.

ਦਸਮ ਗ੍ਰੰਥ, ਪੁਰਾਤਨ ਇਤਿਹਾਸਕ ਪੁਸਤਕਾਂ ਤੇ ਰਹਿਤਨਾਮੇ

ਕੁਝ ਸੱਜਣ ਸਵਾਲ ਪੁੱਛਦੇ ਹਨ, ਪਾ: 10 ਨੇ ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਕਿਹੜੀਆਂ ਬਾਣੀਆਂ ਦਾ ਪਾਠ ਕੀਤਾ? ਜਵਾਬ ਲੱਭਣ ਲਈ ਪੁਰਾਤਨ ਸਿੱਖ ਇਤਿਹਾਸ ਦੀ ਖੋਜ ਕਰਨੀ ਜ਼ਰੂਰੀ ਹੈ।

ਪਾ: 10 ਗੁਰੂ ਗੋਬਿੰਦ ਸਿੰਘ ਜੀ ਦੇ 1708 ਈਸਵੀ ਵਿੱਚ ਜੋਤੀ ਜੋਤ ਸਮਾਉਨ ਤੋਂ ਬਾਦ, ਅਨੇਕਾਂ ਪੁਸਤਕਾਂ ਵਜੂਦ ਵਿੱਚ ਆਈਆਂ, ਜਿਨ੍ਹਾਂ ਨੂੰ ਅਸੀਂ ਪੁਰਤਾਨ ਸਿੱਖ ਇਤਿਹਾਸ ਕਹਿੰਦੇ ਹਾਂ।

ਹਥਲੀ ਪੁਸਤਕ ਵਿੱਚ ਅਸੀਂ ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਵਿਚਾਰ ਗੁਰਬਾਣੀ ਆਧਾਰ ਤੇ ਕੀਤੀ ਹੈ ਤੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਦਸਮ ਗ੍ਰੰਥ ਦੀਆਂ ਸਭ ਰਚਨਾਵਾਂ ਗੁਰਮਤਿ ਉਪਦੇਸ਼ ਵਿਰੁੱਧ ਹਨ ਤੇ ਸਿੱਖਾਂ ਨੂੰ ਵੇਦ ਮਤ ਦਾ ਫਿਰਕਾ ਬਨਾਉਣ ਦਾ ਬ੍ਰਾਹਮਣ ਦਾ ਉਪਰਾਲਾ ਹੈ।

ਦਸ ਪਾਤਸ਼ਾਹੀਆਂ ਦੇ ਸਮੇਂ ਵਿੱਚ ਵੀ ਬ੍ਰਾਹਮਣ ਨੇ ਸਿੱਖ ਮਤ ਦਾ ਵਿਰੋਧ ਕੀਤਾ ਸੀ, ਤੇ ਨਕਲੀ ਸਾਹਿਤ ਤੇ ਬਾਣੀ ਰਚ ਕੇ ਗੁਰਬਾਣੀ ਉਪਦੇਸ਼ ਵਿੱਚ ਵੇਦ ਮਤ ਰਲਾਉਣ ਦਾ ਉਪਰਾਲਾ ਕੀਤਾ ਸੀ।

ਗੁਰੂ ਅਰਜਨ ਸਾਹਿਬ ਨੇ ਬਾਣੀ ਆਪ ਪੋਥੀ ਵਿੱਚ ਦਰਜ ਕਰਾਈ ਤੇ ਇਸ ਦੇ ਅੰਕ ਇਸ ਤਰ੍ਹਾਂ ਨਾਲ ਲਿਖੇ ਕਿ ਇਸ ਵਿੱਚ ਕੋਈ ਮਿਲਾਵਟ ਨਾ ਹੋ ਸਕੇ। ਅੱਜ ਸਿੱਖ ਗੁਰੂਆਂ ਦੀ ਬਾਣੀ ਤੇ ਗੁਰੂ ਅਰਜਨ ਸਾਹਿਬ ਦੀ ਪਰਵਾਨ ਕੀਤੀ ਭਗਤਾਂ ਦੀ ਬਾਣੀ, ਪਵਿੱਤਰ ਪਾਵਨ ਗੁਰੂ ਗ੍ਰੰਥ ਸਾਹਿਬ ਵਿੱਚ ਸੁਰੱਖਿਅਤ ਹੈ।

ਪੁਰਾਤਨ ਇਤਿਹਾਸਕ ਪੁਸਤਕਾਂ ਤੇ ਰਹਿਤਨਾਮੇ

ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਦੇ ਭਿਆਨਕ ਸਮੇਂ ਵਿੱਚ ਅਨੇਕਾਂ ਪੁਸਤਕਾਂ ਤੇ ਰਹਿਤਨਾਮੇ, 18ਵੀਂ ਤੇ 19ਵੀਂ ਸਦੀ ਵਿੱਚ ਛਪੇ। ਇਹਨਾਂ ਨੂੰ ਪੁਰਾਤਨ ਸਿੱਖ ਇਤਿਹਾਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁੱਝ ਪੁਸਤਕਾਂ ਤੇ ਰਹਿਤਨਾਮਿਆਂ ਦੇ ਨਾਮ ਅਸੀਂ ਹੇਠਾਂ ਲਿਖੇ ਹਨ:

* ਗੁਰਬਿਲਾਸ ਪਾ: 10, ਭਾਈ ਸੁਖਾ ਸਿੰਘ, ਸੰਨ 1727

* ਗੁਰਬਿਲਾਸ ਪਾ: 10, ਕੋਇਰ ਸਿੰਘ, ਸੰਨ 1751

* ਬੰਸਾਵਲੀ ਨਾਮਾ, ਕੇਸਰ ਸਿੰਘ ਛਿੱਬਰ, ਸੰਨ 1770

* ਗੁਰੂ ਕੀਆਂ ਸਾਖੀਆਂ, ਸਰੂਪ ਸਿੰਘ ਕੋਸ਼ਕ, ਸੰਨ 1790

* ਸੂਰਜ ਪ੍ਰਕਾਸ਼, ਕਵੀ ਸੰਤੋਖ ਸਿੰਘ, ਸੰਨ 1843

* ਪੰਥ ਪ੍ਰਕਾਸ਼, ਸੰਨ 1880

* ਸਰਬ ਲੋਹ ਗ੍ਰੰਥ

* ਤਨਖ਼ਾਹ ਨਾਮਾ, ਨੰਦ ਲਾਲ

* ਰਹਿਤਨਾਮਾ, ਪ੍ਰਹਿਲਾਦ ਸਿੰਘ

* ਰਹਿਤਨਾਮਾ, ਦਯਾ ਸਿੰਘ

* ਰਤਨ ਮਾਲ

* ਰਹਿਤਨਾਮਾ, ਹਜ਼ੂਰੀ ਭਾਈ ਚਉਪਾ ਸਿੰਘ

ਪਿਆਰਾ ਸਿੰਘ ਪਦਮ ਨੇ 1995 ਵਿੱਚ ਛਪੀ ਪੁਸਤਕ ‘ਰਹਿਤਨਾਮੇ’ ਵਿੱਚ ਇਹਨਾਂ ਪੁਰਾਤਨ ਪੁਸਤਕਾਂ ਦੀ ਜਾਣਕਾਰੀ ਦਿੱਤੀ ਹੈ। ਸੰਖੇਪ ਵਿੱਚ ਪਿਆਰਾ ਸਿੰਘ ਪਦਮ ਦੇ ਵਿਚਾਰ ਇਹ ਹਨ:

ਰਹਿਤਨਾਮੇ ਲਿਖਨ ਵਾਲੇ ਬ੍ਰਾਹਮਣ ਜਾਂ ਸਿੱਖ ਸਨ, ਜਿਨ੍ਹਾਂ ਦੇ ਨਾਮ ਤੋਂ ਅਸੀਂ ਜਾਣੂ ਨਹੀਂ। ਇਹਨਾਂ ਰਹਿਤਨਾਮਿਆਂ ਨੂੰ ਪ੍ਰਮਾਣਿਕ ਬਣਾਉਣ ਲਈ ਪਾ: 10 ਦੇ ਨਿਕਟਵਰਤੀ ਬਜੁਰਗ ਸਿੱਖਾਂ ਨਾਲ ਸਬੰਧਤ ਕੀਤਾ ਗਿਆ, ਜਿਵੇਂ ਕਿ ਭਾਈ ਨੰਦ ਲਾਲ, ਭਾਈ ਦਯਾ ਸਿੰਘ, ਭਾਈ ਪ੍ਰਹਿਲਾਦ ਸਿੰਘ ਆਦਿ। ਰਹਿਤਨਾਮਿਆਂ ਵਿੱਚ ਕਿਹਾ ਗਿਆ ਹੈ ਕਿ ਗੁਰੂ ਜੀ ਨੇ ਇਹ ਰਹਿਤਾਂ ਸਿੱਖਾਂ ਨੂੰ ਸੁਣਾਈਆਂ। ਇੱਕ ਗੱਲ ਸਾਫ਼ ਹੈ ਕਿ ਕੋਈ ਰਹਿਤਨਾਮਾ ਸ੍ਰੀ ਮੁਖਵਾਕ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਰਚਿਤ ਨਹੀਂ।

ਸਵਾਲ ਹੈ ਕਿ ਪਾ: 10 ਦੇ ਅਨੰਦਪੁਰ ਸਾਹਿਬ ਵਿੱਚ 1699 ਈਸਵੀ ਵਿੱਚ ਖੰਡੇ ਦੀ ਪਾਹੁਲ ਤਿਆਰ ਕਰਨ ਦਾ ਬ੍ਰਿਤਾਂਤ ਤੇ ਰਹਿਤਾਂ ਦਾ ਗਿਆਨ ਇਹਨਾਂ ਲੇਖਕਾਂ ਨੂੰ ਇਤਨੀ ਦੇਰ ਬਾਦ ਕਿਵੇਂ ਹੋਇਆ? ਪਾ: 10 ਦੇ ਸਮੇਂ ਵਿੱਚ ਸਿੱਖ ਲਿਖਾਰੀਆਂ ਦਾ ਰਚਿਆ ਇਤਿਹਾਸ, ਕੁਦਰਤੀ ਕਾਰਣਾਂ, ਹਨੇਰੀਆਂ ਤੇ ਨਦੀਆਂ ਵਿੱਚ ਹੜ੍ਹ ਆਉਣ ਕਰਕੇ ਨਸ਼ਟ ਹੋ ਗਿਆ ਸੀ। ਜੋ ਬਚਿਆ, ਉਸਨੂੰ ਸਿੱਖ ਵਿਰੋਧੀ ਤਾਕਤਾਂ ਨੇ ਨਸ਼ਟ ਕਰ ਦਿੱਤਾ।

ਜੋ ਇਤਿਹਾਸ ਸੰਨ 1720 ਤੋਂ ਬਾਦ ਰਚਿਆ ਗਿਆ, ਉਹ ਬ੍ਰਾਹਮਣਾਂ ਜਾਂ ਵੇਦ ਮਤ ਵਾਲੇ ਭੇਖੀ ਸਿੱਖਾਂ ਨੇ ਵੇਦ ਮਤ ਦੇ ਅਨੇਕਾਂ ਵਿਸ਼ਵਾਸਾਂ ਅਨੁਸਾਰ ਰਚਿਆ। ਇਹਨਾਂ ਪੁਸਤਕਾਂ ਰਹਿਤਨਾਮਿਆਂ ਵਿੱਚ ਵੇਦ ਮਤ ਦੇ ਅਨੇਕਾਂ ਫਿਰਕਿਆਂ ਤੇ ਵੱਖ-ਵੱਖ ਗੁਰਬਾਣੀ ਵਿਰੁੱਧ ਉਪਦੇਸ਼ ਤੇ ਅੰਧ ਵਿਸ਼ਵਾਸ ਸ਼ਾਮਲ ਹਨ, ਜਿਸ ਤਰ੍ਹਾਂ ਦੇਵੀ ਦੇਵਤੇ, ਬ੍ਰਹਮਚਰਿਯ, ਅਫੀਮ, ਭੰਗ, ਸ਼ਰਾਬ ਦੇ ਨਸ਼ੇ, ਸ਼ਰਾਧ, ਥਿਤ, ਵਾਰ, ਪੂਰਨਮਾਸ਼ੀ, ਤੀਰਥ ਇਸ਼ਨਾਨ ਆਦਿ। ਇਹ ਗੁਰਮਤਿ ਵਿਰੁੱਧ ਕੂੜ ਇਤਿਹਾਸ, ਬ੍ਰਾਹਮਣ ਦੀ ਕੂਟ ਨੀਤੀ ਦਾ ਪ੍ਰਮਾਣ ਹੈ। ਇਸ ਦੀ ਗੁਰਬਾਣੀ ਦੇ ਆਧਾਰ ਤੇ ਸੰਖੇਪ ਵਿਚਾਰ ਅਸੀਂ ਇਸ ਲੇਖ ਵਿੱਚ ਕੀਤੀ ਹੈ।

ਗੁਰਸਿੱਖਾਂ ਨੇ ਇਹਨਾਂ ਪੁਸਤਕਾਂ ਨੂੰ ਗੁਰਮਤਿ ਦੀ ਕਸਵੱਟੀ ਤੇ ਲਾਏ ਬਿਨਾ ਪੁਰਾਤਨ ਸਿੱਖ ਇਤਿਹਾਸ ਮੰਨ ਲਿਆ। ਇਹਨਾਂ ਪੁਸਤਕਾਂ ਦੇ ਹਵਾਲੇ ਅੱਜ ਵੀ ਸਾਡੀਆਂ ਸਿੱਖ ਸਿਧਾਂਤਾਂ ਦੀਆਂ ਪੁਸਤਕਾਂ ਵਿੱਚ ਦਿੱਤੇ ਜਾਂਦੇ ਹਨ। ਸਾਡੀ ਅਨਗਹਿਲੀ ਕਰਕੇ ਬ੍ਰਾਹਮਣ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ। ਇਸ ਸਮੇਂ ਸਾਡੀਆਂ ਗੁਰਮਤਿ ਸਬੰਧੀ ਸਭ ਪੁਸਤਕਾਂ ਵੇਦ ਮਤ ਦੇ ਵਿਸ਼ਵਾਸਾਂ ਨਾਲ ਰੰਗੀਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਜੇ ਵੀ ਬਿਨਾ ਮਿਲਾਵਟ ਹੈ।

ਸਰਬ ਲੋਹ ਗ੍ਰੰਥ

ਸਰਬ ਲੋਹ ਗ੍ਰੰਥ ਦੇ ਪੰਜਾਂ ਅਧਿਆਏ ਵਿੱਚ ਮਹਾਕਾਲ ਦੇ ਅਵਤਾਰ ਸਰਬ ਲੋਹ ਦੀ ਵਿਜਯ ਕਥਾ ਹੈ, ਜੋ ਉਸਨੇ ਭੀਮਾਨਾਦ ਤੇ ਬ੍ਰਿਜਨਾਥ ਆਦਿ ਦੈਂਤਾਂ ਨੂੰ ਮਾਰ ਕੇ ਪਾਈ। ਇਸ ਦੀ ਕਥਾ ਵਸਤੂ ਕਿਸੇ ਪੁਰਾਤਨ ਸੰਸਕ੍ਰਿਤ ਗ੍ਰੰਥ ਤੇ ਅਧਾਰਿਤ ਹੈ। ਸਰਬ ਲੋਹ ਗ੍ਰੰਥ ਗੁਰਬਾਣੀ ਉਪਦੇਸ਼ ਵਿਰੁੱਧ ਹੈ। ਇਹ ਗ੍ਰੰਥ ਕਿਸ ਨੇ ਲਿਖਿਆ ਇਹ ਪਤਾ ਨਹੀਂ।

ਸਾਖੀ ਰਹਿਤ ਕੀ ਭਾਈ ਨੰਦ ਲਾਲ ਵਿੱਚੋਂ

ਸ਼ਰਾਧ ਆਵਨ ਤਾਂ ਛਤੀ ਪ੍ਰਕਾਰ ਕਾ ਪ੍ਰਸਾਦਿ ਕਰੈ।

ਕਰਕੈ ਤਿਆਰ ਪ੍ਰਸਾਦੁ, ਅਤੇ

ਖ਼ਾਲਸੇ ਨੂੰ ਸੱਦ ਕੇ ਅਨੰਦ ਪੜੇ, ਅਰਦਾਸ ਕਰੇ।

ਸਿੱਖਾਂ ਨੂੰ ਪ੍ਰਸਾਦਿ ਖਵਾਵੈ।

ਇਸ ਦਾ ਦਿਤਾ ਥਾਇ ਪੜੇ ਅਤੇ ਪਿਤਰਾਂ ਨੂੰ ਭੀ ਪਹੁੰਚੇ।

(ਵਿਚਾਰ ਗੁਰਮਤਿ ਵਿਰੁੱਧ ਹੈ।)

ਤਾਂ ਗੁਰੂ ਗੋਬਿੰਦ ਕਹਿਆ, ਜੋ ਭਾਈ ਸਿੱਖਾਂ ਨੂੰ ਹੁਕਮ ਹੈ

ਜੁ ਗ੍ਰਿਸਤਿ ਬੈਰਾਗ ਖਲੋਣਾ ਅਤੇ ਭਾਈ,

ਇਸਤਰੀ ਦੇ ਜਾਮੇ ਤੇ ਵਿਸਾਹ ਨਹੀਂ ਕਰਨਾ।

ਅੰਤਹਿ ਦਾ ਲਾਹਾ ਇਸਤ੍ਰੀ ਕਉ ਨਹੀਂ ਦੇਵਣਾ।

ਨੋਟ: ਗੁਰੂ ਗੋਬਿੰਦ ਸਿੰਘ ਇਹ ਹੁਕਮ ਨਹੀਂ ਦੇ ਸਕਦੇ। ਇਹ ਗੁਰਬਾਣੀ ਉਪਦੇਸ਼ ਵਿਰੁੱਧ ਵਿਚਾਰ ਹੈ। ਗੁਰਬਾਣੀ ਇਸਤ੍ਰੀ ਨੂੰ ਬਰਾਬਰੀ ਦਾ ਦਰਜਾ ਦਿੰਦੀ ਹੈ।

ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ

ਹੁਕਮ ਹੋਆ ਸਿਰੀ ਮੁਖਵਾਕ ਪਾ: 10, ਲਾਲ ਦਰਿਆਈ ਕੇ ਪ੍ਰਥਾਏ

ਮੇਰੋ ਹੁਕਮ ਮਾਨਹਿ ਨਹੀ, ਕਰਿਹ ਨ ਸਿਖ ਕੀ ਸੇਵ

ਸੋ ਬੀਰਜ ਮਲੇਛ ਕੋ, ਪਰਗਟ ਪਛਾਨਹੁ ਭੇਵ

(ਇਸ ਤਰ੍ਹਾਂ ਦੇ ਬਚਨ ਪਾ: 10 ਦੇ ਨਹੀਂ ਹੋ ਸਕਦੇ।)

ਰਹਿਤਨਾਮਾ ਭਾਈ ਦਯਾ ਸਿੰਘ

ਕਵੀ ਖੰਡੇ ਦੀ ਪਾਹੁਲ ਤਿਆਰ ਕਰਨ ਦਾ ਬ੍ਰਿਤਾਂਤ ਸੁਨਾਉਂਦਾ ਹੈ।

ਸ੍ਰੀ ਦਸਵੀਂ ਪਾਤਸ਼ਾਹੀ ਅਨੰਦ ਪੁਰ ਮੈਂ ਬੈਠੇ ਥੇ, ਦਯਾ ਸਿੰਘ ਜੀ ਪ੍ਰਸ਼ਨ ਕੀਆ ‘ਜੁ ਮਹਾਰਾਜ ਜੀ! ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤਿ ਹੋਇ।’

ਉਤਰ - ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। ‘ੴ ਸਤਿਨਾਮ’ ਉਪਦੇਸ਼ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ, ਔਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਰ ਬਰੁਣ ਵਾਸਤੇ ਚਿਤ ਦਿੜਤਾ ਦੇ ਦੀਆ, ਮਿਸਟਾਨ ਇੰਦ੍ਰ ਨੇ ਦੀਆ, ਬੁਧੀ ਮੀਠੀ ਰਹਨ ਨਮਿਤ ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬਲੋਹ ਕੀ ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦੀਏ, ਬਾਹਨੀ ਕੱਛ ਹਨੂ ਜੀ ਦਈ, ਜਪੁਜੀ ਮੁਕਤ ਕੋ ਪਾਠ ਦੀਆ, ਅਨੰਦ ਚਿਤ ਸ਼ਾਂਤ ਲੀਏ ਗੁਰੂ ਅਮਰ ਜੀ ਦੀਨਾ, ਘੀਵ ਬ੍ਰਹਮੇ ਨੇ ਦੀਆ ਤ੍ਰਿਭਾਵ ਕਾ ਕੜਾਹ ਪ੍ਰਸਾਦ ਕੀਆ, ਜੇ ਤੀਨ ਭਾਵ ਤੇ ਘਟ ਕਰੇ ਤੋ ਗੁਰੂ ਜੀ ਕੋ ਨ ਪਹੁੰਚੇ ਔਰ ਜਦ ਅੰਮ੍ਰਿਤ ਛਕਾਨਾ ਹੋ ਤਬ ਪ੍ਰਸਾਦ ਗੁੜ ਕਾ ਨ ਕਰੇ। ਇਸ ਬਿਧਿ ਸੋਂ ਸਬ ਦੇਵਤਾ ਅੰਸ ਦੈਤ ਭੲੈ ਔਰ ਜੋ ਚਾਰ ਬਰਨ ਮੈਂ ਅੰਮ੍ਰਿਤ ਪਾਨ ਕਰੇਗਾ ਸੋ ਮੁਕਤ ਹੋਗਾ ਔਰ ਨੀਚਾਦਿ ਭੀ ਗਤੀ ਕੋ ਪਾਵਹਿੰਗੇ।

(ਕਵੀ ਲਿਖਦਾ ਹੈ ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਦੇਵੀ ਪ੍ਰਗਟ ਹੋਈ ਤਾਂ ਸਭ ਦੇਵਤੇ ਆਏ। ਉਪਦੇਸ਼ ਮੰਤ੍ਰ ਗੁਰੂ ਨਾਨਕ ਜੀ ਦੀ ਸ਼ਕਤੀ ਨੇ ਦਿੱਤਾ, ਜੰਤ੍ਰ ਮੰਤ੍ਰ ਦੇਵਤਿਆਂ ਨੇ ਦਿੱਤੇ। ਕਾਲ ਦੇਵਤਾ ਨੇ ਸਰਬ ਲੋਹ ਕੀ ਕਰਦ ਬੁਧ ਲਈ ਦਿੱਤੀ, ਕੇਸ ਚੰਡੀ ਨੇ ਦਿੱਤੇ, ਹਨੂਮਾਨ ਨੇ ਕਛ ਦਿੱਤੀ। ਕੜਾਹ ਪ੍ਰਸਾਦਿ ਬਨਾਉਣ ਲਈ ਸਮੱਗਰੀ ਦੇਵਤਿਆਂ ਨੇ ਦਿੱਤੀ।)

ਜਹਾਂ ਸਰਬਤ੍ਰ ਖਾਲਸਾ ਹੋ ਤਹਾਂ ਬੀਚ ਗ੍ਰੰਥ ਸਾਹਬ ਰਖ ਲੈਣਾ, ਅੰਗ ਸੰਗ ਪੰਜ ਸਿੰਘ ਮਿਲੈ ਅੰਮ੍ਰਿਤ ਛਕਨੇ ਵਾਲੇ ਨੂੰ। ਪਹਿਲੇ ਕਛ ਪਹਰਾਨੀ, ਕੇਸ਼ ਇਕੱਠੇ ਕਰ ਜੂੜਾ, ਦਸਤਾਰ ਸਜਾਵਨੀ, ਗਾਤ੍ਰੇ ਸ੍ਰੀ ਸਾਹਬ ਹਾਥ ਜੋੜਿ ਖੜਾ ਰਹੈ। ਕੜਾਹ ਜੀ ਬੀਚ ਧਰੇ ਉਤਮ ਸਿੰਘ ਲੋਹ ਪਾਤ੍ਰ ਮੈਂ ਸ੍ਰੀ ਅੰਮ੍ਰਿਤਸਰ ਜੀ ਕਾ ਅੰਮ੍ਰਿਤ ਪਾਵੈ, ਪ੍ਰਥਮ ਸੰਪੂਰਨ ਜਪੁਜੀ ਸਾਹਿਬ ਆਦਿ ਅੰਤ ਪੂਰਨ, ਪੂਰਨ ਜਾਪੁ ਜੀ ਆਦਿ ਅੰਤ ਕਾ ਪਾਠ ਕਰੇ ਚੌਪਈ, ਪੰਜ ਪੰਜ ਸਵੈਯੇ ਭਿੰਨ ਭਿੰਨ 1 ਸ੍ਰਾਵਗ 2 ਦੀਨਨ ਕੀ ਪ੍ਰਤਿਪਾਲ 3 ਪਾਪ ਸੰਬੂਹ ਬਿਨਾਸਨ 4 ਸਤਿ ਸਦੈਵ ਸਦਾ ਬ੍ਰਤ 5 ਪਉੜੀ ਅਨੰਦ ਜੀ ਕੀ, ਕਰਦ ਅੰਮ੍ਰਿਤ ਬੀਚ ਫੇਰੇ ਅਪਨੀ ਓਰ ਕੋ। ਪੁਨਹ ਏਕ ਸਿੰਘ ਸਰਬਤ੍ਰ ਆਗਿਆ ਲੈ, ਹਥਿ ਮੈਂ ਕਟੋਰਾ ਬਾਂਏ ਹਾਥ ਪਰ ਦਾਇਆਂ ਰਖ ਕੈ ਛਕੈ। ਵਹ ਕਹੇ - ਬੋਲੋ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ। ਇਸ ਭਾਂਤ ਪਾਂਚ ਪਾਂਚ ਚੂਲੇ ਛਕਾਵੈ, ਨੇਤ੍ਰ ਮੋ ਪਾ ਫ਼ਤੇ ਬੁਲਾਵੈ, ਕੇਸ ਮੋ ਪਾਵੈ ਗੁਰ੍ਰਮੰਤ੍ਰ ਸਤਿਨਾਮ ਦੇ ਰਹਤ ਦਸਣੀ, ਨਾਮ ਰੱਖਣਾ। 1.

ਸਵਾ ਰੁਪਯ ਤਨਖ਼ਾਹ, ਅਰਦਾਸ ਕਰਨੀ, ਉਸ ਕਾਲ ਸਭ ਰਲ ਕਰਿ ਛਕੇ ਪ੍ਰਸਾਦ ਕੜਾਹ, ਪੀਛੇ ਅਪਨੇ ਅਪਨੇ ਬਰਤਨ ਮੈਂ ਛਕੇ, ਅੰਮ੍ਰਿਤ ਛਕਾਵਨ ਵਾਲੇ ਗੁਰਦੇਵ ਕੋ ਬਸਤ੍ਰ ਸ਼ਸਤ੍ਰ ਕਰਿ ਪੂਜੇ।

(ਵੇਦ ਮਤ ਵਿੱਚ ਬ੍ਰਾਹਮਣ ਗੁਰੂ ਹੈ।)

ਅਕਾਲ ਪੁਰਖ ਕਾ ਅਵਤਾਰ ਪ੍ਰਗਟ ਕੀਆ ਖ਼ਾਲਸਾ।

ਪੰਜ ਭੁਜੰਗੀ ਹੈਂ - ਮਹਾਂ ਮੁਕਤੇ ਨਾਮ - ਰਾਮ ਸਿੰਘ, ਫਤਹਿ ਸਿੰਘ, ਦੇਵਾ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ - ਇਨਹੁੰ ਪਾਂਚੋਂ ਸਿੰਘੋਂ ਨੇ ਹਾਥ ਸੇ ਅੰਮ੍ਰਿਤ ਛਕਾ ਥਾ। ਜੋ ਗੁਰਦੇਵ ਅੰਮ੍ਰਿਤ ਛਕਾਨੇ ਵਾਲਾ। 1 ਸਤਗੁਣੀ ਨਿਰਲੋਭੀ ਸੁਕਦੇਵ ਹੈ, 2 ਤਮਗੁਣੀ ਦੁਰਬਾਸਾ ਸਮ, 3 ਕਾਮੀ ਰਾਜਨੀਤੀ ਕ੍ਰਿਸ਼ਨ ਤੁਲ, 4 ਮੋਹ ਜੁਗ ਕਰ ਵਸ਼ਿਸ਼ਟ ਸ੍ਹਰੂਪ, 5 ਹੰਕਾਰੀ ਬਿਸਵਾਮਿਤ੍ਰ ਰੂਪ, 6 ਅਚਾਰੀ ਬਿਆਸ, 7 ਸਮਾਧਿ ਸਿਥਿਤ ਕਪਿਲ, 8 ਭਿਖੁਯਕ ਜਾਗਵਲਿਕ, 9 ਕਰਮਕਾਂਡੀ ਜੈਮਨਿ ਤੁਲ, 10 ਪਾਤੰਜਲੀ ਸ਼ੇਸ਼ ਤੁਲ।

(ਉਪਰ ਦਿੱਤੀ ਸਾਰੀ ਰਹਿਤ ਵਿੱਚ ਦੇਵੀ ਦੇਵਤੇ ਪ੍ਰਧਾਨ ਹਨ।)

ਗੁਰਬਾਣੀ ਦੇ ਕੁੱਝ ਹੁਕਮ:

* ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ ਅਵਰੁ ਨ ਦੀਸੈ ਏਕੋ ਸੋਈ॥

(ਪੰਨਾ 1035, ਗੁਰੂ ਗ੍ਰੰਥ ਸਾਹਿਬ)

* ਦੁਰਗਾ ਕੋਟਿ ਜਾ ਕੈ ਮਰਦਨੁ ਕਰੈ॥ ਬ੍ਰਹਮਾ ਕੋਟਿ ਬੇਦ ਉਚਰੈ॥

ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ॥

(ਪੰਨਾ 1162, ਗੁਰੂ ਗ੍ਰੰਥ ਸਾਹਿਬ)

* ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ॥

(ਪੰਨਾ 735, ਗੁਰੂ ਗ੍ਰੰਥ ਸਾਹਿਬ)

* ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ॥

ਸਿਰਿ ਸਿਰਿ ਧੰਧੈ ਆਪੇ ਲਾਏ॥

(ਪੰਨਾ 1051, ਗੁਰੂ ਗ੍ਰੰਥ ਸਾਹਿਬ)

ਸ੍ਰੀ ਸਤਿਗੁਰ ਵਾਚ (ਪੰਨਾ 75, ਰਹਿਤਨਾਮਾ)

ਸੋ ਅਕਾਲੀ ਰੂਪ ਹੈ, ਨੀਲ ਬਸਤ੍ਰ ਪਹਿਰਾਏ

ਜਪੇ ਜਾਪੁ ਗੁਰਬਰ ਅਕਾਲ, ਸਰਬ ਲੋਹ ਪਹਿਰਾਏ। … …

ਸ੍ਰੀ ਅਕਾਲ ਉਸਤਤਿ ਕਰੇ, ਚੰਡੀ ਕੰਠ ਸੁਧਾਰਿ

ਊਚਾ ਬੁੰਗਾ ਜੋ ਸਜੈ ਨਾਮ ਨਿਹੰਗ ਸੁਜਾਨ ….

ਸਸਤ੍ਰ ਤਨ ਮੈ ਧਾਰੈ, ਬਿਨਾ ਮਿਆਨ ਤੇ ਤੇਗ ਹਾਥ ਮੈ ਰਾਖੈ …. .

ਵੈਸਾਖੀ ਦੀਪਮਾਲਾ ਅੰਮ੍ਰਿਤਸਰ ਕਰੇ, ਹੋਲਾ ਅਨੰਦਪੁਰ ਕਰੇ,

ਅਬਚਲ ਨਗਰ ਜਾਇ, ਕੁਲ ਸੰਬੂਹ ਤਰੇ।

ਅਬ ਬਿਹੰਗਮ ਕੇ ਲਖੱਨ

ਜਗਤ ਮੈ ਮਾਯਾ ਕਾ ਸੰਗ ਤਯਾਗ ਕਰ ਰਹੈ, ਇਸਤ੍ਰੀ ਕੋ ਦੇਖਤ ਭਾਗੇ, ਧਨ ਕੇ ਹੇਤ ਨ ਲਾਗੇ, ਸਵਾ ਗਾਜ ਕੀ ਕੱਛ ਰਾਖੇ, ਏਕ ਸਰਬ ਲੋਹ ਕੀ ਗੜਵੀ ਰਖੈ, ਏਕਾਕੀ ਬਿਚਰੈ, ਧਾਤੂ ਕੋ ਸਪਰਸ਼ ਨ ਕਰੇ, ਸ਼ਹਰ ਮੈ ਨਾ ਰਹੈ, ਅਸਵਾਰੀ ਮੈ ਨ ਚੜੈ, ਔਰ ਗੁਰਦੁਆਰੇ ਮੈ ਫਿਰਤਾ ਰਹੈ। … ਇਸਤ੍ਰੀ ਕੇ ਹਾਥ ਕਾ ਅੰਨ ਨ ਛਕੇ।

(ਵੇਦ ਮਤ ਦਾ ਬ੍ਰਹਮਚਰਿਯ ਵਰਗ, ਸਿੱਖਾਂ ਵਿੱਚ ਬਿਹੰਗਮ ਬਣ ਗਏ। ਗੁਰਬਾਣੀ ਗ੍ਰਹਿਸਤ ਜੀਵਨ ਵਿੱਚ ਰਹਿਣ ਦਾ ਉਪਦੇਸ਼ ਦਿੰਦੀ ਹੈ।)

ਰਹਿਤਨਾਮਾ ਭਾਈ ਦੇਸਾ ਸਿੰਘ

ਰਤੀ ਅਫੀਮ ਜੁ ਮਾਸਾ ਭੰਗ।

ਇਨ ਕੋ ਖਾਵਹਿ ਕਦੀ ਨਿਸੰਗ। (31)

ਇਸ ਤੇ ਅਧਿਕ ਨ ਅਮਲ ਵਧਾਵੈ।

ਵਧੇ ਅਮਲ ਤਉ ਨਰ ਦੁਖ ਪਾਵੈ।

ਸਾਡੇ ਵੱਖ-ਵੱਖ ਫਿਰਕੇ, ਜਿਸ ਤਰ੍ਹਾਂ ਨਿਹੰਗ, ਬਿਹੰਗਮ, ਸਰਬਲੋਹੀਏ ਨੀਲੇ ਬਾਣੇ ਵਾਲੇ ਆਦਿ ਇਸ ਕੂੜੇ ਪੁਰਾਤਨ ਇਤਿਹਾਸ ਦੀ ਉਪਜ ਹਨ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਮੁਤਾਬਕ ਸਭ ਸਿੱਖਾਂ ਲਈ ਇੱਕ ਰਹਿਤਨਾਮਾ ਬਣਾ ਲਈਏ, ਤਾਂ ਸਭ ਗੁਰਸਿੱਖ ਇੱਕ ਹੋ ਸਕਦੇ ਹਾਂ।

ਗੁਰਬਿਲਾਸ ਪਾ: 10 (ਸੁਖਾ ਸਿੰਘ)

ਇਸ ਵਿੱਚ ਲਿਖਿਆ ਹੈ ਕਿ

ਸਸਤਰ ਅਸਤ੍ਰ ਸਿਮਰਹੁ ਬਰ ਬੁਧਾ,

ਖਲ ਦਲ ਸਾਥ ਕਰਹੁ ਨਿਤ ਜੁਧਾ।

ਗੁਰਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ)

ਪਉ ਸੁਧਾ ਅਰ ਖੇਲਹੁ ਸ਼ਿਕਾਰ।

ਸਸਤਰ ਬਿਦਯਾ ਜਿਮ ਹੋਇ ਸੰਭਾਰੁ।

ਸਾਡੇ ਉਪਰ ਦਿੱਤੇ ਕੂੜੇ ਪੁਰਾਤਨ ਇਤਿਹਾਸ ਤੋਂ ਕੋਈ ਨਿਰਣਾ ਨਹੀਂ ਲਿਆ ਜਾ ਸਕਦਾ ਕਿ ਪਾ: 10 ਨੇ ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਕਿਹੜੀਆਂ ਬਾਣੀਆਂ ਪੜ੍ਹੀਆਂ। ਪਾ: 10 ਦੇ ਸਮੇਂ ਦੀਆਂ ਸਿੱਖ ਵਿਦਵਾਨਾਂ ਦੀਆਂ ਲਿਖਤਾਂ ਨਸ਼ਟ ਹੋ ਚੁਕੀਆਂ ਹਨ।

ਇਸ ਸਮੇਂ ਸਾਡੇ ਪੁਰਾਤਨ ਸਿੱਖ ਇਤਿਹਾਸ ਨੂੰ, ਜੋ 1727 ਤੋਂ ਬਾਦ ਵਜੂਦ ਵਿੱਚ ਆਇਆ, ਗੁਰਬਾਣੀ ਦੀ ਕਸਵੱਟੀ ਉੱਤੇ ਪਰਖਨ ਦੀ ਬਹੁਤ ਜ਼ਰੂਰਤ ਹੈ। ਇਸ ਵਿੱਚੋਂ ਬਹੁਤ ਇਤਿਹਾਸਕ ਪੁਸਤਕਾਂ, ਬ੍ਰਾਹਮਣ ਜਾਂ ਸਿੱਖੀ ਭੇਸ਼ ਵਿੱਚ ਬ੍ਰਾਹਮਣ ਨੇ ਲਿਖੀਆਂ। ਪੰਥਕ ਸਹਿਮਤੀ ਤੋਂ ਬਾਦ ਗੁਰਮਤਿ ਵਿਰੋਧੀ ਪੁਸਤਕਾਂ ਨੂੰ ਸਿੱਖ ਇਤਿਹਾਸ ਵਿੱਚੋਂ ਖਾਰਜ ਕਰਨਾ ਜ਼ਰੂਰੀ ਹੈ। ਇਹ ਰਚਨਾਵਾਂ ਗੁਰਮਤਿ ਵਿਰੋਧੀ ਕੂਟ ਨੀਤੀ ਹੈ।

ਡਾ: ਗੁਰਮੁਖ ਸਿੰਘ




.