.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 42)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੱਚ ਕਹਿਣ ਵਾਲੇ ਨਿੰਦਕ ਨਹੀਂ ਹਨ

ਨਿੰਦਕ ਤਾਂ ਝੂਠ ਬੋਲਣ ਵਾਲੇ ਹਨ।

ਅੱਜ ਕਈ ਸਿੱਖ ਅਜਿਹੇ ਵੀ ਹਨ ਜੋ ਡੇਰੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋਏ ਵੀ ਸੱਚ ਬੋਲਣ ਤੋਂ ਡਰਦੇ ਹਨ। ਸਾਡੇ ਦਿਮਾਗ ਵਿੱਚ ਤਾਂ ਇਹ ਹੀ ਹੁੰਦਾ ਹੈ ਕਿ ਸੁਖਮਨੀ ਸਾਹਿਬ ਅੰਦਰ ਤਾਂ "ਗੁਰੂ ਸੰਤ" ਦੀ ਨਿੰਦਿਆ ਕਰਨ ਵਾਲੇ ਬਾਰੇ ਲਿਖਿਆ ਗਿਆ ਹੈ ਨਾ ਕਿ ਸੱਚ ਬੋਲਣ ਵਾਲੇ ਲਈ। ਕਿਸੇ ਪਾਖੰਡੀ ਜਾਂ ਭੇਖੀ ਦੀਆਂ ਕਾਲੀਆਂ ਕਰਤੂਤਾਂ ਨੂੰ ਸੰਗਤ ਸਾਹਮਣੇ ਲਿਆਉਣ ਨੂੰ ਨਿੰਦਿਆ ਨਹੀਂ ਬਲਕਿ ਸੱਚ ਬੋਲਣ ਦੀ ਜ਼ੁਰਅੱਤ ਕਿਹਾ ਜਾ ਸਕਦਾ ਹੈ। (ਜਿਵੇਂ ਗੁਰੂ ਨਾਨਕ ਸਾਹਿਬ ਜੀ ਮੰਦਰਾਂ ਅਤੇ ਮਸਜਿਦਾਂ ਅੰਦਰ ਜਾਕੇ ਵੀ ਸੱਚ ਬੋਲਦੇ ਰਹੇ)। ਅੱਜ ਸਿੱਖ ਕੌਮ ਦੇ ਅੰਦਰ ਅਨੇਕਾਂ ਸੁਖਮਨੀ ਸੁਸਾਇਟੀਆਂ ਹਨ, ਪਰ ਆਸਾ ਕੀ ਵਾਰ ਵਿੱਚ ਗੁਰੂ ਸਾਹਿਬ ਨੇ ਕਰਮ ਕਾਂਡਾਂ ਦੀ ਖਲੜੀ ਉਧੇੜੀ ਹੋਈ ਹੈ ਅਤੇ ਸੁਖਮਨੀ ਸਾਹਿਬ ਸੁਸਾਇਟੀਆਂ ਦੁਆਰਾ ਭੋਲੀ ਭਾਲੀ ਲੋਕਾਈ ਦੇ ਦਿਮਾਗ ਅੰਦਰ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਡਰਾ ਡਰਾ ਕੇ ਆਪਣੇ ਪੁਜਾਰੀ ਜੋ ਬਣਾਉਣਾ ਹੈ?

ਅੱਜ ਆਮ ਤੌਰ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਇਨ੍ਹਾਂ ਪਾਖੰਡੀਆਂ ਦੇ ਪੈਰਾਂ ਵਿੱਚ ਲੰਮੇ ਪੈ ਕੇ ਨੱਕ ਰਗੜੀ ਜਾ ਰਹੇ ਹਾਂ। ਇਹਨਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵੀ ਆਪਣੇ ਆਪ ਨੂੰ ਮੱਥਾ ਟਿਕਾਉਂਦਿਆਂ ਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ। ਇੱਕ ਸਮਾਗਮ ਵਿੱਚ ਬੀਬੀਆਂ ਨੇ ਵੀ ਬਾਬਾ ਜੀ ਦੇ ਚਰਨਾਂ ਵਿੱਚ ਡਿੱਗ ਡਿੱਗ ਕੇ ਅਰਦਾਸਾਂ ਕੀਤੀਆਂ। ਇਹਨਾਂ ਭੇਖੀਆਂ ਜਿੱਥੇ ਵੀ ਕਦਮ ਰੱਖਿਆ, ਉਸ ਕਸਬੇ ਜਾਂ ਪਿੰਡ ਦੇ ਨਾਮ ਨਾਲ ਸਾਹਿਬ ਸ਼ਬਦ ਲਾਉਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਗੁਰੂ ਸਾਹਿਬ ਵਲੋਂ ਵਸਾਏ ਸ਼ਹਿਰ, ਕਸਬੇ ਦੇ ਨਾਂ ਨਾਲ ਹੀ ‘ਸਾਹਿਬ’ ਸ਼ਬਦ ਲਾਇਆ ਜਾਂਦਾ ਹੈ। ਇਹਨਾਂ ਨੇ ਆਪਣੇ ਨਾਵਾਂ ਦੇ ਪਿੱਛੇ ਮਹਾਰਾਜ ਬੁਲਵਾਉਣਾ ਤੇ ਇਸ਼ਤਿਹਾਰਾਂ ਵਿੱਚ ਛਾਪਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਮਹਾਰਾਜ ਕੇਵਲ ਇੱਕ ਪ੍ਰਮਾਤਮਾ ਹੈ। ਜਾਂ ਦੁਨਿਆਵੀ ਤੌਰ ਤੇ ਰਾਜਿਆਂ ਤੇ ਰਾਜ ਕਰਨ ਵਾਲੇ ਨੂੰ ਮਹਾਰਾਜ ਕਿਹਾ ਜਾਂਦਾ ਸੀ ਪਰ ਇਹਨਾਂ ਨੂੰ ਤਾਂ ਦੁਨਿਆਵੀ ਤੌਰ ਤੇ ਅਗਿਆਨਤਾ ਵੱਸ, ਹਜ਼ਾਰ ਜਾਂ ਦੋ ਹਜ਼ਾਰ ਪ੍ਰਾਣੀ ਹੀ ਜਾਣਦੇ ਹੋਣਗੇ। ਬਾਣੀ ਮੁਤਾਬਕ ਅਸੀਂ ਪੜ੍ਹ ਕੇ ਆਏ ਹਾਂ ਕਿ ਸੰਤ, ਬ੍ਰਹਮਗਿਆਨੀ ਆਦਿ ਸ਼ਬਦ ਗੁਰੂ ਸਾਹਿਬਾਂ ਨੇ ਬਾਣੀ ਅੰਦਰ ਪ੍ਰਮਾਤਮਾ ਜਾਂ ਗੁਰੂ ਲਈ ਵਰਤੇ ਹਨ, ਪਰੰਤੂ ਇਹਨਾਂ ਅਜੋਕੇ ਪਾਖੰਡੀਆਂ ਨੇ ਆਪਣੇ ਨਾਵਾਂ ਨਾਲ ਕੇਵਲ ਇੱਕ ਨਾਮ ਸੰਤ ਜਾਂ ਬ੍ਰਹਮਗਿਆਨੀ ਹੀ ਨਹੀਂ (ਪ੍ਰਮਾਤਮਾ ਦੀ ਬਰਾਬਰਤਾ ਕਰਨ ਲਈ) ਬਲਕਿ 1001 ਹੋਰ ਡਿਗਰੀਆਂ ਲਾਉਣੀਆਂ ਸ਼ੁਰੂ ਕਰ ਦਿਤੀਆਂ ਹਨ (ਇਹ ਡਿਗਰੀਆਂ ਪੰਥ ਜਾਂ ਅਕਾਲ ਤਖ਼ਤ ਵੱਲੋਂ ਨਾ ਤਾਂ ਪ੍ਰਾਪਤ ਹੀ ਹੋਈਆਂ ਹਨ ਅਤੇ ਨਾ ਹੀ ਪੰਥਕ ਤੌਰ ਤੇ ਪ੍ਰਵਾਨ ਹਨ)। ਇਸ ਤਰ੍ਹਾਂ ਇਹ ਪਾਖੰਡੀ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਵੀ ਉੱਚਾ ਦਰਜਾ ਦੇਣ ਲਈ ਉਤਸੁਕ ਹਨ, ਜਿਵੇਂ ਕਿ ਇਸ਼ਤਿਹਾਰਾਂ ਵਿੱਚ ਆਮ ਤੌਰ ਤੇ ਹੇਠ ਲਿਖੇ ਅਨੁਸਾਰ ਪੜ੍ਹਨ ਨੂੰ ਮਿਲਦਾ ਹੈ: ਬ੍ਰਹਮਯੋਗੀ, ਮਹਾਨ ਤਪੱਸਵੀ, ਰਾਜ ਜੋਗੀ, ਮਹਾਨ ਤਿਆਗੀ, ਪੂਰਨ ਬ੍ਰਹਮਗਿਆਨੀ, ਪਰਮ ਪੂਜਨੀਕ, ਸ੍ਰੀ ਮਾਨ ੧੦੦੮, ਸੰਤ ਬਾਬਾ …. . ਸਿੰਘ ਜੀ ਮਹਾਰਾਜ … …। ਇਸ ਤਰ੍ਹਾਂ ਦੇ ਇਸ਼ਤਿਹਾਰ ਆਮ ਤੌਰ ਤੇ ਪਾਖੰਡੀ, ਆਪੇ ਬਣੇ ਸੰਤ ਲੋਗ, ਆਪੇ ਛਪਵਾ ਕੇ, ਆਪਣਾ ਰੁਤਬਾ ਉੱਚਾ ਕਰਨ ਦਾ ਢੌਂਗ ਕਰਦੇ ਹੀ ਰਹਿੰਦੇ ਹਨ। ਇਸ ਤਰ੍ਹਾਂ ਇਹ ਪਤਾ ਨਹੀਂ, ਕਿਸ ਪ੍ਰਮਾਤਮਾ ਦੀ ਬਰਾਬਰੀ ਕਰਨਾ ਚਾਹੁੰਦੇ ਹਨ। ਜਦੋਂ ਕਿ ਗੁਰਬਾਣੀ ਮੁਤਾਬਕ ਜੋ ਮਨੁੱਖ ਪ੍ਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਉਹ ਇਨ੍ਹਾਂ ਭੇਖੀਆਂ ਵਾਂਗ ਪ੍ਰਭੂ ਨੇੜੇ ਹੋਣ ਦੀ ਦੁਹਾਈ ਨਹੀਂ ਦਿੰਦੇ। ਫੁਰਮਾਨ ਹੈ:

ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥

(ਪੰ: ੧੩੮੪)

ਅੱਜ ਤਾਂ ਇਹ ਆਪਣੇ ਆਪ ਨੂੰ ਬ੍ਰਹਮਚਾਰੀ ਵੀ ਆਖਣ ਲੱਗ ਪਏ ਹਨ ਪਰੰਤੂ ਗੁਰੂ ਦੇ ਹੁਕਮਾਂ ਨੂੰ ਭੁੱਲ ਗਏ ਹਨ। ਗੁਰਬਾਣੀ ਅਜਿਹੇ ਮਨੁੱਖ ਨੂੰ ਖੁਸਰੇ ਦੀ ਬਰਾਬਰਤਾ ਦਿੰਦੀ ਹੈ:

ਬਿੰਦੂ ਰਾਖਿ ਜੌ ਤਰੀਐ ਭਾਈ॥

ਖੁਸਰੇ ਕਿਉ ਨ ਪਰਮ ਗਤਿ ਪਾਈ॥

(ਪੰਨਾ ੩੨੪)

ਗੁਰੂ ਗੋਬਿੰਦ ਸਿੰਘ ਜੀ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਏ ਸੀ (ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿਚ) ਪਰੰਤੂ ਅੱਜ ਕਾਫੀ ਗਿਣਤੀ ਵਿੱਚ ਸਿੱਖਾਂ ਨੂੰ ਪੰਥ ਦੀ ਪਰਿਭਾਸ਼ਾ ਵੀ ਪਤਾ ਨਹੀਂ ਹੈ। ਅੱਜ ਡੇਰੇਦਾਰ, ਸੰਤ, ਪੰਥਕ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਤੇ ਇਸਦਾ ਕਾਰਨ ਦੱਸਦੇ ਹਨ ਕਿ ਇਹ ਐੱਸ ਜੀ. ਪੀ. ਸੀ. ਨੇ ਬਣਾਈ ਹੈ ਜਾਂ ਕੁੱਝ ਕਿਸੇ ਇੱਕ ਜਥੇਦਾਰ ਦੀ ਬਣਾਈ ਦੱਸੀ ਜਾਂਦੇ ਹਨ। ਜਦੋਂ ਕਿ ਪੰਥਕ ਰਹਿਤ ਮਰਿਯਾਦਾ ਪੂਰੇ ਪੰਥ ਨੇ ਰਲ ਕੇ ੧੩ ਸਾਲ ਦੀ ਘਾਲਣਾ ਨਾਲ ਬਣਾਈ ਸੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਹ ਮਜਬੂਰੀ ਵੱਸ ਹੀ ਗੁਰੂ ਮੰਨ ਕੇ ਇਹਨਾਂ ਦੀ ਆੜ ਵਿੱਚ ਲੋਕਾਈ ਨੂੰ ਆਪਣੇ ਪਿੱਛੇ ਲਾਈ ਫਿਰਦੇ ਹਨ। ਜੇਕਰ ਲੋਕਾਈ ਗੁਰੂ ਸਾਹਿਬ ਤੋਂ ਬਗੈਰ ਇਹਨਾਂ ਪਿਛੇ ਲੱਗ ਜਾਦੀ ਤਦ ਇਹ ਗੁਰੂ ਸਾਹਿਬ ਨੂੰ ਗੁਰੂ ਨਾ ਮੰਨਣ ਦਾ ਬਹਾਨਾ ਵੀ ਘੜ ਲੈਂਦੇ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਲੋਕ ਵਿਖਾਵੇ ਲਈ ਗੁਰੂ ਮੰਨਦੇ ਹੋਏ ਪੰਥਕ ਰਹਿਤ ਮਰਿਯਾਦਾ ਅਤੇ ਪੰਥਕ ਫੈਸਲੇ ਨੂੰ ਨਹੀਂ ਮੰਨਦਾ ਉਸ ਨੂੰ ਸਿੱਖ ਕਹਾਉਣ ਦਾ ਹੱਕ ਨਹੀਂ, ਸੰਤ ਤਾਂ ਬਹੁਤ ਦੂਰ ਦੀ ਗੱਲ ਹੈ।

ਅੱਜ ਆਮ ਰਿਵਾਜ਼ ਪੈ ਗਿਆ ਹੈ ਕਿ ਬਾਬਾ ਬੁੱਢਾ ਜੀ ਦੀ ਸਤਾਰਵੀਂ ਗੱਦੀ ਤੇ ਸੰਤ, ਇਹ ਭਾਈ ਘਨ੍ਹਈਆ ਜੀ ਦੀ ਪੰਦਰਵੀਂ ਗੱਦੀ ਦੇ ਵਾਰਸ ਦੱਸਦੇ ਹਨ, ਪਰੰਤੂ ਗੁਰੂ ਨਾਨਕ ਦੇਵ ਜੀ ਦਾ ਹੁਕਮ ਭੁੱਲ ਜਾਂਦੇ ਹਨ ਕਿ ਚੂਹਾ ਆਪ ਤਾਂ ਖੁੱਡ ਵਿੱਚ ਨਹੀਂ ਸਮਾ ਸਕਦਾ ਉਤੋਂ ਲੱਕ ਨਾਲ ਛੱਜ ਬੰਨ ਲੈਂਦਾ ਹੈ, ਤੇ ਸਿਰਫ ਸੇਲ੍ਹੀ ਟੋਪੀ ਨਾਲ ਹੀ ਆਤਮਕ ਗਿਆਨ ਪ੍ਰਾਪਤ ਨਹੀਂ ਹੋ ਜਾਂਦਾ। ਗੁਰੂ ਸਾਹਿਬ ਸਾਫ ਸਮਝਾਉਂਦੇ ਹਨ ਕਿ ਅਜੇ ਆਪ ਵੀ ਪ੍ਰਮਾਤਮਾ ਦੇ ਨੇੜੇ ਨਹੀਂ ਹੋਏ ਪਰੰਤੂ ਦੂਜਿਆਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਨ ਦੀ ਗਰੰਟੀ ਦੇਈ ਜਾਂਦੇ ਹਨ। ਜੇਕਰ ਇਸ ਤਰ੍ਹਾਂ ਵਾਰਸਾਂ ਨੂੰ ਗੱਦੀ ਤੇ ਬਿਠਾਉਣਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਵੀ ਨਾਲ ਸਨ। ਅਸੀਂ ਸਿਰਫ ਇਸ ਕਰਕੇ ਹੀ ਇਹਨਾਂ ਪਿੱਛੇ ਲੱਗੇ ਹਾਂ ਕਿ ਇਹ ਕਿਸੇ ਨਾਮੀ ਸਿੱਖ ਜਾਂ ਕਿਸੇ ਗੁਰੂ ਸਾਹਿਬ ਦੀ ਸੰਤਾਨ ਦੀ ਚਲਦੀ ਆ ਰਹੀ ਗੱਦੀ ਤੇ ਬਿਰਾਜਮਾਨ ਹਨ। ਫੁਰਮਾਨ ਹੈ:

ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥

ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ॥

ਦੇਨਿ ਦੁਆਈ ਸੇ ਮਰਹਿ ਜਿਨੁ ਕਉ ਦੇਨਿ ਸਿ ਜਾਹਿ॥
.