.

ਜਹਾ ਗਿਆਨ ਤਹ ਧਰਮ ਹੈ…

ਜਿੰਦਗੀ ਕੇਵਲ ਬੰਦੇ ਦੀ ਪੰਜ ਕੁ ਸਾਲ ਹੀ ਹੈ! ਮੰਨ ਲਉ ਇੱਕ ਮਨੁੱਖ ਸੱਠ ਸਾਲ ਤਕ ਜਿਉਂਦਾ ਹੈ ਵੀਹ ਸਾਲ ਤਾਂ ਉਸਦੇ ਸੌਂ ਕੇ ਲੰਘ ਜਾਂਦੇ ਹਨ ਬਾਕੀ ਬੱਚੇ ਚਾਲੀ? ਚਾਲੀਆਂ ਵਿਚੋਂ ਵੀਹ ਕੁ ਕੰਮ ਕਰਦਿਆਂ ਲੰਘ ਗਏ। ਬਾਕੀ ਬੱਚੇ ਵੀਹ? ਉਸ ਵਿਚੋਂ ਖਾਂਣ-ਪੀਣ ਦਾ ਸਮਾ ਵੀ ਚਾਹੀਦਾ, ਕੋਈ ਹੋਰ ਇਧਰ ਉਧਰ ਦੇ ਕੰਮ-ਧੰਦੇ ਮਿਲਣ-ਗਿਲਣ ਬੀਮਾਰ-ਸ਼ੁਮਾਰ। ਕੁੱਝ ਹਿੱਸਾ ਬੱਚਪਨ ਦਾ ਗਿਆ ਤੇ ਕੁੱਝ ਬੁਢੇਪੇ ਦਾ ਬਾਕੀ ਬੱਚਿਆ ਕੀ. ਪੰਜ ਸਾਲ? ਪੰਜ ਸਾਲ ਵਿੱਚ ਇਹ ਬੰਦਾ ਕੀ ਕਰੇਗਾ? ਇਸੇ ਲਈ ਗੁਰਬਾਣੀ ਕਹਿ ਰਹੀ ਕਿ ਹਰ ਪਲ ਜਾਗ! ਹਰ ਪਲ ਉਸਨੂੰ ਸਿਮਰ। ਜਾਗਣ ਦਾ ਮੱਤਲਬ ਸਰੀਰਕ ਨੀਦ ਨਹੀ। ਤੁਰਦਾ ਹੋਇਆ ਜਾਗ। ਬੈਠਦਾ ਹੋਇਆ ਜਾਗ। ਖਾਂਦਾ ਹੋਇਆ ਜਾਗ। ਬੋਲਦਾ ਹੋਇਆ ਜਾਗ। ਇਥੋ ਤਕ ਕਿ ਸੁੱਤਾ ਹੋਇਆ ਵੀ ਜਾਗ! ਜੋ ਵੀ ਤੂੰ ਕਰ ਰਿਹਾਂ ਜਾਗ ਕੇ ਕਰ। ਸੁੱਤਿਆਂ ਵਰਗਾ ਮਸ਼ੀਨੀ ਢੰਗ ਛੱਡ। ਇਸੇ ਜਾਗਣ ਨੂੰ ਹੀ ਸਿਮਰਨ ਕਿਹਾ, ਇਹ ਜਾਗਣ ਹੀ ਭਗਤੀ ਹੈ, ਇਹ ਜਾਗਣ ਹੀ ਬੰਦਗੀ ਹੈ। ਕਿਸੇ ਭੋਰੇ ਵਿੱਚ ਦੜ ਕੇ ਬੈਠਣ ਦੀ ਲੋੜ ਨਹੀ, ਕਿਸੇ ਜੰਗਲ ਵਿੱਚ ਜਾਕੇ ਪੁੱਠਾ ਲਮਕਣ ਦੀ ਲੋੜ ਨਹੀ, ਕੋਈ ਧੂਣੀ ਤਾਉਣ ਦੀ ਲੋੜ ਨਹੀ, ਕਿਸੇ ਠੰਡੇ ਪਾਣੀਆਂ ਵਿੱਚ ਇੱਕ ਲਤ ਖੜਨ ਦੀ ਲੋੜ ਨਹੀ, ਕਿਸੇ ਸਾਧ ਕੋਲੇ ਜਾਕੇ ਕੋਈ ਮੰਤ੍ਰ ਪੁੱਛਣ ਦੀ ਲੋੜ ਨਹੀ। ਬੱਅਸ! ਜਾਗ, ਗੁਰੂ ਦਾ ਗਿਆਨ ਹੀ ਤੈਨੂੰ ਜਗਾਉਂਦਾ ਹੈ, ਗੁਰੂ ਦਾ ਗਿਆਨ ਹੀ ਤੇਰੀ ਜਨਮਾ ਦੀ ਨੀਦ ਤੋੜੇਗਾ, ਗੁਰੂ ਦਾ ਗਿਆਨ ਹੀ ਤੈਨੂੰ ਬੇਹੋਸ਼ੀ ਵਿਚੋਂ ਬਾਹਰ ਲੈਕੇ ਆਵੇਗਾ।

ਗਿਆਨ ਹੀ ਤੇਰੇ ਪਾਪ ਮੇਟਣ ਦੇ ਸਮਰਥ ਹੇ, ਗੁਰੁ ਕਹਿ ਰਹੇ ਹਨ ਕਿ ਧਰਮ ਹੈ ਹੀ ਉਥੇ ਜਿਥੇ ਗਿਆਨ ਹੈ। ‘ਕਬੀਰਾ ਜਹਾ ਗਿਆਨ ਤਹ ਧਰਮ ਹੈ, ਜਹ ਝੂਠ ਤਹ ਪਾਪ॥ ਗਿਆਨ ਦੀ ਅਣਹੋਂਦ ਹੀ ਪਾਪ ਦਾ ਮੂਲ ਕਾਰਨ ਹੈ। ਪਾਪ ਕਿਤਿਉ ਬਾਹਰੋਂ ਨਹੀ ਆਉਂਦਾ ਮਨੁੱਖ ਦੇ ਅੰਦਰ ਹੀ ਪੁੰਗਰਦਾ, ਵਡਾ ਹੁੰਦਾ ਤੇ ਫਲਦਾ ਹੈ। ਪਰ ਗੁਰੂ ਦਾ ਗਿਆਨ ਇਸ ਦੀ ਸਿਰੀ ਨਿਲਕਣ ਹੀ ਨਹੀ ਦਿੰਦਾ। ਉਹ ਇਸ ਨੂੰ ਜੰਮਣ ਹੀ ਨਹੀ ਦਿੰਦਾ। ਦੁਨੀਆਂ ਦੇ ਉਪੱਦਰਾਂ ਦੀ ਜੜ੍ਹ ਅਗਿਆਨਤਾ ਹੈ। ਇਹ ਕਤਲੋਗਾਰਤ, ਇਹ ਲਹੂਆਂ ਦੇ ਵਪਾਰ, ਇਹ ਮਸੂਮ ਜਿੰਦਗੀਆਂ ਦਾ ਲਿਤਾੜੇ ਜਾਣਾ ਸਭ ਮਨੁੱਖ ਦੀ ਅਗਿਆਨਤਾ ਦੀ ਬੁਨਿਆਦ ਪਰ ਹੈ। ਕਿਉਂਕਿ ਜੋ ਉਪਰ ਬੈਠੇ ਕਰ ਰਹੇ ਹਨ ਉਹ ਸਾਡੇ ਹੀ ਅੰਦਰ ਪਲ ਰਹੇ ਪਾਪਾਂ ਨੂੰ ਅਜੰਾਮ ਦੇ ਰਹੇ ਹਨ। ਉਹ ਸਾਡੇ ਤੋਂ ਕੁੱਝ ਵੀ ਵੱਖਰਾ ਨਹੀ ਕਰ ਰਹੇ। ਉਹ ਸਾਡੀਆਂ ਹੀ ਭਾਵਨਾਵਾ ਦੀ ਤਰਜਮਾਨੀ ਕਰ ਰਹੇ ਹਨ। ਉਹਨਾ ਨੂੰ ਅਸੀਂ ਹੀ ਉਥੇ ਪਹੁੰਚਾਇਆ ਹੈ। ਹੇਠਾਂ ਪਲ ਰਹੀਆਂ ਸਾਡੀਆਂ ਹੀ ਲਾਲਸਾਵਾਂ ਉਪਰ ਵਲ ਜਾ ਕੇ ਮੁੱਲਖਾਂ ਦੇ ਮੁੱਲਖ ਹੱੜਪਣ ਦੀ ਦੌੜ ਵਿੱਚ ਮਨੁੱਖਤਾ ਦਾ ਲਹੂ ਡ੍ਹੋਲ ਰਹੀਆਂ ਹਨ। ਚੰਗਾ ਸਮਾਜ ਹੀ ਚੰਗੇ ਲੀਡਰ ਦੇ ਸਕਦਾ, ਚੰਗਾ ਸਮਾਜ ਹੀ ਚੰਗਾ ਮੁੱਲਖ ਬਣ ਸਕਦਾ। ਤੇ ਸਮਾਜ ਕੀ ਹੈ। ਸਾਡਾ ਹੀ ਮਨੁੱਖਾਂ ਦਾ ਇਕੱਠ। ਅਸੀਂ ਇਕ-ਇਕ ਕਰਕੇ ਹੀ ਸਾਰਾ ਸਮਾਜ ਬਣਦੇ ਹਾਂ, ਇੱਕ ਕੌਮ ਬਣਦੇ ਹਾਂ ਤੇ ਇੱਕ ਮੁਲਖ ਬਣਦੇ ਹਾਂ। ਅਸੀਂ ਜੇ ਸੁੱਤੇ ਹੋਈਏ ਉਪਰ ਵੀ ਸਭ ਸੁੱਤੇ ਹੀ ਮਿਲਣਗੇ। ਉਪਰ ਜਾਣੇ ਕਿਥੋਂ ਹਨ। ਸਾਡੇ ਵਿਚੋਂ ਹੀ। ਜੋ ਅਸੀਂ ਹਾਂ ਉਹੀ ਉਹ ਹੋਣਗੇ। ਜੋ ਉਹ ਹੋਣਗੇ ਉਹੀ ਅਸੀਂ ਹੋਵਾਂਗੇ।

ਜੇ ਅਸੀਂ ਸਿੱਖ ਕੌਮ ਦੀ ਮਿਸਾਲ ਲਈਏ, ਜੋ ਪੰਜਾਬ ਵਿੱਚ ਗੰਦ ਪਿਆ ਹੋਇਆਂ ਡਰੱਗਾਂ ਤੋਂ ਲੈਕੇ ਡੇਰਿਆਂ ਤੱਕ ਦਾ ਇਹ ਕਿਥੋਂ ਗਿਆ? ਸਾਡੇ ਹੀ ਵਿਚੋਂ ਗਿਆ। ਡੇਰੇ ਕੀ ਕਿਸੇ ਕਰਾਮਾਤ ਨਾਲ ਬਣ ਗਏ? ਨਹੀ ਅਸੀਂ ਲਾਈ ਹੈ ਉਸ ਦੀ ਇੱਟ ਇੱਟ। ਅਸੀਂ ਲਾਇਆ ਉਸ ਉਪਰ ਚੂਨਾ। ਸਾਧ ਦਾ ਚੋਲਾ ਅਸੀਂ ਖੁਦ ਬੁਣਿਆ ਹੈ। ਉਨਾ ਵਿਹਲੜਾਂ ਦੀਆਂ ਧਾੜਾਂ ਦੀਆਂ ਰੋਟੀਆਂ ਦਾ ਇੰਤਜਾਮ ਅਸੀਂ ਖੁਦ ਕਰਦੇ ਹਾਂ। ਉਹ ਕੋਈ ਝੋਨਾ ਨਹੀ ਝਾੜਦੇ ਨਾ ਕਣਕ ਬੀਜਦੇ ਹਨ। ਡਰੱਗਾਂ ਸਾਡੇ ਘਰਾਂ ਵਿਚੋਂ ਗਈਆਂ ਹਨ। ਅਸੀਂ ਸ਼ਰਾਬੀ ਸਾਂ ਬੱਚੇ ਅਗੇ ‘ਤਰੱਕੀ’ ਕਰਕੇ ਸਮੈਕੀ ਤੇ ਡਰੱਗੀ ਹੋ ਗਏ। ਮੱਤ ਕਿਸੇ ਨੂੰ ਇਲਜਾਮ ਦਿਉ। ਕੋਈ ਨਹੀ ਲੁੱਟ ਸਕਦਾ ਉਸ ਘਰ ਨੂੰ ਜਿਸ ਵਿੱਚ ਲੋਕ ਜਾਗਦੇ ਹੋਣ। ਪਰ ਕਿਉਂਕਿ ਗੁਰੂ ਅਵਾਜਾ ਦਿੰਦਾ ਰਿਹਾ ਅਸੀਂ ਸਾਧਾਂ ਮਗਰ ਲਗ ਉਸਨੂੰ ਵੀ ਸਾਧਾਂ ਵਾਂਗ ਕੂਲੀਆਂ ਰਜਾਈਆਂ ਅਤੇ ਏਅਰਕੰਡੀਸ਼ਨ ਕਮਰਿਆਂ ਵਿੱਚ ਬੰਦ ਕਰ ਛੱਡਿਆ ਕਿ ਬੋਲਣ ਦੀ ਲੋੜ ਨਹੀ, ਸੇਵਾ ਤੇਰੀ ਪੂਰੀ ਹੋਵੇਗੀ, ਭੋਗਾਂ ਦੇ ਥਾਲ ਤੈਨੂੰ ਜਿਹੋ ਜਿਹੇ ਕਹੇਂਗਾ ਲਵਾਵਾਂਗੇ, ਰੇਸ਼ਮੀ ਰਜਾਈਆਂ ਏਅੲਕੰਡੀਸ਼ਨਾ ਨਾਲ ਠੰਡਾ-ਨਿੱਗਾ ਤੈਨੂੰ ਕਰਦੇ ਰਹਾਂਗੇ ਪਰ ਸਾਡੇ ਕੰਮਾ ਵਿੱਚ ਬੋਲਣ ਦੀ ਲੋੜ ਨਹੀ। ਨਾ ਸਾਡੇ ਕੋਲ ਵਿਹਲ ਹੈ ਤੈਨੂੰ ਸੁਣਨ ਦੀ। ਭਾਈ ਬੈਠਾਇਆ ਹੋਇਆ ਪੈਸੇ ਦੇਕੇ, ਉਸੇ ਨਾਲ ਕਰਲੈ ਜਿਹੜੀਆਂ ਦੋ ਚਾਰ ਕਰਨੀਆਂ ਉਹ ਜੇ ਸੁਣਦਾ, ਨਹੀ ਤਾਂ ਉਸਨੂੰ ਵੀ ਊਂਗ ਲੈਣਦੇ ਤੇ ਅਸੀਂ ਆਲੂ ਗੰਡੇ ਛਿੱਲ ਲਈਏ ਕਲ ਨੂੰ ਕਿੰਨੇ ਰਿਸ਼ਤੇਦਾਰ ਆਉਣੇ ਨੇ ਉਹਨਾ ਦੀ ਵੀ ‘ਸੇਵਾ’ ਕਰਨੀ ਹੈ। ਤੇਰਾ ਕੀ ਏ, ਤੈਂਨੰ ਤਾਂ ਜਦੋਂ ਕੋਈ ਦੁੱਖ ਤਕਲੀਫ ਹੋਈ ਫਿਰ ਆਣ ਫੜਾਂਗੇ ਨਹੀ ਤਾਂ ਕਿਸੇ ਬਾਬਾ ਜੀ ਅਗੇ ਜਾ ਬੇਨਤੀ ਕਰਾਂਗੇ।

ਇਹ ਸਭ ਕਿਵੇਂ ਹੋ ਰਿਹਾ, ਇਹ ਹੋ ਰਿਹਾ ਨੀਂਦ ਵਿਚ। ਜਾਗਿਆ ਮਨੁੱਖ ਇੰਝ ਦੀ ਛੋਛੇ ਬਾਜੀ ਗੁਰੁ ਨਾਲ ਕਿਉਂ ਕਰੇਗਾ। ਕਰ ਸਕੇਗਾ ਹੀ ਨਹੀ। ਗਿਆਨੀ ਮਨੁੱਖ ਸੌਦੇਬਾਜੀ ਵਿੱਚ ਪੈਂਦਾ ਹੀ ਨਹੀ। ਸੌਦੇਬਾਜੀ ਅਗਿਆਨਤਾ ਵਿਚੋਂ ਪੈਦਾ ਹੁੰਦੀ ਹੈ ਤੇ ਇਹੀ ਪਾਪ ਦੀ ਜੜ੍ਹ ਹੈ। ਮਨੁੱਖ ਸੋਚਦਾ ਸਰੋਵਰ ਵਿੱਚ ਨਾ ਕੇ ਇਸ ਵਾਰੀ ਦੇ ਪਾਪ ਲੱਥ ਗਏ ਹੁਣ ਅਗਲੇ ਫਿਰ ਕਰੋ ਤੇ ਅਗਲੇ ਸਾਲ ਆਕੇ ਇੱਕ ਵਾਰ ਟੁਬੀ ਲਾਕੇ ਫਿਰ ਲਾਹ ਜਾਵਾਂਗੇ। ਇਸ ਕਿਸਮ ਦੀ ਅਗਿਆਨਤਾ ਪਾਪ ਨੂੰ ਬਲ ਦਿੰਦੀ ਹੈ। ਰੂੜੀ ਪ੍ਰਦਾਨ ਕਰਦੀ ਹੈ। ਕਿਉਂਕਿ ਜੇ ਮਨੁੱਖ ਦੇ ਅੰਦਰਲਾ ਪਾਪ ਵਾਲਾ ਅਹਿਸਾਸ ਮਰਜਾਏ ਤਾਂ ਉਹ ਹੋਰ ਕਰੇਗਾ। ਜਦ ਉਸਨੂੰ ਲਗੇ ਕਿ ਇਹ ਤਾਂ ਕੰਮ ਹੀ ਸੌਖਾ ਹੈ, ਲਾਉ ਟੁੱਬੀ ਤੇ ਪਾਪ ਸਭ ਗਏ। ਪਰ ਗੁਰੁ ਇੰਝ ਨਹੀ ਕਹਿੰਦਾ ਉਹ ਕਹਿ ਰਿਹਾ ਸਾਲ ਬਾਅਦ ਨਹੀ ਰੋਜ ਸਰੋਵਰ ਵਿੱਚ ਨਹਾ, ਪਰ ਆਹ ਬਾਹਰ ਦਿਸਦੇ ਵਿੱਚ ਨਹੀ ਗਿਆਨ ਦੇ ਸਰੋਵਰ ਵਿੱਚ ਟੁੱਬੀ ਲਾ ਤੇ ਫੇਰ ਤੇਰੇ ਪਾਪ ਕਟੇ ਜਾਣਗੇ ਕਿਉਂਕਿ ਫਿਰ ਤੂੰ ਪਾਪ ਕਰਨੇ ਹੀ ਨਹੀ ਤਾਂ ਕਟਿਆ ਜਾਣ ਵਾਲਾ ਉਥੇ ਕੀ ਹੈ। ਗਰੂ ਦੇ ਗਿਆਨ ਦੇ ਗੁਰੂ ਦੇ ਸ਼ਬਦ ਦੇ ਸਰੋਵਰ ਵਿੱਚ ਜਦ ਤੂੰ ਗੋਤਾ ਲਾ ਬੈਠਾ ਤਾਂ ਦੱਸ ਝੂਠ ਕਿਵੇਂ ਬੋਲੇਗਾਂ, ਠੱਗੀ ਕਿਵੇਂ ਮਾਰੇਂਗਾ, ਅੱਖ ਮਾੜੀ ਕਰਕੇ ਕਿਵੇਂ ਉਤਾਂਹ ਚੁਕੇਂਗਾ, ਨਫਰਤ ਕਿਵੇਂ ਕਿਸੇ ਨੂੰ ਕਰੇਂਗਾ, ਕਿਸੇ ਨਾਲ ਲਗ ਕੇ ਜਾਂ ਕਿਸੇ ਦੇ ਹੱਥ ਦਾ ਖਾ ਕੇ ਕਿੰਝ ਤੂੰ ਦਸ ਭਿੱਟਿਆ ਜਾਏਂਗਾ। ਫਿਰ ਤੁੂੰ ਜਦ ਬਾਹਰ ਨਹਾਉਣ ਦਾ ਭੁਲੇਖਾ ਕਰਨ ਲਗੇਂਗਾ ਤਾਂ ਗੁਰੁ ਨੇ ਫੱਟ ਬੋਲ ਬੋਲ ਪੈਂਣਾ. "ਜਲ ਕੇ ਮਜਨ ਜੇ ਗਤਿ ਹੋਵੈ, ਨਿਤ ਨਿਤ ਮੇਂਡਕ ਨਾਵੈ"॥ ਜੇ ਤੂੰ ਕਿਸੇ ਨੂੰ ਮਾੜੀ ਅੱਖ ਵੇਖਣ ਲਗਾ ਤਾਂ ਗੁਰੁ ਨੇ ਤੈਨੂੰ ਉਸੇ ਵੇਲੇ ਗੋਤਾ ਦੇ ਦੇਣਾ,

"ਪਲਕ ਦਿਸ੍ਰਟਿ ਦੇਖੁ ਭੁਲੋ, ਆਕ ਨੀਮ ਕੋ ਤੂਮਰ॥ ਜੈਸੇ ਸੰਗਿ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹੁ ਪਰ ਗ੍ਰਹਿ॥

ਤੂੰ ਜੱਟ ਚੂਹੜੈ ਜਾਂ ਚਮਿਆਰ ਦਾ ਹੰਕਾਰ ਕਰ ਕੇ ਦਿਖਾਈਂ ਉਹਨੇ ਉਸੇ ਵੇਲੇ ਡਾਂਗ ਲੈਕੇ ਆਣ ਖੜਨਾ.

"ਜਾਤ ਕਾ ਗਰਭ ਨ ਕਰ ਮੁਰਖ ਗਵਾਰਾ॥ ਇਸ ਗਰਭ ਤੇ ਚਲੇ ਬਹੁਤ ਵਿਕਾਰਾ"॥

ਤੇਨੂੰ ਕਾਮ ਸਤਾਉਣ ਲਗਾ ਗੁਰੁ ਨੇ ਫਿਰ ਆਣ ਹਾਜਰ ਹੋਣਾ;

ਨਿਮਖੁ ਕਾਮ ਸੁਆਦ ਕਾਰਨ, ਕੋਟਿ ਦਿਨਸ ਦੁਖੁ ਪਾਵੈ॥ ਘੜੀ ਮੁਹਤ ਰੰਗ ਮਾਣੈ, ਫਿਰਿ ਬਹੁਰ ਬਹੁਰ ਪਛਤਾਵੈ॥

ਕ੍ਰੋਧ ਆ ਗਿਆ ਉਸ ਫੇਰ ਆਣ ਦਰਸਨ ਦੇਣੇ; ਕਾਮਿ ਕ੍ਰੋਧ ਕਾਇਆਂ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ॥

ਮੁੱਕਦੀ ਗਲ ਤੂੰ ਜੋ ਮਰਜੀ ਬੁਰਾਈ ਜਹਾਨ ਦੀ ਕਰਨ ਲਗੇਂ ਗੁਰੂ ਕੋਲ ਤੇਰੀ ਹਰ ਗਲ ਦਾ ਜਵਾਬ ਹੈ ਤੇ ਉਸ ਬੋਲਣੋਂ ਰਹਿਣਾ ਨਹੀ। ਇਸੇ ਲਈ ‘ਸਿਆਣੇ ਸਿੱਖਾਂ’ ਬਾਬਿਆਂ ਦਾ ਬੱਚਨ ਮੰਨ ਅਪਣੇ ਘਰ ਤੇ ਗੁਰਦੁਆਰੇ ਮੂਰਤੀਆਂ ਨਾਲ ਸਜਾ ਲਏ ਨੇ ਤੇ ਬੇਫਿਕਰ ਹੋਕੇ ਅਪਣੀ ‘ਕਮਾਈ’ ਕਰ ਰਹੇ ਹਨ। ਨਾ ਮੂਰਤੀ ਬੋਲੇ ਨਾ ਸਾਨੂੰ ਕੁੱਝ ਸੁਣੇ ਅਸੀਂ ਵੀ ਖੁਸ਼ ਤੇ ਮੂਰਤੀ ਵੀ, ਗੁਰੂ ਵੇਖੇ ਕਿ ਉਸ ਕਿਧਰ ਜਾਣਾ। ਜਾਂ ਇੱਕ ਦੂਜਾ ਸੌਖਾ ਰਾਹ ਹੈ। ਭਾਈ ਨੂੰ ਪੈਸੇ ਦਿਉ ਅਖੰਡ ਪਾਠ ਉਸ ਕਰ ਦੇਣਾ ਤੁਸੀਂ ਲੰਗਰ ਛਕੋ ਤੇ ਘਰ ਨੂੰ ਉਸ ਤੋਂ ਜੇ ਮਹਿੰਗਾ ਅਤੇ ਜਿਆਦਾ ‘ਗਰੰਟੀ ਸ਼ੁਦਾ’ ਭਾਵ ਨਾਰੀਅਲਾਂ ਜੋਤਾਂ ਵਾਲਾ ਪਾਠ ਕਰਉਂਣਾ ਤਾਂ ਬਾਬਿਆਂ ਕੋਲੇ ਜਾਉ। ਜੇ ਮੁਸੀਬਤ ਜਿਆਦਾ ਵਡ੍ਹੀ ਜਾਂ ਮੁੰਡਾ ਚਿਰ ਦਾ ਹੀ ਨਹੀ ਹੁੰਦਾ ਫਿਰ ਬਾਬਿਆਂ ਕੋਲੇ ਸੰਪਟ ਪਾਠ ਹੈ ਇੱਕ ਹਫਤੇ ਵਾਲਾ। ਜੇ ਮੁਸੀਬਤਾਂ ਦਾ ਗੱਡਾ ਜਿਆਦਾ ਹੀ ਭਾਰਾ ਅਤੇ ਫਸ ਵੀ ਕਿਸੇ ਡੂੰਘੀ ਖੱਡ ਵਿੱਚ ਗਿਆ ਤਾਂ ਫਿਰ ਉਹਨਾ ਕੋਲੇ ਉਸ ਤੋਂ ਵੀ ਵਡ੍ਹਾ ਮਹਾਂ ਸੰਪਟ ਯਾਨੀ ਅਠਾਈ ਦਿਨ ਵਾਲਾ ਪਾਠ ਵੀ ਹੈ।

ਭਰਾਵੋ, ਇਹ ਅਸੀਂ ਕੋਈ ਟਿੱਚਰਾਂ ਨਹੀ ਕਰ ਰਹੇ ਇਹ ਗੁਰੁ ਸਾਹਿਬਾਨਾ ਦੀ ਅਣਥੱਕ ਘਾਲਣਾ ਨਾਲ ਸੌਦੇ ਬਾਜੀ ਹੋ ਰਹੀ ਹੈ, ਇਹ ਧੋਖਾ ਹੈ, ਠੱਗੀ ਹੈ, ਫਰੇਬ ਹੈ, ਅਤੇ ਝੂਠ ਹੈ। ਗੁਰੂ ਇਸ ਜਹਾਨ ਤੇ ਮੁੰਡੇ ਵੰਡਣ ਨਹੀ ਆਇਆ, ਨਾ ਤੁਹਾਡੇ ਦੁਖਦੇ ਸਿਰ ਹਟਾਉਣ, ਨਾ ਗੁਰੁ ਨੇ ਤੁਹਾਡੀਆਂ ਹੀ ਸਹੇੜੀਆਂ ਮੁਸ਼ਕਲਾਂ ਤੋਂ ਕੁੱਝ ਲੈਣਾ ਦੇਣਾ ਹੈ। ਗੁਰੁ ਤੁਹਾਨੂੰ ਉਹ ਦਵਾਈ ਦੇਣ ਆਇਆ ਸੀ ਜਿਸ ਦਾ ਸਬੰਧ ਤੁਹਾਡੇ ਅੰਦਰਲੇ ਰੋਗਾਂ ਨਾਲ ਹੈ ਜਿਥੋਂ ਇਹ ਬਾਹਰਲੇ ਸਾਰੇ ਰੋਗ ਪੈਦਾ ਹੁੰਦੇ ਹਨ। ਸਮਾਜ ਵਿੱਚ ਤੇ ਫਿਰ ਪੂਰੀ ਕੌਮ ਵਿੱਚ ਫੇਲਦੇ ਹਨ। ਕਿਸੇ ਦਾ ਖਾਧਾ ਭੋਜਨ ਮੇਰਾ ਪੇਟ ਨਹੀ ਭਰੇਗਾ, ਕਿਸੇ ਦਾ ਕੀਤੇ ਪਾਠ ਦਾ ਮੇਰੇ ਮਨ ਨਾਲ ਕੋਈ ਸਬੰਧ ਨਹੀ। ਮੈਂ ਖੁਦ ਕਰਾਂਗਾ, ਕਰਕੇ ਸਮਝਾਂਗਾ, ਸਮਝ ਕੇ ਉਸ ਉਪਰ ਅਮਲ ਕਰਾਂਗਾ, ਇਹ ਪਾਠ ਹੈ। ਬਾਬਿਆਂ ਦੀਆਂ ਕੋਤਰੀਆਂ ਅਤੇ ਮਹਾਂ ਸੰਪਟ ਪਾਠਾਂ ਨੇ ਹਾਲੇ ਤਕ ਕੌਮ ਦਾ ਕੁੱਝ ਸਵਾਰਿਆ ਤੇ ਨਾ ਸਵਾਰਨਗੇ। ਮੇਰੀ ਜਿੰਦਗੀ ਕੁਲ ਪੰਜ ਸਾਲ ਹੈ ਪੰਜਾਂ ਵਿਚੋਂ ਮੈਂ ਦੋ ਤਾਂ ਗੁਰੁ ਕੋਲੇ ਬੈਠਣ ਤੇ ਲਾਵਾਂ!

ਗੁਰਦੇਵ ਸਿੰਘ ਸੱਧੇਵਾਲੀਆ




.