.

ਬਾਈਪਾਸ

ਗੁਰਸ਼ਰਨ ਸਿੰਘ ਕਸੇਲ

ਇਸ ਸਮੇਂ ਜਦ ਅਸੀਂ ਮਨੁੱਖਾ ਜੂਨ ਭੋਗ ਰਹੇ ਹਾਂ ਪਰ ਕੀ ਸਾਡੀ ਸੋਚਣੀ ਵੀ ਮਨੁੱਖਾਂ ਵਾਲੀ ਹੈ। ਇਸ ਜੂਨ ਨੂੰ ਗੁਰਬਾਣੀ ਨੇ ਸੱਭ ਜੂਨਾ ਤੋਂ ਉਪਰ ਆਖਿਆ ਹੈ: "ਅਵਰ ਜੋਨਿ ਤੇਰੀ ਪਨਿਹਾਰੀ॥ ਇਸ ਧਰਤੀ ਮਹਿ ਤੇਰੀ ਸਿਕਦਾਰੀ॥ ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ॥ (ਮ: 5, ਪੰਨਾ 374) ਇਸ ਸ਼ਬਦ ਅਨੁਸਾਰ ਅਸੀਂ ਆਪਣੀ ਸੋਚ ਵੀ ਬਣਾਉਣੀ ਹੈ। ਆਪਣੀ-ਆਪਣੀ ਸੋਚ ਬਾਰੇ ਅਸੀਂ ਖੁਦ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਸਕਦੇ ਹਾਂ ਕਿ ਅਸੀਂ ਇਸ ਜੀਵਨ ਵਿੱਚ ਕਿਥੇ ਖੜ੍ਹੇ ਹਾਂ। ਦੁੱਖ ਦੀ ਗੱਲ ਇਹ ਹੈ ਕਿ ਅਸੀਂ ਆਪਣੇ ਅੰਦਰ ਤਾਂ ਝਾਤੀ ਮਾਰਨਾ ਨਹੀਂ ਚਾਹੁੰਦੇ ਪਰ ਅਸੀਂ ਪਰਚੱਲਤ ਕਹਾਣੀਆਂ ਵਾਂਗੂ ਕਰਨ ਤੇ 84 ਲੱਖ ਜੂਨਾ ਤੋਂ ਮੁਕਤੀ ਦੀ ਆਸ ਕਰਦੇ ਹਾਂ ਅਤੇ ਅਕਾਲ ਪੁਰਖ ਵਿੱਚ ਲੀਨ ਹੋ ਜਾਣਾ ਚਾਹੁੰਦੇ ਹਾਂ।

ਇਸ ਨਾਲ ਰਲਦੀ ਮਿਲਦੀ ਇੱਕ ਗੱਲ ਯਾਦ ਆ ਗਈ। ਇੱਕ ਮੇਰੇ ਵਰਗਾ ਵੀਰ ਜੋ ਨਿੱਕੀ-ਨਿਕੀ ਗੱਲ ਤੇ ਵੀ ਝੂਠ, ਹਊਮੈ ਅਤੇ ਗੱਪ ਮਾਰਦਾ ਸੀ, ਕਹਿਣ ਲੱਗਾ, "ਇਹ ਦੱਸੋਂ ਜਨਮ ਮਰਨ ਤੋਂ ਮੁਕਤੀ ਕਿਵੇਂ ਮਿਲੂ" ਮੈਂ ਕਿਹਾ, ਵੀਰ, ਮਰਨ ਤੋਂ ਪਿਛੋਂ ਵਾਲੀ ਮੁਕਤੀ ਦਾ ਤਾਂ ਮੈਂਨੂੰ ਅਜੇ ਆਪ ਕੋਈ ਨਹੀਂ ਪਤਾ ਕਿ ਕਿਵੇਂ ਮਿਲ ਸਕਦੀ ਹੈ ਜਾਂ ਨਹੀਂ, ਇਹ ਆਤਮਾ ਸਾਡੇ ਵਿੱਚ ਕਿਵੇਂ ਪ੍ਰਵੇਸ਼ ਕਰਦੀ ਅਤੇ ਸਰੀਰਕ ਮੌਤ ਹੋਣ ਸਮੇਂ ਕਿਵੇਂ ਵਿਚੋਂ ਬਾਹਰ ਜਾਂਦੀ ਹੈ ਜਾਂ ਕਿਥੇ ਜਾਂਦੀ ਹੈ; ਪਰ ਇੱਕ ਗੱਲ ਜਰੂਰ ਪੱਕੀ ਹੈ ਕਿ ਪਹਿਲਾਂ ਇਥੇ ਜਿਉਂਦੇ ਜੀਅ ਵਿਕਾਰਾਂ ਤੋਂ ਮੁਕਤ ਹੋਣਾ ਜਰੂਰੀ ਹੈ। ਫਿਰ ਆਖਦਾ, "ਇਹ ਤਾਂ ਔਖੀ ਗੱਲ ਹੈ"। ਮੈਂ ਕਿਹਾ, ਸੁਣ ਵੀਰ, ਗੁਰਮਤਿ ਕੋਈ ‘ਬਾਈਪਾਸ’ ਰਸਤਾ ਨਹੀਂ ਦੱਸਦੀ। ਫਿਰ ਆਖਦਾ, "ਜੇ 84 ਲੱਖ ਜੂਨਾਂ ਤੋਂ ਮੁਕਤ ਹੀ ਨਹੀਂ ਹੋਣਾ ਤਾਂ ਫਿਰ ਸਵੇਰੇ ਉਠਣ ਕੇ ਇਸ਼ਨਾਨ ਕਰਨਾ, ਪਾਠ ਕਰਨਾ, ਗੁਰਦੁਆਰੇ ਸੇਵਾ ਕਰਨੀ, ਪੈਸੇ ਦੇਣੇ ਆਦਿਕ ਦਾ ਕੀ ਲਾਭ ਹੋਇਆ" ?

ਵਾਕਿਆ ਹੀ ਏਹੀ ਗੱਲ ਹੈ, ਅੱਜ ਬਹੁਗਿਣਤੀ ਲੋਕ ਜੋ ਪੂਜਾ ਪਾਠ, ਤੀਰਥ ਯਾਤਰਾ ਜਾਂ ਕੋਈ ਹੋਰ ਧਾਰਮਕ ਕੰਮ ਕਰਦੇ ਹਨ, ਉਹ ਮਰਨ ਤੋਂ ਪਿਛੋਂ ਮੁਕਤੀ ਦੀ ਆਸ ਨਾਲ ਕਰਦੇ ਹਨ ਜਾਂ ਅਖੌਤੀ ਨਰਕ ਤੋਂ ਬਚਣ ਤੇ ਅਖੋਤੀ ਸਵਰਗ ਵਿੱਚ ਸੀਟ ਬੁੱਕ ਕਰਵਾਉਣ ਲਈ ਕਰਦੇ ਹਨ। ਇਸ ਜੀਵਨ ਵਿੱਚ ਗੁਰਬਾਣੀ ਪੜ੍ਹਕੇ ਆਪਣੇ ਅੰਦਰੋਂ ਵਿਕਾਰ ਕੱਢਣੇ ਤੇ ਚੰਗੇ ਗੁਣ ਗ੍ਰਹਿਣ ਕਰਨੇ ਇਹ ਅੱਜ ਸਾਡਾ ਮਸਲਾ ਹੀ ਨਹੀਂ ਹੈ। ਅਸੀਂ ਇਸ ਜਨਮ ਵਿੱਚ ਹੁੰਦੇ ਹੋਏ ਵੀ ਇਥੇ ਨਹੀਂ ਹਾਂ, ਜਾਂ ਤਾਂ ਅਗਲੇ ਜਨਮ ਬਾਰੇ ਸੋਚਦੇ ਹਾਂ ਜਾਂ ਕੋਈ ਮਾੜੀ ਗੱਲ ਵਾਪਰਨ ਤੇ ਆਪਣੇ ਪਿਛਲੇ ਜਨਮ ਦੇ ਕਰਮਾ ਨੂੰ ਕੋਸਣ ਲੱਗ ਪੈਂਦੇ ਹਾਂ। ਆਮ ਹੀ ਲੋਕ ਸਰੀਰਕ ਰੋਗ ਹੋਣ ਜਾਂ ਪ੍ਰੀਵਾਰ ਵਿੱਚ ਕੁੱਝ ਮਾੜਾ ਵਾਪਰਨ ਕਾਰਨ ਆਪਣੇ ਪਿਛਲੇ ਜਨਮ ਦੇ ਕਰਮਾ ਨੂੰ ਕੋਸ ਕੇ ਆਪ ਸੁਰਖਰੂ ਹੋ ਜਾਂਦੇ ਹਨ। ਆਖਣਗੇ ਇਹ ਤਾਂ ਪਿਛਲੇ ਜਨਮਾ ਦਾ ਲੈਣਾ-ਦੇਣਾ ਹੈ। ਇਸ ਜਨਮ ਵਿੱਚ ਜੋ ਗਲਤੀਆਂ ਕਰ ਰਹੇ ਹਨ ਉਸ ਵੱਲ ਕੋਈ ਧਿਆਨ ਨਹੀਂ ਦੇਂਦੇ।

ਜਿਵੇਂ ਅੱਜ ਵੀ ਕਈ ਨਿਕੀਆਂ-ਨਿਕੀਆਂ ਬਾਲੜੀਆਂ ਨੂੰ ਉਹਨਾਂ ਦੇ ਮਾਪੇ ਕਿਸੇ ਗੁਰਦੁਆਰੇ ਜਾਂ ਬੱਸ ਅੱਡੇ ਤੇ ਛੱਡ ਆਉਂਦੇ ਹਨ। ਜਿਵੇਂ ਕੁੱਝ ਮਹੀਨੇ ਪਹਿਲਾ ਹੀ ਦੋ ਬੱਚੀਆਂ ਨੂੰ ਕੋਈ ਕਮੀਣਾ ਬਾਪ ਸ੍ਰੀ ਹਰਿਮੰਦਰ ਸਾਹਿਬ ਛੱਡ ਗਿਆ ਸੀ। ਇਸ ਦਾ ਇਲਜਾਮ ਵੀ ਤਾਂ ਕਈ ਅਜਿਹੀ ਸੋਚ ਵਾਲੇ ਲੋਕੀ ਬੱਚੀਆਂ `ਤੇ ਹੀ ਲਾਉਂਦੇ ਹੋਣਗੇ ਕਿ ਇਹ ਇਹਨਾਂ ਦੇ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਦਾ ਹੀ ਫਲ ਹੈ। ਇਸੇ ਕਰਕੇ ਅਸੀਂ ਕਈ ਵਾਰ ਉਹੀ ਗਲਤੀਆਂ ਦੁਹਰਾਉਂਦੇ ਰਹਿੰਦੇ ਹਾਂ। ਵੇਖਿਆ ਜਾਵੇ ਤਾਂ ਅੱਜ ਗੁਰਬਾਣੀ ਪਹਿਲੇ ਸਮੇਂ ਨਾਲੋਂ ਕਿਤੇ ਵੱਧ ਪੜ੍ਹੀ-ਸੁਣੀ ਜਾ ਰਹੀ ਹੈ ਪਰ ਲੱਗਦਾ ਹੈ ਕਿ ਸਿਰਫ ਪੜ੍ਹਨ –ਸੁਣਨ ਤੀਕਰ ਹੀ ਅਸੀਂ ਰਹੇ ਗਏ ਹਾਂ। ਜੇ ਨਹੀਂ ਤਾਂ ਗੁਰਬਾਣੀ ਵਿੱਚ ਤਾਂ ਆਉਂਦਾ ਹੈ ਕਿ ਮਨੁੱਖ ਨੇ ਆਪਣੇ ਇਸ ਮਨੁੱਖਾ ਜਨਮ ਵਿੱਚ ਹੀ ਵਿਕਾਰਾਂ ਤੋਂ ਮੁਕਤ ਹੋਣਾ ਹੈ। ਮਰਨ ਵਾਲੀ ਮੁਕਤੀ ਕਿਸਨੇ ਵੇਖੀ ਹੈ: ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ॥ (ਭਗਤ ਨਾਮਦੇਵ, ਪੰਨਾ 1292) ਪਰ ਅਸੀਂ ਤਾਂ ਗੁਰਬਾਣੀ ਤੋਂ ਗਿਆਨ ਹਾਸਲ ਕਰਕੇ ਇਸੇ ਜਨਮ ਵਿੱਚ ਮੁਕਤ ਹੋਣ ਬਾਰੇ ਸੋਚਦੇ ਹੀ ਨਹੀਂ ਜਾਪਦੇ। ਇਸੇ ਕਰਕੇ ਤਾਂ ਅਸੀਂ ਉਹ ਤਰੀਕੇ ਅਪਣਾਉਂਦੇ ਹਾਂ ਜੋ ਗੁਰਮਤਿ ਵਿੱਚ ਕਦੀ ਪ੍ਰਵਾਨ ਹੀ ਨਹੀਂ ਹਨ। ਜਿਨਾਂ ਕਰਮਕਾਂਡਾਂ ਤੋਂ ਗੁਰੁ ਜੀ ਨੇ ਮੰਨ੍ਹਾਂ ਕੀਤਾ ਹੈ ਅੱਜ ਅਸੀਂ ਹੋਰਨਾਂ ਧਰਮਾ ਦੀ ਦੇਖਾ-ਦੇਖੀ ਅਤੇ ਡੇਰੇਵਾਦਾਂ ਸਾਧਾਂ ਅਤੇ ਕੁੱਝ ਅਖੌਤੀ ਪ੍ਰਚਾਰਕਾਂ ਦੀ ਮੇਹਰਬਾਨੀਆਂ ਕਰਕੇ ਅਜਿਹੇ ਕਰਮਕਾਂਡ ਕਰਨ ਲਈ ਅੱਖਾਂ ਮੀਟੀ ਅੱਗੜ-ਪਿਛੱੜ ਭੱਜੀ ਜਾ ਰਹੇ ਹਾਂ। ਇਸ ਦੀ ਇੱਕ ਮਸਾਲ ਕੁੱਝ ਪੁਜਾਰੀਆਂ ਵੱਲੋਂ ਪ੍ਰਚਾਰੀ ਸ੍ਰੀ ਗੋਇਦਵਾਲ ਸਾਹਿਬ ਦੀ ਬਾਉਲੀ ਵਿਚੋਂ ਇਸ਼ਨਾਨ ਕਰਕੇ ਅਖੌਤੀ ਚੌਰਾਸੀ ਲੱਖ ਜੂਨਾਂ ਤੋ ਮੁਕਤ ਹੋਣ ਦੀ ਮਨਘੜਤ ਕਹਾਣੀ ਹੀ ਵੇਖ ਲਵੋ।

ਅਗਲੇ ਜਨਮ ਤੋਂ ਮੁਕਤੀ ਦੇ ਡਰ ਕਾਰਨ ਅੱਜ ਹਜਾਰਾਂ ਹੀ ਸਿੱਖ ਸ੍ਰੀ ਗੋਇੰਦਵਾਲ ਬਾਉਲੀ ਵਿੱਚ ਇਸ਼ਨਾਨ ਕਰ ਰਹੇ ਹਨ। ਗੁਰਮਤਿ ਵਿਰੋਧੀਆਂ ਨੇ ਸਿੱਖਾਂ ਨੂੰ "ਸ਼ਬਦ ਗੁਰੁ" ਨਾਲੋਂ ਤੋੜਨ ਦਾ ਕਿੱਡਾ ਵਧੀਆ ਢੰਗ ਲੱਭਿਆ ਹੈ। ਅੱਜ ਵੀ ਪ੍ਰਚਾਰਿਆ ਜਾ ਰਿਹਾ ਹੈ, "ਸਿੱਖੋ ਤੁਸੀਂ ਸ੍ਰੀ ਗੋਇਦਵਾਲ ਸਾਹਿਬ ਜਾਵੋ, ਉਥੇ ਚੌਰਾਸੀ ਵਾਰੀ ਬਾਉਲੀ ਵਿੱਚ ਇਸ਼ਨਾਨ ਕਰੋ ਤੇ ਹਰ ਵਾਰੀ ਜਪੁ ਜੀ ਸਾਹਿਬ ਦਾ ਪਾਠ ਕਰੋ, ਬਸ ਤੁਹਾਡੀ ਜਨਮ ਮਰਨ ਦੀ 84 ਕੱਟੀ ਜਾਵੇਗੀ। ਕੁੱਝ ਘੰਟੇ ਲਾ ਕੇ ਬਾਕੀ ਸਾਰੀ ਜਿੰਦਗੀ ਜੋ ਮਰਜੀ ਕਰੋ; ਗੁਰੁ ਨੇ ਤੁਹਾਨੂੰ ਖੁਲ੍ਹ ਦੇ ਦਿਤੀ ਹੈ। ਅਜਿਹੇ ਲੋਕ ਤਾਂ ਬਾਈਪਾਸ ਤੋਂ ਵੀ ਅੱਗੇ ਲੰਘ ਗਏ ਹਨ। ਪਤਾ ਨਹੀਂ ਇਹ ਕਹਾਣੀ ਕਿਸ ਨੇ ਬਣਾਈ ਹੈ। ਗੁਰੂ ਸਾਹਿਬਾਨ ਨੇ ਨਾਂ ਤਾਂ ਆਪ ਕੋਈ ਅਜਿਹਾ ਕਰਮ ਕੀਤਾ ਹੈ ਅਤੇ ਨਾਂ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਕੋਈ ਨੋਟ ਲਿਖਿਆ ਹੈ ਕਿ ਸਿੱਖੋ! ਕੁੱਝ ਘੰਟੇ ਔਖੇ-ਸੌਖੇ ਹੋਕੇ ਤੱਪਸਿਆ ਕਰ ਲਵੋਂ, ਤੁਸੀਂ ਮੁਕਤ ਹੋ ਜਾਵੋਗੇ; ਤੁਹਾਨੂੰ ਆਪਣੇ ਅੰਦਰੋਂ ਵਿਕਾਰਾਂ ਦਾ ਕੂੜ ਕੱਢਣ ਦੀ ਲੋੜ ਨਹੀਂ।

ਚੰਗਾ ਤਾਂ ਇਹੀ ਹੈ ਕਿ ਪਹਿਲਾਂ ਇਸ ਜੀਵਨ ਨੂੰ ਵਿਕਾਰਾਂ ਤੋਂ ਰਹਿਤ ਬਣਾਕੇ ਜੀਣ ਦੀ ਕੋਸ਼ਿਸ਼ ਕਰੀਏ। ਆਪਣੇ ਬੱਚਿਆਂ ਨਾਲ ਸੱਚ ਬੋਲੀਏ ਅਤੇ ਸੱਚੇ ਨੂੰ ਸੱਚਾ ਅਤੇ ਝੂਠੇ ਨੂੰ ਝੂਠਾ ਆਖਣ ਦਾ ਹੀਲਾ ਆਪਣੇ ਘਰ ਤੋਂ ਚਾਲੂ ਕਰੀਏ। ਜੇਕਰ ਅਸੀਂ ਵਾਕਿਆ ਹੀ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਜਰੂਰ ਬਲ ਦੇਵੇਗਾ ਜਿਸ ਨਾਲ ਅਸੀਂ ਇਸ ਜਨਮ ਵਿੱਚ ਵਿਕਾਰਾਂ ਤੋਂ ਮੁਕਤ ਹੋ ਸਕੀਏ। ਹਰ ਵੇਲੇ ਸਰੀਰਕ ਤੌਰ ਤੇ ਮਰਨ ਤੋਂ ਬਆਦ ਵਾਲੀ ਮੁਕਤੀ ਜਾਂ ਨਰਕ ਵਿੱਚ ਪੈਣ ਤੋਂ ਨਾ ਡਰਦੇ ਰਹੀਏ। ਜਿਵੇਂ ਗੁਰਵਾਕ ਹੈ: ਤਵ ਗੁਨ ਕਹਾ ਜਗਤ ਗੁਰਾ, ਜਉ ਕਰਮੁ ਨ ਨਾਸੈ॥

ਸਿੰਘ ਸਰਨ ਕਤ ਜਾਈਐ, ਜਉ ਜੰਬੁਕੁ ਗ੍ਰਾਸੈ॥ ੧॥ ਰਹਾਉ॥

ਏਕ ਬੂੰਦ ਜਲ ਕਾਰਨੇ, ਚਾਤ੍ਰਿਕੁ ਦੁਖੁ ਪਾਵੈ॥ ਪ੍ਰਾਨ ਗਏ ਸਾਗਰੁ ਮਿਲੈ, ਫੁਨਿ ਕਾਮਿ ਨ ਆਵੈ॥ (ਭਗਤ ਬੇਣੀ ਜੀ, ਪੰਨਾ ੮੫੮)

ਗੁਰਮਤਿ ਇਹ ਅਕਾਲ ਪੁਰਖ ਦੀ ਰਜਾ `ਤੇ ਛਡਦੀ ਹੈ ਕਿ ਉਹ ਕਿਥੇ ਲੈਕੇ ਜਾਂਦਾ ਹੈ। ਇਵੇਂ ਹੀ ਭਗਤ ਕਬੀਰ ਜੀ ਪੁਜਾਰੀ ਦੇ ਮਰਨ ਤੋਂ ਬਆਦ ਵਾਲੇ ਬਣਾਏ ਅਖੌਤੀ ਸਵਰਗ ਨਰਕ ਬਾਰੇ ਆਖਦੇ ਹਨ: ਕਬੀਰ ਸੁਰਗ ਨਰਕ ਤੇ ਮੈ ਰਹਿਓ, ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ, ਰਹਉ ਅੰਤਿ ਅਰੁ ਆਦਿ॥ (1370)

ਆਪਣੇ ਇਸ ਜਨਮ ਵਿੱਚ ਕਾਰ-ਵਿਹਾਰ ਕਰਦਿਆਂ ਵਿਕਾਰਾਂ ਤੋਂ ਮੁਕਤ ਹੋਣ ਦੀ ਕੋਸ਼ਸ਼ ਕਰੀਏ ਜੋ ਸਾਡੇ ਅੰਦਰ ਵਸੇ ਹਨ। ਗੁਰਬਾਣੀ ਜਿਨਾਂ ਨੂੰ ਭੂਤ ਪ੍ਰੇਤ ਵੀ ਆਖਦੀ ਹੈ: ਪਉੜੀ॥ ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥ ਏਹ ਜਮ ਕੀ ਸਿਰਕਾਰ ਹੈ ਏਨਾੑ ਉਪਰਿ ਜਮ ਕਾ ਡੰਡੁ ਕਰਾਰਾ॥ ਮਨਮੁਖ ਜਮ ਮਗਿ ਪਾਈਅਨਿੑ ਜਿਨੑ ਦੂਜਾ ਭਾਉ ਪਿਆਰਾ॥ ਜਮਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ॥ ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ, ਗੁਰਮੁਖਿ ਨਿਸਤਾਰਾ॥ 12॥ (ਮ: 3, ਪੰਨਾ 513)

ਗੁਰਮਤਿ ਅਨੁਸਾਰ ਮੁਕਤ ਹੋਣ ਦਾ ਹੋਰ ਕੋਈ ‘ਬਾਈਪਾਸ’ ਨਹੀਂ ਹੈ। ਭਾਂਵੇ ਜਿਥੇ ਮਰਜੀ ਡੇਰਿਆਂ ਤੇ ਧੱਕੇ ਖਾਂਦੇ ਫਿਰੋ ਜਾਂ ਕਰਮਕਾਂਡ ਕਰਦੇ ਫਿਰੋ। ਸਗੋਂ ਅੰਧਵਿਸ਼ਵਸਾਂ ਵਿੱਚ ਫਸੋਗੇ ਅਤੇ ਜਿਉਂਦੇ ਜੀਅ 84 ਲੱਖ ਜੂਨਾਂ ਵਿੱਚ ਭੱਟਕੋਗੇ। ਹਰ ਰੋਜ ਜਨਮ ਮਰਨ ਦੇ ਚੱਕਰ ਵਿੱਚ ਰਹੋਗੇ: ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ॥ ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ॥ (ਮ: 3, ਪੰਨਾ 1130) ਚੰਗਾ ਤਾਂ ਇਹੀ ਹੈ ਗੁਰਬਾਣੀ ਨੂੰ ਸਮਝੀਏ ਅਤੇ ਸੱਚ ਨੂੰ ਆਪਣੇ ਜੀਵਨ ਵਿੱਚ ਢਾਲੀਏ। ਆਪਣੇ ਅੰਦਰੋਂ ਵਿਕਾਰਾਂ `ਤੇ ਕਾਬੂ ਪਾਉਣ ਤੋਂ ਬਿਨਾ ਮੁਕਤੀ ਦਾ ਹੋਰ ਕੋਈ ਸੌਖਾ ਰਾਹ ਗੁਰਮਤਿ ਨਹੀਂ ਦੱਸਦੀ ਹੈ: ਬਿਨੁ ਕਰਤੂਤੀ ਮੁਕਤਿ ਨ ਪਾਈਐ॥ ਮੁਕਤਿ ਪਦਾਰਥੁ ਨਾਮੁ ਧਿਆਈਐ॥ 1॥ ਰਹਾਉ॥ (ਮ: 5, ਪੰਨਾ 201)
.