.

ਸਚ ਕੀ ਬਾਣੀ ਨਾਨਕੁ ਆਖੈ…………

ਹਰਜਿੰਦਰ ਸਿੰਘ ‘ਸਭਰਾ’

ਮੋ: ੯੮੫੫੫-੯੮੮੩੩

ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਨਵਤਾ ਨੂੰ ਸਿਖ ਗੁਰੂ ਸਾਹਿਬਾਨ ਦੀ ਇੱਕ ਮਹਾਨ ਅਤੇ ਸਰਵਸ੍ਰੇਸ਼ਠ ਦੇਣ ਹੈ। ਜਗਤ ਗੁਰੂ ਨਾਨਕ ਸਾਹਿਬ ਜੀ ਨੇ ਰੱਬੀ ਏਕਤਾ ਵਿਚੋਂ ਜੋ ਅਨੁਭਵਕਾਰੀ ਗਿਆਨ ਪ੍ਰਾਪਤ ਕੀਤਾ ਸ਼ਬਦ ਰੂਪ ਵਿੱਚ ਉਸਨੂੰ ਉਚਾਰਨ ਕਰਕੇ ਸੰਸਾਰ ਦੇ ਜੀਵਾਂ ਨੂੰ ਸਚਿਆਰੀ ਜੀਵਨ ਜੁਗਤ ਨਾਲ ਜੋੜਿਆ। ਸਚਿਆਰੇ ਜੀਵਨ ਦੇ ਸੰਪੂਰਨ ਗਿਆਨ ਨੂੰ ਹੀ ਸ਼ਬਦ ਗੁਰੂ ਕਹਿ ਕੇ ਮਾਨਵਤਾ ਨੂੰ ਸਰਬਸਾਂਝੀ ਦਾਤ ਬਖਸ਼ਿਸ ਕਰ ਦਿੱਤੀ। ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਸਿੱਧਾਂ ਨਾਲ ਗੋਸ਼ਟਿ ਹੁੰਦੀ ਹੈ ਤਾਂ ਸਿੱਧ ਗੁਰੂ ਨਾਨਕ ਸਹਿਬ ਜੀ ਨੂੰ ਪ੍ਰਸ਼ਨ ਕਰਦੇ ਹਨ

ਪ੍ਰਸ਼ਨ: ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ ਮ: ੧ ਪੰਨਾ ੯੪੨

ਉਤੱਰ: ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਮ: ੧ ਪੰਨਾ ੯੪੩

ਵੀਚਾਰਨ ਵਾਲਾ ਨੁਕਤਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਾ ਤਾਂ ਸਰੀਰ ਨੂੰ ਗੁਰੂ ਆਖਿਆ ਹੈ ਅਤੇ ਨਾ ਹੀ ਸਰੀਰ ਨੂੰ ਸਿੱਖ ਆਖਿਆ ਹੈ। ਸ਼ਬਦ ਨੂੰ ਗੁਰੂ ਕਹਿ ਕੇ ਸ਼ਬਦ ਵਿੱਚ ਇੱਕ ਰਸ ਟਿਕੀ ਹੋਈ ਸੁਰਤਿ ਨੂੰ ਸਿੱਖ ਆਖਕੇ ਬਾਹਰੀ ਆਡੰਬਰਾਂ ਅਤੇ ਗੁਰੂ ਚੇਲੇ ਦੇ ਭੇਦ ਭਾਵਾਂ ਤੋਂ ਮਾਨਵਤਾ ਨੂੰ ਹਮੇਸ਼ਾ ਲਈ ਬਚਾ ਲਿਆ। ਸਰੀਰ ਨਾਸ਼ਵੰਤ ਵੀ ਹੈ ਅਤੇ ਕਾਲ਼ ਅਤੇ ਸਮੇਂ ਦੇ ਪ੍ਰਭਾਵ ਹੇਠ ਵੀ ਹੈ ਇਸ ਲਈ ਸਥਿਰ ਨਹੀਂ ਹੈ। ਜਦੋਂ ਕਿ ਸੱਚ ਸਥਿਰ ਹੈ, ਸਰਬਕਾਲੀ ਅਤੇ ਸਰਬਦੇਸ਼ੀ ਹੈ, ਸਮੇਂ ਅਤੇ ਮਾਹੌਲ ਦੇ ਪ੍ਰਭਾਵ ਤੋਂ ਮੁਕਤ ਹੈ। ਰੱਬੀ ਹੁਕਮ (ਕੁਦਰਤੀ ਨੇਮ) ਨੂੰ ਜਾਣ ਕੇ ਉਸ ਅਨੁਸਾਰ ਆਪਣੀ ਜੀਵਨ ਜੁਗਤ ਢਾਲ਼ ਕੇ ਜਿਸ ਜੀਵਨ ਦੀ ਦਾਤ ਪ੍ਰਾਪਤ ਹੁੰਦੀ ਹੈ ਅਤੇ ਉਸ ਜੀਵਨ ਵਿੱਚ ਜੋ ਕੁਆਲਿਟੀ ਅਤੇ ਤੱਤ ਰਸ ਹੈ ਉਸ ਨੂੰ ਸ਼ਬਦ ਰੂਪ ਵਿੱਚ ਬਿਆਨ ਕੀਤਾ ਹੈ ਅਤੇ ਉਸੇ ਨੂੰ ਹੀ ਸ਼ਬਦ ਗੁਰੂ ਕਿਹਾ ਗਿਆ ਹੈ। ਸੌਖੇ ਰੂਪ ਵਿੱਚ ਸ਼ਬਦ ਗੁਰੂ ਉਸ ਤੱਤ ਦਾ ਨਾਂ ਹੈ ਜੋ ਰੱਬੀ ਨੇਮਾਂ ਨੂੰ ਜੀਅ ਕੇ ਜੀਵਨ ਦਾ ਅਨੁਭਵ ਹੁੰਦਾ ਹੈ। ਗੁਰਬਾਣੀ ਵਿੱਚ ਸੰਤ, ਬ੍ਰਹਮਗਿਆਨੀ, ਭਗਤ, ਸੇਵਕ, ਜਨ ਆਦਿ ਲਫਜ਼ ਵਰਤੇ ਗਏ ਹਨ ਜੋ ਕਿਸੇ ਬਾਹਰੀ ਪਦਵੀ ਜਾਂ ਦਾਅਵੇਦਾਰੀ ਦੇ ਪ੍ਰਤੀਕ ਨਹੀਂ ਹਨ ਸਗੋਂ ਇੱਕ ਜੀਵਨ ਜੁਗਤ ਦੇ ਪ੍ਰਤੀਕ ਹਨ। ਇਨ੍ਹਾਂ ਨੂੰ ਆਪਣੇ ਨਾਵਾਂ ਨਾਲ਼ ਜੋੜ ਕੇ ਦਾਅਵੇਦਾਰੀਆਂ ਜਤਾਉਣ ਵਾਲ਼ੇ ਜੀਵਾਂ ਬਾਰੇ ਬੜਾ ਸੁੰਦਰ ਕਿਹਾ ਗਿਆ ਹੈ ਗੁਰਬਾਣੀ ਵਿਚ: ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ॥ ਮ: ੧ ਪੰਨਾ ੧੨੮੬

ਭਾਵ: ਚੂਹਾ (ਆਪ ਹੀ) ਖੁੱਡ ਵਿੱਚ ਸਮਾ (ਵੜ) ਨਹੀਂ ਸਕਦਾ (ਤੇ ਉੱਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ।

ਸਭ ਤੋਂ ਅਪਾਰ ਬਖਸ਼ਿਸ਼ ਗੁਰੂ ਨਾਨਕ ਸਾਹਿਬ ਜੀ ਨੇ ਰੱਬੀ ਹੋਂਦ ਨਾਲ ਇੱਕ ਸੁਰ ਹੋਏ ਆਪਣੇ ਤੋਂ ਪੂਰਬ ਅਤੇ ਸਮਕਾਲੀ ਮਹਾਂਪੁਰਖਾਂ ਦੀ ਅਨੁਭਵਕਾਰੀ ਬਾਣੀ ਨੂੰ ਆਪਣੀਆਂ ਉਦਾਸੀਆਂ ਦੌਰਾਨ ਇਕੱਤਰ ਕੀਤਾ ਅਤੇ ਇਹ ਮਹਾਨ ਖਜ਼ਾਨਾ ਮਾਨਵਤਾ ਦੀ ਝੋਲੀ ਪਾਇਆ। ਇਸ ਵਿੱਚ ਰੱਤੀ ਵੀ ਸੰਦੇਹ ਨਹੀਂ ਕਿ ਗੁਰਬਾਣੀ ਦੇ ਰਚਣਹਾਰੇ ਮਹਾਨ ਪੁਰਖਾਂ ਨੇ ਰੱਬੀ ਅਨੁਭਵ ਨੂੰ ਸ਼ਬਦ ਰੂਪ ਦੇ ਕੇ ਉਸਨੂੰ ਹੀ ਗੁਰੂ ਆਖਿਆ ਹੈ।

ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+॥ ਕਬੀਰ ਜੀ ਪੰਨਾ ੭੯੩

ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਮਹਾਨ ਅਨੁਭਵ ਕਮਾਈ ਨੂੰ ਸੰਸਾਰ ਦੇ ਸਰਬ ਜੀਵਾਂ ਨਾਲ਼ ਸਾਂਝਿਆਂ ਕਰਦਿਆਂ ਇਸ ਨੂੰ ਆਪਣੀ ਰਚਨਾ ਨਹੀਂ ਕਿਹਾ ਜਾਂ ਇਉਂ ਕਹਿ ਲਵੋ ਕਿ ਇਸ ਉਪਰ ਆਪਣੀ ਹੋਣ ਦੀ ਦਾਅਵੇਦਾਰੀ ਨਹੀਂ ਜਤਾਈ ਸਗੋਂ ਫੁਰਮਾਇਆ:

ਸਚ ਕੀ ਬਾਣੀ ਨਾਨਕੁ ਆਖੈ ਸਚੁ ਸਣਾਇਸੀ ਸਚ ਕੀ ਬੇਲਾ॥ ਮ: ੧ ਪੰਨਾ੭੨੩

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਮ: ੧ ਪੰਨਾ ੭੨੨

ਇਸ ਮਹਾਨ ਖਜ਼ਾਨੇ ਨੂੰ ਆਪਣੇ ਵਰਗੇ ਉਤਰਾਧਿਕਾਰੀ ਗੁਰੂ ਅੰਗਦ ਸਾਹਿਬ ਨੂੰ ਸੌਂਪ ਕੇ ਇਸ ਨੂੰ ਹੀ ਆਪਣੇ ਮਿਸ਼ਨ ਦੀ ਬੁਨਿਆਦ ਹੋਣ ਦਾ ਪ੍ਰਮਾਣ ਦਿਤਾ।

ਤਿਤੁ ਮਹਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ (ਜਨਮ ਸਾਖੀ)

ਇਸੇ ਵੀਚਾਰ ਦੀ ਪ੍ਰੋੜਤਾ ਕਰਦਿਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਨੂੰ ‘ਸੱਚੀ ਬਾਣੀ’ ਆਖਿਆ ਅਤੇ ਆਪਣੇ ਸਿਖਾਂ ਸ਼ਰਧਾਲੂਆਂ ਨੂੰ ਇਸ ਬਾਣੀ ਨੂੰ ਗਾਉਣ ਦਾ ਹੁਕਮ ਕਰ ਦਿਤਾ ਪਰ ਨਾਲ ਹੀ ‘ਕੱਚੀ ਬਾਣੀ’ ਨੂੰ ਪ੍ਰੀਭਾਸ਼ਤ ਕਰਕੇ ਉਸ ਤੇ ਈਮਾਨ ਨਾ ਰੱਖਣ ਦੀ ਹਿਦਾਇਤ ਕੀਤੀ। ਗੁਰਵਾਕ ਹਨ:

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥

ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਅਤੇ

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਮ: ੩ ਪੰਨਾ ੯੨੦

ਗੁਰੂ ਰਾਮਦਾਸ ਸਾਹਿਬ ਜੀ ਨੇ ਸਪੱਸ਼ਟ ਸ਼ਬਦਾਂ ਵਿਚ ਇਸ ਰੱਬੀ ਵੀਚਾਰਧਾਰਾ ਦੇ ਗੁਰੂ ਹੋਣ ਦਾ ਸੰਕਲਪ ਦ੍ਰਿੜਾਇਆ ਅਤੇ ਕਿਹਾ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਮ: ੪ ਪੰਨਾ ੯੮੨

ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ॥ ੫॥ ਮ: ੪ ਪੰਨਾ ੧੩੦੯

ਇਸ ਬਾਣੀ ਨੂੰ ਹੁਕਮ ਦੀ ਵਿਆਖਆ ਕਹਿੰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਪਹਿਲੇ ਵੀਚਾਰਾਂ ਦੀ ਜ਼ਬਰਦਸਤ ਪ੍ਰੋੜਤਾ ਕਰ ਦਿੱਤੀ ਹੈ।

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥ ਮ: ੫ ਪੰਨਾ ੭੬੩

ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਬਾਣੀ ਨੂੰ ਇੱਕ ਥਾਂ ਇਕੱਤਰ ਕਰਕੇ ਸੰਪਾਦਨ ਕੀਤਾ ਅਤੇ ਇਸ ਨੂੰ ਪੋਥੀ ਦਾ ਰੂਪ ਦੇ ਕੇ ਨਵੇਂ ਬਣੇ ਦਰਬਾਰ ਵਿੱਚ ਪ੍ਰਕਾਸ਼ਮਾਨ ਕੀਤਾ:

ਪੋਥੀ ਪਰਮੇਸਰ ਕਾ ਥਾਨੁ॥ ਮ: ੫ ਪੰਨਾ ੧੨੨੬

ਬਾਣੀ ਦਾ ਸੰਪਾਦਨ ਕਰਕੇ ਇਸ ਨੂੰ ਗ੍ਰੰਥ ਦਾ ਰੂਪ ਦੇਣਾ ਅਤੇ ਦਰਬਾਰ ਵਿੱਚ ਪ੍ਰਕਾਸ਼ਮਾਨ ਕਰਨਾ ਕੋਈ ਮਾਮੂਲੀ ਘਟਨਾ ਨਹੀਂ ਸੀ ਸਗੋਂ ਗੁਰ ਵੀਚਾਰਧਾਰਾ ਨੂੰ ਪੱਕੇ ਪੈਰੀਂ ਸਥਾਪਤ ਕਰਨਾ ਸੀ ਇਸ ਨੂੰ ਗਿ: ਗਿਆਨ ਸਿੰਘ ਜੀ ‘ਬੁਨਿਆਦ’ ਦੀ ਸੰਗਿਆ ਦਿੰਦੇ ਹਨ

ਸ਼੍ਰੀ ਗੁਰੁ ਗਰੰਥ ਰਚਿਓ ਪੰਥ ਕੀ ਬੁਨਿਆਦ। ਹਿਤ ਸੋਲਾਂ ਸੈ ਇਕਾਹਠੇ ਮੈਂ ਮੋਖ ਭੋਗ ਦਾਇਕੈ। (ਗਿ: ਗਿਆਨ ਸਿੰਘ)

ਦਰਅਸਲ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਵੀਚਾਰ ਸ਼ਬਦ ਦੇ ਗੁਰੂ ਹੋਣ ਦੀ ਪ੍ਰਗਟ ਕੀਤੀ ਸੀ ਉਸ ਦੀ ਸਥਾਪਤੀ ਦਾ ਇਹ ਇੱਕ ਅਹਿਮ ਸਮਾਂ ਸੀ। ਅਜਿਹਾ ਕਰਕੇ ਗੁਰੂ ਸਾਹਿਬਾਨ ਜੀ ਨੇ ਭਵਿੱਖ ਵਿੱਚ ਸਿਖਾਂ ਅਤੇ ਮਾਨਵਤਾ ਦਾ ਆਸਰਾ ਕੀ ਹੋਵੇਗਾ ਇਸ ਪਾਸੇ ਸੰਕੇਤ ਕਰ ਦਿੱਤਾ ਸੀ। ਇਸ ਕਾਰਜ ਦੀ ਮੁਕੰਮਲਤਾ ਦਸਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਂਦੇੜ ਦੀ ਧਰਤੀ ਤੇ ਕੀਤੀ। ੧੭੦੮ ਈ: ਨੂੰ ਸਤਿਗੁਰਾਂ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜ਼ਾਹਰਾ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਹੋਣ ਦਾ ਐਲਾਨ ਕੀਤਾ ਅਤੇ ਖ਼ੁਦ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕਰਕੇ ਆਪਣੇ ਵੀਚਾਰ ਦੀ ਪ੍ਰੋੜਤਾ ਕੀਤੀ। ਤਦ ਤੋਂ ਅੱਜ ਤਕ ਦੀਆਂ ਗਵਾਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਹੋਣ ਦੀ ਤਸਦੀਕ ਵੀ ਕਰਦੀਆਂ ਆ ਰਹੀਆਂ ਹਨ।

ਸਭ ਤੋਂ ਨਿਰਾਲਾਪਨ ਇਹ ਹੈ ਕਿ ਭਾਵੇਂ ਬਾਕੀ ਧਰਮਾਂ ਦੇ ਗ੍ਰੰਥਾਂ ਨੂੰ ਉਸ ਧਰਮ ਦੇ ਮੰਨਣਵਾਲ਼ੇ ਪੂਰਨ ਸਤਿਕਾਰ ਦੀ ਨਜ਼ਰ ਨਾਲ ਹੀ ਦੇਖਦੇ ਹਨ ਪਰ ਕਿਸੇ ਧਰਮ ਦੇ ਰਹਿਨੁਮਾ ਨੇ ਵੀ ਕਿਸੇ ਗ੍ਰੰਥ ਜਾਂ ਗਿਆਨ ਨੂੰ ਪੈਗੰਬਰੀ ਰੁਤਬਾ ਪ੍ਰਦਾਨ ਨਹੀਂ ਕੀਤਾ। ਸਿਖ ਗੁਰੂ ਸਾਹਿਬਾਨ ਨੇ ਸੰਸਾਰ ਵਿੱਚ ਇਹ ਆਪਣੀ ਤਰ੍ਹਾਂ ਦਾ ਨਿਵੇਕਲਾ ਕਾਰਜ ਕੀਤਾ ਹੈ। ਸ਼ਬਦ ਦੇ ਗੁਰੂ ਹੋਣ ਦੇ ਅਨੇਕਾਂ ਪ੍ਰਮਾਣ ਵੈਸੇ ਤਾਂ ਖ਼ੁਦ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਸਥਾਪਤ ਕਰ ਗਏ ਹਨ ਪਰ ਹੇਠਾਂ ਅਸੀਂ ਕੁੱਝ ਲਿਖਤਾਂ ਦੇ ਹਵਾਲੇ ਦਿੰਦੇ ਹਾਂ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦੇਣ ਦਾ ਜ਼ਿਕਰ ਕੀਤਾ ਗਿਆ ਹੈ। ਸ਼ਪੱਸ਼ਟ ਹੈ ਕਿ ਤਮਾਮ ਲਿਖਾਰੀਆਂ ਨੇ ਇਸ ਪੱਖ ਨੂੰ ਜ਼ਰੂਰ ਬਿਆਨ ਕੀਤਾ ਹੈ।

ਕਿਤੇ ਦਿਵਸ ਬੀਤੇਸਮੈ ਅੰਤ ਆਯੋ। ਕਰੋ ਬੇਗ ਪ੍ਰਸਾਦਿ ਐਸੇ ਬਤਾਯੋ। ੩੨। ੭੯੭। ….

ਗਈ ਅਰਧ ਰਾਤੰ ਘਰੀ ਚਾਰ ਅਉਰੇ। ਭਏ ਸ਼ਬਦ ਰੂਪੀ ਕਰੀ ਬਾਤ ਅਉਰੇ। ……………………

ਸਤਿਗੁਰੂ ਹਮਾਰਾ ਅਪਰ ਅਪਾਰਾਸ਼ਬਦਿ ਬਿਚਾਰਾ ਅਜਰ ਜਰੰ।

ਹਿਰਦੇ ਧਰਿ ਧਿਆਨੀ ਉਚਰੀ ਬਾਨੀ ਪਦ ਨਿਰਬਾਨੀ ਅਪਰ ਪਰੰ।

ਗਤਿ ਮਿਤਿ ਅਪਾਰੰ ਬਹੁ ਬਿਸਤਾਰੰ ਵਾਰ ਨ ਪਾਰੰ ਕਿਆ ਕਥਨੰ।

ਤਵ ਜੋਤਿ ਪ੍ਰਗਾਸੀ ਸ੍ਰਬ ਨਿਵਾਸੀ ਸਰਬ ਉਦਾਸੀ ਤਵ ਸਰਨੰ। ੪੩। ੮੦੮।

(੧੭੧੧ ਈ: ਗੁਰ ਸੋਭਾ, ਕ੍ਰਿਤ ਕਵੀ ਸੈਨਾਪਤੀ, ਧਿਆਇ ੧੮, ਸੰਪਾਦਕ ਗੰਡਾ ਸਿੰਘ, ਛਾਪ ੧੯੮੦, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ)

ਗ੍ਰੰਥ ਗੁਰੂ ਮੈ ਨਿਹਚਾ ਧਾਰੈ। ਤਾ ਬਿਨ ਚਾਹ ਨ ਧਰੋ ਪਿਯਾਰੇ।

ਤਾਕੀ ਵਾਂਛਾ ਸਭ ਗੁਰ ਪੂਰੈ। ਯਾ ਪਰ ਨਿਸਚਾ ਭ੍ਰਮ ਸਭ ਦੂਰੈ। ੧੩੬।

ਯਾ ਬਿਧਿ ਸ੍ਰੀ ਗਿਰੰਥ ਸਿਰ ਨਯਾਈ। ਕਰ ਅਰਦਾਸ ਪ੍ਰੇਮ ਜੁਤਿ ਭਾਈ। ………

ਯੌ ਕਹਿ ਨਿਜ ਬਪੁ ਧਯਾਨ ਲਗਾਏ। ਸ੍ਰੀ ਮੁਖ ਤੇ ਯੌ ਵਾਕ ਸੁਨਾਏ। ੧੩੮।

(੧੭੫੧ ਈ: ਗੁਰਬਿਲਾਸ ਪਾਤਸ਼ਾਹੀ ੧੦ ਕ੍ਰਿਤ ਕੁਇਰ ਸਿੰਘ ਪੰਨਾ ੨੮੭ ਇਕੀਵਾਂ ਅਧਿਆਇ (ਸੰਪਾਦਕ ਸ਼ਮਸ਼ੇਰ ਸਿੰਘ, ਪਬਲੀਕੇਸ਼ਨ ਬਿਊਰੋ, ਦੂਜੀ ਵਾਰ੧੯੮੬)

ਦੋਇ ਜਾਮ ਰੈਨਿ ਗਈ, ਤਾਂ ਤਿਆਰੀ ਬਜਾਈ। ਸਿਖਾਂ ਹਥ ਜੋੜਿ ਕਰਿ ਬੇਨਤੀ ਪੁਛਾਈ:

"ਗਰੀਬ ਨਿਵਾਜ਼! ਸਿੱਖ ਸੰਗਤਿ ਹੈ ਤੇਰੀ, ਇਸ ਦਾ ਕੀ ਹਵਾਲ?"

ਬਚਨ ਕੀਤਾ: "ਗ੍ਰੰਥ ਹੈ ਗੁਰੁ, ਲੜ ਪਕੜੋ ਅਕਾਲ" ੬੭੯। ਚਰਣ ਦਸਵਾਂ, ਪੰਨਾ ੧੮੯

ਸੁਣੋ ਭਾਈ ਸਿਖੋ! ਐਸਾ ਸੰਤ ਬਾਬਾ ਨਾਨਕ ਸਚੁ ਜਾਨੋ। ਦਸੇ ਮਹਲ ਇੱਕ ਬਾਬਾ ਨਾਨਕ ਜੀ ਪਛਾਨੋ।

ਦਸਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਹੈ ਗਿਆ।

ਅੱਜ ਪ੍ਰਤੱਖ ਗੁਰੁ ਅਸਾਡਾ ਗ੍ਰੰਥ ਸਾਹਿਬ ਹੈ; ਸੋਈ ਗਿਆ, ਜੋ ਗ੍ਰੰਥੋਂ ਗਿਆ। ੨੬੩।, ਚਰਣ ਚੌਧਵਾਂ, ਪੰਨਾ ੨੮੮

(੧੭੬੯ ਈ: ਬੰਸਾਵਲੀਨਾਮਾ, ਕੇਸਰ ਸਿੰਘ ਛਿੱਬਰ, ਸੰਪਾਦਕ ਪਿਆਰਾ ਸਿੰਘ ਪਦਮ, ਛਾਪ ਫਰਵਰੀ ੧੯੯੭, ਸਿੰਘ ਬ੍ਰਦਰਜ਼ ਅੰਮ੍ਰਿਤਸਰ)

ਸਤਿਗੁਰ ਦੀਨ ਦਇਆਲ ਬਚਨ ਕੀਆ। ਜੋ ਦਸ ਸਰੂਪ ਹਮਾਰੇ ਪੂਰਨ ਭਏ। ਅਬ ਮੇਰੀ ਜਾਹਰਾ ਗੁਰ ਗਿਰੰਥ ਸਾਹਿਬ ਕੋ ਜਾਨਨਾ। ਜਿਸ ਨੇ ਮੇਰੇ ਸੇ ਬਾਤ ਕਰਨੀ ਹੋਇ ਤੇ ਆਦ ਗਿਰੰਥ ਸਾਹਿਬ ਕਾ ਪਾਠ ਕਰਨਾ। ਮੇਰੇ ਸੇ ਬਾਤਾ ਹੋਵੈਗੀ। (੧੭੭੬ ਈ: ਮਹਿਮਾ ਪ੍ਰਕਾਸ਼ ਕ੍ਰਿਤ ਬਾਵਾ ਸਰੂਪ ਦਾਸ ਭੱਲਾ ਭਾਗ ਦੂਜਾ, ਸਾਖੀ ੨੭, ਪੰਨਾ ੮੯੨, ਛਾਪ ੧੯੭੧ ਭਾਸ਼ਾ ਵਿਭਾਗ ਪੰਜਾਬ)

ਗੁਰੂ ਜੀ ਨੇ ਦਯਾ ਸਿੰਘ ਸੇ ਕਹਾ, ਭਾਈ ਸਿਖਾ! ਸ੍ਰੀ ਗ੍ਰੰਥ ਸਾਹਿਬ ਲੈ ਆਈਏ, ਅਸਾਂ ਇਸੇ ਗੁਰਤਾ ਦੇਨੀ ਹੈ। ਬਚਨ ਪਾਇ ਭਾਈ ਦਯਾ ਸਿੰਘ ਨੇ ਸ੍ਰੀ ਗ੍ਰੰਥ ਜੀ ਲਿਆਇ ਪ੍ਰਕਾਸ਼ ਕੀਆ, ਪੰਚਾਮ੍ਰਿਤ ਤਿਆਰ ਕਰ ਕੇ ਏਕ ਸਿਖ ਨੇ ਚੌਕੀ ਤੇ ਲਿਆਇ ਰਾਖਾ, ਅਰਦਾਸ ਉਪਰੰਤ ਗੁਰੂ ਜੀ ਗੁਰਤਾ ਦੇਨੇ ਲਾਗੇ। ……

(੧੭੯੦ ਈ: ਗੁਰੂ ਕੀਆਂ ਸਾਖੀਆਂ, ਕ੍ਰਿਤ ਸਰੂਪ ਸਿੰਘ ਕੌਸ਼ਿਸ਼, ਸਾਖੀ ੧੧੨, ਸੰਪਾਦਕ ਪਿਆਰਾ ਸਿੰਘ ਪਦਮ, ਛਾਪ ੨੦੦੩, ਸਿੰਘ ਬ੍ਰਦਰਜ ਅੰਮ੍ਰਿਤਸਰ)

"ਗੁਰੂ ਗੋਬਿੰਦ ਸਿੰਘ ਮਹਲ ਦਸਵਾਂ, ਬੇਟਾ ਗੁਰੁ ਤੇਗ ਬਹਾਦਰ ਜੀ ਕਾ, ਮੁਕਾਮ ਨਦੇੜ ਤਟ ਗੁਦਾਵਰੀ ਦੇਸ ਦੱਖਣ, ਸਤਰਾ ਸੈ ਪੈਸਠ ਕਾਰਤਕ ਮਾਸੇ ਸੁਦੀ ਚਉਥ ਸ਼ੁਕਲਾ ਪੱਖੇ ਬੁਧਵਾਰ ਕੇ ਦਿਹੁੰ ਭਾਈ ਦੈਆ ਸਿੰਘ ਸੇ ਬਚਨ ਹੋਆ-ਸ੍ਰੀ ਗ੍ਰੰਥ ਸਾਹਿਬ ਲੇ ਆਓ- ਬਚਨ ਪਾਇ ਦੈਆ ਸਿੰਘ ਸ੍ਰੀ ਗ੍ਰੰਥ ਸਾਹਿਬ ਲੈ ਆਏ………ਸਰਬਤ ਸੰਗਤ ਸੇ ਕਹਾ-ਮੇਰਾ ਹੁਕਮ ਹੈ, ਮੇਰੀ ਜਗਹ ਗੁਰੁ, ਸ੍ਰੀ ਗ੍ਰੰਥ ਜੀ ਕੋ ਜਾਨਨਾ। ਜੋ ਸਿਖ ਜਾਨੈਗਾ, ਤਿਸ ਕੀ ਘਾਲ ਥਾਂਇ ਪਏਗੀ, ਗੁਰੁ ਤਿਸ ਕੀ ਬਾਹੁੜੀ ਕਰੇਗਾ, ਸਤਿ ਕਰ ਮਾਨਨਾ"।

(ਭੱਟ ਵਹੀ ਤਲਉਂਢਾ, ਪਰਗਣਾ ਜੀਂਦ, ਗੁਰੂ ਕੀਆਂ ਸਾਖੀਆਂ, ਕ੍ਰਿਤ ਸਰੂਪ ਸਿੰਘ ਕੌਸ਼ਿਸ਼, ਪੰਨਾ ੧੭)

ਤਾਂਤੇ ਜੁ ਮੋਹਿ ਸਿਖ ਸੁਜਾਨਾ। ਮਾਨਹਿਂ ਗੁਰੂ ਗ੍ਰੰਥ ਭਗਵਾਨਾ। …

ਲੜ ਪਕੜਾਇ ਸਬਦ ਕਾ ਰੂਪ। ਜੋ ਮਾਨੈਂਗੇ ਸਿਘ ਅਨੂਪ।

ਦਰਸ਼ਨ ਗੁਰ ਕਾ ਹੈ ਸਾਵਧਾਨ। ਸ੍ਰੀ ਗ੍ਰੰਥ ਸਾਹਿਬ ਭਗਵਾਨ।

(੧੭੯੭ ਈ: ਗੁਰਬਿਲਾਸ ਪਾਤਸ਼ਾਹੀ ਦਸਵੀਂ, ਕ੍ਰਿਤ ਭਾਈ ਸੁੱਖਾ ਸਿੰਘ)

ਰਾਮਦਾਸਪੁਰ ਤਖਤੁ ਖਾਲਸਾ ਰਾਜ ਕਮਾਵੈ। ਚਵਰੁ ਢੁਰੈ ਸ੍ਰੀ ਗ੍ਰਿੰਥ ਸੁਧਾ ਸਰ ਸਭ ਜਗੁ ਨਾਵੈ।

(੧੮੨੭ ਈ:, ਸਿੰਘ ਸਾਗਰ, ਕ੍ਰਿਤ ਵੀਰ ਸਿੰਘ ਬਲ, ਚੌਦਵਾਂ ਤਰੰਗ, ਸੰਪਾਦਕ ਕ੍ਰਿਸ਼ਨਾ ਕੁਮਾਰੀ ਬਾਂਸਲ, ਛਾਪ ੧੯੯੮, ਪਬਲੀਕੇਸ਼ਨ ਬਿਊਰੋ)

ਇਮ ਕਹਿ ਗੁਰੁ ਗ੍ਰੰਥ ਕਾ ਪਰਕਾਸ਼ ਕਰੈਹੈ। ……

ਕਰ ਪ੍ਰਕਰਮਾ ਗੁਰੁ ਜੀ ਨਿਜ ਮਾਥ ਝੁਕਾਯੋ। ਗੁਰੂ ਗ੍ਰੰਥ ਕੋ ਗੁਰੂ ਥਪਯੋ ਕੁਣਕਾ ਬਟਵਾਯੋ।

ਸ੍ਰੀ ਮੁਖ ਤੈ ਸਭ ਸਿਖਨ ਕੋ ਇਮ ਹੁਕਮ ਸੁਨਾਯੋ।

(੧੮੭੮ ਈ:, ਪੰਥ ਪ੍ਰਕਾਸ਼ ਕ੍ਰਿਤ ਗਿਆਨੀ ਗਿਆਨ ਸਿੰਘ, ਅਧਿਆਇ ਚਾਲੀਵਾਂ, ਪੰਨਾ ੩੫੩, ਛਾਪ ੧੯੮੭, ਭਾਸ਼ਾ ਵਿਭਾਗ ਪੰਜਾਬ)

ਰੂਪ ਇਕਾਦਸ਼ ਗੁਰੁ ਗ੍ਰੰਥ ਬਰ ਤਾਂ ਛਿਨ ਸ਼੍ਰੀ ਪ੍ਰਭ ਆਏ। ਪੈਸੇ ਪਾਂਚ ਨਰੇਲ ਰਾਖ ਕਰ ਗੁਰਿਆਈ ਸੁਧਰਾਏ। ੧੦।

ਮਮ ਪੂਜਨ ਸੇਵਨ ਗੁਰ ਗ੍ਰੰਥਹਿ ਬੋਲਨ ਬਾਨੀ ਬਚਨਾ। ਦਰਸਨ ਕਰਨ ਮੋਰ ਯਹ ਮੰਜੀ ਰੂਪ ਇਕਾਦਸ ਜਚਨਾ। ੧੧।

(੧੮੮੨ ਈ:, ਸ੍ਰੀ ਗੁਰ-ਪਦ ਪ੍ਰੇਮ ਪ੍ਰਕਾਸ਼, ਕ੍ਰਿਤ ਬਾਬਾ ਸੁਮੇਰ ਸਿੰਘ, (ਸੰਪਾਦਕ ਡਾ. ਅੱਛਰ ਸਿੰਘ ਕਾਹਲੋਂ) ਪਬਲੀਕੇਸ਼ਨ ਬਿਉਰੋ)

"ਮੇਰੇ ਪਿਆਰੇ ਖ਼ਾਲਸਾ! ਜਿਹੜਾ ਸਿਖ ਸਚੇ ਮਨੋਂ ਮੇਰੇ ਦਰਸ਼ਨ ਕਰਨੇ ਲੋਚਦਾ ਹੈ ਉਹ ਗਰੰਥ ਸਾਹਿਬ ਦੇ ਦਰਸ਼ਨ ਕਰੇ। ਹਮੇਸ਼ਾ ਗਰੰਥ ਸਾਹਿਬ ਦੀ ਸਿਖਿਆ ਉਪਰ ਚਲਣਾ। ……ਜਿਹੜਾ ਵੀ ਸ਼ਰਧਾਵਾਨ ਮੈਨੂੰ ਮਿਲਣ ਦੀ ਇੱਛਾ ਰਖਦਾ ਹੈ ਉਹ ਗਰੰਥ ਸਾਹਿਬ ਅੰਦਰ ਦਰਜ ਬਾਣੀ ਦਾ ਗਹਿਰਾ ਅਧਿਐਨ ਕਰੇ"।

(ਸਿਖ ਧਰਮ, ਗੁਰੁ ਸਾਹਿਬਾਨ, ਪਵਿੱਤਰ ਰਚਨਾਵਾਂ ਤੇ ਰਚਨਹਾਰ, ਕ੍ਰਿਤ ਮੈਕਸ ਆਰਥਰ ਮੈਕਾਲਿਫ਼, ਅਨੁਵਾਦਕ ਡਾ. ਧਰਮ ਸਿੰਘ, ਪਬਲੀਕੇਸ਼ਨ ਬਿਊਰੋ)

"ਦਸਾਂ ਗੁਰੂਆਂ ਦਾ ਮਿਸ਼ਨ ਪੂਰਾ ਹੋ ਚੁੱਕਾ ਹੈ। ਹੁਣ ਖ਼ਾਲਸੇ ਨੂੰ ਮੈਂ ਅਕਾਲ ਪੁਰਖ ਦੇ ਹਵਾਲੇ ਕਰਦਾ ਹਾਂ ਜੋ ਸਦਾ ਹੀ ਸਥਿਰ ਤੇ ਅਕਾਲ ਹੈ। ਜਿਹੜਾ ਸਿਖ ਗੁਰੁ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਵੇ ਉਸ ਵਿੱਚ ਉਸ ਨੂੰ ਗੁਰੂ ਦੇ ਦਰਸ਼ਨ ਹੋਣਗੇ"।

(ਸਿਖ ਇਤਿਹਾਸ ਕ੍ਰਿਤ ਜੌਜਫ ਡੇਵਿਡ ਕਨਿੰਘਮ, ਲਾਹੌਰ ਬੁਕ ਸ਼ਾਪ ਲੁਧਿਆਣਾ, (੧੮੪੮), )

"ਉਨ੍ਹਾਂ ਨੇ ਪੁਜਾਰੀਆਂ ਦੇ ਉਤਰਾਧਿਕਾਰ ਦਾ ਖ਼ਾਤਮਾ ਕਰ ਦਿਤਾ ਅਤੇ ਸਿਖਾਂ ਨੂੰ ਭਵਿੱਖ ਵਿੱਚ ਗੁਰੁ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਲਈ ਕਿਹਾ"।

(ਸਿੱਖ ਮਤ ਦਾ ਪਰਿਵਰਤਨ, ਪੰਨਾ ੧੦੫, ਕ੍ਰਿਤ ਗੋਕਲ ਚੰਦ ਨਾਰੰਗ, ੧੯੧੨, ਪਬਲੀਕੇਸ਼ਨ ਬਿਊਰੋ)

ਸਿਖ ਧਰਮ ਦੀ ਬੁਨਿਆਦ ਸ਼ਬਦ ਤੇ ਖੜੀ ਹੈ ਅਤੇ ਸ਼ਬਦ ਹੀ ਇਸ ਦੀ ਜੀਵਨ ਰਹਿਣੀ ਦਾ ਮਾਰਗ ਹੈ। ਸ਼ਬਦ ਗਿਆਨ ਨੂੰ ਹੀ ਸਿਖ ਨੇ ਆਪਣਾ ਮਾਰਗ ਦਰਸ਼ਕ ਮਿਥਣਾ ਹੈ ਤੇ ਉਸ ਮੁਤਾਬਿਕ ਹੀ ਆਪਣਾ ਜੀਵਨ ਢਾਲਣਾ ਹੈ। ਗੁਰਬਾਣੀ ਮਾਨਵਤਾ ਦੀ ਹਰ ਪੱਖ ਤੋਂ ਅਗਵਾਈ ਕਰਨ ਦੇ ਸਮਰੱਥ ਹੈ। ਸਿਖ ਇਸਨੂੰ ਕਿਸੇ ਦੂਜੇ ਗ੍ਰੰਥਾਂ ਦੀ ਤੁਲਨਾ ਵਿੱਚ ਨਹੀਂ ਰੱਖਦਾ ਸਗੋਂ ਸਿਖ ਦਾ ਭਰੋਸਾ ਇਸ ਉਪਰ ਨਿਰੰਕਾਰ ਦੇ ਭਰੋਸੇ ਵਰਗਾ ਹੈ।

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥ ਮ: ੩ ਪੰਨਾ ੫੧੫

ਮਾਨਵੀ ਇਤਿਹਾਸ ਵਿੱਚ ਗਿਆਨ ਹੀ ਬਦਲਾਵ ਅਤੇ ਤਬਦੀਲੀ ਦੀ ਨੀਂਹ ਬਣਿਆ ਆ ਰਿਹਾ ਹੈ। ਸਤਿਗੁਰੂ ਸਾਹਿਬਾਨ ਨੇ ਸਰੀਰਾਂ ਦੀ ਗ਼ੁਲਾਮੀ ਦੇ ਕਹਿਰ ਤੋਂ ਬਚਾਅ ਕੇ ਮਾਨਵਤਾ ਨੂੰ ਮਹਾਨ ਤਬਦੀਲੀ ਵੱਲ ਤੋਰਿਆ ਹੈ ਅਤੇ ਉਸ ਤਬਦੀਲੀ ਦਾ ਮੁੱਢ ਹੈ ਰੱਬੀ ਗਿਆਨ।

ਮਨੁੱਖ ਦੇ ਜੀਵਨ ਦੇ ਕਈ ਪਹਿਲੂ ਹਨ ਧਰਮ, ਸਮਾਜ, ਆਰਥਕ, ਰਾਜਸੀ, ਵਿਵਾਹਰਕ ਆਦਿ। ਧਾਰਮਕ ਤੌਰ ਤੇ ਗੁਰਬਾਣੀ ਨੇ ਕਰਮਕਾਂਡਾਂ, ਵਹਿਮਾਂ ਭਰਮਾਂ ਅਤੇ ਮਨਘੜਤ ਰੀਤਾਂ ਰਸਮਾਂ ਦਾ ਭਰਵਾਂ ਖੰਡਨ ਕੀਤਾ ਹੈ। ਧਰਮ ਦੇ ਨਾਂ ਤੇ ਪਾਈਆਂ ਵੰਡੀਆਂ, ਫੋਕਟ ਕਰਮਾਂ, ਪੂਜਾ ਪ੍ਰਤਿਸ਼ਠਾ ਦੇ ਮਾਇਆ ਜਾਲ਼ ਨੂੰ ਤੋੜਦਿਆਂ ਧਰਮ ਨੂੰ ਮਨੁੱਖ ਦੀ ਸਚਿਆਰੀ ਜੀਵਨ ਜੁਗਤ ਨਾਲ਼ ਜੋੜਿਆ ਹੈ।

ਸਰਬ ਧਰਮ ਮਹਿ ਸ੍ਰੇਸਟ ਧਰਮੁ॥

ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ ਮ: ੫ ਪੰਨਾ ੨੬੬

ਅਨੇਕਤਾ ਦੀ ਪੂਜਾ, ਅਤੇ ਦਵੈਤਵਾਦ ਦੀ ਵੀਚਾਰਧਾਰਾ ਨੂੰ ਨਕਾਰਦਿਆਂ ਇੱਕ ਅਕਾਲਪੁਰਖ ਦਾ ਸਰੂਪ ਅਤੇ ਚਿੰਤਨ ਭਗਤੀ ਦਾ ਹਿੱਸਾ ਬਣਾਇਆ ਅਤੇ ਭਗਤੀ ਮਾਰਗ ਨੂੰ ਜੀਵਨ ਦੇ ਵਿਵਹਾਰ ਨਾਲ਼ ਜੋੜਿਆ। ਰੱਬ ਦੇ ਨਾਂ ਤੇ ਹੁੰਦੀਆਂ ਕ੍ਰਿਆਵਾਂ ਨੂੰ ਵੀਚਾਰ ਚਰਚਾ ਦਾ ਹਿੱਸਾ ਬਣਾਉਂਦਿਆਂ ਧਰਮ ਨੂੰ ਬਿਬੇਕ ਅਤੇ ਸੱਚ ਦੇ ਅਨੁਭਵ ਦਾ ਹਿੱਸਾ ਬਣਾਇਆ। ਜੀਵਨ ਦੇ ਹਰ ਪੱਖ ਵਿੱਚ ਧਰਮ ਦੀ ਸ਼ਮੂਲੀਅਤ ਦੱਸੀ ਅਤੇ ਇਸ ਨੂੰ ਜੀਵਨ ਦੇ ਸੁੱਖ ਦਾ ਸਾਧਨ ਦੱਸਿਆ। ਸਮਾਜ ਦੀ ਰੂਪ ਰੇਖਾ ਕੀ ਹੈ? ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ? ਦੀਆਂ ਸੇਧਾਂ ਪ੍ਰਦਾਨ ਕਰਦਿਆਂ ਸਮਾਜ ਵਿੱਚ ਫੈਲੀਆਂ ਗ਼ਲਤ ਅਤੇ ਹਾਨੀਕਾਰਕ ਰਸਮਾਂ, ਰੀਤਾਂ, ਰਿਵਾਜ਼ਾਂ, ਬੁਰਾਈਆਂ, ਜੋ ਸਮਾਜ ਨੂੰ ਅਸੱਭਿਅਕ ਬਣਾਉਂਦੀਆਂ ਹਨ, ਦਾ ਡਟਵਾਂ ਵਿਰੋਧ ਗੁਰਬਾਣੀ ਵਿਚੋਂ ਮਿਲ਼ ਜਾਂਦਾ ਹੈ। ਮਨੁੱਖ ਦੀਆਂ ਜ਼ਰੂਰਤਾਂ ਨੂੰ ਇਸ ਦੇ ਜੀਵਨ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਨਾਂ ਹੀ ਲੋਭ ਹਵਸ ਨਾਲ਼ ਜੀਵਨ ਦਾ ਸੁੱਖ ਲੱਭਦਾ ਹੈ। ਗੁਰਬਾਣੀ ਵਿੱਚ ਜੀਵਨ ਦੇ ਇਸ ਸੰਤੁਲਨ ਨੂੰ ਬਿਆਨ ਕੀਤਾ ਗਿਆ ਹੈ। ਜੀਵਨ ਦੀਆਂ ਜ਼ਰੂਰਤਾਂ ਨੂੰ ਤਿਆਗਣ ਦਾ ਜੋ ਢੋਂਗ ਧਰਮ ਦੇ ਨਾਂ ਤੇ ਕੀਤਾ ਜਾ ਰਿਹਾ ਸੀ ਉਸਨੂੰ ਗ਼ੈਰਵਾਜਿਬ ਦੱਸਦਿਆਂ ਬਾਣੀ ਵਿੱਚ ਫੁਰਮਾਇਆ ਗਿਆ ਹੈ।

ਘਾਲਿ ਖਾਇ ਕਿਛੁ ਹਥਹੁ ਦੇਇ॥

ਨਾਨਕ ਰਾਹੁ ਪਛਾਣਹਿ ਸੇਇ॥ ਮ: ੧ ਪੰਨਾ ੧੨੪੫

ਰਾਜਸੀ ਤਾਕਤ ਨੂੰ ਨਿਜੀ ਹਿਤਾਂ ਖ਼ਾਤਰ ਵਰਤਦਿਆਂ ਬਾਕੀ ਪਰਜਾ ਨੂੰ ਜ਼ੁਲਮ ਦਾ ਸ਼ਿਕਾਰ ਬਣਾਉਣਾ, ਤਾਕਤ ਦੇ ਨਸ਼ੇ ਵਿੱਚ ਪਾਪ ਦਾ ਪਸਾਰਾ, ਅਤੇ ਪੱਖਪਾਤੀ ਰਾਜਸੀ ਪਾਲਿਸੀ ਨੂੰ ਗੁਰਬਾਣੀ ਵਿੱਚ ਕੂੜ ਦੇ ਵਰਤਾਰੇ ਦੀ ਸੰਗਿਆ ਦਿੱਤੀ ਗਈ ਹੈ। ਰਾਜਸੀ ਤਾਕਤ ਨੂੰ ਨਿਆਂ ਕਰਤਾ ਅਤੇ ਪਰਜਾ ਸੁਖ ਦਾ ਸਾਧਨ ਬਿਆਨ ਕੀਤਾ ਗਿਆ ਹੈ।

ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥ ਮ: ੧ ਪੰਨਾ ੧੨੪੦

ਮਨੁੱਖੀ ਵਿਹਾਰ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਨ ਹਿਤ ਗੁਰਬਾਣੀ ਮਨੁੱਖ ਦੀ ਬਿਰਤੀ ਨੂੰ ਖ਼ਾਸ ਤੌਰ ਤੇ ਸੰਬੋਧਤ ਹੁੰਦੀ ਹੈ। ਮਨੁੱਖ ਦੇ ਕਰਮਾਂ ਨੂੰ ਉਸਦੇ ਚੰਗੇ ਮਾੜੇ ਹੋਣ ਦਾ ਪੈਮਾਨਾ ਮਿਥਿਆ ਗਿਆ ਹੈ:

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਮ: ੧ ਪੰਨਾ ੮

ਗੁਰਬਾਣੀ ਵਿੱਚ ਮਾਨਵੀ ਸੁਤੰਤਰਤਾ ਨੂੰ ਮੁੱਖ ਰੁਤਬਾ ਪ੍ਰਦਾਨ ਕੀਤਾ ਗਿਆ ਹੈ। ਸਰਬ ਮਾਨਵਤਾ ਨੂੰ ਬਰਾਬਰ ਰੁਤਬਾ ਪ੍ਰਦਾਨ ਕਰਦੀ ਬਾਣੀ ਨਸਲ, ਰੰਗ, ਜ਼ਾਤ-ਪਾਤ, ਭੇਦ-ਭਾਵ, ਅਤੇ ਦੇਸ਼-ਕਾਲ ਦੀਆਂ ਹੱਦਾਂ ਨੂੰ ਬੇਮਾਅਨਾ ਦੱਸਦੀ ਹੈ। ਸਮੁੱਚੀ ਮਾਨਵਤਾ ਨੂੰ ‘ਏਕ ਨੂਰ’ ਦੀ ਪੈਦਾਇਸ਼ ਦਸਦਿਆਂ ਗੁਰਬਾਣੀ ਸਿਧਾਂਤ ਕਾਫ਼ਰ-ਮੋਮਨ ਜਾਂ ਅਜਿਹੇ ਹੋਰ ਭੇਦਾਂ ਨੂੰ ਦਰਕਿਨਾਰ ਕਰਦੀ ਹੈ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ ਪੰਨਾ: ੧੩੪੯

ਗੁਰਬਾਣੀ ਹਰ ਪਹਿਲੂ ਵਿੱਚ ਮਨੁੱਖ ਨੂੰ ਜੀਵਨ ਜਾਚ ਦਾ ਖ਼ਜ਼ਾਨਾ ਬਖ਼ਸ਼ਦੀ ਹੈ। ਸਿਖ ਤਾਰੀਖ਼ ਵਿੱਚ ਜਿੰਨੇ ਵੀ ਇਨਕਲਾਬ ਸਿਰਜੇ ਗਏ ਸਭ ਇਸ ਦੀ ਹੀ ਬਦੌਲਤ ਸਨ। ਹਰ ਪੱਖ ਵਿੱਚ ਨਿਵੇਕਲਾਪਨ ਬਖ਼ਸ਼ ਕੇ ਗੁਰਬਾਣੀ ਨੇ ਮਨੁੱਖ ਦੀ ਜਿੰਦਗੀ ਨੂੰ ਤਾਜ਼ੇਪਨ ਦੇ ਅਹਿਸਾਸ ਨਾਲ਼ ਨੂਰੋ-ਨੂਰ ਕਰ ਦੇਣਾ ਹੈ।

ਪਰ ਇਸਦੇ ਨਾਲ਼ ਹੀ ਗੁਰੂ ਸਾਹਿਬਾਨ ਵਲੋਂ ਖ਼ਾਲਸਾ ਸਾਜਨਾ ਕਰਕੇ ਅਤੇ ਉਸਨੂੰ ਖ਼ਾਸ ਅਧਿਕਾਰਾਂ ਨਾਲ਼ ਪੂਰਤ ਕਰਕੇ ਗੁਰਬਾਣੀ ਜੋਤ ਨੂੰ ਆਪਣੀ ਜੁਗਤ ਰਾਹੀਂ ਸਥਾਪਤ ਕਰਨ ਦਾ ਮਹਾਨ ਮਿਸ਼ਨ ਵੀ ਸੌਂਪ ਦਿੱਤਾ ਸੀ। ਅਜਿਹਾ ਕਰਦਿਆਂ ਸਤਿਗੁਰੂ ਜੀ ਨੇ ਪੰਥ ਨੂੰ ਜੁਗਤ ਦਾ ਧਾਰਨੀ ਬਣਾ ਕੇ ਉਹ ਅਧਿਕਾਰ ਦਿੱਤੇ ਜਿਨ੍ਹਾਂ ਤੋਂ ਮਾਨਵਤਾ ਆਦਿ ਕਾਲ ਤੋਂ ਪੂਰੀ ਤਰ੍ਹਾਂ ਮਹਿਰੂਮ ਰਹੀ ਸੀ। ਖ਼ਾਲਸਾ ਪੰਥ ਨੂੰ ਨੁਮਾਇੰਦਗੀ ਲੋਕਤੰਤਰਕ ਦੀ ਸਿਖਰ ਹੈ।

ਏਕ ਦਿਵਸ ਕਾਰਨ ਕੇ ਆਗੇ। ਮਿਲਿ ਕੇ ਸਿੰਘ ਪੂਛਨੇ ਲਾਗੇ।

ਕਵਨ ਰੂਪ ਆਪਨ ਪ੍ਰਭ ਕੀਨੋ। ਤਿਨ ਕੈ ਜੁਆਬ ਭਾਂਤ ਇਹ ਦੀਨੋ। ੪੦। ੮੦੫।

ਤਾਹ ਸਮੈ ਗੁਰ ਬੈਨ ਸੁਨਾਯੋ। ਖ਼ਾਲਸ ਆਪਨੋ ਰੂਪ ਬਤਾਯੋ।

ਖਾਲਸ ਹੀ ਸੋ ਹੈ ਮਮ ਕਾਮਾ। ਬਖ਼ਸ਼ ਕੀਉ ਖਾਲਸ ਕੋ ਜਾਮਾ। ੪੧। ੮੦੬।

(ਗੁਰ ਸੋਭਾ, ਕ੍ਰਿਤ ਕਵੀ ਸੈਨਾਪਤੀ, ਧਿਆਇ ੧੮, ਪੰਨਾ ੧੨੮, ਸੰਪਾਦਕ ਗੰਡਾ ਸਿੰਘ, ਛਾਪ ੧੯੮੦, ਪੰਜਾਬੀ ਯੂਨੀਵਰਸਿਟੀ ਪਟਿਆਲ਼ਾ)

ਗੁਰੁ ਹੈ ‘ਖਾਲਸਾ’ ਅਤੇ ਖਾਲਸਾ ਹੈ ਗੁਰੂ। ……. .

ਆਪਸ ਵਿੱਚ ਕਰਨਾ ਪਿਆਰ, ਪੰਥ ਦੇ ਵਾਧੇ ਨੂੰ ਲੋਚਣਾ।

ਆਗਿਆ ਗ੍ਰੰਥ ਸਾਹਿਬ ਦੀ ਕਰਨੀ, ਸ਼ਬਦ ਦੀ ਖੋਜਣਾ। ੬੮੦।

(ਬੰਸਾਵਲੀਨਾਮਾ, ਕੇਸਰ ਸਿੰਘ ਛਿੱਬਰ, ਚਰਣ ਦਸਵਾਂ, ਪੰਨਾ ੧੯੦, ਸੰਪਾਦਕ ਪਿਆਰਾ ਸਿੰਘ ਪਦਮ, ਛਾਪ ਫਰਵਰੀ ੧੯੯੭, ਸਿੰਘ ਬ੍ਰਦਰਜ਼ ਅੰਮ੍ਰਿਤਸਰ)

ਇਉਂ ਪੰਥ ਨੂੰ ਸੰਪੂਰਨ ਅਧਿਕਾਰਾਂ ਦੀ ਸੌਂਪਣਾ ਕਰਕੇ ਆਪਣਾ ਆਪਾ ਇਸ ਵਿੱਚ ਅਭੇਦ ਕਰ ਦਿੱਤਾ। ਜਿਸਨੂੰ ਅਰੰਭ ਤੋਂ ਹੀ ਮਾਨਵਤਾ ਦੇ ਮਹਬੂਬ ਰਹਬਰ ਨੇ ਵਿਉਂਤਿਆ ਸੀ।

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਮ: ੪ ਪੰਨਾ ੪੪੪

ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ॥ ਪੰਨਾ ੩੧੭

ਅੱਜ ਜਦੋਂ ਕਿ ਸਮੁੱਚੀ ਕੌਮ ਗੁਰੂ ਗ੍ਰੰਥ ਸਾਹਿਬ ਜੀ ਦਾ ੩੦੦ ਸਾਲਾ ਗੁਰਤਾ ਗੱਦੀ ਸ਼ਤਾਬਦੀ ਦਿਵਸ ਮਨਾ ਰਹੀ ਹੈ ਤਾਂ ਵੀਚਾਰਨ ਦੀ ਸਖ਼ਤ ਲੋੜ ਹੈ ਕਿ ਕੀ ਖ਼ਾਲਸਾ ਪੰਥ ਨੂੰ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਆ ਅਧਿਕਾਰ ਚੇਤੇ ਹੈ ਕਿ ਨਹੀਂ? ਕੀ ਪੰਥ ਆਪਣੀ ਜੁਗਤ ਰਾਹੀਂ ਜੋਤ ਰੂਪ ਗ੍ਰੰਥ ਸਾਹਿਬ ਜੀ ਦੀ ਸਿਧਾਂਤਕ ਸਥਾਪਤੀ ਕਰ ਸਕਿਆ ਹੈ? ਕੀ ਸਮੁੱਚਾ ਪੰਥ ਇਨ੍ਹਾਂ ੩੦੦ ਸਾਲਾਂ ਦਾ ਲੇਖਾ ਜੋਖਾ ਕਰੇਗਾ ਕਿ ਉਸਨੇ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਕਿਵੇਂ ਅਤੇ ਕਦੋਂ ਨਿਭਾਈਆਂ ਹਨ। ਯਾਦ ਰਹੇ ਗੁਰੂ ਗ੍ਰੰਥ ਸਾਹਿਬ ਜੀ ਦਾ ੩੦੦ ਸਾਲਾ ਗੁਰਤਾ ਦਿਵਸ ਸਿਖ ਪੰਥ ਦੇ ਅਧਿਕਾਰ ਅਤੇ ਜ਼ਿੰਮੇਵਾਰੀ ਦਾ ਵੀ ਜਾਮਨ ਹੈ। ਗੁਰਬਾਣੀ ਸਿਧਾਂਤ ਦੀ ਧਰਮ, ਸਮਾਜ, ਆਰਥਕ, ਰਾਜਸੀ, ਵਿਵਾਹਰਕ ਹਰ ਪੱਖ ਵਿੱਚ ਸਥਾਪਤੀ ਅਤੇ ਬੋਲਬਾਲਾ ਹੀ ਪੰਥ ਦਾ ਮਿਸ਼ਨ ਹੈ। ਇਹੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਮਿਸ਼ਨ ਜਿਸਦੀ ਸਥਾਪਤੀ ਹਿਤ ਉਨ੍ਹਾਂ ਦੇ ਮਹਾਨ ਉੱਤਰਾਧਿਕਾਰੀਆਂ ਨੇ ਵੱਡੀਆਂ ਘਾਲਨਾਵਾਂ ਘਾਲੀਆਂ ਅਤੇ ਇਸਦੀ ਸਥਾਪਤੀ ਵਿੱਚ ਵਡੇਰਾ ਯੋਗਦਾਨ ਪਾਇਆ। ਹੁਣ ਖ਼ਾਲਸਾ ਪੰਥ ਵੀ ਆਪਣੀ ਜ਼ਿੰਮੇਵਾਰੀ ਨਿਭਾਵੇ ਅਤੇ ਗੁਰੂ ਦੇ ਭਰੋਸੇ ਆਪਣੇ ਉਪਰ ਕੀਤੇ ਭਰੋਸੇ ਨੂੰ ਕਾਇਮ ਕਰਦਿਆਂ ਉਨ੍ਹਾਂ ਦੀ ਘਾਲਣਾ ਅਤੇ ਪਰਉਪਕਾਰ ਨੂੰ ਸਹੀ ਸੰਦਰਭ ਵਿੱਚ ਅਦਬ ਦੇਵੇ।




.