.

ਅਰਥ ਨਿਖਾਰ ਭਾਗ ੨

ਤੀਨਿ ਛੰਦੇ ਖੇਲੁ ਆਛੈ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

"ਤੀਨਿ ਛੰਦੇ ਖੇਲੁ ਆਛੈ" - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 718 `ਤੇ ਰਾਗ ਟੋਡੀ `ਚ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆਉਂਦਾ ਹੈ ਜੋ ਇਸ ਤਰ੍ਹਾਂ ਹੈ:

॥ ਟੋਡੀ॥ ਤੀਨਿ ਛੰਦੇ ਖੇਲੁ ਆਛੈ॥ ੧॥ ਰਹਾਉ॥ ਕੁੰਭਾਰ ਕੇ ਘਰ ਹਾਂਡੀ ਆਛੈ, ਰਾਜਾ ਕੇ ਘਰ ਸਾਂਡੀ ਗੋ॥ ਬਾਮਨ ਕੇ ਘਰ ਰਾਂਡੀ ਆਛੈ, ਰਾਂਡੀ ਸਾਂਡੀ, ਹਾਂਡੀ ਗੋ॥ ੧॥ ਬਾਣੀਏ ਕੇ ਘਰ ਹੀਂਗੁ ਆਛੈ, ਭੈਸਰ ਮਾਥੈ ਸੀਂਗੁ ਗੋ॥ ਦੇਵਲ ਮਧੇ ਲੀਗੁ ਆਛੈ, ਲੀਗੁ ਸੀਗੁ ਹੀਗੁ ਗੋ॥ ੨॥ ਤੇਲੀ ਕੈ ਘਰ ਤੇਲੁ ਆਛੈ, ਜੰਗਲ ਮਧੇ ਬੇਲ ਗੋ॥ ਮਾਲੀ ਕੇ ਘਰ ਕੇਲ ਆਛੈ, ਕੇਲ ਬੇਲ ਤੇਲ ਗੋ॥ ੩॥ ਸੰਤਾਂ ਮਧੇ ਗੋਬਿੰਦੁ ਆਛੈ, ਗੋਕਲ ਮਧੇ ਸਿਆਮ ਗੋ॥ ਨਾਮੇ ਮਧੇ ਰਾਮੁ ਆਛੈ, ਰਾਮ ਸਿਆਮ ਗੋਬਿੰਦ ਗੋ॥ ੪॥ ੩॥ {ਪੰ: 718} ਦੇਖਣ ਦੀ ਗਲ ਹੈ ਕਿ ਸੰਪੂਰਣ ਗੁਰਬਾਣੀ ਸੰਬੰਧੀ ਗੁਰਦੇਵ ਦਾ ਫ਼ੁਰਮਾਣ ਹੈ, "ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ" (ਪੰ: 646) ਭਾਵ "ਸ੍ਰੀ ਗੁਰੂ ਗ੍ਰੰਥ ਸਾਹਿਬ" ਜੀ ਦੀ ਸੰਪੂਰਣ ਬਾਣੀ ਦਾ ਧੁਰਾ ਇਕੋ ਹੀ ਹੈ, ਸਾਰੀ ਬਾਣੀ ਇਕੋ ਇਲਾਹੀ ਗੁਰੂ ਦਾ ਮਿਲਾਵਾ ਹੈ, ਅਤੇ ਸੰਪੂਰਣ ਬਾਣੀ ਰਚਨਾ `ਚ ਕਿਧਰੇ ਵੀ ਵਿਚਾਰ ਭੇਦ ਜਾਂ ਸਵੈ ਵਿਰੋਧ ਨਹੀਂ। ਉਪ੍ਰੰਤ ਕਬੀਰ ਜੀ ਦੀ ਬਾਣੀ ਰਾਹੀਂ ਵੀ ਗੁਰਦੇਵ ਨੇ ਪੱਕਾ ਕੀਤਾ "ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ" (ਪੰ: ੩੩੫) ਭਾਵ ਗੁਰਬਾਣੀ `ਚ ਬੇਸ਼ਕ ੩੫ ਲਿਖਾਰੀ ਹਨ ਫ਼ਿਰ ਵੀ ਸੰਪੂਰਣ ਬਾਣੀ ਬ੍ਰਹਮ ਦਾ ਹੀ ਪ੍ਰਗਟਾਵਾ ਹੈ। ਇਸ ਤਰ੍ਹਾਂ ਜੇਕਰ ਕੁੱਝ ਨਾਸਮਝ ਲੋਕ ਇਸ ਨੂੰ ਸਾਧਾਰਣ ਗੀਤ ਹੀ ਮੰਨ ਬੈਠਣ ਤਾਂ ਇਹ ਉਹਨਾਂ ਦੀ ਵੱਡੀ ਭੁੱਲ ਹੋਵੇਗੀ। ਦਰਅਸਲ, ਗਹਿਰਾਈ ਨਾਲ ਦੇਖਿਆ ਜਾਵੇ ਤਾਂ ਅੱਜ ਪ੍ਰਚਾਰਕ ਪੱਧਰ `ਤੇ ਰਾਗੀ, ਢਾਡੀ ਹਨ, ਕਥਾਵਾਚਕ, ਭਾਈ, ਗ੍ਰੰਥੀ ਇਥੋਂ ਤੀਕ ਕਿ ਪ੍ਰਬੰਧਕ, ਪੰਥਕ ਨੇਤਾ ਆਦਿ ਕੋਈ ਵੀ ਹਨ, ਪਰ ਲਗਭਗ ਇਹੀ ਹਾਲ ਹੋਇਆ ਪਿਆ ਹੈ।

ਇਸੇ ਦਾ ਨਤੀਜਾ, ਜਿਸ ਗੁਰਬਾਣੀ ਰਸਤੇ, ਸਿੱਖ ਨੇ ਸੰਸਾਰ ਨੂੰ ਬ੍ਰਹਮ ਨਾਲ ਜੋੜਣਾ ਸੀ ਅੱਜ ਖੁਦ ਸਿੱਖ ਹੀ ਰਸਾਤਲ ਵਲ ਜਾ ਚੁਕਾ ਹੈ। ਉਪ੍ਰੰਤ ਗੱਲ ਕਰਦੇ ਹਾਂ ਹੱਥਲੇ ਸ਼ਬਦ ਦੀ। ਹਰੇਕ ਸ਼ਬਦ ਦੇ ‘ਰਹਾਉ’ ਵਾਲੇ ਬੰਦ `ਚ, ਸ਼ਬਦ ਦਾ ‘ਮੁਖ-ਭਾਵ’, ‘ਸ਼ਬਦ ਦਾ ਸਾਰ’ ; ਅਥਵਾ ਨਿਚੋੜ ਹੁੰਦਾ ਹੈ। ਜਦਕਿ ਸ਼ਬਦ ਦੇ ਬਾਕੀ ਬੰਦ ‘ਰਹਾਉ’ ਵਾਲੇ ਬੰਦ ਦਾ ਵਿਕਾਸ ਅਥਵਾ ਫ਼ੈਲਾਅ ਹੁੰਦੇ ਹਨ। ਫ਼ਿਰ ਭਾਵੇਂ ਇਹ ਫੈਲਾਅ ਮਿਸਾਲਾਂ ਦੇ ਕੇ ਵਿਸ਼ੇ ਨੂੰ ਖੋਲਿਆ ਹੋਵੇ ਜਾਂ ਸਿਧਾ। ਜਿਵੇਂ ਫੁੱਲ ਅੰਦਰ ਮਕਰੰਦ ਹੁੰਦਾ ਠੀਕ ਉੁਸੇ ਤਰ੍ਹਾਂ ਸ਼ਬਦ `ਚ ‘ਰਹਾਉ’ ਦਾ ਬੰਦ ਵੀ ਹੁੰਦਾ ਹੈ।

ਤ੍ਰਿਗੁਣੀ ਸੰਸਾਰ? -ਜਦੋਂ ਅਸੀਂ ਇਸੇ ਸ਼ਬਦ ਨੂੰ ਵਿਦਵਾਨਾਂ ਤੋਂ ਸੁਣਦੇ ਹਾਂ, ਤਾਂ ਮਹਸੂਸ ਹੁੰਦਾ ਹੈ ਕਿ ਉਹਨਾਂ ਨੂੰ ਇਸ ਦੇ ਅਰਥ ਖੁੱਲ ਨਹੀਂ ਸਕੇ ਤੇ ਅੰਦਾਜ਼ਿਆਂ ਤੋਂ ਹੀ ਕੰਮ ਚਲਾਇਆ ਹੈ। ਜਿਵੇਂ ਕਿ ਕੁੱਝ ਲਿਖਾਰੀਆਂ ਨੇ ਸ਼ਬਦ ਦੇ ਅਰਥਾਂ ਨੂੰ ਕੁੱਝ ਇਸ ਤਰ੍ਹਾਂ ਲਿਆ ਹੈ "ਇਸ ਛੰਦ `ਚ ਤਿੰਨਾਂ ਤਿੰਨਾਂ ਹਿੱਸਿਆਂ ਦੇ ਚੰਗੇ ਪ੍ਰਸੰਗਾਂ ਦੇ ਖੇਲ ਇਕੱਠੇ ਕੀਤੇ ਹੋਏ ਹਨ"। ਸ਼ੱਕ ਨਹੀਂ ਕਿ ਸੰਸਾਰ, ਪ੍ਰਭੂ ਦੀ ‘ਤ੍ਰਿਗੁਣੀ’ (ਧਰਮ, ਅਰਥ, ਕਾਮ) ਰਚਨਾ ਵੀ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਕੁੱਝ ਵਿਦਵਾਨਾ ਨੇ ਸ਼ਬਦ ਨੂੰ ਉਸ ਪੱਖੋਂ ਵੀ ਲਿਆ ਹੈ ਅਤੇ ਕੁੱਝ ਨੇ ਕੁੱਝ ਹੋਰ। ਸਾਰੇ ਦੇ ਉਲਟ ਮਾਲੂਮ ਹੁੰਦਾ ਹੈ ਭਗਤ ਜੀ ਨੇ ਬੜੇ ਵਿਸਮਾਦ `ਚ ਆਕੇ ਜਦੋਂ ਕਰਤਾਰ ਦੀ ਰਚਨਾ ਨੂੰ ਸਚਮੁਚ ਹੀ ਇੱਕ ਨਿਵੇਕਲੇ ਖੇਲ ਰੂਪ ਰੂਪ `ਚ ਮਹਿਸੂਸ ਕੀਤਾ ਤਾਂ ਉਹਨਾਂ ਦੇ ਹਿਰਦੇ ਦੀਆਂ ਗਹਿਰਾਈਆਂ ਚੋਂ ਪ੍ਰਭੂ ਸਿਫ਼ਿਤਾਂ ਦਾ ਇਸ ਪੱਖੋਂ ਅਜੇਹਾ ਚਸ਼ਮਾ ਫੁਟ ਪਿਆ ਜਿਸ ਨੂੰ ਉਹਨਾਂ ਨੇ ਇਸ ਸ਼ਬਦ ਰਾਹੀਂ ਬਿਆਨਿਆ ਹੈ। ਅਰਥਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਸ਼ਬਦ ਸੰਬੰਧੀ ਕੁੱਝ ਜ਼ਰੂਰੀ ਵਿਚਾਰ:

ਰਹਾਉ ਦੇ ਮੁੱਖ ਲਫ਼ਜ਼ ‘ਖੇਲੁ’ ਬਾਰੇ- ਰਾਹਉ ਦੇ ਬੰਦ `ਚ ਲਫ਼ਜ਼ ‘ਖੇਲੁ’ ਦੇ ਲਲੇ ਹੇਠਾਂ (ੁ) ਸੇਧ ਹੈ ਕਿ ਇਥੇ ‘ਖੇਲੁ’ ਇੱਕ ਵਚਨ ਹੈ। ਇਥੇ ਆਮ ਖੇਡਾਂ ਦੀ ਗੱਲ ਨਹੀਂ ਹੋ ਰਹੀ ਬਲਕਿ ਕਿਸੇ ਵਿਸ਼ੇਸ਼ ਖੇਲ ਦੀ ਗੱਲ ਹੋ ਰਹੀ ਅਤੇ ਖੇਲ ਹੈ, ਅਕਾਲਪੁਰਖ ਦਾ ਰਚਨਾ ਰੂਪੀ ‘ਖੇਲੁ’ ਜਿਸ ਦੇ ਲਈ ਬਾਣੀ `ਚ ਇਹ ਹੋਰ ਵੀ ਬੇਅੰਤ ਵਾਰੀ ਆਇਆ ਹੈ। ਜਿਵੇਂ: (ੳ) "ਜੀਅ ਜੰਤ ਸਭਿ ਤੇਰਾ ‘ਖੇਲੁ’॥ ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ (ਪੰ: ੧੧) —— (ਅ) "ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ‘ਖੇਲੁ’ ਖੇਲਾਇ" (ਪੰ: ੧੮) — (ੲ) ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ‘ਖੇਲੁ’॥ ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ (ਪੰ: ੨੧) —— ਤੁਧੁ ਆਪੇ ਆਪੁ ਉਪਾਇਆ॥ ਦੂਜਾ ‘ਖੇਲੁ’ ਕਰਿ ਦਿਖਲਾਇਆ (ਪੰ: ੭੩) — ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ‘ਖੇਲੁ’ ਦਸਾਹਰਾ ਜੀਉ (ਪੰ: ੯੬)

ਇਸੇ ਤਰ੍ਹਾਂ ਲਫ਼ਜ਼ ‘ਛੰਦ’ - ਰਹਾਉ ਵਾਲਾ ‘ਛੰਦ’ ਲਫ਼ਜ਼ ਸੰਸਕ੍ਰਿਤ ਤੋਂ ਹੈ, ਅਰਥ ਹਨ ‘ਸੁਭਾਉ’। ਸੋ, ‘ਤਿਨਿ ਛੰਦੇ ਖੇਲੁ’ ਦਾ ਅਰਥ ਉਸ (ਸੰਸਾਰ) ਦਾ ਤਮਾਸ਼ਾ, ਜਿਸ `ਚ ਤਿੰਨ ਸੁਭਾਉ ਮਿਲੇ ਹੋਏ ਹਨ। ਇਹ ਤਿੰਨ ਸੁਭਾਉ ਕਿਹੜੇ ਹਨ? ਸ਼ਬਦ ਦੀ ਗਹਿਰਾਈ `ਚ ਜਾਵੋ ਤਾਂ ਉਹ ਤਿੰਨ ਹਨ ਜੋ ਭਗਤ ਜੀ ਦੇ ਮਨ ਅੰਦਰ ਪ੍ਰਭੂ ਦੀ ਇਸ ਬੇਅੰਤ ਰਚਨਾ ਭਾਵ ‘ਖੇਲੁ’ ਬਾਰੇ ਉਬਰੇ ਅਤੇ ਭਗਤ ਜੀ ਵਿਸਮਾਦ `ਚ ਚਲੇ ਗਏ। ਸ਼ਬਦ `ਚ ਇਹੀ ਖਾਸ ਵਿਸ਼ਾ ਸਮਝਣ ਵਾਲਾ ਹੈ।

ਇਹ ਤਿੰਨ ਸੁਭਾਉ ਹਨ ਕੀ ਹਨ? -ਮਿਸਾਲ ਵਜੋਂ (ੳ) ਦਿਨ ਪਿਛੋਂ ਰਾਤ ਆਉਂਦੀ ਹੈ ਅਤੇ ਰਾਤ ਪਿਛੋਂ ਫ਼ਿਰ ਦਿਨ, ਇਸ ਤਰ੍ਹਾਂ ਇਹ ਤਿੰਨ ਤਬਦੀਲੀਆਂ ਇੱਕ ਤੋਂ ਬਾਅਦ ਦੂਜੀ ਅਤੇ ਦੂਜੀ ਤੋਂ ਬਾਅਦ ਫ਼ਿਰ ਪਹਿਲੀ, ਜਿਸਤੋਂ ਦਿਨ ਤੇ ਰਾਤ ਬਣਦੇ ਹਨ, ਨਹੀਂ ਤਾਂ ਦਿਨ ਰਾਤ ਬਣ ਹੀ ਨਹੀਂ ਸਕਦੇ। (ਅ) ਭੁੱਖ ਤੋਂ ਬਾਅਦ ਭੋਜਣ ਤੇ ਭੋਜਣ ਤੋਂ ਬਾਅਦ ਫ਼ਿਰ ਭੁੱਖ। ਜੇਕਰ ਇਹ ਤਿਕੋਣਾ ਸੁਭਾਉ ਹੀ ਨਾ ਹੋਵੇ, ਤਾਂ ਸਰੀਰਾਂ `ਚ ਵਾਧਾ ਆ ਹੀ ਨਹੀਂ ਸਕਦਾ। (ੲ) ਦੁਕਾਨਦਾਰ ਕੋਲ ਸੌਦਾ ਹੈ ਅਤੇ ਸੌਦੇ ਤੋਂ ਗ੍ਰਾਹਕ, ਇਸ ਤਰ੍ਹਾਂ ਗ੍ਰਾਹਕ ਤੋਂ ਫ਼ਿਰ ਦੁਕਾਨ ਤੇ ਦੁਕਾਰ `ਚ ਸੌਦੇ ਦੀ ਲੋੜ; ਇਸ ਤਰ੍ਹਾਂ ਸੰਸਾਰ ਚਕ੍ਰ ਚਲਦਾ ਹੈ। ਤਿੰਨਾ `ਚੋਂ ਜੇ ਇੱਕ ਵੀ ਵੱਖ ਕਰ ਦੇਵੋ ਤਾਂ ਰੁਜ਼ਗਾਰ ਬਣੇਗਾ ਹੀ ਨਹੀਂ। (ਸ) ਜੀਵਨ ਦੀ ਖੇਡ `ਚ ਵੀ ਦੇਖ ਲਿਆ ਜਾਵੇ ਪਹਿਲਾਂ ਜਨਮ (ਬਚਪਣ) ਉਪ੍ਰੰਤ ਜੁਆਨੀ ਅਤੇ ਤੀਜੇ ਨੰਬਰ `ਤੇ ਬੁਢਾਪਾ। ਸਾਡੇ ਸਮੇਤ, ਇਹੀ ਹੈ ਹਰੇਕ ਜੀਵਨ ਦੀ ਖੇਡ, ਜਿਸਨੂੰ ਨੌਵੇਂ ਪਾਤਸ਼ਾਹ ਇਸ ਤਰ੍ਹਾਂ ਬਿਆਨ ਕਰਦੇ ਹਨ "ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ॥ ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ" (ਪੰ: ੧੪੨੮) (ਹ) ਦੂਰ ਕਿਉਂ ਜਾਓ! ਬਿਰਖ ਦੀ ਮਿਸਾਲ ਲੈ ਲਈ ਜਾਵੇ। ਬਿਰਖ ਨੂੰ ਪਤੇ ਆਉਂਦੇ ਹਨ, ਉਪ੍ਰੰਤ ਪਤਝੜ, ਪਤਝੜ ਤੋਂ ਬਾਅਦ ਉਸੇ ਬਿਰਖ ਨੂੰ ਨਵੇਂ ਸਿਰਿਓਂ ਫ਼ਿਰ ਪਤੇ ਆ ਜਾਂਦੇ ਹਨ। ਇਸੇ ਨਾਲ ਬਿਰਖ ਦੀ ਉਮਰ ਚਲਦੀ ਹੈ। ਫ਼ਰਕ ਹੈ ਕੇਵਲ ਇੰਨਾਂ-ਕਿਧਰੇ ਤੀਸਰਾ ਪੱਖ ਅੰਤ ਨੂੰ ਦਰਸਾਂਦਾ ਹੈ ਜਿਵੇਂ ਸਾਡਾ ਜੀਵਨ ਅਤੇ ਕਿਧਰੇ ਤਿੰਨਾਂ ਤੋਂ ਤਿਕੋਣ ਬਣਦੀ ਹੈ। ਪਰ ਦੋਵੇਂ ਪਾਸੇ ਤਿੰਨ ਵਾਲਾ ਨਿਯਮ ਹੈ ਅਤੇ ਇਥੇ ਕੇਵਲ ਕੁੱਝ ਮਿਸਾਲਾਂ ਹਨ ਇਸ ਤਿੰਨ ਸੁਭਾਵਾਂ ਵਾਲੀ ਪ੍ਰਭੂ ਦੀ ਖੇਡ ਵਿਚੋਂ।

ਸੰਸਾਰ ਦੇ ਹਰੇਕ ਚਲਣ ਉਪਰ ਪ੍ਰਭੂ ਦਾ ਇਹੀ ਨਿਯਮ ਲਾਗੂ ਹੁੰਦਾ ਹੈ ਅਤੇ ਵਿਸ਼ੇ ਨੂੰ ਸਮਝਾਉਣ ਲਈ ਇਸ ਸ਼ਬਦ `ਚ ਨਾਮਦੇਵ ਜੀ ਨੇ ਪ੍ਰਭੂ ਦੀ ਰਚਨਾ ਵਿਚੋਂ ਹੀ ਕੁੱਝ ਸੰਸਾਰਕ ਮਿਸਾਲਾਂ ਹੀ ਵਰਤੀਆਂ ਹਨ, ਜਿਨ੍ਹਾਂ ਨੂੰ ਅਰਥ ਸਮਝਣ ਵੇਲੇ ਲਵਾਂਗੇ। ਭਗਤ ਜੀ ਦੀ ਇਸੇ ਵਿਸਮਾਦ ਵਾਲੀ ਅਵਸਥਾ ਦੀ ਪਛਾਣ ਕਰਾਉਣ ਲਈ ਹੀ, ਗੁਰੂ ਨਾਨਕ ਪਾਤਸ਼ਾਹ ਨੇ, ਸ਼ਬਦ ਨੂੰ ਪ੍ਰਚਾਰ ਦੌਰਿਆਂ ਦੋਰਾਨ ਗੁਰਬਾਣੀ ਖਜ਼ਾਨੇ ਲਈ ਸੰਭਾਲਿਆ। ਉਹ ਇਸੇ ਲਈ ਸੀ, ਤਾਕਿ ਪ੍ਰਭੂ ਰਚਨਾ ਵਿਚੋਂ ਇਸ ਵਿਸਮਾਦ ਵਾਲੀ ਅਵਸਥਾ ਨੂੰ ਮਨੁੱਖ ਹਮੇਸ਼ਾਂ ਮਾਨ ਸਕੇ।

ਆਓ ਹੁਣ ਸ਼ਬਦ ਦੇ ਦੋਬਾਰਾ ਦਰਸ਼ਨ ਕਰੀਏ, ਸ਼ਬਦ ਹੈ-॥ ਟੋਡੀ॥ ਤੀਨਿ ਛੰਦੇ ਖੇਲੁ ਆਛੈ॥ ੧॥ ਰਹਾਉ॥ ਕੁੰਭਾਰ ਕੇ ਘਰ ਹਾਂਡੀ ਆਛੈ, ਰਾਜਾ ਕੇ ਘਰ ਸਾਂਡੀ ਗੋ॥ ਬਾਮਨ ਕੇ ਘਰ ਰਾਂਡੀ ਆਛੈ, ਰਾਂਡੀ ਸਾਂਡੀ, ਹਾਂਡੀ ਗੋ॥ ੧॥ ਬਾਣੀਏ ਕੇ ਘਰ ਹੀਂਗੁ ਆਛੈ, ਭੈਸਰ ਮਾਥੈ ਸੀਂਗੁ ਗੋ॥ ਦੇਵਲ ਮਧੇ ਲੀਗੁ ਆਛੈ, ਲੀਗੁ ਸੀਗੁ ਹੀਗੁ ਗੋ॥ ੨॥ ਤੇਲੀ ਕੈ ਘਰ ਤੇਲੁ ਆਛੈ, ਜੰਗਲ ਮਧੇ ਬੇਲ ਗੋ॥ ਮਾਲੀ ਕੇ ਘਰ ਕੇਲ ਆਛੈ, ਕੇਲ ਬੇਲ ਤੇਲ ਗੋ॥ ੩॥ ਸੰਤਾਂ ਮਧੇ ਗੋਬਿੰਦੁ ਆਛੈ, ਗੋਕਲ ਮਧੇ ਸਿਆਮ ਗੋ॥ ਨਾਮੇ ਮਧੇ ਰਾਮੁ ਆਛੈ, ਰਾਮ ਸਿਆਮ ਗੋਬਿੰਦ ਗੋ॥ ੪॥ ੩॥ {ਪੰ: 718}

‘ਰਹਾਉ’ ਵਾਲੀ ਪੰਕਤੀ ਦੇ ਅਰਥ - ਉਂਝ ਤਾਂ ਹਰੇਕ ਸ਼ਬਦ `ਚ ਰਹਾਉ ਦਾ ਬੰਦ ਹੀ ਹੁੰਦਾ ਹੈ ਜੋ ਕਿਸੇ ਵੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਜਦਕਿ ਇਸ ਸ਼ਬਦ `ਚ ਤਾਂ ਹੋਰ ਵੀ ਖਾਸ ਗੱਲ ਹੈ, ਕੇਵਲ ਰਹਾਉ ਵਾਲੇ ਬੰਦ ਦੇ ਠੀਕ ਅਰਥ ਸਮਝ `ਚ ਆ ਗਏ ਤਾਂ ਪੂਰੇ ਸ਼ਬਦ ਦੇ ਅਰਥ ਬਿਲਕੁਲ ਸਰਲ ਹੋ ਜਾਣ ਗੇ। ਇਸ ਲਈ "ਤੀਨਿ ਛੰਦੇ ਖੇਲੁ ਆਛੈ" ਰਹਾਉ ਵਾਲੇ ਬੰਦ ਦੇ ਅਰਥ ਹਨ, ਪ੍ਰਭੂ ਦੀ ਸੰਸਾਰ ਰਚਨਾ ਵਾਲੀ ਇਸ ਖੇਡ `ਚ ‘ਤਿਕੋਣੇ ਸੁਭਾਉ’ ਵਾਲਾ ਇੱਕ ਅਜੇਹਾ ਨਿਯਮ ਚਲ ਰਿਹਾ ਹੈ ਜੋਕਿ ਸਾਰਾ ਸੰਸਾਰ ਹੀ ਉਸ ਇਲਾਹੀ ਨਿਯਮ `ਚ ਆਪ ਮੁਹਾਰੇ ਬਝਾ ਹੋਇਆ ਹੈ। ਠੀਕ ਉਸੇ ਤਰ੍ਹਾਂ ਜਿਵੇਂ ਮਨੁੱਖ ਦੇ ਆਪਣੇ ਜੀਵਨ ਅੰਦਰ ਵੀ ‘ਸੁਭਾਉ’, ਪ੍ਰਭੂ ਦੀ ਅਜੇਹੀ ਦੇਣ ਹੈ ਕਿ, ਕਿਸੇ ਮਨੁੱਖ ਦਾ ਸੁਭਾਉ ਚਾਹੇ ਚੰਗਾ ਹੋਵੇ ਜਾਂ ਮਾੜਾ, ਪਰ ਮਨੁੱਖ ਦਾ ਜੀਵਨ ਚਲਦਾ ਉਸੇ ਸੁਭਾਉ ਅਨੁਸਾਰ ਹੀ ਹੈ। ਇਹ ਵੱਖਰੀ ਗੱਲ ਹੈ ਕਿ ਸਾਧਸੰਗਤ ਤੇ ਗੁਰੂ ਦੀ ਬਖਸ਼ਿਸ਼ ਕਾਰਨ ਜੇਕਰ ਕਿਸੇ ਦੇ ਸੁਭਾਉ `ਚ ਤਬਦੀਲੀ ਆ ਜਾਵੇ। ਮਨਮੁਖ, ਤੋਂ ਗੁਰਮੁਖ ਬਣ ਜਾਵੇ ਤਾਂ ਵੀ ਜੀਵਨ ਨੇ ਚਲਣਾ ਫ਼ਿਰ ਵੀ ਬਦਲੇ ਹੋਏ ਸੁਭਾਉ ਅਨੁਸਾਰ ਹੀ ਹੈ। ਇਸ ਲਈ ਭਗਤ ਜੀ ਨੇ ਇਥੇ ਆਪਣੀ ਗੱਲ ਨੂੰ ਸਪਸ਼ਟ ਕਰਣ ਲਈ ਲਫ਼ਜ਼ ‘ਤੀਨਿ ਛੰਦੇ’, ਸੰਸਾਰ ਦੇ ਤਿਕੋਣੇ ਸੁਭਾਉ ਦੀ ਹੀ ਗੱਲ ਕੀਤੀ ਹੈ। ‘ਆਛੈ’ ਰਾਹੀਂ ਫ਼ੁਰਮਾਇਆ ਹੈ "ਹੇ ਪ੍ਰਭੁ! ਤੇਰੀ ਇਸ ਬੇਅੰਤ ਰਚਨਾ `ਚ ਜਿਧਰ ਨਜ਼ਰ ਮਾਰੋ ਤਿਕੋਨੇ ਸੁਭਾਉ ਵਾਲੀ ਤੇਰੀ ਇਹ ਖੇਡ ਬੜੀ ਸੋਹਣੀ ਲਗਦੀ ਹੈ।

ਇਸੇ ਦਾ ਵਿਸਥਾਰ ਬਾਕੀ ਸ਼ਬਦ `ਚ:- ਰਾਜਿਆਂ ਦੇ ਘਰ ਸਾਂਢਨੀ (ਉਂਠਨੀ) ਭਾਵ ਉੱਤਮ ਸੁਆਰੀਆਂ `ਤੇ ਫ਼ੋਜਾਂ ਤਾਂ ਸ਼ੋਭਦੀਆਂ ਹੋਣ, ਕੁਮਿਹਾਰ ਦੇ ਘਰ ਹਾਂਢੀ ਭਾਵ ਮਿੱਟੀ ਦੇ ਬਰਤਨ ਵੀ ਪਏ ਹੋਣ। ਇਸੇ ਤਰ੍ਹਾਂ ਬ੍ਰਾਹਮਣ ਦੇ ਘਰ `ਚ ਰਾਂਡੀ ਭਾਵ ਜਨਮ ਪਤ੍ਰੀ ਕੁੰਡਲੀਆਂ ਮਹੂਰਤ ਆਦਿ ਵਾਚਨ ਸੰਬੰਧੀ ਪੁਸਤਕਾਂ ਵੀ ਪਈਆਂ ਹੋਣ ਤਾਂ ਵੀ ਇਹ ਸਭ ਕਿਸ ਲੇਖੇ?

"ਰਾਂਡੀ ਸਾਂਡੀ, ਹਾਂਡੀ ਗੋ" ਜੇਕਰ ਰਾਜਾ ਅਤੇ ਉਸ ਦੀਆਂ ਸੁਆਰੀਆਂ-ਫ਼ੌਜਾਂ ਅਧੀਨ ਜੰਤਾ ਵਾਲੀ ਤਿਕੋਣ ਨਾ ਬਣੇ ਤਾਂ, ਰਾਜਪਾਟ, ਫ਼ੌਜਾਂ ਆਦਿ ਕਿਸ ਲੇਖੇ। ਤਿਨਾਂ ਵਿਚੋਂ ਇੱਕ ਵੀ ਘਾਟ ਹੋਵੇ ਤਾਂ ਇਹ ਤੀਨ ਛੰਦੇ ਵਾਲੀ ਖੇਡ ਬਣੇਗੀ ਹੀ ਨਹੀਂ। — ਇਸੇ ਤਰ੍ਹਾਂ ਕੁਮਿਹਾਰ ਕੋਲ ਹਾਂਡੀ ਆਦਿ ਮਿੱਟੀ ਦੇ ਬਰਤਨ ਤਾਂ ਬਹੁਤੇਰੇ ਹਨ ਪਰ ਉਸ ਕੋਲ ਉਹਨਾਂ ਬਰਤਨਾਂ ਲਈ ਗ੍ਰਾਹਕ ਵਾਲੀ ਤਿਕੋਣ ਹੀ ਨਾ ਬਣੇ ਤਾਂ ਉਹ ਕੁਮਿਹਾਰ ਅਤੇ ਉਸਦੇ ਬਰਤਨ ਕਿਸ ਲੇਖੇ? ਇਸੇ ਤਰ੍ਹਾਂ …. ਬ੍ਰਾਹਮਣ ਵੀ ਹੈ ਤੇ ਉਸ ਕੋਲ ਦੂਸਰਿਆਂ ਦੀਆਂ ਜਨਮ ਕੁੰਡਲੀਆਂ, ਪਤ੍ਰੀਆਂ, ਮੁਹੂਰਤਾਂ, ਟੇਵੇਆਂ ਆਦਿ ਲਈ ਪੁਸਤਕਾਂ ਵੀ। ਜੇਕਰ ਉਸ ਕੋਲ ਕੁੰਡਲੀਆਂ, ਮਹੂਰਤ ਆਦਿ ਕਢਵਾਉਣ ਵਾਲੇ ਸ਼ਰਧਾਲੂ ਹੀ ਨਹੀਂ ਤਾਂ ਉਸ ਬ੍ਰਾਹਮਣ ਅਤੇ ਪਤ੍ਰੀਆਂ ਆਦਿ ਵਾਲੀ ਤਿਕੌਣ ਹੀ ਨਹੀਂ ਬਣ ਸਕੇਗੀ॥ ੧॥

ਬਾਣੀਆ ਹੈ ਅਤੇ ਉਸ ਕੋਲ ਹਿੰਙ ਭਾਵ ਆਟਾ-ਦਾਲ, ਚਾਵਲ, ਗਰਮ ਮਸਾਲਾ ਆਦਿ ਪੰਸਾਰੀ-ਕਰਿਆਣੇ ਦਾ ਸਾਮਾਨ ਵੀ ਹੈ। ਦੂਜਾ ਭੈਸੇ ਰਾਹੀਂ ਉਸਦੇ ਸਿੰਗਾ ਨੂੰ ਆਧਾਰ ਬਣਾਕੇ ਸੰਸਾਰ ਪੱਧਰ ਤੇ ਭੈਂਸਿਆਂ ਦੀਆਂ ਲੜਾਈਆਂ ਕਰਵਾ ਕੇ ਵੱਡੇ-ਵੱਡੇ ਇਨਾਮ ਵੀ ਜਿੱਤੇ ਜਾਂਦੇ ਹਨ। ਤਾਂ ਤੇ ਭੈਸਾਂ ਵੀ ਹੈ ਅਤੇ ਉਸ ਦੇ ਸਿੰਗ ਵੀ ਹੈਣ। ਇਸੇ ਤਰ੍ਹਾਂ ਦੇਵਾਲਯ ਵੀ ਹੈ ਅਤੇ ਉਥੇ ਸ਼ਿਵਲਿੰਗ ਵੀ ਸਥਾਪਤ ਹੈ ਫ਼ਿਰ ਵੀ ਜੇ ਕਰ: "ਲੀਗੁ ਸੀਗੁ ਹੀਗੁ ਗੋ" - ਦੇਵਾਲਯ `ਚ ਸਥਾਪਤ ਸ਼ਿਵਲ਼ਿੰਗ ਕਿਸ ਗਿਣਤੀ `ਚ, ਜੇ ਕਰ ਸ਼੍ਰਧਾਲੂਆਂ ਵਾਲੀ ਤਿਕੋਣ ਨਾ ਬਣੇ ਤਾਂ। ਇਸੇ ਤਰ੍ਹਾਂ ਉਹ ਭੈਂਸੇ ਅਤੇ ਉਹਨਾਂ ਦੇ ਵੱਡੇ ਵੱਡੇ ਸਿੰਗ ਕਿਸ ਗਿਣਤੀ `ਚ ਜੇਕਰ ਉਹਨਾਂ ਦੇ ਮੁਕਾਬਲੇ ਲਈ ਤਿਕੋਣ ਹੀ ਨਾ ਬਣੇ। ਉਪ੍ਰੰਤ ਇਸੇ ਲੜੀ `ਚ ਬਾਣੀਆਂ ਅਤੇ ਉਸਦੀ ਦੁਕਾਨ `ਚ ਭਰਿਆ ਹੋਇਆ ਕਰਿਆਣੇ-ਪੰਸਾਰੀ ਦਾ ਸਾਮਾਨ, ਕਿਸ ਗਿਣਤੀ `ਚ ਜੇਕਰ ਉਹਨਾਂ ਵਸਤਾਂ ਦੀ ਗ੍ਰਾਹਕਾਂ ਵਾਲੀ ਤਿਕੋਣ ਨਾ ਬਨੇ ਤਾਂ॥ ੨॥

ਤੀਸਰੇ ਬੰਦ `ਚ ਭਗਤ ਜੀ ਉਦਾਹਰਣ ਲੈਂਦੇ ਹਨ- ਤੇਲੀ ਵੀ ਹੈ ਅਤੇ ਉਸ ਕੋਲ ਗ੍ਰਾਹਕ ਨੂੰ ਦੇਣ ਲਈ ਤੇਲ ਦੇ ਭੰਡਾਰ ਵੀ ਹਨ। ਉਪ੍ਰੰਤ ਜੰਗਲ ਵੀ ਹੈ ਅਤੇ ਉਸ `ਚ ਕੁਦਰਤੀ ਪੈਦਾ ਹੋਣ ਵਾਲੀਆਂ ਵੇਲਾਂ ਵੀ ਹਨ। ਇਸੇ ਤਰ੍ਹਾਂ ਮਾਲੀ ਵੀ ਹੈ ਅਤੇ ਉਸ ਕੋਲ ਕੇਲੇ ਆਦਿ ਫ਼ਲਾਂ ਦੇ ਬਾਗ਼ ਵੀ ਹਨ ਪਰ ਇਹ ਸਭ ਅੱਛੇ ਕਦੋਂ? ਤਾਂ ਤੇ ‘ਕੇਲ ਬੇਲ ਤੇਲ ਗੋ" ਕਿਸ ਲੇਖੇ ਜੇ ਮਾਲੀ ਕੋਲ ਫਲਾਂ ਦੇ ਗ੍ਰਾਹਕਾਂ ਵਾਲੀ ਤਿਕੋਣ ਨਹੀਂ, ਜੰਗਲ `ਚ ਵੇਲਾਂ ਲਈ ਲੋੜਵੰਦਾਂ ਵਾਲੀ ਤਿਕੋਣ ਨਹੀਂ ਤਾਂ ਇਸੇ ਤਰ੍ਹਾਂ ਤੇਲੀ ਕੋਲ ਆਪਣੇ ਗ੍ਰਾਹਕ ਵਾਲੀ ਤਿਕੋਣ ਨਹੀਂ॥ ੩॥ ਭਾਵ ਸੰਸਾਰ ਦੀ ਕੋਈ ਵੀ ਗੱਲ ਤਾਂ ਹੀ ਸਿਰੇ ਚੜ੍ਹਦੀ ਹੈ ਜੇਕਰ ਉਸਦੀ ਤਿਕੋਣ ਬਣੇ ਅਥਵਾ ਇਕੋ ਤਰ੍ਹਾਂ ਦੇ ਤਿੰਨ ਸੁਭਾਅ ਇਕੱਠੇ ਹੋਣ ਤਾਂ।

ਅੰਤਮ ਅਤੇ ਚੌਥੇ ਬੰਦ `ਚ ਦੋ ਹੋਰ ਮਿਸਾਲਾਂ ਵਰਤ ਕੇ ਭਗਤ ਜੀ ਉਸ ਵਿਸ਼ੇ `ਤੇ ਆਉਂਦੇ ਹਣ ਜਿਸ ਦੇ ਲਈ ਭਗਤ ਜੀ ਨੇ ਇਸ ਸ਼ਬਦ ਦੀ ਰਚਨਾ ਕੀਤੀ। ਫ਼ੁਰਮਾਉਂਦੇ ਹਨ, ਦੇਖਣ ਨੂੰ ਮਨੁੱਖ ਸੰਤ ਤਾਂ ਹੈ। ਗੋਕਲ ਦੀ ਨਗਰੀ ਦੀ, ਦੇਵਕੀ ਸੁਤ ਕਿਸ਼ਨ ਕਰਕੇ ਸ਼ੋਭਾ ਵੀ ਹੈ ਅੰਤ `ਚ ਨਾਮਦੇਵ ਆਪਣੇ ਜੀਵਨ ਦੀ ਗੱਲ ਹਨ ਕਿ ਇਥੇ ਤਾਂ ਨਾਮਦੇਵ ਵੀ ਜਿਸਦੇ ਹਿਰਦੇ `ਚ ਪ੍ਰਭੂ ਭਗਤੀ ਵੀ ਹੈ ਫ਼ਿਰ ਵੀ "ਰਾਮ ਸਿਆਮ ਗੋਬਿੰਦ ਗੋ" - ਭਾਵ ਜ਼ਾਹਿਰਾ ਸੰਤ ਧਰਮੀ ਆਦਿ ਤਾਂ ਬਹੁਤ ਕੁਛ ਹੈ ਪਰ ਜੇਕਰ ਉਸਦੇ ਸਾਰੇ ਧਰਮਾਂ ਕਰਮਾਂ ਦੀ ਅਕਾਲਪੁਰਖ ਨਾਲ ਜੁੜ ਕੇ ਸਾਂਝ ਵਾਲੀ ਤਿਕੋਣ ਹੀ ਨਾ ਬਣੀ ਦੀ ਹੋਵੇ ਤਾਂ ਅਜੇਹੇ ਮਨੁੱਖ ਦੇ ਦਿਖਾਵੇ ਦੇ ਉਹ ਸਾਰੇ ਧਰਮ-ਕਰਮ ਕਿਸ ਲੇਖੇ? ਇਸੇ ਤਰ੍ਹਾਂ ਗੋਕੁਲ ਵੀ ਹੈ ਅਤੇ ਉਸ ਨਾਲ ਕਿਸ਼ਨ ਦੀਆਂ ਜੀਵਨ ਲੀਲਾਵਾਂ ਵਾਲੀ ਗੱਲ ਵੀ ਜੁੜੀ ਹੋਈ ਹੈ ਪਰ ਜੇਕਰ ਉਥੇ ਕਿਸ਼ਨ ਦੀਆਂ ਗਾਥਾਵਾਂ ਗਉਣ ਵਾਲੇ ਹੀ ਨਾ ਹੋਵਣ ਤਾਂ ਵੀ ਇਹ ਤਿਕੋਣ ਨਹੀਂ ਬਣੇਗੀ। ਉਪ੍ਰੰਤ ਆਪਣੇ ਆਪ ਲਈ ਕਰਤਾਰ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਹੇ ਮੇਰੇ ਰਮਈਆ ਰਾਮ ਜੇਕਰ ਹਰ ਸਮੇਂ ਮੈਨੂੰ ਤੇਰੀ ਯਾਦ ਤਾਂ ਸਤਾਂਦੀ ਹੈ, ਫ਼ਿਰ ਵੀ ਜੇਕਰ ਤੂੰ ਹੀ ਮੇਰਾ ਹਿਰਦੇ ਘਰ `ਚ ਨਾ ਵਸੇਂ ਤਾਂ ਮੇਰਾ ਜੀਵਨ ਵੀ ਸਫ਼ਲ ਨਹੀਂ ਸਕੇਗਾ॥ ੪॥ #96bs08.01.08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵ ‘ਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ ਜਾਵੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 96B

ਅਰਥ ਨਿਖਾਰ ਭਾਗ ੨

"ਤੀਨਿ ਛੰਦੇ ਖੇਲੁ ਆਛੈ"

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org

ਨੋਟ: ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ ਦੀ ਆਗਿਆ ਨਾਲ ਸਨਿਮ੍ਰ ਬੇਨਤੀ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਦਾ ਕੋਈ ਵੀ ਗੁਰਮਤਿ ਪਾਠ-ਕੋਈ ਵੀ ਪੰਥਕ ਸੱਜਣ, ਸੰਸਥਾ, ਮੈਗ਼ਜ਼ੀਨ ਅਥਵਾ ਨੀਊਜ਼ ਪੇਪਰ ਜਾਂ ਵੈਬ ਸਾਈਟ; ਬਿਨਾ ਤਬਦੀਲੀ, ਹੂ-ਬ-ਹੂ ਅਤੇ ਲੇਖਕ ਨਾਮ ਸਹਿਤ, ਕੇਵਲ ਅਤੇ ਕੇਵਲ ਗੁਰਮਤਿ ਪ੍ਰਸਾਰ ਦੇ ਆਸ਼ੇ ਨੂੰ ਮੁੱਖ ਰਖਦੇ ਹੋਏ ਬਿਨਾ ਕਿਸੇ ਹੋਰ ਆਗਿਆ ਛਾਪ ਅਤੇ ਲੋਡ ਕਰ ਸਕਦਾ ਹੈ। ਬੇਨਤੀ ਕਰਤਾ-ਗੁਰਮਤਿ ਐਜੁਕੇਸ਼ਨ ਸੈਂਟਰ, ਦਿੱਲੀ




.