.

ਪ੍ਰਸ਼ਨ: ਸ਼ਰਾਧ ਤੋਂ ਕੀ ਭਾਵ ਹੈ ਅਤੇ ਸਿੱਖ ਧਰਮ ਵਿੱਚ ਇਸ ਦਾ ਕੀ ਮਹੱਤਵ ਹੈ?

ਉਤਰ: ਸ਼ਰਾਧ ਦਾ ਅੱਖਰੀਂ ਅਰਥ ਹੈ ਸ਼ਰਧਾ ਨਾਲ ਕੀਤਾ ਹੋਇਆ ਕਰਮ। ਪਿਤਰਾਂ (ਮੋਏ ਹੋਏ ਦਾਦਾ ਦਾਦੀ ਮਾਤਾ ਪਿਤਾ ਆਦਿ ਬਜ਼ੁਰਗ) ਲਈ ਸ਼ਰਧਾ ਨਾਲ ਕੀਤਾ ਅੰਨ ਵਸਤ੍ਰ ਆਦਿ ਦਾਨ। ‘ਇਸ ਦੇ ਚਾਰ ਭੇਦ ਹਨ:-

(ੳ) ਨਿਤਯ ਸ਼੍ਰਾਧ, ਜੋ ਨਿੱਤ ਹੀ ਦੇਵਤਾ ਪਿਤਰਾਂ ਨੂੰ ਜਲ ਆਦਿ ਦੇਣਾ

(ਅ) ਪਾਰਵਣ, ਜੋ ਅਮਾਵਸ ਆਦਿ ਪਰਵਾਂ ਪੁਰ ਕਰਨਾ।

(ੲ) ਕਯਾਹ (ਖਿਆਹੀ) ਜੋ ਮੋਏ ਹੋਏ ਪਿਤਰ ਦੇ ਦੇਹਾਂਤ ਵਾਲੇ ਦਿਨ ਕਰਨਾ।

(ਸ) ਮਹਾਲਯਾ, ਜੋ ਅੱਸੂ ਦੇ ਪਹਿਲੇ ਪੱਖ ਵਿੱਚ ਕਰਨਾ।’ (ਮਹਾਨ ਕੋਸ਼ - ਭਾਈ ਕਾਨ੍ਹ ਸਿੰਘ ਨਾਭਾ)

ਸ਼ਰਾਧਾਂ ਦੀ ਪ੍ਰਚਾਰਕ ਸ਼੍ਰੇਣੀ ਵਲੋਂ ਸ਼ਰਧਾਲੂਆਂ ਦੇ ਦਿਲ - ਦਿਮਾਗ ਵਿੱਚ ਇਹ ਗੱਲ ਚੰਗੀ ਤਰ੍ਹਾਂ ਬਠਾਈ ਹੋਈ ਹੈ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਪਿਤਰ ਸ਼ਰਾਧ ਦਾ ਅੰਨ ਖਾਣ ਲਈ ਮਰਤ ਲੋਕ ਆ ਜਾਂਦੇ ਹਨ। ਜੇਕਰ ਇਹਨਾਂ ਨੂੰ ਨਾ ਖਵਾਇਆ ਜਾਏ ਤਾਂ ਉਹ ਸਰਾਪ ਦੇ ਕੇ ਚਲੇ ਜਾਂਦੇ ਹਨ।

ਜਿੱਥੋਂ ਤੱਕ ਸ਼ਰਾਧ ਦਾ ਸਿੱਖ ਧਰਮ ਵਿੱਚ ਮਹੱਤਵ ਦਾ ਸਵਾਲ ਹੈ, ਇਸ ਸਬੰਧ ਵਿੱਚ ਇੱਨਾ ਹੀ ਆਖਣਾ ਕਾਫੀ ਹੈ ਕਿ ਇਸ ਦਾ ਕੋਈ ਮਹੱਤਵ ਨਹੀਂ ਹੈ। ਗੁਰੂ ਗਰੰਥ ਸਾਹਿਬ ਵਿੱਚ ਮਨੁੱਖ ਨੂੰ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ‘ਦੀ ਪਰੇਰਨਾ ਦਿੱਤੀ ਗਈ ਹੈ।

ਗੁਰੂ ਨਾਨਕ ਸਾਹਿਬ ਜੀ ਗਿਆਨ ਰੂਪੀ ਹਥੌੜੇ ਨਾਲ ਮਨੁੱਖ ਦੇ ਇਸ ਭਰਮ ਗੜ੍ਹ ਨੂੰ, ਕਿ ਪਿੱਤਰਾਂ ਨੂੰ ਇਸ ਢੰਗ ਨਾਲ ਤ੍ਰਿਪਤ ਕੀਤਾ ਜਾ ਸਕਦਾ ਹੈ, ਤੋੜਦਿਆਂ ਹੋਇਆਂ ਕਹਿੰਦੇ ਹਨ ਕਿ, ਪਿਤਰਾਂ ਨਮਿੱਤ ਕੀਤੇ ਸ਼ਰਾਧ ਆਦਿ ਰਾਂਹੀ ਪਿਤਰਾਂ ਨੂੰ ਕੁੱਛ ਵੀ ਨਹੀਂ ਪਹੁੰਚਾਇਆ ਜਾ ਸਕਦਾ। ਆਸਾ ਕੀ ਵਾਰ ਵਿੱਚ ਹਜ਼ੂਰ ਇਸ ਪ੍ਰਚਲਤ ਖ਼ਿਆਲ ਨੂੰ ਨਕਾਰਦਿਆਂ ਹੋਇਆਂ ਮਨੁੱਖ ਨੂੰ ਸ਼ੁਭ ਕਰਮ ਕਰਨ ਦੀ ਪ੍ਰੇਰਨਾ ਦੇਂਦੇ ਹੋਏ ਕਹਿੰਦੇ ਹਨ:-

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥ (472)

ਪਿੱਤਰਾਂ ਨਮਿੱਤ ਅਜਿਹੇ ਕਰਮ ਰਾਹੀਂ ਪਿਤਰਾਂ ਨੂੰ ਤ੍ਰਿਪਤ ਕਰਨ ਦਾ ਉਪਰਾਲਾ ਕਰਨ ਵਾਲਿਆਂ ਦੇ ਭਰਮ ਨੂੰ ਮਿਟਾਉਂਦਿਆਂ ਆਖਦੇ ਕਿ ਜੀਵ ਸੰਸਾਰ ਵਿੱਚ ਆਇਆ ਤੇ ਫਿਰ ਚਲਾ ਗਿਆ, ਜਗਤ ਵਿੱਚ ਉਸ ਦਾ ਨਾਮ ਭੀ ਭੁੱਲ ਗਿਆ, ਉਸ ਦੇ ਅਕਾਲ ਚਲਾਣੇ ਦੇ ਪਿੱਛੋਂ ਪੱਤਰਾਂ ਉੱਤੇ ਪਿੰਡ ਭਰਾ ਕੇ ਕਾਵਾਂ ਨੂੰ ਹੀ ਸੱਦੀ ਦਾ ਹੈ, ਉਸ ਪ੍ਰਾਣੀ ਨੂੰ ਕੁੱਝ ਨਹੀਂ ਪਹੁੰਚਦਾ। :- "ਆਇਆ ਗਇਆ ਮਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥" (ਪੰਨਾ 137-8) ਗੁਰਮਤਿ ਦੇ ਇਸ ਸਿਧਾਂਤ ਨੂੰ ਸਾਹਮਣੇ ਰੱਖਦਿਆਂ ਹੀ ਸਿੱਖ ਰਹਿਤ ਮਰਯਾਦਾ ਵਿੱਚ ਇਹ ਹਿਦਾਇਤ ਕੀਤੀ ਗਈ ਹੈ ਕਿ, ‘ਦੁਸਹਿਰੇ ਦੇ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ।’

ਗੁਰ ਇਤਿਹਾਸ `ਚੋਂ ਵੀ ਸਾਨੂੰ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ ਕਿ ਗੁਰੂ ਮਹਾਰਾਜ ਦੀ ਸਿੱਖਿਆ ਅਨੁਸਾਰ ਸਿੱਖ ਅਕਾਲ ਚਲਾਣਾ ਕਰ ਚੁਕੇ ਪ੍ਰਾਣੀਆਂ ਨੂੰ ਤ੍ਰਿਪਤ ਕਰਨ ਲਈ ਇਹੋ ਜੇਹੇ ਕਿਸੇ ਵੀ ਕਰਮ ਧਰਮ ਵਿੱਚ ਵਿਸ਼ਵਾਸ ਨਹੀਂ ਸਨ ਕਰਦੇ। ਇਹੋ ਜੇਹੇ ਕਰਮ ਧਰਮ ਤੋਂ ਉੱਪਰ ਉਠਣ ਵਿੱਚ ਹੀ ਤਾਂ ਖ਼ਾਲਸੇ ਦਾ ਨਿਆਰਾਪਣ ਸੀ। ਇੱਥੇ ਕੇਵਲ ਦੋ ਕੁ ਉਦਾਹਰਣਾਂ ਹੀ ਦਿੱਤੀਆਂ ਜਾ ਰਹੀਆਂ ਹਨ।

ਗੁਰੂ ਅਮਰਦਾਸ ਜੀ ਦੇ ਵਿਰੱਧ ਜਾਤ ਅਭਿਆਨੀਆਂ ਵਲੋਂ ਜੋ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਗਈ ਸੀ, ਉਸ ਵਿੱਚ ਹਜ਼ੂਰ ਉੱਤੇ ਜੋ ਦੋਸ਼ ਲਾਏ ਗਏ, ਉਹਨਾਂ ਵਿੱਚ ਇੱਕ ਇਹ ਵੀ ਸੀ ਕਿ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਦੇਵ ਪੂਜਾ ਕਰਨ ਦੀ ਮਨਾਹੀਂ ਦੇ ਨਾਲ ਪਿੱਤਰਾਂ ਨਮਿਤ ਕੀਤੇ ਜਾਂਦੇ ਕਰਮ ਤੋਂ ਵੀ ਵਰਜ ਦਿੱਤਾ ਹੈ। ਸਿੱਖ ਸੰਗਤਾਂ ਨੇ ਆਪ ਜੀ ਦੇ ਉਪਦੇਸ਼ ਨੂੰ ਮੰਨ ਕੇ ਦੇਵ ਪੂਜਾ ਅਤੇ ਪਿਤਰਾਂ ਹਿਤ ਕੀਤੇ ਜਾਂਦੇ ਕਰਮਾਂ ਦਾ ਤਿਆਗ ਕਰ ਦਿੱਤਾ ਹੈ, ‘ਦੇਵ ਪਿਤਰ ਕੀ ਮਨਤਾ ਛੋਰੀ। ਸਬ ਮਰਯਾਦ ਜਗਤ ਕੀ ਤੋਰੀ।’ (ਨੋਟ: ਅਜੇਹੀ ਸ਼ਿਕਾਇਤ ਕਰਨ ਵਾਲਿਆਂ ਨੂੰ ਜੇਕਰ ਇਸ ਗੱਲ ਦੀ ਭਿਣਕ ਪੈ ਜਾਂਦੀ ਕਿ ਗੁਰੂ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਪਿੱਛੋਂ ਛੇਤੀ ਹੀ ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੇ ਕਰਮ ਕਾਂਡਾਂ ਵਿੱਚ ਸਾਨੂੰ ਵੀ ਮਾਤ ਪਾ ਦੇਣਾ ਹੈ, ਤਾਂ ਸ਼ਾਇਦ ਉਹ ਕਦੀ ਸ਼ਿਕਾਇਤ ਨਾ ਕਰਦੇ। ਜੀ ਹਾਂ, ਸ਼ਿਕਾਇਤ ਕਰਨ ਬਾਰੇ ਸੋਚਦੇ ਵੀ ਨਾ। ਅੱਜ ਸਿੱਖਾਂ ਦੀ ਬਹੁ ਗਿਣਤੀ ਨੂੰ ਉਹਨਾਂ ਹੀ ਕਰਮਕਾਂਡਾ ਨੂੰ, ਜਿਹਨਾਂ ਨੂੰ ਅਧਰਮ ਸਮਝ ਕੇ ਸਿੱਖਾਂ ਨੇ ਤਿਆਗ ਦਿੱਤਾ ਸੀ, ਧਰਮ ਕਰਮ ਸਮਝ ਕੇ ਕਰਦਿਆਂ ਦੇਖ ਕੇ ਗੁਰੂ ਸਾਹਿਬ ਦੀ ਸ਼ਿਕਾਇਤ ਕਰਨ ਵਾਲਿਆਂ ਦੀ ਰੂਹ ਨੂੰ ਜ਼ਰੂਰ ਸ਼ਾਂਤੀ ਮਿਲਦੀ ਹੋਵੇ ਗੀ। ਕਿਉਂਕਿ ਗੁਰੂ ਸਾਹਿਬਾਨ ਦੇ ਸਮੇਂ ਉਹਨਾਂ ਦੀ ਇਸ ਇੱਛਾ ਦੀ ਪੂਰਤੀ ਨਹੀਂ ਸੀ ਹੋ ਸਕੀ, ਅਤੇ ਉਹ ਆਪਣੀਆਂ ਸੱਧਰਾਂ ਨੂੰ ਦਿਲ ਵਿੱਚ ਹੀ ਲੈ ਕੇ ਤੜਪਦੇ ਕਲਪਦੇ ਹੋਏ ਹੀ ਇਸ ਦੁਨੀਆਂ ਤੋਂ ਕੂਚ ਕਰ ਗਏ ਸਨ। ਪਰੰਤੂ ਸਾਡੇ ਵਡੇ ਵਡੇਰਿਆਂ ਦੀ ਰੂਹ ਸਾਨੂੰ ਨਾਮ -ਧਰੀਕ ਸਿੱਖਾਂ ਨੂੰ ਕਰਮ ਕਾਂਡਾਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਖੁਭਿਆ ਦੇਖ ਕੇ ……ਅਵੱਸ਼ ਤੜਪਦੀ ਹੋਵੇਗੀ।)

ਜ਼ਕਰੀਆਂ ਖਾਨ (ਲਾਹੌਰ ਦਾ ਸੂਬੇਦਾਰ), ਨਾਦਿਰ ਸ਼ਾਹ ਵਲੋਂ ਸਿੰਘਾਂ ਸਬੰਧੀ ਪੁੱਛੇ ਹੋਏ ਸਵਾਲ ਦੇ ਸਬੰਧ `ਚ, ਜਿੱਥੇ ਖ਼ਾਲਸਾ ਪੰਥ ਦੇ ਆਚਰਣ ਦੇ ਨਿਆਰੇਪਣ ਦੇ ਕਈ ਪੱਖਾਂ ਦੀ ਚਰਚਾ ਕਰਦਾ ਹੈ, ਉੱਥੇ ਨਾਲ ਹੀ ਇਸ ਗੱਲ ਦਾ ਵੀ ਜ਼ਿਕਰ ਕਰਦਾ ਹੈ:- ਸਿੰਘ ਸਿੰਘਣੀ ਜੈ ਮਰ ਜੈ ਹੈ। ਬਾਂਟਤ ਹਲੁਵਾ ਤੁਰਤ ਬਨੈ ਹੈ।

ਕਿਰਿਆ ਕਰਮ ਕਰਾਵਤ ਨਾਹੀਂ। ਹੱਡੀ ਪਾਂਯ ਨ ਗੰਗਾ ਮਾਹੀ।

ਕਰਤ ਦਸਹਿਰਾ ਗ੍ਰੰਥ ਪੜ੍ਹਾਵਤ। ਅਸਨ ਬਸਨ ਗਰੀਬਨ ਕੋ ਦਯਾਵਤ।

……ਹੋਮ ਸ਼ਰਾਧ ਨ ਖਯਾਹ ਸੰਭਾਲੈਂ। (ਪੰਥ ਪ੍ਰਕਾਸ਼)

ਇਹ ਗੱਲ ਨੋਟ ਕਰਨ ਵਾਲੀ ਹੈ ਕਿ ਭਾਵੇਂ ਅਠਾਰਵੀਂ ਸਦੀ ਦੇ ਅਖ਼ੀਰਲੇ ਦਹਾਕੇ ਅਤੇ ਉਨਵੀਂ ਸਦੀ ਵਿੱਚ ਸਿੱਖ ਪੰਥ ਵਿੱਚ ਗੁਰਮਤਿ ਦੇ ਕਈ ਪੱਖਾਂ ਤੋਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਸਨ, ਪਰ ਫਿਰ ਵੀ ਕਈ ਅਜਿਹੀਆਂ ਕਮਜ਼ੋਰੀਆਂ ਤੋਂ ਬਚੇ ਹੋਏ ਸਨ ਜਿਹਨਾਂ ਦੇ ਅਸੀਂ ਇੱਕਵੀਂ ਸਦੀ ਵਿੱਚ ਵਿਚਰਣ ਵਾਲੇ ਸ਼ਿਕਾਰ ਹੋਏ ਪਏ ਹਾਂ।

ਗੁਰੂ ਗਰੰਥ ਸਾਹਿਬ ਸ਼ਰਧਾ ਸਹਿਤ ਜਿਊਂਦੇ ਮਾਤਾ ਪਿਤਾ ਆਦਿ ਦੀ ਸੇਵਾ ਕਰਨ ਦੀ ਪ੍ਰੇਰਨਾ ਦੇਂਦੇ ਹਨ। ਜੇਕਰ ਕੋਈ ਪਰਾਣੀ ਜਿਊਂਦੇ ਮਾਂ ਪਿਓ ਦੀ ਤਾਂ ਬਾਤ ਹੀ ਨਾ ਪੁੱਛੇ, ਮਾਪੇ ਉਸ ਨਾਲ ਗੱਲ ਕਰਨ ਨੂੰ ਤਰਸਦੇ ਰਹਿਣ, ਪਰ ਇਸ ਪਾਸ ਉਹਨਾਂ ਪਾਸ ਬੈਠਣ ਦਾ ਸਮਾਂ ਹੀ ਨਾ ਹੋਏ; ਪਰੰਤੂ ਉਹਨਾਂ ਦੀ ਮੌਤ ਮਗਰੋਂ ਉਹਨਾਂ ਨਮਿੱਤ ਪਾਠ, ਲੰਗਰ, ਦਾਨ ਪੁੰਨ ਆਦਿ ਕਰੇ ਤਾਂ ਐਸੇ ਪ੍ਰਾਣੀਆਂ ਪ੍ਰਤੀ ਹੀ ਕਬੀਰ ਸਾਹਿਬ ਆਖਦੇ ਹਨ:- ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥ (332)

ਅਤੇ ਭਾਈ ਗੁਰਦਾਸ ਜੀ ਗੁਰਮਤਿ ਦੇ ਇਸ ਸਿਧਾਂਤ ਨੂੰ ਇਸ ਤਰ੍ਹਾਂ ਵਰਣਨ ਕਰਦੇ ਹਨ:-

ਮਾਂ ਪਿਉ ਪਰਹਰਿ ਸੁਣੈ ਵੇਦੁ ਭੇਦ ਨ ਜਾਣੈ ਕਥਾ ਕਹਾਣੀ॥

ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੈ ਬਿਬਾਣੀ॥

ਮਾਂ ਪਿਉ ਪਰਹਰਿ ਕਰੈ ਪੂਜੁ ਦੇਵੀ ਦੇਵ ਨ ਸੇਵ ਕਮਾਣੀ॥

ਮਾਂ ਪਿਉ ਪਰਹਰਿ ਨਾਵਣਾ ਅਠਸਠਿ ਤੀਰਥ ਘੁੰਮਣ ਵਾਣੀ॥

ਮਾਂ ਪਿਉ ਪਰਹਰਿ ਕਰੈ ਦਾਨ ਬੇਈਮਾਨ ਅਗਿਆਨ ਪਰਾਣੀ॥

ਮਾਂ ਪਿਉ ਪਰਹਰਿ ਵਰਤ ਕਰਿ ਮਰਿ ਮਰਿ ਜੰਮੈ ਭਰਮ ਭੁਲਾਣੀ॥

ਗੁਰੁ ਪਰਮੇਸਰੁ ਸਾਰੁ ਨ ਜਾਣੀ॥ (ਵਾਰ 37 ਵੀਂ ਪਉੜੀ 13 ਵੀਂ)

ਅਰਥ: ਮਾਪਿਆਂ ਨੂੰ ਤਿਆਗ ਕੇ ਧਰਮ ਪੁਸਤਕ ਸੁਣੇ (ਉਹ ਭੇਦ) ਨਹੀਂ ਜਾਣੇਗਾ, ਕਥਾ ਸੁਣੇ (ਤਾਂ ਉਹ) ਕਹਾਣੀ ਹੀ ਹੈ। ਮਾਂ ਪਿਉ ਨੂੰ ਤਿਆਗ ਕੇ ਬਣਾਂ ਵਿਖੇ ਜਾਕੇ ਜੋ ਤਪ ਕਰਦਾ ਹੈ, ਉਹ ਬੀਆਬਾਂਨਾਂ ਵਿਖੇ ਭੁੱਲਾ ਫਿਰਦਾ ਹੈ। ਭਾਵ ਆਪਣੇ ਸਰੂਪ ਰੂਪੀ ਘਰ ਨੂੰ ਨਹੀਂ ਪਹੁੰਚਦਾ ਹੈ)। ਮਾਂ ਪਿਉ ਨੂੰ ਛੱਡ ਕੇ ਜੋ ਪੂਜਾ ਕਰਦਾ ਹੈ, ਉਸ ਦੀ ਸੇਵਾ ਕਮਾਈ ਨੂੰ ਦੇਵਤੇ ਨਹੀਂ ਮੰਨਦੇ ਹਨ। ਮਾਂ ਪਿਉ ਨੂੰ ਛੱਡ ਕੇ ਜੋ ਅਠਸਠ ਤੀਰਥਾਂ ਵਿਖੇ ਸ਼ਨਾਨ ਕਰਦਾ ਹੈ ਉਹ ਘੁੰਮਨਵਾਣੀ ਵਿਖੇ ਪਿਆ ਗ਼ੋਤੇ ਖਾਂਦਾ ਹੈ। ਮਾਂ ਪਿਉ ਨੂੰ ਛੱਡ ਕੇ ਜੋ ਦਾਨ ਕਰਦਾ ਹੈ ਉਹ (ਬੇਈਮਾਨ) ਅਧਰਮੀ ਅਤੇ ਅਗਿਆਨੀ ਪ੍ਰਾਣੀ ਹੈ। ਮਾਂ ਪਿਉ ਨੂੰ ਛੱਡ ਕੇ ਵਰਤ ਨੇਮ ਕਰਨਹਾਰਾ (ਚੌਰਾਸੀ ਲੱਖ ਜੂਨੀਆਂ) ਵਿਖੇ ਭਰਮ ਦਾ ਭੁੱਲਾ ਹੋਇਆ ਪਿਆ ਫਿਰਦਾ ਹੈ। ਗੁਰੂ ਅਤੇ ਪਰਮੇਸਰ ਦੀ ਸਾਰ ਉਸ ਨੇ ਨਹੀਂ ਜਾਤੀ। (ਗਿਆਨੀ ਹਜ਼ਾਰਾ ਸਿੰਘ) ਨੋਟ: ਦ੍ਰਿਸ਼ਟਾਂਤ ਦਾ ਹਮੇਸ਼ਾਂ ਇੱਕ ਅੰਗ ਹੀ ਲਈਦਾ ਹੈ, ਇਸ ਨਿਯਮ ਨੂੰ ਸਾਹਮਣੇ ਰੱਖ ਕੇ ਹੀ ਭਾਈ ਗੁਰਦਾਸ ਜੀ ਦੀ ਇਸ ਪਉੜੀ ਨੂੰ ਸਮਝਣਾ ਹੈ।

ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਸਿੱਖੀ ਵਿੱਚ ਅਕਾਲ ਚਲਾਣਾ ਕਰ ਚੁੱਕੇ ਪਿੱਤਰਾਂ ਦੇ ਨਮਿਤ ਸ਼ਰਾਧ ਆਦਿ ਰਾਂਹੀ ਤ੍ਰਿਪਤ ਕਰਨ ਵਾਲੀ ਧਾਰਣਾ ਨੂੰ ਪ੍ਰਵਾਣ ਨਹੀਂ ਕੀਤਾ ਗਿਆ ਹੈ। ਇਸ ਲਈ ਸ਼ਰਾਧ ਦਾ ਗੁਰਮਤਿ ਵਿੱਚ ਕੋਈ ਮਹੱਤਵ ਨਹੀਂ ਹੈ। ਹਾਂ, ਜੀਊਂਦੇ ਬਜ਼ੁਰਗਾਂ ਦੀ ਹਰ ਤਰ੍ਹਾਂ ਨਾਲ ਸੇਵਾ ਸੰਭਾਲ ਕਰਨ ਦੀ ਪੁਰਜ਼ੋਰ ਸ਼ਬਦਾਂ ਵਿੱਚ ਤਾਗੀਦ ਕੀਤੀ ਗਈ ਹੈ। ਸਾਨੂੰ ‘ਗਰੀਬ ਦਾ ਮੂੰਹ ਗੁਰੂ ਕੀ ਗੋਲਕ’ ਵਾਲੇ ਭਾਵ ਨੂੰ ਸਾਹਮਣੇ ਰੱਖਣ ਦੀ ਲੋੜ ਹੈ।

ਜਸਬੀਰ ਸਿੰਘ ਵੈਨਕੂਵਰ
.