.

ਸਮਾਜ, ਧਾਰਮਿਕ ਕੇਂਦਰ ਅਤੇ ਮੀਡੀਆ

ਧਾਰਮਿਕ ਆਸਥਾਨਾ ਦੀ ਗੱਲ ਹਰੇਕ ਵਾਰੀ ਸਾਨੂੰ ਤਾਂ ਕਰਨੀ ਪੈਂਦੀ ਹੈ ਕਿ ਸਿੱਖ ਜਿਥੇ ਵੀ ਹੈ ਉਹ ਅਪਣੇ ਧਾਰਮਿਕ ਅਸਥਾਨ ਨਾਲੋਂ ਨਹੀ ਟੁੱਟ ਸਕਦਾ। ਉਸਦਾ ਗੁਰਦੁਆਰੇ ਜਾਣਾ ਹੋਰ ਦੂਜੇ ਕੰਮਾ ਵਾਂਗ ਹੀ ਉਸ ਲਈ ਅਹਿਮੀਅਤ ਰੱਖਦਾ ਹੈ। ਇਸ ਲਈ ਸਾਡੇ ਧਾਰਮਿਕ ਕੇਂਦਰ ਯਾਨੀ ਗੁਰਦੁਆਰੇ ਚੰਗਾ ਸਮਾਜ ਸਿਰਜਣ ਲਈ ਇੱਕ ਮਜਬੂਤ ਥੰਮ ਬਣ ਸਕਦੇ ਹਨ। ਸਮਾਜ ਨੂੰ ਵਧੀਆ ਜੀਵਨ ਜੀਣ ਲਈ ਇੱਕ ਚੰਗੀ ਸਕੂਲਿੰਗ ਦਾ ਇਥੋਂ ਪ੍ਰਬੰਧ ਹੋ ਸਕਦਾ ਹੈ। ਟੁੱਟ ਰਹੇ ਰਿਸ਼ਤਿਆਂ ਨੂੰ ਚੰਗੀ ਸਾਰਥਿਕ ਸੇਧ ਦੇ ਕੇ ਇਥੋਂ ਫਿਰ ਤੋਂ ਚੰਗੇ ਆਦਰਿਸ਼ ਜੀਵਨ ਜੀਣ ਦੀ ਸੇਧ ਦਿੱਤੀ ਜਾ ਸਕਦੀ ਹੈ। ਕਿਸੇ ਦੇ ਹੋਏ ਤਲਾਕ ਦੀ ਸੂਹ ਮਿਲਦੇ ਹੀ ਈਸਾਈ ਫੱਟ ਘਰ ਦਾ ਦਰਵਾਜਾ ਖੜਕਾ ਦਿੰਦੇ ਹਨ ਕਿ ਕਿਸੇ ਮਦਦ ਦੀ ਲੋੜ ਹੋਵੇ ਤਾਂ? ਪਰ ਇੱਕ ਸਾਡੇ ਅਦਾਰੇ ਹਨ ਜਿਹੜੇ ਗੁਰੂ ਦੀ ਸ਼ਰਨ ਆਇਆਂ ਨੂੰ ਵੀ ਕੋਈ ਰਾਹਤ ਨਹੀ ਦੇ ਸਕਦੇ।

ਸਾਡੀ ਅਜਿਹੀ ਹਾਲਤ ਤੋਂ ਇੱਕ ਗੱਲ ਯਾਦ ਆਈ ਕਿ ਸਾਡੇ ਇਹ ਅਦਾਰੇ ਕਿੰਨੇ ਕੁ ਮਦਦਗਾਰ ਹਨ। ਬਰਫ ਪਈ ਸੀ ਤੇ ਇੱਕ ਭਰਾ ਗੁਰਦੁਆਰੇ ਮੱਥਾ ਟੇਕਣ ਆਇਆ ਪਰ ਗੱਡੀ ਗਰਮ ਰਹੇ, ਦੇ ਇਰਾਦੇ ਨਾਲ ਗੱਡੀ ਉਹ ਸਟਾਰਟ ਹੀ ਛੱਡ ਆਇਆ। ਪਰ ਗਲਤੀ ਨਾਲ ਗੱਡੀ ਉਸ ਕੋਲੋਂ ਲਾਕ ਹੋ ਗਈ! ਉਧਰ ਉਸ ਕੰਮ ਤੇ ਜਾਣਾ ਸੀ ਉਸ ਗੁਰਦੁਆਰੇ ਇਧਰ-ਉਧਰ ਵੇਖਿਆ। ਕੋਈ ਅਹੁੜ ਨਾ ਹੁੰਦਾ ਦੇਖ ਉਸ ਭਾਈ ਜੀ ਦਾ ਤਰਲਾ ਕੀਤਾ ਅਤੇ ਅਪਣੀ ਸਮੱਸਿਆ ਦੱਸੀ। ਭਾਈ ਜੀ ਬਜਾਇ ਕਿ ਉਸ ਦੀ ਮਜਬੂਰੀ ਨੂੰ ਸਮਝਦੇ ਕੋਈ ਮਦਦ ਕਰਦੇ ਉਹ ਟਿੱਚਰ ਜਿਹੀ ਕਰਕੇ ਕਹਿਣ ਲੱਗੇ, ‘ਅਰਦਾਸ ਕਰ ਖੁਲ੍ਹ ਜੂ ਗੀ’ ?

ਹਰੇਕ ਮੋੜ ਤੇ ਗੁਰਦੁਆਰਾ ਖੁਲ੍ਹਣ ਦੇ ਬਾਵਜੂਦ ਵੀ ਕੀ ਕਾਰਨ ਹੈ ਕਿ ਸਿੱਖ ਭਾਈਚਾਰੇ ਵਿੱਚ ਇਹ ਘਰੇਲੂ ਕਲੇਸ਼ ਚਰਮਸੀਮਾ ਤੇ ਪਹੁੰਚ ਰਹੇ ਹਨ। ਤਲਾਕ ਵਧ ਰਹੇ ਹਨ, ਬੱਚੇ ਡਰੱਗਾਂ ਵਿੱਚ ਪੈ ਕੇ ਅਪਣੀਆਂ ਜਾਨਾ ਤੋਂ ਹੱਥ ਧੋ ਰਹੇ ਹਨ। ਸਿਮਰਨਾਂ ਦੇ, ਪਾਠਾਂ ਦੇ, ਅਰਦਾਸਾਂ ਦੇ, ਨਾਮਾਂ ਦੇ, ਇਸ ਜੋਰ ਸ਼ੋਰ ਨਾਲ ਚਲਣ ਦੇ ਬਾਵਜੂਦ ਵੀ ਕੀ ਕਾਰਨ ਹੈ ਕਿ ਸਿੱਖਾਂ ਦੇ ਸਿਰਾਂ ਤੇ ਮੰਡਲਾ ਰਹੀਆਂ ਸੇਖਾਂ, ਪੀਰਾਂ, ਪੰਡਤਾਂ, ਸਯਦਾ ਦੀਆਂ ਹੇੜਾਂ ਵਿੱਚ ਦਿਨੋ ਦਿਨ ਵਾਧਾ ਹੋਈ ਜਾ ਰਿਹਾ ਹੈ। ਅਸੀਂ ਨਹੀ ਕਹਿੰਦੇ ਗੁਰਦੁਆਰੇ ਜਿਆਦਾ ਨਾ ਹੋਣ, ਅਸੀਂ ਨਹੀ ਕਹਿੰਦੇ ਪਾਠ ਸਿਮਰਨ ਨਾ ਹੋਣ ਪਰ ਕੋਈ ਜਵਾਬ ਤਾਂ ਹੋਵੇ ਕਿ ਹਰੇਕ ਵੀਕਐਂਡ ਤੇ ਘਰਾਂ ਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਵਹੀਰਾਂ ਘੱਤਣ ਦੇ ਬਾਵਜੂਦ, ਸੁਖਮਨੀ ਸਾਹਿਬ ਦੇ ਪਾਠ, ਸਹਿਜ ਪਾਠ, ਅਖੰਡ ਪਾਠ ਹੋਣ ਦੇ ਬਾਵਜੂਦ ਵੀ ਕੋਈ ਤਬਦੀਲੀ ਕਿਉਂ ਨਹੀ ਆ ਰਹੀ? ਸਿੱਖੀ ਵਿੱਚ ਕੋਈ ਇਨਕਲਾਬ ਕਿਉਂ ਨਹੀ ਆ ਰਿਹਾ?

ਕੇਵਲ ਟਰੰਟੋ ਵਿੱਚ ਹੀ ਗੁਰਦੁਆਰਿਆਂ ਦੀ ਗਿਣਤੀ ਕਰੋ ਤੇ ਉਸ ਤੋਂ ਅੱਗੇ ਉਥੇ ਪੁਜਾਰੀਆਂ ਦੀਆਂ ਫਿਰਦੀਆਂ ਹੇੜਾਂ ਦੀ ਗਿਣਤੀ ਕਰੋ ਫਿਰ ਪਤਾ ਕਰੋ ਕਿ ਇੰਨੀ ਗਿਣਤੀ ਦੇ ਬਾਵਜੂਦ ਵੀ ਕੀ ਕਾਰਨ ਹੈ ਕਿ ਸਿੱਖ ਬੀਬੀਆਂ ਨੂੰ ਹਾਲੇ ਤੱਕ ਗੁਰਬਾਣੀ ਦੇ ਮੋਟੇ ਜਿਹੇ ਅਸੂਲ ਦਾ ਹੀ ਪਤਾ ਨਹੀ ਲੱਗ ਸਕਿਆ ਕਿ ‘ਅੰਨ ਛੋਡਿ ਕਰੇ ਪਖੰਡ॥ ਨਾ ਉਹ ਸੁਹਾਗਣ ਨਾ ਉਹ ਰੰਡ॥’ ਤੇ ਉਹ ਕਰਵਾ ਚੌਥ ਦੀਆਂ ਭੀੜਾਂ ਵਿੱਚ ਸ਼ਾਮਲ ਹੋ ਕੇ ਟਿੱਕੇ, ਸੰਧੂਰ ਤੇ ਗੱਲ ਵਿੱਚ ਤਵੀਤ ਜਿਹੇ ਪਾਈ ਜਿਸ ਗੁਰੂ ਅਗੇ ਮੱਥੇ ਰਗੜਦੀਆਂ ਉਸੇ ਦਾ ਮੂੰਹ ਚਿੜਾ ਰਹੀਆਂ ਹੁੰਦੀਆਂ ਹਨ! ਕੀ ਕਰ ਰਹੇ ਹਨ ਗੁਰਦੁਆਰੇ? ਕੀ ਸਿਖਾ ਰਹੇ ਹਨ ਪੁਜਾਰੀ ਲੋਕ ਇਹਨਾ ਭੋਲੇ ਲੋਕਾਂ ਨੂੰ ਜਿਹੜੇ ਦਸਹਿਰੇ ਦੇ ਜਲੇਬ ਖਾਣੇ ਨਹੀ ਭੁੱਲਦੇ ਨਾ ਕਰਵਾ ਚੌਥ ਦੇ ਮੱਠੇ, ਨਾ ਲਾਲਾਂ ਵਾਲੇ ਦੇ ਰੋਟ ਤੇ ਨਾ ਗੁੱਗੇ ਦੀਆਂ ਸੇਵੀਆਂ?

ਗੁਰੂ ਗਰੰਥ ਸਾਹਿਬ ਸਾਰਾ ਅਨਪੜਿਆ ਹੀ ਪਿਆ ਹੈ ਇਸ ਨੂੰ ਕੌਣ ਪੜੇਗਾ? ਕੇਵਲ ਪੁਜਾਰੀ? ਜਿਹੜਾ 12 ਦੀ ਰੌਲ ਤੋਂ ਬਾਅਦ ਅੱਧਾ ਤੇ ਕਈ ਵਾਰ ਪੂਰਾ ਸੁੱਤਾ ਪਿਆ ਹੁੰਦਾ? ਬੜੀ ਗਹਿਮਾ ਗਹਿਮ ਹੋਈ ਗੁਰਦੁਆਰਿਆਂ ਵਿੱਚ ਕਿ ਅਸੀਂ ਅਪਣੇ ਗੁਰੂ ਦਾ 300 ਸਾਲਾ ਮਨਾਇਆ ਹੈ। ਪਰ ਕਿਹੜੇ ਗੁਰੂ ਦਾ? ਜਿਸ ਬਾਰੇ ਭੋਲੇ ਸਿੱਖ ਨੂੰ ਪਤਾ ਹੀ ਨਹੀ ਕਿ ਕਹਿੰਦਾ ਕੀ ਹੈ? ਜੇ ਪਤਾ ਹੋਵੇ ਤਾਂ ਇਸ ਗੁਰੂ ਦਾ ਵਪਾਰੀਕਰਨ ਕਿਉਂ ਹੋਵੇ? ਇਹ ਘਰ-ਘਰ ਵਿਕਣ ਕਿਉਂ ਜਾਵੇ ਤੇ ਇਸ ਦੀ ਵਟਕ ਵਕੀਲਾਂ ਦੀਆਂ ਜ੍ਹੇਬਾਂ ਵਿੱਚ ਕਿਉਂ ਪਵੇ? ਜੇ ਸਾਨੂੰ ਗੁਰੂ ਸ਼ਬਦ ਦੀ ਸੋਝੀ ਪੈ ਜਾਵੇ ਡੇਰਿਆਂ ਵਿੱਚ ਅਯਾਸ਼ੀਆਂ ਮਾਰ ਰਹੇ ਰੇਸ਼ਮੀ ਚੋਲਿਆਂ ਵਾਲੇ ਡੇਰੇਦਾਰ ਲੋਕ ਸੜਕਾਂ ਤੇ ਮੁਗਫਲੀ ਨਾ ਵੇਚਦੇ ਫਿਰਦੇ ਹੋਣ? ਅਖੌਤੀ ਪੀਰਾਂ, ਸਯਦਾਂ, ਪੰਡਤਾਂ ਤੇ ਸਾਈਆਂ ਦੇ ਘਰੀਂ ਭੰਗ ਨਾ ਭੁੱਜੇ? ਤੇ ਉਹਨਾ ਦੇ ਸਿਰ ਤੇ ਚਲਣ ਵਾਲੇ ਪੀਲੇ ‘ਪੱਤਰਕਾਰੀ ਪਤਵੰਤਿਆਂ’ ਨੂੰ ਕੋਈ ਬੇਰਾਂ ਵੱਟੇ ਨਾ ਪੁੱਛੇ! ਜੇ ਗੁਰੂ ਲਿਵ ਦੀ ਸੋਝੀ ਸਿੱਖ ਨੂੰ ਆ ਜਾਵੇ ਤਾਂ ਧਾਰਮਿਕ ਅਸਥਾਨਾ ਦੇ ਚੌਧਰੀ ਗੁਰਦੁਆਰਿਆਂ ਨੂੰ ਅਪਣੀ ਜੱਦੀ ਜਾਇਦਾਦ ਕਿਉਂ ਸਮਝਣ ਤੇ ਪੁੱਛਣ ਵਾਲੇ ਨੂੰ ਦੇਖ ਮੁੱਛਾਂ ਨੂੰ ਵੱਟ ਕਿਉਂ ਦੇਣ?

ਸਾਰੀਆਂ ਬੀਮਾਰੀਆਂ, ਸਾਰੀਆਂ ਮੁਸ਼ਕਲਾਂ ਤੇ ਸਾਰੀਆਂ ਅਲਾਮਤਾਂ ਦੀ ਜੜ ਇਸੇ ਗੱਲ ਵਿੱਚ ਹੈ ਕਿ ਸਿੱਖ ਨੂੰ ਗੁਰੂ ਦੀ ਆਖੀ ਸਮਝ ਨਹੀਂ ਆ ਰਹੀ ਤੇ ਨਾ ਹੀ ਉਹ ਇਸ ਦੀ ਜਰੂਰਤ ਸਮਝਦਾ ਹੈ। ਉਸ ਦਾ ਕਾਰਨ ਕਿ ਉਸ ਨੂੰ ਫਾਸਟ-ਫੂਡ ਵਾਂਗ ਸਭ ਕੁੱਝ ਰੈਡੀਮੇਡ ਮਿਲ ਰਿਹਾ ਹੈ। ਪਾਠ ਤੋਂ ਲੈ ਕੇ ਕੀਰਤਨ ਅਰਦਾਸ ਸਭ ਕੁੱਝ ਉਸ ਲਈ ਹਾਜਰ ਹੈ। ਉਸ ਨੇ ਕੇਵਲ ਜ੍ਹੇਬ ਵਿੱਚ ਹੱਥ ਮਾਰਨਾ ਹੇ। ਪੁਜਾਰੀ, ਚੌਧਰੀ ਤੇ ਗਾਹਕ ਤਿੰਨੋ ਖੁਸ਼ ਹਨ। ਪੁਜਾਰੀ ਭੇਟ ਦੇ ਨਾਂ ਤੇ ਕਿਰਾਇਆ ਲੈ ਲੈਦਾ ਹੈ, ਚੌਧਰੀ ਲਈ ਖੁਸ਼ੀ ਹੈ ਕਿ ਗੋਲਕ ਵਿੱਚ ਰੌਣਕ ਹੋ ਜਾਂਦੀ ਹੈ ਤੇ ਗਾਹਕ ਲਈ ਖੁਸ਼ੀ ਕਿ ਉਸ ਨੂੰ ‘ਧਰਮ ਦਾ ਫਲ’ ਕੀਤਾ ਕਰਾਇਆ ਮਿਲ ਗਿਆ। ਪਰ ਗੁਰੂ ਕੇ ਸਿੱਖ ਨੂੰ ਹੁਣ ਕੌਣ ਸਮਝਾਵੇ ਕਿ ਵੀਰ ਮੇਰਿਆ ਇਸ ਕਿਸਮ ਦੇ ‘ਧਰਮ’ ਨੂੰ ਗੁਰੂ ਮੇਰੇ ਨੇ ਆੜੇ ਹੱਥੀਂ ਲਿਆ ਸੀ। ਪੰਡਤਾਂ ਮੁਲਾਣਿਆਂ ਐਵੇਂ ਨਹੀ ਸੀ ਗੁਰੂ ਦੁਆਲੇ ਬਾਹਾਂ ਟੰਗ ਲਈਆਂ? ਯਕੀਨਨ ਕਿਹਾ ਜਾ ਸਕਦਾ ਹੈ ਕਿ ਗੁਰੂ ਜੇ ਸਰੀਰਕ ਜਾਮੇ ਵਿੱਚ ਅੱਜ ਆ ਜਾਵੇ ਤਾਂ ਸਾਡੇ ਚੌਧਰੀ, ਪੁਜਾਰੀ ਤੇ ਡੇਰੇਦਾਰ ਵੀ ਇਹੀ ਕੁੱਝ ਕਰਨਗੇ ਜੋ ਉਦੋਂ ਦੇ ਪੰਡਤਾਂ ਤੇ ਮੁਲਾਣਿਆਂ ਕੀਤਾ! ਨਹੀ?

ਗੁਰੁ ਕੇ ਸਿੱਖੋ! ਗੁਰੂ ਨਾਨਕ ਦੀ ਸਿੱਖੀ ਦੀ ਹਰੀ-ਭਰੀ ਖੇਤੀ ਨੂੰ ਸਿੱਖਾਂ ਦੇ ਪੰਡਤ, ਪ੍ਰੋਹਿਤ ਮੁਲਾਣੇ ਉਜਾੜ ਰਹੇ ਹਨ ਤੇ ਰਹਿੰਦੀ ਨੂੰ ਬੜੀ ਬੇਰਹਿਮੀ ਨਾਲ ਸਯਦਾਂ, ਪੀਰਾਂ, ਪੰਡਤਾਂ ਦੇ ਪੈਰਾਂ ਵਿੱਚ ਸੁੱਟ ਰਹੇ ਹਨ ਜੇ ਸਿੱਖ ਅੱਜ ਵੀ ਖਮੋਸ਼ ਹੈ ਤਾਂ ਉਹ ਬੋਲੇਗਾ ਕਿਸ ਸਮੇ। ਕੁੱਝ ਨਾ ਕਰਨ ਸਕਣ ਦੀ ਸਮਰਥਾ ਵਾਲੇ ਜਾਂ ਅਪਣੀ ਮਿੱਟੀ-ਮਾਸ ਨੂੰ ਬਚਾਉਂਣ ਖਾਤਰ ਸੱਚ ਤੋਂ ਮੂੰਹ ਮੋੜਨ ਵਾਲੇ ਤਾਂ ਇਹੀ ਬਾਤਾਂ ਪਾਉਂਦੇ ਹਨ ਕਿ ਸਿਮਰਨ ਕਰੋ ਸਭ ਅੱਛਾ ਹੋ ਜਾਏਗਾ। ਸਿਮਰਨ ਕਰਨਾ, ਅਕਾਲ ਪੁਰਖ ਦੀ ਯਾਦ ਤੇ ਰਜ਼ਾ ਵਿੱਚ ਰਹਿਣਾ ਬੇਹੱਦ ਜਰੂਰੀ ਹੈ ਪਰ ਸਵਾਲ ਉਠਦਾ ਕਿ ਫਿਰ ਘੋੜਿਆਂ ਦੀਆਂ ਕਾਠੀਆਂ ਤੇ ਸੌਣ ਵਾਲੇ, ਆਰਿਆਂ ਹੇਠ ਸਿਰ ਦੇਣ, ਦੀਵਾਰਾਂ ਵਿੱਚ ਖੜਨ ਵਾਲੇ ਮਸੂਮ ਭਲਾ ਜੇ ਸਿਮਰਨ ਕਰਕੇ ਹੀ ਵੈਰੀ ਨੂੰ ਜਿੱਤ ਲੈਂਦੇ! ਬੰਦ ਬੱਤੀਆਂ ਕਰਕੇ ਇਹ ਕੈਸੇ ਇਹ ਸਿਮਰਨ ਚਲ ਪਏ ਹਨ ਕਿ ਸਿੱਖ ਵਿੱਚ ਸੱਚ ਆਖਣ ਦੀ ਜੁਅਰਤ ਹੀ ਖਤਮ ਹੋ ਗਈ ਹੈ ਕਿ ਭਰਾਵੋ! ਇਹ ਕਬਜਿਆਂ ਦੇ ਕਿਹੜੇ ਪੁੱਠੇ ਕੰਮ ਤੁਸੀਂ ਛੋਹ ਲਏ ਨੇ ਸਿੱਖਾਂ ਦੇ ਬੱਚੇ ਡਰੱਗਾਂ ਤੇ ਕਾਲੇ ਧੰਦਿਆਂ ਵਿੱਚ ਪੈ ਕੇ ਸਿੱਖੀ ਤੋਂ ਤਾਂ ਬੇਮੁੱਖ ਹੋ ਹੀ ਰਹੇ ਹਨ, ਬਲਕਿ ਅਪਣੀਆਂ ਜਾਨਾ ਵੀ ਗਵਾ ਰਹੇ ਹਨ ਤੇ ਸਮੁੱਚੇ ਭਾਈਚਾਰੇ ਲਈ ਨਮੋਸ਼ੀ ਦਾ ਕਾਰਨ ਵੀ ਬਣ ਰਹੇ ਹਨ ਪਰ ਤੁਹਾਨੂੰ ਕਬਜਿਆਂ ਦੀ ਹੋੜ ਲੱਗੀ ਪਈ ਹੈ। ਸਿਮਰਨ ਉਨਾ ਚਿਰ ਸਿਮਰਨ ਹੈ ਜਿੰਨਾ ਚਿਰ ਇਸ ਵਿਚੋਂ ਅਵਾਜ ਆਉਂਦੀ ਹੈ ਜਿਸ ਸਿਮਰਨ ਵਿਚੋਂ ਸਮੇ ਦਾ ਸੱਚ ਹੀ ਨਹੀ ਪੈਦਾ ਹੋਇਆ ਯਕੀਨਨ ਉਹ ਸਿਮਰਨ ਪਹਾੜਾਂ ਦੀਆਂ ਕੰਧਰਾਂ ਵਿੱਚ ਲੁੱਕੇ, ਸਿਰ `ਚ ਸਵਾਹਾਂ ਪਾਈ ਫਿਰਦੇ ਉਹਨਾ ਜੋਗੀਆਂ ਵਰਗਾ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਮੁੱਢੋਂ ਰੱਦ ਕਰ ਦਿੱਤਾ ਸੀ ਤੇ ਬੁਲੰਦ ਅਵਾਜ ਵਿੱਚ ਕਿਹਾ ਸੀ,

ਬੋਲ ਵੇ ਧਰਮੀੜਿਆ ਮੋਨ ਕਤ ਧਾਰੀ ਰਾਮ॥

ਮੀਡੀਆ-ਚੰਗਾ ਸਮਾਜ ਸਿਰਜਣ ਵਿੱਚ ਅਗਲਾ ਅਹਿਮ ਰੋਲ ਮੀਡੀਏ ਦਾ ਹੁੰਦਾ ਹੈ ਜਿਸ ਦੀ ਪਹੁੰਚ ਹਰੇਕ ਘਰ ਤੇ ਵਿਅਕਤੀ ਤੱਕ ਹੁੰਦੀ ਹੈ। ਅੱਖਰਾਂ ਰਾਹੀਂ ਚਾਹੇ ਬੋਲਾਂ ਰਾਂਹੀ, ਮੀਡੀਆ ਹਰੇਕ ਦੇ ਦਰਵਾਜੇ ਤੇ ਦੱਸਤਖਤ ਦਿੰਦਾ ਹੈ। ਪਰ ਜਿਸ ਪੀਲੀ ਪੱਤਰਕਾਰੀ ਵਲ ਮੀਡੀਆ ਤੁਰਿਆ ਹੋਇਆ ਹੈ ਉਸ ਤੋਂ ਕਿਸੇ ਚੰਗੇ ਸਮਾਜ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਕੁੱਝ ਇੱਕ ਨੂੰ ਛੱਡ ਕੇ ਸਿੱਖਾਂ ਨਾਲ ਸਬੰਧਤ ਮੀਡੀਆ ਬੜੀ ਚਲਾਕੀ ਨਾਲ ਬਾਦਕਿਆਂ ਵਾਂਗ ‘ਪੰਜਾਬੀ ਕਲਚਰ’ ਦੇ ਨਾਂ ਹੇਠ ਅਪਣਾ ਤਵਾ ਤਪਾਈ ਰੱਖਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਰਿਹਾ ਹੈ ਉਸ ਨੂੰ ਪਤਾ ਹੈ ਕਿ ਜੇ ਸਿੱਖ ਜਾਂ ਸਿੱਖੀ ਸਬਦ ਦਾ ਜਿਆਦਾ ਇਸਤੇਮਾਲ ਕੀਤਾ ਤਾਂ ਅੱਜ ਦੇ ਜੁੱਗ ਵਿੱਚ ਨੁਕਸਾਨ ਦੇਹ ਹੈ। ਜਾਂ ਉਹ ‘ਧਰਮ ਨਿਰਪੱਖ’ ਦੇ ਸਿਰ੍ਹਾਣੇ ਹੇਠ ਸਿਰ ਦੇ ਕੇ ਐਵੇਂ ਅਪਣੀ ਮਿੱਟੀ ਨੂੰ ਜੀਂਦਾ ਰੱਖਣ ਦੇ ਗੇੜ ਵਿੱਚ ਸਮਾ ਟਪਾਈ ਕਰ ਨਜਰ ਆ ਰਿਹਾ ਹੈ। ਜਾਂ ਜੇ ਉਹ ਧਰਮ ਜਾਂ ਸਮਾਜ ਦੀ ਗੱਲ ਕਰਦਾ ਵੀ ਹੈ ਤਾਂ ਢੋਲਕੀਆਂ-ਚਿਮਟੇ ਖੜਕਾ ਅਪਣੇ ‘ਧਰਮੀ’ ਜਾਂ ‘ਸਮਾਜਿਕ’ ਹੋਣ ਦਾ ਭੁੱਸ ਪੂਰਾ ਕਰ ਜਾਂਦਾ ਹੈ। ਕੁੱਝ ਮੀਡੀਆ ਤਾਂ ਇਤਨਾ ‘ਅਗਾਂਹ ਵਧੂ’ ਹੋ ਗਿਆ ਕਿ ਉਸ ਨੂੰ ਸਿੱਖ ਸੂਰਬੀਰਤਾ ਦੀ ਗੱਲ ਕਰਨੀ ਉਂਝ ਹੀ ‘ਪਿਛਾਂਹ-ਖਿੱਚੂ’ ਜਾਪਣ ਲੱਗ ਪਈ ਹੈ। ਉਸ ਦੇ ਨਾਇਕ ਸਮਾਜ ਦੇ ਛੱਟੇ ਫੂਕੇ ਮਿਰਜੇ ਸਾਹਿਬਾਂ ਤਾਂ ਹੋ ਸਕਦੇ ਹਨ ਪਰ ਨਲੂਏ, ਨਵਾਬ ਕਪੂਰ ਸਿੰਘ ਜਾਂ ਚਮਕੌਰ ਵਿੱਚ 17-19 ਸਾਲ ਦੀ ਉਮਰ ਵਿੱਚ ਜੁੱਲਮ ਖਿਲਾਫ ਜੂਝਣ ਵਾਲੇ ਜਾਂ 7-9 ਸਾਲ ਦੀ ਉਮਰੇ ਦੀਵਾਰਾਂ ਵਿੱਚ ਖੜਨ ਵਾਲੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨਹੀ। ਉਹ ਹੀਰ-ਸੱਸੀ ਲਈ ਤਾਂ ਕੀਰਨੇ ਪਾ ਸਕਦੇ ਪਰ ਮੰਨੂ ਦੀਆਂ ਜੇਹਲਾਂ ਵਿੱਚ ਅਪਣੇ ਬੱਚਿਆਂ ਦੇ ਟੁਕੜੇ ਝੋਲੀ ਪਵਾਉਂਣ ਵਾਲੀਆਂ ਸੂਰਬੀਰ ਬੀਬੀਆਂ ਦਾ ਉਹਨਾ ਨੂੰ ਚਿੱਤ-ਚੇਤਾ ਵੀ ਨਹੀ। ਉਹ ਇਹ ਭੁੱਲ ਹੀ ਗਏ ਕਿ ਜਿਸ ਪੰਜਾਬੀ ਸਭਿਆਚਾਰ ਦਾ ਉਹ ਰੌਲਾ ਪਾ ਰਹੇ ਹਨ ਉਸ ਵਿਚੋਂ ਗੁਰੂ ਸਾਹਿਬਾਨਾ ਅਤੇ ਸਿੱਖ ਸੂਰਬੀਰਾਂ ਦੀ ਜੱਦੋ ਜਹਿਦ ਨੂੰ ਕੱਢ ਦਿਉ ਤਾਂ ਸਿਵਾਏ ਲੰਮੀਆਂ ਹਾਰਾਂ, ਬੇਇੱਜਤੀ ਅਤੇ ਨਮੋਸ਼ੀ ਤੋਂ ਬਾਕੀ ਬੱਚਦਾ ਹੀ ਕੀ ਹੈ? ਕੀ ਸੀ ਪੰਜਾਬ ਦਾ ਸਭਿਆਚਾਰ ਗੁਰੂ ਸਾਹਿਬਾਨਾ ਤੋਂ ਪਹਿਲਾਂ? ਇਹੀ ਕਿ ਜਿਹੜਾ ਮਰਜੀ ਆ ਕੇ ਲੁੱਟ ਗਿਆ, ਕੁੱਟ ਗਿਆ ਤੇ ਕੁੜੀਆਂ ਮੁੰਡੇ ਪਸ਼ੂਆਂ ਵਾਂਹ ਹਿੱਕ ਕੇ ਲੈ ਗਿਆ?

ਓਸ ਸਮਾਜ ਦਾ ਮੀਡੀਆ ਕਿੰਨਾ ਕੁ ਜਿੰਮੇਵਾਰ ਹੋ ਸਕਦਾ ਹੈ ਜਿਹੜਾ ਕਿਸੇ ਦੀ ਘਰੇਲੂ ਸਮੱਸਿਆ ਨੂੰ ਹੱਲ ਕਰਨ ਦੀ ਬਜਾਇ, ਉਸ ਨਾਲ ਹਮਦਰਦੀ ਪ੍ਰਗਟ ਕਰਨ ਦੀ ਥਾਂ ਅਪਣੇ ਸਵਾਦ ਅਤੇ ਲੋਕਾਂ ਦੇ ਕੰਨ ਰਸ ਲਈ ਹਵਾ ਵਿੱਚ ਉਛਾਲਦਾ ਅਤੇ ਚਟਖਾਰੇ ਲੈ ਕੇ ਖੁਸ਼ ਹੁੰਦਾ ਹੈ। ਉਹ ਮੀਡੀਆ ਅਪਣੇ ਭਾਈਚਾਰੇ ਦੇ ਬਾਰੇ ਕਿੰਨਾ ਕੁ ਸੁਹਿਰਦ ਹੋ ਸਕਦਾ ਜਿਹੜਾ ਅਪਣੇ ਲੋਕਾਂ ਨੂੰ ਗੈਰਾਂ ਦੀਆਂ ‘ਮੱਛੀਆਂ’ ਬਣਨ ਲਈ ਕੁੰਡੀ ਦਾ ਕੰਮ ਕਰ ਰਿਹਾ ਅਤੇ ਸੇਖਾਂ, ਸਯਦਾਂ, ਪੰਡਤਾਂ ਦੇ ਅੰਧਵਿਸਵਾਸ਼ ਦਾ ਪ੍ਰਦੂਸ਼ਣ ਫੈਲਾ ਕੇ ਲੋਕਾਂ ਦੀ ਸੋਚ ਨੂੰ ਦੂਸ਼ਤ ਕਰ ਰਿਹਾ ਹੈ।

ਪੁੱਛਿਆ ਜਾ ਸਕਦਾ ਹੈ ਓਸ ਮੀਡੀਏ ਨੂੰ ਵੀ ਕਿ ਢੋਲਕੀਆਂ-ਚਿਮਟਿਆਂ ਦੇ ਸ਼ੋਰ ਨੇ ਹਾਲੇ ਤੱਕ ਸਮਾਜ ਦੇ ਸਿਰਾਂ ਵਿਚੋਂ ਇਹ ਦੂਸ਼ਤ ਸੋਚ ਕਿਉਂ ਨਹੀ ਹੂੰਝੀ? ਕਿਉਂ ਉਹ ਹਾਲੇ ਵੀ ਅੰਧਕਾਰ ਵਿੱਚ ਭਟਕਦੇ ਅਪਣਾ ਪੈਸਾ `ਤੇ ਇੱਜਤਾਂ ਬਰਬਾਦ ਕਰਵਾ ਰਹੇ ਸ਼ੇਖਾਂ, ਸਯਦਾਂ ਦੇ ਪੈਰਾਂ ਵਿੱਚ ਡਿੱਗ ਰਹੇ ਅਪਣੇ ਗੁਰੂ ਨੂੰ ਪਿੱਠ ਦੇ ਰਹੇ ਹਨ? ਗੁਰੂ ਨਾਨਕ ਦੇ ਕੇਕਾਂ ਨੇ ਹਾਲੇ ਤੱਕ ਕੌਮ ਦਾ ਕੀ ਸਵਾਰਿਆ ਅਤੇ ਸੇਧ ਦਿੱਤੀ ਸਿਵਾਏ ਢੋਲਕੀਆਂ-ਚਿਮਟਿਆਂ ਦੇ ਪੈਰਾਂ ਵਿੱਚ ਸੁਟਣ ਦੇ? ਇਹ ਕੀ ਤਮਾਸ਼ਾ ਹੋ ਰਿਹਾ ਹੈ ਸਿੱਖ ਕੌਮ ਦੇ ਸਾਹਵੇਂ? ਕੋਈ ਨਹੀ ਪੁੱਛਣ ਵਾਲਾ ਰਿਹਾ ਕਿ ਜੇ ਕੇਕਾਂ ਨਾਲ ਹੀ ਕੋਈ ਇਨਕਲਾਬ ਆਉਂਦਾ ਹੋਵੇ, ਖੜੋਤ ਟੁੱਟਦੀ ਹੋਵੇ ਤਾਂ ਕਿਉਂ ਨਾ ਹਰੇਕ ਗੁਰੂ ਦਾ ਹੀ ਕੇਕ ਕੱਟ ਲਿਆ ਜਾਵੇ? ਇਹ ਅਸੀਂ ਮੀਡੀਏ ਦੀ ਗੱਲ ਕਰ ਰਹੇ ਹਾਂ ਜਿਸ ਦੇ ਸਿਰ ਤੇ ਕੋਈ ਜਿੰਮੇਵਾਰੀ ਹੈ ਪਰ ਜਿਹੜਾ ਬਚਕਾਨਾ ਹਰਕਤਾਂ ਕਰਨ ਵਿੱਚ ਆਮ ਲੋਕਾਂ ਨਾਲੋਂ ਵੀ ਚਾਰ ਕਦਮ ਅੱਗੇ ਹੈ।

ਸਾਡੀ ਅਲੋਚਨਾ ਦਾ ਮੱਕਸਦ ਕਿਸੇ ਨੂੰ ਨੀਵਾ ਦਿਖਾਉਂਣਾ ਜਾਂ ਕਿਸੇ ਦੀ ਬਦਖੋਈ ਕਰਨਾ ਨਹੀ ਅਸੀਂ ਤਾਂ ਕੇਵਲ ਧਾਰਮਿਕ ਅਸਥਾਨਾ ਤੋਂ ਲੈ ਕੇ ਮੀਡੀਏ ਤੱਕ ਨਿਭਾਈ ਗਈ ਜਿੰਮੇਵਾਰੀ ਦਾ ਅਹਿਸਾਸ ਅਪਣੇ ਲੋਕਾਂ ਨੂੰ ਕਰਾਇਆ ਹੈ ਕਿ ਉਹਨਾ ਨਾਲ ਵਾਪਰ ਕੀ ਰਹੀਆਂ ਹਨ ਪਰ ਬਜਾਇ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਜਾਂ ਉਸ ਨੂੰ ਗੰਭੀਰਤਾ ਨਾਲ ਲੈਣ ਦੇ ਇਹ ਹੋਰ ਵਾਧਾ ਕਰ ਰਹੇ ਹਨ ਪਰ ਕਰ ਫਿਰ ਵੀ ਤੁਹਾਡੀ ‘ਸੇਵਾ’ ਰਹੇ ਹਨ……?

ਗੁਰਦੇਵ ਸਿੰਘ ਸੱਧੇਵਾਲੀਆ




.