.

ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਵਿੱਚ ਮੰਗਲਾਚਰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲਾਚਰਨ (ਇਸ਼ਟ ਦਾ ਸਰੂਪ) ਸ਼ੁਰੂ ਵਿੱਚ ਹੀ ਅੰਕਿਤ ਹੈ: ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਕਈ ਥਾਂਈਂ ਇਹ ਮੰਗਲਾਚਰਨ ਪੂਰਾ ਅੰਕਿਤ ਹੈ; ਸੰਖੇਪ ਰੂਪ ‘ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ॥’ ਅਤੇ ਬਹੁਤੀ ਥਾਂਈਂ ਅਤਿ-ਸੰਖੇਪ ਰੂਪ ‘ੴ ਸਤਿਗੁਰਪ੍ਰਸਾਦਿ॥’ ਲਿਖਿਆ ਹੋਇਆ ਹੈ। ਮੰਗਲਾਚਰਨ ਵਿੱਚ ਸਤਿਗੁਰੂ ਜੀ ਨੇ ੴ (ਇਕ ਪਰਮਾਤਮਾ) ਨਾਲ ਸਾਰੀ ਮਨੁਖ-ਜਾਤੀ ਨੂੰ ਜੋੜਿਆ ਹੈ ਜਿਸਦਾ ਪਰਾ-ਪੂਰਬਲਾ ਨਾਮ ‘ਸਤਿਨਾਮੁ’ (ਸਦਾ ਥਿਰ ਰਹਣ ਵਾਲਾ) ਹੈ, ਉਹ ਸੰਸਾਰ ਦਾ ਰਚਨਹਾਰ, ਸਰਬ-ਵਿਆਪਕ, ਸਰਬ-ਸ਼ਕਤੀਵਾਨ, ਵੈਰ-ਰਹਿਤ (ਪ੍ਰੇਮ-ਸਰੂਪ), ਸਮੇ ਦੇ ਪ੍ਰਭਾਵ ਤੋਂ ਰਹਤ ਮਹਾਨ ਹਸਤੀ, ਅਜਨਮਾ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ; ਉਸਦੀ ਪ੍ਰਾਪਤੀ (ਜੋ ਕਿ ਮਨੁਖਾ ਜੀਵਨ ਦਾ ਅਸਲ ਮਕਸਦ ਹੈ) ਸੱਚੇ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦੀ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ਼ ੴ ਨਾਲ ਜੋੜਨ ਵਾਲਾ ਮੰਗਲਾਚਰਨ ਹੈ ਨ ਕਿ ਕਿਸੇ ਦੇਵੀ-ਦੇਵਤੇ ਨਾਲ ਜੋੜਨ ਵਾਲਾ। ਕੋਈ ਦੇਵੀ ਜਾਂ ਦੇਵਤਾ ਸਰਬ-ਸਕਤੀਵਾਨ ਨਹੀਂ। ਤ੍ਰਿਦੇਵ (ਤਿੰਨ ਦੇਵਤੇ) ਦੇ ਸਿਧਾਂਤ ਨੂੰ ਮੰਨਣ ਵਾਲੇ ਦਸਦੇ ਹਨ ਕਿ ਬ੍ਰਹਮਾ ਪੈਦਾ ਕਰਣ ਵਾਲਾ ਹੈ ਪਰ ਉਸ ਕੋਲ ਪਾਲਣ ਅਤੇ ਮਾਰਨ ਦੀ ਸ਼ਕਤੀ ਨਹੀ; ਵਿਸ਼ਨੂੰ ਸਿਰਫ਼ ਪਾਲਣਹਾਰਾ ਹੈ ਉਸ ਕੋਲ ਪੈਦਾ ਕਰਨ ਅਤੇ ਮਾਰਨ ਦੀ ਸ਼ਕਤੀ ਨਹੀ; ਸ਼ਿਵ ਮੌਤ ਦਾ ਦੇਵਤਾ ਹੈ ਜੋ ਪੈਦਾ ਕਰਨ ਤੇ ਪਾਲਣ ਦੀ ਸ਼ਕਤੀ ਤੋਂ ਸਖਣਾ ਹੈ; ਤਿੰਨੇ ਹੀ ਅਧੂਰੇ ਹਨ। ਪਰ ਉਪਰ-ਲਿਖੇ ਮੰਗਲਾਚਰਨ (ਜਿਸ ਨੂੰ ਸਿੱਖੀ ਦਾ ਮੂਲ-ਮੰਤਰ ਮੰਨਿਆ ਜਾਂਦਾ ਹੈ) ਵਿੱਚ ਦਰਸਾਏ ਪ੍ਰਭੂ ਨੂੰ ਹੀ ਸਰਬ-ਸ਼ਕਤੀਵਾਨ ਮੰਨਿਆ ਹੈ; ਗੁਰਵਾਕ, ਗੁਰੂ ਗ੍ਰੰਥ ਸਾਹਿਬ, ਵਾਰ ਆਸਾ ਮਹਲਾ 1, ਅੰਗ 476:

ਦਾਤਾ ਕਰਤਾ ਆਪੁ ਤੂ ਤੁਸਿ ਦੇਵਹਿ ਕਰਹਿ ਪਸਾਉ ॥ ਤੂ ਜਾਣੋਈ ਸਭਸੈ ਦੇ ਲੈਸਹਿ ਜਿੰਦ ਕਵਾਉ ॥

ਅਰਥਾਤ ਪ੍ਰਸੰਨ ਹੋਕੇ (ਤੁਸਿ) ਦਾਤਾਂ ਦੇਣ ਵਾਲਾ, ਪੈਦਾ ਕਰਣ ਵਾਲਾ, ਸਭ ਦੇ ਦਿਲਾਂ ਦੀ ਜਾਣਨ ਵਾਲਾ, ਆਤਮਾ (ਜਿੰਦ) ਅਤੇ ਸਰੀਰ ਦੇ ਕੇ ਫਿਰ ਲੈ ਲੈਣ ਵਾਲਾ ਸਿਰਫ਼ ੴ ਹੀ ਹੈ; ਹੋਰ ਕੋਈ ਦੇਵੀ ਦੇਵਤਾ ਨਹੀ। ਮੁਕਤੀ–ਦਾਤਾ ਵੀ ੴ ਹੀ ਹੈ, ਕੋਈ ਦੇਵੀ ਜਾਂ ਦੇਵਤਾ ਮੁਕਤੀ ਨਹੀਂ ਦੇ ਸਕਦਾ; ਗੁਰਵਾਕ

ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥ (ਗੁਰੂ ਗ੍ਰੰਥ ਸਾਹਿਬ)

ਪਰ ਬਚਿਤ੍ਰ ਨਾਟਕ ਗ੍ਰੰਥ ਵਿੱਚ ਇਸੇ ਦੇਵੀ ਭਵਾਨੀ (ਦੁਰਗਾ, ਭਗਉਤੀ, ਕਾਲਕਾ, ਕਾਲ…) ਪ੍ਰਥਾਇ ਸ੍ਰੀ ਭਗਉਤੀ ਜੀ ਸਹਾਇ ॥……… ਸ੍ਰੀ ਭਗੌਤੀ ਏ ਨਮਹ ॥……….. ਮੰਗਲਾਚਰਣ ਇਸ ਪੂਰੇ ਗ੍ਰੰਥ ਵਿੱਚ ਇਸ਼ਟ ਦਾ ਸਰੂਪ ਮਹਾਕਾਲ-ਕਾਲਕਾ (ਸ਼ਿਵ-ਪਾਰਵਤੀ ਦਾ ਅਰਧ-ਨਾਰੀਸ਼ਵਰ ਭਿਆਨਕ ਵਿਨਾਸ਼ਕਾਰੀ ਸਰੂਪ; ਸ਼ਿਵ ਪੁਰਾਣ ਵਿੱਚ ਦਵਾਦਸ਼ਲਿੰਗਮ ਦੀ ਕਥਾ ਤੇ ਆਧਾਰਿਤ) ਹੀ ਲਿਖਿਆ ਮਿਲਦਾ ਹੈ; ਪੰਨਾ 73 ਤੇ ਲਿਖਿਆ ਹੈ:-

ਸਰਬਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਕਾ ਮਾਤ ਹਮਾਰਾ ॥

ਅਰਥਾਤ, ਸਰਬਕਾਲ (ਮਹਾਕਾਲ; ਸ਼ਿਵ ਪੁਰਾਣ ਵਿਚੋਂ) ਪਿਤਾ ਹੈ ਅਤੇ ਦੇਵੀ ਕਾਲਕਾ ਜਿਸ ਦੇ ਪਾਰਬਤੀ, ਦੁਰਗਾ, ਭਗਉਤੀ, ਭਵਾਨੀ, ਸ਼ਿਵਾ, ਛਿਮਾ, ਕਾਲ, ਕਾਲੀ, ਮਹਾਕਾਲੀ ਵਗੈਰਾ ਅਨੇਕਾਂ ਨਾਂ ਮਾਰਕੰਡੇਯ ਪੁਰਾਣ (ਦੇਵੀ ਪੁਰਾਣ) ਵਿਚੋਂ ਲੈਕੇ ਬਚਿਤ੍ਰ ਨਾਟਕ ਗ੍ਰੰਥ ਵਿੱਚ ‘ਦੇਵੀ ਜੂ ਕੀ ਉਸਤਤ’ ਸਿਰਲੇਖ ਹੇਠ ਲਿਖੇ ਹਨ। ਕਿਸੇ ਦੇਵੀ-ਦੇਵਤਾ ਦੇ ਪ੍ਰਥਾਇ ਲਿਖੇ ਮੰਗਲਾਚਰਣ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹਰਗਿਜ਼ ਨਹੀ ਹਨ।

ਇਸ ਬਚਿਤ੍ਰ ਨਾਟਕ ਗ੍ਰੰਥ ਦਾ ਮੋਜੂਦਾ ਨਾਂ ਸ੍ਰੀ ਦਸਮ ਗ੍ਰੰਥ ਸਾਹਿਬ ਭੁਲੇਖਾ-ਪਾਉ (controversial / confusing ) ਨਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਦਨਾਮ ਕਰਣ ਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਖੜਾ ਕਰਣ ਦੀ ਮਾੜੀ ਨੀਯਤ ਨਾਲ ਸਿਖ-ਵਿਰੋਧੀਆਂ ਨੇ ਰਖ ਦਿੱਤਾ ਹੈ ਜਿਸ ਵਿੱਚ ਲਿਖੇ ਮੰਗਲਾਚਰਣ ਦੇਵੀ ਦੁਰਗਾ ਨਾਲ ਜੋੜਦੇ ਹਨ।

ਦਲਬੀਰ ਸਿੰਘ ਐਮ. ਐਸ. ਸੀ.
.