.

ਪ੍ਰਸ਼ਨ: ਅਨੰਦ ਕਾਰਜ ਸਮੇਂ ਰਾਗੀ ਸਿੰਘ ਜੋ ਪੱਲੇ ਵਾਲੇ ਸ਼ਬਦ (‘ਉਸਤਤਿ ਨਿੰਦਾ ਨਾਨਕ ਜੀ ਮੈ ਹਭਿ ਵੰਞਾਈ ਛੋਡਿਆ ਹਭਿ ਕੁੱਝ ਤਿਆਗੀ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੇ ਲਾਗੀ॥’) ਦਾ ਗਾਇਣ ਕਰਦੇ ਹਨ, ਕੀ ਇਹ ਸ਼ਬਦ ਲੜਕੀ ਵਲੋਂ ਲੜਕੇ ਨੂੰ ਆਖੇ ਜਾ ਰਹੇ ਹੁੰਦੇ ਹਨ?

ਉੱਤਰ: ਇਹ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਹੈ ਅਤੇ ਰਾਮਕਲੀ ਦੀ ਵਾਰ ਵਿੱਚ ਦਰਜ ਹੈ। ਇਸ ਸ਼ਲੋਕ ਨੂੰ ਅਨੰਦ ਕਾਰਜ ਸਮੇਂ ਜਿਸ ਵੇਲੇ ਲੜਕੀ ਦੇ ਮਾਤਾ, ਪਿਤਾ ਜਾਂ ਹੋਰ ਕੋਈ ਸਬੰਧੀ ਲੜਕੇ ਦਾ ਪੱਲਾ ਫੜਾਉਂਦਾ ਹੈ, ਤਾਂ ਰਾਗੀ ਸਿੰਘ ਇਸ ਸ਼ਬਦ ਦਾ ਗਾਇਣ ਕਰਦੇ ਹਨ। ਇਸ ਸ਼ਲੋਕ ਵਿੱਚ ‘ਪਲੈ’ ਸ਼ਬਦ ਦੀ ਵਰਤੋਂ ਅਤੇ ਲਾਵਾਂ ਤੋਂ ਪਹਿਲਾਂ ਲੜਕੇ ਦਾ ਪੱਲਾ ਬੱਚੀ ਨੂੰ ਫੜਾਉਣ ਕਾਰਨ ਹੀ ਕਈ ਸੱਜਣਾਂ ਵਲੋਂ ਅਣਜਾਣਪੁਣੇ ਵਿੱਚ ਇਸ ਸ਼ਬਦ ਨੂੰ ਪੱਲੇ ਦਾ ਸ਼ਬਦ ਆਖਿਆ ਜਾਂਦਾ ਹੈ। ਭਾਵੇਂ ਸਿੱਖ ਰਹਿਤ ਮਰਯਾਦਾ ਵਿੱਚ ਇਸ ਸਮੇਂ ਇਸ ਸ਼ਲੋਕ ਨੂੰ ਪੜ੍ਹਣ ਅਥਵਾ ਗਾਇਣ ਦੀ ਹਿਦਾਇਤ ਨਹੀਂ ਹੈ, ਪਰ ਫਿਰ ਵੀ ਅਨੰਦ ਕਾਰਜ ਸਮੇਂ ਇਸ ਸ਼ਲੋਕ ਨੂੰ ਪੜ੍ਹਨ ਦਾ ਆਮ ਰਿਵਾਜ ਪ੍ਰਚਲਤ ਹੋਇਆ ਹੋਇਆ ਹੈ।। (ਨੋਟ: ਸਿੱਖ ਰਹਿਤ ਮਰਯਾਦਾ ਵਿੱਚ ਇਸ ਸ਼ਲੋਕ ਨੂੰ ਇਸ ਸਮੇਂ ਗਾਇਣ ਅਥਵਾ ਪੜ੍ਹਣ ਦੀ ਹਿਦਾਇਤ ਨਾ ਹੋਣ ਕਾਰਨ ਹੀ ਕਈ ਥਾਂਈ ਇਸ ਸ਼ਲੋਕ ਦਾ ਅਨੰਦ ਕਾਰਜ ਸਮੇਂ ਗਾਇਣ ਨਹੀਂ ਕੀਤਾ ਜਾਂਦਾ। ਪਿੱਛੇ ਜਿਹੇ ਬੀ ਸੀ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਅਨੰਦ ਕਾਰਜ ਸਮੇਂ ਇਸ ਸ਼ਬਦ ਦਾ ਗਾਇਣ ਨਾ ਹੋਣ ਕਾਰਨ ਬੜੀ ਚਰਚਾ ਹੋਈ ਸੀ। ਚੂੰਕਿ ਆਮ ਸੰਗਤਾਂ ਨੂੰ ਰਹਿਤ ਮਰਯਾਦਾ ਸਬੰਧੀ ਪੂਰੀ ਜਾਣਕਾਰੀ ਨਹੀਂ ਹੈ, ਇਸ ਕਰਕੇ ਇਸ ਨੂੰ ਕਈ ਸੱਜਣਾਂ ਵਲੋਂ ਇੱਕ ਬਹੁਤ ਵਡੀ ਭੁੱਲ ਸਮਝਿਆ ਗਿਆ।)। ਕਈ ਸੱਜਣ ਇਸ ਸ਼ਬਦ ਦੇ ਅਰਥ ਭਾਵ ਦੀ ਸਮਝ ਨਾ ਹੋਣ ਕਾਰਨ ਹੀ ਇਸ ਨੂੰ ਅਨੰਦ ਕਾਰਜ ਸਮੇਂ ਨਾ ਪੜ੍ਹਣ ਦੀ ਸਲਾਹ ਦੇਂਦੇ ਹਨ। ਚੂੰਕਿ ਉਹ ਸਮਝਦੇ ਹਨ ਕਿ ਸ਼ਾਇਦ ਇਸ ਸ਼ਬਦ ਵਿੱਚ ਇਹ ਸ਼ਬਦ ਬੱਚੀ ਵਲੋਂ ਆਖੇ ਜਾ ਰਹੇ ਹਨ ਕਿ ਮਾਤਾ ਪਿਤਾ ਭੈਣ ਭਰਾ ਆਦਿ ਸਾਰੇ ਝੂਠੇ ਸਾਕ ਹਨ, ਇਸ ਲਈ ਉਹ ਇਹਨਾਂ ਝੂਠੇ ਸਾਕਾਂ ਦਾ ਤਿਆਗ ਕਰ ਕੇ ਪਤੀ ਦੇ ਲੜ ਲੱਗ ਰਹੀ ਹੈ। ਇਤਿਆਦਿਕ।

ਇਸ ਸ਼ਲੋਕ ਦੇ ਅਰਥ ਭਾਵ ਨੂੰ ਸਮਝਣ ਲਈ ਜੋ ਪ੍ਰਕਰਣ ਚਲ ਰਿਹਾ ਹੈ, ਉਸ ਨੂੰ ਸਮਝਣਾ ਜ਼ਰੂਰੀ ਹੈ। ਉੱਤਰ ਨੂੰ ਸੰਖੇਪ ਰੱਖਣ ਕਾਰਨ ਕੇਵਲ ਇਸ ਸ਼ਲੋਕ ਤੋਂ ਪਹਿਲਾਂ ਦਰਜ ਦੋ ਸ਼ਲੋਕਾਂ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ। ਇਹ ਦੋ ਸ਼ਲੋਕ ਵੀ ਪੰਚਮ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ:-

"ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ॥ ਤਉ ਸਜਣ ਕੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ॥ 1॥" ਪੰਨਾ 963.

ਅਰਥ: ਹੇ ਨਾਨਕ ਜੀ! ਮੈਂ ਕਸੁੰਭੇ (ਵਰਗੀ ਮਾਇਆ) ਦੇ ਰੰਗ ਵਿੱਚ ਉਕਾਈ ਖਾ ਗਈ ਤੇ ਪਿਆਰਾ ਮਿੱਤਰ ਪ੍ਰਭੂ ਵਿਸਾਰ ਕੇ ਗੰਵਾ ਬੈਠੀ।

ਹੇ ਸੱਜਣ ਪ੍ਰਭੂ! (ਇਸ ਉਕਾਈ ਵਿਚ) ਮੈਂਥੋ ਤੇਰੀ ਕਦਰ ਨਾਹ ਪੈ ਸਕੀ, ਪਰ ਤੈਥੋਂ ਬਿਨਾ ਭੀ ਮੈਂ ਅੱਧੀ ਦਮੜੀ ਦੀ ਭੀ ਨਹੀਂ ਹਾਂ। 1.

"ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ॥ ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ॥ 2॥"

ਅਰਥ: ਹੇ ਨਾਨਕ ਜੀ! ਅਵਿੱਦਿਆ (ਜੀਵ –ਇਸਤ੍ਰੀ ਦੀ) ਵੈਰਨ ਹੈ, ਸਰੀਰ ਦਾ ਮੋਹ (ਸਰੀਰ ਦੀ ਪਾਲਣਾ ਲਈ ਨਿੱਤ) ਝਗੜਾ ਕਰਦਾ ਹੈ (ਭਾਵ ਖਾਣ ਨੂੰ ਮੰਗਦਾ ਹੈ) , ਮੌਤ ਦਾ ਡਰ ਮੁੜ ਮੁੜ ਦੁਖੀ ਕਰਦਾ ਹੈ। ਪਰ, (ਹੇ ਪ੍ਰਭੂ!) ਜੇ ਤੂੰ ਮੇਰਾ ਮਿੱਤ੍ਰ ਬਣੇਂ, ਤਾਂ ਇਹ ਸਾਰੇ ਬੇਸ਼ਕ ਖੇਹ ਛਾਣਦੇ ਫਿਰਨ (ਭਾਵ, ਮੇਰੇ ਉਤੇ ਇਹ ਸਾਰੇ ਹੀ ਜ਼ੋਰ ਨਹੀਂ ਪਾ ਸਕਦੇ)। 2.

ਇਹਨਾਂ ਦੋਹਾਂ ਸ਼ਲੋਕਾਂ ਵਿੱਚ ਗੁਰਦੇਵ ਮਾਇਆ ਦੀ ਚਮਕ ਦਮਕ ਕਾਰਨ ਪ੍ਰਭੂ ਨੂੰ ਭੁਲਾਈ ਬੈਠਾ ਮਨੁੱਖ ਜਦੋਂ ਗੁਰੂ ਦੀ ਸ਼ਰਨ ਵਿੱਚ ਆਕੇ ਨਾਮ ਦੀ ਮਹਿਮਾ ਨੂੰ ਸਮਝਦਾ ਹੈ, ਤਾਂ ਮਾਇਆ ਦੇ ਵੱਖ ਵੱਖ ਰੂਪਾਂ ਨੂੰ ਪਛਾਣਦਾ ਹੋਇਆ, ਮਾਇਆ ਦੇ ਮੋਹ ਤੋਂ ਉਪਰ ਉੱਠ ਸੱਚ ਨਾਲ ਅਥਵਾ ਹਰਿ ਸੱਜਣ ਨਾਲ ਜੁੜਿਆ ਰਹਿੰਦਾ ਹੈ। ਇਸੇ ਹੀ ਪ੍ਰਸੰਗ ਵਿੱਚ ਸਤਿਗੁਰੂ ਫਿਰ ਫ਼ਰਮਾਉਂਦੇ ਹਨ:-

ਉਸਤਤਿ ਨਿੰਦਾ ਨਾਨਕ ਜੀ ਮੈ ਹਭਿ ਵੰਞਾਈ ਛੋਡਿਆ ਹਭਿ ਕੁੱਝ ਤਿਆਗੀ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੇ ਲਾਗੀ॥

ਇਸ ਦਾ ਅਰਥ ਹੈ: ਹੇ ਨਾਨਕ! (ਆਖ. . ਹੇ ਪ੍ਰਭੂ ਜੀ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ. . ਇਹ ਮੈਂ ਛੱਡ ਦਿੱਤਾ ਹੈ, ਮੈਂ ਵੇਖ ਲਿਆ ਹੈ ਕਿ (ਦੁਨੀਆ ਦੇ) ਸਾਰੇ ਸਾਕ ਝੂਠੇ ਹਨ (ਭਾਵ, ਕੋਈ ਤੋੜ ਨਿਭਣ ਵਾਲਾ ਨਹੀਂ). ਇਸ ਲਈ (ਹੇ ਪ੍ਰਭੂ!) ਮੈਂ ਤੇਰੇ ਲੜ ਆ ਲੱਗੀ ਹਾਂ।

ਇੱਥੇ ਮਹਾਰਾਜ ਨਿੰਦਿਆ (ਗੁਣਾਂ ਵਿੱਚ ਦੋਸ਼ ਥਾਪਣ ਦੀ ਕ੍ਰਿਯਾ) ਅਤੇ ਖ਼ੁਸ਼ਾਮਦ ਨੂੰ ਹੀ ਝੂਠੇ ਸਬੰਧੀ ਆਖ ਰਹੇ ਹਨ ਅਤੇ ਪ੍ਰਭੂ ਨੂੰ ਸੱਜਣ। ਇਹਨਾਂ ਵਿਕਾਰਾਂ ਤੋਂ ਉਪਰ ਉੱਠ ਕੇ ਪ੍ਰਭੂ –ਸੱਜਣ ਦੇ ਲੜ ਲਗਣ ਦਾ ਹੀ ਵਰਣਨ ਕਰ ਰਹੇ ਹਨ।

ਇਸ ਤੋਂ ਅਗਲੇ ਸ਼ਲੋਕ ਵਿੱਚ ਇਸ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਫ਼ਰਮਾਉਂਦੇ ਹਨ:-

"ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ॥ ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੂ ਲਧਾ॥ 2॥"

ਅਰਥ: ਹੇ ਨਾਨਕ ਜੀ! ਮੈਂ ਭਟਕਦੀ ਭਟਕਦੀ ਤੇ ਹੋਰ ਹੋਰ ਦੇਸਾਂ ਦੇ ਪੈਂਡੇ ਝਾਗਦੀ ਝਾਗਦੀ ਪਾਗਲ ਜਿਹੀ ਹੋ ਗਈ ਸਾਂ, ਪਰ ਜਦੋਂ ਸਤਿਗੁਰੂ ਜੀ ਨੂੰ ਮਿਲ ਕੇ ਮੈਨੂੰ ਸੱਜਣ –ਪ੍ਰਭੂ ਲੱਭ ਪਿਆ ਤਾਂ ਮੈਂ ਬੜੇ ਸੁਖ ਨਾਲ ਸੌਂ ਗਈ (ਭਾਵ, ਮੇਰੇ ਅੰਦਰ ਪੂਰਨ ਆਤਮਕ ਆਨੰਦ ਬਣ ਗਿਆ)।

ਗੁਰੂ ਗਰੰਥ ਸਾਹਿਬ ਵਿੱਚ ਹੋਰ ਵੀ ਕਈ ਥਾਈਂ ਅਜਿਹਾ ਭਾਵ ਦਰਸਾਉਣ ਵਾਲੇ ਸ਼ਬਦ ਆਏ ਹਨ। ਉਦਾਹਰਣ ਵਜੋਂ ਗੁਰੂ ਅਰਜਨ ਸਾਹਿਬ ਦੇ ਇਹਨਾਂ ਸ਼ਲੋਕਾਂ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ:-

ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ॥ ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ॥ 1॥ (ਪੰਨਾ 1094)

ਅਰਥ:- ਜੇ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਰਤਾ ਭਰ ਭੀ (ਆਪਣੇ ਨਾਲੋਂ) ਨਾਹ ਵਿਛੋੜ। ਮੇਰੀ ਜਿੰਦ ਤੂੰ (ਆਪਣੇ ਪਿਆਰ ਵਿਚ) ਮੋਹ ਲਈ ਹੈ (ਹੁਣ ਹਰ ਵੇਲੇ ਮੈਨੂੰ ਤਾਂਘ ਰਹਿੰਦੀ ਹੈ ਕਿ) ਹੇ ਪਿਆਰੇ! ਮੈਂ ਕਦੋਂ ਤੈਨੂੰ ਵੇਖਾਂ। 1.

ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ। ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ॥ (ਪੰਨਾ 1094)

ਅਰਥ:- ਹੇ ਦੁਰਜਨ! ਤੂੰ ਅੱਗ ਵਿੱਚ ਸੜ ਜਾ, ਹੇ ਵਿਛੋੜੇ! ਤੂੰ ਮਰ ਜਾ। ਹੇ (ਮੇਰੇ) ਕੰਤ! ਤੂੰ (ਮੇਰੀ ਹਿਰਦਾ-) ਸੇਜ ਉਤੇ (ਆ ਕੇ) ਸੌਂ ਤੇ ਮੇਰਾ ਸਾਰਾ ਦੁੱਖ ਦੂਰ ਕਰ ਦੇ। 2.

ਨੋਟ:- ਅਗਲੇ ਸ਼ਲੋਕ ਵਿੱਚ ਸਾਹਿਬ ਲਿਖਦੇ ਹਨ ਕਿ ‘ਦੁਰਜਨ’ ਤੇ ‘ਵਿਛੋੜਾ’ ਕੌਣ ਹਨ।

ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ॥ ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ॥ 3॥ (ਪੰਨਾ 1094)

ਅਰਥ:- (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ (ਜਿੰਦ ਦਾ ਵੱਡਾ) ਵੈਰੀ ਹੈ, ਹਉਮੈ ਦਾ ਰੋਗ (ਪ੍ਰਭੂ ਨਾਲੋਂ) ਵਿਛੋੜਾ (ਪਾਣ ਵਾਲਾ) ਹੈ। ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਿਸ਼ਾਹ (ਜਿੰਦ ਦਾ) ਮਿਤ੍ਰ ਹੈ ਜਿਸ ਨੂੰ ਮਿਲ ਕੇ (ਆਤਮਕ) ਆਨੰਦ ਮਾਣਿਆ ਜਾ ਸਕਦਾ ਹੈ। 3.

ਸਹਸਕ੍ਰਿਤੀ ਦੇ 58 ਵੇਂ ਸ਼ਲੋਕ ਦੀ ਪਹਿਲੀ ਪੰਗਤੀ ਵਿੱਚ ਹਜ਼ੂਰ ਆਖਦੇ ਹਨ ਕਿ ਮਨੁੱਖ ਦਾ ਇੱਕ ਅਜਿਹੇ ਜੰਗਲ ਵਿੱਚ ਵਾਸਾ ਹੈ ਜਿੱਥੇ ਕੁੱਤੇ, ਗਿੱਦੜ ਖੋਤੇ ਇਸ ਦੇ ਸਬੰਧੀ ਹਨ: "ਉਦਿਆਨ ਬਸਨੰ ਸੰਸਾਰੰ ਸਨਬੰਧੀ ਸਵਾਨ ਸਿਆਲ ਖਰਹ॥" (ਪੰਨਾ 1359)

ਸੋ, ‘ਪਲੈ ਤੈਡੈ ਲਾਗੀ’ ਵਾਲੇ ਸ਼ਲੋਕ ਵਿੱਚ ਗੁਰ ਅਰਜਨ ਸਾਹਿਬ ‘ਸਾਕ’ ਸ਼ਬਦ ਮਾਤਾ ਪਿਤਾ, ਭੈਣਾਂ ਭਰਾਵਾਂ ਆਦਿ ਦੇ ਅਰਥ ਵਿੱਚ ਨਹੀਂ ਵਰਤ ਰਹੇ। ਇੱਥੇ ‘ਸਾਕ’ ਤੋਂ ਭਾਵ ਨਿੰਦਾ ਖ਼ੁਸ਼ਾਮਦ ਆਦਿ ਵਿਕਾਰਾਂ ਤੋਂ ਹੈ, ਜਿਹੜੇ ਮਨੁੱਖ ਨੂੰ ਸੱਚ ਨਾਲ ਨਹੀਂ ਜੁੜਨ ਦੇਂਦੇ। ਜਿਹਨਾਂ ਦੀ ਸੰਗਤ ਵਿੱਚ ਮਨੁੱਖ ਇਨਸਾਨੀਅਤ ਨੂੰ ਛੱਡ ਕੇ ਪਸ਼ੂ ਤਲ `ਤੇ ਜੀਊਣ ਲੱਗ ਪੈਂਦਾ ਹੈ। ਇਸ ਲਈ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਕਿ ਇਹ ਸਬੰਧੀ ਮਨੁੱਖ ਦੀ ਆਤਮਕ ਜ਼ਿੰਦਗੀ ਦਾ ਅੰਗ ਨਹੀਂ ਬਣ ਸਕਦੇ। ਇਹਨਾਂ ਵਿਕਾਰ ਰੂਪੀ ਸਬੰਧੀਆਂ ਦਾ ਹੀ ਤਿਆਗ ਕਰਕੇ ਪ੍ਰਭੂ ਦੇ ਲੜ ਲਗਣ ਦੀ ਗੱਲ ਕੀਤੀ ਹੈ। ਵਾਹਿਗੁਰੂ ਨੂੰ ਹੀ ਮੁਖ਼ਾਤਬ ਕਰਦਿਆਂ ਆਖਿਆ ਹੈ ਕਿ, "ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੇ ਲਾਗੀ॥" ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਹੀ ਪ੍ਰਭੂ ਦੇ ਲੜ ਲਗਣਾ ਹੈ।

ਨੋਟ: ਸ਼ਲੋਕਾਂ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਦੇ ਗੁਰੂ ਗਰੰਥ ਦਰਪਣ ਵਿਚੋਂ ਲਏ ਗਏ ਹਨ।

ਪ੍ਰਸ਼ਨ: ਕੀ ਅਨੰਦ ਕਾਰਜ ਸਮੇਂ ਲੜਕੀ ਨੂੰ ਪੱਲਾ ਕੇਵਲ ਪਿਤਾ ਹੀ ਫੜਾ ਸਕਦਾ ਹੈ? ਜੇ ਕਰ ਪਿਤਾ ਮੌਜੂਦ ਨਹੀਂ ਤਾਂ ਕੀ ਕੇਵਲ ਪੁਰਸ਼ ਸਬੰਧੀ ਹੀ ਬੱਚੀ ਨੂੰ ਪੱਲਾ ਪਕੜਾ ਸਕਦਾ ਹੈ?

ਉੱਤਰ: ਅਨੰਦ ਕਾਰਜ ਸਮੇਂ ਲੜਕੇ ਦਾ ਪੱਲਾ ਮਾਤਾ ਅਤੇ ਪਿਤਾ ਦੋਹਾਂ ਵਿਚੋਂ ਕੋਈ ਵੀ ਫੜਾ ਸਕਦਾ ਹੈ। ਜੇ ਕਰ ਦੋਹਾਂ ਵਿਚੋਂ ਕੋਈ ਵੀ ਹਾਜ਼ਰ ਨਹੀਂ ਤਾਂ ਕੋਈ ਵੀ ਰਿਸ਼ਤੇਦਾਰ ਜਾਂ ਸੱਜਣ ਮਿੱਤਰ (ਇਸਤਰੀ ਜਾਂ ਪੁਰਸ਼) ਜਿਹੜਾ ਕਾਰਜ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ ਉਹ ਲੜਕੇ ਦਾ ਪੱਲਾ ਬੱਚੀ ਨੂੰ ਫੜਾ ਸਕਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਇਸ ਤਰ੍ਹਾਂ ਹਿਦਾਇਤ ਕੀਤੀ ਗਈ ਹੈ: ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ। (ਸਿੱਖ ਰਹਿਤ ਮਰਯਾਦਾ)

ਨੋਟ: ਸਿਧਾਂਤਕ ਤੌਰ ਤੇ ਲੜਕੇ ਅਤੇ ਲੜਕੀ ਦੋਹਾਂ ਨੇ ਲੜ ਵਾਹਿਗੁਰੂ ਦਾ ਹੀ ਫੜਨਾ ਹੈ। ਚੂੰਕਿ ਇੱਥੇ ਕੇਵਲ ਲੜਕੀ ਨੂੰ ਜੋ ਲੜਕੇ ਦਾ ਪੱਲਾ ਫੜਉਣ ਦੀ ਪ੍ਰਚਲਤ ਰਸਮ ਹੈ, ਉਸ ਵਲ ਹੀ ਇਸ਼ਾਰਾ ਹੈ। ਇਸ ਲਈ ਸਿਧਾਂਤਕ ਪੱਖ ਨੂੰ ਨਹੀਂ ਛੋਹਿਆ ਗਿਆ।

ਜਸਬੀਰ ਸਿੰਘ ਵੈਨਕੂਵਰ
.