.

‘ਹਸਤ ਖੇਲਤ ਤੇਰੇ ਦੇਹੁਰੇ ਆਇਆ’

ਅਰਥ ਨਿਖਾਰ-੩

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ, 1956

ਭਗਤ ਨਾਮਦੇਵ ਜੀ ਦਾ ਇਹ ਪੂਰਾ ਸ਼ਬਦ ਇਸ ਤਰ੍ਹਾਂ ਹੈ: "ਹਸਤ ਖੇਲਤ ਤੇਰੇ ਦੇਹੁਰੇ ਆਇਆ ॥ ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥ ਲੈ ਕਮਲੀ ਚਲਿਓ ਪਲਟਾਇ ॥ ਦੇਹੁਰੈ ਪਾਛੈ ਬੈਠਾ ਜਾਇ ॥੨॥ ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥" (ਪੰ: ੧੧੬੪) ਆਮ ਤੌਰ `ਤੇ ਭਗਤ ਜੀ ਦਾ ਇਹ ਸ਼ਬਦ ਗੁਰਬਾਣੀ ਦੇ ਕੁੱਝ ਹੋਰ ਸ਼ਬਦਾਂ ਵਾਂਙ ਕੇਵਲ ਵਰਣਾਤਮਕ ਅਰਥਾਂ `ਚ ਲਿਆ ਜਾ ਰਿਹਾ ਹੈ ਜੋ ਗੁਰਬਾਣੀ ਸਿਧਾਂਤ ਦੀ ਕਸੌਟੀ `ਤੇ ਪੂਰੇ ਨਹੀਂ ਉਤਰਦੇ। ਅਰਥ ਹੋ ਰਹੇ ਹਨ "ਨਾਮਦੇਵ ਕਹਿੰਦੇ ਹਨ, ਮੈ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ, ਚੂੰਕਿ ਇਹ ਲੋਕ ‘ਮੇਰੀ ਜਾਤਿ ਹੀਨੜੀ (ਨੀਂਵੀਂ) ਸਮਝਦੇ ਹਨ, ਇਹਨਾ ਨੇ ਮੈਨੂੰ ਭਗਤੀ ਕਰਦੇ ਨੂੰ ਬਾਹੋਂ ਫੜ ਕੇ ਮੰਦਰ `ਚੋਂ ਉਠਾ ਦਿੱਤਾ। ਇਸ ਤਰ੍ਹਾਂ ਉਥੋਂ ਮੈ ਆਪਣੀ ਕੰਬਲੀ ਲੈ ਕੇ ਮੁੜ ਆਇਆ ਤੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ। ਉਪ੍ਰੰਤ ਅਜਬ ਖੇਡ ਵਰਤੀ ਕਿ ਜਿਉਂ ਜਿਉਂ ਪਿਛਲੇ ਪਾਸੇ ਬੈਠ ਕੇ ਮੈ ਤੇਰੇ (ਪ੍ਰਭੂ ਦੇ) ਗੁਣ ਗਾਉਂਦਾ ਤਿਉਂ ਤਿਉਂ ਭਗਤਾਂ ਦੀ ਖ਼ਾਤਰ, ਉਹ ਮੰਦਿਰ ਵੀ ਫਿਰਦਾ" ਖੂਬੀ ਇਹ, ਜੇ ਕਰ ਭਗਤ ਜੀ ਦੇ ਸ਼ਬਦ ਦੇ ਪ੍ਰਚਲਤ ਅਰਥਾਂ ਨੂੰ ਹੀ ਲਈਏ ਤਾਂ ਇਹ ਅਰਥ ਖੁਦ ਨਾਮਦੇਵ ਜੀ ਦੇ ਗੁਰਬਾਣੀ ਵਿਚਲੇ ੬੧ ਸ਼ਬਦਾਂ ਦੀ ਕਸੌਟੀ `ਤੇ ਵੀ ਪੂਰੇ ਨਹੀਂ ਉਤਰਦੇ। ਜ਼ਰੂਰੀ ਹੈ ਕਿ ਪ੍ਰਚਲਤ ਅਰਥਾਂ ਨੂੰ ਪਹਿਲਾਂ ਕੇਵਲ ਨਾਮਦੇਵ ਜੀ ਦੇ ਆਪਣੇ ਸ਼ਬਦਾਂ ਦੇ ਆਧਾਰ `ਤੇ ਹੀ ਪਰਖਿਆ ਜਾਵੇ।

(ੳ) ਭਗਤ ਜੀ ਅਤੇ ਦੇਵੀ –ਦੇਵਤੇ-ਜਿਵੇਂ "ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ" (ਪ: ੮੭੪) ਭਾਵ, ਐ ਪੰਡਿਤ ਜੀ! ਮੈਨੂੰ ਤਾਂ ਕੇਵਲ ਇੱਕ ਰਮਈਆ ਰਾਮ ਦੀ ਹੀ ਲੋੜ ਹੈ ਅਤੇ ਉਸਦੇ ਬਦਲੇ, ਮੈ ਤੁਹਾਡੇ ਸਾਰੇ ਦੇਵੀ ਦੇਵਤੇ, ਤੁਹਾਨੂੰ ਵਾਪਸ ਕਰਦਾ ਹਾਂ। — ਫ਼ਿਰ ਰਮਈਆ ਰਾਮ ਬਾਰੇ ਵੀ ਆਪ ਵਿਆਖਿਆ ਕਰਦੇ ਹਨ "ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ" ਅਤੇ ਰਮਈਆ ਰਾਮ ਬਾਰੇ ਹੋਰ ਵੀ ਕਹਿੰਦੇ ਹਨ "ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾ ਰੇ ॥ ਅਸਥਾਵਰ ਜੰਗਮ ਕੀਟ ਪਤੰਗਮ, ਘਟਿ ਘਟਿ ਰਾਮੁ ਸਮਾਨਾ ਰੇ" (ਪੰ: ੯੮੮) ਇਥੋਂ ਤੀਕ "ਅਸੰਖ ਕੋਟਿ ਅਨ ਪੂਜਾ ਕਰੀ ॥ ਏਕ ਨ ਪੂਜਸਿ ਨਾਮੈ ਹਰੀ" (ਪੰ: 1163)। "ਭਾਵ ਭਾਵੇਂ ਤੂੰ ਅਸੰਖਾਂ-ਕਰੋੜਾਂ ਦੇਵੀ-ਦੇਵਤਿਆਂ ਤੇ ਹੋਰ ਪੂਜਾਵਾਂ `ਚ ਰੁਝਿਆ ਰਹਿ, ਇਸ ਨਾਲ ਤੈਨੂੰ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ।

(ਅ) ਨਾਮਦੇਵ ਅਤੇ ਅਵਤਾਰ ਪੂਜਾ-ਅਵਤਾਰ ਪੂਜਾ ਬਾਰੇ ਨਾਮਦੇਵ ਜੀ ਕਹਿੰਦੇ ਹਨ "ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ" (ਪੰ: 874) ਅਤੇ ਕ੍ਰਿਸ਼ਨ ਜੀ ਬਾਰੇ ਵੀ "ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇ ਰਵੀ ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ" (ਪੰ: 727) ਭਾਵ ਐ ਪ੍ਰਭੂ ਤੇਰਾ ਵਾਸਾ ਤਾਂ ਜ਼ਰੇ ਜ਼ਰੇ `ਚ ਹੈ, ਜੋ ਲੋਕ ਤੈਨੂੰ ਦੁਆਰਕਾ `ਚ ਕ੍ਰਿਸ਼ਨ ਦੀਆਂ ਰਾਸਾਂ ਤੀਕ ਸੀਮਿਤ ਕਰਦੇ ਹਨ, ਉਹਨਾਂ ਨੂੰ ਤੇਰੀ ਸੋਝੀ ਨਹੀਂ। ਇਸ ਲਈ "ਖੂਬੁ ਤੇਰੀ ਪਗਰੀ, ਮੀਠੇ ਤੇਰੇ ਬੋਲ ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ" ਤੇਰਾ ਤਾਂ ਪਸਾਰਾ ਹੀ ਬਹੁਤ ਵੱਡਾ ਹੈ, ਇਸ ਲਈ ਦੁਆਰਕਾ ਦਾ ਕ੍ਰਿਸ਼ਨ ਹੋਵੇ ਜਾਂ ਇਸਲਾਮੀ ਕੇਂਦਰ ਮੱਕਾ, ਨਾਮਦੇਵ ਦਾ ਸੁਆਮੀ ਤਾਂ ਸਰਵ-ਵਿਆਪਕ ਹੈ।

(ੲ) ਨਾਮਦੇਵ ਦਾ ਮੰਦਿਰ ਜਾਣਾ ਤੇ ਪੱਥਰ-ਮੂਰਤੀ ਪੂਜਾ- ਸਪਸ਼ਟ ਹੋਇਆ, ਨਾਮਦੇਵ ਨਾ ਦੇਵੀ-ਦੇਵਤਿਆਂ ਦੇ ਉਪਾਸ਼ਕ ਸਨ ਤੇ ਨਾ ਅਵਤਾਰ ਪੂਜਕ। ਜਦਕਿ ਮੰਦਿਰਾਂ ਦਾ ਆਧਾਰ ਹੀ ਅਵਤਾਰਾਂ-ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੇ ਉਹਨਾਂ ਦੀ ਪੂਜਾ ਹੈ। ਤਾਂ ਤੇ ਉਹਨਾਂ ਨੇ ਮੰਦਿਰ `ਚ ਜਾਣਾ ਹੀ ਕਿਉਂ ਸੀ? ਸ਼ਬਦ ਦੇ ਵਰਣਾਤਮਕ ਅਰਥ ਤਾਂ ਇਹ ਵੀ ਸਾਬਤ ਕਰ ਰਹੇ ਹਨ ਕਿ ਭਗਤ ਜੀ ਉਥੇ ਪੂਜਾਰੀਆਂ ਨੂੰ ਉਪਦੇਸ਼ ਦੇਣ ਵੀ ਨਹੀਂ ਸਨ ਗਏ। ਉਪ੍ਰੰਤ ਪੱਥਰ- ਮੂਰਤੀ ਆਦਿ ਦੀ ਪੂਜਾ ਬਾਰੇ ਵੀ ਭਗਤ ਜੀ ਕਹਿ ਰਹੇ ਹਨ "ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ" (ਪੰ: ੫੨੫) ਇਸੇ ਤਰ੍ਹਾਂ ਇੱਕ ਹੋਰ ਸ਼ਬਦ `ਚ "ਆਨੀਲੇ ਕੁੰਭ, ਭਰਾਈਲੇ ਊਦਕ, ਠਾਕੁਰ ਕਉ ਇਸਨਾਨੁ ਕਰਉ.. "(ਪੰ: ੪੮੫) ਪੱਥਰ ਪੂਜਾ ਦੇ ਭਰਮ `ਚ ਫਸੇ ਮਨੁੱਖ ਨੂੰ ਬੜੇ ਸਲੀਕੇ ਨਾਲ, ਮਿਸਾਲਾਂ ਦੇ ਕੇ ਇਸ ਕਰਮ ਤੋਂ ਹਟਾ, ਪ੍ਰਭੂ ਦੀ ਗੱਲ ਸਮਝਾ ਰਹੇ ਹਨ।

(ਸ) ਭਗਤ ਜੀ ਅਤੇ ਕਰਮ ਕਾਂਡ- ਦੇਵੀ ਦੇਵ-ਅਵਤਾਰ ਪੂਜਾ `ਤੇ ਸੰਪੂਰਣ ਕਰਮ ਕਾਂਡਾਂ ਬਾਰੇ ਕਹਿੰਦੇ ਹਨ "ਬਾਨਾਰਸੀ ਤਪੁ ਕਰੈ ਉਲਟ……ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ.. ". (ਪੰ: ੯੭੩) ਇਸੇ ਤਰ੍ਹਾਂ "ਅਸੁਮੇਧ ਜਗਨੇ.. "ਵਾਲੇ ਸ਼ਬਦ (ਪੰ: ੮੭੩) `ਚ ਵੀ ਅਨੇਕਾਂ ਕਰਮਮਾਂਡ ਗਿਣਵਾ ਕੇ ਫ਼ੈਸਲਾ ਦੇਂਦੇ ਹਨ "ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ" ਭਾਵ ਇਹ ਸਭ ਕਰਮ ਫੋਕਟ ਹਨ, ਇਹਨਾ ਨਾਲ ਪ੍ਰਭੂ ਮਿਲਾਪ ਨਹੀਂ ਹੋ ਸਕਦਾ। ਉਪ੍ਰੰਤ ਦੂਜੀਆਂ ਹੋਰ ਪੂਜਾਵਾਂ ਬਾਰੇ "ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥ ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨਾ=ਉਗੋ ॥  ॥ ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥ ਨਾਮਾ ਕਹੈ ਚਿਤੁ ਹਰਿ ਸਿਉ ਰਾਤਾ, ਸੁੰਨ ਸਮਾਧਿ ਸਮਾਉਗੋ "(ਪੰ: ੯੭੨) ਪੁਨਾ "…ਪੰਡਿਤੁ ਹੋਇ ਕੈ ਬੇਦੁ ਬਖਾਨੈ ॥ ਮੂਰਖੁ ਨਾਮਦੇਉ ਰਾਮਹਿ ਜਾਨੈ.... ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈਂ.. "(ਪੰ: ੭੧੮)

(ਹ) ਨਾਮਦੇਵ ਅਕਾਲਪੁਰਖ ਦੇ ਹੀ ਪੂਜਾਰੀ- ਨਾਮਦੇਵ ਉਸ ਇੱਕ ਦੇ ਪੂਜਾਰੀ ਹਨ ਜੋ ਆਕੁਲ ਤੇ ਸਰਵ-ਵਿਆਪਕ ਹੈ। ਜਿਵੇਂ "ਕਉਣੁ ਕਹੈ, ਕਿਣਿ ਬੂਝੀਐ, ਰਮਈਆ ਆਕੁਲੁ, ਰੀ ਬਾਈ" (ਪੰ: ੫੨੫) ਅਤੇ "ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ" (ਪੰ: ੮੭੫) "ਜਤ੍ਰ ਜਾਉ, ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ" ਅਤੇ "ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀਂ ॥ ਥਾਨ ਥਨੰਤਰਿ ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ ਸਰਬ ਮਹੀ" (ਪੰ: 485)

(ਕ) ਨੀਵੀਂ ਜਾਤ ਦਾ ਵੀ ਗਿਲਾ ਨਹੀਂ- ਨਾਮਦੇਵ ਤਾਂ ਫ਼ਖ਼ਰ ਨਾਲ ਕਹਿੰਦੇ ਹਨ "ਰਾਂਗਨਿ ਰਾਂਗਉ ਸੀਵਨਿ ਸੀਵਉ ॥ ਰਾਮ ਨਾਮ ਬਿਨੁ ਘਰੀਅ ਨ ਜੀਵਉ ॥  ॥ ਭਗਤਿ ਕਰਉ ਹਰਿ ਕੇ ਗੁਨ ਗਾਵਉ ॥ ਆਠ ਪਹਰ ਅਪਨਾ ਖਸਮੁ ਧਿਆਵਉ ॥  ॥ ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥ ਨਾਮੇ ਕਾ ਚਿਤੁ ਹਰਿ ਸਉ ਲਾਗਾ" (ਪੰ: ੪੮੫) ਇਹੀ ਨਹੀਂ ਨਾਮਦੇਵ ਕਹਿੰਦੇ ਹਨ "ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ ॥ ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ" (ਪੰ: ੪੮੬) ਭਾਵ ਪ੍ਰਭੂ! ਤੂੰ ਬੜੀ ਬਖਸ਼ਿਸ਼ ਕੀਤੀ ਜੌ ਮੈਨੂੰ ਛੀਪੇ ਦੇ ਘਰ ਜਨਮ ਦਿੱਤਾ, ਤੇ ਉਹ ਵੀ ਇੰਨਾ ਵਧੀਆ, ਜਿਥੋਂ ਕਿ ਨਾਮਦੇਵ ਨੇ ਸਾਧਸੰਗਤ ਦੇ ਮਿਲਾਪ ਕਾਰਨ ਤੈਨੂੰ ਪਾ ਲਿਆ ਹੈ।

(ਖ) "ਜਿਉ ਰਾਮੁ ਰਾਖੈ- ਭਗਤ ਜੀ ਤਾਂ ਕਹਿ ਰਹੇ ਹਨ "ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥ ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ" ਪੂਰਾ ਸ਼ਬਦ ਹੈ "ਕਬਹੂ ਖੀਰਿ ਖਾਡ ਘੀਉ ਨ ਭਾਵੈ ॥ ਕਬਹੂ ਘਰ ਘਰ ਟੂਕ ਮਗਾਵੈ ॥ ਕਬਹੂ ਕੂਰਨੁ ਚਨੇ ਬਿਨਾਵੈ ॥  ॥ ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥ ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥  ॥ ਰਹਾਉ ॥ ਕਬਹੂ ਤੁਰੇ ਤੁਰੰਗ ਨਚਾਵੈ ॥ ਕਬਹੂ ਪਾਇ ਪਨਹੀਂਓ ਨ ਪਾਵੈ ॥  ॥ ਕਬਹੂ ਖਾਟ ਸੁਪੇਦੀ ਸੁਵਾਵੈ ॥ ਕਬਹੂ ਭੂਮਿ ਪੈਆਰੁ ਨ ਪਾਵੈ ॥  ॥ ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥ ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ॥  ॥" (ਪੰ: ੧੧੬੪) ਬਲਕਿ ਭਗਤ ਜੀ ਲਈ ਤਾਂ ਪ੍ਰਭੂ ਦੀਆਂ ਖੇਡਾਂ ਇਉਂ ਹਨ "ਜੌ ਰਾਜੁ ਦੇਹਿ ਤ ਕਵਨ ਬਡਾਈ ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ" (ਪੰ: ੫੨੫)।

(ਗ) ਨਾਮਦੇਵ ਨਿੰਦਾ ਉਸਤਤ ‘ਤੋਂ ਉਪਰ- ਨਾਮਦੇਵ ਇਤਨੀ ਉਚੀ ਆਤਮਕ ਅਵਸਥਾ ਨੂੰ ਪੁੱਜ ਚੁਕੇ ਸਨ ਕਿ ਉਹਨਾਂ ਲਈ ਸੰਸਾਰ ਦੀ ਉਸਤਤ-ਨਿੰਦਾ `ਚ ਭੇਦ ਨਹੀਂ ਸੀ ਰਿਹਾ। ਫ਼ੁਰਮਾਉਂਦੇ ਹਨ "ਉਸਤਤਿ ਨਿੰਦਾ ਕਰੈ ਨਰੁ ਕੋਈ ॥ ਨਾਮੇ ਸ੍ਰੀਰੰਗੁ ਭੇਟਲ ਸੋਈ" (ਪੰ: ੧੧੬੪)। ਬਲਕਿ "ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ ਤਨੁ ਮਨੁ ਰਾਮ ਪਿਆਰੇ ਜੋਗੁ" (ਪੰ: ੧੧੬੪)।

ਸ਼ਬਦ ਦੇ ਲਏ ਜਾ ਰਹੇ ਅਰਥ ਅਤੇ ਭਗਤ ਜੀ- ਇਸ ਤਰ੍ਹਾਂ ਹੱਥਲੇ ਸ਼ਬਦ ਦੇ ਲਏ ਜਾ ਰਹੇ ਵਰਣਾਤਮਕ ਅਰਥਾਂ ਮੁਤਾਬਕ ਤਾਂ ਨਾਮਦੇਵ ਪ੍ਰਮਾਤਮਾ ਨੂੰ ਉਲਾਮਾਂ ਦੇ ਰਹੇ "ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ ਛੀਪੇ ਕੇ ਜਨਮਿ ਕਾਹੇ ਕਉ ਆਇਆ" । ਜੇ ਕਰ ਸਾਡੇ ਕੀਤੇ ਅਰਥ ਹੀ ਠੀਕ ਹਨ ਤਾਂ ਭਗਤ ਜੀ ਦੀ ਆਪਣੀ ਬਾਣੀ `ਚ ਹੀ ਸਵੈ ਵਿਰੋਧ ਬਣ ਜਾਵੇਗਾ। ਖੂਬੀ ਇਹ, ਜਦੋਂ ਗੱਲ ਨਾ ਜੁੜੇ ਤਾਂ ਵਿਰੋਧੀ ਬਲਕਿ ਕਈ ਵਾਰ ਆਪਣੇ ਸੱਜਨ ਵੀ ਕਹਿ ਉਠਦੇ ਹਨ, ਹੋ ਸਕਦਾ ਹੈ "ਹੋ ਸਕਦਾ ਹੈ ਕਿ ਇਹ ਸ਼ਬਦ ਭਗਤ ਜੀ ਦੀ ਪਹਿਲੀ ਅਵਸਥਾ ਦਾ ਹੋਵੇ। ਇਸ ਤੇ ਸਾਨੂੰ ਇਹ ਧਿਆਨ ਵੀ ਰਹਿਣਾ ਚਾਹੀਦਾ ਹੈ, ਜੇਕਰ ਸ਼ਬਦ ਭਗਤ ਜੀ ਦੀ ਪਹਿਲਾਂ ਰਹਿ ਚੁੱਕੀ ਅਵਸਥਾ ਦਾ ਹੀ ਸੀ ਤਾਂ ਗੁਰੂ ਪਾਤਸ਼ਾਹ ਇਸਨੂੰ ‘ਧੁਰ ਕੀ ਬਾਣੀ’ ਵਾਲੀ ਬਰਾਬਰੀ ਨਹੀਂ ਸਨ ਦੇ ਸਕਦੇ। ਕਿਉਂਕਿ ਗੁਰਦੇਵ ਨੇ ਭਗਤਾਂ ਦੀਆਂ ਕੇਵਲ ਉਹ ਰਚਨਾਵਾਂ ਹੀ ਪ੍ਰਵਾਣ ਕੀਤੀਆਂ ਜਿਨ੍ਹਾਂ ਦਾ ਸੰਬੰਧ ਭਗਤਾਂ ਦੀ ਸਫ਼ਲ ਅਵਸਥਾ ਨਾਲ ਸੀ। ਉਂਝ ਵੀ ਗੁਰਦੇਵ ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਲਈ ਜੋ ਸਿਧਾਂਤ ਬਖਸ਼ਿਆ, ਉਹ ਹੈ "ਇਕਾ ਬਾਣੀ ਇਕੁ ਗੁਰ, ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਭਾਵ ਲਿਖਾਰੀ ਚਾਹੇ ਪੈਂਤੀ ਹਨ, ਪਰ ਸੰਪੂਰਣ ਗੁਰਬਾਣੀ ਇਕੋ ਹੀ ਧੁਰੇ ਨਾਲ, ਇਕੋ ਇਲਾਹੀ ਗੁਰੂ ਨਾਲ ਮਿਲਾਉਣ ਵਾਲੀ ਹੈ, ਇਸ `ਚ ਕਿਧਰੇ ਸਿਧਾਂਤ ਵਿਰੋਧ ਨਹੀਂ।

ਕਮਾਲ! ਸੰਪੂਰਣ ਗੁਰਬਾਣੀ ਤਾਂ ਦੂਰ, ਅਸਾਂ ਕੇਵਲ ਨਾਮਦੇਵ ਜੀ ਦੇ ਸ਼ਬਦਾਂ ਦੇ ਅਰਥ ਸਮਝਦੇ ਸਮੇਂ ਹੀ ਸਵੈ-ਵਿਰੋਧ ਪੈਦਾ ਕਰ ਦਿੱਤਾ। ਫ਼ਿਰ ਵੀ ਆਪਣੇ ਆਪ ਨੂੰ ਘੋਖਣ ਲਈ ਤਿਆਰ ਨਹੀਂ ਕਿ ਅਜੇਹਾ ਕਿਉਂ? ਆਓ ਇਸੇ ਵਿਸ਼ੇ ਨਾਲ ਸੰਬੰਧਤ ਭਗਤ ਜੀ ਦਾ ਇੱਕ ਹੋਰ ਸ਼ਬਦ ਲੈਂਦੇ ਹਾਂ, ਵਿਸ਼ਾ ਆਪਣੇ ਆਪ ਸਾਫ਼ ਹੋ ਜਾਵੇਗਾ। ਸ਼ਬਦ ਹੈ- "ਮਲਾਰ ॥ ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ ॥  ॥ ਰਹਾਉ ॥ ਆਲਾਵੰਤੀ ਇਹੁ ਭ੍ਰਮੁ ਜੋ ਹੈ, ਮੁਝ ਊਪਰਿ ਸਭ ਕੋਪਿਲਾ ॥ ਸੂਦੁ ਸੂਦੁ ਕਰਿ ਮਾਰਿ ਉਠਾਇਓ, ਕਹਾ ਕਰਉ ਬਾਪ ਬੀਠੁਲਾ ॥  ॥ ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ, ਤੇਰੀ ਪੈਜ ਪਿਛੰਉਡੀ ਹੋਇਲਾ ॥  ॥ ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈ, ਅਤਿਭੁਜ ਭਇਓ ਅਪਾਰਲਾ ॥ ਫੇਰਿ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ ॥    ॥ (ਪੰ: ੧੨੯੨) ਅਰਥ- ਹੇ ਮੇਰੇ ਰਮਈਆ ਰਾਮ! ਮੈਨੂੰ ਤੂੰ ਨਾ ਵਿਸਾਰੀਂ, ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ। ੧। ਰਹਾੳ---ਇਹਨਾ ਪਾਂਡਿਆਂ ਨੂੰ ਵਹਿਮ ਹੈ ਕਿ ਇਹ ਉਚ ਜਾਤੀ ਦੇ ਹਨ, ਇਸ ਲਈ ਇਹ ਮੇਰੇ `ਤੇ ਗੁੱਸੇ ਹੁੰਦੇ ਹਨ; ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ। ੧। —ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲਗਣਾ; ਇਹ ਪਾਂਡੇ ਮੈਨੂੰ ਨੀਚ ਆਖਦੇ ਹਨ, ਇਸ ਤਰ੍ਹਾਂ ਤੇਰੀ ਆਪਣੀ ਹੀ ਇਜ਼ਤ ਘੱਟਦੀ ਹੈ ਭਾਵ ਕੀ ਤੇਰੀ ਬੰਦਗੀ ਕਰਨ ਵਾਲਾ ਬੰਦਾ ਨੀਚ ਰਹਿ ਜਾਂਦਾ ਹੈ? । ੨। —ਹੇ ਮੇਰੇ ਰਾਮ! ਤੂੰ ਤਾਂ ਸਭਨਾਂ `ਤੇ ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ (ਫ਼ਿਰ ਭਾਵੇਂ ਕੋਈ ਅਖੌਤੀ ਨੀਚ ਕੁਲ ਦਾ ਹੋਵੇ ਜਾਂ ਉਚੀ ਕੁਲ ਦਾ) ਅਤੇ ਤੂੰ ਹੈਂ ਵੀ ਬੜਾ ਬਲੀ ਤੇ ਬੇਅੰਤ। ਸ਼ਬਦ ਦੀ ਸਮਾਪਤੀ `ਤੇ ਨਾਮਦੇਵ ਕਹਿੰਦੇ ਹਨ, ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ ਦੇਹੁਰਾ ਹੀ ਮੇਰੇ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ। ੩।

ਦੋਵੇਂ ਸ਼ਬਦ ਆਹਮਣੇ ਸਾਹਮਣੇ- ੧. ਇਥੇ ਪਹਿਲਾ ਨੁਕਤਾ ਤਾਂ ਇਹ ਹੈ ਜੇਕਰ ਨਾਮਦੇਵ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਹੁੰਦੇ, ਤਾਂ ਉਹ ਪੂਜਾ ਤਾਂ ਬੀਠੁਲ ਦੇ ਮੰਦਰ `ਚ ਜਾ ਕੇ ਹੀ ਹੋ ਸਕਦੀ ਸੀ। ਫ਼ਿਰ ਇਸੇ ਹੀ ਸ਼ਬਦ `ਚ ਭਗਤ ਜੀ ਉਸੇ ਬੀਠੁਲ ਨੂੰ ‘ਰਮਈਆ’ ਵੀ ਜੋ ਅਵਤਾਰ ਪੂਜਾ ਵਾਲੇ ਲੋਕ, ਰਾਮ ਨੂੰ ਕਹਿੰਦੇ ਹਨ ਅਤੇ ਇਸ ਲਈ ਮੰਦਿਰ ਵੀ ਦੂਜੇ ਹੀ ਹੁੰਦੇ ਹਨ। ਸਪਸ਼ਟ ਹੈ ਕਿ ਨਾਮਦੇਵ ਕਦੇ ਕਿਸੇ ਮੰਦਿਰ `ਚ ਨਹੀਂ ਗਏ। ਕਿਉਂਕਿ ਉਹਨਾਂ ਲਈ ਰਮਈਆ, ਬੀਠੁਲ ਜਾਂ ਮੁਕੰਦ ਆਦਿ ਕੇਵਲ ਉਹੀ ਹੈ ਜਿਸ ਦੇ ਲਈ ਆਪ ਕਹਿੰਦੇ ਹਨ "ਸਭੈ ਘਟ ਰਾਮੁ ਬੋਲੈ ਰਾਮਾ ਬੋਲੈ" ਜਾਂ "ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀਂ ॥ ਥਾਨ ਥਨੰਤਰਿ ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ ਸਰਬ ਮਹੀ" ਜਾਂ "ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ" (ਪੰ: ੮੭੫)। ਦੂਜਾ ਨੁਕਤਾ- ਦੂਜੇ ਸ਼ਬਦ `ਚ ਤਾਂ ਮੰਦਿਰ ਜਾਣ ਦੀ ਗੱਲ ਉਕਾ ਹੈ ਹੀ ਨਹੀਂ ਜਦਕਿ "ਫੇਰਿ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ" ਵਾਲੀ ਗੱਲ਼ ਇਥੇ ਵੀ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪਹਿਲੇ ਸ਼ਬਦ `ਚ। ਸਪਸ਼ਟ ਹੈ ਕਿ ਇਹਨਾ ਦੋਨਾਂ ਸ਼ਬਦਾਂ `ਚ ਮਜ਼ਮੂਨ ਦੀ ਵੀ ਸਾਂਝ ਹੈ। ਭਗਤ ਜੀ ਦੇ ਆਪਣੇ ਹੀ ਦੂਜੇ ਸ਼ਬਦਾਂ ਦਾ ਵਿਸ਼ਲੇਸ਼ਣ ਕਰਦੇ ਹੋਏ, ਦੇਖ ਚੁਕੇ ਹਾਂ ਅਜੇਹਾ ਉਲਾਹਣਾ ਕਿ "ਪ੍ਰਭੂ ਤੂੰ ਮੈਨੂੰ ਨੀਵੀਂ ਜਾਤ `ਚ ਕਿਉਂ ਪੈਦਾ ਕੀਤਾ" ਇਥੇ ਅਜੇਹੀ ਗੱਲ਼ ਵੀ ਨਹੀਂ। ਬਲਕਿ ਉਹਨਾਂ ਨੂੰ ਤਾਂ ਫ਼ਖ਼ਰ ਹੈ ਕਿ ਨੀਵੀਂ ਜਾਤ `ਚ ਪੈਦਾ ਹੋ ਕੇ ਜੀਵਨ ਸਫ਼ਲਤਾ ਦੇ ਸ਼ਿਖਰ ਤੀਕ ਜਾ ਪੁੱਜੇ ਹਨ। ਉਹ ਸਫ਼ਲਤਾ, ਜਿਸਨੂੰ ਅਖੌਤੀ ਉਚੀਆਂ ਜਾਤਾਂ ਵਾਲੇ ਵੀ ਆਪਣੀ ਜਾਤ ਦੇ ਹੰਕਾਰ ਕਰਕੇ ਪ੍ਰਾਪਤ ਨਹੀਂ ਕਰ ਸਕਦੇ। ਭਗਤ ਜੀ ਤਾਂ ਇਥੋਂ ਤੀਕ ਕਹਿ ਰਹੇ ਹਨ "ਰਾਂਗਨਿ ਰਾਂਗਉ ਸੀਵਨਿ ਸੀਵਉ ॥ ਰਾਮ ਨਾਮ ਬਿਨੁ ਘਰੀਅ ਨ ਜੀਵਉ" ਬਲਕਿ ਇਹ ਵੀ ਕਹਿ ਰਹੇ ਹਨ- "ਭਗਤਿ ਕਰਉ ਹਰਿ ਕੇ ਗੁਨ ਗਾਵਉ ॥ ਆਠ ਪਹਰ ਅਪਨਾ ਖਸਮੁ ਧਿਆਵਉ" (ਪੰ: ੪੮੫) ਬਲਕਿ ਹੋਰ "ਛੀਪੇ ਕੇ ਘਰਿ ਜਨਮੁ ਦੈਲਾ, ਗੁਰ ਉਪਦੇਸੁ ਭੈਲਾ ॥ ਸੰਤਹ ਕੈ ਪਰਸਾਦਿ, ਨਾਮਾ ਹਰਿ ਭੇਟੁਲਾ" (ਪੰ: ੪੮੬) ਭਾਵ, ਪ੍ਰਭੂ! ਤੂੰ ਬੜੀ ਬਖਸ਼ਿਸ਼ ਕੀਤੀ ਹੈ ਜੋ ਤੂੰ ਮੈਨੂੰ ਛੀਪੇ ਦੇ ਘਰ ਜਨਮ ਦਿੱਤਾ, ਤੇ ਉਹ ਵੀ ਇੰਨਾ ਵਧੀਆ, ਜਿਥੋਂ ਕਿ ਨਾਮਦੇਵ ਨੇ ਸਾਧਸੰਗਤ ਦੇ ਮਿਲਾਪ ਕਾਰਨ (ਹੇ ਪ੍ਰਭੂ! ) ਤੈਨੂੰ ਪਾ ਲਿਆ ਹੈ। ਬਲਕਿ ਇਸ ਸ਼ਬਦ `ਚ ਤਾਂ ਇਹ ਵੀ ਕਹਿ ਰਹੇ ਹਨ "ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ" ਇਸ ਤਰ੍ਹਾਂ ਪ੍ਰਭੂ ਮਿਲਾਪ ਦੀ ਖਿੱਚ ਦੋਨਾਂ ਸ਼ਬਦਾਂ `ਚ ਹੀ ਇਕੋ ਜਹੀ ਹੈ, ਵੱਖ ਵੱਖ ਨਹੀਂ, ਫ਼ਰਕ ਹੈ ਤਾਂ ਬਿਆਨ ਦੇ ਢੰਗ ਦਾ।

"ਉਲਾਹਨੋ ਮੈ ਕਾਹੂ ਨ ਦੀਓ" - ਜਿਵੇਂ ਕਿ ਸੰਬੰਧਤ ਸ਼ਬਦ ਦੇ ਆਪ ਘੜੇ ਅਰਥ ਲੈ ਰਹੇ ਹਾਂ-ਇਸ ਦੇ ਉਲਟ ਜਿਥੋਂ ਤੀਕ ਪ੍ਰਭੂ ਨੂੰ ਉਲਾਹਣੇ ਦੇਣ ਦੀ ਗੱਲ਼ ਹੈ, ਇਸ ਪੱਖੋਂ ਗੁਰਬਾਣੀ ਦਾ ਸਿਧਾਂਤ ਤਾਂ ਹੈ ਹੀ, "ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ" (ਪੰ: ੯੭੮) ਇਸ ਤਰ੍ਹਾਂ ਨਾਮਦੇਵ ਵੀ ਆਪਣੇ ਸ਼ਬਦਾਂ `ਚ ਇਹੀ ਕਿਹ ਰਹੇ ਹੈ "ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ" (ਪੰ: ੧੧੬੪)। ਹੋਰ ਤਾਂ ਹੋਰ, ਚੂਂਕਿ ਭਗਤਾਂ ਦੀ ਬਾਣੀ ਪਹਿਲੇ ਜਾਮੇ `ਚ ਗੁਰੂ ਨਾਨਕ ਪਾਤਸ਼ਾਹ ਨੇ ਆਪ ਇਕਤ੍ਰ ਕੀਤੀ ਸੀ। ਇਸ ਤਰ੍ਹਾਂ ਦਰਜਾ-ਬ-ਦਰਜਾ ਇਹ ਬਾਣੀ ਚੌਥੇ ਪਾਤਸ਼ਾਹ ਤੀਕ ਵੀ ਪੁੱਜੀ ਹੋਈ ਸੀ। ਮਾਲੂਮ ਹੁੰਦਾ ਹੈ ਕਿ ਚੌਥੇ ਪਾਤਸ਼ਾਹ ਨੇ ਵੀ "ਭਗਤ ਜਨਾਂ ਕਉ ਦੇਹੁਰਾ ਫਿਰੈ" (ਪੰ: ੧੧੬੪) ਅਤੇ "ਫੇਰਿ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ" (ਪੰ: ੧੨੯੨) "ਵਾਲੀ ਸ਼ਬਦਾਵਲੀ ਨੂੰ ਹੀ ਸਾਹਮਣੇ ਰਖ ਕੇ, ਇਸੇ ਨੂੰ ਹੋਰ ਸਪਸ਼ਟ ਕੀਤਾ ਹੈ ਜਿਵੇਂ "ਹਰਿ ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ ॥ ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦੁ ਤਰਾਇਆ ॥ ਅਹੰਕਾਰੀਆ ਨਿੰਦਕਾ ਪਿਠਿ ਦੇਇ, ਨਾਮਦੇਉ ਮੁਖਿ ਲਾਇਆ" (ਪੰ: ੪੫੧)।

ਦੋਨਾਂ ਸ਼ਬਦਾਂ ਦਾ ਨਿਚੌੜ- ਦੋਨਾਂ ਸ਼ਬਦਾਂ ਜੋ ਅਸਲ ਗੱਲ ਹੈ ਉਸ ਨੂੰ ਸਮਝਣਾ ਜ਼ਰੂਰੀ ਹੈ। ਗਹਿਰਾਈ `ਚ ਜਾਓ ਤਾਂ, ਸਮਝਦੇ ਦੇਰ ਨਹੀਂ ਲਗਦੀ ਕਿ ਨਾ ਹੀ ਨਾਮਦੇਵ ਕਦੇ ਕਿਸੇ ਮੰਦਿਰ `ਚ ਗਏ ਤੇ ਨਾ ਹੀ ਉਹਨਾਂ ਨੂੰ ਲੋੜ ਹੀ ਸੀ। ਫ਼ਿਰ ਦੂਜੇ ਸ਼ਬਦ `ਚ ਇੱਕ ਹੋਰ ਸੁਆਦਲੀ ਗੱਲ ਵੀ ਹੈ, ਇਸ ਸ਼ਬਦ `ਚ ਸਾਰੀ ਗੱਲ ਹੀ ਉਚ ਜਾਤੀਆਂ ਅਤੇ ਖਾਸ ਕਰ ਬ੍ਰਾਹਮਣ ਵਰਗ ਵਲੋਂ ਅਖੌਤੀ ਨੀਚਾਂ-ਦਲਿਤਾਂ ਨਾਲ ਕੀਤੇ ਜਾ ਰਹੇ ਭੇਦਭਾਵ, ਦੁਰਵਿਹਾਰ, ਤ੍ਰਿਸਕਾਰ ਦਾ ਹੀ ਵਰਨਣ ਹੈ। ਮੰਦਿਰ `ਚ ਜਾਣ ਜਾਂ ਉਥੋਂ ਧੱਕੇ ਪੈਣ ਦਾ ਜ਼ਿਕਰ ਉਕਾ ਨਹੀਂ।

ਆਖ਼ਿਰ ਸ਼ੰਬੂਕ ਦਾ ਕੀ ਕਸੂਰ ਸੀ? ਜੋ ਰਾਮਚੰਦ੍ਰ ਨੇ ਉਸਨੂੰ ਮਾਰ ਦਿੱਤਾ। ਇਹੀ ਕਿ ਉਹ ਸ਼ੂਦਰ ਹੋ ਕੇ ਪ੍ਰਭੂ ਭਗਤੀ ਕਰ ਰਿਹਾ ਸੀ। ਦ੍ਰੋਣਾਚਾਰਿਯ ਨੇ ਏਕਲਵਯ ਦੀ ਉਂਗਲੀ ਕਿਉਂ ਕੱਟੀ? ਕਿਉਂਕਿ ਉਹ ਸ਼ੂਦਰ ਹੋ ਕੇ ਵੀ ਨਿਸ਼ਾਨੇ ਬਾਜ਼ ਬਣ ਚੁੱਕਾ ਸੀ। ਮਨੂੰ ਮਹਾਰਾਜ ਤਾਂ ਕਹਿੰਦੇ ਹਨ ਜੇ ਕੋਈ ਸ਼ੂਦਰ ਹੋ ਕੇ ਵੇਦ ਮੰਤਰ ਉਚਾਰੇ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਵੇ; ਵੇਦ ਮੰਤਰ ਸੁਣ ਲਵੇ ਤਾਂ ਸਿੱਕਾ ਜਾਂ ਸ਼ੀਸ਼ਾ ਢਾਲ ਕੇ ਉਸ ਦੇ ਕੰਨਾਂ `ਚ ਪਾ ਦਿੱਤਾ ਜਾਵੇ ਕਿਉਂਕਿ ਸ਼ੂਦਰ ਹੋ ਕੇ ਉਸ ਨੇ ਵੇਦ ਮੰਤ੍ਰਾਂ ਦਾ ਅਪਮਾਨ ਕੀਤਾ ਹੈ ਬਲਕਿ ਉਥੇ ਤਾਂ ਇਸ ਤੋਂ ਵੀ ਕਈ ਗੁਣਾਂ ਵੱਧ ਲਿਖਿਆ ਹੈ। ਬ੍ਰਾਹਮਣ ਮੱਤ ਅਨੁਸਾਰ, ਧਰਮ `ਚ ਪ੍ਰਵੇਸ਼ ਲਈ ‘ਜੰਜੂ’ ਜ਼ਰੂਰੀ ਹੈ। ਫ਼ਿਰ ਵੀ ਜੰਜੂ ਪਾਉਣ ਦਾ ਜੇ ਹੱਕ ਨਹੀਂ ਤਾਂ ਨਾਰੀ ਨੂੰ ਦੂਜਾ ਅਖੌਤੀ ਸ਼ੂਦਰ ਨੂੰ। ਅਜੇ ਕਲ ਦੀ ਗੱਲ ਹੈ ਜਦੋਂ ਤੁਲਸੀਦਾਸ ਲਿਖ ਰਹੇ ਹਨ "ਸ਼ੂਦਰ, ਗਵਾਰ, ਢੋਰ ਅਰ ਨਾਰੀ ਇਹ ਸਭ ਤਾੜਣ ਕੇ ਅਧੀਕਾਰੀ" । ਦੂਰ ਨਾ ਜਾਵੀਏ ਅੱਜ ਵੀ ਅਜੇਹੇ ਇਲਾਕੇ ਹੈਣ ਜਿੱਥੇ ਸੁਅਰਣਾਂ ਦੇ ਖੂਹ ਵੱਖਰੇ ਹਨ ਤੇ ਨੀਵੀਂ ਜਾਤੀ ਭਾਵ ਅਖੋਤੀ ਸ਼ੂਦਰਾਂ ਲਈ ਵੱਖਰੇ। ਹੋਰ ਤਾਂ ਹੋਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਅੱਜ ਤੀਕ ਵੀ ਕਈ ਮੌਕੇ ਬਣੇ ਹਨ, ਜਦੋਂ ਸੁਅਰਣਾਂ ਨੇ ਦਲਿਤਾਂ ਦੇ ਪੂਰੇ ਪੂਰੇ ਪਿੰਡਾਂ ਦੀ ਵਸੋਂ ਨੂੰ ਹੀ ਮਾਰ ਮੁਕਾ ਦਿੱਤਾ।

"ਭਗਤ ਜਨਾਂ ਕਉ ਦੇਹੁਰਾ ਫਿਰੈ" - ਅਸਲ `ਚ ਇਥੇ ਵਿਸ਼ਾ ਉਹੀ ਹੈ ਜਦੋਂ ਨਾਮਦੇਵ ਦੀ ਉਸਤਤੀ, ਪ੍ਰਭੂ ਰੰਗ `ਚ ਰੰਗੇ ਹੋਣ ਕਾਰਣ ਵੱਧ ਗਈ ਤਾਂ ਮੰਦਿਰਾਂ ਦੇ ਮੁਕਾਬਲੇ, ਨਾਮਦੇਵ ਦੇ ਸਤਿਸੰਗਾਂ `ਚ ਰੋਣਕ ਵਧੇਰੇ ਹੋਣ ਲਗ ਗਈ। ਬੱਸ ਇਹੀ ਹੈ ਉਹ "ਫੇਰਿ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ" (ਪੰ: ੧੨੯੨) "ਜਾਂ "ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ਭਗਤ ਜਨਾਂ ਕਉ ਦੇਹੁਰਾ ਫਿਰੈ" ਨਾ ਕਿ ਚੂਨੇ-ਇਟਾਂ ਦੀਆਂ ਦੀਵਾਰਾਂ ਦਾ ਘੁੰਮ ਜਾਣਾ। ਦੂਜਾ-ਨਾਮਦੇਵ ਜੀ ਨੂੰ ਨਿਜੀ ਤੌਰ `ਤੇ ਧੱਕੇ ਪੈਣ ਦੀ ਵੀ ਗੱਲ ਨਹੀਂ ਬਲਕਿ ਨਾਮਦੇਵ ਜੀ ਆਪਣੇ ਉਪਰ ਘਟਾ ਕੇ ਉਸ ਦਸ਼ਾ ਨੂੰ ਬਿਆਨ ਕਰ ਰਹੇ ਹਨ ਜਿਹੜੀ ਅਖੌਤੀ ਉਚ ਜਾਤੀ ਤੇ ਖਾਸਕਰ ਬ੍ਰਾਹਮਣ ਵਰਗ ਵਲੋਂ ਅਖੌਤੀ ਨੀਚਾਂ-ਸ਼ੂਦਰਾਂ-ਦਲਿਤਾਂ ਨਾਲ ਦੁਰਵਿਹਾਰ ਦਾ ਸੀ।

ਇਸੇ ਵਿਸ਼ੇ ਨੂੰ ਰਵਿਦਾਸ ਜੀ ਬਿਆਨਦੇ ਹਨ ਪਰ ਢੰਗ ਦੂਜਾ ਹੈ ਜਿਵੇਂ "ਨਾਗਰ ਜਨਾਂ, ਮੇਰੀ ਜਾਤਿ ਬਿਖਿਆਤ ਚੰਮਾਰੰ ॥ ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥ ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰ ॥ ਸੁਰਾ ਅਪਵਿਤ੍ਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥ ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ, ਜੈਸੇ ਕਾਗਰਾ ਕਰਤ ਬੀਚਾਰੰ ॥ ਭਗਤਿ ਭਾਗਉਤੁ ਲਿਖੀਐ ਤਿਹ ਊਪਰੇ, ਪੂਜੀਐ ਕਰਿ ਨਮਸਕਾਰੰ ॥੨॥ ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ, ਨਿਤਹਿ ਬਾਨਾਰਸੀ ਆਸ ਪਾਸਾ ॥ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ, ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥" (ਪੰ: ੧੨੯੩) ਅਰਥ ਹਨ-ਹੇ ਨਗਰ ਵਾਸੀਓ! ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਮੈ ਜਾਤ ਦਾ ਚਮਿਆਰ ਹਾਂ, ਜਿਸ ਨੂੰ ਤੁਸੀਂ ਬੜੀ ਘਿਰਣਾ ਦੀ ਨਜ਼ਰ ਨਾਲ ਦੇਖਦੇ ਹੋ। ਪਰ ਮੈ ਆਪਣੇ ਹਿਰਦੇ `ਚ ਪ੍ਰਭੂ ਦੇ ਗੁਣ ਚੇਤੇ ਕਰਦਾ ਹਾਂ ਜਿਸ ਕਾਰਨ ਮੈ ਹੁਣ ਨੀਚ ਨਹੀਂ ਹਾਂ। ੧। ਰਹਾਉ।

ਫ਼ਿਰ ਵੀ ਇਹ ਗੱਲ ਸਾਫ਼ ਹੈ ਕਿ ਸ਼ਰਾਬ, ਚਾਹੇ ਗੰਗਾ ਦੇ ਪਾਣੀ ਤੋਂ ਹੀ ਕਿਉਂ ਨਾ ਬਣੀ ਹੋਵੇ ਤਾਂ ਵੀ ਭਲੇ ਪੁਰਖ ਉਸ ਨੂੰ ਨਹੀਂ ਪੀਂਦੇ, ਕਿਉਂਕਿ ਉਹ ਹੈ ਤਾਂ ਸ਼ਰਾਬ ਹੀ। (ਇਸੇ ਤਰ੍ਹਾਂ ਅਹੰਕਾਰ ਚਾਹੇ ਉਚੀ ਜਾਤ ਵਾਲਾ ਕਰੇ, ਹੈ ਤਾਂ ਅਉਗੁਣ ਹੀ)। ਇਸ ਦੇ ਨਾਲ, ਸ਼ਰਾਬ ਚਾਹੇ ਹੋਰ ਵੀ ਗੰਦੇ ਪਾਣੀ ਦੀ ਬਣੀ ਹੋਵੇ ਉਹ ਗੰਗਾ ਦੇ ਪਾਣੀ `ਚ ਮਿਲ ਕੇ, ਗੰਗਾ ਦਾ ਪਾਣੀ ਹੀ ਬਣ ਜਾਂਦਾ ਹੈ। ਇਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਭੀ ਪਰਮ ਪਵਿਤ੍ਰ ਪ੍ਰਭੂ `ਚ ਜੁੜ ਕੇ ਉਸ ਤੋਂ ਵੱਖ ਨਹੀਂ ਰਹਿ ਜਾਂਦਾ। ੧। ___ ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ (ਕਿਉਂਕਿ ਉਹਨਾਂ ਦੀ ਲਕੜੀ, ਸ਼ਰਾਬ ਬਨਾਉਣ ਦੇ ਕੰਮ ਆਉਂਦੀ ਹੈ)। ਇਸੇ ਲਈ ਤਾੜੀ ਦੇ ਰੁੱਖਾਂ ਤੋਂ ਬਣੇ ਕਾਗ਼ਜ਼ਾਂ ਬਾਰੇ ਤਾਂ ਲੋਕ ਭਰਮ ਕਰਦੇ ਹਨ ਕਿ ਅਪਵਿਤ੍ਰ ਹਨ, ਪਰ ਜਦੋਂ ਉਹਨਾਂ ਹੀ ਕਾਗ਼ਜ਼ਾਂ `ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ੨। ____ ਮੇਰੀ ਜਾਤ ਦੇ ਲੋਕ ਬਨਾਰਸ ਦੇ ਆਲੇ-ਦੁਆਲੇ ਰਹਿੰਦੇ ਹਨ। (ਚੰਮ) ਕੁੱਟਣ ਤੇ ਮੁਰਦਾ ਜਾਨਵਰਾਂ ਨੂੰ ਢੋਣ ਤੇ ਨਿੱਤ ਵੱਢਣ ਵਾਲੇ ਹਨ; ਹੇ ਪ੍ਰਭੂ! ਉਸੇ ਕੁਲ `ਚ ਜੰਮਿਆ ਤੇਰਾ ਸੇਵਕ ਰਵਿਦਾਸ ਤੇਰੀ ਸ਼ਰਨ ਆਇਆ ਹੈ, ਇਸ ਕਰਕੇ, ਵੱਡੇ ਵੱਡੇ ਬ੍ਰਾਹਮਣ ਵੀ ਉਸ ਨੂੰ ਨਮਸਕਾਰ ਕਰਦੇ ਹਨ। ੩।

"ਨੀਚਾ ਅੰਦਰਿ ਨੀਚ ਜਾਤਿ" - ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚੋਂ ਇਸੇ ਗੱਲ ਨੂੰ ਸਮਝਣ ਦਾ ਯਤਨ ਕਰੀਏ ਤਾਂ ਵਿਸ਼ਾ ਹੋਰ ਵੀ ਸਾਫ਼ ਹੋ ਜਾਵੇਗਾ। ਭਾਵੇਂ ਕਿ ਸਮੁਚੀ ਗੁਰਬਾਣੀ ਰਚਨਾ `ਚ ਅਨੇਕਾਂ ਢੰਗਾਂ ਨਾਲ ਇਸ ਸੱਚ ਨੂੰ ਬਿਆਨਿਆ ਹੈ ਕਿ "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" (ਪੰ: ੧੫) ਫ਼ਿਰ ਸੁਆਲ ਇਹ ਨਹੀਂ ਕਿ ਕੇਵਲ ਕਿਹਾ ਹੀ ਹੈ ਬਲਕਿ ਕਰਕੇ ਵੀ ਦਿਖਾਇਆ ਹੈ। ਇਸ ਸੰਬੰਧ `ਚ ਦੇਖਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਜਿਸ ਨੂੰ ਸਭ ਤੋਂ ਪਹਿਲਾਂ ਸਿੱਖ ਧਰਮ `ਚ ਪ੍ਰਵੇਸ਼ ਕਰਵਾਇਆ ਤਾਂ ਉਹ ਸੀ ਭਾਈ ਮਰਦਾਨਾ। ਜਿਸ ਦਾ ਜਨਮ ਅਜੇਹੀ ਕੁਲ `ਚ ਹੋਇਆ ਸੀ, ਜਿਸ ਨੂੰ ਹਿੰਦੂ ਤਾਂ ਕੀ, ਮੁਸਲਮਾਨਾਂ `ਚ ਵੀ ਨੀਵੀਂ ਕੁਲ ਦਾ ਮੰਨਿਆ ਜਾਂਦਾ ਸੀ। ਉਸਨੂੰ ਕੇਵਲ ਮਰਾਸੀ ਤੋਂ ਭਾਈ ਦਾ ਰੁਤਬਾ ਹੀ ਨਹੀਂ ਦਿੱਤਾ ਬਲਕਿ ਪੂਰੇ ਪ੍ਰਚਾਰ ਦੌਰਿਆਂ `ਚ ਆਪਣੇ ਸਾਥ `ਚ ਰਖਿਆ। ਉਪ੍ਰੰਤ ਸਾਂਝੀ ਸੰਗਤ, ਸਚੇ ਸੌਦੇ ਦੀ ਘਟਣਾ ਸਮੇਂ ਜੋ ਸਾਂਝੀ ਪੰਗਤ ਦਾ ਆਰੰਭ ਕੀਤਾ ਤਾਂ ਉਸਦਾ ਮਕਸਦ ਵੀ ਸਮਾਜ `ਚੋਂ ਉਚ-ਨੀਚ, ਵਰਣ-ਭੇਦ ਵਾਲੇ ਕੋਹੜ ਨੂੰ ਰੋਕਣਾ ਹੀ ਸੀ।

ਇਸ ਤੋਂ ਬਾਅਦ ਜੇਕਰ ਆਪ ਨੇ ਪ੍ਰਚਾਰ ਦੌਰਿਆਂ ਦਾ ਆਰੰਭ ਕੀਤਾ ਤਾਂ ਉਹ ਵੀ ਮਲਿਕ ਭਾਗੋ ਤੋਂ ਨਹੀਂ ਬਲਕਿ ਭਾਈ ਲਾਲੋ ਤਰਖਾਣ ਤੋਂ। ਹੋਰ ਦੇਖੋ ਜੇ ਗੁਰਦੇਵ ਨੇ ਭਗਤਾਂ ਦੀ ਬਾਣੀ ਇਕਤ੍ਰ ਕੀਤੀ ਤਾਂ ਉਸ `ਚ ਸਭ ਤੋਂ ਵੱਧ ਜੋ ਸਥਾਨ ਮਿਲਿਆ ਤਾਂ ਬਹੁਤੀਆਂ ਉਹਨਾਂ ਸਫ਼ਲ ਜੀਵਨੀਆਂ ਨੂੰ ਜਿਨ੍ਹਾਂ ਦਾ ਜਨਮ ਹੀ ਅਖੌਤੀ ਨੀਵੀਆਂ ਜਾਂ ਬ੍ਰਾਹਮਣੀ ਵੰਡ ਅਨੁਸਾਰ ਸ਼ੂਦਰ ਜਾਤੀਆਂ `ਚ ਸੀ। ਜਿਨ੍ਹਾਂ ਵਿਚੋਂ ਹੀ ਵਿਚਾਰ ਅਧੀਨ ਨਾਮਦੇਵ ਹਣ, ਫ਼ਿਰ ਕਬੀਰ ਸਾਹਿਬ, ਰਵੀਦਾਸ ਜੀ, ਸਦਨਾ ਜੀ, ਸੈਣ ਜੀ ਆਦਿ। ਚਲਦੇ ਚਲਦੇ ਦਸਮੇਸ਼ ਜੀ ਨੇ ਜਦੋਂ ਸੰਨ ੧੬੯੯ `ਚ ਚਰਣ ਪਾਹੁਲ ਨੂੰ ਖੰਡੇ ਦੀ ਪਾਹੁਲ `ਚ ਬਦਲਿਆ ਤੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਵਾਲੀ ਸੇਵਾ ਪੰਥ ਦੇ ਸਪੁਰਦ (ਪੰਥ ਸਾਜਨਾ) ਕਰਣ ਵੇਲੇ ਜੋ ਪੰਜ ਪਿਆਰਿਆਂ ਦੀ ਚੋਣ ਕੀਤੀ ਤਾਂ ਉਹਨਾਂ `ਚੋਂ ਵੀ ਚਾਰ ਉਹ ਸਨ ਜਿਨ੍ਹਾਂ ਦੇ ਪੂਰਵਜ ਛੇਵੇਂ, ਸਤਵੇਂ ਜਾਮੇ ਸਮੇਂ ਗੁਰੂ ਦਰ `ਤੇ ਆਏ ਸਨ।

ਅਜੋਕਾ ਸਿੱਖ ਪੰਥ ਅਤੇ ਨਾਮਦੇਵ ਜੀ-ਇਸਦੇ ਉਲਟ, ਇਸ ਪੱਖੋਂ ਜੇਕਰ ਅਜੋਕੇ ਪੰਥਕ ਹਾਲਾਤਾਂ ਨੂੰ ਦੇਖਿਆ ਜਾਵੇ ਕਿ ਕੌਮ ਕਿੱਥੇ ਖੜੀ ਹੈ? ਤਾਂ ਸਿਵਾਏ ਖੂਨ ਦੇ ਆਂਸੂ ਬਹਾਉਣ ਦੇ ਕੋਈ ਕੀ ਕਰ ਸਕਦਾ ਹੈ? ਇਹ ਤਾਂ ਅਕਾਲਪੁਰਖ ਹੀ ਹੈ ਜੇਕਰ ਅਜੋਕੇ ਆਗੂਆਂ, ਨੇਤਾਵਾਂ, ਪ੍ਰਚਾਰਕਾਂ, ਪ੍ਰਬੰਧੰਕਾਂ ਆਦਿ ਨੂੰ ਸੁਮੱਤ ਬਖਸ਼ੇ। ਕਿਉਂਕਿ ਪੰਥ ਦੇ ਇੰਨ੍ਹਾਂ ਨਿਘਰ ਚੁਕੇ ਹਾਲਾਤਾਂ ਲਈ ਕੋਈ ਬਾਹਿਰ ਦੇ ਜ਼ਿਮੇਂਵਾਰ ਨਹੀਂ, ਬਹੁਤਾ ਕਰਕੇ ਇਹੀ ਲੋਕ ਹਨ। ਇਸਦੇ ਨਾਲ ਉਹ ਲੋਕ ਵੀ ਜ਼ਿਮੇਂਵਾਰ ਹਨ ਜਿਹੜੇ ਸਾਡੇ ਵਿਚਕਾਰ ਹੀ ਪੈਦਾ ਹੋਏ ਤੇ ਆਪਣੇ ਆਪ ਨੂੰ ਉਚ ਜਾਤੀਏ ਮੰਨੀ ਬੈਠੇ ਹਨ। ਇਹੀ ਸਾਰੇ ਪੱਖ ਹਨ ਜਿਨ੍ਹਾਂ ਕਾਰਨ, ਅੱਜ ਕੌਮ ਦਾ ੯੦%ਹਰਿਆਵਲ ਦਸਤਾ, ਅਜੇਹੇ ਹਾਲਾਤ ਦਾ ਸ਼ਿਕਾਰ ਹੋ ਕੇ, ਪੱਛੜੇ ਵਰਗਾਂ ਦਾ ਰੂਪ ਧਾਰਣ ਕਰੀ ਬੈਠਾ ਹੈ। ਗੁਰੂ ਕੀਆਂ ਲਗਭਗ ੯੦% ਇੰਨਾਂ ਸੰਗਤਾਂ ਨੂੰ ਭਨਿਆਰਿਆਂ, ਆਸ਼ੂਤੋਸ਼ੂਆਂ, ਝੂਠੇ ਸੌਦੇ ਵਾਲਿਆਂ, ਨਕਲੀ ਨਿਰੰਕਾਰੀਆਂ, ਰਾਧਾਸੁਆਮੀਆਂ, ਗੁੱਗੇ ਦੇ ਪੂਜਾਰੀਆਂ ਤੇ ਧਾਗਿਆਂ ਤਬੀਤਾਂ ਵਾਲਿਆਂ ਦੀ ਖੁਰਾਕ ਬਨਾਇਆ ਹੋਇਆ ਹੈ। ਚੇਤੇ ਰਖਣਾ ਹੈ ਆਖਿਰ ਗੁਰਮਤਿ ਦੇ ਸਿਧਾਂਤ ਉਹੀ ਹਨ ਅਤੇ ਰਹਿਣਗੇ ਵੀ ਜਿਸਨੂੰ ਗੁਰਬਾਣੀ ਨੇ ਸਪਸ਼ਟ ਕੀਤਾ ਹੈ "ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" (ਪੰ: ੧੫) ਅਥਵਾ ਅਹੰਕਾਰੀਆ ਨਿੰਦਕਾ ਪਿਠਿ ਦੇਇ, ਨਾਮਦੇਉ ਮੁਖਿ ਲਾਇਆ" (ਪੰ: ੪੫੧) ਅਤੇ "ਪੰਡੀਅਨ ਕਉ ਪਿਛਵਾਰਲਾ" (ਪੰ: ੧੨੯੨) ਅਤੇ ਗੁਰਬਾਣੀ ਦੇ ਅਨੇਕਾਂ ਪ੍ਰਮਾਣ ਪੰਥ ਦੇ ਬਣ ਚੁਕੇ ਮੌਜੂਦਾ ਹਾਲਾਤ ਲਈ ਚੇਤਾਵਣੀ ਹਨ ਕਿ ਐ ਕੌਮ ਦੇ ਜ਼ਿਮੇਂਵਾਰੋ ਹੁਣ ਤਾਂ ਸੰਭਲੋ! ਸੰਭਲੋ! ਸੰਭਲੋ! ਸੰਭਲੋ! ਨਹੀਂ ਤਾਂ ਤੱਬਾਹ ਹੋ ਜਾਵੋਗੇ। #161s09.108#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ ਜਾਵੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 161

ਅਰਥ ਨਿਖਾਰ-੩

"ਹਸਤ ਖੇਲਤ ਤੇਰੇ ਦੇਹੁਰੇ ਆਇਆ"

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.