.

"ਹਲੇ ਯਾਰਾਂ ਹਲੇ ਯਾਰਾਂ ਖੁਸਿ ਖਬਰੀ" — "ਪਾੜ ਪੜੋਸਣਿ ਪੂਛਿ ਲੇ ਨਾਮਾ. ."

ਅਰਥ ਨਿਖਾਰ (ਭਾਗ ੧)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਹਲੇ ਯਾਰਾਂ ਹਲੇ ਯਾਰਾਂ- ਸ਼ਬਦ ਨੂੰ ਪੂਰੀ ਤਰ੍ਹਾਂ ਸਮਝਣ ਲਈ ਨਾਮ ਦੇਵ ਜੀ ਦਾ ਹੀ ਇੱਕ ਹੋਰ ਸ਼ਬਦ ਸਾਡੀ ਮਦਦ ਕਰੇਗਾ। ਸ਼ਬਦ ਹੈ "ਜਬ ਦੇਖਾ ਤਬ ਗਾਵਾ॥ ਤਉ ਜਨ ਧੀਰਜੁ ਪਾਵਾ॥ ੧॥ ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ॥ ੧॥ ਰਹਾਉ॥ ਜਹ ਝਿਲਿਮਿਲਿਕਾਰੁ ਦਿਸੰਤਾ॥ ਤਹ ਅਨਹਦ ਸਬਦ ਬਜੰਤਾ॥ ਜੋਤੀ ਜੋਤਿ ਸਮਾਨ੍ਹ੍ਹੀ॥ ਮੈ ਗੁਰ ਪਰਸਾਦੀ ਜਾਨੀ॥ ੨॥ ਰਤਨ ਕਮਲ ਕੋਠਰੀ॥ ਚਮਕਾਰ ਬੀਜੁਲ ਤਹੀ॥ ਨੇਰੈ ਨਾਹੀ ਦੂਰਿ॥ ਨਿਜ ਆਤਮੈ ਰਹਿਆ ਭਰਪੂਰਿ॥ ੩॥ ਜਹ ਅਨਹਤ ਸੂਰ ਉਜਾਰਾ॥ ਤਹ ਦੀਪਕ ਜਲੈ ਛੰਛਾਰਾ॥ ਗੁਰ ਪਰਸਾਦੀ ਜਾਨਿਆ॥ ਜਨੁ ਨਾਮਾ ਸਹਜ ਸਮਾਨਿਆ॥ ੪॥ (ਪੰ: 656) ਰਹਾਉ ਦੇ ਬੰਦ `ਚ ਹੀ ਭਗਤ ਜੀ ਕਹਿੰਦੇ ਹਨ ਮੈਨੂੰ ਪ੍ਰਭੂ ਨੇ ਸਤਿਗੁਰੂ ਨਾਲ ਮਿਲਾ ਦਿੱਤਾ ਹੈ ਤੇ ਸਤਿਗੁਰੂ ਦੀ ਮੇਹਰ ਨਾਲ, ਮੇਰਾ ਤਨ-ਮਨ ਪ੍ਰਭੂ `ਚ ਲੀਨ ਹੋ ਗਿਆ ਹੈ।

ਉਪ੍ਰੰਤ ਆਪਣੇ ਬਦਲ ਹੋ ਚੁਕੇ ਜੀਵਨ ਦਾ ਵਰਨਣ ਕਰਦੇ ਹੋਏ ਕਹਿੰਦੇ ਹਨ, ਗੁਰੂ ਸ਼ਬਦ ਰਾਹੀਂ ਪ੍ਰਭੂ ਬਾਰੇ ਆਤਮਕ ਜਾਗ੍ਰਿਤੀ ਆ ਜਾਣ ਕਾਰਣ, ਜਿਉਂ ਜਿਉਂ ਮੇਰੇ ਅੰਦਰ ਪ੍ਰਭੂ ਦੀ ਸਰਬ ਵਿਆਪਕਤਾ ਦੀ ਰੋਸ਼ਨੀ ਵੱਧ ਰਹੀ ਹੈ, ਜੀਵਨ `ਚ ਟਿਕਾਅ ਆ ਰਿਹਾ ਹੈ, ਠੰਢ ਪੈ ਰਹੀ ਹੈ।

ਜਿਸ ਮਨ `ਤੇ ਪਹਿਲਾਂ ਚੰਚਲਤਾ ਭਾਰੂ ਸੀ, ਵਿਕਾਰਾਂ, ਤ੍ਰਿਸ਼ਨਾ, ਭਟਕਣਾ ਨੇ ਮੇਰੇ ਜੀਵਨ ਦਾ ਟਿਕਾਅ ਮੁਕਾਇਆ ਹੋਇਆ ਸੀ, ਉਥੇ ਹੁਣ ਇੱਕ-ਰਸ ਸ਼ਬਦ-ਗੁਰੂ ਦੇ ਪ੍ਰਭਾਵ ਕਾਰਨ ਮੇਰੀ ਆਤਮਾ ਕਰਤਾਰ `ਚ ਲੀਨ ਹੋ ਗਈ ਹੈ। ਸਤਿਗੁਰੂ ਦੀ ਬਖਸ਼ਿਸ਼ ਨਾਲ ਮੈਨੂੰ ਹੁਣ ਪ੍ਰਭੂ ਦੀ ਪ੍ਰਤੱਖ ਪਛਾਣ ਹੋ ਗਈ ਹੈ। ਮੈਨੂੰ ਸਮਝ ਪੈ ਗਈ ਹੈ ਕਿ ਪਹਿਲਾਂ ਤਾਂ ਮੈ ਅਗਿਆਣਤਾ ਵੱਸ ਹੀ ਬਾਹਿਰ ਭਟਕਦਾ ਰਿਹਾ ਹਾਂ। ਅਸਲ `ਚ ਮੇਰੇ ਹਿਰਦੇ-ਕਮਲ ਰੂਪੀ ਕੋਠੜੀ `ਚ ਹੀ ਸਾਰੇ ਕੀਮਤੀ ਰਤਨ-ਪਦਾਰਥ ਮੌਜੂਦ ਸਨ ਪਰ ਮੈਨੂੰ ਸੋਝੀ ਨਹੀਂ ਸੀ। ਹੁਣ ਸ਼ਬਦ-ਗੁਰੂ ਦੀ ਮਿਹਰ ਨਾਲ, ਮੇਰੇ ਅੰਦਰ ਗਿਆਨ ਦਾ ਅਜੇਹਾ ਚਾਨਣ ਹੋ ਗਿਆ ਹੈ, ਸਮਝ ਆ ਗਈ ਹੈ ਕਿ ਪ੍ਰਭੂ ਕਿਧਰੇ ਵੀ ਮੇਰੇ ਤੋਂ ਦੂਰ ਨਹੀਂ, ਬਲਕਿ ਬਹੁਤ ਨੇੜੇ ਅਤੇ ਮੇਰੇ ਹਿਰਦੇ ਘਰ `ਚ ਹੀ ਵਸ ਰਿਹਾ ਹੈ।

ਅੰਤਮ ਬੰਦ `ਚ ਫ਼ੁਰਮਾਂਉਂਦੇ ਹਨ, ਜਿਸ ਮਨ `ਚ ਹੁਣ ਇੱਕ-ਰਸ ਰੱਬੀ ਗਿਆਨ ਸੂਰਜ ਦਾ ਚਾਨਣ ਹੀ ਚਾਨਣ ਹੈ, ਪਹਿਲਾਂ ਏਥੇ ਮੱਧਮ ਜਿਹਾ ਦੀਵਾ ਹੀ ਬਲ ਰਿਹਾ ਸੀ। ਗੁਰੂ ਦੀ ਕਿਰਪਾ ਨਾਲ ਜਦੋਂ ਮੇਰੀ ਪ੍ਰਭੂ ਨਾਲ ਪਛਾਣ ਹੋ ਗਈ ਤਾਂ ਅਡੋਲ ਅਵਸਥਾ `ਚ ਪੁੱਜ ਗਿਆ ਹਾਂ।

ਦੇਖਿਆ ਜਾਵੇ ਤਾਂ ਭਗਤ ਜੀ ਦੇ "ਜਬ ਦੇਖਾ ਤਬ ਗਾਵਾ" ਵਾਲੇ ਸ਼ਬਦ ਚ ਕੇਵਲ ਵਿਸ਼ੇ ਨੂੰ ਬਿਆਨ ਕਰਣ ਦਾ ਢੰਗ ਹੀ ਵੱਖਰਾ ਹੈ ਜਦਕਿ ਮੂਲ ਅਰਥਾਂ `ਚ ਬਹੁਤਾ ਫ਼ਰਕ ਨਹੀਂ। ਸ਼ਬਦ ਹੈ: "ਹਲੇ ਯਾਰਾਂ ਹਲੇ ਯਾਰਾਂ, ਖੁਸਿ ਖਬਰੀ॥ ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ॥ ਨੀਕੀ ਤੇਰੀ ਬਿਗਾਰੀ, ਆਲੇ ਤੇਰਾ ਨਾਉ॥ ੧॥ ਰਹਾਉ॥ ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇ ਰਵੀ॥ ਦ੍ਵਾਰਿਕਾ ਨਗਰੀ ਰਾਸਿ ਬੁਗੋਈ॥ ੧॥ ਖੂਬੁ ਤੇਰੀ ਪਗਰੀ, ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ॥ ੨॥ ਚੰਦਂ‍ੀ ਹਜਾਰ ਆਲਮ, ਏਕਲ ਖਾਨਾਂ॥ ਹਮ ਚਿਨੀ ਪਾਤਿਸਾਹ, ਸਾਂਵਲੇ ਬਰਨਾਂ॥ ੩॥ ਅਸਪਤਿ ਗਜਪਤਿ ਨਰਹ ਨਰਿੰਦ॥ ਨਾਮੇ ਕੇ ਸ੍ਵਾਮੀ ਮੀਰ ਮੁਕੰਦ॥ ੪॥" (ਪੰ: 727)

ਠੀਕ ਉਸੇ ਤਰ੍ਹਾਂ ਜਿਵੇਂ ਕਬੀਰ ਸਾਹਿਬ ਫ਼ੁਰਮਾਉਂਦੇ ਹਨ "ਬਾਬਾ ਬੋਲਤੇ ਤੇ ਕਹਾ ਗਏ, ਦੇਹੀ ਕੇ ਸੰਗਿ ਰਹਤੇ" (ਪੰ: 480) ਭਾਵ ਕਾਮ, ਕ੍ਰੋਧ, ਹੰਕਾਰ ਆਦਿ ਵਿਕਾਰ, ਜਿਨ੍ਹਾਂ ਨੇ ਮੇਰੇ ਮਨ ਤੇ ਸਰੀਰ `ਤੇ ਪਹਿਲਾਂ ਬੜਾ ਸ਼ੋਰ ਪਾਇਆ ਹੋਇਆ ਸੀ। ਉਹ ਸਾਰੇ "ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ "ਅਨੁਸਾਰ ਹੁਣ ਉਥੇ ਇੰਨੀ ਵੱਧ ਸ਼ੱਤੀ ਹੋ ਗਈ ਹੈ ਕਿ "ਗਗਨ ਨਗਰਿ ਇੱਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ" ਬਿਲਕੁਲ ਟਿਕਾਅ ਆ ਗਿਆ ਹੈ।

ਬੇਅੰਤ ਖੁਸ਼ੀ ਦਾ ਪ੍ਰਗਟਾਵਾ-ਗੁਰਬਾਣੀ ਦੇ ਕਿਸੇ ਵੀ ਸ਼ਬਦ ਦੇ ਅਰਥਾਂ ਨੂੰ ਸਮਝਣ ਲਈ, ਰਹਾਉ ਦਾ ਬੰਦ ਕੇਂਦਰੀ ਭਾਵ ਹੁੰਦਾ ਹੈ। ਇਥੇ ਰਹਾਉ ਦੇ ਬੰਦ `ਚ ਭਗਤ ਜੀ ਫ਼ੁਰਮਾਉਂਦੇ ਹਨ "ਐ ਦੁਨੀਆਂ ਦੇ ਲੋਕੋ ਸੁਣੋ, ਮੈ ਤੁਹਾਨੂੰ ਇੱਕ ਖੁਸ਼ਖਬਰੀ ਸੁਨਾਉਂਦਾ ਹਾਂ। ਮੈ ਉਸ ਪ੍ਰਭੂ-ਪ੍ਰਮਾਤਮਾ ਤੋਂ ਬਾਰ ਬਾਰ ਬਲਿਹਾਰੇ ਜਾਂਦਾ ਹਾਂ ਜਿਸਨੇ ਮੈਨੂੰ …. ਅਦਿ। ਠੀਕ ਉਸੇ ਤਰ੍ਹਾਂ ਹੈ ਜਿਵੇਂ ਬਾਣੀ `ਚ ਹੋਰ ਵੀ ਬਹੁਤ ਥਾਵੇਂ ਪ੍ਰਭੂ ਮਿਲਾਪ ਵਾਲੀ ਅਵਸਥਾ ਨੂੰ ਇਸੇ ਤਰ੍ਹਾਂ ਬਿਆਨਿਆ ਗਿਆ ਹੈ। ਜਿਵੇਂ ਅਨੰਦ ਸਾਹਿਬ `ਚ "ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ" (ਪੰ: 917) ਪੰਜਵੇਂ ਪਾਤਸ਼ਾਹ, "ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ" (ਪੰ: 87) ਇੱਕ ਹੋਰ ਥਾਵੇਂ ਪੰਜਵੇਂ ਪਾਤਸ਼ਾਹ ਹੀ "ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ" (ਪੰ:964) ਹੋਰ "ਜਾ ਤਿਸੁ ਭਾਵਾ ਤਦ ਹੀ ਗਾਵਾ॥ ਤਾ ਗਾਵੇ ਕਾ ਫਲੁ ਪਾਵਾ॥ ਗਾਵੇ ਕਾ ਫਲੁ ਹੋਈ॥ ਜਾ ਆਪੇ ਦੇਵੈ ਸੋਈ" (ਮ: ੧ਪੰ: 599) ਬਲਕਿ ਗੁਰੂ ਨਾਨਕ ਪਾਤਸ਼ਾਹ ਤਾਂ ਪ੍ਰਭੂ ਪਿਆਰਿਆਂ ਲਈ ਗੁਰਬਾਣੀ `ਚ ਅਨੇਕਾਂ ਵਾਰੇ ਹਰੇਕ ਸਮੇਂ, ਹਰ ਪਲ ਇਸੇ ਆਨੰਦ ਵਾਲੀ ਅਵਸਥਾ ਦਾ ਬਿਆਨ ਕਰਦੇ ਹਨ ਜਿਵੇਂ "ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ "(ਪੰ: 466)। ਇਸੇ ਤਰ੍ਹਾਂ ਸ਼ਬਦ "ਹਲੇ ਯਾਰਾਂ ਹਲੇ ਯਾਰਾਂ" ਵੀ ਭਗਤ ਜੀ ਦੇ ਜੀਵਨ ਦੀ ਉਸ ਘਟਣਾ ਨੂੰ ਪ੍ਰਗਟ ਕਰਦਾ ਹੈ ਜਦੋਂ ਉਹਨਾਂ ਦੇ ਜੀਵਨ `ਚ ਸਚਮੁਚ ਹੀ ਪ੍ਰਭੂ ਦਾ ਪ੍ਰਗਟਾਵਾ ਹੋਇਆ।

ਅਰਥ- "ਹਲੇ ਯਾਰਾਂ ਹਲੇ ਯਾਰਾਂ, ਖੁਸਿ ਖਬਰੀ" -ਐ ਦੁਨੀਆਂ ਦੇ ਲੋਕੋ ਸੁਣੋ, ਤੁਹਾਨੂੰ ਮੈ ਇੱਕ ਖੁਸ਼ਖਬਰੀ ਸੁਨਾਉਂਦਾ ਹਾਂ। ਮੈ ਉਸ ਪ੍ਰਭੂ-ਪ੍ਰਮਾਤਮਾ ਤੋਂ ਬਾਰ ਬਾਰ ਬਲਿਹਾਰੇ ਜਾਂਦਾ ਹਾਂ ਜਿਸਨੇ ਮੈਨੂੰ "ਨੀਕੀ ਤੇਰੀ ਬਿਗਾਰੀ, ਆਲੇ ਤੇਰਾ ਨਾਉ" ਅਨੁਸਾਰ ਜੀਵਨ ਜੀਊਣ ਲਈ ਅਜੇਹੇ ਆਹਰੇ ਲਾਇਆ ਹੋਇਆ ਹੈ ਕਿ ਉਸ ਦੀ ਇਸ ਵਗਾਰ `ਚੋਂ ਹੀ ਮੈਨੂੰ ਦਾਤੇ-ਦਾਤਾਰ ਦੀਆਂ ਸਿਫ਼ਤਾਂ-ਦਾਤਾ ਰਾਹੀਂ, ਪ੍ਰਭੂ ਦੇ ਦਰਸ਼ਨ ਵੀ ਹੋ ਰਹੇ ਹਨ। ਇਸੇ ਲਈ ਉਸ ਦੀ ਬਖਸ਼ੀ ਹੋਈ ਵਗਾਰ ਵੀ ਆਲਾ ਹੀ ਹੈ॥ ਰਹਾਉ॥

"ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇ ਰਵੀ" - ਪ੍ਰਭੂ! ਤੂੰ ਆਉਂਦਾ ਕਿਥੋਂ ਹੈਂ, ਜਾਂਦਾ ਕਿਥੇ ਹੈਂ ਤੇ ਰਹਿੰਦਾ ਕਿੱਥੇ ਹੈਂ, ਭਾਵ ਪ੍ਰਭੂ ਤੂੰ ਤਾਂ ਹਰ ਸਮੇਂ ਤੇ ਹਰ ਸਥਾਨ `ਤੇ ਵਿਆਪਕ ਹੈਂ, ਤੂੰ ਜ਼ਰੇ ਜ਼ਰੇ `ਚ ਮੌਜੂਦ ਹੈਂ ਇਸ ਲਈ "ਦ੍ਵਾਰਿਕਾ ਨਗਰੀ ਰਾਸਿ ਬੁਗੋਈ" - ਇਹ ਮੰਨ ਲੈਣਾ ਕਿ ਤੂੰ ਕੇਵਲ ਦੁਆਰਕ `ਚ ਕ੍ਰਿਸ਼ਨ ਜੀ ਦੀਆਂ ਰਾਸਾਂ ਤੀਕ ਹੀ ਸੀਮਿਤ ਹੈਂ, ਇਹ ਤੇਰੇ ਬਾਰੇ ਕੋਰੀ ਅਗਿਆਣਤਾ ਹੈ। ਭਾਵ ਕੁੱਝ ਲੋਕਾਂ ਰਾਹੀਂ ਤੈਨੂੰ ਦੁਆਰਕਾ `ਚ ਰਾਸਾਂ ਪਾਉਣ ਵਾਲੇ ਕਹੇ ਜਾਂਦੇ ਕ੍ਰਿਸ਼ਨ ਤੀਕ ਹੀ ਸੀਮਤ ਕਰ ਦੇਣਾ, ਤੇਰੇ ਬਾਰੇ ਨਾਸਮਝੀ ਹੀ ਹੈ ਤੂੰ ਤਾਂ ਹਰੇਕ ਜਗ੍ਹਾ `ਤੇ ਹੈਂ।

"ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ" ਇਸੇ ਤਰ੍ਹਾਂ ਹੈ ਜਿਵੇਂ ਗੁਰਬਾਣੀ `ਚ "ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥ ਹਉ ਸੰਮਲਿ ਥਕੀ ਜੀ, ਓਹੁ ਕਦੇ ਨ ਬੋਲੈ ਕਉਰਾ ਕਉੜਾ … ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ. ." (ਪੰ: 784) ਅਨੁਸਾਰ ਹੀ ਤੇਰੀ ਬੇਅੰਤ ਰਚਨਾ `ਚ ਜੋ ਤੇਰੇ ਹੁਕਮ ਦੀ ਖੇਡ ਵਰਤ ਰਹੀ ਹੈ, ਤੇ ਤੂੰ ਆਪ ਇਸਦੇ ਜ਼ਰੇ ਜ਼ਰੇ `ਚ ਵੀ ਵਿਆਪਕ ਹੈਂ, ਤੇਰੀ ਕਰਣੀ `ਚ ਵੀ ਉੱਕਾ ਖੋਟ ਨਹੀਂ, ਤਾਂ ਤੇ ਇਸ ਕਰਣੀ ਦੀ ਮਿਠਾਸ ਨੂੰ ਵੀ ਤੇਰੀ ਰਜ਼ਾ `ਚ ਚਲਣ ਵਾਲੇ ਪ੍ਰਭੂ ਪਿਆਰੇ ਹੀ ਪਛਾਣ ਸਕਦੇ ਹਨ (ਕੱਚੇ ਬੰਦੇ ਨਹੀਂ ਪਛਾਣ ਸਕਦੇ)। ਇਸ ਲਈ "ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ" ਕ੍ਰਿਸ਼ਨ ਜੀ ਦੀ ਮੰਨੀ ਜਾਂਦੀ ਦੁਆਰਕਾ ਜਾਂ ਇਸਲਾਮ ਦਾ ਕੇਂਦਰ ਮੱਕਾ-ਮਦੀਨਾ ਮੇਰੇ ਲਈ ਸਾਰੇ ਪਾਸੇ ਤੂੰ ਹੀ ਤੂੰ ਹੈਨ। ੨।

"ਚੰਦਂ​ੀ ਹਜਾਰ ਆਲਮ, ਏਕਲ ਖਾਨਾਂ" ਇਹ ਬੇਅੰਤ ਰਚਨਾ ਤੇਰਾ ਹੀ ਪਸਾਰਾ ਹੈ ਤੇ ਸਾਰੀ ਰਚਨਾ ਦਾ ਤੂੰ ਇਕੋ ਹੀ ਮਾਲਿਕ ਹੈਂ (ਨਾਮਦੇਵ ਜੀ ਦੇ ਹੀ ਦੂਜੇ ਸ਼ਬਦ `ਚ "ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ" (ਪੰ: 874) ਇਸ ਲਈ "ਹਮ ਚਿਨੀ ਪਾਤਿਸਾਹ, ਸਾਂਵਲੇ ਬਰਨਾਂ" ਹੇ ਪ੍ਰਭੂ! ਮੈਨੂੰ ਤਾਂ ਤੇਰੇ ਸਾਰੇ ਹੀ ਰੰਗ ਚੰਗੇ ਲਗਦੇ ਹਨ। ੩।

"ਅਸਪਤਿ ਗਜਪਤਿ ਨਰਹ ਨਰਿੰਦ॥ ਨਾਮੇ ਕੇ ਸ੍ਵਾਮੀ ਮੀਰ ਮੁਕੰਦ" ਫ਼ਿਰ ਚਾਹੇ ਕੋਈ ਅਵਤਾਰ ਦਾ ਪੂਜਾਰੀ (ਮੁਕੰਦ) ਇਸਲਾਮੀ ਵਿਸ਼ਵਾਸਾਂ ਵਾਲਾ (ਮੀਰ) ਜਾਂ ਸੂਰਜ, ਇੰਦਰ, ਬ੍ਰਹਮਾਂ (ਅਸਪਤਿ ਗਜਪਤਿ ਨਰਹ ਨਰਿੰਦ) ਅਦਿ ਦੇਵੀ ਦੇਵਤਿਆਂ ਦਾ ਪੂਜਾਰੀ, ਪਰ ਉਹਨਾਂ ਸਾਰਿਆਂ `ਚ ਵਸ ਰਹੇ ਇਕੋ ਇੱਕ ਪ੍ਰਭੂ, ਨਾਮਦੇਵ ਦਾ ਸੁਆਮੀ ਤਾਂ ਕੇਵਲ ਤੂੰ ਹੀ ਹੈਂ ਅਤੇ ਤੇਰੇ ਸਿਵਾ ਮੈ ਕਿਸੇ ਨੂੰ ਨਹੀਂ ਜਾਣਦਾ। ੪।

ਸ਼ਬਦ `ਚ ਵਿਸ਼ੇਸ਼ ਪਦ- "ਨੀਕੀ ਤੇਰੀ ਬਿਗਾਰੀ, ਆਲੇ ਤੇਰਾ ਨਾਉ" - ਬਿਗਾਰੀ-ਵਗਾਰ, ਕਿਸੇ ਦੂਜੇ ਲਈ ਕੀਤਾ ਕੰਮ-ਦੁਨੀਆ ਦੇ ਸਾਰੇ ਧੰਧੇ ਆਪਣੇ ਸਰੀਰ ਤੋਂ ਲੈ ਕੇ ਪ੍ਰਵਾਰ, ਸਮਾਜ, ਦੇਸ਼ ਲਈ ਹੀ ਕੀਤੇ ਜਾਂਦੇ ਹਨ। ਆਤਮਕ ਪੱਖੋਂ ਜਾਗਿਆ ਮਨੁੱਖ ਇਹ ਵੀ ਜਾਣਦਾ ਹੈ ਕਿ ਪ੍ਰਭੂ ਦੀ ਘੜੀ ਹੋਈ ਵਗਾਰ ਵਾਲੀ ਖੇਡ ਤਾਂ ਕਰਤਾਰ ਦੀਆਂ ਬੇਅੰਤ ਦਾਤਾਂ `ਚੋਂ ਬਹੁਤ ਹੀ ਉੱਤਮ (ਆਲਾ) ਹੈ। ਇਸੇ ਵਗਾਰ ਕਰਕੇ ਰੋਟੀ-ਰੋਜ਼ੀ ਆਦਿਕ ਕਮਾਉਣ ਦੇ ਸਿਲਸਲੇ, ਜਿਨ੍ਹਾਂ `ਚ ਪ੍ਰਭੂ ਨੇ ਸਾਨੂੰ ਲਾਇਆ ਹੋਇਆ ਹੈ, ਇਸੇ ਵਗਾਰ ਵਾਲੀ ਦੇਣ ਕਾਰਨ ਹੀ ਤਾਂ ਸਰੀਰਾਂ ਦਾ ਵਾਧਾ ਤੇ ਪ੍ਰਵਰਿਸ਼ ਹੁੰਦੀ ਹੈ। ਵਗਾਰ ਤੋਂ ਹੀ ਸਮਝ ਆਉਂਦੀ ਹੈ ਕਿ ਸਾਡੇ ਸਰੀਰ ਅੰਦਰ ਹੱਥ, ਪੈਰ, ਅੱਖਾਂ, ਕੰਨ, ਮੂੰਹ ਆਦਿ ਇੰਦਰੇ, ਇਹਨਾ ਇੰਦਰਿਆਂ ਨੂੰ ਚਲਾ ਰਿਹਾ ਮਨ (ਆਪਣੇ ਸਰੀਰ ਸਮੇਤ ਸਾਰਾ ਸੰਸਾਰ) ਕਰਤੇ ਦੀਆਂ ਦਾਤਾਂ ਨਾਲ ਭਰਪੂਰ ਹੈ। ਇਸੇ ਕਾਰਨ, ਵਗਾਰ ਵਾਲਾ ਨਿਯਮ ਪ੍ਰਭੂ ਦੀ ਇੰਨੀ ਵਧੀਆ (ਨੀਕੀ) ਦੇਣ ਹੈ ਜਿਸ ਤੋਂ ਪ੍ਰਮਾਤਮਾ ਦੀ ਸਿਫ਼ਤ ਸਲਾਹ ਵਾਲਾ ਜੀਵਨ `ਤੇ ਜੀਵਨ ਦਾ ਸੱਚਾ ਗਿਆਨ, ਉਸਦੀ ਸਿਫ਼ਤ-ਸਲਾਹ (ਆਲਾ) ਪੈਦਾ ਹੁੰਦੀ ਹੈ।

ਇਸੇ ਵਿਗਾਰ ਵਾਲੇ ਵਿਸ਼ੇ ਨੂੰ ਬਾਣੀ `ਚ ਹੋਰ ਵੀ ਕਈ ਵਾਰੀ ਲਿਆ ਹੈ ਜਿਵੇਂ ਭਗਤ ਰਵੀਦਾਸ ਜੀ "ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ" (ਪੰ: 1167) ਅਰਥ ਹਨ, ਪ੍ਰਭੂ ਤੂੰ ਮਨੁੱਖ ਨੂੰ ਧੰਦਿਆਂ-ਆਹਰਾਂ `ਚ ਇਸੇ ਲਈ ਲਾਇਆ ਹੈ ਕਿ ਇਹਨਾ ਧੰਦਿਆਂ-ਆਹਰਾਂ ਕਾਰਨ ਉਹਨਾਂ ਦਾ ਜੀਵਨ ਵੀ ਚਲੇ ਤੇ ਇਹਨਾ `ਚੋਂ ਤੇਰੀਆਂ ਸਿਫ਼ਤਾਂ-ਵਡਿਆਈਆਂ ਦੀ ਪਛਾਣ ਵੀ ਆਵੇ ਜਿਸਤੋਂ ਮਨੁੱਖ ਤੇਰੇ ਨਾਲ ਇਕ-ਮਿਕ ਹੋ ਕੇ ਜੀਅ ਸਕੇ। ਇਸ ਤਰ੍ਹਾਂ ਇਹ ਧੰਦੇ-ਆਹਰ, ਕੇਵਲ ਧੰਦੇ ਨਾ ਰਹਿ ਕੇ, ਪ੍ਰਭੂ ਮਿਲਾਪ ਦਾ ਵਧੀਆ ਸਾਧਨ ਵੀ ਬਨ ਜਾਣ। ਇਥੇ ਨਾਮਦੇਵ ਜੀ ਵੀ ਉਸੇ ਗੱਲ ਨੂੰ ਹੀ "ਨੀਕੀ ਤੇਰੀ ਬਿਗਾਰੀ, ਆਲੇ ਤੇਰਾ ਨਾਉ" ਕਹਿ ਰਹੇ ਹਨ, ਫ਼ਰਕ ਹੈ ਤਾਂ ਕੇਵਲ ਸ਼ਬਦਾਵਲੀ ਦਾ।

ਇਸੇ ਵਿਸ਼ੇ ਨੂੰ ਸਮਝਣ ਲਈ ਗੁਰਬਾਣੀ `ਚੋਂ ਇੱਕ ਹੋਰ ਪ੍ਰਮਾਣ "ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ॥ ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ" (ਪੰ: 965) ਤਾਂ ਫ਼ਿਰ ਉਹ ਕਿਹੜਾ ਆਹਰ ਹੈ ਜਿਸਦੇ ਲਈ ਗੁਰਦੇਵ ਫ਼ੁਰਮਾਅ ਰਹੇ ਹਨ "ਨਾਨਕ ਜਿਤੁ ਆਹਰਿ ਜਗੁ ਉਧਰੈ, ਵਿਰਲਾ ਬੂਝੈ ਕੋਇ" ਤੇ ਉਸੇ ਆਹਰ ਨੂੰ ਭਗਤ ਜੀ ਕਹਿ ਰਹੇ ਹਨ "ਨੀਕੀ ਤੇਰੀ ਬਿਗਾਰੀ, ਆਲੇ ਤੇਰਾ ਨਾਉ" ਉਸੇ ਆਹਰ ਲਈ ਰਵੀਦਾਸ ਜੀ ਕਹਿ ਰਹੇ ਹਨ "ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ" (ਪੰ: 1167) ਇਸਦੇ ਉਲਟ ਜਦੋਂ ਪ੍ਰਭੂ ਨੂੰ ਭੁਲਿਆ ਇਨਸਾਨ ਸੰਸਾਰਕ ਆਹਰਾਂ ਦੀ ਅਸਲੀਅਤ ਤੋਂ ਅਨਜਾਣ, ਧੰਦਿਆਂ `ਚ ਹੀ ਡੁੱਬ ਕੇ, ਜਨਮ ਅਮੁਲਾ ਬਰਬਾਦ ਕਰ ਦੇਂਦਾ ਹੈ ਤਾਂ "ਨਿਤ ਦਿਨਸੁ ਰਾਤਿ ਲਾਲਚੁ ਕਰੇ, ਭਰਮੈ ਭਰਮਾਇਆ॥ ਵੇਗਾਰਿ ਫਿਰੈ ਵੇਗਾਰੀਆ, ਸਿਰਿ ਭਾਰੁ ਉਠਾਇਆ॥ ਜੋ ਗੁਰ ਕੀ ਜਨੁ ਸੇਵਾ ਕਰੇ, ਸੋ ਘਰ ਕੈ ਕੰਮਿ ਹਰਿ ਲਾਇਆ" (ਪੰ: 166)

੨."ਦ੍ਵਾਰਿਕਾ ਨਗਰੀ ਰਾਸਿ ਬੁਗੋਈ’ - ਕੇਵਲ ਅਧੀ ਪੰਕਤੀ ਨਹੀਂ ਬਲਕਿ ਦੇਖਣ ਦੀ ਲੋੜ ਹੈ ਕਿ ਪੂਰੇ ਬੰਦ `ਚ ਗੱਲ ਕੀ ਚਲ ਰਹੀ ਹੈ? ਇਥੇ ਤਾਂ ਵਿਸ਼ਾ ਹੈ "ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇ ਰਵੀ" ਅਰਥ ਹਨ ਹੇ ਪ੍ਰਭੂ! ਤੂੰ ਆਉਂਦਾ ਕਿਥੋਂ ਹੈਂ, ਜਾਂਦਾ ਕਿਥੇ ਹੈਂ ਤੇ ਰਹਿੰਦਾ ਕਿੱਥੇ ਹੈਂ ਭਾਵ ਪ੍ਰਭੂ ਤੂੰ ਤਾਂ ਹਰ ਸਮੇਂ ਤੇ ਹਰ ਸਥਾਨ `ਤੇ ਵਿਆਪਕ ਹ, ਤੂੰ ਜ਼ਰੇ ਜ਼ਰੇ `ਚ ਮੌਜੂਦ ਹੈਂ ਇਸ ਲਈ "ਦ੍ਵਾਰਿਕਾ ਨਗਰੀ ਰਾਸਿ ਬੁਗੋਈ" ਭਾਵ ਇਹ ਮੰਨ ਲੈਣਾ ਕਿ ਤੂੰ ਕੇਵਲ ਦੁਆਰਕ ਦੇ ਕ੍ਰਿਸ਼ਨ ਜੀ ਦੀਆਂ ਰਾਸਾਂ ਤੀਕ ਹੀ ਸੀਮਿਤ ਹੈਂ, ਇਹ ਤਾਂ ਤੇਰੇ ਬਾਰੇ ਕੋਰੀ ਅਗਿਆਣਤਾ ਹੈ। ਕੁੱਝ ਲੋਕਾਂ ਰਾਹੀਂ ਤੈਨੂੰ ਦੁਆਰਕਾ `ਚ ਰਾਸਾਂ ਪਾਉਣ ਵਾਲੇ ਕਹੇ ਜਾਂਦੇ ਕ੍ਰਿਸ਼ਨ ਤੀਕ ਹੀ ਸੀਮਤ ਕਰ ਲੈਣਾ, ਤੇਰੇ ਬਾਰੇ ਨਾਸਮਝੀ ਹੀ ਹੈ। ਇਸਦੇ ਨਾਲ ਹੀ ਭਗਤ ਜੀ ਅਗਲੇ ਹੀ ਬੰਦ ਇਸ ਵਿਸ਼ੇ ਨੂੰ ਹੋਰ ਵੀ ਸਾਫ਼ ਕਰ ਰਹੇ ਹਨ, ਗਹਿਰਾਈ ਨਾਲ ਸਮਝਣ ਦੀ ਲੋੜ ਹੈ।

ਸ਼ਬਦ ਨੂੰ ਕਹਾਣੀਆਂ ਪਿਛੇ ਲਾਉਣ ਵਾਲਾ ਗੁਣਾਹ- ਇਸ ਸ਼ਬਦ ਨੂੰ ਭਗਤ ਮਾਲਾਵਾਂ ਅਤੇ ਕੁੱਝ ਸ਼ਰਾਰਤੀ ਲੋਕਾਂ ਵਲੋਂ ਫ਼ਰਜ਼ੀ ਕਹਾਣੀਆਂ ਪਿਛੇ ਲਗਾਇਆ ਹੋਇਆ ਹੈ ਜਿਸਤੋਂ ਸਾਡੇ ਰਾਗੀ, ਢਾਡੀ, ਕਥਾਵਾਚਕਾਂ ਤੇ ਸਮੁਚੇ ਤੌਰ `ਤੇ ਸਮੂਹ ਸੰਗਤਾਂ ਨੂੰ ਸੁਚੇਤ ਹੋ ਕੇ ਚਲਣ ਦੀ ਲੋੜ ਹੈ। ਇਹ ਆਪਣੇ ਆਪ `ਚ ਗੁਰਬਾਣੀ ਗਿਆਨ ਦੀ ਬੇਅਦਬੀ ਅਤੇ ਬਜਰ ਗੁਣਾਹ ਵੀ ਹੈ।

ਇਕ ਕਹਾਣੀ ਅਨੁਸਾਰ ਦੁਆਰਕਾ `ਚ ਕਿਸੇ ਮੁਗ਼ਲ ਹਾਕਮ ਰਾਹੀਂ ਜਦੋਂ ਨਾਮਦੇਵ ਵਿਗਾਰੇ ਪਕੜੇ ਗਏ ਤਾਂ ਉਹਨਾਂ ਨੂੰ ਉਸ ਮੁਗ਼ਲ `ਚ ਵੀ ਰੱਬ ਦੇ ਹੀ ਦੀਦਾਰ ਹੋਏ। ਇਸ ਤੇ ਉਹਨਾਂ ਨੇ ਇਸ ਸ਼ਬਦ ਦਾ ਉਚਾਰਣ ਕੀਤਾ। ਇੱਕ ਹੋਰ ਕਹਾਣੀ ਅਨੁਸਾਰ ਇੱਕ ਵਾਰੀ ਜਦੋਂ ਨਾਮਦੇਵ ਜੀ, ਕ੍ਰਿਸ਼ਨ ਭੁਮੀ ਦੁਆਰਕਾ ਦੇ ਦਰਸ਼ਨ ਕਰਣ ਲਈ ਜਾ ਰਹੇ ਸਨ, ਤਾਂ ਰਸਤੇ `ਚ ਹੀ ਕਿਸੇ ਮੁਗ਼ਲ ਨੇ ਨਵੀਂ ਸੂਈ ਵਛੇਰੀ ਚੁਕਵਾ ਦਿੱਤੀ। ਇਹ ਕੰਮ ਉਹਨਾਂ ਦੀ ਹਿੰਮਤ ਤੋਂ ਬਾਹਿਰ ਸੀ, ਪਰ ਹਾਕਮ ਹੋਣ ਕਾਰਨ ਚੁੱਕਣੀ ਪਈ। ਬਾਕੀ ਗੱਲ ਉਥੇ ਵੀ ਉਹੀ ਹੈ, ਵਿਚਾਰਣ ਦਾ ਵਿਸ਼ਾ ਹੈ ਕਿ ਇਸ ਤਰ੍ਹਾਂ ਕਰਣਾ ਚਾਪਲੂਸੀ ਹੈ ਜਾਂ ਕਿਸੇ ਹਾਕਮ `ਚੋਂ ਰੱਬ ਦੇ ਦੀਦਾਰ। ਕੀ ਗੁਰਬਾਣੀ ਅਜੇਹੀਆਂ ਚਾਪਲੂਸੀਆਂ ਨੂੰ ਪ੍ਰਵਾਨ ਕਰਦੀ ਹੈ। ਦੂਜਾ ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਨਾਮਦੇਵ ਜੀ ਤਾਂ ਸਨ ਹੀ ਇੱਕ ਅਕਾਲ ਪੁਰਖ ਦੇ ਪੁਜਾਰੀ। ਉਹ ਕਿਸੇ ਅਵਤਾਰ ਵਾਦ, ਦੇਵੀ-ਦੇਵਤਾ ਵਾਦ ਨੂੰ ਮੰਨਦੇ ਹੀ ਨਹੀਂ ਸਨ। ਇਸ ਦੇ ਲਈ ਗੁਰਬਾਣੀ ਵਿਚਲੇ ਭਗਤ ਜੀ ਦੇ 61 ਸ਼ਬਦ ਇਸ ਗੱਲ ਦਾ ਸਬੂਤ ਵੀ ਹਨ। ਫ਼ਿਰ ਪੰਡਰ ਪੁਰ ਤੋਂ 600 ਮੀਲ ਦੁਆਰਕਾ ਦਾ ਫ਼ਾਸਲਾ ਜਿਸ ਨੂੰ ਆਪਣੇ ਰੰਗਾਈ-ਧੁਲਾਈ ਦੇ ਕੰਮ ਨੂੰ ਬੰਦ ਕਰਕੇ ਜਾਣਾ, ਉਹ ਵੀ ਉਸ ਜ਼ਮਾਨੇ `ਚ। ਤਾਂ ਤੇ ਇਸ ਦੇ ਲਈ ਉਹ ਕਿੰਨੇ ਕੂ ਅਮੀਰ ਸਨ? ਉਹਨਾਂ ਦਾ ਤਾਂ ਕਾਰ-ਵਿਹਾਰ ਹੀ ਦਸਦਾ ਹੈ ਕਿ ਉਹ ਕਿਸੇ ਵੱਡੇ ਰੁਜ਼ਗਾਰ-ਕਮਾਈ ਦੇ ਮਾਲਿਕ ਨਹੀਂ ਸਨ। ਇੱਕ ਹੋਰ ਕਹਾਣੀ ਮੁਤਾਬਕ- ਕਹਿੰਦੇ ਹਨ, ਜਦੋਂ ਬਿਰਧ ਅਵਸਥਾ `ਚ ਨਾਮਦੇਵ ਕਪੜਿਆਂ ਦੀ ਪੰਡ ਚੁੱਕ ਕੇ ਘਾਟ ਤਕ ਅਪੜਾਉਣ `ਚ ਔਖਿਆਈ ਮਹਿਸੂਸ ਕਰਨ ਲੱਗੇ, ਤਾਂ ਉਹਨਾਂ ਦੇ ਮਨ `ਚ ਆਇਆ ਜੇ ਇੱਕ ਘੋੜੀ ਲੈ ਕੇ ਕਪੜੇ ਉਸ `ਤੇ ਲੱਦ ਲਏ ਜਾਇਆ ਕਰਨ। ਪਰ ਨਾਮਦੇਵ ਦਾ ਇਹ ਖ਼ਿਆਲ ਪ੍ਰਮਾਤਮਾ ਨੂੰ ਚੰਗਾ ਨਾ ਲੱਗਾ, ਕਿਉਂਕਿ ਇਸ ਤਰ੍ਹਾਂ ਨਾਮਦੇਵ ਦੇ ਮਾਇਆ `ਚ ਫਸਣ ਦਾ ਖ਼ਤਰਾ ਸੀ। ਦੇਖਣ ਦੀ ਗੱਲ ਹੈ ਕਿ ਕੁਦਰਤ ਦੇ ਨੇਮ `ਚ ਮਨੁੱਖ `ਤੇ ਬੁਢਾਪਾ ਵੀ ਆਉਂਦਾ ਹੈ। ਤਦੋਂ ਸਰੀਰਕ ਕਮਜ਼ੋਰੀ ਕਰਕੇ ਜੇ ਭਗਤ ਜੀ ਨੂੰ ਆਪਣੇ ਜੀਵਨ-ਨਿਰਵਾਹ ਲਈ ਮਜ਼ਦੂਰੀ ਕਰਨ ਲਈ ਘੋੜੀ ਦੀ ਲੋੜ ਪਈ ਤਾਂ ਗੁਰਮਤਿ ਵਿਰੁਧ ਕਿਵੇਂ? ਇਸ ਦੇ ਉਲਟ, ਵੇਹਲੜ ਰਹਿ ਕੇ, ਰੋਟੀ-ਰੋਜ਼ੀ ਲਈ ਦੂਜਿਆਂ `ਤੇ ਭਾਰ ਬਨਣਾ ਤਾਂ ਹੈ ਹੀ ਗੁਰਮਤਿ ਵਿਰੁਧ। ਫ਼ਿਰ ਪ੍ਰਭੂ ਭਗਤੀ ਦੇ ਨਾਲ-ਨਾਲ ਹਥੀਂ ਕਿਰਤ-ਕਾਰ ਵਾਲੀ ਗੱਲ ਤਾਂ ਆਪਣੀ ਬਾਣੀ ਰਾਹੀਂ ਖੁਦ ਨਾਮਦੇਵ ਵੀ ਭਗਤ ਤ੍ਰਲੋਚਨ ਨੂੰ ਸਮਝਾ ਰਹੇ ਹਨ ਜਿਸ ਬਾਰੇ ਗੁਰਬਾਣੀ `ਚ ਹੀ ਉਘਾ ਵਰਨਣ ਹੈ। ਪੰਡਤ ਤਾਰਾ ਸਿੰਘ ਜੀ ਨੇ ਇਸ ਕਹਾਣੀ ਬਦਲੇ ਕੇਵਲ ਇਹੀ ਲਿਖਿਆ ਹੈ ਕਿ ਦੁਆਰਕਾ ਤੋਂ ਤੁਰਨ ਲੱਗੇ ਨਾਮਦੇਵ ਜੀ ਨੇ ਥਕੇਵੇਂ ਤੋਂ ਬਚਣ ਲਈ ਘੋੜੀ ਦੀ ਲੋੜ ਮਹਿਸੂਸ ਕੀਤੀ।

ਸਵੈ ਵਿਰੋਧੀ ਕਹਾਣੀਆਂ ਜੀ ਸਾਬਤ ਕਰਦੀਆਂ ਹਨ ਕਿ ਇਹਨਾ ਦਾ ਕੋਈ ਵੀ ਸਿਰਪੈਰ ਨਹੀਂ। ਹੋ ਸਕਦਾ ਹੈ, ਸ਼ਬਦ `ਚ ਆਏ "ਪਗਰੀ", "ਮਗੋਲ", "ਦ੍ਵਾਰਿਕਾ ਨਗਰੀ", ਰਾਸਿ, ਮੁਕੰਦ, ਮਗੋਲ, ਮੀਰ ਆਦਿ ਸ਼ਬਦਾ ਦੇ ਗ਼ਲਤੀ ਨਾਲ ਜਾਂ ਜਾਣ ਬੁਝ ਕੇ ਅਜੇਹੇ ਅਰਥ ਲਏ ਹੋਣ। ਫ਼ਿਰ ਵੀ ਅਜੇਹੇ ਸੱਜਨ ਅਸਪਤਿ, ਗਜਪਤਿ, ਨਰਹ ਨਰਿੰਦ ਲਫ਼ਜ਼ਾਂ ਨੂੰ ਕਿਧਰੇ ਵੀ ਨਹੀਂ ਜੋੜ ਸਕੇ ਤਾਂ ਕਿਉਂ? ਇਸ ਤੋਂ ਇਲਾਵਾ ਘੋੜੀ ਵਛੇਰੇ ਦਾ ਤਾਂ ਸ਼ਬਦ `ਚ ਕਿਤੇ ਨਾਮ-ਪਤਾ ਵੀ ਨਹੀਂ ਤਾਂ ਉਹ ਲਫ਼ਜ਼ ਕਹਾਣੀਆਂ `ਚ ਕਿਥੋਂ ਆ ਟਪਕੇ। ਦਰਅਸਲ, ਸਾਰੀਆਂ ਕਹਾਣੀਆਂ ਨੂੰ ਦਰ ਕਿਨਾਰ ਕਰਕੇ ਲੋੜ ਹੈ ਤਾਂ ਗੁਰਮਤਿ ਅਨੁਸਾਰ ਸ਼ਬਦ ਦੇ ਅਰਥਾਂ ਨੂੰ ਸਮਝਣ ਦੀ। #87.1s08.01s08#

ਪਾੜ ਪੜੋਸਣਿ ਪੂਛਿ ਲੇ ਨਾਮਾ—ਦਰਅਸਲ ਨਾਮਦੇਵ ਜੀ ਦੇ ਸ਼ਬਦ "ਪਾੜ ਪੜੋਸਣਿ ਪੂਛਿ ਲੇ ਨਾਮਾ, ਕਾ ਪਹਿ ਛਾਨਿ ਛਵਾਈ ਹੋ" ਨੂੰ ਵੀ "ਹਲੇ ਯਾਰਾਂ ਹਲੇ ਯਾਰਾਂ. ." ਵਾਲੇ ਸ਼ਬਦ ਵਾਂਙ ਨਿਰੋਲ ਗੁਰਬਾਣੀ ਆਧਾਰਤ ਅਰਥਾਂ `ਚ ਹੀ ਵਿਚਾਰਣ ਦੀ ਲੋੜ ਹੈ, ਵਿਸ਼ਾ ਆਪਣੇ ਆਪ ਸਾਫ਼ ਹੋ ਜਾਏਗਾ। ਰਹਾਉ ਦਾ ਬੰਦ ਹੈ "ਰੀ ਬਾਈ ਬੇਢੀ ਦੇਨੁ ਨ ਜਾਈ॥ ਦੇਖੁ ਬੇਢੀ ਰਹਿਓ ਸਮਾਈ॥ ਹਮਾਰੈ ਬੇਢੀ ਪ੍ਰਾਨ ਅਧਾਰਾ॥ ੧॥ ਰਹਾਉ॥" ਸ਼ੱਕ ਨਹੀਂ, ਬੇਢੀ ਦੇ ਅਰਥ ਹਨ ਤਰਖਾਣ। ਪਰ ਸ਼ਬਦ ਦੀ ਅੰਦਰਲੀ ਝਾਤ ਅਨੁਸਾਰ ਇਥੇ ਬੇਢੀ ਦੇ ਅਰਥ ਅਕਾਲ ਪਰਖ ਤੋਂ ਛੁਟ ਹੋਰ ਬਣਦੇ ਹੀ ਨਹੀਂ। ਕੇਵਲ ਅਕਾਲ ਪੁਰਖ ਹੀ ਹੈ ਜੋ ਬਹੁੜੀ ਕਰਕੇ ਸਾਡੇ ਮਨੁੱਖਾ ਜੀਵਨ ਦੀ ਗੁਰੂ ਰਾਹੀਂ ਸੰਭਾਲ ਕਰਦਾ ਹੈ। ਵਿਕਾਰਾਂ ਅਉਗਣਾ `ਚ ਫ਼ਸ ਚੁਕੇ, ਤਬਾਹ ਹੋ ਚੁਕੇ ਜੀਵਨ ਨੂੰ ਫ਼ਿਰ ਤੋਂ ਸੁਆਰਦਾ ਤੇ ਨਰੋਆ ਕਰਦਾ ਹੈ।

ਮਨੁੱਖ ਜਨਮ ਲੈਂਦਾ ਹੈ, ਤਾਂ ਜਨਮ ਲੈਂਦੇ ਸਾਰ ਹੀ "ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ" (ਪੰ: 921) ਅਨੁਸਾਰ ਇਹ ਸਰੀਰ ਮੋਹ ਮਾਇਆ ਦੀ ਪੱਕੜ `ਚ ਆ ਜਾਂਦਾ ਹੈ। ਫ਼ਿਰ ਇਹ ਮਾਇਆ ਦੀ ਦੌੜ ਹੀ, ਮਨੁੱਖ ਨੂੰ ਵਿਕਾਰਾਂ ਵਲ ਖਿਚਦੀ ਤੇ ਫ਼ਸਾਂਦੀ ਜਾਂਦੀ ਹੈ। ਬਲਕਿ ਕਈ ਵਾਰੀ ਤਾਂ ਵਿਕਾਰਾਂ ਦੀ ਅੱਗ ਚੰਗੇ-ਭਲੇ ਮਨੁੱਖ ਨੂੰ ਭਿਅੰਕਰ ਤੇ ਘਿਨਾਉਣੇ ਗੁਣਾਹਾਂ ਦਾ ਘਰ ਬਣਾ ਕੇ ਰਖ ਦੇਂਦੀ ਹੈ। ਮਾਇਆ ਮੋਹ ਦੀ ਪੱਕੜ ਕਾਰਨ ਮਨੁੱਖ ਆਪਣੇ ਅਸਲੀ ਇਲਾਹੀ ਜੀਵਨ ਨੂੰ ਵੀ ਗੁਆ ਬੈਠਦਾ ਹੈ। ਇਸ ਦੇ ਜੀਵਨ ਦੀ ਤੱਬਾਹੀ ਦਾ ਕਾਰਨ ਇਕੋ ਹੀ ਹੁੰਦਾ ਹੈ, "ਏਹ ਮਾਇਆ ਜਿਤੁ ਹਰਿ ਵਿਸਰੈ, ਮੋਹੁ ਉਪਜੈ ਭਾਉ ਦੂਜਾ ਲਾਇਆ" (ਪੰ: 921)। ਉਪ੍ਰੰਤ ਕਿਸੇ ਸਬੱਬ ਇਹਨਾ ਗੁਣਾਹਾਂ-ਵਿਕਾਰਾਂ ਕਾਰਨ ਜੀਵਨ ਰੂਪੀ ਟੁੱਟ ਚੁਕੀ ਸਾਡੀ ਝੁੱਗੀ, ਫ਼ਿਰ ਤੋਂ ਸਾਧ ਸੰਗਤ `ਚ ਪੁੱਜ ਜਾਵੇ ਤੇ ਗੁਰੂ ਦੇ ਰਾਹ ਚਲ ਪਵੇ ਤਾਂ ਅਕਾਲਪੁਰਖ (ਇਥੇ ਬੇਢੀ) ਜੀਵਨ ਨੂੰ ਫ਼ਿਰ ਤੋਂ ਸੁਆਰ ਦੇਂਦਾ ਹੈ। ਜੀਵਨ ਫ਼ਿਰ ਤੋਂ ਅਸਲੀ ਤੇ ਇਲਾਹੀ ਰੂਪ `ਚ ਪ੍ਰਗਟ ਹੋ ਜਾਂਦਾ ਹੈ। ਜੀਵਨ ਇਲਾਹੀ ਗੁਣਾਂ ਦਾ ਪ੍ਰਗਟਾਵਾ ਬਣ ਜਾਂਦਾ ਹੈ। ਫ਼ੁਰਮਾਨ ਹੈ "ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ" (ਪੰ: 921) ਮਾਇਕ ਜੰਜਾਲਾਂ `ਚ ਰਹਿੰਦੇ ਹੋਏ ਵੀ ਮਨੁੱਖ ਇਹਨਾ ਮੋਹ ਮਾਇਆ ਵਿਕਾਰਾਂ ਆਦਿ `ਚ ਫਸਦਾ ਨਹੀਂ।

"ਸਭੈ ਉਡਾਨੀ ਭ੍ਰਮ ਕੀ ਟਾਟੀ" -ਵਿਸ਼ੇ ਨੂੰ ਸਮਝਣ ਲਈ ਅਸੀਂ ਕਬੀਰ ਸਾਹਿਬ ਦਾ ਇੱਕ ਸ਼ਬਦ ਲੈਣਾ ਚਾਹਾਂਗੇ। ਵਿਸ਼ਾ ਉਹੀ ਹੈ ਪਰ ਬਿਆਨ ਦਾ ਢੰਗ ਦੂਜਾ ਹੈ। ਸ਼ਬਦ ਹੈ "ਦੇਖੌ ਭਾਈ ਗBਾਨ ਕੀ ਆਈ ਆਂਧੀ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ॥   ॥ ਰਹਾਉ॥ ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ॥ ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ॥ ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ॥ ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ" (ਪੰ: 331)। ਭਾਵ ਐ ਭਾਈ! ਜੀਵਨ `ਚ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਵਹਿਮਾਂ- ਭਰਮਾਂ ਵਾਲਾ (ਸਾਡੀ ਜੀਵਨ ਰੂਪੀ ਝੁਗੀ ਦਾ ਛੱਪਰ ਉੱਡ ਜਾਂਦਾ ਹੈ। ਮਾਇਆ ਆਸਰੇ ਖਲੋਤਾ ਇਹ ਛੱਪਰ ਗਿਆਨ ਦੀ ਹਨੇਰੀ ਅੱਗੇ ਟਿੱਕ ਨਹੀਂ ਸਕਦਾ। ੧। ਰਹਾਉ। ਭਰਮਾਂ-ਵਹਿਮਾਂ `ਚ ਡੋਲਦੇ ਜੀਵਨ ਦੀ ਦੂਈ-ਦ੍ਵੈਤ ਵਾਲੀ ਥੰਮ੍ਹੀ ਡਿੱਗ ਪੈਂਦੀ ਹੈ। ਪ੍ਰਭੂ ਦੀ ਟੇਕ ਛੱਡ ਕੇ ਇਧਰ-ਓਧਰ ਭਟਕਿਆ ਕੁਰਾਹੇ ਪਿਆ ਜੀਵਨ ਟਿਕਾਅ `ਚ ਆ ਜਾਂਦਾ ਹੈ। ਇਸ ਦੁਨੀਆਵੀ ਮੋਹ ਮਾਇਆ ਦੀ ਪੱਕੜ ਵਾਲਾ ਭਰਮ ਮੁੱਕ ਜਾਂਦਾ ਹੈ। ਜੀਵਨ `ਚੋਂ ਤਿ੍ਰਸ਼ਨਾ ਦਾ ਛੱਪਰ ਟੁੱਟ ਕੇ ਭੁੰਞੇ ਆ ਡਿਗਦਾ ਹੈ। ਦੁਰਮੱਤ ਦਾ ਭਾਂਡਾ ਭੱਜ ਜਾਂਦਾ ਹੈ। ੧। ਕਬੀਰ ਕਹਿੰਦੇ ਹਨ, ਗਿਆਨ ਦੀ ਹਨੇਰੀ ਪਿਛੋਂ ਜਿਹੜਾ ਪ੍ਰਭੂ ਦੀ ਸਿਫ਼ਤ-ਸਲਾਹ (ਨਾਮ) ਦਾ ਮੀਂਹ ਵਸਦਾ ਹੈ, ਉਸ ਨਾਮ ਦੇ ਮੀਂਹ `ਚ, ਪ੍ਰਭੂ ਪਿਆਰੇ ਖੂਬ ਭਿੱਜ ਭਾਵ ਨਹਾਉਂਦੇ ਹਨ, ਖੀਵੇ ਹੁੰਦੇ ਹਨ। ਜੀਵਨ `ਚ ਸ਼ਾਂਤੀ ਤੇ ਟਿਕਾਅ ਆਉਂਦਾ ਹੈ। ਇਸ ਤਰ੍ਹਾਂ ਪ੍ਰਭੂ ਪਿਆਰੇ ਦੇ ਜੀਵਨ ਅੰਦਰ ਜਦੋਂ ਸੱਚ ਦਾ ਸੂਰਜ ਚੜ੍ਹ ਜਾਂਦਾ ਹੈ ਤਾਂ ਉਸਦੇ ਜੀਵਨ ਚ ਚਾਨਣ ਹੀ ਚਾਨਣ ਹੋ ਜਾਂਦਾ ਹੈ। ੨।

ਠੀਕ ਇਸੇ ਤਰ੍ਹਾਂ ਨਾਮਦੇਵ ਜੀ ਦੇ ਸ਼ਬਦ "ਪਾੜ ਪੜੋਸਣਿ ਪੂਛਿ ਲੇ ਨਾਮਾ" `ਚ ਵੀ ਪ੍ਰਭੂ ਨੂੰ ਵਿਸਾਰ ਕੇ ਅਉਗਣਾ-ਵਿਕਾਰਾਂ ਨਾਲ ਤਬਾਹ ਹੋ ਚੁਕੇ ਜੀਵਨ ਦੀ ਗੱਲ ਹੈ। ਉਪ੍ਰੰਤ ਉਸੇ ਤਬਾਹ ਹੋ ਚੁਕੇ ਜੀਵਨ ਨੂੰ, ਅਕਾਲਪੁਰਖ (ਬੇਢੀ) ਰਾਹੀਂ ਰੱਬੀ ਗੁਣਾਂ ਨਾਲ ਭਰਪੂਰ ਕਰਕੇ ਫ਼ਿਰ ਤੋਂ ਤਿਆਰ ਕੀਤੀ ਜਾ ਚੁਕੀ ਜੀਵਨ ਰੂਪ ਝੁਗੀ ਦੀ ਤਸਵੀਰ ਹੈ। ਦੋਨਾਂ ਸ਼ਬਦਾਂ ਦੀ ਸਮਾਨਤਾ ਕਮਾਲ ਦੀ ਹੈ। ਇਸੇ ਤਰਾਂ ਮੋਹ-ਮਾਇਆ, ਆਸ਼ਾ-ਤ੍ਰਿਸ਼ਨਾ, ਵਿਕਾਰਾਂ ਨਾਲ ਤਬਾਹ ਹੋ ਚੁਕੇ ਅਤੇ ਮਨੁੱਖ ਦੇ ਮੁੜ ਤੋਂ ਸਫ਼ਲ ਹੋ ਚੁਕੇ ਜੀਵਨ ਨੂੰ ਗੁਰਬਾਣੀ `ਚ ਹੋਰ ਵੀ ਅਨੇਕਾਂ ਥਾਵੇਂ ਬਿਆਣਿਆਂ ਹੈ। ਪੰਜਵੇਂ ਪਾਤਸ਼ਾਹ ਫ਼ੁਰਮਾਉਂਦੇ ਹਨ "ਭਰਮ ਲੋਭ ਮੋਹ ਮਾਇਆ ਵਿਕਾਰ" (ਪੰ: ੭੩੬) ਉਪ੍ਰੰਤ ਇਸੇ ਜੀਵਨ `ਚ ਜਦੋਂ ਰੱਬੀ ਗਿਆਨ ਦਾ ਚਾਨਣ ਹੋ ਜਾਵੇ ਤਾਂ "ਭ੍ਰਮ ਛੂਟੇ ਤੇ ਏਕੰਕਾਰ" (ਪੰ: ੭੩੬) ਇਸੇ ਨੂੰ ਰਵਿਦਾਸ ਜੀ ਕਹਿੰਦੇ ਹਨ "ਕੂਪੁ ਭਰਿਓ ਜੈਸੇ ਦਾਦਿਰਾ, ਕਛੁ ਦੇਸੁ ਬਿਦੇਸੁ ਨ ਬੂਝ॥ ਐਸੇ ਮੇਰਾ ਮਨੁ ਬਿਖਿਆ ਬਿਮੋਹਿਆ, ਕਛੁ ਆਰਾ ਪਾਰੁ ਨ ਸੂਝ" ਤਾਂ ਤੇ ਇਸ ਦਾ ਹੱਲ ਵੀ ਹੈ? ਭਗਤ ਜੀ ਅੱਗੇ ਕਹਿੰਦੇ ਹਨ "ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ" (ਪੰ: ੩੪੬)।

"ਹਮਾਰੈ ਬੇਢੀ ਪ੍ਰਾਨ ਅਧਾਰਾ" -ਹੁਣ ਦਰਸ਼ਨ ਕਰਦੇ ਹਾਂ ਨਾਮਦੇਵ ਦੇ ਉਸ ਸ਼ਬਦ ਦੇ ਘਰੁ ੪ ਸੋਰਠਿ "ਪਾੜ ਪੜੋਸਣਿ ਪੂਛਿ ਲੇ ਨਾਮਾ, ਕਾ ਪਹਿ ਛਾਨਿ ਛਵਾਈ ਹੋ॥ ਤੋ ਪਹਿ ਦੁਗਣੀ ਮਜੂਰੀ ਦੈ ਹਉ, ਮੋ ਕਉ ਬੇਢੀ ਦੇਹੁ ਬਤਾਈ ਹੋ॥ ੧॥ ਰੀ ਬਾਈ ਬੇਢੀ ਦੇਨੁ ਨ ਜਾਈ॥ ਦੇਖੁ ਬੇਢੀ ਰਹਿਓ ਸਮਾਈ॥ ਹਮਾਰੈ ਬੇਢੀ ਪ੍ਰਾਨ ਅਧਾਰਾ॥ ੧॥ ਰਹਾਉ॥ ਬੇਢੀ ਪ੍ਰੀਤਿ ਮਜੂਰੀ ਮਾਂਗੈ, ਜਉ ਕੋਊ ਛਾਨਿ ਛਵਾਵੈ ਹੋ॥ ਲੋਗ ਕੁਟੰਬ ਸਭਹੁ ਤੇ ਤੋਰੈ, ਤਉ ਆਪਨ ਬੇਢੀ ਆਵੈ ਹੋ॥ ੨॥ ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ॥ ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ॥ ੩॥ ਬੇਢੀ ਕੇ ਗੁਣ ਸੁਨਿ ਰੀ ਬਾਈ, ਜਲਧਿ ਬਾਂਧਿ ਧ੍ਰ¨ ਥਾਪਿਓ ਹੋ॥ ਨਾਮੇ ਕੇ ਸੁਆਮੀ ਸੀਅ ਬਹੋਰੀ, ਲੰਕ ਭਭੀਖਣ ਆਪਿਓ ਹੋ॥ ੪॥ ੨॥" (ਪੰ: 657) ਅਰੰਭਕ ਬੰਦ ਅੰਤ `ਚ ਲਵਾਂਗੇ:

"ਰੀ ਬਾਈ ਬੇਢੀ ਦੇਨੁ ਨ ਜਾਈ॥ ਦੇਖੁ ਬੇਢੀ ਰਹਿਓ ਸਮਾਈ॥ ਹਮਾਰੈ ਬੇਢੀ ਪ੍ਰਾਨ ਅਧਾਰਾ॥ ੧॥ ਰਹਾਉ॥ ਭਾਵ ਐ ਸਤਸੰਗੀਓ ਸੁਣੋ! ਬੇਢੀ ਭਾਵ ਪ੍ਰਭੂ ਨਾਲ ਇਸ ਤਰ੍ਹਾਂ ਨਹੀਂ ਮਿਲਿਆ ਜਾ ਸਕਦਾ। ਮੇਰਾ ਬੇਢੀ ਤਾਂ ਉਹ ਹੈ ਜੋ ਸਾਰਿਆਂ ਦੇ ਪ੍ਰਾਨਾ ਦਾ ਅਸਰਾ ਹੈ ਅਤੇ ਜ਼ਰੇ ਜ਼ਰੇ `ਚ ਸਮਾਇਆ ਹੋਇਆ ਹੈ। ----ਐਸੋ ਬੇਢੀ ਬਰਨਿ ਨ ਸਾਕੳ, ੁ ਸਭ ਅੰਤਰ ਸਭ ਠਾਂਈ ਹੋ॥ ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ॥ ੩॥ ਭਾਵ ਉਸ ਬੇਢੀ (ਅਕਾਲਪੁਰਖ) ਦਾ ਵਰਨਣ ਨਹੀਂ ਕੀਤਾ ਜਾ ਸਕਦਾ, ਉਸ ਦੀਆਂ ਸਿਫ਼ਤਾਂ ਨਿਆਮਤਾਂ ਦਾ ਅੰਤ ਪਾਰਾਵਾਰ ਨਹੀਂ। ਮੇਰਾ ਬੇਢੀ ਤਾਂ ਹਰੇਕ ਹਿਰਦੇ `ਚ (ਅੰਤਰ) ਅਤੇ ਹਰ ਥਾਂ ਮੌਜੂਦ ਹੈ। ਮੇਰਾ ਬੇਢੀ ਤਾਂ ਅਜੇਹੀ ਹਸਤੀ ਹੈ ਕਿ ਜਿਸਨੂੰ ਹਾਸਲ ਕਰ ਲੈਣ ਤੋਂ ਬਾਅਦ ਜ਼ਿੰਦਗੀ `ਚ ਕਿਸੇ ਤਰ੍ਹਾਂ ਦੀ ਘਾਟ ਰਹਿ ਹੀ ਨਹੀਂ ਜਾਂਦੀ। ਉਸ ਦਾ ਬਿਆਨ ਕਰਣਾ ਤਾਂ ਇਉਂ ਹੈ ਜਿਵੇਂ ਗੂੰਗੇ ਦੀ ਮਠਿਆਈ। ਉਸ ਬੇਢੀ ਦੀ ਪ੍ਰਾਪਤੀ ਤੋਂ ਤਾਂ ਜੀਵਨ ਪ੍ਰਭੂ ਦੇ ਅਨੂਠੇ ਰਸ ਨਾਲ ਭਰ ਜਾਂਦਾ ਹੈ।

ਬੇਢੀ ਪ੍ਰੀਤਿ ਮਜੂਰੀ ਮਾਂਗੈ, ਜਉ ਕੋਊ ਛਾਨਿ ਛਵਾਵੈ ਹੋ॥ ਲੋਗ ਕੁਟੰਬ ਸਭਹੁ ਤੇ ਤੋਰੈ, ਤਉ ਆਪਨ ਬੇਢੀ ਆਵੈ ਹੋ॥ ੨॥ ਭਾਵ ਮੇਰੇ ਬੇਢੀ ਦੀ ਭੇਟਾ ਕੋਈ ਸੰਸਾਰਕ ਭੇਟਾ ਨਹੀਂ। ਉਹ ਸਾਡੇ ਜੀਵਨ (ਝੁਗੀ) ਨੂੰ ਤਿਆਰ ਤਾਂ ਕਰ ਦੇਂਦਾ ਹੈ ਪਰ ਉਹ ਬੇਢੀ ਤਾਂ ਕੇਵਲ ਤਾਂ ਹੀ ਮਿਲ ਸਕਦਾ ਹੈ ਜੇ ਕਰ ਜੀਵ ਮੋਹ ਮਾਇਆ ਦੇ ਬੰਧਨ ਤੋੜ ਦੇਵੇ ਤਾਂ। ----ਬੇਢੀ ਕੇ ਗੁਣ ਸੁਨਿ ਰੀ ਬਾਈ, ਜਲਧਿ ਬਾਂਧਿ ਧ੍ਰ¨ ਥਾਪਿਓ ਹੋ॥ ਨਾਮੇ ਕੇ ਸੁਆਮੀ ਸੀਅ ਬਹੋਰੀ, ਲੰਕ ਭਭੀਖਣ ਆਪਿਓ ਹੋ। ਭਾਵ ਐ ਸਤਸੰਗੀ ਜਣੋਂ ਸੁਣੋ! ਮੰੇਰਾ ਬੇਢੀ ਤਾਂ ਉਹ ਹੈ ਜਿੰਨੇ ਸਮੁੰਦਰ `ਤੇ ਪੁਲ਼ ਬੰਨਿਆਂ, ਧਰੂ ਨੂੰ ਅਟਲ ਪਦਵੀ ਦਿੱਤੀ, ਸੀਤਾ ਨੂੰ ਲੰਕਾ ਤੋਂ ਛੁਡਵਾਇਆ ਅਤੇ ਲੰਕਾ ਦਾ ਰਾਜ ਬਭੀਖਣ ਨੂੰ ਦਿਵਾਇਆ।

ਅੰਤ `ਚ ਪਹਿਲਾ ਬੰਦ-ਪਹਿਲੇ ਤਿੰਨ ਬੰਦਾ ਦੇ ਅਰਥ ਸਮਝਣ ਤੋਂ ਬਾਅਦ "ਪਾੜ ਪੜੋਸਣਿ ਪੂਛਿ ਲੇ ਨਾਮਾ, ਕਾ ਪਹਿ ਛਾਨਿ ਛਵਾਈ ਹੋ॥ ਤੋ ਪਹਿ ਦੁਗਣੀ ਮਜੂਰੀ ਦੈ ਹਉ, ਮੋ ਕਉ ਬੇਢੀ ਦੇਹੁ ਬਤਾਈ ਹੋ॥ ੧॥" ਜਦੋਂ ਨਾਮਦੇਵ ਦੀ ਸਤੁਤੀ ਸਾਰੇ ਫੈਲ਼ ਗਈ, ਚਰਚਾ ਹੋਣ ਲਗੀ ਕਿ ਨਾਮਦੇਵ, ਪ੍ਰਭੂ ਦੇ ਵੱਡੇ ਭਗਤ ਹੋ ਉਭਰੇ ਹਨ। ਤਾਂ ਸਤਸੰਗੀਆਂ ਨੂੰ ਵੀ ਚਾਅ ਚੜ੍ਹ ਆਇਆ ਕਿ ਸਾਡਾ ਜੀਵਨ ਵੀ, ਨਾਮਦੇਵ ਵਾਂਙ ਪ੍ਰਭੂ ਰਸ ਨਾਲ ਭਰ ਜਾਵੇ। ਨਿਤ ਵੱਧ ਰਹੇ ਸਤਸੰਗੀ ਚਾਹੁੰਦੇ ਕਿ ਉਹ ਵੀ ਉਹੀ ਕਰਣ ਜਿਸ ਤੋਂ ਨਾਮਦੇਵ ਵਾਲਾ ਪ੍ਰਭੂ ਰਸ ਉਹਨਾਂ ਦੇ ਜੀਵਨ `ਚ ਵੀ ਆ ਜਾਵੇ।

ਸ਼ਬਦ ਬਾਰੇ ਵਿਸ਼ੇਸ਼ ਨੁਕਤੇ- ੧. ਪਹਿਲਾ ਬੰਦ ਅੰਤ `ਚ ਲਿਆ ਕਿਉਂਕਿ ਉਹ ਬੰਦ ਆਪਣੇ ਆਪ `ਚ ਸੁਆਲ ਹੈ। ਇਸ ਤਰ੍ਹਾਂ ਰਹਾਉ `ਚੋਂ ਸ਼ਬਦ ਦਾ ਕੇਂਦਰੀ ਭਾਵ ਤੇ ਪਹਿਲੇ ਬੰਦ ਦੇ ਉੱਤਰ ਵਾਲੇ ਅਗਲੇ ਤਿੰਨ ਬੰਦ ਸਮਝਣ ਤੋਂ ਬਾਅਦ, ਸ਼ਬਦ ਵਿਚਲੇ ਸੁਆਲ ਨੂੰ ਸਮਝਣ ਲਈ ਮਦਦ ਮਿਲ ਸਕੇ। --- ੨. ਸੁਆਲ ਵਾਲਾ ਪਹਿਲਾ ਬੰਦ ਛੱਡ ਕੇ, ਬਾਕੀ ਸਾਰੇ ਸ਼ਬਦ ਤੋਂ ਸਾਫ਼ ਹੋ ਜਾਂਦਾ ਹੈ ਕਿ ਸ਼ਬਦ ਵਿਚਲਾ ਬੇਢੀ ਸਿਵਾਏ ਗੁਰੂ ਅਥਵਾ ਅਕਾਲਪੁਰਖ ਦੇ ਦੂਜਾ ਕੋਈ ਨਹੀਂ ਅਤੇ ਝੁੱਗੀ ਹੈ ਸਾਡਾ ਜੀਵਨ। ਕਿਉਂਕਿ ਸ਼ਬਦ `ਚ ਬੇਢੀ ਲਈ ਜਿਨ੍ਹਾਂ ਗੁਣਾਂ ਦਾ ਵਰਨਣ ਕੀਤਾ ਗਿਆ ਹੈ। ਗੁਰਬਾਣੀ ਅਨੁਸਾਰ ਉਹ ਗੁਣ ਸਿਵਾਏ ਅਕਾਲਪੁਰਖ ਅਥਵਾ ਗੁਰੂ ਦੇ ਹੋਰ ਕਿਸੇ ਦੇ ਸੰਭਵ ਹੀ ਨਹੀਂ ਹਨ। --- ੩."ਰੀ ਬਾਈ" -ਰੀ ਬਾਈ ਦੇ ਬੇਸ਼ਕ ਸ਼ਾਬਦਿਕ ਅਰਥ ਇਹੀ ਹਨ "ਐ ਭੈਣੇ" (ਇਸਤ੍ਰੀ ਲ਼ਿੰਗ) ਪਰ ਪ੍ਰਕਰਣ ਅਨੁਸਾਰ ਇਥੇ ਇਸਦੇ ਅਰਥ ਉਸੇ ਤਰ੍ਹਾਂ ਹਨ ਜਿਵੇਂ ਗੁਰਬਾਣੀ `ਚ ਅਨੇਕਾਂ ਥਾਵੇਂ ਸੰਬੋਧਨ ਲਈ ‘ਰੀ ਮਾਈ" ਜਾਂ ‘ਮਾਈ’ ਆਦਿ ਇਸਤ੍ਰੀ ਲਿੰਗ ਸਬਦ ਹੀ ਆਏ ਹਨ ਪਰ ਅਰਥ ਹਨ "ਐ ਦੁਨੀਆ ਦੇ ਲੋਕੋ!" ਆਦਿ। --- ੪."ਪਾੜ ਪੜੋਸਣਿ" -ਪ੍ਰਕਰਨ ਅਨੁਸਾਰ ਇਥੇ ਨਾਮਦੇਵ ਜੀ ਦੇ ਪੜੋਸੀ ਨਾਮਦੇਵ ਜੀ ਦੇ ਸੰਗੀ ਸਾਥੀ, ਸਤਸੰਗੀ। --- ੫. ਕੁੱਝ ਸੱਜਨ, ਂਸ਼ਬਦ `ਚ ਆਈਆਂ ਮਿਥਿਹਾਸਿਕ ਮਿਸਾਲਾਂ ਜਿਵੇਂ ਸਮੁੰਦਰ `ਤੇ ਪੁਲ, ਬਭੀਖਣ ਨੂੰ ਲੰਕਾ ਦਾ ਰਾਜ ਅਤੇ ਸੀਤਾ ਨੂੰ ਛੁਡਵਾਉਣਾ ਤੋਂ ਇਹ ਭੁਲੇਖਾ ਵੀ ਖਾ ਜਾਂਦੇ ਹਨ ਕਿ ਜਿਵੇਂ ਨਾਮਦੇਵ ਜੀ ਸ਼ਾਇਦ ਦਸ਼ਰਥ ਸੁਤ ਰਾਮ ਦੇ ਉਪਾਸ਼ਕ ਸਨ। ਅਜੇਹਾ ਧੋਖਾ ਖਾਣ ਵਾਲੇ ਸੱਜਨਾਂ ਨੂੰ ਪਹਿਲਾਂ ਤਾਂ ਸਮਝਣ ਦੀ ਲੋੜ ਹੈ ਕਿ ਇਥੇ ਕੇਵਲ ਮਿਥਿਹਾਸਕ ਰਾਮ ਦੀਆਂ ਮਿਸਾਲਾਂ ਹੀ ਨਹੀਂ ਹਨ, ਬਲਕਿ ਉਹਨਾਂ `ਚ ਧਰੂ ਦੀ ਮਿਸਾਲ ਵੀ ਹੈ। ਜਦਕਿ ਮਿਥਿਹਾਸ ਮੁਤਾਬਕ ਰਾਮ ਚੰਦ੍ਰ ਤਾਂ ਕਹੇ ਜਾਂਦੇ ਤ੍ਰੇਤੇ ਦੇ ਅਵਤਾਰ ਸਨ ਜਦਕਿ ਧਰੂ ਦਾ ਸੰਬੰਧ ਸਤਿਯੁਗ ਨਾਲ ਹੈ ਜਦੋਂ ਕਿ ਅਵਤਾਰੀ ਰਾਮ ਦੀ ਕੋਈ ਹੋਂਦ ਹੀ ਨਹੀਂ ਸੀ। ਦੂਜਾ- ਖੁਦ ਭਗਤ ਜੀ ਦੇ ਗੁਰਬਾਣੀ `ਚ ਹੀ ੬੧ ਸ਼ਬਦ ਇਸਦਾ ਅਕੱਟ ਸਬੂਤ ਹਨ ਕਿ ਭਗਤ ਜੀ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੇ ਪੁਜਾਰੀ ਸਨ ਕਿਸੇ ਅਵਤਾਰ ਵਾਦ, ਦੇਵੀ-ਦੇਵਤਾ ਵਾਦ ਦੇ ਨਹੀਂ। ੫. ਕਈ ਸੱਜਣਾਂ ਵਲੋਂ ਇਹ ਸੁਆਲ ਵੀ ਹੁੰਦਾ ਹੈ ਕਿ ਗੁਰੂ ਸਾਹਿਬਾਨ, ਗੁਰਬਾਣੀ ਵਿਚਲੇ ਭਗਤ ਅਤੇ ੧੧ ਭੱਟ ਆਦਿ ਦੀਅੱ ਰਚਨਾਵਾਂ `ਚ ਮਿਥਿਹਾਸਕ ਮਿਸਾਲਾਂ-ਹਵਾਲੇ ਕਿਉਂ ਭਰੇ ਹਨ- ਇਸ ਸੰਬੰਧੀ ਸਨਿਮ੍ਰ ਬੇਨਤੀ ਹੈ ਕਿ ਜਿਸ ਵਾਤਾਵਰਣ `ਚ ਗੁਰਮਤਿ ਦਾ ਪ੍ਰਕਾਸ਼ ਹੋਇਆ ਉਹ ਬ੍ਰਾਹਮਣੀ ਸੀ ਤੇ ਅੱਜ ਵੀ ਹੈ। ਇਸ ਲਈ ਉਸ ਸਮੇਂ ਦੇ ਸਾਡੇ ਪੂਰਵਜਾਂ ਸਮੇਤ ਜਿਨ੍ਹਾਂ ਲੋਕਾਂ ਨੂੰ ਸੱਚ ਦੀ ਗੱਲ ਸਮਝਾਉਣੀ ਸੀ ਉਹ ਸਾਰੇ ਉਸੇ ਬ੍ਰਾਹਮਣੀ ਪ੍ਰਭਾਵ ਨਾਲ ਸ਼ਰਸਾਰ ਸਨ। ਇਸ ਲਈ ਜ਼ਰੂਰੀ ਸੀ ਕਿ ਮਿਸਾਲਾਂ ਉਹੀ ਵਰਤੀਆਂ ਜਾਣ ਜੋ ਲੋਕਾਈ ਦੀ ਸਮਝ `ਚ ਸਹਿਜੇ ਆ ਸਕਣ, ਉਪ੍ਰੰਤ ਜਿਥੋਂ ਤੀਕ ਸਿਧਾਂਤ ਦੀ ਗੱਲ਼ ਹੈ, ਗੁਰਬਾਣੀ ਅਨੁਸਾਰ ਕਰਤਾ ਇੱਕ ਅਕਾਲ ਪੁਰਖ ਤੋਂ ਛੁਟ ਹੋਰ ਕੋਈ ਹੈ ਹੀ ਨਹੀਂ। ਇਸ ਲਈ ਸਭ ਤੋਂ ਵੱਡਾ ਸਬੂਤ ਹੈ ਕਿ "ਅਰੰਭ ਤੋਂ ਲੈ ਕੇ "ਤਨ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ ਰਚਨਾ ੴ ਦੀ ਹੀ ਵਿਆਖਿਆ ਹੈ ਫ਼ਿਰ ਚਾਹੇ ਲਿਖਾਰੀ ਕੋਈ ਵੀ ਕਿਉਂ ਨਾ ਹੋਵੇ #87.2s08.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ ਜਾਵੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 87

ਅਰਥ ਨਿਖਾਰ (ਭਾਗ ੧)

ਹਲੇ ਯਾਰਾਂ ਹਲੇ ਯਾਰਾਂ ਖੁਸਿ ਖਬਰੀ— ਪਾੜ ਪੜੋਸਣਿ ਪੂਛਿ ਲੇ ਨਾਮਾ. .

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.