.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 39)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਕੱਚੀਆ ਧਾਰਨਾਂ ਵਾਲਿਓ ਸ਼ਰਮ ਕਰੋ।

ਜਗਜੀਤ ਸਿੰਘ ਦੋਦੇ

ਇਸ ਵਿੱਚ ਜੇ ਵਾਚੀਏ ਤਾਂ ਕਸੂਰ ਸਾਡਾ ਆਪਣਾ ਹੀ ਜਾਪਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਸੱਚ ਦੇ ਮਾਰਗ ਤੇ ਤੋਰਿਆ, ਸਰਬੰਸ ਵਾਰਨ ਤੱਕ ਦੀਆਂ ਕੁਰਬਾਨੀਆਂ ਕੀਤੀਆਂ ਚੂਕ ਤਾਂ ਸਾਡੇ ਵਿੱਚ ਹੈ। ਅਸੀਂ ਆਪਣੇ ਆਪ ਨੂੰ ਸਿੱਖ ਤਾਂ ਅਖਵਾਉਂਦੇ ਹਾਂ ਪਰ ਗੁਰਮਤਿ ਦੇ ਸਿਧਾਤਾਂ ਤੇ ਪਹਿਰਾ ਨਹੀ ਦਿੰਦੇ। ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਹੇਰ ਫੇਰ ਕਰਦਾ ਹੈ, ਅਸੀਂ ਉਸ ਨੂੰ ਵੰਗਾਰਨ ਦੀ ਥਾਂ ਮੂਕ ਦਰਸ਼ਕ ਬਣ ਕੇ ਤੱਕਦੇ ਰਹਿੰਦੇ ਹਾਂ। ਗੁਰਬਾਣੀ ਦਾ ਘੋਰ ਨਿਰਾਦਰ ਹੁੰਦਾ ਵੇਖ ਕੇ ਸਾਡਾ ਹਿਰਦਾ ਤੜਪਦਾ ਨਹੀਂ। ਇਹੋ ਹੀ ਕਾਰਣ ਹੈ ਕਿ ਅੱਜ ਸਾਡੇ ਵਿੱਚ ਵੰਡੀਆ ਪਈਆਂ ਹਨ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਾ ਹੋ ਕੇ ਭੇਖੀਆਂ ਦੇ ਚੇਲੇ ਬਣਦੇ ਜਾ ਰਹੇ ਹਾਂ। ਭੇਖੀਆਂ ਦੀ ਬਦੌਲਤ ਹੀ ਸਾਡੇ ਵਿਚੋਂ ਇੱਕ ਪੰਥ, ਇੱਕ ਗ੍ਰੰਥ ਇੱਕ ਰਹਿਤ, ਇੱਕ ਮਰਿਯਾਦਾ ਇੱਕ ਨਿਸ਼ਾਨ ਵਾਲਾ ਸਿਧਾਂਤ ਨਹੀਂ ਦਿੱਸਦਾ।

ਗੁਰਬਾਣੀ ਉਹ ਰੱਬੀ ਗਿਆਨ ਹੈ ਜਿਹੜਾ ਸਤਿਗੁਰੂ ਅਤੇ ਅਕਾਲ ਪੁਰਖ ਦੀ ਅਭੇਦਤਾ ਤੋਂ ਉਪਜਦਾ ਹੈ। ਜਦੋਂ ਗੁਰੂ, ਅਕਾਲ ਪੁਰਖ ਵਿੱਚ ਲੀਨ ਹੋ ਜਾਂਦਾ ਹੈ, ਫਿਰ ਸਤਿਗੁਰੂ ਤੇ ਅਕਾਲ ਪੁਰਖ ਵਿੱਚ ਭੇਦ-ਭਾਵ ਖ਼ਤਮ ਹੋ ਜਾਂਦਾ ਹੈ। ਦੋਵੇਂ ਇੱਕ ਰੂਪ ਹੋ ਜਾਂਦੇ ਹਨ। ਐਸੀ ਅਵਸਥਾ ਵਿੱਚ ਸਤਿਗੁਰਾਂ ਦੇ ਮੂੰਹ ਤੋਂ ਉਚਾਰਨ ਕੀਤੇ ਹੋਏ ਬਚਨ ਹੀ ਬਾਣੀ ਗੁਰੂ ਦੀ ਆਪਣੀ ਸਮਝ ਸੋਚ ਜਾਂ ਅਕਾਲ ਦੀ ਉਪਜ ਨਹੀਂ ਹੁੰਦੀ ਸਗੋਂ ਅਕਾਲ ਪੁਰਖ ਦੀ ਆਪਣੀ ਬਾਣੀ ਹੁੰਦੀ ਹੈ, ਜਿਸ ਦੀ ਸੋਝੀ ਅਕਾਲ ਪੁਰਖ ਗੁਰੂ ਨੂੰ ਕਰਵਾਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਅੰਦਰ ਵੀ ਦਰਜ ਕੀਤਾ, ਕਿ ਮੈਂ ਉਹੀ ਕੁੱਝ ਕਿਹਾ ਹੈ, ਜੋ ਅਕਾਲ ਪੁਰਖ ਨੇ ਮੇਰੇ ਕੋਲੋਂ ਕਹਾਇਆ ਹੈ। ਗੁਰਬਾਣੀ ਦਾ ਫੁਰਮਾਣ ਹੈ:-

ਤਾਂ ਮੈਂ ਕਹਿਆ ਕਹਣੁ, ਜਾ ਤੁਝੈ ਕਹਾਇਆ ॥

ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਉਚਾਰੀ ਗੁਰਬਾਣੀ ਤੇ ਆਪਣੀਆਂ ਯਾਤਰਾਵਾਂ ਦੌਰਾਨ ਇਕੱਤਰ ਕੀਤੀ ਭਗਤ ਬਾਣੀ ਵਾਲੀ ਪੋਥੀ ਜੋਤੀ ਜੋਤਿ ਸਮਾਉਣ ਸਮੇਂ ਗੁਰੂ ਅੰਗਦ ਸਾਹਿਬ ਜੀ ਦੇ ਹਵਾਲੇ ਕਰ ਦਿੱਤੀ। ਇਸੇ ਬਾਣੀ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਧੁਰੋਂ ਪ੍ਰਾਪਤ ਹੋਈ ਬਾਣੀ ਨੂੰ ਦਰਜ ਕਰਕੇ ਪੋਥੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ। ਗੁਰੂ ਅਮਰਦਾਸ ਜੀ ਨੇ ਇਸ ਬਾਣੀ ਨੂੰ ਮਿਲਾਵਟ ਰਹਿਤ ਰੱਖਣ ਲਈ ਗੁਰਸਿੱਖਾਂ ਨੂੰ ਸੱਚੀ ਗੁਰਬਾਣੀ ਗਾਉਣ ਲਈ ਫੁਰਮਾਣ ਕੀਤਾ:-

ਆਵਹੁ ਸਿਖ ਸਤਿਗਰੂ ਕੇ ਪਿਆਰਿਹੋ

ਗਾਵਹੁ ਸਚੀ ਬਾਣੀ ॥

ਬਾਣੀ ਤ ਗਾਵਹੁ ਗੁਰੂ ਕੇਰੀ

ਬਾਣੀਆ ਸਿਰਿ ਬਾਣੀ ॥

ਇਸ ਦੇ ਉਲਟ ਕੱਚੀ ਬਾਣੀ ਗਾਇਨ ਕਰਨ ਵਾਲਿਆਂ ਨੂੰ ਪਾਤਸ਼ਾਹ ਨੇ ਤਾੜਨਾ ਭਰੇ ਲਹਿਜੇ ਵਿੱਚ ਫੁਰਮਾਣ ਕੀਤਾ:-

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥

ਬਾਣੀ ਤ ਕਚੀ ਸਤਿਗੁਰ ਬਾਝਹੁ ਹੋਰ ਕਚੀ ਬਾਣੀ ॥

ਕਹਦੇ ਸੁਣਦੇ ਕਚੀ ਆਖਿ ਵਖਾਣੀ ॥

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਅਤੇ ਆਪ ਸੰਗਤ ਵਿੱਚ ਲਾਂਭੇ ਹੋ ਕੇ ਬੈਠੇ। ਰਾਤ ਨੂੰ ਸ੍ਰੀ ਗ੍ਰੰਥ ਸਾਹਿਬ ਜੀ ਦਾ ਸੁੱਖਆਸਨ ਪਲੰਘ `ਤੇ ਕਰਦੇ ਅਤੇ ਆਪ ਹੇਠਾਂ ਜ਼ਮੀਨ ਤੇ ਵਿਸ਼ਰਾਮ ਕਰਦੇ। ਇਸੇ ਗੁਰਬਾਣੀ ਦੀ ਪੋਥੀ ਨੂੰ ਮਹਾਨਤਾ ਪ੍ਰਦਾਨ ਕਰਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ:-

ਪੋਥੀ ਪਰਮੇਸਰ ਕਾ ਥਾਨੁ ॥

ਇਤਿਹਾਸ ਵਿੱਚ ਇੱਕ ਸਾਖੀ ਕਾਫੀ ਪ੍ਰਚੱਲਤ ਹੈ ਜਿਸ ਤੋਂ ਗੁਰਬਾਣੀ ਦੇ ਸਤਿਕਾਰ ਦੀ ਝਲਕ ਡੁੱਲ-ਡੁੱਲ ਪੈਂਦੀ ਹੈ। ਸਾਖੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ ਕਿ ਛੇਵੇਂ ਪਾਤਸ਼ਾਹ ਨੇ ਜੁਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਉਣ ਵਾਲੇ ਗੁਰਸਿੱਖ ਭਾਈ ਗੋਪਾਲਾ ਜੀ ਨੂੰ ਆਪਣਾ ਬਹੁਤ ਜੀ ਸੁੰਦਰ ਕੀਮਤੀ ਘੋੜਾ ਤੋਹਫੇ ਵਜੋਂ ਭੇਂਟ ਕਰ ਦਿੱਤਾ।

ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਰਾਮਰਾਏ ਨੇ ਜਦੋਂ ਔਰੰਗਜ਼ੇਬ ਦੇ ਪ੍ਰਭਾਵ ਅਧੀਨ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਬਦ ਦੀ ਪੰਕਤੀ "ਮਿੱਟੀ ਮੁਸਲਮਾਨ ਕੀ" (ਆਸਾ ਕੀ ਵਾਰ) ਨੂੰ ਬਦਲ ਕੇ ‘ਮਿੱਟੀ ਬੇਈਮਾਨ ਕੀ’ ਕਰ ਦਿੱਤਾ ਤਾਂ ਪਾਤਸ਼ਾਹ ਨੇ ਉਸ ਨੂੰ ਸਦਾ ਲਈ ਘਰੋਂ ਖਾਰਜ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਸਮੇਂ ਖਾਲਸਾ ਪੰਥ ਨੂੰ ‘ਗੁਰੂ ਮਾਨਿਉ ਗੰ੍ਰਥ’ ਦਾ ਫੁਰਮਾਨ ਜਾਰੀ ਕਰਕੇ, ਗੁਰੂ ਨਾਨਕ ਸਾਹਿਬ ਜੀ ਦੁਆਰਾ ਅਰੰਭੇ ਮਿਸ਼ਨ ਨੂੰ ਸੰਪੂਰਨਤਾ ਪ੍ਰਦਾਨ ਕਰ ਦਿੱਤੀ। ਇਹ ਸੀ ਦਸ ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਲਈ ਕੀਤੇ ਗਏ ਉਪਰਾਲੇ। ਉਪਰ ਆਈਆਂ ਘਟਨਾਵਾਂ ਤੋਂ ਸ਼ੱਕ ਦੀ ਰੱਤੀ ਭਰ ਵੀ ਗੁੰਜਾਇਸ਼ ਨਹੀ ਰਹਿੰਦੀ ਕਿ ਕਿਸੇ ਵਿਅਕਤੀ ਨੂੰ ਚਾਹੇ ਕੋਈ ਵੀ ਮਹਾਨ ਕਿਉਂ ਨਾ ਹੋਵੇ, ਨੂੰ ਗੁਰਬਾਣੀ ਉਲਟਾਉਣ, ਬਦਲਾਉਣ ਜਾਂ ਇਸ ਵਿੱਚ ਮਿਲਾਵਟ ਕਰਨ ਦੀ ਆਗਿਆ ਨਹੀ ਦਿੱਤੀ ਜਾ ਸਕਦੀ ਪਰ ਅਫ਼ਸੋਸ ਕਿ ਅੱਜ ਅਖੌਤੀ ਦੇਹਧਾਰੀ ਗੁਰੂ ਬਣ ਬੈਠੇ ਲੁਟੇਰੇ ਜਿਸ ਤਰ੍ਹਾਂ ਗੁਰਬਾਣੀ ਦੀ ਬੇਅਦਬੀ ਮੌਜੂਦਾ ਸਮੇਂ ਕਰ ਰਹੇ ਹਨ ਉਸ ਦੀਆਂ ਕੁੱਝ ਉਦਾਹਰਨਾਂ ਹੇਠਾਂ ਆਪ ਜੀ ਲਈ ਪੇਸ਼ ਹਨ:-

ਧਾਰਨਾ:- ਸਭ ਦੇ ਦਿਲਾਂ ਦੀਆਂ ਜਾਣੈ ਰਾਮ ਕੋਈ ਨਿਆਣਾ ਨਹੀਂ..... ੨

(ਗੁਰਮਤਿ ਪ੍ਰਕਾਸ਼ ਫਰਵਰੀ ੨੦੦੨)

ਅਸਲ ਬਾਣੀ:- ਲੋਕ ਪਤੀਣੇ ਕਛੂ ਨਾ ਹੋਵੇ ਨਾਹੀ ਰਾਮੁ ਅਯਾਣਾ ॥

ਧਾਰਨਾ:- ਜੇ ਯਾਰ ਦੀ ਗਲੀ ਵਿਚੋਂ ਲੰਘਣਾ ਤਲੀ ਉਤੇ ਸਿਰ ਰੱਖ ਲੈ

(ਗੁਰਮਤਿ ਪ੍ਰਕਾਸ਼ ਫਰਵਰੀ ੨੦੦੨)

ਅਸਲੀ ਬਾਣੀ:- ਜਉ ਤਉ ਪੇ੍ਰਮ ਖੇਲਣ ਕਾ ਚਾਉ ॥

ਸਿਰੁ ਧਰਿ ਗਲੀ ਮੇਰੀ ਆਉ ॥

ਧਾਰਨਾ:- ਜੇ ਰੱਤ ਡਿੱਗੇ ਕੱਪੜੇ ਜਾਮਾ ਹੋਇ ਪਲੀਤ ॥

(ਮਾਨ ਸਿੰਘ ਪਿਹੋਵਾ)

ਅਸਲ ਬਾਣੀ:- ਜੇ ਰਤ ਲੱਗੇ ਕੱਪੜੇ ਜਾਮਾ ਹੋਇ ਪਲੀਤ ॥

ਧਾਰਨਾ:- ਮੰਨ ਲੈ ਪਿਆਰਿਆ, ਇਹੋ ਬਾਣੀ ਗੁਰੂ ਰੂਪ ਹੈ।

(ਸੰਤ ਵਰਿਆਮ ਸਿੰਘ ਆਤਮ ਮਾਰਗ ਜਨਵਰੀ ੨੦੦੨)

ਅਸਲ ਬਾਣੀ:- ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ॥

ਗੁਰਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥

ਧਾਰਨਾ:- ਕਰਤਾ ਭਵਨੁ ਪੁਨੀਤਾ, ਹਰੀ ਦਿਆ ਸੰਤਾਂ ਨੇ..... ੨, ੨੧੧

ਬਾਣੀ:- ਨਾਨਕੁ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥

ਇਸ ਤਰ੍ਹਾਂ ਧਾਰਨਾ ਲਗਾ ਕੇ ਗੁਰਬਾਣੀ ਪੜ੍ਹਨ ਦਾ ਕਾਰਨ ਜਦੋਂ ਕਿਸੇ ਭੇਖੀ ਸੰਤ ਨੂੰ ਪੁਛੀਏ ਤਾਂ ਸੰਤ ਦਾ ਉਤਰ ਹੁੰਦਾ ਹੈ ਕਿ ਇਸ ਤਰ੍ਹਾਂ ਗੁਰਬਾਣੀ ਗਾਉਣ ਨਾਲ ਗੁਰਬਾਣੀ ਦੀ ਸਮਝ ਸੌਖੀ ਪੈ ਜਾਂਦੀ ਹੈ ਕਈ ਤਾਂ ਖਾਸ ਕਰ ਮਾਲਵੇ ਦੇ ਪਿੰਡਾਂ ਦੀ ਉਦਾਹਰਣ ਵੀ ਦਿੰਦੇ ਹਨ ਕਿ ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਗੰਦੀਆਂ ਬੋਲੀਆਂ ਪਾ ਕੇ, ਅਸ਼ਲੀਲ ਪ੍ਰਚਾਰ ਕਰਦੇ ਸਨ। ਉਹਨਾਂ ਦੇ ਮੁਕਾਬਲੇ, ਗੁਰਬਾਣੀ ਦਾ ਸਹਾਰਾ ਲੈ ਕੇ ਇਹੋ ਜਿਹੀਆਂ ਧਾਰਨਾਵਾਂ ਘੜੀਆਂ ਗਈਆਂ ਹਨ। ਸ਼ਾਇਦ ਉਸ ਸਮੇਂ ਇਹ ਵਿਚਾਰ ਠੀਕ ਹੋਵੇ। ਪਰ ਹੁਣ ਤਾਂ ਪੰਜਾਬ ਵਿੱਚ ਉਸ ਤਰ੍ਹਾਂ ਦੇ ਅਖਾੜਚੀ ਨਹੀਂ ਰਹੇ। ਉਹਨਾਂ ਦੀ ਥਾਂ ਅਸ਼ਲੀਲ ਗੀਤਾਂ, ਫਿਲਮਾਂ ਆਦਿ ਨੇ ਲੈ ਲਈ ਹੈ। ਇਸ ਦਾ ਇਹ ਹੱਲ ਤਾਂ ਨਹੀਂ ਕਿ ਗੁਰਬਾਣੀ ਨੂੰ ਤੋੜ ਮਰੋੜ ਕੇ ਫਿਲਮੀ ਤਰਜਾਂ ਜਾਂ ਧਾਰਨਾ ਲਾ ਕੇ ਪੜ੍ਹਏ ਤੇ ਕਹੀਏ ਕਿ ਇਸ ਨਾਲ ਗੁਰਬਾਣੀ ਦੀ ਸਮਝ ਪੈ ਜਾਵੇਗੀ। ਇਹ ਤਾਂ ਇਸ ਤਰ੍ਹਾਂ ਹੋਵੇਗਾ:- "ਤੁਰਿਆ ਨਾ ਜਾਵੇ, ਫਿੱਟੇ ਮੂੰਹ ਗੋਡਿਆ ਦਾ" ਕੱਲ੍ਹ ਨੂੰ ਕੋਈ ਆਖੇਗਾ ਕਿ ਸਾਰੀ ਗੁਰਬਾਣੀ ਨੂੰ "ਸੁਖੈਣ ਕਵਿਤਾ" ਦੇ ਰੂਪ ਵਿੱਚ ਲਿਖ ਦਿੱਤਾ ਜਾਵੇ। ਇਹ ਇਸ ਤਰ੍ਹਾਂ ਹੋਵੇਗਾ ਕਿ ਚੁਬਾਰੇ ਤੇ ਚੜ੍ਹਿਆ ਨਾ ਜਾਵੇ ਤਾਂ ਕੰਧਾਂ ਡੇਗ ਕੇ ਛੱਤ ਨੀਵੀਂ ਕਰ ਲਈ ਜਾਵੇ ਤਾਂ ਆਪਣੀ ਕਾਮਯਾਬੀ ਤੇ ਪ੍ਰਸੰਨਤਾ ਮਹਿਸੂਸ ਕੀਤੀ ਜਾਵੇ।

ਅਗਿਆਨਤਾ ਵੱਸ ਨਿਰੋਲ ਗੁਰਮਤਿ ਪ੍ਰਚਾਰ ਕਰਨ ਤੇ ਗੁਰਬਾਣੀ ਪੜ੍ਹਨ ਦੀ ਸਮਰੱਥਾ ਸਾਡੇ ਵਿੱਚ ਨਾ ਹੋਵੇ ਤਾਂ ਗੁਰਬਾਣੀ ਦੇ ਵਿਗਾੜਨ ਨੂੰ ਸੁਖੈਨ ਤਰੀਕਾ ਕਹਿਣਾ ਕਿਧਰ ਦੀ ਸਿਆਣਪ ਹੈ? ਗੁਰਬਾਣੀ ਨਾਲ ਮਿਲਾ ਕੇ ਗਾਈਆਂ, ਕੱਚੀਆਂ ਧਾਰਨਾਵਾਂ ਵਾਲੀਆਂ ਕੈਸਟਾਂ, ਸਮਾਗਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਪਾਠ ਨੂੰ ਵਿਗਾੜਨ ਵਿੱਚ ਜਿਥੇ ਸਹਾਇਕ ਹੋ ਸਕਦੀਆਂ ਹਨ, ਉਥੇ ਗੁਰਬਾਣੀ ਦੇ ਉਚੇ ਮਿਆਰ ਨੂੰ ਘਟਾਉਣ ਵਿੱਚ ਵੀ ਭਾਗੀ ਹੋ ਸਕਦੀਆਂ ਹਨ। ਇਹਨਾਂ ਗੱਲਾਂ ਨੂੰ, ਨਾ ਛੱਡਣਾ ਕਲ੍ਹ ਲਈ ਕੰਡੇ ਬੀਜਣ ਦੇ ਤੁਲ ਹੈ।

ਗੁਰਬਾਣੀ ਵਿੱਚ ਹੇਰ ਫੇਰ, ਵਾਧੇ ਘਾਟੇ ਦੀ ਇਜਾਜਤ ਕਿਸੇ ਨੂੰ ਨਹੀਂ ਗੁਰੂ ਸਾਹਿਬ ਨੇ ਆਪ ਇਸ ਨੂੰ ਬਰਦਾਸ਼ਤ ਨਹੀ ਕੀਤਾ ਤਾਂ ਫਿਰ ਅੱਜ ਦੇ ਪਖੰਡੀ ਸਾਧ, ਸੰਤ, ਡੇਰੇਦਾਰ, ਨਾਨਕਸਰ ਵਾਲੇ ਰਤਵਾੜੇ ਵਾਲੇ ਇਨ੍ਹਾਂ ਦੇ ਚੇਲੇ ਚਾਟੜੇ ਕਿਸਦੇ ਪਾਣੀਹਾਰ ਹਨ? ਕੀ ਉਹ ਭੇਖੀ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਿ ਰਾਏ ਸਾਹਿਬ ਨਾਲੋਂ ਵੀ ਉਪਰ ਹਨ? ਇਸ ਵਿੱਚ ਜੇ ਵਾਚੀਏ ਤਾਂ ਕਸੂਰ ਸਾਡਾ ਆਪਣਾ ਹੀ ਜਾਪਦਾ ਹੈ।

ਗੁਰਸਿੱਖੋ ਜ਼ਰਾ ਵਿਚਾਰ ਕਰੋ:- ਕੁਰਾਨ ਸ਼ਰੀਫ ਵਿੱਚ ਭਲਾ ਕੋਈ ਲਫ਼ਜ਼ ਵੀ ਬਦਲ ਕੇ ਵਿਖਾਵੇ। ਮੱਕਾ ਮਦੀਨਾ ਦੀ ਸ਼ਾਨ ਦੇ ਖਿਲਾਫ਼ ਕੋਈ ਗੱਲ ਵੀ ਤਾਂ ਕਰੇ ਉਸ ਵੇਲੇ ਫਤਵੇ ਲੱਗਦੇ ਹਨ। ਮੁਸਲਿਮ ਜਗਤ ਦਾ ਇਕੱਲਾ-੨ ਮੋਮਨ ਉਸ ਨੂੰ ਸੋਧਣ ਲਈ ਤੱਤਪਰ ਹੁੰਦਾ ਹੈ। ਪਰ ਸਾਡੇ ਤਾਂ ਇਸਟ ਖਿਲਾਫ ਕੋਈ ਜੋ ਮਰਜ਼ੀ ਦਲੀਲਾਂ ਘੜੀ ਜਾਵੇ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ। ਕੀ ਅੱਜ ਸਾਡੀ ਅਣਖ ਮੁਰਦਾ ਹੋ ਚੁੱਕੀ ਹੈ?

ਖਾਲਸਾ ਜੀ ਸਿਆਣੇ ਕਹਿੰਦੇ ਹਨ ਬੀਮਾਰੀ ਤੇ ਬੁਰਾਈ ਨੂੰ ਜੰਮਦਿਆਂ ਹੀ ਰੋਕਣ ਦੇ ਉਪਾਅ ਆਰੰਭ ਕਰਨੇ ਚਾਹੀਦੇ ਹਨ, ਪਰ ਅਸੀਂ ਨਹੀਂ ਕੀਤੇ, ਬਿਮਾਰੀ ਗੰਭੀਰ ਹੋ ਗਈ ਧਾਰਨਾਵਾਂ ਲਾ ਕੇ ਗੁਰਬਾਣੀ ਗਾਉਣ ਵਾਲੀ। ਇਸ ਨੂੰ ਰੋਕਣ ਲਈ ਗੁਰੂ ਪੰਥ ਤੇ ਅਮਰਵੇਲ ਵਾਂਙ ਫੈਲ ਰਹੀ ਸਾਧਾਂ ਦੀ ਵੇਲ ਨੂੰ ਖਤਮ ਕਰਨਾ ਪਵੇਗਾ ਨਹੀ ਤਾਂ ਇਹ ਸਾਧ ਸਾਡਾ ਸਾਰਾ ਇਤਿਹਾਸ ਜਿਸ ਤੇ ਸਾਨੂੰ ਮਾਣ ਹੈ ਵਿਗਾੜ ਦੇਂਣਗੇ।

ਧੰਨਤਾ ਅਤੇ ਸ਼ੋਭਾ ਪਿੱਛੇ ਭੱਜਦੇ ਭੇਖੀਆਂ ਨੂੰ, ਮੇਰੇ ਵੱਲੋਂ ਅਪੀਲ ਹੈ ਕਿ ਆਪਣੀਆਂ ਆਪਣੀਆਂ ਚਤੁਰਾਈਆਂ ਨੂੰ ਤਿਆਗ ਕੇ ਗੁਰੂ ਪੰਥ ਦੇ ਵਿੱਚ ਸ਼ਾਮਿਲ ਹੋ ਕੇ "ਗੁਰੂ ਗ੍ਰੰਥ ਸਾਹਿਬ ਜੀ" ਦੇ ਲੜ ਲੱਗ ਜਾਈਏ। ਫਿਰ ਧੰਨਤਾ ਅਤੇ ਸ਼ੋਭਾ ਸਾਡੇ ਪੈਰ ਚੁੰਮਣਗੀਆਂ। ਪੰਥ ਦਰਦੀਓ ਆਉ ਤੁਸੀਂ ਵੀ ਚੌਂਕੀਦਾਰ ਬਣ ਕੇ ਗੁਰਮਤਿ ਸਿਧਾਤਾਂ ਦੀ ਰਾਖੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਓ ਤੇ ਕੱਚੀਆਂ ਧਾਰਨਾਂ ਲਾ ਕੇ ਗੁਰਬਾਣੀ ਗਾਉਣ ਵਾਲਿਆਂ ਨੂੰ ਸਾਹਿਬਾਂ ਦੇ ਫੁਰਮਾਣ ਅਨੁਸਾਰ ਗੁਰਬਾਣੀ ਰੂਪੀ ਸੱਚੀ ਸੱਚੀ ਬਾਣੀ ਪੜ੍ਹਨ ਲਈ ਪਰੇਰੋ।

ਫੁਰਮਾਨ ਹੈ:-

ਹੁਕਮੁ ਮੰਨਿਹੁ ਗੁਰੂ ਕੇਰਾ ॥

ਗਾਵਹੁ ਸਚੀ ਬਾਣੀ ॥

(ਅਨੰਦ ਸਾਹਿਬ)




.