.

(ਨੋਟ:- ਭਾਈ ਜਸਬੀਰ ਸਿੰਘ ਜੀ ਵੈਨਕੂਵਰ ਵਾਲੇ ਕਾਫੀ ਸੁਲਝੇ ਹੋਏ ਅਤੇ ਮਿੱਠ ਬੋਲੜੇ ਗੁਰਮੁਖ ਪਿਆਰੇ ਹਨ। ਇਹਨਾ ਦੇ ਕਈ ਲੇਖ ਪਹਿਲਾਂ ਵੀ ‘ਸਿੱਖ ਮਾਰਗ’ ਤੇ ਛਪ ਚੁੱਕੇ ਹਨ। ਹੁਣ ਇਹਨਾ ਨੇ ਇਕ ਸਪਤਾਹਿਕ ਕਾਲਮ ਸਵਾਲ ਜਵਾਬ {ਪ੍ਰਸ਼ਨ-ਉੱਤਰ} ਸ਼ੁਰੂ ਕੀਤਾ ਹੈ ਜੋ ਕਿ ਵੈਨਕੂਵਰ ਦੇ ਕਈ ਲੋਕਲ ਅਖਬਾਰਾਂ ਵਿਚ ਛਪ ਰਿਹਾ ਹੈ। ਉਹ ਅਸੀਂ ‘ਸਿੱਖ ਮਾਰਗ’ ਦੇ ਪਾਠਕਾਂ ਲਈ ਇੱਥੇ ਵੀ ਪਾ ਰਹੇ ਹਾਂ। ਅਸੀਂ ਹਰ ਹਫਤੇ ਇਕ ਜਾਂ ਦੋ ਸਵਾਲ ਜਵਾਬ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਪਾਵਾਂਗੇ-ਸੰਪਾਦਕ)

ਪ੍ਰਸ਼ਨ: "ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥ ਸ਼ਬਦ ਦਾ ਕੀ ਅਰਥ ਹੈ?"

ਉੱਤਰ: ਇਸ ਸ਼ਬਦ ਦਾ ਠੀਕ ਅਰਥ ਭਾਵ ਸਮਝਣ ਲਈ ਪਹਿਲਾਂ ਇੱਕ ਦੋ ਗੱਲਾਂ ਨੂੰ ਸਮਝ ਲੈਣਾ ਜ਼ਰੂਰੀ ਹੈ। ਗੁਰੂ ਗਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ ਜਿਹੜੀਆਂ ਕੁੱਝ ਬੁਨਿਆਦੀ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ, ਉਹਨਾਂ ਵਿਚੋਂ ਇੱਕ ਇਹ ਹੈ ਕਿ, ਗੁਰੂ ਸਾਹਿਬਾਨ ਜਾਂ ਭਗਤਾਂ ਨੇ ਜਿਨ੍ਹਾਂ ਲੋਕਾਂ ਵਿੱਚ ਵਿਚਰਦਿਆਂ ਹੋਇਆਂ ਉਹਨਾਂ ਨੂੰ ਗੁਰਮਤਿ ਦ੍ਰਿੜ ਕਰਵਾਈ ਹੈ, ਉਹਨਾਂ ਦੇ ਧਾਰਮਿਕ ਵਿਸ਼ਵਾਸ ਅਰਥਾਤ ਉਹ ਕਿਸ ਧਰਮ ਨਾਲ ਸਬੰਧ ਰੱਖਦੇ ਸਨ, ਜਾਣਨਾ ਜ਼ਰੂਰੀ ਹੈ। ਚੂੰਕਿ ਲੋਕਾਂ ਦੇ ਪ੍ਰਚਲਤ ਵਿਸ਼ਵਾਸਾਂ ਨੂੰ ਸਾਹਮਣੇ ਰੱਖ ਕੇ ਹੀ ਉਹਨਾਂ ਨੂੰ ਸਹੀ ਜੀਵਨ ਜਾਚ ਅਸਾਨੀ ਨਾਲ ਸਮਝਾਈ ਜਾ ਸਕਦੀ ਸੀ। ਮਿਸਾਲ ਦੇ ਤੌਰ `ਤੇ ਜਿਵੇਂ ਬਾਬਾ ਫਰੀਦ ਸਾਹਿਬ ਆਪਣੀ ਬਾਣੀ ਵਿੱਚ ਇਸਲਾਮਿਕ ਸ਼ਬਦਾਵਲੀ ਅਤੇ ਵਿਸ਼ਵਾਸਾਂ ਦਾ ਹੀ ਵਰਣਨ ਕਰਦੇ ਹਨ; ਕਿਉਂਕਿ ਜਿਨ੍ਹਾਂ ਨੂੰ ਆਪ ਜੀਵਨ ਜੁਗਤਿ ਸਮਝਾ ਰਹੇ ਸਨ ਉਹ ਮੁਸਲਮਾਨ ਸਨ। ਇਹੀ ਕਾਰਨ ਹੈ ਕਿ ਆਪ ਜੀ ਦੀ ਬਾਣੀ ਵਿੱਚ ਧਰਮਰਾਜ, ਦਸਮ ਦੁਆਰ ਆਦਿ ਸ਼ਬਦਾਂ ਦੀ ਵਰਤੋਂ ਨਹੀਂ ਹੋਈ ਹੋਈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਫਰੀਦ ਸਾਹਿਬ ਦੀ ਬਾਣੀ ਵਿਚੋਂ ਕੇਵਲ ਇੱਕ ਉਦਾਹਰਣ ਹੀ ਦਿੱਤੀ ਜਾ ਰਹੀ ਹੈ:- ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥ ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥ {ਪੰਨਾ 1378}

ਸ਼ਲੋਕ ਵਿੱਚ ਫਰੀਦ ਸਾਹਿਬ ਇਸਲਾਮੀ ਖ਼ਿਆਲ ਅਨੁਸਾਰ ਸ਼ੈਤਾਨ ਨੂੰ ਬਦੀ ਦਾ ਪ੍ਰੇਰਕ ਆਖ ਰਹੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਇਸਲਾਮ ਦੇ ਪੈਰੋਕਾਰ ਜਾਂ ਪੈਰੋਕਾਰਾਂ ਨਾਲ ਗੱਲ ਕਰਦਿਆਂ ਇਹ ਸਮਝਾਉਣ ਲਈ ਕਿ, "ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ"॥ ਤਾਂ ਅਜ਼ਰਾਇਲ ਫਰੇਸਤਾ ਦੇ ਜ਼ਿਕਰ ਦੇ ਨਾਲ ਰੱਬ ਦੇ ਵਹੀ ਕੱਢ ਕੇ ਬੈਠੇ ਹੋਣ ਦੀ ਗੱਲ ਕਰਦੇ ਹਨ:- "ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ" ॥ {ਪੰਨਾ 953}

ਸਤਿਗੁਰੂ ਜੀ ਜਦ ਕਿਸੇ ਅਜਿਹੇ ਪ੍ਰਾਣੀ ਨੂੰ ਜੀਵਨ ਜਾਚ ਸਮਝਾਉਂਦੇ ਹਨ, ਜਿਸ ਦਾ ਵਿਸ਼ਵਾਸ ਹਿੰਦੂ ਧਰਮ ਵਿੱਚ ਹੈ, ਤਾਂ ਉਸ ਸਮੇਂ ਹਿੰਦੂ ਧਰਮ ਵਿੱਚ ਪ੍ਰਚਲਤ ਪੁਰਾਣਕ ਸਾਖੀਆਂ ਦਾ ਹਵਾਲਾ ਦੇਂਦੇ ਹਨ। ਜਿਵੇਂ ਇਹ ਗੱਲ ਦਰਸਾਉਣ ਲਈ ਕਿ, "ਮੰਨੇ ਨਾਉ ਸੋਈ ਜਿਣਿ ਜਾਇ ॥ ਅਉਰੀ ਕਰਮ ਨ ਲੇਖੈ ਲਾਇ ॥" ਤਾਂ ਫ਼ਰਮਾਉਂਦੇ ਹਨ:-

ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥ ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥ ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ ਰੋਵਹਿ ਪਾਂਡਵ ਭਏ ਮਜੂਰ ॥ ਜਿਨ ਕੈ ਸੁਆਮੀ ਰਹਤ ਹਦੂਰਿ ॥ ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥ {ਪੰਨਾ 953-954}

ਇਸੇ ਤਰ੍ਹਾਂ ਜੋਗੀਆਂ, ਸਰੇਵੜਿਆਂ, ਸੰਨਿਆਸੀਆਂ ਆਦਿ ਨਾਲ ਗੱਲ ਬਾਤ ਸਮੇਂ ਇਹੀ ਢੰਗ ਅਪਣਾਇਆ ਗਿਆ ਹੈ। ਚੂੰਕਿ ਜਿਨ੍ਹਾਂ ਨਾਲ ਗੱਲ ਬਾਤ ਹੋ ਰਹੀ ਹੈ, ਉਹਨਾਂ ਵਿਚੋਂ ਕੋਈ ਹਿੰਦੂ ਧਰਮ ਨਾਲ, ਕੋਈ ਇਸਲਾਮ ਨਾਲ, ਕੋਈ ਜੋਗ ਮਤ ਆਦਿ ਨਾਲ ਸਬੰਧ ਰੱਖਦਾ ਹੈ। (ਸਿੱਖ ਤਾਂ ਗੁਰੂ ਸਾਹਿਬਾਨ ਦੇ ਉਪਦੇਸ਼ ਨੂੰ ਸੁਣ ਕੇ ਇਸ ਉਪਦੇਸ਼ ਨੂੰ ਧਾਰਨ ਕਰਨ ਮਗਰੋਂ ਹੀ ਬਣੇ ਸਨ।) ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ, ਗੱਲ ਬਾਤ ਭਾਂਵੇ ਕਿਸੇ ਇੱਕ ਫ਼ਿਰਕੇ ਦੇ ਧਾਰਨੀ ਨਾਲ ਹੋ ਰਹੀ ਸੀ, ਪਰ ਗੱਲ ਬਾਤ ਦੌਰਾਨ ਜੋ ਸੱਚ ਦ੍ਰਿੜ ਕਰਵਾਇਆ ਹੈ, ਉਹ ਸਮੁੱਚੀ ਮਨੁੱਖਤਾ ਲਈ ਹੈ। (ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ।)

"ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ" ॥ ਵਾਲਾ ਸ਼ਬਦ ਗੂਜਰੀ ਰਾਗ ਵਿੱਚ ਭਗਤ ਤ੍ਰਿਲੋਚਨ ਜੀ ਦਾ ਉਚਾਰਣ ਕੀਤਾ ਹੋਇਆ ਹੈ। ਪੂਰਾ ਸ਼ਬਦ ਇਸ ਤਰ੍ਹਾਂ ਹੈ: -

ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ {ਪੰਨਾ 526}

ਭਗਤ ਜੀ ਜੋ ਗੱਲ ਕਹਿਣਾ ਚਾਹੁੰਦੇ ਹਨ, ਉਹ ਇਸ ਸ਼ਬਦ ਦੀ ਰਹਾਉ ਵਾਲੀ ਪੰਗਤੀ `ਚ ਹੈ ਕਿ, "ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ" ॥ ਇਹ ਸੁਨੇਹਾ ਜਿਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਵਿੱਚ ਇਹ ਪੁਰਾਣਾਂ ਸ਼ਾਸ਼ਤ੍ਰਾਂ ਵਾਲੇ ਖ਼ਿਆਲ ਹੀ ਪ੍ਰਚਲਤ ਸਨ। ਜੂਨਾਂ ਵਿੱਚ ਪੈਣ ਬਾਰੇ ਹਿੰਦੂ ਭਾਈਚਾਰੇ ਵਿੱਚ ਜੋ ਧਾਰਨਾ ਸੀ, ਭਗਤ ਜੀ ਉਸ ਦਾ ਹੀ ਹਵਾਲਾ ਦੇ ਕੇ ਇਹ ਗੱਲ ਸਮਝਾ ਰਹੇ ਹਨ ਕਿ, "ਹੇ ਭਾਈ! ਸਾਰੀ ਉਮਰ ਧਨ, ਇਸਤ੍ਰੀ, ਪੁੱਤਰ , ਤੇ ਮਹਲ-ਮਾੜੀਆਂ ਆਦਿ ਦੇ ਧੰਧਿਆਂ ਵਿਚ ਹੀ ਇਤਨਾ ਖਚਿਤ ਨਾਹ ਰਹੋ ਕਿ ਮਰਨ ਵੇਲੇ ਭੀ ਸੁਰਤਿ ਇਹਨਾਂ ਵਿਚ ਹੀ ਟਿਕੀ ਰਹੇ। ਗ੍ਰਿਹਸਤ-ਜੀਵਨ ਦੀਆਂ ਜ਼ਿੰਮੇਵਾਰੀਆਂ ਇਸ ਤਰੀਕੇ ਨਾਲ ਨਿਭਾਓ ਕਿ ਕਿਰਤ-ਕਾਰ ਕਰਦਿਆਂ ਭੀ "ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ" ; ਤਾਂਕਿ ਅੰਤ ਵੇਲੇ ਵੀ ਸੁਰਤਿ ਧਨ , ਇਸਤ੍ਰੀ , ਪੁੱਤਰ ਮਹਲ-ਮਾੜੀਆਂ ਆਦਿ ਵਿਚ ਭਟਕਣ ਦੇ ਥਾਂ ਪ੍ਰਭੂ-ਚਰਨਾਂ ਵਿਚ ਜੁੜੀ ਰਹੇ । ਸੋ, ਭਗਤ ਤ੍ਰਿਲੋਚਨ ਜੀ ਹਿੰਦੂ ਜਨਤਾ ਵਿਚ ਚੱਲੇ ਹੋਏ ਖ਼ਿਆਲਾਂ ਨੂੰ ਹੀ ਉਹਨਾਂ ਦੇ ਸਾਹਮਣੇ ਰੱਖ ਕੇ ਉਹਨਾਂ ਨੂੰ ਹੀ ਸਹੀ ਜੀਵਨ ਦਾ ਰਸਤਾ ਦੱਸ ਰਹੇ ਹਨ, ਨਾ ਕਿ ਇਹਨਾਂ ਜੂਨਾਂ ਵਿੱਚ ਪੈਣ ਬਾਰੇ ਆਪਣਾ ਮਤ ਪ੍ਰਗਟ ਕਰ ਰਹੇ ਹਨ।" (ਹੋਰ ਵਿਸਥਾਤ ਸਹਿਤ ਦੇਖੋ ਗੁਰੂ ਗਰੰਥ ਦਰਪਣ: ਪ੍ਰੋ: ਸਾਹਿਬ ਸਿੰਘ ਜੀ)

ਸੋ, ਸੰਖੇਪ ਵਿੱਚ ਇਹੀ ਆਖਿਆ ਜਾ ਸਕਦਾ ਹੈ ਕਿ ਜੂਨਾਂ ਬਾਰੇ ਜੋ ਇਸ ਸ਼ਬਦ ਵਿੱਚ ਵਰਣਨ ਹੈ, ਉਹ ਗੁਰੂ ਗਰੰਥ ਸਾਹਿਬ ਦਾ ਮਤ ਨਹੀਂ ਹੈ। ਜਿਸ ਤਰ੍ਹਾਂ ਗੁਰੂ ਗਰੰਥ ਸਾਹਿਬ ਵਿੱਚ ਹੋਰ ਅਨੇਕਾਂ ਪੁਰਾਣਕ ਹਵਾਲਿਆਂ ਦਾ ਜ਼ਿਕਰ ਆਇਆ ਹੈ, ਉਸੇ ਤਰ੍ਹਾਂ ਇਸ ਸ਼ਬਦ ਵਿੱਚ ਇਹਨਾਂ ਪ੍ਰਚਲਤ ਖ਼ਿਆਲਾਂ ਦਾ ਵਰਣਨ ਕਰਦਿਆਂ ਹੋਇਆਂ ਜੀਵਨ ਦਾ ਸਹੀ ਰਸਤਾ ਦਰਸਾਇਆ ਗਿਆ ਹੈ।

ਨੋਟ: ਕਈ ਸੱਜਣ ਇਸ ਸ਼ਬਦ ਵਿੱਚ ਜੂਨਾਂ ਤੋ ਭਾਵ, ਜ਼ਮੀਰ ਦੀ ਮੌਤ ਹੋਣ `ਤੇ, ਇਸੇ ਜਨਮ ਵਿੱਚ ਪਸ਼ੂਪੁਣੇ ਦੇ ਤਲ ਉੱਤੇ ਜਿਊਂਣ ਤੋਂ ਲੈਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗਰੰਥ ਸਾਹਿਬ ਵਿੱਚ ਬਹੁਤ ਥਾਂਈ ਜ਼ਮੀਰ ਦੀ ਮੌਤ ਦਾ ਹੀ ਵਰਣਨ ਹੈ, ਪਰੰਤੂ ਇਸ ਸ਼ਬਦ ਵਿੱਚ ਜ਼ਮੀਰ ਦੀ ਮੌਤ ਵਾਲਾ ਭਾਵ ਢੁਕਵਾਂ ਨਹੀਂ ਹੈ; ਕਿਉਂਕਿ ਜਿਹਨਾਂ ਨੂੰ ਜੀਵਨ ਦਾ ਇਹ ਸੱਚ ਸਮਝਾਇਆ ਜਾ ਰਿਹਾ ਹੈ, ਉਹ ਜ਼ਮੀਰ ਦੀ ਮੌਤ ਤੋਂ ਭਾਵ ਨਹੀਂ ਸੀ ਲੈਂਦੇ।

ਜਸਬੀਰ ਸਿੰਘ ਵੈਨਕੂਵਰ




.