.

ਭਗਤ ਧੰਨਾ ਜੀ ਨੇ ਪੱਥਰ ਚੋਂ ਰੱਬ ਪਾਇਆ ਜਾਂ……?

ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ॥

ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ॥

ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ॥

ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇੱਕ ਜੋ ਤੁਧ ਭਾਵੈ॥

ਪੱਥਰ ਇੱਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ॥

ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ॥

ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ॥

ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ॥

ਗੋਸਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ॥

ਭੋਲਾ ਭਾਉ ਗੋਵਿੰਦ ਮਿਲਾਵੈ॥ (੧੦ਵਾਰ / ੧੩ਪਉੜੀ)

ਗੁਰੁ ਗ੍ਰੰਥ ਸਾਹਿਬ ਜੀ ਵਿੱਚ ਗੁਰਮਤਿ ਸਿਧਾਤਾਂ ਦੀ ਸ਼ੁਰੂ ਤੋਂ ਅਖੀਰ ਤੱਕ ਇਕਸਾਰਤਾ ਹੈ। ਇਕ ਵਾਰੀ ਜੋ ਗੁਰਮਤਿ ਸਿਧਾਂਤ ਦਿਤਾ ਗਿਆ ਹੈ ਉਸ ਦੀ ਦੁਬਾਰਾ ਕਾਟ ਨਹੀਂ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਲਗਿਆਂ ਗੁਰੁ ਅਰਜੁਨ ਸਾਹਿਬ ਜੀ ਨੇ ਗੁਰਮਤਿ ਸਿਧਾਂਤਾਂ ਦਾ ਮੁੱਢ ਗੁਰੂ ਨਾਨਕ ਜੀ ਨੂੰ ਹੀ ਮੰਨ ਕੇ ਬਾਕੀ ੩੪ ਮਹਾਂਪੁਰਖਾਂ ਉਸ ਦੇ ਵਿਆਖਿਆ ਸਰੂਪ ਰੱਖਿਆ ਗਿਆ ਹੈ। ਸੋ ਜੋ ਸਿਧਾਂਤ ਗੁਰੂ ਨਾਨਕ ਜੀ ਨੇ ਸਾਡੇ ਲਈ ਬਖਸ਼ਸ਼ ਕੀਤੇ ਉਹਨਾਂ ਦੀ ਉਲੰਘਣਾ ਨਾ ਹੋਈ, ਨਾ ਹੀ ਸਿਖ ਹੋਣ ਦੇ ਨਾਤੇ ਸਾਨੂੰ ਉਲੰਘਣਾ ਕਰਨ ਦਾ ਅਧਿਕਾਰ ਹੈ। ਆਲਾ ਦੁਆਲਾ ਕੀ ਕਹਿੰਦਾ ਹੈ, ਜਾਂ ਮੱਖੀ ਤੇ ਮੱਖੀ ਮਾਰਨ ਵਾਲੇ ਉਹਨਾਂ ਲੇਖਕਾਂ ਜਾਂ ਪ੍ਰਚਾਰਕਾਂ ਦੀ ਗੱਲ ਦੀ ਮਹੱਤਤਾ ਨਾਲੋਂ ਗੁਰੁ ਸਿਧਾਂਤ ਨੂੰ ਪਹਿਲ ਦੇਣੀ ਚਾਹੀਦੀ ਹੈ, ਨਾ ਕਿ ਅੰਧ ਅਗਿਆਨੀ ਲੋਕਾਂ ਨੂੰ।

ਸਾਨੂੰ ਸਾਰੇ ਸਿਖ ਅਖਵਾਉਣ ਵਾਲਿਆਂ ਨੂੰ ਅਤੇ ਦੂਜਿਆਂ ਨੂੰ ਵੀ ਪਤਾ ਹੈ ਕਿ ਸਿਖ ਸਭਿਅਤਾ ਵਿੱਚ ਪੱਥਰ ਪੂਜਾ ਮਨ੍ਹਾ ਹੈ ਪਰ ਫਿਰ ਵੀ ਆਉ ਹੁਣ ਅਸੀਂ ਪਹਿਲਾਂ ਇਹ ਦੇਖ ਲਈਏ ਕਿ ਗੁਰਬਾਣੀ ਮੂਰਤੀ ਪੂਜਾ ਬਾਰੇ ਕੀ ਕਹਿੰਦੀ ਹੈ। ਜੇ ਅਸੀਂ ਗੁਰੂਬਾਣੀ ਦੇ ਸਿੱਖ ਹਾਂ ਤਾਂ ਸਾਨੂੰ ਪਹਿਲ ਗੁਰੂਬਣੀ ਨੂੰ ਹੀ ਦੇਣੀ ਬਣਦੀ ਹੈ।

-ਪਾਖਾਨ ਗਢਿ ਕੈ ਮੂਰਤਿ ਕੀਨੀ= ਦੇ ਕੈ ਛਾਤੀ ਪਾਉ॥

ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥ (ਪੰਨਾ ੪੭੯)

-ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥

ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥ (ਪੰਨਾ ੧੧੬੦)

-ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥

ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ (ਪੰਨਾ ੫੨੫)

ਸੋ ਹੋਰ ਬਹੁਤ ਸਾਰੇ ਇਸ ਤਰਾਂ ਦੇ ਗੁਰੂ ਬਾਣੀ ਸਿਧਾਂਤ ਸਾਡੇ ਲਈ ਬੜੀ ਵੱਡੀ ਬਖਸ਼ਸ਼ ਹਨ। ਪਰ ਇਨਾਂ ਕੁੱਝ ਸਾਡੇ ਕੋਲ ਹੋਣ ਦੇ ਬਾਵਜੂਦ ਵੀ ਗੁਰਮਤਿ ਸਿਧਾਂਤ ਦੇ ਭੁਲੇਖੇ ਸਦਾ ਹੀ ਪਾਏ ਜਾਂਦੇ ਹਨ। ਭਗਤ ਧੰਨਾ ਜੀ ਦੇ ਬਾਰੇ ਪਾਏ ਜਾਂਦੇ ਭੁਲੇਖੇ ਨੂੰ ਐਵੇਂ ਹੀ ਘਸੀਟੀ ਫਿਰਦੇ ਹਾਂ। ਹਾਲਾਂਕਿ ਭਗਤ ਜੀ ਦੀ ਆਪਣੀ ਬਾਣੀ ਮਜੂਦ ਹੈ, ਨਾਲ ਗੁਰੂ ਅਰਜੁਨ ਸਾਹਿਬ ਜੀ ਦੀ ਗਵਾਹੀ ਵੀ ਬੜੀ ਅਰਥ ਭਰਪੂਰ ਹੈ, ਫਿਰ ਵੀ ਸਾਡੇ ਅਗਿਆਨੀ ਅੜੀਅਲ ਐਵੇ ਸ਼ਰਧਾ ਦਾ ਢੰਡੋਰਾ ਦੇ ਕੇ ਗਲਤ ਪਾਸੇ ਹੀ ਨਹੀਂ ਲਿਜਾ ਰਹੇ ਹੁੰਦੇ ਸਗੋਂ ਗੁਰਬਾਣੀ ਦੀ ਵੀ ਭਰਪੂਰ ਨਿਰਾਦਰੀ ਕਰ ਰਹੇ ਹੁੰਦੇ ਹਨ। ਨਹੀਂ ਜੀ ਸ਼ਰਧਾ ਚਾਹੀਦੀ ਸਭ ਕੁੱਝ ਹੋ ਜਾਂਦਾ। ਹੁਣ ਇਹਨਾਂ ਨੂੰ ਕੋਈ ਪੁਛੇ ਪਈ ਗੁਰੂ ਨਾਨਕ ਜੀ ਨੇ ਲਹਿੰਦੇ ਵਲ ਪਾਣੀ ਦੇਣਾ, ਆਰਤੀ ਦਾ ਖੰਡਣ, ਮੱਕੇ ਵਿੱਚ ਕਾਅਬੇ ਵੱਲ ਪੈਰ ਕਰਕੇ ਸੌਣਾ ਕੀ ਇਹ ਸ਼ਰਧਾ ਸੀ? ਜਦੋਂ ਕਿ ਉਹਨਾਂ ਸਾਰੇ ਧਰਮ ਅਸਥਾਨਾਂ ਤੇ ਉਹਨਾਂ ਲੋਕਾਂ ਦੀ ਬੜੀ ਸ਼ਰਧਾ ਸੀ, ਕੀ ਲੋੜ ਪਈ ਸੀ ਜਾ ਕੇ ਹਟਾਉਣ ਦੀ, ਸ਼ਰਧਾ ਵਿੱਚ ਭੰਗ ਪਾਉਣ ਦੀ, ਜਦੋਂ ਮਸਲਾ ਸ਼ਰਧਾ ਤੇ ਹੀ ਨਿਬੜ ਜਾਣਾ ਹੈ ਤਾਂ, ਫਿਰ ਜੋ ਮਰਜੀ ਕੋਈ ਕਰੇ ਕਿਸੇ ਪ੍ਰਚਾਰ ਦੀ ਤਾਂ ਲੋੜ ਹੀ ਨਹੀਂ, ਕਿਉਂਕਿ ਸ਼ਰਧਾ ਨਾਲ ਸਭ ਕੁੱਝ ਹੋ ਹੀ ਜਾਣਾ ਜੋ ਅਸੀਂ ਚਾਹੁੰਦੇ ਹੋਵਾਂਗੇ।

ਸਾਡੇ ਬਹੁਤੇ ਲੋਕ ਅਗਿਆਨਤਾ ਕਰਕੇ, ਅਤੇ ਕੁੱਝ ਅੜੀਅਲ, ਅਤੇ ਕੁੱਝ ਖਰੀਦੇ ਹੋਏ ਜੋ ਇਸ ਨਿਰਮਲਤਾ ਨੂੰ ਗੰਧਲਾ ਕਰ ਦੇਣਾ ਚਾਹੁੰਦੇ ਹਨ ਇਹ ਜੋਰ ਦਿੰਦੇ ਹਨ ਕਿ ਧੰਨਾ ਜੀ ਨੇ ਰੱਬ ਪੱਥਰ ਚੋਂ ਪਾ ਲਿਆ ਸੀ ਕਿਉਂਕਿ ਉਸਦੀ ਸ਼ਰਧਾ ਸੀ। ਜਦ ਕਿ ਭਗਤ ਧੰਨਾ ਜੀ ਦੇ ਆਪਣੇ ਬੋਲ ਵੀ ਹਨ:- ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥ ੪॥ ੧॥ (ਪੰਨਾ੪੮੭)

ਧੰਨੇ ਨੇ ਧਰਨੀਧਰ (ਪਰਮੇਸੁਰ) ਪਾ ਲਿਆ ਗੁਰਮੁਖ ਜਨਾ ਨਾਲ ਮਿਲ ਕੇ। ਹੁਣ ਉਹ ਗੁਰਮੁਖ ਕੌਣ ਸਨ ਜਿਨਾਂ ਨਾਲ ਮਿਲ ਕੇ ਰੱਬ ਜੀ ਬਾਰੇ ਪਤਾ ਲੱਗਾ ਅਤੇ ਨਾਲ ਗੁਰੂ ਅਰਜੁਨ ਸਾਹਿਬ ਜੀ ਨੇ ਗਵਾਹੀ ਪੱਕੀ ਕਰ ਦਿਤੀ ਕਿ ਲੋਕੋ! ਭਗਤ ਧੰਨੇ ਜੀ ਨੇ ਰੱਬ ਕਿਸੇ ਪੱਥਰ ਚੋਂ ਨਹੀਂ ਸਗੋਂ ਸਚਮੁਚ ਹੀ ਭਗਤੀ (ਗਿਅਨ ਚਰਚਾ) ਚੋਂ ਹੀ ਪਾਇਆ ਹੈ। ਭਗਤ ਧੰਨਾ ਜੀ ਦੇ ਸ਼ਬਦ ਦੇ ਨਾਲ ਹੀ ਇਹ ਸ਼ਬਦ ਗੁਰੂ ਸਾਹਿਬ ਜੀ ਦਾ ਆਪਣਾ ਵੀ ਦਰਜ ਹੈ:-

ਮਹਲਾ ੫॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧॥ ਰਹਾਉ॥

ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥ ੧॥

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ ੨॥

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥ ੩॥

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ]4]2] (ਪੰਨਾ੪੮੭)

ਕਈ ਸਜਣ ਇਥੇ ਗੁਰਮਤਿ ਦੇ ਨਿਰਮਲ ਸੋਮੇ ਉਤੇ ਇੱਕ ਹੋਰ ਵਲੀ ਕੰਧਾਰੀ ਵਾਲਾ ਢੁੱਚਰ ਦਾ ਪੱਥਰ ਵਗਾ ਮਾਰਦੇ ਹਨ ਕਿ ਇਹ ਭਗਤ ਜਨਾਂ ਨਾਲ ਮਿਲਣ ਤੋਂ ਪਹਿਲਾਂ ਦੀ ਗੱਲ ਹੈ। ਇਸ ਅਧਾਰ ਹੀਣ ਕਥਨ ਦੀ ਪੁਸ਼ਟੀ ਲਈ ਦਲੀਲ ਦਿੰਦੇ ਹਨ ਕਿ ਗੁਰੂ ਬਣਨ ਤੋਂ ਪਹਿਲਾਂ ਬਾਬਾ ਲਹਿਣਾ ਜੀ ਤੇ ਬਾਬਾ ਅਮਰ ਦਾਸ ਜੀ ਵੀ ਤਾਂ ਦੇਵੀ ਦਰਸ਼ਨਾਂ ਨੂੰ ਜਾਂਦੇ ਸੀ ਪਰ ਫਿਰ ਹਟ ਗਏ। ਇਹ ਦਲੀਲ ਦੇਣ ਲਗਿਆਂ ਸਾਨੂੰ ਭਾਈ ਗੁਰਦਾਸ ਜੀ ਦੀ ਪਾਉੜੀ ਚੇਤੇ ਰਖਣੀ ਚਾਹੀਦੀ ਹੈ, ਜੋ ਨਾ ਸਮਝੀ ਕਾਰਨ ਭੁਲੇਖੇ ਦਾ ਕਾਰਨ ਬਣ ਗਈ "ਭੋਲਾ ਭਾਉ ਗੋਬਿੰਦ ਮਿਲਾਵੈ"। ਇਸ ਪਾਉੜੀ ਦੀਆਂ ਉਪਰੋਕਤ ਲਾਈਨਾਂ ਬਾਰੇ ਤਾਂ ਅਸੀਂ ਕਹਿ ਦਿਤਾ ਕਿ ਭਗਤ ਜੀ ਦੇ ਪੁਛਣ ਤੇ ਪੰਡਿਤ ਨੇ ਪੱਥਰ ਦੇ ਦਿਤਾ ਤੇ ਉਸ ਦੀ ਮਰਿਯਾਦਾ ਬਾਰੇ ਬਾਕੀ ਸਾਰਾ ਕੁੱਝ ਕਹਿ ਦਿਤਾ। ਪਰ ਇਹ ਅਖੀਰਲੀ ਲਾਈਨ ਕਿਸਨੇ ਕਿਸਨੂੰ ਕਹੀ। ਜੇ ਤੇ ਇਹ ਪੰਡਿਤ ਕਹਿ ਰਿਹਾ ਹੈ ਤੇ ਉਪਰਲੀ ਉਸਦੀ ਗਲ ਕਟੀ ਗਈ, ਦੂਜਾ ਉਸ ਕੋਲ ਭੋਲਾ ਭਾਉ (ਚਲਾਕੀਆਂ ਪਹਿਤ ਸੁਭਾ) ਹੈ ਹੀ ਨਹੀਂ ਜਿਸ ਦਾ ਉਹ ਉਪਦੇਸ਼ ਦੇ ਰਿਹਾ। ਜੇ ਇਹ ਕਹੀਏ ਇਹ ਭਾਈ ਗੁਰਦਾਸ ਜੀ ਨੇ ਸਿਧਾਂਤ ਪੇਸ਼ ਕੀਤਾ ਹੈ ਕਿ ਨਹੀਂ ਭਾਈ, ਗੋਬਿੰਦ ਇਸ ਤਰਾਂ ਮਿਲਦਾ ਹੈ, ਤਾਂ ਵੀ ਪੱਥਰ ਚੋਂ ਰੱਬ ਪਾਉਣ ਦੀ ਗੱਲ ਖਤਮ ਹੋ ਗਈ ਤੇ ਇਹੋ ਹੀ ਗੱਲ ਗੁਰੂ ਅਰਜੁਨ ਸਾਹਿਬ ਜੀ ਵੀ ਕਹਿ ਰਹੇ ਹਨ। ਪਤਾ ਨਹੀਂ ਅੰਨੀ ਸ਼ਰਧਾ ਦਾ ਨਗਾਰਾ ਚੁਕੀ ਫਿਰਦੇ ਇਹ ਲੋਕ ਸੋਚਦੇ ਕਿਉਂ ਨਹੀ ਕਿ ਜੇ ਰੱਬ ਪੱਥਰ ਚੋਂ ਮਿਲ ਗਿਆ ਸੀ ਤਾਂ ਫਿਰ ਭਗਤੀ ਵਿੱਚ ਲਗਣ ਦੀ ਲੋੜ ਰਹਿ ਗਈ, ਕਿਉਂਕਿ ਰੱਬ ਨੂੰ ਹੀ ਤਾਂ ਮਿਲਣਾ ਸੀ ਉਹ ਮਿਲ ਗਿਆ, ਫਿਰ ਹੁਣ ਪਥਰ ਪੂਜਾ ਕਰਕੇ ਰੱਬ ਮਿਲਣ ਤੋਂ ਬਾਅਦ ਕਿਹੜੀ ਤੇ ਭਗਤੀ ਕਾਹਦੀ। ਇਹ ਲੋਕ ਭਗਤ ਜੀ ਉਤੇ ਅਤੇ ਗੁਰੂ ਅਰਜੁਨ ਸਾਹਿਬ ਜੀ ਉਤੇ ਕੱਚੇ ਹੋਣ ਦਾ ਦੋਸ਼ ਵੀ ਲਾ ਕੇ ਪਾਪਾਂ ਦੇ ਭਾਗੀ ਬਣੀ ਜਾ ਰਹੇ ਹਨ, ਕਿਉਂਕਿ ਰੱਬ ਮਿਲਿਆ ਪੱਥਰ ਵਿਚੋਂ ਤੇ ਦੱਸ ਰਹੇ ਹਨ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥" "ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ"॥ ਕਰਨਾ ਕੁੱਝ ਹੋਰ ਤੇ ਦਸਣਾ ਕੁੱਝ ਹੋਰ "ਜਿਨ= ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ"॥ ਇਹ ਗੱਲ ਬਾਣੀਕਾਰ ਭਗਤਾਂ ਅਤੇ ਗੁਰੂ ਸਾਹਿਬ ਜੀ ਅਤੇ ਗੁਰਮਤਿਧਾਰੀ ਸਿਖਾਂ ਉਤੇ ਬਿਲਕੁਲ ਨਹੀਂ ਢੁੱਕਦੀ। ਇਹ ਉਹਨਾਂ ਤੇ ਹੀ ਢੱਕਦੀ ਹੈ ਜਿਹੜੇ ਇੱਕ ਪਾਸੇ ਗੁਰੂ ਗ੍ਰੰਥ ਸਹਿਬ ਜੀ ਨੂੰ ਗੁਰੂ ਮੰਨਣ ਦੀ ਗੱਲ ਕਰਦੇ ਹਨ, ਤੇ ਦੂਜੇ ਪਾਸੇ ਪੱਥਰ ਪੂਜਾ ਦੀ ਵੀ ਪ੍ਰੋੜਤਾ ਕਰਦੇ ਹਨ। ਇੱਕ ਪਾਸੇ ਚੰਗੇ ਆਚਰਣ ਦਾ ਢੰਢੋਰਾ ਦਿੰਦੇ ਨਹੀ ਥੱਕਦੇ, ਤੇ ਦੂਜੇ ਪਾਸੇ ਚਰਿਤਰਹੀਣਤਾ ਦੀਆਂ ਹੱਦਾਂ ਟੱਪੇ ਦਸਮ ਗ੍ਰੰਥ ਨੂੰ ਵੀ ਗੁਰੂ ਕ੍ਰਿਤ ਮੰਨ ਕੇ ਗੁਰੂ ਦਾ ਦਰਜਾ ਦੇਈ ਜਾਂਦੇ ਹਨ। ਸੋ ਗੁਰਬਾਣੀ ਦੀ ਮਜਬੂਤ ਗਵਾਹੀ ਦੇ ਹੁੰਦਿਆਂ ਵੀ ਜੇ ਅਸੀਂ ਫਿਰ ਵੀ ਅੰਨੀਂ ਸ਼ਰਧਾ ਦਾ ਫੱਟਾ ਲਾ ਕੇ ਗੁਰੂ ਸਿਧਾਂਤ ਦੀ ਉਲੰਘਣਾ ਹੀ ਕਰਨੀ ਹੈ ਤਾਂ ਫਿਰ ਤਾਂ ਅਕਲ ਦਾ ਦੁਆਲਾ ਨਿਕਲਿਆ ਸਮਝ ਕੇ ਗੁਰੂ ਜੀ ਦੇ ਪਵਿਤਰ ਵਾਕ "ਮੂਰਖੈ ਨਾਲਿ ਨ ਲੁਝੀਐ॥" ਨੂੰ ਸਨਮੁਖ ਰੱਖ ਕੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ ਮਾਹਾਰਾਜ ਇਨਾਂ ਪੱਥਰ ਚੋਂ ਰੱਬ ਲੱਭਣ ਵਾਲੇ ਸਭ ਅੰਧ ਵਿਸ਼ਵਾਸੀਆਂ ਨੂੰ ਸੁਮੱਤ ਬਖਸ਼ਣ। ਹੁਣ ਰਹੀ ਭਗਤ ਧੰਨਾ ਜੀ ਬਾਬਤ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਉਪਰੋਕਤ ਪਾਉੜੀ ਦੇ ਅਰਥਾਂ ਦੀ ਸੋ ਆਉ ਇਸ ਦੀ ਵਿਚਾਰ ਵੀ ਕਰੀਏ।

ਜਿਸ ਭਾਈ ਗੁਰਦਾਸ ਜੀ ਨੇ ਗੁਰੂ ਅਮਰ ਦਾਸ ਜੀ ਤੋਂ ਲੈ ਕੇ ਗੁਰਸਿਖੀ ਦੇ ਸਿਧਾਂਤਾਂ ਨੂੰ ਸਮਝ ਸਮਝ ਕੇ ਇੰਨੀ ਵਿਦਵਤਾ ਹਾਸਲ ਕਰ ਲਈ ਕੇ ਗੁਰੂ ਅਰਜੁਨ ਸਾਹਿਬ ਜੀ ਗੁਰਬਾਣੀ ਬੀੜ ਦੀ ਸੰਪਾਦਨਾ ਵੇਲੇ ਭਾਈ ਗੁਰਦਾਸ ਜੀ ਨੂੰ ਹੀ ਇਸ ਦੇ ਲਿਖਾਰੀ ਹੋਣ ਦਾ ਮਾਣ ਦਿੰਦੇ ਹਨ। ਗੁਰਬਾਣੀ ਵਿਚਾਰ ਕੇ ਪੜਿਆਂ ਗੁਰਬਾਣੀ ਦੇ ਬਣਾਏ ਗਏ ਨੇਮਾਂ ਨੂੰ ਦੇਖ ਕੇ ਹੈਰਾਨ ਰਹਿ ਜਾਈਦਾ ਹੈ। ਧੰਨ ਧੰਨ ਮੂੰਹ ਵਿਚੋਂ ਨਿਕਲਦਾ ਹੈ ਗੁਰੂ ਸਾਹਿਬ ਕਿੰਨੇ ਸਮਰੱਥ ਸਨ ਤੇ ਉਹਨਾਂ ਨਾਲ ਬੈਠਣ ਵਾਲਾ ਲਿਖਾਰੀ ਕਿੰਨਾ ਸਮਝਦਾਰ ਸੀ। ਸੋ ਐਸੇ ਮਹਾਨ ਵਿਆਖਿਆਕਾਰ ਜਿਸ ਨੇ ਆਪ ਗੁਰਬਾਣੀ ਦਾ ਅੱਖਰ ਅੱਖਰ ਲਿਖ ਕੇ ਗੁਰੂ ਹੁਕਮਾਂ ਦੀ ਪਾਲਣਾ ਕੀਤੀ ਹੋਵੇ ਉਹੋ ਲਿਖਾਰੀ ਆਪਣੀਆਂ ਲਿਖਤਾਂ ਵਿੱਚ ਉਹਨਾਂ ਹੀ ਸਿਧਾਂਤਾਂ ਦੀ ਉਲੰਘਣਾ ਕਰ ਜਾਵੇ ਇਹ ਗੱਲ ਉਸ ਮਹਾਨ ਗੁਰਸਿਖ ਦੇ ਜੀਵਨ ਨਾਲ ਪੂਰੀ ਖਰੀ ਨਹੀਂ ਉਤਰਦੀ। ਇਹਨਾਂ ਗਲਾਂ ਤੋਂ ਬਾਅਦ ਇੱਕ ਹੋਰ ਸ਼ੰਕਾ ਖੜਾ ਕਰ ਦਿੰਦੇ ਹਨ ਕਿ ਇਹ ਵਾਰਾਂ ਕਬਿਤ ਗੁਰਬਾਣੀ ਬੀੜ ਦੀ ਸੰਪਾਦਨਾ ਤੋਂ ਪਹਿਲਾਂ ਦੀਆਂ ਹੋ ਸਕਦੀਆਂ ਹਨ। ਪਰ ਜੇ ਅਸੀਂ ਧਿਆਨ ਨਾਲ ਪੜਾਂਗੇ ਤਾਂ ਸਹਿਜੇ ਹੀ ਇਹ ਗੱਲ ਸ਼ਪਸ਼ਟ ਹੋ ਜਾਂਦੀ ਹੈ ਕਿ ਵਾਰਾਂ ਬੀੜ ਸੰਪਾਦਨਾ ਤੋਂ ਬਾਅਦ ਚ ਲਿਖੀਆਂ ਗਈਆਂ ਦਿੱਸ ਰਹੀਆਂ ਹਨ। ਕਿਉਂਕਿ ਛੇਵੇਂ ਪਾਤਸ਼ਾਹ ਜੀ ਤੱਕ ਦਾ ਜ਼ਿਕਰ ਹੈ। ਫਿਰ ਇਹ ਕਹਿਣ ਲਗਦੇ ਹਨ ਜੀ ਨਾਲ ਨਾਲ ਵੀ ਲਿਖੀਆਂ ਹੋ ਸਕਦੀਆਂ ਹਨ। ਭਗਤ ਧੰਨਾ ਜੀ ਵਾਲੀ ਗੱਲ ਗੁਰਬਾਣੀ ਸੰਪਾਦਨਾ ਤੋਂ ਪਹਿਲਾਂ ਦੀ ਵੀ ਹੋ ਸਕਦੀ ਹੈ। (ਜਾਨੀ ਅਸੀਂ ਪਥਰ ਪੂਜਾ ਹਰ ਹਾਲਤ ਛੱਡਣੀ ਨਹੀਂ ਹੈ।) ਪਰ ਚਲੋ ਜੇ ਇਸ ਤਰਾਂ ਇਹ ਗੱਲ ਮੰਨ ਵੀ ਲਈਏ ਤਾਂ ਗੁਰਬਾਣੀ ਸੰਪਾਦਨਾ ਤੋਂ ਬਾਅਦ ਇਸ ਵਿੱਚ ਸੁਧਾਰ ਹੋ ਜਾਣਾ ਸੀ ਕਿਉਕਿ ਭਾਈ ਗੁਰਦਾਸ ਜੀ ਬੜੇ ਚੰਗੇ ਗੁਰਮੁਖ ਸਨ ਸਾਡੇ ਵਰਗੇ ਗੁਰੂ ਸਿਧਾਂਤਾ ਦੀ ਪੈਰ ਪੈਰ ਉਲੰਘਣਾ ਕਰਨ ਵਾਲੇ ਤੇ ਅੜੀਅਲ ਨਹੀਂ ਸਨ ਜੋ ਗਲਤ ਲਿਖੀ ਗਈ ਵਿਚਾਰ ਤੇ ਹੀ ਦਲੀਲਾਂ ਦੇ ਕੇ ਉਸੇ ਉਤੇ ਅੜੀ ਜਾਂਦੇ। ਪਾਉੜੀ ਦੀ ਲਾਈਨ ਵਾਰ ਵੀਚਾਰ ਜੋ ਕਿ ਸਵਾਲ ਜਵਾਬ ਦੇ ਰੂਪ ਵਿੱਚ ਹਨ:-

੧. ਬਾਮਣ ਦੇਵਤੇ ਪੂਜਦਾ ਹੈ ਤੇ ਭਗਤ ਧੰਨਾ ਜੀ ਉਸ ਪਾਸੇ ਪਸ਼ੂ (ਗਾਵਾਂ) ਚਾਰਨ ਜਾਂਦੇ ਹਨ। ਭਾਵ ਕਿ ਧੰਨਾ ਜੀ ਕਿਰਤੀ ਹਨ ਤੇ ਬਾਮਣ ਕੇਵਲ ਵਿਹਲਾ ਰਹਿ ਕੇ ਪਥਰ ਪੂਜਦਾ ਹੈ।

੨. ਧੰਨਾ ਜੀ ਨੇ ਜਦੋਂ ਇਹ ਪਥਰ ਨੂੰ ਭਗਵਾਨ ਬਣਾ ਕੇ ਪੂਜਵਾਉਣ ਵਾਲਾ ਵਰਤਾਰਾ ਚੰਗੀ ਤਰਾਂ ਵੇਖ ਲਿਆ, ਤਾਂ ਬਾਹਮਣ ਨੂੰ ਇਸ ਬਾਬਤ ਪੁਛ ਲਿਆ। ਜਿਸ ਤੇ ਉਸ ਨੇ (ਬਾਹਮਣ ਨੇ) ਦੱਸਿਆ ਕਿ।

੩. ਇਸ ਠਾਕੁਰ ਦੀ ਜਿਹੜਾ ਵਿਅਕਤੀ ਸੇਵਾ ਕਰਦਾ ਹੈ ਉਹ ਜੋ ਮੰਗਦਾ ਹੈ ਉਸ ਨੂੰ ਮਿਲ ਜਾਂਦਾ ਹੈ।

੪. ਧੰਨਾ ਜੀ ਬੜੇ ਪਿਆਰ ਨਾਲ ਆਖਿਆ ਪੰਡਿਤ ਜੀ ਹੋਰ ਕੋਈ ਇੰਨੀ ਸ਼ਰਧਾ ਨਾਲ ਇਸ ਭਗਵਾਨ ਦੀ ਸੇਵਾ ਕਰਦਾ ਹੋਵੇ ਜਾਂ ਨਾ, ਪਰ ਤੁਸੀਂ ਇੰਨੇ ਸਮੇਂ ਤੋਂ ਸੇਵਾ ਕਰ ਰਹੇ ਹੋ ਤੁਹਾਨੂੰ ਤਾਂ ਮੂੰਹ ਮੰਗਿਆ ਦੇਂਦਾ ਹੀ ਹੋਵੇਗਾ। ਮੈਨੂੰ ਹੋਰ ਕੁੱਝ ਨਹੀ ਚਾਹੀਦਾ ਕਿਰਪਾ ਕਰਕੇ ਸਿਰਫ "ਮੈ ਭਿ ਦੇਹ ਇਕ" ਮੈਨੂੰ ਇੱਕ ਰੱਬ ਜੀ ਬਾਰੇ ਹੀ ਸਮਝਾ ਦਿਉ ਜੋ ਸਾਰੀ ਸ੍ਰਿਸ਼ਟੀ ਦਾ ਹੀ ਕਰਣਹਾਰ ਹੈ।

੫. ਬਾਮਣ ਧੰਨਾ ਜੀ ਦੀ ਇੱਕ ਰੱਬ ਵਾਲੀ ਵਿਚਾਰ ਦਾ ਉਤਰ ਨਾ ਦੇ ਕੇ, ਬੜੀ ਚਲਾਕੀ ਨਾਲ ਇੱਕ ਪੱਥਰ ਲਪੇਟ ਕੇ ਦਿੰਦਾ ਹੈ, ਤੇ ਖਹਿੜਾ (ਗੈਲ-ਪਿਛਾ) (ਮਹਾਨ ਕੋਸ਼-ਪੰਨਾ ੪੨੭) ਛਡਾਉਂਦਾ ਹੋਇਆ ਆਖਦਾ ਹੈ….

੬. ਧੰਨਿਆ ਇਹ ਠਾਕਰ ਲੈ ਜਾ ਤੇ ਇਸ ਨੂੰ ਇਸ਼ਨਾਨ ਕਰਵਾ ਕੇ ਰੋਟੀ ਲਸੀ ਅਗੇ ਰੱਖ ਕੇ ਭੋਗ ਲਵਾਵੀਂ।

(ਨੋਟ:-ਪਿਛਾ ਛੁਡਵਾਉਣ ਵਾਲੀ ਵਿਚਾਰ ਤੋਂ ਸ਼ਪਸ਼ਟ ਹੋ ਰਿਹਾ ਹੈ ਕਿ ਬ੍ਰਾਹਮਣ ਬੁਰੀ ਤਰਾਂ ਘਿਰ ਚੁੱਕਾ ਸੀ। ਭਗਤ ਧੰਨਾ ਜੀ ਨੇ ਪ੍ਰਤੱਖ

ਗੁਸਾਈਆਂ ਵਾਲਾ ਗਿਆਨ ਉਪਦੇਸ਼ ਬ੍ਰਾਹਮਣ ਨੂੰ ਪੂਰੀ ਤਰਾਂ ਖੋਲ ਕੇ ਦ੍ਰਿੜ ਕਰਵਾ ਦਿਤਾ। ਪਿਛਾ ਛੁਡਵਾਉਣ ਦੀ ਨੌਬਤ ਉਦੋਂ ਹੀ ਆਉਂਦੀ ਹੈ ਜਦੋਂ ਹਰ ਪਾਸੇ ਤੋਂ ਬੰਦਾ ਘਿਰ ਜਾਵੇ ਤੇ ਕੋਈ ਉਤਰ ਵੀ ਨਾ ਆਉਂਦਾ ਹੋਵੇ।) ਜਦੋਂ ਧੰਨਾ ਜੀ ਨੇ ਬ੍ਰਾਹਮਣ ਦੀਆਂ ਸਾਰੀਆਂ ਥੋਥੀਆਂ ਗੱਲਾਂ ਰੱਦ ਕਰਕੇ ਉਸਦੇ ਪਖੰਡ ਦਾ ਪਰਦਾ ਜ਼ਾਹਰ ਕਰ ਦਿਤਾ ਤਾਂ ਸੱਚ ਉਪਦੇਸ਼ ਅੱਗੇ ਝੁਕਦਿਆਂ ਛਲ ਕਪਟ ਤੋਂ ਉਤੇ ਉਠਕੇ ਬੜੇ ਪਿਆਰ ਨਾਲ ………

੭. ਹੱਥ ਜੋੜ ਪੈਰੀਂ ਪੈ ਕੇ ਭਗਤ ਧੰਨਾ ਜੀ ਦੀਆਂ ਮਿਨਤਾਂ ਕਰਦਾ ਹੈ, ਬੜਾ ਨਿਮਾਣਾ ਜਿਹਾ ਹੋ ਕੇ ਆਖਦਾ ਹੈ…

੮. ਭਗਤ ਜੀ ਜੇ ਤੁਸੀਂ ਨਰਾਜ਼ ਹੋ ਗਏ ਜਾਂ ਹੁਣ ਮੈਨੂੰ ਇਵੇਂ ਛੱਡ ਕੇ ਚਲੇ ਗਏ ਤਾਂ ਮੈਂ ਵੀ ਕੁੱਝ ਨਹੀਂ ਖਾਣਾ ਮੈਨੂੰ ਕੁੱਝ ਚੰਗਾ ਨਹੀਂ ਲਗਦਾ।

੯. ਭਗਤ ਧੰਨਾ ਜੀ ਉਪਦੇਸ਼ ਦੇਂਦਿਆਂ ਕਿਹਾ ਪੰਡਿਤ ਜੀ ਗੁਸਾਂਈਂ ਪ੍ਰਤੱਖ ਹੋਇਗਾ। ਪ੍ਰਤੱਖ ਦਾ ਮਤਲਬ ਹੈ ਜ਼ਾਹਰ, ਭਾਵ ਗਿਆਨ ਹੋ ਜਾਣਾ, ਸਮਝ ਆ ਜਾਣੀ, ।

ਪੰਡਿਤ ਜੀ ਗੁਸਾਈਂ ਬਾਰੇ ਪਹਿਲਾਂ ਗਿਆਨ ਹੋਣਾ ਜ਼ਰੂਰੀ ਹੈ। ਉਹ ਰਹਿੰਦਾ ਕਿਥੇ ਹੈ, ਕਿਸ ਤਰਾਂ ਦਾ ਹੈ, ਉਸ ਦੀ ਸੇਵਾ ਕਿਵੇਂ ਹੋ ਸਕਦੀ ਹੈ, ਕਿਸ ਰੂਪ ਵਿੱਚ ਉਹ ਸਾਡੀ ਮਿਹਨਤ ਪ੍ਰਵਾਨ ਕਰਦਾ ਹੈ। ਇਸ ਸਮਝ ਤੋਂ ਬਾਅਦ ਉਸ ਦੀ ਸੇਵਾ ਸੌਖੀ ਹੋ ਜਾਂਦੀ ਹੈ। ਪਰ ਇਸ ਗਿਆਨ ਨੂੰ ਜੀਵਨ ਵਿੱਚ ਮਾਨਣ ਵਾਸਤੇ ਇਹ ਇੱਕ ਸ਼ਰਤ ਹੈ ਜਿਸ ਨੂੰ ਪੂਰੀ ਕਰਨ ਤੋਂ ਬਿਨਾਂ ਨਾਂ ਗੁਸਾਈਂ ਪ੍ਰਤੱਖ ਹੋਣਾ ਹੈ ਨਾ ਜ਼ਰੇ ਜ਼ਰੇ ਵਿੱਚ ਵਸੇ ਰੱਬ ਜੀ ਦੀ ਸੇਵਾ ਕਰਨ ਦੀ ਸਮਝ ਆਉਣੀ ਹੈ । ਸੋ ਜ਼ਰੂਰੀ ਹੈ ਕਿ………….

੧੦. ਚਤੁਰਾਈਆਂ ਛੱਡਣੀਆਂ ਪੈਣਗੀਆਂ ਚਲਾਕੀਆਂ ਨਾਲ ਰੱਬ ਨਹੀਂ ਮਿਲਦਾ ਭੋਲਾ ਭਾਉ ਹੀ ਗੋਬਿੰਦ ਮਿਲਾ ਸਕਦਾ ਹੈ। (ਨੋਟ:- ਭੋਲੇ ਭਾਵ ਦਾ ਮਤਲਬ ਬੇਸਮਝੀ ਜਾਂ ਬੇਅਕਲੀ ਨਹੀਂ ਹੈ, ਚਤੁਰਾਈਆਂ (ਧੋਖੇ, ਠੱਗੀਆਂ ਵਾਲੇ ਸੁਭਾਅ) ਤੋਂ ਰਹਿਤ ਹੋਣਾ ਹੈ।)

ਸੋ ਅਸੀਂ ਗੁਰਬਾਣੀ ਦੀ ਰੌਸ਼ਨੀ ਵਿੱਚ ਦੇਖਣਾ ਹੈ ਕਿ ਕੀ ਗਲਤ ਤੇ ਕੀ ਠੀਕ, ੩੦੦ ਸਾਲਾ ਗੁਰਤਾ ਗੱਦੀ ਸ਼ਤਾਬਦੀ ਮਨਾਉਂਦਿਆਂ ਇਸ ਗੱਲ ਦਾ ਪ੍ਰਣ ਕਰ ਲਈਏ ਕਿ ਜੋ ਗੱਲ ਗੁਰਬਾਣੀ ਤੋਂ ਉਲਟ ਜਾ ਰਹੀ ਹੈ ਉਸ ਨੂੰ ਤੁਰੰਤ ਛਡ ਦੇਈਏ। ਐਸਾ ਹੋਰ ਵੀ ਬਹੁਤ ਕੁੱਝ ਹੈ ਜੋ ਗੁਰਬਾਣੀ ਦੀ ਰੌਸ਼ਨੀ ਵਿੱਚ ਵਿਚਾਰਨ ਵਾਲਾ ਹੈ। ਗੁਰਬਾਣੀ ਦੇ ਰਚਣਹਾਰ ਗੁਰੂ ਸਾਹਿਬ ਜੀ ਜਾਂ ਭਗਤ ਸਾਹਿਬ ਜਾਂ ਭੱਟ ਸਾਹਿਬ ਜਾਂ ਤਿੰਨ ਸਿਖਾਂ ਨਾਲ ਉਹਨਾਂ ਦੇ ਜੀਵਨ ਤੋਂ ਉਲਟ ਜਾਣ ਵਾਲੀਆਂ ਅਨੇਕਾਂ ਸਾਖੀਆਂ ਤੋਂ ਖਹਿੜਾ ਛੁਡਾਈਏ। ਗੁਰੂਬਾਣੀ ਦੇ ਰਚਣਹਾਰਿਆਂ ਦਾ ਜੀਵਨ ਵਿਚਾਰਨ ਲਈ ਗੁਰਬਾਣੀ ਦੇ ਸਿਧਾਂਤ ਹੀ ਸਾਹਮਣੇ ਰਖਣੇ ਚਾਹੀਦੇ ਹਨ ਕਿਉਂਕਿ ਪ੍ਰਚਲਿਤ ਇਤਿਹਾਸ ਵਿੱਚ ਤਾਂ ਬ੍ਰਾਹਮਣ ਨੇ ਬਹੁਤ ਰਲਾ ਪਾਇਆ ਤੇ ਪਾਉਂਦਾ ਜਾ ਰਿਹਾ ਹੈ। ਸਾਡੇ ਕਚ ਘਰੜ ਸਾਧ ਬਾਬੇ ਬਿਨਾਂ ਸੋਚੇ ਸਮਝੇ ਬ੍ਰਾਹਮਣੀ ਵਿਚਾਰਧਾਰਾ ਲੋਕਾਂ ਤੱਕ ਪ੍ਰਚਾਰੀ ਜਾਂਦੇ ਹਨ। ਲੋਕ ਬਿਨਾਂ ਸਮਝਿਆਂ ਅਖੌਤੀ ਬ੍ਰਹਮਗਿਆਨੀਆਂ ਦੇ ਅੰਧ ਵਿਸ਼ਵਾਸ਼ ਨੂੰ ਰੱਬੀ ਅਲਹਾਮ ਸਮਝ ਕੇ ਧਾਰਨ ਕਰੀ ਜਾਂਦੇ ਹਨ। ਕੌਮ ਕੁਰਾਹੇ ਪਈ ਹੈ ਤੇ ਕੌਮ ਦੇ ਆਗੂ ਸੁਤੇ ਨਹੀਂ, ਸਗੋਂ ਮਰ ਚੁਕੇ ਹਨ ਜਿਨਾਂ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਗੁਰਬਾਣੀ ਦੇ ਅਰਥ ਕਰਨ ਲਗਿਆਂ ਵੀ ਬੂਬਨੇ ਸਾਧਾਂ ਦੀਆਂ ਮਨਮਤੀਆਂ ਨੂੰ ਹੀ ਸਿਧ ਕਰਨ ਲਈ ਪ੍ਰਮਾਣ ਦਿਤੇ ਜਾ ਰਹੇ ਹੁੰਦੇ ਹਨ, ਜਾਂ ਭਗਤ ਸਹਿਬ ਜੀ ਦੀਆਂ ਜੀਵਨੀਆਂ ਹਾਸੋਹੀਣੀਆਂ ਬਿਆਨ ਹੋ ਰਹੀਆਂ ਹੁੰਦੀਆਂ ਹਨ ਜਿਸ ਨੂੰ ਸੁਣ ਕੇ ਸਿਰ ਸੁਟੀ ਬੈਠੀਆਂ ਭੋਲੀਆਂ ਸੰਗਤਾਂ ਵਾਹਗੁਰੂ ਵਾਹਗੁਰੂ ਕਰ ਰਹੀਆਂ ਹੁਦੀਆਂ ਹਨ। ਆਉ ਗੁਰੂ ਪਿਆਰਿਓ! ਜਾਗੀਏ ਹੁਣ ਵੇਲਾ ਜਾਗਣ ਦਾ ਹੈ ਬਥੇਰਾ ਸਮਾਂ ਅਸੀਂ ਅਪਣੇ ਸਭਿਆਚਾਰ ਦਾ ਘਾਣ ਕਰਵਾ ਲਿਆ ਇਹਨਾਂ ਅਗਿਆਨੀਆਂ ਦੇ ਮਗਰ ਲਗ ਕੇ। ਹੁਣ ਸਿਧਾ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਰਖੀਏ, ਸਮਝੀਏ, ਆਪ ਪੜੀਏ, ਠੇਕੇਦਾਰੀ ਪ੍ਰਥਾ ਬੰਦ ਕਰ ਦੇਈਏ। ਆਸ ਹੈ ਆਪ ਜੀ ਆਪਣੇ ਕੀਮਤੀ ਸੁਝਾਅ ਜ਼ਰੂਰ ਦੇਉਗੇ। ਜਿਸ ਨਾਲ ਅਸੀਂ ਸਾਰੇ ਵੀਰ ਆਪ ਸਭ ਸੰਗਤਾਂ ਦੀ ਵੀਚਾਰ ਲਈ ਗੁਰਬਾਣੀ ਦੇ ਸਬੰਧ ਵਿੱਚ ਪਏ ਜਾਂ ਪਾਏ ਜਾ ਰਹੇ ਹੋਰ ਬਹੁਤ ਸਾਰੇ ਭੁਲੇਖਿਆਂ ਨੂੰ ਲੈ ਕੇ ਪੰਥਿਕ ਮੀਡੀਏ ਰਾਹੀਂ ਹਾਜ਼ਰ ਹੋਵਾਂਗੇ।

ਪਉੜੀ॥ ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ॥ ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ॥

ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ॥ ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ॥

ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥ ੨੬॥ (ਪੰਨਾ-੩੧੪)

ਝੂਠਿਆਂ ਨੇ ਤਾਂ ਝੂਠ ਨਾਲੋਂ ਉਪਰੋਕਤ ਪਾਉੜੀ ਮੁਤਾਬਿਕ ਕਦੀ ਵੀ ਸ਼ਾਇਦ ਨਾਤਾ ਨਹੀਂ ਤੋੜਨਾ, ਪਰ ਸੱਚੇ ਗੁਰਸਿਖਾਂ ਨੇ ਤਾਂ ਗੁਰੂ ਨਾਲ ਜੁੜ ਬੈਠਣਾ ਹੈ। ਸੱਚ ਵਿੱਚ ਝੂਠ ਕਿਸੇ ਵੀ ਤਰੀਕੇ ਰਲ ਨਹੀਂ ਸਕਦਾ। ਇਸ ਲਈ ਕੂੜ ਨੂੰ ਨਿਖਰਨ ਲਈ ਆਉ ਇਕਮੁਠ ਹੋਈਏ, ਤੇ ਵਲੁ ਛਲੁ ਕਰਿ ਝਤਿ ਕਢਣ ਦੀ ਥਾਂ ਗੁਰਬਾਣੀ ਦੀ ਵਿਚਾਰ ਨੂੰ ਅਪਣਾਈਏ ਤੇ ਕੂੜ ਨੂੰ ਪਛਾੜੀਏ। ਚੰਗੇ ਸੁਝਾਵਾਂ ਦੀ ਆਸ ਨਾਲ ……………………

ਸੁਖਵਿੰਦਰ ਸਿੰਘ ਮਝੈਲ,

ਨਿਆਰਾ ਖਾਲਸਾ ਨੌਜਵਾਨ ਜਥੇਬੰਦੀ ਲੁਧਿਆਣਾ,

੯੮੫੫੫. ੯੮੮੫੫, ੫੧, ੩੩, ੫੦,




.