜ ਮੱਝ
ਦੇ ਗਾਹੜੇ ਦੁੱਧ ਵਾਲੀ ਖੀਰ, ਗਲਗਲ ਤੇ ਨਿੰਬੂ ਦਾ ਮਸਾਲਿਆਂ ਵਾਲਾ ਅਚਾਰ, ਤੇ ਸੇਵਕ ਗੁਰੂ ਸਾਹਬ
ਨੂੰ ਭੋਗ ਲਾਉਣ ਲਈ ਰੱਖ ਕੇ ਦਰਵਾਜਾ ਭੇੜ ਕੇ ਪਰਦਾ ਕਰ ਗਿਆ ਸੀ। ਕਿਉਂਕਿ ਗੁਰੁ ਜੀ ਨੂੰ ਭੋਗ ਤੋਂ
ਬਾਅਦ ਬਾਬਾ ਜੀ ਨੇ ਆਪ ਵੀ ‘ਰੁੱਖਾ-ਮਿਸਾ’ ਛਕਣਾ ਸੀ ਐਂਵੇ ਕਿਸੇ ਦੀ ਮਾੜੀ ਨਜਰ ਹੀ ਪੈ ਜਾਂਦੀ ਹੈ।
ਬਾਬਾ ਜੀ ਦੀ ਅਰਦਾਸ ਵਿੱਚ ਵਾਕਿਆ ਹੀ ਕਰੁਣਾ ਸੀ। ਉਹ ਵਾਰ-ਵਾਰ ਕਹਿ ਰਹੇ ਸਨ ਕਿ “ਸੱਚਿਆ ਪਾਤਸ਼ਾਹਾ
ਜੇ ਧੰਨੇ ਦੇ ਪੱਥਰ ਚੋਂ ਆ ਸਕਦਾਂ ਤਾਂ ਅਪਣੇ ਸਰੂਪ ਵਿਚੋਂ ਕਿਉਂ ਨਹੀ। ਆ ਤੇ ਅਪਣੇ ਸੇਵਕ ਨੂੰ ਵੀ
ਕ੍ਰਿਤਾਰਥ ਕਰ, ਭੁੱਖ ਤਾਂ ਮੈਨੂੰ ਵੀ ਬਹੁਤ ਲਗੀ ਪਰ ਅੱਜ ਤੈਨੂੰ ਛਕਾ ਕੇ ਹੀ ਛਕਣਾ ਹੈ, ਆਜਾ ਕਿਉਂ
ਮਾਰਦਾਂ ਗਰੀਬ ਨੂੰ ਵੀ ਭੁੱਖਾ, ਤੂੰ ਤੇ ਭੁੱਖਾਂ-ਤ੍ਰੇਹਾਂ ਦਾ ਆਦੀ ਏਂ, ਮਰਦਾਨਾ ਵੀ ਤੂੰ ਆਪਦੇ
ਵਰਗਾ ਹੀ ਕਰ ਲਿਆ ਪਰ……ਨਾ ਕਢਾ ਇੰਨੇ ਹਾੜੇ। ਹਾਂਅ! ਤੇ ਥਾਲ ਵਿਚੋਂ ਆ ਰਹੀ ਪਦਾਰਥਾਂ ਦੀ
ਵੰਨ-ਸੁਵੰਨੀ ਮਹਿਕ ਬਾਬਿਆਂ ਦੀ ਭੁੱਖ ਨੂੰ ਹੋਰ ਚਮਕਾ ਰਹੀ ਸੀ ਤੇ ਬਾਬੇ ਕਾਹਲੀ ਵਿੱਚ ਹੋਰ ਜੋਰ ਦੀ
ਅਰਦਾਸ ਕਰ ਰਹੇ ਸਨ। ਉਹਨਾ ਦੀ ਅਰਦਾਸ ਦੀ ਟੱਲੀ ਸ਼ਾਇਦ ਦਰਗਾਹ ਵਿੱਚ ਜਾ ਖੜਕੀ ਤੇ. .
ਅਚਾਨਕ ਭਿੜਿਆ ਹੋਇਆ ਦਰਵਾਜਾ ਖੁਲ੍ਹਦਾ ਹੈ। ਬਾਹਰੋਂ ਇੱਕ ਲੰਮਾ-ਚੌੜਾ ਚਿੱਟੇ ਦਾਹੜੇ ਵਾਲਾ ਚੰਗਾ
ਭਰਵਾਂ ਜੁੱਸਾ ਪ੍ਰਭਾਵ ਸ਼ਾਲੀ ਚਿਹਰਾ, ਹੱਥ ਵਿੱਚ ਉਸਦੇ ਪਸ਼ੂ ਹਿੱਕਣ ਵਾਲੀ ਪਰਾਣੀ ਫੜੀ ਹੋਈ, ਲੱਤਾਂ
ਗਾਰੇ ਨਾਲ ਪਿੰਜਣੀਆਂ ਤੱਕ ਲਿਬੜੀਆਂ, ਸਾਦਾ ਜਿਹਾ ਕੁੜਤਾ, ਸਿਰ ਉਪਰ ਵੀ ਸਾਦਾ ਪਰ ਸੋਹਣੀ ਤਰ੍ਹਾਂ
ਬੰਨਿਆਂ ਹੋਇਆ ਖੱਦਰ ਜਿਹੇ ਦਾ ਸਾਫਾ, ਉਹ ਵੀ ਕੁੜਤੇ ਸਮੇਤ ਗਾਰੇ ਨਾਲ ਲਿਬੜਿਆ, ਪੈਰਾਂ ਦੀਆਂ
ਬੇਆਈਆਂ ਪਾਟੀਆਂ, ਹੱਥਾਂ ਵਿੱਚ ਅਟਣ, ਮੱਥੇ ਤੇ ਪਸੀਨੇ ਦੀਆਂ ਬੂੰਦਾਂ ਵਿਚਦੀ ਕਰੜੀਆਂ ਧੁੱਪਾਂ ਦੇ
ਲੰਮੇ ਸਫਰਾਂ ਦੇ ਝਲਕਦੇ ਨਿਸ਼ਾਨ ਪਰ ਸਬਰ ਸੰਤੋਖ ਦਾ ਭਰਿਆ ਪਿਆਲਾ, ਸਾਧਿਆ ਹੋਇਆ ਗੱਠਵਾਂ ਅਤੇ
ਉਚਾ-ਲੰਮਾ ਸਰੀਰ, ਤੇ ਉਹ ਸਿੱਧਾ ਬਾਬਿਆਂ ਕੋਲੇ ਆਇਆ, “ਲਿਆ ਬਈ ਪੁਰਖਾ ਪ੍ਰਸਾਦਾ ਬੜੀ ਭੁੱਖ ਲਗੀ
ਪਹਿਲਾਂ ਜਲ ਛਕਾ ਗਰਮੀ ਬਹੁਤ ਬਾਹਰ” …
ਬਾਹਰੋਂ ਆਉਣ ਵਾਲੇ ਦੇ ਪੈਰਾਂ ਨਾਲ ਬਾਬਿਆਂ ਦਾ ਈਰਾਨੀ ਗਲੀਚਾ ਚਿੱਕੜੋ-ਚਿੱਕੜੀ ਤੇ ਫੋਟੋ ਅਗੇ
ਅਰਦਾਸ ਵਿੱਚ ਝੁਕਿਆ ਬਾਬਿਆਂ ਦਾ ਮੱਥਾ ਤਿਊੜੀਓ-ਤਿਊੜੀ, ਹੈਂਅ! ਇੰਨੀ ਜੁੱਅਰਤ? ਥਾਲ ਅਤੇ ਅਰਦਾਸ
ਵਿਚੇ ਛੱਡ ਬਾਬੇ ਗਰਜੇ,
ਤੂੰ ਹੈ ਕੌਣ? ਬੁੱਢਿਆ ਤੈਨੂੰ ਵਾੜਿਆ ਕੀਹਨੇ ਅੰਦਰ? ਦਿਸਦਾ ਨਹੀ ਗੁਰੁ ਸਾਹਬ ਨੂੰ ਭੋਗ ਲਗ ਰਿਹਾ
ਸੀ, ਓਏ ਨਿਹਾਲਿਆ ਕਿਥੇ ਮਰ ਗਿਆਂ ਪਹਿਰਾ ਸੁਆਹ ਦੇ ਰਿਹਾਂ ਤੂੰ! ਛੇਤੀ ਆ। ਤੇਰਾ ਬੇੜਾ ਗਰਕ ਜੇ।
ਬਾਬੇ ਸੇਵਾਦਾਰ ਉਪਰ ਚੀਖੇ। ਉਹ ਸ਼ਾਇਦ ਕਿਤੇ ਦੂਰ ਸੀ ਉਸ ਅੰਦਰੋਂ ਬਾਬਿਆਂ ਦੀ ਚੀਖ ਨਹੀ ਸੁਣੀ।
ਇੰਨੇ ਚਿਰ ਨੂੰ ਅੰਦਰ ਦਾਖਲ ਹੋਇਆ ਬਜੁੱਰਗ ਹੀ ਬੋਲ ਪਿਆ।
ਪੁਰਖਾ, ਪਛਾਣਿਆਂ ਨਹੀ! ਉਹੀ ਹਾਂ ਜਿਸ ਅਗੇ ਹੁਣੇ ਅਰਦਾਸਾਂ ਕਰ ਰਿਹਾ ਸੀ! ਕਰਤਾਰਪੁਰ ਹਲ ਵਿਚੇ
ਛੱਡ ਕੇ ਆਇਆਂ ਕਿ ਤੂੰ ਭੁੱਖਾ ਨਾ ਮਰੇਂ, ਹੁਣ ਚੀਖਦਾ ਪਿਆ ਏਂ?
ਬਾਬੇ ਕਦੇ ਫੋਟੋ ਵਲ ਦੇਖਦੇ ਹਨ ਕਦੇ ਆਏ ਮਹਿਮਾਨ ਵਲ, ਪਰ ਕਿਥੇ ਬਾਬਿਆਂ ਦਾ ਗੁਰੂ ਕਿਥੇ ਇਹ ਗਾਰੇ
ਦਾ ਲਿਬੜਿਆ ਪਸੀਨੋ-ਪਸੀਨੀ ਬਾਬਾ। ‘ਬਾਬਿਆਂ’ ਦਾ ਗੁਰੁ ਰੇਸ਼ਮ ਦਾ ਚੋਲਾ ਅਤੇ ਤਿੰਨ ਚਾਰ ਮਾਲਾ
ਲਟਕਾਈ, ਬਾਬਿਆਂ ਵਾਂਗ ਸ਼ਾਹੀ ਠਾਠ ਵਿੱਚ ਬੈਠਾ, ਕੂਲੇ-ਕੂਲੇ ਹੱਥ, ਬਾਬਿਆਂ ਵਾਂਗ ਹੀ ਕੂਲੇ-ਕੂਲੇ
ਚਰਨ, ਕੋਮਲ ਜਿਹਾ ਚਿਹਰਾ, ਗੋਰਾ ਚਿੱਟਾ ਰੰਗ ਮਜਾਲ ਕਿਤੇ ਧੁੱਪ ਵਿੱਚ ਨਿਕਲਿਆ ਹੋਵੇ ਗੁਰੁ,
ਫੱਬ-ਫੱਬ ਪੈਂਦੀ ਤਸਵੀਰ, ਜਿਵੇਂ ਫੋਟੋ ਲੁਹਾਉਣ ਤੋਂ ਪਹਿਲਾਂ ਟੀ. ਸੀਰਜ ਵਾਲਿਆਂ ਥੋੜਾ ਮੇਕਅੱਪ ਕਰ
ਦਿਤਾ ਹੋਵੇ। ਹੇਠਾਂ ਬਾਬਿਆਂ ਵਾਂਗ ਹੀ ਮਹਿੰਗਾ ਜਿਹਾ ਗਲੀਚਾ ਵਿਸ਼ਿਆ, ਲਾਗੇ ਇੱਕ ਸੇਵਾਦਾਰ ਕੀਰਤਨ
ਕਰ ਰਿਹਾ ਦੂਜਾ ਚੌਰ ਫੜੀ ਸੇਵਾ ਲਈ ਹਾਜਰ, ਮੂਹਰੇ ਫਰੂਟ ਪਏ, ਬਾਬਿਆਂ ਵਾਂਗ ਟੋਕਰੇ ਨਾ ਸਹੀਂ ਥੋੜੇ
ਹੀ ਸਹੀਂ ਪਰ ਕੁੱਝ ਤਾਂ ਹੈ। ਪਰ! ਪਰ ਇਧਰ ਸਾਹਮਣੇ ਵਾਲਾ? ਗਾਰੇ ਦਾ ਲਿਬੜਿਆ, ਮਾਲਾ ਦੀ ਥਾਂ ਹੱਥ
`ਚ ਡੰਡਾ ਫੜੀ ਫਿਰਦਾ ਦਸ ਇਥੇ ਡੰਗਰ ਚਾਰਨੇ? ਚਿਕੜ ਵਿੱਚ ਲਿਬੜੇ ਕੱਪੜੇ, ਮੁੜਕੇ ਨਾਲ ਭਿੱਜਿਆ,
ਪਤਾ ਨਹੀ ਕਿਥੋਂ ਉਠ ਕੇ ਆ ਗਿਆ ਅਖੇ ਲਿਆ ਪ੍ਰਸਾਦਾ! ਬਾਬਿਆਂ ਨੂੰ ਜਾਪਿਆ ਏਅਕੰਡੀਸ਼ਨ ਦੀ ਹਵਾ ਵੀ
ਤੱਤੀ ਵਗਣ ਲਗ ਪਈ ਹੈ, ਬਾਬੇ ਕ੍ਰੋਧ ਨਾਲ ਪਸੀਨੋ-ਪਸੀਨੀ ਹੋਏ ਪਏ
ਬਾਬਿਆਂ ਦਾ ਗੁੱਸਾ ਅਸਮਾਨੀ ਚੜ ਗਿਆ। ਉਹ ਫਿਰ ਚੀਖੇ,
ਓਏ ਨਿਹਾਲਿਆ, ਤੇਰਾ ਬੇੜਾ ਬਹਿ ਜੇ ਛੇਤੀ ਆ ਇਹਨੂੰ ਬਾਹਰ ਕੱਢ, ਗੁਰੂ ਬਣੀ ਫਿਰਦੇ ਨੂੰ। ਸੇਵਾਦਾਰ
ਸਾਹੋ-ਸਾਹੀ ਹੋਇਆ ਦੌੜਦਾ ਆਇਆ ਕਮਰੇ ਦਾ ਦਰਵਾਜਾ ਖੁਲ੍ਹਾ ਸੀ ਬਾਬੇ ਹੌਂਕ ਰਹੇ ਸਨ ਪਰ ਅੰਦਰ ਸਿਵਾਏ
ਬਾਬਿਆਂ ਤੋਂ ਹੋਰ ਕੋਈ ਵੀ ਨਹੀ ਸੀ?
ਬਾਬਾ ਅਤੇ
ਬਾਬੇ?
ਅੱਜ ਪੁੰਨਿਆ ਸੀ ਤੇ ਬਾਬੇ ਖੁਦ
ਗੁਰੂ ਗਰੰਥ ਸਾਹਿਬ ਨੂੰ ਥਾਲ ਦਾ ਭੋਗ ਲਵਾਉਣ ਆਏ ਸਨ ਵੈਸੇ ਅਗੇ-ਪਿਛੇ ਇਹ ਸੇਵਾ ਚੇਲੇ ਹੀ ਕਰਦੇ
ਸਨ। ਤੂੜਕੇ ਵਾਲੀ ਦਾਲ, ਪਟਰ ਪਨੀਰ, ਭੁਰਜੀ ਵਾਲਾ ਪਨੀਰ, ਆਲੂ ਕੋਫਤੇ, ਬੈਗਣਾ ਦਾ ਭੜਥਾ, ਰੈਤੇ
ਵਾਲਾ ਦਹੀਂ ਅਤੇ ਮਗਰੋਂ ਮੂੰਹ ਮਿਠਾ ਕਰਨ ਲਈ ਬਦਾਮਾ ਲਾਚੀਆਂ ਵਾਲੀ ਕਸਟਰਡ। ਲਿਸ਼ਕਾਂ ਮਾਰਦੇ ਥਾਲ
ਵਿੱਚ ਸਭ ਪਥਾਰਥ ਪਰੋਸ ਕੇ ਉਪਰ ਸਵੱਛ ਤੋਲੀਆ ਦੇਕੇ ਬਾਬੇ ਗੁਰੂ ਗਰੰਥ ਸਾਹਿਬ ਵਾਲੇ ਕਮਰੇ, ਯਾਨੀ
ਸੱਚਖੰਡ ਵਿੱਚ ਹਾਜਰ ਹੋਏ ਜਿਥੇ ਏਅਰ ਕੰਡੀਸ਼ਨ ਦੀਆਂ ਠੰਡੀਆਂ ਘੁਕਾਂ ਨੇ ਵਾਕਿਆ ਹੀ ਸੱਚਖੰਡ ਬਣਾਇਆ
ਪਿਆ ਸੀ। ਗੁਰੂ ਗਰੰਥ ਸਾਹਿਬ ਉਪਰ ਮਹਿੰਗੇ ਤੇ ਪਤਲੇ ਜਿਹੇ ਰੁਮਾਲੇ ਏਅਰਕੰਡੀਸ਼ਨ ਦੀ ਹਲਕੀ ਜਿਹੀ
ਹਵਾ ਨਾਲ ਵੀ ਉਡ-ਉਡ ਜਾ ਰਹੇ ਸਨ। ਪਿੱਛਲੇ ਪਾਸੇ ਗੁਰੂ ਨਾਨਕ ਸਾਹਬ ਦੀਆਂ ਆਦਮ ਕੱਦ ਮੂਰਤਾਂ
ਮੁਸਕਰਾ ਰਹੀਆਂ ਸਨ। ਉਹਨਾ ਦੇ ਵਿਚਕਾਰ ਬਾਬਿਆਂ ਦੇ ਕੋਈ ਵ੍ਹਡੇ ਬਾਬੇ ਸਮਾਧੀ ਲਾਈ ਰੱਬ ਵਿੱਚ ਲੀਨ
ਦਿਸ ਰਹੇ ਸਨ।
ਬਾਬੇ ਥਾਲ ਰੱਖਕੇ ਤੋਲੀਆ ਚੁੱਕ ਕੇ ਗੁਰੂ ਸਾਹਿਬ ਦੇ ਹੱਥ ਧੋਣ ਲਈ ਲਿਆਂਦੀ ਅਲੱਗ ਪਾਣੀ ਵਾਲੀ ਗੜਵੀ
ਤੋਂ ਢੱਕਣ ਚੁੱਕ ਕੇ ਲੱਗੇ ਲੰਮੀਆਂ-ਲੰਮੀਆਂ ਅਰਦਾਸਾਂ ਕਰਨ। “ਸੱਚੇ ਪਾਤਸ਼ਾਹ, ਧੰਨ ਗੁਰੁ ਨਾਨਕ
ਜਿਵੇਂ ਧੰਨੇ ਦੇ ਪੱਥਰ ਵਿਚੋਂ ਪ੍ਰਗਟ ਹੋਕੇ ਉਸਦਾ ਪ੍ਰਸ਼ਾਦਾ ਛੱਕਿਆ ਸੀ ਕ੍ਰਿਪਾ ਕਰਕੇ ਸਾਡਾ
ਗਰੀਬਾਂ ਦਾ ਰੁੱਖਾ-ਸੁੱਕਾ ਭੋਜਨ ਅੰਗੀਕਾਰ ਕਰੋ, ਹੇ ਗੁਰੂ ਨਾਨਕ ਅਸੀਂ ਧੰਨੇ ਵਰਗੇ ਨਾ ਸਹੀਂ ਉਸ
ਤੋਂ ਵੀ ਗਰੀਬ ਸਹੀਂ ਪਰ ਕ੍ਰਿਪਾ ਕਰੋ, ਤੇ ਆਪ ਦਾ ਸੀਤ ਪ੍ਰਸਾਦ ਦਾਸਾਂ ਨੂੰ ਛਕਾ ਕੇ ਕ੍ਰਿਤਾਰਥ
ਕਰੋ, ਸਾਡੇ ਗੁਣ ਅਵਗੁ…
ਬਾਬਿਆਂ ਦੀ ਅਰਦਾਸ ਸੁਣਕੇ ਬਾਬੇ ਦਾ ਹਾਸਾ ਨਿਕਲ ਗਿਆ। ਸੱਚਖੰਡ ਵਿੱਚ ਹਾਸੇ ਦੀ ਅਵਾਜ ਸੁਣ ਕੇ
ਬਾਬੇ ਤ੍ਰਬਕੇ। ਉਹਨਾ ਅੱਖਾਂ ਖੋਹਲੀਆਂ ਪਰ ਐਂਵੇ ਭੁਲੇਖਾ ਜਾਣ ਕੇ ਫਿਰ ਅਪਣੀ ਅਰਦਾਸ ਵਿੱਚ ਲ਼ੀਨ ਹੋ
ਗਏ। ਪਰ ਇਸ ਵਾਰੀ ਹੱਸਣ ਵਾਲੇ ਖੁਦ ਹੀ ਸਾਹਮਣੇ ਆ ਗਏ। ਨਾਲ ਮਰਦਾਨਾ ਉਵੇਂ ਰਬਾਬ ਫੜੀ ਤਾਰਾਂ
ਟਣਕਾਉਂਦਾ।
ਬਾਬੇ ਨੂੰ ਵੇਖ ਕੇ ਬਾਬਾ ਘਬਰਾ ਗਿਆ।
“ਪਹਿਲਾਂ ਅਰਦਾਸਾਂ ਕਰਦਾ ਸੀ ਹੁਣ ਘਬਰਾਉਂਦਾ ਕਿਉਂ ਪੁਰਖਾ” ?
ਸਵਾਲ ਬਾਬਿਆਂ ਨੂੰ ਬੜਾ ਚੁੱਬਵਾਂ ਲੱਗਾ। ਇਹ ਪੁਰਖਾ ਕੀ ਹੋਇਆ ਬਈ। ਸੱਚੇ ਪਾਤਸ਼ਾਹ ਜਾਂ ਮਹਾਰਾਜ ਜੇ
ਨਹੀ ਕਹਿੰਣਾ ਘਟੋ-ਘਟ ਮਹਾਂਪੁਰਖ ਹੀ ਕਹਿ ਦਿੰਦੇ।
ਮਹਾਂਰਾਜ ਤੁਸੀਂ ਕਿਵੇਂ! ਜੇ ਵੇਖ ਲਿਆ ਕਿਸੇ ਸਿਆਪਾ ਖੜਾ ਹੋ ਜੂ? ਬਾਬਿਆਂ ਪੁਰਖਾ ਆਖੇ ਜਾਣ ਵਾਲਾ
ਗੁੱਸਾ ਅੰਦਰ ਪੀਦਿਆਂ ਅਰਜ ਕੀਤੀ।
ਭਾਈ ਤੰ ਆਪੇ ਹੀ ਸੱਦੇ ਦਿੰਦਾ ਹੁਣ ਆਪ ਹੀ ਸਿਆਪੇ ਦਸਦਾਂ?
ਵੇਖੋ, ਗੁਰੂ ਜੀ ਕ੍ਰਿਪਾ ਕਰੋ, ਇੰਝ ਨਾ ਆਇਆ ਕਰੋ। ਹੁਣ ਅਸੀਂ ਸਾਰਾ ਕੰਮ ਸਾਂਭ ਲਿਆ ਹੈ ਜਦ ਪੁੱਤ
ਜਵਾਨ ਹੋ ਜਾਣ ਬਾਪੂਆਂ ਦਾ ਕੋਈ ਕੰਮ ਨਹੀ ਉਹਨਾ ਦੇ ਕੰਮਾ ਵਿੱਚ ਦਖਲ ਦੇਣ ਦਾ”।
ਜਵਾਨ ਬੱਚੂ, ਤੇਰੇ ਸੱਦੇ ਤੇ ਹੀ ਮੈਂ ਆਇਆਂ, ਨਾਲੇ ਦਸ ਆਹ ਜਿਹੜੀ ਅਰਦਾਸ ਕਰ ਰਿਹਾ ਸੀ ਇਹ ਤੇਰੇ
ਮੇਚ ਦੀ ਵੀ ਹੈ” ?
ਮੇਰੇ ਮੇਚ ਦਾ ਕੀ ਏ ਤੇ ਕੀ ਨਹੀ ਮੈਂਨੂੰ ਮੈਨੂੰ ਸਾਰਾ ਪਤਾ। ਤੁਸੀਂ ਕ੍ਰਿਪਾ ਕਰਕੇ ਜਾਉ”। ਮਰਦਾਨਾ
ਹੈਰਾਨ ਕਿ ਕਿਥੇ ਭਾਈ ਲਾਲੋ ਜਿਹੜਾ ਖੀਵਾ ਹੋ-ਹੋ ਪਿਆ ਜਾਵੇ ਤੇ ਕਿਥੇ ਇਹ ਸੇਵਕ ਜਿਹੜਾ ਧੱਕੇ ਪਿਆ
ਮਾਰਦਾ ਹੈ!
“ਪਰ ਪ੍ਰਸਾਦਾ ਨਹੀ ਛਕਾਂਏਗਾ” ? ਬਾਬਾ ਫਿਰ ਮੁਸਕਰਾਇਆ।
ਵੇਖ ਬਾਬਾ, ਤੈਨੂੰ ਸਾਰਾ ਪਤਾ ਇਹ ਵੰਨ-ਸੁਵੰਨੇ ਭੋਜਨ ਬਾਹਰ ਸੀਤ ਪ੍ਰਸਾਦ ਦੀ ਉਡੀਕ ਕਰਦੇ ਮਲਕ
ਭਾਗੋਂਆਂ ਦੇ ਨੇ ਤੇ ਤੂੰ ਇਹ ਛੱਕਣੇ ਤਾਂ ਕੀ ਵੇਖਣੇ ਵੀ ਨਹੀ ਐਵੇਂ ਕਾਹਤੋਂ ਵਕਤ ਜਾਇਆ ਕਰਦਾਂ
ਮੈਨੂੰ ਵੀ ਭੁੱਖ ਲਗੀ ਤੇ ਉਹ ਵੀ ਬੜੇ ਔਖੇ ਸੀਤ ਪ੍ਰਸਾਦ ਖੁਣੋ”।
“ਪਰ ਭਾਈ ਫਿਰ ਤੂੰ ਇਥੇ ਕਿਉਂ ਲੈਕੇ ਆਇਆਂ ਜੇ ਤੈਂਨੂੰ ਪਤਾ ਕਹਾਣੀ ਦਾ” ?
ਮੈਂ ਚਾਅ ਨੂੰ ਨਹੀ ਲਿਆਇਆ, ਬਾਹਰਲਿਆਂ ਨੂੰ ਵੀ ਤਾਂ ਮੂਰਖ ਬਣਾਉਂਣਾ, ਮੇਰਾ ਕਿਹੜਾ ਝੋਨਾ ਪੱਕਿਆ
ਜਿਹੜਾ ਝਾੜ ਕੇ ਖਾ ਲਊਂ।
ਸਾਧਾ ਇਹ ਤਾਂ ਪੰਖਡ ਏ। ਮੈਂ ਦਸ ਦਿਆਂਗਾ ਲੋਕਾਂ ਨੂੰ ਤੇਰੇ ਅੰਦਰਲੀਆਂ।
ਬਾਬਾ ਤੇਰੀ ਕਿਸੇ ਨਹੀ ਮੰਨਣੀ, ਅਗੇ ਵੀ ਤੂੰ ਦਸ ਕੇ ਦੇਖ ਹੀ ਲਿਆ। ਨਾਲੇ ਉਹੀ ਤੇਰਾ ਦਸਿਆ ਹਾਲੇ
ਤਕ ਮੌਜੂਦ ਹੈ ਸੁਣਦਾ ਕੌਣ ਤੇਰੀ, ਸਾਡੀਆਂ ਢੋਲਕੀਆਂ-ਚਿਮਟਿਆਂ ਦੇ ਜੱਗੇ ਜੱਟ ਦੇ ਸ਼ੋਰ ਵਿੱਚ ਤੇਰੀ
ਰਾਗਾਂ ਵਾਲੀ ਰਬਾਬ ਬਹੁਤ ਪੁਰਾਣੀ ਹੋ ਗਈ। ਨਹੀ ਤਾਂ ਕਿਸੇ ਦਿਨ ਅਜਮਾ ਕੇ ਦੇਖ ਲਈਂ।
ਨਾਲ ਬੈਠਾ ਮਰਦਾਨਾ ਪ੍ਰੇਸ਼ਾਨ ਹੋ ਰਿਹਾ ਸੀ ਕਿ ਇਹ ਢੋਲਕੀ-ਚਿਮਟੇ, ਇਹ ਜੱਗਾ-ਜੱਟ, ਇਹ ਕਿਹੜੇ ਸਾਜ
ਅਤੇ ਕਿਹੜੇ ਰਾਗ ਹੋਏ ਭਲਾ। ਉਸ ਆਖਰ ਪੁਛ ਹੀ ਲਿਆ ਤਾਂ ਬਾਬਿਆਂ ਬੜਾ ਖੁਸ਼ ਹੋਕੇ ਦਸਿਆ ਕਿ ਭਾਈ ਜੀ,
ਇਹ ਮੌਡਰਨ ਸਾਜ ਨੇ ਮੌਡਰਨ ਹੀ ਰਾਗ ਤੇ ਅਸੀਂ ਮੌਡਰਨ ਹੀ ਆਪਦੀ ਬਾਣੀ ਵੀ ਰੱਚ ਲਈ ਹੈ। ਤੁਹਾਡੇ
ਰਾਗਾਂ ਜਾਂ ਬਾਣੀ ਦੀ ਕਿਸੇ ਨੂੰ ਪਛਾਣ ਨਹੀ। ਲੱਖਾਂ ਸੰਗਤਾਂ ਝੂੰਮਣ ਲਾ ਦਈਆਂ, ਹਾਂਅ! ਜੇ ਕਹੋਂ
ਤਾਂ ਇੱਕ ਟੋਟਕਾ ‘ਸੈਂਪਲ’ ਵਜੋਂ ਸੁਣਾ ਦਿੰਦਾ ਹਾਂ।
ਭਾਈ ਮਰਦਾਨਾ ਜੀ ਦੀ ਉਤਸੁਕਤਾ ਵਧ ਗਈ ਉਹਨਾ ਗੁਰੂ ਨਾਨਕ ਸਾਹਬ ਵਲ ਵੇਖਿਆ ਤਾਂ ਗੁਰੁ ਜੀ ਨੇ ਇਸ਼ਾਰਾ
ਕਰ ਦਿਤਾ ਸੁਣਾਉਣ ਦਾ। ਬਾਬਿਆਂ ਬੜੀ ਤੜੀ `ਚ ਬਿਨਾ ਸਾਜਾਂ ਹੀ ਇੱਕ ਟੋਟਕਾ ਛੱਡ ਦਿਤਾ।
ਉਏ ਟੁਰ ਗਏ ਦਿਲਾਂ ਦੇ ਜਾਨੀ, ਕੀਹਦੇ ਗਲ ਰੋਵਾਂ ਲਗਕੇ…………
ਭਾਈ ਮਰਦਾਨਾ ਜੀ ਦਾ ਹਾਸਾ ਨਿਕਲ ਗਿਆ ਉਹਨਾ ਦਾ ਦਿਲ ਕੀਤਾ ਕਹਿਣ ਨੂੰ ‘ਦੁ ਫਿਟੇ ਤੇਰੇ ਸਾਧਾ’ ਪਰ
ਉਹ ਗੁਰੂ ਜੀ ਦਾ ਖਿਆਲ ਕਰਦਿਆਂ ਚੁੱਪ ਕਰ ਰਹੇ। ਉਧਰ ਬਾਬਿਆਂ ਦੀ ਹੇਕ ਸੁਣਕੇ ਬਾਹਰ ਬੈਠੇ
ਵ੍ਹਡੇ-ਵ੍ਹਡੇ ਸੇਠ ਸੰਗੀ ਧੰਨ ਬਾਬਾ ਜੀ ਧੰਨ ਬਾਬਾ ਜੀ ਕਰਨ ਲਗ ਗਏ। ਉਹਨਾ ਨੂੰ ਜਾਪਿਆ ਕਿ ਬਾਬਾ
ਜੀ ਵਜੂਦ ਵਿੱਚ ਆਕੇ ਬਾਣੀ ਰਾਹੀਂ ਗੁਰੂ ਰਿਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਬਿਆਂ ਇੱਕ ਹੋਰ ਛੱਡ
ਦਿਤਾ।
ਉਏ ਯਾਰੀ ਪਰਖੀਏ ਯਾਰਾਂ ਦੀ ਈ. ੀ. ੀ. ੀ. . ਜਦ ਮਾਰੇ ਪਵੇ ਤਲਵਾਰਾਂ ਦੀ ਈ. ਈ. ਈ…
ਸਾਧ ਦੀਆਂ ਹੇਕਾਂ ਸੁਣਕੇ ਬਾਬਾ ਸਮੇਤ ਮਰਦਾਨੇ ਜਾ ਚੁੱਕਾ ਸੀ ਤੇ ਬਾਹਰ ਸੰਗੀ ਧੰਨ ਧੰਨ ਕਰਦੇ ਸੀਤ
ਪ੍ਰਸਾਦ ਦੀ ਉਡੀਕ ਵਿੱਚ ਖੀਵੇ ਪਏ ਹੋਈ ਜਾ ਰਹੇ ਸਨ ਜਿਹੜਾ ਬਾਬਿਆਂ ਦੇ ਛਕਣ ਤੋਂ ਬਾਅਦ ਜੂਠਾ ਥਾਲ,
ਯਾਨੀ ਬਾਬਿਆਂ ਦਾ ਸੀਤ ਪ੍ਰਸਾਦ ਗੁਰੂ ਕੇ ਲੰਗਰ ਵਿੱਚ ਜਾ ਕੇ ਸੰਗੀਆਂ ਨੂੰ ਵਰਤਾਇਆ ਜਾਣਾ ਸੀ! !
ਗੁਰਦੇਵ ਸਿੰਘ ਸੱਧੇਵਾਲੀਆ