.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 44)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਆਉ ਵੀਚਾਰੀਏ

ਅੱਜ ਪਾਠ ਕਰਨ ਵਾਲਾ ਪਾਠੀ ਪਾਠ ਪੜ੍ਹਕੇ ਸੁਣਾਉਂਦਾ ਹੈ ਗੁਰਬਾਣੀ ਵਿਚਲੀ ਸਿਖਿਆ ਨਹੀ ਮੰਨਦਾ, ਦੂਜਿਆਂ ਨੂੰ ਕਹਿੰਦਾ ਮੰਨੋ ਤੁਸੀ, ਅੱਜ ਕਵੀਸ਼ਰੀ ਕਰਨ ਵਾਲਾ ਕਵੀਸ਼ਰ ਸਟੇਜ਼ ਤੇ ਖਲੋ ਕੇ ਕੱਛਾਂ ਵਿੱਚ ਬਾਹਾਂ ਲੈ ਕੇ ਕਵੀਸ਼ਰੀ ਸੁਣਾਉਦਾ ਹੈ ਦੂਜਿਆਂ ਨੂੰ ਕਹਿੰਦਾ ਇਸ ਕਵੀਸ਼ਰੀ ਨੂੰ ਮੰਨੋ ਤੁਸੀਂ। ਅੱਜ ਦਾ ਢਾਡੀ ਬੜੇ ਟੌਹਰ ਨਾਲ ਸੂਟ ਪਾ ਕੇ ਸਟੇਜ਼ ਤੇ ਖੜ੍ਹ ਜਾਂਦਾ ਹੈ ਪਰ ਜਿਹੜੀ ਉਹ ਗੱਲ ਕਰਦਾ ਕਹਿੰਦਾ ਮੰਨੋ ਤੁਸੀ ਮੈ ਤਾਂ ਕੇਵਲ ਸੁਣਾਉਣਾ ਹੀ ਹੈ। ਅੱਜ ਦਾ ਕੀਰਤਨੀਆਂ, ਵੰਨ ਸੁਵੰਨੀਆਂ ਫਿਲਮੀ ਤਰਜਾਂ ਤੇ ਕੀਰਤਨ ਕਰਕੇ ਸੁਣਾਉਦਾ ਹੈ ਕਹਿੰਦਾ ਮੰਨੋ ਤੁਸੀ। ਅੱਜ ਦਾ ਕਥਾ ਵਾਚਕ ਗੁਰਬਾਣੀ ਸਿਧਾਂਤ ਦੀ ਖੋਜ ਕੀਤੇ ਬਿਨਾ ਕਥਾ ਕਹਾਣੀਆਂ ਸੁਣਾਉਂਦਾ ਹੈ ਕਹਿੰਦਾ ਮੰਨੋ ਤੁਸੀ। ਅੱਜ ਦਾ ਸੰਤ, ਬ੍ਰਹਮਗਿਆਨੀ ਵੰਨ ਸੁਵੰਨੇ ਚੋਲੇ, ਗੋਟੇ, ਖੰਡੇ, ਕਲਗੀਆਂ ਲਾ ਕੇ, ਅਤਰ ਫਲੇਲ ਲਾ ਕੇ, ਮਹਿੰਗੇ ਤੋਂ ਮਹਿੰਗੇ ਹਾਰਮੋਨੀਅਮ ਵਾਜੇ ਅਤੇ ੨-੨ ਢੋਲਕੀਆਂ, ਲਾਈਨਾਂ ਵਿੱਚ ਬੈਠਣ ਵਾਲੇ ਚਿਮਟਿਆਂ ਵਾਲੇ ਲੈ ਕੇ ਤੁਹਾਡੇ ਸਾਹਮਣੇ ਸਟੇਜ਼ ਤੇ ਆਉਂਦਾ ਹੈ, ਤੁਸੀ ਦੇਖਦੇ ਹੀ ਰਹਿ ਜਾਂਦੇ ਹੋ ਸੋਚਦੇ ਹੋ ਕਿ ਅੱਜ ਤਾਂ ਰੱਬ ਸਮੇਤ ਧਰਮ ਰਾਜ ਮੁਨਸੀ ਮਸੱਦੀ ਲੈ ਕੇ ਸਾਹਮਣੇ ਆ ਬੈਠਾ ਹੈ ਤੁਸੀ ਸੰਤ ਦੀ ਕਲਾਕਾਰੀ ਆਵਾਜ (ਕੰਨ ਰਸ) ਤੇ ਮੋਹਿਤ ਹੋ ਜਾਂਦੇ ਹੋ। ਆਪ ਨੇ ਦੇਖਿਆ ਹੋਣਾ ਹੈ ਕਿ ਜਦੋ ਜੋਗੀ ਬੀਨ ਵਜਾਉਂਦਾ ਹੈ ਤਾਂ ਸੱਪ ਜੋ ਕਿ ਬੜੀ ਸੁਰੱਖਿਅਤ ਥਾਂ ਤੇ ਬੈਠਾ ਹੁੰਦਾ ਹੈ ਉਥੋਂ ਉਠ ਕੇ ਕੇਵਲ ਬੀਨ ਦੀ ਆਵਾਜ ਸੁਣਨ ਕਰਕੇ ਮੌਤ ਦੇ ਮੂੰਹ ਵਿੱਚ ਜਾ ਪੈਂਦਾ ਹੈ। ਕੀ ਆਪ ਜੀ ਨੇ ਕਦੇ ਵਿਚਾਰਿਆਂ ਹੈ ਕਿ ਇਹਨਾਂ ਸੰਤਾਂ ਦੀਆਂ, ਢੋਲਕੀਆਂ, ਛੈਣਿਆਂ, ਦੀ ਆਵਾਜ਼ ਨੇ ਆਪ ਜੀ ਨੂੰ ਮੌਤ ਦੇ ਮੂੰਹ ਅੱਗੇ ਲਿਆ ਖੜਾ ਕੀਤਾ ਹੈ। ਜਦੋ ਢੋਲਕੀਆਂ ਚਿਮਟੇ ਖੜਕਦੇ ਹਨ ਇਹ ਸੰਤ ਆਪਣੇ ਖੇਖਣ ਭਰੇ ਸਿਰ ਨੂੰ ਜਦੋਂ ਗੁਰੂ ਵਾਲੇ ਪਾਸੇ ਰਸਮੀ ਤੌਰ ਤੇ ਝੁਕਾਉਂਦਾ ਹੈ ਤਾਂ ਪੋਲੀ ਜਿਹੀ ਆਵਾਜ਼ ਮੂੰਹ ਵਿਚੋਂ ਕੱਢਦਾ ਹੈ ਤੁਸੀ ਸੋਚਦੇ ਹੋ ਇਤਨੀ ਮਿੱਠੀ ਆਵਾਜ਼ ਸ਼ਾਇਦ ਸੁਰਸਵਤੀ ਮਾਤਾ ਇਸਦੀ ਜਬਾਨ ਤੇ ਬੈਠੀ ਰਹਿੰਦੀ ਹੋਵੇ। ਪੰਜਾਬੀ ਦੀ ਕਹਾਵਤ ਮੁਤਾਬਕ ਆਬ ਆਬ ਕਰ ਮੋਇਆ ਬੱਚਾ ਫਾਰਸੀਆਂ ਘਰ ਗਾਲੇ। ਇਹਨਾਂ ਕਿਵੇ ਸਿੱਖੀ ਬਾਗ ਨੂੰ ਉਜਾੜਿਆ? ਇਹਨਾਂ ਤਿੰਨਾਂ ਕਿਤਾਬਾਂ ਵਿੱਚ ਪਿਛੇ ਅਰਜ਼ ਕਰ ਆਇਆ ਹਾਂ ਆਪ ਪੜ੍ਹ ਆਏ ਹੋ। ਇਹਨਾਂ ਸੰਤਾਂ ਦੀ ਕਹਿਣੀ ਹੋਰ, ਸਟੇਜੀ ਕਲਾ ਕਾਰੀ ਹੋਰ, ਸਟੇਜਾਂ ਉਪਰ ਸਾਹਿਬ ਜ਼ਾਦਿਆਂ ਦਾ ਇਤਿਹਾਸ ਸੁਣਾਉਣ ਵਾਲੇ ਸੰਤ ਕਲਗੀਆਂ ਲਾ ਕੇ ਗੱਦੀਆਂ ਲਾ ਕੇ ਬੈਠੇ ਆਪਣਾ ਜਨਮ ਦਿਨ ਮਨਾ ਰਹੇ ਹਨ। ਜਦੋ ਕਿ ਤੁਹਾਨੂੰ ਇਹ ਸੁਣਾ ਰਹੇ ਹਨ ਕਿ ਸਾਹਿਬਜ਼ਾਦੇ ੭-੮ ਸਾਲ ਦੀ ਉਮਰ ਵਿੱਚ ਹੀ ਸ਼ਹਾਦਤ ਦਾ ਜਾਮ ਪੀ ਗਏ। ਪਰ ਇਹ ਸੰਤ ੨੦, ੩੦, ੫੦, ੬੦, ੯੦ ਸਾਲ ਦੇ ਹੋ ਕੇ ਵੀ ਆਪਣੇ ਜਨਮ ਦਿਨ ਮਨਾ ਕੇ ਤੋਹਫ਼ੇ ਲੈ ਰਹੇ ਹਨ। ਗੁਰੂ ਨੇ ਸਰਬੱਤ ਦਾ ਭਲਾ ਕਿਹਾ ਅਤੇ ਕੀਤਾ। ਪਰ ਇਧਰ ਪਾਠ ਕਰਨ ਵਾਲੇ ਪਾਠੀ ਦਾ ਭਲਾ ਜਰੂਰ ਹੋ ਗਿਆ ਪੈਸੇ ਲੈ ਕੇ ਉਸਦਾ ਆਪਣਾ ਘਰ ਚੰਗਾ ਬਣ ਗਿਆ, ਇਧਰ ਕਵੀਸ਼ਰੀ ਕਰਨ ਵਾਲੇ ਕਵੀਸ਼ਰ ਦਾ ਭਲਾ ਜਰੂਰ ਹੋ ਗਿਆ ਉਸਨੇ ਕਵੀਸ਼ਰੀ ਦੇ ਪੈਸੇ ਲੈ ਕੇ ਚੰਗੇ ਮਹਿਲ ਮਾੜੀਆਂ ਬਣਾ ਲਏ ਹਨ, ਇਧਰ ਢਾਡੀ ਦਾ ਭਲਾ ਜਰੂਰ ਹੋ ਗਿਆ ਉਹਨੇ ਪੈਸੇ ਲੈ ਕੇ ਕੋਠੀਆਂ ਬਣਾ ਲਈਆਂ ਹਨ, ਇਧਰ ਕੀਰਤਨੀਆਂ ਦਾ ਭਲਾ ਜਰੂਰ ਹੋ ਗਿਆ ਉਹਨੇ ਇੱਕ ਘੰਟੇ ਕੀਰਤਨ ਦਾ ੫੦ ਹਜ਼ਾਰ ਲੈ ਕੇ ਚੰਗੇ ਘਰ ਘਾਟ ਬਣਾ ਲਏ ਹਨ ਇਧਰ ਕਥਾ ਵਾਚਕ ਦਾ ਭਲਾ ਜਰੂਰ ਹੋ ਗਿਆ ਹੈ ਜਿਹਨੇ ਕਥਾ ਦੇ ਪੈਸੇ ਲੈ ਕੇ ਚੰਗਾ ਘਰ ਬਣਾ ਲਿਆ ਹੈ। ਇਧਰ ਸਿੱਖ ਕੌਮ ਦੇ ਸੰਤਾਂ ਬ੍ਰਹਮਗਿਆਨੀਆਂ ਦਾ ਭਲਾ ਜਰੂਰ ਹੋ ਗਿਆ ਹੈ, ਇਹਨਾਂ ਨੇ ਗੁਰੂ ਦਾ ਸਤਿਕਾਰ ਘਟਾ ਕੇ ਆਪਣਾ ਕਰਾ ਲਿਆ ਹੈ, ਇਹਨਾਂ ਨੂੰ ਚੰਗੀਆਂ ਕਾਰਾਂ, ਵੱਡੇ ਵੱਡੇ ਡੇਰੇ, ਮਹੱਲ ਥਾਂ-ਥਾਂ ਆਪਣੇ ਹੀ ਬਾਬਿਆਂ ਦੇ ਗੁਰਦਵਾਰੇ ਨਿਸ਼ਾਨ ਸਾਹਿਬ ਗੁਰੂਆਂ ਨਾਲੋਂ ਵੀ ਉਚੇ ਖੜੇ ਕਰ ਲਏ ਹਨ, ਆਪ ਹੀ ਗੁਰੂ ਬਣ ਬੈਠੇ ਹਨ, ਦੇਹਧਾਰੀ ਗੁਰੂਆਂ ਦਾ ਵੀ ਭਲਾ ਹੋ ਗਿਆ ਇਹਨਾਂ ਦੇ ਡੇਰੇ ਵੀ ੧੦੦-੧੦੦ ਕਿੱਲੇ ਵਿੱਚ ਬਣੇ ਹੋਏ ਹਨ, ਸੱਚ ਨਾਲੋਂ ਤੋੜ ਕੇ ਬਹੁਤ ਲੋਕ ਇਹਨਾਂ ਨੇ ਝੂਠ ਨਾਲ ਜੋੜ ਦਿਤੇ ਹਨ, ਗੁਰਮਤਿ ਨਾਲੋਂ ਤੋੜ ਕੇ ਬਹੁਤ ਲੋਕ ਇਹਨਾਂ ਨੇ ਮਨਮੱਤਿ ਨਾਲ ਜੋੜ ਦਿਤੇ ਹਨ। ਜਥੇਦਾਰਾਂ, ਰਾਜਨੀਤਕ ਲੀਡਰਾਂ ਦੇ ਹੋਏ ਭਲੇ ਦਾ ਵੀ ਘੇਰਾ ਬੜਾ ਵਿਸ਼ਾਲ ਹੈ ਇਹਨਾਂ ਨੇ ਨਿਜ ਸਵਾਰਥ, ਵੋਟਾਂ ਵਾਸਤੇ ਦੇਹਧਾਰੀ ਗੁਰੂ ਅਤੇ ਦੇਹਧਾਰੀ ਸੰਤ ਆਪ ਪੈਦਾ ਕੀਤੇ ਹਨ ਇਹ ਵੋਟਾਂ ਵਾਸਤੇ ਇਹਨਾਂ ਨੂੰ ਸਤਿਗੁਰੂ ਅਤੇ ਬ੍ਰਹਮਗਿਆਨੀ ਕਹਿੰਦੇ ਹਨ। ਇਹਨਾਂ ਨੇ ਆਪਣੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਦੀ ਮਾਇਆ ਦੀ ਭੁੱਖ ਕੱਢ ਦਿੱਤੀ ਹੈ ਪਰ-ਗੁਰੂ ਨੇ ਤਾਂ ਸਰਬੱਤ ਦੇ ਭਲੇ ਦੇ ਕਾਰਜ ਆਪਣੇ ਉਪਰ ਅਨੇਕਾਂ ਮੁਸੀਬਤਾਂ ਝੱਲ ਕੇ ਅਮਲੀ ਤੌਰ ਤੇ ਕੀਤੇ। ਦੱਬੇ ਕੁਚਲੇ ਲੋਕਾਂ ਨੂੰ ਉਚੇ ਚੁੱਕਿਆ। ਸਦੀਆਂ ਤੋਂ ਰਾਜਨੀਤਕ ਅਤੇ ਧਾਰਮਿਕ ਆਗੂ ਵਲੋਂ ਭੋਲੀ ਭਾਲੀ ਜਨਤਾ ਦਾ ਪੀਤਾ ਹੋਇਆ ਖੂਨ ਆਪਣੇ ਬੱਚਿਆਂ ਦਾ ਖੂਨ ਪਾ ਕੇ ਪੂਰਾ ਕੀਤਾ ਸਦੀਆਂ ਭਰ ਧੌਣ ਥੱਲੇ ਸੁੱਟ ਕੇ ਤੁਰਨ ਵਾਲਾ ਮਨੁੱਖ ਸਿਰ ਉਚਾ ਕਰਕੇ ਚੱਲਣ ਵਿੱਚ ਫ਼ਖਰ ਮਹਿਸੂਰ ਕਰਦਾ ਦੁਨੀਆਂ ਨੇ ਦੇਖਿਆ। ਸੁਆਰਥੀ ਰਾਜਨੀਤਕ ਅਤੇ ਧਾਰਮਿਕ ਆਗੂ ਨੇ ਫਿਰ ਉਹੀ ਹਾਲਤ ਬਣਾ ਦਿੱਤੇ ਅੱਜ ਫਿਰ ਇਹ ਭੋਲੀ ਭਾਲੀ ਜਨਤਾ ਦਾ ਧਰਮ ਦੇ ਨਾਂ ਤੇ ਰਾਜਨੀਤੀ ਦੇ ਨਾਂ ਤੇ ਸ਼ੋਸ਼ਨ ਕਰਦੇ ਹਨ ਫਿਰ ਉਹੀ ਹਾਲਾਤ ਬਣ ਗਏ ਹਨ।

ਜਿੰਮੇਵਾਰੀ ਕਿਸਦੀ ਹੈ?

ਗੁਰੂ ਗਰੰਥ ਸਾਹਿਬ ਸੰਸਾਰ ਦੀਆਂ ਮੁੱਖ ਬੋਲੀਆਂ ਵਿੱਚ ਛਪਵਾ ਕੇ ਸੱਚ ਦਾ ਸੁਨੇਹਾ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਕਿਸਦੀ ਹੈ?

ਕਿਸ ਦੀ ਜਿੰਮੇਵਾਰੀ ਹੈ ਅਕਾਲ ਤਖਤ ਨੂੰ ਆਜ਼ਾਦ ਕਰਾਉਣ ਦੀ?

ਕਿਸ ਦੀ ਜਿੰਮੇਵਾਰੀ ਹੈ ਸਰਮਾਏਦਾਰੀ ਖਤਮ ਕਰਨ ਦੀ?

ਕਿਸ ਦੀ ਜਿੰਮੇਵਾਰੀ ਹੈ ਗਰੀਬੀ ਹਟਾਉ ਨਾਹਰੇ ਤੇ ਅਮਲ ਕਰਨ ਦੀ?

ਕਿਸ ਦੀ ਜਿੰਮੇਵਾਰੀ ਹੈ ਦੁਖਿਆਰਿਆਂ ਦੇ ਹੰਝੂ ਸਾਫ ਕਰਨ ਦੀ?

ਕਿਸ ਦੀ ਜਿੰਮੇਵਾਰੀ ਹੈ ਸਾਧਾਂ ਸੰਤਾਂ ਨੂੰ ਮਨ ਮਰਜੀਆਂ ਤੋਂ ਰੋਕਣ ਦੀ?

ਕਿਸ ਦੀ ਜਿੰਮੇਵਾਰੀ ਹੈ ਨਸ਼ਿਆਂ ਦੇ ਕੋਹੜ ਦਾ ਇਲਾਜ ਕਰਨ ਦੀ?

ਕਿਸ ਦੀ ਜਿੰਮੇਵਾਰੀ ਹੈ ਸਾਧਾਂ ਸੰਤਾਂ ਦੇ ਵੱਧ ਰਹੇ ਡੇਰੇ ਅਤੇ ਗੁਰਦਵਾਰੇ ਰੋਕਣ ਦੀ?

ਕਿਸ ਦੀ ਜਿੰਮੇਵਾਰੀ ਹੈ ਇਹਨਾਂ ਸੰਤਾਂ, ਬ੍ਰਹਮਗਿਆਨੀਆਂ ਦੇ ਮੂੰਹ ਤੇ ਸੱਚ ਬੋਲਣ ਦੀ? ਇਹਨਾਂ ਸਾਰੇ ਸਾਧਾਂ ਸੰਤਾਂ ਨੂੰ ਕਿਸ ਨੇ ਅਕਾਲ ਤਖਤ ਉਤੇ ਤਲਬ ਕਰਨਾ ਹੈ? ਇਹਨਾਂ ਦੇ ਨਾਵਾਂ ਨਾਲ ਲੱਗੀਆਂ ੮-੮ ਡਿਗਰੀਆਂ ਹੁਣ ਤੱਕ ਕਿਉਂ? ਇਹਨਾਂ ਸਾਧਾਂ ਨੂੰ ਭੋਰਿਆਂ ਵਿਚੋਂ ਕੱਢ ਕੇ ਹਲ ਮਗਰ ਕਿਸ ਨੇ ਲਾਉਣਾ ਹੈ? ਇਹਨਾਂ ਦੇ ਡੇਰਿਆਂ ਦੀ ਨਿਰਪੱਖ ਜਾਂਚ ਕਰਵਾ ਕੇ ਸਿੱਖ ਲੜਕੀਆਂ ਨੂੰ ਕਿਸ ਨੇ ਅਜ਼ਾਦ ਕਰਵਾਉਣਾ ਹੈ? ਇਹਨਾਂ ਡੇਰਿਆਂ ਦੀ ਜਾਇਦਾਦ ਜਬਤ ਕਰਵਾ ਕੇ ਸਿੱਖ ਨੌਜਵਾਨਾ (ਮਨੁੱਖਤਾ) ਦੀ ਭਲਾਈ ਵਾਸਤੇ ਕਦੋਂ ਵਰਤਾਂਗੇ? ਇਹ ਸਾਰੇ ਸਾਧ ਅਤੇ ਸ਼੍ਰੋਮਣੀ ਕਮੇਟੀ ਗੋਲਕ ਨਾਲ ਜੁੜ ਗਈ ਹੈ ਇਹ ਗੋਲਕ ਗਰੀਬ ਦੇ ਮੂੰਹ ਨਾਲ ਕਦੋਂ ਜੁੜੇਗੀ? ਨਿਸ਼ਚੈ ਨਾਲ ਕਹਿੰਦੇ ਹਾਂ ਕਿ ਜੇ ਜੁੜ ਗਈ ਤਾਂ ਕਿਸੇ ਨੂੰ ਕਹਿਣ ਦੀ ਲੋੜ ਨਹੀ ਪਵੇਗੀ ਕਿ ਤੂੰ ਅੰਮ੍ਰਿਤ ਛਕ, ਫਿਰ ਪਤਿਤ ਪੁਣਾ ਕਿਧਰੇ ਉਡ ਜਾਵੇਗਾ। ਪੜ੍ਹੇ ਲਿਖੇ ਨੂੰ ਗੁਰਮਤਿ ਸਿਧਾਂਤ ਸਮਝਾਉਣਾ ਵੀ ਸੌਖਾ ਹੋ ਜਾਵੇਗਾ। ਧਰਮ ਨੂੰ ਰਾਜੀਨੀਤ ਦੀ ਗੁਲਾਮੀ ਵਿਚੋਂ ਅਜਾਦ ਕਰਾਉਣ ਦੀ ਜਿੰਮੇਵਾਰੀ ਕਿਸਦੀ ਹੈ? ਗੁਰਮਤਿ ਅੰਦਰ ਜੋ ਸਾਧਾਂ ਨੇ ਮਨਮੱਤਿ ਰਲਾ ਦਿੱਤੀ ਹੈ ਇਹ ਨਿਖਾੜਨ ਦੀ ਜਿੰਮੇਵਾਰੀ ਕਿਸਦੀ ਹੈ? ਸਾਧਾਂ ਸੰਤਾਂ ਧਾਰਮਿਕ ਆਗੂਆਂ (ਸ਼੍ਰੋਮਣੀ ਕਮੇਟੀ ਸਮੇਤ) ਰਾਜਨੀਤਕ ਆਗੂਆਂ ਨੇ ਜੋ ਥਾਂ-ਥਾਂ ਕੰਡੇ ਬੀਜ ਦਿੱਤੇ ਹਨ ਇਹ ਕੰਡੇ ਕੌਣ ਪ਼ੁੱਟੇਗਾ? ਇਸ ਵਾਸਤੇ ਸਿੱਖਾਂ ਦਾ ਟੀ. ਵੀ. ਚੈਂਨਲ ਹਰ ਪਿੰਡ ਵਿੱਚ ਗੁਰਮਤਿ, ਸਿੱਖਿਆ ਕੇਂਦਰ, ਰਹਿਤ ਮਰਯਾਦਾ ਦੀ ਇਕਸਾਰਤਾ, ਇਤਿਹਾਸਕ ਗਰੰਥ ਸੋਧ ਕੇ ਘੱਟ ਕੀਮਤ ਤੇ ਪ੍ਰਵਾਨਤ ਸਿੱਖ ਯੂਨੀਵਰਸਟੀ ਤੋਂ ਡਿਪਲੋਮਾ ਹੋਲਡਰ ਪ੍ਰਚਾਰਕ, ਰੋਟੀ ਰੋਜ਼ੀ ਤੋਂ ਮੁਕਤ ਕਰਕੇ ਫੀਲਡ ਵਿੱਚ ਨਿਯੁਕਤ ਕਰਨੇ। ਇਸਲਾਮ ਤਾਂ ੧੫ ਸਾਲ ਦਾ ਕੋਰਸ ਦੇਉਬੰਧ ਵਿਖੇ ਕਰਵਾ ਰਿਹਾ ਹੈ ਪਰ ਇਧਰ ਇੱਕ ਦਿਨ ਦਾ ਵੀ ਕੋਰਸ ਨਹੀ ਹੈ ਸਟੇਜ਼ ਤੇ ਖੜੋਤੇ ਕਵੀਸ਼ਰ ਨੂੰ ੧੦੦ ਰੁਪਏ ਦੇ ਕੇ ਕਾਰ ਸੇਵਾ ਵਾਲਾ ਅਨਪੜ੍ਹ ਬਾਬਾ ਬ੍ਰਹਮਗਿਆਨੀ ਦੀ ਡਿਗਰੀ ਪਾ ਲੈਂਦਾ ਹੈ, ਸਟੇਜ਼ ਤੇ ਢੋਲਕੀਆਂ ਛੈਣੇ ਕੁੱਟਣ ਵਾਲਾ ਘਰੋਂ ਭੁੱਖ ਦਾ ਮਾਰਿਆ ਆਇਆ ਬਾਬਾ ੧੫ ਸਾਲ ਦੀ ਉਮਰ ਵਿੱਚ ਗੁਰਮਤਿ ਗਿਆਨ ਤੋਂ ਕੋਰਾ ਹੋਣ ਦੇ ਬਾਵਜੂਦ ਵੀ ਹਜੂਰ ਮਹਾਂਰਾਜ ਬ੍ਰਹਮਗਿਆਨੀ ਬਣ ਜਾਂਦਾ ਹੈ। ਜਿਹਨੂੰ ਪਾਠ ਉਚਾਰਨ ਵੀ ਨਹੀਂ ਆਉਂਦਾ ਉਹ ਪ੍ਰਸਿੱਧ ਕਥਾਕਾਰ ਵਿਦਵਾਨ ਕਹਾਉਂਦਾ ਹੈ। ਜਿੰਮੇਵਾਰ ਕੌਣ? ਸਿੱਖ ਨੌਜਵਾਨ ਜ੍ਹੇਲਾਂ ਦੇ ਅੰਦਰ ਉਮਰ ਕੈਦ ਨਾਲੋਂ ਵੀ ਵੱਧ ਸਜ਼ਾ ਭੁਗਤ ਚੁੱਕੇ ਹਨ ਜਿੰਮੇਵਾਰ ਕੌਣ?

ਇਕ ਦੂਜੇ ਦੀ ਹਉਮੇ ਨੂੰ ਪੱਠੇ ਪਾਉਂਦੇ ਕਹਿੰਦੇ, ਇਹ ਸੰਤ ਅੰਮ੍ਰਿਤ ਬੜਾ ਛਕਾਉਂਦਾ, ਇਹ ਸ਼੍ਰੋਮਣੀ ਕਮੇਟੀ ਪ੍ਰਧਾਨ ਅੰਮ੍ਰਿਤ ਬੜਾ ਛਕਾਉਂਦਾ। ਇਹਨਾਂ ਸੰਤਾਂ ਨੇ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਉਹ ਲੋਕ ਗੁਰੂ ਵੀ ਇਹਨਾਂ ਸੰਤਾਂ ਨੂੰ ਹੀ ਮੰਨਦੇ ਹਨ, ਇਹਨਾਂ ਸੰਤਾਂ ਨੇ ਕੇਵਲ ਦਿਖਾਵੇ ਵਾਸਤੇ "ਗੁਰੂ ਗ੍ਰੰਥ ਸਾਹਿਬ" ਦੇ ਪ੍ਰਕਾਸ਼ ਕੀਤੇ ਹੋਏ ਹਨ, ਇਹਨਾਂ ਸੰਤਾਂ ਦੇ ਚੇਲਿਆਂ ਦਾ "ਗੁਰੂ ਗ੍ਰੰਥ ਸਾਹਿਬ" ਨਾਲ ਕੋਈ ਸੰਬੰਧ ਨਹੀ ਹੈ ਇਹ ਆਪਣੇ ਹੀ ਵੱਖਰੇ ਵੱਖਰੇ ਪੰਥ ਚਲਾ ਰਹੇ ਹਨ, ਦੇਹਧਾਰੀ ਗੁਰੂ ਵੀ ਤਾਂ ਇਹੋ ਬਾਣੀ ਪੜ੍ਹਨ ਦਾ ਝੂਠਾ ਦਾਅਵਾ ਕਰਦੇ ਰਹਿੰਦੇ ਹਨ, ਸੰਤ ਅਤਰ ਸਿੰਘ ਦੀ ਮਾਤਾ ਨੇ ਖੁਦ ਅੰਮ੍ਰਿਤ ਨਹੀ ਸੀ ਛਕਿਆਂ, ਢੱਡਰੀਆਂ ਵਾਲਾ ਵੀ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਅੰਮ੍ਰਿਤ ਛਕਾਵੇ, ਇਹ ਸਾਰੇ ਸੰਤ, ਦੇਹਧਾਰੀ ਗੁਰੂ ਬਣੇ ਹੋਏ ਹਨ ਇਸਦੇ ਲਿਖਤੀ ਸਬੂਤ ਇਹਨਾਂ ਤਿੰਨਾ ਕਿਤਾਬਾਂ ਵਿੱਚ ਦੇ ਚੁੱਕਾ ਹਾਂ।

ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਾਅਵਾ ਕੀਤਾ ਹੈ ਸਵਾ ਲੱਖ ਨੂੰ ਅੰਮ੍ਰਿਤ ਛਕਾਉਣ ਦਾ, ਪ੍ਰਧਾਨ ਜੀ: ਤੁਸੀ ਉਹਨਾਂ ਆਕਾਲੀ ਅਤੇ ਕਾਂਗਰਸੀ ਲੀਡਰਾਂ ਨੂੰ ਜੋ ਪੰਥਕ ਹੋਣ ਦਾ ਦਾਅਵਾ ਕਰਦੇ ਹਨ ਪਹਿਲਾਂ ਇਹਨਾਂ ਨੂੰ ਅੰਮ੍ਰਿਤ ਛਕਾਉਂਦੇ। ਖਾਸ ਕਰਕੇ ਪਹਿਲਾਂ ਬਾਦਲ ਪ੍ਰੀਵਾਰ ਨੂੰ ਛਕਾਉਣਾ ਚਾਹੀਦਾ ਹੈ। ਕੀ ਅਕਾਲੀ ਲੀਡਰਾਂ ਨੂੰ ਅੰਮ੍ਰਿਤ ਦੀ ਲੋੜ ਨਹੀਂ ਹੈ? ਕੀ ਇਹ ਅੰਮ੍ਰਿਤ ਕੇਵਲ, ਲੂਲਿਆਂ, ਲੰਗੜਿਆਂ, ਅੰਨਿਆਂ ਵਾਸਤੇ ਹੀ ਹੈ? ਕੀ ਅਮੀਰਾਂ ਨਾਲ ਇਸਦਾ ਕੋਈ ਸੰਬੰਧ ਨਹੀ ਹੈ ਕੀ ਇਹ ਕੇਵਲ ਗਰੀਬਾਂ ਵਾਸਤੇ ਹੈ? ਹੋਟਲਾਂ ਵਿੱਚ ਪਰ ਇਸਤਰੀਆਂ ਨਾਲ ਰਾਤਾਂ ਗੁਜ਼ਾਰਨ ਵਾਲੇ ਬ੍ਰਹਮਗਿਆਨੀ ਸੰਤਾਂ ਦੇ ਅੰਮ੍ਰਿਤ ਦਾ ਕੀ ਬਣਿਆ? ਜਿਹੜੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਕਿਰਪਾਨਾਂ ਕਿਲੀਆਂ ਤੇ ਟੰਗ ਕੇ ਸ਼ਰਾਬਾਂ ਪੀਂਦੇ ਹਨ ਉਹਨਾਂ ਦੇ ਛਕੇ ਅੰਮ੍ਰਿਤ ਕਿਧਰ ਉਡ ਗਏ? ਸ਼੍ਰੋਮਣੀ ਕਮੇਟੀ ਦੇ ੮੦% ਸ਼ਰਾਬੀ ਕਰਮ ਚਾਰੀਆਂ ਨੂੰ ਤੁਸੀਂ ਅੰਮ੍ਰਿਤ ਛਕਾਉਂਦੇ, ਤੁਸੀਂ ਸ਼੍ਰੋਮਣੀ ਕਮੇਟੀ ਦੇ ੨੦% ਕਰਮਚਾਰੀਆਂ ਨੂੰ ਹੀ ਨਿਤਨੇਮੀ ਬਣਾ ਦਿੰਦੇ। ਤੁਸੀਂ ਸ਼੍ਰੋਮਣੀ ਕਮੇਟੀ ਵਿਚਲੇ ਅਹੁਦੇਦਾਰਾਂ ਨੂੰ ਅੰਮ੍ਰਿਤ ਦੀ ਪ੍ਰੀਭਾਸ਼ਾ ਹੀ ਸਮਝਾ ਦਿੰਦੇ। ਤੁਸੀ ਕਹਿੰਦੇ ਹੋ ਕਾਲਾ ਅਫਗਾਨਾਂ ਦਾ ਬਾਈਕਾਟ ਕਰੋ, ਸਪੈਕਸਮੈਨ ਦਾ ਬਾਈਕਾਟ ਕਰੋ ਪਰ ਨੂਰਮਹਿਲੀਏ ਦੇ ਪੈਰਾਂ ਵਿੱਚ ਬੈਠਾ ਬਾਦਲ ਪ੍ਰਵਾਰ, ਕੀ ਤੁਸੀ ਬਾਈਕਾਟ ਕੀਤਾ? ਆਕਾਲੀ ਅਤੇ ਕਾਗਰਸੀ ਵੱਡੇ ਵੱਡੇ ਲੀਡਰ ਭਨਿਆਰੀਆਂ, ਨਿਰੰਕਾਰੀਆਂ, ਨੂਰ ਮਹਿਲੀਆਂ, ਨਾਮਧਾਰੀਆਂ, ਬਿਆਸੀਆਂ ਨੂੰ ਖੁਦ ਮੱਥੇ ਟੇਕਦੇ ਹਨ ਉਹਨਾਂ ਦਾ ਬਾਈਕਾਟ ਕਿਸਨੇ ਕਰਨਾ ਹੈ? ਦੇਹਧਾਰੀ ਗੁਰੂ ਅਤੇ ਸੰਤ ਸ਼ਰੇਆਮ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਹਨ, ਅਕਾਲ ਤਖਤ (ਸਿੱਖ ਰਹਿਤ ਮਰਯਾਦਾ, ਨਾਨਕਸ਼ਾਹੀ ਕੈਲੰਡਰ) ਦਾ ਵਿਰੋਧ ਕਰ ਰਹੇ ਹਨ ਬਾਈਕਾਟ ਕਿਉਂ ਨਹੀਂ ਕਰਦੇ? ਇਹਨਾਂ ਸੁਆਲਾ ਦੀ ਉਡੀਕ ਕਰਾਂਗਾ।

ਸੋ ਹੁਣ ਗੁਰਮਤਿ ਸਿਧਾਂਤ ਪ੍ਰਚਾਰਕ ਲਹਿਰ ਦੇ ਪੰਥ ਦਰਦੀ ਸਿੰਘ ਪਿੰਡ ਪਿੰਡ ਉਠ ਖੜੇ ਹੋਏ ਹਨ ਪਿੰਡ ਪਿੰਡ ਘਰ ਘਰ ਜਾ ਕੇ ਜਾਗ੍ਰਿਤੀ ਲਿਆਂਵਾਂਗੇ ਹੁਣ ਤਾਂ ਜਵਾਬ ਲਵਾਂਗੇ ਜਵਾਬ ਦੇਵਾਂਗੇ। ਬਾਕੀ ਪੁਸਤਕ ਦੇ ਅਗਲੇ ਭਾਗ ਵਿੱਚ ਉਡੀਕ ਕਰੋ।

ਅੰਤ ਵਿੱਚ ਫਿਰ ਧੰਨਵਾਦ ਕਰਦਾ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਪੁਸਤਕਾਂ ਪੜ੍ਹਕੇ ਟੈਲੀਫ਼ੋਨਾਂ ਰਾਂਹੀ ਚਿੱਠੀਆਂ ਰਾਂਹੀ ਬੜਾ ਚੜ੍ਹਦੀ ਕਲਾ ਵਾਲਾ ਹੁੰਗਾਰਾ ਦਿੱਤਾ। ਕਮਰਕੱਸੇ ਕਰਕੇ ਸੇਵਾ ਕਰਨ ਦਾ ਵਾਅਦਾ ਕੀਤਾ ਹੈ। ਅਤੇ ਪੁਸਤਕਾਂ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਣ ਕੀਤਾ ਹੈ।

ਗੁਰੂ ਪੰਥ ਦਾ ਦਾਸ

ਭਾਈ ਸੁਖਵਿੰਦਰ ਸਿੰਘ ‘ਸਭਰਾ’

ਪਿੰਡ ਤੇ ਡਾਕ ਸਭਰਾ, ਤਹਿਸੀਲ ਪੱਟੀ ਜਿਲ੍ਹਾ ਅੰਮ੍ਰਿਤਸਰ

ਮੋਬਾਇਲ-੯੮੭੬੦-੪੫੧੪੨—ਘਰ ੦੧੮੫੧-੨੫੭੭੨੮




.