.

ਕੰਨ ਦੀ ਮੈਲ ਤੋ ਸ੍ਰਿਸਟੀ: ਦਸਮ ਗ੍ਰੰਥ ਦੀ ਬਦੌਲਤ

ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਹੋ ਰਿਹਾ ਹੈ। ਇਹ ਇੱਕ ਸੋਚੀ ਸਮਜੀ ਚਾਲ ਅਧੀਨ ਹੋ ਰਿਹਾ ਹੈ ਪਰ ਸਿਖ ਕੌਮ ਘੂਕ ਸੁੱਤੀ ਪਈ ਹੈ। ਸੁੱਤੀ ਹੀ ਨਹੀ ਬਲਕਿ ਬੇਹੋਸ਼ ਹੋ ਗਈ ਹੈ ਅਤੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਤ ਕਰਨ ਉਪਰ ਸਾਰਾ ਜੋਰ ਲਾਈ ਜਾ ਰਹੀ ਹੈ। ਇਹ ਸਭ ਅੰਧੀ ਸ਼ਰਧਾ ਅਧੀਨ ਹੋ ਰਿਹਾ ਹੈ ਕਿਉਕਿ ਗਿਆਨ ਦੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਉਪਰ ਵਿਸ਼ਵਾਸ਼ ਦੀ ਘਾਟ ਹੈ।

ਅਬ ਮੈ ਕਹੋ ਸੁ ਅਪਨੀ ਕਥਾ। ਸੋਢੀ ਬੰਸ ਉਪਜਿਆ ਜਥਾ। ੮। ਦੋਹਰਾ। ਪ੍ਰਥਮ ਕਥਾ ਸੰਛੇਪ ਤੇ ਕਹੋ ਸੁ ਹਿਤ ਚਿਤੁ ਲਾਇ। ਬਹੁਰਿ ਬਡੋ ਬਿਸਥਾਰ ਕੈ ਕਹਿਹੋ ਸਭੈ ਸੁਨਾਇ। ੯। {ਨਾਟਕ ੧੨}

ਅਰਥ

ਹੁਣ ਮੈ ਸਿਰਫ ਆਪਣੀ ਕਥਾ ਬਿਆਨ ਕਰਦਾ ਹਾਂ ਕਿ ਸੋਢੀ ਬੰਸ ਕਿਸ ਤਰਾਂ ਉਪਜਿਆ। ੮। ਪਹਿਲਾਂ ਮੈ ਆਪਣੇ ਮਨ ਚਿਤ ਨਾਲ ਸੰਖੇਪ ਵਿੱਚ ਕਥਾ ਕਹਾਂਗਾ। ਬਾਅਦ ਵਿੱਚ ਮੈ ਇਹ ਕਥਾ ਵਿਸਥਾਰ ਨਾਲ ਸਭ ਨੂੰ ਸੁਣਾਵਾਂਗਾ। ੯।

ਉਪਰ ਲਿਖੀਆਂ ਦਸਮ ਗ੍ਰੰਥ ਦੀਆਂ ਤੁਕਾਂ ਵਿੱਚ ਲਿਖਾਰੀ ਇਹ ਬਿਆਨ ਕਰ ਰਿਹਾ ਹੈ ਕਿ ਇਹ ਉਸ ਦੀ ਆਪਣੀ ਕਥਾ ਹੈ।

ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸਟਿ ਉਪਾਰਾ। ਕਾਲਸੈਨ ਪ੍ਰਥਮੈ ਭਇਓ ਭੂਪਾ। ਅਧਿਕ ਅਤੁਲ ਬਲਿ ਰੂਪ ਅਨੂਪਾ। ੧੦। ਕਾਲਕੇਤੁ ਦੂਸਰ ਭੂਅ ਭਇਓ। ਕ੍ਰੂਰਬਰਸ ਤੀਸਰ ਜਗਿ ਠਯੋ। ਕਾਲਧੁਜ ਚਤੁਰਥ ਨ੍ਰਿਪ ਸੋਹੈ। ਜਿਹ ਤੇ ਭਯੋ ਜਗਤ ਸਭ ਕੋ ਹੈ। ੧੧। ਸਹਸਰਾਛ ਜਾ ਕੋ ਸੁਭ ਸੋਹੈ। ਸਹਸ ਪਾਦ ਜਾ ਕੇ ਤਨਿ ਮੋਹੈ। ਸੇਖ ਨਾਗ ਪਰ ਸੋਇਬੋ ਕਰੈ। ਜਗ ਤਿਹ ਸੇਖ ਸਾਇ ਉਚਰੈ। ੧੨। ਏਕ ਸਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ। ਦੁਤੀਆ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ। ੧੩। {ਨਾਟਕ ੧੨}

ਅਰਥ

ਜਦੋ ਕਾਲ ਨੇ ਪਹਿਲਾਂ ਪਸਾਰਾ ਕੀਤਾ ਤਾਂ ਓਅੰਕਾਰ ਤੋ ਸ੍ਰਿਸਟੀ ਪੈਦਾ ਕੀਤੀ। ਕਾਲ ਸੈਨ ਸਭ ਤੋ ਪਹਿਲਾ ਰਾਜਾ ਹੋਇਆ। ਉਹ ਬਹੁਤ ਤਾਕਤ, ਤੁਲਣਾ ਨਾਂ ਕੀਤੇ ਜਾਣ ਵਾਲਾ ਅਤੇ ਬਹੁਤ ਸੁੰਦਰ ਸੀ। ੧੦। ਕਾਲ ਕੇਤ ਨਾਂ ਦਾ ਧਰਤੀ ਦਾ ਦੂਜਾ ਰਾਜਾ ਸੀ। ਕਰੂਰ ਬਰਸ ਨਾਂ ਦਾ ਜਗਤ ਦਾ ਤੀਜਾ ਰਾਜਾ ਹੋਇਆ। ਕਾਲ ਧੁਜ ਚੌਥਾ ਰਾਜਾ ਬੈਠਾ। ਜਿਸ ਤੋ ਸਾਰਾ ਜਗਤ ਪੈਦਾ ਹੋਇਆ। ੧੧। (ਸਾਰਾ ਜਗਤ ਉਸ ਨੇ ਪੈਦਾ ਕੀਤਾ) ਜਿਸ ਦੀਆਂ ਹਜਾਰ ਅੱਖਾਂ ਸੋਭਾ ਦਿੰਦੀਆਂ ਹਨ ਅਤੇ ਜਿਸ ਦੇ ਸਰੀਰ ਉਪਰ ਹਜਾਰ ਪੈਰ ਮੌਜੂਦ ਹਨ। ਜੋ ਸ਼ੇਸ਼ਨਾਗ ਦੇ ਉਪਰ ਸੌਂਦਾ ਹੈ, ਜਗਤ ਦੇ ਲੋਕ ਉਸ ਨੂੰ ਸੇਖ ਸਾਇ ਜਾਂ ਸ਼ੇਸ਼ਸ਼ਈ ਕਹਿੰਦੇ ਹਨ। ੧੨। (ਜਦੋ ਉਸ ਨੇ) ਇੱਕ ਕੰਨ ਤੋ ਮੈਲ ਨੂੰ ਕੱਢਿਆ ਤਾਂ ਮਧੂ ਅਤੇ ਕੀਟਭ ਦੈਂਤਾ ਨੇ ਆਪਣਾ ਸਰੀਰ ਧਾਰਨ ਕੀਤਾ। ਤਾਂ ਇਹ ਸਾਰੀ ਸ੍ਰਿਸਟੀ ਬਣੀ। ੧੩। (ਫਿਰ ਜਦੋ ਉਸ ਨੇ) ਦੂਜੇ ਕੰਨ ਤੋ ਮੈਲ ਕੱਢੀ ਤਾਂ ਇਹ ਸਾਰੀ ਸ੍ਰਿਸਟੀ ਪੈਦਾ ਹੋਈ। ੧੩।

ਕਵੀ ਕਹਿ ਰਿਹਾ ਹੈ ਕਿ ਪਹਿਲਾਂ ਮੈ ਸੰਖੇਪ ਵਿੱਚ ਕਥਾ ਬਿਆਨ ਕਰਾਂਗਾ ਅਤੇ ਫਿਰ ਵਿਸਥਾਰ ਨਾਲ ਕਹਾਂਗਾ। ਇਸ ਕਥਾ ਦਾ ਸੰਖੇਪ ਰੂਪ ਹੈ "ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸਟਿ ਉਪਾਰਾ।" ਅਤੇ ਬਾਕੀ ਦੀਆ ਤੁਕਾਂ ਇਸ ਦਾ ਵਿਸਥਾਰ ਰੂਪ ਹੈ। ਦਸਮ ਗ੍ਰੰਥ ਦੱਸ ਰਿਹਾ ਹੈ ਕਿ ਪਹਿਲਾਂ ਕਾਲ ਨੇ ਜਦੋ ਪਸਾਰਾ ਕੀਤਾ ਤਾਂ ਓਅੰਕਾਰ ਤੋ ਸ੍ਰਿਸਟੀ ਪੈਦਾ ਕੀਤੀ। ਇਥੇ ਇਹ ਭੁਲੇਖਾ ਨਹੀ ਖਾਣਾ ਕਿ ਦਸਮ ਗ੍ਰੰਥ ਵਾਹਿਗੁਰੂ ਦੀ ਗੱਲ ਕਰ ਰਿਹਾ ਹੈ। ਦਸਮ ਗ੍ਰੰਥ ਦਾ ਓਅੰਕਾਰ ਮਾਹਕਾਲ ਹੈ। ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖੁ ਨੂੰ ਓਅੰਕਾਰ ਭਾਵ ਪ੍ਰਭੂ ਮੰਨਦੇ ਹਨ ਪਰ ਦਸਮ ਗ੍ਰੰਥ ਦਾ ਪ੍ਰਭੂ ਮਹਾਕਾਲ ਹੈ। ਗੁਰੂ ਗ੍ਰੰਥ ਸਾਹਿਬ ਜੀ ਸ੍ਰਿਸਟੀ ਰਚਨਾ ਬਾਰੇ ਇਹ ਕਹਿ ਰਹੇ ਹਨ: -

ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ॥ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ॥ ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੩੮}

ਅਰਥ

ਹੇ ਪ੍ਰਭੂ! ਤੂੰ ਸਿਰਜਣਹਾਰ ਹੈ, ਚਿੰਤਾ ਗੰਮ ਤੋ ਪਰੇ ਹੈ ਅਤੇ ਤੂੰ ਆਪ ਸਾਰੀ ਸ੍ਰਿਸਟੀ ਪੈਦਾ ਕੀਤੀ ਹੈ। ਇਹ ਰਚਨਾ, ਰੰਗ ਤਮਾਸ਼ੇ, ਤੂੰ ਕਈ ਰੰਗਾਂ ਦੇ, ਕਈ ਕਿਸਮਾਂ ਦੇ ਕਈ ਪਰਕਾਰ ਦੇ ਬਣਾਏ ਹੈ। ਇਸ ਨੂੰ ਬਨਾਉਣ ਦੇ ਭੇਤ ਨੂੰ ਤੂੰ ਆਪ ਹੀ ਜਾਣਦਾ ਹੈ, ਜਿਸ ਨੇ ਖੇਲ (ਕੁਦਰਤ ਦਾ ਕ੍ਰਿਸ਼ਮਾ) ਬਣਾਇਆ ਹੈ। ਇਸ ਸ੍ਰਿਸਟੀ ਵਿੱਚ ਕਈ ਜੀਵ ਆ ਰਹੇ ਹਨ ਅਤੇ ਕਈ ਜਾ ਰਹੇ ਹਨ ਪਰ ਜੋ ਨਾਮ ਤੋ ਬਿਨਾ ਹਨ, ਉਹ ਆਤਮਕ ਤੌਰ ਤੇ ਮਰ ਜਾਂਦੇ ਹਨ।

ਦਸਮ ਗ੍ਰੰਥ ਦਾ ਪ੍ਰਭੂ ਕਾਲ, ਮਹਾਕਾਲ ਹੈ। ਪਰ ਇਹ ਹੈ ਕੌਣ? ਦਸਮ ਗ੍ਰੰਥ ਆਪ ਹੀ ਬਿਆਨ ਕਰਦਾ ਹੈ; ਹੇਠਾਂ ਦਸਮ ਗ੍ਰੰਥ ਦੀਆਂ ਤੁਕਾਂ ਪੜੋ।

ਮਹਾਕਾਲ ਰਖਵਾਰ ਹਮਾਰੋ। ਮਹਾ ਲੋਹ ਮੈ ਕਿੰਕਰ ਥਾਰੋ। ਅਪੁਨਾ ਜਾਨਿ ਕਰੋ ਰਖਵਾਰ। ਬਾਹ ਗਹੇ ਕੀ ਲਾਜ ਬਿਚਾਰ। ੪੩੫। {ਕ੍ਰਿਸਨ ਅਵਤਾਰ, ਦਸਮ ਗ੍ਰੰਥ}

ਸ੍ਰੀ ਕਾਲ ਜੀ ਕੀ ਉਸਤਤਿ। {ਬਚਿਤ੍ਰ ਨਾਟਕ, ਦਸਮ ਗ੍ਰੰਥ}

ਸਿਰੰ ਮਾਲ ਰਾਜੰ। ਲਖੇ ਰੁਦ੍ਰ ਲਾਜੰ। ਸੁਭੇ ਚਾਰ ਚਿਤ੍ਰੰ। ਪਰਮੰ ਪਵਿਤ੍ਰੰ। ੨੨। {ਬਚਿਤ੍ਰ ਨਾਟਕ, ਦਸਮ ਗ੍ਰੰਥ}

ਅਰਥ

ਮਹਾਕਾਲ ਦੇ ਗਲ ਵਿੱਚ ਸਿਰਾਂ ਦੀ ਮਾਲਾ ਹੈ ਜਿਸ ਨੂੰ ਦੇਖ ਕੇ ਸ਼ਿਵ ਨੂੰ ਵੀ ਸ਼ਰਮ ਆਉਂਦੀ ਹੈ। ਉਸ ਦੀਆਂ ਚਾਰ ਬਾਹਾਂ ਹਨ ਜੋ ਬਹੁਤ ਹੀ ਪਵਿਤ੍ਰ ਹਨ। ੨੨।

ਘਮਕਿ ਘੁੰਘਰੂ ਸੁਰੰ। ਨਵੰ ਨਨਾਦ ਨੂਪਰੰ। …। ੫੨। {ਬਚਿਤ੍ਰ ਨਾਟਕ, ਦਸਮ ਗ੍ਰੰਥ}

ਅਰਥ

ਉਸ ਦੇ ਪੈਰਾਂ ਦੇ ਘੁੰਘਰੂ ਬਹੁਤ ਛਣਕਦੇ ਹਨ। ਉਸ ਦੀਆਂ ਝਾਂਝਰਾਂ ਵਿਚੋ ਬਹੁਤ ਸੁੰਦਰ ਧੁੰਨ ਨਿਕਲਦੀ ਹੈ।

ਸੋ ਇਹੋ ਜਿਹਾ ਹੈ ਮਹਾਕਾਲ ਜੋ ਇਸ ਅਖੌਤੀ ਦਸਮ ਗ੍ਰੰਥ ਅਨੁਸਾਰ ਸ੍ਰਿਸਟੀ ਨੂੰ ਸਾਜਣ ਵਾਲਾ ਹੈ। ਮਹਾਕਾਲ ਦਾ ਸਰੂਪ ਪੜ ਕੇ ਮਹਾਕਾਲ ਇੱਕ ਨਚਾਰ ਜਿਹਾ ਊਟ ਪਟਾਂਗ ਕਿਸਮ ਦਾ ਜੰਗਲੀ ਜੀਵ ਹੀ ਨਜਰ ਆਉਂਦਾ ਹੈ। ਮਹਾਕਾਲ ਦੇ ਸਰੂਪ ਨੂੰ ਬਿਆਨ ਕਰਨ ਵਾਲੇ ਇਹ ਸ੍ਰੀ ਕਾਲ ਜੀ ਕੀ ਉਸਤਤਿ ਦੇ ਸਿਰਲੇਖ ਹੇਠਾਂ ੧੦੧ ਛੰਦ ਹਨ। ਰੱਬ ਵਾਲੀ ਤਾਂ ਕਾਲ ਵਿੱਚ ਕੋਈ ਗੱਲ ਹੀ ਨਹੀ ਹੈ। ਬਾਕੀ ਕਥਾ ਵੀ ਪਾਠਕ ਜਨ ਆਪ ਵਿਚਾਰ ਹੀ ਲੈਣ ਕਿ ਇਸ ਅਖੌਤੀ ਦਸਮ ਗ੍ਰੰਥ ਅਨੁਸਾਰ ਮਹਾਕਾਲ ਦੇ ਚੇਲੇ ਨੇ ਕੰਨਾਂ ਦੀ ਮੈਲ ਵਿਚੋਂ ਸ੍ਰਿਸਟੀ ਕਿਸ ਤਰਾਂ ਪੈਦਾ ਕੀਤੀ। ਕੀ ਕਦੇ ਕੰਨਾਂ ਦੀ ਮੈਲ ਵਿਚੋ ਸ੍ਰਿਸਟੀ ਪੈਦਾ ਹੋ ਸਕਦੀ ਹੈ? ਕੀ ਗੁਰਬਾਣੀ ਇਹ ਕਹਿੰਦੀ ਹੈ ਕਿ ਸ੍ਰਿਸਟੀ ਕੰਨਾਂ ਦੀ ਮੈਲ ਤੋ ਪੈਦਾ ਹੋਈ? ਗੁਰਬਾਣੀ ਕੀ ਕਹਿੰਦੀ ਹੈ? ਵਾਹਿਗੁਰੂ ਦਾ ਤਾ ਕੋਈ ਦੇਖਣ ਵਾਲਾ ਸਰੂਪ ਹੀ ਨਹੀ। ਉਹ ਤਾਂ ਅਕਾਲ ਮੂਰਤਿ ਹੈ ਜਿਸ ਦੀ ਕੋਈ ਸ਼ਕਲ ਬਿਆਨ ਨਹੀ ਕੀਤੀ ਜਾ ਸਕਦੀ। ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰਿਸਟੀ ਸਾਜਨਾ ਬਾਰੇ ਹੁਕਮ ਹੇਠਾਂ ਪੜੋ: -

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ ਨਿਰਮਲੁ

ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ॥ 3॥ (ਪੰਨਾ 19-20)

ਅਰਥ

ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਉਹ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। (ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ। 3.

ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ॥ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ॥ ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ॥ ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੩੮}

ਅਰਥ

ਹੇ ਪ੍ਰਭੂ! ਤੂੰ ਸਿਰਜਣਹਾਰ ਹੈ, ਚਿੰਤਾ ਗੰਮ ਤੋ ਪਰੇ ਹੈ ਅਤੇ ਤੂੰ ਆਪ ਹੀ ਸਾਰੀ ਸ੍ਰਿਸਟੀ ਪੈਦਾ ਕੀਤੀ ਹੈ। ਇਹ ਰਚਨਾ, ਰੰਗ ਤਮਾਸ਼ੇ, ਤੂੰ ਕਈ ਰੰਗਾਂ ਦੇ, ਕਈ ਕਿਸਮਾਂ ਦੇ ਕਈ ਪਰਕਾਰ ਦੇ ਬਣਾਏ ਹੈ। ਇਸ ਨੂੰ ਬਨਾਉਣ ਦੇ ਭੇਤ ਨੂੰ ਤੂੰ ਆਪ ਹੀ ਜਾਣਦਾ ਹੈ, ਜਿਸ ਨੇ ਖੇਲ (ਕੁਦਰਤ ਦਾ ਕ੍ਰਿਸ਼ਮਾ) ਬਣਾਇਆ ਹੈ। ਇਸ ਸ੍ਰਿਸਟੀ ਵਿੱਚ ਕਈ ਜੀਵ ਆ ਰਹੇ ਹਨ ਅਤੇ ਕਈ ਜਾ ਰਹੇ ਹਨ ਪਰ ਜੋ ਨਾਮ ਤੋ ਬਿਨਾ ਹਨ, ਉਹ ਆਤਮਕ ਤੌਰ ਤੇ ਮਰ ਜਾਂਦੇ ਹਨ।

ਹੁਣ ਇਹ ਸਵਾਲ ਕੀਤਾ ਜਾ ਸਕਦਾ ਹੈ ਕਿ ਕੀ ਕਾਲ ਸਬਦ ਰੱਬ ਲਈ ਨਹੀ ਵਰਤਿਆ ਜਾ ਸਕਦਾ? ਕਾਲ ਦਾ ਸਬੰਧ ਸਮੇ ਜਾਂ ਮੌਤ ਨਾਲ ਹੁੰਦਾ ਹੈ। ਰੱਬ ਸਮੇ ਜਾਂ ਮੌਤ ਦਾ ਪਾਬੰਧ ਨਹੀ ਹੈ। ਜੋ ਪ੍ਰਭੂ ਨੂੰ ਧਿਆਉਂਦਾ ਹੈ, ਉਸ ਦਾ ਵੀ ਕਾਲ ਨਾਲ ਕੋਈ ਸਬੰਧ ਨਹੀ ਰਹਿ ਜਾਂਦਾ। ਨਾਲੇ ਅਕਾਲ ਪੁਰਖ ਕੋਈ ਜੀਵ ਜੰਤ ਨਹੀ ਹੈ ਜੋ ਨੱਚੇ, ਝਾਂਝਰਾਂ ਪਾਵੇ, ਘੁੰਘਰੂ ਛਣਕਾਵੇ ਜਾਂ ਗਲ ਵਿੱਚ ਮਾਲਾ ਪਾਈ ਫਿਰੇ। ਇਹ ਤਾਂ ਸਾਕਤ ਮਤ ਵਾਲਿਆ ਦਾ ਮਹਾਕਾਲ ਹੀ ਹੈ ਜਿਸ ਦੀ ਸਾਰਾ ਦਸਮ ਗ੍ਰੰਥ ਉਸਤਤਿ ਕਰਦਾ ਹੈ।

ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੫੨੯}

ਅਰਥ

ਹੇ ਪਿਆਰੇ ਪ੍ਰੀਤਮ ਵਾਹਿਗੁਰੂ! ਜਿਹੜੇ ਤੇਰੀ ਬੰਦਗੀ ਕਰਨ ਵਾਲੇ ਤੇਰੇ ਸੇਵਕ ਹਨ, ਉਨ੍ਹਾਂ ਨੂੰ ਕਦੇ ਵੀ ਕਾਲ (ਆਤਮਕ ਮੌਤ) ਨਹੀ ਖਾਂਦੀ।

ਸਤਿਗੁਰੁ ਸੇਵਿਐ ਸੂਤਕੁ ਜਾਇ॥ ਮਰੈ ਨ ਜਨਮੈ ਕਾਲੁ ਨ ਖਾਇ॥ ੫॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੨੨੯}

ਅਰਥ

ਸਤਿਗੁਰੂ ਦੀ ਸੇਵਾ ਕਰਨ ਨਾਲ ਭਾਵ ਗੁਰੂ ਦੇ ਉਪਦੇਸ਼ ਉਪਰ ਚੱਲਣ ਨਾਲ ਸਾਰੇ ਭਰਮ (ਸੂਤਕੁ) ਚਲੇ ਜਾਂਦੇ ਹਨ। ਉਹ ਮਨੁਖ ਫਿਰ ਜਨਮ ਮਰਨ ਦੇ ਚੱਕਰ ਵਿੱਚ ਨਹੀ ਆਉਂਦਾ ਅਤੇ ਉਨ੍ਹਾਂ ਨੂੰ ਕਾਲ ਨਹੀ ਖਾਂਦਾ ਭਾਵ ਮੌਤ ਦਾ ਡਰ ਨਹੀ ਰਹਿੰਦਾ।

ਸੋ ਇਹੋ ਜਹੇ ਹੋਰ ਵੀ ਬਹੁਤ ਸਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ ਜੋ ਸਿਖ ਧਰਮ ਦਾ ਸਿਧਾਂਤ ਸਪਸਟ ਕਰਦੇ ਹਨ। ਹਰੇਕ ਗੁਰੂ ਕੇ ਸਿਖ ਦਾ ਫਰਜ ਬਣਦਾ ਹੈ ਕਿ ਦਸਮ ਗ੍ਰੰਥ ਦੀ ਅਸਲੀਅਤ ਨੂੰ ਲੋਕਾਂ ਵਿੱਚ ਪਹੁਚਾਇਆ ਜਾ ਸਕੇ ਤਾ ਜੋ ਸਿਖ ਸਿਧੇ ਰਸਤੇ ਪੈ ਕੇ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜੀਵਨ ਜਿਉਣ ਅਤੇ ਸ਼ਰਾਬੀ ਨਸ਼ਈ ਮਹਾਕਾਲ ਤੋ ਛੁਟਕਾਰਾ ਪਾਉਣ। ਜਿਨ੍ਹਾਂ ਨੇ ਗੁਰੂ ਵਲ ਪਿਠ ਕਰ ਕੇ ਅਤੇ ਸਿਖ ਧਰਮ ਨੂੰ ਤਿਲਾਂਜਲੀ ਦੇ ਕੇ ਸ਼ਰਾਬ ਪੀਣੀ ਹੈ, ਦਸਮ ਗ੍ਰੰਥ ਉਨ੍ਹਾਂ ਨੂੰ ਮੁਬਾਰਕ ਹੈ।

ਸੋ ਦਸਮ ਗ੍ਰੰਥੀਆਂ ਨੂੰ ਇਹ ਹੀ ਸੁਝਾਹ ਹੈ ਕਿ ਜਾਂ ਤਾਂ ਦਸਮ ਗ੍ਰੰਥ ਦੇ ਹੱਕ ਵਿੱਚ ਪ੍ਰਚਾਰ ਬੰਦ ਕਰਨ ਅਤੇ ਜਾਂ ਫਿਰ ਮੈਦਾਨ ਵਿੱਚ ਬਹਿਸ ਲਈ ਨਿਤਰਨ। ਸਿਖ ਸੰਗਤਾਂ ਨੂੰ ਗੁਮਰਾਹ ਕਰਕੇ ਦਸਮ ਗ੍ਰੰਥ ਮਗਰ ਲਾਉਣਾ ਬੰਦ ਕਰਨ। ਜਿੱਤ ਅੰਤ ਵਿੱਚ ਸਚ ਦੀ ਹੀ ਹੋਣੀ ਹੈ ਅਤੇ ਦਸਮ ਗ੍ਰੰਥ ਦੀ ਸਿਖ ਧਰਮ ਵਿਚੋਂ ਛੁੱਟੀ ਹੋਣੀ ਹੀ ਹੋਣੀ ਹੈ। ਚਾਹੇ ਅੱਜ ਕਰ ਲਉ ਜਾਂ 50 ਸਾਲ ਨੂੰ ਕਰ ਲਉ ਪਰ ਸ਼ੁਭ ਕਰਮ ਕਰਨ ਵਿੱਚ ਢਿਲ ਨਹੀ ਕਰਨੀ ਚਾਹੀਦੀ।

ਦਸਮ ਗ੍ਰੰਥ ਉਸਤਤ ਮਹਾਕਾਲ ਦੀਆਂ ਚਾਲਾਂ ਦਾ।

ਦਸਮ ਗ੍ਰੰਥ ਪਰਚਾਰਕੇ ਬੰਦਾ ਹੋ ਜਾਂਦਾ ਮਾਲਾਂ ਮਾਲਾਂ ਦਾ।

ਇਹ ਹੈ ਗ੍ਰੰਥ ਆਰ. ਐਸ. ਐਸ. ਵਰਗੀਆਂ ਸਰਕਾਰਾਂ ਦਾ।

ਦਸਮ ਗ੍ਰੰਥੀਆਂ ਨੂੰ ਸ਼ੌਂਕ ਕਈ ਪ੍ਰਕਾਰਾਂ ਦਾ। 1.

ਕੀ ਬਿਆਨ ਕਰੀਏ ਕਾਰਨਾਮਾ ਇਨ੍ਹਾਂ ਗਵਾਰਾਂ ਦਾ।

ਜਿਨ੍ਹਾਂ ਨੂੰ ਝਾਕਾ ਮਹਾਕਾਲ ਵਰਗੇ ਯਾਰਾਂ ਦਾ।

ਜੋ ਨਸ਼ਾ ਕਰਦਾ ਕਈ ਪਰਕਾਰਾਂ ਦਾ।

ਦਸਮ ਗ੍ਰੰਥੀਆਂ ਨੂੰ ਸ਼ੌਂਕ ਕਈ ਪ੍ਰਕਾਰਾਂ ਦਾ। 2.

ਹਰਮਨਜੀਤ ਸਿੰਘ ਅਕਾਲੀ




.