.

ਦਸਮ ਗ੍ਰੰਥ ਦੀ ਸੰਖੇਪ ਜਾਣਕਾਰੀ ਤੇ ਸੰਕਲਨ

ਜਿਸ ਗ੍ਰੰਥ ਨੂੰ ਅੱਜ ਦਸਮ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸਦੀ ਸੰਪਾਦਨਾ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨਹੀਂ ਕੀਤੀ ਤੇ ਨਾ ਹੀ ਕਰਾਈ ਹੈ, ਬਲਕਿ ਉਹਨਾਂ ਦੇ ਜੋਤੀ ਜੋਤਿ ਸਮਾਉਨ ਤੋਂ 13 ਸਾਲਾਂ ਪਿਛੋਂ ਸੰਮਤ 1778 ਵਿੱਚ, ਜਾਂ ਕਈ ਵਿਦਵਾਨਾਂ ਅਨੁਸਾਰ 17 ਸਾਲ ਪਿਛੋਂ ਹੋਈ।

ਦਸਮ ਗ੍ਰੰਥ ਵੱਖ-ਵੱਖ ਰਚਨਾਵਾਂ ਦਾ ਸੰਗ੍ਰਹਿ ਹੈ। ਕੁੱਝ ਵਿਦਵਾਨਾਂ ਅਨੁਸਾਰ ਭਾਈ ਮਨੀ ਸਿੰਘ ਨੇ ਖਿੰਡੀਆਂ ਪੁੰਡੀਆਂ ਰਚਨਾਵਾਂ ਪਾ: 10 ਦੇ ਜੋਤੀ ਜੋਤ ਸਮਾਉਨ ਤੋਂ ਬਾਦ ਸਿੱਖਾਂ ਦੇ ਘਰਾਂ ਤੋਂ ਇਕੱਤਰ ਕਰਕੇ ਮਾਤਾ ਸੁੰਦਰੀ ਪਾਸ ਭੇਜੀਆਂ। ਭਾਈ ਮਨੀ ਸਿੰਘ ਨੂੰ ਰਚਨਾਵਾਂ ਪੜ੍ਹਨ ਤੇ ਇਹਨਾਂ ਦੀ ਪੜਚੋਲ ਕਰਨ ਦਾ ਸਮਾਂ ਨਹੀਂ ਮਿਲਿਆ।

ਦਸਮ ਗ੍ਰੰਥ ਦੀਆਂ ਪੁਰਾਤਨ ਹਸਤ ਲਿਖਤ ਬੀੜਾਂ ਦੇ ਤਤਕਰੇ ਵਿੱਚ ਲਿਖਿਆ ਹੈ, ‘ਤਤਕਰਾ ਗ੍ਰੰਥ ਜੀ ਕਾ ਲਿਖਿਆ’। ਦਸਮ ਗ੍ਰੰਥ ਨਾਮ ਦੀ ਕੋਈ ਪੁਸਤਕ ਨਹੀਂ ਸੀ।

ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚ ਕਾਲ, ਮਹਾਕਾਲ, ਕਾਲੀ, ਭਗਉਤੀ, ਚੰਡੀ, ਦੁਰਗਾ ਤੇ ਅਵਤਾਰਾਂ ਰਾਮ, ਕ੍ਰਿਸ਼ਨ ਆਦਿ ਅਨੇਕਾਂ ਦੇਵੀ ਦੇਵਤਿਆਂ ਦੀਆਂ ਕਥਾਵਾਂ, ਦੇਵੀ ਦੇਵਤਿਆਂ ਦੀਆਂ ਦੈਤਾਂ ਨਾਲ ਜੁੱਧਾਂ ਦੀਆਂ ਵਾਰਾਂ, ਦੇਵੀ ਦੇਵਤਿਆਂ ਦੀ ਸਿਫਤ ਸਾਲਾਹ, ਤੇ ਪੂਜਾ ਅਰਾਧਨਾ ਦਾ ਬਖਾਨ ਹੈ। ਦਸਮ ਗ੍ਰੰਥ ਵਿੱਚ ਜਾਪ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਔਰੰਗਜ਼ੇਬ ਨੂੰ ਲਿਖੀ ਚਿੱਠੀ, ਜ਼ਫ਼ਰਨਾਮਾ ਵੀ ਸ਼ਾਮਲ ਹਨ।

ਦਸਮ ਗ੍ਰੰਥ ਦੀਆਂ ਰਚਨਾਵਾਂ ਵੇਦ ਮਤ ਦੇ ਧਾਰਨੀ ਦੇਵੀ ਦੇਵਤਿਆਂ ਦੀ ਉਸਤਤਿ ਅਰਾਧਨਾ ਕਰਨ ਵਾਲੇ ਹਿੰਦੂ ਕਵੀਆਂ ਨੇ ਲਿਖੀਆਂ ਹਨ। ਰਚਨਾਵਾਂ ਵਿੱਚ ਕਵੀ ਸਯਾਮ ਨੇ 500 ਤੋਂ ਵੱਧ ਵਾਰ ਆਪਣਾ ਨਾਮ ਲਿਖਿਆ। ਰਚਨ ਵਾਲੇ ਕਵੀ ਰਾਮ ਤੇ ਗੋਬਿੰਦ ਵੀ ਹਨ।

ਦਸਮ ਗ੍ਰੰਥ ਦੇ ਬਹੁਤੇ ਹਿੱਸੇ ਵਿੱਚ ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ ਹੈ।

ਬਚਿਤ੍ਰ ਨਾਟਕ ਪੰਨਾ 37 - 708 = 671 ਪੰਨੇ

ਸ਼ਸਤਰ ਨਾਮ ਮਾਲਾ ਪੰਨਾ 717 - 743 = 26 ਪੰਨੇ

ਤ੍ਰਿਯਾ ਚਰਿਤ੍ਰ ਪੰਨਾ 809 - 1386 = 577 ਪੰਨੇ

ਹਿੰਦੂ ਧਰਮ ਗ੍ਰੰਥਾਂ ਦਾ ਅਨੁਵਾਦ - 1274 ਪੰਨੇ।

ਤਕਰੀਬਨ ਸਾਰੀਆਂ ਰਚਨਾਵਾਂ ਦਾ ਆਰੰਭ ਕਵੀ ਨੇ ਆਪਣੇ ਇਸ਼ਟ ਕਾਲ ਜਾਂ ਭਗਉਤੀ ਦੇਵੀ ਦੀ ਉਸਤਤਿ ਨਾਲ ਕੀਤਾ ਹੈ। ਉਸ ਤੋਂ ਮਗਰੋਂ - ੴ ਵਾਹਿਗੁਰੂ ਜੀ ਕੀ ਫ਼ਤਹਿ, ਸ੍ਰੀ ਮੁਖਵਾਕ ਪਾ: 10 ਵੀ ਲਿਖਿਆ ਹੈ।

ਸਿੱਖ ਵਿਦਵਾਨਾਂ ਨੇ ਰਚਨਾਵਾਂ ਨੂੰ ਪਾ: 10 ਕ੍ਰਿਤ, ਇਸ ਬਿਨਾ ਤੇ ਮੰਨ ਲਿਆ ਕਿ ਸਿਰਲੇਖ ਵਿੱਚ ਲਿਖਿਆ ਹੈ, ਸ੍ਰੀ ਮੁਖਵਾਕ ਪਾ: 10. ਵਿਦਵਾਨਾਂ ਨੇ ਇਹ ਜਾਂਚ ਨਹੀਂ ਕੀਤੀ ਕਿ ਰਚਨਾਵਾਂ ਹਿੰਦੂ ਧਰਮ ਦੇ ਧਾਰਮਿਕ ਵਿਸ਼ਵਾਸਾਂ ਅਨੁਸਾਰ, ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਦਾ ਬਖਾਨ ਕਰਦੀਆਂ ਹਨ। ਪਰ ਗੁਰਬਾਣੀ ਵੇਦ ਸ਼ਾਸਤਰ ਸਿਮ੍ਰਿਤੀਆਂ ਦੀ, ਦੇਵੀ ਦੇਵਤਿਆਂ ਦੀ ਉਸਤਤਿ, ਅਰਾਧਨਾ ਦਾ ਖੰਡਨ ਕਰਦੀ ਹੈ। ਇਸ ਲਈ ਇਹ ਰਚਨਾਵਾਂ ਗੁਰਬਾਣੀ ਉਪਦੇਸ਼ ਵਿਰੁੱਧ ਪ੍ਰਚਾਰ ਹੈ।

ਦਸ ਸਿੱਖ ਗੁਰੂ ਸਾਹਿਬਾਨ ਨੇ ਗੁਰਬਾਣੀ ਰਾਹੀਂ, ਸਾਰੇ ਸੰਸਾਰ ਨੂੰ ਉਪਦੇਸ਼ ਦਿੱਤਾ, ਤੇ ਭਾਰਤ ਵਿੱਚ ਹਿੰਦੂਆਂ ਦੇ ਤੀਰਥ ਅਸਥਾਨਾਂ ਤੇ ਜੋਗੀਆਂ ਦੇ ਟਿਕਾਣਿਆਂ ਤੇ ਜਾ ਕੇ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਅਰਾਧਨਾ ਤੇ ਵੇਦ ਮਤ ਦੇ ਉਪਦੇਸ਼ਾਂ ਦਾ ਖੰਡਨ ਕੀਤਾ। ਗੁਰਬਾਣੀ ਨੇ ਇਕੋ ਇੱਕ ਸਦੀਵ ਹਸਤੀ ਜੋਤਿ ਰੂਪ ਪਾਰਬ੍ਰਹਮ ਅਕਾਲ ਪੁਰਖ ਤੇ ਪੂਰੇ ਸਤਿਗੁਰੂ ਦੀ ਸਿਫਤ ਸਾਲਾਹ ਤੇ ਜਪ ਸਿਮਰਣ ਧਿਆਨ ਦਾ ਉਪਦੇਸ਼ ਦਿੱਤਾ।

ਬ੍ਰਾਹਮਣ ਨੇ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਗੁਰਮਤਿ ਉਪਦੇਸ਼ ਦਾ ਵਿਰੋਧ ਕੀਤਾ ਸੀ। ਦਸਮ ਗ੍ਰੰਥ ਤੇ ਇਹਨਾਂ ਪੁਰਾਤਨ ਪੁਸਤਕਾਂ ਦੇ ਮਾਧਿਅਮ ਨਾਲ ਇਹ ਵਿਰੋਧ ਅਜੇ ਵੀ ਜਾਰੀ ਹੈ। ਸਮਾਂ ਆ ਗਿਆ ਹੈ ਕਿ ਗੁਰਸਿੱਖ ਬ੍ਰਾਹਮਣ ਦੀ ਕੂਟ ਨੀਤੀ ਨੂੰ ਸਮਝ ਲੈਣ।

ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਸੰਪੂਰਨ ਗੁਰੂ ਤੇ ਰਹਿਨੁਮਾ ਹਨ। ਗੁਰਬਾਣੀ ਦੀ ਵਿਚਾਰ ਦੇ ਆਧਾਰ ਤੇ ਰਚਨਾਵਾਂ ਦੀ ਪਰਖ ਕਰਨ ਨਾਲ ਨਿਰਣਾਇਕ ਫੈਸਲੇ ਹੋ ਸਕਦੇ ਹਨ।

ਸਿੱਖ ਵਿਦਵਾਨਾਂ, ਸੰਸਥਾਵਾਂ, ਜਥੇਬੰਦੀਆਂ, ਸੰਤ ਸਮਾਜ ਪਾਸ ਸਨਿਮਰ ਬੇਨਤੀ ਹੈ ਕਿ ਹਥਲੀ ਪੁਸਤਕ ਵਿੱਚ ਗੁਰਮਤਿ ਵਿਚਾਰ ਨੂੰ ਧਿਆਨ ਨਾਲ ਪੜ੍ਹਨ, ਤੇ ਨਵੇਂ ਫੈਸਲੇ ਗੁਰਮਤਿ ਅਨੁਕੂਲ ਲੈਣ।

ਸਿੱਖ ਧਰਮ ਆਪਣੇ ਆਪ ਵਿੱਚ ਸੰਪੂਰਨ, ਵੱਖਰਾ, ਸਭ ਤੋਂ ਉਤਮ ਧਰਮ ਹੈ। ਸਿੱਖ ਧਰਮ ਨੂੰ ਹੋਰ ਕਿਸੇ ਧਰਮ ਤੋਂ ਕੋਈ ਸਿੱਖਿਆ ਜਾਂ ਪ੍ਰੇਰਨਾ ਲੈਣ ਦੀ ਜ਼ਰੂਰਤ ਨਹੀਂ। ਹੋਰ ਸੰਸਾਰ ਦੇ ਧਰਮ ਗੁਰਬਾਣੀ ਤੋਂ ਸਿੱਖਿਆ ਲੈ ਸਕਦੇ ਹਨ। ਸਿੱਖ ਧਰਮ ਵੇਦਕ ਧਰਮ ਦਾ ਵਰਗ ਜਾਂ ਸ਼ਾਖਾ ਨਹੀਂ। ਗੁਰਬਾਣੀ ਵੇਦ ਮਤ ਨੂੰ ਭੁੱਲਾ ਮਾਰਗ ਦੱਸਦੀ ਹੈ।

ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਗੁਰੂ ਗੋਬਿੰਦ ਸਿੰਘ ਜੀ ਨੇ ਸੌਂਪੀ ਤੇ ਆਪ ਇਸ ਸੰਪੂਰਨ ਗ੍ਰੰਥ ਨੂੰ, ਗੁਰੂ ਮੰਨ ਕੇ ਮੱਥਾ ਟੇਕਿਆ। ਗੁਰਸਿੱਖਾਂ ਨੂੰ ਤੇ ਸਾਰੇ ਸੰਸਾਰ ਨੂੰ ਗੁਰਉਪਦੇਸ਼ ਦੀ ਪੂਰੀ ਜਾਣਕਾਰੀ ਲਈ ਹੋਰ ਕਿਸੇ ਗ੍ਰੰਥ ਦੀ ਜ਼ਰੂਰਤ ਨਹੀਂ।

ਹੁਣ ਪ੍ਰਕਾਸ਼ਤ ਹੋ ਰਹੀ ਬੀੜ ਦਾ ਨਾਮ ਦਸਮ ਗ੍ਰੰਥ ਹੈ। ਦਸਮ ਗ੍ਰੰਥ ਨਾਮ ਭੁਲੇਖਾ ਪਾਉਂਦਾ ਹੈ ਕਿ ਰਚਨਾਵਾਂ ਪਾ. 10 ਦੀਆਂ ਹਨ। ਵਿਦਵਾਨਾਂ ਨੇ ਇਹ ਮੰਨ ਕੇ ਹੀ ਇਸ ਗ੍ਰੰਥ ਦੇ ਟੀਕੇ ਕੀਤੇ ਕਿ ਰਚਨਾਵਾਂ ਪਾ: 10 ਦੀਆਂ ਹਨ ਤੇ ਜਿਥੇ ਕਿਤੇ ਮਤ ਬੁਧ ਨੇ ਨਹੀਂ ਮੰਨਿਆ ਕਿ ਇਹ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਨ ਵਾਲੇ ਪਾ. 10 ਦੀਆਂ ਨਹੀਂ ਹੋ ਸਕਦੀਆਂ, ਉਹਨਾਂ ਨੇ ਦਲੀਲਾਂ ਘੜ ਕੇ ਪੜ੍ਹਣ ਵਾਲੇ ਨੂੰ ਇਹ ਭਰੋਸਾ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦਲੀਲਾਂ ਦੇ ਆਧਾਰ ਤੇ ਸਾਨੂੰ ਇਹ ਰਚਨਾਵਾਂ ਪਾ. 10 ਦੀਆਂ ਮੰਨ ਲੈਣੀਆਂ ਚਾਹੀਦੀਆਂ ਹਨ।

ਵਿਦਵਾਨਾਂ ਵਿੱਚ ਇਸ ਗ੍ਰੰਥ ਸਬੰਧੀ ਪਰਸਪਰ ਵਿਰੋਧੀ ਵਿਚਾਰ ਇਸ ਦੇ ਸੰਕਲਨ ਕਾਲ ਤੋਂ ਹੀ ਚਲ ਰਿਹਾ ਸੀ।

ਕੁਝ ਵਿਦਵਾਨ ਸਾਰੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦੇ ਹਨ। ਕੁੱਝ ਵਿਦਵਾਨਾਂ ਅਨੁਸਾਰ ਇਸ ਵਿੱਚ ਬਹੁਤ ਥੋੜਾ ਅੰਸ਼ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਲਿਖਿਆ ਹੈ, ਬਾਕੀ ਹਿੱਸਾ ਦਰਬਾਰੀ ਕਵੀਆਂ ਜਾਂ ਹੋਰ ਵੇਦਾਂ ਸ਼ਾਸਤਰਾਂ ਸਿੰਮ੍ਰਿਤੀਆਂ ਤੇ ਦੇਵੀ ਦੇਵਤਿਆਂ ਦੀ ਆਰਾਧਨਾ ਕਰਨ ਵਾਲੇ ਕਵੀਆਂ ਦਾ ਲਿਖਿਆ ਹੈ।

ਸਾਰੇ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਪੁਸਤਕਾਂ ਤੇ ਲੇਖਾਂ ਰਾਹੀਂ ਪ੍ਰਗਟ ਕੀਤੇ ਹਨ। ਇੱਕ ਹੋਰ ਵਿਚਾਰ ਹੁਣ ਪ੍ਰਗਟ ਹੋ ਰਹੀ ਹੈ ਕਿ ਕੀ ਪਾ. 10 ਨੇ ਕੋਈ ਬਾਣੀ ਰਚੀ?

ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਵਿਚਾਰ ਅਸੀਂ ਇਹ ਸੰਕਲਪ ਧਾਰਨ ਕਰਕੇ ਨਾ ਕਰੀਏ ਕਿ ਇਹ ਰਚਨਾਵਾਂ ਪਾ. 10 ਦੀਆਂ ਹਨ, ਬਲਕਿ ਇਸ ਵਿਚਾਰ ਨੂੰ ਮੁੱਖ ਰੱਖ ਕੇ ਕਰੀਏ ਕਿ ਰਚਨਾ ਪਾ. 10 ਦੀ ਹੋ ਸਕਦੀ ਹੈ ਜਾਂ ਕਿਸੇ ਹੋਰ ਕਵੀ ਦੀ ਹੋ ਸਕਦੀ ਹੈ? ਨਿਰਣਾ ਗੁਰਬਾਣੀ ਨੇ ਕਰਨਾ ਹੈ।

ਕੁਝ ਵਿਚਾਰ ਸ੍ਰ. ਗੁਰਬਖਸ਼ ਸਿੰਘ ਗੁਲਸ਼ਨ ਦੀ ਪੁਸਤਕ ‘ਦਰਪਣ ਸਿੱਖ ਮਰਯਾਦਾ’ ਵਿਚੋਂ ਤੇ ਇਸ ਦੇ ਆਧਾਰ ਤੇ ਨਤੀਜੇ -

ਪੰਨਾ 78 - ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪ੍ਰੰਤ ਖ਼ਾਲਸੇ ਉਪਰ ਬਹੁਤ ਜ਼ੁਲਮ ਹੋਏ। ਆਉਣ ਵਾਲੇ ਤਕਰੀਬਨ 60 ਵਰ੍ਹੇ ਖ਼ਾਲਸਾ ਨਾ ਤਾਂ ਆਪ ਟਿੱਕ ਕੇ ਬੈਠ ਸਕਿਆ ਤੇ ਨਾ ਹੀ ਆਪਣੇ ਗੁਰਧਾਮਾਂ ਦੀ ਸੇਵਾ ਸੰਭਾਲ ਕਰ ਸਕਿਆ, ਜਿਸ ਕਰਕੇ ਪ੍ਰਬੰਧ ਉਦਾਸੀਆਂ ਅਤੇ ਨਿਰਮਲਿਆਂ ਦੇ ਹੱਥਾਂ ਵਿੱਚ ਚਲਾ ਗਿਆ। ਇਹਨਾਂ ਵਿਦਵਾਨਾਂ ਨੇ ਕਾਸ਼ੀ ਦੇ ਬ੍ਰਾਹਮਣਾਂ ਪਾਸੋਂ ਸੰਸਕ੍ਰਿਤ ਦੇ ਹਿੰਦੂ ਗ੍ਰੰਥਾਂ ਦੀ ਵਿਦਿਆ ਪ੍ਰਾਪਤ ਕੀਤੀ ਸੀ। ਇਹਨਾਂ ਦੀ ਵਿਚਾਰ, ਤੇ ਗੁਰਬਾਣੀ ਦੀ ਕਥਾ ਵੀ ਵੇਦਾਂ ਸ਼ਾਤਸਰਾਂ ਦੇ ਅਰਥ ਮੁਖ ਰੱਖ ਕੇ ਹੋਈ। ਇਹ ਵੇਦਾਂ ਸ਼ਾਸਤਰਾਂ ਦੇ ਉਪਦੇਸ਼ ਨੂੰ ਸਤ ਮੰਨਦੇ ਰਹੇ, ਇਹ ਕਹਿੰਦੇ ਸਨ ਪਹਿਲੇ ਵੇਦ ਸਤ ਤੇ ਮਗਰੋਂ ਗੁਰਬਾਣੀ। ਗੁਰਬਾਣੀ ਦੇ ਵੇਦਾਂ ਸ਼ਾਸਤਰਾਂ ਦੇ ੳਪਦੇਸ਼ ਨੂੰ ਨਕਾਰਣ ਵਾਲੋ ਉਪਦੇਸ਼ ਨੂੰ ਇਹ ਕਬੂਲ ਨਹੀਂ ਕਰ ਸਕੇ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਟੀਕੇ, ਇਸ ਸਨਾਤਨੀ ਵਿਚਾਰਧਾਰਾ ਦੇ ਪ੍ਰਭਾਵ ਵਿੱਚ ਹੋਏ। ਗੁਰਬਾਣੀ ਦੀ ਇੱਕ-ਇੱਕ ਤੁਕ ਦੇ ਅਨੇਕਾਂ ਅਰਥ ਕਰਨ ਦਾ ਰਿਵਾਜ ਹੋ ਗਿਆ।

ਪ੍ਰੋ. ਸਾਹਿਬ ਸਿੰਘ ਨੇ ਗੁਰਬਾਣੀ ਦੇ ਅਰਥ, ਗੁਰਬਾਣੀ ਵਿਆਕਰਣ ਰਚ ਕੇ ਵਿਆਕਰਣ ਅਨੁਸਾਰ ਕਰਨ ਦੀ ਕੋਸ਼ਿਸ਼ ਕੀਤੀ, ਤੇ ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚ ਅਨੇਕਾਂ ਥਾਂ ਤੇ ਕੀਤੇ ਗੁਰਬਾਣੀ ਅਰਥਾਂ ਤੋਂ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੋ. ਸਾਹਿਬ ਸਿੰਘ ਤੇ ਭਾਈ ਵੀਰ ਸਿੰਘ ਦੇ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਅਜਕਲ ਸਿੱਖ ਪੰਥ ਵਿੱਚ ਕਥਾ ਦਾ ਆਧਾਰ ਹਨ। ਪ੍ਰੋ. ਸਾਹਿਬ ਸਿੰਘ ਤੇ ਭਾਈ ਵੀਰ ਸਿੰਘ ਦੇ ਸਮੇਂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪਾ. 10 ਕ੍ਰਿਤ ਮੰਨਿਆ ਜਾਂਦਾ ਸੀ।

ਪ੍ਰੋ. ਸਾਹਿਬ ਸਿੰਘ ਨੇ ਮੂਲ ਮੰਤ੍ਰ ਦਾ ਟੀਕਾ ਕਰਦਿਆਂ, ੴ ਨੂੰ ਇੱਕ ਸ਼ਬਦ ਲੈ ਕੇ ਅਰਥ ਕੀਤੇ ਹਨ। ਟੀਕੇ ਵਿੱਚ ਲਿਖਿਆ ਹੈ ਕਿ ੴ ਉਚਾਰਨ ਵੇਲੇ ਇਸ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ। ਇਸ ਦਾ ਪਾਠ ਹੈ ਇੱਕ ਓਅੰਕਾਰ। ਤਿੰਨ ਹਿੱਸੇ ਵਖੋਂ ਵੱਖ ਉਚਾਰਿਆ ਇਉਂ ਬਣਦੇ ਹਨ - 1 - ਇੱਕ। ਓਅੰ। - ਕਾਰ। ਓਅੰ ਸੰਸਕ੍ਰਿਤ ਦਾ ਸ਼ਬਦ ਹੈ। ਮਹਾਨ ਕੋਸ਼ ਅਨੁਸਾਰ ਇਸ ਦੇ ਤਿੰਨ ਅਰਥ ਹਨ: 1. ਓਅੰ ਪਵਿੱਤਰ ਅੱਖਰ ਮੰਨਿਆ ਜਾਂਦਾ ਹੈ। 2. ਓਅੰ ਦਾ ਅਰਥ ਹੈ - ਜੀ ਹਾਂ। 3. ਓਅੰ - ਬ੍ਰਹਮ।

ਪ੍ਰੋ: ਸਾਹਿਬ ਸਿੰਘ ਅਨੁਸਾਰ ਇਹਨਾਂ ਵਿਚੋਂ ਕਿਹੜਾ ਅਰਥ ਇਸ ਸ਼ਬਦ ਦਾ ਇਥੇ ਲਿਆ ਜਾਣਾ ਹੈ ਇਸ ਨੂੰ ਦ੍ਰਿੜ ਕਰਨ ਲਈ ਓਅੰ ਦੇ ਪਹਿਲਾਂ 1 ਲਿਖ ਦਿੱਤਾ ਹੈ। ਇਸ ਦਾ ਭਾਵ ਇਹ ਹੈ ਕਿ ਇਥੇ ਓਅੰ ਦਾ ਅਰਥ ਹੈ ਉਹ ਹਸਤੀ ਜੋ ਇੱਕ ਹੈ। ਇਸ ਤਰ੍ਹਾਂ ਓਅੰ ਇਕੋ ਇੱਕ ਬ੍ਰਹਮ ਹੈ।

ਪ੍ਰੋ: ਸਹਿਬ ਸਿੰਘ ਤੇ ਸਾਡੇ ਵਿਦਵਾਨਾ ਨੇ ਇਹਨਾ ਦਲੀਲਾਂ ਦੇ ਅਧਾਰ ਤੇ ਅਖਰ ੳਅੰ ਨੂੰ ਇੱਕੋ ਇੱਕ ਬ੍ਰਹਮ ਦਾ ਲਖਾਇਕ ਮੰਨ ਲਿਆ।

ਅੱਜ ਸਾਡੀ ਵਿਚਾਰ ਦਾ ਵਿਸ਼ਾ ਇਹ ਹੈ।

* ਗੁਰਬਾਣੀ ਵਿੱਚ ਗੁਰੂ ਜੀ ਨੇ ਅਖਰ ੳਅੰ ਨੂੰ ਕਿਤੇ ਵੀ ਬ੍ਰਹਮ ਨਹੀਂ ਕਿਹਾ।

* ਅਖਰ ਓਅੰ, ਗੁਰਬਾਣੀ ਦੇ ਅਖਰ ਓਅੰਕਾਰ ਦਾ ਸੰਖੇਪ ਨਹੀ।

* ਗੁਰੂਬਾਣੀ ਵਿੱਚ ਜਿੱਥੇ ਵੀ ਅੱਖਰ ੳਅੰ ਵਰਤਿਆ ਗਿਆ ਹੈ, ਉਸ ਦੇ ਅਰਥ ਹਨ, "(ਆਰੰਭ ਵਿੱਚ ਜਾਂ ਪਹਿਲਾਂ) " ਜਿਸ ਤਰ੍ਹਾਂ "ਓਅੰ ਸਾਧ ਸਤਿਗੁਰ ਨਮਸਕਾਰੰ" (ਪ: 250 ਗੁਰੂ ਗ੍ਰੰਥ ਸਾਹਿਬ)।

* ਵੇਦ ਮਤ ਵਿੱਚ ਅੱਖਰ ਓਅੰ ਨੂੰ ਬ੍ਰਹਮ ਕਿਹਾ ਗਿਆ ਹੈ। ਵੇਦ ਮਤ ਵਿੱਚ ਅੱਖਰ ਓਅੰ ਨੂੰ ਓਮਨਮੋ, ਓਮਕਾਰ ਤੇ ਓਅੰਕਾਰ ਵੀ ਕਿਹਾ ਗਿਆ ਹੈ। ਵੇਦ ਮਤ ਗੁਰਬਾਣੀ ਦੇ ਅਖਰ ਓਅੰਕਾਰ ਨੂੰ ਨਹੀ ਜਾਣਦਾ।

* ਗੁਰਬਾਣੀ ਵਿੱਚ ਗੁਰੂ ਜੀ ਅੱਖਰ ਓਮ ਨੂੰ ਓਨਮ ਲਿਖ ਕੇ, ਪਾੰਡੇ ਨੂੰ ਅਖਰ ਓਅੰ ਦੇ ਅਰਥ ਸਮਝਾਉਂਦੇ ਹਨ। ਗੁਰਮਤ ਉਪਦੇਸ਼ ਅਨੁਸਾਰ ਓਮ ‘ਤ੍ਰਿਭਵਨ ਸਾਰ’ ਹੈ। ਮਾਇਆ ਦਾ ਜੰਜਾਲ ਹੈ। ਵੇਦ ਮਤ ਓਅੰ ਨੂੰ ਬ੍ਰਹਮ ਕਹਿੰਦਾ ਹੈ। ਗੁਰਬਾਣੀ ਅਨੁਸਾਰ ਅੱਖਰ "ਓਅੰਕਾਰ" ਇੱਕ ਏਕੰਕਾਰ, ਪਾਰਬ੍ਰਹਮ ਦੇ ਸੰਸਾਰ ਵਿੱਚ ਪਸਾਰਾ ਕਰਨ ਲਈ ਆਤਮ ਪਸਾਰੇ ਦਾ ਅਖਰ ਹੈ, ਇੱਕ ਏਕੇਕਾਰ, "ਓਅੰਕਾਰ" ਸਰੂਪ" ਵਿੱਚ ਓਦੋਂ ਤਕ ਪਸਰਿਆ ਰਹੇਗਾ ਜਿਤਨੀ ਦੇਰ ਇੱਕ ਕਾਲ ਚੱਕਰ ਹੈ। ਬ੍ਰਹਮ ਦਾ ਲਿਖਾਇਕ ਅੱਖਰ ੳਅੰਕਾਰ ਇੱਕ ਕਾਲ ਚੱਕਰ ਤੋ ਬਾਦ ਇੱਕ ਏਕੰਕਾਰ, ਅਬਿਨਾਸੀ ਇਕੋ ਇੱਕ ਹਸਤੀ ਵਿੱਚ ਹੀ ਸਮਾ ਜਾਵੇਗਾ। ਇਸ ਤਰ੍ਹਾਂ ਇੱਕ ਏਕੰਕਾਰ ਨੇ ਆਤਮ ਪਸਾਰਾ ਕਈ ਵਾਰ ਕੀਤਾ। ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ (ਪ: 276)।

* ਗੁਰਬਾਣੀ ਦਾ ਅੱਖਰ ਇੱਕ ਏਕੰਕਾਰ ਤੇ ੳਅੰਕਾਰ ਵਖ-ਵਖ ਅਖਰ ਹਨ। ਗਰੂ ਜੀ ਨੇ ਇਹਨਾ ਦੋਨਾਂ ਅਖਰਾਂ ਦੇ ਵਖ-ਵਖ ਅਰਥ ਸਮਝਾਏ ਹਨ।

ਗੁਰਬਾਣੀ ਦਾ ਅੱਖਰ ਓਅੰਕਾਰ, ਇੱਕੋ ਇੱਕ ਸਦੀਵ ਹਸਤੀ ਇੱਕ ਏਕੰਕਾਰ ਦਾ ਸੰਸਾਰ ਵਿੱਚ ਪਸਾਰਾ ਹੈ। ਇੱਕ ਏਕੰਕਾਰ, ਪਾਰਬ੍ਰਹਮ, ਅਕਾਲ ਪੁਰਖ ਹੈ। ਓਅੰਕਾਰ ਪਾਰਬ੍ਰਹਮ ਹੈ, ਇੱਕ ਕਾਲ ਚੱਕਰ ਤੋਂ ਬਾਦ ਇਕੋ ਏਕੰਕਾਰ ਵਿੱਚ ਸਮਾ ਜਾਂਦਾ ਹੈ।

ਵੇਦ ਮਤ ਦਾ ਅੱਖਰ ਓਮ (ਜਾਂ ਓਮਕਾਰ), ਵੇਦ ਮਤ ਅਨੁਸਾਰ ਬ੍ਰਹਮ ਹੈ। ਗੁਰਬਾਣੀ ਓਮ ਨੂੰ ਮਾਇਆ ਦਾ ਜੰਜਾਲ ਕਹਿੰਦੀ ਹੈ। ਓਮ ਭਰਮ ਭੈ ਵਾਲੀ ਮੈਲੀ ਚੇਤਨਾ ਹੈ, Life Consciousness of the Universe ਹੈ। ਵੇਦ ਮਤ ਇੱਕ ਏਕੰਕਾਰ, ਅਕਾਲ ਪੁਰਖ ਨੂੰ ਨਹੀਂ ਜਾਣਦਾ ਪਛਾਣਦਾ। ਵੇਦ ਮਤ ਗੁਰਬਾਣੀ ਦੇ ਅੱਖਰ ਓਅੰਕਾਰ ਨੂੰ ਵੀ ਨਹੀਂ ਜਾਣਦਾ।

ਗੁਰਬਾਣੀ ਵਿੱਚ ਗੁਰੂ ਜੀ ਓਮ ਨੂੰ ਜੋਤੀ ਕਹਿੰਦੇ ਹਨ। ਬਾਣੀ ਦਖਣੀ ਓਅੰਕਾਰ ਵਿੱਚ ਗੁਰੂ ਜੀ ਨੇ ਪਾੰਡੇ ਨੂੰ ਉਪਦੇਸ਼ ਦਿੰਦਿਆ ਕਿਹਾ ਹੈ, ਹੇ ਪਾੰਡੇ ਤੂੰ ਬਾਲਕਾਂ ਦੀ ਪੱਟੀ ਉਤੇ ਅਖਰ ਓਮ ਕਿਉਂ ਲਿਖਦਾ ਹੈ, ਇਹ ਤਾਂ ਮਾਇਆ ਦਾ ਜੰਜਾਲ ਹੈ।

ਓਅੰਕਾਰ ਦੀ ਵਿਚਾਰ - ਓਅੰਕਾਰ ਪਸਰਿਆ ਇੱਕ ਏਕੰਕਾਰ ਪਾਰਬ੍ਰਹਮ ਹੈ ਜਿਸ ਤੋ ਸਮਾਂ ਸ਼ੁਰੂ ਹੋਇਆ ਤੇ ਸੰਸਾਰ ਦੀ ੳਤਪਤੀ ਹੋਈ।

ਵੇਦ ਮਤ ਦੇ ਅਖਰ ਓਮ (ਓਨਮ ਦੀ ਵਿਚਾਰ)

ਓਨਮ ਅਖਰ ਸੁਣਹੁ ਬੀਚਾਰੁ।। ਓਨਮ ਅਖਰੁ ਤ੍ਰਿਭਵਣ ਸਾਰੁ।।

ਸੁਣਿ ਪਾਡੇ ਕਿਆ ਲਿਖਹੁ ਜੰਜਾਲਾ।। ਲਿਖ ਰਾਮ ਨਾਮ ਗੁਰਮੁਖਿ ਗੋਪਾਲਾ।।

(ਹੇ ਪਾਡੇ ਤੂੰ ਓਨਮ ਅਖਰ (ਓਮ) ਦੀ ਵਿਚਾਰ ਸੁਣ। ਓਨਮ ਅਖਰ ਤਿਨਾਂ ਭਵਨਾਂ ਦਾ ਸਾਰ ਤਤ ਹੈ। ਤੂੰ ਬਾਲਕਾਂ ਦੀ ਪੱਟੀ ੳੱਤੇ ਮਾਇਆ ਦਾ ਲਖਾਇਕ ਅੱਖਰ ਓਮ ਕਿਉਂ ਲਿਖਦਾ ਹੈਂ। ਤੂੰ ਪਟੀ ੳਤੇ ਪੂਰੇ ਸਤਗੁਰ ਦੇ ਉਪਦੇਸ਼ ਅਨੁਸਾਰ ਗੁਰਮੰਤ੍ਰ ਨਾਮ ਅਖਰ ਲਿਖ ਜੋ ਇੱਕ ਏਕੰਕਾਰ ਬ੍ਰਹਮ ਦਾ ਲਖਾਇਕ ਹੈ।)

ਵੇਦ ਮਤ ਅੱਖਰ ਓਮ ਨੂੰ ਸਤ ਮਨਦਾ ਹੈ ਤੇ ਓਮ ਨੂੰ ਕਾਲ ਪੁਰਖ, ਮਹਾਂਕਾਲ, ਕਾਲ ਵੀ ਕਹਿੰਦਾ ਹੈ। ਵੇਦ ਮਤ ਓਮ, ਕਾਲ, ਮਹਾਕਾਲ ਦੀ ਅਰਾਧਨਾ ਦਾ ਉਪਦੇਸ਼ ਦਿੰਦਾ ਹੈ। ਵੇਦ ਮਤ ਓਮ ਨੂੰ ਬ੍ਰਹਮ, ਪ੍ਰਮੇਸ਼ਵਰ, ਅਕਾਲ ਵੀ ਕਹਿੰਦਾ ਹੈ।

ਗੁਰਬਾਣੀ ਅਨੁਸਾਰ ਵੇਦਾਂ ਨੂੰ ਇੱਕ ਏਕੰਕਾਰ ਜੋਤ ਰੂਪ ਅਕਾਲ ਪੁਰਖ ਦੀ ਪਛਾਣ ਨਹੀ। ਵੇਦ ਮਤ ਗੁਰਬਾਣੀ ਦੇ ਅਖਰ ਓਅੰਕਾਰ ਨੂੰ ਨਹੀ ਪਛਾਣਦਾ।

ਗੁਰਬਾਣੀ ਨੂੰ ਵੇਦ ਮਤ ਦੇ ਰੰਗ ਵਿੱਚ ਵਿਚਾਰਣ ਦੇ ਇਤਿਹਾਸਕ ਕਾਰਣ ਹਨ। ਪਾ: 10 ਦੇ ਜੋਤੀ-ਜੋਤ ਸਮਾਣ ਤਕ ਤਕਰੀਬਨ 60 ਸਾਲ ਸਿੱਖ ਰਾਜਸੀ ਜੁਲਮ ਦੇ ਸ਼ਿਕਾਰ ਹੋਏ। ਆਪਣੀ ਜਾਨ ਦੇ ਖਤਰੇ ਕਰਕੇ ਸਿਖ ਪਿੰਡਾਂ ਵਿੱਚ ਨਹੀਂ ਰਹਿੰਦੇ ਸਨ। ਸਿਖਾਂ ਨੇ ਆਪਣਾ ਟਿਕਾਣਾ ਜੰਗਲਾਂ ਵਿੱਚ ਬਣਾਇਆ ਜਿਥੇ ਛੋਟੇ ਛੋਟੇ ਜੱਥੇ ਘੁੰਮਦੇ ਸਨ ਤੇ ਆਪਣਾ ਟਿਕਾਣਾ ਬਦਲਦੇ ਰਹਿੰਦੇ ਸਨ। ਇਸ ਭਿਆਨਕ ਸਮੇ ਵਿੱਚ ਵੇਦ ਮਤ ਦੇ ਸ਼ਰਧਾਲੂ ਤੇ ਗਿਆਨੀ, ਉਦਾਸੀ ਮਹੰਤਾਂ ਤੇ ਨਿਰਮਲਿਆਂ ਨੇ ਸਿਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ। ਉਹਨਾਂ ਨੇ ਗੁਰਬਾਣੀ ਦੇ ਅਰਥ ਵੇਦਕ ਵਿਚਾਰਾਂ ਦੇ ਅਧੀਨ ਕੀਤੇ ਤੇ ਸਿਖਾਂ ਨੇ ਵੇਦ ਮਤ ਦੇ ਰੰਗੇ ਵਿਚਾਰਾਂ ਨੂੰ ਸੱਤ ਮੱਨ ਲਿਆ। ਇਸ ਤਰ੍ਹਾਂ ਪੁਸ਼ਤ ਦਰ ਪੁਸ਼ਤ ਵਿਚਾਰ ਹੁੰਦੇ ਰਹੇ ਸਾਡੀ ਇਸ ਪਰਮਪਰਾਗਤ ਭੁਲ ਨੂੰ ਕੇਵਲ ਗੁਰਬਾਣੀ ਵਿਚਾਰ ਦਰੁਸਤ ਕਰ ਸਕਦੀ ਹੈ।

ਇਹ ਵਿਚਾਰਾਂ ਕਰਨ ਦਾ ਮਨੋਰਥ ਇਹ ਸਮਝਨ ਲਈ ਹੈ ਕਿ ਸਮੇਂ ਦੀ ਚਾਲ ਨਾਲ ਪੰਥ ਵਿੱਚ ਵੈਦਕ ਵਿਚਾਰਧਾਰਾ, ਘਰ ਕਰ ਗਈ। ਨਿਰਮਲੇ ਤੇ ਉਦਾਸੀ ਮਹੰਤਾਂ ਦੀ ਰਹੁ ਰੀਤੀ ਦਾ ਪ੍ਰਭਾਵ ਸਾਡੀ ਸਿੱਖ ਰਹਿਤ ਮਰਯਾਦਾ ਵਿੱਚ ਵੀ ਆ ਗਿਆ। ਪੰਥ ਦੇ ਉੱਘੇ ਵਿਚਾਰਵਾਨਾਂ ਤੇ ਸੰਸਥਾਵਾਂ ਨੇ ਸਿੱਖ ਰਹਿਤ ਮਰਯਾਦਾ ਬਨਾਣ ਵੇਲੇ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪਾ: 10 ਦੀ ਬਾਣੀ ਮੰਨ ਕੇ ਜਾਪ ਸਾਹਿਬ, ਸਵਯੇ, ਕਬਿਓਬਾਚ ਬੇਨਤੀ ਚੌਪਈ ਖੰਡੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਤੇ ਨਿਤਨੇਮ ਦੀ ਬਾਣੀਆਂ ਵਿੱਚ ਸ਼ਾਮਲ ਕਰ ਦਿੱਤਾ। ਸਿੱਖ ਰਹਿਤ ਮਰਯਾਦਾ 1936 ਵਿੱਚ ਛਪੀ।

ਇਹਨਾਂ ਸਭ ਭੁੱਲਾਂ ਦਾ ਸੁਧਾਰ ਕੇਵਲ ਗੁਰਬਾਣੀ ਉਪਦੇਸ਼ ਨੂੰ ਸਮਝ ਕੇ ਗੁਰਬਾਣੀ ਗਿਆਨ ਦੇ ਆਧਾਰ ਤੇ ਹੀ ਹੋ ਸਕਦਾ ਹੈ। ਗੁਰਬਾਣੀ ਉਪਦੇਸ਼ ਅਗੇ ਉਹਨਾਂ ਪਰਮਪਰਾਵਾਂ ਜਾਂ ਧਾਰਨਾਵਾਂ ਲਈ ਕੋਈ ਥਾਂ ਨਹੀਂ ਜੋ ਗੁਰਬਾਣੀ ਅਨੁਕੂਲ ਨਹੀਂ। ਅਸੀਂ ਵਿਚਾਰ ਇਸ ਮੂਲ ਅਧਾਰ ਨੂੰ ਮੰਨ ਕੇ ਕਰਨੀ ਹੈ ਕਿ ਗੁਰਬਾਣੀ ਨਿਰੋਲ ਸੱਤ ਹੈ।

ਸ੍ਰ. ਗੁਰਬਖਸ਼ ਸਿੰਘ ਗੁਲਸ਼ਨ ਨੇ ਪੁਸਤਕ ‘ਦਰਪਣ ਸਿੱਖ ਰਹਿਤ ਮਰਯਾਦਾ’ ਵਿੱਚ ਸਿੱਖ ਰਹਿਤ ਮਰਯਾਦਾ ਦੇ ਸੋਮੇ ਇਹ ਦੱਸੇ ਹਨ:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ।

ਦਸ਼ਮੇਸ਼ ਜੀ ਦੀ ਸ੍ਰੀ ਮੁਖਵਾਕ ਬਾਣੀ।

ਭਾਈ ਗੁਰਦਾਸ ਜੀ ਦੀ ਰਚਨਾ।

ਭਾਈ ਨੰਦ ਲਾਲ ਜੀ ਦੀ ਰਚਨਾ।

ਜਨਮ ਸਾਖੀਆਂ, ਵੱਖ ਵੱਖ ਗੁਰਸਿੱਖਾਂ ਦੇ ਰਹਿਤਨਾਮੇ, ਗੁਰ ਪ੍ਰਤਾਪ ਸੂਰਜ ਗ੍ਰੰਥ ਆਦਿ। (ਪੰਨਾ 46)

ਲੇਖਕ ਕਹਿੰਦਾ ਹੈ, ਸ੍ਰੀ ਦਸ਼ਮੇਸ਼ ਜੀ ਦੀ ਬਾਣੀ ਦਸਮ ਗ੍ਰੰਥ ਵਿੱਚ ਦਰਜ ਮਿਲਦੀ ਹੈ। ਕੁੱਝ ਵਿਅਕਤੀ ਤਾਂ ਦਸਮ ਗ੍ਰੰਥ ਦੀ ਸਾਰੀ ਬਾਣੀ ਨੂੰ ਹੀ ਦਸ਼ਮੇਸ਼ ਜੀ ਦੀ ਕਿਰਤ ਮੰਨਦੇ ਹਨ, ਜਦ ਕਿ ਬਾਕੀ ਇਸ ਖ਼ਿਆਲ ਨਾਲ ਸਹਿਮਤੀ ਨਹੀਂ ਰਖਦੇ। ਸਿੱਖ ਰਹਿਤ ਮਰਯਾਦਾ ਦੀ ਵਿਆਖਿਆ ਦੌਰਾਨ ਲੇਖਕ ਨੇ ਕੇਵਲ ਉਨ੍ਹਾਂ ਬਾਣੀਆਂ ਦਾ ਹੀ ਹਵਾਲਾ ਦਿੱਤਾ ਹੈ, ਜਿੰਨ੍ਹਾਂ ਬਾਬਤ ਪੰਥਕ ਪਰਵਾਨਗੀ ਸੀ।

ਲੇਖਕ ਖੰਡੇ ਦਾ ਅੰਮ੍ਰਿਤ ਤਿਆਰ ਕਰਨ ਬਾਰੇ ਲਿਖਦਾ ਹੈ ਕਿ ਸਾਨੂੰ ਧਿਆਨ ਰਖਣ ਦੀ ਲੋੜ ਹੈ ਕਿ ਅਕਤੂਬਰ 1936 ਈਸਵੀ ਵਿੱਚ ਸਾਰੇ ਪੱਖਾਂ ਨੂੰ ਵੀਚਾਰਨ ਉਪ੍ਰੰਤ ਹੀ ਪੰਜ ਬਾਣੀਆਂ ਬਾਬਤ ਪੰਥਕ ਫੈਸਲਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਾਡੇ ਕਿਸੇ ਇਤਹਾਸਕ ਗ੍ਰੰਥ ਜਾਂ ਕਿਸੇ ਵੀ ਰਹਿਤਨਾਮੇ ਵਿੱਚ ਇਹਨਾਂ ਜਾਂ ਹੋਰ ਪੰਜ ਬਾਣੀਆਂ ਦਾ ਅੰਮ੍ਰਿਤ ਦਾ ਬਾਟਾ ਤਿਆਰ ਕੀਤੇ ਜਾਣ ਸਮੇਂ ਪੜ੍ਹਣ ਦਾ ਹਵਾਲਾ ਨਹੀਂ ਮਿਲਦਾ। (ਪੰਨਾ 204)

ਪੰਥਕ ਰਹਿਤ ਮਰਯਾਦਾ - ਸਿੱਖ ਵਿਦਵਾਨਾਂ ਤੇ ਪੰਥਕ ਜਥੇਬੰਦੀਆਂ ਨੇ 1936 ਵਿੱਚ ਇਸ ਗਲਤ ਵਿਸ਼ਵਾਸ਼ ਵਿੱਚ ਬਣਾਈ ਕਿ ਦਸਮ ਗ੍ਰੰਥ ਵਿੱਚ ਪਾ: 10 ਦੀਆਂ ਰਚਿਤ ਬਾਣੀਆਂ ਹਨ।

ਜਾਹਰ ਹੈ ਜਾਪੁ ਸਾਹਿਬ, ਸਵੱਯੈ ਤੇ ਕਬਿਯੋਬਾਚ ਬੇਨਤੀ ਚੌਪਈ, ਇਸ ਭੁੱਲ ਵਿੱਚ ਦਰਜ ਕੀਤੀ ਗਈ ਕਿ ਦਸਮ ਗ੍ਰੰਥ ਪਾ: 10 ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਕਿਹੜੀ ਬਾਣੀ ਖੰਡੇ ਦਾ ਅੰਮ੍ਰਿਤ ਤਿਆਰ ਕਰਦਿਆਂ ਪੜ੍ਹੀ ਗਈ, ਇਸਦਾ ਕੋਈ ਸੁਰਾਗ ਸਾਡੇ ਕੋਲ ਨਹੀਂ - ਨਿਤਨੇਮ ਦੀਆਂ ਬਾਣੀਆਂ ਵਿੱਚ ਵੀ ਜਾਪੁ ਸਾਹਿਬ, 10 ਸਵੱਯੈ ਤੇ ਕਬਯੋ ਬਾਚ ਬੇਨਤੀ।। ਚੌਪਈ।। ਇਸੇ ਭੁੱਲ ਵਿੱਚ ਦਰਜ ਹੋਏ। ਸਾਡੀ ਦਸਮ ਗ੍ਰੰਥ ਦੀ ਵਿਚਾਰ ਉਪਰ ਦਿੱਤੀ ਸਿੱਖ ਪੰਥ ਦੀ ਧਾਰਨਾ ਤੋਂ ਨਿਰਪੱਖ ਹੋ ਕੇ, ਕੇਵਲ ਗੁਰਬਾਣੀ ਉਪਦੇਸ਼ ਦੇ ਆਧਾਰ ਤੇ ਕਰਨ ਦਾ ਯਤਨ ਹੈ।

ਗਿਆਨੀ ਗੁਰਦਿੱਤ ਸਿੰਘ ਨੇ ਗਿਆਨੀ ਦਿੱਤ ਸਿੰਘ ਦੀ ਲਿਖਤ ਦੁਰਗਾ ਪ੍ਰਬੋਧ ਦੇ ਮੁਖਬੰਧ ਵਿੱਚ, ਅਜ ਤੋ 150 ਸਾਲ ਪਹਿਲਾਂ ਤਕਰੀਬਨ ਸੰਨ 1850 ਈਸਵੀ ਵਿੱਚ ਵਿਦਿਆ ਪ੍ਰਾਪਤੀ ਦੇ ਢੰਗਾਂ ਦਾ ਵਰਣਨ ਕੀਤਾ ਹੈ।

"ਉਸ ਸਮੇਂ ਵਿਦਿਆ ਦੇ ਕੇਂਦਰ ਸਾਧੂਆਂ ਦੇ ਡੇਰੇ ਹੀ ਹੁੰਦੇ ਸਨ, ਜਿਥੇ ਪੁਰਾਤਨ ਵਿਦਿਆ ਦੇ ਗ੍ਰੰਥਾਂ ਦਾ ਪਠਨ ਪਾਠ ਕੀਤਾ ਜਾਂਦਾ ਸੀ। ਪ੍ਰਾਚੀਨ ਗ੍ਰੰਥਾਂ ਦੇ ਅਧਿਆਤਮਕ ਗਿਆਨ ਦੇ ਨਾਲ-ਨਾਲ ਸ਼ਾਸਤ੍ਰ ਤੇ ਵੇਦਾਂ, ਉਪਨਿਸ਼ਦਾਂ, ਤੇ ਵਿਦਿਆ ਦੇ ਦੂਜੇ ਅੰਗਾਂ ਨੂੰ ਪੜ੍ਹਾਇਆ ਜਾਂਦਾ ਸੀ। ਵਿਦਵਾਨ ਓਸੇ ਨੂੰ ਸਮਝਿਆ ਜਾਂਦਾ ਸੀ ਜਿਸ ਨੇ ਵੇਦ-ਵਿਆਕਰਣ ਵਿਚਾਰਿਆ ਹੋਵੇ।

ਸਿੱਖ ਵਿਦਿਅਕ ਸੰਸਥਾਵਾਂ ਚਲਾਉਣ ਅਤੇ ਹੋਰ ਕਾਰਜ ਸਾਧਨ ਲਈ, ਸਿੰਘ ਸਭਾ ਲਹਿਰ ਸ਼੍ਰੀ ਅਮ੍ਰਿਤਸਰ 1873 ਈ ਵਿੱਚ ਬਣਾਈ ਗਈ, ਅਨਜਾਣ ਸਿੱਖਾਂ ਉਤੇ ਸਭ ਤੋ ਵਧ ਪ੍ਰਭਾਵ ਹਿੰਦੂਆਂ ਦੀ ਦੇਵੀ ਪੂਜਾ ਦਾ ਸੀ।"

ਇਸ ਪੁਸਤਕ ਦੇ, ‘ਦੋ ਸ਼ਬਦ’ ਵਿੱਚ ਪ੍ਰਿੰਸੀਪਲ ਹਰਿਭਜਨ ਸਿੰਘ, ਸਿੱਖ ਮਿਸ਼ਨਰੀ ਕਾਲਜ ਨੇ ਹੇਠ ਲਿਖੇ ਵਿਚਾਰ ਪ੍ਰਗਟ ਕੀਤੇ ਹਨ।

ਸਿੱਖਾਂ ਬਾਰੇ ਇਹ ਆਮ ਗਲ ਕਹੀ ਜਾਂਦੀ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾਂ ਹੈ, ਪਰ ਲਿਖਿਆ ਨਹੀਂ। ਅਸੀਂ ਇਸ ਦੇ ਨਾਲ ਇਹ ਗੱਲ ਵੀ ਜੋੜਣ ਵਿੱਚ ਕੋਈ ਸੰਕੋਚ ਨਹੀ ਕਰਦੇ ਕਿ ਜਿਹੜਾ ਇਤਿਹਾਸ (ਕਥਿਤ) ਸਿਖ ਲਿਖਾਰੀਆਂ ਨੇ ਲਿਖਿਆ ਹੈ ਉਸੇ ਵਿਚੋਂ ਬਹੁਤ ਅਜੇਹਾ ਹੈ ਜਿਸ ਉਤੇ ਬ੍ਰਾਹਮਣੀ ਵਿਚਾਰਾ ਦੀ ਪੁੱਠ ਚੜ੍ਹੀ ਹੋਈ ਹੈ। ਜਨਮ ਸਾਖੀਆਂ, ਗੁਰਬਿਲਾਸਾਂ ਅਤੇ ਸੂਰਜ ਪ੍ਰਕਾਸ਼ ਗ੍ਰੰਥ ਆਦਿਕ ਗ੍ਰੰਥ, ਸਭ ਦਾ ਇਹੀ ਹਾਲ ਹੈ। ਇਸ ਸਭ ਕਾਸੇ ਦਾ ਨਤੀਜਾ ਇਹ ਹੋਇਆ ਹੈ ਕਿ ਗੁਰੂ ਪਾਤਿਸ਼ਾਹੀਆਂ ਦੀ ਜੋ ਸ਼ਖਸੀਅਤ ਇਨ੍ਹਾ ਇਤਿਹਾਸਕ ਗ੍ਰੰਥਾ ਵਿਚੋ ਉਭਰਦੀ ਹੈ, ਉਹ ਉਸ ਸ਼ਖਸੀਅਤ ਤੋ ਬਹੁਤ ਭਿੰਨ ਹੈ, ਜੋ ਗੁਰਬਾਣੀ ਵਿੱਚ ਸਪਸ਼ਟ ਹੁੰਦੀ ਹੈ।

"ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਕਰਤਾ ਭਾਈ ਸੁਖਾ ਸਿੰਘ ਨੇ ਦੇਵੀ ਪੂਜਾ ਸੰਬੰਧੀ ਇੱਕ ਲੱਮੀ ਚੌੜੀ ਸਾਖੀ ਲਿਖੀ ਹੈ। ਇਸ ਪੁਸਤਕ ਦੇ ਦਸਵੇਅਧਿਆਇ ਅਨੁਸਾਰ ਦਸਮ ਪਿਤਾ ਨੇ ਉਜੈਨ ਨਿਵਾਸੀ ਬ੍ਰਾਹਮਣ ਦੱਤਾ ਨੰਦ ਰਾਹੀਂ ਦੁਰਗਾ ਦੇਵੀ ਦਾ ਪੂਜਨ ਕਰਵਾਇਆ ਸੀ।

ਸਰੂਪ ਦਾਸ (ਭੱਲਾ) ਨੇ ਮਹਿਮਾ ਪ੍ਰਕਾਸ਼ ਅਤੇ ਭਾਈ ਸੰਤੋਖ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਪਣੇ ਆਪਣੇ ਢੰਗ ਨਾਲ ਦੁਰਗਾ ਦੇਵੀ ਦੇ ਪੂਜਨ ਦਾ ਵਿਸਥਾਰ ਦਿੱਤਾ ਹੈ।

ਇਹੋ ਜਿਹੀਆਂ ਲਿਖਤਾਂ ਨੇਂ ਸਿਖਾਂ ਨੂੰ ਬ੍ਰਾਹਮਣ ਵਾਦ ਦੀ ਉਸ ਦਲ ਦਲ ਵਿੱਚ ਫਸਾ ਦਿੱਤਾ ਜਿਸ ਵਿਚੋਂ ਗੁਰੂ ਸਹਿਬਾਨ ਨੇ ਭਾਰੇ ਯਤਨ ਕਰ ਕੇ ਕਢਿਆ ਸੀ। ਇਸ ਗਲ ਦਾ ਸਿਹਰਾ ਸਿੰਘ ਸਭਾ ਲਹਿਰ ਦੇ ਸੇਵਕਾਂ ਸਿਰ ਬਝਦਾ ਹੈ, ਜਿਨ੍ਹਾਂ ਨੇ ਸਿੱਖਾ ਨੂੰ ਬ੍ਰਹਮਣਵਾਦਿ ਦੀ ਦਲ-ਦਲ ਵਿਚੋਂ ਕਢਣ ਲਈ ਅਨਥਕ ਯਤਨ ਕੀਤੇ।"

ਮਹਾਨ ਕੋਸ਼ ਵਿੱਚ ਜੋ ਪੰਜਾਬੀ ਦੀ ਮੰਨੀ ਹੋਈ ਡਿਕਸ਼ਨਰੀ ਹੈ, ਭਾਈ ਕਾਹਨ ਸਿੰਘ ਨੇ ਬਹੁਤ ਸਾਰੇ ਅਰਥ ਇਸ ਭੁੱਲ ਵਿੱਚ ਕੀਤੇ ਹਨ ਕਿ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਟੀਕਿਆਂ ਤੇ ਗੁਰੂ ਪਾਤਸ਼ਾਹਾਂ ਦੇ ਜੀਵਨ ਬ੍ਰਿਤਾਂਤਾਂ ਵਿੱਚ ਵੀ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਪਾ: 10 ਦੀਆਂ ਰਚਨਾਵਾਂ ਮੰਨਣ ਕਰ ਕੇ ਵੇਦਾਂ ਸ਼ਾਸਤਰਾਂ ਦਾ ਬਹੁਤ ਪ੍ਰਭਾਵ ਹੈ। ਸਿੱਖੀ ਸਿਧਾਂਤ ਦੀਆਂ ਪੁਸਤਕਾਂ ਤੇ ਹੋਰ ਜਨਮ ਸਾਖੀਆਂ ਵਿੱਚ ਵੀ ਵੇਦਮਤ ਦਾ ਰੰਗ ਹੈ।

ਇਸ ਲਈ ਜਰੂਰੀ ਹੈ ਕਿ ਅਸੀਂ ਗੁਰਮਤਿ ਦੀ ਜਾਣਕਾਰੀ ਵਧ ਤੋਂ ਵਧ ਗੁਰਬਾਣੀ ਵਿਚਾਰ ਤੋਂ ਪ੍ਰਾਪਤ ਕਰੀਏ। ਇਸ ਤਰ੍ਹਾਂ ਅਸੀਂ ਵਾਦ ਵਿਵਾਦ ਤੋਂ ਬਚ ਸਕਦੇ ਹਾਂ।

ਡਾ: ਗੁਰਮੁਖ ਸਿੰਘ




.