ਮੇਰਾ ਬਾਬਾ ਕਿਹੜਾ? ਬੁੱਤ ਵਾਲਾ ਜਾਂ ਗੁਰਬਾਣੀ ਵਾਲਾ?
ਗੁਰਦੇਵ ਸਿੰਘ
ਸੱਧੇਵਾਲੀਆ
ਗੁਰੂ ਨਾਨਕ ਸਾਹਿਬ ਦੇ ਪੁਰਬ ਉਪਰ
ਅਸੀਂ ਕਿਉਂ ਨਾ ਦੇਖੀਏ ਕਿ ਗੁਰਬਾਣੀ ਵਿਚਲੇ ਸੱਚ ਵਰਗੇ ਗੁਰੂ ਅਤੇ ਮੂਰਤੀ ਜਾਂ ਕਹਾਣੀਆਂ ਵਿਚਲੇ
ਗੁਰੂ ਵਿੱਚ ਕੀ ਫਰਕ ਹੈ। ਤੇ ਫਿਰ ਜਾਣੀਏ ਕਿ ਮੈਨੂੰ ਕਿਹੜਾ ਗੁਰੂ ਪਿਆਰਾ ਜਾਪਦਾ ਹੈ। ਕਿਹੜਾ ਗੁਰੂ
ਸੱਚ ਮੂਰਤ ਹੈ ਤੇ ਕਿਸ ਉਪਰ ਕਹਾਣੀਆਂ-ਬੁਰਸ਼ਾਂ ਦਾ ਮਲੰਮਾ ਜਿਹਾ ਚ੍ਹਾੜ ਦਿਤਾ ਗਿਆ ਹੈ। ਅੱਜ ਦੇ
ਜੁੱਗ ਦਾ ਹਾਣ ਦਾ ਕਿਹੜਾ ਗੁਰੂ ਹੈ ਤੇ ਕਿਹੜਾ ਕਹਾਣੀਆਂ ਵਾਲਾ ਗੁਰੂ ਅੱਜ ਦੀ ਮਨੁੱਖਤਾ ਦੇ ਮੇਚ ਦਾ
ਨਹੀ। ਕਿਹੜਾ ਗੁਰੂ ਉਦੋਂ ਵੀ, ਹੁਣ ਵੀ ਤੇ ਸਦਾ ਹੀ ਬੋਲਦਾ ਰਹੇਗਾ ਤੇ ਕਿਹੜਾ ਗੁਰੂ ਨਾ ਕਦੇ
ਪਹਿਲਾਂ ਨਾ ਹੁਣ ਤੇ ਨਾ ਸਦੀਆਂ ਲੰਘ ਜਾਣ ਬਾਅਦ ਹੀ ਬੋਲੇਗਾ। ਬਿੱਲਕੁਲ ਬ੍ਰਹਾਮਣ ਦੇ ਪੱਥਰ ਦੇ
ਭਗਵਾਨਾ ਵਾਂਗ। ਇੱਕ ਗੁਰੂ ਜਿਹੜਾ ਹਮੇਸ਼ਾਂ ਲਈ ਚੁੱਪ ਹੈ ਪਰ ਦੂਜਾ ਗੁਰੂ, ਕਿ ਜਿਹੜਾ ਵੀ ਪਖੰਡੀ,
ਦਲਿੱਦਰੀ, ਵਿਹਲੜ, ਜਾਲਮ ਅਗੇ ਆ ਗਿਆ ਉਸ ਬਖਸ਼ਣਾ ਨਹੀ।
ਇੱਕ ਗੁਰੂ ਨਾਨਕ, ਜਿਹੜਾ ਸ਼ਾਹੀ ਗਲੀਚਿਆਂ ਤੇ ਬੈਠਾ, ਗਲ ਰੇਸ਼ਮੀ ਚੋਲਾ, ਹੱਥ ਵਿਚ, ਗਲ ਵਿੱਚ ਤੇ
ਦਸਤਾਰ ਉਪਰ ਵੀ ਮਾਲਾ ਟੰਗੀ ਹੋਈ, ਅੱਜ ਦੇ ਬਾਬਿਆਂ ਵਰਗੇ ਕੂਲੇ-ਕੂਲੇ ਹੱਥ, ਕੂਲੇ-ਕੂਲੇ ਚਰਨ ਤੇ
ਸਮਾਧੀ ਵਿੱਚ ਲੀਨ। ਦੂਜਾ ਗੁਰੂ ਨਾਨਕ, ਮੱਨੁਖਤਾ ਦੀ ਪੀੜਾ ਦਿਲ ਲਈ, ਸ਼ਾਹੀ ਗਲੀਚਿਆਂ ਤੋਂ ਕੋਹਾਂ
ਦੂਰ, ਲੰਮੇ ਤੇ ਬਿਖੜੇ ਪੈਡਿਆਂ ਦਾ ਪਾਧੀਂ, ‘ਗਲ ਮਾਲਾ ਤਿਲਕ ਲਿਲਾਟੰ’ ਕਹਿਕੇ ਮਾਲਾ ਤੇ ਸਮਾਧੀਆਂ
ਵਾਲਿਆਂ ਨੂੰ ਮੋਢਿਉਂ ਫੜ-ਫੜ ਲਾਹਨਤਾ ਪਾਉਂਣ ਵਾਲਾ ਕਿ ਕਿਉਂ ਲੁੱਕੇ ਬੈਠੇ ਹੋ ਖੁੱਡਾਂ ਵਿਚ, ਬਾਹਰ
ਮਨੁੱਖਤਾ ਪਿਸ ਰਹੀ ਹੈ ਤੇ ਤੁਹਾਨੂੰ ਸਮਾਧੀਆਂ ਸੁਝਣ ਡਹੀਆਂ ਨੇ? ਲੰਮੇ ਪੈਡਿਆਂ ਦਾ ਕਮਾਇਆ ਸਰੀਰ,
ਤੁਰ-ਤੁਰ ਕੇ ਚਰਨਾ ਦੀਆਂ ਫਟੀਆਂ ਬਿਆਈਆਂ।
ਇੱਕ ਬਾਬਾ, ਅੱਖਾਂ ਮੀਚਦਾ ਹੈ ਕਿ ਚਲ ਮਰਦਾਨਿਆਂ ਬੇਬੇ ਨਾਨਕੀ ਨੇ ਯਾਦ ਕੀਤਾ ਹੈ ਤੇ ਕੋਹਾਂ ਤੋਂ
ਅੱਖਾਂ ਮੀਚੀ ਕਦੇ ਬੇਬੇ ਨਾਨਕੀ ਦੇ ਵਿਹੜੇ ਤੇ ਉਥੋਂ ਮੀਚੀਆਂ ਅੱਖਾਂ ਤੇ ਸ੍ਰੀ ਲੰਕਾ, ਉਥੋਂ
ਮੀਚੀਆਂ ਤੇ ਧਰੂ ਤਾਰੇ ਉਪਰ ਤੇ ਪਤਾ ਨਹੀ ਅੱਖਾਂ ਮੀਚ-ਮੀਚ ਹੀ ਬਾਬਾ ਕਿਥੇ-ਕਿਥੇ ਉਡਿਆ ਪਿਆ ਫਿਰੇ।
ਪਰ ਦੂਜਾ ਬਾਬਾ ਹੱਥ ਵਿੱਚ ਲੰਮੀ ਡਾਂਗ, ਰਾਤਾਂ ਨੂੰ, ਦਿਨਾ ਨੂੰ, ਜੰਗਲੀ ਰਸਤੇ, ਪਹਾੜੀ ਰਸਤੇ,
ਨਦੀਆਂ, ਨਾਲੇ, ਗਰਮੀ, ਸਿਆਲ, ਹੁਨਾਲ, ਬਰਸਾਤਾਂ ਪਤਾ ਨਹੀ ਕੀ-ਕੀ ਮੁਸੀਬਤਾਂ ਝੱਲਦਾ 50 ਹਜਾਰ
ਕਿਲੋ ਮੀਟਰ ਦਾ ਲੰਮਾ ਪੈਂਡਾ ਤਹਿ ਕਰਦਾ ਹੈ।
ਇੱਕ ਕਰਾਮਾਤੀ ਬਾਬਾ, ਜਿਸਨੂੰ ਪਤੈ ਕਿ ਮੇਰੇ ਕੋਲੇ ਕਰਾਮਾਤਾਂ ਹਨ ਮੈਨੂੰ ਕਿਸੇ ਦੀ ਟੈਂਅ ਮੰਨਣ ਦੀ
ਲੋੜ ਨਹੀ ਤੇ ਉਹ ਬਾਬਰ ਨੂੰ ਜਾਬਰ ਤਾਂ ਕਹਿ ਲੈਂਦਾ ਹੈ ਪਰ ਚੱਕੀ ਪੀਸਣੀ ਪੈਂਦੀ ਹੈ ਤੇ ਉਹ ਕਰਾਮਾਤ
ਦਿਖਾ ਕੇ ਬਾਹਰ ਆ ਜਾਂਦਾ ਹੈ। ਪਰ ਦੂਜਾ ਗੁਰਬਾਣੀ ਵਾਲਾ ਬਾਬਾ? ਉਹ ਕਿਸੇ ਕਰਾਮਾਤ ਦੇ ਆਸਰੇ ਨਹੀ
ਲੜ ਰਿਹਾ ਉਸ ਸਿੱਧਾਂ ਨੂੰ ਕੀ ਸਪੱਸ਼ਟ ਨਹੀ ਕਿਹਾ ਕਿ ਕੋਈ ਕਰਾਮਾਤ ਨਹੀ ਮੇਰੇ ਕੋਲ? ਮੇਰੇ ਕੋਲ
ਕੇਵਲ ਸਬਦ ਦਾ ਦੂਜੇ ਅਰਥਾਂ ਵਿੱਚ ਸੱਚ ਦਾ ਆਸਰਾ ਹੈ। ਤੇ ਉਹ ਬਾਬਰ ਨੂੰ ਵੰਗਾਰਦਾ ਹੈ ਕਿ ਤੇਰੀ ਇਹ
ਜੰਝ ਪਾਪ ਦੀ ਜੰਝ ਹੈ। ਇਹ ਜੋਰ ਨਾਲ ਕੀਤੀ ਹੋਈ ਲੁੱਟ ਹੈ, ਐ ਪੱਥਰ ਦਿੱਲ ਬਾਬਰ ਇਨਾ ਵਿਰਲਾਪ, ਇਨੀ
ਕੁਰਲਾਹਟ ਦੇਖ ਕੇ ਤੈਨੂੰ ਭੋਰਾ ਦਰਦ ਨਹੀ ਆਇਆ? ਤੇਰੇ ਵਿੱਚ ਜਰਾ ਰਹਿਮ ਨਹੀ ਕਿ ਲਹੂਆਂ ਦੇ ਵਗਦੇ
ਦਰਿਆ ਦੇਖ ਕੇ ਵੀ ਤੇਰੇ ਵਿਚਲਾ ਮਨੁੱਖ ਨਹੀ ਜਾਗਿਆ! ਤੇ ਬਾਬਰ ਨੇ ਚੁੱਕ ਕੇ ਬਾਬਾ ਜਿਹਲ ਵਿੱਚ
ਸੁੱਟ ਦਿਤਾ ਪਰ ਕੀ ਜਿਹਲ ਦੀ ਚੱਕੀ ਬਾਬੇ ਦੀ ਅਵਾਜ ਨੂੰ ਖਮੋਸ਼ ਕਰ ਸਕਦੀ ਸੀ?
ਇੱਕ ਬਾਬਾ ਕਿਰਤ ਨੂੰ ਪਹਿਲੀ ਥਾਂ ਤੇ ਰੱਖਦਾ ਹੈ। ਮਲਕ ਦੇ ਮ੍ਹਾਲ-ਪੂੜਿਆਂ ਨੂੰ ਗਰੀਬਾਂ ਦਾ ਲਹੂ
ਦੱਸਦਾ ਹੈ, ਉਸਦੀ ਮਲਕੀ ਦੀ ਬਿਨਾ ਪ੍ਰਵਾਹ ਕੀਤਿਆਂ ਉਸ ਦੇ ਮਹੱਲ ਤੇ ਮ੍ਹਾਲ-ਪੂੜੇ ਛੱਡ ਕਿਰਤੀ
ਲਾਲੋ ਦੀ ਕਾਨਿਆਂ ਦੀ ਝੁੱਗੀ ਅਤੇ ਕੋਧਰੇ ਦੀ ਰੋਟੀ ਤੇ ਨਿਹਾਲ ਹੁੰਦਾ ਹੈ। ਪਰ ਦੂਜਾ ਬਾਬਾ, ਪਤਾ
ਨਹੀ ਕਿਥੋਂ-ਕਿਥੋਂ ਆਏ ਪੂਜਾ ਦੇ ਧਾਨ ਦੇ ਸਜਾਏ ਹੋਏ ‘ਬਾਬਿਆਂ’ ਵਲੋਂ ਮ੍ਹਾਲ-ਪੂੜਿਆਂ ਦੇ ਥਾਲ
ਮੂਰਤੀ ਵਿਚੋਂ ਹੀ ਪ੍ਰਗਟ ਹੋ ਕੇ ਅਨੰਦ ਨਾਲ ਛੱਕਦਾ ਹੈ ਤੇ ਛੱਕ ਕੇ ਮੂਰਤੀ ਵਿੱਚ ਹੀ ਅਲੋਪ ਹੋ
ਜਾਂਦਾ ਹੈ।
ਇਕ ਬਾਬਾ 35 ਹਜਾਰ ਮੀਲ ਸਫਰ ਤਹਿ ਕਰਕੇ ਵੀ ਅਖੀਰੀ ਉਮਰੇ ਹੱਥੀਂ ਹੱਲ ਵਾਹ ਕੇ, ਕਿਰਤ ਕਰਕੇ ਦੱਸਦਾ
ਕਿ ਇੰਝ ਕਿਰਤ ਕਰਕੇ ਅਪਣਾ ਘਰ ਗ੍ਰਹਿਸਤ ਚਲਾ ਕੇ ਤੇ ਆਏ ਗਏ ਗੁਰਸਿੱਖਾਂ ਨੂੰ ਛਕਾ ਕੇ ਜੀਵਨ
ਨਿਰਬਾਹ ਕੀਤਾ ਜਾਂਦਾ ਹੈ ਤੇ ਨਾਲ ਹੀ ਵਿਹਲੜ ਨੂੰ ਮਖੱਟੂ, ‘ਅਪਦਾ ਕਾ ਮਾਰਾ ਗ੍ਰਹਿ ਤੇ ਨਸਦਾ’
‘ਉਜਾੜੇ ਕਾ ਬੰਧ’ ‘ਜਤੀ ਸਦਾਵੈ ਜੁਗਤ ਨ ਜਾਣੈ ਛਡ ਬਹੈ ਘਰ ਬਾਹਰ’ ਵਰਗੇ ਕਰੜੇ ਬੱਚਨਾ ਨਾਲ ਰੱਦ ਕਰ
ਦਿੰਦਾ ਹੈ। ਦੂਜਾ ਬਾਬਾ ਅਜਿਹੇ ਉਜਾੜੇ ਕਾ ਬੰਧ, ਕਿਰਤੋਂ ਭਗੋੜੇ ਘਰ ਬਾਰ ਛੱਡੀ ਬੈਠੇ ਤੇ ਅਪਣੇ ਆਪ
ਨੂੰ ਬੇਹੰਗਮ ਅਖਵਾਉਂਣ ਵਾਲਿਆਂ ਦੇ ਡੇਰਿਆਂ ਵਿੱਚ ਬੜੇ ‘ਟੌਹਰ’ ਨਾਲ ‘ਮਲਕਾਂ’ ਦੇ ਗਲੀਚਿਆਂ ਤੇ
ਬੈਠਾ ਉਹਨਾ ਦੇ ਵੰਨ-ਸੁਵੰਨੇ ਥਾਲ ਛੱਕ ਰਿਹਾ ਹੈ।
ਇੱਕ ਗੁਰੂ ਨਾਨਕ ਪੱਥਰਾਂ ਦੀਆਂ ਮੂਰਤੀਆਂ ਪੂਜਣ ਵਾਲੇ ਨੂੰ ‘ਮੁਗਧ ਗਵਾਰ’ ‘ਮੂਲੇ ਭੂਲੇ’ ਆਦਿ
ਕਹਿਕੇ ਗੂੰਗੇ ਰੱਬਾਂ ਨੂੰ ਲੰਮੇ ਹੱਥੀ ਲੈਂਦਾ ਹੈ ਪਰ ਦੂਜੇ ਪਾਸੇ ਉਹੀ ਗੁਰੂ ਨਾਨਕ ਖੁਦ ਇੱਕ ਮੂਰਤ
ਬਣਿਆ ਹੋਇਆ ਡੇਰੇਦਾਰਾਂ ਦੇ ਮਹੱਲਾਂ ਵਿੱਚ ਬੈਠਾ ਮੁਸਕਰਾ ਰਿਹਾ ਹੈ। ਇੱਕ ਗੁਰੂ ਨਾਨਕ ਜਾਤ-ਪਾਤ
ਦੀਆਂ ਵਲਗਣਾ ਵਿੱਚ ਵਲੇ ਹੋਏ, ਮਨੁੱਖ ਨੂੰ ਹੀ ਮਨੁੱਖ ਨਾਲੋਂ ਉਚਾ ਨੀਵਾ ਸਮਝਣ ਵਾਲੇ ਲੋਕਾਂ ਨਾਲੋਂ
ਸਾਰੇ ਨਾਤੇ ਤੋੜ ਲੈਂਦਾ ਹੈ ਪਰ ਦੂਜਾ ਗੁਰੂ ਨਾਨਕ ਉਸੇ ਜਾਤ ਪ੍ਰਣਾਲੀ ਨੂੰ ਮੰਨਣ ਵਾਲਿਆਂ, ਚੂਹੜਾ
ਚਮਿਆਰ ਕਹਿਕੇ ਫਿਟਕਾਰਨ ਵਾਲਿਆਂ ‘ਮਹਾਂਪੁਰਖਾਂ’ ਨੂੰ ਸੁਪਨਿਆਂ ਵਿੱਚ ਚੋਰੀ-ਚੋਰੀ ਆ ਕੇ ਮਿਲਦਾ ਤੇ
ਕਈ ਵਰ ਦੇ-ਦੇ ਕੇ ‘ਨਿਹਾਲੋ-ਨਿਹਾਲ’ ਕਰਦਾ ਹੈ।
ਪਰ ਯਾਦ ਰਹੇ ਕਿ ਗੁਰੂ ਮੇਰਾ ਇੱਕੋ ਹੀ ਹੈ ਜਿਹੜਾ ਬੋਲਦਾ ਹੈ, ਹਰੇਕ ਸਮੇ ਬੋਲਦਾ ਹੈ, ਜਿਹੜਾ
ਲਾਲੋਆਂ ਦਾ ਯਾਰ ਹੈ, ਜਿਹੜਾ ਜੁਲਮਾਂ ਜਾਬਰਾਂ ਪਖੰਡੀਆਂ ਦੇ ਖਿਲਾਫ ਹੈ ਤੇ ਬੜਾ ਸਮੱਸ਼ਟ ਹੈ ਪਰ
ਭਰਾਵੋ! ਓਹ ਦੂਜਾ ਗੁਰੁ ਬੜਾ ‘ਪਾਪੂਲਰ’ ਹੋ ਰਿਹਾ ਹੈ ਜਿਹੜਾ ਸਿੱਖਾਂ ਦੇ ਪੰਡਤਾਂ ਤੇ ਮੁਲਾਣਿਆਂ
ਦਾ ਯਾਰ ਹੈ, ਜਿਹੜਾ ਚੌਧਰੀਆਂ ਦੇ ਕਬਜਿਆਂ ਦੀਆਂ ਅਰਦਾਸਾਂ ਸੁਣਦਾ ਹੈ, ਜਿਹੜਾ ਵਿਹਲੜ ਬਾਬਿਆਂ ਦੇ
ਥਾਲਾਂ ਦੇ ਭੋਗ ਲਾਉਂਦਾ ਹੈ, ਜਿਹੜਾ ਸਮਾ ਪੈਣ ਤੇ ਮੂਰਤ ਵਿੱਚ ਬੈਠਾ ਤਮਾਸ਼ਾ ਦੇਖਦਾ ਹੈ ਪਰ ਬੋਲਦਾ
ਨਹੀ ਪਰ ਯਕੀਨਨ ਇਹ ਮੇਰਾ ਗੁਰੁ ਨਾਨਕ ਨਹੀ ਫਿਰ ਪਤਾ ਨਹੀ ਕਿਉਂ ਇਸ ਦੀ ਸੋਭਾ ਗਾਈ ਜਾ ਰਹੀ ਹੈ ਪਤਾ
ਕਰੋ ਕੌਣ ‘ਪ੍ਰਗਟ’ ਹੋ ਗਿਆ ਹੈ ਜਿਹੜਾ ਮਲਕੋਆਂ ਦੇ ਯਾਰਾਂ ਦੇ ਭੋਗ ਲਾਉਂਦਾ ਹੈ, ਜਿਹੜਾ ਸਮੇ ਦੇ
ਹਾਕਮਾ ਦੇ ਜੀ-ਹਜੂਰੀਆਂ ਦੇ ਡੇਰਿਆਂ ਵਿੱਚ ਬੜੀ ਸ਼ਾਨ ਨਾਲ ਰਹਿ ਰਿਹਾ ਹੈ ਜਾਪਦਾ ਹੈ, ਜਿਹੜਾ ਬੁੱਤ
ਬਣਾ ਕੇ ਸ਼ਾਹੀ ਗਲੀਚਿਆਂ ਤੇ ਪੱਕੇ ਤੌਰ ਤੇ ਬੈਠਾ ਦਿੱਤਾ ਗਿਆ ਹੈ ਪਰ ਕਿਸੇ ਬਾਬਰ ਜਾਬਰ ਦੇ ਖਿਲਾਫ
ਉਹ ਮੂੰਹ ਨਹੀ ਖੋਲੇਗਾ। ਗੁਰੂ ਦੇ ਇਸ ਮਹਾਨ ਪੁਰਬ ਤੇ ਇਨਾ ਤਾਂ ਪਤਾ ਕਰੀਏ ਕਿ ਅਸਲੀ ਗੁਰੂ ਨਾਨਕ
ਕਿਤੇ ਰੰਗ-ਬਰੰਗੀਆਂ ਮੂਰਤੀਆਂ ਜਾਂ ਪੱਥਰਾਂ ਦੇ ਬੁੱਤਾਂ ਵਿੱਚ ਲੁਕਾ ਤਾਂ ਨਹੀ ਦਿਤਾ ਗਿਆ ਤੇ
ਬ੍ਰਹਾਮਣ ਦੇ ਗੁੰਗੇ ਭਗਵਾਨਾਂ ਵਾਂਗ ਸਾਡੇ ਵੀ ਹੱਥ ਇੱਕ ਗੁੰਗਾ ਬੁੱਤ ਦੇ ਦਿਤਾ ਗਿਆ ਹੈ! ਆਓ
ਲੱਭੀਏ ਅਪਣੇ ਬਾਬੇ ਨੂੰ, ਜਿਸਦੇ ਪਾਵਨ ਬੋਲ ਜਾਲਮ ਲਈ ਅੱਗ ਵਰਗੇ ਹਨ ਜਿਵੇਂ, ‘ਰਾਜੇ ਸ਼ੀਹ ਮਕੁਦਮ
ਕੁਤੇ’ ‘ਰਾਜੇ ਪਾਪ ਕਮਾਵਦੇ’ ‘ਕਲ ਆਈ ਕੁਤੇ ਮੁਹੀ ਖਾਜ ਹੋਆ ਮੁਰਦਾਰ’ ‘ਪਾਪ ਕੀ ਜੰਝ ਲੈ ਕਾਬਲੋਂ
ਧਾਇਆ’ ਆਦਿ। ਧਰਮ ਦੇ ਪਹਿਰਾਵਿਆਂ ਹੇਠ ਲੁੱਕੇ ਬੈਠ ਠੱਗਾਂ ਦੀਆਂ ਹਿੱਕਾਂ ਵਿੱਚ ਤੀਰ ਵਾਂਗ ਵੱਜਦਾ
ਹਨ ਜਿਵੇਂ, ‘ਕਾਦੀ ਕੂੜ ਬੋਲ ਮਲ ਖਾਇ ਬਾਹਮਣ ਨਾਵੈ ਜੀਆਂ ਘਾਇ’ ‘ਗਲ ਮਾਲਾ ਤਿਲਕ ਲਿਲਾਟੰ ਦੋਇ
ਧੋਤੀ ਬਸਤ੍ਰ ਕਪਾਟੰ’।
ਗੁਰੂ ਨਾਨਕ ਅਤੇ ਸੱਚ, ਦੋ ਗੱਲਾਂ ਨਹੀ। ਸੱਚ ਨੂੰ ਗੁਰੂ ਨਾਲੋਂ ਨਿਖੇੜਿਆ ਜਾ ਹੀ ਨਹੀ ਸਕਦਾ। ਇਹੀ
ਕਾਰਨ ਹੈ ਕਿ ਗੁਰੂ ਦੀ ਸੋਚ ਨੇ ਅੱਗੇ ਜਾ ਕੇ ਜਦ ਜੋਰ ਫੜਿਆ ਤਾਂ ਤਤੀਆਂ ਤਵੀਆਂ ਤੋਂ ਲੈ ਕੇ
ਚਾਂਦਕੀ ਚੌਕਾਂ, ਮਾਛੀਵਾੜੇ ਦੇ ਜੰਗਲਾਂ, ਸਰਹੰਦ ਦੀਆਂ ਦੀਵਾਰਾਂ, ਟੋਕੇ, ਰੰਬੀਆਂ, ਚਰਖੜੀਆਂ,
ਆਰਿਆ ਆਦਿ ਤੋਂ ਹੁੰਦਾ ਹੋਇਆ ਗੁਰੂ ਨਾਨਕ ਦੇ ਸੱਚ ਦਾ ਸਫਰ ਹਾਲੇ ਤੱਕ ਨਹੀ ਮੁੱਕਿਆ ਅਤੇ ਯਕੀਨਨ ਇਹ
ਪੰਧ ਮੁਕੇਗਾ ਵੀ ਨਹੀ। ਸੱਚ ਅਤੇ ਝੂਠ ਦੀ ਲੜਾਈ ਰਹੀ ਹੈ ਤੇ ਰਹੇਗੀ। ਜਿਥੇ ਵੀ ਗੁਰੂ ਦੀ ਸੋਚ ਮੋਢੇ
ਛੰਡੇਗੀ ਉਥੇ ਹੀ ਟਕਰਾ ਤਾਂ ਹੋਵੇਗਾ ਹੀ। ਇਹੀ ਕਾਰਨ ਹੈ ਕਿ ਸਿੱਖ ਕੌਮ ਕਦੇ ਵੀ ਅਪਣੀ ਜਿੰਦਗੀ
ਵਿੱਚ ਟਿੱਕ ਕੇ ਨਹੀ ਬੈਠੀ ਤੇ ਨਾ ਹੀ ਬਹੇਗੀ। ਇਸ ਦੀਆਂ ਅਪਣੀਆਂ ਮੁਸ਼ਕਲਾਂ ਜੇ ਹੱਲ ਹੋ ਵੀ ਜਾਣ
ਤਾਂ ਇਸ ਗਵਾਢੀਆਂ ਨੂੰ ਬਚਾਉਂਣ ਤੁਰ ਪੈਣਾ ਹੈ ਕਿਉਂਕਿ ਇਸ ਦੇ ਬੋਲਣ ਵਾਲੇ ਗੁਰੂ ਨੇ ਇਸ ਨੂੰ
ਦੱਸਿਆ ਹੀ ਇਹ ਹੈ।
ਇਸ ਸੰਦਰਭ ਵਿਚੋਂ ਸਿੱਖਾਂ ਵਿਚਲੀਆਂ ਜੇ ਤਲਖੀਆਂ ਨੂੰ ਵੇਖਿਆ ਜਾਵੇ ਤਾਂ ਨਿਰਾਸ਼ ਹੋਣ ਦੀ ਬਜਾਇ ਇੱਕ
ਆਸਵੰਦੀ ਗੱਲ ਹੈ ਕਿ ਗੁਰੂ ਨਾਨਕ ਦੇ ਜਿਉਂਦੇ ਜਾਗਦੇ ਸੱਚ ਨੇ ਕਦੇ ਵੀ ਦੁਨੀਆਂ ਨੂੰ ਮੂਰਖ ਬਣਾ ਕੇ
ਲੁੱਟਣ ਵਾਲੇ ਲੋਟੂ ਨਿਜਾਮ ਨੂੰ, ਪੰਡਤ ਨੂੰ, ਮੁਲਾਣੇ ਜਾਂ ਘਰਬਾਰ ਤਿਆਗੀ ਫਿਰਦੇ ਜੋਗੀ ਨੂੰ
ਪ੍ਰਵਾਨ ਨਹੀ ਕੀਤਾ ਨਾ ਕਰਨਾ ਹੈ ਚਾਹੇ ਉਹ ਖੁਦ ਗੁਰੂ ਦੇ ਅਪਣੇ ਘਰ ਵਿੱਚ ਕਿਉਂ ਨਾ ਘੁੱਸ ਬੈਠੇ
ਹੋਣ।