.

ਪ੍ਰੋ: ਸਾਹਿਬ ਸਿੰਘ ਜੀ ਦੀ ਵਡਮੁਲੀ ਦੇਣ ਗੁਰਬਾਣੀ ਵਿਆਕਰਣ ਅਤੇ ਸਰਲ ਵਿਆਖਿਆ

ਪ੍ਰੋ. ਸਾਹਿਬ ਤੋਂ ਪਹਿਲਾਂ ਸੰਪ੍ਰਦਾਈ ਡੇਰੇਦਾਰ ਗੁਰਬਾਣੀ ਦੀ ਵਿਆਖਿਆ ਮਿਥਿਹਾਸ ਅਤੇ ਵੇਦਾਂਤ ਦੀ ਰੰਗਤ ਦੇ ਕੇ ਕਰਦੇ ਸਨ ਅਤੇ ਅੱਜ ਵੀ ਕਰ ਰਹੇ ਹਨ। ਇੱਕ ਸ਼ਬਦ ਦੇ 40-40 ਅਰਥ ਕਰਨੇ ਆਪਣੀ ਸੰਪ੍ਰਦਾਈ ਵਿਦਿਆ ਦਾ ਵਿਖਾਲਾ ਕੀਤਾ ਜਾਂਦਾ ਅਤੇ ਮਸਾਲੇਦਾਰ ਮਨੋ ਕਲਪਿਤ ਸਾਖੀਆਂ ਸੁਣਾ ਸੁਣਾ ਕੇ ਸੰਗਤਾਂ ਨੂੰ ਗੁਮਰਾਹ ਕੀਤਾ ਜਾਂਦਾ ਸੀ। ਮੁਖ ਤੌਰ ਤੇ ਸੰਗਤ ਨੂੰ ਆਪ ਗੁਰਬਾਣੀ ਪੜ੍ਹਨ ਵਿਚਾਰਨ ਤੋਂ ਇਹ ਕਹਿ ਕੇ ਦੂਰ ਰੱਖਿਆ ਜਾਂਦਾ ਸੀ ਕਿ ਵੇਖਣਾ ਕਿਤੇ ਗੁਰਬਾਣੀ ਗਲਤ ਪੜ੍ਹ ਕੇ ਪਾਪਾਂ ਦੇ ਭਾਗੀ ਨਾ ਬਣ ਜਾਣਾ। ਦੂਸਰਾ ਇਹ ਪ੍ਰਭਾਵ ਦਿੱਤਾ ਜਾਂਦਾ ਸੀ ਕਿ ਗੁਰਬਾਣੀ ਪੜ੍ਹਨੀ ਪੜਾਉਣੀ ਅਤੇ ਵਿਚਾਰਨੀ ਤਾਂ ਸੰਤਾਂ ਸਾਧਾਂ ਜਾਂ ਸੰਪ੍ਰਦਾਈ ਗਿਆਨੀਆਂ ਦਾ ਹੀ ਕੰਮ ਹੈ ਕਿਉਂਕਿ ਉਹ ਟਕਸਾਲੀ ਹਨ। ਇਸ ਕਰਕੇ ਬਹੁਤ ਸਾਰੇ ਡੇਰਿਆਂ ਦਾ ਜਨਮ ਹੋਇਆ ਕਿਉਂਕਿ ਹਰੇਕ ਡੇਰੇਦਾਰ ਆਪਣੀ ਮਰਯਾਦਾ ਚੰਗੀ ਅਤੇ ਡੇਰਾ ਵੱਡਾ ਦੱਸਣ ਲੱਗਾ। ਡੇਰੇਦਾਰਾਂ ਨੂੰ ਸੰਤ, ਮਹੰਤ, ਬ੍ਰਹਮ ਗਿਆਨੀ ਅਤੇ 108 ਸੰਤ ਮਹਾਂਰਾਜ ਜੀ ਦੇ ਤਖੱਲਸ ਅਤੇ ਡਿਗਰੀਆਂ ਦਿੱਤੀਆਂ ਜਾਣ ਲੱਗੀਆਂ। ਇਨ੍ਹਾਂ ਸੰਪ੍ਰਦਾਈ ਡੇਰੇਦਾਰਾਂ ਵਲੋਂ ਹੀ ਧਾਰਮਿਕ ਰਸਮਾਂ ਕੀਤੀਆਂ ਕਰਾਈਆਂ ਜਾਣ ਲੱਗੀਆਂ। ਧਰਮ ਦੇ ਨਾਂ ਤੇ ਜੱਗ, ਅਖੰਡ ਪਾਠ ਅਤੇ ਇਕੋਤਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਪਾਠ ਪੂਜਾ ਦੀਆਂ ਵੱਖਰੀਆਂ ਵੱਖਰੀਆਂ ਭੇਟਾ ਬੰਨ੍ਹ ਦਿੱਤੀਆਂ ਗਈਆਂ। ਗੁਰਬਾਣੀ ਦੇ ਅਸਲੀ ਗਿਆਨ ਅਤੇ ਸਿਧਾਂਤ ਤੋਂ ਅਣਜਾਣ ਰੱਖ ਕੇ ਸਿੱਖ ਇੱਕ ਬਹਾਦਰ ਕੌਮ ਨੂੰ ਭੰਬਲ ਭੂਸਿਆਂ ਵਿੱਚ ਪਾ ਦਿੱਤਾ ਗਿਆ।

ਇਕਾ ਬਾਣੀ ਇਕੁ ਗੁਰੁ ਇਕੋ ਸ਼ਬਦ ਵੀਚਾਰ॥ ਦੇ ਸਿਧਾਂਤ ਤੋਂ ਥਿੜਕਾਅ ਦਿੱਤਾ ਗਿਆ। ਇਵੇਂ ਸਿੱਖ ਵੀ ਡੇਰਾਵਾਦ ਦੇ ਪੁਜਾਰੀ ਬਣਾ ਦਿੱਤੇ ਗਏ। ਇਹ ਸਭ ਕੁੱਝ ਓਦੋਂ ਹੋਇਆ ਜਦੋਂ ਮਹਾਂਰਾਜਾ ਰਣਜੀਤ ਸਿੰਘ ਵੇਲੇ ਗੁਰਮਤਿ ਸਿਧਾਤਾਂ, ਮਰਯਾਦਾ ਅਤੇ ਸਿੱਖੀ ਦੀਆਂ ਮਹਾਂਨ ਪ੍ਰੰਪਰਾਵਾਂ ਨੂੰ ਅੱਖੋਂ ਓਲ੍ਹੇ ਕਰਕੇ ਸਨਾਤਨੀ ਸੰਤਾਂ ਮਹੰਤਾਂ ਨੂੰ ਮਹਾਨਤਾ ਦਿੰਦੇ ਹੋਏ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ ਪ੍ਰਾਪਰਟੀਆਂ ਡੇਰਿਆਂ ਦੇ ਨਾਂ ਲਗਵਾ ਦਿੱਤੀਆਂ ਗਈਆਂ। ਵੱਡੇ ਵੱਡੇ ਧਰਮ ਅਸਥਾਨਾਂ ਦੇ ਮੁਖੀ ਵੀ ਡੇਰੇਦਾਰ ਜਾਂ ਇਨ੍ਹਾਂ ਡੇਰਿਆਂ ਚੋਂ ਪੜ੍ਹੇ ਗਿਆਨੀ ਜਾਂ ਸੰਪ੍ਰਦਾਈ ਵਿਦਵਾਨ ਹੀ ਲਗਾ ਦਿੱਤੇ ਗਏ।

ਫਿਰ ਜਦ ਪ੍ਰੋ. ਗੁਰਮੁਖ ਸਿੰਘ ਅਤੇ ਗਿ. ਦਿੱਤ ਸਿੰਘ ਵਰਗੇ ਪੰਥ ਦਰਦੀਆਂ ਨੇ ਸਿੰਘ ਸਭਾ ਲਹਿਰ ਪੈਦਾ ਕਰਕੇ ਕੌਮ ਵਿਖੇ ਜਾਗ੍ਰਤੀ ਲਿਆਂਦੀ ਅਤੇ ਮਹੰਤਾਂ ਨੂੰ ਸੋਧ ਕੇ ਧਰਮ ਅਸਥਾਨ ਆਦਿਕ ਗੁਰਦੁਆਰੇ ਅਜ਼ਾਦ ਕਰਵਾਏ। ਕਈ ਸਕੂਲ, ਕਾਲਜ ਆਦਿਕ ਖੋਲ੍ਹੇ, ਵਿਦਿਅਕ ਲਹਿਰ ਪੈਦਾ ਕੀਤੀ। ਧਰਮ ਪ੍ਰਚਾਰਕਾਂ ਦੀ ਟ੍ਰੇਨਿੰਗ ਵਾਸਤੇ ਧਰਮ ਵਿਦਿਆਲੇ ਅਤੇ ਮਿਸ਼ਨਰੀ ਕਾਲਜ ਵੀ ਖੋਲ੍ਹੇ। ਇਉਂ ਸਿੱਖਾਂ ਵਿੱਚ ਜਾਗ੍ਰਤੀ ਆਈ ਪਰ ਜਿਵੇਂ ਬ੍ਰਾਹਮਣ ਟਾਈਪ ਹਿੰਦੂ ਸਾਧ ਪਹਿਲੇ ਡੇਰਿਆਂ ਵਿੱਚ ਘੁਸ ਗਏ ਸਨ ਓਵੇਂ ਹੀ ਹੁਣ ਕੇਸਾਧਾਰੀ ਸੰਪ੍ਰਦਾਈ ਅਤੇ ਡੇਰੇਦਾਰ ਵੀ ਇਨ੍ਹਾਂ ਵਿਦਿਅਕ ਅਤੇ ਧਰਮ ਅਦਾਰਿਆਂ ਵਿੱਚ ਘੁਸੜ ਗਏ। ਉਨ੍ਹਾਂ ਦੇ ਵਿਦਵਾਨ ਪ੍ਰਚਾਰਕ ਕਥਾਵਾਚਕ ਹੋਣ ਦੇ ਠੱਪੇ ਵੀ ਲੱਗ ਗਏ ਪਰ ਹੌਲੀ ਹੌਲੀ ਪ੍ਰਚਾਰ ਅਤੇ ਮਰਯਾਦਾ ਸਨਾਤਨੀ ਡੇਰਿਆਂ ਵਾਲੀ ਹੀ ਪ੍ਰਚਾਰਨ ਲੱਗ ਪਏ ਅਤੇ ਸ਼ੋਮਣੀ ਕਮੇਟੀ ਵਿਖੇ ਘੁਸੜਨ ਵਿੱਚ ਵੀ ਕਾਮਯਾਬ ਹੋ ਗਏ। ਇਸ ਦਾ ਪ੍ਰਤੱਖ ਸਬੂਤ ਹੈ ਕਿ ਜਦ ਪੰਥ ਨੇ ਸ਼ੋਮਣੀ ਕਮੇਟੀ ਦੀ ਅਗਵਾਈ ਵਿੱਚ "ਸਿੱਖ ਰਹਿਤ ਮਰਯਾਦਾ" ਦਾ ਖਰੜਾ ਤਿਆਰ ਕੀਤਾ ਤਾਂ ਅਜਿਹੇ ਵੱਡੇ ਕੱਦ ਵਾਲੇ ਸਪ੍ਰਦਾਈ ਗਿਆਨੀ ਅਤੇ ਡੇਰੇਦਾਰ ਇਸ ਨੂੰ ਮੰਨਣ ਤੋਂ ਇਨਕਾਰੀ ਹੋ ਗਏ ਅਤੇ ਆਪਣੇ ਡੇਰਿਆਂ ਤੇ ਸੰਪ੍ਰਦਾਈ ਟਕਸਾਲਾਂ ਵਿਖੇ ਆਪੋ ਆਪਣੀ ਮਰਯਾਦਾ ਅਤੇ ਸਨਾਤਨੀ ਕਥਾ ਪ੍ਰਨਾਲੀ ਮੁੜ ਬਹਾਲ ਕਰ ਦਿੱਤੀ।

ਗਿ. ਦਿੱਤ ਸਿੰਘ ਨੇ ਪਾਖੰਡਵਾਦ ਦੇ ਪੜਦੇ ਆਪਣੀਆਂ ਵਡਮੁਲੀਆਂ ਲਿਖਤਾਂ ਰਾਹੀਂ ਫਾਸ਼ ਕੀਤੇ ਅਤੇ ਦਇਆ ਨੰਦ ਵਰਗੇ ਘੁਮੰਡੀ ਆਰੀਆ ਸਮਾਜੀ ਨੂੰ ਇੱਕ ਭਰੀ ਸਭਾ ਵਿਖੇ ਮੂੰਹ ਤੋੜਵਾਂ ਜਵਾਬ ਦੇ ਕੇ ਨਿਰੁੱਤਰ ਕੀਤਾ। ਭਾਈ ਕਾਨ੍ਹ ਸਿੰਘ ਨ੍ਹਾਭਾ ਨੇ ਵੀ ਬੁਹਤ ਸਾਰੀਆਂ ਬੁੱਕਾਂ ਜਿਵੇਂ ਗੁਰਮਤਿ ਸੁਧਾਕਰ, ਗੁਰਮਤਿ ਮਾਰਤੰਤ ਅਤੇ ਮਹਾਂਨ ਕੋਸ਼ ਵਰਗੀਆਂ ਮਹਾਂਨ ਰਚਨਾਵਾਂ ਲਿਖੀਆਂ ਜਿਨ੍ਹਾਂ ਵਿੱਚੋਂ ਗੁਰਬਾਣੀ ਵਿਆਖਿਆ ਵਾਸਤੇ ਬਹੁਤ ਸਾਰੇ ਪ੍ਰਮਾਣ ਪ੍ਰਕਰਣ ਵਾਈਜ ਮਿਲ ਜਾਂਦੇ ਹਨ ਅਤੇ ਮਹਾਂਨ ਕੋਸ਼ ਤਾਂ ਮਾਨੋਂ ਅਰਥਾਂ ਦਾ ਖਜਾਨਾ ਹੀ ਹੈ। ਭਾਈ ਵੀਰ ਸਿੰਘ ਜੀ ਨੇ ਬਹੁਤ ਸਾਰਾ ਸਾਹਿਤ ਰਚਿਆ, ਕੁਦਰਤ ਦੀ ਕਲਾ ਨੂੰ ਕਲਮ ਦੀ ਕਾਨੀ ਨਾਲ ਕਵਿਤਾ ਰਾਹੀਂ ਬਿਆਨ ਕੀਤਾ। ਭਾਈ ਰਣਧੀਰ ਸਿੰਘ ਜੀ ਨੇ ਨਿਰੋਲ ਗੁਰਬਾਣੀ ਕੀਰਤਨ ਰਾਹੀਂ ਗਰਬਾਣੀ ਪ੍ਰਚਾਰ ਨੂੰ ਪਹਿਲ ਦਿੱਤੀ ਅਤੇ ਕਈ ਪੁਸਤਕਾਂ ਦੇ ਨਾਲ ਗੁਰਬਾਣੀ ਦੀਆਂ "ਲਗਾਂ ਮਾਤਰਾਂ ਦੀ ਵਿਲੱਖਣਤਾ" ਵੀ ਲਿਖ ਕੇ ਗੁਰਬਾਣੀ ਅਰਥਾਂ ਨੂੰ ਸਮਝਣ ਲਈ ਵਡਮੁਲਾ ਯੋਗਦਾਨ ਪਾਇਆ।

ਪ੍ਰੋ ਸਾਹਿਬ ਸਿੰਘ ਜੀ ਜੋ ਬ੍ਰਾਹਮਣ ਘਰਾਣੇ ਨਾਲ ਸਬੰਧਤ ਅਤੇ ਸੰਸਕ੍ਰਿਤ ਦੇ ਉੱਚਕੋਟੀ ਦੇ ਵਿਦਵਾਨ ਸਨ ਜੋ ਸਿੱਖੀ ਵਿੱਚ ਪ੍ਰਵੇਸ਼ ਕਰਕੇ ਨੱਥੂ ਰਾਮ ਤੋਂ ਸਾਹਿਬ ਸਿੰਘ ਹੋ ਗਏ, ਗੁਰਬਾਣੀ, ਫਲਾਸਫੀ ਅਤੇ ਗੁਰਇਤਹਾਸ ਦੀ ਡੀਪਲੀ ਸਟੱਡੀ ਕਰਨ ਲੱਗ ਪਏ। ਉਹ ਆਪਣੀ ਸਵੈਜੀਵਨੀ ਵਿੱਚ ਲਿਖਦੇ ਹਨ ਕਿ ਜਦ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਤਾਂ ਇਕੋ ਸ਼ਬਦ ਕਈ ਰੂਪਾਂ ਵਿਖੇ ਲਿਖਿਆ ਪੜ੍ਹਿਆ ਤਾਂ ਮਨ ਵਿੱਚ ਸ਼ੰਕਾ ਪੈਦਾ ਹੋਇਆ ਐਸਾ ਕਿਉਂ ਹੈ? ਤਾਂ ਰਾਤ ਦਿੱਨ ਇੱਕ ਕਰਕੇ ਗੁਰਬਾਣੀ ਬਾਰੇ ਭਾਰੀ ਖੋਜ ਕੀਤੀ ਅਤੇ ਗੁਰਬਾਣੀ ਅਰਥਾਂ ਨੂੰ ਸੁਖੈਣ ਸਮਝਣ ਵਾਸਤੇ ਗੁਰਬਾਣੀ ਵਿੱਚੋਂ ਹੀ "ਗੁਰਬਾਣੀ ਵਿਆਕਰਣ" ਦੇ ਸਿਧਾਂਤ ਲੱਭੇ ਜਿਨ੍ਹਾਂ ਨੂੰ ਕਿਤਾਬ ਦਾ ਰੂਪ ਦਿੱਤਾ ਗਿਆ। ਗੁਰਬਾਣੀ ਵਿਚਾਰ ਦੇ ਨਾਲ ਨਾਲ ਦਸਾਂ ਗੁਰੂਆਂ ਦਾ ਇਤਿਹਾਸ ਲਿਖਿਆ ਅਤੇ ਗੁਰਮਤਿ ਸਿਧਾਂਤ ਤੇ ਕਈ ਹੋਰ ਬੁੱਕਾਂ ਵੀ ਲਿਖੀਆਂ। ਖਾਸ ਕਰਕੇ ਗੁਰਬਾਣੀ ਦਾ ਟੀਕਾ ਲਿਖਣਾ ਸ਼ੁਰੂ ਕੀਤਾ ਕਿਉਂਕਿ ਪਹਿਲੇ ਜਿਨੇ ਵੀ ਟੀਕੇ ਸਨ ਕਰੀਬ ਸਭ ਨਾਲ ਅਰਥ ਕਰਦੇ ਸਮੇਂ ਮਿਥਿਹਾਸਕ ਕਥਾ ਕਹਾਣੀਆਂ ਸਾਖੀਆਂ ਆਦਿਕ ਜੋੜ ਕੇ ਗੁਰਬਾਣੀ ਸਿਧਾਂਤਾਂ ਨੂੰ ਬ੍ਰਾਹਮਣੀ, ਸਨਾਤਨੀ ਵੇਦਾਂਤੀ ਰੰਗਤ ਦੇ ਕੇ ਸਿੱਖੀ ਦਾ ਭਗਵਾਕਰਨ ਕਰ ਦਿੱਤਾ ਗਿਆ ਸੀ। ਇਸ ਸਭ ਕੁੱਝ ਨੂੰ ਵਾਚ ਕੇ ਹੀ ਬੜੀ ਕਰੜੀ ਮਿਹਨਤ ਨਾਲ ਪ੍ਰੋ. ਸਾਹਿਬ ਸਿੰਘ ਜੀ ਨੇ ਗੁਰਬਾਣੀ ਦੀ ਸਿਧਾਂਤਕ ਵਿਆਖਿਆ ਕੀਤੀ ਅਤੇ ਇਹ ਵੀ ਲਿਖਿਆ ਕਿ ਇਹ ਸੰਪੂਰਨ ਨਹੀਂ ਅੱਗੇ ਹੋਰ ਵੀ ਖੋਜ ਦੀ ਲੋੜ ਹੈ-ਖੋਜੀ ਉਪਜੈ ਬਾਦੀ ਬਿਨਸੈ" ਸੋ ਅੱਜ ਹੋਰ ਵੀ ਵਿਦਵਾਨ ਇਸ ਪਾਸੇ ਲੱਗੇ ਹੋਏ ਹਨ ਕਿਉਂਕਿ ਕਈਆਂ ਥਾਵਾਂ ਤੇ ਗੁਰਬਾਣੀ ਦੇ ਭਾਵ ਅਤੇ ਸਿਧਾਂਤਕ ਅਰਥ ਕੀਤੇ ਤੋਂ ਬਿਨਾ ਸਮਝ ਨਹੀਂ ਪੈਂਦੀ ਜਿਵੇਂ "ਲੇਲੇ ਕਉ ਚੂੰਘੇ ਨਿਤਿ ਭੇਡੁ" (ਗੁਰੂ ਗ੍ਰੰਥ) ਲੇਲਾ ਪੁੱਤ ਅਤੇ ਭੇਡ ਮਾਂ ਹੈ ਜਰਾ ਸੋਚੋ ਕਦੇ ਮਾਂ ਵੀ ਪੁੱਤ ਨੂੰ ਚੁੰਘਦੀ ਹੈ ਨਹੀਂ ਸਗੋਂ ਪੁੱਤ ਹੀ ਮਾਂ ਨੂੰ ਚੁੰਘਦਾ ਹੈ ਸੋ ਇਥੇ ਭਾਵ ਹੈ ਮਾਇਆ ਰੂਪੀ ਭੇਡ ਮਨ ਰੂਪੀ ਲੇਲੇ ਨੂੰ ਨਿਤਾ ਪ੍ਰਤੀ ਚੁੰਘੀ ਜਾ ਰਹੀ ਹੈ ਭਾਵ ਆਪਣੇ ਮਗਰ ਲਾਈ ਫਿਰਦੀ ਹੈ। ਇਸੇ ਤਰ੍ਹਾਂ ਕਈ ਪੰਕਤੀਆਂ ਵਿਖੇ ਇੱਕ ਸ਼ਬਦ ਇੱਕੋ ਸਰੂਪ ਵਿੱਚ ਲਿਖਿਆ ਹੈ ਪਰ ਉਸ ਦੇ ਅਰਥ ਅਤੇ ਉਚਾਰਣ ਵੱਖਰੇ ਵੱਖਰੇ ਹਨ ਜਿਵੇਂ "ਮੋਹਨਿ ਮੋਹਿ ਲੀਆ ਮਨਿ ਮੋਹਿ॥ ਗੁਰ ਕੈ ਸਬਦਿ ਪਛਾਨਾ ਤੋਹਿ॥" (ਗੁਰੂ ਗ੍ਰੰਥ) ਇਥੇ "ਮੋਹਿ" ਸ਼ਬਦ ਦੋ ਵਾਰੀ ਆਇਆ ਹੈ ਅਤੇ ਪਹਿਲੇ "ਮੋਹਿ" ਦਾ ਉਚਾਰਣ "ਮੋਹ" ਹੈ ਅਤੇ ਅਰਥ ਹਨ ਮੋਹ ਲਿਆ ਪਰ ਦੂਜੇ "ਮੋਹਿ" ਦਾ ਉਚਾਰਣ ਹੈ "ਮੋਹੇ" ਅਤੇ ਅਰਥ ਹਨ "ਮੇਰਾ"। ਸੋ ਭਾਵ ਹੈ ਕਿ ਮੋਹਨ ਪ੍ਰਭੂ ਨੇ ਮੇਰਾ ਮਨ ਮੋਹ ਲਿਆ ਹੈ। ਸੋ ਇਸ "ਮੋਹਿ" ਸ਼ਬਦ ਨੂੰ ਦੋਵਾਂ ਥਾਵਾਂ ਤੇ ਮੋਹੇ ਮੋਹੇ ਨਹੀਂ ਪੜ੍ਹਿਆ ਜਾ ਸਕਦਾ ਪਰ ਗੁਰਬਾਣੀ ਵਿਆਕਰਣ ਤੋਂ ਅਣਜਾਣ ਜਾਂ ਜਾਣਬੁੱਝ ਕੇ ਨਾਂ ਮੰਨਣ ਵਾਲੇ ਦੋਵਾਂ ਥਾਵਾਂ ਤੇ ਉਚਾਰਣ ਮੋਹੇ ਮੋਹੇ ਹੀ ਕਰੀ ਅਤੇ ਪੜ੍ਹੀ ਜਾ ਰਹੇ ਹਨ।

ਇਸ ਕਰਕੇ ਆਂਮ ਡੇਰੇਦਾਰ ਤਾਂ ਗੁਰਮਤਿ ਵਿਦਵਾਨਾਂ ਵਿਰੁੱਧ ਬੋਲਦੇ ਹੀ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਹਲਵੇ ਮੰਡੇ ਨੂੰ ਸੱਟ ਵਜਦੀ ਹੈ ਪਰ ਅੱਜ ਕੁੱਝ ਲੋਕ ਮਿਸ਼ਨਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਅਤੇ ਮਿਸ਼ਨਰੀ ਵਿਦਵਾਨ ਪ੍ਰਚਾਰਕ ਦਾ ਠੱਪਾ ਲਗਵਾ ਕੇ ਵੀ ਪ੍ਰਚਾਰ ਸਨਾਤਨਤਾ ਦਾ ਹੀ ਕਰਦੇ ਹੋਏ ਪ੍ਰੋ. ਸਾਹਿਬ ਸਿੰਘ ਜੀ ਵਿਰੁੱਧ ਬੋਲੀ ਤੇ ਲਿਖੀ ਜਾ ਰਹੇ ਹਨ। ਥੋੜੇ ਦਿਨ ਪਹਿਲੇ ਕੋਈ ਪ੍ਰੋ. ਅਵਤਾਰ ਸਿੰਘ ਨੇ ਪੰਜਾਬ ਨਿਊਜ ਅਤੇ ਪੰਜਾਬ ਟਾਈਮ ਅਖਬਾਰਾਂ ਰਾਹੀਂ ਪ੍ਰੋ. ਸਾਹਿਬ ਸਿੰਘ ਅਤੇ ਕੁੱਝ ਹੋਰ ਗੁਰਮਤੀ ਵਿਦਵਾਨਾਂ ਦੀ ਬੇ ਲੋੜੀ ਨਿੰਦਿਆ ਕਰਦਿਆਂ ਆਪਣੇ ਮਨ ਦੀ ਭੜਾਸ ਕੱਢਦਿਆਂ ਅਖਬਾਰਾਂ ਦੇ ਪੱਤਰੇ ਕਾਲੇ ਕੀਤੇ ਹਨ ਜਿਨ੍ਹਾਂ ਵਿੱਚ ਬੇਦਲੀਲ ਗੱਲਾਂ ਕਰਕੇ ਮਿਥਿਹਾਸਵਾਦ, ਮਨੋ ਕਲਪਿਤ ਸਾਖੀਵਾਦ ਅਤੇ ਅਣਹੋਣੀਆਂ ਕਰਾਮਾਤਾਂ ਨੂੰ ਬੜਾਵਾ ਦੇ ਕੇ ਗੁਰਮਤਿ ਸਿਧਾਤਾਂ ਦਾ ਭਰਵਾਂ ਵਿਰੋਧ ਕੀਤਾ ਹੈ। ਯਾਦ ਰੱਖੋ ਸਿੱਖੀ ਵਿੱਚ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਅਤੇ ਦੀਦਾਰ ਖ਼ਾਲਸੇ ਦਾ ਸਿਧਾਂਤ ਹੈ। ਸਿੱਖੀ ਵਿਖੇ ਪ੍ਰਥਮ ਪ੍ਰਮੁਖ ਅਕਾਲ ਪੁਰਖ ਪ੍ਰਮਾਤਮਾਂ ਨੂੰ ਮੰਨਿਆਂ ਗਿਆ ਹੈ, ਦੂਜੇ ਨੰਬਰ ਤੇ ਗੁਰੂ ਦੀ ਮਹਾਨਤਾ ਹੈ ਜਿਸ ਰਾਹੀਂ ਪ੍ਰਮਾਤਮਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਗੁਰੂਆਂ ਨੇ ਆਪਣੇ ਆਪ ਨੂੰ ਰੱਬ ਨਹੀਂ ਸਦਵਾਇਆ ਸਗੋਂ ਉਸ ਦੇ ਸੇਵਕ, ਦਾਸ ਅਤੇ ਦਾਸੀਆਂ, ਢਾਢੀ ਸ਼ਾਇਰ ਆਦਿਕ ਹੀ ਕਿਹਾ ਹੈ। ਇੱਥੋਂ ਤੱਕ ਕਿ "ਇਸ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਭਾਈ" (ਗੁਰੂ ਗ੍ਰੰਥ ਸਾਹਿਬ) ਅਤੇ ਹੋਰ ਵੀ ਫੁਰਮਾਨ ਹਨ "ਸੋ ਮੁਖ ਜਲੋ ਜਿਤਿ ਕਹਹਿ ਠਾਕੁਰੁ ਜੋਨੀ" ਇੱਥੇ ਠਾਕਰ ਦਾ ਅਰਥ ਮਾਲਕ ਹੈ ਜੋ ਸਾਰੀ ਦੁਨੀਆਂ ਦਾ ਮਾਲਕ ਹੈ ਜੋ ਜਮਦਾ ਮਰਦਾ ਨਹੀਂ। ਗੁਰੂ ਭਗਤ ਤਾਂ ਮਾਂ ਦੇ ਪੇਟ ਤੋਂ ਸਰੀਰ ਕਰਕੇ ਜਨਮੇ ਵੀ ਅਤੇ ਸਰੀਰ ਕਰਕੇ ਮਰੇ ਵੀ। ਇਸੇ ਕਰਕੇ ਉਨ੍ਹਾਂ ਨੇ ਸਰੀਰਾਂ ਨੂੰ ਬਿਨਸਨਹਾਰ ਕਿਹਾ ਹੈ "ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਿ ਕਾਲ੍ਹ॥" ਹਾਂ ਗੁਰਬਾਣੀ ਵਿਖੇ ਗੁਰੂਆਂ ਭਗਤਾਂ ਨੂੰ ਰੱਬੀ ਰੂਪ ਜਰੂਰ ਦਰਸਾਇਆ ਗਿਆ ਹੈ ਕਿਉਂਕਿ ਉਹ ਹਮੇਸ਼ਾਂ ਇੱਕ ਰੱਬ ਨੂੰ ਹੀ ਸਰਉਚਤਾ ਦਿੰਦੇ ਸਨ। ਭੱਟਾਂ ਨੇ ਵੀ ਇਸੇ ਸੰਦਰਭ ਵਿੱਚ ਹੀ ਗੁਰੂ ਉਸਤਤਿ ਕਰਦਿਆਂ ਗਾਇਨ ਕੀਤਾ ਸੀ ਕਿ "ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਉ"॥ ਨਾਰਾਇਣ ਵਾਲੇ ਗੁਣ ਧਾਰਨ ਕਰਕੇ ਗੁਰੂ ਨਾਰਾਇਣ ਰੂਪ ਹੋ ਗਿਆ। ਆਪਾਂ ਆਂਮ ਹੀ ਕਿਸੇ ਦੇ ਚੰਗੇ ਗੁਣ ਦੇਖ ਕੇ ਕਹਿ ਦਿੰਦੇ ਹਾਂ ਕਿ ਫਲਾਨਾਂ ਤਾਂ ਰੱਬ ਦਾ ਹੀ ਰੂਪ ਹੈ, ਸੋ ਭੱਟਾਂ ਨੇ ਵੀ ਗੁਰੂ ਵਿੱਚ ਰੱਬੀ ਗੁਣ ਦੇਖ ਕੇ ਹੀ ਐਸਾ ਕਿਹਾ ਸੀ। ਪ੍ਰੋ. ਸਾਹਿਬ ਸਿੰਘ ਜੀ ਨੇ ਵੀ ਗੁਰੂਆਂ ਭਗਤਾਂ ਨੂੰ ਹੀ ਫਾਲੋ ਕੀਤਾ ਹੈ ਨਾ ਕਿ ਕਿਸੇ ਸੰਪ੍ਰਦਾਈ ਜਾਂ ਡੇਰੇਦਾਰ ਨੂੰ। ਪ੍ਰੋ. ਸਾਹਿਬ ਸਿੰਘ ਜੀ ਨਾਸਤਕ ਨਹੀਂ ਸਨ ਜਿਨ੍ਹਾਂ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਸਿਧਾਂਤ ਨਾਲ ਜੋੜਿਆ ਅਤੇ ਅੱਜ ਵੀ ਲੱਖਾਂ ਹੀ ਗੁਰੂ ਪ੍ਰੇਮੀ ਉਨ੍ਹਾਂ ਦੀਆਂ ਲਿਖਤਾਂ ਰਾਹੀਂ ਗੁਰੂ ਨਾਲ ਜੁੜ ਰਹੇ ਹਨ ਅਤੇ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ। ਗੁਰੂ ਗ੍ਰੰਥ ਦਰਪਨ (ਗੁਰਬਾਣੀ ਦਾ ਦਸਾਂ ਪੋਥੀਆਂ ਵਿੱਚ ਟੀਕਾ) ਉਨ੍ਹਾਂ ਦੀ ਪੰਥ ਨੂੰ ਬਲ ਕਿ ਸੰਸਾਰ ਨੂੰ ਵਡਮੁੱਲੀ ਦੇਣ ਹੈ। ਗੁਰੂ ਗ੍ਰੰਥ ਦਰਪਨ ਪੜ੍ਹ ਵਾਚ ਕੇ ਸਿੱਖ ਨੂੰ ਕਿਸੇ ਸੰਪ੍ਰਦਾਈ ਡੇਰੇਦਾਰ ਜਾਂ ਲੰਬੇ ਚੋਲੇ ਵਾਲੇ ਕੋਲ ਜਾਣ ਦੀ ਲੋੜ ਨਹੀਂ, ਜੋ ਹਮੇਸ਼ਾਂ ਹੀ ਸ਼ਰਧਾਲੂਆਂ ਨੂੰ ਡਰਾ ਕੇ ਕਿ ਵੇਖਣਾ ਕਿਤੇ ਗੁਰਬਾਣੀ ਗਲਤ ਪੜ੍ਹੀ ਗਈ ਤਾਂ ਪਾਪ ਚੜ੍ਹੇਗਾ ਦੀ ਰਟ ਲਾ ਕੇ ਆਪਣੇ ਮਗਰ ਲਾਈ ਫਿਰਦੇ ਹਨ ਅਤੇ ਜਨਤਾ ਨੂੰ ਬਲਾਂਈਡ ਫੇਥ ਬਣਾਈ ਜਾ ਰਹੇ ਹਨ। ਸਿੱਖ ਦਾ ਅਰਥ ਸਿੱਖਣਾ ਹੈ ਜੋ ਸਦਾ ਹੀ ਗੁਰੂ ਦਾ ਸਿਖਿਆਰਥੀ ਹੈ ਨਾ ਕਿ ਕਿਸੇ ਸੰਤ ਮਹੰਤ ਸੰਪਦ੍ਰਾਈ ਡੇਰੇਦਾਰ ਦਾ। ਅਜਿਹੇ ਵਿਦਵਾਨਾਂ ਤੋ ਬਚਣ ਦੀ ਲੋੜ ਹੈ ਜੋ ਸਿੱਖੀ ਨੂੰ ਵੇਦਾਂਤ ਅਤੇ ਮਿਥਿਹਾਸ ਦੀਆਂ ਐਨਕਾਂ ਨਾਲ ਵੇਖਦੇ ਤੇ ਵਾਚਦੇ ਹਨ। ਸਿੱਖ ਅਜਿਹਾ ਕਦੇ ਨਹੀਂ ਕਰ ਸਕਦਾ ਐਸਾ ਤਾਂ ਕਿਸੇ ਲਾਲਚ ਜਾਂ ਈਰਖਾ ਵੱਸ ਹੀ ਹੋ ਸਕਦਾ ਹੈ। ਚਾਹੀਦਾ ਤਾਂ ਪ੍ਰੋ. ਸਾਹਿਬ ਸਿੰਘ ਜੀ ਵਰਗੇ ਉੱਚਕੋਟੀ ਦੇ ਵਿਦਵਾਨਾਂ ਤੋਂ ਗੁਰਬਾਣੀ ਵਿਆਖਿਆ ਦੀ ਸੇਧ ਲੈ ਕੇ ਗੁਰਬਾਣੀ ਨੂੰ ਵੱਧ ਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰੀਏ ਨਾਂ ਕਿ ਅਜਿਹੇ ਵਿਦਵਾਨਾਂ ਤੇ ਵਿਰੁੱਧ ਹੀ ਲਿਖੀ ਜਾਈਏ। ਗੁਰਬਾਣੀ ਆਪਣੇ ਆਪ ਵਿੱਚ ਮੁਕੰਮਲ ਹੈ, ਇਸ ਦੀ ਵਿਆਖਿਆ ਵੇਦਾਂਤੀ, ਸਨਾਤਨੀ ਅਤੇ ਸੰਪ੍ਰਦਾਈ ਐਨਕਾਂ ਲਾ ਕੇ ਨਹੀਂ ਕੀਤੀ ਜਾ ਸਕਦੀ ਅਤੇ ਸਾਖੀਆਂ ਅਤੇ ਇਤਿਹਾਸ ਵੀ ਗੁਰਬਾਣੀ ਸਿਧਾਂਤਾਂ ਦੀ ਕਸਵੱਟੀ ਤੇ ਪੂਰਾ ਉਤਰਨ ਵਾਲਾ ਹੀ ਠੀਕ ਮੰਨਿਆਂ ਜਾ ਸਕਦਾ ਹੈ। ਸ਼ਰਦਾ ਵੀ ਗਿਆਨ ਸਹਿਤ ਹੋਣੀ ਚਾਹੀਦੀ ਹੈ ਨਾਂ ਕਿ ਅੰਨ੍ਹੀ ਸ਼ਰਦਾ ਜੋ ਗਿਆਨ ਦੇ ਦਰਵਾਜੇ ਹੀ ਬੰਦ ਕਰ ਦੇਵੇ।

ਅਵਤਾਰ ਸਿੰਘ ਮਿਸ਼ਨਰੀ
.