.

ਗੁਰੂ ਗਰੰਥ ਸਾਹਿਬ ਜੀ ਨੂੰ ‘ਵਿਕਣ’ ਤੋਂ ਬਚਾਉ!

ਮੰਨ ਲਉ ਕੋਈ ਤੁਹਾਡੇ ਘਰ ਦਾ ਦਰਵਾਜਾ ਖੜਕਾਉਂਦਾ ਹੈ ਤੇ ਆ ਕੇ ਪੁੱਛਦਾ ਹੈ ਕਿ ਤੁਹਾਡੇ ਲਿਵਿੰਗ ਰੂਮ ਵਿੱਚ ਪਿਆ ਸੋਫਾ ਕੀ ਸੇਲ ਤੇ ਹੈ? ਤੁਸੀਂ ਤਾਂ ਪ੍ਰੇਸ਼ਾਨ ਹੋਵੋਂਗੇ ਹੀ ਪਰ ਪੁਛਣ ਵਾਲਾ ਵੀ ਗੁਸਤਾਖ ਮੰਨਿਆ ਜਾਵੇਗਾ। ਤੁਸੀਂ ਅਪਣੇ ਗਰਾਜ ਅਗੇ ਅਪਣੀ ਕਾਰ ਧੋ ਰਹੇ ਹੋ ਕੋਈ ਅਚਾਨਕ ਆ ਕੇ ਪੁਛਦਾ ਹੈ ਕਿ ਤੁਸੀਂ ਅਪਣਾ ਘਰ ਵੇਚਣਾ? ਜਦ ਕਿ ਤੁਸੀਂ ਕੋਈ ਫੱਟਾ ਨਹੀ ਲਾਇਆ। ਪੁਛਣ ਵਾਲਾ ਸਿਆਣਾ ਨਹੀ ਆਖਿਆ ਜਾਵੇਗਾ ਤੇ ਤੁਹਾਡੇ ਮਨ ਵਿੱਚ ਵੀ ਕੋਈ ਉਸਦੀ ਇੱਜਤ ਨਹੀ ਹੋਣ ਲੱਗੀ। ਬਿਨਾ ‘ਫਾਰ ਸੇਲ’ ਲੱਗੇ ਤੋਂ ਤੁਸੀਂ ਕਦੇ ਕਿਸੇ ਚੀਜ਼ ਬਾਰੇ ਪੁੱਛਣ ਦੀ ਗੁਸਤਾਖੀ ਨਹੀ ਕਰਦੇ ਕਿ ਕਿੰਨੇ ਨੂੰ ਦੇਣੀ ਹੈ! ਕਿਉਂਕਿ ਜਿਹੜੀ ਚੀਜ਼ ਵਿਕਾਊ ਹੀ ਨਹੀ ਤੁਸੀਂ ਜਾਂ ਕੋਈ ਕਿਉਂ ਅਪਣੀ ਅਕਲ ਦਾ ਦਿਵਾਲਾ ਕੱਢੇਗਾ।

ਮਿਲਟਨ ਸਾਡੇ ਰਿਸ਼ਤੇਦਾਰ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਵੇਂ ਘਰ ਵਿਖੇ ਪਾਠ ਕਰਵਾਉਂਣਾ ਸੀ ਪਰ ਘਰ ਦਾ ਸਮ੍ਹਾਨ ਹਾਲੇ ਉਸ ਮੂਵ ਨਹੀ ਸੀ ਕੀਤਾ ਤਾਂ ਕਿ ਬੈਠਣ ਲਈ ਜਗ੍ਹਾ ਖੁਲ੍ਹੀ ਰਹਿੰਦੀ ਹੈ ਇਸ ਕਾਰਨ ਲੰਗਰ ਦਾ ਵੀ ਹਾਲੇ ਉਥੇ ਕੋਈ ਪ੍ਰਬੰਧ ਨਹੀ ਸੀ ਪਰ ਪਾਠ ਤੇ ਕੀਰਤਨ ਅਸੀਂ ਸਾਰਿਆਂ ਰਲ ਕੇ ਆਪ ਹੀ ਕਰਨਾ ਸੀ। ਗੁਰੂ ਗਰੰਥ ਸਾਹਿਬ ਜੀ ਦੀ ਬੀੜ ਉਸ ਦੇ ਦੋਸਤ ਦੇ ਘਰ ਹੈ ਸੀ, ਉਸ ਕਈ ਗੁਰਦੁਆਰਾ ਸਾਹਿਬਾਨਾ ਨੂੰ ਫੋਨ ਕੀਤੇ ਕਿ ਅਸੀਂ ਸੇਵਾ ਕਰ ਦੇਵਾਂਗੇ ਪਰ ਕ੍ਰਿਪਾ ਕਰਕੇ ਜੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਸਾਹਬ ਤੋਂ ਹੋ ਜਾਵੇ ਜਿਵੇਂ ਆਮ ਹੁੰਦਾ ਹੈ ਤਾਂ ਤੁਹਾਡੀ ਬੜੀ ਕ੍ਰਿਪਾ ਹੋਵੇਗੀ ਤੇ ਆਈ ਸੰਗਤ ਰੈਸਟੋਰੈਂਟਾਂ ਦੇ ਤਲੇ ਖਾਣਿਆਂ ਤੋਂ ਬੱਚ ਜਾਵੇਗੀ।

ਕਰੀਬਨ ਹਰੇਕ ਗੁਰਦੁਆਰਾ ਸਾਹਬ ਤੋਂ ਇਕੋ ਜਵਾਬ ਸੀ ਕਿ ਜੀ ਗੁਰੂ ਗਰੰਥ ਸਾਹਿਬ ਤੋਂ ਬਿਨਾ ਅਸੀਂ ਲੰਗਰ ਨਹੀ ਇਂਝ ਦਿੰਦੇ! ਜਦ ਘਰ ਵਾਲੇ ਨੇ ਕਾਰਨ ਪੁੱਛਿਆ ਤਾਂ ਉਹ ਕਹਿਣ ਲਗੇ ਜੀ ਜਥਾ, ਬਾਬਾ ਜੀ ਅਤੇ ਲੰਗਰ ਅਸੀਂ ਸਭ ਇਕੱਠਾ ਹੀ ਦਿੰਦੇ ਹਾਂ! ਯਾਨੀ ‘ਪੈਕਜ’! ਘਰ ਵਾਲੇ ਨੇ ਜਦ ਜਿਆਦਾ ਹੀ ਖਹਿੜਾ ਕੀਤਾ ਤਾਂ ਇੱਕ ਭਾਈ ਜੀ ਨੇ, ਜੋ ਸ਼ਾਇਦ ਨਵਾ ਆਇਆ ਹੋਵੇਗਾ ਸਪੱਸ਼ਟ ਹੀ ਦਸ ਦਿਤਾ ਕਿ ਜੀ ਠੀਕ ਏ ਤੁਸੀਂ ਲੰਗਰ ਲੈ ਜਾਵੋ ਗੁਰੂ ਗਰੰਥ ਸਾਹਿਬ ਵੀ ਜੇ ਹੈਨ ਤਾਂ ਠੀਕ ਏ ਪਰ ਚੜ੍ਹਾਵਾ ਗੁਰਦੁਆਰਾ ਸਾਹਿਬ ਆਉਂਣਾ ਚਾਹੀਦਾ!

ਪਾਠ ਕਰਾਉਂਣ ਵਾਲਾ ਬੜਾ ਨਿਰਾਸ਼ ਹੋਇਆ ਤੇ ਕਹਿਣ ਲੱਗਾ ਕਿ ਇਹ ਤਾਂ ਵਪਾਰ ਹੈ! ਗੁਰਦੁਆਰਿਆਂ ਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਸੀ ਕਿ ਸ਼ੁਕਰ ਏ ਗੁਰੂ ਕੇ ਸਿੱਖ ਆਪ ਬਾਣੀ ਪੜਨ ਦੀ ਪਿਰਤ ਪਾਉਣੀ ਸ਼ੁਰੂ ਕਰ ਰਹੇ ਹਨ ਤੇ ਜੇ ਉਹਨਾ ਨੂੰ ਮਦਦ ਦੀ ਲੋੜ ਹੈ ਤਾਂ ਕਰਨੀ ਚਾਹੀਦੀ ਪਰ ਇਹ ਉਤਸ਼ਾਹਤ ਕਰਨ ਦੀ ਬਜਾਇ ਅਪਣਾ ‘ਪੈਕਜ’ ਵੇਚਣ ਦੇ ਫਿਕਰ ਵਿੱਚ ਹਨ! ਇਹ ਤਾਂ ਗੁਰੂ ਦੇ ਨਾਂ ਤੇ ਅਪਣਾ ਸੌਦਾ ਵੇਚ ਰਹੇ ਹਨ! ਅਖੀਰ ਤੇ ਉਸ ਨੂੰ ਨਿਰਾਸ਼ ਹੋਏ ਨੂੰ ਫੈਸਲਾ ਲੈਣਾ ਪਿਆ ਕਿ ਠੀਕ ਏ ਜੀ ਤੁਸੀਂ ਅਪਣਾ ਸਾਰਾ ‘ਪੈਕਜ’ ਹੀ ਦੇ ਦਿਉ!

ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਚੀਜ਼ ਤੁਹਾਡੀ ਅਪਣੀ ਹੁੰਦੀ ਉਸ ਉਪਰ ਤੁਸੀਂ ‘ਫਾਰ ਸੇਲ’ ਨਹੀ ਲਾਉਂਦੇ। ‘ਫਾਰ ਸੇਲ’ ਤੁਸੀਂ ਉਦੋਂ ਹੀ ਲਾਉਂਦੇ ਹੋ ਜਦ ਉਸ ਨਾਲੋਂ ਤੁਸੀਂ ‘ਅਪਣਾ’ ਲਫਜ਼ ਲਾਹ ਲਿਆ ਤੇ ‘ਫਾਰ ਸੇਲ’ ਦਾ ਫੱਟਾ ਗੱਡ ਦਿੱਤਾ। ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ 300 ਸਾਲਾ ਮਨਾਉਂਣ ਜਾ ਰਹੀ ਸਿੱਖ ਕੌਮ ਦੇ ਸੋਚਣ ਦਾ ਵਿਸ਼ਾ ਹੈ ਕਿ ਗੁਰੂ ਗਰੰਥ ਸਾਹਿਬ ਸਾਡਾ ਕਿੰਨਾ ਕੁ ਅਪਣਾ ਹੈ? ਜੇ ਇਹ ਅਪਣਾ ਹੋਵੇ ਤਾਂ ਸਾਡੇ ਧਾਰਮਿਕ ਅਸਥਾਨਾ ਤੇ ਇਸ ਦੇ ‘ਫਾਰ ਸੇਲ’ ਫੱਟੇ ਕਿਉਂ ਲਗਣ! ਅਸੀਂ ਇਸ ਦੀ ਕੀਮਤ ਕਿਉਂ ਪੁਛਦੇ ਫਿਰੀਏ ਕਿ ਜੀ ਸਹਜ ਪਾਠ ਕਿੰਨੇ ਦਾ ਤੇ ਅਖੰਡ ਪਾਠ ਕਿੰਨੇ ਦਾ ਹੈ! ਇੰਟਰਨੈੱਟ ਤੇ ਕੀਤੇ ਕਰਾਏ ਪਾਠਾਂ ਦੇ ਹੁਕਮਨਾਮੇ ਕਿਉਂ ਆਉਂਣ। 12-12 ਸਾਲ ਅਸੀਂ ‘ਖਾਸ’ ਥਾਵਾਂ ਤੇ ਪਾਠ ਕਰਾਉਂਣ ਲਈ ਕਿਉਂ ਉਡੀਕੀਏ। ਸਾਨੂੰ ਕੀ ਪਤਾ ਨਹੀ ਕਿ ਇਹ ਵਪਾਰ ਹੈ? ਕਿੰਨੀ ‘ਸੇਲ’ ਹੋ ਰਹੀ ਹੈ ਗੁਰੂ ਗਰੰਥ ਸਾਹਿਬ ਜੀ ਦੀ! ਹਰੇਕ ਵੀਕ ਐਂਡ ਤੇ ਕਿੰਨਿਆਂ ਘਰਾਂ ਵਿੱਚ ਵਿਕਣ ਜਾਂਦਾ ਹੈ ਗੁਰੂ ਗਰੰਥ ਸਾਹਿਬ? ਕਿੰਨਾ ਤਗੜਾ ਧੰਦਾ ਹੋ ਰਿਹਾ ਹੈ ਗੁਰੂ ਗਰੰਥ ਸਾਹਿਬ ਜੀ ਦਾ? ਕਿਹੜੇ ਗੁਰੂ ਦੀ ਅਸੀਂ ਗਲ ਕਰਦੇ ਹਾਂ ਕਿ ਸਾਡਾ ਅਪਣਾ ਹੈ ਕਿਸ ਦੇ 300 ਸਾਲਾ ਦੇ ਧੂੜ ਧੜਕੇ ਅਸੀਂ ਸ਼ੁਰੂ ਕੀਤੇ ਹੋਏ ਹਨ ਜਿਸ ਦੀਆਂ ਸੇਲਾਂ ਲਾਈਆਂ ਪਈਆਂ ਹਨ? ਜਿਸ ਨੂੰ ਅਸੀਂ ਘਰੇ ਸਦ ਕੇ ਕਦੇ ਲਾਗੇ ਬੈਠ ਕੇ ਦੋ ਘੜੀਆਂ ਬੈਠ ਕੇ ਸੁਣਨ ਦਾ ਤਰਦਦ ਵੀ ਨਹੀ ਕਰਦੇ?

ਇਕ ਵਾਰੀ ਦੀ ਗੱਲ ਏ ਕਿ ਅੰਮ੍ਰਤਿਸਰ ਭੂਆ ਜੀ ਮੇਰਿਆਂ ਨੇ ਗੁਰਦੁਆਰਾ ਸ਼ਹੀਦਾਂ ਵਿਖੇ ਅਖੰਡਪਾਠ ਸਾਹਬ ਰਖਵਾਇਆ। ਉਥੇ ਕਈ ਕਮਰੇ ਨੇ ਜਿਥੇ ਅਲੱਗ-ਅਲੱਗ ਸੁਖਣਾ ਵਾਲਿਆਂ ‘ਅਪਣੇ-ਅਪਣੇ’ ਪਾਠ ਰਖਵਾਏ ਹੁੰਦੇ ਹਨ ਤੇ ਭੋਗ ਵਾਲੇ ਦਿਨ ਆਣ ਦਰਸ਼ਨ ਦਿੰਦੇ ਹਨ ਕਿ ਸਾਡੇ ਪਾਠ ਦਾ ਅੱਜ ਭੋਗ ਹੈ। ਯਾਨੀ ਤਗੜਾ ਧੰਦਾ ਕਰ ਰਹੇ ਹਨ ਉਥੇ ਦੇ ਪੁਜਾਰੀ ਲੋਕ ਗੁਰੂ ਗਰੰਥ ਸਾਹਿਬ ਜੀ ਦੇ ਪਾਠਾਂ ਦਾ! ਭੋਗ ਵਾਲੇ ਦਿਨ ਭੂਆ ਜੀ ਜਦ ਗਏ ਤਾਂ ਉਹਨਾ ਨੂੰ ਚੇਤਾ ਭੁੱਲ ਗਿਆ ਕਿ ‘ਮੇਰਾ ਪਾਠ’ ਕਿਹੜੇ ਕਮਰੇ ਵਿੱਚ ਸੀ। ਉਹ ਕਾਫੀ ਪ੍ਰੇਸ਼ਾਨ ਹੋਏ ਜਦ ਸ਼ਾਮਾਂ ਨੂੰ ਘਰ ਮੁੜੇ ਤਾਂ ਕਰਦੇ ਫਿਰਨ ‘ਮਰ ਜਾਣੇ ਚੇਤੇ ਨੂੰ ਪਤਾ ਨਹੀ ਕੀ ਹੋ ਗਿਆ ਪਾਠ ਹੀ ਗਵਾ ਬੈਠੀ ਮੈਂ ਅਪਣਾ, ਚਲੋ ਆਹ ਲਉ ਪ੍ਰਸਾਦ ਸਾਰੇ ‘ਅਪਣੇ’ ਹੀ ਸਨ!

ਚੰਦਨ ਦਾ ਰੁੱਖ ਬੜਾ ਠੰਡਾ ਤੇ ਮਹਿਕ ਵਾਲਾ ਹੁੰਦਾ ਹੈ ਪਰ ਸਾਨੂੰ ਪਤਾ ਹੋਵੇ ਕਿ ਉਸ ਦੇ ਦੁਆਲੇ ਕੁੰਡਲੀਏ ਸੱਪ ਵਲ ਮਾਰੀ ਬੈਠੇ ਆਮ ਬੰਦੇ ਨੂੰ ਨੇੜੇ ਨਹੀ ਲੱਗਣ ਦਿੰਦੇ। ਗੁਰੂ ਗਰੰਥ ਸਾਹਿਬ ਜੀ ਦੇ ਸਬੰਧ ਵਿੱਚ ਵੀ ਇਹੀ ਕਿਹਾ ਸਕਦਾ ਹੈ ਕਿ ਇਸ ਠੰਡਾਂ ਪਾਉਣ ਵਾਲੇ ਤੇ ਮਹਿਕਾਂ ਵੰਡਣ ਵਾਲੇ ਚੰਦਨ ਬ੍ਰਿਛ ਦੇ ਦੁਆਲੇ ਪ੍ਰੋਹਿਤ, ਪੁਜਾਰੀ, ਡੇਰੇਦਾਰ ਅਤੇ ਗੁਰਦੁਆਰਿਆਂ ਦੇ ਚੌਧਰੀ ਸੱਪ ਵਾਂਗ ਨਾਗ ਵਲ ਮਾਰੀ ਬੈਠੈ ਆਮ ਸਿੱਖ ਨੂੰ ਇਸ ਦੇ ਨੇੜੇ ਨਹੀ ਫਟਕਣ ਦਿੰਦੇ। ਉਹ ਅਦਬ ਜਾਂ ਮਰਿਯਾਦਾ ਦੇ ਫੁੰਕਾਰਿਆਂ ਨਾਲ ਡਰਾ ਕੇ ਆਮ ਸਿੱਖ ਨੂੰ ਗੁਰੂ ਗਰੰਥ ਸਾਹਿਬ ਤੋਂ ਕੋਹਾਂ ਦੂਰ ਲੈ ਗਏ ਹਨ! ਉਹ ਅਪਣੀ ਗੈਰਵਾਜਬ ਲੋੜ ਨੂੰ ਖਤਮ ਨਹੀ ਹੋਣ ਦੇਣਾ ਚਾਹੁੰਦੇ ਉਸ ਦਾ ਕਾਰਨ ਉਹਨਾ ਧੰਦਾ ਬੰਦ ਹੋਣਾ ਹੈ।

ਗੁਰੁ ਨੂੰ ਬ੍ਰਹਾਮਣ ਦੇ ਮਿਹਣੇ ਵੀ ਸੁਣਨੇ ਪਏ ਕਿ ਇਸ ‘ਉਜੱਡਾਂ’ ਵਾਲੀ ਯਾਨੀ ਲੋਕਾਂ ਦੀ ਭਾਸ਼ਾ ਵਿੱਚ ਗਿਆਨ ਕਿਉਂ ਵੰਡਿਆ ਜਾ ਰਿਹਾ ਹੈ ਪਰ ਗੁਰੂ ਦੀ ਇਕੋ ਪੀੜਾ ਸੀ, ਇਕੋ ਦਰਦ ਸੀ ਕਿ ਆਮ ਮਨੁੱਖਤਾ ਹਨੇਰੇ ਵਿੱਚ ਨਾ ਭਟਕੇ ਉਹ ਅਪਣੀ ਬੋਲੀ ਵਿਚ, ਅਪਣੀ ਭਾਸ਼ਾ ਵਿੱਚ ਸੱਚ ਨੂੰ ਸਮਝ ਸਕੇ ਤੇ ਜਿੰਦਗੀ ਦੇ ਮਾਅਨਿਆਂ ਨੂੰ ਪਛਾਣ ਸਕੇ ਪਰ ਗੁਰੂ ਦੀ ਇਸ ਪੀੜਾ ਤੋਂ, ਪਰਉਪਕਾਰ ਤੋਂ ਨਾ ਸਮਝ ਸਿਖ, ਪੁਜਾਰੀਆਂ ਦੇ ਧਕੇ ਚੜਿਆ ਇਸ ਤੋਂ ਦੂਰ ਚਲੇ ਗਿਆ ਹੈ ਤੇ ਬਿਨਾ ਇਸ ਸੱਚ ਨੂੰ ਖੁਦ ਸਮਝਣ ਦੇ ਇਸ ਧੰਦੇ ਦੀ ਫਾਹੀ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੋਇਆ ਹੈ। ਗੁਰੂ ਗਰੰਥ ਸਾਹਿਬ ਜੀ ਧੰਦੇ ਵਾਸਤੇ ਨਹੀ ਬਲਕਿ ਇਸ ਨੂੰ ਸਮਝ ਕੇ ਜੀਵਨ ਵਿੱਚ ਢਾਲਣ ਵਾਸਤੇ ਹੈ। ਜੇ ਇਹੀ ਧੰਦਾ ਹੀ ਗੁਰੂ ਸਾਹਿਬਾਨਾ ਨੇ ਕਰਾਉਂਣਾ ਸੀ ਤਾਂ ਇਹ ਤਾਂ ਪਹਿਲਾਂ ਹੀ ਬ੍ਰਹਾਮਣ ਅਤੇ ਕਾਜ਼ੀ ਕਰੀ ਹੀ ਜਾ ਰਿਹਾ ਸੀ ਫਰਕ ਕੀ ਹੋਇਆ। ਯਾਦ ਰਹੇ ਕਿ ਗੁਰੂ ਦੀ ਕਿਸੇ ਨਾਲ ਦੁਸ਼ਮਣੀ ਨਹੀ ਸੀ, ਵੈਰ ਨਹੀ ਸੀ, ਵਿਰੋਧ ਨਹੀ ਸੀ। ਗੁਰੂ ਨੇ ਕੇਵਲ ਲੁੱਟੀ ਜਾ ਰਹੀ ਲੁਕਾਈ ਨੂੰ ਇਸ ਧੰਦੇ ਤੋਂ ਸਾਵਧਾਨ ਕੀਤਾ ਤਾਂ ਬ੍ਰਹਾਮਣ ਵੀ ਅਤੇ ਮੌਲਵੀ ਵੀ ਗੁਰੂ ਦੇ ਮਗਰ ਪੈ ਗਿਆ। ਨਤੀਜਾ ਇਹ ਨਿਕਲਿਆ ਕਿ ਗੁਰੂ ਸਾਹਿਬਾਨਾ, ਭਗਤਾਂ ਅਤੇ ਗੁਰਸਿੱਖਾਂ ਨੂੰ ਅਨੇਕਾਂ ਤਸੀਹੇ ਝੱਲਣੇ ਪਏ, ਬਾਬਰ ਦੀਆਂ ਚੱਕੀਆਂ ਤੋਂ ਲੈ ਕੇ ਤਤੀਆਂ ਤਵੀਆਂ ਤੋਂ ਹੁੰਦੇ ਹੋਏ ਚਾਂਦਨੀ ਚੌਂਕ ਵਿਚਦੀ ਹੋ ਕੇ ਮਾਛੀਵਾੜੇ ਦੇ ਜੰਗਲਾਂ ਦਾ ਸਫਰ ਤਹਿ ਕਰਨਾ ਪਿਆ! ਉਸ ਤੋਂ ਬਾਅਦ ਦਾ ਗੁਰਸਿਖਾਂ ਦੇ ਜੀਵਨ ਦੇ ਤਸੀਹਿਆਂ ਦਾ ਸਫਰ ਤਾਂ ਹੋਰ ਵੀ ਲੰਮੇਰਾ ਰਿਹਾ ਜੋ ਹਾਲੇ ਤਕ ਨਹੀ ਨਿਬੜਿਆ! ਉਸ ਦਾ ਕਾਰਨ ਇਕੋ ਹੀ ਨਜਰ ਆਉਂਦਾ ਹੈ ਤੇ ਉਹ ਹੈ ਗੁਰੂ ਗਰੰਥ ਸਾਹਿਬ ਵਿੱਚ ਦਰਜ ਉਹ ਸਚਾਈ ਜਿਸ ਉਪਰ ਚਲਣ ਵਾਲੇ ਨੂੰ ਅਜ ਵੀ ਫਾਹੇ ਲਾ ਦਿਤਾ ਜਾਂਦਾ ਹੈ, ਅਜ ਵੀ ਮਾਲ ਮੰਡੀਆਂ ਵਿੱਚ ਉਸ ਨੂੰ ਪਾੜਿਆ ਗਿਆ ਹੈ, ਅਜ ਵੀ ਉਸ ਦੇ ਮੁਕਾਬਲੇ ਬਣਾ ਕੇ ਲਵਾਰਸ ਲਾਸ਼ਾਂ ਵਿੱਚ ਬਦਲ ਦਿਤਾ ਗਿਆ ਹੈ ਪਰ ਦੂਜੇ ਪਾਸੇ ਇਸ ਨੂੰ ਕੇਵਲ ਧੰਦਾ ਬਨਾਉਣ, ਇਸ ਦੀਆਂ ਕੋਤਰੀਆਂ ਕਰਾਉਣ, ਇਸ ਦੇ ਸੰਪਟ ਜਾਂ ਮਹਾਂ ਸੰਪਟ ਕਰਾੳਂਣ ਵਾਲੇ ਡੇਰੇਦਾਰਾਂ ਦੇ ਪਿੰਡਿਆਂ ਤੇ ਝਰੀਟ ਤਕ ਨਹੀ ਆਈ! ਕਿਉਂ?

ਹੱਲ- ਹੱਲ ਕੇਵਲ ਇਸ ਦਾ ਇੱਕੋ ਹੈ ਕਿ ਪਾਠ ਆਪ ਕਰੋ, ਸਾਲ ਵਿੱਚ ਕਰ ਲਵੋ, ਦੋ ਸਾਲਾਂ ਵਿੱਚ ਕਰ ਲਵੋ, ਪੰਜ ਸਾਲਾਂ ਵਿੱਚ ਹੀ ਕਰ ਲਵੋ ਪਰ ਕਰੋ ਆਪ! ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਕਿੰਨੀ ਕੁ ਔਖੀ ਹੈ ਕਿ ਤੁਸੀਂ ਪੁਜਾਰੀਆਂ ਦੀਆਂ ਲਿਲ੍ਹੜੀਆਂ ਕਰਦੇ ਫਿਰ ਰਹੇ ਹੋ? ਅਪਣੇ ਬਾਪ ਦੇ ਨੇੜੇ ਬੈਠਣਾ ਕੋਈ ਬੇਅਦਬੀ ਨਹੀ। ਚਾਹੇ ਕੋਈ ਮੋਨਾ ਚਾਹੇ ਸਿੱਖ ਅਪਣੇ ਘਰ ਦੇ ਪ੍ਰੋਗਰਾਮਾ ਵਿੱਚ ਕੋਈ ਵੀ ਬਾਣੀ ਖੁਦ ਪੜ ਸਕਦਾ। ਜੇ ਮੋਨਾ ਬੰਦਾ ਗੁਰੂ ਕੋਲੇ ਬੈਠੇਗਾ ਹੀ ਨਹੀ ਉਸ ਨੂੰ ਉਸ ਦੀ ਸਮਝ ਕਿਥੋਂ ਆਵੇਗੀ? ਅਪਣੇ ਬੱਚਿਆਂ ਨੂੰ ਅਰਦਾਸ ਕਰਨੀ ਸਿਖਾਉ। ਉਹਨਾ ਵਿੱਚ ਮਾਣ ਵਧੇ ਕਿ ਅਸੀਂ ਵੀ ਗੁਰੂ ਲਾਗੇ ਬੈਠ ਸਕਦੇ ਹਾਂ ਤੇ ਉਹ ਹੋਰ ਨੇੜੇ ਹੋ ਕੇ ਬੈਠਣ। ਅਸੀਂ ਤੁਜਰਬਾ ਕੀਤਾ ਹੈ ਜਦ ਬੱਚਿਆਂ ਨੂੰ ਤੁਸੀਂ ਜਿੰਮੇਵਾਰੀ ਦਿੰਦੇ ਹੋ ਤਾਂ ਉਹ ਦੌੜ-ਦੌੜ ਸੰਗਤ ਵਿੱਚ ਬੈਠਦੇ ਹਨ ਕਿ ਸਾਡੇ ਵੀ ਕੁੱਝ ਕਰਨ ਵਾਲਾ ਇਥੇ ਹੈ। ਉਹ ਚੌਰ ਕਰਨ, ਹੁਕਮਨਾਮਾ ਲੈਣ, ਅਰਦਾਸ ਕਰਨ, ਕੀਰਤਨ ਕਰਨ। ਉਹਨਾ ਨੂੰ ਡਾਕਟਰ ਇੰਨਜੀਨੀਅਰ ਜੋ ਮਰਜੀ ਬਣਾਉ ਪਰ ਬੰਦੇ ਦੇ ਪੁੱਤ ਬਣਾਉਂਣ ਵਲ ਵੀ ਥੋੜੀ ਤਵੱਕੋਂ ਦਿਉ ਤਾਂ ਕਿ ਉਹ ਡਰੱਗਜ਼ ਤੇ ਹੋਰ ਕਾਲੇ-ਚਿੱਟੇ ਧੰਦਿਆਂ ਤੋਂ ਬਚ ਸਕਣ। ਅਪਣੇ ਘਰਾਂ ਵਿੱਚ ਆਪ ਪ੍ਰੋਗਰਾਮ ਕਰੋ ਉਥੇ ਇਕੱਠੇ ਹੋਏ ਪੈਸੇ ਪਿੱਛੇ ਅਪਣੇ-ਅਪਣੇ ਪਿੰਡਾਂ ਦੀ ਭਲਾਈ ਤੇ ਲਾਵੋ, ਉਥੇ ਕੋਈ ਲਾਇਬ੍ਰੇਰੀ ਖੋਲ੍ਹੋ, ਕੋਈ ਜਿੰਮ ਬਗੈਰਾ ਹੀ ਖੋ੍ਹਲ ਦਿਉ ਕਿ ਖੁਰ ਰਹੀ ਜਵਾਨੀ ਬੱਚ ਸਕੇ। ਦੂਜਾ ਇਥੇ ਗੁਰਦੁਆਰਿਆਂ ਨੂੰ ਜਾ ਕੇ ਕੋਟਾਂ ਵਿੱਚ ਕੌਮ ਦੀ ਖੇਹ-ਖਰਾਬੀ ਹੋਣੋਂ ਬਚੇ ਤੇ ਚਲ ਰਹੇ ਧੰਦੇ ਨੂੰ ਠੱਲ ਪਵੇ। ਕੋਈ ਪਾਪ ਨਹੀ ਬੇਸ਼ਕ ਕਿਸੇ ਲਾਇਕ ਬੱਚੇ ਉਪਰ ਹੀ ਉਹ ਪੈਸਾ ਖਰਚ ਦਿਉ ਜਿਸ ਨਾਲ ਉਹ ਕੌਮ ਦੀ ਕਿਤੇ ਭਲਾਈ ਦੇ ਕੰਮ ਆ ਸਕਦਾ ਹੋਵੇ। ਜਿਵੇਂ ਉਹ ਸਪੋਰਟਸ ਵਿੱਚ ਅਗੇ ਵਧ ਰਿਹਾ ਤਾਂ ਉਸ ਨੂੰ ਉਤਸ਼ਾਹਤ ਕਰਨ ਲਈ। ਤੁਹਾਨੂੰ ਪਾਪਾਂ ਤੋਂ ਡਰਾਇਆ ਜਾ ਰਿਹਾ ਪਰ ਚੌਧਰੀ ਲੋਕ ਖੁਦ ਮਿਲੀਅਨ ਦੇ ਹਿਸਾਬ ਕੋਟਾਂ ਵਿੱਚ ਗੁਰੂ ਕੀ ਗੋਲਕ ਬਰਬਾਦ ਕਰ ਰਹੇ ਹਨ ਇਹਨਾ ਨੂੰ ਕੋਈ ਪਾਪ ਨਹੀ? ਇੱਕ ਦਿਲਚਸਪ ਗੱਲ ਸੁਣਾ ਕੇ ਖਤਮ ਕਰਦੇ ਹਾਂ ਕਿ ਪਿਛਲੇ ਦਿਨੀ ਅਸੀਂ ਅਪਣੇ ਘਰੇ ਸਹਿਜ ਪਾਠ ਦਾ ਭੋਗ ਪਾਇਆ। ਗੁਰੂ ਗਰੰਥ ਸਾਹਿਬ ਜੀ ਦੀ ਬੀੜ ਸ੍ਰ ਬਲਦੇਵ ਸਿੰਘ ਦੇ ਘਰੋਂ ਲੈ ਆਏ। ਇਕੱਠੇ ਹੋਏ ਪੈਸੇ ਕਿਸੇ ਸੱਜਣ ਨੇ ਬੰਨ ਕੇ ਰੁਮਾਲਿਆਂ ਵਾਲੇ ਸੂਟਕੇਸ ਵਿੱਚ ਹੀ ਪਾ ਦਿਤੇ। ਵੈਸੇ ਉਹ ਪੈਸੇ ਅਸੀਂ ਸਿੱਖ ਲਹਿਰ ਦੇ ਖਾਤੇ ਵਿੱਚ ਪਾ ਦਈਦੇ ਹਨ ਜਿਹੜੇ ਗੁਰਬਾਣੀ ਦੀਆਂ ਮੁਫਤ ਸੀਡੀਜ਼ ਲੋਕਾਂ ਵਿੱਚ ਪਹੁੰਚਾਉਂਣ ਲਈ ਵਰਤ ਲਏ ਜਾਂਦੇ ਹਨ। ਸ੍ਰ ਬਲਦੇਵ ਸਿੰਘ ਦੇ ਘਰੋਂ ਭੈਣ ਜੀ ਰੁਮਾਲੇ ਦੇ ਉਪਰ ਦੀ ਵੀ ਇੱਕ ਤੌਲੀਆ ਬੰਨ ਕੇ ਉਹ ਪੈਸੇ ਵਾਪਸ ਲਈ ਆਉਂਣ! ਜਦ ਉਹਨਾ ਨੂੰ ਦੂਹਰੇ-ਤੀਹਰੇ ਥਾਂ ਵਲੇਟੇ ਪੈਸਿਆਂ ਦਾ ਕਾਰਨ ਪੁੱਛਿਆ ਤਾਂ ਉਹਨਾ ਦੱਸਿਆ ਕਿ ਅਸੀਂ ਸੋਚਿਆ ਕਿਤੇ ਬਾਬਾ ਜੀ ਦੇ ਪੈਸਿਆਂ ਨੂੰ ਹੱਥ ਨਾ ਲੱਗ ਜਾਏ! ਅਸੀਂ ਇੰਝ ਬਿੱਲਕੁਲ ਨਹੀ ਬਾਬਾ ਜੀ ਦੇ ਪੈਸਿਆ ਨਾਲ ਭਿੱਟਦੇ ਬਸ਼ਰਤਿ ਕਿ ਉਹ ਪੈਸਾ ਈਮਾਨਦਾਰੀ ਨਾਲ ਸਿੱਖ ਕੌਮ ਦੀ ਹੀ ਭਲਾਈ ਤੇ ਖਰਚਿਆ ਜਾਵੇ।

ਗੁਰਦੇਵ ਸਿੰਘ ਸੱਧੇਵਾਲੀਆ




.