.

ਪ੍ਰਸ਼ਨ: ਅਰਦਾਸ ਉਪਰੰਤ ਪੜ੍ਹੇ ਜਾਂਦੇ ਦੋਹਿਰੇ ਕਿਥੇ ਲਿਖੇ ਹੋਏ ਹਨ, ਇਨ੍ਹਾਂ ਨੂੰ ਕਦੋਂ ਪੜਣਾ ਚਾਹੀਦਾ ਹੈ ਅਤੇ ਕਿੰਨੇ ਦੋਹਿਰੇ ਪੜ੍ਹਨੇ ਚਾਹੀਦੇ ਹਨ?

ਉੱਤਰ: ਅਰਦਾਸ ਉਪਰੰਤ ਤਿੰਨ ਦੋਹਿਰੇ ਹੀ ਪੰਥ ਪ੍ਰਵਾਣਤ ਹਨ (ਆਗਿਆ ਭਈ ਅਕਾਲ, ਗੁਰੂ ਗਰੰਥ ਜੀ ਮਾਨਿਓ, ਅਤੇ ਰਾਜ ਕਰੇਗਾ ਖ਼ਾਲਸਾ) ਇਹਨਾਂ ਦੋਹਿਰਿਆਂ ਨੂੰ ਦੀਵਾਨ ਦੀ ਸਮਾਪਤੀ ਉਪਰੰਤ ਪੜਣ ਦੀ ਪੰਥ ਵਿੱਚ ਰੀਤ ਹੈ।

ਪ੍ਰਸ਼ਨ: ਅਨੰਦ ਕਾਰਜ ਦੀ ਰਸਮ ਸਮੇਂ ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਲਾਵਾਂ ਦੇ ਸਮੇਂ ਜਦ ਲੜਕਾ ਅਤੇ ਲੜਕੀ ਗੁਰੂ ਗਰੰਥ ਸਾਹਿਬ ਦੇ ਆਲੇ ਦੁਆਲੇ ਪਰਕਰਮਾਂ ਕਰਦੇ ਹਨ ਤਾਂ ਲੜਕੀ ਨੂੰ ਖ਼ਾਸ ਤੌਰ `ਤੇ ਉਸ ਦੇ ਭਰਾ ਆਦਿ ਸਹਾਰਾ ਦੇਣ ਲਈ ਖੜ੍ਹੇ ਹੋ ਜਾਂਦੇ ਹਨ। ਕੀ ਬੱਚੀ ਨੂੰ ਇਸ ਤਰ੍ਹਾਂ ਸਹਾਰਾ ਦੇਣਾ ਵੀ ਅਨੰਦ ਕਾਰਜ ਦੀ ਰਸਮ ਦਾ ਜ਼ਰੂਰੀ ਅੰਗ ਹੈ?

ਉੱਤਰ: ਲਾਵਾਂ ਸਮੇਂ ਲੜਕੀ ਨੂੰ ਭਰਾਵਾਂ ਆਦਿ ਦਾ ਸਹਾਰਾ ਅਥਵਾ ਖੜ੍ਹੇ ਹੋ ਕੇ ਲੜਕੀ ਨੂੰ ਅੱਗੇ ਤੋਰਨ ਵਾਲੀ ਕਥਿੱਤ ਰਸਮ ਦਾ ਅਨੰਦ ਕਾਰਜ ਦੀ ਰਸਮ ਨਾਲ ਕੋਈ ਸਬੰਧ ਨਹੀਂ ਹੈ। ਇਹ ਕੇਵਲ ਦੇਖਾ ਦੇਖੀ ਹੀ ਕਈ ਥਾਂਈ ਪ੍ਰਚਲਤ ਹੋ ਗਿਆ ਹੈ। ਇਹੀ ਕਾਰਨ ਹੈ ਕਿ ਗੁਰਮਤਿ ਸਬੰਧੀ ਲਿੱਖਣ ਵਾਲੇ ਕਿਸੇ ਵੀ ਲੇਖਕ ਨੇ ਇਸ ਕਥਿੱਤ ਰਸਮ ਦੀ ਪ੍ਰੋੜਤਾ ਦੇ ਸਬੰਧ ਵਿੱਚ ਕਦੀ ਵੀ ਕੁੱਝ ਨਹੀਂ ਲਿੱਖਿਆ, ਹਾਂ, ਇਸ ਰਸਮ ਦੇ ਵਿਰੋਧ ਵਿੱਚ ਜ਼ਰੂਰ ਲਿੱਖਿਆ ਹੈ। (ਨੋਟ: ਕਿਸੇ ਅਨਮਤਿ ਵਾਲੇ ਨੇ ਅਨੰਦ ਕਾਰਜ `ਤੇ ਬੱਚੀ ਨੂੰ ਸਹਾਰਾ ਦੇਣ ਵਾਲਾ ਦ੍ਰਿਸ਼ ਦੇਖ ਕੇ ਇਹ ਸਮਝ ਕੇ, ਕਿ ਇਹ ਵੀ ਇਸ ਰਸਮ ਦਾ ਹਿੱਸਾ ਹੈ, ਲਿੱਖ ਦਿੱਤਾ ਹੋਵੇ ਤਾਂ ਗੱਲ ਵੱਖਰੀ ਹੈ, ਪਰੰਤੂ ਸਿੱਖ ਧਰਮ ਦੀ ਥੋਹੜੀ ਕੁ ਵੀ ਸੋਝੀ ਰੱਖਣ ਵਾਲੇ ਕਿਸੇ ਵੀ ਵਿਦਵਾਨ ਨੇ ਇਸ ਕਥਿੱਤ ਰਸਮ ਬਾਰੇ ਨਹੀਂ ਲਿੱਖਿਆ।) ਦੇਖਾ ਦੇਖੀ ਹੀ ਪ੍ਰਚਲਤ ਹੋਈ ਇਹ ਰਸਮ ਹੁਣ ਭਾਰਤ ਅਤੇ ਹੋਰ ਕਈ ਦੇਸ਼ਾਂ ਵਿੱਚ ਤਾਂ ਲਗਭਗ ਖ਼ਤਮ ਹੋ ਗਈ ਹੈ, ਪਰ ਅਮਰੀਕਾ ਕੈਨੇਡਾ ਅਤੇ ਕੁੱਝ ਹੋਰ ਦੇਸ਼ਾਂ ਵਿੱਚ ਅਜੇ ਵੀ ਕਈ ਥਾਈਂ ਪਰਚਲਤ ਹੈ। ਸਿੱਖ ਰਹਿਤ ਮਰਯਾਦਾ ਵਿੱਚ ਕੇਵਲ ਇਤਨਾ ਹੀ ਲਿੱਖਿਆ ਹੈ ਕਿ, "ਹਰੇਕ ਲਾਂਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆ, ਵਰ ਦਾ ਪੱਲਾ ਫੜ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਚਾਰ ਪਰਕਰਮਾਂ ਕਰਨ। ਪਰਕਰਮਾਂ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕਰਮ ਅਨੁਸਾਰ ਸੁਰ ਨਾਲ ਗਾਈ ਜਾਣ ਵਰ (ਅਤੇ) ਕੰਨਿਆ ਹਰ ਇੱਕ ਲਾਂਵ ਮਗਰੋਂ ਮੱਥਾ ਟੇਕ, ਅਗਲੀ ਲਾਂਵ ਸੁਣਨ ਲਈ ਖੜੇ ਹੋ ਜਾਣ। (ਚੌਹਾਂ ਲਾਵਾਂ) ਉਪਰੰਤ ਉਹ ਮੱਥਾ ਟੇਕ ਕੇ, ਆਪਣੀ ਥਾਂ ਤੇ ਬੈਠ ਜਾਣ।"

ਜਿਸ ਤਰ੍ਹਾਂ ਹੋਰ ਅਨੇਕਾਂ ਰਸਮਾਂ ਜਿਨ੍ਹਾਂ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ਹੈ, ਸਾਡੀ ਅਗਿਆਨਤਾ ਕਾਰਨ ਪ੍ਰਚਲਤ ਹੋ ਗਈਆਂ ਹਨ, ਉਸੇ ਤਰ੍ਹਾਂ ਲਾਵਾਂ ਸਮੇਂ ਬੱਚੀ ਨੂੰ ਸਹਾਰਾ ਦੇਣ ਦੀ ਗੱਲ ਵੀ ਪ੍ਰਚਲਤ ਹੋ ਗਈ ਸੀ, ਪਰੰਤੂ ਜਿਵੇਂ ਜਿਵੇਂ ਸੰਗਤਾਂ ਵਿੱਚ ਜਾਗਰੂਪਤਾ ਆ ਰਹੀ ਹੈ ਇਸ ਨੂੰ ਬੇਲੋੜਾ ਸਮਝ ਕੇ ਇਸ ਤੋਂ ਸਿੱਖ ਸੰਗਤਾਂ ਛੁਟਕਾਰਾ ਪਾ ਰਹੀਆਂ ਹਨ। ਚਿਰ ਹੋਇਆ ਇੱਕ ਸੱਜਣ ਆਪਣੀ ਬੱਚੀ ਦੇ ਅਨੰਦ ਕਾਰਜ ਤੋਂ ਕੁਛ ਦਿਨ ਪਹਿਲਾਂ ਮਿਲੇ ਤੇ ਆਖਣ ਲੱਗੇ ਕਿ ਉਨ੍ਹਾਂ ਦੀ ਬੱਚੀ ਲਾਵਾਂ ਵੇਲੇ ਪਰਕਰਮਾ ਨਹੀ ਕਰਨਾ ਚਾਹੁੰਦੀ, ਬੈਠ ਕੇ ਹੀ ਲਾਵਾਂ ਲੈਣਾ ਚਾਹੁੰਦੀ ਹੈ। ਕਾਰਨ ਪੁੱਛਣ ਤੇ ਉਹਨਾਂ ਨੇ ਦੱਿਸਆ ਕਿ ਸਾਡੇ ਕੇਵਲ ਦੋ ਲੜਕੀਆ ਹੀ ਹਨ, ਮੁੰਡਾ ਨਹੀਂ ਹੈ। ਲੜਕੀ ਦਾ ਕੋਈ ਭਰਾ ਨਹੀਂ ਹੈ, ਜੇਹੜਾ ਲਾਂਵਾ ਸਮੇਂ ਉਸ ਨੂੰ ਸਹਾਰਾ ਦੇ ਸਕੇ। ਇਸ ਲਈ ਹੀ ਉਹਨਾਂ ਦੀ ਸਪੁੱਤਰੀ ਲਾਵਾਂ ਸਮੇਂ ਗੁਰੂ ਗਰੰਥ ਸਾਹਿਬ ਦੇ ਦੁਆਲੇ ਪਰਕਰਮਾਂ ਨਹੀਂ ਕਰਨਾ ਚਾਹੁੰਦੀ। ਜਦ ਉਸ ਸੱਜਣ ਨੂੰ ਇਹ ਦੱਸਿਆ ਕਿ ਫੇਰਿਆਂ ਸਮੇਂ ਭਰਾਵਾਂ ਦਾ ਖੜ੍ਹੇ ਹੋ ਕੇ ਸਹਾਰਾ ਦੇਣ ਵਾਲੀ ਕਥਿਤ ਰਸਮ ਦਾ ਅਨੰਦ ਕਾਰਜ ਦੀ ਰਸਮ ਨਾਲ ਕੋਈ ਸਬੰਧ ਹੀ ਨਹੀਂ ਹੈ, ਤਾਂ ਉਹਨਾਂ ਨੇ ਰਾਹਤ ਮਹਿਸੂਸ ਕਰਦਿਆਂ ਆਖਿਆ ਕਿ ਅਸੀਂ ਤਾਂ ਇਹੀ ਸੁਣਿਆ ਸੀ ਕਿ ਲਾਵਾਂ ਸਮੇਂ ਭਰਾਵਾਂ ਦਾ ਸਹਾਰਾ ਦੇਣਾ ਜ਼ਰੂਰੀ ਹੈ। ਪਤਾ ਨਹੀਂ ਕਿੰਨੇ ਕੁ ਪਰਵਾਰ ਇਸ ਤਰ੍ਹਾਂ, ਇਸ ਦੇਖਾ ਦੇਖੀ ਪ੍ਰਚਲਤ ਰਸਮ ਬਾਰੇ ਇੰਝ ਸੋਚਦੇ ਹੋਣ ਗੇ। ਚੂੰਕਿ ਆਮ ਸਿੱਖ ਸੰਗਤਾਂ ਦੇ ਮਨਾਂ ਵਿੱਚ ਗੁਰੂ ਗਰੰਥ ਸਾਹਿਬ ਪ੍ਰਤੀ ਸ਼ਰਧਾ ਤਾਂ ਬਹੁਤ ਹੈ ਪਰ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਆਮ ਸਿੱਖ ਸੰਗਤ ਅਣਜਾਣ ਹੈ। ਗੁਰਮਤਿ ਵਿਚਾਰਧਾਰਾ ਤੋਂ ਅਗਿਆਨਤਾ ਕਾਰਨ ਹੀ ਅਸੀਂ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕਦੇ ਹੋਏ, ‘ਸਭ ਸਿੱਖਨ ਕੌ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਕਹਿੰਦੇ ਹੋਏ ਵੀ ਬਹੁਤ ਸਾਰੀਆਂ ਅਜਿਹੀਆਂ ਰਸਮਾਂ ਵਿੱਚ ਖਚਿਤ ਹਾਂ ਜਿਨ੍ਹਾਂ ਦਾ ਸਿੱਖ ਵਿਚਾਰਧਾਰਾ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।

ਇਸ ਕਥਿੱਤ ਰਸਮ ਦੇ ਪ੍ਰਚਲਤ ਹੋਣ ਦਾ ਕਾਰਨ ਕੇਵਲ ਇਤਨਾ ਹੀ ਹੈ ਕਿ ਅਨੰਦ ਕਾਰਜ ਸਮੇਂ ਬੱਚੀ ਨੇ ਘੁੰਡ ਕਢਿੱਆ ਹੁੰਦਾ ਸੀ। ਇਸ ਲਈ ਲਾਵਾਂ ਸਮੇਂ ਕੁੱਝ ਰਿਸ਼ਤੇਦਾਰ ਖੜੇ ਹੋ ਜਾਂਦਾ ਸਨ ਤਾਂ ਕਿ ਲੜਕੀ ਨੂੰ ਫੇਰੇ ਲੈਣ ਲਗਿਆਂ ਮੁਸ਼ਕਲ ਨਾ ਆਵੇ। ਪਰੰਤੂ ਘੁੰਡ ਕੱਢਣ ਜਾਂ ਪਰਦਾ ਕਰਨ ਦੀ ਸਿੱਖ ਮੱਤ ਵਿੱਚ ਮਨਾਹੀ ਹੈ। ਗੁਰੂ ਅਮਰਦਾਸ ਜੀ ਦੇ ਇਸ ਸਬੰਧੀ ਫ਼ਰਮਾਨ ਨੂੰ ਮਹਿਮਾ ਪ੍ਰਕਾਸ਼ ਦਾ ਲੇਖਕ ਇਸ ਤਰ੍ਹਾਂ ਬਿਆਨ ਕਰਦਾ ਹੈ, "ਧਰ ਵਸਤ੍ਰ ਸੁਪੇਦ ਖੁਲ੍ਹੇ ਮੁਖ ਆਵੈਂ। ਸ਼ੰਕਾ ਲਾਜ ਨ ਮਨ ਮੋ ਲਯਾਵੈਂ।" ਸਿੱਖ ਰਹਿਤ ਮਰਯਾਦਾ ਵਿੱਚ ਵੀ ਗੁਰਮਤਿ ਦੀ ਰੌਸ਼ਨੀ ਵਿੱਚ ਇਸ ਦਾ ਵਰਣਨ ਕਰਦਿਆਂ ਇੰਝ ਆਖਿਆ ਹੈ ਕਿ, "ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤਿ ਵਿਰੁੱਧ ਹੈ।" ਜਿਵੇਂ ਹੋਰ ਅਨੇਕਾਂ ਗੁਰਮਤਿ ਵਿਰੋਧੀ ਰਸਮਾਂ ਸਾਡੇ ਵਿੱਚ ਪ੍ਰਚਲਤ ਹਨ, ਉਸੇ ਤਰ੍ਹਾਂ ਇਹ ਘੁੰਡ ਵਾਲੀ ਰਸਮ ਵੀ ਪ੍ਰਚਲਤ ਰਹੀ ਹੈ। ਸੋ, ਜਿਸ ਕਾਰਨ ਲਾਵਾਂ ਸਮੇਂ ਬੱਚੀ ਨੂੰ ਸਹਾਰਾ ਦੇਣ ਲਈ ਇਹ ਰਸਮ ਪ੍ਰਚਲਤ ਹੋਈ ਸੀ ਜਦ ਉਹ ਹੀ ਗ਼ਲਤ ਹੈ ਤਾਂ ਸਹਾਰਾ ਦੇਣ ਵਾਲੀ ਗੱਲ ਕਿਵੇਂ ਠੀਕ ਹੋਈ। ਪਰ ਹੁਣ ਤਾਂ ਇਸਤ੍ਰੀ ਘੁੰਡ ਕੱਢਣ ਵਾਲੀ ਰਸਮ ਤੋਂ ਨਿਜਾਤ ਹਾਸਲ ਕਰ ਚੁਕੀ ਹੈ। ਇਸ ਲਈ ਲਾਵਾਂ ਸਮੇਂ ਲੜਕੀ ਨੂੰ ਚੱਲਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆਉਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ । ਅੱਜ ਵਿਆਹ ਤੋਂ ਪਹਿਲਾਂ ਲੜਕਾ ਲੜਕੀ ਦਾ ਇੱਕ ਦੂਜੇ ਨੂੰ ਮਿਲਣਾ, ਇਕਠਿਆਂ ਘੁੰਮਣਾ ਫਿਰਨਾ ਆਮ ਗੱਲ ਹੈ; ਪਹਿਲਾਂ ਵਾਂਗ ਅੱਜ ਕਲ੍ਹ ਕੁੜੀ ਮੁੰਡਾ ਇੱਕ ਦੂਜੇ ਲਈ ਅਜਨਬੀ ਨਹੀਂ ਹੁੰਦੇ। ਇਕ ਦੂਜੇ ਦੇ ਪਰਵਾਰਕਾਂ ਮੈਂਬਰਾਂ ਵਿੱਚ ਵੀ ਚੰਗੀ ਤਰ੍ਹਾਂ ਘੁਲੇ ਮਿਲੇ ਹੁੰਦੇ ਹਨ। ਇਸ ਲਈ ਵਿਆਹ ਸਮੇਂ ਕਿਸੇ ਤਰ੍ਹਾਂ ਸਮਝਦੇ ਹਾਂ। ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਇਸਤ੍ਰੀ ਜਾਤੀ ਸਬੰਧੀ ਜੋ ਵਿਚਾਰਵਾਨਾ, ਧਾਰਮਿਕ ਆਗੂਆਂ ਆਦਿ ਦੇ ਜੋ ਵਿਚਾਰ ਸਨ, ਅਸੀਂ ਜਾਣੇ ਅਣਜਾਣੇ ਉਹਨਾਂ ਨੂੰ ਹੀ ਅਪਣਾਈ ਬੈਠੇ ਹਾਂ। ਤਾਹੀਓਂ ਅਨੰਦ ਕਾਰਜ ਸਮੇਂ ਵੀ ਬੱਚੀ ਨੂੰ ਸਹਾਰਾ ਦੇਣ ਦੀ ਲੋੜ ਮਹਿਸੂਸ ਕਰਦਿਆਂ ਹੋਇਆਂ ਇਸਤ੍ਰੀ ਜਾਤੀ ਨੂੰ ਉਸ ਦੇ ਕਮਜ਼ੋਰ ਹੋਣ ਦਾ ਜਾਣੇ -ਅਣਜਾਣੇ ਅਹਿਸਾਸ ਕਰਾਉਂਦੇ ਹੋਏ, ਇਸਤ੍ਰੀ ਜਾਤੀ ਦਾ ਘੋਰ ਅਪਮਾਨ ਕਰਨ ਵਾਲੀਆਂ ਤਾਕਤਾਂ ਨਾਲ ਆਪਣੀ ਰਜ਼ਾਮੰਦੀ ਜ਼ਾਹਰ ਕਰ ਰਹੇ ਹੁੰਦੇ ਹਾਂ।

ਅਸਲ ਵਿੱਚ ਇਸਤ੍ਰੀ ਨੂੰ ਅਸੀਂ ਅੱਜ ਵੀ ਅਮਲੀ ਰੂਪ ਵਿੱਚ ਕਮਜ਼ੋਰ ਹੀ ਸਮਝਦੇ ਹਾਂ। ਇਸ ਸਬੰਧ ਵਿੱਚ ਸੰਖੇਪ `ਚ ਇਤਨਾ ਕੁ ਹੀ ਆਖਿਆ ਜਾ ਸਕਦਾ ਹੈ ਕਿ ਲਾਵਾਂ ਸਮੇਂ ਬੱਚੀ ਨੂੰ ਸਹਾਰਾ ਦੇਣ ਦੀ ਲੋੜ ਨਹੀਂ ਹੈ, ਅਤੇ ਨਾ ਹੀ ਇਹ ਅਨੰਦ ਕਾਰਜ ਦੀ ਰਸਮ ਦਾ ਅੰਗ ਹੈ। ਲੜਕੀ ਲੜਕਾ ਪਤੀ ਪਤਨੀ ਦੇ ਰਿਸ਼ਤੇ ਵਿੱਚ ਬੱਝਣ ਲਈ ਗੁਰੂ ਗਰੰਥ ਸਾਹਿਬ ਦੇ ਆਲੇ ਦੁਆਲੇ ਪਰਕਰਮਾਂ ਕਰ ਰਹੇ ਹੁੰਦੇ ਹਨ, ਇਸ ਸਮੇਂ ਇਹਨਾਂ ਦੋਹਾਂ ਨੂੰ ਸੁਤੰਤਰ ਰੂਪ ਵਿੱਚ ਵਿਚਰਦਿਆਂ ਪਰਕਰਮਾਂ ਕਰਨੀਆਂ ਚਾਹੀਦੀਆਂ ਹਨ। ਗੁਰੂ ਗਰੰਥ ਸਾਹਿਬ ਦੀਆਂ ਪਰਕਰਮਾਂ ਕਰਨ ਲਈ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਹਾਂ, ਜੇਕਰ ਸਰੀਰਕ ਕਮਜ਼ੋਰੀ ਜਾਂ ਅਜਿਹਾ ਹੋਰ ਕੋਈ ਕਾਰਨ ਹੈ, ਤਾਂ ਉਹ ਭਾਂਵੇ ਲੜਕਾ ਹੈ ਭਾਂਵੇ ਲੜਕੀ ਹੈ, ਉਸ ਦੀ ਚੱਲਣ ਵਿੱਚ ਸਹਾਇਤਾ ਕਰਨੀ ਬਣਦੀ ਹੈ ਤਾਂ ਕਿ ਉਹਨਾਂ ਨੂੰ ਫੇਰਿਆਂ ਸਮੇਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਗੁਰਮਤਿ ਵਿੱਚ ਕਰਮਕਾਂਡ ਦੇ ਕਿਸੇ ਵੀ ਰੂਪ ਨੂੰ ਪਰਵਾਣ ਨਹੀਂ ਕੀਤਾ ਗਿਆ ਹੈ। ਇਸ ਗੱਲ ਨੂੰ ਹਮੇਸ਼ਾਂ ਹੀ ਚੇਤੇ ਰੱਖਣ ਦੀ ਲੋੜ ਹੈ।

ਜਸਬੀਰ ਸਿੰਘ ਵੈਨਕੂਵਰ
.