.

ਗੁਰੂ ਮਾਨਿਓ ਗ੍ਰੰਥ
(ਰੁਹਾਨੀ, ਸ਼ਾਇਰਾਨਾ ਅਤੇ ਵਿਸਮਾਦੀ ਯਾਦ)

ਸੰਨ ਈਸਵੀ 2008 ਨੂੰ ਗੁਰੂਖ਼ਾਲਸਾ ਪੰਥ ਜੀ ਦੀ ਮਾਰਫ਼ਤ, ਸਮੁਚਾ ਵਿਸ਼ਵ, ਜਾਗਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸੌ ਸਾਲਾ ਮੁਬਾਰਕ ਗੁਰਿਆਈ ਦਿਵਸ ਦੀ ਰੁਹਾਨੀ, ਸ਼ਾਇਰਾਨਾ ਅਤੇ ਵਿਸਮਾਦੀ ਯਾਦ ਦੇ ਅਨੰਦ ਦੇ ਆਲਮ ਵਿੱਚ ਹੈ ਤਾਂ ਇਸ ਸੁਲੱਖਣੀ ਘੜੀ ਨੂੰ, ਹੋਰ ਸਵੱਲੜੀ ਕਰਨ ਹਿਤ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਗੁਰਿਆਈ ਦੇ ਪਾਵਨ ਰਹੱਸ ਅਤੇ ਸੂਖਮ ਸੈਨਤਾਂ ਨੂੰ ਮਨ ਅੰਦਰ ਵਸਾਉਣਾ ਵੀ ਜ਼ਰੂਰੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪਣ ਵਾਲ਼ੇ ਸ੍ਰੀ ਹਜ਼ੂਰ ਦਸਮ ਪਾਤਸ਼ਾਹ ਜੀ ਨੇ ਆਪਣੀ ਬਾਣੀ ‘ਤਵ ਪਰਸਾਦਿ।। ਪਾਧੜੀ ਛੰਦ` ਵਿੱਚ ਫ਼ੁਰਮਾਨ ਕੀਤਾ ਹੈ- “ਸਾਤੋ ਅਕਾਸ਼ ਸਾਤੋ ਪਤਾਰ।। ਬਿਖਰਿਓ ਅਦ੍ਰਿਸ਼ਟ ਜਿਹ ਕਰਮ ਜਾਰਿ”।।
ਸੱਤਾਂ ਅਕਾਸ਼ਾਂ ਅਤੇ ਸੱਤਾਂ ਪਤਾਲ਼ਾਂ ਵਿੱਚ ਪਰਮ ਪਿਤਾ ਪਰਮਾਤਮਾਂ ਨੇ ਆਪਣਾ ਅਦਿਖ ਕਰਮ ਜਾਲ਼ ਵਿਛਾਇਆ ਹੋਇਆ ਹੈ। ਰੱਬ ਸਚੇ ਦੀ ਰਜ਼ਾ ਦੇ ਭੇਦ ਜਾਣਨ ਵਾਲ਼ੇ ਲਈ ਇਹ ਕਰਮ ਜਾਲ਼ ਵੀ ਸ਼ਾਇਰਾਨਾ ਅਤੇ ਵਿਸਮਾਦੀ ਜਲਵਿਆਂ ਨਾਲ਼ ਭਰਪੂਰ ਹੈ। ਜਿਵੇਂ ਕਬੀਰ ਸਾਹਿਬ ਲਈ “ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ” ਹੈ। ਪਰ ਰੱਬੀ ਰਜ਼ਾ ਦੀ ਰਮਜ਼ ਤੋਂ ਅਭਿਝ ਅਤੇ ਕੋਰੀ ਲੋਕਾਈ, ਸੱਤ ਚਿਤ ਅਨੰਦ ਦੀ ਬਜਾਏ, ਮਾਇਆ ਜਾਲ਼ ਵਿੱਚ ਫਾਥੀ ਹੋਈ ਦੁਖਾਂ ਦੇ ਪਹਾੜਾਂ ਹੇਠ ਦੱਬੀ ਹੋਈ ਮਹਿਸੂਸ ਕਰ ਰਹੀ ਹੈ। ਇਸ ਹਾਲਤ ਵਿੱਚ ਮਨੁਖ ਨੂੰ ਕੁੱਝ ਵੀ ਚੰਗਾ ਨਹੀਂ ਲਗਦਾ; ਕਿਰਤ ਵਗਾਰ ਜਾਪਦੀ ਹੈ; ਪੂੰਜੀ ਕੋਈ ਸਦੀਵੀ ਕਿਸਮ ਦਾ ਧਰਵਾਸ ਦੇਣ ਤੋਂ ਅਸਮਰੱਥ ਹੈ। ਨਿਜਤਵ ਨਾਲ਼ ਭਰਪੂਰ, ਗ਼ੈਰ ਸਮਾਜੀ ਅਤੇ ਅਲਹਿਦਗੀ ਪਸੰਦ ਜੀਵਨ ਤਰਜ਼ ਵਿੱਚ ਰੂਹ ਦਾ ਚੈਨ ਕਿਤੇ ਉਡ ਪੁਡ ਗਿਆ ਹੈ। ਸੰਗਤ ਦਾ ਸਾਧੂ ਅਨੁਭਵ ਤਾਂ ਦੂਰ ਰਿਹਾ, ਅੱਜ ਦੇ ਮਨੁਖ ਨੂੰ ਸੁਰਗ ਦੇ ਝੂਟੇ ਜਿਹਾ ਘਰ ਅਤੇ ਹੁਲਾਸ ਹੁਲਾਰੇ ਬਖ਼ਸ਼ਣ ਵਾਲ਼ਾ ਪਰਿਵਾਰ ਵੀ ਨਰਕ ਦੀ ਖੱਡ ਜਾਪਦਾ ਹੈ। ਪੰਜਾਬੀ ਦੇ ਪਲੇਠੇ ਵਿਅੰਗ ਸ਼ਾਇਰ ਨੇ ਠੀਕ ਲਿਖਿਆ ਸੀ: “ਧੀ ਧਾੜ, ਪੁੱਤਰ ਫ਼ਾਹ, ਰੰਨ ਦੁੱਖਾਂ ਦਾ ਖੂਹ, ਇਸ ਭਵਜਲ ਵਿਚੋਂ ਸੁਥਰਿਆ ਕੋਈ ਹਰਿਜਨ ਕੱਢੇ ਧੂਹ”।
ਅਜੋਕਾ ਮਨੁਖ ਕਿਸੇ ਐਸੇ ਹੀ ਹਰਿਜਨ ਦੀ ਤਲਾਸ਼ ਵਿੱਚ ਹੈ। ਲੇਕਿਨ ਉਸਦੀ ਇਹ ਤਲਾਸ਼ ਇੱਕ ਅਜੀਬ ਕਿਸਮ ਦੀ ਭਟਕਣ ਦਾ ਸਬੱਬ ਬਣੀ ਹੋਈ ਹੈ। ਕਿਉਂਕਿ ਉਹ ਤਲਾਸ਼ ਲਈ ਦੁਨਿਆਵੀ ਮਾਪਦੰਡਾਂ, ਜਿਸਮਾਨੀ ਲਿਸ਼ਕ ਪੁਸ਼ਕ ਅਤੇ ਸੰਸਾਰੀ ਚਕਾ ਚੌਂਧ ਨੂੰ ਅਧਾਰ ਬਣਾ ਕੇ ਹਰੇ, ਚਿਟੇ, ਪੀਲ਼ੇ, ਗੇਰੂਏ ਚੋਲ਼ਿਆਂ, ਛੈਣਿਆਂ, ਚਿਮਟਿਆਂ, ਮੌਲ਼ੀ, ਰੁਦ੍ਰ੍ਰਾਖ ਦੇ ਮਣਕਿਆਂ, ਭਾਂਤ ਸੁਭਾਂਤੇ ਭਸਮ ਚੂਰਨਾ, ਪੀ ਟੀ ਨੁਮਾ ਯੋਗ ਆਸਣਾ ਦੇ ਅਤੇ ਬੀਬੀਆਂ ਮੋਮੋ ਠਗਣੀਆਂ ਸ਼ਕਲਾਂ ਦੀ ਗ੍ਰਿਫ਼ਤ ਵਿੱਚ ਫ਼ਸਦਾ ਅਤੇ ਪਿਸਦਾ ਜਾ ਰਿਹਾ ਹੈ। “ਵਿਚਿ ਹਉਮੈ ਕਰਿ ਦੁਖੁ ਰੋਈ”। ਅਨੰਤ ਉਪਲਭਦੀਆਂ ਅਤੇ ਅਥਾਹ ਤਰੱਕੀਆਂ ਦੇ ਬਾਵਜੂਦ ਅਧੁਨਿਕ ਮਨੁਖ ਪ੍ਰੇਸ਼ਾਨੀ ਅਤੇ ਸੋਚਾਂ ਵਿੱਚ ਘਿਰਿਆ ਹੋਇਆ ਮਹਿਸੂਸ ਕਰ ਰਿਹਾ ਹੈ। “ਕਿਨਿ ਬਿਧਿ ਗਤਿ ਹੋਈ”। ਕੁੱਝ ਸੁਝ ਨਹੀਂ ਰਿਹਾ।
ਤੀਖਣ ਅੰਤ੍ਰੀਵ ਸੂਹਝ ਦਾ ਮਾਲਕ, ਮਰਮੱਗ ਆਤਮਾ, ਯਕੀਨੁਲਐਨ ਜਾਂ ਇਲਮੁਲਯਕੀਨ ਦੀ ਥਾਂ ਹੱਕੁਲਯਕੀਨ ਅਤੇ ਜ਼ੋਰਾਵਰ ਰੁਹਾਨੀ ਅਨੁਭਵ ਨਾਲ਼ ਓਤ ਪੋਤ, ਅਰਦਾਸ ਦੀਆਂ ਬਰਕਤਾਂ ਅਤੇ ਬਖ਼ਸ਼ਿਸ਼ਾਂ ਦਾ ਵਾਕਿਫ਼, ਖਰੇ ਖੋਟੇ ਦੀ ਸ਼ਨਾਖ਼ਤ ਕਰਨ ਦੇ ਸਮਰੱਥ “ਬੁਧ ਸੋ ਦੀਪਕ ਜਿਉਂ ਉਜਿਆਰੋ” ਕੋਈ ਮੱਖਣ ਸ਼ਾਹ ਲੁਬਾਣਾ ਹੀ ਕੋਠੇ ਚੜ੍ਹ ਕੇ ਲਾਧੋ ਰੇ ਗੁਰੂ ਲਾਧੋ ਰੇ ਦਾ ਹੋਕਾ ਦੇਵੇ ਤਾਂ ਹੀ ਗੁਰੂ ਦੇ ਦਰਸ਼ਣ ਦੀਦਾਰੇ ਨਸੀਬ ਹੁੰਦੇ ਹਨ।
ਪਰ ਹੁਣ ਤਾਂ ਬਾਈ ਮੰਜੀਆਂ ਤੋਂ ਵੀ ਗੱਲ ਬਹੁਤ ਅਗਾਂਹ ਲੰਘ ਚੁਕੀ ਹੈ। ਕਮਜ਼ੋਰ ਹਿਰਦਾ, ਟਿਮ ਟਮਾਉਂਦੀ ਅਤੇ ਲੜਖੜਾਉਂਦੀ ਬੁਧੀ, ਧੁਆਂਖੀ ਆਤਮਾ ਅਤੇ ਡੋਲਦੇ ਯਕੀਨ ਵਾਲ਼ੇ ਬੇਗ਼ੈਰਤ ਸਿਰ ਥਾਂ ਕੁਥਾਂ ਝੁਕ ਝੁਕ ਕੇ ਅੱਕ ਅਤੇ ਥੱਕ ਚੁਕੇ ਹਨ। “ਹਉ ਭਾਲਿ ਵਿਕੁੰਨੀ ਹੋਈ। ਆਧੇਰੈ ਰਾਹੁ ਨ ਕੋਈ”।
ਸਿਰਾਂ ਨੂੰ ਗ਼ੈਰਤ, ਮਸਤਕ ਨੂੰ ਰੌਸ਼ਨੀ, ਦਿਲਾਂ ਨੂੰ ਧੜਕਣ ਤੇ ਰੂਹਾਂ ਨੂੰ ਚੈਨ ਓਸ ਪਰਵਰਦਗ਼ਾਰ ਦੀ ਸ਼ਰਣ ਤੋਂ ਬਗ਼ੈਰ ਕਿਤੇ ਨਹੀਂ ਲਭ ਸਕਦੀ। ਸ਼ਬਦ ਰੂਪ, ਨਿਰਾਕਾਰ ਪਰਮ ਪਿਤਾ ਪਰਮਾਤਮਾ, ਪਾਰਬ੍ਰਹਮ ਪਰਮੇਸਰ ਨੇ ਜਗਤ ਦੇ ਕਲਿਆਣ ਲਈ ਅਵਤਾਰ ਧਾਰਿਆ ਤੇ ਉਹ ਗੁਰ ਪਰਮੇਸਰ ਹੋ ਗਿਆ। ਜ਼ਮਾਨੇ ਨੇ ਦੇਸ ਕਾਲ਼ ਦੀਆਂ ਸੀਮਾਵਾਂ ਅੰਦਰ ਸਜੇ ਸੁੰਦਰ ਮੰਚ `ਤੇ ਦੇਸ਼ ਕਾਲ ਦੀਆਂ ਸੀਮਾਵਾਂ ਤੋਂ ਮੁਕਤ ਇੱਕ ਅਕਥ ਕਥਾ ਗੁਰ ਇਤਿਹਾਸ ਦੇ ਦੀਦਾਰ ਕੀਤੇ। ਗੁਰ ਪਰਮੇਸਰ ਸ਼ਬਦ ਹੋ ਗਿਆ। ਅਕਾਲ ਤੋਂ ਗੁਰੂ ਤੇ ਗੁਰੂ ਤੋਂ ਸ਼ਬਦ ਹੋਇਆ। ਫਿਰ ਹੁਕਮ ਹੋਇਆ – “ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ”।
ਜਨਮ ਤੇ ਮਰਨ ਜੀਵਨ ਦੇ ਦੋ ਪੱਖ ਹਨ। ਦਰਅਸਲ ਜਗਤ ਦਾ ਅਨੁਭਵ ਦੋ ਪੱਖਾਂ ਵਿੱਚ ਹੀ ਹੁੰਦਾ ਹੈ। ਸੁਖ, ਦੁਖ; ਖ਼ੁਸ਼ੀ, ਗ਼ਮੀ; ਹਾਸਾ, ਰੋਣਾ; ਜਨਮ, ਮੌਤ। ਇਨ੍ਹਾਂ ਵਿਚੋਂ ਸੁਖ, ਖ਼ੁਸ਼ੀ, ਹਾਸਾ ਅਤੇ ਜਨਮ ਦੁਨੀਆਂ ਨਾਲ਼ ਸਬੰਧ ਜੋੜਦੇ ਹਨ। ਦੁਨੀਆਂ ਦੀ ਫ਼ਿਤਰਤ ਦੀਨ ਤੋਂ ਦੂਰ ਰੱਖਣ ਦੀ ਹੈ-” ਦੀਨੁ ਛਡਾਇ ਦੁਨੀ ਜੋ ਲਾਏ”। ਇਸੇ ਕਰਕੇ ਦੀਨ ‘ਤੋਂ ਦੂਰ ਹੋਇਆ ਮਨੁਖ ਦੁਨੀਆਂ ਵੀ ਗੁਆ ਬਹਿੰਦਾ ਹੈ–” ਦੁਹੀ ਸਰਾਈ ਖੁਨਾਮੀ ਕਹਾਏ”। ਪਰ ਜੀਵਨ ਦਾ ਦੂਜਾ ਪੱਖ ਦੀਨ ਦੀ ਯਾਦ ਦੁਆਂਦਾ ਹੈ। ਦੀਨ ਨੂੰ ਯਾਦ ਰੱਖਣ ਵਾਲ਼ੇ ਮਨੁਖ ਦੀ ਦੁਨੀਆਂ ਵੀ ਸੰਵਰ ਜਾਂਦੀ ਹੈ-” ਦੀਨ ਕੈ ਤੋਸੈ ਦੁਨੀ ਨ ਜਾਏ”। ਤੋਸਾ ਫ਼ਾਰਸੀ ਭਾਸ਼ਾ ਵਿੱਚ ਸਫ਼ਰ ਖ਼ਰਚ ਨੂੰ ਆਖਦੇ ਹਨ। ਜੀਣ ਮਰਨ ਦੇ ਅਨੰਤ ਸਫ਼ਰ ਵਿੱਚ ਦੀਨ ਦਾ ਤੋਸਾ ਹੀ ਕੰਮ ਆਉਂਦਾ ਹੈ। ਜੀਵਨ ਦੇ ਦੋਹਾਂ ਪੱਖਾ ਵਿੱਚ ਹੀ ਸਹਾਈ ਹੋਣ ਵਾਲ਼ਾ ਤੋਸਾ ਦਰਅਸਲ ਹਰੀ ਦਾ ਨਾਮ ਹੈ; ਨਾਮ ਸ਼ਬਦ ਹੈ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ। ਚੋਜੀ ਪ੍ਰੀਤਮ ਦਸਮ ਪਾਤਸ਼ਾਹ ਜੀ ਨੇ 1708 ਈਸਵੀ ਨੂੰ ਜੋਤੀ ਜੋਤ ਸਮਾਉਣ ਜਾਂ ਨਿਰਾਕਾਰ `ਚ ਅਭੇਦ ਹੋਣ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪ ਕੇ ਖ਼ਾਲਸੇ ਨੂੰ ਸ਼ਬਦ ਦੇ ਲੜ ਲਾਇਆ।
ਖ਼ਾਲਸਾ ਅਸਲ ਵਿੱਚ ਕੁਲ ਦੁਨੀਆਂ ਦੇ ਨੇਤ੍ਰਤਵ ਦਾ ਅਧਿਕਾਰੀ ਹੈ। ਇਸੇ ਕਰਕੇ ਸਰਬਤ ਦਾ ਭਲਾ ਖ਼ਾਲਸੇ ਦਾ ਉਪਲਕਸ਼ ਹੈ। ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ ਖ਼ਾਲਸਾ, ਗੁਰੂ ਦੇ ਪਦ ਤੋਂ ਸੱਖਣਾ ਹੋ ਕੇ, ਸਰਬਤ ਦੇ ਭਲੇ ਦੇ ਉਪਲਕਸ਼ ਨਾਲ਼ ਵੀ ਜੁੜਿਆ ਨਹੀਂ ਰਹਿ ਸਕਦਾ। ਇਸ ਹਾਲਤ ਵਿੱਚ ਖ਼ਾਲਸਾ ਕੁਲ ਦੁਨੀਆਂ ਦੇ ਨੇਤ੍ਰਤਵ ਦਾ ਅਧਿਕਾਰ ਵੀ ਗੁਆ ਬਹਿੰਦਾ ਹੈ। ਸਰਬਤ ਦੇ ਭਲੇ ਦੀ ਜ਼ਿੰਮੇਦਾਰੀ ਤੋਂ ਭੱਜਿਆ ਖ਼ਾਲਸਾ, ਸਰਬਤ ਮਾਈ ਭਾਈ ਦੀਆਂ ਨਜ਼ਰਾਂ ਵਿੱਚ ਗਿਰਿਆ ਖ਼ਾਲਸਾ ਖੁਆਰੀ ਦਾ ਭਾਗੀਦਾਰ ਹੈ। ਗੁਰੂ ਗ੍ਰੰਥ ਸਾਹਿਬ ਦੇ ਲੜ ਲਗਿਆਂ ਤਿਰਲੋਕੀ ਦਾ ਨਿਹਚਲ ਰਾਜ ਖ਼ਾਲਸੇ ਦੇ ਪਿਛੇ ਪਿਛੇ ਆਉਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਨੂੰ ਵਿਸਾਰ ਕੇ ਜਦੋਂ ਰਾਜ ਦੀ ਲਲ਼ਕ ਪਾਲਦਾ ਹੈ ਤਾਂ ਦੋਹਾਂ ਜਹਾਨਾ ਦੀ ਖੁਆਰੀ ਖ਼ਾਲਸੇ ਦੇ ਪੱਲੇ ਪੈਂਦੀ ਹੈ।
ਮੁੰਦਾਵਣੀ ਵਿੱਚ ਪੰਚਮ ਪਾਤਸਾਹ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਥਾਲ਼ ਆਖਿਆ ਹੈ, ਜਿਸ ਵਿੱਚ ਤਿੰਨ ਵਸਤਾਂ ਸਤ, ਸੰਤੋਖ ਅਤੇ ਵਿਚਾਰ ਸੁਸ਼ੋਭਿਤ ਹਨ। ਅੰਮ੍ਰਿਤ ਨਾਮ ਇਨ੍ਹਾਂ ਤਿੰਨਾਂ ਵਸਤਾਂ ਦਾ ਅਧਾਰ ਹੈ। ਇਹ ਭੋਜਨ ਮਨੁਖੀ ਰੂਹ ਲਈ ਪੇਸ਼ ਕੀਤਾ ਗਿਆ ਹੈ। ਇਸ ਭੋਜਨ ਬਗ਼ੈਰ ਬੰਦੇ ਦੀ ਰੁਹਾਨੀ ਮੌਤ ਯਕੀਨਨ ਹੈ। ਰੁਹਾਨੀ ਤੌਰ ਪਰ ਮਰ ਚੁਕਿਆਂ ਨੂੰ ਬਾਣੀ ਵਿੱਚ ਸਤਿਗੁਰੂ ਜੀ ਨੇ ਮਸਾਣਾ `ਚ ਵਸਦੇ ਭੂਤ, ਪ੍ਰੇਤ ਆਖਿਆ ਹੈ।
ਸਤਿਗੁਰੂ ਸਚੇ ਪਾਤਸ਼ਾਹ ਦੇ ਪ੍ਰਕਾਸ਼ ਤੋਂ ਬੇਮੁਖ ਹੋ ਕੇ ਮਨਮੁਖ ਹੋਇਆ ਬੰਦਾ ਆਪਣੀ ਮੈਂ ਦੇ ਹਨੇਰੇ ਪ੍ਰਛਾਵੇਂ ਨੂੰ ਪਕੜਨ ਦੀ ਕੋਸ਼ਿਸ ਵਿੱਚ ਆਪਣਾ ਜੀਵਨ ਵਿਅਰਥ ਗਵਾਉਂਦਾ ਹੈ। ਪਰ ਗੁਰੂ ਵੱਲ ਮੁਖ ਕਰਕੇ, ਗੁਰਮੁਖ ਹੋਏ ਬੰਦੇ ਦੇ ਮੁਖੜੇ `ਤੇ ਗੁਰੂ ਦੇ ਤੇਜ ਪ੍ਰਕਾਸ਼ ਦੇ ਵਿਸਮਾਦੀ ਝਲਕਾਰੇ ਅਤੇ ਬਿਜਲੀਆਂ ਦੇ ਹਾਰ ਦਿਲਕਸ਼ ਨਜ਼ਾਰੇ ਅਤੇ ਇੱਕ ਅਲੌਕਿਕ ਵਾਤਾਵਰਣ ਸਿਰਜਦੇ ਹਨ। ਨੁਰਾਨੀ ਗੁਰਮੁਖਾਂ ਦੀ ਉਜਲ ਮੁਖ ਸੰਗਤ ਹੀ ਉਹ ਸਚ ਖੰਡ ਹੈ ਜਿਥੇ ਨਿਰੰਕਾਰ ਵਸਦਾ ਹੈ।
ਪੱਛਮ ਵਿੱਚ ਯੌਰਪ ਦੇ ਇਤਿਹਾਸ ਵਿੱਚ ਇੱਕ ਅਜਿਹਾ ਸਮਾਂ ਆਇਆ ਜਦੋਂ ਇਸਾਈ ਪਾਦਰੀਆਂ ਦੀ ਵਿਵਹਾਰਕ ਗਿਰਾਵਟ, ਦੋਲਤ ਦੀ ਹਵਸ, ਤਾਕਤ ਦੀ ਲਲ਼ਕ ਅਤੇ ਬੇਸ਼ਰਮੀ ਦੇ ਨੰਗੇ ਨਾਚ ਨੂੰ ਦੇਖਦਿਆਂ ਸੂਹਝਵਾਨ ਅਤੇ ਸੰਵੇਦਨਸ਼ੀਲ ਮਨਾਂ ਅੰਦਰ ਇਸਾਈ ਮੱਤ ਪ੍ਰਤੀ ਤ੍ਰਿਸਕਾਰ ਦੀ ਭਾਵਨਾ ਪੈਦਾ ਹੋ ਗਈ। ਇਸੇ ਭਾਵਨਾ ਤਹਿਤ ਉਨ੍ਹਾਂ ਪ੍ਰਾਚੀਨ ਗ੍ਰੰਥਾਂ ਦੀ ਫੋਲਾ ਫਾਲੀ ਅਰੰਭ ਕੀਤੀ। ਗਰੀਸ ਅਤੇ ਰੋਮ ਦੇ ਪਰਾਚੀਨ ਗ੍ਰੰਥਾਂ ਦੀ ਫੋਲਾ ਫਾਲੀ ਦੇ ਇਸ ਦੌਰ ਨੂੰ ਮੁਰਦਿਆਂ ਦੀ ਜਾਗ ਕਿਹਾ ਜਾਂਦਾ ਹੈ। ਇਸ ਮੁਰਦਿਆਂ ਦੀ ਅਨੋਖੀ ਜਾਗ `ਚੋਂ ਮਾਨਵ ਵਾਦ ਦਾ ਜਨਮ ਹੋਇਆ। ਰੱਬ ਸੱਚੇ `ਤੇ ਰੱਖੀ ਟੇਕ ਮਨੁਖਆਸ਼੍ਰਿਤ ਹੋ ਗਈ। ਹੋਣੀ ਦੀ ਡੋਰੀ ਮਨੁਖ ਨੇ ਆਪਣੇ ਹੱਥ `ਚ ਲੈ ਲਈ।
ਓਪਰੀ ਨਿਗਾਹ ਤੋਂ ਮਨਮੋਹਣੇ ਜਾਪਦੇ ਇਸ ਮਾਨਵ ਵਾਦ ਦੇ ਨਾਂ ਹੇਠ ਤਰੱਕੀ ਦੇ ਦੌਰ ਦਾ ਅਰੰਭ ਹੋਇਆ। ਇਸ ਦੌਰ ਵਿਚੋਂ ਦੋ ਨਿਜ਼ਾਮ ਹੋਂਦ ਵਿੱਚ ਆਏ, ਜੋ ਸਮਾਜਵਾਦ ਅਤੇ ਪੂੰਜੀਵਾਦ ਦੇ ਨਾਵਾਂ ਨਾਲ਼ ਪ੍ਰਚਲਤ ਹੋਏ। ਦੋਵੇਂ ਨਿਜ਼ਾਮ ਰੱਬ ਤੋਂ ਮੁਨਕਰ ਹਨ। ਇਨ੍ਹਾਂ ਮੁਤਾਬਕ ਇਸ ਸ੍ਰਿਸ਼ਟੀ ਦਾ ਕੇਂਦਰ ਮਨੁਖ ਹੈ, ਰੱਬ ਨਹੀਂ। ਸ੍ਰਿਸ਼ਟੀ ਉਤੇ ਗਲ਼ਬਾ ਪਾ ਕੇ ਉਸ ਨੂੰ ਅਪਣੀ ਸੇਵਾ ਲਈ ਵਰਤਣਾ ਮਨੁਖ ਦਾ ਜਨਮਸਿਧ ਅਧਿਕਾਰ ਬਣ ਗਿਆ। ਸ੍ਰਿਸ਼ਟੀ ਮਨੁਖ ਦੀ ਦਾਸੀ ਬਣ ਗਈ ਤੇ ਮਨੁਖ ਮਾਲਕ ਹੋ ਗਿਆ। ਕਹਿਣ ਨੂੰ ਮਨੁਖ ਮਾਲਕ ਹੋ ਗਿਆ ਪਰ ਮਾਲਕੀ ਦੀ ਲੋਰ ਵਿੱਚ ਉਸਨੂੰ ਪਤਾ ਹੀ ਨਾ ਲਗਿਆ ਕਿ ਉਹ ਗ਼ੁਲਾਮ ਹੋ ਗਿਆ। ਰੂਸ ਦੇ ਮਹਾਨ ਸਾਹਿਤਕਾਰ ਟੌਲਸਟਾਇ ਨੇ ਬੱਚਿਆਂ ਲਈ ਲਿਖੀਆਂ ਕਹਾਣੀਆਂ ਵਿੱਚ ਦਸਿਆ ਹੈ ਕਿ, ਤੇਜ਼ ਰੇਤੀ ਨੂੰ ਚੱਟਦਾ ਨਿਉਲ਼ਾ ਆਪਣੀ ਜੀਭ `ਚੋ ਰਿਸਦੇ ਖ਼ੂਨ ਨੂੰ ਰੇਤੀ `ਚੋਂ ਵਗਦਾ ਸਮਝਕੇ ਸੁਆਦ ਲੈਂਦਾ ਹੈ। ਮੂਰਖ ਨਿਉਲ਼ਾ ਸ਼ਿਕਾਰੀ ਹੋਣ ਦੇ ਭਰਮ ਪਾਲ਼ਦਾ ਹੈ, ਪਰ ਖ਼ੁਦ ਸ਼ਿਕਾਰ ਬਣਦਾ ਹੈ।
ਪੱਛਮ ਦੀ ਲੱਭਤ, ਮਾਨਵ ਵਾਦੀ ਫ਼ਲਸਫ਼ੇ `ਚੋਂ ਪੈਦਾ ਹੋਈ ਮਨੁਖੀ ਅਜ਼ਾਦੀ ਅਤੇ ਪਦਾਰਥਕ ਤਰੱਕੀ ਨੂੰੰ, ਪੂਰਬ ਦੇ ਸਪੂਤ ਸ਼ਾਇਰ ਮੁਹੰਮਦ ਇਕਬਾਲ ਨੇ ਇਵੇਂ ਬਿਆਨ ਕੀਤਾ: “ਇਸ ਦੌਰਿ ਤਰੱਕੀ ਕੇ ਅੰਦਾਜ਼ ਨਿਰਾਲੇ ਹੈਂ, ਜ਼ਿਹਨੋਂ ਮੇਂ ਅੰਧੇਰੇ ਹੈਂ ਸੜਕੋਂ ਪੇ ਉਜਾਲੇ ਹੈਂ”। ਬਾਣੀ ਦੇ ਫ਼ੁਰਮਾਨ “ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ” ਵਾਲ਼ੀ ਗੱਲ ਹੋ ਗਈ। ਮੁਰਦਿਆਂ ਦੀ ਜਾਗ `ਚੋਂ ਉਪਜੇ ਦੋਹਾਂ ਨਿਜ਼ਾਮਾਂ ਨੇ ਮਨੁਖ ਦੀ ਮੌਤ ਦਾ ਪੂਰਾ ਬੰਦੋਬਸਤ ਕਰ ਦਿਤਾ ਹੈ। ਇੱਕ ਨਿਜ਼ਾਮ ਮਨੁਖ ਨੂੰ ਬੰਨ੍ਹ ਕੇ ਮਾਰਦਾ ਹੈ, ਦੂਜਾ ਦੁੜ੍ਹਾ ਕੇ। ਜਦੋਂ ਪੂਰਬੀ ਮੁਲਕਾਂ ਦੇ ਬਜ਼ੁਰਗ ਨਵੀਂ ਪੀੜ੍ਹੀ ਨੂੰ ਪੱਛਮੀ ਪ੍ਰਭਾਵਾਂ ਤੋਂ ਬਚਣ ਦੀ ਨਸੀਹਤ ਦਿੰਦੇ ਹਨ ਤਾਂ ਉਨ੍ਹਾਂ ਦੀ ਨਸੀਹਤ ਪਿਛੇ ਉਪਰੋਕਤ ਵਿਚਾਰ ਕਾਰਜਸ਼ੀਲ ਹੁੰਦਾ ਹੈ। ਅੰਗਰੇਜ਼ੀ ਵਿੱਚ ਪੱਛਮ ਨੂੰ ਵੈਸਟ ਕਹਿੰਦੇ ਹਨ ਜਿਸ ਦਾ ਬੁਨਿਆਦੀ ਅਰਥ ਸ਼ਾਮ ਹੈ। ਇਸ ਦੇ ਉਲ਼ਟ ਪੂਰਬ ਨੂੰ ਈਸਟ ਕਹਿੰਦੇ ਹਨ ਜਿਸ ਦਾ ਅਰਥ ਪਹੁ ਫੁਟਾਲ਼ਾ ਹੈ। ਅੰਗਰੇਜ਼ੀ ਮੁਤਾਬਕ ਵੈਸਟ ਦਾ ਅਰਥ ਹਨੇਰਾ ਅਤੇ ਈਸਟ ਦਾ ਅਰਥ ਸਵੇਰਾ ਹੈ। ਹਨੇਰਾ ਅਗਿਆਨ ਦਾ ਪ੍ਰਤੀਕ ਹੈ ਅਤੇ ਸਵੇਰਾ ਗਿਆਨ ਦਾ।
ਜੁਗਾਂ ਜੁਗੰਤਰਾਂ ਤੋਂ ਹਨੇਰੇ ਅਤੇ ਚਾਨਣ ਵਿੱਚ ਜੰਗ ਚਲੀ ਆ ਰਹੀ ਹੈ। ਬਾਵਰਾ ਹਨੇਰਾ ਚਾਨਣ ਨੂੰ ਆਪਣੀ ਗ੍ਰਿਫ਼ਤ ਵਿੱਚ ਲੈਣ ਲਈ ਉਤਾਵਲਾ ਹੈ। ਅਜੋਕੇ ਸਮੇਂ ਦੇ ਵਿਸ਼ਵ ਵਿਆਪੀ ਪੱਛਮੀ ਪ੍ਰਭਾਵਾਂ ਨੂੰ ਇਨ੍ਹਾਂ ਅਰਥਾਂ ਵਿੱਚ ਦੇਖਣ ਦੀ ਜ਼ਰੂਰਤ ਹੈ।
ਸ਼ਬਦ ਦਾ ਪ੍ਰਕਾਸ਼ ਪੂਰਬ `ਚ ਹੀ ਹੋਣਾ ਸੀ ਅਤੇ ਹੋਇਆ। ਪੂਰਬ ਵਿੱਚ ਉਗਮੇਂ ਸ਼ਬਦ ਦੀ ਸ਼ਰਣ ਵਿੱਚ ਮਨੁਖ ਪ੍ਰਕਿਰਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਨਹੀਂ ਬਣਾਉਂਦਾ ਤੇ ਨਾ ਹੀ ਉਸ `ਤੇ ਗਲ਼ਬਾ ਪਾਉਂਦਾ ਹੈ। ਇਥੇ ਤਾਂ ਮਨੁਖ ਪ੍ਰਕਰਿਤੀ ਦੀ ਸੇਵਾ ਸੰਭਾਲ਼ ਵਿੱਚ ਜੁੜਦਾ ਹੈ। ਕੁਦਰਤ ਦੀ ਸੇਵਾ ਵਿੱਚ ਮਨੁਖ ਤਾਂ ਹੀ ਜੁੜ ਸਕਦਾ ਹੈ ਜੇ ਮਨੁਖ ਕੁਦਰਤ ਪਿਛੇ ਛਿਪੇ ਕਾਦਰ ਵਿੱਚ ਯਕੀਨ ਲੈ ਆਵੇ। ਕਾਦਰ ਵਿੱਚ ਯਕੀਨ ਤੋਂ ਬਗ਼ੈਰ ਮਨੁਖ ਖ਼ੁਦ ਮਾਲਕ ਮੰਨ ਕੇ ਪ੍ਰਕਿਰਤੀ ਦਾ ਸੋਸ਼ਣ ਕਰਦਾ ਹੈ। ਕਾਦਰ ਨੂੰ ਕੇਂਦਰ ਮੰਨ ਕੇ ਜੀਵਨ ਵਿੱਚ ਸ਼ਾਇਰੀ, ਸਹਿਜ ਅਤੇ ਵਿਸਮਾਦ ਪ੍ਰਵੇਸ਼ ਕਰਦੇ ਹਨ।
ਪੂਰਬ ਦੀ ਪ੍ਰਾਚੀਨ ਭਾਸ਼ਾ ਸੰਸਕ੍ਰਿਤ ਵਿੱਚ ਗੁਰੂ ਚਾਨਣ ਨੂੰ ਕਹਿੰਦੇ ਹਨ। ਪੱਛਮ ਵਿੱਚ ਜਿਸ ਸਮੇਂ ਮੁਰਦੇ ਪੁਟਣ ਦੀ ਮੁਹਿੰਮ ਜਾਰੀ ਕੀਤੀ ਗਈ ਸੀ ਐਨ੍ਹ ਉਸੇ ਸਮੇਂ ਪੂਰਬ ਵਿੱਚ ਗੁਰੂ ਦੇ ਪਰਕਾਸ਼ ਦਾ ਅਰੰਭ ਹੋ ਰਿਹਾ ਸੀ। ਇਸੇ ਕਰਕੇ ਸਾਡੇ ਵਿਦਵਾਨਾ ਨੇ ਗੁਰੂ ਦੇ ਇਤਿਹਾਸ ਨੂੰ ਸੂਰਜ ਪ੍ਰਕਾਸ਼, ਗੁਰ ਪ੍ਰਤਾਪ ਸੂਰਜ ਉਦੈ ਅਤੇ ਪੰਥ ਪ੍ਰਕਾਸ਼ ਦੇ ਨਾਂ ਦਿਤੇ। ਪੂਰਬ ਵਿੱਚ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੱਛਮ ਦੇ ਕੁਲ ਹਨੇਰਿਆਂ ਨੂੰ ਦੂਰ ਕਰ ਦੇਵੇ ਗਾ-” ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ”।
ਉਂਝ ਇਹ ਪੂਰਬ ਤੇ ਪੱਛਮ ਦੇ ਬਖੇੜੇ ਤਾਂ ਮਨੁਖ ਨੇ ਘੜੇ ਹਨ। ਗੁਰੂ ਨਾ ਪੂਰਬੀ ਹੈ ਨਾ ਪੱਛਮੀ। ਉਹ ਤਾਂ ਕੁਲ ਕਾਇਨਾਤ ਦਾ ਸਾਂਝਾ ਹੈ- “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ”। ਗੁਰਬਾਣੀ ਵਿੱਚ ਅਨੇਕ ਥਾਵਾਂ`ਤੇ ਗੁਰੂ ਨੂੰ ਸਮੁੰਦਰ ਦੀ ਸੰਗਿਆ ਨਾਲ਼ ਵੀ ਯਾਦ ਕੀਤਾ ਗਿਆ ਹੈ- “ਆਪਿ ਸਮੁੰਦ ਆਪਿ ਹੈ ਸਾਗਰ”। ਸਾਗਰ ਦੀ ਵਿਸ਼ਾਲਤਾ ਦੇਖਿਆਂ ਹੀ ਗੱਲ ਬਣਦੀ ਹੈ- “ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ”। ਜਿਸ ਗੁਰੂ ਦੇ ਗੁਣਾਂ ਨੂੰ ਸਾਗਰ ਦੇ ਨਾਂ ਨਾਲ਼ ਯਾਦ ਕੀਤਾ ਜਾਂਦਾ ਹੋਵੇ ਤਾਂ ਉਸ ਨੂੰ ਦੇਖਣ ਦਾ ਚਾਉ ਉਪਜਣਾ ਕੁਦਰਤੀ ਹੈ।
ਸਾਗਰ ਦੀ ਵਿਸ਼ਾਲਤਾ ਅਕਾਰ ਵਿੱਚ ਵੱਡੇ ਹੋਣ `ਚ ਨਹੀਂ ਹੈ, ਸਗੋਂ ਉਸ ਦੇ ਸੁਭਾਉ `ਚ ਹੈ। ਧਰਤੀ ਦੇ ਕਿਸੇ ਖਿਤੇ `ਤੇ ਚਾਰ ਕਣੀਆਂ ਵਰ੍ਹ ਪੈਣ ਜਾ ਕਿਤੇ ਵੀ ਚਸ਼ਮਾਂ ਫੁਟ ਪਏ, ਉਹ ਸਮੁੰਦਰ ਵੱਲ ਚਾਲੇ ਪਾ ਲੈਂਦਾ ਹੈ। ਸਾਗਰ ਦੀ ਸਿਫ਼ਤ ਦੇਖੋ ਕਿ ਉਹ ਇੱਕ ਕਤਰੇ ਤੱਕ ਨੂੰ ਵੀ, ਖਿੜੇ ਮੱਥੇ ਪ੍ਰਵਾਣ ਕਰਕੇ, ਆਪਣਾ ਰੂਪ ਬਖ਼ਸ਼ ਦਿੰਦਾ ਹੈ। ਗੁਰੁ ਇਨ੍ਹਾਂ ਅਰਥਾਂ ਵਿੱਚ ਸਰਬ ਸਾਂਝੀਵਾਲਤਾ ਦਾ ਪੁੰਜ ਹੈ। ਕੋਈ ਬੋਲੀ, ਭਾਸ਼ਾ, ਲਿਪੀ, ਰੀਤ, ਰਸਮ, ਪਹਿਰਾਵਾ, ਰੰਗ, ਢੰਗ, ਸਮਾਜ, ਫਿਰਕਾ, ਕਬੀਲਾ, ਜ਼ਾਤ, ਪਾਤ, ਕੁਣਬਾ, ਨਸਲ, ਇਲਾਕਾ, ਦੇਸ਼, ਖੰਡ, ਸਮਾਂ, ਦਿਨ, ਤਿਥ, ਘੜੀ, ਪਹਿਰ, ਪਲ, ਛਿਣ ਗੁਰੁ ਦੀਆਂ ਨਜ਼ਰਾਂ ਵਿੱਚ ਅੱਛਾ ਜਾਂ ਬੁਰਾ, ਉਚਾ ਜਾਂ ਨੀਵਾਂ ਨਹੀਂ ਹੈ। ਗੁਰੂ ਲਈ ਕੋਈ ਪਰਾਇਆ ਨਹੀਂ। ਉਹ ਤਾਂ ਹਰ ਕਿਸੇ ਨੂੰ ਗਲ਼ੇ ਲਗਾਉਂਦਾ ਹੈ- “ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ”।
ਮਾਝੇ ਵਿੱਚ ਅੰਮ੍ਰਿਤਸਰ ਦੀ ਪਾਵਨ ਧਰਤੀ `ਤੇ ਸ੍ਰੀ ਆਦਿ ਬੀੜ ਤਿਆਰ ਹੋਈ। ਮਾਲਵੇ ਦੇ ਧੁਰ ਕੇਂਦਰ ਵਿੱਚ ਸ੍ਰੀ ਸਾਭੋ ਕੀ ਤਲਵੰਡੀ ਵਿਖੇ ਸ੍ਰੀ ਆਦਿ ਗ੍ਰੰਥ ਦੀ ਬੀੜ ਸੰਪੰਨ ਹੋਈ। ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ, ਗੁਰਿਆਈ ਉਪਰੰਤ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਦੁਨੀਆਂ ਦੀ ਅਗਵਾਈ ਲਈ ਗੁਰੂ ਰੂਪ ਵਿੱਚ ਪ੍ਰਕਾਸ਼ ਹੋਇਆ।
ਅੱਜ ਜਦੋਂ ਅਸੀਂ ਜਾਗਤ ਜੋਤ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਅਨੰਤ ਲੜੀ ਤਹਿਤ ਅਨੇਕ ਤਰਾਂ ਦੇ ਪ੍ਰੋਗ੍ਰਾਮ ਉਲੀਕ ਰਹੇ ਹਾਂ ਤਾਂ ਸਾਡਾ ਇੱਕ ਇਹ ਵੀ ਪ੍ਰਣ ਕਰਨਾ ਬਣਦਾ ਹੈ ਕਿ ਗੁਰੂ ਦੇ ਸਾਗਰ ਅਤੇ ਪ੍ਰਕਾਸ਼ ਨੁਮਾ ਸੁਭਾ ਨੂੰ ਵੀ ਉਜਾਗਰ ਕਰੀਏ ਅਤੇ ਖ਼ਾਲਸਾ ਪੰਥ ਨੂੰ ਫ਼ਰਿਆਦ ਕਰੀਏ ਕਿ ਉਹ ਹਿੰਦੂ ਤੁਰਕ ਦੀ ਕਾਣ ਮੇਟੇ ਅਤੇ ਕੁਲ ਖ਼ਲਕਤ ਦੇ ਘੋਰ ਸੰਕਟ ਗ੍ਰਸਤ ਮਨੁਖ ਦੀ ਨਿਜਾਤ ਲਈ ਕੋਈ ਵਿਧੀ ਵਿਧਾਨ ਉਲੀਕੇ; ਸਰਬਤ ਦੇ ਭਲੇ ਦੇ ਆਸ਼ੇ ਨੂੰ ਆਪਣਾ ਪਰਮ ਮਨੋਰਥ ਮੰਨ ਕੇ ਬਿਰਦ ਕੀ ਪੈਜ ਰੱਖੇ; ਖ਼ਾਲਸਾ ਗੁਰੂਖ਼ਾਲਸੇ ਦੀ ਪਦਵੀ ਇਖ਼ਤਿਆਰ ਕਰੇ, ਤਾਂ ਜੋ, ਗੁਰੂ ਪਿਆਰ ਨਾਲ਼ ਰੁਮਕਦੀਆਂ ਪੌਣਾਂ ਨਾਲ਼ ਧਰਤੀ ਫਿਰ ਸਰਸਬਜ਼ ਹੋ ਸਕੇ।
ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ, ਆੳ, ਸਾਰੇ ਇਹ ਅਰਦਾਸ ਕਰੀਏ ਅਤੇ ਵਿਸ਼ਵਾਸ ਕਰੀਏ ਕਿ ਉਸ ਦੀ ਮਿਹਰ ਨਾਲ਼ ਕੁਲ ਵਿਸ਼ਵ ਵਿੱਚ ਸਮੁਚੀ ਖ਼ਲਕਤ ਲਈ ਰੌਣਕਾਂ ਪਰਤ ਆਉਣਗੀਆਂ।
ਕਲਗੀਆਂ ਵਾਲ਼ਾ, ਚਿਟਿਆਂ ਬਾਜ਼ਾ ਵਾਲ਼ਾ, ਨੀਲੇ ਦਾ ਸ਼ਾਹ ਅਸਵਾਰ
ਸਾਹਿਬ ਦਸਮ ਪਾਤਸ਼ਾਹ ਸਭ ਥਾਈਂ ਹੋਹੁ ਸਹਾਇ।।
 

Avtar Singh (Prof.)
# 64, New Adarsh Nagar, Kot Rani Road,
Phagwara -144402
Phone-9417518384

 
.