.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 38)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਅਖੌਤੀ ਪੀਰਾਂ, ਪੰਡਤਾਂ, ਸਾਈਆਂ ਤੇ ਬਾਬਿਆਂ ਦੇ ਵਿਛਏ ਜਾਲ ਦੀ ਮੀਡੀਏ ਵੱਲੋਂ ਠੱਗਾਂ ਦੀ ਇਸ਼ਤਿਹਾਰਬਾਜ਼ੀ ਕਿਉਂ?

ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਪੁਸਤਕ ‘ਮੇਰਾ ਪਿੰਡ’ ਵਿੱਚ ਸਾਧਾਂ ਸੰਤਾਂ ਦਾ ਜ਼ਿਕਰ ਕਰਦਿਆ ਲਿਖਿਆ ਸੀ-ਕੀਹਦੇ -ਕੀਹਦੇ ਪੈਰੀਂ ਹੱਥ ਲਾਈਏ ਸੰਤਾਂ ਦੇ ਵੱਗ ਫਿਰਦੇ। ਉਸ ਦਾ ਇਸ਼ਾਰਾ ਅਖੌਤੀ ਸੰਤਾਂ ਵੱਲ ਸੀ ਜਿਨਾਂ ਨੂੰ ਕਈ ਬੂਬਨੇ ਸਾਧ ਵੀ ਕਹਿੰਦੇ ਹਨ। ਹੁਣ ਤਾਂ ਉਨਾਂ ਬੂਬਨੇ ਸਾਧਾਂ ਵਿੱਚ ਕਈ ਤਰਾਂ ਦੇ ਪੀਰ, ਪੰਡਤ, ਜੋਗੀ, ਸਾਂਈ, ਮਾਸਟਰ ਤੇ ਬਾਬੇ ਵੀ ਸ਼ਾਮਲ ਹੋ ਗਏ ਹਨ ਜਿਨਾਂ ਨੇ ਜਨ- ਸਾਧਾਰਨ ਦੀ ਲੁੱਟਮਾਰ ਕਰਨ ਵਿੱਚ ਅੰਨੀ ਪਾ ਰੱਖੀ ਹੈ।

ਮੀਡੀਆ ਅਤੇ ਝੂਠਾ ਪ੍ਰਚਾਰ

ਹੈਰਾਨੀ ਹੁੰਦੀ ਹੈ ਕਿ ਗਿਆਨ- ਵਿਗਿਆਨ ਦੀ ਇੱਕੀਵੀਂ ਸਦੀ ਵਿੱਚ ਵੀ ਅਗਿਆਨ ਤੇ ਅੰਧਵਿਸ਼ਵਾਸ ਦਾ ਸੌਦਾ ਵੇਚਣ ਵਾਲੀਆ ਹੱਟੀਆਂ ਦਾ ਕਾਰੋਬਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲੀ ਜਾ ਰਿਹਾ। ਉਨਾਂ ਦੇ ਨੰਗੇ - ਚਿੱਟੇ ਝੂਠ-ਪ੍ਰਚਾਰ ਨੂੰ ਵੇਖ ਕੇ ਸੂਝਵਾਨ ਬੰਦਿਆਂ ਨੂੰ ਅਲਕਤ ਆਉਦੀ ਹੈ। ਉਨਾਂ ਲੁਟੇਰਿਆਂ ਦੀ ਕੋਈ ਰੋਕ ਨਹੀ ਕੋਈ ਟੋਕ ਨਹੀ। ਉਹ ਨਾਵਾਂ ਦਿੰਦੇ ਹਨ ਅਤੇ ਰੇਡੀਓ, ਟੈਲੀਵੀਜ਼ਨ, ਇੰਟਰਨੈੱਟ ਤੇ ਅਖ਼ਬਾਰਾਂ ਰਾਹੀ ਸ਼ਰੇਆਮ ਇਸ਼ਤਿਹਾਰਬਾਜ਼ੀ ਕਰਦੇ ਹਨ। ਕਈ ਮੀਡੀਆਂ ਵਾਲੇ ਵੀ ਚੁੰਗੀ ਲੈ ਕੇ ਉਨਾਂ ਦੇ ਗਲਤ ਪ੍ਰਚਾਰ ਵਿੱਚ ਸਹਾਇਕ ਬਣ ਜਾਦੇ ਹਨ। ਉਨਾਂ ਦੇ ਇਸ਼ਤਿਹਾਰਾਂ ਦੀ ਭਾਸ਼ਾਂ ਅਜਿਹੀ ਲੁਭਾਉਣੀ ਹੁੰਦੀ ਹੈ ਕਿ ਆਮ ਬੰਦਾ ਆਸਾਨੀ ਨਾਲ ਹੀ ਭਰਮਾਇਆ ਤੇ ਠੱਗਿਆਂ ਜਾਦਾ ਹੈ।

ਪਾਖੰਡੀਆਂ ਦੇ ਦਾਅਵੇ

ਇਕ ‘ਬਾਬਾ’ ਐਲਾਨ ਕਰਦਾ ਹੈ ਕਿ ਸਿਰਫ ਇੱਕ ਰਾਤ ਅਮਲ ਕਰਨ ਨਾਲ, ਆਪਣੇ ਦੁਸ਼ਮਣਾਂ ਦੇ ਕੀਤੇ ਹੋਏ ਜਾਦੂ-ਟੂਣੇ, ਆਪਣੀਆਂ ਅੱਖਾਂ ਨਾਲ ਖ਼ੁਦ ਦੇਖੋ। ਆਪਣੀ ਹਰ ਖਾਹਿਸ਼ ਪੂਰੀ ਕਰੋ ਤੇ ਖੁਸ਼ੀਆਂ ਮਨਾਓ। ਮੇਰਾ ਸਭ ਨੂੰ ਚੈਲਿੰਜ ਹੈ। ਇੱਕ ਵਾਰ ਅਜਮਾਓ। ਤੁਹਾਡੀਆਂ ਸਾਰੀਆਂ ਪ੍ਰੇਸ਼ਾਨੀਆਂ, ਜਿਵੇਂ ਪੱਥਰ ਦਿਲ ਇਨਸਾਨ ਨੂੰ ਆਪਣੇ ਕਬਜ਼ੇ ‘ਚ ਕਰਨਾ, ਮਨਪਸੰਦ ਦੀ ਵਿਆਹ ਸ਼ਾਦੀ, ਕਾਰੋਬਾਰ ਦੀਆ ਮੁਸ਼ਕਲਾਂ, ਗੱਲ ਕੀ ਹਜ਼ਾਰਾਂ ਪ੍ਰੇਸ਼ਾਨੀਆਂ ਦੂਰ ਕਰਨ ਵਾਲਾ ਕਰਾਮਾਤੀ ਤਾਵੀਤ ਹਾਸਲ ਕਰੋ। ਤੁਹਾਡੇ ਤਮਾਮ ਦੁੱਖ ਅਤੇ ਪ੍ਰੇਸ਼ਾਨੀਆਂ ਤਿੰਨ ਦਿਨਾਂ ਵਿੱਚ ਹੀ ਖ਼ਤਮ ਹੋ ਜਾਣਗੀਆਂ। ਨਾਲ ਲਿਖਿਆ ਹੁੰਦਾ ਹੈ ਕਿ ਤੁਹਾਡਾ ਪਤਾ ਟਿਕਾਣਾ ਸਭ ਕੁੱਝ ਗੁਪਤ ਰੱਖਿਆ ਜਾਵੇਗਾ ਅਤੇ ਸਾਡੇ ਕੰਮ ਦੀ ਪੂਰੀ ਗਰੰਟੀ ਹੈ।

ਅਜਿਹੇ ਗਰੰਟੀਸ਼ੁਦਾ ਬਾਬੇ ਤੋਂ ਫਿਰ ‘ਕੱਲੇ ਦੁਕੱਲੇ ਨੂੰ ਗਰੰਟੀ ਲੈਣ ਦੀ ਥਾਂ ਯੂ. ਐਨ. ਓ. ਨੂੰ ਹੀ ਸਾਰੀ ਦੁਨੀਆ ਦੇ ਦੁੱਖ-ਦਰਦ ਤਿੰਨਾਂ ਦਿਨਾਂ ਵਿੱਚ ਦੂਰ ਕਰਨ ਦੀ ਗੰਰਟੀ ਲੈ ਲੈਣੀ ਚਾਹੀਦੀ ਹੈ। ਇੱਕ ‘ਪੰਡਿਤ’ ਬਾਬੇ ਨੂੰ ਵੀ ਮਾਤ ਪਾਉਦਾ ਦਾਅਵਾ ਕਰਦਾ ਹੈ ਕਿ ੧੯੫੨ ਤੋਂ ਲੈ ਕੇ ਹੁਣ ਤੱਕ ਉਹਦਾ ਕੋਈ ਮੁਕਾਬਲਾ ਹੀ ਨਹੀ। ਉਹ ਸਿਰਫ਼ ੭੨ ਘੰਟਿਆਂ ਵਿੱਚ ਕਾਲੇ ਜਾਦੂ, ਟੂਣੇ ਜਾਂ ਕਰੇ-ਕਰਾਏ ਦਾ ਮੁਕੰਮਲ ਖ਼ਾਤਮਾ ਕਰਦਾ ਹੈ। ਉਹਦਾ ਪ੍ਰਚਾਰ ਹੈ ਕਿ ਜੇਕਰ ਕਿਸੇ ਨੇ ਤੁਹਾਡੇ ਜਾਂ ਤੁਹਾਡੇ ਘਰ ਵਾਲੀਆਂ ਉਤੇ ਕਿਸੇ ਕਿਸਮ ਦਾ ਧਾਗਾ ਤਵੀਤ ਕਰ ਦਿੱਤਾ ਹੈ ਤਾਂ ਪੰਡਿਤ ਜੀ ਸੌ ਫੀਸਦੀ ਗਰੰਟੀ ਨਾਲ ਇਸ ਦਾ ਮੁਕੰਮਲ ‘ਤੋੜ’ ਸਿਰਫ਼ ੭੨ ਘੰਟਿਆਂ ਵਿੱਚ ਕਰ ਦੇਣਗੇ। ਪੰਡਿਤ ਜੀ ਇਸ ਕੀਤੇ-ਕਰਾਏ ਦੀ ਪਲਟ, ਕਾਲੀ ਕਰਤੂਤ ਕਰਨ ਵਾਲੇ ਉਤੇ ਵਾਪਸ ਕਰ ਦੇਣਗੇ। ਜਿਹੜੇ ਭੈਣ-ਭਰਾ ਕਿਸੇ ਕਾਰਨ ਆਪ ਨਹੀਂ ਆ ਸਕਦੇ, ਉਹ ਫੋਨ ਜਾਂ ਚਿੱਠੀ ਪੱਤਰ ਰਾਹੀ ਗੁਪਤ ਤਰੀਕੇ ਨਾਲ ਘਰ ਬੈਠਿਆਂ ਆਪਣੇ ਸਾਰੇ ਦੁੱਖ ਹਮੇਸ਼ਾਂ ਲਈ ਦੂਰ ਕਰਵਾ ਸਕਦੇ ਹਨ।

ਭਰਮਾਉਣ ਦੇ ਤਰੀਕੇ

ਜਿਹੜੇ ਪਹਿਲਾਂ ਹੀ ਕਿਸੇ ‘ਸਿਆਣੇ’ ਤੋਂ ਉਨ ਲੁਹਾਈ ਬੈਠੇ ਹੋਣ ਉਨਾਂ ਨੂੰ ਭਰਮਾਉਣ ਲਈ ਲਿਖਿਆ ਹੰਦਾ ਹੈ, ਜੇਕਰ ਤੁਹਾਡਾ ਕੰਮ ਕਿਸੇ ਹੋਰ ਕੋਲੋਂ ਨਹੀ ਹੋ ਸਕਿਆ ਜਾਂ ਅਧੂਰਾ ਰਹਿ ਗਿਆ ਹੈ ਤੇ ਤੁਸੀ ਹਿੰਮਤ ਹਾਰ ਕੇ ਢੇਰੀ ਢਾਹ ਬੈਠੇ ਹੋ ਤਾਂ ਪੰਡਿਤ ਜੀ ਥੋੜੇ ਦਿਨਾਂ ਵਿੱਚ ਹੀ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਦੇਣਗੇ। ਕੋਈ ‘ਪੀਰ’ ਫ਼ਰਮਾਉਦਾ ਹੈ ਕਿ ਹੁਣ ਚਿੰਤਾ ਕਰਨ ਦੀ ਲੋੜ ਨਹੀ, ਮੈਨੂੰ ਆਪਣੀਆਂ ਚਿੰਤਾਂਵਾਂ ਸਦਾ ਲਈ ਖ਼ਤਮ ਕਰਨ ਦਾ ਮੌਕਾ ਦਿਓ।

ਉਹ ਸਵਾਲ ਕਰਦਾ ਹੈ, ਕੀ ਤੁਹਾਡਾ ਪਤੀ-ਪਤਨੀ ਦਾ ਕੋਈ ਘਰੇਲੂ ਝਗੜਾ ਹੈ? ਕੀ ਤੁਹਾਡਾ ਪਿਆਰਾ ਕਿਸੇ ਕਾਰਨ ਤੁਹਾਥੋਂ ਵਿਛੜ ਗਿਆ ਹੈ? ਕੀ ਤੁਸੀ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੋ? ਕੀ ਤੁਸੀ ਆਪਣਾ ਕਹਿਣਾ ਨਾ ਮੰਨਣ ਵਾਲੇ ਬੱਚਿਆਂ ਜਾਂ ਘਰੋਂ ਦੌੜ ਗਏ ਬੱਚਿਆਂ ਦਾ ਹੱਲ ਚਾਹੁੰਦੇ ਹੋ? ਕੀ ਤੁਹਾਡੇ ਬਿਜ਼ਨਸ’ਚ ਔਕੜਾਂ ਹਨ? ਕੀ ਤੁਹਾਡੇ ਜਾਂ ਪਰਿਵਾਰ ਦੇ ਕਿਸੇ ਮੈਂਬਰ’ਤੇ ਕਾਲਾ ਜਾਦੂ ਕੀਤਾ ਹੋਇਆ ਹੈ ਤੇ ਤੁਸੀ ਉਸ ਤੋਂ ੪੮ ਘੰਟਿਆਂ ਵਿੱਚ ਹੀ ਛਟਕਾਰਾ ਪਾਉਣਾ ਚਾਹੁੰਦੇ ਹੋ? ਯਕੀਨ ਬੰਨ੍ਹਾਉਣ ਲਈ ਉਹ ਪ੍ਰਚਾਰਦਾ ਹੈ ਕਿ ਇਸ ਸਮੇਂ ਹਜ਼ਾਰਾਂ ਹੀ ਦੁਖੀ ਭੈਣ- ਭਰਾ ਪੀਰ ਦੀਆ ਦੁਆਵਾਂ ਅਤੇ ਜਾਦੂ ਦਾ ਅਸਰ ਕਰਨ ਵਾਲੇ ਤਾਵੀਜ਼ ਨਾਲ ਖੁਸ਼ੀ ਖੁਸ਼ੀ ਵਧੀਆ ਜੀਵਨ ਬਤੀਤ ਕਰ ਰਹੇ ਹਨ।

ਭਲਾ ਖੁਸ਼ ਜੀਵਨ ਬਤੀਤ ਕਰਨ ਦਾ ਲਾਲਚ ਕੀਹਨੂੰ ਨਹੀ ਹੁੰਦਾ? ਸੋ ਸਿੱਧੇ-ਸਾਦੇ ਲੋਕ ਉਨਾਂ ਦੀ ਲੁੱਟ ਦਾ ਮਾਲ ਬਣੀ ਜਾਦੇ ਹਨ। ਇੱਕ ‘ਬਾਬਾ’ਇਸ਼ਤਿਹਾਰ ਦਿੰਦਾ ਹੈ -ਧੋਖੇ ਤੋਂ ਬਚੋ ਅਤੇ ਬਾਬਾ ਜੀ ਦੀ ਦਵਾਈ ਲਵੋ। ਉਹ ਮੁੰਡਾ ਹੋਣ ਦਾ ਨੁਸਖਾ ਦੱਸਦਿਆਂ ਕਹਿੰਦਾ ਹੈ ਕਿ ਕੁੱਖ ਵਿੱਚ ਪਲ ਰਿਹਾ ਬੱਚਾ ਮੁੰਡਾ ਬਣ ਜਾਣ ਦੇ ਉਪਾਅ ਬਾਬਾ ਜੀ ਕੋਲੋਂ ਕਰਾਓ। ਇਥੇ ਹੀ ਬੱਸ ਨਹੀ ਉਹ ਕਿਸੇ ਵੀ ਲੜਾਈ ਕਲੇਸ਼ ਨੂੰ ਹਮੇਸ਼ਾ ਲਈ ਖ਼ਤਮ ਕਰਨ ਦਾ ਨੁਸਖ਼ਾ ਦਿੰਦਾ ਹੈ। ਭਾਰਤ ਤੇ ਪਾਕਿਸਤਾਨ ਦੇ ਰਹਿਬਰਾਂ ਨੂੰ ਉਸ ਬਾਬੇ ਦਾ ਨੁਸਖ਼ਾਂ ਲੈ ਲੈਣਾ ਚਾਹੀਦਾ ਹੈ। ਹੋ ਸਕਦੇ ਬਾਬਾ ਘਰ ਦਾ ਹੋਣ ਕਰ ਕੇ ਫੀਸ ਵੀ ਘੱਟ ਲਵੇ।

ਜਿਹੜੇ ਤਾਂਤਰਿਕ ਕੁੱਝ ਤਿੱਖੇ ਹਨ ਉਹ ਆਪਣਾ ਪ੍ਰਚਾਰ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀ ਕਹਿ ਕੇ ਕਰਦੇ ਹਨ। ਉਹ ਕਹਾਣੀ ਲਿਖਦੇ ਹਨ ਕਿ ਕੈਲੀਫੋਰਨੀਆ ‘ਚ ਕੰਮ ਕਰਦੇ ਪਤੀ-ਪਤਨੀ ਵਿੱਚ ਏਨੀ ਤ੍ਰੇੜ ਪੈ ਗਈ ਸੀ ਕਿ ਮੁੜ ਇਕੱਠੇ ਹੋਣ ਦੀ ਕੋਈ ਗੱਲ ਨਜ਼ਰ ਨਹੀ ਸੀ ਆ ਰਹੀ। ਪਰ ਮਾਸਟਰ’ ਜੀ ਦੀ ਕਿਰਪਾ ਨਾਲ ਤ੍ਰੇੜ ਮਿਟ ਗਈ ਤੇ ਪਰਿਵਾਰ ਖੇਰੁੰ ਖੇਰੂੰ ਹੋਣੋਂ ਬਚ ਗਿਆ। ਹੁਣ ਉਹ ਮਾਸਟਰ ਇਸ਼ਤਿਹਾਰ ਦਿੰਦਾ ਹੈ ਕਿ ਜਿਨ੍ਹਾਂ ਦੇ ਘਰ ਤ੍ਰੇੜ ਪਈ ਹੋਵੇ ਉਥੇ ਉਹ ਰੱਬ ਬਣ ਕੇ ਬਹੁੜ ਸਕਦਾ ਹੈ।

ਕੋਈ ‘ਯੋਗੀ’ ਪੁੱਤਰ ਦੀ ਦਾਤ ਦਿੰਦਾ ਹੈ। ਇਸ਼ਤਿਹਾਰ ਵਿੱਚ ਲਿਖਿਆ ਹੰਦਾ ਹੈ ਕਿ ਯੋਗੀ ਦਾ ਰੂਹਾਨੀ ਤਾਕਤਾਂ ਅਤੇ ਸ਼ਕਤੀਆਂ ਨਾਲ ਸੰਪਰਕ ਹੈ। ਇਹ ਸ਼ਕਤੀਆਂ ਦੁਨੀਆ ਭਰ ਦੇ ਕਰੋੜਾਂ ਲੋਕਾਂ ਦੇ ਦੁੱਖ ਦੂਰ ਕਰਨ ਵਿੱਚ ਮਦਦ ਕਰ ਚੁੱਕੀਆਂ ਹਨ। ਉਹ ਲੋਕ ਯੋਗੀ ਜੀ ਦੀ ਸਲਾਹ ਦੇ ਬਗੈਰ ਇੱਕ ਕਦਮ ਵੀ ਨਹੀ ਚਲਦੇ ਅਤੇ ਸਫਲਤਾ ਉਨਾਂ ਦੇ ਕਦਮ ਚੁੰਮਦੀ ਹੈ।

ਯੋਗੀ ਜੀ ਨੂੰ ਬੇਨਤੀ ਹੈ ਕਿ ਕਰੋੜਾਂ ਲੋਕ ਤਾਂ ਉਨਾਂ ਨੇ ਤਾਰ ਹੀ ਦਿੱਤੇ ਹਨ, ਤਾਂਤਰਿਕ ਸ਼ਕਤੀਆਂ ਨੂੰ ਥੋੜਾ ਜਿਹਾ ਕਸ਼ਟ ਹੋਰ ਦੇ ਲੈਣ ਤੇ ਧਰਤੀ’ਤੇ ਵਸਦੇ ਬਾਕੀ ਕਰੋੜਾਂ ਲੋਕਾਂ ਦਾ ਵੀ ਕਲਿਆਣ ਕਰ ਦੇਣ। ਫਿਰ ਤਾਂ ਯੋਗੀ ਜੀ ਲਈ ਨੌਬਲ ਪ੍ਰਾਈਜ਼ ਵੀ ਵੱਟ’ ਤੇ ਪਿਆ ਹੈ। ਇੱਕ ‘ਸਿਆਣਾ’ ਦੁਖੀ ਤੇ ਪ੍ਰੇਸ਼ਾਨ ਭੈਣਾ-ਭਰਾਵਾਂ ਲਈ ਖੁਸ਼ਖ਼ਬਰੀ ਦਿੰਦਿਆਂ ਦਸ ਹਜ਼ਾਰ ਡਾਲਰ ਦੇ ਨਕਦ ਇਨਾਮ ਜਿੱਤਣ ਦਾ ਐਲਾਨ ਕਰਦਾ ਹੈ। ਪਰ ਸ਼ਰਤ ਅਜਿਹੀ ਹੈ ਕਿ ਕੋਈ ਇਨਾਮ ਜਿੱਤ ਹੀ ਨਹੀ ਸਕਦਾ। ਕਹਿੰਦਾ ਹੈ ਕਿ ਕੋਈ ਮਾਈ ਦਾ ਲਾਲ ਇਹ ਸਾਬਤ ਕਰ ਕੇ ਵਿਖਾਵੇ ਕਿ ਉਹਦਾ ਸਬਜੈਕਟ ਕਿਸੇ ਧਰਮ, ਜਾਤ, ਮੱਨੁਖ ਜਾਂ ਕਿਸੇ ਸ਼ਹਿਰ ਦੇ ਖ਼ਿਲਾਫ਼ ਹੈ। ਉਹ ਕਹਿੰਦਾ ਹੈ ਕਿ ਉਹਦੇ ਕੋਲ ਛੇਤੀ ਤੇ ਤੇਜ਼ ਅਸਰ ਕਰਨ ਵਾਲੀ ਦੁਨੀਆਂ ਦੀ ਮਸ਼ਹੂਰ ਗਿੱਦੜਸਿੰਗੀ ਹੈ। ਜਿਹੜੀ ਚੌਵੀ ਘੰਟਿਆਂ ਵਿੱਚ ਹੀ। ਸਾਰੇ ਦੁੱਖ ਦੂਰ ਕਰ ਦਿੰਦੀ ਹੈ। ਉਹਦੇ ਨਾਲ ਦੁਨੀਆਂ ਦੀ ਹਰ ਸ਼ੈਅ ਪ੍ਰਾਪਤ ਕੀਤੀ ਜਾਂ ਸਕਦੀ ਹੈ।

ਕੋਈ ‘ਸ਼ਾਹ’ ਮੂੰਹੋਂ ਬੋਲਦੇ ਜਾਦੂ ਦਾ ਕ੍ਰਿਸ਼ਮਾ ਵਿਖਾਉਂਦਾ ਸਾਰੇ ਜਾਦੂਗਰਾਂ ਨੂੰ ਚਣੌਤੀ ਦਿੰਦਾ ਹੈ ਕਿ ਜੇ ਮੇਰੇ ਕੀਤੇ ਕੰਮ ਉਤੇ ਕੋਈ ਜਾਦੂਗਰ ਜਾਂ ਜੋਤਸ਼ੀ ਦੁਬਾਰਾ ਆਪਣਾ ਜਾਦੂ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਪੰਜ ਹਜ਼ਾਰ ਪੌਂਡ ਇਨਾਮ ਦਿੱਤਾ ਜਾਵੇਗਾ। ਉਸ ਦਾ ਇਸ਼ਤਿਹਾਰੀ ਦਾਅਵਾ ਹੈ ਕਿ ਪ੍ਰੇਸ਼ਾਨੀ ਦੇ ਹੱਲ ਲਈ ਅੱਜ ਹੀ ਸ਼ਾਹ ਨਾਲ ਸੰਪਰਕ ਕਰੋ। ਹਰ ਸਫ਼ਲਤਾ ਤੁਹਾਡੇ ਕਦਮ ਚੁੰਮੇਗੀ। ਹਰ ਕੰਮ ਸੌ ਫੀਸਦੀ ਗਰੰਟੀ ਨਾਲ ਕੀਤਾ ਜਾਦਾ ਹੈ।

ਠੱਗੇ ਜਾਂਦੇ ਹਨ ਲੋਕ

ਅਜਿਹੀਆਂ ਮਸ਼ਹੂਰੀਆਂ ਦਾ ਕੋਈ ਅੰਤ ਨਹੀ। ਭਾਰਤ ਦੇ ਅਖ਼ਬਾਰਾਂ ਵਿੱਚ ਮੈਨੂੰ ਅਜਿਹੇ ਇਸ਼ਤਿਹਾਰ ਪੜ੍ਹਨ ਨੂੰ ਨਹੀ ਸਨ ਮਿਲੇ ਜਾਂ ਇਉ ਸਮਝ ਲਓ ਕਿ ਜਿਹੜੇ ਅਖ਼ਬਾਰ ਮੈਂ ਪੜ੍ਹਦਾ ਸਾਂ ਉਨਾਂ’ ਚ ਇਹੋ ਜਿਹੀ ਸੱਮਗਰੀ ਨਹੀ ਸੀ ਛਪਦੀ। ਪਰ ਇਧਰ ਕੈਨਡਾ ਅਮਰੀਕਾ ਤੇ ਇੰਗਲੈਂਡ ਦੇ ਕੁੱਝ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਸ਼ਤਿਹਾਰ ਰੂਪ’ ਬੜਾ ਗੁਮਰਾਹਕੁਨ ਮਸਾਲਾ ਛਪ ਰਿਹੈ। ਇਹ ਮਸਾਲਾ ਕਈਆਂ ਦੀ ਲੁੱਟ ਦਾ ਕਾਰਨ ਬਣ ਰਿਹਾ। ਵਿਚਾਰੇ ਭੋਲੇ ਭਾਲੇ ਲੋਕ ਠੱਗੇ ਜਾ ਰਹੇ ਹਨ ਜਿਨ੍ਹਾਂ ਨੂੰ ਸੁਚੇਤ ਕਰਨਾ ਮੀਡੀਏ ਦਾ ਫ਼ਰਜ ਹੈ ਦੁੱਖ ਤੇ ਸੁਖ ਕੁਦਰਤ ਦੀ ਦੇਣ ਹਨ। ਸ਼ਾਇਦ ਹੀ ਕੋਈ ਮਨੁੱਖ ਹੋਵੇ ਜੀਹਨੂੰ ਕਦੇ ਨਿੱਕੇ ਵੱਡੇ ਦੁੱਖ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਜੀਊਂਦੇ ਜਾਗਦੇ ਬੰਦੇ ਦੁੱਖਾ ਦਾ ਕਾਰਨ ਲੱਭਦੇ ਹਨ ਅਤੇ ਸੂਝ ਸਿਆਣਪ ਤੇ ਹਿੰਮਤ ਨਾਲ ਦੁੱਖਾਂ ਨੂੰ ਦੂਰ ਕਰਦੇ ਹਨ। ਜਿਹੜੇ ਦੁੱਖਾ ਦਾ ਕਾਰਨ ਖੋਜਣ ਦੀ ਥਾਂ ਨਿਸਲ ਹੋਏ ਐਵੇ ਅੱਕੀ ਪਲਾਈ ਹੱਥ ਮਾਰਦੇ ਹਨ ਉਹ ਅਖੌਤੀ ਪੀਰਾਂ-ਪੰਡਿਤਾਂ ਤੇ ਯੋਗੀ- ਬਾਬਿਆ ਦੇ ਜਾਲਾਂ ਵਿੱਚ ਫਸ ਜਾਦੇ ਹਨ। ਤਵੀਤਾਂ ਤੇ ਗਿੱਦੜਸਿੰਗੀਆਂ ‘ਚ ਕੋਈ ਕਰਾਮਾਤ ਹੁੰਦੀ ਤਾਂ ਦੁਨੀਆਂ ਕਦੋਂ ਦੀ ਤਰ ਗਈ ਹੁੰਦੀ।

ਤਰਕਸ਼ੀਲਤਾ ਚੁਣੌਤੀ

ਤਰਕਸ਼ੀਲ ਸੁਸਾਇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇ ਕੋਈ ਗ਼ੈਬੀ ਸ਼ਕਤੀ ਜਾਂ ਚਮਤਕਾਰ ਸੱਚਮੁੱਚ ਹੀ ਸਹੀ ਸਿੱਧ ਕਰ ਦੇਵੇ ਤਾਂ ਸੁਸਾਇਟੀ ਉਸ ਨੂੰ ਵੀਹ ਲੱਖ ਰੁਪਏ ਦਾ ਇਨਾਮ ਦੇਵੇਗੀ। ਕਵੀਸ਼ਰ ਕਰਨੈਲ ਸਿੰਘ ਰਾਮੂਵਾਲੀਏ ਨੇ ਕਿਹਾ ਹੈ ਕਿ ਜੇ ਕੋਈ ਦੇਵ ਪੁਰਸ਼ ਕਹਾਉਦਾ ਵਿਅਕਤੀ ਬਿਨਾਂ ਕਿਸੇ ਯੰਤਰ ਦੇ ਕਾਰ ਦੀ ਹਵਾ ਕੱਢ ਦੇਵੇ ਤੇ ਦੁਬਾਰਾ ਭਰ ਦੇਵੇ ਤਾਂ ਉਹ ਆਪਣੀ ਵੀਹ ਲੱਖ ਤੋਂ ਉਪਰ ਦੀ ਜਾਇਦਾਦ ਹੀ ਉਸ ਦੇ ਨਾਂਅ ਕਰਾ ਦੇਵੇਗਾ। ਤਰਕਸ਼ੀਲ ਸੁਸਾਇਟੀ ਆਫ਼ ਕੈਨੇਡਾ ਦੀ ਟੋਰਾਂਟੋ ਇਕਾਈ ਨੇ ਗ਼ੈਬੀ ਸ਼ਕਤੀਆਂ ਦੇ ਭਲਵਾਨਾਂ ਨੂੰ ਤੇਈ ਸ਼ਰਤਾਂ ‘ਚੋਂ ਕੋਈ ਇੱਕ ਸ਼ਰਤ ਪੂਰੀ ਕਰਨ ਉਤੇ ਹੀ ਲੱਖ ਡਾਲਰ ਇਨਾਮ ਜਿੱਤਣ ਦੀ ਚਣੌਤੀ ਦਿੱਤੀ ਹੈ।

ਉਨ੍ਹਾਂ ਸ਼ਰਤਾਂ ਵਿੱਚ ਸੀਲਬੰਦ ਕਰੰਸੀ ਨੋਟ ਦਾ ਨੰਬਰ ਪੜ੍ਹਨਾ, ਕਰੰਸੀ ਨੋਟ ਦੀ ਠੀਕ ਨਕਲ ਪੈਦਾ ਕਰਨੀ, ਹਵਾ ਵਿਚੋਂ ਮੰਗੀ ਚੀਜ਼ ਪੈਦਾ ਕਰਨਾ, ਹਵਾ ਵਿੱਚ ਉਡਣਾਂ ਜਾਂ ਪਾਣੀ ਉਤੇ ਪੈਦਲ ਤੁਰਨਾ, ਬਲਦੀ ਅੱਗ ‘ਚ ਬਿਨਾਂ ਸੜੇ ਅੱਧਾ ਮਿੰਟ ਖੜ੍ਹਨਾ, ਦਸ ਮਿੰਟ ਨਬਜ਼ ਰੋਕਣੀ ਜਾਂ ਵੀਹ ਮਿੰਟ ਸਾਹ ਰੋਕਣਾ, ਘਰਾਂ ‘ਚ ਇੱਟਾਂ ਰੋੜੇ ਜਾਂ ਅੱਗਾਂ ਲੱਗਣ ਦੀਆਂ ਘਟਨਾਵਾਂ ਵਿੱਚ ਗ਼ੈਬੀ ਸ਼ਕਤੀਆਂ ਦਾ ਹੱਥ ਸਾਬਤ ਕਰਨਾ ਆਦਿ ਸ਼ਾਮਲ ਹਨ।

ਜੇ ਕਿਸੇ ਕਥਿਤ ਪੀਰ, ਪੰਡਤ, ਸਾਂਈਂ, ਯੋਗੀ, ਸਿਆਣੇ, ਸ਼ਾਹ, ਤਾਂਤਰਿਕ ਬਾਬੇ ਜਾਂ ਕਿਸੇ ਅਖੌਤੀ ਦੇਵ ਪੁਰਸ਼ ਵਿੱਚ ਕੋਈ ਕਰਾਮਾਤੀ ਸ਼ਕਤੀ ਹੈ ਤਾਂ ਉਹ ਤਰਕਸ਼ੀਲਾਂ ਦੇ ਚੈਲੰਜ ਨੂੰ ਕਬੂਲ ਕਰੇ। ਨਹੀਂ ਤਾਂ ਕਾਹਦੇ ਲਈ ਝੂਠਾ ਪ੍ਰਚਾਰ ਕਰਦੇ ਕਰਾਉਂਦੇ ਹਨ? ਤੇ ਜਨ ਸਾਧਾਰਨ ਵੀ ਅੱਖਾਂ ਖੋਲ੍ਹਣ ਕਿ ਉਨ੍ਹਾਂ ਨੇ ਕਿਉਂ ਲੱਖ਼ੁਟੇ-ਪੁੱਖ਼ਟੇ ਜਾਣ ਦੀ ਸਹੁੰ ਖਾ ਰੱਖੀ ਹੈ? ਮੀਡੀਆਕਾਰਾਂ ਨੂੰ ਵੀ ਚਾਹੀਦਾ ਹੈ ਕਿ ਆਮ ਲੋਕਾਂ ਨੂੰ ਲੁਟੇਰਿਆਂ ਤੋਂ ਬਚਣ ਲਈ ਸਾਵਧਾਨ ਕਰਨ ਨਾ ਕਿ ਉਨ੍ਹਾਂ ਦੇ ਪ੍ਰਚਾਰ ਵਿੱਚ ਸਹਾਇਕ ਬਣਨ ਜਾਂ ਉਹ ਲੋਕਾਂ ਨੂੰ ਦੱਸਣ ਕਿ ਠੱਗਾਂ ਦੀ ਇਸ਼ਤਿਹਾਰਬਾਜ਼ੀ ਕਰਨ ਵਿੱਚ ਉਨ੍ਹਾਂ ਦੀ ਕੀ ਮਜਬੂਰੀ ਹੈ।
.