.

ਇਸ ਵਿਸ਼ੇ `ਤੇ ਹੋਰ ਵੇਰਵੇ ਲਈ ਗੁਰਮਤਿ ਪਾਠ ਨੰ: ੫੯ "ਭਗਤ ਨਾਮਦੇਵ ਅਤੇ ਪੱਥਰ ਪੂਜਾ" ਪ੍ਰਾਪਤ ਹੈ ਜੀ।

"ਦੂਧੁ ਕਟੋਰੈ ਗਡਵੈ ਪਾਣੀ"

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

"ਇਕੋ ਸਬਦੁ ਵੀਚਾਰਿ" - ਗੁਰਬਾਣੀ ਦੇ ਕਿਸੇ ਅੰਗ ਦੀ ਵਿਚਾਰ ਕਰਦੇ ਸਮੇਂ ਇੱਕ ਗੱਲ ਭਲੀ ਭਾਂਤ ਸਪਸ਼ਟ ਰਹਿਣੀ ਚਾਹੀਦੀ ਹੈ ਕਿ ਬੇਸ਼ਕ ਇਥੇ ਛੇ ਗੁਰੂ ਸਰੂਪਾਂ ਸਮੇਤ ਪੈਂਤੀ ਲਿਖਾਰੀ ਹਨ, ਫ਼ਿਰ ਵੀ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ ਕਿਸੇ ਇਲਾਹੀ ਸਿਧਾਂਤ `ਤੇ ਖੜੀ ਹੈ ਅਤੇ ਉਹ ਸਿਧਾਂਤ ਹੈ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ" (ਪੰ: ੬੪੬)। ਇਸ ਦੇ ਨਾਲ ਹੀ ਸੰਪੂਰਣ ਗੁਰਬਾਣੀ ਦਾ ਆਧਾਰ ੴ ਅਥਵਾ "ਏਕੁ ਸਾਹਿਬੁ ਸਿਰਿ ਛਤੁ, ਦੂਜਾ ਨਾਹਿ ਕੋਇ" (ਪੰ: ੩੯੮) ਹੀ ਹੈ। ਇਥੇ ਕਿਸੇ ਵੀ ਪੱਥਰ-ਮੜੀ-ਕਬਰ-ਦੇਵੀ, ਦੇਵਤੇ-ਅਵਤਾਰ ਆਦਿ ਦੀ ਪੂਜਾ ਨੂੰ ਕੋਈ ਥਾਂ ਨਹੀਂ। ਫ਼ੁਰਮਾਨ ਹੈ "ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ" (ਪੰ: ੧੧੬੦) ਇਸ ਲਈ ਜੇ ਕਰ ਦਰਜ ੧੫ ਭਗਤਾਂ `ਚੋਂ ਇੱਕ ਭਗਤ ਵੀ ਪੱਥਰ ਜਾਂ ਮੂਰਤੀ ਪੂਜਕ ਹੁੰਦਾ ਤਾਂ ਉਸਦੀ ਰਚਨਾ "ਸਾਹਿਬ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਦਰਜ ਹੀ ਨਹੀਂ ਸੀ ਹੋ ਸਕਦੀ।

"ਬਾਣੀ ਉਚਰਹਿ ਸਾਧ ਜਨ" - ਖੁਦ ਨਾਮਦੇਵ ਜੀ ਦੇ ਹੀ ੬੧ ਸ਼ਬਦ ਆਏ ਹਨ, ਫ਼ਿਰ ਵੀ ਸਾਨੂੰ ਉਹਨਾਂ ਦੇ ਸ਼ਬਦ "ਦੂਧੁ ਕਟੋਰੈ. ." ਵਲ ਵਿਸ਼ੇਸ਼ ਧਿਆਣ ਦੇਣਾ ਪਿਆ ਤਾਂ ਕਿਉਂ? ਕਾਰਣ ਹੈ ਕਿ "ਦੀਪਕੁ ਸਬਦਿ ਵਿਗਾਸਿਆ, ਰਾਮ ਨਾਮੁ ਉਰ ਹਾਰੁ" (ਪੰ: ੫੪) ਅਨੁਸਾਰ ‘ਗੁਰਬਾਣੀ’ ਦੇ ਪ੍ਰਕਾਸ਼ ਨਾਲ, ਜਿਨ੍ਹਾਂ ਦੀਆਂ ਝੂਠ-ਪਾਖੰਡ ਦੀਆਂ ਹਜ਼ਾਰਾਂ ਸਾਲਾਂ ਤੋਂ ਦੁਕਾਨਾਂ ਚਲਦੀਆਂ ਆ ਰਹੀਆਂ ਸਨ, ਬੰਦ ਹੋਣਾ ਨਿਸ਼ਚਤ ਸੀ। ਉਹ ਨਹੀਂ ਸਨ ਬ੍ਰਦਾਸ਼ਤ ਕਰ ਸਕਦੇ ਕਿ ਗੁਰਮਤਿ ਦਾ ਪ੍ਰਕਾਸ਼ ਫੈਲੇ ਅਤੇ ਉਹਨਾਂ ਦੀਆਂ ਦੁਕਾਨਾਂ ਬੰਦ ਹੋਣ। ਇੱਕ ਪਾਸੇ ਇਹਨਾ ਵਿਰੋਧੀਆਂ ਨੇ ਵਾਹ ਲਗਦੇ ਗੁਰਬਾਣੀ `ਚੋਂ ਪੌਰਾਣਿਕ ਮਿਸਾਲਾਂ ਨੂੰ ਮੋੜ-ਤਰੋੜ ਕੇ ਆਪਣੇ ਢੰਗ ਨਾਲ ਵਰਤਿਆ, ਜਿਸ ਤੋਂ ਗੁਰਬਾਣੀ ਅਰਥਾਂ `ਚ ਭਰਵਾਂ ਰਲਾ ਪਾਇਆ ਗਿਆ। ਨਾਲ ਹੀ ਗੁਰਬਾਣੀ ਵਿਚਲੇ ਭਗਤਾਂ ਬਾਰੇ ਵੀ ਊਲ-ਜਲੂਲ ਮਨਘੜਤ ਕਹਾਣੀਆਂ ਪ੍ਰਚਲਤ ਕੀਤੀਆਂ ਅਤੇ ਭਗਤ ਮਾਲਾਵਾਂ ਆਦਿ ਰਸਤੇ ਪੰਥ ਨੂੰ ਗੁਰਬਾਣੀ ਜੀਵਨ ਤੋਂ ਤੋੜਣ ਲਈ ਭਰਵਾਂ ਕੰਮ ਕੀਤਾ। ਚੇਤੇ ਰਹੇ! "ਬਾਣੀ ਉਚਰਹਿ ਸਾਧ ਜਨ" ਅਮਿਉ ਚਲਹਿ ਝਰਣੇ (ਪੰ: ੩੨੦) ਜਿਸ ਹਿਰਦੇ ਘਰ `ਚ ਬਾਣੀ ਅੰਮ੍ਰਿਤ ਦਾ ਇੱਕ ਵਾਰੀ ਪ੍ਰਕਾਸ਼ ਹੋ ਜਾਵੇ ਉਥੇ ਝੂਠ ਦੇ ਪਲੰਦੇ ਬਹੁਤੀ ਦੇਰ ਆਪਣਾ ਅਸਰ ਕਾਇਮ ਨਹੀਂ ਰਖ ਸਕਦੇ।

"ਇਹ ਬਿਧਿ ਸੁਨਿ ਕੈ ਜਾਟਰੋ. ."-ਮਿਸਾਲ ਵਜੋਂ ਧੰਨਾ ਜੀ ਰਾਹੀਂ ਕਿਸੇ ‘ਪੰਡਿਤ ਕੋਲੋਂ ਇੱਕ ਪੱਥਰ ਲਿਆ ਕੇ ਉਸ ਚੋਂ ‘ਅਖੌਤੀ’ ਭਗਵਾਨ ਪ੍ਰਗਟ ਕਰਣ ਵਾਲੀ ਕਹਾਣੀ ਅਜੇਹੀ ਪ੍ਰਚਲਤ ਸੀ ਕਿ ਜਿਸ ਦੇ ਖੰਡਣ ਲਈ, ਗੁਰਬਾਣੀ ਰਚਨਾ ਸਮੇਂ ਪੰਜਵੇਂ ਪਾਤਸ਼ਾਹ ਨੂੰ "ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ" (ਪੰ: ੪੮੭) ਵਾਲੇ ਸ਼ਬਦ ਦੇ ਉਚਾਰਣ ਦੀ ਲੋੜ ਪਈ। ਸ਼ਬਦ ਦੀ ਸਮਾਪਤੀ `ਤੇ "ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ"। ਇਸ ਸ਼ਬਦ `ਚ ਗੁਰਦੇਵ ਨੇ ਧੰਨਾ ਜੀ ਦੇ ਸਤਸੰਗੀਆਂ ਦਾ ਵੇਰਵਾ ਵੀ ਦਿੱਤਾ, ਜਿਨ੍ਹਾਂ ਦੇ ਸਾਥ ਦੀ ਗੱਲ, ਧੰਨਾ ਜੀ ਆਪ ਆਪਣੇ ਸ਼ਬਦ `ਚ ‘ਸੰਤ ਸਮਾਨਿਆ’ ਕਹਿ ਕੇ ਕਰ ਰਹੇ ਹਨ ਜਿਵੇਂ "ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ" ਧੰਨਾ ਜੀ ਤਾਂ ਕਿਹ ਰਹੇ ਹਨ, ਮੈਨੂੰ ਸੰਤ ਜਨਾ ਦੀ ਸੰਗਤ `ਚ ਆ ਕੇ ਪ੍ਰਭੂ ਦੀ ਸੋਝੀ ਹੋਈ। ਜਦਕਿ ਸ਼ਰਾਰਤੀ-ਵਿਰੋਧੀ ਪ੍ਰਚਾਰ ਰਹੇ ਹਨ ਕਿ ਧੰਨਾ ਜੀ ਨੇ ਪੰਡਿਤ ਦੇ ਦਿੱਤੇ ਪੱਥਰ ਚੋਂ ‘ਭਗਵਾਨ’ ਨੂੰ ਪ੍ਰਗਟ ਕੀਤਾ। ਸੁਆਲ ਪੈਦਾ ਹੁੰਦਾ ਹੈ, ਸੱਚੀ ਗੱਲ ਕਿਸ ਦੀ ਹੋ ਸਕਦੀ ਹੈ, ਉਸ ਦੀ ਜਿਸ ਦੇ ਕਿ ਜੀਵਨ ਦੀ ਘਟਨਾ ਹੈ, ਨਾ ਕਿ ਜਾਂ ਜਿਸ ਦਾ ਪ੍ਰਚਾਰ ਵਿਰੋਧੀ ਰਹੇ ਹਨ? ਹੋਰ ਲਵੋ! ਇਥੇ ਗੁਰਦੇਵ ਨੇ ਜਦੋਂ ਧੰਨਾ ਜੀ ਬਾਰੇ ਆਪਣਾ ਫ਼ੈਸਲਾ ਦਿੱਤਾ ਤਾਂ ਨਾਲ ਹੀ ਨਾਮਦੇਵ, ਕਬੀਰ, ਰਵੀਦਾਸ, ਸੈਣ ਦੇ ਨਾਮ ਲੈ ਕੇ ਵੀ ਸਪਸ਼ਟ ਕੀਤਾ ਕਿ ਇਹਨਾ ਸਾਰਿਆਂ ਨੇ ਵੀ ਪ੍ਰਭੂ ਨਾਲ ਜੁੜ ਕੇ ਹੀ ਜੀਵਨ ਸਫ਼ਲ ਕੀਤੇ। ਇਹਨਾ `ਚ ਹੀ ਇੱਕ ਨਾਮਦੇਵ ਵੀ ਹਨ, ਫ਼ਿਰ ਕਿੱਥੇ ਗਿਆ ‘ਪੱਥਰ ਨੂੰ ਦੁਧ ਪਿਆਉਣਾ’।

ਭਾਈ ਗੁਰਦਾਸ ਜੀ ਅਤੇ ਇਹ ਸ਼ਬਦ? -ਭਗਤ ਨਾਮਦੇਵ ਬਾਰੇ ਜੋ ਕਹਾਣੀ ਪ੍ਰਚਲਤ ਸੀ ਉਸ ਦਾ ਜ਼ਿਕਰ ਦਸਵੀਂ ਵਾਰ ਪਉੜੀ ੧੧ `ਚ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੈ "ਕੰਮ ਕਿਤੇ ਪਿਉ ਚੱਲਿਆ, ਨਾਮਦੇਵ ਨੋਂ ਆਖਿ ਸਿਧਾਯਾ॥ ਠਾਕੁਰ ਦੀ ਸੇਵਾ ਕਰੀ, ਦੁਧ ਪਿਆਵਣ ਕਹਿ ਸਮਝਾਇਆ॥ ਨਾਮਦੇਉ ਇਸ਼ਨਾਨ ਕਰਿ, ਕਪਲ ਗਾਇ ਦੁਹਿ ਕੈ ਲੈ ਆਇਆ॥ ਠਾਕੁਰ ਨੋਂ ਨ੍ਹਵਾਲ ਕੈ, ਚਰਣੋਦਕ ਲੈ ਤਿਲਕੁ ਚੜਾਇਆ॥ ਹਥ ਜੋੜਿ ਬਿਨਤੀ ਕਰੇ, ਦੂਧ ਪੀਅਹੁ ਜੀ ਗੋਬਿੰਦ ਰਾਯਾ॥ ਨਿਹਚਉ ਕਰਿ ਆਰਾਧਿਆ, ਹੋਇ ਦਿਆਲ ਦਰਸ ਦਿਖਲਾਯਾ॥ ਭਰੀ ਕਟੋਰੀ ਨਾਮਦੇਵ, ਲੈ ਠਾਕੁਰ ਨੋਂ ਦੁਧੁ ਪੀਆਯਾ॥ . . …. . ਭਗਤ ਜਨਾ ਦਾ ਕਰੇ ਕਰਾਯਾ॥" ਧਿਆਣ ਦੇਣ ਦੀ ਲੋੜ ਹੈ, ਭਾਈ ਗੁਰਦਾਸ ਵਰਗਾ ਮਹਾਨ ਵਿਦਵਾਨ, ਗੁਰਬਾਣੀ ਦਾ ਵਿਆਖਾਕਾਰ, ਆਲਿਮ-ਫ਼ਾਜ਼ਿਲ ਇਹੋ ਜਹੀ ਕੱਚੀ ਸ਼ਰਾਰਤ ਭਰੀ, ਵਿਰੋਧੀਆਂ ਰਾਹੀ ਪ੍ਰਚਲਤ ਕਹਾਣੀ ਦੀ ਕਦੇ ਤਸਦੀਕ ਨਹੀਂ ਕਰ ਸਕਦਾ, ਵਿਚਾਰਣ ਦਾ ਵਿਸ਼ਾ ਹੈ ਕਿ ਤਾਂ ਮਾਜਰਾ ਹੈ ਕੀ?

ਚੇਤੇ ਰਹੇ! ਭਾਈ ਸਾਹਿਬ ਦੀ ਇਸ ਸਾਰੀ ਵਾਰ ਦਾ ਮਜ਼ਮੂਨ, ਨਾ ਹੀ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਹੈ ਤੇ ਨਾ ਇਤਿਹਾਸ। ਇਸ ਵਾਰ ਦਾ ਮਜ਼ਮੂਨ ਹੀ ਮੂੰਹ ਚੜੀਆਂ ਜਾਂ ਮਿਥਿਹਾਸਕ ਹਵਾਲੇ ਹਨ, ਠੀਕ ਉਸੇ ਤਰ੍ਹਾਂ ਜਿਵੇਂ ਅੱਜ ਵੀ ਕਿਸੇ ਗੁਰਬਾਣੀ ਵਿਆਖਿਆਕਾਰ ਨੂੰ ਸੰਬਧਿਤ ਭਗਤਾਂ ਦੀ ਗੱਲ ਕਰਣ ਸਮੇਂ ਪਹਿਲਾਂ ਅਜੇਹੇ ਪ੍ਰਚਲਣਾ, ਮੂੰਹ ਚੜ੍ਹੀਆਂ ਦਾ ਹੀ ਹਵਾਲਾ ਦੇਣਾ ਹੁੰਦਾ ਹੈ। ਦਰਅਸਲ ਭਾਈ ਸਾਹਿਬ ਨੇ ਤਾਂ ਇਸ ਵਾਰ ਰਾਹੀਂ ਕੌਮ `ਤੇ ਵੱਡਾ ਇਹਸਾਨ ਕੀਤਾ ਹੈ ਜੋ ਅਜੇਹੇ ਸਾਰੇ ਮਿਥਿਹਾਸਕ ਹਵਾਲੇ, ਮੂੰਹ-ਚੜੀਆਂ ਇਕੋ ਜਗ੍ਹਾ ਇਕਤ੍ਰ ਕਰ ਕੇ ਦੇ ਦਿੱਤੀਆਂ ਹਨ। ਇਸ ਲਈ, ਇਸ ਪੂਰੀ ਵਾਰ ਦਾ ਗੁਰਬਾਣੀ ਸਿਧਾਂਤ ਦੀ ਵਿਆਖਿਆ ਜਾਂ ਇਤਿਹਾਸ ਨਾਲ ਉੱਕਾ ਸੰਬੰਧ ਹੈ ਹੀ ਨਹੀਂ। ਵੱਡੀ ਲੋੜ ਹੈ ਤਾਂ ਸਾਡੇ ਉਹਨਾਂ ਰਾਗੀ, ਢਾਡੀ, ਪ੍ਰਚਾਰਕਾਂ ਨੂੰ ਜਾਗਣ ਦੀ ਜੋ ਦਿਨ ਦੀਵੀਂ ਇਸ ਵਾਰ ਦੀ ਅਸਲੀਅਤ ਨੂੰ ਸਮਝੇ ਬਿਨਾ, ਕੌਮ ਨੂੰ ਗੁਰਬਾਣੀ ਦੇ ਅੰਮ੍ਰਿਤ ਰਸ ਤੋਂ ਤੋੜਣ ਵਾਲਾ ਬਜਰ ਗੁਣਾਹ ਕਰ ਰਹੇ ਹਨ।

ਮਿਸਾਲ ਵਜੋਂ ਪਿਛਲੇ ਦਿਨਾਂ `ਚ ਇਥੋਂ ਤੀਕ ਹੱਦ ਹੋ ਗਈ ਜਦੋ ਸਾਡੇ ਮੰਨੇ ਪ੍ਰਮੰਨੇ ਰਾਗੀ ਵੀ ਇਸ ਵਾਰ ਚੋਂ ‘ਕ੍ਰਿਸ਼ਨ ਸੁਦਾਮਾ’ ਵਾਲੇ ਹਵਾਲੇ ਨੂੰ ‘ਹਰਿ ਜੀ ਆਏ, ਹਰਿ ਜੀ ਆਏ’ ਦੀ ਟੇਕ ਬਣਾ ਕੇ ਕਈ ਦਿਨ ਤੀਕ ਬਲਕਿ ਇਤਿਹਾਸਕ ਕੇਂਦਰਾਂ ਦੇ ਬੈਠ ਕੇ, ਗੁਰਬਾਣੀ ਤੁਲ ਉਚਾਰਣ ਕਰਦੇ ਰਹੇ। ਇਸੇ ਤਰ੍ਹਾਂ ਸਾਡੇ ਹੀ ਇੱਕ ਨਾਮਵਰ ਕਥਾਵਾਚਕ ਵੀ ਆਪਣੀ ਕਥਾ `ਚ ਇਸੇ ਅਤੇਕੁਝ ਹੋਰ ਹਵਾਲਿੇਆਂ ਨੂੰ ਇਸ ਤਰ੍ਹਾਂ ਵਰਤਦੇ ਰਹੇ ਜਿਵੇਂ, ਕੋਈ ਇਤਿਹਾਸ ਸੁਨਾ ਰਹੇ ਹੋਣ। ਧਿਆਣ ਰਹੇ! ਭਾਈ ਸਾਹਿਬ ਦੀ ਇਹ ਦਸਵੀਂ ਵਾਰ ਨਾ ਹੀ ਤਾਂ ਉਹਨਾਂ ਦੀਆਂ ਬਾਕੀ ਵਾਰਾਂ ਵਾਂਙ ਗੁਰਮਤਿ ਸਿਧਾਂਤਾ ਦੀ ਵਿਆਖਿਆ ਹੈ ਅਤੇ ਨਾ ਇਤਿਹਾਸ। ਇਹ ਕੇਵਲ ਲੋਕਾਂ ਦੀਆਂ ਮੂੰਹਚੜੀਆਂ ਜਾਂ ਮਿਥਿਹਾਸਕ ਹਵਾਲੇ ਹੀ ਹਨ ਜਿਵੇਂ ਧਰੁਵ, ਦਰੋਪਦੀ, ਪ੍ਰਹਿਲਾਦ, ਬਾਮਨ ਅਵਤਾਰ, ਧੰਨਾ, ਰਵੀਦਾਸ, ਨਾਮਦੇਵ ਆਦਿ ਤੇ ਹੋਰ ਬਹੁਤੇਰੇ।

ਹਰਿ ਕਾ ਦਰਸਨੁ ਭਇਆ" - ਦਰਅਸਲ ਨਾਮਦੇਵ ਜੀ ਦਾ ਇਹੀ ਸ਼ਬਦ ਹੈ ਜਿਸਦੇ ਅਰਥਾਂ ਨੂੰ ਗੁਰਬਾਣੀ ਸਿਧਾਂਤਾਂ ਤੋਂ ਦੂਰ, ਵਿਰੋਧੀਆਂ ਨੇ ਤੋੜ ਮਰੋੜ ਕੇ ਬਨਾਵਟੀ ਕਹਾਣੀ ਪ੍ਰਚਲਤ ਕੀਤੀ। ਸ਼ਬਦ ਹੈ, "ਦੂਧੁ ਕਟੋਰੈ ਗਡਵੈ ਪਾਣੀ॥ ਕਪਲ ਗਾਇ ਨਾਮੈ ਦੁਹਿ ਆਨੀ॥   ॥ ਦੂਧੁ ਪੀਉ ਗੋਬਿੰਦੇ ਰਾਇ॥ ਦੂਧੁ ਪੀਉ ਮੇਰੋ ਮਨੁ ਪਤੀਆਇ॥ ਨਾਹੀ ਤ ਘਰ ਕੋ ਬਾਪੁ ਰਿਸਾਇ॥   ॥ ਰਹਾਉ॥ ਸ+ਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ॥   ॥ ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ॥   ॥ ਦੂਧੁ ਪੀਆਇ ਭਗਤੁ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ)॥ ੪॥ (ਪੰ: ੧੧੬੩) ਤਾਂ ਤੇ ਸ਼ਬਦ ਦੇ ਠੀਕ ਅਰਥਾਂ ਨੂੰ ਸਮਝਣ ਲਈ, ਭਗਤ ਜੀ ਰਾਹੀਂ ਵਰਤੇ ਪ੍ਰਤੀਕਾਂ ਨੂੰ ਸਮਝਣ ਦੀ ਲੋੜ ਹੈ। ਜਦਕਿ ਸੰਪੂਰਣ ਗੁਰਬਾਣੀ ਖਜ਼ਾਨੇ `ਚ ਤਾਂ ਹੋਰ ਵੀ ਅਨੇਕਾਂ ਅਜੇਹੇ ਸ਼ਬਦ ਮੋਜੂਦ ਹਨ ਜੋ ਪ੍ਰਤੀਕਾਂ ਨਾਲ ਭਰਪੂਰ ਹਨ।

"ਦੂਧੁ ਕਟੋਰੈ. ." ਸ਼ਬਦ `ਚ ਰੂਪਕ ਅਲੰਕਾਰ- (੧) ਬਾਣੀ ‘ਜਪੁ’ ਪਉੜੀ ੨੮-੩੨, ਜੋਗੀਆਂ ਰਾਹੀਂ ਉਪਰੀ ਚਿੰਨਾਂ ਨੂੰ ਧਰਮ ਮੰਨ ਲੈਣ ਵਾਲੇ ਵਿਸ਼ਵਾਸ ਤੋਂ ਉਹਨਾਂ ਨੂੰ ਕੱਢਣ ਲਈ-ਮੁੰਦ੍ਰਾਂ, ਝੋਲੀ, ਪੱਤ, ਡੰਡਾ, ਆਈ ਪੰਥੀ, ਭੁਗਤਿ, ਭੰਡਾਰਣ, ਅਨਹਦ ਨਾਦ, ਬਿਭੂਤ, ਆਈ ਪੰਥ ਆਦਿ (੨) ‘ਦੀਵਾ ਮੇਰਾ ਏਕੁ ਨਾਮੁ’ (ਪੰ: ੩੫੮) ਸ਼ਬਦ `ਚ ਦੀਵਾ, ਪਿੰਡ, ਪੱਤਲ, ਕਿਰਿਆ, ਗੰਗ, ਬਨਾਰਸ ਆਦਿ (੩) ‘ਸੂਤਕ’ ਦਾ ਭਰਮ ਤੋੜਣ ਲਈ ਸੂਤਕ ਨਾਲ ਸੰਬੰਧਤ ਸ਼ਬਦਾਵਲੀ (ਪੰ: ੪੭੨) (੪) ਜਨੇਊ ਦੇ ਖੋਖਲੇਪਣ ਤੋਂ ਸੁਚੇਤ ਕਰਣ ਲਈ ਜਨੇਊ ਦੀ ਹੀ ਸ਼ਬਦਾਵਲੀ "ਕਪਾਹ, ਸੂਤੁ, ਜਤ, ਗੰਢੀ, ਵੱਟ ਆਦਿ (ਪੰ: ੪੭੧) (੫) ਕਿਰਸਾਨੀ, ਦੁਕਾਨਦਾਰੀ, ਸੌਦਾਗਰੀ, ਚਾਕਰੀ `ਚ ਲਗੀ ਲੋਕਾਈ ਨੂੰ ਪ੍ਰਭੂ ਨਾਲ ਜੁੜਣ ਦੀ ਸੇਧ ਦੇਣ ਲਈ, ਉਹਨਾਂ ਦੇ ਹੀ ਕਿੱਤਿਆਂ ਦੀ ਸ਼ਬਦਾਵਲੀ "ਹਲ, ਬੀਜ, ਸੁਹਾਗਾ, ਹੱਟ, ਭਾਂਡਸਾਲ, ਸਉਦਾਗਰੀ, ਘੋੜੇ, ਖਰਚ ਆਦਿ (ਪੰ: ੫੯੫) (੬) ਕੱਚੀਆਂ ਆਰਤੀਆਂ ਦੇ ਵਿਸ਼ਵਾਸਾਂ ਚੋਂ ਕੱਢਣ ਲਈ "ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ" ਵਾਲਾ ਸ਼ਬਦ (ਪੰ: ੧੨) (੭) "ਕਰਤਾ ਤੂ ਮੇਰਾ ਜਜਮਾਨੁ" (ਪੰ: ੧੩੨੯) ਵਾਲੇ ਸ਼ਬਦ `ਚ "ਚਾਵਲ, ਕਣਕ, ਦੂਧੁ, ਘੀਉ, ਗਊ ਲਵੇਰੀ, ਬਛਰਾ, ਖੀਰੁ" ਆਦਿ ਪ੍ਰਤੀਕ ਅਥਵਾ ਰੂਪਕ ਹੀ ਵਰਤੇ ਹਨ ੳਤੇ ਹੋਰ ਅਨੇਕਾਂ ਸ਼ਬਦ।

ਕਾਵ ਰਚਨਾ ਦੇ ਇਸ ਢੰਗ ਨੂੰ, ਕਾਵ ਬੋਲੀ `ਚ ਰੂਪਕ ਅਲੰਕਾਰ ਕਿਹਾ ਹੈ। ਜਦੋਂ ਕਿਸੇ ਵੀ ਦੇਣ ਨੂੰ, ਦੂਜੇ ਦੀਆਂ ਕਰਣੀਆਂ-ਵਿਸ਼ਵਾਸਾਂ ਵਾਲੀ ਬੋਲੀ `ਚ, ਉਸਦੇ ਮੂਲ ਅਰਥਾਂ ਤੋਂ ਬਦਲਵੇਂ ਅਰਥਾਂ `ਚ ਦੇਣਾ। ਇਸੇ ਤਰ੍ਹਾਂ ਸੰਬੰਧਤ ਸ਼ਬਦ `ਚ ਵੀ ਭਗਤ ਜੀ ਨੇ ਇੱਕ ਪੱਥਰ ਦੇ ਪੁਜਾਰੀ ਨੂੰ ਉਸੇ ਦੇ ਪੂਜਾ ਵਾਲੀ ਬੋਲੀ `ਚ ਕੇਵਲ ਪ੍ਰਤੀਕ (ਬਦਲਵੇਂ ਲਫ਼ਜ਼) ਵਰਤ ਕੇ ਸਮਝਾਇਆ ਤੇ ਉਸਨੂੰ ਅਗਿਆਣਤਾ `ਚੋਂ ਸੁਚੇਤ ਕਰ ਕੇ ਸਦਾ ਥਿਰ ਪ੍ਰਭੂ ਨੂੰ ਪਾਉਣ ਦੀ ਜਾਚ ਸਿਖਾਈ ਹੈ।

ਸ਼ਬਦ `ਚ ਆਏ ਪ੍ਰਤੀਕ- (ਸ਼ਬਦ-ਅਰਥ ਸਹਿਤ) - ਦੂਧੁ-ਨਾਮ ਅੰਮ੍ਰਿਤ ਰੂਪੀ ਦੁਧ; (ਦੂਧੁ ਦੇ ‘ਧ’ ਹੇਠਾਂ (-) ਵਿਸ਼ੇਸ਼ ਇਕੋ ਦੁੱਧ ਦੀ ਗੱਲ ਹੈ, ਇਥੇ ਭਿੰਨ ਭਿੰਨ ਦੁੱਧਾਂ ਦੀ ਗੱਲ ਨਹੀਂ। ਕਟੋਰਾ-ਮਨ ਰੂਪੀ ਕਟੋਰਾ, ਗਡਵੈ-ਸਰੀਰ ਰੂਪੀ ਗਡਵਾ, ਗਡਵੈ ਪਾਣੀ- ਸਰੀਰ ਗਡਵੇ `ਚ ਉੱਦਮ ਰੂਪ ਪਾਣੀ, ਕਪਲ ਗਾਇ- ਬੇਅੰਤ ਸਰੀਰਾਂ `ਚੋਂ, ਪ੍ਰਭੂ ਦੀ ਸਿਫਤ ਸਲਾਹ ਨਾਲ ਭਰਪੂਰ ਮਨੁੱਖਾ ਸਰੀਰ; ਜਿਵੇਂ "ਖਿਮਾ ਧੀਰਜੁ ਕਰਿ ਗਊ ਲਵੇਰੀ, ਸਹਜੇ ਬਛਰਾ ਖੀਰੁ ਪੀਐ" (ਪੰ: ੧੩੨੯) ਇਥੇ ਵੀ ਦੁਧ, ਗਊ ਲਵੇਰੀ, ਆਦਿ ਉਹੀ ਪ੍ਰਤੀਕ ਹਨ। ਦੁਹਿ ਆਨੀ- ਜਿਵੇਂ ਦੁਧ ਚੋਣ ਤੋਂ ਪਹਿਲਾਂ ਜਾਨਵਰ ਦੇ ਥਨਾਂ ਨੂੰ ਧੋ ਕੇ ਸਾਫ਼ ਕਰੀਦਾ ਹੈ ਤਿਵੇਂ ਜੀਵਨ ਨੂੰ ਵਿਕਾਰਾਂ-ਮਾਇਕ ਚਪੇਟਾਂ ਤੋਂ ਬਚਾ ਕੇ ਪ੍ਰਭੂ ਦੀ ਸਿਫਤ ਸਲਾਹ ਨਾਲ ਸੁਅਛ ਕਰਣਾ॥ ੧॥ ਪਤੀਆਇ-ਧੀਰਜ ਆ ਜਾਵੇ, ਤਸੱਲੀ ਹੋ ਜਾਵੇ ( "ਤ੍ਰਿਸਨਾ ਬੁਝੈ, ਹਰਿ ਕੈ ਨਾਮਿ" ) ਟਿਕਾਅ ਆ ਜਾਏ; ਘਰ ਕੋ ਬਾਪੁ-ਸਰੀਰ ਦੀ ਮਾਲਕ ਆਤਮਾ (ਦੁਨੀਆਵੀ ਬਾਪ ਕਦੇ ਸਾਰੇ ਪ੍ਰਵਾਰ ਦਾ ਕੋਈ ਨਹੀਂ ਹੁੰਦਾ); ਰਿਸਾਇ-ਦੁਖੀ ਹੋਵੇਗਾ॥ ੧॥ ਰਹਾਉ॥ ਸ+ਇਨ ਕਟੋਰੀ- ਪ੍ਰਭੂ ਨਾਮ ਨਾਲ ਬਿਨਾ ਖੋਟ ਸੋਨੇ ਵਾਂਙ ਪਵਿੱਤ੍ਰ ਕੇਂਦ੍ਰਿਤ ਹੋ ਚੁੱਕਾ ਮਨ; ਭਿੰਨ ਭਿੰਨ ਦੀ ਪੂਜਾ-ਅਰਚਾ, ਮੋਹ ਮਾਇਆ ਵਿਕਾਰਾਂ `ਚ ਉਲਝਿਆ ਰਹਿ ਚੁਕਾ ਮਾਨੋ ਕਟੋਰੇ ਤੋਂ ਛੋਟੀ ਕਟੋਰੀ ਬਣ ਚੁਕਾ ਮਨ ਜਿਵੇਂ "ਮਨੁ ਭਇਓ ਪੰਗੁ" (ਪੰ: 1195) ਸੁੰਗੜ ਕੇ ਪ੍ਰਭੂ ਪਿਆਰ `ਤੇ ਕੇਂਦ੍ਰਤ ਹੋ ਚੁਕਾ ਮਨ। (ਇਸੇ ਤਰ੍ਹਾਂ ਇੱਕ ਹੋਰ ਸ਼ਬਦ `ਚ ਨਾਮਦੇਵ ਜੀ ‘ਸ+ਇਨ ਕੀ ਸੂਈ, ਰੁਪੈ ਕਾ ਧਾਗਾ’ ਦੋਹਾਂ ਸ਼ਬਦਾਂ ਦਾ ਕਰਤਾ ਇਕੋ ਹੈ); ਅੰਮ੍ਰਿਤ-ਨਾਮ ਅੰਮ੍ਰਿਤ, ਪ੍ਰਭੁ ਦੀ ਸਿਫ਼ਿਤ ਸਲਾਹ ਰੂਪੀ ਅੰਮ੍ਰਿਤ॥ ੨॥ ਅੰਮ੍ਰਿਤ ਭਰੀ- ਮੇਰੀ ਹਿਰਦਾ ਰੂਪੀ ਕਟੋਰੀ ਹੁਣ ਨਾਮ ਅਮ੍ਰਿਤ ਨਾਲ ਭਰੀ ਹੋਈ ਹੈ॥ ੨॥ ਏਕੁ ਭਗਤੁ- ਕੇਵਲ ਇਕੋ ਪ੍ਰਭੂ ਦੀ ਭਗਤੀ (ਨਾਮਦੇਵ ਜੀ ਦੇ ਹੀ ਇੱਕ ਹੋਰ ਸ਼ਬਦ `ਚ "ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ" (ਪੰ: ੮੭੪)); ਮੇਰੇ ਹਿਰਦੇ ਬਸੈ-ਪ੍ਰਭੂ ਤੋਂ ਬਿਨਾ ਨਾਮਦੇਵ ਦੇ ਹਿਰਦੇ `ਚ ਦੂਜਾ ਨਹੀਂ ਵੱਸਦਾ। ਨਾਮੇ ਦੇਖਿ-ਨਾਮਦੇਵ ਦੀ ਅਟੁਟ ਭਗਤੀ। ਨਾਰਾਇਣ ਹਸੈ- ਪ੍ਰਭੂ ਪ੍ਰਸੰਨ ਹੋਏ॥ ੩॥ ਘਰਿ ਗਇਆ- ਨਿੱਜ ਘਰ `ਚ ਆ ਗਿਆ, ਪ੍ਰਭੂ ਨਾਲ ਇੱਕ ਮਿਕ ਹੋ ਗਿਆ; ਦੂਧੁ ਪਿਆਇ ਭਗਤੁ ਘਰਿ ਗਇਆ- ਜੀਵਨ ਸਫ਼ਲ ਹੋ ਗਿਆ, ਜਿਵੇਂ ਧੰਨਾ ਜੀ ਕਹਿੰਦੇ ਹਨ "ਧੰਨੈ ਧਨੁ ਪਾਇਆ ਧਰਣੀਧਰੁ" (ਪੰ: ੪੮੭); ਨਾਮੇ ਹਰਿ ਕਾ ਦਰਸ਼ਨ ਭਇਆ- ਅੰਤਰ ਆਤਮੇ ਪ੍ਰਭੂ ਦਾ ਦਿਦਾਰ, ਨਾਮਦੇਵ ਇੱਕ ਹੋਰ ਸ਼ਬਦ `ਚ ਪ੍ਰਭੂ ਨਾਲ ਗੱਲਾਂ ਕਰਦੇ ਹਨ "ਤੂ ਕੁਨੁ ਰੇ॥ ਮੈ ਜੀ॥ ਨਾਮਾ॥ ਹੋ ਜੀ॥ ਆਲਾ ਤੇ ਨਿਵਾਰਣਾ ਜਮ ਕਾਰਣਾ" (ਪੰ: 694) ਅਤੇ ਕਬੀਰ ਜੀ "ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਣੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ" (ਪੰ: 969) ਅੰਤਰ ਆਤਮੇ ਪ੍ਰਭੂ ਨਾਲ ਵਾਰਤਾਲਾਪ॥ ੪॥

ਸ਼ਬਦ ਰਾਹੀਂ ਪੱਥਰ ਦੇ ਪੂਜਾਰੀ ਨੂੰ ਹਲੂਣਾ- ਇਸ ਸ਼ਬਦ `ਚ ਪੱਥਰ ਪੂਜਾ `ਚ ਫਸੇ ਮਨੁੱਖ ਨੂੰ ਨਾਮਦੇਵ ਜੀ ਕਹਿੰਦੇ ਹਨ, ਭੁੱਲੜ ਵੀਰ! ਤੂੰ ਤਾਂ ਪੱਥਰ (ਠਾਕੁਰ) ਨੂੰ ਹੀ ਰੱਬ ਸਮਝ ਬੈਠਾ, ਕਿਉਂਕਿ ਤੈਨੂੰ ਰੱਬ ਦੀ ਸਮਝ ਨਹੀਂ। ਪ੍ਰਭੂ ਤਾਂ ਘਟ-ਘਟ ਦੀ ਜਾਨਣ ਵਾਲਾ (ਗੋਬਿੰਦ) ਸਰਬ ਵਿਆਪਕ ਹੈ। ਇਸੇ ਤਰ੍ਹਾਂ ਤੂੰ ਭੋਗ ਲੁਆਉਣ ਦੀ ਕੇਵਲ ਰੀਤ ਪੂਰੀ ਕਰ ਕੇ ਹੀ ਤੱਸਲੀ ਕਰ ਲੈਂਦਾ ਹੈਂ ਕਿ ਠਾਕੁਰ ਨੇ ਭੋਗ ਲਗਾ ਲਿਆ ਹੈ ਤੇ ਇਹੀ ਹੈ ਤੇਰੀ ਨਾਸਮਝੀ। ਦਰਅਸਲ ਮਨੁੱਖਾ ਜਨਮ ਮਿਲਿਆ ਹੀ ਇਸ ਲਈ ਹੈ ਕਿ ਕਰਤੇ ਦੀ ਸਿਫਤ ਸਲਾਹ ਨਾਲ ਇਸਨੂੰ ਵਡਭਾਗੀ ਬਨਉਣਾ ਤੇ ਸਫ਼ਲ ਕਰਣਾ। ਇਸ ਤਰ੍ਹਾਂ ਅੰਤਰ ਆਤਮੇ ਪ੍ਰਭੂ ਦੀ ਹੋਂਦ ਨੂੰ ਮਹਿਸੂਸ ਕਰਣਾ ਅਤੇ ਉਸ ਨਾਲ ਗਲਾਂ ਕਰਣੀਆਂ।

ਠੀਕ, ਉਸੇ ਤਰ੍ਹਾਂ ਜਿਵੇਂ ਠਾਕੁਰ (ਪੱਥਰ) ਦੀ ਪੂਜਾ ਲਈ, ਗਡਵਾ ਤੇ ਉਸ `ਚ ਲਿਆਂਦਾ ਪਾਣੀ ਦੁੱਧ ਚੋਣ ਤੋਂ ਪਹਿਲਾਂ, ਗਊ ਦੇ ਥਨਾਂ ਨੂੰ ਧੋਣ ਲਈ ਵੱਕਤੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਅਨੇਕਾਂ ਜੂਨਾਂ ‘ਤ ਬਾਅਦ ਮਿਲਿਆ ਮਨੁੱਖਾ ਸਰੀਰ ਵੀ ਪ੍ਰਭੂ ਮਿਲਾਪ ਲਈ ਤਾਂ ਹੈ ਪਰ ਸਦੀਵੀ ਨਹੀਂ। ਇਸੇ ਤਰ੍ਹਾਂ ਜਿਵੇਂ ਗਊ ਦੇ ਥਣਾਂ ਨੂੰ ਧੋਣ ਦਾ ਉੱਦਮ ਕਰ ਕੇ ਹੀ ਦੁੱਧ ਚੋਈ ਦਾ ਹੈ। ਉਸੇ ਤਰ੍ਹਾਂ ਮਨੁੱਖਾ ਸਰੀਰ ਦੇ ਉੱਦਮ ਨਾਲ, ਜੀਵਨ `ਚ ਨਾਮ ਅੰਮ੍ਰਿਤ (ਦੁੱਧ) ਨੂੰ ਸਿੰਝਣਾ ਹੁੰਦਾ ਹੈ। ਉਸੇ ਦਾ ਨਤੀਜਾ-ਬੇਅੰਤ ਮਨੁੱਖੀ ਸਰੀਰਾਂ `ਚੋਂ ਇਕਲਾ ਸਰੀਰ ਵੀ ਸਫ਼ਲ ਹੋ ਸਕਦਾ ਹੈ, ਉਸੇ ਤਰ੍ਹਾਂ ਜਿਵੇਂ ਗਊਆਂ `ਚੋਂ ਕੋਈ ਇੱਕ ਲਵੇਰੀ (ਕਪਿਲ) ਗਾਂ। ਜੀਵਨ ਦੇ ਸਚੇ ਰਾਹ `ਤੇ ਚੱਲ ਕੇ ਮੋਹ-ਮਾਇਆ, ਵਿਕਾਰਾਂ, ਤ੍ਰਿਸ਼ਨਾ ਦੇ ਥਪੇੜਾਂ ਤੋਂ ਬਚਿਆ ਜਾ ਸਕਦਾ ਹੈ, ਫੋਕਟ ਕਰਮਕਾਂਡ ਨੇੜੇ ਨਹੀਂ ਆਉਣਗੇ। ਵਿਕਾਰਾਂ, ਤ੍ਰਿਸ਼ਨਾ ਕਰਮਕਾਂਡਾ, ਆਪਹੁਦਰੇਪਣ, ਅਨਮੱਤਾਂ ਵਲ ਫੈਲਿਆ ਜੀਵਨ, ਪ੍ਰਭੂ ਰੰਗ `ਚ ਇਉਂ ਕੇਂਦ੍ਰਿਤ ਹੋ ਜਾਵੇਗਾ ਜਿਵੇਂ ਦੁੱਧ ਦੇ ਭਰੇ ਵੱਡੇ ਕਟੋਰੇ `ਚੋਂ ਪੱਥਰ ਦੇ ਪੂਜਾਰੀ ਰਾਹੀਂ ਭੋਗ ਲੁਆਉਣ ਲਈ ਲਿਆ, ਕਟੋਰੀ `ਚ ਥੋੜਾ ਜਿਹਾ ਦੁਧ।

ਇਸ ਤਰ੍ਹਾਂ ਪ੍ਰਭੂ ਨਾਮ ਅੰਮ੍ਰਿਤ ਨਾਲ ਤਿਆਰ ਹੋ ਚੁੱਕੇ ਮਨ ( "ਸ+ਇਨ ਕਟੋਰੀ ਅੰਮ੍ਰਿਤ ਭਰੀ" ਬਿਨਾ ਖੋਟ, ਸੋਨੇ ਦੀ ਕਟੋਰੀ) `ਚ, ਨਾਮ ਅੰਮ੍ਰਿਤ ਦਾ ਦੁੱਧ ਪਾ ਕੇ, ਜਦੋਂ ਸਹੀ ਅਰਥਾਂ `ਚ ਪ੍ਰਭੂ ਅੱਗੇ ਆਪਣਾ ਆਪ ਅਰਪਣ ਕਰਾਂਗੇ ਤਾਂ ਇਹ ਕੇਵਲ ਰੀਤ ਪੂਰੀ ਕਰਣਾ ਨਹੀਂ ਬਲਕਿ ਇਸੇ ਜਨਮ `ਚ ਸਹਿਜੇ ਹੀ ਅਕਾਲਪੁਰਖੁ ਨਾਲ ਇੱਕ ਮਿੱਕ ਹੋ ਜਾਈਦਾ ਹੈ ਜਿਸ ਤੋਂ ਰੋਜ਼-ਰੋਜ਼ ਪੱਥਰਾਂ ਨੂੰ ਭੋਗ ਲੁਆਉਣ ਵਾਲੀ ਆਪਣੇ ਆਪ ਨੂੰ ਝੂਠੀ ਤਸੱਲੀ ਦੇਣ ਦੀ ਲੋੜ ਨਹੀਂ ਰਹਿ ਜਾਂਦੀ।

ਇਸ ਲਈ "ਦੂਧੁ ਕਟੋਰੈ ਗਡਵੈ ਪਾਣੀ" ਵਾਲੇ ਸਬਦ `ਚ ਸੇਧ ਹੈ ਕਿ ਮਨੁੱਖਾ ਸਰੀਰ ਰੂਪੀ ਗਡਵੇ ਨੂੰ ਉੱਦਮ ਦੇ ਪਾਣੀ ਨਾਲ ਸੁਅਛ ਕਰਕੇ, ਇਸ ਅੰਦਰ ਵੱਸ ਰਹੇ ਮਨ ਨੂੰ ਨਾਮ ਅੰਮ੍ਰਿਤ ਰੂਪੀ ਦੁੱਧ ਨਾਲ ਭਰਣਾ ਹੈ। ਇਸ ਤਰੀਕੇ ਇਸਦੀ ਖਿੰਡੀ ਹੋਈ ਬਿਰਤੀ, ਬਿਨਾ ਖੋਟ ਸੋਨੇ ਦੀ ਕਟੋਰੀ ਦੀ ਨਿਆਈਂ ਕੇਂਦ੍ਰਿਤ ਹੋ ਜਾਵੇਗੀ। ਸਾਨੂੰ ਪ੍ਰਭੂ ਦੀ ਰਜ਼ਾ `ਚ ਜੀਉਣ ਦੀ ਜਾਚ ਆ ਜਾਵੇਗੀ। ਇਹੀ ਹੈ ਦੁੱਧ ਨੂੰ ਗਡਵੇ `ਚੋਂ, ਸੋਨੇ ਦੀ ਕਟੋਰੀ ਰੂਪੀ ਮਨ `ਚ ਕੇਂਦ੍ਰਿਤ ਕਰ ਕੇ। ਉਪ੍ਰੰਤ ਇਸ ਨੂੰ ਪਤੀ ਪ੍ਰਮੇਸ਼ਵਰ ਅੱਗੇ ਦੇ ਅਰਪਣ ਕਰ ਕੇ ਉਸ ਪਿਆਰੇ ਦੇ ਦਰਸ਼ਨ ਕਰ ਲੈਣੇ।

ਸ਼ਬਦ ਦੇ ਅਰਥ- ( ‘ਰਹਾਉ’ ਦਾ ਬੰਦ ਕਿਸੇ ਵੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਇਸ ਸ਼ਬਦ `ਚ ਨਾਮਦੇਵ ਜੀ ਨੇ ਪ੍ਰਭੂ ਪਿਆਰ `ਚ ਰੰਗੇ ਮਨ ਦੀ ਅਵਸਥਾ ਨੂੰ ਬਿਆਣਿਆ ਹੈ। ਇਥੇ ਅੰਮ੍ਰਿਤ ਨਾਮ ਰੂਪੀ ਦੁੱਧ (ਪ੍ਰਭੂ ਦੀ ਸਿਫਿਤ ਸਲਾਹ) ਰਾਹੀਂ ਆਪਣਾ ਆਪ ਪ੍ਰਭੂ ਚਰਨਾਂ `ਚ ਅਰਪਣ ਕਰਣ ਦੀ ਜਾਚ ਦਸੀ ਹੈ। ਅਰਥ ਹਨ) ਹੇ ਘਟ ਘਟ ਦੀ ਜਾਨਣ ਵਾਲੇ ਗੋਬਿੰਦ ਰਾਏ! ਮੈਨੂੰ ਆਪਣੇ ਨਾਲ ਇੱਕ ਮਿਕ ਕਰ ਲਓ, ਜਿਸ ਤੋਂ ਮੇਰਾ ਜਨਮ ਸਫਲ ਹੋ ਜਾਵੇ ਤੇ ਮੇਰਾ ਮਨ ਧੀਰਜ `ਚ ਆ ਜਾਵੇ। ਜੇ ਅਜੇਹਾ ਨਹੀਂ ਤਾਂ ਮੇਰੀ ਆਤਮਾ (ਘਰ ਕੋ ਬਾਪੁ) ਦੁਖੀ ਹੋਵੇਗੀ॥ ੧॥ ਰਹਾਉ॥

(ਹੇ ਪ੍ਰਭੂ)! ਮੇਰਾ ਮਨ ਰੂਪੀ ਕਟੋਰਾ ਨਾਮ ਅੰਮ੍ਰਿਤ ਨਾਲ ਭਰਪੂਰ ਹੈ ਅਤੇ ਸਰੀਰ ਰੂਪੀ ਗਡਵੈ `ਚ ਉੱਦਮ ਵਾਲਾ ਪਾਣੀ ਵੀ ਹੈ। ਨਾਮਦੇਵ ਨੇ (ਇਹ ਅੰਮ੍ਰਿਤ ਨਾਮ ਰੂਪੀ ਦੁਧ) ਸਿਫਤ ਸਲਾਹ ਰੂਪੀ ਕਪਲ ਗਊ ਨੂੰ ਚੋ ਕੇ ਲਿਆਂਦਾ ਹੈ ਭਾਵ ਮੈ ਆਪਣੇ ਜੀਵਨ ਨੂੰ ਮੋਹ ਮਾਇਆ, ਅਨਮੱਤਾਂ ਅਤੇ ਵਿਸ਼ੇ-ਵਿਕਾਰਾਂ ਦੇ ਥਪੇੜਾਂ ਤੋਂ ਬਚਾਅ ਕੇ ਲਿਆਂਦਾ ਹੈ॥ ੧॥

ਨਾਮ ਦੇਵ ਦਾ ਮਨ (ਜੋ ਪਹਿਲਾਂ ਕਟੋਰਾ ਭਾਵ ਵਿਕਾਰਾਂ ਤੇ ਮਾਇਕ ਪ੍ਰਭਾਵਾਂ ਕਾਰਨ ਖਿੰਡਿਆ, ਅਮੁਲੇ ਸਰੀਰ ਦੀ ਕੁਵਰਤੋਂ ਕਰਵਾ ਰਿਹਾ ਸੀ। (ਵੱਡੇ ਕਟੋਰੇ ਤੋਂ ਹੁਣ), ਨਿਰੋਲ ਪ੍ਰਭੂ ਪਿਆਰ ਦੇ ਰੰਗ `ਚ ਗੜੁੱਚ ‘ਸ+ਇਨ ਕਟੋਰੀ’ ਬਣ ਚੁੱਕਾ ਹੈ। ਹੁਣ ਇਸ ਮਨ `ਚ ਬਿਲਕੁਲ ਹੀ ਦੂਈ ਭਾਵ ਤੇ ਅਨਮੱਤ ਨਹੀਂ ਰਹਿ ਗਈ। ਇਸ ਤਰ੍ਹਾਂ "ਲੈ ਨਾਮੈ, ਹਰਿ ਆਗੈ ਧਰੀ" ਇਸ ਤਰ੍ਹਾਂ ਨਾਮਦੇਵ ਨੇ ਹੁਣ ਆਪਣਾ ਆਪ ਪ੍ਰਭੁ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ ਹੈ॥ ੨॥

(ਨਾਮਦੇਵ ਯਕੀਨ ਨਾਲ ਕਹਿੰਦਾ ਹੈ) ਮੇਰੇ ਹਿਰਦੇ ਘਰ `ਚ ਹੁਣ ਕੇਵਲ ਇਕੋ ਹਰੀ ਹੀ ਵੱਸਦਾ ਹੈ (ਇਸ ਤਰ੍ਹਾਂ ਆਪਣੇ ਅੰਦਰੋਂ ਪ੍ਰਗਟ ਹੋ ਚੁੱਕੇ ਪ੍ਰਭੂ ਬਾਰੇ ਦ੍ਰਿੜ ਵਿਸ਼ਵਾਸ ਨਾਲ ਨਾਮਦੇਵ ਕਹਿੰਦੇ ਹਨ ਕਿ ਨਾਮਦੇਵ (ਦੀ ਆਪਾ ਵਾਰਣ ਵਾਲੀ) ਅਵਸਥਾ ਤੇ ਪ੍ਰਭੂ ਪ੍ਰਸੰਨ ਹੋ ਗਏ॥ ੩॥

ਜਿਵੇਂ "ਮਨੁ ਬੇਚੈ ਸਤਿਗੁਰ ਕੈ ਪਾਸਿ" (ਪੰ: ੨੮੬) ਇਸ ਤਰ੍ਹਾਂ ਆਪਣਾ ਆਪ ਪ੍ਰਭੂ ਅੱਗੇ ਅਰਪਣ ਕਰਕੇ ਨਾਮਦੇਵ "ਦੂਧੁ ਪੀਆਇ ਭਗਤੁ ਘਰਿ ਗਇਆ" ਅਨੁਸਾਰ ਪ੍ਰਭੁ ਨੂੰ ਸਿਫਿਤ ਸਲਾਹ ਵਾਲਾ ਦੁੱਧ ਪਿਆਉਣ `ਚ ਸਫਲ ਹੋ ਜਾਂਦਾ ਹੈ ਤੇ ਜੀਂਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ (ਨਾਮੇ ਹਰਿ ਕਾ ਦਰਸਨੁ ਭਇਆ)॥ ੪॥

ਸੁਆਦਲੀ ਬਣਤਰ, ਲਫ਼ਜ਼ ਠਾਕੁਰ ਤੇ ਨਾਮਦੇਵ- ਉਂਝ ਤਾਂ ਕਰਤੇ ਲਈ ਬਾਣੀ `ਚ ‘ਠਾਕੁਰ’ ਲਫ਼ਜ਼ ਬਹੁਤ ਵਾਰੀ ਆਇਆ ਹੈ, ਪਰ ਹਰੇਕ ਲਿਖਾਰੀ ਦੀ ਕੁੱਝ ਆਪਣੀ ਸੋਚ ਹੁੰਦੀ ਹੈ। ਜਿਵੇਂ "ਠਾਕੁਰ ਕਉ ਇਸਨਾਨੁ ਕਰਉ. . ਠਾਕੁਰ ਕੀ ਹਉ ਪੂਜ ਕਰਉ… ਠਾਕੁਰ ਕਉ ਨੈਵੇਦੁ ਕਰਉ" (ਪੰ: 485) ਭਾਵ ਬਾਣੀ `ਚ ਨਾਮਦੇਵ ਜੀ ਨੇ ਜਦੋਂ ਪੱਥਰ ਪੂਜਾ ਦਾ ਜ਼ਿਕਰ ਕੀਤਾ ਤਾਂ ‘ਠਾਕੁਰ’ ਕਿਹਾ ਹੈ ਪਰ ਪ੍ਰਭੂ ਲਈ ਕਿਧਰੇ ਨਹੀਂ ਵਰਤਿਆ। ਇਸੇ ਤਰ੍ਹਾਂ ਵਿਚਾਰ ਅਧੀਨ ਸ਼ਬਦ `ਚ ਵੀ ਨਾਮਦੇਵ ਜੀ ਵਲੋਂ ਕਿਸੇ ਪੱਥਰ ਦੇ ਠਾਕੁਰ ਨੂੰ ਦੁੱਧ ਪਿਆਉਣ ਦੀ ਗੱਲ ਹੁੰਦੀ ਤਾਂ ਲਫ਼ਜ਼ ‘ਠਾਕੁਰ’ ਹੀ ਵਰਤਦੇ ਪਰ ਇਥੇ ਉਹਨਾਂ ਨੇ ਗੋਬਿੰਦ ਰਾਇ, ਹਰਿ, ਨਾਰਾਇਣ ਹੀ ਕਿਹਾ ਹੈ। ਖੂਬੀ ਇਹ, ਸੰਬਧਿਤ ਵਾਰ `ਚ ਜਦੋਂ ਭਾਈ ਗੁਰਦਾਸ ਜੀ ਨੇ ਵੀ ਸ਼ਰਾਰਤੀ ਲੋਕਾਂ ਰਾਹੀੰ ਪ੍ਰਚਲਤ ਕਹਾਣੀ ਨੂੰ ਬਿਆਣਿਆਂ ਤਾਂ ਉਚੇਚਾ ਲਫ਼ਜ਼ "ਠਾਕੁਰ ਨੋਂ ਨ੍ਹਵਾਲ ਕੈ …" ਹੀ ਵਰਤਿਆ। ਸ਼ਬਦ ਦੇ ਠੀਕ ਅਰਥਾਂ ਨੂੰ ਸਮਝਣ ਲਈ ਵੀ ਇਹ ਨੁਕਤਾ ਵਿਸ਼ੇਸ਼ ਧਿਆਨ ਮੰਗਦਾ ਹੈ।

ਕੁਝ ਹੋਰ ਉਟੰਕਣਾ- (ੳ) ਵਿਰੋਧੀ ਇਹ ਅਟਕਲ ਵੀ ਜੋੜਦੇ ਹਨ, ‘ਜਦੋਂ ਨਾਮਦੇਵ ਨੇ ਪੱਥਰ ਨੂੰ ਦੁੱਧ ਪਿਆਇਆ ਤਾਂ ਉਦੋਂ ਉਹ ਅਜੇ ਬੱਚੇ ਤੇ ਸੁਭਾਅ ਦੇ ਵੀ ਬੜੇ ਭੋਲੇ ਸਨ’। ਕਿਆ ਖੂਬ! ਦੋ ਸਾਲ ਦਾ ਬੱਚਾ ਵੀ ਜਾਣਦਾ ਹੈ ਕਿ ਜਿਸ ਖਿਡੌਣੇ ਨਾਲ, ਖੇਡ ਰਿਹਾ ਹੈ ਉਹ ਝੂਠੀ-ਮੂਠੀ ਦਾ ਸ਼ੇਰ, ਘੋੜਾ, ਕਾਕਾ ਆਦਿ ਹੈ ਤੇ ਚਲਦਾ-ਫ਼ਿਰਦਾ-ਖਾਂਦਾ ਜਾਂ ਗੱਲਾਂ ਨਹੀਂ ਕਰਦਾ। ਕਹਾਣੀ ਮੁਤਾਬਕ ਨਾਮਦੇਵ ਜੀ ਦੇ ਪਿਤਾ ਨੇ ਇੱਕ ਦਿਨ ਕਿਧਰੇ ਕੰਮ ਜਾਣਾ ਸੀ। ਇਸ ਲਈ ਠਾਕੁਰ ਨੂੰ ਭੋਗ ਲਗਾਉਣ ਵਾਲਾ ਕੰਮ ਨਾਮਦੇਵ ਦੇ ਸਪੁਰਦ ਕਰ ਗਿਆ। ਤਾਂ ਕੀ ਨਾਮਦੇਵ, ਰੋਜ਼ ਨਹੀਂ ਸਨ ਦੇਖਦੇ ਕਿ ਉਹਨਾਂ ਦਾ ਬਾਪੂ ਰੋਜ਼ਾਨਾ ਠਾਕੁਰਾਂ ਨੂੰ ਕਿਸ ਤਰ੍ਹਾਂ ਭੋਗ ਲੁਆਂਦਾ ਹੈ? ਫਿਰ ਕਹਾਣੀ ਹੀ ਦੱਸ ਰਹੀ ਹੈ ਕਿ ਨਾਮਦੇਵ ਦੇ ਪਿਤਾ ਨੂੰ ਪਤਾ ਸੀ ਕਿ ਇਹ ਕੰਮ ਨਾਮਦੇਵ ਹੀ ਕਰ ਸਕਦਾ ਹੈ ਤਾਂ ਹੀ ਤਾਂ ਉਸ ਨੇ ਇਹ ਕੰਮ ਨਾਮਦੇਵ ਦੇ ਸਪੁਰਦ ਕੀਤਾ ਸੀ। ਕਿਸੇ ਮੂਰਤੀ ਪੂਜਕ ਦੇ ਬੱਚੇ ਨੂੰ ਪੁੱਛੋ ਭਾਵੇਂ ਕਿੰਨਾ ਵੀ ਹੀਨ ਬੁੱਧੀ ਕਿਉਂ ਨਾ ਹੋਵੇ, ਉਹ ਵੀ ਦੱਸ ਦੇਵੇਗਾ ਕਿ ਉਸ ਦੇ ਮਾਂ-ਬਾਪ, ਠਾਕੁਰਾਂ ਨੂੰ ਭੋਗ ਲੁਆਂਦੇ ਕਿਸ ਤਰ੍ਹਾਂ ਹਨ। ਮੂਰਤੀਆਂ-ਪੱਥਰਾਂ ਅੱਗੇ ਕਿਵੇਂ ਚੀਜ਼ਾਂ ਰੱਖ ਕੇ ਫਿਰ ਪ੍ਰਸ਼ਾਦ ਦੇ ਨਾਮ `ਤੇ ਆਪ ਹੀ ਵੰਡ ਲੈਂਦੇ ਹਨ। ਇੱਕ ਪਾਸੇ ਤਾਂ ਭਗਤ ਜੀ ਨੂੰ ਉਹ ਰਹਿਬਰ ਮੰਣਦੇ ਹਨ ਤੇ ਦੂਜੇ ਪਾਸੇ ਉਹਨਾਂ ਨੂੰ ਆਮ ਬੱਚਿਆਂ ਦੀ ਪੱਧਰ `ਤੇ ਵੀ ਨਹੀਂ ਰੱਖਦੇ। ਇਹਨਾ ਨੇ ਭਗਤ ਜੀ ਦੀ ਬਾਣੀ ਹੀ ਪੜ੍ਹ ਲਈ ਹੁੰਦੀ ਤਾਂ ਵੀ ਧੋਖਾ ਨਾ ਖਾਂਦੇ।

(ਅ) ਵਿਰੋਧੀ ਇਹ ਵੀ ਕਹਿੰਦੇ ਹਨ ਕਿ ਠਾਕੁਰ ਨੂੰ ਦੁਧ ਪਿਆਉਣ ਵਾਲੀ ਗੱਲ ਪਹਿਲੀ ਅਵਸਥਾ ਦੀ ਸੀ। ਸਚਮੁਚ ਜੇਕਰ ਪਹਿਲੀ ਅਵਸਥਾ ਦੀ ਹੀ ਸੀ ਤਾਂ ਉਹਨਾਂ ਦੀ ਇਹ ਰਚਨਾ ਗੁਰਬਾਣੀ ਦਾ ਅੰਗ ਕਿਵੇਂ ਬਣ ਗਈ, ਦੂਜਾ ਜੇਕਰ ਉਹਨਾਂ ਨੇ ਸਚਮੁਚ ਪਿਅਲੇ ਸਮੇ ਪੱਥਰ ਨੂੰ ਦੁਧ ਪਿਆ ਹੀ ਲਿਆ ਸੀ ਤਾਂ ਬਾਣੀ `ਚ ਇਸਨੂੰ ਨਿੰਦਦੇ ਕਿਉਂ? ਇਸਦਾ ਖੰਡਣ ਕਿਉਂ ਕਰਦੇ।

(ੲ) ਏਥੇ ਹੀ ਬੱਸ ਨਹੀਂ, ਭਗਤ ਜੀ ਕਿੰਨੇ ਕੁ ਅਮੀਰ ਸਨ ਕਿ ਇਕੋ ਦਿਨ ਬਾਪੂ ਦੇ ਘਰੋਂ ਜਾਨ ਤੇ ਜਦੋਂ ਜ਼ਿੰਮੇਂਵਾਰੀ ਉਹਨਾਂ `ਤੇ ਅਈ ਤਾਂ ਉਹਨਾਂ ਨੇ ਸ਼ਰਧਾ ਵੱਸ ਪਹਿਲਾਂ ਲਵੇਰੀ ਗਉ ਚੋਈ ਤੇ ਭੋਗ ਲਈ ਕਟੋਰੀ ਵੀ ਲਿਆਂਦੀ ਤਾਂ ਸੋਨੇ ਦੀ। ਜਦਕਿ ਕਿਸੇ ਸਸਤੀ ਧਾਤੂ ਦਾ ਵੀ ਉਹੀ ਮਤਲਬ ਸੀ। ਫਿਰ ਇਹ ਵੀ ਮੰਨਿਆਂ-ਪ੍ਰਮੰਨਿਆਂ ਸੱਚ ਹੈ ਕਿ ਭਗਤ ਜੀ ਦੀ ਮਾਲੀ ਹਾਲਤ ਵੀ ਵਧੀਆ ਨਹੀਂ ਸੀ।

(ਸ) ਖੋਜ ਅਨੁਸਾਰ ਉਹਨਾਂ ਦਾ ਬਾਪੂ ਤਾਂ ਕੇਸ਼ੀ ਰਾਜ (ਸ਼ਿਵ) ਦਾ ਪੁਜਾਰੀ ਸੀ ਅਤੇ ਮੂਰਤੀ ਨੂੰ ਤਾਂ ਕਦੇ ਨਵਾਇਆ ਹੀ ਨਹੀਂ ਜਾਂਦਾ। ਫ਼ਿਰ ਮੂਰਤੀ ਪੂਜਕਾਂ ਅਨੁਸਾਰ ਠਾਕੁਰ ਪੂਜਾ ਤਾਂ ਹੈ ਹੀ ਵੱਖਰੀ ਗੱਲ, ਤਾਂ ਫ਼ਿਰ ਨਾਮਦੇਵ ਨੂੰ ਉਹ ਠਾਕੁਰ ਦੀ ਪੂਜਾ ਵਾਲੀ ਗੱਲ ਕਿਵੇਂ ਕਹਿ ਗਿਆ।

ਨਾਮਦੇਵ ਜੀ ਦੀ ਬਾਣੀ ਵਿਚੋਂ ਹੀ-ਜਿਨ੍ਹਾਂ ਵਿਰੋਧੀਆਂ ਨੇ ਭਗਤ ਜੀ ਦੇ ਸੰਬਧਤ ਸ਼ਬਦ ਨੂੰ ਆਧਾਰ ਬਣਾ ਕੇ ਗੁਰੂ ਕੀਆਂ ਸੰਗਤਾਂ ਨੂੰ ਉਲਝਾਉਣ ਦੀ ਬੇਸਿਰਪੈਰ ਕੋਸ਼ਿਸ਼ ਕੀਤੀ, ਇਥੇ ਅਸੀਂ ਭਗਤ ਜੀ ਦੇ (੧) ਇਸ਼ਟ (੨) ਦੇਵੀ, ਦੇਵਤਾ, ਅਵਤਾਰ ਵਾਦ (੩) ਪੱਥਰ-ਮੂਰਤੀ ਪੂਜਾ ਸੰਬਧੀ ਵਿਚਾਰਾਂ ਨੂੰ ਭਗਤ ਜੀ ਦੀ ਆਪਣੀ ਬਾਣੀ `ਚੋਂ ਹੀ ਦੇਣਾ ਯੋਗ ਸਮਝਾਂਗੇ:

(੧) ਨਾਮਦੇਵ ਦਾ ਇਸ਼ਟ ਕੇਵਲ ਅਕਾਲਪੁਰਖ- (ੳ) — "ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ" (ਪੰ: 485) (ਅ) — ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ" (ਪੰਨਾ485) (ੲ) — "ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ…ਚੰਦਂ​ੀ ਹਜਾਰ ਆਲਮ ਏਕਲ ਖਾਨਾਂ" (ਪੰ: 727) (ਸ) — "ਈਭੈ ਬੀਠਲੁ ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀਂ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ" (ਪੰਨਾ 485) (ਹ) — "ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ" (ਪੰ: 988) (ਕ) — "ਮੇਰਾ ਪ੍ਰਭੁ ਰਵਿਆ ਸਰਬੇ ਠਾਈ… ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ॥ ਸਰਬ ਨਿਰੰਤਰਿ ਰਾਮੁ ਰਹਿਆ ਰਵਿ, ਐਸਾ ਰੂਪੁ ਬਖਾਨਿਆ" (ਪੰ: 1350 (ਖ) "ਕਉਣੁ ਕਹੈ ਕਿਣਿ ਬੂਝੀਐ. ਰਮਈਆ ਆਕੁਲੁ (ਅਜੂਨੀ) ਰੀ ਬਾਈ" (ਪੰ: 525) (ਗ) "ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ" (ਪੰ: 875)

(੨) ਨਾਮਦੇਵ ਜੀ ਅਤੇ ਮੂਰਤੀ-ਠਾਕੁਰ (ਪੱਥਰ) ਪੂਜਾ- ਨਾਮਦੇਵ ਜੀ ਫ਼ੁਰਮਾਉਂਦੇ ਹਨ (ੳ) "ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ" (ਪੰ: ੫੨੫) — (ਅ) ਆਸਾ ਰਾਗ ਵਿਚਲੇ ਇੱਕ ਸ਼ਬਦ `ਚ "ਆਨੀਲੇ ਕੁੰਭ, ਭਰਾਈਲੇ ਊਦਕ, ਠਾਕੁਰ ਕਉ ਇਸਨਾਨੁ ਕਰਉ. ." (ਪੰ: 485) ਪੱਥਰ ਪੂਜਾ ਦੇ ਭਰਮ `ਚ ਫਸੇ ਮਨੁੱਖ ਨੂੰ ਬੜੇ ਸਲੀਕੇ ਨਾਲ ਮਿਸਾਲ ਦੇ ਕੇ ਸਮਝਾਉਂਦੇ ਹਨ "ਐ ਭੁੱਲੜ ਵੀਰ! ਤੂੰ ਪੱਥਰ (ਠਾਕੁਰ) ਨੂੰ ਇਸ਼ਨਾਨ ਕਰਵਾਉਣ ਲਈ ਸੁੱਚਾ ਪਾਣੀ ਲੋੜਦਾਂ ਹੈਂ। ਇਸ ਵਿਸ਼ਵਾਸ ਨਾਲ ਕਿ ਪਾਣੀ ਸੁੱਚਾ ਚਾਹੀਦਾ ਹੈ ਤੂੰ ਵੱਧ ਤੋਂ ਵੱਧ ਨਵਾਂ ਘੜਾ ਲਿਆ ਕੇ, ਕਿਸੇ ਨਦੀ-ਖੂਹੀ ਆਦਿ ਦਾ ਜਲ ਆਪ ਭਰ ਲਿਆਵੇਂਗਾ। ਫ਼ਿਰ ਤੇਰੀ ਆਪਣੀ ਵਿਚਾਰਧਾਰਾ ਮੁਤਾਬਕ ਹੀ ਪਾਣੀ `ਚ ਪਹਿਲਾਂ ਹੀ ਬਿਆਲੀ ਲੱਖ ਜੀਵ ਰਹਿੰਦੇ ਹਨ। ਇੰਨ੍ਹਾਂ ਜੀਵਾਂ ਦੀ ਤਾਂ ਸਾਰੀ ਸਰੀਰਕ ਕਿਰਿਆ ਹਰ ਸਮੇਂ ਇਸੇ ਪਾਣੀ `ਚ ਹੈ। ਤਾਂ ਤੇ ਪਾਣੀ ਸੁੱਚਾ ਨਹੀਂ ਹੋ ਸਕਦਾ। ਪਰ ਮੇਰੇ ਵੀਰ! ਇਸ ਤੋਂ ਵੱਧ ਤਾਂ ਤੂੰ ਕੁੱਝ ਕਰ ਵੀ ਨਹੀਂ ਸੀ ਸਕਦਾ। ਆ ਤੈਨੂੰ ਮੈ ਦੱਸਦਾ ਹਾਂ ਜਿਸ ਨੂੰ ਤੂੰ ਠਾਕੁਰ ਮੰਨੀਂ ਬੈਠਾ ਹੈਂ ਉਹ ਪ੍ਰਭੂ ਨਹੀਂ ਬਲਕਿ ਪ੍ਰਭੂ ਤਾਂ ਉਹਨਾਂ ਬਿਆਲੀ ਲੱਖ ਜੀਵਾਂ `ਚ ਆਪ ਹੀ ਇਸ਼ਨਾਨ ਕਰ ਰਿਹਾ ਸੀ।

ਇਸ ਤਰ੍ਹਾਂ ਇਸੇ ਸ਼ਬਦ `ਚ ਦੂਜੀ ਮਿਸਾਲ ਦੇਂਦੇ ਹਨ ਫੁਲ ਦੀ ਅਤੇ ਤੀਜੀ ਦੁਧ ਦੀ। ਚੇਤਾ ਕਰਵਾਉਂਦੇ ਹਨ ਕਿ ਹਰ ਹੀਲ਼ਾ ਵਰਤ ਕੇ ਵੀ ਤੇਰੇ ਹਿਸਾਬ, ਨਾ ਫੁਲ ਸੁੱਚਾ ਹੋ ਸਕਦਾ ਹੈ ਕਿਉਂਕਿ ਉਸ ਨੂੰ ਪਹਿਲਾਂ ਭੰਵਰੇ ਨੇ ਸੁੰਘਿਆ ਹੁੰਦਾ ਹੈ ਤੇ ਨਾ ਹੀ ਦੁਧ ਕਿਉਂਕਿ ਦੁਧ ਨੂੰ ਚੋਣ ਤੋਂ ਪਹਿਲਾਂ, ਥਨ ਬਛੜੇ ਦੇ ਮੂੰਹ `ਚ ਪਾਇਆ ਜਾਂਦਾ ਹੈ। ਨਾਲ ਹੀ ਧਿਆਣ ਦੁਆਉਂਦੇ ਹਨ, ਐ ਵੀਰ! ਅਸਲ `ਚ ਜਿਸ ਠਾਕੁਰ (ਪੱਥਰ) ਨੂੰ ਤੂੰ ਭਗਵਾਨ ਮੰਨ ਬੈਠਾ ਹੈਂ ਉਹ ਭਗਵਾਨ ਨਹੀਂ ਬਲਕਿ ਤੇਰੀ ਪ੍ਰਭੂ ਬਾਰੇ ਨਾਸਮਝੀ ਹੈ। ਕਿਉਂਕਿ ਪ੍ਰਭੂ ਤਾਂ ਭੰਵਰੇ ਦੇ ਰੂਪ `ਚ ਪਹਿਲਾਂ ਹੀ ਫੁਲ ਨੂੰ ਸੁੰਘ ਗਿਆ ਸੀ, ਬਛੜੇ ਦੇ ਰੂਪ `ਚ ਦੁਧ ਚੁੰਘ ਗਿਆ ਸੀ। ਇਸ ਤਰ੍ਹਾਂ ਮਾਇਆ ਤੋਂ ਨਿਰਲੇਪ ਪ੍ਰਭੂ ਨੂੰ ਬੀਠੁਲ ਕਹਿ ਕੇ ਭਗਤ ਜੀ ਕਹਿੰਦੇ ਹਨ, "ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀਂ॥ ਥਾਨ ਥਨੰਤਰਿ ਨਾਮਾ ਪ੍ਰਣਵੈ, ਪੂਰਿ ਰਹਿਓ ਤੂੰ ਸਰਬ ਮਹੀ" (ਪੰ: 485)।

(੩) ਨਾਮਦੇਵ ਜੀ ਤੇ ਦੇਵੀ ਦੇਵਤਾ, ਅਵਤਾਰ ਵਾਦ- ਦੇਵੀ-ਦੇਵਤਤਿਆਂ ਬਾਰੇ ਆਪਣੇ ਵਿਸ਼ਵਾਸ ਦਾ ਜ਼ਿਕਰ ਕਰਦੇ ਰਾਗ ਗੋਂਡ `ਚ ਭਗਤ ਜੀ ਫ਼ੁਰਮਾਉਂਦੇ ਹਨ "ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ" (ਪੰ: ੮੭੪) ਇਥੇ ਭਗਤ ਜੀ ਕਹਿੰਦੇ ਹਨ ਐ ਪੰਡਿਤ! ਮੈਨੂੰ ਤਾਂ ਇਕੋ-ਇਕ ਰਮੇ ਹੋਏ ਰਾਮ (ਪ੍ਰਭੂ) ਦੀ ਲੋੜ ਹੈ ਤੇ ਉਸਦੇ ਬਦਲੇ `ਚ ਮੈ ਤੁਹਨੂੰ ਤੁਹਾਡੇ ‘ਆਨ ਦੇਵ’ ਸਾਰੇ ਦੇਵੀਆਂ-ਦੇਵਤੇ ਵਾਪਸ ਕਰਦਾ ਹਾਂ ਮੈਨੂੰ ਉਹਨਾਂ ਦੀ ਲੋੜ ਨਹੀਂ। ਇਸੇ ਤਰ੍ਹਾਂ ਅਗਲੇ ਹੀ ਸ਼ਬਦ `ਚ ਹੋਰ ਕਹਿੰਦੇ ਹਨ, ਐ ਭਾਈ! ਕਹਿਣ ਨੂੰ ਤਾਂ ਤੂੰ ਪੰਡਿਤ (ਪਾਂਡੇ) ਅਖਵਾਉਂਦਾ ਹੈਂ ਪਰ ਅਸਲੋਂ ਤੂੰ ਰੱਬੀ ਗਿਆਨ ਤੋਂ ਕੋਰਾ (ਮੂਰਖ) ਹੀ ਹੈਂ। ਆਪਣੇ ਸ਼ਰਧਾਲੂਆਂ ਲਈ ਰੱਬ ਦਾ ਠੇਕੇਦਾਰ ਤਾਂ ਤੂੰ ਆਪ ਬਣ ਕੇ ਬੈਠਾ ਹੈਂ। ਉਪ੍ਰੰਤ ਉਹਨਾਂ ਨੂੰ ਪ੍ਰਭੂ ਪ੍ਰਾਪਤੀ ਦੇ ਜੋ ਤੂੰ ਤਿੰਨ ਰਾਹ ਦਿੱਤੇ ਹਨ (੧) ਮੰਤ੍ਰ ਰਟਣ (੨) ਦੇਵ ਪੂਜਾ (੩) ਅਵਤਾਰ ਪੂਜਾ। ਇਸ ਤਰ੍ਹਾਂ ਇਹਨਾ ਤਿੰਨਾਂ ਲਈ ਮੰਤ੍ਰਾਂ ਚੋਂ ਗਾਇਤ੍ਰੀ ਮੰਤ੍ਰ, ਦੂਜਾ ਦੇਵੀ-ਦੇਵਤਿਆ `ਚੋਂ ਸ਼ਿਵਜੀ-ਮੋਦੀ ਦੀ ਮਿਸਾਲ, ਤੀਜਾ ਅਵਤਾਰਾ `ਚੋਂ ਅਵਤਾਰੀ ਰਾਮ ਦੀ ਮਿਸਾਲ ਵਰਤ ਕੇ ਕਹਿੰਦੇ ਹਨ- ਤੂੰ ਆਪ ਹੀ ਗਾਇਤ੍ਰੀ ਨੂੰ ਤ੍ਰੈਪਾਲ (ਤਿੰਨ ਟੰਗਾਂ ਵਾਲੀ) ਸ਼ਿਵਜੀ ਨੂੰ ਗੁਸੈਲ ਤੇ ਸ਼ਾਪ ਦੇਣ ਵਾਲਾ ਦਸ ਰਿਹਾਂ ਹੈ ਜਦਕਿ ਰਾਮ ਚੰਦਰ ਬਾਰੇ ਕਹਿੰਦਾ ਹੈਂ, ਉਹ ਸਾਰੀ ਉਮਰ ਸੀਤਾ ਦੀ ਰਖਿਆ ਨਹੀਂ ਕਰ ਪਾਏ।

ਉਪ੍ਰੰਤ ਨਾਮਦੇਵ ਕਹਿੰਦੇ ਹਨ ਤਾਂ ਤੇ ਤੇਰਾ ਸ਼੍ਰਧਾਲੂ ਹਿੰਦੂ ਤਾਂ ਗਿਆਨ ਦੀਆਂ ਦੋਨਾਂ ਅੱਖਾਂ ਤੋਂ ਹੀ ਵਾਂਝਾ ਹੋ ਗਿਆ। ਉਸਨੂੰ ਜਿਸ ਰੱਬ ਨਾਲ ਜੋੜਿਆ, ਉਹ ਰੱਬ ਨਹੀਂ ਜੋ ਪ੍ਰਾਪਤੀ ਦੇ ਰਸਤੇ ਦਿੱਤੇ, ਉਹਨਾਂ ਨੂੰ ਤੂੰ ਆਪ ਅਧੂਰਾ ਤੇ ਕਮਜ਼ੋਰ ਦੱਸ ਰਿਹਾਂ ਹੈ। ਅੰਤ ਫ਼ੈਸਲਾ ਦੇਂਦੇ ਹਨ "ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ" (ਪੰ: ੮੭੫) ਭਾਵ ਮੈਨੂੰ ਤਿੰਨਾਂ ਵਿਚੋਂ ਕਿਸੇ ਦੀ ਲੋੜ ਨਹੀਂ ਮੈ ਤਾਂ ਉਸ ਪ੍ਰਭੂ ਦਾ ਉਪਾਸ਼ਕ ਹਾਂ ਜੋ ਮੰਦਿਰਾਂ-ਮਸਜਿਦਾਂ ਦੀਆਂ ਹੱਦਾ `ਚ ਨਹੀਂ ਬਝਦਾ, ਸਰਵ ਵਿਆਪਕ ਹੈ। (੩) "ਅਸੰਖ ਕੋਟਿ ਅਨ ਪੂਜਾ ਕਰੀ॥ ਏਕ ਨ ਪੂਜਸਿ ਨਾਮੈ ਹਰੀ॥ ੩॥ … "(ਪੰ: ੧੧੬੩) … ਭਾਵੇਂ ਤੂੰ ਅਸੰਖਾਂ-ਕਰੋੜਾਂ (ਦੇਵੀ-ਦੇਵਤਿਆਂ ਆਦਿ) ਦੀਆਂ ਪੂਜਾਵਾਂ ਕਰ ਲੈ ਪਰ ਇਸ ਨਾਲ ਤੈਨੂੰ ਜੀਵਨ ਦੀ ਸਫ਼ਲਤਾ ਪ੍ਰਾਪਤ ਨਹੀਂ ਹੋਵੇਗੀ। ਜੀਵਨ ਦੀ ਸਫ਼ਲਤਾ ਲਈ ਤਾਂ ਇਕੋ-ਇਕ ਪ੍ਰਭੂ ਦੀ ਲੋੜ ਹੈ।

(੪) ਭਗਤ ਜੀ ਪੱਥਰ ਪੂਜਕ ਨਹੀਂ- (ਨਾਮਦੇਵ ਜੀ ਦੀ ਬਾਣੀ ਤੋਂ ਬਾਹਿਰ, ਗੁਰਬਾਣੀ ਵਿਚੋਂ ਨਾਮਦੇਵ ਬਾਰੇ ਕੁੱਝ ਹੋਰ ਪ੍ਰਮਾਣ) ਪੰਜਵੇਂ ਪਾਤਸ਼ਾਹ ਫ਼ੈਸਲਾ ਦੇਂਦੇ ਹਨ ੧."ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ" (ਮ" ੫, ਪੰ: 487) ਭਾਵ ਨਾਮਦੇਵ ਰਾਹੀਂ ਜੀਵਨ ਦੀ ਇਸ ਉੱਤਮ ਪਦਵੀ ਨੂੰ ਪਾਉਣ ਦਾ ਕਾਰਣ ਉਹਨਾਂ ਰਾਹੀਂ ਸਿਰਜਣਹਾਰ ਨਾਲ ਜੁੜੇ ਹੋਣਾ ਸੀ (ਪੱਥਰ, ਮੂਰਤੀ ਪੂਜਾ ਨਹੀਂ) —- ੨."ਨਾਮਾ ਛੀਬਾ ਕਬੀਰੁ ਜ+ਲਾਹਾ ਪੂਰੇ ਗੁਰ ਤੇ ਗਤਿ ਪਾਈ" (ਮ: ੩ਪੰ: 67) ਤੀਜੇ ਪਾਤਸ਼ਾਹ ਫ਼ੁਰਮਾਉਂਦੇ ਹਨ, ਨਾਮਦੇਵ ਦੇ ਜੀਵਨ ਦੀ ਪ੍ਰਾਪਤੀ ਦਾ ਕਾਰਣ ਉਹਨਾਂ ਦਾ ਇਲਾਹੀ ਗੁਰੂ ਨਾਲ ਹੀ ਮਿਲਾਪ ਹੋਣਾ ਸੀ (ਪੱਥਰ, ਮੂਰਤੀ ਪੂਜਾ ਨਹੀਂ) ੩."ਮੇਰੇ ਮਨ ਨਾਮੁ ਜਪਤ ਉਧਰੇ॥ ਧ੍ਰ¨ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ॥ ੧॥ ਰਹਾਉ॥ ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ॥ ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ" (ਮ: ੪, ਪੰ: 995) ਚੌਥੇ ਪਾਤਸ਼ਾਹ ਗਵਾਹੀ ਦੇਂਦੇ ਹਨ "ਨਾਮਦੇਵ, ਜੈਦੇਉ, ਕਬੀਰੁ, ਤ੍ਰਿਲੋਚਨੁ" ਸਾਰੇ ਭਗਤਾਂ ਦਾ ਨਿਸਤਾਰਾ ਪ੍ਰਭੂ ਦੀ ਸਿਫ਼ਤ ਸਾਲਾਹ ਨਾਲ ਹੋਇਆ (ਪੱਥਰ, ਮੂਰਤੀ ਪੂਜਾ ਨਹੀਂ) —-੪. ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ॥ ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ (ਮ: ੫, ਪੰ: 498) ਪੰਜਵੇਂ ਪਾਤਸ਼ਾਹ ਫ਼ੈਸਲਾ ਦੇ ਰਹੇ ਹਨ "ਨਾਮਦੇਉ ਤ੍ਰਿਲੋਚਨੁ, ਕਬੀਰ, ਰਵੀਦਾਸ" ਇਹ ਸਾਰੇ ਭਗਤ ਸਾਧਸੰਗਤ `ਚ ਆਏ ਅਤੇ ਇਹਨਾ ਨੇ ਪ੍ਰਭੂ ਯਸ਼ (ਕੀਰਤਨ) ਦੀ ਕਮਾਈ ਕੀਤੀ ਭਾਵ ਇਹੀ ਸੀ ਇਹਨਾ ਦੇ ਜੀਵਨ ਦੇ ਪਾਰ ਉਤਾਰੇ ਦਾ ਕਾਰਣ (ਪੱਥਰ, ਮੂਰਤੀ ਪੂਜਾ ਨਹੀਂ) ੫."ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ" (ਮ: ੪, ਪੰ: 733) ਚੌਥੇ ਪਾਤਸ਼ਾਹ ਫ਼ੁਰਮਾਂਉਂਦੇ ਹਨ ਕਿ ਲੋਕਾਂ ਭਾਣੇ ਇੱਕ ਨੀਵੀਂ ਜਾਤ ਵਾਲੇ ਛੀਪਾ ਨਾਮਦੇਵ ਨੂੰ ਤਾਂ ਪ੍ਰਭੂ ਨਾਲ ਪਿਆਰ ਬਣ ਆਇਆ ਭਾਵ ਸਫ਼ਲ ਜੀਵਨ ਨੂੰ ਪ੍ਰਾਪਤ ਹੋਏ (ਪੱਥਰ, ਮੂਰਤੀ ਪੂਜਾ ਨਾਲ ਨਹੀਂ) ਜਦਕਿ ਦੂਜੇ ਪਾਸੇ ਉਚੀਆਂ ਜਾਤਾਂ ਦੇ ਅਖਵਾਉਣ ਵਾਲੇ ਅਤੇ ਅਖੌਤੀ ਧਾਰਮਿਕ ਆਗੂ ਵੀ ਸਫ਼ਲ ਨਾ ਹੋ ਸਕੇ——੬."ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ" (ਸਵੈਯੇ ਭਟਾਂ ਕੇ, ਪੰ: 1390) ਇਸੇ ਤਰ੍ਹਾਂ ਗੁਰਬਾਣੀ `ਚ ਹੋਰ ਅਨੇਕਾਂ ਗਵਾਹੀਆਂ ਹਨ ਕਿ ਨਾਮਦੇਵ ਇਕੋ ਇੱਕ ਪ੍ਰਭੂ ਦੇ ਪੁਜਾਰੀ ਸਨ (ਪੱਥਰ, ਮੂਰਤੀ ਪੂਜਾ ਨਹੀਂ)। #97s08.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 97

"ਦੂਧੁ ਕਟੋਰੈ ਗਡਵੈ ਪਾਣੀ"

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.