.

ਬਾਬਿਆਂ ਦੀ ਸ਼ਕਤੀ

ਬਾਬਾ ਫੋਜਾ ਸਿੰਘ ਨੂੰ ਕਿਸੇ ਪੁਰਾਣੇ ਬੰਦੇ ਨੇ ਬੜੀ ਦਿਲਚਸਪ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਇੱਕ ਵਾਰ ਇੱਕ ‘ਸੰਤ’ ਨੇ ਅਪਣਾ ਮਹੱਲਨੁਮਾ ਡੇਰਾ ਬਣਵਾਉਂਣਾ ਸ਼ੁਰੂ ਕੀਤਾ ਪਰ ਇੱਟਾਂ ਦੀ ਬੜੀ ਮੁਸਕਲ ਆ ਰਹੀ ਸੀ। ਇੱਕ ਇੱਕ ਉਂਝ ਮਹਿੰਗੀ ਸੀ ਦੂਜਾ ਹਰੇਕ ਥਾਉਂ ਚੰਗੀ ਇੱਟ ਮਿਲਦੀ ਨਹੀ ਸੀ। ਬਾਬਿਆਂ ਅਪਣੀ ‘ਸ਼ਕਤੀ’ ਦੇ ਘੋੜੇ ਦੌੜਾਏ ਤੇ ਘੋੜੇ ਦੌੜਦੇ-ਦੌੜਦੇ ਇੱਕ ਭੱਠੇ ਵਾਲੇ ਕਾਮਰੇਡ ਕੋਲੇ ਜਾ ਕੇ ਰੁੱਕ ਗਏ। ਬਾਬੇ ਨੇ ਇਲਾਕੇ ਦੇ ਮੰਨੇ-ਦੰਨੇ ਭੱਠੇ ਵਾਲੇ ਕਾਮਰੇਡ ਨੂੰ ਸੁਨੇਹਾ ਭੇਜਿਆ ਕਿ ਬਾਬਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਉਸ ਜਵਾਬ ਦੇ ਦਿੱਤਾ ਕਿ ਮੇਰਾ ਸਾਧਾ ਕੋਲੇ ਕੀ ਕੰਮ ਮੈਂ ਤਾਂ ਕਾਮਰੇਡ ਹਾਂ। ਦੂਜੀ ਵਾਰ ਫੇਰ ਸੁਨੇਹਾ ਗਿਆ ਕਿ ਇੱਕ ਵਾਰ ਆਉ ਤਾਂ ਸਹੀ ਬਾਬਾ ਜੀ ਕੇਵਲ ਤੁਹਾਨੂੰ ਮਿਲਣਾ ਚਾਹੁੰਦੇ ਹਨ। ਕਾਮਰੇਡ ਫਿਰ ਸਿਰ ਫੇਰ ਗਿਆ। ਤੀਜੀ ਵਾਰੀ ਇਲਾਕੇ ਦੇ ਕੁੱਝ ਮੰਨੇ ਪ੍ਰਮੰਨੇ ਬੰਦੇ ਨਾਲ ਆਏ ਕਿ ਇੱਕ ਵਾਰ ਮਿਲ ਤਾਂ ਆਉ ਮਿਲਣ ਵਿੱਚ ਕੀ ਹਰਜ ਹੈ।

ਉਸ ਵੀ ਸੋਚਿਆ ਕਿ ਚਲੋ ਮਿਲਣ ਵਿੱਚ ਕੀ ਹਰਜ ਹੈ ਸਾਧ ਕਿਹੜਾ ਬਦੋਬਦੀ ਮੂੰਹ `ਚ ਪਾ ਲੈਣ ਲੱਗਾ। ਉਹ ਗਿਆ।

ਬਾਬੇ ਕਹਿੰਦੇ ਕਿ ਭਾਈ ਇੱਟਾਂ ਦਾ ਟਰੱਕ ਚਾਹੀਦਾ।

ਜਰੂਰ ਮਿਲੇਗਾ ਪਰ ਰੇਟ 4800 ਸੌ (ਉਹਨਾ ਜਮਾਨਿਆਂ ਦਾ) ਰੁ. ਹੈ।

ਬਾਬੇ ਕਹਿੰਦੇ ਆਹ ਚੱਕ 5600 ਸੌ ਤੇ ਕੱਲ ਦਿਨੇ ਟਰੱਕ ਇੱਕ ਇੱਟਾਂ ਦਾ ਸੁੱਟ ਜਾਣਾ।

ਅਗਲੇ ਦਿਨ ਗੱਲ ਧੁੰਮ ਗਈ ਕਿ ਬਾਬਾ ਜੀ ਦੀ ਸ਼ਕਤੀ ਅੱਗੇ ਕੱਟੜ ਕਾਮਰੇਡ ਵੀ ਨਹੀ ਠਹਿਰ ਸੱਕਿਆ। ਦੇਖੋ ਲੋਕੋ! ਬਾਬਾ ਜੀ ਦੀ ਵਡਿਆਈ ਨਾਸਤਿਕ ਲੋਕ ਵੀ ਝੁਕਦੇ ਹੈਨ ਬਾਬਾ ਜੀ ਦੇ ਚਰਨਾ ਵਿਚ।

ਕਹਿੰਦੇ ਨੇ ਕਿ ਤੀਜੇ ਦਿਨ ਇੱਕੇ ਦਿਨ ਵਿੱਚ 2 ਲੱਖ ਇੱਟ ਡੇਰੇ ਵਿੱਚ ਪਹੁੰਚ ਗਈ। ਮੁੱਲਖ ਦੇ ਸਿਰਾਂ ਤੇ ਇੱਟਾਂ, ਗੱਡਿਆਂ ਤੇ ਇੱਟਾਂ, ਊਠਾਂ ਤੇ ਇੱਟਾਂ, ਖੋਤਿਆਂ ਤੇ ਇੱਟਾਂ ਜਿਧਰ ਦੇਖੋ ਇੱਟਾਂ ਹੀ ਇੱਟਾਂ! ਬਾਬਿਆਂ ਦੀ ਸਕਤੀ ਪ੍ਰਤਖ ਵਰਤ ਰਹੀ ਹੈ ਜੀ, ਪ੍ਰਤਖ ਨੂੰ ਪ੍ਰਵਾਣ ਕੀ। ਹਾਂਅ! ਬਾਬਿਆਂ ਦਾ ਇੱਕ ਏਜੰਟ ਪ੍ਰਚਾਰ ਕਰ ਰਿਹਾ ਮੁਸਕੜੀਆਂ ਹੱਸ ਰਿਹਾ ਸੀ।

ਖਾਲਿਸਤਾਨ ਜਿੰਦਾਬਾਦ……. ?

ਬਾਬਾ ਫੌਜਾ ਸਿੰਘ ਇੱਕ ਸਥਾਨਕ ਗੁਰਦੁਆਰੇ ਗਿਆ। ਲੰਗਰ ਛਕਦਿਆਂ ਉਸ ਨੂੰ ਜਾਪਿਆ ਕਿ ਇੱਕ ਪਾਸੇ ਵਲ ਨੂੰ ਕਾਫੀ ਗਹਿਮਾ ਗਹਿਮ ਹੈ। ਉਸ ਸੋਚਿਆ ਸ਼ਾਇਦ ਕਿਸੇ ਤਗੜੀ ਸਾਮੀ ਦਾ ਪਾਠ ਹੋਵੇ। ਵੱਡੇ ਵੱਡੇ ਲੀਡਰ ਤਰ੍ਹਾਂ ਦੇ ਲੋਕ ਅਤੇ ਲੰਮੇ ਲੰਮੇ ਚੋਲਿਆਂ ਵਾਲੇ ‘ਮਹਾਂਪੁਰਖ’ ਵੀ ਉਧਰ ਵਲ ਨੂੰ ਵੜਦੇ ਜਾ ਰਹੇ ਸਨ। ਥੋੜੇ ਚਿਰ ਬਾਅਦ ਬਾਬੇ ਨੇ ਨੋਟ ਕੀਤਾ ਕਿ ਪ੍ਰੋਗਰਾਮ ਕੋਈ ਸ਼ਾਤੀ ਵਾਲਾ ਨਹੀ ਜਾਪਦਾ। ਅੰਦਰ ਬਾਹਰ ਉੱਡੇ ਜਿਹੇ ਮੂੰਹਾਂ ਨਾਲ ਭੰਬੀਰੀ ਵਾਂਗ ਘੁੰਮਦੇ ਲੋਕਾਂ ਤੋਂ ਜਾਪਦਾ ਸੀ ਕਿ ਅੱਜ ਬੇਲੀਂ ਖੈਰ ਨਹੀ। ਲੰਗਰ ਛੱਕਦਿਆਂ ਹੀ ਬਾਬੇ ਦੇ ਕੰਨ੍ਹੀ ਵੀ ਸੋਅ ਪੈ ਗਈ ਕਿ ਮਾਮਲਾ ਗੁਰਦੁਆਰੇ ਦੀ ਗੋਲਕ ਚੋਰੀ ਦਾ ਹੈ। ਬਾਬੇ ਸੋਚਿਆ ਕਿ ਚਲੋ ਵਿਹਲੇ ਈ ਆਂ ਅਸੀਂ ਵੀ ਚਲ ਕੇ ਓਸ ‘ਮਹਾਨ ਹਸਤੀ’ ਦੇ ਦਰਸ਼ਨ ਕਰ ਆਉਂਦੇ ਹਾਂ ਬਈ ਜਿਸ ਇੰਨ੍ਹਾ ਹੌਸਲਾ ਕੀਤਾ! ਤੇ ਬਾਬੇ ਨੇ ਵੀ ਖੀਰ ਦਾ ਆਖਰੀ ਚਿਮਚਾ ਅੰਦਰ ਸੁੱਟਦਿਆਂ ਉਧਰ ਨੂੰ ਮੂੰਹ ਚੁੱਕ ਲਿਆ!

ਅੰਦਰ ਦੇ ਹਾਲਾਤ ਬਹੁਤ ਜੰਗੀ ਸਨ। ਸਟੇਜ ਦੇ ਲਾਗੇ ਬੈਠੇ ‘ਖਾਲਸਿਆਂ’ ਦੇ ਮੂੰਹਾਂ ਤੇ ਲਾਲੀਆਂ ਇੰਝ ਚੜ੍ਹੀਆਂ ਹੋਈਆਂ ਸਨ ਜਿਵੇਂ ਅਬਦਾਲੀ ਨਾਲ ਦਸਤ ਪੰਜਾ ਲੈਣ ਆਏ ਹੋਣ। ਬਾਬੇ ਨੂੰ ਪਤਾ ਲੱਗਾ ਕਿ ਇਹ ਲਾਲੀਆਂ ਵਾਲੇ ‘ਸੂਰਮੇ’ ਚੋਰ ਜੀ ਦੇ ਹੌਸਲੇ ਬਲੁੰਦ ਕਰਨ ਆਏ ਹਨ ਕਿ ‘ਪਾਤਸ਼ਾਹੋ’ ਲਗੇ ਰਹੋ ਇਸ ‘ਭਲੇ ਕੰਮ’! ਸਾਡੇ ਹੁੰਦਿਆਂ ਕਿਹੜਾ ਮਾਈ ਦਾ ਲਾਲ ਜਿਹੜਾ ਤੁਹਾਨੂੰ ਰੋਕ ਦਏ। ਇੱਕ ‘ਬਹਾਦਰ ਸਿਪਾਹੀ’ ਤਿੰਨ ਫੁੱਟੀ ਕ੍ਰਿਪਾਨ ਘਾਤਰੇ ਪਾਈ ਇੰਝ ‘ਸੋਭ’ ਰਿਹਾ ਸੀ ਜਿਵੇਂ ਸਿੱਧਾ ਅਨੰਦਪੁਰ ਸਾਹਿਬ ਦੀ ਲੜਾਈ `ਚੋ ਆਇਆ ਹੁੰਦਾ। ਉਸ ਦੇ ਜੋਸ਼ ਤੋਂ ਜਾਪ ਰਿਹਾ ਸੀ ਕਿ ਵੱਡ ਦਿਆਂਗੇ ਜਿਹੜਾ ਚੋਰ ਜੀ ਦੇ ਖਿਲਾਫ ਬੋਲੇਗਾ! ਇੱਕ ਹੋਰ ਸਟੇਜ ਤੇ ਕਿੱਲ੍ਹਦਾ ਇੰਝ ਕਹਿ ਰਿਹਾ ਜਾਪਦਾ ਸੀ, ਦੁਸ਼ਟੋ! ਆ ਗਏ ਤੁਸੀਂ ਚੋਰ ਨੂੰ ਫੜਨ! ਤੁਸੀਂ ‘ਖਾਲਸੇ’ ਦੀ ਤਲਵਾਰ ਨਹੀ ਸੁਣੀਂ ਕਦੇ?

ਬਾਬੇ ਨੇ ਬਥੇਰੀ ਸਿਰੀ ਜਿਹੀ ਚੁੱਕ-ਚੁੱਕ ਦੇਖੀ ਕਿ ਚੋਰ ਜੀ ਦੇ ਦਰਸ਼ਨ ਹੋ ਜਾਣ ਪਰ ਹੋਏ ਨਾ ਗਰੀਬਾਂ ਨੂੰ ਉਹਦੇ ਦਰਸ਼ਨ ਹੋ ਗਏ ਮਹਿੰਗੇ! ਇੱਕ ਗੁੱਠੇ ਜਿਹੀ ਬੈਠਾ ਇਹ ‘ਜਲਾਲ’ ਦੇਖ ਰਿਹਾ ਬਾਬਾ ਸੋਚ ਰਿਹਾ ਸੀ ਕਿ ਜੇ ਇੱਕ ਚੋਰ ਵਾਸਤੇ ‘ਖਾਲਸਾ’ ਇੰਨੀ ਕੁਰਬਾਨੀ ਦੇਣ ਲਈ ਤਿਆਰ ਹੈ ਤਾਂ ਕਿਸੇ ‘ਸਾਧ’ ਲਈ ਇਹ ਕੀ ਨਹੀ ਕਰ ਸਕਦਾ ਹੋਵੇਗਾ।

ਇਸ ਰੌਲੇ ਰੱਪੇ ਵਿੱਚ ਹੀ ਪੁਲਿਸ ਨੇ ਆਣ ਘੇਰਾ ਘੱਤਿਆ। ਜੁੱਤੀਆਂ ਸਮੇਤ, ਨੰਗੇ ਸਿਰ ਤੇ ਬਾਬੇ ਦੀ ਧਾਹ ਨਿਕਲ ਗਈ ਓ ਥੋਡਾ ਕੱਖ ਨਾ ਰਹੇ ਧਰਮ ਦੇ ਠੇਕੇਦਾਰੋ! ਇੱਕ ਚੋਰ ਦੀ ਖਾਤਰ? ਬਾਬੇ ਨੂੰ ਹੋਰ ਹੈਰਾਨੀ ਉਦੋਂ ਹੋਈ ਕਿ ਜਦ ਕੋਈ ਚੋਰੀ ਉਪਰ ਚਾਨਣਾ ਪਾਉਂਣ ਲੱਗਦਾ ਤਾਂ ਜਲਾਲ ਵਿੱਚ ਆਏ ‘ਖਾਲਸੇ’ ਅਵਾਜ ਨੂੰ ਚੁੱਪ ਕਰਾਉਂਣ ਲਈ ਜੈਕਾਰੇ ਨੂੰ ਇੰਝ ਵਰਤਦੇ ਜਿਵੇਂ ਯੱਕੇ ਜਿਹੇ ਲੋਕ ਹੂੰਟਿੰਗ ਕਰ ਰਹੇ ਹੁੰਦੇ ਹਨ। ਬਾਬਾ ਹੈਰਾਨ ਸੀ ਕਿ ਕਦੇ ਇਹ ਕਿਸੇ ਨੂੰ ਚੁੱਪ ਕਰਾਉਂਣ ਲਈ ਵਾਹਿਗੁਰੂ ਜੱਪਣ ਲੱਗ ਜਾਂਦੇ ਕਦੇ ਜੈਕਾਰੇ ਤੇ ਆਖਰ ਉਹਨੀ ਖਾਲਸਤਾਨ ਦੇ ਨਾਹਰੇ ਲਾ ਕੇ ਹਲਾਤ ਹੋਰ ਵੀ ਹਾਸੋਹੀਣੀ ਕਰ ਦਿਤੀ। ਬਾਬਾ ਖਾਲਿਸਤਾਨ ਬਾਰੇ ਸੋਚਦਾ ਬਾਹਰ ਆ ਗਿਆ ਜੋ ਦੋ ਲੱਖ ਬੰਦਾ ਮਰਵਾ ਕੇ ਵੀ ਅਜਿਹੇ ਕਿਰਦਾਰਾਂ ਦੀ ਮੇਹਰਬਾਨੀ ਸਦਕਾ ਬਣ ਨਹੀ ਸੀ ਸਕਿਆ।

ਘੱਗੇ ਦੇ ਬੰਦੇ! ! !

ਬਾਬਾ ਫੌਜਾ ਸਿੰਘ ਇਤਿਹਾਸ ਵਿੱਚ ਇਹ ਤਾ ਪੜ੍ਹਦਾ ਸੀ ਕਿ ਸ੍ਰ ਹਰੀ ਸਿੰਘ ਨਲੂਆ ਅਜਿਹਾ ਸਰਦਾਰ ਹੋਇਆ ਕਿ ਪਠਾਣੀਆਂ ਅਪਣੇ ਬੱਚਿਆਂ ਨੂੰ ਚੁੱਪ ਕਰਾਉਂਣ ਲਈ ਉਸ ਦਾ ਨਾਮ ਵਰਤਿਆ ਕਰਦੀਆਂ ਸਨ ਪਰ ਉਸ ਕਦੇ ਸੋਚਿਆ ਵੀ ਨਾ ਸੀ ਕਿ ਸਿੱਖਾਂ ਵਿੱਚ ਕੋਈ ਅਜਿਹਾ ਬੰਦਾ ਵੀ ਹੋਵੇਗਾ ਜਿਸਦਾ ਨਾਮ ਸੁਣਾ ਕੇ ‘ਸੂਰਬੀਰ ਬਹਾਦਰਾਂ’ ਨੂੰ ਡਰਾ ਕੇ ਲੋਕਾਂ ਦੇ ਗੱਲ ਪਵਾਇਆ ਜਾਇਆ ਕਰੇਗਾ ਤੇ ਚੋਰਾਂ ਦੀ ਮਦਦ ਉਪਰ ਸੱਦਿਆ ਜਾਇਆ ਕਰੇਗਾ!

ਬਾਬਾ ਕੰਮ ਤੇ ਗਿਆ ਉਥੇ ਉਸਦੇ ਇੱਕ ਅਪਣੇ ਹੀ ਮਿੱਤਰ ਨਾਲ ਬਹਿਸ ਚਲ ਪਈ ਜਿਹੜਾ ਗੋਲਕ ਚੋਰ ਦੀ ਨੰਗੇ ਧੜ ਮਦਦ ਕਰਨ ਗਿਆ ਹੋਇਆ ਸੀ। ਉਹ ਮੁੱਛਾਂ ਨੂੰ ਵੱਟ ਦਿੰਦਾ ਕਹਿਣ ਲੱਗਾ ਕਿ,

ਦੇਖਿਆ ਬਾਬਾ! ਕੱਲ ਸਟੇਜ ਦੇ ਨੇੜੇ ਨਹੀ ਫੜਕਣ ਦਿੱਤੇ ਘੱਗੇ ਦੇ ਬੰਦੇ!

ਬਾਬਾ ਬੜਾ ਹੈਰਾਨ ਕਿ ਮਸਲਾ ਤਾਂ ਗੋਲਕ ਚੋਰੀ ਦਾ ਸੀ ਇਹ ਵਿੱਚ ਘੱਗਾ ਕੀ ਲੈਣ ਆਇਆ ਬਈ! ਕੀ ਘੱਗਾ ਇਥੇ ਹੀ ਰਹਿੰਦਾ? ਬਾਬੇ ਅਨਜਾਣ ਬਣਦਿਆਂ ਪੁੱਛਿਆ।

ਓ ਨਹੀ ਬਾਬਾ! ਤੈਨੂੰ ਪਤਾ ਨਹੀ ਫਿਰ, ਇਹ ਸਾਰੇ ਘੱਗੇ ਦੇ ਬੰਦੇ ਸਨ ਜਿਹੜੇ ਗੁਰਦੁਆਰੇ ਉਪਰ ਕਬਜਾ ਕਰਨਾ ਚਾਹੁੰਦੇ ਸਨ। ਇਹ ਸਾਰੀ ਆਰ. ਐੱਸ. ਐੱਸ. ਦੀ ਖੇਡ ਏ। ਹਾਂਅ!

ਇਹ ਘੱਗਾ ਕੀ ਸ਼ੈਅ ਏ ਬਈ? ਬਾਬੇ ਨੇ ਉਸ ਦੀ ਮੂਰਖਤਾ ਉਪਰ ਅਨਜਾਣਤਾ ਪ੍ਰਗਟ ਕੀਤੀ।

ਲੈ ਬਾਬਾ! ਤੈਨੂੰ ਨਹੀ ਪਤਾ? ਉਹੀ! ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਮੀਟ ਖਵਾਉਂਦਾ ਸੀ!

ਹੱਛਾ? ਇਹ ਤਾਂ ਬਹੁਤ ਮਾੜੀ ਗੱਲ ਏ ਬਈ! ਪਰ ਸ਼ੇਰਾ ਜਿਹੜੇ ‘ਬ੍ਰਹਮਗਿਆਨੀ’ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਔਰਤ ਦੀਆਂ ਕੰਧਾਂ ਟਪਾਉਂਦੇ ਅਤੇ ਗਰੀਬਾਂ ਦੀਆਂ ਪੱਗਾਂ ਲਾਹ-ਲਾਹ ਵਿਕਵਾਉਂਦੇ ਰਹੇ ਨੇ ਅਤੇ ਨਾਲੇ ਖ੍ਹੋਲਣ ਅਤੇ ਬੰਨਣ ਵਰਗੀਆਂ ਅਤੇ ਭੰਗ-ਅਫੀਮ ਛੱਕ ਕੇ ਮੰਜੇ ਤੋੜਨ ਵਰਗੀਆਂ ਅਸ਼ਲੀਲ ਕਹਾਣੀਆਂ ਵਾਲੇ ‘ਗਰੰਥ’ ਦੇ ‘ਅਖੰਡ ਪਾਠਾਂ’ ਦੀਆਂ ਹਦਾਇਤਾਂ ਕਰਦੇ ਰਹੇ ਨੇ ਉਹਨਾ ਬਾਰੇ ਕੀ ਵਿਚਾਰ ਏ? ਉਹ ਕਿਸਦੇ ਬੰਦੇ ਸਨ?

ਬਾਬਾ ਤੂੰ ਵੀ ਮੈਨੂੰ ਘੱਗੇ ਦਾ ਹੀ ਬੰਦਾ ਲੱਗਦਾ? ਤੇਰੇ ਵਰਗੇ ਨਾਸਤਿਕਾਂ ਹੀ ਕੌਮ ਦਾ ਬੇੜਾ ਗਰਕ ਕੀਤਾ ਤੇ ਉਹ ਉਥੋਂ ਝੱਗ ਜਿਹੀ ਸੁੱਟਦਾ ਮਸ਼ੀਨ ਤੇ ਜਾ ਲੱਗਿਆ।

ਬੰਦ ਬੱਤੀਆਂ!

ਬਾਬਾ ਫੋਜਾ ਸਿੰਘ ਪੰਜਾਬ ਗਿਆ ਉਸ ਦਾ ਮਿੱਤਰ, ਨਾਜਰ ਸਿਉਂ ਉਸ ਨੂੰ ਇੱਕ ਰੈਣਸਬਾਈ ਤੇ ਲੈ ਗਿਆ। ਸ਼ਾਮ ਜਿਹੀ ਨੂੰ ਕੀਰਤਨ ਸ਼ੁਰੂ ਹੋ ਗਿਆ। ਪਾਵਨ ਗੁਰਬਾਣੀ ਦੀਆਂ ਧੁੰਨਾ ਅੰਦਰ ਖੁਭਦੀਆਂ ਜਾਂਦੀਆਂ ਸਨ। ਸਾਰੇ ਗੁਰਸਿੱਖ ਅਤੇ ਬੀਬੀਆਂ ਇਕੱਠੇ ਗੁਰਬਾਣੀ ਗਾਇਨ ਕਰਦੇ ਹੋਰ ਵੀ ਪ੍ਰਭਾਵਸ਼ਾਲੀ ਜਾਪ ਰਹੇ ਸਨ। ਮਿਲਵੀਆਂ ਅਵਾਜਾਂ ਦਾ ਇੱਕ ਅਪਣਾ ਹੀ ਰਸ ਸੀ, ਵਜੂਦ ਸੀ।

ਪਰ ਜਦ ਤੜਕਾ ਜਿਹਾ ਹੋਇਆ ਤਾਂ ਸਭ ਬੱਤੀਆਂ ਬੰਦ! ਬਾਬੇ ਸੋਚਿਆ ਸ਼ਾਇਦ ਬੱਤੀ ਹੀ ਚਲੇ ਗਈ ਜਿਵੇਂ ਕਿ ਆਮ ਹੀ ਇਥੇ ਚਲੇ ਜਾਂਦੀ ਹੈ। ਪਰ ਬਾਬੇ ਨੂੰ ਪਤਾ ਲਗਾ ਕਿ ਸਿਮਰਨ ਵੇਲੇ ਬੱਤੀਆਂ ਆਪ ਹੀ ਬੰਦ ਕਰ ਦਿਤੀਆਂ ਜਾਦੀਆਂ ਹਨ। ਬਾਬਾ ਬੜਾ ਹੈਰਾਨ ਕਿ ਗੁਰੂ ਤਾਂ ਸਿੱਖ ਨੂੰ ਅੰਦਰੋਂ ਵੀ ਚਾਨਣ-ਚਾਨਣ ਕਰ ਦੇਣਾ ਚਾਹੁੰਦਾ ਪਰ ਸਿੱਖ ਉਸ ਦੇ ਬਾਹਰ ਦਾ ਚਾਨਣ ਵੀ ਬਰਦਾਸ਼ਤ ਨਹੀ ਕਰ ਰਹੇ!

ਕਿਸੇ ਬਾਬੇ ਫੋਜਾ ਸਿੰਘ ਵਰਗੇ ਨਵੇ ਆਏ ਸੱਜਣ ਨੇ ਸੋਚਿਆ ਸ਼ਾਇਦ ਕਿਸੇ ਬੱਚੇ ਨੇ ਸ਼ਰਾਰਤ ਨਾਲ ਬੱਤੀਆਂ ਬੰਦ ਕਰ ਦਿਤੀਆਂ ਹਨ। ਉਸ ਉਠ ਕੇ ਬੱਤੀਆਂ ਫਿਰ ਜਗਾ ਦਿਤੀਆਂ। ਬਾਬੇ ਦੇਖਿਆ ਕਿ ਸਿਮਰਨ ਵਿੱਚ ਲੀਨ ਸ਼ਾਂਤ ਦਿਸ ਰਹੇ ਜਥੇਦਾਰ ਦਾ ਚਿਹਰਾ ਇੱਕ ਦਮ ਅਸ਼ਾਂਤੀ ਵਿੱਚ ਬਦਲ ਗਿਆ। ਉਸ ਸਿਮਰਨ ਕਰਦੇ ਨੇ ਲਾਗੇ ਬੈਠੇ ਬੱਚੇ ਦੇ ਕੰਨ ਵਿੱਚ ਕੁੱਝ ਕਿਹਾ। ਬੱਤੀਆਂ ਫਿਰ ਬੁੱਝ ਗਈਆਂ। ਉਸੇ ਪਹਿਲੇ ਬੰਦੇ ਨੂੰ ਫਿਰ ਪ੍ਰੇਸ਼ਾਨੀ ਹੋਈ ਕਿ ਲੋਕ ਅਪਣੇ ਬੱਚਿਆਂ ਨੂੰ ਪਤਾ ਨਹੀ ਕਿਉਂ ਨਹੀ ਕੰਟਰੋਲ ਕਰਦੇ ਬੜੇ ਸੋਹਣੇ ਚਲ ਰਹੇ ਸਮੇ ਵਿੱਚ ਵਿਘਨ ਪਾ ਰਹੇ ਨੇ। ਉਸ ਭਲੇਮਾਣਸ ਨੇ ਉੱਠ ਕੇ ਬੱਤੀਆਂ ਫਿਰ ਜਗਾ ਦਿਤੀਆਂ!

ਇਸ ਵਾਰ ਜਥੇਦਾਰ ਜੀ ਹੋਰ ਵੀ ਜਿਆਦਾ ਪ੍ਰੇਸ਼ਾਨ ਸਨ। ਉਹਨਾ ਦੀ ਸ਼ਾਇਦ ‘ਲਿਵ’ ਵਿੱਚ ਵਿਘਨ ਪੈ ਰਿਹਾ ਸੀ। ਉਹਨੀ ਫਿਰ ਅਖਾਂ ਖ੍ਹੋਲ ਕੇ ਬਤੀ ਬੰਦ ਕਰਨ ਵਾਲੇ ਵਲ ਬੜਾ ਕੌੜ ਜਿਹਾ ਦੇਖਿਆ ਤੇ ਬਚੇ ਨੂੰ ਬੱਤੀਆਂ ਬੰਦ ਕਰਨ ਫਿਰ ਭੇਜ ਦਿਤਾ। ਇਹ ਸਿਲਸਿਲਾ ਤਿੰਨ ਕੁ ਵਾਰ ਚਲਿਆ ਤੇ ਆਖਰ ਕਿਸੇ ਹੋਰ ਨੇ ਬਤੀ ਜਗਾਉਂਣ ਵਾਲੇ ਨੂੰ ਰੋਕਿਆ ਕਿ ਸਿਮਰਨ ਵਿੱਚ ‘ਵਿਘਨ’ ਨਾ ਪਾਵੇ, ਤਾਂ ਇਹ ‘ਸ਼ਾਤੀਂ’ ਅਪਣੀ ਤੋਰੇ ਤੁਰੀ। ਬਾਬਾ ਇਹ ਸਾਰੀ ਕਹਾਣੀ ਨੋਟ ਕਰਦਾ ਸੋਚ ਰਿਹਾ ਸੀ ਕਿ ਇਹਨਾ ਗੁਰਮੁੱਖਾਂ ਦੀ ਇਹ ਕੈਸੀ ਲਿਵ ਹੈ ਜਿਹੜੀ ਬੱਤੀ ਦੇ ਜਗਣ ਨਾਲ ਹੀ ਟੁਟ ਜਾਂਦੀ ਹੈ ਜਦ ਕਿ ਲਿਵ ਵਾਲਿਆਂ ਦੀ ਲਿਵ ਤਾਂ ਆਰਿਆਂ-ਟੋਕਿਆਂ ਹੇਠ ਸਿਰ ਦੇ ਕੇ ਵੀ ਨਹੀ ਸੀ ਟੁਟਦੀ।

"ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ" ਦੇ ਸਬਦ ਦੀ ਟੇਕ ਬਣਾ ਕੇ ਸਿਮਰਨ ਸ਼ੁਰੂ ਹੋ ਗਿਆ। ਪਹਿਲਾਂ ਤਾਂ ਠੀਕ ਠਾਕ ਹੀ ਚਲਦਾ ਰਿਹਾ ਪਰ ਥੋੜੇ ਚਿਰ ਬਾਅਦ ਵਾਹਿਗੁਰੂ ਦਾ ਸਿਮਰਨ ਜਦ ਅਪਣੀ ਚਰਮ ਸੀਮਾ ਤੇ ਪਹੁੰਚਿਆ ਤਾਂ ਵਾਹਿਗੁਰੂ ਉਥੇ ਭਾਲਿਆ ਵੀ ਨਾ ਲੱਭੇ। ਵਾਹਿਗੁਰੂ ਜਪਣ ਵਾਲਿਆਂ ਸਾਹੋ-ਸਾਹੀ ਹੋਇਆਂ ਜਦ ਵਾਹਿਗੁਰੂ ਦਾ ਉਰੂ-ਰੂ ਉਰੂ-ਰੂ-ਉਰੂ-ਰੂ-ਰੂ-ਰੂ ਜਾਂ ਵਾਹ-ਗੂ- ਵਾਹੂ-ਗੂ ਵਾਹ-ਗੂ ਬਣਾ ਕੇ ਚਾਗਾਂ ਜਿਹੀਆਂ ਮਾਰੀਆਂ ਤਾਂ ਬਾਬਾ ਫੋਜਾ ਸਿੰਘ ਕੋਲੇ ਵਾਲੇ ਇੰਝਣ ਵਰਗੀਆਂ ਧੌਕਣੀਆਂ ਜਿਹੀਆਂ ਸੁਣ ਕੇ ਪ੍ਰੇਸ਼ਾਨ ਹੋ ਉਠਿਆ ਕਿ ਵਾਹਿਗੁਰੂ ਜੀ ਨੇ ਅਪਣਾ ਨਾਂ ਬਦਲ ਲਿਆ ਸਗੋਂ? ਹੱਦ ਹੋ ਗਈ ਬਾਕੀ ਸਿੱਖਾਂ ਨੂੰ ਵਾਹਿਗੁਰੂ ਜੀ ਨੇ ਦਸਿਆ ਹੀ ਨਹੀ।

ਬਾਹਰ ਆ ਕੇ ਬਾਬੇ ਦੇ ਮਿੱਤਰ, ਨਾਜਰ ਸਿਉਂ ਨੇ ਦਸਿਆ ਕਿ ਉਸਨੂੰ ਸਿਮਰਨ ਦਾ ਬੜਾ ਅਨੰਦ ਆਇਆ। ਬਾਬਾ ਨੇ ਕੋਈ ਹੁੰਗਾਰਾ ਨਾ ਦਿਤਾ ਤੇ ਉਸਨੂੰ ‘ਨਾਜਰ’ ਦੀ ਥਾਂ ਜਰ-ਜਰ ਜਰ-ਜਰ ਜਰ –ਜਰ ਜਰ-ਜਰ ਕਰਨ ਲਗ ਪਿਆ। ਜਦ ਚੰਗੀ ਸਪੀਡ ਫੜੀ ਗਈ ਤਾਂ ਉਸ ‘ਜ’ ਵੀ ਵੱਢ ਦਿੱਤਾ ਤੇ ‘ਅਰ-ਅਰ ਅਰ-ਅਰ ਹੀ ਰਹਿ ਗਿਆ। ਬਾਬੇ ਨੇ ਉਸਦੇ ਅੱਧੇ ਕੁ ਨਾ ਨੂੰ ਵੀ ਵੱਢ-ਟੁੱਕ ਕੇ ਜਦ ਚੰਗਾ ਵਾਹਣੀ ਪਾਇਆ ਤਾਂ ਨਾਜਰ ਸਿਉਂ ਪ੍ਰੇਸ਼ਾਨ ਹੋ ਉੱਠਿਆ, ਉਸ ਨੂੰ ਲੱਗਾ ਬਾਬੇ ਉਪਰ ਸਿਮਰਨ ਭਾਰੂ ਹੋ ਗਿਆ ਜਾਂ ਭਾਂਡਾ ਛੋਟਾ ਸੀ ਨਾਮ ਟਿਕ ਨਹੀ ਸਕਿਆ ਤੇ ਇਹ ਅਵਲੀਆਂ-ਟਵਲੀਆਂ ਮਾਰਨ ਲੱਗ ਪਿਆ ਹੈ। ਉਹ ਕਹਿਣ ਲੱਗਾ ਕਿ ਬਾਬਾ ਪਾਗਲ ਹੋ ਗਿਆਂ ਇਹ ਕੀ ਤਰੀਕਾ ਨਾਂ ਲੈਣ ਦਾ ਤੂੰ ਮਿੱਤਰਤਾ ਦਾ ਸਲੀਕਾ ਵੀ ਭੁੱਲ ਗਿਆਂ? ਉਂਝ ਤੂੰ ਠੀਕ ਹੈਂ?

ਬਾਬਾ ਹੱਸਿਆ! ਮੈਨੂੰ ਤਾਂ ਬਹੁਤ ਅਨੰਦ ਆਇਆ ਤੇਰਾ ਨਾਜਰ ਦਾ ਜਰ-ਜਰ ਤੇ ਫਿਰ ਅਰ-ਅਰ ਬਣਾ ਕੇ!

ਇਹ ਕਾਹਦਾ ਅਨੰਦ ਏ, ਤੂੰ ਤਾਂ ਮੈਨੂੰ ਟਿੱਚਰਾਂ ਕਰ ਰਿਹਾ ਏਂ! ਨਾਜਰ ਸਿੰਘ ਦੇ ਗੱਲ ਸਮਝ ਨਾ ਆਈ ਤੇ ਉਹ ਹੋਰ ਪ੍ਰੇਸ਼ਾਨ ਹੋ ਉਠਿਆ।

ਬਾਬਾ ਕਹਿਣ ਲੱਗਾ ਕਿ ਜਿਸ ‘ਵਾਹਿਗੁਰੂ’ ਨੂੰ ਬੱਤੀਆਂ ਬੁਝਾ ਕੇ ਤੂੰ ‘ਉਰੂ ਉਰੂ’ ਜਾਂ ਵਾਹ-ਗੂ ਵਾਹ-ਗੂ ਬਣਾ ਕੇ `ਚਾਗਾਂ’ ਜਿਹੀਆਂ ਮਾਰ ਕੇ ਹੌਕਦਾ ਆਇਆਂ ਉਹ ਤੇਰੇ ਤੇ ਕਿੰਨਾ ਕੁ ਖੁਸ਼ ਹੋਇਆ ਹੋਵੇਗਾ। ਉਸ ਨਾ ਕਿਹਾ ਹੋਵੇਗਾ ਕਿ ਆਹ ਕੀ ਤਰੀਕਾ ਮੇਰਾ ਨਾਂ ਲੈਣ ਦਾ ਬਈ, ਇਹ ਤੂੰ ਮੇਰਾ ਨਾਮ ਜਪ ਰਿਹਾਂ ਜਾਂ ਟਿਚਰਾਂ ਕਰ ਰਿਹਾ ਸੀ? ਨਾਜਰ ਸਿੰਘ ਨੇ ਨੀਵੀ ਪਾ ਲਈ। ਉਹ ਕੁੱਝ ਨਾ ਬੋਲਿਆ ਗਲ ਉਸ ਦੇ ਸਮਝ ਆ ਗਈ ਨਹੀ ਤਾਂ ਉਸ ਵੀ ਬਾਬੇ ਨੂੰ ਨਾਸਤਿਕ ਜਾਂ ‘ਘੱਗੇ ਦਾ ਬੰਦਾ’ ਕਹਿ ਕੇ ਗਲੋਂ ਲਾਹ ਦੇਣਾ ਸੀ।

ਸਲੂਟ

ਪਾਤਸ਼ਾਹ ਅੱਜ ਸਵੇਰੇ ਹੀ ਤੇਰੇ ਸਿੱਖਾਂ ਵਲੋਂ ਤਾਰਾਂ ਖੜਕਣ ਲਗ ਪਈਆਂ, ਜਾਪਦਾ ਧਰਤੀ ਉਪਰ ਕਿਸੇ ਡਾਹਢੀ ਮੁਸੀਬਤ ਵਿੱਚ ਨੇ ਸਿੱਖ ਤੇਰੇ। ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਧਰਤੀ ਤੋਂ ਸਿੱਖਾਂ ਦੀਆਂ ਦਿਲ ਟੁੰਬਵੀਆਂ ਅਰਜੋਈਆਂ ਦੀਆਂ ‘ਫੈਕਸਾਂ’ ਦੇਖ ਕੇ ਬੇਨਤੀ ਕਰਦੇ ਹਨ।

ਗੁਰੂ ਪਾਤਸ਼ਾਹ ਮੁਸਕਰਾਏ ਤੇ ਕਹਿਣ ਲਗੇ ਭਾਈ ਜੀ ਕਰਨੇ ਦਰਸ਼ਨ ਅਰਜੋਈਆਂ ਵਾਲੇ ਸਿੱਖਾਂ ਦੇ?

ਜੀ ਪਾਤਸ਼ਾਹ! ਕਿਉਂ ਨਹੀ, ਜਰੂਰ ਕਰਦੇ ਹਾਂ ਸਿੱਖਾਂ ਦੇ ਦਰਸ਼ਨ ਜਿਹੜੇ ਐਨੇ ਹਾਲੋਂ-ਬੇਹਾਲ ਹੋਏ ਅਰਜੋਈਆਂ ਪਏ ਕਰਦੇ ਹਨ।

ਗੁਰੂ ਜੀ ਭਾਈ ਸਾਹਬ ਨੂੰ ਇੱਕ ਕੋਰਟ ਵਿੱਚ ਲੈ ਗਏ ਜਿਥੇ ਇੱਕ ਗੁਰਦੁਆਰੇ ਦੇ ਕਬਜੇ ਦਾ ਫੈਸਲਾ ਹੋਣਾ ਸੀ। ਮੌਕਾ ਬਣਨ ਤੇ ਅਰਜੋਈਆਂ ਕਰਨ ਵਾਲੇ ਪਰ ਉਂਝ ਗੁਰਦੁਆਰੇ ਵਿੱਚ ਮੁੱਛਾਂ ਨੂੰ ਵਟ ਦੇ ਕੇ ਵਿਰੋਧੀਆਂ ਵਲ ਹਿੱਕਾਂ ਚੌੜੀਆਂ ਕਰਕੇ ਤੁਰਨ ਵਾਲੇ ‘ਸਿੱਖ’ ਵਕੀਲਾਂ ਤੇ ਜੱਜਾਂ ਅੱਗੇ ਸਰ, ਸਰ-ਸਰ, ਸਰ ਕਰਦੇ ਪੁਤਲੀਆਂ ਵਾਂਗ ਨੱਚਦੇ ਫਿਰਦੇ ਇੰਝ ਜਾਪ ਰਹੇ ਸਨ ਜਿਵੇਂ ਮੁੰਡੇ ਵਾਲੇ ਆਉਂਣ ਤੇ ਕੁੜੀ ਵਾਲੇ ਅੱਡੀਆਂ ਚੁੱਕੀ ਜੀ-ਜੀ ਕਰਦੇ ਫਿਰਦੇ ਹਨ।

ਭਾਈ ਮਰਦਾਨਾ ਜੀ ਬੜੇ ਹੈਰਾਨ ਕਿ ਇਹ ਗੁਰੂ ਜੀ ਕਿਥੇ ਲੈ ਆਏ? ਭਾਈ ਜੀ ਨੇ ਸੋਚਿਆ ਸੀ ਕਿ ਕਿਸੇ ਧਰਮਸਾਲ ਵਿੱਚ ਯਾਨੀ ਗੁਰੂ ਦੇ ਦਰ ਤੇ ਕੀਰਤਨ ਕਥਾ ਕਰ ਰਹੇ ਗੁਰਸਿੱਖਾਂ ਦੇ ਦਰਸ਼ਨ ਹੋਣਗੇ ਪਰ ਇਥੇ ਤਾਂ ਕਹਾਣੀ ਹੋਰ ਜਾਪਦੀ ਹੈ।

ਭਾਈ ਜੀ ਪੁੱਛਦੇ ਹਨ, ਗੁਰੂ ਜੀ! ਇਹਨਾ ਸਿੱਖਾਂ ਤੇਰਿਆਂ ਨੂੰ ਇਥੇ ਕਾਹਦੀ ਮੁਸੀਬਤ ਬਣੀ ਹੈ ਕਿ ਇਹ ਤੇਰਾ ਦਰ ਛੱਡਕੇ ਕਾਲੇ ਕੋਟਾਂ ਵਾਲਿਆਂ ਅੱਗੇ ਸਲੂਟ ਜਿਹ ਮਾਰਦੇ ਫਿਰਦੇ ਹਨ।

ਭਾਈ ਮਰਦਾਨਾ ਜੀ ਦਾ ਬੱਚਨ ਸੁਣ ਗੁਰੂ ਜੀ ਕਿਸੇ ਅਗੰਮੀ ਸੋਚ ਵਿੱਚ ਚਲੇ ਗਏ ਤੇ ਕਹਿਣ ਲੱਗੇ ਮਾਰਦਾਨਿਆਂ! ਰਬਾਬ ਵਜਾ ਬਾਣੀ ਪੜੀਏ। ਗੁਰੂ ਜੀ ਦੀ ਭਰਵੀਂ ਅਤੇ ਅਗੰਮੀ ਅਵਾਜ ਨਿਕਲੀ,

"ਲਬ ਕੁਤਾ, ਕੂੜ ਚੂਹੜਾ, ਠਗ ਖਾਧਾ ਮੁਰਦਾਰ"। ਵਿਸਮਾਦ ਵਿੱਚ ਆਏ ਗੁਰੂ ਜੀ ਇਹੋ ਸ਼ਬਦ ਮੁੜ ਮੁੜ ਪੜੀ ਗਏ ਪਰ ਕਬਜਿਆਂ ਦੇ ਲਬ ਨਾਲ ਲਿਬੜੇ, ਕੂੜ ਦੀਆਂ ਕੰਧਾਂ ਵਿੱਚ ਕੈਦ ਅਤੇ ਗੋਲਕਾਂ ਨਾਲ ਠਗੀਆਂ ਮਾਰਨ ਵਾਲੇ ‘ਸਿੱਖਾਂ’ ਦੇ ਕੰਨਾ ਵਿੱਚ ਗੁਰੂ ਦੀ ਇੱਕ ਅਵਾਜ ਨਾ ਪਈ ਪਰ ਜਦ ਜੱਜ ਦੀ ‘ਹਾਜਰ ਹੋ’ ਦੀ ਅਵਾਜ ਆਈ ਤਾਂ ‘ਗੁਰੂ ਕੇ ਸਿੱਖਾਂ’ ਇੱਕ ਦੂਜੇ ਤੋਂ ਵੀ ਅਗੇ ਦੌੜ ਕੇ ਨੇ ਜੱਜ ਨੂੰ ਜਾ ਸਲੂਟ ਮਾਰਿਆ।

ਮੌਤ ਦਾ ਡਰ

ਫਕੀਰ ਰੱਬ ਦੇ ਰੰਗ ਵਿੱਚ ਬੈਠਾ ਹੈ। ਹਵਾ ਦਾ ਬੁੱਲਾ ਜਿਹਾ ਆਇਆ ਤੇ ਕੋਈ ਫਕੀਰ ਦੇ ਸ੍ਹਾਮਣੇ ਆ ਕੇ ਖੜੋ ਗਿਆ।

ਕੌਣ ਏਂ ਬਈ ਤੂੰ? ਫਕੀਰ ਸੁਭਾਵਕ ਪੁੱਛਦਾ ਹੈ।

ਮੈ? ਮੈ ਮੌਤ ਹਾਂ! ਅੱਗੋਂ ਅਵਾਜ ਆਈ।

ਦਸ! ਕੀ ਸੇਵਾ ਕਰੀਏ?

ਸੇਵਾ ਨਹੀ, ਮੈਂ ਤਾਂ ਦੱਸਣ ਆਈਂ ਹਾਂ ਕਿ ਅਗਲੇ ਦਿਨਾ ਵਿੱਚ ਮੈ ਇਸ ਇਲਾਕੇ ਵਿੱਚ ਆਉਂਣ ਵਾਲੀ ਹਾਂ ਤੇ ਕਰੀਬ ਹਜਾਰ ਲੋਕਾਂ ਦੀ ਸਫ ਮੈ ਇਸ ਧਰਤੀ ਤੋਂ ਵਲੇਟ ਦਿਆਂ ਗੀ।

ਮੌਤ ਚਲੇ ਗਈ। ਕੁੱਝ ਹੀ ਦਿਨਾ ਵਿੱਚ ਸਾਰੇ ਇਲਾਕੇ ਵਿੱਚ ਮੌਤ ਘੁੰਮ ਗਈ ਪਰ ਹਜਾਰ ਦੀ ਬਜਾਇ 10 ਹਜਾਰ ਸਰੀਰ ਧਰਤੀ ਤੋਂ ਕੂਚ ਕਰ ਗਿਆ।

ਦੁਬਾਰਾ ਅਉਂਣ ਤੇ ਫਕੀਰ ਪੁਛਦਾ ਹੈ,

ਦੁਨੀਆਂ ਵਾਲੇ ਤਾਂ ਝੂਠ ਬੋਲਦੇ ਹੀ ਹਨ ਉਹਨਾ ਦੀਆਂ ਕੋਈ ਮਜਬੂਰੀਆਂ ਹੋ ਸਕਦੀਆਂ ਪਰ ਤੂੰ?

ਨਹੀ ਫਕੀਰ! ਮੈਂ ਝੂਠ ਨਹੀ ਬੋਲਿਆ, ਮੈਂ ਤਾਂ ਕੇਵਲ ਹਜਾਰ ਬੰਦਾ ਹੀ ਖੜਿਆ ਬਾਕੀ ਤਾਂ ਡਰ ਨਾਲ ਹੀ ਮਰ ਗਏ ਹਨ!

ਗੁਰਦੇਵ ਸਿੰਘ ਸੱਧੇਵਾਲੀਆ




.