.

ਸੱਭਿਆਚਾਰ ਨੂੰ ਕਲੰਕਿਤ ਕਰ ਰਹੀ “ਅਸੱਭਿਅਕ ਗਾਇਕੀ”

-ਇਕਵਾਕ ਸਿੰਘ ਪੱਟੀ

ਕਿਸੇ ਦੇਸ਼, ਕੌਮ, ਮੁਲਕ ਦਾ ਚਿਹਰਾ ਹੁੰਦਾ ਹੈ ਸੱਭਿਆਚਾਰ। ਇੱਕ ਸਮਾਂ ਸੀ ਜਦੋਂ ਗੀਤਕਾਰ ਅਜਿਹੇ ਗੀਤ ਲਿਖਦੇ ਸਨ ਅਤੇ ਗਾਇਕ ਅਜਿਹੇ ਗੀਤ ਗਾਂਉਂਦੇ ਸਨ, ਜੋ ਚੰਗੇ ਸਮਾਜ ਦੀ ਸਿਰਜਣਾ ਲਈ ਇੱਕ ਸੰਦੇਸ਼ ਹੋਣ ਦੇ ਨਾਲ-ਨਾਲ ਸਿੱਖਿਆ ਦਾਇਕ ਹੁੰਦੇ ਸਨ। ਜ੍ਹਿਨਾਂ ਵਿੱਚ ਦਿਉਰ-ਭਰਜਾਈ, ਜੀਜਾ-ਸਾਲੀ ਆਦਿ ਰਿਸ਼ਤਿਆਂ ਵਿੱਚ ਆਪਸੀ ਪਿਆਰ ਅਤੇ ਹਾਸਰਾਸ ਵਿਅੰਗ ਵਾਂਗੂੰ ਹੁੰਦੇ ਸਨ ਨਾਕਿ ਅੱਜ ਦੀ ਤਰ੍ਹਾਂ ਅਸ਼ਲੀਲ।
ਪਰ ਮੌਜੂਦਾ ਦੌਰ ਵਿੱਚ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਸਾਡੀ ਸੱਭਿਆਚਾਰਕ ਗਾਇਕੀ ਜਿਸ `ਤੇ ਪੰਜਾਬੀਆਂ ਨੂੰ ਅਤੇ ਹਰੇਕ ਛੋਟੀ-ਵੱਡੀ ਉਮਰ ਵਾਲੇ ਨੂੰ ਮਾਣ ਹੁੰਦਾ ਸੀ, ਜਿਸ ਵਿੱਚ ਸ਼ੁੱਧ ਪੰਜਾਬੀ ਅਲਫਾਜ਼ ਹੁੰਦੇ ਸਨ, ਅੱਜ ਮਿਲਗੋਬਾ ਹੋ ਕਿ ਰਹਿ ਗਈ ਹੈ। ਅੱਜ ਗੀਤਾਂ ਨੂੰ ਸੁਨਣ ਦੀ ਥਾਂ ਦੇਖਣ ਵਾਲੀ ਚੀਜ਼ ਬਣਾ ਛੱਡਿਐ। ਨਕਲ ਕਰਦੇ ਹਨ ਪੱਛਮੀ ਸੱਭਿਅਤਾ ਦੀ, ਕਿਉਂਕਿ ਨਕਲ ਕਰਨਾ ਵੀ ਮਨੁੱਖ ਦੀ ਰੁਚੀ ਦਾ ਮੁੱਖ ਅਤੇ ਅਹਿਮ ਪਹਿਲੂ ਹੈ। ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਸਮਾਜ ਨੇ ਉਹਨਾਂ ਦੀਆਂ ਮਾੜੀਆਂ ਕਰਤੂਤਾਂ ਅਤੇ ਮਾੜੇ ਕੰਮਾ ਦੀ ਨਕਲ ਤਾਂ ਕਰ ਲਈ ਪਰ ਉਹਨਾਂ ਦੇ ਚੰਗੇ ਕਾਰਜਾਂ ਨੂੰ ਅੱਖੋਂ ਪਰੋਖੇ ਹੀ ਰੱਖਿਆ। ਪਰ ਆਪਾਂ ਗੱਲ ਕਰਨੀ ਹੈ ਅੱਜ ਦੇ ਗੀਤਕਾਰਾਂ, ਅਤੇ ਗੀਤਾਂ ਦੀ। ਅੱਜ ਦੀ ਗਾਇਕੀ ਇੰਨ੍ਹੀ ਜਿਆਦਾ ਥੱਲੇ ਡਿੱਗ ਚੁਕੀ ਹੈ ਕਿ ਉਮੀਦ ਰੱਖਣੀ ਵੀ ਮੁਸ਼ਕਿਲ ਹੋ ਚੁੱਕੀ ਹੈ ਕਿ ਇਸ ਨੂੰ ਠੱਲ ਪਾਈ ਵੀ ਜਾ ਸਕੇਗੀ ਕਿ ਨਹੀਂ। ਅੱਜ 95% ਪ੍ਰਤੀਸ਼ਤ ਗੀਤ ਪਰਿਵਾਰ ਵਿੱਚ ਸੁਨਣ ਵਾਲੇ ਨਹੀਂ ਰਹੇ। ਭਾਬੀ-ਦੇਵਰ, ਜੀਜਾ-ਸਾਲੀ ਨੂੰ ਗੰਦੇ ਵਿਅੰਗਾਂ, ਗੰਦੀ ਵੀਡੀਉ ਰਾਹੀਂ ਦਰਸਾ ਕੇ ਪਵਿੱਤਰ ਰਿਸ਼ਤਿਆਂ ਦੀ ਮਿੱਟੀ ਪਲੀਤ ਕੀਤੀ ਜਾ ਰਹੀ ਹੈ। ਅਧਨੰਗੀਆਂ ਮਾਡਲਾਂ ਦੇ ਨੰਗੇਜਪੁਣੇ ਤੇ ਕੈਮਰਾ ਮਾਰ ਕੇ ਪਤਾ ਨਹੀਂ ਅਖੌਤੀ ਸੱਭਿਆਚਾਰ ਗਰੁੱਪਾਂ ਅਤੇ ਗਾਇਕਾਂ ਵੱਲੋਂ ਕਿਹੜੇ ਸੱਭਿਆਚਾਰ ਦੀ ਸੇਵਾ ਕੀਤੀ ਜਾ ਰਹੀ ਹੈ? ਗੰਦੀ ਅਸਲੀਲਤਾ ਨੌਜਵਾਨਾਂ ਅਤੇ ਜਵਾਨੀ ਵਿੱਚ ਪੈਰ ਰੱਖਣ ਵਾਲੇ ਨੌਜਵਾਨਾਂ ਵਿੱਚ ਖਾਸ ਤੌਰ `ਤੇ ਬੁਰਾ ਪ੍ਰਭਾਵ ਪਾ ਰਹੀ ਹੈ। ਔਰਤ ਜਿਸਨੂੰ ਘਰ ਦੀ ਇੱਜ਼ਤ ਦਾ ਹੋਣ ਦਾ ਮਾਨ ਦਿੱਤਾ ਗਿਆ ਹੈ ਅਤੇ ਘਰ ਦੀ ਇੱਜ਼ਤ ਨੂੰ ਪਰਦੇ ਵਿੱਚ ਰੱਖਣਾ ਵੀ ਸਾਡੇ ਸੱਭਿਆਚਾਰ ਦਾ ਇੱਕ ਅੰਗ ਰਹਿ ਚੁੱਕਾ ਹੈ ਅਤੇ ਕਿਤੇ ਟਾਂਵੇ-ਟਾਵੇਂ ਪਿੰਡਾਂ, ਕਸਬਿਆਂ ਵਿੱਚ ਅੱਜ ਵੀ ਹੈ, ਪਰ ਇਹਨਾਂ ਅਖੌਤੀ ਮਾਡਲਾਂ, ਗਾਇਕਾਂ, ਮੀਡੀਆ ਕੰਪਨੀਆਂ ਨੇ ਔਰਤ ਨੂੰ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈ। ਇਹ ਦੋ ਵਿਸ਼ੇ ਇੱਕ ਸ਼ਰਾਬ ਅਤੇ ਦੂਜਾ ਅਲ੍ਹੜ ਲੜਕੀ ਤੋਂ ਬਿਨ੍ਹਾਂ ਤਾਂ ਇਹਨਾਂ ਨੂੰ ਕੈਸਿਟ ਕੱਢਣ ਲਈ ਹੋਰ ਕੋਈ ਵਿਸ਼ਾ ਹੀ ਨਹੀਂ ਮਿਲਦਾ। ਗੀਤ ਪੰਜਾਬ ਵਿੱਚ ਬੈਠ ਕੇ ਪੰਜਾਬੀ ਵਿੱਚ ਗਾਏ ਜਾ ਰਹੇ ਹੁੰਦੇ ਹਨ ਕਿ ਅਚਾਨਕ ਹੀ ਵੀਡੀਉ ਦੇ ਵਿੱਚੋਂ ਹੀ ਕੋਈ ਆਪਣੀ ਹੀ ਭਾਸ਼ਾ ਜਿਸਦਾ ਨਾ ਪਤਾ ਲੱਗਦਾ ਹੈ ਕਿ ਅੰਗਰੇਜੀ ਹੈ, ਪੰਜਾਬੀ ਹੈ, ਕਿ ਹਿੰਦੀ ਦੇ ਡਾਇਲਾਗ ਮਾਰਨੇ ਸ਼ੁਰੂ ਕਰ ਦਿੰਦਾ ਹੈ ਤੇ ਸਮਝ ਨਹੀਂ ਪੈਂਦੀ ਕਿ ਇਸਦੀ ਵਿੱਚ ਕੀ ਲੋੜ ਸੀ? ਜੇ ਸਰਦਾਰੀ ਦੀ ਜਾਂ ਪੱਗ ਦੀ ਗੱਲ ਹੋ ਰਹੀ ਹੈ ਤਾਂ ਆਪਣੇ ਦਾੜ੍ਹੀ ਕੇਸ ਕੱਟੇ ਹੋਏ ਹਨ। ਜੇ ਚੁੰਨੀ ਦੀ ਗੱਲ ਹੋ ਰਹੀ ਹੈ ਤਾਂ ਕੁੜੀ ਦੇ ਸਿਰੋਂ ਚੁੰਨੀ ਹੀ ਗ਼ਾਇਬ ਹੈ।
ਘਟੀਆ ਸ਼ਬਦਾਵਲੀ ਅਤੇ ਦਿਸ਼ਾਹੀਣ ਗਾਇਕੀ ਅਤੇ ਗੀਤਕਾਰ ਸਮਾਜ ਵਿੱਚ ਸ਼ਰ੍ਹੇਆਮ ਗੰਦਗੀ ਪਰੋਸ ਰਹੇ ਹਨ ਪਰ ਅਸੀਂ ਪੰਜਾਬੀ ਜੋ ਕਦੇ ਔਰਤ ਦੀ ਪੱਤ ਦੀ ਰਾਖੀ ਕਰਨ ਲਈ ਮਸ਼ਹੂਰ ਸੀ, ਅਜੇ ਤੱਕ ਕੋਈ ਵੀ ਸਖਤ ਸਟੈਂਡ ਲੈਣ ਲਈ ਤਿਆਰ ਨਹੀਂ। ਤਾਂ ਹੀ ਕਿਸੇ ਕਵੀ ਨੇ ਬਹੁੱਤ ਸੋਹਣਾ ਲਿਖਿਆ ਹੈ:
“ਕੋਈ ਕੰਮ ਨਹੀਂ ਮਿਲਦਾ ਤਾਂ ਫੇਰ ਕੀ ਆ? ਨਹੀਂ ਆਉਂਦਾ ਤਾਂ ਫੇਰ ਵੀ ਗਾਉਣ ਲੱਗ ਜਾ!
ਨਹੀਂ ਸੁਰ ਦੀ ਸਮਝ ਤਾਂ ਫੇਰ ਕੀ ਆ? ਕੋਈ ਨਹੀਂ ਸੁਣਦਾ ਤਾਂ ਵੀ ਸੁਨਾਉਣ ਲੱਗ ਜਾ!
ਪੱਲਿਓਂ ਖਰਚ ਪੈਸੇ ਆਪੇ ਕਲਾਕਾਰ ਬਣ ਜਾ, ਸ਼ੋਰ ਸ਼ਰਾਬੇ ਦਾ ਪ੍ਰਦੂਸ਼ਣ ਫੇਲਾਉਣ ਲੱਗ ਜਾ!
ਗੰਦੇ ਗੀਤਾਂ ਦਾ ਕੰਨ-ਰਸ ਬਥੇਰਿਆਂ ਨੂੰ, ਮਾਤ ਭਾਸ਼ਾ ਦੀ ਚੁੰਨੀ ਸਿਰੋਂ ਲਾਹੁਣ ਲੱਗ ਜਾ!”
ਮਹਿੰਗੀਆਂ ਕਾਰਾਂ, ਸ਼ਰਾਬਾਂ, ਅਫੀਮ ਆਦਿ ਨਸ਼ਿਆਂ ਵੱਲ ਪ੍ਰੇਰਦੇ ਗੀਤ, ਨੋਜਵਾਨ ਕੁੜੀਆਂ ਨੂੰ ਲਾਲ ਪਰੀ, ਸ਼ਰਾਬ ਦੀ ਬੋਤਲ ਆਦਿ ਦਾ ਨਾਮ ਦੇਣ ਵਾਲੇ ਗੀਤਾਂ `ਤੇ ਸਖਤ ਪਾਬੰਦੀ ਹੋਣੀ ਚਾਹੀਦੀ ਹੈ। ਇਨ੍ਹੇ ਘਟੀਆ ਪੱਧਰ ਤੇ ਆ ਗਏ ਹਾਂ ਕਿ ਸੱਚ ਦੀ ਮੂਰਤ ਰੱਬ, ਅੱਲਾ-ਤਾਲਾ ਨੂੰ ਵੀ ਜਿਸਮੀ ਇਸ਼ਕ ਨਾਲ ਮਿਲਾ ਕੇ ਬਦਨਾਮ ਕਰ ਰਹੇ ਹਾਂ ਜੇਹਾ ਇੱਕ ਗੀਤ ਦੇ ਬੋਲ: ‘ਰੱਬ ਬੇਈਮਾਨ ਹੋਜੇ ਭਿੱਜੀ ਹੋਈ ਹੀਰ ਤੇ’। ਕੁੜੀਆਂ ਨੂੰ ਜ਼ਬਰਦਸਤੀ ਘਰੋਂ ਭਜਾਉਣਾ, ਸਕੂਲਾਂ-ਕਾਲਜਾਂ ਵਿੱਚ ਸ਼ੂਟਿੰਗ ਦੌਰਾਨ ਪੜ੍ਹਾਈ ਦੀਆਂ ਕਿਤਾਬਾਂ ਨੂੰ ਹੱਥਾਂ ਵਿੱਚੋਂ ਉਤਾਂਹ ਨੂੰ ਸੁਟਣਾ, ਪੀਰੀਅਡ ਮਿਸ ਕਰਨ ਦੀਆਂ ਗੱਲਾਂ; ਲੜਾਈਆਂ, ਰੁਮਾਂਸ ਆਦਿਕ ਸੀਨ ਫਿਲਮਾਉਣੇ ਕਿਹੜੇ ਸਮਾਜ ਦੀਆਂ ਕਦਰਾਂ-ਕੀਮਤਾਂ ਨੂੰ ਉਤਾਂਹ ਚੁਕਣਗੇ?
ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਡਾ ਫਰਜ਼ ਹੈ ਕਿ ਅਸੀਂ ਇੱਕ ਇਸਤਰੀ ਜੋ ਕਿ ਮਾਂ, ਭੈਣ, ਪਤਨੀ, ਧੀ, ਨੂੰਹ ਦੇ ਰੂਪ ਵਿੱਚ ਸਿਹਤਮੰਦ ਸਮਾਜ ਸਿਰਜਨ ਵਿੱਚ ਅਹਿਮ ਭੁਮਿਕਾ ਅਦਾ ਕਰਦੀ ਹੈ ਉਸਦਾ ਬਣਦਾ ਮਾਣ-ਸਨਮਾਨ ਉਸਨੂੰ ਦਿੱਤਾ ਜਾਵੇ ਨਾਕਿ ਇੱਕ ਅਸਲੀਲ਼ਲ ਅਤੇ ਕਾਮੁਕ ਵਸਤੂ ਵੱਜੋਂ ਪੇਸ਼ ਕੀਤਾ ਜਾਵੇ, ਅਤੇ ਸੱਭਿਆਚਾਰ ਨੂੰ ਕਲੰਕਿਤ ਕਰ ਰਹੀ ਅਸੱਭਿਅਕ ਗਾਇਕੀ ਨੂੰ ਠੱਲ੍ਹ ਪੱਈ ਜਾਵੇ। ਅੱਜ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
**********
-ਇਕਵਾਕ ਸਿੰਘ ਪੱਟੀ
ਅੰਮ੍ਰਿਤਸਰ। ਮੋ. 9815024920




.