ਜਦੋਂ ਸ਼ਰਾਬੀ ਹੁੰਨੇ ਆਂ. .
ਬਾਬਾ ਫੌਜਾ ਸਿੰਘ ਕਾਰ
ਵਿੱਚ ਜਾ ਰਿਹਾ ਸੀ। ਉਸ ਟਰੈਫਿਕ ਦੇ ਵਾਯਾਤ ਦੇ ਅਕੇਵੇਂ ਤੋਂ ਬਚਣ ਲਈ ਰੇਡੀਉ ਆਨ ਕਰ ਦਿਤਾ। ਅਗੋਂ
ਇੱਕ ਬੜੀ ‘ਪੜ੍ਹੀ-ਲਿਖੀ’ ਜਿਹੀ ਜੋੜੀ ਸਭਿਆਚਾਰ ਦੀਆਂ ਲੰਮੀਆਂ ਬਾਤਾਂ ਪਾ ਰਹੀ ਸੀ ਜਿਸ ਵਿੱਚ ਹੀਰ
ਰਾਂਝੇ, ਲੇਲੇ ਮਜਨੂੰ, ਸਾਹਿਬਾਂ ਮਿਰਜੇ ਦੀਆਂ ਕਹਾਣੀਆਂ ਬਤਾਊਆਂ ਦੇ ਚੱਟਪੱਟੇ ਜਿਹੇ ਪਕੌੜੇ ਖਾਣ
ਵਾਂਗ ਸਵਾਦ ਲਾ-ਲਾ ਕੇ ਸੁਣਾਈਆਂ ਜਾ ਰਹੀਆਂ ਸਨ। ਇਸ਼ਕ ਦੇ ਇਸ ਅਧੂਰੇ ਜਿਹੇ ਕਿੱਸਿਆਂ ਅਤੇ ਪੱਠੇ
ਵੱਢ ਰਾਂਝਿਆਂ ਨੂੰ ਹੀਰੋ ਬਣਾ ਕੇ ਲੋਕਾਂ ਨੂੰ ‘ਸਭਿਆਚਾਰ’ ਨਾਲ ਜੋੜਨ ਦਾ ਹਾਸੋ ਹੀਣਾ ਜਿਹਾ ਯਤਨ
ਕੀਤਾ ਜਾ ਰਿਹਾ ਸੀ ਜਾਂ ਅਪਣੇ ਪ੍ਰੋਗਰਾਮ ਦੇ ਦੋ ਘੰਟੇ ਪੂਰੇ ਕਰਨ ਲਈ ਲੋਕਾਂ ਨੂੰ ਬਾਬਿਆਂ ਦੀਆਂ
ਪਰੀ ਕਹਾਣੀਆਂ ਵਾਂਗ ‘ਸਭਿਆਚਾਰ’ ਦੇ ਲੋਲੀਪੋਪ ਦਿੱਤੇ ਜਾ ਰਹੇ ਸਨ।ਅਚਾਨਕ ਜੋੜੀ ਨੇ ਸਭਿਆਚਾਰ ਦੇ ਨਾਂ ਹੇਠ ਇੱਕ ਗਾਣੇ ਦੀ ਮੁੰਗਲੀ ਪਤਾ ਨਹੀ
ਕਿਥੋਂ ਕੱਛ `ਚੋਂ ਕੱਢ ਮਾਰੀ, ਅਖੇ!
ਪੰਗਾ ਸੋਚ ਸਮਝ ਕੇ ਪਾਇਉ, ਅਸੀਂ ਪੰਜਾਬੀ ਹੁੰਨੇ ਆਂ, ਸਾਨੂੰ ਆਦਤ ਹੈ
ਲਲਕਾਰੇ ਮਾਰਨ ਦੀ ਜਦੋਂ ਸ਼ਰਾਬੀ ਹੁੰਨੇ ਆਂ!
ਬਾਬੇ ਨੂੰ ਸਮਝ ਨਹੀ ਸੀ ਆ ਰਹੀ ਕਿ ਉਹ ਅਜਿਹੇ ਸਭਿਆਚਾਰਾਂ ਦੇ ਠੇਕੇਦਾਰਾਂ
ਦੀ ਅਕਲ ਉਪਰ ਰੋਵੇ ਜਾਂ ਹੱਸੇ। ਬਾਬਾ ਸੋਚ ਰਿਹਾ ਸੀ ਕਿ ਜੇ ਸਭਿਆਚਾਰਾਂ ਦੇ ਨਾਂ ਹੇਠ ਰੋਟੀਆਂ
ਸੇਕਣ ਵਾਲਿਆਂ ਦਾ ਹੀ ਇਹ ਹਾਲ ਹੈ ਤਾਂ ਉਹਨਾ ‘ਗਰੀਬ’ ਭਰਾਵਾਂ ਤੇ ਕਾਹਦਾ ਰੋਣਾ ਜਿਹੜੇ ਗੱਡੀਆਂ
ਮਗਰ, ਵੈਲੀ ਪੁੱਤ ਸਰਦਾਰਾਂ ਦੇ’ ਲਿਖਵਾ ਕੇ ਹੀ ਮਾਣ ਸਮਝੀ ਬੈਠੇ ਹਨ!
ਨਵਾ ਕੰਮ
ਬੜੇ ਚਿਰ ਦੀ ਚਲ ਰਹੀ
ਫੈਕਟਰੀ ਬੰਦ ਹੋ ਗਈ ਸੀ। ਰਿਸੈਸ਼ਨ ਦਾ ਦੈਂਤ ਕੇਨੇਡਾ ਦੇ ਵਿਹੜੇ ਨੱਚ ਰਿਹਾ ਸੀ। ਤੇਲ ਦੀਆਂ ਕੀਮਤਾਂ
ਅਸਮਾਨ ਛੋਹ ਰਹੀਆਂ ਸਨ। 401 ਤੇ ਘੂਕਦੇ ਟਰੱਕਾਂ ਨੂੰ ਠੱ੍ਹਲ ਪੈ ਚੁੱਕੀ ਸੀ। ਸਟੋਰਾਂ ਵਿੱਚ ਵੀ
ਰੌਣਕਾਂ ਘੱਟ ਗਈਆਂ ਸਨ। ਲੋਕ ਘਰਾਂ ਦੀਆਂ ਸੋਚਾਂ ਵਿੱਚ ਸਨ।
ਬਾਬੇ ਫੋਜਾ ਸਿੰਘ ਦੀ ਫੈਕਟਰੀ ਦੇ ਮਾਲਕ ਨੇ ਆਖਰੀ ਸਾਹ ਜਿਹੇ ਵਰੋਲਦੀ
ਫੈਕਟਰੀ ਨੂੰ ਤਾਲਾ ਲਾ ਕੇ ਸਭ ਦੀ ਛੁੱਟੀ ਕਰ ਦਿੱਤੀ। ਛੁੱਟੀ ਵਾਲੇ ਦਿਨ ਸਾਰੀਆਂ ਬੀਬੀਆਂ ਭਾਈ
ਇਕੱਠੇ ਸੋਚ ਰਹੇ ਸਨ ਕਿ ਹੁਣ ਅਗਾਂਹ ਕੀ ਕੀਤਾ ਜਾਵੇ। ਕੋਈ ਬੈਠੇ ਰਹਿਣ ਦੇ ਹੱਕ ਵਿੱਚ ਸੀ, ਕੋਈ
ਕਿਸੇ ਥਾਂ ਦੀ ਤੇ ਕੋਈ ਕਿਸੇ ਥਾਂ ਦੀ ਦੱਸ ਪਾ ਰਿਹਾ ਸੀ।
ਆਖਰ ਬਾਬਾ ਫੋਜਾ ਸਿੰਘ ਨੇ ਗੱਲ ਤੋਰੀ!
ਮੇਰੇ ਕੋਲੇ ਇੱਕ ਬਿੱਜਨੈਸ ਦਾ ‘ਆਈਡੀਆ’ ਹੈ, ਦੱਸੋ ਕਰਨਾ?
ਸਾਰੇ ਉਸ ਦੇ ਮੂੰਹ ਵਲ ਦੇਖਣ ਲੱਗ ਪਏ ਕਿ ਅਜਿਹੇ ਮੰਦੇ ਵਿੱਚ ਤਾਂ ਪਹਿਲੇ
ਬਿੱਜਨੈਸਾਂ ਦੇ ਦੁਆਲੇ ਨਿਕਲ ਰਹੇ ਇਹ ਅੱਨਪ੍ਹੜ ਜਿਹਾ ਬਾਬਾ ਕਿਹੜਾ ਬਿੱਜਨੈਸ ਕਰਨ ਬਾਰੇ ਸੋਚ ਰਿਹਾ
ਏ ਬਈ?
ਸਭ ਨੂੰ ਸੋਚੀਂ ਪਿਆ ਦੇਖ ਬਾਬਾ ਬੋਲਿਆ ਕਿ ਇਸ ਵਿੱਚ ਕੋਈ ਇੰਨਵੈਸਟਮਿੰਟ ਵੀ
ਨਹੀ, ਕਿਸੇ ਡਿਗਰੀ ਦੀ ਲੋੜ ਨਹੀ, ਕੋਈ ਪੜ੍ਹਿਆ ਲਿਖਿਆ ਹੋਣ ਦੀ ਲੋੜ ਨਹੀ, ਦੱਸੋ ਇੰਨੇ ਸੌਖੇ
ਬਿੱਜਨੈਸ ਦਾ ਇਰਾਦਾ ਹੈ?
ਸਾਰਿਆਂ ਨੇ ਹਾਂਅ ਵਿੱਚ ਸਿਰ ਮਾਰਿਆ, ਇੰਨਾ ਸੌਖਾ ਬਿੱਜਨੈਸ ਕੌਣ ਨਹੀ
ਕਰੇਗਾ। ਉਹਨਾ ਹਾਂਮੀ ਭਰਦਿਆਂ ਕਿਹਾ ਚਲ ਦੱਸ ਬਾਬਾ ਫਿਰ ਕਿਹੜਾ ਤੇਰਾ ਬਿੱਜਨੈਸ?
ਦੋ ਕੁ ਢੋਲਕੀਆਂ ਚਾਹੀਦੀਆਂ, ਪੰਜ-ਸਤ ਚਿਮਟੇ ਤੇ ਇੱਕ ਵਾਜਾ। ਇੰਨੇ ਕੁ ਹੀ
ਚਿੱਟੇ ਚੋਲੇ ਤੇ ਪੱਗਾਂ! ਬੇਸ਼ੱਕ ਕੱਲ ਤੋਂ ਸ਼ੁਰੂ ਕਰ ਦਿਉ। ਪਰ ਸ਼ੁਰੂਆਤ ਅਪਣੇ ਤੋਂ ਕਿਸੇ ਬਾਹਰ ਦੇ
ਏਰੀਏ ਤੋਂ ਕਰਨੀ ਪਵੇਗੀ, ਘਰ ਵਿੱਚ ਕਿਸੇ ਨਹੀ ਪੁੱਛਣਾ। ਮਸ਼ਹੂਰੀ ਹੋਈ ਤੋਂ ਚਾਹੇ ਫਿਰ ਇਥੇ ਆ
ਜਾਈਏ, ਅਜੇਹਿਆਂ ਕਈ ਫੈਕਟੀਆਂ ਖ੍ਹੋਲ ਲਾਂ ਗੇ ਆ ਕੇ, ਦੱਸੋ ਕਰਨਾ?
ਸਾਰੇ ਖੀ ਖੀ ਕਰਕੇ ਹੱਸ ਪਏ ਪਰ ਇੱਕ ਬਾਬਿਆਂ ਦੀ ਸ਼ਰਧਾਲੂ ਬੁੜਬੁੜ ਕਰਦੀ
ਬਾਬੇ ਨੂੰ ਨਾਸਤਿਕ ਹੋਣ ਦਾ ‘ਸਰਾਫ’ ਦਿੰਦੀ ਤੇ ਗਾਲ੍ਹਾਂ ਕੱਢਦੀ ਉਥੋਂ ਛੂਟਾਂ ਵੱਟ ਗਈ!
ਖੂਨ ਦਾਨ
ਬਾਬਾ ਫੋਜਾ ਸਿੰਘ ਦਾ ਇੱਕ ਮਿੱਤਰ ਬੀਮਾਰ ਹੋ ਗਿਆ ਬਾਬਾ ਉਸਦਾ ਪਤਾ ਲੈਣ
ਹਸਪਤਾਲ ਗਿਆ। ਹੁਣ ਉਸਨੂੰ ਐਮਰਜੈਂਸੀਂ ਵਿਚੋਂ ਕੱਢ ਕੇ ਜਰਨਲ ਵਾਰਡ ਵਿੱਚ ਲਿਜਾਇਆ ਜਾ ਚੁੱਕਾ ਸੀ।
ਬਾਬੇ ਨੇ ਹਾਲ ਹਵਾਲ ਪੁੱਛਿਆ ਉਸ ਨੇ ਦੱਸਿਆ ਕਿ ਹੁਣ ਦਰਦ ਬਗੈਰਾ ਤੇ ਬਾਕੀ ਸਭ ਤਾਂ ਠੀਕ ਹੈ ਪਰ
ਮੇਰੇ ਨਾਲ ਵਾਲੇ ਗੁਆਂਢੀ ਨੇ ਮੇਰੀ ਬੜੀ ਜਾਨ ਔਖੀ ਕੀਤੀ ਪਈ ਆ।
ਬਾਬੇ ਕਾਰਨ ਪੁੱਛਿਆ ਤਾਂ ਉਸ ਦੱਸਿਆ ਕਿ ਇਸ ਨੁੰ ਪਤਾ ਨਹੀ ਕੀ ਦੌਰਾ ਜਿਹਾ
ਪੈਂਦਾ ਇਹ ਮੁੜ ਮੁੜ ਪਾਏ ਗਾਉਂਨ ਦੀਆਂ ਬਾਹਾਂ ਟੰਗੀ ਜਾਂਦਾ ਤੇ ਹਰੇਕ ਪਤਾ ਲੈਣ ਆਏ ਜਾਂ ਨਰਸਾਂ
ਨਾਲ ਆਕੜੀ ਜਾਂਦਾ। ਹਰੇਕ ਆਏ ਵਲ ਬੜੀਆਂ ਸ਼ੱਕੀ ਜਿਹੀ ਨਿਗਾਹਾਂ ਨਾਲ ਦੇਖਦਾ ਜਿਵੇਂ ਇਸ ਖਿਲਾਫ ਕੋਈ
ਸਾਜਸ਼ ਘੜਨ ਆਇਆ ਹੋਵੇ। ਇੱਕ ਦਿਨ ਕੋਈ ਨਾਲ ਵਾਲੇ ਬੈੱਡ ਵਾਲੇ ਦਾ ਪਤਾ ਲੈਣ ਆਇਆ ਜਾ ਕੇ ਉਸ ਨਾਲ ਲੜ
ਪਿਆ ਅਖੇ ਤੂੰ ਇਥੇ ਇਸ ਨਾਲ ਕੀ ਸਾਜਸ਼ ਘੜ ਰਿਹਾਂ। ਜਾਂ ਇਹ ਬੈੱਡ ਤੋਂ ਉਠਕੇ ਕੁਰਸੀ ਤੇ ਬੈਠ ਜਾਂਦਾ
ਤੇ ਸਾਰੀ-ਸਾਰੀ ਰਾਤ ਪਤਾ ਨਹੀ ਕੀ ਬੁੜ ਬੁੜ ਜਿਹੀ ਕਰੀ ਜਾਂਦਾ। ਇੱਕ ਦਿਨ ਕਈ ਵਕੀਲਾਂ ਦੇ ਨਾਂ
ਜਿਹੇ ਲੈ ਕੇ ਕੋਟ ਦੀਆਂ ਗੱਲਾਂ ਕਰੀ ਜਾਵੇ। ਨਰਸ ਜਦ ਕਹਿੰਦੀ ਕਿ ਉੱਠ ਕੇ ਬੈੱਡ ਤੇ ਚਲਿਆ ਜਾਹ
ਤੇਰੀ ਹਾਲਤ ਗੰਭੀਰ ਏ ਤੂੰ ਏਨੀ ਦੇਰ ਲਗਾਤਾਰ ਬੈਠ ਨਹੀ ਸਕਦਾ ਤਾਂ ਉਸ ਨੂੰ ਅੱਗੋਂ ਆਹਦਾ ਤੂੰ
ਵਿਰੋਧੀਆਂ ਨਾਲ ਰਲੀ ਹੋਈਂ ਏਂ। ਤੂੰ ਚਾਹੁੰਦੀ ਮੈਂ ਕੁਰਸੀ ਛੱਡਾਂ ਤੇ ਵਿਰੋਧੀ ਕੋਈ ਲੈ ਕੇ ਅਗਾਂਹ
ਜਾਵੇ!
ਬਾਬਾ ਬੜਾ ਹੈਰਾਨ ਕਿ ਇਹ ਕੁਰਸੀ ਦੀ ਬੀਮਾਰੀ ਜਾਂ ਤਾਂ ਹਿੰਦੋਸਤਾਨ ਦੇ
ਲੀਡਰਾਂ ਨੂੰ ਹੁੰਦੀ ਜਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਹ ਗੋਰਿਆਂ ਵਿੱਚ ਕਿਵੇਂ ਆ ਗਈ? ਬਾਬੇ
ਦੀ ਉਤਸੁਕਤਾ ਹੋਰ ਵਧ ਗਈ ਉਹ ਨਰਸ ਆਉਂਣ ਤੇ ਪੁੱਛਣ ਲੱਗਾ ਕਿ ਮੈਮ ਇਸ ਗੋਰੇ ਬਜੁੱਰਗ ਨੂੰ ਕੀ
ਬੀਮਾਰੀ ਏ ਕਿਉਂਕਿ ਇਸ ਦੇ ਕਾਰਨ ਮੇਰਾ ਮਿੱਤਰ ਬਹੁਤ ਪ੍ਰੇਸ਼ਾਨ ਹੈ। ਉਹ ਕਹਿਣ ਲੱਗੀ ਕਿ ਪਹਿਲਾਂ
ਤਾਂ ਕਦੇ ਇਸ ਇੰਝ ਨਹੀ ਸੀ ਕੀਤਾ ਪਰ ਆਹ ਪਿਛਲੇ ਹਫਤੇ ਇਸ ਨੂੰ ਬਲੱਡ ਦੀ ਲੋੜ ਪਈ ਸੀ ਉਸ ਤੋਂ ਬਾਅਦ
ਹੀ ਇੰਝ ਕਰਨ ਲੱਗਾ ਹੈ!
ਬਾਬਾ ਫੱਟ ਸਮਝ ਗਿਆ ਕਿ ਇਹ ਬਲੱਡ ਸਾਡੇ ਹੀ ਕਿਸੇ ਗੁਰਦੁਆਰੇ ਦੇ ਪ੍ਰਧਾਨ
ਦਾ ਚੜ੍ਹ ਗਿਆ ਜਾਪਦਾ ਜਿਹੜਾ ਅੰਦਰ ਜਾ ਕੇ ਅਪਣੇ ਰੰਗ ਜਮਾ ਰਿਹਾ ਹੈ ਤੇ ਇਸ ਵਿਚਾਰੇ ਨੂੰ ਵੱਖਤ
ਪਾਇਆ ਹੋਇਆ ਜਿਸ ਕਦੇ ਕੁਰਸੀ ਤੇ ਬੈਠ ਸੋਚਿਆ ਵੀ ਨਹੀ ਹੋਣਾ ਕਿ ਮੇਰੇ ਹੇਠੋਂ ਨਿਕਲ ਜਾਵੇਗੀ।
ਅਜਾਦ ਬਨਾਮ ਗੁਲਾਮ
ਬਾਬਾ ਫੋਜਾ ਸਿੰਘ ਸਿੱਖ ਕੌਮ ਦੀ ਅਜਾਦੀ ਲਈ ਬੜਾ ਪ੍ਰੇਸ਼ਾਨ ਸੀ ਇੱਕ ਦਿਨ ਉਹ
ਇਸੇ ਫਿਕਰ ਵਿੱਚ ਹੀ ਬੈੱਡ ਤੇ ਪੈ ਗਿਆ ਤੇ ਨੀਂਦ ਆ ਗਈ।
ਬਾਬਾ ਬੜਾ ਖੁਸ਼, ਸਾਰੇ ਹੀ ਖੁਸ਼, ਕੌਮ ਅਜਾਦ ਹੋ ਗਈ ਖਾਲਸਈ ਨਿਸ਼ਾਨ ਹਰ ਪਾਸੇ
ਝੁਲਣ ਲੱਗੇ। ਬ੍ਰਹਾਮਣ ਦਾ ਜੂਲਾ ਗਲੋਂ ਲੱਥਾ ਸਭ ਨੇ ਸੁੱਖ ਦਾ ਸਾਹ ਲਿਆ। ਬਾਬੇ ਨੇ ਪ੍ਰਵਾਰ ਸਮੇਤ
ਅਪਣੇ ਅਜਾਦ ਮੁੱਲਖ ਵਿੱਚ ਜਾਣ ਦਾ ਮਨ ਬਣਾਇਆ। ਬੜਾ ਉਤਸ਼ਾਹ ਸੀ, ਉਮਾਹ ਠਾਠਾਂ ਮਾਰ ਰਿਹਾ ਸੀ ਕਿ
ਸ਼ੁੱਕਰ ਐ ਅਸੀਂ ਵੀ ਅਜਾਦੀ ਦਾ ਸਾਹ ਲਿਆ। ਬਾਬੇ ਟਿਕਟਾਂ ਲਈਆਂ ਸਾਰਾ ਟੱਬਰ ਜਾਹਾਜੇ ਚ੍ਹੜ ਗਿਆ।
ਏਅਰਪੋਰਟ ਤੇ ਉਤਰਦਿਆਂ ਪਹਿਲਾਂ ਜਿਥੇ ਇੱਕ ਧੁੜਕੂ ਜਿਹਾ ਲੱਗਾ ਹੁੰਦਾ ਸੀ ਹੁਣ ਬੇਪ੍ਰਵਾਹੀ ਸੀ। ਪਰ
ਬਾਬਾ ਬੜਾ ਹੈਰਾਨ ਹੋਇਆ ਜਦ ਇੰਮੀਗਰੇਸ਼ਨ ਤੋਂ ਪਹਿਲਾਂ ਹੀ ਉਸ ਨੂੰ ਪਾਸੇ ਕਰ ਲਿਆ ਗਿਆ।
ਹਾਂ ਬਈ ਬਾਬਾ! ਕਿਥੋਂ ਆਇਆਂ?
ਜੀ ਕਨੇਡਾ ਤੋ।
ਲੱਗਦਾ ਤਾਂ ਤੂੰ ‘ਧਰਮੀ-ਕਰਮੀ ਹੈਂ ਪਰ ਕੀ ਦਸਮ ਸ੍ਰੀ ਗੁਰੂ ਗਰੰਥ ਸਾਹਿਬ
ਵਿੱਚ ਤੇਰਾ ਯਕੀਨ ਹੈ ਕਿ ਨਹੀ? ਬਾਬਾ ਧੁਰ ਤੀਕ ਕੰਬ ਗਿਆ ਹੈਂ! ਇਹ ਕੀ?
ਦੇਖੋ ਬਈ …ਗੱਲ ਹਾਲੇ ਬਾਬੇ ਦੇ ਮੂੰਹ ਵਿੱਚ ਹੀ ਸੀ ਆਫੀਸਰ ਦਾ ਇਸ਼ਾਰਾ ਪਾ
ਕੇ ਬਾਬੇ ਨੂੰ ਪਾਸੇ ਲੈ ਗਏ ਪਤਾ ਹੀ ਉਦੋਂ ਲਗਾ ਜਦ ਬਾਬਾ ਮਾਲ ਮੰਡੀ ਵਿੱਚ ਸੀ। ਉਥੇ ਸਾਰੇ ਹੀ
ਵਿਦਵਾਨ ਲੰਮੇ ਪਾਏ ਹੋਏ ਸਨ।
ਕੋਈ ਰਾਗਮਾਲਾ ਦੇ ਕੇਸ ਵਿੱਚ ਸੀ, ਕੋਈ ਕੇਸਕੀ ਦੇ, ਤੇ ਕੋਈ ਦਸਮ ਗਰੰਥ ਦੇ।
ਦਸਮ ਗਰੰਥ ਵਾਲਿਆਂ ਦੀ ‘ਸੇਵਾ’ ਵਲ ਖਾਸ ਧਿਆਨ ਰੱਖਿਆ ਜਾ ਰਿਹਾ ਸੀ ਬਾਬੇ ਦੀ ਵਾਰੀ ਆਈ ਪਰ ਬਾਬਾ
ਬੱਚ ਗਿਆ ਕਿਉਂਕਿ ਉਸਦੀ ਪਹਿਲੇ ਪਟੇ ਨਾਲ ਹੀ ਜਾਗ ਖੁਲ੍ਹ ਚੁੱਕੀ ਸੀ। ਤੇ ਬਾਬਾ ਬੈੱਡ ਤੇ ਬੈਠਾ ਵੀ
ਪਿੱਠ ਮੱਲੀ ਜਾ ਸੋਚ ਰਿਹਾ ਸੀ ਕਿ ਕੌਮ ਦੀ ਜਦ ਤਕ ਥਾਟ (ਸੋਚ) ਹੀ ਗੁਲਾਮ ਹੈ, ਸਰੀਰਕ ਅਜਾਦੀ ਲੈ
ਕੇ ਕੀ ਕਰਾਂਗੇ।
ਬਰਬਾਦੀ
ਬਾਬਾ ਫੌਜਾ ਸਿੰਘ ਦੇ ਫੋਨ ਦੀ ਘੰਟੀ ਖੜਕਦੀ ਹੈ। ਇਹ ਫੋਨ ਉਸ ਦੇ ਇੱਕ
ਰਿਸ਼ਤੇਦਾਰ ਦੀ ਔਰਤ ਦਾ ਸੀ ਜਿਹੜੀ ਰੋ-ਰੋ ਕੇ ਅਪਣੀ ਵੇਦਨਾ ਦੱਸ ਰਹੀ ਸੀ ਪਰ ਮਗਰ ਲੜਨ –ਭਿੜਨ ਦੀ
ਅਵਾਜ ਬਰਾਬਰ ਆ ਰਹੀ ਸੀ। ਬਾਬਾ ਉਹਨਾ ਦੇ ਘਰੇ ਪਹੁੰਚਿਆ। ਹਾਲਾਤ ਜੰਗੀ ਸਨ, ਘਰ ਦੇ ਖਿਲਰੇ ਸਮ੍ਹਾਨ
ਤੋਂ ਜਾਪਦਾ ਸੀ ਕਿ ‘ਮੀਜਾਇਲਾਂ’ ਬਗੈਰਾ ਵੀ ਚਲੀਆਂ ਸਨ। ਬਾਬੇ ਜੰਗ ਦਾ ਜਾਇਜਾ ਲਿਆ। ਘਰ ਦਾ ਮਾਲਕ
ਹਾਲੇ ਵੀ ਧੁੱਪੇ ਜੁੱਪੇ ਸੰਢੇ ਵਾਂਗ ਹੌਕੀਂ ਜਾ ਰਿਹਾ ਸੀ। ਲੜਾਈ ਵਾਲੀ ਦੂਜੀ ਧਿਰ, ਯਾਨੀ ਮੁੰਡਾ
ਉਸਦਾ ਘਰੋਂ ਜਾ ਚੁੱਕਾ ਸੀ।
ਬਾਬੇ ਨੂੰ ਦੇਖ ਉਹਨੇ ਅਪਣੇ ਸਾਹ ਸਾਵੇਂ ਕਰਨ ਦੀ ਕੋਸ਼ਿਸ਼ ਕਰਦਿਆਂ ਦੱਸਿਆ ਕਿ
ਇਹ ਉਲਾਦ ਮੇਰੀ ਮੈਨੂੰ ਲੈ ਬਵੇਗੀ। ਇਹ ਹਰਾਮ ਦਾ ਪਹਿਲਾਂ ਤਾਂ ਚੋਰੀ ਛਿਪੀ ਪਰ ਹੁਣ ਮੇਰੇ ਸਾਹਵੇਂ
ਅਪਣੇ ਫਰੈਂਡ-ਫਰੈਂਡੀਆਂ ਲਿਆਕੇ ਘਰ ਨੂੰ ਪੱਬ ਬਣਾਉਂਣ ਲੱਗ ਗਿਆ। ਜੇ ਅਗੋਂ ਕਹਿੰਨਾ ਤਾਂ ਅੱਖਾਂ
ਕੱਢਦਾ। ਅੱਜ ਫੇਰ ਉਹੀ ਕੰਜਰਖਾਨਾ ਤੇ ਆਖਰ ਲੜਕੇ ਨਿਕਲ ਗਿਆ। ਦਸ ਬਾਬਾ ਕਿਹੜੇ ਖੂਹ `ਚ ਪਵਾਂ?
ਬਾਬਾ ਉਹਦੀ ਗੱਲ ਸੁਣਕੇ ਤਾੜੀ ਮਾਰ ਕੇ ਹੱਸ ਪਿਆ। ਉਹ ਬਾਬੇ ਦੀ ਇਸ ਹਰਕਤ
ਤੇ ਛਿੱਥਾ ਜਿਹਾ ਪੈ ਗਿਆ ਤੇ ਕਹਿਣ ਲੱਗਾ,
ਬਾਬਾ ਮੇਰੀ ਜਾਨ ਦੀ ਬਣੀ ਤੈਨੂੰ ਹਾਸੇ ਸੁਝਣ ਡਹੇ ਨੇ।
ਮੈਨੂੰ ਹਾਸੇ ਤਾਂ ਸੁਝਣ ਡਹੇ ਨੇ ਕਿ ਹੁਣ ਤੇਰੇ ਅਪਣੇ ਲੱਗੀ ਕਰਕੇ ਤੈਨੂੰ
ਅੱਗ ਜਾਪਦੀ ਪਰ ਮੈ ਤੈਨੂੰ ਉਦੋਂ ਦਾ ਜਾਣਦਾ ਜਦ ਤੇਰੇ ਪਿਉ ਦੇ ਘਰ ਲੱਗੀ ਸੀ ਤੇ ਤੂੰ ਆਪਦੇ ਪਿਉ
ਨੂੰ ਗਾਣੇ ਸੁਣਾ-ਸੁਣਾ ਪੀਂਦਾ ਸੀ ਕਿ ‘ਮੈ ਤੇ ਪੀਣੀ ਏਂ’। ਪਰ ਤੂੰ ਸੁਣੀ?
ਪਰ ਬਾਬਾ ਮੈਂ ਇੰਝ ਘਰ ਨੂੰ ਸ਼ਰਾਬਖਾਨਾ ਤਾਂ ਨਹੀ ਸੀ ਬਣਾ ਧਰਿਆ!
ਚਲ ਦਸ ਕਣਕ ਦੇ ਬੀਜ ਤੋਂ ਬਣੇ ਸਿੱਟੇ ਵਿੱਚ ਦਾਣੇ ਕਿੰਨੇ ਹੁੰਦੇ?
ਉਹ ਚੁੱਪ ਜਿਹਾ ਕਰ ਗਿਆ ਗੱਲ ਉਸ ਦੇ ਖਾਨੇ ਨਹੀ ਪਈ ਤਾਂ ਬਾਬੇ ਆਪ ਹੀ ਦਸ
ਦਿਤਾ ਕਿ ਇਹ ਸਿੱਟਾ ਤੇਰੇ ਬੀਜੇ ਦਾਣੇ ਦਾ ਹੀ ਹੈ ਇਸ ਫਲਣਾ ਤਾਂ ਹੈ ਹੀ ਸੀ।
ਪਰ ਮੈ ਕੀ ਬਰਬਾਦ ਹੋ ਗਿਆਂ? ਚੰਗਾ ਭਲਾ ਘਰ ਹੈ, ਔਰਤ ਹੈ, ਬੱਚੇ ਹਨ ਹੋਰ…
…ਹੋਰ ਬਰਬਾਦ ਤੂੰ ਕੋਠੇ ਚੜ ਕੇ ਹੋਣਾ ਜਾਂ ਤੇਰੇ ਮੂੰਹ ਤੇ ਲਿਖਿਆ ਜਾਂਣਾ
ਕਿ ਤੂੰ ਬਰਬਾਦ ਹੈਂ। ਆਹ ਕਲੇਸ਼ ਤੇਰੀ ਬਰਬਾਦੀ ਨਹੀ ਤਾਂ ਹੋਰ ਕੀ ਏ?
ਬਾਬਾ ਗੱਲ ਤਾਂ ਤੇਰੀ ਸੱਚੀ ਏ ਪਰ ਇਹ ਪੀਹੜੀ ਦਰ ਪੀਹੜੀ ਚਲਦੀ ਬਰਬਾਦੀ ਨੂੰ
ਕਿਵੇਂ ਰੋਕਾਂ! ਪਿਉ ਵੀ ਤਾਂ ਬੁੱਢੇ ਵਾਰੇ ਹੀ ਮੱਤਾਂ ਦੇਣ ਲੱਗਿਆ ਓਸ ਕਿਹੜੀ ਘੱਟ ਪੀਤੀ!
ਹੁਣ ਗੱਡੀ ਟੇਸ਼ਨ ਲੰਘ ਗਈ ਪਰ ਪਹਿਲਾਂ ਆਪਦੇ ਮੱਘ ਬਾਹਰ ਸੁੱਟ। ਫਿਰ ਕੋਈ
ਚੰਗੀ ਸੰਗਤ ਲੱਭ ਸ਼ਾਇਦ ਕਿਸੇ ਮੋੜ ਦਾ ਬਾਨਣੂ ਬੱਝ ਜਾਵੇ।
ਪਰ ਬਾਬਾ ਮੇਰੇ ਤੋਂ ਕਿਥੇ ਛੱਡ ਹੁੰਦੀ ਇਹ ਤਾਂ ਹੱਡਾਂ `ਚ ਰਚ ਗਈ!
ਖਾਹ ਧੱਕੇ! ਰੋਣਾ ਕਾਹਦਾ ਫਿਰ! ਤੇ ਬਾਬਾ ਇੰਝ ਉਹਨਾ ਲੋਕਾਂ ਦੀ ਪੀਹੜੀ ਦਰ
ਪੀਹੜੀ ਦੀ ਹੁੰਦੀ ਬਰਬਾਦੀ ਬਾਰੇ ਸੋਚਦਾ ਘਰੇ ਆ ਗਿਆ, ਜਿਹੜੇ ਆਪ ਤਾ ਸੁਧਰਨਾ ਚਾਹੁੰਦੇ ਨਹੀ ਪਰ
ਉਲਾਦ ਦੇ ਸੁਧਾਰ ਦੀ ਆਸ ਕਰਦੇ ਹਨ।
ਨੇਫ਼ਾ
ਕਰਮਾ ਵਾਲੀਏ ਇੱਕ ਚਿੱਟੇ ਰੰਗ ਦਾ ਕੁੜਤਾ ਪੰਜਾਮਾ ਸਿਉਂਣਾ ਹੈ ਪਰ ਪੰਜਾਮੇ
ਦਾ ਨੇਫ਼ਾ ਖੁਲ੍ਹਾ ਹੋਣਾ ਚਾਹੀਦਾ। ਪ੍ਰਧਾਨ ਜੀ ਅਪਣੀ ਪਤਨੀ ਸਾਹਿਬਾਂ ਨੂੰ ਫੁਰਮਾ ਰਹੇ ਹਨ।
ਪਤਨੀ ਬੜੀ ਹੈਰਾਨ ਹੈ ਕਿ ਨੇਫ਼ਾ ਖੁਲ੍ਹੇ ਦਾ ਕੀ ਮੱਤਲਬ ਹੋਇਆ! ਉਹ
ਡਰਦੀ—ਡਰਦੀ ਪੁੱਛਦੀ ਹੈ ਤਾਂ ਪ੍ਰਧਾਨ ਸਾਹਬ ਬੜੇ ਮੂੜ੍ਹ ਜਿਹੇ ਵਿੱਚ ਬੋਲਦੇ ਹਨ,
ਝੱਲੀਏ ‘ਪੰਥ’ ਖਤਰੇ ਵਿੱਚ ਹੈ, ਤੂੰ ਮੱਤਲਬ ਪੁੱਛਦੀ ਏਂ?
ਪਤਨੀ ਫਿਰ ਸਵਾਲ ਕਰਦੀ ਹੈ,
ਸੁਆਮੀ ਜੀ! ਪੰਥ ਖਤਰੇ ਵਿੱਚ ਹੈ ਦਾ ਨੇਫ਼ੇ ਨਾਲ ਕੀ ਸਬੰਧ? ਨੇਫ਼ੇ ਵਿੱਚ ਕੀ
ਕੋਈ ਤੋਪ ਬੀੜਨੀ ਹੈ?
ਕਮਲੀਏ ਤੋਪ ਨਹੀ ਬੀੜਨੀ ਪਰ ‘ਪੰਥ’ ਲਈ ਫੰਡ ਤਾਂ ਚਾਹੀਦਾ ਕਿ ਨਹੀ?
ਪ੍ਰਧਾਂਨ ਜੀ ਹੱਸਦੇ ਹਨ।
ਪੰਥ, ਨੇਫ਼ਾ, ਫੰਡ ਗੱਲ ਕੋਈ ਮੈਚ ਜਿਹੀ ਨਹੀ ਕਰਦੀ!
ਲੈ ਦਸ ਤੁਸੀਂ ਤੀਵੀਆਂ ਕੀ ਜਾਣੋ ‘ਪੰਥ’ ਕੀ ਬਲਾ ਏ ਤੇ ਅੱਜ ‘ਪੰਥ’ ਨੂੰ
ਨੇਫ਼ਿਆਂ ਦੀ ਕੀ ਲੋੜ ਏ!
ਜੇ ਅਸੀਂ ਨੇਫ਼ੇ ਸਿਉਂ ਸਕਦੀਆਂ ਤਾਂ ਪੁੱਛ ਕਿਉਂ ਨਹੀ ਸਕਦੀਆਂ! ਹੈਂਅ?
ਇਸ ਵਾਰੀ ਪਤਨੀ ਸਾਹਿਬਾਂ ਥੋੜੀ ਅੜ ਗਈ ਤਾਂ ਪ੍ਰਧਾਨ ਜੀ ਨੇ ਹੱਸਦਿਆਂ ਸਰਲ
ਜਿਹੀ ਗੱਲ ਦੱਸੀ।
ਦਰਅਸਲ ਕਮਲੀਏ ਸਾਡੇ ਵਿੱਚ ਦੋ ਕੁ ‘ਗਦੂਦਾਂ’ ਨੇ ਜਿਹੜੀਆਂ ‘ਪੰਥ’ ਵਿਰੋਧੀ
ਨੇ ਤੇ ਪੰਥ ਨੂੰ ਚਾਹੀਦਾ ਫੰਡ। ਸਿੱਧਾ ਹੱਥ ਫਿਰਦਾ ਨਹੀ ਤੇ ਹੁਣ ਅਸੀਂ ਇਹ ‘ਸੇਵਾ’ ਨੇਫ਼ਿਆਂ ਤੋਂ
ਲੈਂਦੇ ਆਂ! ਸਮਝੀ?
ਦੇਖੋ ਜੀ! ਗੁਰੂ ਕੀ ਗੋਲਕ ਚੋਰੀ ਕਰਨੀ ਪਾਪ ਏ ਤੇ ਇਹ ਪਾਪ ਕਰਮ ਮੈਂ
ਤੁਹਾਨੂੰ ਨਹੀ ਕਰਨ ਦੇਵਾਂਗੀ! ਕੁੱਝ ਗੁਰੂ ਤੋਂ ਹੀ ਡਰੋ, ਰੋਜ ਗੁਰੂ ਨੂੰ ਹਾਜਰ ਨਾਜਰ ਦਾ ਰੌਲਾ
ਤੁਸੀਂ ਪਾਉਂਦੇ ਹੋ ਤੇ ਆਪ ਹੀ ਉਸ ਦੇ ਘਰੋਂ…
ਪ੍ਰਧਾਨ ਜੀ ਗੱਲ ਵਿਚਾਲੇ ਕੱਟ ਕੇ ਠਾਹਕਾ ਮਾਰਕੇ ਹੱਸਦੇ ਹਨ!
ਹਾਜਰ ਨਾਜਰ? ਹੋਊ ਹਾਜਰ ਨਾਜਰ ਤੁਹਾਡੇ ਵਰਗੀਆਂ ਲਈ ਜਾਂ ਲੋਕਾਂ ਲਈ ਅਸੀਂ
ਤਾਂ ਕਦ ਦੇ ਇੰਝ ਹੀ ‘ਸੇਵਾ’ ਕਰ ਰਹੇ ਹਾਂ ‘ਪੰਥ’ ਦੀ! ਹਾਜਰ ਹੁੰਦਾ ਤਾਂ ਸਾਡੇ ਡਾਂਗ ਨਾ ਫੇਰਦਾ?
ਡਾਂਗ ਹੋਰ ਕੋਠੇ ਚੜ੍ਹ ਕੇ ਫੇਰਨੀ ਹੁੰਦੀ? ਮਾੜੀ ਉਲਾਦ ਤੋਂ ਜਿਆਦਾ ਡਾਂਗ
ਹੋਰ ਕੌਣ ਫੇਰਦਾ! ਜੇ ਉਹ ਨਾ ਵੀ ਹੋਵੇ ਤਾਂ ਲੁਕਾਈ ਦੀ ਕੁੱਤਿਆ-ਕੁੱਤਿਆ ਡਾਂਗ ਨਾਲੋਂ ਵੀ ਭੈੜੀ
ਹੈ!
ਓ ਭਲੀਏ! ਮੈਂ ਕਿਹੜਾ ਇਕੱਲਾ ‘ਸੇਵਾ’ ਵਿੱਚ ਸ਼ਾਮਲ ਹਾਂ ਸਾਰੇ ਨੰਗੇ ਨੇ ਇਸ
ਹਮਾਮ ਵਿਚ। ਕਈ ਸਿੱਧੇ ਹੀ ਰੁੱਗ ਭਰ-ਭਰ ਵਕੀਲਾਂ ਨੂੰ ਦਈ ਜਾ ਰਹੇ ਨੇ ਜੇ ਅਸੀਂ ‘ਪੰਥ’ ਲਈ ਹੱਥ
ਪੱਲਾ ਮਾਰ ਲਿਆ ਤਾਂ ਗੁਰੂ ਦੇ ਅਤੁੱਟ ਖਜਾਨੇ ਨੂੰ ਕੀ ਫਰਕ ਪੈਂਦਾ? ਵੈਸੇ ਵੀ ‘ਪੰਥ’ ਤਾਂ
ਤਿੰਨ-ਤਿੰਨ ਫੁੱਟੀਆਂ ਲੈ ਕੇ ਸਾਡੇ ਨਾਲ ਖੜਾ ਸੀ! ਲਿਆ ਉਰਾਂ ਮੈਂ ਦੋ ਸੀਣਾਂ ਮਾਰ ਲੈਨਾ ਆਪੇ ਜੇ
ਤੈਂਨੂੰ ਗੁਰੂ ਦਾ ਇੰਨਾ ਹੀ ਡਰ ਏ! ਆਈ ਵੱਡੀ ਸਿੱਖਿਆ ਦੇਣ ਵਾਲੀ! ਹਾਂਅ!
ਸ਼ੇਰ ਮੂੰਹਾਂ ਘਰ!
ਬਾਬੇ ਫੋਜਾ ਸਿੰਘ ਨੇ ਘਰ ਲਿਆ, ਘਰ ਵਧੀਆ ਕੀਮਤ ਤੇ ਮਿਲ ਗਿਆ। ਕਿੰਨੇ ਦਿਨ
ਆਂਢ-ਗੁਆਂਢ ਨਵੇਂ ਆਏ ਗੁਆਂਢੀਆਂ ਵਲ ਬੜਾ ਅਜੀਬ ਜਿਹਾ ਦੇਖਿਆ ਕਰਨ ਪਰ ਕਿਸੇ ਖਾਸ ਬੁਲਾਇਆ-ਕੁਵਾਇਆ
ਨਾ। ਆਖਰ ਇੱਕ ਦਿਨ ਇੱਕ ਬਜੁਰਗ ਘਰ ਅਗੋਂ ਲੰਘਦਾ ਬਾਬੇ ਕੋਲੇ ਰੁੱਕ ਗਿਆ। ਰਸਮੀ ਜਿਹੇ ਹਾਲ-ਹਵਾਲ
ਤੋਂ ਬਾਅਦ ਉਹ ਪੁੱਛਦਾ ਹੈ ਕਿ ਇਹ ਘਰ ਤੁਸੀਂ ਲਿਆ?
ਬਾਬੇ ਨੇ ਹਾਂਅ ਵਿੱਚ ਸਿਰ ਮਾਰਦਿਆਂ ਦੱਸਿਆ ਕਿ ਜੀ ਹਾਂ ਇਹ ਅਸੀਂ ਲਿਆ।
ਉਸ ਬੜੀਆਂ ਤਰਸ ਜਿਹੀਆਂ ਨਿਗਾਹਾਂ ਨਾਲ ਬਾਬੇ ਵਲ ਦੇਖਿਆ ਜਿਵੇਂ ਬਾਬੇ ਉਪਰ
ਆਉਂਣ ਵਾਲੀ ਹੋਣੀ ਦਾ ਕੇਵਲ ਉਸੇ ਨੂੰ ਹੀ ਪਤਾ ਸੀ।
ਜੀ! ਘਰ ਤਾਂ ਬਹੁਤ ਸੋਹਣਾ ਪਰ…
ਉਹ ਰੁਕ ਜਿਹਾ ਗਿਆ ਜਿਵੇਂ ਉਹ ਬਾਬੇ ਦੇ ਹਾਵਾਂ ਭਾਵਾਂ ਤੋਂ ਤਾੜਨਾ
ਚਾਹੁੰਦਾ ਸੀ ਕਿ ਇਹ ਸੁਣ ਵੀ ਲਵੇਗਾ। ਤੇ ਰੁਕ ਕੇ ਆਪੇ ਹੀ ਉਸ ਅਗੇ ਵਾਕ ਪੂਰਾ ਕਰ ਦਿਤਾ,
…ਪਰ ਸ੍ਰਦਾਰ ਜੀ! ਇਹ ਸ਼ੇਰ ਮੂੰਹਾਂ ਘਰ ਹੈ ਇਸ ਵਿੱਚ ਕੋਈ ਟਿੱਕਿਆ ਨਹੀ।
ਪਹਿਲਾਂ ਇੱਕ ਕਾਲਾ ਬੈਂਕ ਰਪਟੀ ਹੋ ਕੇ ਗਿਆ ਹੁਣ ਅਪਣੇ ਭਾਈ ਛੱਡ ਦੌੜੇ ਨੇ! ਬੜਾ ਚਿਰ ਮਾਰਕਿਟ
ਵਿੱਚ ਰਿਹਾ ਕਿਸੇ ਨਹੀ ਖਰੀਦਿਆ। ਤੁਸੀਂ ਵੇਖਿਆ ਨਹੀ ਖਰੀਦਣ ਲੱਗਿਆਂ?
ਉਸ ਗੱਲ ਇਕੇ ਸਾਹੇ ਮੁਕਾ ਕੇ ਸਵਾਲ ਕਰ ਦਿਤਾ। ਬਾਬਾ ਸੁਣ ਕੇ ਹੱਸ ਪਿਆ।
ਗੱਲ ਕਰਨ ਵਾਲਾ ਛਿੱਥਾ ਜਿਹਾ ਪੈ ਗਿਆ ਉਸ ਸੋਚਿਆ ਸੀ ਕਿ ਇਹ ਸ਼ੇਰ ਮੂੰਹੇ ਦੀ ਹੋਰ ਵਿਆਖਿਆ ਦੀ ਮੰਗ
ਕਰੇਗਾ ਤੇ ਉਸ ਕੋਲੇ ਇਦਾਂ ਦੀਆਂ ਭੂਤਾਂ ਦੀਆਂ ਕਹਾਣੀਆਂ ਵਰਗੀਆਂ ਸੁਣੀਆਂ-ਸੁਣਾਈਆਂ ਬਹੁਤ ਸਨ ਕਿ
ਕਿਵੇਂ ਲੋਕ ਸ਼ੇਰ ਦੇ ਪੰਜੇ ਚੋਂ ਜਾਨਾ ਬਚਾ-ਬਚਾ ਭੱਜੇ ਨੇ।
ਵੇਖਿਆ ਤਾਂ ਸੀ ਪਰ ਸਾਨੂੰ ਜਾਪਿਆ ਕਿ ਸ਼ੇਰ ਵਰਗੇ ਘਰ ਵਿੱਚ ਗਿੱਦੜਾਂ ਦਾ ਕੀ
ਡਰ ਕਿਉਂ ਨਾ ਇਥੇ ਹੀ ਰਿਹਾ ਜਾਵੇ! ਬਾਬੇ ਨੇ ਮਖੌਲ ਜਿਹਾ ਕੀਤਾ।
ਗੱਲ ਕਰਨ ਵਾਲਾ ਹੋਛਾ ਪੈ ਗਿਆ। ਉਸ ਸੋਚਿਆ ਗੱਲ ਸੁਣਨ ਵਾਲਾ ਜੇ ਘਬਰਾਇਆ ਨਾ
ਤਾਂ ਇਹ ਮੇਰੀ ਗੱਲ ਦੀ ਹੱਤਕ ਹੈ। ਉਸ ਆਪੇ ਹੀ ‘ਸਿਆਣਿਆਂ’ ਦੀਆਂ ਕਹੀਆਂ ਕਹਿਕੇ ਸ਼ੁਰੂ ਕਰ ਲਈਆਂ ਕਿ
ਸ਼ਾਇਦ ਮੇਰੀ ਗੱਲ ਦੀ ਹੱਤਕ ਹੋਣੋਂ ਬੱਚ ਜਾਵੇ ਪਰ ਬਾਬੇ ਦੀ ਅਗਲੀ ਗੱਲ ਨੇ ਉਸਨੂੰ ਚੁੱਪ ਕਰਾ
ਦਿੱਤਾ।
ਦੇਖੋ ਜੀ! ਜੇ ਮੈਨੂੰ ਇਸੋਂ ਸਸਤਾ ਤੇ ਵਧੀਆ ਭੁਤ ਮੂੰਹਾਂ ਘਰ ਵੀ ਮਿਲ ਜਾਵੇ
ਤਾਂ ਮੈਂ ਇਹ ਛੱਡ ਕੇ ਉਹ ਵੀ ਲੈਣ ਨੂੰ ਤਿਆਰ ਹਾਂ ਜੇ ਤੁਹਾਡੀ ਨਿਗਾਹ ਵਿੱਚ ਕੋਈ ਹੋਇਆ ਤਾਂ ਦਸਿਆ
ਜੇ!
ਗੁਰੂ ਦੀ ਕ੍ਰਿਪਾ…?
ਇੱਕ ਗੁਰੂ ਘਰ ਦੇ ਪ੍ਰਬੰਧਕ, ਜਿਹੜੇ ਪਹਿਲਾਂ ਹੀ ਵਕੀਲਾਂ ਦੀ ‘ਕ੍ਰਿਪਾ’
ਸਦਕਾ ਅਪਣੀ ‘ਸਰਕਾਰ’ ਚਲਾ ਰਹੇ ਸਨ ਇੱਕ ਹੋਰ ਮੁਸ਼ਕਲ ਵਿੱਚ ਫਸ ਗਏ। ਆਖਰ ਉਹਨਾ ਨੂੰ ਮੀਡੀਏ ਉਪਰ ਆ
ਕੇ ਸਪਸ਼ਟੀਕਰਨ ਦੇਣਾ ਪਿਆ। ਬਾਬਾ ਫੋਜਾ ਸਿੰਘ ਨੇ ਸਪਸ਼ਟੀਕਰਨ ਸੁਣਦਿਆਂ ਅਖੀਰ ਤੇ ਸੁਣਿਆ ਕਿ,
"ਹਾਂ ਜੀ, ਗੁਰੂ ਦੀ ਬੜੀ ਕ੍ਰਿਪਾ ਹੈ ਅਸੀ ਵਕੀਲਾਂ ਦੀ ਸਲਾਹ ਲੈ ਲਈ ਹੈ" !
ਬਾਬਾ ਸੁਣ ਕੇ ਹੱਸ ਪਿਆ। ਇਹ ਕੀ ਹੋਇਆ ਬਈ ਕਿ ਕ੍ਰਿਪਾ ਗੁਰੂ ਦੀ ਸਲਾਹ
ਵਕੀਲਾਂ ਦੀ? ਚਲੋ ਕਈ ਅੜਾਉਂਣੀਆਂ ਵਿੱਚ ਵਕੀਲਾਂ ਦੀ ਸਲਾਹ ਲੈਣੀ ਵੀ ਪੈ ਜਾਂਦੀ ਹੈ ਪਰ ਬਾਬੇ ਨੂੰ
ਉਹ ‘ਫਤਿਹ’ ਦਿਵਸ ਯਾਦ ਆ ਗਿਆ ਜਿਹੜਾ ਪ੍ਰਬੰਧਕਾਂ ਇੱਕ ਮਿਲੀਅਨ ਦੇ ਕਰੀਬ ਕੋਟ ਵਿੱਚ ਫੂਕਣ ਤੋਂ
ਬਾਅਦ ਮਨਾਇਆ ਸੀ ਤੇ ਅਰਦਾਸ ਉਦੋਂ ਵੀ ਇਹ ਸੀ ਕਿ,
"ਗੁਰੂ ਜੀ ਆਪ ਨੇ ਬੜੀ ਕ੍ਰਿਪਾ ਕੀਤੀ ਕਿ ਆਪ ਦੇ ਦਾਸਾਂ ਨੂੰ ਕਾਮਯਾਬੀ
ਬਖਸ਼ੀ" !
ਪਰ ਕਾਹਦੀ? ਗੁਰਦੁਆਰੇ ਤੇ ਕਬਜਾ ਜਮਾਈ ਰੱਖ ਦੀ? ਵੈਸੇ ਉਹ ‘ਕਾਮਯਾਬੀ’
ਹਾਲੇ ਤੱਕ ਕੋਟਾਂ ਵਿੱਚ ਰੁਲਦੀ ਫਿਰ ਰਹੀ ਹੈ ਜਿਸ ਉਪਰ ਹਾਲੇ ਹੋਰ ਮਿਲੀਅਨ ਤੋਂ ਉਪਰ ਡਾਲਰ ਲੱਗਣਾ
ਹੈ। ਪਰ ਅਸ਼ਕੇ ਜਾਈਏ ਪੁਜਾਰੀ ਦੇ ਵੀ ਉਹ ਗਲ ਵਿੱਚ ਲੰਮਾ ਸਾਰਾ ਪਰਨਾ ਪਾਈ ਬੜੀ ਢੀਠਤਾਈ ਨਾਲ ਲੱਖ
‘ਖੁਸ਼ੀਆਂ ਪਾਤਸ਼ਾਹੀਆਂ’ ਪ੍ਰਬੰਧਕਾਂ ਦੇ ਕਬਜੇ ਦੀਆਂ ਮੰਗ ਕੇ ਅਪਣੇ ‘ਧਰਮ ਦਾ ਵਫਾਦਾਰ’ ਹੋਣ ਦਾ
ਪੱਕਾ ਸਬੂਤ ਦੇ ਰਿਹਾ ਹੁੰਦਾ ਹੈ। ਲਫਜਾਂ ਦਾ ਹੀ ਹੇਰ-ਫੇਰ ਹੁੰਦਾ ਪਰ ਕਹਿ ਉਹ ਇਹੀ ਹੁੰਦਾ ਕਿ,
"ਗੁਰੁ ਜੀ ਕਾਮਯਾਬੀ ਬਖਸ਼ਣੀ ਤੇਰੇ ਦਾਸਰੇ ਕਬਜਾ ਜਮਾਈ ਰੱਖਣ ਲਈ ਵਕੀਲ਼ਾਂ ਦੀ
‘ਸ਼ਰਨ’ ਜਾ ਰਹੇ ਹਨ। ਕ੍ਰਿਪਾ ਕਰਕੇ ਅਪਣੇ ਕਿਰਤੀ ਗੁਰਸਿੱਖਾਂ ਦੀ ਗੋਲਕ ਵਿੱਚ ਆਈ ਕਿਰਤ ਨੂੰ
ਵਕੀਲਾਂ ਰਾਂਹੀ ਲੇਖੇ ਲਾਉਂਣਾ ਤੇ ਉਹਨਾ ਨੂੰ ਵੀ ਖੁਸ਼ੀਆਂ ਬਖਸ਼ਣੀਆਂ ਤਾਂ ਕਿ ਗੋਲਕ ਹੋਰ ਉਛਲੇ ਤੇ
ਇਹ ‘ਗਰੀਬੜੇ’ ਤੇਰੇ ਦਰ ਤੇ ਹੋਰ ਲੰਮਾ ਚਿਰ ‘ਸੇਵਾ’ ਕਰ ਸਕਣ।
ਬਾਬੇ ਨੂੰ ਇੱਕ ਹੋਰ ਗੁਰੁਦਆਰੇ ਦੀ ਕਹਾਣੀ ਯਾਦ ਆਈ ਜਿਥੇ ਕੋਟ ਜਾਣ ਤੋਂ
ਪਹਿਲਾਂ ਦੋਵਾਂ ਧਿਰਾਂ ਹੀ ਅਖੰਠ ਪਾਠ ਸਾਹਬ ਰਖਾਏ ਹੋਏ ਸਨ ਤੇ ਭੋਗ ਤੇ ਦੋਵਾਂ ਦੇ ਪੁਜਾਰੀਆਂ
ਚੁਣ-ਚੁਣ ਕੇ ਹੁਕਮਨਾਮੇ ਕੱਢੇ ਸਨ ਤੇ ਦੋਵੇਂ ਧਿਰਾਂ ਕੱਛਾ ਵਜਾਈ ਜਾਣ ਕਿ ਹੁਕਮਨਾਮਾ ਬੜੀ ਚ੍ਹੜਦੀ
ਕਲ੍ਹਾ ਦਾ ਆਇਆ ਪਰ ਜਦ ਇੱਕ ਧਿਰ ਦੀਆਂ ਗੋਡਣੀਆਂ ਲੱਗ ਗਈਆਂ ਤਾਂ ਹਾਰੇ ਹੋਏ ਕਰਦੇ ਫਿਰਨ ਕਿ ਸ਼ਾਇਦ
ਅਪਣੀ ਸੇਵਾ ਵਿੱਚ ਕੋਈ ਕਮੀ ਰਹਿ ਗਈ ਏ ਕਿ ‘ਗੁਰੂ ਕ੍ਰਿਪਾ’ ਤੋਂ ਵਾਂਝੇ ਰਹਿ ਗਏ ਆਂ। ਪਰ ਇੱਕ
ਤਿੱਖਾ ਜਿਹਾ ਵਿਚੋਂ ਹੀ ਬੋਲ ਪਿਆ,
"ਲੱਗਦਿਉ ਗੁਰੂ ਕ੍ਰਿਪਾ ਦਿਉ ਥੋਡਾ ਕੁੱਝ ਲੱਗਦਾ ਵਕੀਲ ਹੀ ਦੂਜੀ ਧਿਰ ਨਾਲ
ਰਲ ਗਿਆ ਏ ਥੋਨੂੰ ਦਿੱਸਦਾ ਨਹੀਂ" ?
ਪੜਾਕੂ
ਬਾਬਾ ਫੋਜਾ ਸਿੰਘ ਦਾ ਪੁਰਾਣਾ ਬੇਲੀ ਮਜੀਠੇ ਸਕੂਲ ਵਿੱਚ ਮਾਸਟਰ ਲੱਗਾ ਹੋਇਆ
ਸੀ। ਇੱਕ ਦਿਨ ਉਹ ਕਹਿਣ ਲੱਗਾ ਕਿ ਚਲ ਬਾਬਾ ਤੈਨੂੰ ਪੰਜਾਬ ਦੇ ਪੜਾਕੂ ਦਿਖਾ ਕੇ ਲਿਆਵਾਂ।
ਇਮਿਤਿਹਾਨ ਚਲ ਰਹੇ ਨੇ ਤੈਨੂੰ ਦਿਖਾਵਾਂ ਕਿ ਪੰਜਾਬ ਕਿਵੇਂ ਪੜ੍ਹਦਾ ਤੇ ਪਾਸ ਹੁੰਦਾ ਹੈ।
ਮਾਸਟਰ ਨੇ ਬਾਬੇ ਨੂੰ ਲਿਜਾ ਕੇ ਉਪਰ ਬਣੇ ਇੱਕ ਕਮਰੇ ਵਿੱਚ ਬੈਠਾ ਦਿੱਤਾ ਤੇ
ਨਾਲ ਹੀ ਹਦਾਇਤ ਕਰ ਦਿਤੀ ਕਿ ਕ੍ਰਿਪਾ ਕਰਕੇ ਕੈਮਰਾ ਨਹੀ ਖ੍ਹੋਲਣਾ ਮੇਰੀ ਨੌਕਰੀ ਦਾ ਸਵਾਲ ਹੈ। ਉਸ
ਕਮਰੇ ਵਿੱਚ ਹੋਰਨਾ ਮਾਸਟਰਾਂ ਨੇ ਹੋਰ ਵੀ ਕਈ ਰੰਗ-ਬਰੰਗੇ ਸਿਫਾਰਸ਼ੀਏ ਤਾੜੇ ਹੋਏ ਸਨ ਜੀਹਨਾ ਕੋਲੇ
ਹੇਠੋਂ ਸਾਰੀ ਜਾਣਕਾਰੀ ਆ ਰਹੀ ਸੀ ਕਿ ਪੇਪਰਾਂ ਵਿੱਚ ਕੀ ਹੋ ਰਿਹਾ ਹੈ ਤੇ ਉਹ ਅੱਗੋਂ ਮਾਂ ਦੇ ਪੁੱਤ
ਕਿਤਾਬਾਂ ਦੀਆਂ ਕਿਤਾਬਾਂ ਹੀ ਲੀਰਾਂ ਕਰ-ਕਰ ਹੇਠਾਂ ਪਹੁੰਚਾਈ ਜਾ ਰਹੇ ਸਨ।
ਤਮਾਸ਼ਾ ਜਿਹਾ ਦੇਖਦਾ ਬਾਬਾ ਇੱਕ ਭਾਈ ਨਾਲ ਗੱਲੀਂ ਲੱਗ ਗਿਆ ਜਿਹੜਾ ਦਾਹੜੀ
ਦੇ ਕੱਢੇ ਹੋਏ ਖੱਤਾਂ ਤੋਂ ਪੁਲਸੀਆ ਜਿਹਾ ਜਾਪਦਾ ਸੀ। ਪਰ ਗੱਲਬਾਤ ਤੋਂ ਪਤਾ ਲੱਗਾ ਕਿ ਉਹ
ਇੰਨਸਪੈਕਟਰ ਰੈਂਕ ਦੀ ਕੋਈ ਵੱਡੀ ‘ਪੂਛ’ ਸੀ। ਉਹ ਅਪਣੇ ਮੁੰਡੇ ਦੀ ਨਕਲ ਮਰਵਾਉਂਣ ਆਇਆ ਹੋਇਆ ਸੀ।
ਬਾਬੇ ਪੁੱਛਿਆ ਕਿ ਹੁਣ ਤੇ ਚਲੋ ਨਕਲ ਨਾਲ ਪਾਸ ਹੋ ਜੂ ਪਰ ਅੱਗੇ ਜਾ ਕੇ? ਉਹ ਜਿਵੇਂ ਉਲਾਦ ਤੋਂ
ਪਹਿਲਾਂ ਹੀ ਅੱਕਿਆ ਪਿਆ ਸੀ ਉਸ ਬੜਾ ਅਜੀਬ ਜਿਹਾ ਜਵਾਬ ਦਿੱਤਾ,
"ਅੱਗੇ ਪਵੇ ਢੱਠੇ ਖੁਹ ਵਿਚ, ਮੈ ਇੱਕ ਵਾਰ ‘ਪੜਿਆ ਲਿਖਿਆ’ ਬਣਾ ਦੇਣਾ" ! !
ਬਾਬੇ ਨੂੰ ਜਾਪਿਆ ਕਿ ਇਥੇ ਤਾਂ ‘ਵੀ. ਆਈ. ਪੀ. ਨਕਲਚੀਏ ਨੇ ਪਿਛਵਾੜੇ ਜਾ
ਕੇ ਦੇਖਿਆ ਜਾਵੇ। ਜਦ ਬਾਬਾ ਸਕੂਲ ਦੇ ਪਿਛਵਾੜੇ ਗਿਆ ਤਾਂ ਉਥੇ ਬਾਬੇ ਰੋਡੇ ਸ਼ਾਹ ਦਾ ਮੇਲਾ ਬਣਿਆ
ਪਿਆ ਸੀ। ‘ਮੁੰਡੀਰ’ ਨੇ ਸਕੂਲ ਦੀ ਕੰਧ ਹੀ ਪਾੜੀ ਪਈ ਸੀ, ਕੋਈ ਬਾਰੀ ਦੀ ਜਾਲੀ ਨਹੀ ਸੀ ਛੱਡੀ,
ਸੀਖਾਂ ਵੀ ਪੁੱਟ ਮਾਰੀਆਂ ਸਨ ਕਿਉਂਕਿ ਸੀਖਾਂ ਵੀ ਅੜਿੱਕਾ ਸਨ। ਕਈ ਬਾਹਲੇ ‘ਦਲੇਰ’ ਤਾਂ ਸੀਖਾਂ
ਵਿਚਦੀ ਸਿਰ ਵਾੜ ਕੇ ਉਗਲਾਂ ਰੱਖ-ਰੱਖ ਅਪਣੀਆਂ ਸਹੇਲੀਆਂ ਜਾਂ ਸਹੇਲਿਆਂ ਨੂੰ ਪੇਪਰ ਕਰਵਾ ਰਹੇ ਸਨ।
ਬੇਸ਼ਕ ਸਕੂਲ ਦੇ ਥੋੜਾ ਨੇੜੇ ਝੁੱਗੀਆਂ ਹੋਣ ਕਰਕੇ ਨਿਆਣਿਆ ਨੇ ਪਿਛਵਾੜੇ ਗੰਦ ਪਾਇਆ ਵਿਆ ਸੀ ਪਰ
ਪੰਜਾਬ ਦੇ ‘ਸ਼ੇਰ ਪੁੱਤ’ ਬਿਨਾ ਪ੍ਰਵਾਹ ਕੀਤਿਆਂ ਹੇਠਾਂ ਆਸਣ ਜਮਾਈ ਕਿਤਾਬਾਂ ਪਾੜ-ਪਾੜ ਸੁੱਟ ਰਹੇ
ਸਨ। ਇੱਕ-ਇੱਕ ਵਿਦਿਆਰਥੀ ਮਗਰ ਪੰਜ ਤੋਂ ਛੇ ਜਣਿਆਂ ਤੱਕ ‘ਸਪਲਾਈ’ ਦੇਣ ਵਾਲੇ ਸਨ। ਕਾਰਸੇਵੀਆਂ ਦੇ
ਲੈਂਟਰ ਪਾਉਂਣ ਵਾਂਗ ਲਾਇਨਾ ਵਿੱਚ ਹੀ ‘ਸੇਵਾ’ ਚਲ ਰਹੀ ਸੀ। ਕਿਤਾਬਾਂ ਚੋਂ ਪਾੜੇ ਵਾਧੂ ਵਰਕੇ,
ਯਾਨੀ ਪੰਜਾਬ ਦੀ ਵਿਦਿਆ ਹਵਾ ਵਿੱਚ ਇੰਝ ਉੱਡਦੀ ਫਿਰ ਰਹੀ ਸੀ ਜਿਵੇਂ ਉਜੜੇ ਮੇਲੇ ਤੋਂ ਬਾਅਦ
ਜਲੇਬੀਆਂ ਵਾਲੇ ਕਾਗਜ ਉੱਡਦੇ ਨੇ।
ਬਾਬਾ ਧੁਰ ਉਹਨਾ ਬਾਰੀਆਂ ਦੇ ਕੋਲੇ ਗਿਆ ਜਿਥੇ ਬਾਹਰੋਂ ਕਿਤਾਬਾਂ ਵਿਚੋਂ
ਪਾੜੀ ਗਈ ਵਿਦਿਆ ਅੰਦਰ ਬੈਠਿਆਂ ਦੇ ਸਿਰਾਂ ਵਿੱਚ ਧੱਕੇ ਨਾਲ ਤੁੰਨੀ ਜਾ ਰਹੀ ਸੀ। ਬਾਰੀਆਂ ਲਾਗੇ
ਭੀੜ ਦਾ ਧੱਕਾ ਤੇ ਭੱਜ-ਭਜੱਈਆ ਇੰਝ ਸੀ ਜਿਵੇਂ ਪਹਿਲੇ ਸਮਿਆਂ ਵਿੱਚ ਕਿਸੇ ਨਵੀ ਆਈ ਫਿਲਮ ਦੀ ਤਾਕੀ
ਲਾਗੇ ਹੁੰਦੀ ਹੇ। ਬਾਬੇ ਨੇ ਵੀ ਦਾਅ ਲਾ ਕੇ ਟੁੱਟੀ ਸੀਖ ਥਾਣੀ ਸਿਰ ਫਸਾ ਕੇ ਵੇਖਿਆ, ਅੰਦਰ ਇੱਕ
‘ਵਿਦਿਆ ਦਾਤੇ’ ਮਾਸਟਰ ਜੀ ਬਾਹਰ ਦੇ ਰੌਲੇ ਤੋਂ ਬੇਪ੍ਰਵਾਹ ਖੁਦ ਅਪਣੇ ਕਿਸੇ ਮੁੰਡੇ ਜਾਂ ਖਾਸ
ਰਿਸ਼ਤੇਦਾਰ ਜਾਂ ‘ਵੱਡੇ ਚੜਾਵੇ’ ਵਾਲੇ ਦੇ ਵਿਦਿਆਰਥੀ ਦੇ ਕੋਲ ਖੜ ਕੇ ਪੇਪਰ ਕਰਵਾ ਉਸਨੂੰ ‘ਨਿਹਾਲ’
ਕਰ ਰਹੇ ਸਨ। ਬਾਹਰ ਦੋ ਪੁਲਿਸ ਵਾਲੇ ਵਰਦੀ ਵਿੱਚ ਸੋਟੀਆਂ ਜਿਹੀਆਂ ਚੁੱਕੀ ਫਿਰ ਰਹੇ ਸਨ, ਤੇ ਜਾਣ
ਬੁੱਝ ਕੇ ਕਿਸੇ ਦੀ ਫਸਲ ਉਜਾੜਨ ਵਾਲੇ ਵਾਗੀ ਵਾਂਗ ‘ਹੱਟ ਜੋ, ਹੱਟ ਜੋ ਪਿੱਛੇ, ਕਰਕੇ ਮੁਸਕੜੀਆਂ
ਹੱਸੀ ਜਾ ਰਹੇ ਸਨ। ਇੱਕ ਨੁੰ ਬਾਬਾ ਕਹਿਣ ਲੱਗਾ ਕਿ ਇਹ ਪਸ਼ੂ ਨੇ, ਤੇਰੀ ਹੈਸ ਸੋਟੀ ਜਿਹੀ ਨਾਲ
ਕਿਥੋਂ ਹੱਟਣ ਲੱਗੇ, ਡਾਂਗ ਫੜ ਡਾਂਗ! ਜੇ ਨਹੀ ਹੈ ਤਾਂ ਮੈ ਲਿਆ ਦਿੰਨਾ। ਉਸਦਾ ਅੱਗੋਂ ਜਵਾਬ ਸੁਣਕੇ
ਬਾਬੇ ਨੂੰ ਪੰਜਾਬ ਦੀ ਸਾਰੀ ਪੜ੍ਹਾਈ ਸਮਝ ਆ ਗਈ। ਉਹ ਅੱਗੋਂ ਫਿਲੌਰੀ ਗ੍ਹਾਲ ਕੱਢ ਕੇ ਕਹਿਣ ਲੱਗਾ,
"ਓ ਇਹਨਾ ਭੈਣੀ ਯਾ ਨੂੰ ਕਿਹਾ ਬਈ ਪਰਚੀਆਂ ਸੁਟਕੇ ਦੌੜ ਜੋ, ਪਰ ਇਹ ਮਾਵਾਂ
ਆਵਦੀਆਂ ਕੋਲੇ ਖੜ ਕੇ ਦੱਸਣ ਲੱਗ ਜਾਂਦੇ ਨੇ ਹਰਾਮਜਾਦੇ" !
ਗੁਰਦੇਵ ਸਿੰਘ ਸੱਧੇਵਾਲੀਆ