.

ਗੁਰਬਾਣੀ ਉਪਦੇਸ਼ ਦਾ ਸਾਰ

ਅਸੀਂ ਪਹਿਲਾਂ ਗੁਰਬਾਣੀ ਦੇ ਸਾਰ ਉਪਦੇਸ਼ ਦੀ ਸਮਝ ਮੂਲ ਮੰਤ੍ਰ ਦੀ ਗੁਰਮਤਿ ਵਿਆਖਿਆ ਤੋਂ ਸ਼ੁਰੂ ਕਰਾਂਗੇ। ਮੂਲ ਮੰਤ੍ਰ ਗੁਰਬਾਣੀ ਦਾ ਸਾਰ ਹੈ।

ਉਸ ਤੋਂ ਬਾਅਦ ‘ਗੁਰਬਾਣੀ ਗੁਰੂ’ ਤੋਂ ਵੇਦ ਬਾਣੀ ਦੀ ਵਿਚਾਰ ਸਮਝਾਂਗੇ। ਵੇਦ ਬਾਣੀ ਆਪਣੇ ਆਪ ਨੂੰ ਸੱਚ ਕਹਿੰਦੀ ਹੈ। ਗੁਰਮਤਿ ਵੇਦ ਬਾਣੀ ਦੇ ਵਿਚਾਰਾਂ ਦਾ ਪੁਰਜੋਰ ਖੰਡਨ ਕਰਦੀ ਹੈ। ਵੇਦ ਬਾਣੀ ਛੱਡੀਏ ਤਾਂ ਗੁਰਮਤਿ ਆਉਂਦੀ ਹੈ। ਗੁਰਮਤਿ ਦੀ ਸਮਝ ਆ ਜਾਵੇ ਤਾਂ ਵੇਦ ਬਾਣੀ ਤੋਂ ਵਿਸ਼ਵਾਸ ਛੁੱਟ ਜਾਂਦਾ ਹੈ।

ਉਸ ਤੋਂ ਬਾਦ ਦਸਮ ਗ੍ਰੰਥ ਦੀ ਰਚਨਾਵਾਂ ਦੀ ਵਿਚਾਰ ਸਾਨੂੰ ਆਸਾਨੀ ਨਾਲ ਸਮਝ ਆਵੇਗੀ। ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਹੀ ਗੁਰੂ ਜੋਤਿ ਸੀ, ਗੁਰੂ ਨਾਨਕ ਸਾਹਿਬ ਦਾ ਦਸਵਾਂ ਰੂਪ ਹਨ। ਪਾ: 10 ਦੀ ਬਾਣੀ ਗੁਰਬਾਣੀ ਅਨੁਕੂਲ ਹੋਣੀ ਲਾਜ਼ਮੀ ਹੈ।

ਕਵੀਆਂ ਦੀਆਂ ਰਚਨਾਵਾਂ ਵੇਦ ਬਾਣੀ ਦੇ ਆਧਾਰ ਤੇ ਹੋ ਸਕਦੀਆਂ ਹਨ। ਕੁੱਝ ਕਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸਨ, ਉਹ ਸਿੱਖ ਗੁਰੂਆਂ ਨੂੰ ਮੰਨਦੇ ਸਨ। ਗੁਰੂ ਜੀ ਦੇ ਦਰਬਾਰ ਵਿੱਚ ਹੁੰਦਿਆਂ ਵੀ ਕੁੱਝ ਕਵੀ ਗੁਰੂ ਜੀ ਦੇ ਸਿੱਖ ਨਹੀਂ ਬਣੇ। ਉਹ ਵੇਦਾਂ-ਸ਼ਾਸਤਰਾਂ-ਸਿੰਮ੍ਰਿਤੀਆਂ ਨੂੰ ਸੱਤ ਮੰਨਦੇ ਰਹੇ, ਉਹਨਾਂ ਦੀਆਂ ਕਵਿਤਾਵਾਂ ਗੁਰਮਤਿ ਤੇ ਵੇਦਕ ਉਪਦੇਸ਼ ਦਾ ਮਿਲ ਗੋਭਾ ਹਨ। ਜੋ ਰਚਨਾਵਾਂ ਗੁਰਸਿੱਖ ਕਵੀਆਂ ਦੀ ਹੋਣਗੀਆਂ, ਉਹ ਵੀ ਬ੍ਰਹਮ ਦੀ ਬਾਣੀ ਦੇ ਤੁਲ ਨਹੀਂ - ਉਹ ਵੀ ਕੱਚੀ ਬਾਣੀ ਹੈ।

ਮੂਲ ਮੰਤ੍ਰ

1 (ਇੱਕ, ਏਕਾ, ਏਕੰਕਾਰ)

ਗੁਰਬਾਣੀ ੧ ਨੂੰ ਇੱਕ, ਏਕਾ, ਏਕੰਕਾਰ ਕਹਿੰਦੀ ਹੈ। ੧ ਏਕਾ ਏਕੰਕਾਰ ਵਾਹਿਗੁਰੂ ਹੈ।

ਮੂਲ ਮੰਤ੍ਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਰ ਉਪਦੇਸ਼ ਹੈ। ਮੂਲ ਮੰਤ੍ਰ ਦਾ ਪਹਿਲਾ ਅਖਰ ਗਿਣਤੀ ਦਾ 1 (ਇੱਕ) ਹੈ। ਜਿਸ ਦਾ ਭਾਵ ਹੈ ਇਕੋ ਇੱਕ ਸਦੈਵੀ ਹਸਤੀ, ਹੋਸ਼ ਵਾਲੀ, ਜੋਤਿ ਰੂਪ ਹੋਂਦ। ਜੋਤਿ ਦੇ ਅਰਥ ਹਨ ਪਰਮ ਨਿਰਮਲ ਚੇਤਨਾ, Supreme Pure Consciousness. ਉਸ ਨੂੰ ਗੁਰੂ ਨਾਨਕ ਸਾਹਿਬ ਇੱਕ ਏਕੰਕਾਰ ਪਾਰਬ੍ਰਹਮ ਕਹਿੰਦੇ ਹਨ। ਇੱਕ ਏਕੰਕਾਰ ਪਾਰਬ੍ਰਹਮ, ‘ਰੂਪ ਰੇਖ ਰੰਗ’ ਤੋਂ ਨਿਆਰਾ ਹੈ, ਮਨ ਬੁਧੀ ਦੀ ਵਿਚਾਰ ਤੋਂ ਉਪਰ ਸ਼ਖਸੀਅਤ ਹੈ, ਏਕਾ ਪੁਰਖ ਹੈ, ਪਰਮ ਪੁਰਖ ਹੈ। ਇੱਕ ਏਕੰਕਾਰ ਪਾਰਬ੍ਰਹਮ Reality ਹੈ, ਕੋਈ ਕਾਲਪਨਿਕ ਹਸਤੀ ਨਹੀਂ, ਮਨੁੱਖ ਦੀ ਸਮਝ ਤੋਂ ਪਰੇ ਹੈ, ਸੁਘੜ ਸੁਜਾਨ, ਗਿਆਨ ਸਰੂਪ, Infinite, Infallible, Intelligence ‘ਏਕਾ ਪੁਰਖ’ ਆਪਣੀ ਮਰਜ਼ੀ ਦਾ ਮਾਲਕ ਹੈ, ਜੋ ਭਾਉਂਦਾ ਹੈ ਕਰਦਾ ਹੈ, ਉਸ ਵਿੱਚ ਹੁਕਮ ਸ਼ਕਤੀ ਹੈ, ਆਪਣੇ ਹੁਕਮ ਨਾਲ ਸਭ ਕੰਮ ਕਰਤਾ ਹੋ ਕੇ ਕਰਦਾ ਹੈ ਤੇ ਕਰਾਉਂਦਾ ਹੈ। ਉਸ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ। ਨਿਰਮਲ ਜੋਤਿ ਸਤਯ ਸਰੂਪ ਹੈ, ਸਮੇਂ ਕਾਲ ਤੋਂ ਪਹਿਲਾਂ ਕਾਇਮ ਸੀ, ਹੁਣ ਵੀ ਹੈ ਤੇ ਹਮੇਸ਼ਾ ਅੱਗੇ ਨੂੰ ਵੀ ਕਾਇਮ Real ਹਸਤੀ ਹੈ। ਗੁਰੂ ਜੀ ਉਸਨੂੰ ਅਕਾਲ ਪੁਰਖ ਕਹਿੰਦੇ ਹਨ, ਉਹ ਆਪਣੀ ਮਰਜ਼ੀ ਅਨੁਸਾਰ ਹੁਕਮ ਨਾਲ ਕਾਲ ਸਮਾਂ Time ਨੂੰ ਸ਼ੁਰੂ ਕਰਦਾ ਹੈ ਤੇ ਕਾਲ ਸਮੇਂ ਨੂੰ ਸਮਾਪਤ ਕਰ ਦਿੰਦਾ ਹੈ। ਉਹ ਸਦਾ ਆਨੰਦ ਖੇੜੇ ਵਿੱਚ ਰਹਿੰਦਾ ਹੈ, ਸੱਤ ਚਿੱਤ ਆਨੰਦ ਹੈ। ਉਸ ਨੇ ਆਪਣੇ ਆਪ ਨੂੰ ਆਪ ਉਪਾਇਆ।

ਇੱਕ ਏਕੰਕਾਰ ਜੋਤਿ ਰੂਪ ਪਾਰਬ੍ਰਹਮ ਤੋਂ ਇਲਾਵਾ ਹੋਰ ਕੋਈ ਅਸਲੀਅਤ, Reality ਨਹੀਂ। ਸੰਸਾਰ ਤੇ ਸੰਸਾਰ ਦੇ ਜੀਵ ਜੰਤ, ਉਸਦਾ ਹੀ ਸਰਗੁਣ ਸਰੂਪ ਹੈ। ਸੰਸਾਰ ਦੇ ਜੀਵ ਜੰਤ ਮਨੁੱਖ ਉਸਦਾ ਮਾਯਾਵੀ ਸਰੂਪ ਹੈ, ਕੂੜ ਰੂਪ ਹੈ। ਇਤਨਾ ਹੀ ਸੱਚ ਹੈ ਜੈਸਾ ਸੁਪਨਾ, ਸੰਸਾਰ Illusion ਹੈ, ਜਿਸ ਤਰ੍ਹਾਂ ਸ਼ੀਸ਼ੇ ਵਿੱਚ ਅਕਸ ਛਾਇਆ ਸੱਤ ਦਿੱਸਦੀ ਹੈ ਪਰ ਸੱਤ ਨਹੀਂ। ਇਸ ਤਰ੍ਹਾਂ ਸੰਸਾਰ ਸੱਤ ਨਹੀਂ।

ਸਾਰਾ ਸੰਸਾਰ ਜੀਵ ਜੰਤ, Space ਉਸਨੇ ਹਉਂ ਦਾ ਭਰਮ ਦੇ ਕੇ ਉਪਾਇਆ। ਮਨੁੱਖ ਨੂੰ ਹਉ, ਮੈਂ, ਮੇਰੀ ਵਾਲੀ ਵਖਰੀ ਸ਼ਖਸੀਅਤ ਹੋਣ ਦਾ ਭਰਮ ਹੈ, ਭਰਮ ਅਗਿਆਨਤਾ ਹੈ, ਭੁਲੇਖਾ ਹੈ, ਭਰਮ ਕਰਕੇ ਮਨੁੱਖ ਨੂੰ ਆਪਣੇ ਨਿਜ ਸਰੂਪ ਜੋਤਿ ਰੂਪ ਆਤਮਾ ਦੀ ਪਛਾਣ ਨਹੀਂ। ਆਪਣੇ ਹੀ ਭਰਮ ਨੂੰ ਮਨੁੱਖ ਆਪਣੇ ਕਿਸੇ ਉਦੱਮ ਨਾਲ, ਗਿਆਨ ਨਾਲ, ਸਾਧਨਾ ਨਾਲ, ਕਿਸੇ ਜਪ ਸਿਮਰਨ ਧਿਆਨ ਨਾਲ ਦੂਰ ਨਹੀਂ ਕਰ ਸਕਦਾ।

ਇੱਕੋ ਇੱਕ ਅਬਿਨਾਸੀ ਹਸਤੀ, ਜੋਤਿਰੂਪ ਅਕਾਲ ਪੁਰਖ ਦੇ ਜਪ ਅਤੇ ਸਿਫਤ ਸਲਾਹ ਦਾ ਉਪਦੇਸ਼ ਗੁਰਮਤਿ ਦਿੰਦੀ ਹੈ।

ਗੁਰਕਿਰਪਾ ਨਾਲ ਨਦਰ ਕਰਮ ਬਖਸ਼ਿਸ਼ ਨਾਲ ਭਰਮ ਕਟਿਆ ਜਾਂਦਾ ਹੈ। ਸ਼ਬਦ ਗੁਰੂ (ਗੁਰਮੰਤ੍ਰ ਨਾਮ) ਦੇ ਜਪ ਸਿਮਰਨ ਧਿਆਨ ਬਿਨਾ, ਭਰਮ/ਅਗਿਆਨਤਾ ਦਾ ਪਰਦਾ ਨਹੀਂ ਹਟ ਸਕਦਾ।

ਪੂਰੇ ਸਤਿਗੁਰੂ ਵਿੱਚ ਗਿਆਨ ਸਰੂਪ ਬ੍ਰਹਮ ਜੋਤਿ, ਪਰਤੱਖ ਰੂਪ ਵਿੱਚ ਗੁਰੂ ਰੂਪ ਹੋਕੇ ਵੱਸਦੀ ਹੈ। ਪੂਰੇ ਸਤਿਗੁਰੂ ਤੇ ਪਾਰਬ੍ਰਹਮ ਵਿੱਚ ਕੋਈ ਭੇਦ ਨਹੀਂ। ਪੂਰੇ ਸਤਿਗੁਰੂ ਤੇ ਪਾਰਬ੍ਰਹਮ ਦੀ ਪੂਜਾ, ਜਪ ਸਿਮਰਣ ਅਰਾਧਨਾ, ਧਿਆਨ ਦਾ ਉਪਦੇਸ਼ ਗੁਰਬਾਣੀ ਦਿੰਦੀ ਹੈ। ਇਹ ਹੀ ਇੱਕ ਤਰੀਕਾ ਹੈ ਜਿਸ ਨਾਲ ਮਨੁੱਖ ਨੂੰ ਆਪਣੇ Real Self, ਨਿਜ ਸਰੂਪ, ਜੋਤਿ ਰੂਪ ਦੀ ਸੂਝ ਬੂਝ ਗਿਆਨ ਹੋ ਸਕਦਾ ਹੈ। ਫਿਰ ਮਨੁੱਖ ਦੀ ਮੈਂ ਮੇਰੀ ਵਾਲੀ ਹਉ ਦੇ ਭਰਮ ਵਾਲੀ ਚੇਤਨਾ, ਭਰਮ ਗਵਾ ਕੇ ਬ੍ਰਹਮ ਜੋਤਿ ਵਿੱਚ ਅਭੇਦ ਹੋ ਜਾਂਦੀ ਹੈ। ਇਹ ਪਰਮਪਦ ਦੀ ਅਵਸਥਾ ਹੈ, ਬ੍ਰਹਮ ਗਿਆਨੀ ਦੀ ਅਵਸਥਾ ਹੈ, ਬ੍ਰਹਮ ਗਿਆਨੀ ਤੇ ਪਾਰਬ੍ਰਹਮ ਵਿੱਚ ਕੋਈ ਭੇਦ ਨਹੀਂ।

ਪੂਰਾ ਸਤਿਗੁਰੂ ਤੇ ਬ੍ਰਹਮ ਗਿਆਨੀ ਇਸ ਪਰਮਪਦ ਦੀ ਅਵਸਥਾ ਵਿੱਚ ਸੰਸਾਰ ਵਿੱਚ ਵਿਚਰਦੇ ਹਨ। ਜੋ ਭਗਤ ਪੂਰੇ ਸਤਿਗੁਰੂ ਤੋਂ ਉਪਦੇਸ਼ ਲੈ ਕੇ ਨਾਮ ਧਰਮ ਦੀ ਕਮਾਈ ਕਰਕੇ ਪਰਮਪਦ ਨੂੰ ਪ੍ਰਾਪਤ ਹੋਏ, ਉਹਨਾਂ ਦੀ ਬਾਣੀ, ਗੁਰੂ ਅਰਜਨ ਦੇਵ ਜੀ ਨੇ ਪੋਥੀ ਵਿੱਚ ਦਰਜ ਕਰਾਈ ਤੇ ਕਿਹਾ ‘ਪੋਥੀ ਪਰਮੇਸਰ ਕਾ ਥਾਨ’, ਪੋਥੀ ਵਿੱਚ ਪਰਮੇਸਰ ਦਾ ਗਿਆਨ ਹੈ ਤੇ ਇਸ ਵਿੱਚ ਪਰਮੇਸਰ ਵੱਸਦਾ ਹੈ। ਪੋਥੀ ਵਿੱਚ ਬ੍ਰਹਮ ਤੋਂ ਆਈ ਬਾਣੀ ਹੈ, ਖਸਮ ਦੀ ਬਾਣੀ ਹੈ, ਗੁਰੂ ਰੂਪ ਹੈ - ‘ਬਾਣੀ ਗੁਰੂ ਗੁਰੂ ਹੈ ਬਾਣੀ’। ਗੁਰਬਾਣੀ ਦੇ ਉਪਦੇਸ਼ ਤੇ ਅਮਲ ਕਰਕੇ ਪਰਮਪਦ ਦੀ ਪ੍ਰਾਪਤੀ ਹੋ ਸਕਦੀ ਹੈ, ਮਨੁੱਖ ਸੱਤ ਚਿਤ ਆਨੰਦ ਅਵਸਥਾ ਵਿੱਚ ਜੀਅ ਸਕਦਾ ਹੈ।

ਅਦਿਸਟੁ ਅਗੋਚਰੁ ਅਲਖੁ ਸੋ ਦੇਖਿਆ ਗੁਰਮੁਖਿ ਆਖੀ।।

(ਪੰਨਾ 87, ਗੁਰੂ ਗ੍ਰੰਥ ਸਾਹਿਬ)

ਗੁਰੂ ਨਾਨਕ ਸਾਹਿਬ ਨੇ ਉਸ ਇੱਕ ਏਕੰਕਾਰ, ਜੋਤਿ ਰੂਪ ਪਾਰਬ੍ਰਹਮ ਦਾ ਜਪ ਸਿਮਰਣ ਧਿਆਨ ਦਾ ਉਪਦੇਸ਼ ਦਿੱਤਾ ਹੈ। ਜਿਸ ਦਾ ਧਿਆਨ ਧਰਾਂਗੇ, ਉਹ ਹੀ ਮਨ ਵਿੱਚ ਵੱਸੇਗਾ, ਤੇ ਧਿਆਨ ਕਰਨ ਵਾਲਾ, ਧਿਆਨ ਤੇ ਜਿਸਦਾ ਧਿਆਨ ਧਰਿਆ ਹੈ, ਇੱਕ ਹੋ ਜਾਣਗੇ। ਹਉ ਦਾ ਭਰਮ ਗੁਰਕਿਰਪਾ ਨਾਲ ਜਾਂਦਾ ਹੈ, ਮਨੁੱਖ ਦੀ ਮੈਲੀ ਜਿੰਦ, ਜਾਂ ਜੀਵਨ ਜੋਤਿ ਜਿਸ ਨੂੰ ਗੁਰਬਾਣੀ ਜੋਤੀ ਕਹਿੰਦੀ ਹੈ, ਭਰਮ ਗਵਾ ਕੇ ਆਪਣੇ ਨਿਜ ਸਰੂਪ Real Self ਵਿੱਚ ਅਭੇਦ ਹੋ ਜਾਂਦੀ ਹੈ।

ਗੁਰੂ ਜੀ ਨੇ ਗੁਰਬਾਣੀ ਵਿੱਚ ਉਸ ਇਕੋ ਇੱਕ ਸਦੈਵੀ ਹਸਤੀ ਨੂੰ ਹੋਰ ਧਰਮਾਂ ਵਿੱਚ ਪਰਮੇਸਰ ਦੇ ਨਾਮਾਂ ਲਈ ਵਰਤੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ, ਜਿਸ ਤਰ੍ਹਾਂ ਹਰੀ, ਰਾਮ, ਪ੍ਰਭੂ, ਰਘੁਨਾਥ, ਕ੍ਰਿਸ਼ਨ ਤੇ ਇਸਲਾਮ ਮਤ ਦੇ ਅੱਲਾ ਤੇ ਖ਼ੁਦਾ। ਇਹ ਅਨੇਕ ਪਰਮੇਸ਼ਵਰ ਦੇ ਨਾਮ ਲੈ ਕੇ ਵੀ ਗੁਰੂ ਜੀ ਇੱਕ ਏਕੰਕਾਰ ਦੇ ਜਾਪ ਸਿਮਰਣ ਦਾ ਉਪਦੇਸ਼ ਦਿੰਦੇ ਹਨ।

ਹਰਿ ਸਿਮਰਿ ਏਕੰਕਾਰ ਸਾਚਾ ਸਭੁ ਜਗਤੁ ਜਿੰਨਿ ਉਪਾਇਆ।।

(ਪੰਨਾ 1113, ਗੁਰੂ ਗ੍ਰੰਥ ਸਾਹਿਬ)

ਇਥੇ ਸ਼ਬਦ ‘ਹਰਿ’, ਇੱਕ ਏਕੰਕਾਰ ਦੇ ਸਿਮਰਨ ਲਈ ਵਰਤਿਆ ਹੈ। ਜਿਥੇ ਵੀ ਗੁਰਬਾਣੀ ਪ੍ਰਭੂ ਦੇ ਸਿਮਰਣ ਦਾ ਉਪਦੇਸ਼ ਦਿੰਦੀ ਹੈ, ਭਾਵੇਂ ਰੱਬ ਦਾ ਕੋਈ ਨਾਮ ਵੀ ਵਰਤਿਆ ਹੋਵੇ, ਉਪਦੇਸ਼ ਉਸ ਇੱਕ ਨੂੰ ਸਿਮਰਨ ਦਾ ਹੀ ਹੈ।

ਹਿੰਦੂ ਧਰਮ ਗ੍ਰੰਥ ਵੇਦ ਮਤ ਦੇ ਸ਼ਬਦ ੳਮ, ਕਾਲ ਪੁਰਖ, ਕਾਲ, ਮਹਾਕਾਲ, ਬ੍ਰਹਮਾ, ਵਿਸ਼ਨੂੰ, ਮਹੇਸ, ਤੇ ਅਨੇਕਾਂ ਦੇਵੀਆਂ ਤੇ ਦੇਵਤਿਆਂ ਦੀ ਪੂਜਾ, ਅਰਾਧਨਾ, ਧਿਆਨ ਦਾ ਉਪਦੇਸ਼ ਦਿੰਦੇ ਹਨ। ਇਹ ਸਭ ਦੂਜੇ ਹਨ। ਇਹਨਾਂ ਦੀ ਅਰਾਧਨਾ ਕੁਦਰਤਿ ਤੋਂ ਪਾਰ, ਇੱਕੋ ਇੱਕ ਹਸਤੀ ਪਾਰਬ੍ਰਹਮ ਜੋਤਿ ਰੂਪ ਦਾ ਗਿਆਨ ਨਹੀਂ ਕਰਾ ਸਕਦੀ।

ਗੁਰਬਾਣੀ ਇੱਕ ਏਕੰਕਾਰ ਜੋਤ ਰੂਪ ਦੇ ਸੰਸਾਰ ਵਿੱਚ ਗੁਪਤ ਪਸਾਰੇ ਨੂੰ ਬ੍ਰਹਮ ਦਾ ਪਸਾਰਾ ਕਹਿੰਦੀ ਹੈ।

ਬ੍ਰਹਮੁ ਪਸਰਿਆ ਬ੍ਰਹਮੁ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ।।

ਸਿਮਰਿ ਸੁਆਸੀ ਅੰਤਰਜਾਮੀ ਹਰਿ ਏਕੁ ਨਾਨਕ ਰਵ ਰਹਿਆ।।

(ਪੰਨਾ 458 ਗੁਰੂ ਗ੍ਰੰਥ ਸਾਹਿਬ)

ਓਅੰਕਾਰ

ਮੂਲ ਮੰਤ੍ਰ ਦਾ ਦੂਜਾ ਅੱਖਰ ਓਅੰਕਾਰ ਹੈ।

ਓਅੰਕਾਰ ਦੀ ਗੁਰਮਤਿ ਵਿਚਾਰ ਇਸ ਤਰ੍ਹਾਂ ਹੈ:

ਓਅੰਕਾਰ ਅਖਰ ਇੱਕ ਏਕੰਕਾਰ ਜੋਤਿ ਰੂਪ ਅਕਾਲ ਪੁਰਖ ਵਾਹਿਗੁਰੂ ਦਾ ਸੰਸਾਰ ਰਚਨ ਲਈ ਆਤਮ ਪਸਾਰੇ ਦਾ ਸ਼ਬਦ ਹੈ। ਓਅੰਕਾਰ ਧੁੰਨ ਰੂਪ ਅਨਹਤ, ਅਨਹਦ ਸ਼ਬਦ ਦੀਆਂ ਸੰਗੀਤਕ ਧੁੰਨਾਂ ਸੰਸਾਰ ਵਿੱਚ ਹਰ ਸਮੇਂ ਗੁਪਤ ਚਲ ਰਹੀਆਂ ਹਨ। ਬ੍ਰਹਮ/ਨਾਮ ਜੋਤਿ ਦਾ ਪਸਾਰਾ ਇਹਨਾਂ ਧੁੰਨਾਂ ਰਾਹੀਂ ਹੋ ਰਿਹਾ ਹੈ। ਜਿਤਨੀ ਦੇਰ ਸੰਸਾਰ ਤੇ ਜੀਵ ਹਨ ੳਤਨੀ ਦੇਰ ਇੱਕ ਏਕੰਕਾਰ, ਓਅੰਕਾਰ ਰੂਪ ਵਿੱਚ ਸੰਸਾਰ ਵਿੱਚ ਪਸਰਿਆ ਹੈ।

* ਏਕ ਸਬਦ ਏਕੋ ਪ੍ਰਭ ਵਰਤੈ ਸਭ ਏਕਸ ਤੇ ਉਤਪਤਿ ਚਲੈ।।

(ਪੰਨਾ 1334, ਗੁਰੂ ਗ੍ਰੰਥ ਸਾਹਿਬ)

* ਏਕੋ ਏਕ ਰਵਿਆ ਸਭ ਠਾਈ।। (ਪੰ: 1080, ਗੁਰੂ ਗ੍ਰੰਥ ਸਾਹਿਬ)

ਓਅੰਕਾਰ ਸਰੂਪ ਰਾਹੀਂ, ਇੱਕ ਹੀ ਸੰਸਾਰ ਵਿੱਚ ਰਵਿਆ ਹੈ, ਇੱਕ ਏਕੰਕਾਰ ਦੇ ਆਤਮ ਪਸਾਰੇ ਵਾਲੇ ਸਰੂਪ ਓਅੰਕਾਰ ਤੋਂ ਸੰਸਾਰ ਦੀ ਉਤਪਤੀ ਹੋ ਰਹੀ ਹੈ।

ਏਕਾ ਏਕੰਕਾਰ ਛਤੀਹ ਜੁਗ, ਬੇਅੰਤ ਸਮਾਂ ਸੁੰਨ ਸਮਾਧ ਵਿੱਚ ਰਿਹਾ। ਉਦੋਂ ਸੁੰਨ ਸੀ, ਕੁੱਝ ਵੀ ਨਹੀਂ ਸੀ, Void ਸੀ। ਸੁੰਨ ਸਮਾਧ ਵਿੱਚ ਕੇਵਲ ਜੋਤਿ ਇੱਕ ਏਕੰਕਾਰ ਪਾਰਬ੍ਰਹਮ ਸੀ। ਉਦੋਂ ਸਮਾਂ, ਕਾਲ, Time, Space, ਆਕਾਸ ਤੇ ਦਿੱਸਦਾ ਸੰਸਾਰ ਨਹੀਂ ਸੀ।

* ਜੁਗ ਛਤੀਹ ਕੀਓ ਗੁਬਾਰਾ॥ ਤੂ ਆਪੇ ਜਾਣਹਿ ਸਿਰਜਣਹਾਰਾ॥

ਗੁਬਾਰ = ਸੁੰਨ ਅਵਸਥਾ ਵਿੱਚ ਜੋਤਿ

(ਪੰਨਾ 1061, ਗੁਰੂ ਗ੍ਰੰਥ ਸਾਹਿਬ)

ਗੁਰਬਾਣੀ ਦਾ ਅਖਰ ਓਅੰਕਾਰ ਧੁੰਨ ਹੈ, ਇੱਕ ਏਕੰਕਾਰ ਜੋਤਿ ਰੂਪ ਅਕਾਲ ਪੁਰਖ ਦਾ ਸੰਸਾਰ ਉਪਜਾਉਣ ਲਈ ਇੱਕ ਦੇ ਆਤਮ ਪਸਾਰੇ ਵਾਲਾ ਅਖਰ ਹੈ।

* ਕੀਤਾ ਪਸਾਉ ਏਕੋ ਕਵਾਉ।।

(ਕਵਾਉ = ੳਅੰਕਾਰ = ਸ਼ਬਦ ਧੁੰਨ = ਅਨਹਤ ਅਨਹਦ ਸ਼ਬਦ ਦੀਆਂ ਧੁੰਨਾਂ)

* "ਓਅੰਕਾਰ ਉਤਪਾਤੀ" ਕੀਆ ਦਿਨਸੁ ਸਭ ਰਾਤੀੇ।।

ਵਣੁ ਤ੍ਰਿਣੁ ਤ੍ਰਿਭਵਣ ਪਾਣੀ॥ ਚਾਰਿ ਬੇਦ ਚਾਰੇ ਖਾਣੀ॥

ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ॥

ਕਵਾਵੈ = ਓਅੰਕਾਰ ਸ਼ਬਦ ਧੁੰਨ (ਪੰਨਾ 1003, ਗੁਰੂ ਗ੍ਰੰਥ ਸਾਹਿਬ)

* ਓਅੰਕਾਰ ਏਕੋ ਰਵ ਰਹਿਆ ਸਭ ਏਕਸ ਮਾਹਿ ਸਮਾਵੈਗੋ।।

(ਓਅੰਕਾਰ ਰਾਹੀਂ ਇੱਕ ਹੀ ਰਵ ਰਿਹਾ ਹੈ)

(ਪੰਨਾ 1310 ਗੁਰੂ ਗ੍ਰੰਥ ਸਾਹਿਬ)।

* ਓਅੰਕਾਰ ਏਕ ਧੁੰਨਿ ਏਕੈ ਏਕੈ ਰਾਗ ਅਲਾਪੈ।।

(ਪੰਨਾ 885 ਗੁਰੂ ਗ੍ਰੰਥ ਸਾਹਿਬ)।

(ਓਅੰਕਾਰ ਇੱਕ ਧੁੰਨ ਹੈ - ਅਨਹਤ, ਅਨਹਦ ਸਬਦ ਦੀਆ ਅਨੇਕਾਂ ਸੰਗੀਤਕ ਧੁੰਨਾ ਜੋ ਸੰਸਾਰ ਵਿੱਚ ਪਸਰੀਆ ਹਨ। ਇਹ ਸੰਗੀਤਕ ਧੁੰਨਾਂ ਬ੍ਰਹਮ ਦਾ ਹੀ ਪਸਰਿਆ ਰੂਪ ਹਨ।)

ਓਅੰਕਾਰਿ ਸਭ ਸ੍ਰਿਸਟਿ ਉਪਾਈ॥ ਸਭੁ ਖੇਲੁ ਤਮਾਸਾ ਤੇਰੀ ਵਡਿਆਈ॥

ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ॥

(ਪੰਨਾ 1061, ਗੁਰੂ ਗ੍ਰੰਥ ਸਾਹਿਬ)

ਓਅੰ ਗੁਰਮੁਖਿ ਕੀਓ ਅਕਾਰਾ॥ ਏਕਹਿ ਸੂਤਿ ਪਰੋਵਨਹਾਰਾ॥

(ਇਸ ਤੁਕ ਵਿੱਚ ਓਅੰ = ਆਰੰਭ ਵਿੱਚ)

ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ॥ ਸਗਲ ਭਾਤਿ ਕਰਿ ਕਰਹਿ ਉਪਾਇਓ॥

ਜਨਮ ਮਰਨ ਮਨਮੋਹੁ ਬਢਾਇਓ॥ ਦੁਹੂ ਭਾਤਿ ਤੇ ਆਪਿ ਨਿਰਾਰਾ॥

ਨਾਨਕ ਅੰਤੁ ਨ ਪਾਰਾਵਾਰਾ॥ (ਪੰਨਾ 250, ਗੁਰੂ ਗ੍ਰੰਥ ਸਾਹਿਬ)

ਜਦੋਂ ਉਸ ਸੁੰਨ ਸਮਾਧ ਵਿੱਚ ਜੋਤਿ ਰੂਪ ਪਾਰਬ੍ਰਹਮ ਦੀ ਮਰਜ਼ੀ ਹੋਈ ਤਾਂ ਉਸਨੇ ਹੁਕਮ ਨਾਲ ਸ਼ਬਦ ਉਚਾਰਿਆ। ਸ਼ਬਦ ਦੇ ਅਰਥ ਹਨ Sound, ਆਵਾਜ਼, ਇਹ ਸ਼ਬਦ ਓਅੰਕਾਰ ਧੁੰਨ ਹੈ, ਸ਼ਬਦ ਧੁੰਨ ਅਨਹਦ ਹੈ (ਜਿਸਦੀ ਹਦ ਨਹੀੱ। ਇਹ ਅਨਹਤ ਸ਼ਬਦ ਹੈ, ਬਿਨਾ ਵਜਾਇਆਂ ਸੰਗੀਤਕ ਧੁੰਨਾਂ ਹਨ, ਧੁੰਨਾਂ ਜਿਸ ਦੀ ਹਦ ਨਹੀਂ। ਇਹਨਾਂ ਧੁੰਨਾਂ ਵਿੱਚ ਬ੍ਰਹਮ ਜੋਤਿ, ਸੰਸਾਰ ਵਿੱਚ ਹਰ ਥਾਂ ਪਸਰੀ ਹੈ, ਇਹ ਬ੍ਰਹਮ ਦਾ ਸੰਸਾਰ ਵਿੱਚ ਗੁਪਤ ਆਤਮ ਪਸਾਰਾ ਹੈ। ਇਸ ਨੂੰ ਗੁਰਬਾਣੀ ਨਾਮ ਜੋਤਿ ਜਾਂ ਨਾਮ ਵੀ ਕਹਿੰਦੀ ਹੈ। ਸਾਰੇ ਸੰਸਾਰ ਵਿੱਚ ਨਾਮ ਨਿਰਮਲ ਪਰਮ ਚੇਤਨਾ (ਜੋਤਿ) ਦਾ ਪਸਾਰਾ ਹੈ। ਇਹ ਹੀ ਅਨਹਤ ਸ਼ਬਦ ਅਨਹਦ ਸੰਸਾਰ ਵਿੱਚ ਪਸਰਿਆ ਹੈ। ਇਹਨਾਂ ਤੋਂ ਹੀ ਬ੍ਰਹਮ/ਨਾਮ ਦੇ ਹੁਕਮ ਨਾਲ ਸੰਸਾਰ ਦੇ ਜੀਵ ਜੰਤ ਖੰਡ ਬ੍ਰਹਮੰਡ, ‘ਕਰਤਾ ਰੂਪ ਇਕੋ ਇੱਕ ਪਾਰਬ੍ਰਹਮ’ - ਅਕਾਲ ਪੁਰਖ ਆਪ ਪੈਦਾ ਕਰ ਰਿਹਾ ਹੈ, ਪਾਲ ਰਿਹਾ ਹੈ ਤੇ ਮਾਰ ਰਿਹਾ ਹੈ। ਸਾਰੇ ਸੰਸਾਰ ਦੇ 84 ਲੱਖ ਜੂਨਾਂ ਦਾ ਚੱਕਰ, ਜੀਵ ਹੁਕਮ ਵਿੱਚ ਕਰਮਾਂ ਅਨੁਸਾਰ ਭੋਗ ਰਿਹਾ ਹੈ। ਗੁਰਬਾਣੀ ਸਮਝਾਉਂਦੀ ਹੈ ਕਿ ਸਭ ਸੰਸਾਰ ਦਾ ਜਨਮ ਮਰਨ ਕਰਤੇ ਦੇ ਹੁਕਮ ਵਿੱਚ ਹੈ।

ਅਕਾਲ ਪੁਰਖ ਪਾਰਬ੍ਰਹਮ ਦਾ ਪਸਾਰੇ ਵਾਲਾ ਅੱਖਰ ਓਅੰਕਾਰ ਤੇ ਓਅੰਕਾਰ ਧੁੰਨ, ਕਾਇਨਾਤ ਤੋਂ ਬਾਹਰ ਤੇ ਮਤ ਬੁਧ ਤੋਂ ਬਾਹਰ ਦਾ ਸ਼ਬਦ ਹੈ। ਵੇਦ ਮਤ ਓਅੰਕਾਰ ਧੁੰਨ, ਅਨਹਤ ਅਨਹਦ ਸ਼ਬਦ ਦੀਆਂ ਸੰਸਾਰ ਵਿੱਚ ਗੁਪਤ ਚਲ ਰਹੀਆਂ ਧੁੰਨਾਂ ਨੂੰ ਨਹੀਂ ਜਾਣਦਾ ਪਛਾਣਦਾ।

ਪਾਰਬ੍ਰਹਮ ਨੇ ਆਪਣੇ ਆਤਮ ਪਸਾਰੇ ਵਾਲੇ ਸਰੂਪ ਅਨਹਦ ਦੀਆਂ ਧੁੰਨਾਂ ਤੋਂ ਹਉਂ ਦਾ ਭਰਮ ਦੇ ਕੇ ਸੰਸਾਰ ਦੀ ਚੇਤਨਾ, ਪ੍ਰਾਣ, ਜਿੰਦ, Life consciousness of the universe ਉਪਾਈ, ਤੇ ਸੰਸਾਰ ਦੇ ਵੱਖ-ਵੱਖ ਜੀਵ ਜੰਤ ਰਚੇ।

ਵੇਦ ਮਤ ਦਾ ਅੱਖਰ ਓਮ, ਤੇ ਓਮਕਾਰ ਸੰਸਾਰ ਦੀ ਹਉਂ ਵਾਲੀ ਮੈਲੀ ਚੇਤਨਾ ਹੈ। ਵੇਦ ਮਤ ਉਸ ਨੂੰ ਬ੍ਰਹਮ ਕਹਿੰਦਾ ਹੈ।

ਗੁਰਬਾਣੀ ਅਨੁਸਾਰ ਓਮ ਬ੍ਰਹਮ ਨਹੀਂ ਤ੍ਰਿਭਵਨ ਸਾਰ ਹੈ, ਮਾਇਆ ਦਾ ਜੰਜਾਲ ਹੈ।

ਓਮ ਤੋਂ ਬ੍ਰਹਮਾ ਬਿਸਨ ਮਹੇਸ ਤਿੰਨ ਦੇਵਤਿਆਂ ਦੀ ਤ੍ਰਿਕੁਟੀ ਦੱਸੀ ਜਾਂਦੀ ਹੈ। ਗੁਰਬਾਣੀ ਅਨੁਸਾਰ ਇਹ ਦੇਵਤੇ, ਜਨਮ ਮਰਨ ਦੇ ਗੇੜ ਵਿੱਚ ਘੁੰਮ ਰਹੇ ਹਨ। ਇਹਨਾਂ ਨੂੰ ਗੁਰਬਾਣੀ ਵਿੱਚ ਦਰਸਾਏ ਇੱਕ ਏਕੰਕਾਰ ਅਕਾਲ ਪੁਰਖ ਪਾਰਬ੍ਰਹਮ ਦੇ ਹੁਕਮ ਦੀ ਪਛਾਣ ਨਹੀਂ। ਇਹਨਾਂ ਦੇਵਤਿਆਂ ਨੂੰ ਇੱਕ ਏਕੰਕਾਰ ਤੇ ਉਸਦੇ ਪਸਰੇ ਸਰੂਪ ਓਅੰਕਾਰ ਧੁੰਨ ਦੀ ਪਛਾਣ ਨਹੀਂ।

ਜਪ, ਸਿਮਰਣ, ਧਿਆਨ ਤੇ ਸਿਫਤ ਸਾਲਾਹ

ਹਰ ਇੱਕ ਧਰਮ ਦਾ ਸੱਚ ਉਸਦਾ ਇਸ਼ਟ ਹੈ। ਹਰ ਇੱਕ ਧਰਮ ਆਪਣੇ ਇਸ਼ਟ ਦੀ ਭਗਤੀ, ਜਪ, ਸਿਮਰਣ ਦਾ ਉਪਦੇਸ਼ ਦਿੰਦਾ ਹੈ।

ਉਪਨਿਸ਼ਦਾਂ ਵਿੱਚ ਓਮ ਦੀ ਉਪਾਸਨਾ, ਧਯਾਨ, ਜਪ ਸਿਮਰਨ ਤੇ ਇਸ ਦੇ ਆਤਮ ਲਾਭ ਬਹੁਤ ਲਿਖੇ ਹਨ।

ਤ੍ਰੈਤੀਯ ਉਪਨਿਸ਼ਦ ਵਿੱਚ ਤਾਂ ਕਿਹਾ ਹੈ: ਓਮਿਤਿ, ਬ੍ਰਹਮ ਓਮਿਤੀਦੰ ਸਰਵਮ (8-1-ਤੇਤ੍ਰਿਯ)। ਓਂ ਹੀ ਬ੍ਰਹਮ ਹੈ, ਓਂ ਹੀ ਇਹ ਸਾਰਾ ਵਿਸ਼੍ਹ ਹੈ।

ਪ੍ਰਸਨੋਪਨਿਖਦ ਪ ਪ੍ਰਸਨ ਅਨੁਸਾਰ: ਓਂਕਾਰ ਹੀ ਪਰ ਅਰ ਅਪਰ ਬ੍ਰਹਮ ਹੈ। ਵਿਦਵਾਨ ਇਸ ਓਂਕਾਰ ਦਵਾਰਾ ‘ਪਰ’ ਅਰ ‘ਅਪਰ’ ਬ੍ਰਹਮ ਨੂੰ ਪ੍ਰਾਪਤ ਹੁੰਦੇ ਹਨ।

ਗੁਰਬਾਣੀ ਓਅੰ ਦਾ ਧਿਆਨ ਧਰਨ ਦਾ ਉਪਦੇਸ਼ ਨਹੀਂ ਦਿੰਦੀ। ਗੁਰਬਾਣੀ ਅਨੁਸਾਰ ਵੇਦ ਮਤ ਦਾ ਅਖਰ ਓਮ ਤ੍ਰਿਭਵਨ ਸਾਰ ਹੈ। ਮਾਇਆ ਦਾ ਜੰਜਾਲ ਹੈ। ਓਅੰ ਦੀ ਅਰਾਧਨਾ ਕਰਣ ਵਾਲੇ ਜਨਮ ਮਰਣ ਦੇ ਗੇੜ ਵਿੱਚ ਰਹਿੰਦੇ ਹਨ।

ਵੇਦਾਂ ਅਨੁਸਾਰ ਓਮ ਸੱਤ ਹੈ, ਗੁਰਬਾਣੀ ਓਮ ਨੂੰ ਕਿਤੇ ਸੱਤ ਨਹੀਂ ਕਹਿੰਦੀ।

ਗੁਰਬਾਣੀ ਉਪਦੇਸ਼ ਦਿੰਦੀ ਹੈ ਕਿ ੳਅੰਕਾਰਿ ਸਬਦ ਰਾਹੀ ਇੱਕ ਏਕੰਕਾਰ ਨੇ ਸੰਸਾਰ ਵਿੱਚ ਪਸਾਰਾ ਕੀਤਾ ਹੈ। ਤੂੰ ਸੰਸਾਰ ਵਿੱਚ ਪਸਰੀ ਓਅੰਕਾਰ ਧੁੰਨ ਵਿੱਚ ਧਿਆਨ, ਅੰਤਰਮੁੱਖ ਹੋ ਕੇ ਲਗਾ। ਓਅੰਕਾਰ ਧੁੰਨ, ਇੱਕ ਏਕੰਕਾਰ ਅਕਾਲ ਪੁਰਖ ਦਾ ਸੰਸਾਰ ਵਿੱਚ ਪਸਾਰਾ ਹੈ।

* ਆਰਾਧਿ ਏਕੰਕਾਰੁ ਸਾਚਾ ਨਿਤ ਦੇਇ ਚੜੈ ਸਵਾਇਆ।।

(ਪੰਨਾ 688, ਗੁਰੂ ਗ੍ਰੰਥ ਸਾਹਿਬ)

* ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ॥

(ਪੰਨਾ 1113, ਗੁਰੂ ਗ੍ਰੰਥ ਸਾਹਿਬ)

* ਏਕੋ ਜਪਿ ਏਕੋ ਸਾਲਾਹਿ॥ ਏਕੁ ਸਿਮਰਿ ਏਕੋ ਮਨ ਆਹਿ॥ ਏਕਸ ਕੇ ਗੁਨ ਗਾਉ ਅਨੰਤ॥

(ਪੰਨਾ 289, ਗੁਰੂ ਗ੍ਰੰਥ ਸਾਹਿਬ)

* ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ॥

(ਪੰਨਾ 296, ਗੁਰੂ ਗ੍ਰੰਥ ਸਾਹਿਬ)

* ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ॥

(ਪੰਨਾ 954, ਗੁਰੂ ਗ੍ਰੰਥ ਸਾਹਿਬ)

(ਹਉ ਦਾ ਭਰਮ (ਬਜਰ ਕਪਾਟ) ਗੁਰਸਬਦਿ ਗੁਰਮੰਤ੍ਰ ਨਾਮ ਦੇ ਜਪ ਸਿਮਰਣ ਕਰਨ ਨਾਲ ਖੁਲ੍ਹਦੇ ਹਨ।)

* ਬਿਨੁ ਗੁਰ ਸਬਦ ਨ ਛੂਟਸਿ ਕੋਇ॥ ਪਾਖੰਡਿ ਕੀਨBੈ ਮੁਕਤਿ ਨ

ਹੋਇ॥ (ਪੰਨਾ 839, ਗੁਰੂ ਗ੍ਰੰਥ ਸਾਹਿਬ)

(ਗੁਰਸਬਦਿ/ਗੁਰਮੰਤ੍ਰ ਨਾਮ ਤੋਂ ਬਿਨਾ ਕਿਸੇ ਨੂੰ ਪਰਮ ਪਦ ਦੀ ਪ੍ਰਾਪਤੀ ਨਹੀਂ ਹੋਈ। ਹੋਰ ਸਭ ਤਰ੍ਹਾਂ ਦਾ ਸਿਮਰਨ/ਅਰਾਧਨਾ, ਪਾਖੰਡ ਭਗਤੀ ਹੈ, ਇਸ ਨਾਲ ਭਰਮ ਨਹੀਂ ਜਾਂਦਾ।)

* ਸਤਿਗੁਰੁ ਮਿਲਿਆ ਜਾਣੀਐ॥ ਜਿਤੁ ਮਿਲਿਐ ਨਾਮੁ ਵਖਾਣੀਐ॥ ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ॥

(ਪੰਨਾ 72, ਗੁਰੂ ਗ੍ਰੰਥ ਸਾਹਿਬ)

(ਸਤਿਗੁਰੂ ਤੋਂ ਬਿਨਾ ਕਿਸੇ ਨੇ ਪਰਮੇਸਰ ਨੂੰ ਨਹੀਂ ਪਾਇਆ।)

* ਤਿਆਗਿ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਤੇ॥

(ਪੰਨਾ 1267, ਗੁਰੂ ਗ੍ਰੰਥ ਸਾਹਿਬ)

(ਜੋ ਇਕੋ ਇੱਕ ਹਸਤੀ ਪਾਰਬ੍ਰਹਮ, ਅਕਾਲ ਪੁਰਖ ਨੂੰ ਛੱਡ ਕੇ ਹੋਰ ਕਿਸੇ ਦੀ ਅਰਾਧਨਾ ਕਰਦੇ ਹਨ, ਮੂੜ ਮੁਗਧ ਹਨ। ਹੋਰ ਕੋਈ ਜਪ ਤਪ ਗਆਨ, ਕਿਸੇ ਤਰ੍ਹਾਂ ਦਾ ਧਿਆਨ, ਸਿੰਮ੍ਰਿਤ ਸ਼ਾਸਤਰਾਂ ਦੇ ਵਖਿਆਨ ਜੋਗ ਅਭਿਆਸ ਕਰਨ ਨਾਲ ਹਉਂ ਦਾ ਭਰਮ ਨਹੀਂ ਜਾਂਦਾ ਤੇ ਇੱਕ ਵਿੱਚ ਜੀਵ ਦੀ ਸਮਾਈ ਨਹੀਂ ਹੋ ਸਕਦੀ।)

ਆਪੇ ਧਰਤੀ ਸਾਜੀਅਨੁ ਆਪੇ ਆਕਾਸੁ॥

ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ॥

ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ॥

ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ॥

(ਪੰਨਾ 302, ਗੁਰੂ ਗ੍ਰੰਥ ਸਾਹਿਬ)

(ਨਾਮ ਦੇ ਅਰਥ ਹਨ ਗੁਰਮਤਿ ਨਾਮ, ਸ਼ਬਦ ਗੁਰੂ, ਵਾਹਿਗੁਰੂ ਦਾ

ਜਪ ਸਿਮਰਨ।)

ਸਤਿ

ਮੂਲ ਮੰਤ੍ਰ ਦਾ ਤੀਜਾ ਅੱਖਰ ਸਤਿ ਹੈ, ਸਤਿ ਇੱਕ ਏਕੰਕਾਰ ਦਾ ਗੁਣ ਹੈ। ਇੱਕ ਏਕੰਕਾਰ, ਜੋਤਿ ਪਰਮ ਪੁਰਖ, ਸੱਤ ਹੈ, Reality ਹੈ, ਇਕੋ ਇੱਕ ਅਬਿਨਾਸੀ ਹੋਂਦ ਹਸਤੀ, the only one reality, ਜਿਊਂਦੀ ਜਾਗਦੀ ਪਰਮ ਨਿਰਮਲ ਚੇਤਨਾ।

ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ॥

ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ॥

(ਪੰਨਾ 1386, ਗੁਰੂ ਗ੍ਰੰਥ ਸਾਹਿਬ)

ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ॥

(ਪੰਨਾ 769, ਗੁਰੂ ਗ੍ਰੰਥ ਸਾਹਿਬ)

ਨਾਮੁ

ਇਕ ਏਕੰਕਾਰ ਪਾਰਬ੍ਰਹਮ ਜੋਤਿ ਰੂਪ ਨੇ ਨਾਮ ਰਚ ਕੇ ਆਤਮ ਪਸਾਰਾ ਕੀਤਾ।

ਆਪੀਨੈB ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥

(ਪੰਨਾ 463, ਗੁਰੂ ਗ੍ਰੰਥ ਸਾਹਿਬ)

ਬ੍ਰਹਮ ਜੋਤਿ ਦੇ ਸੰਸਾਰ ਵਿੱਚ ਗੁਪਤ ਹਰ ਥਾਂ ਪਸਰੇ ਸਰੂਪ ਨੂੰ ਗੁਰਬਾਣੀ ਨਾਉ ਜਾਂ ਨਾਮ ਜੋਤਿ ਕਹਿੰਦੀ ਹੈ।

ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ॥

(ਪੰਨਾ 1334, ਗੁਰੂ ਗ੍ਰੰਥ ਸਾਹਿਬ)

ਨਾਮ ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ ਸਰਬ ਵਿਆਪਕ ਹਸਤੀ ਹੈ। ਨਾਮ ਪਰਮਾਤਮਾ ਹੈ, ਹਰ ਇੱਕ ਜੀਵ ਵਿੱਚ ਭਰਪੂਰ ਪਰਮ ਨਿਰਮਲ ਚੇਤਨਾ ਹੈ। ਸਭ ਜੀਵਾਂ ਦੀ ਆਤਮਾ ਹੈ, ਆਤਮਾ ਬ੍ਰਹਮ ਹੈ, ਆਤਮਾ ਜੋਤਿ ਹੈ।

ਪੂਰਾ ਸਤਿਗੁਰੂ ਗੁਰਮੰਤ੍ਰ ਨਾਮ, ਵਾਹਿਗੁਰੂ ਸਿੱਖਾਂ ਨੂੰ ਦਿੰਦਾ ਹੈ। ਇਸ ਨਾਮ ਦੇ ਜਪ ਸਿਮਰਣ ਧਿਆਨ ਨਾਲ ਮਨੁੱਖ ਨੂੰ ਆਪਣੇ ਨਿਜ ਸਰੂਪ Real Self, ਆਤਮਾ, ਪਰਮਾਤਮਾ, ਨਾਮ, ਬ੍ਰਹਮ ਦਾ ਗਿਆਨ ਹੁੰਦਾ ਹੈ।

ਕਰਤਾ

ਕਰਤਾ - ਸਭ ਕੰਮ ਕਰਨ ਤੇ ਕਾਰਉਨ ਵਾਲੀ ਸ਼ਖਸ਼ੀਅਤ ਇੱਕ ਏਕੰਕਾਰ, ਜੋਤਿ ਰੂਪ ਪਾਰਬ੍ਰਹਮ ਸਭ ਕੁੱਝ ਹੁਕਮ (Divine Will) ਨਾਲ ਕਰਦਾ ਹੈ ਤੇ ਜੀਵਾਂ ਕੋਲੋਂ ਕਰਾਉਂਦਾ ਹੈ। ਕਰਤਾ ਇਕੋ ਇੱਕ ਸਦੈਵੀ ਹਸਤੀ, ਇੱਕ ਏਕੰਕਾਰ ਦਾ ਗੁਣ ਹੈ।

ਸੰਸਾਰ ਰਚਨਾ ਇੱਕ ਏਕੰਕਾਰ ਨੇ ਕਰਤਾ ਰੂਪ ਵਿੱਚ ਆਪਣੇ ਗੁਣ ਹੁਕਮ ਨਾਲ ਓਅੰਕਾਰ ਧੁੰਨ ਉਚਾਰ ਕੇ ਕੀਤੀ। ਸੰਸਾਰ ਵਿੱਚ ਸਭ ਕੁੱਝ ਕਰਨ ਕਰਾਉਨ ਵਾਲਾ ਕਰਤਾ ਅਕਾਲ ਪੁਰਖ ਹੁਕਮ ਸੱਤਤਾ ਨਾਲ ਕਰਦਾ ਹੈ।

ਆਪੇ ਕਰੇ ਕਰਾਏ ਆਪੇ॥ ਆਪੇ ਥਾਪਿ ਉਥਾਪੇ ਆਪੇ॥

ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ॥

(ਪੰਨਾ 125, ਗੁਰੂ ਗ੍ਰੰਥ ਸਾਹਿਬ)

ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ॥

ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ

ਜੇਹਾ ਤੁਧੁ ਧੁਰਿ ਲਿਖਿ ਪਾਇਆ॥ (ਪੰਨਾ 736, ਗੁਰੂ ਗ੍ਰੰਥ ਸਾਹਿਬ)

ਇੱਕ ਏਕੰਕਾਰ, ਜੋਤਿ ਰੂਪ ਅਕਾਲ ਪੁਰਖ ਨੇ ਅਨਹਤ, ਅਨਹਦ ਸ਼ਬਦ ਦੀਆਂ ਸੰਗੀਤਕ ਧੁੰਨਾਂ ਉਚਾਰ ਕੇ ਆਤਮ ਪਸਾਰਾ ਕੀਤਾ। ਕਰਤੇ ਦੇ ਸੰਗੀਤਕ ਧੁੰਨਾਂ ਰੂਪ ਤੋਂ ਸੰਸਾਰ ਦੀ ਹਉਂ ਵਾਲੀ ਮੈਲੀ ਚੇਤਨਾ ਬਣੀ, ਤੇ ਸੰਸਾਰ ਦੇ ਅਨਗਿਣਤ ਜੀਵ ਜੰਤਾਂ ਦੇ ਵੱਖ-ਵੱਖ ਰੂਪ ਬਣੇ। ਸੰਸਾਰ ਦੇ ਵੱਖ-ਵੱਖ ਰੂਪ ਇੱਕ ਦੇ ਹੀ ਅਨੇਕਾਂ ਮਾਯਾਵੀ ਸਰੂਪ ਹਨ। ਸੰਸਾਰ ਤੇ ਸੰਸਾਰ ਦੇ ਜੀਵ ਨਿਰਗੁਣ ਬ੍ਰਹਮ ਦੇ ਹੀ ਸਰਗੁਣ ਸਰੂਪ ਹਨ। ਹਉਂ ਦੇ ਭਰਮ ਕਾਰਣ ਮਨੁੱਖ ਨੂੰ ਸਰਗੁਣ ਸਰੂਪ ਵਿੱਚ ਕਰਤਾ ਤੇ ਕਰਤੇ ਦੀ ਆਪਣੀ ਖੇਡ ਨਹੀਂ ਦਿੱਸਦੀ। ਬ੍ਰਹਮ ਗਿਆਨੀ ਨੂੰ ਸੰਸਾਰ ਤੇ ਸੰਸਾਰ ਦੇ ਜੀਵਾਂ ਵਿੱਚ ਇੱਕ ਏਕੰਕਾਰ, ਕਰਤਾ ਹੀ ਖੇਡਦਾ ਦਿੱਸਦਾ ਹੈ।

ਪੁਰਖੁ

ਇਕ ਏਕੰਕਾਰ ਜੋਤਿ ਰੂਪ ਬ੍ਰਹਮ ਨੂੰ ਗੁਰਬਾਣੀ ਪੁਰਖ, ਪਰਮ ਪੁਰਖ, ਆਦਿ ਪੁਰਖ, ਕਰਤਾ ਪੁਰਖ, ਸੁਜਾਨ ਪੁਰਖ ਕਹਿੰਦੀ ਹੈ। ਰੂਪ ਰੇਖ ਰੰਗ ਤੋਂ ਬਿਨਾ ਸੰਪੂਰਨ, ਹੋਂਦ ਵਾਲੀ ਚੇਤੰਨ, ਸੁੰਪੂਰਨ ਸ਼ਖਸੀਅਤ ਹੈ। ਉਹ ਹੀ ਸੰਸਾਰ ਦਾ ਖਸਮ ਹੈ, ਸਭ ਜੀਵ ਉਸ ਦੇ ਹੁਕਮ ਵਿੱਚ ਕਾਰ ਕਰਨ ਵਾਲੀਆਂ ਨਾਰਾਂ ਹਨ।

ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ (ਪੰਨਾ 591, ਗੁਰੂ ਗ੍ਰੰਥ ਸਾਹਿਬ)

ਨਾ ਤਿਸੁ ਕਾਮੁ ਨ ਨਾਰੀ॥ (ਪੰਨਾ 597, ਗੁਰੂ ਗ੍ਰੰਥ ਸਾਹਿਬ)

ਮੈ ਕਾਮਣਿ ਮੇਰਾ ਕੰਤੁ ਕਰਤਾਰੁ॥

(ਪੰਨਾ 1128, ਗੁਰੂ ਗ੍ਰੰਥ ਸਾਹਿਬ)

ਨਿਰਭਉ

ਇਕ ਏਕੰਕਾਰ ਜੋਤਿ ਰੂਪ ਪਾਰਬ੍ਰਹਮ ਨੂੰ ਕਿਸੇ ਦਾ ਭਉ ਨਹੀਂ, ਨਿਰਭਉ ਹੈ। ਸਾਰਾ ਸੰਸਾਰ ਜੀਵ ਜੰਤ, ਦੇਵੀ ਦੇਵਤੇ, ਉਸ ਦੇ ਭੈ ਵਿੱਚ ਹਨ ਤੇ ਉਸ ਦੇ ਹੁਕਮ ਵਿੱਚ ਕਾਰ ਕਰਦੇ ਹਨ।

ਏਕੇ ਕਉ ਨਾਹੀ ਭਉ ਕੋਇ॥ ਕਰਤਾ ਕਰੇ ਕਰਾਵੈ ਸੋਇ॥ (ਪੰਨਾ 796, ਗੁਰੂ ਗ੍ਰੰਥ ਸਾਹਿਬ)

ਤਿਸ ਤੇ ਊਪਰਿ ਨਾਹੀ ਕੋਇ॥

ਕਉਣੁ ਡਰੈ ਡਰੁ ਕਿਸ ਕਾ ਹੋਇ॥

(ਪੰਨਾ 842, ਗੁਰੂ ਗ੍ਰੰਥ ਸਾਹਿਬ)

ਸਗਲਿਆ ਭਉ ਲਿਖਿਆ ਸਿਰਿ ਲੇਖੁ॥

ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ॥

(ਪੰਨਾ 464, ਗੁਰੂ ਗ੍ਰੰਥ ਸਾਹਿਬ)

ਇੰਦ੍ਰ ਆਦਿ ਦੇਵਤੇ ਵੀ ਉਸ ਦੇ ਭੈ ਵਿੱਚ ਤੇ ਹੁਕਮ ਵਿੱਚ ਕਾਰ ਕਰਦੇ ਹਨ।

ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥

ਭੈ ਵਿਚਿ ਰਾਜਾ ਧਰਮ ਦੁਆਰੁ॥

(ਪੰਨਾ 464, ਗੁਰੂ ਗ੍ਰੰਥ ਸਾਹਿਬ)

ਨਿਰਵੈਰੁ

ਇਕ ਏਕੰਕਾਰ ਬ੍ਰਹਮ ਜੋਤਿ ਨੂੰ ਕਿਸੇ ਨਾਲ ਵੈਰ ਨਹੀਂ।

ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ॥

(ਪੰਨਾ 592, ਗੁਰੂ ਗ੍ਰੰਥ ਸਾਹਿਬ)

ਤੂੰ ਨਿਰਵੈਰੁ ਸੰਤ ਤੇਰੇ ਨਿਰਮਲ॥

(ਪੰਨਾ 108, ਗੁਰੂ ਗ੍ਰੰਥ ਸਾਹਿਬ)

ਅਕਾਲ

ਇਕ ਏਕੰਕਾਰ ਬ੍ਰਹਮ ਜੋਤਿ, ਅਕਾਲ ਪੁਰਖ ਹੈ, ਅਬਿਨਾਸੀ ਹੋਂਦ ਹੈ। ਸਮਾਂ (Time) ਅਕਾਲ ਪੁਰਖ ਦੇ ਹੁਕਮ ਨਾਲ, ਸੰਸਾਰ ਦੀ ਉਤਪਤੀ ਸਮੇਂ ਸ਼ੁਰੂ ਹੋਇਆ। ਸਮਾਂ ਉਤਨੀ ਦੇਰ ਚਲੇਗਾ, ਜਿਤਨੀ ਦੇਰ ਸੰਸਾਰ ਹੈ। ਜਦੋਂ ਆਦਿ ਪੁਰਖ ਦੇ ਹੁਕਮ ਵਿੱਚ ਇੱਕ ਕਾਲ ਚੱਕਰ ਸਮਾਪਤ ਹੋਵੇਗਾ, ਤਾਂ ਸਮਾਂ ਸਮਾਪਤ ਹੋਵੇਗਾ। ਉਹ ਕਾਲ ਦਾ ਕਾਲ ਹੈ। ਉਹ ਆਪ ਸਦ ਜੀਵਤ ਹੈ।

ਕਈ ਬਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ॥

(ਪੰਨਾ 276, ਗੁਰੂ ਗ੍ਰੰਥ ਸਾਹਿਬ)

(ਸੰਸਾਰ ਰਚਨਾ ਉਸ ਦੇ ਹੁਕਮ ਨਾਲ ਕਈ ਵਾਰ ਹੋਈ, ਜਦੋਂ ਜਦੋਂ ਉਸਨੇ ਆਤਮ ਪਸਾਰਾ ਕੀਤਾ।)

ਓਅੰਕਾਰ ਧੁੰਨ ਸਦਾ ਸੱਤ ਨਹੀਂ, ਇੱਕ ਕਾਲ ਚੱਕਰ ਤੋਂ ਬਾਦ ਇੱਕ ਏਕੇ ਵਿੱਚ ਸਮਾ ਜਾਂਦੀ ਹੈ।

ਮੂਰਤਿ

ਮੂਰਤਿ ਦੇ ਅਰਥ ਹਨ ਵਜੂਦ, ਸਰੂਪ, ਹੋਂਦ, ਹਸਤੀ।

ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ॥

(ਪੰਨਾ 609, ਗੁਰੂ ਗ੍ਰੰਥ ਸਾਹਿਬ)

(ਸਦ ਜੀਵਤ ਹਸਤੀ ਹੋਂਦ)

ਅਜੂਨੀ

ਇਕ ਏਕੰਕਾਰ ਜੋਤਿ ਰੂਪ ਪਾਰਬ੍ਰਹਮ, ਜੂਨਾਂ ਵਿੱਚ ਨਹੀਂ ਆਉਂਦਾ, ਜਨਮ ਮਰਨ ਵਿੱਚ ਨਹੀਂ।

ਜਨਮ ਮਰਣ ਤੇ ਰਹਤ ਨਾਰਾਇਣ॥

(ਪੰਨਾ 1136, ਗੁਰੂ ਗ੍ਰੰਥ ਸਾਹਿਬ)

ਸੰਸਾਰ ਦੇ ਸਭ ਜੀਵ ਦੇਵੀ, ਦੇਵਤੇ, ਅਵਤਾਰ ਜਨਮ ਮਰਨ ਵਿੱਚ ਹਨ।

ਸੈਭੰ

ਇਕ ਏਕੰਕਾਰ ਜੋਤਿ ਰੂਪ ਪਾਰਬ੍ਰਹਮ ਨੇ ਆਪਣੇ ਆਪ ਨੂੰ ਆਪ ਉਪਾਇਆ। ਏਕਮ ਏਕੈ ਆਪੁ ਉਪਾਇਆ॥ (ਪੰਨਾ 113)

ਓਅੰਕਾਰ ਨੂੰ ਅਕਾਲ ਪੁਰਖ ਨੇ ਇੱਕ ਕਵਾਉ ਨਾਲ ਉਪਾਇਆ। ਕਾਲ ਮਹਾਕਾਲ ਸਭ ਦੇਵੀ ਦੇਵਤਿਆਂ ਨੂੰ ਉਪਾਉਨ ਵਾਲਾ ਉਹ ਇੱਕ ਏਕੰਕਾਰ ਹੈ। ਸਭ ਦੇਵੀ ਦੇਵਤੇ ਜਨਮ ਮਰਨ ਵਿੱਚ ਹਨ ੳਹਨਾਂ ਨੂੰ ਅਕਾਲ ਪੁਰਖ ਦਾ ਗਿਆਨ ਨਹੀ।

ਗੁਰ ਪ੍ਰਸਾਦਿ

ਇੱਕ ਏਕੰਕਾਰ ਜੋਤਿ ਰੂਪ ਅਕਾਲ ਪੁਰਖ ਪਾਰਬ੍ਰਹਮ, ਗੁਰੂ ਰੂਪ ਹੈ, ਗਿਆਨ ਦਾਤਾ ਹੈ, ਤੇ ਕ੍ਰਿਪਾ ਸਾਗਰ ਹੈ।

ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ।।

(ਪੰਨਾ 1112, ਗੁਰੂ ਗ੍ਰੰਥ ਸਾਹਿਬ)

ਗੁਰੂ ਦੇ ਅਰਥ ਹਨ, ਇਕੋ ਇੱਕ ਸਦੈਵੀ ਹਸਤੀ ਪਾਰਬ੍ਰਹਮ ਦੇ ਨਿਰਗੁਣ ਤੇ ਸਰਗੁਣ ਸਰੂਪ ਨੂੰ ਜਾਨਣ ਵਾਲਾ ਤੇ ਸਿੱਖ ਸੇਵਕ ਨੂੰ ਕਿਰਪਾ ਦੁਆਰਾ ਨਾਮ (ਗੁਰਮੰਤ੍ਰ ਦੇ ਕੇ) ਬ੍ਰਹਮ ਦਾ ਗਿਆਨ ਦੇਣ ਵਾਲਾ। ਪ੍ਰਸਾਦਿ ਦੇ ਅਰਥ ਹਨ ਕਿਰਪਾ।

ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ॥

(ਪੰਨਾ 130, ਗੁਰੂ ਗ੍ਰੰਥ ਸਾਹਿਬ)

ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ॥

(ਪੰਨਾ 130, ਗੁਰੂ ਗ੍ਰੰਥ ਸਾਹਿਬ)

ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ॥

ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ॥

(ਪੰਨਾ 650, ਗੁਰੂ ਗ੍ਰੰਥ ਸਾਹਿਬ)

ਡਾ: ਗੁਰਮੁਖ ਸਿੰਘ




.