300 ਸਾਲਾਂ ਤੋਂ ਬਾਅਦ
ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ 300 ਸਾਲਾ ਗੁਰਗੱਦੀ ਦਿਵਸ ਆਇਆ ਤੇ ਲੰਘ ਗਿਆ ਪਰ ਜੋ ਅਪਣੇ
ਪਿੱਛੇ ਇਤਿਹਾਸ ਛੱਡ ਗਿਆ ਉਹ ਆਉਂਣ ਵਾਲੀ ਉਮਤ ਜਦ ਪੜਿਆ ਕਰੇਗੀ ਤਾਂ ਨਫਰਤ ਕਰਿਆ ਕਰੇਗੀ ਇਸ ਅੱਜ
ਦੇ ਕਾਲੇ ਦੌਰ ਨੂੰ। ਡੋਗਰਿਆਂ ਅਤੇ ਕਸ਼ਮੀਰੀ ਬ੍ਰਹਾਮਣਾ ਯਾਨੀ ਮਿਸਰ ਲਾਲ ਸਿਉ ਤੇਜਾ ਸਿਉ ਗੁਲਾਬ
ਸਿਉ ਵਲੋਂ ਸਾਜਸ਼ਾਂ ਨਾਲ ਖਾਲਸਾ ਰਾਜ ਨੂੰ ਨੇਸਤੋ-ਨਾਬੂਦ ਕਰ ਦੇਣ ਵੇਲੇ ਦਾ ਇਤਿਹਾਸ ਜਦ ਪੜੀਦਾ ਸੀ
ਤਾਂ ਬੜਾ ਹੈਰਾਨ ਹੋਈਦਾ ਸੀ ਕਿ ਬਾਕੀ ਖਾਲਸਾ ਪੰਥ ਕਿਥੇ ਸੀ? ਉਹ ਕੀ ਸੁੱਤੇ ਪਏ ਸਨ? ਉਹਨਾ ਨੂੰ
ਕੁੱਝ ਪਤਾ ਨਹੀ ਸੀ ਲੱਗ ਰਿਹਾ ਕਿ ਇਹ ਕੀ ਤਮਾਸ਼ਾ ਹੋ ਰਿਹਾ ਹੈ? ਇਹਨਾ ਸਵਾਲਾਂ ਦੇ ਜਵਾਬ ਅੱਜ ਮਿਲ
ਰਹੇ ਹਨ ਜਦ ਅਪਣੀਆਂ ਅੱਖਾਂ ਸਾਹਵੇਂ ਉਂਝ ਦਾ ਹੀ ਤਮਾਸ਼ਾ ਖੁਦ ਨੂੰ ਦੇਖਣਾ ਪੈ ਰਿਹਾ ਹੈ ਕਿ ਆਮ
ਸਿੱਖ ਕਿਵੇਂ ਬੇਬਸ ਕਰ ਦਿਤਾ ਗਿਆ ਹੈ। ਆਉਣ ਵਾਲੀਆਂ ਨਸਲਾਂ ਵੀ ਸ਼ਾਇਦ ਸਾਡੇ ਬਾਰੇ ਇਹੀ ਸਵਾਲ ਕਰਿਆ
ਕਰਨ ਕਿ ਪੁਜਾਰੀਆਂ, ਪ੍ਰੋਹਿਤਾਂ ਡੇਰੇਦਾਰਾਂ ਵਲੋਂ ਹੋ ਰਹੀ ਇਸ ਸ਼ਰੇਆਮ ਹਨੇਰਗਰਦੀ ਨੂੰ ਕੀ ਬਜ਼ੁਰਗ
ਸਾਡੇ ਮਹਿਜ ਇਸ ਤਮਾਸ਼ੇ ਵਾਂਗ ਦੇਖਦੇ ਰਹੇ?
ਉਹਨਾ ਨੂੰ ਕੀ ਪਤਾ ਨਹੀ ਸੀ ਦਸਮ ਗਰੰਥ ਜਾਂ ਗੁਰੂ ਗਰੰਥ ਸਾਹਿਬ ਵਿੱਚ ਕੀ ਫਰਕ ਹੈ? ਪਰ ਜੇ ਪਤਾ ਸੀ
ਤਾਂ ਉਹਨਾ ਦੀਆਂ ਜ਼ੁਬਾਨਾ ਕਿਉਂ ਠਾਕੀਆਂ ਗਈਆਂ? ਕੀ ਉਹ ਨਿਪੁੰਸਕ ਹੋ ਚੁੱਕੇ ਹੋਏ ਸਨ? ਕੋਈ ਸਾਂਝੀ
ਤਾਕਤ ਨਹੀ ਬਣਾ ਸਕੇ ਕਿ ਗੁਰੂ ਗਰੰਥ ਸਹਿਬ ਜੀ ਦੇ ਬਰਾਬਰ ਇਸ ਅੱਧਿਉਂ ਜਿਆਦਾ ਲੱਚਰਤਾ ਨਾਲ ਲਬਰੇਜ
ਗਰੰਥ ਨੂੰ ਸਿੱਖ ਦੇ ਸਿਰਾਂ ਉਪਰ ਕਿਉਂ ਠੋਸਿਆ ਜਾ ਰਿਹਾ ਹੈ? ਇਹ ਸਵਾਲ ਇਤਿਹਾਸ ਨੇ ਕਰਨੇ ਨੇ ਤੇ
ਅਸੀਂ ਖਮੋਸ਼ ਕਬਰਾਂ ਵਿੱਚ ਸੁੱਤੇ ਪਏ ਇਹਨਾ ਦੇ ਜਵਾਬ ਦੇਹ ਹੋਣਾ ਹੈ। ਅੱਜ ਜੇ ਅਸੀਂ ਮਾਸਟਰ ਤਾਰਾ
ਸਿੰਘ ਜਾਂ ਬਲਦੇਵ ਸਿੰਘ ਦੀਆਂ ਕਬਰਾਂ ਕੋਲੋਂ ਜਵਾਬ ਮੰਗਦੇ ਹਾਂ ਤਾਂ ਕੀ ਸਾਡੇ ਕੋਲੋਂ ਨਹੀਂ ਕੋਈ
ਮੰਗੇਗਾ? ਉਹਨਾ ਤਾਂ ਕੇਵਲ ਰਾਜ ਗਵਾਇਆ ਪਰ ਜੋ ਅਸੀਂ ਗੁਆ ਰਹੇ ਹਾਂ ਉਸ ਤੋਂ ਤਾਂ ਕਈ ਰਾਜ ਵਾਰੇ ਜਾ
ਸਕਦੇ ਹਨ!
ਜਥੇਦਾਰਾਂ ਦਾ, ਡੇਰੇਦਾਰਾਂ ਦਾ, ਪੁਜਾਰੀਆਂ ਪ੍ਰਚਾਰਕਾਂ ਦਾ ਸਿੱਖੀ ਨਾਲ ਹੇਜ ਚਿੱਟੇ ਦਿਨ ਵਾਂਗ
ਸਪੱਸ਼ਟ ਹੋ ਗਿਆ ਹੈ ਕੋਈ ਇੱਕ ਨੂੰ ਛੱਡ ਸਭ ਪਾਸੇ ਕਬਰਾਂ ਵਰਗੀ ਖਮੋਸ਼ੀ ਹੈ। ਜੇ ਕੋਈ ਅਵਾਜ ਆ ਰਹੀ
ਹੈ ਤਾਂ ਸ਼ੋਰਗੁੱਲ ਉਧਰੋਂ ਹੀ ਆ ਰਿਹਾ ਹੈ ਜਿਧਰ ਪਦਵੀਆਂ ਅਤੇ ਬ੍ਰਹਾਮਣੀ ਤਾਕਤ ਦੇ ਟੋਕਿਆਂ ਨਾਲ
ਗੁਰੂ ਗਰੰਥ ਸਾਹਿਬ ਜੀ ਦੀ ਨਿਰਮਲ ਸੋਚ ਦਾ ਵਢਾਂਗਾ ਕੀਤਾ ਜਾ ਰਿਹਾ ਹੈ। ਹੋਰ ਹੈਰਾਨੀ ਦੀ ਗੱਲ ਇਹ
ਕਿ ਇੱਕ ਪਾਸੇ ਚਾਹ ਵੀ ਨਾ ਪੀਣ ਦਾ ਦਾਅਵਾ ਕਰਨ ਵਾਲੇ ਤੇ ਪ੍ਰਸ਼ਾਦਿਆਂ ਨੂੰ ਵੀ ‘ਪਾਣੀ `ਚ ਧੋ ਕੇ’
ਖਾਣ ਵਾਲੇ, ਗੁਰੂ ਗਰੰਥ ਸਹਿਬ ਜੀ ਦੀ ਹਜੂਰੀ ਚੋਂ ਵੀ ਪ੍ਰਸਾਦ ਨਾ ਲੈਣ ਵਾਲੇ ਕਿ ਇਹ ਸ਼ਾਇਦ
‘ਸੁਚਮੱਤਾ ਨਾਲ ਨਹੀ ਬਣਿਆ ਤੇ ਦੂਜੇ ਪਾਸੇ ਭੰਗ ਦੇ ਘੋਟੇ ਲਾਉਂਣ ਵਾਲੇ, ਬੱਕਰਾ ਮੁਰਗਾ ਤਿਤਰ ਸਭ
ਛੱਕ ਜਾਣ ਵਾਲੇ ਤੇ ਗੁਰੂ ਦਰਬਾਰ ਦੇ ਸਾਹਮਣੇ ਬੱਕਰੇ ਦਾ ਸਿਰ ਵੱਢ ਕੇ ਉਸ ਦੇ ਲਹੂ ਦਾ ਟਿੱਕਾ ਗੁਰੂ
ਗਰੰਥ ਸਾਹਿਬ ਜੀ ਨੂੰ ਤੇ ਫਿਰ ਉਥੇ ਹਾਜਰ ਸੰਗਤਾਂ ਦੇ ਮੱਥਿਆਂ ਨੂੰ ਲਾਉਂਣ ਵਾਲੇ ਇਕੋ ਸਟੇਜਾਂ ਤੇ
ਇੱਕ ਦੂਜੇ ਦੇ ਸੋਹਲੇ ਗਾਉਂਦੇ ਕਿੰਨੇ ਹਾਸੋਹੀਣੇ ਜਿਹੇ ਜਾਪ ਰਹੇ ਸਨ। ਮਿਸ਼ਨਰੀਆਂ ਨੂੰ ਮਾਸ-ਮੀਟ
ਖਾਣੇ ਕਹਿ ਕੇ ਭ੍ਰਿਸ਼ਟ ਸਮਝਣ ਵਾਲੇ ਡੇਰੇਦਾਰ ਸਾਧ ਲਈ ਭੰਗ ਘੋਟਣੇ ਤੇ ਬੱਕਰੇ ਵੱਡਣੇ ਨਿਹੰਗ ‘ਗੁਰੂ
ਕੀਆਂ ਫੋਜਾਂ’ ਹੋ ਨਿਬੜੀਆਂ ਹਨ? ਕੀ ਮਜਬੂਰੀ ਹੋ ਸਕਦੀ ਸੀ ਇਹਨਾ ਵਿਚਾਰਿਆਂ ਦੀ? ਇਸ ਦਾ ਮੱਤਲਬ
ਸਾਫ ਹੈ ਕਿ ਕਿਸੇ ‘ਸਾਂਝੇ ਮਕਸੱਦ’ ਲਈ ਇਹ ਬਿਲਕੁਲ ਆਪਾ ਵਿਰੋਧੀ ਹੋਣ ਦੇ ਬਾਵਜੂਦ ਵੀ ਇਕੱਠੇ ਹਨ।
ਪਰ ਇਹਨਾ ਰੰਗ ਬਰੰਗੇ ਮਣਕਿਆਂ ਦਾ ਧਾਗਾ ਕੌਣ ਹੈ, ਇਹ ਜਾਨਣ ਦੀ ਲੋੜ ਹੈ।
ਹੁਣ ਅਸੀਂ ਉਹਨਾ ਕਾਰਨਾ ਵਲ ਆਈਏ ਕਿ ਇਕੇ ਗੁਰੂ ਦੇ ਸਿੱਖ ਹੋਣ ਦੇ ਨਾਤੇ ਇਹ ਲਕੀਰਾਂ ਕਿਉਂ
ਖਿੱਚੀਆਂ ਗਈਆਂ ਹਨ? ਸਾਨੂੰ ਪਤੈ ਕਿ ਸਾਡੇ ਬਾਹਲੇ ਭਰਾਵਾਂ ਫਟ ਕਹਿ ਦੇਣਾ ਕਿ ਇਹ ਬ੍ਰਹਾਮਣ ਦੀ
ਸਾਜਸ਼ ਹੈ। ਪਰ ਸਵਾਲ ਉਠਦਾ ਕਿ ਅਸੀਂ ਕੀ ਇਨੇ ਸਿਰ ਫਿਰੇ ਹਾਂ ਕਿ ਬ੍ਰਹਾਮਣ ਦੀ ਕੜਿੱਕੀ `ਚ ਐਵੇਂ
ਸਿਰ ਦੇ ਬੈਠਦੇ ਤੇ ਮੁੜ ਇੱਕ ਦੂਜੇ ਨੂੰ ਹੁੱਜਾਂ ਮਾਰਦੇ ਦੋਸ਼ੀ ਠਹਿਰਾਉਂਣ ਦਾ ਸ਼ੋਰ ਚੁੱਕ ਦਿੰਦੇ
ਹਾਂ। ਚਲੋ ਮੰਨ ਲਓ ਕਿ ਬ੍ਰਹਾਮਣ ਦੀ ਸਾਜਸ਼ ਸਹੀ ਪਰ ਅਸੀਂ ਬ੍ਰਹਾਮਣ ਤੋਂ ਕਿਉਂ ਦੌੜਦੇ ਹਾਂ ਉਹ ਕੋਈ
ਦੈਂਤ ਹੈ ਜਾਂ ਮਾੜੀ ਰੂਹ? ਯਾਦ ਰਹੇ ਕਿ ਬ੍ਰਾਮਹਣ ਨਾਲ ਸਾਡੀ ਕੋਈ ਜਾਤੀ ਰੰਜਸ਼ ਨਹੀ ਪਰ ਉਸ ਦੀ
ਗੁਰੂ ਨਾਲ ਜਾਤੀ ਰੰਜਸ਼ ਹੈ। ਕਿਉਂ ਕਿ ਗੁਰੂ ਉਸ ਦੀ ਲੁੱਟ ਅਤੇ ਝੂਠ ਦੇ ਪੋਲ ਖ੍ਹੋਲਦਾ ਹੈ। ਗੁਰੂ
ਉਸ ਵਲੋਂ ਫੈਲਾਏ ਜਾ ਰਹੇ ਅੰਧਕਾਰ ਤੋਂ ਮਨੁੱਖਤਾ ਨੂੰ ਸੁਚੇਤ ਕਰਦਾ ਹੈ ਜਿਸ ਨਾਲ ਬ੍ਰਹਾਮਣ ਦੇ ਦਾਲ
ਫੁਲਕੇ ਨੂੰ ਤਾਂ ਲੱਤ ਵੱਜਦੀ ਹੀ ਸੀ ਉਸ ਦੀ ਸਰਦਾਰੀ ਵੀ ਟੁੱਟਦੀ ਹੈ। ਇੱਕ ਬੰਦੇ ਨੂੰ ਕੋਈ ਮੰਜੇ
ਤੇ ਚੁੱਕ ਕੇ ਲਿਆਉਂਦਾ ਹੈ, ਖੀਰ, ਮਾਲ-ਪੂੜਿਆਂ ਨਾਲ ਰਜਾ ਕੇ ਮੰਜੇ ਤੇ ਹੀ ਪਾ ਕੇ ਛੱਡ ਜਾਂਦਾ ਹੈ
ਉਲਟਾ ਦੰਦ ਘਸਾਈ ਪੱਲਿਉਂ ਦਿੰਦਾ ਹੈ। ਦੇਵਦਾਸੀਆਂ ਦੇ ਨਾਂ ਤੇ ਵੰਨ-ਸਵੰਨੀਆਂ ਔਰਤਾਂ ਉਸ ਦੇ ਭੋਗਣ
ਲਈ ਹਾਜਰ ਹਨ। ਜੇ ਉਹ ਨਹੀ ਤਾਂ ‘ਸ਼ੁਦਰ’ ਦੀ ਔਰਤ ਨੂੰ ਤਾਂ ਜਦੋਂ ਚਾਹੇ ਉਹ ‘ਕਨੂੰਨਨ’ ਹੀ ਫੜ ਸਕਦਾ
ਸੀ। ਬ੍ਰਹਾਮਣ ਦੀ ਅਜਿਹੀ ਬਾਦਸ਼ਾਹੀ ਤੇ ਅਯਾਸ਼ੀ ਨੂੰ ਚੈਲਿੰਜ ਕਰਨ ਵਾਲਾ ਬ੍ਰਹਾਮਣ ਦਾ ਮਿੱਤਰ ਕਿਉਂ
ਹੋਵੇਗਾ? ਹੋਰ ਸੁਣੋ! ਉਹ ਜੋ ਮਰਜੀ ਬੋਲ ਦੇਵੇ ਲੁਕਾਈ ਨੇ ਸਤ ਬਚਨ ਕਹਿਣਾ ਹੈ ਸਵਾਲ ਕਰਨ ਵਾਲੇ ਲਈ
‘ਕੁੰਭੀ ਨਰਕ’ ਦੇ ਦਰਵਾਜੇ ਮਿਸਰ ਜੀ ਖ੍ਹੋਲ ਦਿੰਦੇ ਹਨ। ਉਹ ਚਾਹੇ ਤਾਂ ਮੱਛੀ ਨੂੰ ਕਿਸ਼ਤੀ ਸਮੇਤ
ਹਿਮਾਲੀਆ ਪਰਬਤ ਤੇ ਚ੍ਹਾੜ ਦੇਵੇ, ਸੂਰਜ ਚਾਹੇ ਧਰਤੀ ਤੇ ਆ ਕੇ ਕੁੰਤੀ ਨਾਲ ਬਲਾਤਕਾਰ ਕਰ ਜਾਵੇ,
ਕਿਸੇ ਨੂੰ ਕਛੂਕੁੰਮਾ ਬਣਾ ਦੇਵੇ, ਕਿਸੇ ਨੂੰ ਸੂਰ, ਕਿਸੇ ਨੂੰ ਚਾਹੇ ਤਾਂ ਗਊ ਮਈਆ ਵਿਚੋਂ ਪੈਦਾ ਕਰ
ਦੇਵੇ, ਕਿਸੇ ਨੂੰ ਮੱਛੀ ਦੇ ਪੇਟੋਂ ਯਾਨੀ ਜੋ ਮਰਜੀ ਜਹਾਨ ਦਾ ਝੂਠ ਲੱਦ ਦੇਵੇ ਲੁਕਾਈ ਨੇ ਸਤ ਕਰਕੇ
ਮੰਨਣਾ ਹੈ। ਬੋਲਣਾ ਨਹੀ ਅਗੋਂ, ਬੋਲਣ ਵਾਲਾ ਨਾਸਤਿਕ ਜਾਂ ਨਿੰਦਕ ਹੈ। ਬਅਸ! ਇਹੀ ਲੜਾਈ ਰਹੀ ਹੈ ਤੇ
ਰਹੇਗੀ।
ਉਹ ਚਲਾਕ ਸੀ, ਉਸ ਦੁਨੀਆਂ ਚਾਰੀ ਹੋਈ ਸੀ ਜੇ ਬੰਦੇ ਨਾਲ ਹਾਥੀ ਜੋੜ ਸਕਦਾ ਤਾਂ ਬਾਕੀ ਕਹਾਣੀਆਂ ਤਾਂ
ਉਸ ਦੇ ਖੱਬੇ ਹੱਥ ਦੀ ਖੇਡ ਸੀ। ਤੇ ਉਸ ਸੋਚਿਆ ਕਿ ਚਲੋ ਪਛਾਣ ਬਦਲ ਲਓ ਤੇ ਉਸ ਪਛਾਣ ਬਦਲ ਲਈ! ਹੁਣ
ਤੁਸੀਂ ਦਸੋ ਕਿ ਪਛਾਣ ਬਦਲਣ ਨਾਲ ਕੰਮ ਥੋੜੋਂ ਬਦਲ ਜਾਣਗੇ? ਤੇ ਤੁਸੀਂ ਅਪਣੇ ਡੇਰੇਦਾਰਾਂ ਵਲ ਬਰੀਕ
ਨਜਰ ਮਾਰੋ। ਤੁਸੀਂ ਘਰੀ ਸੱਦਦੇ ਹੋ, ਬਦਾਮਾਂ ਵਾਲੇ ਦੁੱਧ, ਪਿਸਤਿਆਂ ਵਾਲੀਆਂ ਖੀਰਾਂ, ਦਹੀਂ ਰੈਤੇ
ਪਤਾ ਨਹੀ ਕਿੰਨਾ ਕੁੱਝ ਇਹਨਾ ਨੂੰ ਚਾਰਦੇ ਹੋ। ਅਪਣੀਆਂ ਕਾਰਾਂ ਵਿੱਚ ਲੱਦ ਕੇ ਲਿਆਉਂਦੇ ਹੋ, ਲੱਦ
ਕੇ ਛੱਡ ਆਉਂਦੇ ਹੋ। ਜਾਣ ਲੱਗਿਆਂ ਦੰਦ ਘਿਸਾਈ ਵਜੋਂ ਸਹਿਜ ਨਾਲ ਲਫਾਫਾ ਗੋਡਿਆਂ ਹੇਠ ਰੱਖ ਦਿੰਦੇ
ਹੋ। ਉਹ ਜਿਸ ਘਰ `ਚਰਨ’ ਪਾਉਂਦਾ ਹੈ ਸਭ ਤੋਂ ਪਹਿਲਾਂ ਉਸ ਦੀ ਨਜਰ ਸਰੀਰਾਂ ਤੇ ਫਿਰਦੀ ਹੈ। ਕਿੰਨੇ
ਕੇਸ ਨੇ ਬਲਾਤਕਾਰੀਆਂ ਦੇ? ਕਿੰਨੇ ਜਿਹਲਾਂ ਵਿੱਚ ਹਨ, ਕਿੰਨੇ ਜਾਣ-ਜਾਣ ਕਰਦੇ ਨੇ ਤੇ ਕਿੰਨਿਆਂ ਦੇ
ਗੁਨਾਹ ਹਾਲੇ ਭੋਰਿਆਂ ਵਿੱਚ ਹੀ ਬੰਦ ਹਨ? ਅਗਲੀ ਗੱਲ ਜੋ ਮਰਜੀ ਬੋਲੇ ਤੁਸੀਂ ਸਤ ਕਰਕੇ ਮੰਨਿਆ ਨਹੀ?
ਚਾਹੇ ਉਹ ਗੁਰੂ ਨੂੰ ਹਵਾ `ਚ ਉਡਾਈ ਫਿਰੇ, ਚਾਹੇ 35 ਮੀਲ ਲੰਮੀ ਮੱਛੀ ਉਪਰ ਤੋਰੀ ਫਿਰੇ, ਚਾਹੇ ਦਸਮ
ਗਰੰਥ ਵਰਗੇ ਅਸਲੀਲ ਗਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜੋੜੀ ਫਿਰੇ, ਚਾਹੇ ਗੁਰੂ ਨੂੰ
ਕਿਸੇ ਔਰਤ ਦੀਆਂ ਕੰਧਾਂ ਟਪਾਈ ਫਿਰੇ, ਚਾਹੇ ਗੁਰੂ ਕੋਲੋਂ ਲੋਕਾਂ ਦੀਆਂ ਪੱਗਾਂ ਲੁਹਾ ਕੇ ਵਿਕਵਾ
ਦੇਵੇ, ਚਾਹੇ ਗੁਰੂ ਨੂੰ ਬ੍ਰਹਾਮਣ ਦੀ ਖੱਲ ਚੋਂ ਪੈਦਾ ਕਰ ਦੇਵੇ, ਚਾਹੇ ਖਾਲਸੇ ਦਾ ਕਛਹਿਰਾ ਉਹ
ਹੰਨੂਮਾਨ ਕੋਲੋਂ ਦਿਵਾ ਦੇਵੇ, ਚਾਹੇ ਪੰਜ ਪਿਆਰਿਆਂ ਨੂੰ ਚਤੁਰਭੁੱਜੀ ਜਾਂ ਬ੍ਰਹਮਾ ਆਦਿ ਦਾ ਅਵਤਾਰ
ਦਸ ਦੇਵੇ, ਅਸੀਂ ਸਭ ਮੰਨਿਆ ਹੈ।
ਰਾਮ ਦੀ ਜੁਗ-ਜੁਗ ਅਟੱਲ ਕਥਾ ਕੀ ਉਹ ਰੋਜ ਪੜ ਕੇ ਨਹੀ ਜਾਂਦਾ? ਬਿਸ਼ਨੂੰ ਦੀ ਭਗਤੀ ਨਾਲ ਆਧ ਬਿਆਧ
ਮਿਟ ਜਾਂਦੇ ਨੇ, ਕੀ ਉਹ ਦਸ ਕੇ ਨਹੀ ਜਾਂਦਾ? ਹਰੇਕ ਪੂਰਨਮਾਸ਼ੀ ਤੇ ਉਹ ਇੰਦਰ ਦੀ ਆਰਤੀ ਕਰਕੇ ਫੁੱਲ
ਬਰਖਾ ਕੇ ਨਹੀ ਜਾਂਦਾ? ਉਹ ਤੇ ਦੁਹਾਈਆਂ ਪਾ-ਪਾ ਬੋਲਦਾ ਪਰ ਸਿੱਖ ਸੁਣਦਾ ਕਿਉਂ ਨਹੀ ਉਸ ਵਿਚਾਰੇ
ਨੂੰ? ਬੜਾ ਪਿਆਰ ਹੈ ਇਹਨਾ ਨੂੰ ਗੁਰੂ ਨਾਲ। ਗੁਰੂ ਦੇ ਨਾਂ ਤੇ ਡੇਰੇਦਾਰ ਲੋਕ ਅੱਖਾਂ ਭਰ-ਭਰ ਆਉਂਦੇ
ਹਨ, ਗੁਰੂ ਕੀਆਂ ਕਥਾ ਕਹਾਣੀਆਂ ਇਹ ਬੜੇ ਪਿਆਰ ਨਾਲ ਸੁਣਾਉਂਦੇ ਹਨ, ਗੁਰੂ ਨੂੰ ਰੱਬ ਮੰਨਦੇ ਹਨ,
ਗੁਰੂ ਨੂੰ ਥਾਲਾਂ ਦੇ ਭੋਗ ਲਵਾਉਂਦੇ ਹਨ, ਗੁਰੂ ਤੋਂ ਸਦਕੇ ਹੋਣ ਦੇ ਉਪਦੇਸ਼ ਇਹ ਦਿੰਦੇ ਹਨ ਪਰ…? ਪਰ
ਬ੍ਰਹਾਮਣ ਵੀ ਬ੍ਰਹਮਾ ਬਿਸ਼ਨੂੰ ਸ਼ਿਵਜੀ ਕ੍ਰਿਸ਼ਨ-ਰਾਮ ਨੂੰ ਭਗਵਨ ਕਹਿ ਕੇ ਸੰਬੋਧਨ ਹੁੰਦਾ ਹੈ। ਉਹਨਾ
ਦੀਆਂ ਬਾਤਾਂ ਬੜੇ ਪਿਆਰ ਨਾਲ ਪਾਉਂਦਾ ਹੈ। ਉਹਨਾ ਦੀ ਆਰਤੀ ਕਰਦਾ ਹੈ, ਫੁੱਲ ਭੇਂਟ ਕਰਦਾ ਹੈ ਉਹਨਾ
ਦੀ ਮੂਰਤੀ ਅੱਗੇ ਦੀਵੇ ਬਾਲਦਾ ਹੈ, ਭੋਗ ਲਵਾਉਂਦਾ ਹੈ ਪਰ ਕਲਮ ਨਾਲ ਉਹਨਾ ਦੀ ਅਜਿਹੀ ਜਹੀ-ਤਹੀ
ਫੇਰਦਾ ਹੈ ਕਿ ਪੜਨ ਸੁਣਨ ਵਾਲੇ ਨੂੰ ਤਾਂ ਸ਼ਰਮ ਆ ਜਾਂਦੀ ਹੈ ਪਰ ਉਸ ਨੂੰ ਨਹੀ ਆਈ ਕਿ ਰੱਬ ਮੰਨਣ
ਵਾਲਿਆਂ ਦੀ ਅਜਿਹੀ ਦੁਰਦਸ਼ਾ ਮੈ ਕਿਉਂ ਕਰ ਰਿਹਾਂ ਹਾਂ ਤੇ ਉਸ ਕਈ ‘ਰੱਬ’ ਬਣਾ ਕੇ ਭੋਲੀ ਲੁਕਾਈ ਦੇ
ਹੱਥ ਫੜਾ ਦਿਤੇ। ਕਿਸੇ ਦਾ ਬ੍ਰਹਮਾ ਰੱਬ, ਕਿਸੇ ਦਾ ਬਿਸ਼ਨੂੰ, ਕਿਸੇ ਦਾ ਰਾਮ-ਕ੍ਰਿਸ਼ਨ ਤੇ ਪਤਾ ਨਹੀ
ਕਿੰਨਿਆਂ ਦੇ ਕਿੰਨੇ ਕੁ ਰੱਬ। ਡੇਰੇਦਾਰਾਂ ਗੁਰੂ ਨੂੰ ਰੱਬ ਵੀ ਮੰਨਿਆ ਪ੍ਰਮੇਸ਼ਵਰ ਵੀ ਜਾਣਿਆਂ ਪਰ
ਦਸਮ ਗਰੰਥ ਜਿਹੇ ਗਰੰਥਾਂ ਦੇ ਭੋਗ ਪਾਉਂਣ ਦੇ ਸੁਨੇਹੇ ਦੇ ਕੇ ਇਹ ਵੀ ਸਾਬਤ ਕੀਤਾ ਕਿ ਭੇਖ ਬਦਲਣ
ਨਾਲ ਆਦਤਾਂ ਨਹੀ ਬਦਲਦੀਆਂ। ਤੇ ਕੋਈ ਵੱਡੀ ਗੱਲ ਨਹੀ ਕਿ ਜਿਵੇਂ ਇਹਨੀ ਗੁਰੂ ਗਰੰਥ ਸਾਹਿਬ ਜੀ ਦੇ
ਬਰਾਬਰ ਇੱਕ ਹੋਰ ਗੁਰੂ ਖੜਾ ਕਰ ਦਿਤਾ ਹੈ ਇੰਝ ਹੀ ਆਉਂਣ ਵਾਲੇ ਭਵਿੱਖ ਵਿੱਚ ਹੋਰ ਵੀ ਕਈ ਗੁਰੂ ਖੜੇ
ਕਰ ਛਡੇ ਤੇ ਲੋਕ ਅਪਣੇ ਅਪਣੇ ਗੁਰੂਆਂ ਨਾਲ ਵਰਚਦੇ ਖੇਡਦੇ ਰਹਿਣ!
ਬ੍ਰਾਹਮਣ ਦੀ ਹੋਰ ‘ਖੁਬੀ’ ਕਿ ਉਹ ਇਹਨਾ ਨੂੰ ਰੱਬ ਤਾਂ ਮੰਨਦਾ ਪਰ ਜਦ ਕੋਈ ਜਾਬਰ ਇਹਨਾ ਦੇ ਬੁੱਤ
ਤੋੜਦਾ, ਮੰਦਰਾਂ ਨੂੰ ਨੇਸਤੋ-ਨਾਬੂਦ ਕਰਦਾ, ਔਰਤਾਂ ਦੀ ਇੱਜਤ ਲੁੱਟਦਾ, ਬਾਂਦੀਆਂ ਬਣਾ ਕੇ ਕਾਬਲ ਦੇ
ਬਜਾਰਾਂ ਵਿੱਚ ਵੇਚਦਾ, ਇਹ ‘ਬ੍ਰਹਾਮਣ ਦੇਵਤਾ’ ਜੀ ਸਮਾਧੀ ਲੀਨ ਹੋ ਜਾਂਦੇ ਹਨ ਜਾਂ ਤਾਕਤਵਰ ਨਾਲ
ਰਲਕੇ ਉਲਟਾ ਅਪਣੇ ਹੀ ਲੋਕਾਂ ਦੀ ਜੜੀਂ ਬਹਿੰਦੇ ਹਨ। ਪਰ ਜਦ ਮਿੱਟੀ-ਘੱਟਾ ਉਡ ਕੇ ਬਹਿ ਜਾਂਦਾ ਤਾਂ
ਇਸ ਦੇਵਤਾ ਜੀ ਦੇ ਵੀ ਟੱਲ ਆਣ ਖੜਕਦੇ ਹਨ। ਡੇਰੇਦਾਰ ਗੁਰੂ ਨੂੰ ਰੱਬ ਤਾਂ ਮੰਨਦਾ ਪਰ ਜਦ ਗੁਰੂ ਦੇ
ਗੋਲੀਆਂ ਵੱਜਦੀਆਂ, ਅਕਾਲ ਤੱਖਤ ਢਹਿੰਦਾ, ਜਵਾਨੀ ਦਾ ਘਾਣ ਹੁੰਦਾ, ਧੀਆਂ-ਭੈਣਾਂ ਦੀ ਇੱਜਤ ਥਾਣਿਆਂ
ਵਿੱਚ ਰੁਲਦੀ ਜਾਂ ਦਿੱਲੀ ਦੀਆਂ ਗਲੀਆਂ ਵਿੱਚ ਨੰਗੀਆਂ ਕਰ-ਕਰ ਜਲੂਸ ਕੱਢੇ ਜਾਂਦੇ ਤਾਂ ਇਹ ਸਾਡੇ
ਦੇਵਤਾ ਜੀ ਵੀ ਕਿਸੇ ਡੂੰਘੀ ਸਮਾਧੀ ਵਿੱਚ ਲੀਨ ਹੋ ਜਾਂਦੇ ਹਨ ਜਾਂ ਸਗੋਂ ਕਾਤਲਾਂ ਨੂੰ ਸਿਰੋਪੇ
ਦਿੰਦੇ ਤੇ ਉਹਨਾ ਦੇ ਭੋਗਾਂ ਤੇ ਕੀਰਨੇ ਪਾਉਂਦੇ ਫਿਰਦੇ ਹਨ। ਪਰ ਜਦ ਜਵਾਨੀ ਦਾ ਘਾਣ ਹੋ ਹੱਟਦਾ,
ਅਵਾਜਾਂ ਖਮੋਸ਼ ਕਰ ਦਿਤੀਆਂ ਜਾਂਦੀਆਂ, ਸਿਵੇ ਠੰਡੇ ਪੈ ਕੇ ਜਦ ਰਾਖ ਹੋ ਜਾਂਦੇ ਤਾਂ ਇਹ ਦੇਵਤਾ ਜੀ
ਵੀ ਅਪਣੇ ਢੋਲਕੀਆਂ-ਚਿਮਟੇ ਲੈ ਕੇ ਆਣ ਸਿੱਖਾਂ ਦੇ ਦੁਆਲੇ ਹੁੰਦੇ। ਫਰਕ ਦਸੋ ਕਿਥੇ ਹੈ? ਸਿੱਖਾਂ
ਵਿੱਚ ਪਈਆਂ ਵੰਡੀਆਂ ਦੇ ਕਾਰਨ ਨਹੀ ਜਿੰਨਾ ਚਿਰ ਉਹ ਨਹੀ ਸਮਝਦਾ ਉਨਾ ਚਿਰ ਉਹ ਇੱਕ ਸੋਚ ਦਾ ਹੋ ਹੀ
ਨਹੀ ਸਕਦਾ। ਸਾਰੇ ਸੰਤ ਬਾਬੇ ਬ੍ਰਹਮਗਿਆਨੀ। ਸਾਰੇ ਇੱਕੋ ਗੁਰੂ ਨੂੰ ਮੰਨਦੇ, ਇਕੇ ਦਾ ਪ੍ਰਚਾਰ ਕਰਨ
ਦਾ ਦਾਅਵਾ ਕਰਦੇ ਪਰ ਰਲਦੇ ਇੱਕ ਦੂਜੇ ਨਾਲ ਇੰਚ ਵੀ ਨਹੀ। ਜਿਹੜੇ ਖੁਦ ਨਹੀ ਇਕੱਠੇ ਹੋ ਸਕੇ ਉਹ
ਅਪਣੇ ਸੇਵਕਾਂ ਨੂੰ ਇਕੱਠੇ ਕਿਉਂ ਰਹਿਣ ਦੇਣਗੇ। ਜਿੰਨੇ ਸੰਤ ਉਨੀਆਂ ਮਰਿਯਾਦਾਵਾਂ। ਸਾਡੇ ਤੇ ਕੋਈ
ਕਿਉਂ ਯਕੀਨ ਕਰੇ ਲੋਕ ਖੁਦ ਕਿਉਂ ਨਾ ਇਹਨਾ ਨੂੰੰ ਪੜਨ। ਮਸਲਨ ਅਸੀਂ ਇੱਕ ਛੋਟੀ ਜਿਹੀ ਮਿਸਾਲ ਲੈਂਦੇ
ਹਾਂ। ਅਸੀਂ ਸਾਰੇ ਮਹਿਸੂਸ ਕਰਦੇ ਹਾਂ ਤੇ ਇੱਹ ਝਗੜਾ ਰਿਹਾ ਵੀ ਬੜਾ ਚਿਰ ਜਿਹੜਾ ਹਾਲੇ ਤੱਕ ਮੌਜੂਦ
ਹੈ। ਹੁਣ ਥੋੜਾ ਠੰਡਾ ਪਿਆ ਕਿਉਂਕਿ ਉਹੀ ‘ਫੌਜਾਂ’ ਸਾਰੀਆਂ ਹੁਣ ਦਸਮ ਗਰੰਥ ਲਈ ਇਕੱਠੀਆਂ ਹੋ ਕੇ
‘ਜੂਝ’ ਰਹੀਆਂ ਹਨ। ਇਹ ਮਸਲਾ ਸੀ ਰਾਗ ਮਾਲਾ ਦਾ। ਹੁਣ ਤੁਸਂੀ ਦਸੋ ਕਿ ‘ਪਹੁੰਚੀਆਂ’ ਹੋਈਆਂ ਹਸਤੀਆਂ
ਜੇ ਇਨਾ ਕੁ ਫੈਸਲਾ ਹੀ ਨਹੀ ਸਦਭਾਨਵਾ ਨਾਲ ਬੈਠ ਕੇ ਆਪਸ ਵਿੱਚ ਕਰ ਸਕੀਆਂ ਤਾਂ ਬਾਕੀ ਦੂਰ ਤੱਕ
ਅਸੀਂ ਇਹਨਾ ਮਗਰ ਕਿਉਂ ਜਾਈਏ? ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖ ਇਕੱਠੇ ਹੋ ਕੇ ਸਦਭਾਵਨਾ ਨਾਲ
ਅਪਣਾ ਮਸਲਾ ਕਿਉਂ ਨਹੀ ਹੱਲ ਕਰ ਸਕਦੇ ਪਰ ਸਾਨੂੰ ਹੈਰਾਨੀ ਨਹੀ ਕਦੇ ਹੁੰਦੀ ਕਿ ਜੀਹਨਾ ਨੂੰ ਸਾਡੇ
ਭਰਾ ਅਪਣੇ ਰਹਿਬਰ ਮੰਨਦੇ ਰਹੇ ਤੇ ਮੰਨ ਕੇ ਚਲ ਰਹੇ ਹਨ ਉਹ ਹੀ ਇਹ ਨਹੀ ਕਰ ਸਕੇ ਤਾਂ ਅਗੇ ਵਾਲਿਆਂ
ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ? ਉਹਨਾ ਵਿੱਚ ਤਾਂ ਸਾਡੇ ਮੁਤਾਬਕ ਨਿਮਰਤਾ ਸੀ, ਉਹ ਤਾਂ
‘ਪਹੁੰਚੇ’ ਹੋਏ ਦੂਰਅੰਦੇਸ਼ ਸਨ ਪਰ ਉਹ ਕਿਉਂ ਨਹੀ ਆਪਸ ਵਿੱਚ ਇਕੱਠੇ ਹੋ ਸਕੇ। ਬਲਕਿ ਉਹਨਾ ਦੇ
ਪੈਰੋਕਾਰ ਸਗੋਂ ਉਹਨਾ ਬਜ਼ੁਰਗਾਂ ਲਈ ਬਹੁਤ ਨੀਵੀਂ ਸ਼ਬਦਾਵਲੀ ਵਰਤਦੇ ਰਹੇ ਹਨ ਕਿ ਰਾਗ ਮਾਲਾ ਨਾ ਪੜਨ
ਕਾਰਨ ਕੋਈ ਕੀੜੇ ਪੈ ਕੇ ਮਰਿਆ ਤੇ ਦੂਜਾ ਦੂਜੇ ਬਜ਼ੁਰਗ ਲਈ ਅੱਡੀਆਂ ਰਗੜ ਰਗੜ ਮਰਿਆ ਜੋ ਉਹਨਾ
ਬਜ਼ੁਰਗਾਂ ਲਈ ਵਰਤੀ ਜਾਣੀ ਕਦੇ ਵੀ ਉਚਿਤ ਨਹੀ ਸੀ। ਅਖੀਰ ਤੇ ਇਹੀ ਸੋਚਣਾ ਬਣਦਾ ਕਿ ਉਹਨਾ ਅਪਣੇ ਸਮੇ
ਤੇ ਸੋਝੀ ਮੁਤਬਕ ਜੋ ਚੰਗੇ ਕੰਮ ਕੀਤੇ ਉਹਨਾ ਲਈ ਉਹਨਾ ਦਾ ਬਣਦਾ ਸਤਿਕਾਰ ਕੀਤਾ ਜਾਵੇ ਤੇ ਜੋ
ਉਕਾਈਆਂ ਰਹਿ ਗਈਆਂ ਉਹਨਾ ਨੂੰ ਬਿਨਾ ਕਿਸੇ ਡੇਰੇ ਜਾਂ ਬਜ਼ੁਰਗ ਦੀ ਨਿੱਜੀ ਸੋਚ ਨੂੰ ਵਿਚਾਰਦਿਆਂ ਬੈਠ
ਕੇ ਗੁਰੂ ਦੀ ਨਿਰਮਲ ਸੋਚ ਵਿੱਚ ਪਿਆ ਕੂੜਾ-ਕੱਚਰਾ ਪਾਸੇ ਕਰਨ ਦੀ ਕੋਸ਼ਿਸ ਕੀਤੀ ਜਾਵੇ। ਇਹ ਪੰਜਾਬ
ਵਾਲਿਆਂ ਨਹੀ ਕਰਨੀ ਉਹਨਾ ਚੋਂ ਬਾਹਲਿਆਂ ਗੁਲਾਮੀ ਕਬੂਲ ਕਰ ਲਈ ਹੋਈ ਹੈ ਅਜਾਦ ਸੋਚ ਵਾਲੇ ਤਾਂ ਕੁੱਝ
ਸੋਚਣ! ਇਹ ਨਹੀ ਕਿ ਸਾਨੂੰ ਦਸਮ ਗਰੰਥ ਵਿਚਲੀ ਅਸ਼ਲੀਲਤਾ ਦਾ ਪਤਾ ਨਹੀ, ਇਹ ਵੀ ਪਤਾ ਸਾਨੂੰ ਕਿ ਇਹ
ਆਖਿਆ ਜਾਂਦਾ ਗੁਰੂ ਦਾ ਗਰੰਥ ਅਸੀਂ ਕਦੇ ਘਰਾਂ ਵਿੱਚ ਨਾ ਪੜਿਆ ਤੇ ਨਾ ਪੜਨ ਦੀ ਸਾਡੇ ਵਿੱਚ ਹਿੰਮਤ
ਹੈ, ਇਹ ਵੀ ਕਿ ਅਸੀਂ ਕਦੇ ਅਪਣੀਆਂ ਧਾਰਮਿਕ ਸਟੇਜਾਂ ਤੇ ਇਸ ਗਰੰਥ ਨੂੰ ਹਵਾ ਨਹੀ ਲੱਗਣ ਦਿਤੀ, ਇਹ
ਵੀ ਪਤਾ ਕਿ ਇਸ ਵਿਚਲੀਆਂ ਅਸ਼ਲੀਲ ਰਚਨਾਵਾਂ ਕਦੇ ਵੀ ਗੁਰੂ ਦੀ ਸਖਸ਼ੀਅਤ ਨਾਲ ਮੇਲ ਨਹੀ ਖਾਦੀਆਂ ਪਰ
ਸਾਡੀ ਮਜਬੂਰੀ ਅਪਣਾ-ਅਪਣਾ ਡੇਰਾ ਹੈ। ਅਪਣੇ ਅਪਣੇ ਬਜ਼ੁਰਗ ਹਨ ਜੀਹਨਾ ਦੀ ਸੋਚ ਦੇ ਖਿਲਾਫ ਜਾਂਦਿਆਂ
ਅਸੀਂ ਸ਼ਰਮ ਮਹਿਸੂਸ ਕਰਦੇ ਹਾਂ। ਪਰ ਭਰਾਵੋ! ਓਸ ਅਪਣੇ ਬਜ਼ੁਰਗਾਂ ਨਾਲੋਂ ਪਹਿਲਾਂ ਓਸ ਗੁਰੂ ਬਾਰੇ
ਤਾਂ ਸੋਚ ਕੇ ਦੇਖੋ ਜਿਸ ਅੱਗੇ ਮੱਥੇ ਵੀ ਰਗੜਦੇ ਹੋ ਗੁਰੂ ਵੀ ਆਂਹਦੇ ਹੋ ਪਰ ਲੋਕਾਂ ਦੀਆਂ ਔਰਤਾਂ
ਦੀਆਂ ਕੰਧਾਂ ਵੀ ਟਪਾਈ ਫਿਰ ਰਹੇ ਹੋ।
ਗੁਰਦੇਵ ਸਿੰਘ ਸੱਧੇਵਾਲੀਆ