.

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਉਪਰ ਕੋਈ ਸਮਝੋਤਾ ਨਹੀਂ

"ਦਸਮ ਗ੍ਰੰਥ" ਰਸਤੇ ਪ੍ਰਿਥੀਆ ਵਾਰ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਕੂੜਿ ਕਮਾਣੈ ਕੂੜੋ ਹੋਵੈ- ਅਕਤੂਬਰ ੨੦੦੮ ਤੀਜੀ ਸ਼ਤਾਬਦੀ ਹੈ ਕੇਵਲ ਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ। ਕਿਉਂਕਿ ਅਕਤੂਬਰ ਸੰਨ ੧੭੦੮ ਸੰਪੂਰਣਤਾ ਦਿਵਸ ਤੇ ਗੁਰਤਾ-ਗਦੀ ਦਿਵਸ ਹੈ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ। ਉਸ ਦਿਨ ਦਸਮੇਸ਼ ਪਿਤਾ ਨੇ ਦਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ `ਤੇ ਗੁਰਬਾਣੀ ਦੇ ਸੰਪੂਰਣਤਾ ਪ੍ਰਾਪਤ ਕਰ ਚੁਕੇ ਸਰੂਪ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੱਗੇ ਮੱਥਾ ਟੇਕਿਆ ਅਤੇ ਇਹਨਾ ਨੂੰ ਪੰਥ ਦਾ ਸਦੀਵੀ ਗੁਰੂ ਐਲਾਨਿਆ। ਕਿੰਨਾ ਵਧੀਆ ਤਰੀਕਾ ਹੈ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਦਾ। ਉਹ ਸੰਗਤਾਂ ਜਿਨ੍ਹਾਂ ਦਾ ਲਗਭਗ ੯੮% ਹਿੱਸਾ ਤਾਂ ਇਹ ਵੀ ਨਹੀਂ ਜਾਣਦਾ ਕਿ ‘ਦਸਮ ਗ੍ਰੰਥ’ ਹੈ ਕੀ? ਅਤੇ ਅਚਾਨਕ ਆਇਆ ਕਿਥੋਂ? ਅਤੇ ਉਹ ਵੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਸ਼ਰੀਕ ਬਣ ਕੇ, ਅਤੇ ਉਸੇ ਹੀ ਸਾਲ `ਚ- ਬਹੁਤੀਆਂ ਸੰਗਤਾਂ ਤਾਂ ਇੱਕ ਦੂਜੇ ਕੋਲੋਂ ਇਹੀ ਪੁੱਛ ਰਹੀਆਂ ਹਨ।

ਉਹ ‘ਦਸਮ ਗ੍ਰੰਥ’ ਜਿਸਦਾ ਸੰਨ ੧੬੭੦ ਤੋਂ ਪਹਿਲਾਂ ਇਤਿਹਾਸ `ਚ ਨਾਂ-ਪਤਾ ਵੀ ਨਹੀਂ ਸੀ ਪਰ ਅਚਾਨਕ ਹੀ ਆ ਗਈ ਉਸਦੀ ਵੀ ‘ਤੀਜੀ ਸ਼ਤਾਬਦੀ’ ਭਾਵ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ‘ਤੀਜੀ ਸ਼ਤਾਬਦੀ’ ਦੇ ਨਾਲ ਨਾਲ ਕਿਸੇ ‘ਦਸਮ ਗ੍ਰੰਥ’ ਦੀ ਤੀਜੀ ਸ਼ਤਬਦੀ ਦਾ ਸ਼ੋਸ਼ਾ ਵੀ ਛੇੜ ਦਿੱਤਾ ਗਿਆ। ਉਹ ਦਸਮ ਗ੍ਰੰਥ ਜਿਸਨੂੰ ਕਿ ਚੋਰ ਦਰਵਾਜ਼ੇ ਤੋਂ ਪੈਦਾ ਹੀ ਕੀਤਾ ਗਿਆ ਸੰਨ ੧੮੭੦ ਦੇ ਆਸਪਾਸ। ਇਸ ‘ਦਸਮਗ੍ਰੰਥ’ `ਤੇ ਬੜੇ ਨਿਯਮਬਧ ਤਰੀਕੇ ਚਰਚਾ ਇੰਨੀ ਤੇਜ਼ ਚਲਾ ਦਿੱਤੀ ਕਿ ੯੮% ਉੇਹ ਸੰਗਤਾਂ ਜਿਨ੍ਹਾਂ ਨੇ ਇਸਦਾ ਨਾਮ ਹੀ ਪਹਿਲੀ ਵਾਰੀ ਸੁਣਿਆ, ਹੈਰਾਨ ਹਨ ਕਿ ਇਹ ‘ਦਸਮ ਗ੍ਰੰਥ’ ਹੈ ਕਿਹੜੀ ਚੀਜ਼? ਇਸੇ ਕਾਰਣ ਜਦੋਂ ਆਪਸ `ਚ ਇਸ ਬਾਰੇ ਇਕ-ਦੂਜੇ ਕੋਲੋਂ ਪੁਛਦੇ ਹਨ ਤਾਂ ਤਸੱਲੀ ਬਖ਼ਸ਼ ਉਤਰ ਮਿਲਦਾ ਵੀ ਕਿਸੇ ਕੋਲੋ ਨਹੀਂ। ਵਾਹ ਰੇ ‘ਦਸਮਗ੍ਰੰਥ’! ਜਿਸਦੀ ਕਿ ਪੈਦਾ ਹੁੰਦੇ ਹੀ ਉਮਰ ਵੀ ਬਣ ਗਈ ਤਿੰਨ ਸੌ ਸਾਲ, ਭਾਵ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਬਰਾਬਰ ਅਤੇ ਇਸਦਾ ਅਖੌਤੀ ‘ਫ਼ਤਿਹ ਦਿਵਸ’ ਮਨਾ ਵੀ ਲਿਆ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਤਿੰਨ ਸੌ ਸਾਲਾ ਦਿਵਸ ਤੋਂ ਪਹਿਲਾਂ ਹੀ।

ਸਾਧ ਸੰਗਤ ਜੀ ਸਾਵਧਾਨ! -ਨਵਾਂ ਸ਼ੋਸ਼ਾ ਉਠਿਆ ਹੈ, ਜਿਸਦਾ ਨਾਮ ਹੈ ‘ਦਸਮ ਗ੍ਰੰਥ’। ਇਹ ਗ੍ਰੰਥ ਕਤੇਈ ਦਸਮੇਸ਼ ਪਿਤਾ ਦੀ ਰਚਨਾ ਨਹੀਂ ਜਿਵੇਂ ਕਿ ਬਹੁਤੀਆਂ ਸੰਗਤਾਂ ਇਸਦੇ ਨਾਮ ਤੋਂ ਅਜੇਹਾ ਭੁਲੇਖਾ ਖਾ ਰਹੀਆਂ ਹਨ। ਇਸ ਗ੍ਰੰਥ ਦੇ ੧੪੨੮ ਪੰਨੇ ਹਨ, ਉਹ ਵੀ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਭੁਲੇਖਾ ਦੇਣ ਲਈ, ਲਗਭਗ ਉਸੇ ਗਿਣਤੀ `ਚ। ਫ਼ਿਰ ਇਹਨਾ ੧੪੨੮ ਪੰਨਿਆਂ ਵਿੱਚ ਹੀ ਕੇਵਲ ੨੫-੩੦ ਪੰਨੇ ਜਾਣਬੁਝ ਕੇ ਉਹ ਵੀ ਜੋੜ ਰਖੇ ਹਨ ਜਿਥੋਂ ਕਿ ਕੌਮ ਨੂੰ ਸੌਖਾ ਧੋਖਾ ਦਿੱਤਾ ਜਾ ਸਕੇ। ਕਿਉਂਕਿ ਇਹਨਾ ੨੫-੩੦ ਪੰਨਿਆਂ `ਚ ਹੀ ‘ਜਾਪੁ ਸਾਹਿਬ’ ਆਦਿ ਪੰਥਕ ਨਿਤਨੇਮ ਦੀਆਂ ਬਾਣੀਆਂ ਵੀ ਹਨ। ਇਸ ਤੋਂ ਇਲਾਵਾ ਬਾਕੀ ਸਾਰੇ ਗ੍ਰੰਥ ਦਾ ਆਧਾਰ ਹਨ ਮਾਰਕੰਡੇ ਪੁਰਾਨ, ਸ਼ਿਵ ਪੁਰਾਨ, ਸ੍ਰੀ ਮਦ ਭਾਗਵਤ ਪੁਰਾਣ, ਵਾਮਮਾਰਗੀਏ-ਸਾਕਤ ਮਤੀਏ ਆਦਿ। ਇਹੀ ਗ੍ਰੰਥ ਹੈ ਜਿਸਨੂੰ ਤਿਆਰ ਵੀ ਇਸੇ ਲਈ ਕੀਤਾ ਗਿਆ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਰਬਉਚਤਾ ਨੂੰ ਵੰਗਾਰਿਆ ਜਾ ਸਕੇ ਅਤੇ ਵਰਤਿਆ ਵੀ ਇਸੇ ਕੰਮ ਲਈ ਹੀ ਜਾ ਰਿਹਾ ਹੈ। ਇਤਨਾ ਹੀ ਨਹੀਂ ਓਪਰੀ ਨਜ਼ਰੇ ਵੀ ਦੇਖੋ ਤਾਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਸ਼ਰੀਕ ਬਣਾ ਕੇ ਉਹਨਾਂ ਦੀ ਬਰਾਬਰੀ `ਤੇ-ਸੰਗਤਾਂ ਨੂੰ ਧੋਖਾ ਦੇਣ ਲਈ ਸਾਰੇ ਹੀਲੇ ਵਰਤੇ ਵੀ ਜਾ ਰਹੇ ਹਨ। ਵਿਰੋਧੀਆਂ ਦਾ ਮਕਸਦ ਸਪਸ਼ਟ ਹੈ ਕਿ ਸੰਗਤਾਂ ਦੇ ਮਨਾ ਵਿਚੋਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਸਤਿਕਾਰ ਡਗਮਗਾ ਜਾਵੇ। ਇਸ ਤਰ੍ਹਾਂ ਜੇਕਰ ਧੋਖਾ ਵੀ ਦਿੱਤਾ ਜਾ ਰਿਹਾ ਹੈ ਤਾਂ ਜਾਪੁ ਸਾਹਿਬ ਆਦਿਕ ਨਿਤਨੇਮ ਦੀਆਂ ਬਾਣੀਆਂ ਦੇ ਪੜਦੇ `ਚ ਉਹਨਾਂ ਦੇ ਨਾਮ ਵਰਤ ਕੇ। ਕਾਸ਼! ਅੱਜ ਗੁਰਬਾਣੀ ਅਨੁਸਾਰ ਸੰਗਤਾਂ ਨੂੰ ‘ਗੁਰੂ’ ਦੇ ਅਰਥ ਸਪਸ਼ਟ ਹੋਣ ਤਾਂ ਵਿਰੋਧੀਆਂ ਵਲੋਂ ਅਜੇਹੀਆਂ ਲੂਮੜ ਚਾਲਾਂ ਅੱਗੇ ਹੀ ਨਾ ਤੁਰ ਸਕਣ।

ਗੁਰਬਾਣੀ ਅਤੇ ਇਹ ਦਸਮ ਗ੍ਰੰਥ-ਦਰਅਸਲ ਦਸਮ ਗ੍ਰੰਥ ਦੇ ਕੁਲ ੧੪੨੮ ਪੰਨਿਆਂ ਵਿਚੋਂ ਉਹਨਾਂ ੨੫-੩੦ ਪੰਨਿਆਂ ਨੂੰ ਛੱਡ ਕੇ, ਇਹ ਇੱਕ ਅਜੇਹਾ ਗ੍ਰੰਥ ਹੈ ਜਿਸ ਦੀਆਂ ਲਿਖਤਾਂ ਨੂੰ ਬਾਣੀ ਤੁੱਲ ਸੋਚਣਾ ਤਾਂ ਦੂਰ, ਇਥੇ ਅਜੇਹੀਆਂ ਲਿਖਤਾਂ ਹਨ ਜਿਨ੍ਹਾਂ ਸਾਹਮਣੇ ਗੰਦੇ ਤੋਂ ਗੰਦੇ ਕੋਕ ਸ਼ਾਸਤ੍ਰ ਵੀ ਮਾਤ ਪੈ ਜਾਣ। ਸਮਝਣ ਦਾ ਵਿਸ਼ਾ ਹੈ, ਜਿੱਥੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਮਹਾਨ ਹਸਤੀ ਪੰਥ ਨੂੰ ਇਕੋ-ਇਕ ਅਕਾਲਪੁਰਖ ੴ ਨਾਲ ਜੋੜਣ ਵਾਲੀ, ਮੋਹ-ਮਾਇਆ-ਨਸ਼ੇ ਵਿਭਚਾਰਾਂ-ਵਿਕਾਰਾਂ `ਚੋਂ ਕਢ ਕੇ ਜੀਵਨ ਨੂੰ ਵਿਕਾਰ ਰਹਿਤ, ਸਾਫ਼-ਸੁਥਰਾ ਬਨਾਉਣ ਵਾਲੀ, ਇਸਤ੍ਰੀ-ਪੁਰਖ ਵਾਲੇ ਵਿਤਕਰੇ ਤੇ ਦੇਵੀ-ਦੇਵਤਾ-ਅਵਤਾਰਵਾਦ ਦੀ ਪੂਜਾ-ਅਰਚਾ ਵਿਚੋਂ ਆਜ਼ਾਦ ਕਰਣ ਵਾਲੀ, ਪ੍ਰਭੂ ਬਖਸ਼ੇ ਕੇਸਾਂ ਵਾਲੇ ਸੋਹਣੇ ਸਰੂਪ ਦਾ ਸਤਿਕਾਰ ਕਰਵਾਉਣ ਵਾਲੀ, ਕਰਮਕਾਂਡੀ ਅਤੇ ਬਨਾਵਟੀ ਜੀਵਨ ਚੋਂ ਸੁਰਖਰੂ ਕਰਕੇ ਮਨੁੱਖ ਨੂੰ ਇਲਾਹੀ ਗੁਣਾਂ ਦਾ ਵਾਰਿਸ ਬਨਾਉਣ ਵਾਲੀ, ਜੀਵਨ ਨੂੰ ਰਜ਼ਾ-ਭਾਨੇ ਵਲ ਮੋੜ ਕੇ ਸਦਾਚਾਰਕ ਬੁਲੰਦੀਆਂ ਤੀਕ ਪਹੁੰਚਾ, ਸਚਿਆਰਾ-ਆਨੰਦਮਈ-ਟਿਕਾਅ ਵਾਲਾ ਜੀਵਨ ਪ੍ਰਦਾਣ ਕਰਣ ਵਾਲੀ ਹੈ।

ਦੂਜੇ ਪਾਸੇ- ਮੌਜੂਦਾ ‘ਦਸਮ ਗ੍ਰੰਥ’ ਮਨੁੱਖ ਨੂੰ ਅਸ਼ਲੀਲਤਾ ਤੇ ਨੰਗੇਜਵਾਦ ਵਲ ਧਕੱਣ ਵਾਲਾ; ਨਸ਼ੇ-ਵਿਭਚਾਰਾਂ ਚ ਡੁਬੋਉਣ ਵਾਲਾ, ਕੇਸਾਂ-ਰੋਮਾਂ ਦੀ ਕੱਟ-ਵੱਢ ਦਾ ਉਪਦੇਸ਼ਕ, ਇਸਤ੍ਰੀ ਵਰਗ ਦੀ ਅਵਹੇਲਣਾ ਨਾਲ ਭਰਪੂਰ, ਦੇਵੀ-ਦੇਵਤਾ-ਅਵਤਾਰ ਵਾਦ; ਫੋਕਟ ਤੀਰਥਾਂ, ਜਪਾਂ-ਤਪਾਂ, ਦਾਨ-ਪੁੰਨ, ਸਗਨਾਂ-ਮਹੂਰਤਾਂ ਵਾਲੇ ਬ੍ਰਾਹਮਣੀ ਕਰਮਕਾਂਡਾਂ ਰਸਤੇ ਪਾਉਣ ਵਾਲਾ ਹੈ। ਹੋਰ ਤਾਂ ਹੋਰ, ਦਸਵੇਂ ਨਾਨਕ ਨੂੰ ਬਾਕੀ ਨੌ ਗੁਰੂ ਜਾਮਿਆਂ ਤੋਂ ਨਿਖੇੜ ਕੇ ਪੇਸ਼ ਕਰਣ ਵਾਲਾ ਤੇ ਕਲਗੀਧਰ ਜੀ ਨੂੰ ਦੇਵੀ ਪੂਜਕ ਸਾਬਤ ਕਰਣ ਵਾਲਾ—ਬਜਰ ਗੁਨਾਹਾਂ ਦਾ ਪੁਤਲਾ ਹੈ, ਇਹ ‘ਦਸਮ ਗ੍ਰੰਥ’।

ਤੀਜੀ ਸ਼ਤਾਬਦੀ ਅਤੇ ‘ਦਸਮ ਗ੍ਰੰਥ’ -ਸ਼ੋਸ਼ਾ ਛੱਡਿਆ ਵੀ ਗਿਆ ਤਾਂ ਕਦੋਂ? ਉਸ ਵੇਲੇ, ਜਦੋਂ ਸਾਰੀ ਕੌਮ ਅਕਤੂਬਰ ਸੰਨ ੨੦੦੮ ਕਾਰਨ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ‘ਸੰਪੂਰਣਤਾ ਅਤੇ ਗੁਰਤਾ-ਗਦੀ ਦਿਵਸ ਦੀ ਤੀਜੀ ਸ਼ਤਾਬਦੀ’ ਮਨਾ ਰਹੀ ਹੈ। ਸੰਗਤਾਂ `ਚ ਸਾਰੇ ਪਾਸੇ ਇਸ ਤੀਜੀ ਸ਼ਤਾਬਦੀ ਲਈ ਭਰਪੂਰ ਉਤਸਾਹ ਵੀ ਠਾਠਾਂ ਮਾਰ ਰਿਹਾ ਹੈ ਸ਼ਰਾਰਤੀਆਂ-ਵਿਰੋਧੀਆਂ ਦੇ ਦਿਮਾਗ਼ ਦੀ ਵੀ ਦਾਦ ਦੇਣੀ ਬਣਦੀ ਹੈ ਕਿ ਸ਼ੋਸ਼ਾ ਚੁੱਕਿਆ ਵੀ ਤਾਂ ਠੀਕ ਉਸ ਵੇਲੇ, ਜਦੋਂ ਸੰਗਤਾਂ ਦੇ ਉਤਸਾਹ ਦਾ ਵੱਧ ਤੋਂ ਵੱਧ ਨਾਜਾਇਜ਼ ਲਾਭ ਲਿਆ ਜਾ ਸਕਦਾ ਹੋਵੇ। ਵਿਰੋਧੀ ਚੰਗੀ ਤਰ੍ਹਾਂ ਜਾਣਦੇ ਹਨ (ੳ) ਅੱਜ ਸੰਗਤਾਂ ਵਿਚਕਾਰ ਗੁਰਬਾਣੀ ਜੀਵਨ ਬਾਰੇ ਭਰਵੀਂ ਅਗਿਆਨਤਾ ਹੈ, ਇਸ ਲਈ ਸੰਗਤਾਂ ਨੂੰ ਇਸ ਪਖੋਂ ਰਜਵਾਂ ਧੋਖਾ ਵੀ ਦਿੱਤਾ ਜਾ ਸਕਦਾ ਹੈ। (ਅ) ਇਹ ਦਸਮ ਪਾਤਸ਼ਾਹ ਦਾ ਨਹੀਂ, ਬਲਕਿ ਇਹ ਬਚਿਤ੍ਰ ਨਾਟਕ ਦੇ ਨਾਮ ਦਾ ਉਹ ਗ੍ਰੰਥ ਹੈ, ਜਿਸਨੂੰ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਲਗਭਗ ੨੮-੩੦ ਸਾਲ ਬਾਅਦ ਚੋਰ ਦਰਵਾਜ਼ੇ ਤੋਂ ਪੈਦਾ ਕੀਤਾ ਗਿਆ। (ੲ) ਸੰਨ ੧੮੭੦ ਦੇ ਆਸਪਾਸ ਇੱਕ ਗ੍ਰੰਥ ਨੂੰ ਨਾਮ ਦਿੱਤਾ ਗਿਆ ‘ਦਸਮ ਗ੍ਰੰਥ’ ਤਾਂ ਉਹ ਗ੍ਰੰਥ ਕਿਹੜਾ ਸੀ? (ਸ) ਉਸੇ ਬਚਿਤ੍ਰ ਨਾਟਕ ਦਾ ਨਾਂ ਬਦਲ ਕੇ ਕੀਤਾ ਗਿਆ ‘ਦਸਮ ਗ੍ਰੰਥ’, ਕਿਉਂਕਿ ਇਸ ਅੰਦਰ ‘ਸ੍ਰੀ ਮਦ ਭਾਗਵਤ ਪੁਰਾਣ’ ਦਾ ਦਸਵਾਂ ਸਕੰਧ (ਅਧਿਆਇ) ਵੀ ਹੈ। ਇਥੋਂ ਦਸਮ ਸਕੰਧ `ਚੋਂ ਹੀ ‘ਦਸਮ’ ਲਫ਼ਜ਼ ਨੂੰ ਚੁਕਿਆ, ਨਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ। (ਹ) ਇੰਨਾ ਹੀ ਨਹੀਂ ਜਦੋਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤੀਜੀ ਸ਼ਤਾਬਦੀ ਮਨਾਉਣ ਦੀਆਂ ਅਜੇ ਤਿਆਰੀਆਂ ਹੀ ਚਲਆਂ ਸਨ ਉਸ ਤੋਂ ਪਹਿਲਾਂ ਹੀ ਸੰਗਤਾਂ ਨੂੰ ਭਮਲ-ਭੁਸੇ `ਚ ਪਾਉਣ ਲਈ ਇਸ ਅਖੌਤੀ ‘ਦਸਮ ਗ੍ਰੰਥ’ ਦੇ ਵੀ ‘ਤੀਜੀ ਸ਼ਤਾਬਦੀ ਸੰਪੂਰਣਤਾ ਦਿਵਸ’ ਦੇ ਨਾਮ `ਤੇ ਅਚਾਨਕ ਹੀ ‘ਫ਼ਤਿਹ ਦਿਵਸ’ ਵਾਲਾ ਡਰਾਮਾ ਖੜਾ ਕਰ ਦਿੱਤਾ ਗਿਆ।

ਅੰਤ ਇਹ ਡਰਾਮਾ ਕੀਤਾ ਗਿਆ 13 ਨਵੰਬਰ 2006 ਨੂੰ, ‘ਗੁਰਦੁਆਰਾ ਮੰਜੀ ਸਹਿਬ, ਪਿੰਡ ਦਿਆਲਪੁਰਾ, ਭਾਈਕੇ ਅੰਬਾਲਾ ਵਿਖੇ ਇਸ ਬਨਾਵਟੀ ‘ਫ਼ਤਿਹ ਦਿਵਸ’ ਦੇ ਨਾਂ `ਤੇ। ਇਹ ਸੀ ਫ਼ਤਿਹ ਦਿਵਸ ਦੇ ਨਾਮ ਹੇਠ ਪੰਥ ਦਾ ਉਹ ‘ਕਾਲਾ ਦਿਵਸ’ ; ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਇਥੋਂ ਤੀਕ ਕਿ ਅਜੇਹਾ ਕਰਮ, ਗੁਰਬਾਣੀ ਦੀ ਘੋਰ ਬੇਅਦਬੀ ਵਾਲਾ ਕਾਲਾ ਕਾਰਨਾਮਾ ਤਾਂ ਸੀ ਹੀ, ਪੰਥਕ ਰਹਿਤ ਮਰਿਆਦਾ ਦਾ ਵੀ ਉਲੰਘੰਣ ਸੀ; ਫ਼ਿਰ ਇਸਦੇ ਪ੍ਰਚਾਰ ਲਈ ਵਰਤੇ ਗਏ ਵੱਡੇ ਵੱਡੇ ਹੋਰਡਿੰਗ, ਇਸ਼ਤਿਹਾਰ, ਟੀ. ਵੀ ਚੈਨਲ ਅਤੇ ਅਖਬਾਰਾਂ ਆਦਿ। ਉਪ੍ਰੰਤ ਇਥੇ ਵੀ ਬੱਸ ਨਹੀਂ, ਵਿਰੋਧੀਆਂ ਕੋਲ ਸਾਧਨਾ ਦੀ ਇੰਤਹਾ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ, ਕਿ ‘ਫ਼ਤਿਹ ਦਿਵਸ’ ਦੇ ਨਾਮ ਹੇਠ ਇਸ ‘ਕਾਲੇ ਦਿਵਸ’ `ਚ ਵਰਤੇ ਵੀ ਗਏ ਤਾਂ ਸਿੱਖਾਂ ਦੇ ਹੀ ਉਸ ਸਮੇਂ ਦੇ ਬਹੁਤੇ ਧਾਰਮਿਕ ਆਗੂ। ਇਸ ਤਰ੍ਹਾਂ ਅਜੇਹੇ ਸਿੱਖ ਧਾਰਮਿਕ ਆਗੂਆਂ ਨੇ ਆਪ ਇਸ ‘ਕਾਲੇ ਦਿਵਸ’ `ਚ ਸ਼ਾਮਿਲ ਹੋ ਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬ-ਉਚਤਾ ਨੂੰ ਵੰਗਾਰਣ ਵਾਲਾ ਇਹ ਕੁਕਰਮ ਆਪ ਅੱਗੇ ਹੋ ਕੇ ਕੀਤਾ। ਬੇਅਦਬੀ ਵੀ ਕੀਤੀ ਪਰ ਅੱਜ ਤੀਕ ਉਹਨਾਂ ਵਲੋਂ ਇਸ ਹਰਕਤ ਲਈ, ਪੰਥਕ ਤੌਰ ਤੇ ਮੁਆਫ਼ੀ ਤੀਕ ਵੀ ਨਹੀਂ ਮੰਗੀ ਗਈ।

ਇਸ ਤੋਂ ਵੱਧ ਕੀ ਹੋ ਸਕਦਾ ਹੈ? -ਹੋਰ ਤਾਂ ਹੋਰ, ਅੱਜ ਤਾਂ ਤਖਤ ਪਟਨਾ ਸਾਹਿਬ ਤੇ ਇਸਦੇ ਨਾਲ ਹੀ ਤਖਤ ਹਜ਼ੂਰ ਸਾਹਿਬ ਅਥਵਾ ਉਹ ਤਖਤ, ਜਿੱਥੇ ਦਸਮੇਸ਼ ਜੀ ਨੇ ਕੇਵਲ ਅਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਨੂੰ ਗੁਰਤਾ ਗੱਦੀ ਅਤੇ ਸੰਪੂਰਣਤਾ ਬਖਸ਼ੀ ਉਸਦੇ ਨਾਲ ਕਿਸੇ ਵੀ ਹੋਰ ਰਚਨਾ ਨੂੰ ਨਹੀਂ। ਫ਼ਿਰ ਵੀ ਇਹਨਾ ਦੋਨਾਂ ਤਖਤਾਂ ਦੇ ਪ੍ਰਬੰਧਕਾਂ ਦੀ ਢੀਠਤਾਈ ਕਿ, ਉਥੇ ਤਖ਼ਤਾਂ `ਤੇ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਬਰਾਬਰੀ `ਤੇ ਇਸ ਅਖੋਤੀ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਉਸਨੂੰ ਵੀ ਚੌਰਾਂ ਅਤੇ ਬਾਕੀ ਸਾਰੇ ਕਾਰਜ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਤਿਕਾਰ ਤੁੱਲ। ਬਲਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਅਖੰਡ ਪਾਠ ਨਾਲੋਂ ਵੱਧ ਭੇਟਾ ਇਸ ਅਖੌਤੀ ਦਸਮ ਗ੍ਰੰਥ’ ਦੀ ਅਖੰਡ ਪਾਠ ਦੀ ਲਈ ਜਾ ਰਹੀ ਹੈ। ਇਸ ਲਈ ਕਿ ਅਜੋਕੇ ਸਮੇਂ ਗੁਰਬਾਣੀ ਜੀਵਨ ਤੋਂ ਦੂਰ ਬੈਠੀਆਂ ਗੁਰੂ ਕੀਆਂ ਸੰਗਤਾਂ ਦੇ ਮਨਾਂ `ਚ ਅਖੌਤੀ ਦਸਮ ਗ੍ਰੰਥ ਦਾ ਪ੍ਰਭਾਵ ਭਾਰੂ ਕੀਤਾ ਜਾ ਸਕੇ। ਇਸ ਸਾਰੇ ਦਾ ਨਤੀਜਾ `ਚਲਤੇ ਪਾਛੇ ਜਗ ਚਲੇ’ ਅਨੁਸਾਰ ਉਹਨਾਂ ਦੀ ਦੇਖਾ-ਦੇਖੀ ਕੁੱਝ ਹੋਰ ਗੁਰਦੁਆਰਿਆ `ਚ ਵੀ ਇਹੀ ਕੁੱਝ ਹੋਣ ਲਗ ਪਿਆ ਹੈ ਜੋ ਕਿ ਸਿੱਖੀ ਦੇ ਭਵਿਖ ਲਈ ਜ਼ਬਰਦਸਤ ਖਤਰੇ ਦੀ ਘੰਟੀ ਹੈ।

ਵਾਹ ਰੇ ਤਖਤ ਹਜ਼ੂਰ ਸਾਹਿਬ ਦੇ ਪ੍ਰਬੰਧਕ ਸੱਜਨੋ! -ਇਨਾਂ ਹੀ ਨਹੀਂ, ਅੱਜ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਨਾਲ-ਨਾਲ ਗੁਰਦੁਆਰਿਆਂ `ਚ ਬਰਾਬਰੀ `ਤੇ ਇਸ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕਰਵਾਉਣ ਲਈ ਘਿਨਾਉਣੀਆਂ ਕੋਸ਼ਿਸ਼ਾਂ ਤਾਂ ਸ਼ਿਖਰਾਂ `ਤੇ ਹੈਨ ਹੀ। ਸਪਸ਼ਟ ਕਰ ਚੁਕੇ ਹਾਂ ਕਿ ਸਾਡੇ ਹੀ ਪੰਜਾਂ ਤਖਤਾਂ ਵਿਚੋਂ ਦੋ ਤਖ਼ਤ ਹਜ਼ੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ, ਅੱਜ ਵਿਰੋਧੀਆਂ ਰਾਹੀਂ, ਇਸ ਘਿਨਾਉਣੀ ਖੇਡ ਲਈ ਖੁੱਲੇ ਆਮ ਵਰਤੇ ਜਾ ਰਹੇ ਹਨ। ਛੁਪੀ ਗੁੱਝੀ ਗੱਲ ਨਹੀਂ ਰਹਿ ਗਈ, ਜਦੋਂ ਪਿਛਲੇ ਨਵੰਬਰ `ਚ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਾਲ ਭਰ ਲਈ, ‘ਗੁਰੂ ਮਾਨਿਉ ਗ੍ਰੰਥ’ ਦੇ ਹੀ ਨਾਮ ਅਤੇ ਭਾਰਤ ਪੱਧਰ ਦੀ ‘ਵਿਸ਼ਾਲ ਜਾਗ੍ਰਿਤੀ ਯਾਤਰ’ ਦਾ ਆਯੋਜਣ ਵੀ ਕੀਤਾ ਗਿਆ। ਜਦਕਿ ਹੁਣ ਤੀਕ ਤਾਂ ਇਸ ਜਾਗ੍ਰਿਤੀ ਯਾਤਰਾ ਦਾ ਮਕਸਦ ਵੀ ਨਿੱਖਰ ਕੇ ਸਾਹਮਣੇ ਆ ਚੁਕਾ ਹੈ ਅਤੇ ਉਹ ਮਕਸਦ ਸੀ ਸੰਪੂਰਣ ਭਾਰਤ ਦੇ ਨਾਮ `ਤੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਧੋਖੇ ਨਾਲ ਪ੍ਰੇਰ ਕੇ ਹਜ਼ੂਰ ਸਾਹਿਬ ਲਿਜਾਇਆ ਜਾਵੇ। ਉਪ੍ਰੰਤ ਉਥੇ ਉਹਨਾਂ ਕੋਲੋਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਜੀ ਦੀ ਬਰਾਬਰੀ `ਤੇ, ਬਲਕਿ ਧੋਖੇ ਨਾਲ, ਇਸ ਅਖੌਤੀ ਦਸਮਗ੍ਰੰਥ ਅੱਗੇ ਵੀ ਮੱਥੇ ਟਿਕਵਾਏ ਜਾਣ। ਜਦਕਿ ਅਜੇਹਾ ਕਰਨਾ ਸਿੱਖ ਧਰਮ ਦੇ ਵਿਰੁਧ ਇੱਕ ਨੀਚਤਾ ਪੂਰਣ ਕਰਮ ਤਾਂ ਹੈ ਹੀ ਸੀ ਨਾਲ ਨਾਲ ਸਿੱਖ ਰਹਿਤ ਮਰਿਆਦਾ-੧੯੪੫ ਦੀ ਖੁਲਮ-ਖੁਲਾ ਉਲੰਘਣਾ ਸੀ। ਇਸ ਤੋਂ ਵੱਡੀ ਗਲ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅਥਵਾ ਗੁਰੂ-ਗੁਰਬਾਣੀ ਦੀ ਘੋਰ ਬੇਅਦਬੀ ਵਾਲਾ ਬਜਰ ਗੁਣਾਹ ਵੀ ਹੈ। ਆਖਿਰ ਕਿੰਨਾ ਵਧੀਆ ਤਰੀਕਾ ਚੁਣਿਆ ਸਾਡੇ ਇਹਨਾ ‘ਮਹਾਪੁਰਸ਼ਾਂ’ ਨੇ ‘ਦਸਮ ਗ੍ਰੰਥ’ ਦੇ ਨਾਲ, ਦਸਮ ਪਿਤਾ ਦਾ ਨਾਂ ਵਰਤ ਕੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਤੇ ਧੋਖਾ ਦੇਣ ਦਾ; ਸੰਗਤਾਂ ਨੂੰ ਭੁਲੇਖਿਆਂ `ਚ ਪਾਉਣ ਤੇ ਉਹਨਾਂ ਦੇ ਜਜ਼ਬਾਤਾਂ ਨਾਲ ਖੇਡਣ ਦਾ। ਜਦਕਿ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਅਜੋਕੇ ਸਮੇਂ ਲਗਭਗ ੯੮% ਸੰਗਤਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ‘ਦਸਮ ਗ੍ਰੰਥ’ ਹੈ ਕੀ?

ਕੀ ਇਤਿਹਾਸ ਆਪਣੇ ਆਪ ਨੂੰ ਦੋਹਰਾ ਰਿਹਾ ਹੈ? ਜਦੋਂ ਆਦਿ ਬੀੜ ਦੀ ਸੰਪਾਦਨਾ ਹੋਈ ਸੀ ਤਾਂ ਸੰਪਾਦਨਾ ਸੰਬੰਧੀ ਵੱਧ ਤੋਂ ਵੱਧ ਭੁਲੇਖੇ-ਸ਼ੰਕੇ ਪੈਦਾ ਕੀਤੇ ਗਏ। ਪ੍ਰੀਥੀਏ, ਮੇਹਰਬਾਨ ਅਤੇ ਹੋਰ ਦੋਖੀਆਂ ਵਲੋਂ ਕਚੀ ਬਾਣੀ ਦੇ ਹੜ ਲਿਆਂਦੇ ਗਏ। ਬਾਣੀ ਵੀ ਉਹ ਰਚੀ ਗਈ ਜਿਸ `ਚ ਨਾਨਕ ਪਦ ਅਤੇ ਪ੍ਰਵਾਣਤ ਭਗਤਾਂ ਦੇ ਨਾਵਾਂ ਦਾ ਵੀ, ਬੜੀ ਬੇਸ਼ਰਮੀ ਨਾਲ ਖੁੱਲ ਕੇ ਇਸਤੇਮਾਲ ਹੋਇਆ। ਗੁਰਦੇਵ ਨੂੰ ਬਾਣੀ `ਚ ਹੀ, ਫ਼ੈਸਲਾ ਦੇਣ ਦੀ ਲੋੜ ਵੀ ਪੈ ਗਈ ਕਿ "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚˆੀ ਆਖਿ ਵਖਾਣੀ" (ਪੰ: 920) ਭਾਵ ਬਾਣੀ ਕੇਵਲ ਉਹੀ ਹੈ ਜੋ ਸਤਿਗੁਰਾਂ ਨੇ ਆਪ ਰਚੀ ਜਾਂ ਪ੍ਰਵਾਣ ਕਰਕੇ ਗੁਰਬਾਣੀ ਖਜ਼ਾਨੇ `ਚ ਦਰਜ ਕੀਤੀ ਹੈ। ਇਥੋਂ ਤੀਕ ਕਿ ਉਹ ਭਗਤ, ਜਿਨ੍ਹਾਂ ਦੀ ਬਾਣੀ ਪਾਤਸ਼ਾਹ ਨੇ ਪ੍ਰਵਾਨ ਕੀਤੀ; ਲਗਭਗ ਹਰੇਕ ਭਗਤ ਦੇ ਜੀਵਨ ਬਾਰੇ ਵੀ ਊਲ-ਜਲੂਲ ਕਹਾਣੀਆਂ ਪ੍ਰਚਲਤ ਕੀਤੀਆਂ ਗਈਆਂ। ਹਰੇਕ ਭਗਤ ਨੂੰ ਹੀ ਮੂਰਤੀ-ਪੱਥਰ ਪੂਜਕ ਅਤੇ ਬ੍ਰਾਹਮਣ ਦਾ ਪਿਛਲਗ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਸਲ ਗੱਲ ਉਦੋਂ ਹੀ ਸਮਝ `ਚ ਆਉਂਦੀ ਹੈ ਜਦੋ ਬਾਣੀ ਵਿਚੋਂ ਇਹਨਾ ਭਗਤਾਂ ਦੀਆਂ ਆਪਣੀਆਂ ਰਚਨਾਵਾਂ ਨੂੰ ਸਮਝੀਏ ਤਾਂ। ਸੰਪਾਦਨਾ ਸਮੇਂ ਛੱਜੂ-ਕਾਹਨਾ-ਸ਼ਾਹ ਹੁਸੈਨ ਵਰਗੇ ਫ਼ਰਜ਼ੀ ਭਗਤ ਚੁਕ-ਚੁਕਾ ਕੇ ਕੇਵਲ ਇਸ ਲਈ ਅੱਗੇ ਲਿਆਂਦੇ ਗਏ ਤਾਕਿ ਬਾਣੀ ਦੇ ਇਲਾਹੀ ਖਜ਼ਾਨੇ `ਚ ਮਿਲਾਵਟ ਕਰਵਾਈ ਜਾ ਸਕੇ ਅਤੇ ਇਸਦੀ ਵਿਸ਼ੁਧਤਾ ਨੂੰ ਖੋਰਾ ਲਾਇਆ ਜਾ ਸਕੇ।

ਬਾਣੀ ਨੂੰ ਇਕਤ੍ਰ ਕਰਣ ਸੰਬੰਧੀ ਵੀ ਅਜੇਹੀਆਂ ਊਲ ਜਲੀਲ ਕਹਾਣੀਆਂ ਜਿਵੇਂ ਪੋਥੀਆਂ ਬਾਬਾ ਮੋਹਨ ਜੀ ਦੇ ਚੁਬਾਰੇ ਤੋਂ, ਸੰਗਲਾ ਦੀਪ ਤੋਂ, ਸ੍ਰੀਚੰਦ ਤੋਂ, ਬਖ਼ਤੇ ਅਰੋਰੇ ਤੋਂ, ਬਾਣੀ ਭਾਈ ਬਨੋ ਤੋਂ, ਲੰਕਾ ਤੋਂ--ਜਦਕਿ ਸਾਰੀ ਬਾਣੀ ਦਰਜਾ-ਬਦਰਜਾ ਪੰਜਵੇਂ ਪਾਤਸ਼ਾਹ ਕੋਲ ਬੜੇ ਨਿਯਮ ਬੱਧ ਤਰੀਕੇ ਪੁੱਜੀ ਹੋਈ ਸੀ। ਵੱਡਾ ਕੰਮ ਸੀ ਤਾਂ ਗੁਰਬਾਣੀ ਨੂੰ ਤਰਤੀਬ ਦੇਣ ਦਾ ਜਿਹੜਾ ਕਿ ਆਪਣੇ ਆਪ `ਚ ਬੇਅੰਤ ਦੂਰ-ਅੰਦੇਸ਼ੀ ਦਾ ਕੰਮ ਸੀ ਅਤੇ ਪੰਜਵੇਂ ਪਾਤਸ਼ਾਹ ਨੇ ਉਸਨੂੰ ਇਸ ਤਰ੍ਹਾਂ ਨਿਭਾਇਆ ਵਿਰੋਧੀ ਕਿ ਅੱਜ ਤੀਕ ਬਾਣੀ `ਚ ਨਾ ਹੀ ਮਿਲਾਵਟ ਕਰ ਸਕੇ ਹਨ ਅਤੇ ਨਾ ਕਦੇ ਕਰ ਸਕਣਗੇ। ਇਸ ਲਈ ਬਾਣੀਆਂ ਨੂੰ ਇਕਤ੍ਰ ਕਰਣਾ ਤਾਂ ਮਸਲਾ ਹੈ ਹੀ ਨਹੀਂ ਸੀ। ਇਸ ਦੇ ਲਈ ਸਾਰੀਆ ਗਵਾਹੀਆ ਬਾਣੀ `ਚ ਹੀ ਮੌਜੂਦ ਹਨ, ਗੁਰਦੇਵ ਨੂੰ ਇੱਕ ਵੀ ਪੰਕਤੀ ਬਾਹਰੋਂ ਇਕਤ੍ਰ ਕਰਨ ਦੀ ਲੋੜ ਨਹੀਂ ਸੀ। ਬਲਕਿ ਤਰਤੀਬ ਤੋਂ ਇਲਾਵਾ, ਗੁਰਦੇਵ ਨੇ ਬੇਅੰਤ ਬਾਣੀ ਆਪ ਵੀ ਰਚੀ। ਇਸ ਤਰ੍ਹਾਂ ਬੇ-ਸਿਰਪੈਰ ਕਹਾਣੀਆਂ ਦਾ ਮਕਸਦ, ਸੰਗਤਾਂ `ਚ ਭੁਲੇਖੇ ਪੈਦਾ ਕਰਨਾ ਹੀ ਸੀ ਕਿ ‘ਅਦਿ ਬੀੜ’ ਅਧੂਰੀ ਹੈ `ਤੇ ਹੋ ਸਕਦਾ ਹੈ ਕਿ ਕੁੱਝ ਬਾਣੀ ਬਾਹਰ ਛੁਟ ਗਈ ਹੋਵੇ ਅਤੇ ਕੁੱਝ ਫ਼ਾਲਤੂ ਵੀ ਚੜ੍ਹ ਗਈ ਹੋਵੇ। ਇਹੀ ਇੱਕ ਤਰੀਕਾ ਰਹਿ ਗਿਆ ਸੀ ਕਿ ਵਿਰੋਧੀਆ ਦੇ ਵਾਰ ਵੀ ਚਲਦੇ ਰਹਿਣ ਅਤੇ ਸੁਆਰਥੀਅ-ਦੋਖੀਆਂ ਦੀਆਂ ਦੁਕਾਨਾ ਵੀ ਚਲਦੀਆਂ ਰਹਿਣ। ਇਹੀ ਕਾਰਣ ਹਨ ਕਿ ਉਹਨਾਂ ਗੁਮਰਾਹਕੁਣ ਹਰਕਤਾਂ ਦੇ ਅਸਰ ਅੱਜ ਵੀ ਦਿਖਾਈ ਦੇ ਰਹੇ ਹਨ।

ਇਸੇ ਤਰ੍ਹਾਂ ਅੱਜ ਦਸਮ ਗ੍ਰੰਥ- ਪੰਥ ਨਾਲ ਜੋ ਅੱਜ ਅਖੌਤੀ ਦਸਮ ਗ੍ਰੰਥ ਰਸਤੇ ਹੋ ਰਿਹਾ ਹੈ, ਸਪਸ਼ਟ ਹੈ ਇੱਕ ਵਾਰੀ ਪੰਥ ਲਈ ਫ਼ਿਰ ਤੋਂ ਹੋਰ ਪ੍ਰਿਥੀਏ ਜਨਮ ਲੈ ਚੁਕੇ ਹਨ ਅਤੇ ਇਤਿਹਾਸ ਨੂੰ ਦੋਹਰਾਇਆ ਜਾ ਰਿਹਾ ਹੈ। ਉਦੋਂ ਤਾਂ ਦੋਖੀਆਂ ਦਾ ਨਿਸ਼ਾਨਾ ਸੀ, ਗੁਰਬਾਣੀ `ਚ ਮਿਲਾਵਟ ਕਰਵਾਈ ਜਾ ਸਕੇ ਜਦਕਿ ਅੱਜ ਇਹਨਾ ਦੀ ਸੋਚ ਹੈ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਇਕੋ ਇੱਕ ਗੁਰੂ ਹੋਣ ਬਾਰੇ ਹੀ ਭੁਲੇਖੇ ਪਾ ਦਿੱਤੇ ਜਾਣ ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਅਜ਼ਮਤ ਨੂੰ ਵੰਗਾਰਿਆ ਜਾਵੇ। ਸਮਝਣ ਦਾ ਵਿਸ਼ਾ ਹੈ, ਅੱਜ ਕੇਵਲ ਸਮੇਂ ਅਨੁਸਾਰ ਸਾਜ਼ਿਸ਼ਾਂ ਦੇ ਰੰਗ ਰੂਪ ਹੀ ਬਦਲੇ ਹਨ ਜਦਕਿ ਵਿਰੋਧੀਆਂ ਦਾ ਨਿਸ਼ਾਨਾ ਉਸਤੋਂ ਵੀ ਕੁੱਝ ਅੱਗੇ ਹੈ। ਅੱਜ ਤਾਂ ਇਹ ਲੋਕ ਅਜੇਹੇ ਸੁਪਨੇ ਲੈ ਰਹੇ ਹਨ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਹੀ ਸ਼ਰੀਕ ਵੀ ਪੈਦਾ ਕਰ ਦਿੱਤੇ ਜਾਣ, ਜਿਸ ਤੋਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਮਹਤਵ ਹੀ ਨਾ ਰਵੇ; ਕੇਵਲ ਢੰਗ ਹੀ ਬਦਲੇ ਹਨ ਜਦਕਿ ਬਾਕੀ ਸਭ ਕੁੱਝ ਉਹੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧਤਾ- ਸਮੇਂ ਨਾਲ, ਗਲਾਂ ਉਘੜ ਕੇ ਸਾਹਮਣੇ ਆ ਹੀ ਚੁਕੀਆਂ ਹਨ ਕਿ ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ ਦਾ ਮੁੱਖ ਕਾਰਣ ਕੁੱਝ ਹੋਰ ਸਨ ਅਤੇ ਚੰਦੂ-ਖੁਸਰੋ ਕੇਵਲ ਵੱਕਤੀ ਤੇ ਹਕੂਮਤੀ ਸ਼ੋਸ਼ੇ ਸਨ। ਚੰਦੂ ਤਾਂ ਚੰਡਾਲ ਚੌਕੜੀ ਦਾ ਕਰਿੰਦਾ ਹੈ ਹੀ ਸੀ ਜਿਸ ਦਾ ਕਿ ਪਾਤਸ਼ਾਹ ਦੀ ਸ਼ਹਾਦਤ ਨਾਲ ਗੂੜ੍ਹਾ ਸੰਬੰਧ ਹੈ ਤੇ ਹਕੂਮਤ ਨੇ ਵੀ ਉਸ ਚੰਦਰੇ ਚੰਡਾਲ ਚੰਦੂ ਦਾ ਆਪਣੇ ਲਈ ਵੱਧ ਤੋਂ ਵੱਧ ਲਾਭ ਲਿਆ। ਜਦਕਿ ਖੁਸਰੋ ਨਾਲ ਗੁਰਦੇਵ ਦਾ ਕਦੇ ਮਿਲਾਪ ਹੋਇਆ ਹੀ ਨਹੀਂ ਸੀ। ਦੂਜੇ ਪਾਸੇ, ਪਾਤਸ਼ਾਹ ਨੇ ਆਪਣੀ ਸ਼ਹਾਦਤ ਰਾਹੀਂ ਸਾਬਤ ਕਰ ਦਿੱਤਾ ਕਿ ਗੁਰਬਾਣੀ ਹੀ ਸਰਬ-ਉੱਤਮ ਤੇ ਸਦੀਵੀ ਹੈ। ਗੁਰਦੇਵ ਨੇ ਆਪਣੀ ਸ਼ਹਾਦਤ ਦੇ ਕੇ ਫ਼ੈਸਲਾ ਵੀ ਦੇ ਦਿੱਤਾ ਕਿ ਗੁਰਬਾਣੀ ਦੀ ਸ਼ੁੱਧਤਾ ਨੂੰ ਕਾਇਮ ਰਖਣ ਲਈ, ਗੁਰੂ ਦਾ ਆਪਣਾ ਪਰਮ ਪਵਿਤ੍ਰ, ਸਤਿਕਾਰ ਜੋਗ ਸਰੀਰ ਵੀ ਵਾਰਿਆ ਜਾ ਸਕਦਾ ਹੈ ਪਰ ਗੁਰਬਾਣੀ `ਚ ਰੱਤੀ ਭਰ ਵੀ ਮਿਲਾਵਟ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ਸਮਝਣ ਦੀ ਲੋੜ ਹੈ ਉਹਨਾਂ ਗੁਰਮਖਾਂ ਨੂੰ ਜਿਹੜੇ ਅੱਜ ਅਣਜਾਣੇ ਜਾਂ ਕਿਸੀ ਕਾਰਨ ਵਿਰੋਧੀਆਂ ਦੀ ਹੀ ਤਾਕਤ ਬਣੇ ਹੋਏ ਹਨ।

ਦਰਅਸਲ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਜਿਸ ਸੱਚ ਦੀ ਪਤਾਕਾ ਨੂੰ ਮਜ਼ਬੂਤੀ ਨਾਲ ਚੁਕਿਆ ਗਿਆ ਸੀ, ਜਨੂੰਨੀਆਂ ਵਲੋਂ ਇਸਦਾ ਵਿਰੋਧ ਅਰੰਭ ਤੋਂ ਹੀ ਹੋ ਰਿਹਾ ਸੀ। ਕਦੇ ਲੰਗਰਾਂ `ਚ ਵਿਘਨ, ਕਦੇ ਗੁਰੂ ਪ੍ਰਵਾਰਾਂ `ਚ ਘੁਸਪੈਠ, ਕਦੇ ਨਕਲੀ ਬਾਣੀਆਂ ਰਚ ਕੇ ਸੰਗਤਾਂ ਨੂੰ ਭਰਮਾਉਣ ਦੇ ਜੱਤਣ, ਕਦੇ ਹਕੂਮਤ ਨੂੰ ਇੱਕ ਜਾਂ ਦੂਜੇ ਢੰਗ ਭੜਕਾਉਣਾ ਅਤੇ ਹੋਰ ਅਨੇਕਾਂ ਕੁ-ਰਸਤੇ। ਕਾਰਨ ਇਕੋ ਸੀ, ਗੁਰਬਾਣੀ ਸਿਧਾਂਤਾਂ ਰਾਹੀਂ ਮਨੁੱਖ ਸਮਾਜ’ ਚ ਨਿੱਤ ਵੱਧ ਰਿਹਾ ਗਿਆਨ ਦਾ ਚਾਨਣ, ਇਹਨਾ ਜਨੂੰਨੀਆਂ, ਜਾਤ ਅਭਿਮਾਨੀਆਂ, ਧਾਰਮਕ `ਤੇ ਰਾਜਸੀ ਠੱਗਾਂ ਦੇ ਢਿੱਡਾਂ `ਚ ਨਿੱਤ ਮਰੋੜ ਪੈਦਾ ਕਰ ਰਿਹਾ ਸੀ। ਪੰਜਵੇਂ ਪਾਤਸ਼ਾਹ ਦੇ ਸਮੇਂ ਤੀਕ, ਵਿਰੋਧੀ ਕਰਤੂਤਾਂ ਤੇ ਜਮਾਵੜੇ ਕੇਂਦ੍ਰਤ ਹੋ ਕੇ ਆਪਣੀ ਚਰਮਸੀਮਾਂ ਤੀਕ ਪੁੱਜ ਕੇ ਲਾਮਬੰਦ ਹੋ ਚੁਕੇ ਸਨ ਅਤੇ ਅੱਜ ਵੀ ਨਕਸ਼ਾ ਉਹੀ ਹੈ।

ਵਿਰੋਧੀਆਂ ਸਾਹਮਣੇ ਇਕੋ ਹੀ ਨਿਸ਼ਾਨਾ ਸੀ-ਕਿਸੇ ਵੀ ਢੰਗ, ਸਿੱਖ ਧਰਮ ਦੇ ਵਿਸਤਾਰ ਨੂੰ ਰੋਕਣਾ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪਾਦਨਾ `ਚ ਰੁਕਾਵਟਾਂ ਪਾਉਣੀਆਂ ਜਾਂ ਗੁਰਬਾਣੀ `ਚ ਮਨ-ਮਰਜ਼ੀ ਦੀ ਅਦਲਾ ਬਦਲੀ ਤੇ ਮਿਲਾਵਟ ਕਰਵਾ ਕੇ ਇਸ ਦੀ ਅਜ਼ਮਤ ਅਤੇ ਵਿਸ਼ੁੱਧਤਾ ਨੂੰ ਖੋਰਾ ਲਾਉਣਾ। ਇਹ ਸਾਰੇ ਹੋਛੇ ਹੱਥਕੰਡੇ ਜਦੋਂ ਇੱਕ ਤੋਂ ਬਾਅਦ ਇੱਕ, ਅਸਫ਼ਲ ਹੁੰਦੇ ਗਏ ਤਾਂ ਵਿਰੋਧੀਆਂ, ਜਨੂੰਨੀਆਂ, ਧਾਰਮਕ, ਰਾਜਸੀ ਠੱਗਾਂ ਦੇ ਸਾਂਝੇ ਜਮਾਵੜੇ ਨੇ ਪੰਜਵੇਂ ਪਾਤਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਇਸ ਸੱਚ ਦੀ ਲਹਿਰ ਨੂੰ ਖਤਮ ਕਰਨ ਲਈ ਉਹਨਾਂ ਦੁਸ਼ਟਾਂ ਨੇ ਜਿਹੜਾ ਕੋਝਾ ਜੱਤਨ ਕੀਤਾ, ਉਲਟਾ ਵਿਰੋਧੀਆਂ ਨੂੰ ਹੋਰ ਵੀ ਕਰਾਰੀ ਮਾਰ ਖਾਣੀ ਪਈ। ਸੱਚਮੁਚ ਜੇ ਪਾਤਸ਼ਾਹ ਮਾਮੂਲੀ ਜਿੰਨ੍ਹਾਂ ਵੀ ਝੁੱਕ ਜਾਂਦੇ ਤਾਂ ਸੰਸਾਰ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਰਗੇ ਸਦੀਵੀ ਜੁੱਗੋ ਜੁਗ ਅਟਲ, ਰਹਿਬਰ-ਸਤਿਗੁਰੂ ‘ਗੁਰੂ ਗ੍ਰੰਥ ਸਾਹਿਬ ਜੀ’ ਪ੍ਰਾਪਤ ਨਹੀਂ ਸਨ ਹੋ ਸਕਦੇ। ਪਾਤਸ਼ਾਹ ਨੇ ਤਸੀਹੇ ਭਰਪੂਰ ਸ਼ਹਾਦਤ ਤਾਂ ਕਬੂਲ਼ ਕਰ ਲਈ ਪਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਸ਼ੁੱਧਤਾ `ਤੇ ਆਂਚ ਨਹੀਂ ਆਉਣ ਦਿੱਤੀ।

‘ਗਰੁਗੱਦੀ’ ਕੇਵਲ ‘ਗੁਰੂ ਗ੍ਰੰਥ ਸਾਹਿਬ’ ਨੂੰ-ਇਤਿਹਾਸਕਾਰ ਇੱਕ ਮੱਤ ਹਨ ਕਿ ਗੁਰਗੱਦੀ ਕੇਵਲ ਤੇ ਕੇਵਲ ਸਾਹਿਬ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਹੀ ਪ੍ਰਾਪਤ ਹੋਈ ਸੀ। ਦਰਅਸਲ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਗੱਦੀ ਸੌਪਣਾ ਹੀ ਆਪਣੇ ਆਪ `ਚ ਗੁਰਬਾਣੀ ਸਰੂਪ ਦੀ ਸੰਪੂਰਣਤਾ ਦਾ ਵੀ ਐਲਾਨ ਸੀ; ਨਹੀਂ ਤਾਂ ਗੁਰਬਾਣੀ ਦੇ ‘ਗੁਰੂ’ ਹੋਣ ਵਾਲਾ ਫ਼ੈਸਲਾ ਪਹਿਲੇ ਜਾਮੇ ਤੋਂ ਹੀ ਗੁਰਬਾਣੀ `ਚ ਸੈਂਕੜੇ ਵਾਰੀ ਮੌਜੂਦ ਸੀ। ਚੂੰਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ `ਤੇ ਸੰਪੂਣਤਾ ਬਖਸ਼ੀ ਵੀ ਦਸਮੇਸ਼ ਜੀ ਨੇ ਆਪ ਹੀ ਸੀ। ਦਸਮ ਪਿਤਾ ਵੀ ਕੋਈ ਹੋਰ ਨਹੀਂ, ਬਲਕਿ ‘ਨਾਨਕ ਜੋਤ’ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਹੀ ਦਸਵਾਂ ਸਰੂਪ ਸਨ। ਇਸ ਲਈ (ੳ) ਜੇ ਉਸ ਵੱਕਤ ਅਜੇਹੇ ਕਿਸੇ ‘ਦਸਮ ਗ੍ਰੰਥ’ ਦਾ ਕੋਈ ਵਜੂਦ ਹੁੰਦਾ ਜਾਂ ਕਿਸੇ ਹੋਰ ਰਚਨਾ ਨੂੰ ਗੁਰੂ ਵਾਲੀ ਮਹਾਨਤਾ ਦੇਣੀ ਹੁੰਦੀ ਤਾਂ ਉਹਨਾਂ ਨੂੰ ਕੋਈ ਰੋਕ ਨਹੀਂ ਸੀ। (ਅ) ਹੋਰ ਨਹੀਂ ਤਾਂ ਆਪਣੀਆਂ ਰਚਨਾਵਾਂ ਨੂੰ ਵੀ ‘ਨਾਨਕ’ ਪਦ ਵਰਤ ਕੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਦਰਜ ਕਰ ਸਕਦੇ ਸਨ। (ੲ) ਨੌਵੇਂ ਪਾਤਸ਼ਾਹ ਦੀ ਬਾਣੀ ਵੀ ਦਸਮੇਸ਼ ਜੀ ਨੇ ਹੀ "ਗੁਰੂ ਗ੍ਰੰਥ ਸਾਹਿਬ’ ਅੰਦਰ ਆਪ ਦਰਜ ਕਰਵਾਈ ਸੀ, ਉਪ੍ਰੰਤ ਆਪਣੀ ਵੀ ਦਰਜ ਕਰਵਾ ਸਕਦੇ ਸਨ। ਪਰ ਇਹ ਸਭ ਨਹੀਂ ਹੋਇਆ। ਬਾਕੀ ਤਾਂ ਛਡੋ! ਇਹਨਾ ਕੜਵੀਆਂ ਸਚਾਈਆਂ ਦਾ ਕਿਸੇ ਵਿਰੋਧੀ ਜਾਂ ਮੌਜੂਦਾ ‘ਦਸਮ ਗ੍ਰੰਥ’ ਦੇ ਸ਼ੈਦਾਈਆਂ ਕੋਲ ਵੀ ਕੋਈ ਉਤਰ ਨਹੀਂ।

ਕੇਵਲ ਇੱਕ ਦਿਨ ਪਹਿਲਾਂ ਹੀ- ਗੁਰਦੇਵ ਨੇ ਤਾਂ ਹੋਰ ਵੱਡੀ ਕਮਾਲ ਦੀ ਦੂਰ-ਅੰਦੇਸ਼ੀ ਵਰਤੀ। ਆਪ ਨੇ ਸੰਪੂਰਣਤਾ ਅਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਵੀ ਸੋਂਪੀ ਤਾਂ ਜੋਤੀ-ਜੋਤ ਸਮਾਉਣ ਤੋਂ ਕੇਵਲ ਇੱਕ ਦਿਨ ਪਹਿਲਾਂ। ਜੇਕਰ ਇਹ ਗੱਲ ਨਾ ਹੋਈ ਹੁੰਦੀ ਤਾਂ ਇਹਨਾ ਸ਼ਰਾਰਤੀ ਲੋਕਾਂ ਨੂੰ ਇਹ ਬਹਾਨਾ ਵੀ ਮਿਲ ਜਾਣਾ ਸੀ ‘ਹੋ ਸਕਦਾ ਹੈ ਦਸਮੇਸ਼ ਜੀ ਨੇ ਆਪਣੀਆਂ ਰਚਨਾਵਾਂ, ਸੰਪੂਰਣਤਾ ਅਤੇ ਗੁਰਗੱਦੀ ਤੋਂ ਬਾਅਦ ਕੀਤੀਆਂ ਹੋਵਣ, ਇਸ ਲਈ "ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਨਹੀਂ ਹੋਈਂਆਂ"। ਕੁਰਬਾਣ ਜਾਈਏ ਗੁਰਦੇਵ ਸੁਆਮੀ ਤੋਂ ਕਿ ਉਹਨਾਂ ਨੇ ਅਜੋਕੇ ਪ੍ਰੀਥੀਆਂ ਲਈੰ ਇਸ ਦੀ ਨੌਬਤ ਵੀ ਨਹੀਂ ਆਉਣ ਦਿੱਤੀ।

ਸੰਸਾਰ ਭਰ ਦੇ ਇਕੋ ਇੱਕ ਗੁਰੂ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ - ਅੰਤ `ਚ ਇਤਨਾ ਜ਼ਰੂਰ ਕਹਿਣਾ ਚਾਹਵਾਂਗੇ ਕਿ ਜੁਗੋ-ਜੁਗ ਅਟੱਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੁੱਲ ਕਚੀਆਂ ਲਿਖਤਾਂ ਖੜੀਆਂ ਕਰਣ ਦਾ ਜੱਤਨ ਕਰਣ ਵਾਲੇ ਸਜਣੋ! ਆਪਣੀਆਂ ਨੀਚ ਹਰਕਤਾਂ ਤੋਂ ਪਹਿਲਾਂ ਤੁਸਾਂ ਗੁਰਬਾਣੀ ਖਜ਼ਾਨੇ `ਚੋਂ ਇਸੇ ਗਲ ਨੂੰ ਹੀ ਸਮਝਣ ਦਾ ਜੱਤਨ ਕਰ ਲਿਆ ਹੁੰਦਾ ਕਿ ‘ਗੁਰਬਾਣੀ’ ਅਨੁਸਾਰ ‘ਗੁਰੂ’ ਦਾ ਦਰਜਾ ਕੀ ਹੈ? ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਘਰ `ਚ ਗੁਰੂ ਕੇਵਲ ਅਕਾਲਪੁਰਖੀ ਗੁਰੂ-ਆਤਮਕ ਗਿਆਨ ਹੀ ਹੈ ਜਿਸਤੋਂ ਮਨੁੱਖੀ ਮਨ ਦਾ ਹਨੇਰਾ ਕਟਿਆ ਜਾਣਾ ਹੈ, ਮਨੁੱਖਾ ਜੀਵਨ ਦੀ ਸੰਭਾਲ ਹੋਣੀ ਹੈ। ਇਥੇ ‘ਗੁਰੂ’ ਪਦ ਦੇ ਅਰਥ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ਅਰਥ ਲਾਗੂ ਨਹੀਂ ਹੁੰਦੇ। ਇਥੇ ‘ਗੁਰੂ’ ਪਦ ਦੇ ਅਰਥ ਵੀ ਬਿਲਕੁਲ ਨਿਵੇਕਲੇ ਹੀ ਹਨ ਜੋ ਗੁਰਬਾਣੀ ਤੋਂ ਬਾਹਰ ਕਿਧਰੇ ਲਾਗੂ ਹੋ ਹੀ ਨਹੀਂ ਸਕਦੇ। ਜੇਕਰ ਇੱਕ ਵਾਰੀ ‘ਗੁਰਬਾਣੀ’ ਦੀ ਥੋੜੀ ਜਹੀ ਵੀ ਗਹਿਰਾਈ `ਚ ਚਲੇ ਜਾਵੇਗੋ ਤਾਂ ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਇਸ ਇਲਾਹੀ ਰਚਨਾ ਦੇ ਤੁੱਲ ਕੋਈ ਰਚਨਾ ਤਾਂ ਦੂਰ, ਲਗ-ਮਾਤ੍ਰਾ ਦਾ ਵਾਧਾ-ਘਾਟਾ ਵੀ ਨਹੀਂ ਕੀਤਾ ਜਾ ਸਕਦਾ। ਸ਼ਾਇਦ ਅੱਜ ਤੁਹਾਨੂੰ ਰਾਮਰਾਏ ਵਾਲੀ ਸਾਖੀ ਹੀ ਵਿਸਰ ਚੁੱਕੀ ਹੈ ਜਦੋਂ ਕੇਵਲ ਇੱਕ ਲਫ਼ਜ਼ ਦੇ ਵਾਧੇ ਘਾਟੇ ਕਾਰਣ, ਗੁਰਦੇਵ ਨੇ ਆਪਣੇ ਪੁਤ੍ਰ ਦਾ ਵੀ ਸਦਾ ਲਈ ਤਿਆਗ ਕਰ ਦਿੱਤਾ ਤਾਂ ਗੁਰੂ ਦੀ ਦਰਗਾਹ `ਚ ਤੁਸੀਂ ਕਿਸ ਦੇ ਵਿਚਾਰੇ ਹੋ?

ਸਮਝਣ ਦੀ ਗਲ ਹੈ, ਜਿਥੇ ਕੇਵਲ ਇੱਕ ਲਫ਼ਜ਼ ਦੇ ਵਾਧੇ-ਘਾਟੇ ਨਾਲ ਅਰਥਾਂ ਦੇ ਅਨਰਥ ਹੋ ਰਹੇ ਸਨ, ਦੂਜਾ ਅਚਣਚੇਤ ਹੀ ਗੁਰਬਾਣੀ ਸਿਧਾਂਤ ਤੇ ਚੋਟ ਆ ਰਹੀ ਸੀ, ਤੀਜਾ ਵੱਡੀ ਗੱਲ, ਇਹ ਕਰਮ ਗੁਰਬਾਣੀ ਦੀ ਵਿਸ਼ੁਧਤਾ ਨੂੰ ਵੀ ਵੰਗਾਰ ਸੀ। ਇਹ ਤਾਂ ਹੈ ਕੇਵਲ ਇੱਕ ਲਫ਼ਜ਼ ਦੀ ਅਦਲਾ-ਬਦਲੀ ਦਾ ਸੁਆਲ ਪਰ ਤੁਸੀਂ ਕੀ ਚਾਹੁੰਦੇ ਹੋ ਕਿ ਇਲਾਹੀ ਕਲਾਮ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਰਾਬਰੀ `ਤੇ ਉਸ ਗ੍ਰੰਥ ਦਾ ਪ੍ਰਕਾਸ਼ ਕਰ ਦਿੱਤਾ ਜਾਵੇ ਜਿਸ `ਚ ਲੱਚਰ, ਅਸ਼ਲੀਲ, ਇਸਤ੍ਰੀ ਵਰਗ ਨੂੰ ਨੀਵਾਂ ਤੇ ਘਟੀਆ ਦਸਣ ਵਾਲਾ, ਨਸ਼ੇ ਪ੍ਰੇਰਕ, ਕੇਸਾਂ ਦੀ ਖੁਲੇਆਮ ਬੇਅਦਬੀ ਕਰਨ ਵਾਲਾ ਅਤੇ ਗੁਰਬਾਣੀ ਦੀਆਂ ਸਚਾਈਆਂ `ਤੇ ਹੂੰਝਾ ਫ਼ੇਰਣ ਦਾ ਕੋਝਾ ਜੱਤਨ ਕਰਣ ਵਾਲਾ ਹੀ ਮਸਾਲਾ ਭਰਿਆ ਪਿਆ ਹੈ ਅਤੇ ਉਥੇ ਹੋਰ ਕੁੱਝ ਹੈ ਹੀ ਨਹੀਂ। ਕੁੱਝ ਤਾਂ ਅਕਾਲਪੁਰਖੁ ਦਾ ਭੈਅ ਆਪਣੇ ਅੰਦਰ ਕਾਇਮ ਰਖ ਲਵੋ! ਸ਼ਾਇਦ ਇਸ ਘਟੀਆ ਸੋਚਣੀ ਲਈ, ਤੁਹਾਡੀ ਆਪਣੀ ਆਤਮਾ ਹੀ ਤੁਹਾਨੂੰ ਲਾਹਨਤਾਂ ਪਾ ਦੇਵੇ ਅਤੇ ਇਥੋਂ ਹੀ ਵਾਪਸ ਹੋ ਜਾਵੋ।

ਅਜੇ ਵੀ ਸਮਾਂ ਹੈ ਦਸਮੇਸ਼ ਜੀ ਚਰਣਾ `ਚ ਸਿਰ ਝੁਕਾ ਸਕੋ- ਚੇਤੇ ਰਖੋ! ਜਦੋਂ ਦਸਮੇਸ਼ ਜੀ ਨੇ ਆਪ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਉਪਰ ਸੰਪੂਰਣਤਾ ਦੀ ਮੋਹਰ ਲਗਾਈ ਅਤੇ ਸਾਨੂੰ ਕੇਵਲ ਅਤੇ ਕੇਵਲ "ਗੁਰੂ ਗ੍ਰੰਥ ਸਾਹਿਬ ਜੀ" ਦੇ ਲੜ ਲਾਇਆ ਹੈ ਤਾਂ ਉਸਤੋਂ ਬਾਅਦ ਇਹਨਾ ਲੂਮੜ ਚਾਲਾਂ ਤੋਂ ਸਾਨੂੰ ਬਹੁਤ ਹੁਸ਼ਿਆਰ ਰਹਿਣ ਦੀ ਲੋੜ ਸੀ। ਆਖਿਰ, ਸੰਪੂਰਣਤਾ ਦੇ ਐਲਾਨ ਦਾ ਮੱਤਲਬ ਕੀ ਹੈ? ਇਹ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਾਲੀ ਰਚਨਾ `ਚ ਕੋਈ ਵਾਧਾ-ਘਾਟਾ ਨਹੀਂ ਹੋ ਸਕਦਾ। ਖੂਬੀ ਇਹ ਕਿ ਲਫ਼ਜ਼, ਪੰਕਤੀ ਜਾਂ ਸ਼ਬਦ ਦੇ ਵਾਧੇ-ਘਾਟੇ ਦੀ ਤਾਂ ਗਲ ਹੀ ਪਿਛੇ ਰਹਿ ਜਾਂਦੀ ਹੈ, ਸ਼ਰਾਰਤੀ ਦਿਮਾਗ਼ ਤਾਂ ਅੱਜ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਮੁਕਾਬਲੇ ਤੇ ਬਰਾਬਰੀ ਤੇ ਪੂਰਾ ਗ੍ਰੰਥ ਹੀ ਖੜਾ ਕਰਣ ਲਈ ਉਤਾਵਲੇ ਹੋਏ ਦਿਨ ਰਾਤ ਇੱਕ ਕਰ ਰਹੇ ਹਨ।

ਸਮਝਣ ਦੀ ਲੋੜ ਹੈ ਕਿ ਕਿ ਅੱਜ ਅਸੀਂ ਕਿਸ ਹਦ ਤੀਕ ਨੀਵੇਂ ਡਿੱਗ ਚੁਕੇ ਹਾਂ। "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿਚੋਂ ਲਗ ਮਾਤ੍ਰਾ ਤਾਂ ਅਸੀਂ ਬਦਲ ਨਹੀਂ ਸਕਦੇ ਪਰ ਕੀ ਅੱਜ ਸਾਨੂੰ ਇਹ ਹੱਕ ਵੀ ਹੈ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਮੁਕਾਬਲੇ `ਤੇ ਪੂਰਾ ਗ੍ਰੰਥ ਹੀ ਖੜਾ ਕਰ ਦੇਵੀਏ। ਇਤਨਾ ਹੀ ਨਹੀਂ ਬਲਕਿ ਉਹ ਵੀ ਅਜੇਹਾ ਗ੍ਰੰਥ, ਜਿਸਨੂੰ ਮਾਤਾਵਾਂ, ਬੀਬੀਆਂ-ਬੱਚੀਆਂ ਪੜ੍ਹ ਵੀ ਨਾ ਸਕਣ। ਕਿਸੇ ਅਜੇਹੀ ਰਚਨਾਂ ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਰਾਬਰੀ ਤੇ ਲਿਆਉਣ ਵਾਲੀ ਆਖਿਰ ਤੁਸੀਂ ਕਿਹੜੀ ਹੁਮਾਕਤ ਕਰ ਰਹੇ ਹੋ?

ਕੀ ਅੱਜ ਅਸੀਂ ਦਸਮੇਸ਼ ਜੀ ਤੋਂ ਵੀ ਵੱਧ ਸਿਆਣੇ ਹੋ ਗਏ ਹਾਂ? ਕੀ ਸਚਮੁਚ ਅੱਜ ਅਸੀਂ ਕਲਗੀਧਰ ਪਾਤਸ਼ਾਹ ਤੋਂ ਵੀ ਵੱਧ ਸਿਆਣੇ ਹੋ ਗਏ ਹਾਂ? ਕੀ ਆਪਣੀ ਕਰਤੂਤ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਗੁਰੂ ਤੋਂ ਵੀ ਵੱਧ ਸਿਆਣੇ ਤੇ ਸਮਝਦਾਰ ਹਾਂ? ਇਹ ਠੀਕ ਹੈ ਕਿ ਮੋਜੂਦਾ ‘ਦਸਮ ਗ੍ਰੰਥ’ `ਚ ਜਾਪੁ ਸਾਹਿਬ, ਸਵੇਯੇ ਆਦਿ ਕੁੱਝ ਰਚਨਾਵਾਂ ਉਹ ਵੀ ਜੋੜ ਰਖੀਆਂ ਹਨ, ਜੋ ਸੰਨ ੧੯੪੫ ਦੀ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਹਨ, ਫ਼ਿਰ ਵੀ (੧) ਪਹਿਲੀ ਗੱਲ ਕਿ ਇਹ ਵਿਸ਼ਾ ਬਿਲਕੁਲ ਵੱਖਰਾ ਤੇ ਸਰਬ ਖਾਲਸਾ ਪੱਧਰ ਦਾ ਹੈ (੨) ਮੌਜੂਦਾ ਦਸਮਗ੍ਰੰਥ ਦੇ ਕੁਲ ੧੪੨੮ ਪੰਨਿਆਂ ਵਿਚੋਂ ਉਹ ਬਾਣੀਆਂ ਵੀ ਕੇਵਲ ੨੫-੩੦ ਪੰਨੇ ਹੀ ਹਨ, ਤਾਂ ਫ਼ਿਰ ਬਾਕੀ ਲਗਭਗ ੧੪੦੦ ਪੰਨੇ ਦੀਆਂ ਗੁਰਮਤਿ ਵਿਰੋਧੀ ਲਿਖਤਾਂ ਕਿਉ? ਫ਼ਿਰ ਵੀ ਗੱਲ ਤਾਂ ਹੈ ੧੪੨੮ ਪੰਨੇ ਦੇ ਉਸ ‘ਦਸਮ ਗ੍ਰੰਥ’ ਦੀ ਹੈ ਜਿਸਦਾ ਕਿ ਜਨਮ ਹੀ ਸੰਨ ੧੮੭੦ ਦੇ ਆਸ ਪਾਸ ਹੋਇਆ ਅਤੇ ਉਸਤੋਂ ਪਹਿਲਾਂ ਦਸਮਗ੍ਰੰਥ ਨਾਂ ਦਾ ਕੋਈ ਗ੍ਰੰਥ ਹੈ ਹੀ ਨਹੀਂ ਸੀ। ਦੂਜਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਾਣੀ ਉਥੇ ਹੈ ਹੀ ਨਹੀਂ। ਤੀਜਾ-ਕਮਾਲ ਇਹ ਕਿ, ਇਸ ਨਵੇਂ ਜਨਮੇ ਸੰਨ ੧੮੭੦ ਦੇ ਆਸ ਪਾਸ ਪੈਦਾ ਕੀਤੇ ‘ਦਸਮ ਗ੍ਰੰਥ’ ਪਰ ਅਸਲੋਂ ‘ਬਚਿਤ੍ਰ ਨਾਟਕ’ ਦੇ ਸੰਪੂਰਣਤਾ ਦਿਵਸ ਦੀ ਤੀਜੀ ਸ਼ਤਾਬਦੀ ਵੀ ਆ ਗਈ; ਉਹ ਵੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਨਾਲ ਹੀ। ਵਾਹ ਰੇ ਹਿਸਾਬ ਕਿਤਾਬ ਦੇ ਮਾਹਿਰੋ!

ਐਲਾਨ ਕੀਤੇ ਜਾ ਰਹੇ ਹਨ ਗੁਰਦੁਆਰਿਆਂ `ਚ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਨਾਲ-ਨਾਲ ਇਸ ‘ਦਸਮ ਗ੍ਰੰਥ’ ਦੇ ਪ੍ਰਕਾਸ਼ ਕਰਣ ਦੇ। ਸੰਸਾਰ ਭਰ ਦੇ ਦੌਰੇ ਕੀਤੇ ਜਾ ਰਹੇ ਹਨ ਇਸ ‘ਵਧੀਆ’ ਕਾਰਜ ਲਈ। ਦਸਮ ਗ੍ਰੰਥ ਵਾਲਾ ਅਜੇਹਾ ਬੇ-ਸਿਰਪੈਰ ਵਾਵੇਲਾ ਕਰਣ ਵਾਲਿਆਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਹੈ ਕਿ ਅਕਤੂਬਰ ਸੰਨ ੨੦੦੮ ਤੀਜੀ ਸ਼ਤਾਬਦੀ ਸੰਪੂਰਣਤਾ ਦਿਵਸ ਤੇ ਗੁਰਤਾ-ਗਦੀ ਦਿਵਸ ਹੈ ਕੇਵਲ ਤੇ ਕੇਵਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ, ਕਿਸੇ ਹੋਰ ਦਾ ਨਹੀਂ। ਕਿੰਨਾ ਵਧੀਆ ਤਰੀਕਾ ਹੈ ਤੁਹਾਡਾ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਦਾ। ਉਹ ਸੰਗਤਾਂ ਜਿਨ੍ਹਾਂ ਦਾ ਲਗਭਗ ੯੮% ਹਿੱਸਾ ਤਾਂ ਇਹ ਵੀ ਨਹੀਂ ਜਾਣਦਾ ਕਿ ਇਹ ‘ਦਸਮ ਗ੍ਰੱਥ’ ਹੈ ਕੀ? ਜੇ ਕਰ ਤੁਹਾਡੇ ਅੰਦਰ ਰਤੀ ਭਰ ਵੀ ਸਚਾਈ ਹੈ ਤਾਂ (੧) ਪਹਿਲਾਂ ਆਪਣੇ ਘਰਾਂ `ਚ ਬੈਠ ਕੇ ਇਹ ਦਸਮ ਗ੍ਰੰਥ ਆਪਣੀਆਂ ਬੱਚੀਆਂ, ਭੈਣਾਂ, ਮਾਤਾਵਾਂ ਬੀਬੀਆਂ ਨੂੰ ਅਰਥਾਂ ਸਹਿਤ ਪੜ੍ਹ ਕੇ ਸੁਨਾਵੋ। (੨) ਲਾਉਡ ਸਪੀਕਰ ਲਗਾ ਕੇ ਇਸ ਦਸਮ ਗ੍ਰੰਥ ਦਾ ਉਚਾ-ਉਚਾ ਪਾਠ ਸੰਗਤਾਂ `ਚ ਕਰੋ ਜਿਵੇਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਕੀਤਾ ਜਾਂਦਾ ਹੈ। (੩) ਇਸ ਗ੍ਰੰਥ ਨਾਲ ਬਦੋਬਦੀ ਜੋੜੀਆਂ ਨਿਤਨੇਮ ਆਦਿ ਦੀਆਂ ਰਚਨਾਵਾਂ ਨੂੰ ਛੱਡ ਕੇ ਬਾਕੀ ਰਚਨਾਵਾਂ ਦੀ ਕਥਾ ਗੁਰਦੁਆਰਿਆਂ `ਚ ਕਰਕੇ ਦਿਖਾਵੋ ਜਿਵੇਂ ਕਿ ਜਗ੍ਹਾ-ਜਗ੍ਹਾ `ਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਬਾਣੀ ਦੀ ਕੀਤੀ ਜਾਂਦੀ ਹੈ। (੪) ਜਿਸ ਘਿਨਾਉਣੇ ਢੰਗ ਨਾਲ ਇਸ ਅਖੌਤੀ ਦਸਮ ਗ੍ਰੰਥ `ਚ ਇਸਤ੍ਰੀ ਵਰਗ ਨੂੰ ਖਾਸ ਕਰ ਅਤੇ ਪ੍ਰਵਾਰਿਕ ਜੀਵਨ ਨੂੰ ਪੇਸ਼ ਕੀਤਾ ਗਿਆ ਹੈ ਉਸ ਅਵਸਥਾ `ਚ ਆਪਣੇ ਪ੍ਰੀਵਾਰਿਕ ਜੀਵਨ ਦਾ ਕੇਵਲ ਅੰਦਾਜ਼ਾ ਹੀ ਲਗਾ ਕੇ ਸੋਚੋ, ਜਿਨ੍ਹਾਂ ਪ੍ਰਵਾਰਾਂ ਦਾ ਕਿ ਤੁਸੀਂ ਅਨੰਦ ਮਾਨ ਰਹੇ ਹੋ, ਸਚਾਈ ਦੀ ਸਮਝ ਆ ਜਾਵੇਗੀ। #155s08.2s08#

Including this Self Learning Gurmat Lesson No 163

"ਦਸਮ ਗ੍ਰੰਥ" ਰਸਤੇ ਪ੍ਰਿਥੀਆ ਵਾਰ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.