.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਮਤਿ ਵਿੱਚ ਆਤਮਾ ਦਾ ਸੰਕਲਪ

ਭਾਗ ਦੂਜਾ

ਆਤਮਾ ਮਹਾਨ ਕੋਸ਼ ਅਨੁਸਾਰ ਕੀ ਹੈ--

ਭਾਈ ਕਾਹਨ ਸਿੰਘ ਜੀ ਨਾਭਾ ਅੱਗੇ ਲਿਖਦੇ ਹਨ---ਵੇਦਾਂਤ ਮਤ ਅਨੁਸਾਰ ਅਵਿਦਿਆ ਵਿੱਚ ਚੇਤਨ ਦਾ ਅਭਿਆਸ (ਅਕਸ), ਅਵਿਦਿਆ ਦਾ ਅਧਿਸ਼ਾਨ ਚੇਤਨ ਅਤੇ ਅਵਿਦਿਆ, ਇਹਨਾਂ ਤਿੰਨਾਂ ਦਾ ਸਮੁਦਾਇ ਜੀਵਾਤਮਾ ਇੱਕ ਹੈ, ਜਿਵੇਂ ਸੂਰਜ ਦਾ ਪ੍ਰਤੀਬਿੰਬ ਹਜ਼ਾਰਾਂ ਘੜਿਆਂ ਵਿੱਚ ਇੱਕ ਹੈ, ਤਿਵੇਂ ਅਨੇਕ ਸਰੀਰਾਂ ਵਿੱਚ ਜੀਵਾਤਮਾ ਹੈ, ਇਸ ਵਾਸਤਵ ਤੋਂ ਸੱਚਦਾਨੰਦ ਰੂਪ ਅਤੇ ਦੇਸ਼ ਕਾਲ ਵਸਤੁ ਪਰਿਛੇਦ ਰਹਿਤ ਹੈ, ਜੀਵਾਤਮਾ ਬ੍ਰਹਮ ਤੋਂ ਵੱਖ ਨਹੀਂ, ਕੇਵਲ ਉਪਾਧਿ ਕਰਕੇ ਅਲਗ ਹੋ ਰਿਹਾ ਹੈ, ਅਰ ਉਪਾਧਿ ਨੇ ਹੀ ਜੀਵ ਈਸ਼ਵਰ ਭੇਦ ਕਰ ਰੱਖੇ ਹਨ। ਮਾਇਆ ਵਿੱਚ ਬ੍ਰਹਮ ਦਾ ਅਭਿਆਸ, ਮਾਇਆ ਦਾ ਅਧਿਸ਼ਾਨ ਚੇਤਨ ਅਤੇ ਮਾਇਆ, ਇਹਨਾਂ ਤਿੰਨਾਂ ਦਾ ਸਮੁਦਾਇ ਈਸ਼ਵਰ ਹੈ, ਜੋ ਤ੍ਰਿਗੁਣਾਤੀਤ ਹੈ ਉਹ ਪਰਬ੍ਰਹਮ ਹੈ, ਜੇ ਵਿਚੋਂ ਮਾਇਆ ਅਤੇ ਅਵਿਦਿਆ ਨੂੰ ਹਟਾ ਦਈਏ ਤਦ ਕੇਵਲ ਸ਼ੁਧ ਬ੍ਰਹਮ ਰਹਿ ਜਾਂਦਾ ਹੈ, ਅਨਿਸ਼ਵਰਵਾਦੀ ਹੋਰ ਪਦਾਰਥਾਂ ਵਾਂਙ ਜੀਵਾਤਮਾ ਨੂੰ ਭੀ ਪਰਿਣਾਮੀ ਅਤੇ ਅਨਿੱਤ ਮੰਨਦੇ ਹਨ, ਵਿਗਿਅਨਿਕ (ਸਾਇੰਸਦਾਨ) ਤਚਮਸਤਿਸ਼ਕ ਦੇ ਸ਼ਿਰਾਸਫੋਟੀ ਜੀਵੂਆਣੂਆਂ ਦਾ ਗੁਣ ਮੰਨਦੇ ਹਨ।

ਭਾਈ ਕਾਹਨ ਸਿੰਘ ਜੀ ਨਾਭਾ ਅੱਗੇ ਲਿਖਦੇ ਹਨ "ਆਤਮਾ ਪਰਮਾਤਮਾ ਏਕੋ ਕਰੈ" ਧਨਾਸਰੀ ਮ: ੧, ੨. ਪਰਮਾਤਮਾ, ਪਾਰਬ੍ਰਹਮ, ਵਾਹਗੁਰੂ, "ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ॥ ਆਤਮੇ ਨੋ ਆਤਮੇ ਦੀ ਪ੍ਰਤੀਤ ਹੋਇ, ਤਾ ਘਰ ਹੀ ਪਰਚਾ ਪਾਇ"॥ ਸਲੋਕ ਮ: ੩ ਪੰਨਾ ੮੭—॥

੩. ਅੰਤਹਕਰਣ, ਮਨ, ਚਿੱਤ— "ਆਤਮਾ ਅਡੋਲ ਨ ਡੋਲਈ, ਗੁਰ ਕੈ ਭਾਇ ਸੁਭਾਇ"॥ ਸਲੋਕ ਮ: ੩ ਪੰਨਾ ੮੭—॥

੪. —ਸੁਭਾਉ, ਸੁਭਾਵ।

੫. —ਸਰੀਰ, ਦੇਹ। ੬. —ਧੀਰਜ ਧ੍ਰਿਤਿ। ੭. —ਬੁੱਧਿ। ੮. ਸੂਰਜ। ੯. ਅਗਨਿ, ੧੦. ਪਵਨ, ਹਵਾ। ੧੨. ਪੁੱਤਰ।

‘ਆਤਮਾ’ ਦੇ ਸਿੱਧੇ—ਸਾਧੇ ਅਰਥਾਂ ਨੂੰ ਗੁੰਝਲ਼ਦਾਰ ਬਣਾ ਕੇ ਇੰਜ ਪੇਸ਼ ਕੀਤਾ ਗਿਆ ਹੈ ਜਿਵੇਂ ਮਨੁੱਖ ਕੋਈ ਸਰਾਪ ਭੁਗਤਣ ਲਈ ਜ਼ਮੀਨ `ਤੇ ਆਇਆ ਹੋਵੇ ਤੇ ਅਗਲਾ ਸਰਾਪ ਭੁਗਤਣ ਲਈ ਤਿਆਰ ਰਹੇ। ਪਰ ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ‘ਆਤਮਾ’ ਨਾਲ ਜਿੰਨੇ ਕੁ ਸਬੰਧਿਤ ਸ਼ਬਦ ਹਨ ਉਹਨਾਂ ਸਾਰਿਆਂ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ। ਇਸ ਲਈ ਸਭ ਤੋਂ ਪਹਿਲੋਂ ‘ਆਤਮ’ ਸ਼ਬਦ ਤੋਂ ਸ਼ੁਰੂ ਕਰਾਂਗੇ—

‘ਆਤਮ’ ---ਆਤਮਨ, ਸੰਗਿਆ—ਪਾਰਬ੍ਰਹਮ, ਵਾਹਗੁਰ, ਕਰਤਾਰ—ਭਾਵ ਪ੍ਰਮਾਤਮਾ ਦੀ ਹੋਂਦ—ਜਿਸ ਦੇ ਮਨ ਵਿੱਚ ਪਰਮਾਤਮਾ ਦੀ ਭੈ-ਭਾਵਨੀ ਵਾਲੇ ਗੁਣ ਵੱਸ ਜਾਣ ਉਸ ਨੂੰ ਚਾਰ-ਚੁਫੇਰੇ ਦੁਸ਼ਮਣੀਆਂ ਨਹੀਂ ਅਪਣੱਤ ਦਿੱਸੇਗੀ ਜਿਹਾ ਕਿ ਗੁਰਵਾਕ ਹੈ –ਤੇ ਜਿਹੜਾ ਇਸ ਗੁਣ ਨੂੰ ਆਪਣੇ ਸੁਭਾਅ ਦਾ ਅੰਗ ਬਣਾ ਲੈਂਦਾ ਹੈ ਉਹ ਜੀਵਨ ਦੀ ਸੰਪੂਰਨਤਾ ਨੂੰ ਪਰਵਾਨ ਚੜ੍ਹਦਾ ਹੈ। ‘ਸੋ ਦਾਸੁ ਦਰਗਾਹ ਪਰਵਾਨੁ’ --

ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ॥ ਤਿਸ ਕਾ ਨਾਮੁ ਸਤਿ ਰਾਮਦਾਸੁ॥

ਆਤਮ ਰਾਮੁ ਤਿਸੁ ਨਦਰੀ ਆਇਆ॥ ਦਾਸ ਦਸੰਤਣ ਭਾਇ ਤਿਨਿ ਪਾਇਆ॥

ਸਦਾ ਨਿਕਟਿ ਨਿਕਟਿ ਹਰਿ ਜਾਨੁ॥ ਸੋ ਦਾਸੁ ਦਰਗਹ ਪਰਵਾਨੁ॥ ਸੁਖਮਨੀ ਪੰਨਾ ੨੭੫—

‘ਆਤਮ’, ‘ਜੀਵਾਤਮਾ’ --ਪਰਮਾਤਮਾ ਦਾ ਨਿਯਮ ਜੋ ਸਾਰੇ ਜੀਵਾਂ ਲਈ ਇਕਸਾਰ ਹੈ ਤੇ ਉਹ ਨਿਯਮ ਜੋ ਮਨੁੱਖੀ ਸਰੀਰ ਨੂੰ ਪੈਦਾ ਕਰਦਾ ਹੈ—ਮਨੁੱਖੀ ਸਰੀਰ ਦੇ ਅੰਦਰ ਚੱਲ ਰਹੀ ਕੁਦਰਤੀ ਪ੍ਰਣਾਲ਼ੀ—ਜੇਹਾ ਕਿ ਗੁਰਵਾਕ ਹੈ—

ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ॥

ਅੰਮ੍ਰਿਤ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ॥ 1॥

ਨਾਨਕ ਹਉਮੈ ਰੋਗ ਬੁਰੇ॥

ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸਬਦਿ ਧੁਰੇ॥ 1॥ ਭੈਰਉ ਮਹਲਾ ੧ ਪੰਨਾ ੧੧੫੩

ਸ਼ਬਦ ਦੀ ਵਿਚਾਰ ਦੁਆਰਾ ਇਹ ਸਮਝਿਆ ਜਾ ਸਕਦਾ ਹੈ ਕਿ ਸਾਰਿਆਂ ਮਨੁੱਖਾਂ ਵਿੱਚ ਇੱਕ ਪਰਮਾਤਮਾ ਦਾ ਹੀ ਨਿਯਮ ਚੱਲਦਾ ਹੈ ਤੇ ਸ਼ਬਦ (ਗੁਰਬਾਣੀ ਉਪਦੇਸ਼) ਦੀ ਪਹਿਛਾਣ ਦੁਆਰਾ ਅਸੀਂ ਹਊਮੈ ਰੋਗ ਨੂੰ ਕੱਟ ਸਕਦੇ ਹਾਂ। ਮਨੁੱਖ, ਮਨੁੱਖੀ ਸਰੀਰ ਵਾਂਗ ਹੀ ‘ਆਤਮਾ’ ਨੂੰ ਮੰਨ ਬੈਠਾ ਹੈ ਪਰ ਜੀਵ ‘ਆਤਮਾ’ ਇੱਕ ਨਿਯਮਾਵਲੀ ਹੈ ਜੋ ਨਿਯਮਤ ਰੂਪ ਵਿੱਚ ਚੱਲ ਰਹੀ ਹੈ। ‘ਆਤਮੁ ਚੀਨਸਿ ਗੁਰ ਬੀਚਾਰਾ’ —ਆਪਣੇ ਅੰਦਰ ਚੱਲ ਰਹੇ ਗੁਣਾਂ ਤਥਾ ਅਵਗੁਣਾਂ ਨੂੰ ਸਮਝਣਾ ਭਾਵ ਗੁਰੂ ਦੀ ਮਤ ਰਾਂਹੀ ਵਿਚਾਰਨਾ ਤਾਂ ਕਿ ਹਊਮੇ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।

‘ਆਤਮ’ ਨੂੰ ‘ਅੰਤਹਕਰਣ’ ਜਾਂ ਮਨ ਵੀ ਕਿਹਾ ਗਿਆ ਹੈ—

ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ॥ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ॥

ਪ੍ਰਮਾਤਮਾ ਦੇ ਗੁਣਾਂ ਨੂੰ ਮਨ ਵਿੱਚ ਵਸਾਉਣ ਨਾਲ, ਜਿਸ ਨੂੰ ਸਿਮਰਨ ਕਿਹਾ ਗਿਆ ਹੈ, ਮਨ ਦੇ ਮਾੜੇ ਵਿਕਾਰਾਂ ਨੂੰ ਖ਼ਤਮ ਕਰਨ ਨਾਲ ਆਤਮਿਕ ਜਿੱਤ ਦਰਜ ਹੁੰਦੀ ਹੈ। ਇਸ ਰਸਤੇ `ਤੇ ਤੁਰਿਆਂ ਜ਼ਿੰਦਗੀ ਦੀ ਪਵਿੱਤਰ ਰੀਤ ਬਣਦੀ ਹੈ। ‘ਆਤਮ’ ਕੋਈ ਵੱਖਰਾ ਪੁਰਜ਼ਾ ਨਹੀਂ ਹੈ ਮਨ ਦੀ ਸੋਚ ਦਾ ਨਾਂ ‘ਆਤਮ’ ਜਾਂ ਅੰਤਹਕਰਣ ਹੈ।

‘ਆਤਮੁ ਜੀਤਾ’ —ਭੈੜੀਆਂ ਸੋਚਾਂ ਤੇ ਕਾਬੂ ਪਾਉਣਾ ਤੇ ਵਿਕਾਰਾਂ ਤੋਂ ਦੂਰੀ ਬਣਾਈ ਰੱਖਣੀ।

‘ਆਤਮ’ ---ਆਪਣੇ ਆਪ ਨੂੰ ਵੀ ਕਿਹਾ ਹੈ ਜਿਹਾ ਕਿ ----

ਸਾਧੂ ਧੂਰਿ ਲਾਈ ਮੁਖਿ ਮਸਤਕਿ ਕਾਮ ਕ੍ਰੋਧ ਬਿਖੁ ਜਾਰਉ॥

ਸਭ ਤੇ ਨੀਚੁ ਆਤਮ ਕਰਿ ਮਾਨਉ ਮਨ ਮਹਿ ਇਹੁ ਸੁਖੁ ਧਾਰਉ॥

ਦੇਵਗੰਧਾਰੀ ਮਹਲਾ ੫ ਪੰਨਾ ੫੩੨

ਅੱਖ਼ਰੀਂ ਅਰਥ ਤਾਂ ਏਹੀ ਬਣਗੇ ਕਿ ਕਿਸੇ ਚੋਲ਼ੇ ਵਾਲੇ ਬਾਬੇ ਦੇ ਪੈਰੀਂ ਹੱਥ ਲਾ ਕੇ ਜਾਂ ਜਿੱਥੇ ਉਸ ਨੇ ਪੈਰ ਰੱਖਿਆ ਹੈ ਉਸ ਦੀ ਚਰਨ ਧੂੜ ਆਪਣੇ ਮੂੰਹ ਤਥਾ ਮੱਥੇ `ਤੇ ਮਲ਼ ਲਈ ਜਾਏ ਤਾਂ ਕਾਮ ਕ੍ਰੋਧ ਵਰਗੇ ਜ਼ਹਿਰੀਲੇ ਪਦਾਰਥ ਸੜ ਜਾਂਦੇ ਹਨ। ਪਰ ਇਹਨਾਂ ਤੁਕਾਂ ਵਿੱਚ ਸਾਧੂ ਧੂੜ ਦਾ ਅਰਥ ਹੈ ਗੁਰ-ਗਿਆਨ ਨੂੰ ਮੱਥੇ ਵਿੱਚ ਭਾਵ ਆਪਣੇ ਦਿਮਾਗ਼ ਵਿੱਚ ਬਿਠਾਉਣਾ ਤੇ ਉਸ ਨਿੰਮ੍ਰਤਾ ਵਰਗੇ ਮਿੱਠੇ ਬੋਲਾਂ ਨੂੰ ਹਮੇਸ਼ਾਂ ਮੂੰਹ ਨਾਲ ਬੋਲਦੇ ਰਹਿਣਾ ਤਾਂ ਕਿ ਕ੍ਰੋਧ, ਕਾਮਵਾਸ਼ਨਾਂ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਹੋ ਸਕੇ। ਇੰਜ ਕੀਤਿਆਂ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ (ਨਿੰਮ੍ਰਤਾ) ਵਾਲਾ ਸਮਝਾਂਗਾ ਜੋ ਮੇਰੇ ਲਈ ਆਤਮਿਕ ਸੁੱਖ ਦਾ ਕਾਰਨ ਹੈ— ‘ਸਭ ਤੇ ਨੀਚੁ ਆਤਮ ਕਰਿ ਮਾਨਉ’।

ਭਾਈ ਕਾਹਨ ਸਿੰਘ ਜੀ ਨਾਭਾ ਅੱਗੇ ਲਿਖਦੇ ਹਨ ਕਿ ‘ਆਤਮ’ ਦੇ ਅਰਥ ਦੇਹ ਅਤੇ ਸਰੀਰ ਵੀ ਬਣਦੇ ਹਨ।

‘ਆਤਮ’ —ਧੀਰਜ। ‘ਆਤਮ’ —ਸੁਭਾਓ

‘ਆ—ਤਮ’ ਦਾ ਸੰਧੀ-ਸ਼ੇਧ—ਗਾੜਾ ਹਨੇਰਾ ਭਾਵ ਆਗਿਆਨ ਰੂਪ ਅੰਧਕਾਰ ਜੇਹਾ ਕਿ ਗੁਰਬਾਣੀ ਵਾਕ ਹੈ -------ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ॥

ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ॥ ਮਾਰੂ ਮਹਲਾ ੧ ਪੰਨਾ ੧੦੧੩—

ਆਪਣੀਆਂ ਸੋਚਾਂ ਦੇ ਹਨੇਰੇ ਕੋਠੇ ਵਿੱਚ ਬੈਠਾ ਇਹ ਭੱਦਰ ਪੁਰਸ਼ ਕਿਸੇ ਦੇ ਗੁਣਾਂ ਨੂੰ ਘਟਾ ਘਟਾ ਕੇ ਪੇਸ਼ ਕਰਨ ਨੂੰ ਫ਼ਕਰ ਮਹਿਸੂਸ ਕਰਦਾ ਹੈ। ਇਸ ਦੀ ਅਜੇਹੀ ਅਵਸਥਾ ਹੈ ਕਿ ਇਹ ਅਠਾਹਠ ਤੀਰਥਾਂ `ਤੇ ਇਸ਼ਨਾਨ ਕਰਕੇ ਵੀ ਹਨੇਰਾ ਢੋਅ ਰਿਹਾ ਹੈ— ‘ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ’।

ਆਤਮ--ਹੱਤਿਆ—ਆਤਮਿਕ ਗੁਣਾਂ ਨੂੰ ਤਿਲਾਂਜਲ਼ੀ ਦੇਣੀ—ਮਨੁੱਖੀ ਕਮੰਜ਼ੋਰੀਆਂ ਨਾਲ ਨੱਕੋ-ਨੱਕ ਭਰਿਆ ਹੋਇਆ---

ਦੁਲਭ ਦੇਹ ਪਾਈ ਵਡਭਾਗੀ॥ ਨਾਮੁ ਨ ਜਪਹਿ ਤੇ ਆਤਮ ਘਾਤੀ॥

ਗਉੜੀ ਮਹਲਾ ੫ ਪੰਨਾ ੧੮੮ –

‘ਨਾਮੁ ਨ ਜਪਹਿ ਆਤਮ ਘਾਤੀ’ ਉਸਾਰੀ ਬਿਰਤੀ ਦਾ ਤਿਆਗ ਕਰ ਦੇਣਾ ਜਾਂ

ਆਪਣੀਆਂ ਜ਼ਿਮਵਾਰੀਆਂ ਨੂੰ ਨਾ ਸਮਝਣਾ, ਆਪਣੀ ਜ਼ਮੀਰ ਦੀ ਅੰਦਰਲੀ ਅਵਾਜ਼ ਨੂੰ ਨਾ ਸੁਣਨਾ ਜਾਂ ਅਪਣੇ ਫ਼ਰਜ਼ ਦੀ ਪਹਿਛਾਣ ਨਾ ਕਰਨੀ। ‘ਨਾਮੁ ਨ ਜਪਹਿ’ ਦਾ ਭਾਵ ਤੋਤਾ ਰਟਨੀ ਨਹੀਂ ਹੈ, ਸਗੋਂ ਆਗਿਆਨਤਾ ਤੋਂ ਦੂਰੀ ਬਣਾਉਣੀ ਹੈ

‘ਆਤਮ ਗਉਣ’ —ਸੰਗਿਆ ਆਤਮਾ ਵਿੱਚ ਪ੍ਰਵੇਸ਼ ਕਰਨਾ—ਆਤਮ ਉਪਦੇਸ਼ ਲਈ ਯਾਤਰਾ—ਜੋ ਲੋਕ ਆਪਣੇ ਪੇਟ ਦੀ ਖਾਤਰ ਕਿਸੇ ਦੀ ਕਿਰਤ ਉੱਤੇ ਪਲ਼ਦੇ ਹਨ ਉਹਨਾਂ ਨੂੰ ਸਾਧੂ ਨਹੀਂ ਕਿਹਾ ਜਾ ਸਕਦਾ ਅਸਲ ਸਾਧੂ ਤਾਂ ਉਹ ਹੈ ਜੋ ਆਪਣੇ ਅੰਦਰ ਦੀ ਸੈਰ ਕਰਕੇ ਸ਼ੁਭ ਗੁਣਾਂ ਨੂੰ ਸਾਂਭ ਕੇ ਰੱਖਦੇ ਹਨ---

ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ॥

ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ॥

ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ॥

ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ॥ 2॥ ਸਲੋਕ ਮ: 3 {ਪੰਨਾ 949}

‘ਆਤਮ ਗਉਣੁ ਕਰੇਨਿ’ ਦਾ ਅਰਥ ਇਹ ਨਹੀਂ ਕਿ ਆਤਮਾ ਇੱਕ ਸਰੀਰ ਵਿਚੋਂ ਨਿਕਲ ਕੇ ਕਿਸੇ ਦੂਸਰੇ ਸਰੀਰ ਵਿੱਚ ਚਲੀ ਜਾਂਦੀ ਹੈ। ‘ਆਤਮ ਗਉਣੁ’ ਆਤਮਿਕ ਮੰਡਲਾਂ ਦੀ ਸੈਰ ਸ਼ੁਭ ਗੁਣਾਂ ਦਾ ਹਰ ਵੇਲੇ ਚਿੰਤਨ ਕਰਦੇ ਰਹਿਣਾ ਤੇ ਬੁਰਾਈ ਦਾ ਡੱਟ ਕੇ ਵਿਰੋਧ ਕਰਨਾ ‘ਆਤਮ ਗਉਣੁ ਕਰੇਨਿ’ ਹੈ।

‘ਆਤਮ ਗੜ’ ਜਾਂ ਆਤਮ ਗੜੁ’ —ਇਸ ਦੀ ਸੰਗਿਆ ਹੈ ਮਨ ਰੂਪ ਦੁਰਗ, ਅੰਤਹਕਰਣ ਰੂਪੀ ਕਿਲ੍ਹਾ ਜਾਂ ਦੇਹ ਰੂਪ ਕਿਲ੍ਹਾ—ਜਿਹਾ ਕਿ ਵਾਕ ਹੈ---

ਦਰਸਨਿ ਤੇਰੈ ਭਵਨ ਪੁਨੀਤਾ॥

ਆਤਮ ਗੜੁ ਬਿਖਮੁ ਤਿਨਾ ਹੀ ਜੀਤਾ॥

ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਮੁ ਜੇਵਡੁ ਅਵਰੁ ਨ ਸੂਰਾ ਜੀਉ॥ 3 ਮਾਝ ਮਹਲਾ 5 ਪੰਨਾ ੯੯

‘ਦਰਸਨਿ’ ਆਦਰਸ਼ਕ ਫਿਲਾਸਫ਼ੀ ਭਾਵ ਆਤਮਿਕ ਗਿਆਨ ਨਾਲ ਸਰੀਰ ਰੂਪੀ ਨਗਰ ਨੂੰ ਪਵਿੱਤਰ ਕਰ ਲਿਆ ਹੈ ਭਾਵ ਗਿਆਨ ਇੰਦ੍ਰਿਆ ਨੂੰ ਸਮਝ ਆ ਜਾਣੀ ਤੇ ਉਹਨਾਂ ਨੇ ਇਸ ਬਾਹਰ ਭੱਜ ਰਹੇ ਔਖੇ ਮਨ ਰੂਪੀ ਕਿਲ੍ਹੇ ਨੂੰ ਆਪਣੇ ਵੱਸ ਵਿੱਚ ਕਰ ਲਿਆ ਹੈ।

‘ਆਤਮ ਗਿਆਨ’ —ਜਾਂ-- ‘ਆਤਮ ਗਿਆਨੀ’ —ਸੰਗਿਆ ਸਵਰੂਪ ਦਾ ਗਿਆਨ, ਦੂਜਾ ਪਾਰਬ੍ਰਹਮ ਨੂੰ ਸਮਝਣਾ।

‘ਆਤਮਜ’ —ਆਪਣੇ-ਆਪ ਤੋਂ ਪੈਦਾ ਹੋਇਆ। ‘ਆਤਮਜਾ’ --ਬੇਟੀ

‘ਆਤਮ-ਜੋਨੀ’ —ਮਨੋ-ਭਾਵ। ‘ਆਤਮ-ਤੀਰਥ’ --ਆਤਮਿਕ ਤੀਰਥ ਭਾਵ ਆਤਮਿਕ ਗਿਆਨ।

‘ਆਤਮਿਕ-ਤੀਰਥ’ —ਆਤਮਿਕ ਗਿਆਨ ਰੂਪੀ ਤੀਰਥ—ਜਿਹਾ ਕਿ ਆਸਾ ਰਾਗ ਵਿੱਚ ਅੰਕਤ ਹੈ—

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ॥

ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥

ਆਸਾ ਕੀ ਵਾਰ ਸਲੋਕ ਮ: ੧ ਪੰਨਾ ੪੬੮

ਬਾਹਰ ਤੀਰਥਾਂ ਤੇ ਜਾਣ ਦੀ ਲੋੜ ਨੂੰ ਰੱਦ ਕਰਦਿਆਂ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਉਸ ਧੁਰ ਅੰਦਰਲੀ ਅਸਲੀਅਤ ਨਾਲ ਤਦੋਂ ਪਛਾਣ ਹੁੰਦੀ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ `ਤੇ ਟਿਕੇ, ਆਪਣੇ ਗੁਰੂ ਜੀ ਤੋਂ ਉਪਦੇਸ਼ ਲੈ ਕੇ ਅੰਦਰਲੇ ਸ਼ੁਭ ਗੁਣਾਂ ਦੇ ਤੀਰਥ `ਤੇ ਬੈਠਾ ਰਹੇ।

‘ਆਤਮ-ਦਰਸੀ’ —ਆਪਣੀ ‘ਆਤਮਾ’ ਨੂੰ ਦੇਖਣ ਵਾਲਾ ਭਾਵ ਸ਼ੁਭ ਗੁਣਾਂ ਨੂੰ ਸਮਝਣ ਵਾਲਾ।

‘ਆਤਮ-ਗਿਆਨ’ —ਸੰਗਿਆ ਆਪਣੇ ਆਪ ਦਾ ਦਾਨ, ‘ਆਤਮ’ ਕੁਰਬਾਨੀ, ਆਤਮ ਸਰੂਪ ਦਾ ਗਿਆਨ—

ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ॥ 2॥

ਸਿਰੀ ਰਾਗ ਮਹਲਾ ੫ ਪੰਨਾ ੫੨

‘ਆਤਮ ਦ੍ਰਵਣਾ’ --ਮਨ ਪੰਘਰਨਾ—ਦਿੱਲ ਦਾ ਨਰਮ ਹੋਣਾ---ਕਿਸੇ ਦਾ ਕੋਈ ਦਰਦ ਦੇਖ ਕੇ ਉਸ ਦੀ ਸੇਵਾ ਕਰਨ ਨੂੰ ਚਿੱਤ ਕਰਨ ਨੂੰ ‘ਆਤਮ’ ਦ੍ਰਵਣਾ ਕਿਹਾ ਜਾਂਦਾ ਹੈ। ‘ਆਤਮਾ’ ਕੋਈ ਘਿਓ ਵਾਂਗ ਨਹੀਂ ਕਿ ਜਦੋਂ ਇਸ ਨੂੰ ਅੱਗ ਦੇ ਨੇੜੇ ਲਿਆਂਦਾ ਗਿਆ ਇਹ ਪਿਘਲ ਜਾਏਗੀ। ‘ਆਤਮਾ’ ਕੋਈ ਸਾਡੇ ਸਰੀਰ ਦੇ ਬਾਹਰੀ ਅੰਗਾਂ ਵਾਂਗ ਵੀ ਨਹੀਂ ਹੈ ਇਹ ਤੇ ਮਨ ਦੀ ਜਾਗੀ ਹੋਈ ਚੇਤੰਤਾ ਦਾ ਨਾਂ ‘ਆਤਮਾ’ ਹੈ।

‘ਆਤਮ-ਪ੍ਰਗਾਸ’ —ਆਤਮਾ ਵਿੱਚ ਆਤਮਿਕ ਸੂਝ ਦਾ ਚਾਨਣ ਪੈਦਾ ਹੋਣਾ--ਪਰਮਾਤਮਾ ਦੇ ਗੁਣਾਂ ਜਾਂ ਰੱਬੀ ਨਿਯਮਾਵਲੀ ਦੀ ਸਮਝ ਦਾ ਆ ਜਾਣਾ ਜਾਂ ਆਪਣੇ ਆਪ ਦੀ ਸੋਝੀ ਆ ਜਾਣੀ –ਆਤਮ-ਪ੍ਰਗਾਸ ਹੈ।

‘ਆਤਮ ਪ੍ਰਬੋਧ’ —ਪਰਮਾਤਮਾ ਦੇ ਗੁਣਾਂ ਦਾ ਇਲਮ—ਜੇਹਾ ਕਿ ਗੁਰਬਾਣੀ ਵਿੱਚ ਵਾਕ ਹੈ –

ਅਭਰ ਭਰੇ ਪਾਯਉ ਅਪਾਰੁ, ਰਿਦ ਅੰਤਰਿ ਧਾਰਿਓ॥

ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤ ਬੀਚਾਰਿਓ॥ ਪੰਨਾ ੧੩੯੭---

ਪਰਮਾਤਮਾ ਦੇ ਕੁਦਰਤੀ ਗੁਣ, ਸਾਡੀ ‘ਆਤਮਾ’ ਨੂੰ ਜਗਾਉਣ ਵਾਲੇ ਹਨ ਤੇ ਜੋ ਦੁਖ ਮਿਟਾਉਣ ਦੀ ਸਮਰੱਥਾ ਦੇ ਲਖਾਇਕ ਹਨ।

‘ਆਤਮ-ਬਸ’ —ਆਤਮ ਵਿਸ਼ਵਾਸ—ਜਿਸ ਦੇ ਕਾਬੂ ਵਿੱਚ ਆਤਮਾ ਜਿੱਤ ਹੈ। ਦੂਜਾ ਇੰਦਰੀਆਂ ਦਾ ਸੰਜਮ ਰੱਖਣਾ। ਤੀਜਾ ਖ਼ੁਦ-ਮੁਖਤਿਆਰ।

‘ਆਤਮਭੂ’ —ਆਪਣੇ ਆਪ ਤੋਂ ਪੈਦਾ ਹੋਣ ਵਾਲਾ। ਪੁਤ੍ਰ, ਬੇਟਾ।

‘ਆਤਮਰਸ’ —ਆਤਮ ਅਨੰਦ ਦਾ ਰਸ ਤਥਾ ਆਤਮਿਕ ਗਿਆਨ ਦਾ ਸੁਆਦ ----

ਗਾਵਹਿ ਇੰਦ੍ਰਾਦਿ, ਭਗਤ ਪ੍ਰਹਿਲਾਦਿਕ, ਆਤਮ ਰਸੁ ਜਿਨਿ ਜਾਣਿਓ॥ ਪੰਨਾ ੧੩੮੯—

ਜਿਸ ਗੁਰੂ ਸਾਹਿਬ ਜੀ ਨੇ ਆਤਮਿਕ ਅਨੰਦ ਮਾਣਿਆ ਹੈ ਉਹਨਾਂ ਨੂੰ ਸਾਰੇ ਗਾਉਂਦੇ ਹਨ।

‘ਆਤਮ ਰੱਖਿਆ’ —ਆਪਣਾ ਬਚਾਓ, ਆਪਣੀ ਰੱਖਿਆ ਕਰਨੀ, ਅੰਤਹਕਰਣ ਦੀ ਰਖਿਆ ਕਰਨੀ, ਚੰਗਿਆਈਆਂ ਨੂੰ ਸੰਭਾਲਣਾ ਤੇ ਬੁਰਿਆਂਈਆਂ ਨੂੰ ਬਾਹਰ ਦਾ ਰਸਤਾ ਦਿਖਾਉਣਾ –

ਸਿਰ ਮਸ੍ਤਕ ਰਖ੍ਹਾ ਪਾਰਬ੍ਰਹਮੰ, ਹਸ੍ਤ ਕਾਯਾ ਰਖ੍ਹਾ ਪਰਮੇਸ੍ਵਰਹ॥

ਆਤਮ ਰਖ੍ਹਾ ਗੋਪਾਲ ਸੁਆਮੀ, ਧਨ ਚਰਣ ਰਖ੍ਹਾ ਜਗਦੀਸ੍ਵਰਹ॥ ਪੰਨਾ 1358--

ਜੇ ਸਾਡੀ ਚੇਤੰਤਾ ਵਿੱਚ ਕੁਦਰਤੀ ਗੁਣਾਂ ਦੀ ਭਰਮਾਰ ਹੈ ਤਾਂ ਸਾਡੇ ਗਿਆਨ ਇੰਦਰੇ ਤਥਾ ਸਾਡੀ ਸੋਚਣ ਵਾਲੀ ਬਿਰਤੀ ਕਦੇ ਵੀ ਕਿਸੇ ਦਾ ਮਾੜਾ ਨਹੀਂ ਚਿਤੇਵਗੀ ਤੇ ਇਸ ਰੱਬੀ ਨਿਯਮਾਵਲੀ ਵਿੱਚ ਚੱਲਿਆਂ ਹੀ ਸਾਡੀ ਵਿਕਾਰਾਂ ਵਲੋਂ ਰੱਖਿਆ ਹੋ ਸਕਦੀ ਹੈ।

‘ਆਤਮਰਤ’ — ‘ਆਤਮਾ’ ਨਾਲ ਪ੍ਰੀਤ ਕਰਨ ਵਾਲਾ, ੨ ਜਿਸ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਈ ਹੈ। ਇੱਕ ਹੋਰ ਵੀ ਇਸ ਦਾ ਅਰਥ ਬਣਦਾ ਹੈ, ਜੋ ਆਪਣੇ ਸਰੀਰ ਦੇ ਪ੍ਰੇਮ ਵਿੱਚ ਮਗਨ ਹੈ ----

ਆਤਮ ਰਤੰ ਸੰਸਾਰ, ਗਹੰ ਤੇ ਨਰ ਨਾਨਕ ਨਿਹਫਲਹ॥ 65॥ (ਪੰਨਾ 1360)

ਜਿਹਨਾਂ ਦਾ ਧਿਆਨ ਸੰਸਾਰ ਵਲ ਨੂੰ ਲੱਗਾ ਰਹਿੰਦਾ ਹੈ ਉਹ ਹਮੇਸ਼ਾਂ ਆਤਮਿਕ ਗੁਣਾਂ ਵਲੋਂ ਪਿੱਛੇ ਰਹਿ ਜਾਂਦੇ ਹਨ।

‘ਆਤਮਰਾਮ’ —ਜਿਸ ਵਿੱਚ ਗਿਆਨੀ ਰਮਣ ਕਰਦੇ ਹਨ ----

ਗੁਰਮੁਖਿ ਮਨੁ ਸਮਝਾਈਐ ਆਤਮੁ ਰਾਮੁ ਬੀਚਾਰਿ॥ 2॥ ਪੰਨਾ ੧੮--

ਮਨ ਨੂੰ ਗੁਰੂ ਦੀ ਰਾਂਹੀਂ ਸਿੱਧੇ ਰਾਹੇ ਪਾਈਦਾ ਹੈ, ਸਰਬ ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ।

‘ਆਤਮ ਵਿਦਿਆ’ --ਉਹ ਵਿਦਿਆ ਜਿਸ ਤੋਂ ਆਤਮਿਕ ਗੁਣਾਂ ਦੀ ਸੂਝ ਆਵੇ।

‘ਆਤਮਾ ਤ੍ਰਿਬਿਧਿ’ —ਤਿੰਨਾਂ ਗੁਣਾਂ ਦੇ ਤਿੰਨ ਅਸਰ ਧਾਰਣ ਕਰਨ ਵਾਲਾ ਅੰਤਹਕਰਣ---ਸ਼ਾਤ ਰੂਪ, ਭੋਗੀ, ਕਰੋਧੀ।

‘ਆਤਮੁ’ —ਪਰਮਾਤਮਾ, ਜੀਵਾਤਮਾ ਅਤੇ ਅੰਤਹਕਰਣ ---

ਜੇਹਾ ਕਿ ਗੁਰਬਾਣੀ ਵਿੱਚ ਵਾਕ ਹੈ –

ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ॥

ਆਤਮੁ ਚੀਨੈ ਸੁ ਤਤੁ ਬੀਚਾਰੇ॥ 8॥

ਗਉੜੀ ਮਹਲਾ 1 ਪੰਨਾ 224-

ਮਨੁੱਖ ਨੇ ਸੰਸਾਰ ਵਿੱਚ ‘ਸਚਿਆਰ’ ਬਣਨਾ ਹੈ ਪਰ ‘ਸਚਿਆਰ’ ਬਣੇਗਾ ਉਹ ਜੋ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਆਪ ਦੀ ਪਹਿਛਾਣ ਕਰੇਗਾ। ਇਨਸਾਨੀਅਤ ਦੇ ਅੰਦਰਲੇ ਤਤ ਦੀ ਵੀਚਾਰ ਕਰਕੇ ਅਵਗੁਣਾਂ ਦਾ ਤਿਆਗ ਕਰਨਾ ਹੈ ਤੇ ਗੁਣਾਂ ਨਾਲ ਸਾਂਝ ਪਾਉਣੀ ਹੈ।

‘ਆਤਮੁ’ ਨੂੰ ‘ਅੰਤਹਕਰਣ’ ਵੀ ਕਿਹਾ ਗਿਆ ਹੈ –

ਸਲੋਕੁ॥ ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ॥

ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ॥ 15

ਗੁਰਮਤ ਗਿਆਨ ਦੁਆਰਾ ਹੀ ਮਨ ਨੂੰ ਵੱਸ ਵਿੱਚ ਕੀਤਾ ਜਾ ਸਕਦਾ ਹੈ ਭਾਵ ‘ਅੰਤਹਕਰਣ’ ਵਿਚੋਂ ਹੰਕਾਰ ਮੁੱਕ ਸਕਦਾ ਹੈ। ‘ਅੰਤਹਕਰਣ’ ਦੀ ਸੰਗਿਆ ਹੈ—ਅੰਤਰ ਦੀ ਇੰਦਰੀ, ਜਿਸ ਦੇ ਸੰਜੋਗ ਨਾਲ ਬਾਹਰਲੀਆਂ ਇੰਦਰੀਆਂ ਕਾਰਜ ਕਰਦੀਆਂ ਹਨ। ਇਸ ਦੇ ਚਾਰ ਭੇਦ ਹਨ –

‘ਮਨ’ —ਜਿਸ ਕਰਕੇ ਸੰਕਲਪ ਵਿਕਲਪ ਫੁਰਦੇ ਹਨ।

‘ਬੁਧਿ’ —ਜਿਸ ਤੋਂ ਵਿਚਾਰ ਤੇ ਨਿਸਚਾ ਹੁੰਦਾ ਹੈ।

‘ਚਿੱਤਿ’ —ਜਿਸ ਕਰਕੇ ਚੇਤਾ ਰਹਿੰਦਾ ਹੈ, ਜਿਸ ਨੂੰ ਯਾਦ ਜਾਂ ਸਿਮਰਨ ਵੀ ਕਿਹਾ ਹੈ।

‘ਅਹੰਕਾਰ’ —ਜਿਸ ਤੋਂ ਪਦਾਰਥਾਂ ਨਾਲ ਆਪਣਾ ਸੰਬੰਧ ਹੁੰਦਾ ਹੈ

‘ਆਤਮਾ ਜਾਂ ਅੰਤਹਕਰਣ ਦੀਆਂ ਸਾਰੀਆਂ ਖੂਬੀਆਂ ਗੁਰ-ਗਿਆਨ ਦੁਆਰਾ ਘੜੀਆਂ ਜਾ ਸਕਦੀਆਂ ਹਨ। ਜੇਹਾ ਕਿ ਵਾਕ ਹੈ --- ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ॥

ਮਿਸਾਲ ਦੇ ਤੌਰ `ਤੇ ਸਾਡੀ ਸੁਰਤਿ ਵਿੱਚ ਇਹ ਖ਼ਿਆਲ ਆਇਆ ਕਿ ਅਸੀਂ ਗੁਰਦੁਆਰੇ ਜਾਣਾ ਹੈ ਫਿਰ ਸੁਰਤ ਕੰਮ ਕਰੇਗੀ ਕਿ ਮੈਂ ਜੋੜਾ ਏਥੇ ਉਤਾਰਨਾ ਹੈ ਜਿਸ ਨੂੰ ਮਤ ਕਿਹਾ ਹੈ। ਸ਼ਬਦ ਦੀ ਵਿਚਾਰ ਨੂੰ ਆਪਣੇ ਮਨ ਵਿੱਚ ਵਸਾਉਣਾ ਹੈ ਨਾਲ ਬੁੱਧੀ ਭਾਵ ਅਕਲ ਘੜੀ ਜਾਂਦੀ ਹੈ। ਇਹਨਾਂ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਵੇਦਾਂਤ ਜਾਂ ਬ੍ਰਹਾਮਣੀ ਕਰਮ-ਕਾਂਡ ਵਾਲੀ ਗੁਰਮਤ ਵਿੱਚ ‘ਆਤਮਾ’ ਨਹੀਂ ਇਹ ਤੇ ਸਗੋਂ ਪਰਮਾਤਮਾ ਦੀ ਬਣਾਈ ਹੋਈ ਨਿਯਮਾਵਲੀ ਅਨੁਸਾਰ ਸਾਰਾ ਸੰਸਾਰ ਚੱਲ ਰਿਹਾ ਹੈ। ਅੰਦਰਲੀ ਚੇਤੰਤਾ ਦਾ ਨਾਂ ‘ਆਤਮਾ’ ਹੈ ਜੋ ਸੁਰਤੀ ਨਾਲ ਮਤ ਨੂੰ ਉੱਚਾ ਕਰਕੇ ਅਕਲ ਵਿੱਚ ਵਾਧਾ ਕਰਨਾ ਹੈ ਤਾਂ ਜੋ ਮਨ ਰੂਪੀ ਚੇਤੰਤਾ ਦੀ ਅਸਲੀ ਘਾੜਤ ਘੜੀ ਜਾਏ।




.