.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 40)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਅਖੌਤੀ ਡੇਰਿਆਂ `ਤੇ ਸੰਪਰਦਾਵਾਂ ਵਿਰੁੱਧ ਢੁੱਕਵੀਂ ਕਾਰਵਾਈ ਦੀ ਮੰਗ

ਬਾਬਾ ਬਕਾਲਾ, ੩੦ ਸਤੰਬਰ (ਪ. ਪ.) -ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਦੀ ਪੰਥ ਮਾਰੂ ਸ਼ਕਤੀਆਂ, ਅਖੌਤੀ ਡੇਰਿਆਂ ਸੰਪਰਦਾਵਾਂ ਦੇ ਪ੍ਰਬੰਧਕਾਂ ਵੱਲੋਂ ਹੋ ਰਹੀ ਉਲੰਘਣਾ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੀਆਂ ਕੁੱਝ ਸੰਸਥਾਵਾਂ ਸਿੱਖ ਕੌਮ ਵਿੱਚ ਘੁਸਪੈਠ ਕਰ ਚੁੱਕੀਆਂ ਹਨ, ਨੂੰ ਜੜ੍ਹੋ ਖਤਮ ਕਰਨ ਵਾਸਤੇ ਇਤਿਹਾਸਕ ਗੁ: ਨੌਵੀ ਪਾਤਸ਼ਾਹੀ ਬਾਬਾ ਬਕਾਲਾ ਵਿਖੇ ਵਰਲਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਇੱਕ ਜ਼ਰੂਰੀ ਮੀਟਿੰਗ ਪ੍ਰਧਾਨ ਸ: ਗੁਰਚਰਨ ਸਿੰਘ ਧਰਦਿਓ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਨਰਲ ਸਕੱਤਰ ਇੰਦਰਜੀਤ ਸਿੰਘ ਭਰੋਸ਼ੀ, ਦਫ਼ਤਰ ਸਕੱਤਰ ਸੰਜੀਵ ਕੁਮਾਰ, ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸਤਿਨਾਮ ਸਿੰਘ ਔਜਲਾ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕੁਲਵੰਤਬੀਰ ਸਿੰਘ, ਮੀਤ ਪ੍ਰਧਾਨ ਹਰਦੀਪ ਸਿੰਘ ਕੰਗ, ਪੱਛਮੀ ਬੰਗਾਲ ਸਟੇਟ ਦੇ ਪ੍ਰਧਾਨ ਰਾਜਪਾਲ ਸਿੰਘ ਵਿਰਕ, ਗੁਰਬਖਸ਼ ਸਿੰਘ ਜੱਗਾ, ਹਰਬੰਸ ਸਿੰਘ ਭੱਟੀਕੇ, ਸਵਿੰਦਰ ਸਿੰਘ ਸੋਢੀ ਅਤੇ ਫੈਡਰੇਸ਼ਨ ਦੇ ਸੀ: ਮੀਤ ਪ੍ਰਧਾਨ ਸੁਰਜੀਤ ਸਿੰਘ ਬਿੱਟੂ ਕਾਉਂਕੇ ਸ਼ਾਮਿਲ ਹੋਏ। ਅੱਜ ਦੀ ਮੀਟਿੰਗ `ਚ ਕੁੱਝ ਅਹਿਮ ਮਤੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਜੋਗਿੰਦਰ ਸਿੰਘ ਵੇਦਾਂਤੀ ਦੇ ਧਿਆਨ ਹਿੱਤ ਲਿਆਂਦੇ ਗਏ। ਪਹਿਲੇ ਮਤੇ ਵਿੱਚ ਸ੍ਰੀ ਅਕਾਲ ਤਖਤ ਦੇ ਜਥੇ: ਜੋਗਿੰਦਰ ਸਿੰਘ ਵੇਦਾਂਤੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਅਪੀਲ ਕੀਤੀ ਗਈ ਕਿ ਉਹ ਗੁਰਦੁਆਰਿਆ ਦੀ ਸਰਵ ਉੱਚ ਪਵਿੱਤਰਤਾ ਨੂੰ ਧਿਆਨ `ਚ ਰੱਖਦਿਆ ਆਪਣੇ ਸ਼੍ਰੋਮਣੀ ਕਮੇਟੀ ਦੇ ਅਮਲੇ ਦੇ ਸੀਨੀਅਰ ਮੈਨੇਜਰਾਂ ਨੂੰ ਹਦਾਇਤਾਂ ਕਰਨ ਕਿ ਗੁਰਦੁਆਰਿਆਂ ਦੇ ਆਸ ਪਾਸ ਘੱਟ ਤੋਂ ਘਟ ੫੦੦ ਗਜ਼ ਦੀ ਦੂਰੀ ਤੇ ਕਿਸੇ ਵੀ ਦੁਕਾਨ ਤੇ ਨਸ਼ੀਲੀਆਂ ਵਸਤਾਂ ਵੇਚਣ ਵਾਲਿਆਂ ਤੇ ਤੁਰੰਤ ਪਾਬੰਦੀ ਲਾਈ ਜਾਵੇ। ਦੂਸਰੇ ਮਤੇ ਰਾਹੀਂ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਇੱਕ ਅਲ਼ਿਤਘਣ ਵਿਅਕਤੀ ਕਮਾਂਡੈਂਟ ਵੱਲੋਂ ਬੀਤੇ ਦਿਨੀਂ ਇੱਕ ਸਿੱਖ ਨੌਜਵਾਨ ਦਾ ਪਟਕਾ ਪਾੜ ਕੇ ਸ਼ਰੇਆਮ ਸਾੜਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਭਾਰਤ ਸਰਕਾਰ ਤੋਂ ਅਪੀਲ ਕੀਤੀ ਗਈ ਕਿ ਉਕਤ ਕਮਾਂਡੈਂਟ ਵਿਰੁੱਧ ਕਾਰਵਾਈ ਕਰਕੇ ਨੌਕਰੀ ਤੋਂ ਹਮੇਸ਼ਾਂ ਬਰਤਰਫ ਕੀਤਾ ਜਾਵੇ।

ਡੇਰਾਵਾਦ ਨੂੰ ਰੋਕਣ ਲਈ ਸਿੱਖ ਸੰਗਤਾਂ ਅੱਗੇ ਆਉਣ-ਕਰਮੂਵਾਲਾ

ਗੋਇੰਦਵਾਲ ਸਾਹਿਬ, ੧੨ ਅਗਸਤ (ਵਰਿੰਦਰ ਸਿੰਘ ਰੰਧਾਵਾ) -ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂਵਾਲਾ ਨੇ ਸਥਾਨਕ ਗੁਰਦੁਆਰਾ, ਬਾਉਲੀ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਦੇਹਧਾਰੀ ਗੁਰੂਆਂ ਦੀ ਭਰਮਾਰ ਅਤੇ ਵੱਧ ਰਹੇ ਡੇਰਾਵਾਦ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਰੋਕਣ ਲਈ ਸਿੱਖ ਸੰਗਤ ਨੂੰ ਅੱਗੇ ਆਉਣ ਦੀ ਲੋੜ ਹੈ। ਸ੍ਰੀ ਕਰਮੂਵਾਲਾ ਨੇ ਕਿਹਾ ਕਿ ਉਹ ਚੋਣਾਂ ਜਿੱਤਣ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਜਾ ਰਹੇ ਹਨ ਜਿਸ ਦੀ ਸ਼ੁਰੂਆਤ ੧੩ ਅਗਸਤ ਨੂੰ ਗੋਇੰਦਵਾਲ ਸਾਹਿਬ ਤੋਂ ਕਰਨਗੇ। ਇਸ ਮੌਕੇ `ਤੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਸ: ਕੁਲਦੀਪ ਸਿੰਘ ਔਲਖ, ਸ. ਲਖਵੀਰ ਸਿੰਘ ਪੰਨੂੰ, ਸ: ਪ੍ਰੇਮ ਸਿੰਘ ਸਰਪੰਚ ਗੋਇੰਦਵਾਲ ਸਾਹਿਬ, ਸ: ਬਲਦੇਵ ਸਿੰਘ ਕੋਟ ਮੁਹੰਮਦ, ਸ: ਪਰਮਜੀਤ ਸਿੰਘ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।

ਤਾਂਤਰਿਕ ਦਾ ਪਰਦਾਫਾਸ਼ ਕਰਨ ਵਾਲੇ ਸਿੱਖ ਆਗੂਆਂ `ਤੇ ਪਰਚਾ ਦਰਜ ਕਰਨ ਦਾ ਵਿਰੋਧ

ਖਾਲੜਾ/ਭਿੱਖੀਵਿੰਡ, ੨ ਦਸੰਬਰ (ਪਿਸ਼ੌਰਾ ਸਿੰਘ ਪੰਨੂੰ) - ਬੀਤੇ ਦਿਨ ਕਸਬਾ ਗੋਇੰਦਵਾਲ ਨੇੜਲੇ ਪਿੰਡ ਧੂੰਦਾ ਵਿਖੇ ਲੋਕਾਂ ਨੂੰ ਗੈਬੀ ਸ਼ਕਤੀ ਦਾ ਡਰਾਵਾ ਦੇ ਕੇ ਲੁੱਟਣ ਵਾਲੇ ਤਾਂਤਰਿਕ ਦਾ ਗੱਲਬਾਤ ਰਾਹੀ ਪਰਦਾਫਾਸ਼ ਕਰਨ ਵਾਲੇ ਸਿੱਖ ਜਥੇਬੰਦੀਆ ਦੇ ਨੁਮਾਇੰਦਿਆਂ ਖਿਲਾਫ ਪੁਲਿਸ ਵੱਲੋਂ ਉਲਟਾ ਕੇਸ ਦਰਜ ਕਰਨ ਦੇ ਰੋਸ ਵਜੋਂ ਸਿੱਖ ਜਥੇਬੰਦੀਆਂ ਦੇ ਆਗੂ ਅੱਜ ਜ਼ਿਲ੍ਹਾ ਪੁਲਿਸ ਮੁਖੀ ਤਰਨ ਤਾਰਨ ਸ: ਪਰਮਜੀਤ ਸਿੰਘ ਗਰੇਵਾਲ ਨੂੰ ਇੱਕ ਵਫਦ ਦੇ ਰੂਪ ਵਿੱਚ ਮਿਲੇ ਹਨ। ਜਿਨ੍ਹਾਂ ਨੇ ਪੁਲਿਸ ਮੁਖੀ ਨੂੰ ਅਸਲੀਅਤ ਤੋਂ ਜਾਣੂ ਕਰਵਾਉਂਦਿਆ ਤਾਂਤਰਿਕ ਦੁਆਰਾ ਠੱਗੇ ਲੋਕਾਂ ਵੱਲੋਂ ਜਥੇਬੰਦੀਆਂ ਨੂੰ ਦਿੱਤੇ ਤਸਦੀਕਸ਼ੁਦਾ ਹਲਫੀਆਂ ਬਿਆਨਾਂ ਦੀਆਂ ਨਕਲਾਂ ਪੇਸ਼ ਕੀਤੀਆਂ। ਜ਼ਿਲ੍ਹਾਂ ਪੁਲਿਸ ਮੁਖੀ ਨੂੰ ਮਿਲ ਕੇ ਬਾਹਰ ਨਿਕਲੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆਂ ਕਿ ਸੁਖਜਿੰਦਰ ਕੌਰ ਪਤਨੀ ਦਲਜੀਤ ਸਿੰਘ ਵਾਸੀ ਮੀਆਂਵਿੰਡ ਸਾਢੇ ਸੱਤ ਹਜ਼ਾਰ, ਰਣਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਧੂੰਦਾ ਦੁਆਰਾ ਇੱਕਤਰ ਸੌ ਰੁਪਏ, ਅਮਰਜੀਤ ਕੌਰ ਪਤਨੀ ਵਰਿਆਮ ਸਿੰਘ ਦੁਆਰਾ ਸੱਤ ਹਜ਼ਾਰ, ਜੋਰਾਵਰ ਸਿੰਘ ਪੁੱਤਰ ਸੁਖਦਿਆਲ ਸਿੰਘ ਦੁਆਰਾ ਛੇ ਹਜ਼ਾਰ ਚਾਰ ਸੌ ਰੁਪਏ, ਪਾਲ ਸਿੰਘ ਪੁੱਤਰ ਅਰਜਨ ਸਿੰਘ ਪਿੰਡ ਧੂੰਦਾ ਦੁਆਰਾ ੫ ਹਜ਼ਾਰ ਰੁਪਏ, ਨਰਿੰਦਰ ਕੌਰ ਪਤਨੀ ਕੁਲਵਿੰਦਰ ਸਿੰਘ ਦੁਆਰਾ ੧੩ ਹਜ਼ਾਰ ਰੁਪਏ ਦੇ ਹਲਫੀਆਂ ਬਿਆਨਾਂ ਦੀਆਂ ਨਕਲਾਂ ਤੋਂ ਇਲਾਵਾ ਸੰਗਤਾਂ ਤਾਂਤਰਿਕ ਵੱਲੋਂ ਲੁੱਟਣ ਦੇ ਸੂਬਤ ਅਸੀਂ ਪੇਸ਼ ਕਰ ਦਿੱਤੇ ਹਨ, ਕਿਉਂਕਿ ਸੰਗਤਾਂ ਦੀ ਜ਼ੋਰਦਾਰ ਮੰਗ `ਤੇ ਹੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਲਜੀਤ ਸਿੰਘ ਉਰਫ ਦੇਵਾ ਜੋਤੀ ਨਾਮੀਂ ਤਾਂਤਰਿਕ ਨੂੰ ਗੱਲਬਾਤ ਰਾਹੀਂ ਆਪਣੇ ਵਿੱਚ ਗੈਬੀ ਸ਼ਕਤੀ ਦਾ ਪ੍ਰਗਟਾਵਾ ਕਰਕੇ ੫ ਲੱਖ ਰੁਪਏ ਦਾ ਇਨਾਮ ਹਾਸਲ ਕਰਨ ਦੀ ਚੁਣੌਤੀ ਦਿੱਤੀ ਸੀ ਜਿਸ ਕਰਕੇ ਉਸ ਨੇ ਗੱਲਬਾਤ ਦੌਰਾਨ ਆਪਣੀ ਗਲਤੀ ਮੰਨ ਕੇ ਸੰਗਤ `ਚ ਮੁਆਫੀਨਾਮਾ ਲਿਖ ਕੇ ਅੱਗੇ ਤੋਂ ਲੋਕਾਂ ਨੂੰ ਲੁੱਟਣ ਦੀ ਤੌਬਾ ਕੀਤੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖਾਲਸਾ ਪੰਚਾਇਤ ਆਗੂ ਡਾ: ਰਜਿੰਦਰ ਸਿੰਘ ਰਾਣਾ, ਨੌਜਵਾਨ ਵਿਕਾਸ ਸਭਾ ਗੋਇੰਦਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤਰਨ ਤਾਰਨ, ਲੋਕ ਬਚਾਓ ਕਮੇਟੀ ਪੰਜਾਬ ਦੇ ਬਖਸ਼ੀਸ਼ ਸਿੰਘ ਜੌੜਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਧੂਲਕਾਂ, ਗੁਰਮਤਿ ਪ੍ਰਚਾਰ ਕੇਂਦਰ ਡੱਲ ਦੇ ਸੰਦੀਪ ਸਿੰਘ ਖਾਲੜਾ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਗੁਰਚਰਨ ਸਿੰਘ ਗ੍ਰੰਥੀ, ਕੈਪਟਨ ਕਾਲੇਕੇ, ਗਿਆਨੀ ਚਰਨ ਸਿੰਘ ਆਦਿ ਹਾਜ਼ਰ ਸਨ। ਸਰਕਾਰ ਵੀ ਪਾਖੰਡੀ ਬਾਬਿਆ ਦੀ ਪਿੱਠ' ਤੇ ਜਦੋ ਪੁਲੀਸ ਨੇ ਉਹਨਾਂ ਸਿੰਘਾਂ ਤੇ ਪਰਚੇ ਦਰਜ ਕੀਤੇ ਜਿਹੜੇ ਪਾਖੰਡੀ ਬਾਬਿਆ ਦੀ ਲੁੱਟ ਤੋਂ ਸਮਾਜ ਨੂੰ ਬਚਾ ਰਹੇ ਹਨ' ਉਹ ਝੂਠੇ ਪਰਚੇ ਬਾਅਦ ਵਿੱਚ ਵਾਪਸ ਲਏ ਗਏ।
.