.

ਸੋਚੈ ਸੋਚਿ ਨ ਹੋਵਈ

ਇਤਹਾਸਿਕ ਪੱਖ:

ਗੁਰੂ ਨਾਨਕ ਸਾਹਿਬ ਦੀ ਰਹੱਸਮਈ ਰਚਨਾ ਜਪੁ (ਜਪੁ ਜੀ ਸਾਹਿਬ) ਨੇ ਜਿੱਥੇ ਸਿੱਖੀ ਫਲਸਫੇ ਨੂੰ ਉਜਾਗਰ ਕੀਤਾ ਹੈ ਨਾਲ ਹੀ ਇਸ ਰਚਨਾ ਤੇ ਕਿਸੇ ਰਾਗ ਯਾ ਮਹਲਾ ਦਾ ਇਸਤੇਮਾਲ ਨਾ ਕਰ ਕੇ ਇਸ ਨੂੰ ਹੋਰ ਭੀ ਰਹੱਸਮਈ ਰੰਗ ਦੇ ਦਿੱਤਾ ਹੈ। ਉਪਰੰਤ ਪਹਿਲੇ ਸਲੋਕ ਨੂੰ ਸਿਰਫ ਸੰਖਯਾ (1) ਦੁਆਰਾ ਸੰਕੇਤ ਕੇ ਗੁਰਸਿਖਾਂ ਨੂੰ "ਖੋਜਿ ਸ਼ਬਦ ਮੈ ਲੇਹਿ" ਦੇ ਸਿਧਾਂਤ ਦੀ ਵੰਗਾਰ ਪਾਈ ਹੈ।

ਅਗੇ ਚੱਲ ਕੇ ਪਹਿਲੀ ਪੌੜੀ ਦੀ ਪਹਿਲੀ ਤੁਕ ਬਾਰੇ ਭੀ ਰਹੱਸਮਈ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਪੰਕਤੀ ਦੇ ਅਰਥਾਂ ਦੇ ਬਾਰੇ ਵਿਦਵਾਨਾ ਦੀ ਇੱਕ ਰਾਏ ਨਹੀ ਰਹੀ। ਗਿ: ਹਰਿਬੰਸ ਸਿੰਘ ਜੀ ਨੇ ਆਪਣੇ ਸਟੀਕ ਤੁਲਨਾਤਮਿਕ ਅਧਿਐਨ ਭਾਗ ਪਹਿਲਾ ਦੇ ਪੰਨਾ 80 ਤੇ ਬੜੇ ਹੀ ਵਿਸਥਾਰ ਨਾਲ ਇਸ ਵਿਚਾਰ ਨੂੰ ਪੇਸ਼ ਕੀਤਾ ਹੈ।

ਉਹਨਾਂ ਦੇ ਆਪਣੇ ਸਬਦਾਂ ਵਿੱਚ

"ਸੋਚਿ" ਸ਼ਬਦ ਦੇ ਅਰਥ ਕਈ ਵਾਰ ਬਦਲਦੇ ਰਹੇ। ਕਦੇ ਸੋਚਣ (ਵੀਚਾਰ) ਕਰਨ ਨਾਲ ਅਤੇ ਇਸ਼ਨਾਨ ਕਰਨ ਨਾਲ ਹੁੰਦੇ ਰਹੇ। ਸੰ: 1925 ਤੋਂ ਪਹਿਲਾਂ "ਸੋਚੈ" ਦੇ ਅਰਥ ਸੋਚਣ ਨਾਲ ਕੀਤੇ ਜਾਂਦੇ ਰਹੇ। ਫਿਰ ਭਾਈ ਸੰਤੋਖ ਸਿੰਘ ਜੀ ਦੇ ਕੀਤੇ ‘ਗਰਬ ਗੰਜਨੀ’ ਟੀਕੇ ਅਨੁਸਾਰ ਇਸ ਦੇ ਅਰਥ ‘ਜਲ ਮ੍ਰਿਤਕਾ’ ਆਦਿ ਤੋਂ ਸੌਚ ਕਰਨਾ ਕੀਤੇ ਗਏ।

1) ਭਾਈ ਵੀਰ ਸਿੰਘ ਜੀ ਨੇ "ਸੋਚਿ" ਦੇ ਅਰਥ ਸੋਚ ਕਰਨ ਨਾਲ (ਮਨ) ਦੀ ਸੁਚ ਪ੍ਰਾਪਤ ਨਹੀਂ ਹੁੰਦੀ, ਚਾਹੇ ਲੱਖ ਵਾਰ ਸੁਚਮ ਪਿਆ ਕਰਾਂ, ਕੀਤੇ ਹਨ।

2) ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਰਚਿਤ ਜਪੁ ਜੀ (ਸਟੀਕ) ਵਿੱਚ ਲਿਖਿਆ ਹੈ ਕੀ ਕਈ ਗਿਆਨੀ ‘ਸੋਚਿ’ ਦਾ ਅਰਥ ‘ਸੁੱਚ’ ਕਰਦੇ ਹਨ, ਪਰ ਇਹ ਠੀਕ ਨਹੀ ਕਿਉਂਕੀ ਜਦ ‘ਸੁਚ’ ਅਰਥ ਹੋਵੇ ਤਾਂ ਪਾਠ ਵਿੱਚ ‘ਸੋਚ’ ਆਉਂਦਾ ਹੈ।

3) ਪ੍ਰੋ: ਸਾਹਿਬ ਸਿੰਘ ਜੀ ‘ਸੋਚਿ’ ਸ਼ਬਦ ਬਾਰੇ ਇਉਂ ਲਿਖਦੇ ਹਨ ਕਿ ‘ਸੋਚ’ ਦਾ ਅਰਥ ਹੈ ‘ਇਸ਼ਨਾਨ’ ਅਤੇ ‘ਸੁਚਿ’ ਦਾ ਅਰਥ ਹੈ ‘ਪਵਿਤ੍ਰਤਾ’ ਇਨ੍ਹਾਂ ਦੋਹਾਂ ਸ਼ਬਦਾਂ ਦੀ ਮਿਲਾਵਟ ਦਾ ਸ਼ਬਦ ਹੈ ‘ਸੋਚਿ’ ਜਿਸ ਦਾ ਅਰਥ ਹੈ ‘ਪਵਿਤ੍ਰਤਾ, ਇਸ਼ਨਾਨ।

4) ਸ਼ਬਦਾਰਥ ਵਾਲੇ ਸਜਣਾ ਨੇ ‘ਸੋਚਿ’ ਦਾ ਅਰਥ ਕੀਤਾ ਹੈ ‘ਸੋਚ ਜਾਂ ਸਮਝ ਵਿੱਚ’।

5) ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਵੀ ‘ਸੋਚਿ’ ਸ਼ਬਦ ਦੇ ਅਰਥ ‘ਇਸ਼ਨਾਨ ਕਰਨਾ ਅਸ਼ੁਧ ਮੰਨੇ ਹਨ।

6) ਗਿ: ਹਰਿਬੰਸ ਸਿੰਘ ਜੀ ਨੇ ‘ਸੋਚਣ ਨਾਲ (ਅਕਾਲ ਪੁਰਖ ਜੀ ਦੀ) ਸੋਝੀ (ਸਮਝ) ਨਹੀ ਹੋ ਸਕਦੀ ਅਰਥ ਕੀਤੇ ਹਨ।

ਅਰਥ ਭੇਦ:

ਦਾਸ ਦੀ ਇਹਨਾਂ ਗੁਰਮੁਖ ਸੱਜਣਾ ਜਿਤਨੀ ਗੁਰ ਸ਼ਬਦ ਦੀ ਕਰੜੀ ਘਾਲ ਕਮਾਈ, ਮੇਹਨਤ ਅਤੇ ਸ਼ਰਦਾ ਤਾਂ ਨਹੀ, ਪਰ ਕੰਮਪਉਟਰ ਸੌਫਟ ਵੇਅਰ ਖਾਸ ਕਰ ਕੇ ਈਸ਼ਰ ਮਾਇਕਰੋ ਮੀਡੀਆ ਨਾਮ (http://www.ik13.com/) ਦੇ ਸੌਫਟਵੇਅਰ ਦੀ ਮਦਦ ਅਤੇ ਖੋਜ (search) ਦੇ ਸਹਿਯੋਗ ਨਾਲ ਇਸ ਪੰਕਤੀ ਦੇ ਅਰਥ ਦਲੀਲ ਨਾਲ ਆਪ ਸਮਝ ਕੇ ਆਪ ਸਭ ਨਾਲ ਸਾਂਝੇ ਕਰਣ ਦੀ ਕੋਸ਼ਿਸ਼ ਕੀਤੀ ਹੈ।

1) ਇਸ ਪੰਕਤੀ ਦਾ ਪਹਿਲਾ ਸ਼ਬਦ ‘ਸੋਚੈ’ ਪੂਰੇ "ਸ੍ਰੀ ਗੁਰੁ ਗ੍ਰੰਥ ਸਾਹਿਬ ਜੀ" ਅੰਦਰ ਕੇਵਲ ਇੱਕ ਵਾਰ ਇਸ ਹੀ ਪੰਕਤੀ ਵਿੱਚ ਲਿਖਿਆ ਮਿਲਦਾ ਹੈ। ਸੋ ਇਸ ਸ਼ਬਦ ਤੋਂ ਅਰਥ ਬੋਧ ਦਾ ਕੋਈ ਖਾਸ ਇਸ਼ਾਰਾ ਨਹੀਂ ਮਿਲਦਾ।

2) ਸੋ ਇਸ ਪੰਕਤੀ ਦਾ ਦੂਸਰਾ ਸ਼ਬਦ ‘ਸੋਚਿ’ ਹੀ ਅਰਥ ਬੋਧ ਦੀ ਕੋਈ ਸੇਧ ਦੇ ਸਕਦਾ ਹੈ।

ਆਓ ਹੁਣ ਇਸ ਅੱਖਰ ‘ਸੋਚਿ’ ਦੀ ਬੜੇ ਹੀ ਗੌਹ ਨਾਲ ਵਿਚਾਰ ਕਰਿਏ।

ਇਹ ਅੱਖਰ ਤਿੰਨ ਰੂਪਾਂ ਵਿੱਚ "ਸ੍ਰੀ ਗੁਰੁ ਗ੍ਰੰਥ ਸਾਹਿਬ ਜੀ" ਅੰਦਰ ਲਿਖਿਆ ਮਿਲਦਾ ਹੈ।

ੳ) ਸੋਚਿ (3 ਵਾਰ) ਅ) ਸੋਚੁ (1 ਵਾਰ) ੲ) ਸੋਚ (24 ਵਾਰ)

ਪਹਿਲਾਂ ‘ਸੋਚਿ’ ਅੱਖਰ ਦੀਆਂ ਪੰਕਤੀਆ ਨੂੰ ਪੜੀਏ

1) ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ (ਪੰਨਾ 1, ਜਪੁ, ਗੁਰੂ ਨਾਨਕ ਸਾਹਿਬ)

2) ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ॥ 1॥ (ਪੰਨਾ 477, ਆਸਾ ਭਗਤ ਕਬੀਰ ਜੀ)

3) ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ॥ (ਪੰਨਾ 483, ਆਸਾ ਭਗਤ ਕਬੀਰ ਜੀ)

ਇੱਥੇ ਇਹ ਗੱਲ ਵਿਚਾਰ ਯੋਗ ਹੈ ਕਿ ਭਗਤ ਕਬੀਰ ਜੀ ਦੇ ਦੋਨਾਂ ਸ਼ਬਦਾਂ ਅੰਦਰ (2 ਅਤੇ 3) ‘ਸੋਚਿ’ ਸ਼ਬਦ ਦੇ ਨਾਲ ਲਗਦਾ ਹੀ ਅਗਲਾ ਸ਼ਬਦ ਬਿਚਾਰਿ ਹੈ, ਜੋ ਇਸ ਗੱਲ ਦੀ ਸੇਧ ਦੇਂਦਾ ਹੈ ਕਿ ‘ਸੋਚਿ’ ਸ਼ਬਦ ਬਿਚਾਰਿ ਸ਼ਬਦ ਨਾਲ ਸਬੰਧਿਤ ਹੈ, ਅਤੇ ਅਰਥ ਸੋਚਣ (ਵਿਚਾਰਣ) ਦੇ ਹੀ ਹੋਣਗੇ। ਪਰੰਤੂ ਪਹਿਲਾ ਵਾਕ ਜੋ ਕੀ ਜਪੁਜੀ ਸਾਹਿਬ ਦਾ ਹੈ ਉਸ ਵਿੱਚ ‘ਸੋਚਿ’ ਸ਼ਬਦ ‘ਸੋਚੈ’ ਨਾਲ ਸਬੰਧਿਤ ਹੈ। ਸੋਚਣ ਦੇ ਅਰਥ ਕਰਣ ਦਾ ਭੁਲੇਖਾ ਭੀ ਪੈ ਸਕਦਾ ਹੈ ਜਿਵੇ ਕੀ ਗਿ: ਹਰਿਬੰਸ ਸਿੰਘ ਜੀ ਨੇ ਅਰਥ ਕੀਤੇ ਹਨ।

ਹੁਣ ‘ਸੋਚੁ’ ਅੱਖਰ ਦੀ ਪੰਕਤੀ ਨੂੰ ਪੜੀਏ

1) ਨਾ ਉਸੁ ਸੋਚੁ ਨ ਹਮ ਕਉ ਸੋਚਾ॥ (ਪੰਨਾ 390, ਆਸਾ ਮਹਲਾ 5)

ਇਸ ਸ਼ਬਦ ਅੰਦਰ ‘ਸੋਚੁ’ ਸ਼ਬਦ ਦੇ ਅਰਥ ਫਿਕਰ (ਚਿੰਤਾ) ਦੇ ਹੋਣਗੇ। ‘ਸੋਚੁ’ ਅੱਖਰ ਦਾ ਔਂਕੜ ਇਸ ਅੱਖਰ ਦਾ ਅਕਾਲ ਪੁਰਖ ਵਲ ਸਬੰਧ ਦਾ ਇਸ਼ਾਰਾ ਦਰਸਾਉਂਦਾ ਹੈ।

ਹੁਣ ‘ਸੋਚ’ ਅੱਖਰ ਦੀਆਂ ਓਹ 24 ਪੰਕਤੀਆ ਨੂੰ ਗੌਹ ਨਾਲ ਪੜੀਏ ਅਤੇ ਅਰਥਾਂ ਨੂੰ ਵਿਚਾਰੀਐ

1) ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ॥ (ਪੰਨਾ 58, ਸਿਰੀਰਾਗੁ ਮਹਲਾ 1)

2) ਮਾਲਾ ਤਿਲਕੁ ਸੋਚ ਪਾਕ ਹੋਤੀ॥ (ਪੰਨਾ 237, ਗਉੜੀ ਮਹਲਾ 5)

3) ਸੋਚ ਕਰੈ ਦਿਨਸੁ ਅਰੁ ਰਾਤਿ॥ (ਪੰਨਾ 265, ਗਉੜੀ ਸੁਖਮਨੀ ਮਹਲਾ 5)

4) ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ॥ (ਪੰਨਾ 608, ਸੋਰਠਿ ਮਹਲਾ 5)

5) ਮੀਰਾਂ ਦਾਨਾਂ ਦਿਲ ਸੋਚ॥ (ਪੰਨਾ 685, ਧਨਾਸਰੀ ਮਃ 5॥)

6) ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ॥ 6॥ (ਪੰਨਾ 902, ਰਾਮਕਲੀ ਮਹਲਾ 1)

7) ਮਨੁ ਨਹੀ ਸੂਚਾ ਕਿਆ ਸੋਚ ਕਰੀਜੈ॥ (ਪੰਨਾ 905, ਰਾਮਕਲੀ ਮਹਲਾ 1)

8) ਮਨ ਅਨਿਕ ਸੋਚ ਪਵਿਤ੍ਰ ਕਰਤ॥ (ਪੰਨਾ 1229, ਸਾਰਗ ਮਹਲਾ 5)

9) ਬਰਤ ਸੰਧਿ ਸੋਚ ਚਾਰ॥ (ਪੰਨਾ 1229, ਸਾਰਗ ਮਹਲਾ 5)

10) ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ 2॥ (ਪੰਨਾ 1266, ਰਾਗੁ ਮਲਾਰ ਮਹਲਾ 5)

11) ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ॥ 9॥ (ਪੰਨਾ 133, ਮਾਂਝ ਮਹਲਾ 5 ਘਰੁ 4)

12) ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ॥ 1॥ (ਪੰਨਾ 220, ਗਉੜੀ ਮਹਲਾ 9)

13) ਕਾਹੇ ਸੋਚ ਕਰਹਿ ਰੇ ਪ੍ਰਾਣੀ॥ (ਪੰਨਾ 285, ਗਉੜੀ ਸੁਖਮਨੀ ਮਹਲਾ 5)

14) ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ॥ (ਪੰਨਾ 345, ਗਉੜੀ ਰਵਿਦਾਸ ਜੀ)

15) ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ॥ 3॥॥ (ਪੰਨਾ 495, ਗੂਜਰੀ ਮਹਲਾ 5)

16) ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ॥ 1॥ ਰਹਾਉ॥ (ਪੰਨਾ 499, ਗੂਜਰੀ ਮਹਲਾ 5)

17) ਮਾਈ ਸੁਨਤ ਸੋਚ ਭੈ ਡਰਤ॥ (ਪੰਨਾ 529, ਦੇਵਗੰਧਾਰੀ ਮਹਲਾ 5)

18) ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ॥ (ਪੰਨਾ 595, ਸੋਰਠਿ ਮਹਲਾ 1)

19) ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ॥ (ਪੰਨਾ 658, ਸੋਰਠਿ ਰਵਿਦਾਸ ਜੀ)

20) ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ॥ (ਪੰਨਾ 671, ਧਨਾਸਰੀ ਮਃ 5)

21) ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ॥ 1॥ (ਪੰਨਾ 685, ਧਨਾਸਰੀ ਮਃ 5)

22) ਹਰਿ ਸਿਮਰਤ ਮਨੁ ਤਨੁ ਸੁਖੀ ਬਿਨਸੀ ਦੁਤੀਆ ਸੋਚ॥ (ਪੰਨਾ 926, ਰਾਮਕਲੀ ਮਹਲਾ 5)

23) ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ॥ 2॥ (ਪੰਨਾ 1008, ਮਾਰੂ ਮਹਲਾ 9)

24) ਅਬ ਕਿਆ ਸੋਚਉ ਸੋਚ ਬਿਸਾਰੀ॥ (ਪੰਨਾ 1209, ਸਾਰਗ ਮਹਲਾ 5)

ਪਹਲੀਆਂ ਦਸ ਪੰਕਤੀਆਂ (1-10) ਅੰਦਰ ‘ਸੋਚ’ ਸ਼ਬਦ ਦੇ ਅਰਥ ਸ਼ਰੀਰਕ ਸਫਾਈ ਯਾ ਪਵਿਤ੍ਰਤਾ ਵਲ ਇਸ਼ਾਰਾ ਕਰਦੇ ਹਨ। ਅਤੇ ਅਗਲੀਆਂ ਚੌਦਾਂ ਪੰਕਤੀਆਂ (11-24) ਅੰਦਰ ‘ਸੋਚ’ ਸ਼ਬਦ ਦੇ ਅਰਥ ਸੋਚਣ (ਵੀਚਾਰ) ਵਲ ਇਸ਼ਾਰਾ ਕਰ ਰਹੇ ਹਨ।

ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਇਸ ਸਿਧਾਂਤ ਨੂੰ ਕੁਛ ਹਦ ਤੱਕ ਬਿਆਨ ਕੀਤਾ ਹੈ ਅਤੇ ਲਿਖਦੇ ਹਨ "ਜਦ ‘ਸੁਚ’ ਅਰਥ ਹੋਵੇ ਤਾਂ ਪਾਠ ਵਿੱਚ ‘ਸੋਚ’ ਆਉਂਦਾ ਹੈ"। ਪਰ ਕੰਮਪਉਟਰ ਸੌਫਟਵੇਅਰ ਦੀ ਖੋਜ ਨੇ ਇਸ ਸਿਧਾਂਤ ਤੇ ਵੀ ਰੌਸ਼ਨੀ ਪਾਣ ਵਿੱਚ ਸਹਾਇਤਾ ਕੀਤੀ ਹੈ ਕਿ ‘ਸੋਚ’ ਸ਼ਬਦ ਦੇ ਅਰਥ ਜਿੱਥੇ ਸੋਚਣ (ਵੀਚਾਰ) ਦੇ ਹਨ ਉਥੇ ਸ਼ਰੀਰਕ ਸਫਾਈ ਯਾ ਪਵਿਤ੍ਰਤਾ ਦੇ ਵੀ ਹੋ ਸਕਦੇ ਹਨ।

ਸੋ ਇਸ ਖੋਜ ਦਾ ਨਤੀਜਾ ਇਹ ਨਿਕਲਿਆ ਕਿ ਮੂਲ ਸ਼ਬਦ ‘ਸੋਚ’ ਹੈ। ਜੋ ਕਿ ਇਸਤਰੀ ਲਿੰਗ ਨਾਂਵ ਹੈ ਅਤੇ ਜਪੁ ਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਇਸ ਦੇ ਅਰਥ ‘ਪਵਿਤ੍ਰਤਾ’ (purity) ਹੀ ਢੁਕਵੇ ਹਨ।

‘ਸੋਚੈ’ ਅਤੇ ‘ਸੋਚਿ’ ਇਸ ਹੀ ਅਖੱਰ ਦੇ ਦੋ ਕਿਰਿਯਾਤਮਕ (verb) ਰੂਪ ਹਨ।

ਇਸੇ ਹੀ ਪੌੜੀ ਦੀ ਇੱਕ ਹੋਰ ਪੰਕਤੀ ਵਿੱਚ "ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥"

ਵਿੱਚ ਸੋਚਣ ਦੀ ਕਿਰਯਾ ਦੇ ਹੀ ਇਸ਼ਾਰੇ ਹਨ।

ਗੁਰਜੀਤ ਸਿੰਘ

Brisbane, Australia.
.