.

"ਗਰੁੜ ਚੜ੍ਹ੍ਹੇ ਗੋਬਿੰਦ ਆਇਲਾ" (ਪੰ: ੧੧੬੫)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਅਰੰਭਕ ਵਿਚਾਰ- ਭਗਤ ਨਾਮਦੇਵ ਜੀ ਦੇ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ੧੮ ਰਾਗਾਂ `ਚ ੬੧ ਸ਼ਬਦ ਹਨ। ਇਹ ਮਾਨ ਵੀ ਅਕਾਲਪੁਰਖ ਨੇ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਨੂੰ ਹੀ ਬਖਸ਼ਿਆ ਕਿ ਡੇਰਿਆਂ ਆਦਿ ਤੋਂ ਪ੍ਰਚਲਤ, ਭਗਤ ਬਾਣੀ ਨਾਲ ਸੰਬੰਧਤ ਕਈ ਸ਼ਬਦਾਂ ਨੂੰ ਕਹਾਣੀਆਂ ਪਿਛੇ ਲਗਾ ਕੇ ਬੇਅਦਬੀ ਭਰਪੂਰ ਕੀਤੇ ਜਾ ਰਹੇ ਅਰਥਾਂ ਬਾਰੇ ਬਹੁਤ ਸਾਰੀਆਂ ਘੁੰਡੀਆਂ ਖੋਲੀਆਂ। ਗੁਰਬਾਣੀ ਵਿਆਕਰਣ ਦੇ ਆਧਾਰ `ਤੇ ਉਹਨਾਂ ਸ਼ਬਦਾਂ ਦੇ ਗੁਰਮਤਿ ਅਨੁਸਾਰ ਸਿਧਾਂਤਕ ਅਰਥਾਂ ਨੂੰ ਸਾਹਮਣੇ ਲਿਆਂਦਾ। ਇਹੀ ਨਹੀਂ, ਗੁਰੂ ਕੀਆਂ ਸੰਗਤਾਂ ਲਈ, ਗੁਰਬਾਣੀ ਦਾ ਜੋ ਵਿਆਕਰਣ, ਪ੍ਰੋਫ਼ੈਸਰ ਸਾਹਿਬ ਨੇ ਹੀ ਖੋਜਿਆ ਤੇ ਉਜਾਗਰ ਕੀਤਾ, ਉਸ ਨੂੰ ਵੀ ਸਲੀਕੇ ਨਾਲ ਪੁਸਤਕ ਰੂਪ `ਚ ਕੌਮ ਦੇ ਅਮੁਲੇ ਭੰਡਾਰ `ਚ ਦਾਖਿਲ ਕਰ ਗਏ।

ਸ਼ਕ ਨਹੀਂ, ਉਸ ਬਿਖੜੇ ਸਮੇਂ, ਇਹ ਕਾਰਜ ਇਤਨਾ ਵੱਡਾ ਤੇ ਔਕੜਾਂ ਭਰਿਆ ਸੀ, ਜਿਸ ਪਿਛੇ, ਇਸ ਸੰਬੰਧ `ਚ ਕਰਤਾਰ ਦੀ ਉਹਨਾਂ `ਤੇ ਵਿਸ਼ੇਸ਼, ਬਖਸ਼ਿਸ਼ ਹੀ ਕਹੀ ਜਾ ਸਕਦੀ ਹੈ। ਇਸਤੋਂ ਬਾਅਦ ਫ਼ਿਰ ਵੀ ਜੇ ਕੁਝ ਘੁੰਡੀਆਂ ਬਾਕੀ ਹਨ ਤਾਂ ਉਹਨਾਂ ਲਈ ਵੀ ‘ਗੁਰੂ ਗ੍ਰੰਥ ਦਰਪਣ’ `ਚ ‘ਪ੍ਰੋਫ਼ੈਸਰ ਸਾਹਿਬ ਸਿੰਘ’, ਗੁਰਬਾਣੀ ਅਰਥਾਂ ਲਈ ਅਜੇਹੇ ਸਿਧਾਂਤਕ ਆਧਾਰ ਦੇ ਗਏ ਹਨ ਜੋ ਲੰਮੇ ਸਮੇਂ ਤੀਕ ਗੁਰਬਾਣੀ ਅਰਥ-ਬੋਧ ਅਤੇ ਰਹਿ ਚੁਕੀਆਂ ਘੁੰਡੀਆਂ ਦੇ ਸਮਾਧਾਨ ਲਈ ਪੰਥ ਨੂੰ ਆਧਾਰ ਤੇ ਚਾਨਣ ਮੁਨਾਰੇ ਦਾ ਕੰਮ ਦੇਂਦੇ ਰਹਿਣਗੇ। ਨਾਮਦੇਵ ਜੀ ਦਾ ਹੱਥਲਾ ਸ਼ਬਦ ਵੀ ਉਸੇ ਲੜੀ `ਚੋਂ ਹੈ। ਇਸ ਲਈ ਲੇਖਕ ਦੀਆਂ ਹੋਰ ਕਈ ਲਿਖਤਾਂ ਦੀ ਤਰ੍ਹਾਂ ਇਥੇ ਵੀ ਕੀਤੇ ਅਰਥ ਪ੍ਰੌਫ਼ੈਸਰ ਸਾਹਿਬ ਤੋਂ ਬੇਸ਼ਕ ਭਿੰਨ ਹਨ, ਪਰ ਸਚਾਈ ਇਹੀ ਹੈ ਕਿ ਅਰਥਾਂ ਦਾ ਆਧਾਰ ਪ੍ਰੋਫ਼ੈਸਰ ਸਾਹਿਬ ਰਾਹੀਂ ਪੰਥ ਨੂੰ ਗੁਰਬਾਣੀ ਅਰਥਾਂ ਲਈ ਸਿਧਾਂਤਕ ਸੇਧ ਹੀ ਹੈ।

ਇਹ ਵੀ ਸਚਾਈ ਹੈ ਕਿ ਗੁਰਬਾਣੀ ਦੇ ਅਰਥਾਂ ਦਾ ਅਗਲਾ ਸਿਰਾ, ਉਸ ਬੇਅੰਤ ਅਕਾਲਪੁਰਖ ਨਾਲ ਹੀ ਜੁੜਿਆ ਹੋਇਆ ਹੈ, ਇਹੀ ਕਾਰਣ ਹੈ, ਗੁਰਬਾਣੀ ਦੇ ਅਰਥਾਂ ਦੀ ਤਿਹ ਤੀਕ ਕਦੇ ਨਹੀਂ ਪੁਜਿਆ ਜਾ ਸਕੇਗਾ। ਗੁਰਬਾਣੀ ਆਪਣੇ ਆਪ `ਚ ‘ਅਗਾਧ ਬੋਧ’ ਹੈ। ਇਸ ਲਈ ਇਸਦੇ ਅਰਥਾਂ `ਚ ਜਿੰਨੇ ਵੀ ਅੱਗੇ ਵੱਧਦੇ ਜਾਵਾਂਗੇ, ਉਸ `ਚ ਹੋਰ ਤੇ ਹੋਰ ਨਿਖਾਰ ਆਉਂਦਾ ਜਾਵੇਗਾ। ਇਸ ਲਈ, ਸਿਧਾਂਤਕ ਪੱਕੜ ਰਖਦੇ ਹੋਏ ਗੁਰਬਾਣੀ ਦੇ ਅਰਥਾਂ ਦੀ ਗਹਿਰਾਈ ਵਲ ਅੱਗੇ ਤੋਂ ਅੱਗੇ ਵੱਧਣਾ ਕਦੇ ਵੀ ਗ਼ਲਤ ਨਹੀਂ ਹੋਵੇਗਾ। ਇਸ ਲਈ, ਇਹ ਲੋੜ ਅੱਜ ਤਾਂ ਕੀ, ਆਉਂਦੀਆਂ ਪੀੜ੍ਹੀਆਂ ਤੀਕ ਵੀ ਕਦੇ ਮੁੱਕਣ ਵਾਲੀ ਨਹੀਂ। ਇਸ ਦੇ ਬਾਵਜੂਦ ਇਹ ਕਦੇ ਵੀ ਸੰਭਵ ਨਹੀਂ ਹੋਵੇਗਾ ਕਿ ਕਿਸੇ ਵੀ ਸ਼ਬਦ ਦੇ ਸਿਧਾਂਤ ਤੋਂ ਹਟ ਕੇ ਇੱਕ ਤੋਂ ਵੱਧ ਅਰਥ ਕੀਤੇ ਜਾ ਸਕਣ।

ਹੱਥਲੇ ਸ਼ਬਦ ਦੇ ਅਰਥਾਂ ਵਲ ਜਾਣ ਤੋਂ ਪਹਿਲਾਂ ਸਾਨੂੰ ਕੁਝ ਗੱਲਾਂ ਧਿਆਣ-ਗੋਚਰੇ ਕਰਨੀਆਂ ਹਨ। (ੳ) ਸੰਪੂਰਣ ਗੁਰਬਾਣੀ ਕੇਵਲ ਇਕੋਇਕ ਅਕਾਲ ਪੁਰਖ ਦੀ ਹੀ ਵਿਆਖਿਆ, ਪਹਿਚਾਣ ਅਤੇ ਉਸੇ ਨਾਲ ਜੋੜਣ ਵਾਲੀ ਹੈ (ਅ) ਗੁਰਬਾਣੀ ਸੰਸਾਰ ਭਰ ਦੇ ਇਕੋਇਕ ਉਸ ‘ਗੁਰੂ’ ਨਾਲ ਜੋੜਦੀ ਹੈ, ਜੋ ਕਰਤੇ ਤੋਂ ਭਿੰਨ ਨਹੀਂ। ਜੋ ਸਦੀਵੀ ਹੈ, ਬਲਕਿ ਮਨੁੱਖਾ ਜੀਵਨ ਦੀ ਸੰਭਾਲ ਲਈ ਅਕਾਲਪੁਰਖ ਦਾ ਵਿਸ਼ੇਸ਼ ਗੁਣ ਹੈ। ਇਸ ਤਰ੍ਹਾਂ ਇਹੀ ਸਿਧਾਂਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਅੰਦਰ ਦਰਜ ਭਗਤ ਬਾਣੀ `ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦਾ ਹੈ। (ੲ) ਅਕਾਲਪੁਰਖ ਬੋਧਕ ਜਿੰਨੇ ਵੀ ਨਾਮ ਗੁਰਬਾਣੀ `ਚ ਆਏ ਹਨ, ਬੇਸ਼ਕ ਪੁਰਾਤਨ ਸਮੇਂ ਉਹ ਕਿਸੇ ਵੀ ਸਭਿਯਤਾ, ਵਿਸ਼ਵਾਸ ਜਾਂ ਅਰਥਾਂ `ਚ ਵਰਤੇ ਜਾਂਦੇ ਰਹੇ ਹੋਣ, ਜਦੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ `ਚ ਵਰਤੇ ਹੋਣ ਤਾਂ ਉਹਨਾਂ ਦਾ ਅਰਥ ਸਿਵਾਏ ਰੂਪ, ਰੰਗ, ਰੇਖ ਤੋਂ ਨਿਆਰੇ ਅਕਾਲਪੁਰਖ ਦੇ ਸਿਵਾ, ਹੋਰ ਕਿਸੇ ਲਈ ਨਹੀਂ। (ਸ) ਖੁਦ ਨਾਮਦੇਵ ਜੀ ਨਾਲ ਸੰਬੰਧਤ ਅਸੀਂ ਹੁਣ ਤੀਕ ਤਿੰਨ ਗੁਰਮਤਿ ਪਾਠ ਦੇ ਚੁਕੇ ਹਾਂ ਜਿਨ੍ਹਾਂ ਵਿਚੋਂ ‘ਭਗਤ ਨਾਮਦੇਵ ਜੀ ਅਤੇ ਪੱਥਰ ਪੂਜਾ’, ਜਿਸਦਾ ਆਧਾਰ ਭਗਤ ਜੀ ਦਾ ਸ਼ਬਦ "ਦੂਧੁ ਕਟੋਰੈ ਗਡਵੈ ਪਾਣੀ" (ਪੰ: ੧੧੬੩) ਅਤੇ ਸਾਬਤ ਕੀਤਾ ਹੈ ਕਿ ਨਾਮਦੇਵ ਜੀ ਨੇ ਕਦੇ ਕਿਸੇ ਪੱਥਰ-ਮੂਰਤੀ ਨੂੰ ਦੁਧ ਨਹੀਂ ਪਿਲਾਇਆ, ਲੋੜ ਹੈ ਤਾਂ ਸਾਡੇ ਜਾਗਣ ਦੀ। ਦੂਜਾ- ‘ਭਗਤ ਨਾਮਦੇਵ ਜੀ ਦਾ ਇਸ਼ਟ’, ਤੀਜਾ- "ਨਾਮਦੇਵ ਜੀ ਅਤੇ ਅਵਤਾਰ ਵਾਦ, ਦੇਵੀ-ਦੇਵਤਾ ਵਾਦ"। ਇਹ ਤਿੰਨੇ ਗੁਰਮਤਿ ਪਾਠ ਨੰਬਰਵਾਰ ੫੯, ੯੯, ੧੨੦ ਹਨ, ਸੰਗਤਾਂ ਇਹਨਾ ਦਾ ਲਾਭ ਲੈ ਸਕਦੀਆਂ ਹਨ। ਹੁਣ ਦੇਂਦੇਂ ਹਾਂ ਸ਼ਬਦ "ਗਰੁੜ ਚੜ੍ਹ੍ਹੇ ਗੋਬਿੰਦ ਆਇਲਾ" ਨਾਲ ਕੁਝ ਸੰਬੰਧਤ ਨੁੱਕਤੇ:

ਨੁੱਕਤਾ-੧ "ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ" - ਸ਼ਬਦ ਦੇ ਅਰਥਾਂ ਵਲ ਵਧਣ ਤੋਂ ਪਹਿਲਾਂ ਗੁਰਬਾਣੀ ਵਾਲੀ ਇਸ ਸਚਾਈ ਨੂੰ ਸਮਝਣਾ ਹੈ ਕਿ ਗੁਰਬਾਣੀ `ਚ ਮਨੁੱਖ-ਮਨੁੱਖ ਲਈ ਅਨੇਕਾਂ ਧਰਮਾਂ ਵਾਲੀ ਸੋਚਣੀ ਨੂੰ ਪ੍ਰਵਾਣ ਨਹੀਂ ਕੀਤਾ ਗਿਆ। ਸੰਸਾਰ ਭਰ ਦੇ ਮਨੁੱਖਾਂ ਲਈ ਗੁਰਬਾਣੀ `ਚ ਇਕੋ ਹੀ ਸਦੀਵੀ ਧਰਮ ਦੀ ਗੱਲ ਦ੍ਰਿੜ ਕਰਵਾਈ ਹੈ। ਫ਼ੁਰਮਾਨ ਹੈ "ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ" (ਪੰ: ੧੧੮੮) ਫ਼ਿਰ ਉਸ ਰੱਬੀ ਧਰਮ ਦੀ ਵਿਆਖਿਆ ਹੈ "ਅਨਹਦਿ ਰਾਤਾ ਏਕ ਲਿਵ ਤਾਰ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ" (ਉਹੀ) ਜਾਂ "ਸਰਬ ਸਬਦੰ ਏਕ ਸਬਦੰ" (ਪੰ: ੪੬੯) ‘ਸਬਦੰ’ ਦਾ ਅਰਥ ਵੀ ਧਰਮ ਹੀ ਹੈ ਅਤੇ ਅਰਥ ਹਨ ਸਾਰੇ ਮਨੁੱਖ ਮਾਤ੍ਰ ਦਾ ਇਕੋ ਹੀ ਧਰਮ, ਵੱਧ ਨਹੀਂ।

ਨੁੱਕਤਾ-੨ ਗੁਰਮੁਖ, ਮਨਮੁਖ- ਸੰਪੂਰਣ ਗੁਰਬਾਣੀ `ਚ ਮਨੁੱਖ ਦੇ ਇਸ ਇਲਾਹੀ ਧਰਮ ਦੇ ਸੰਸਾਰਕ ਪੱਧਰ `ਤੇ ਦੋ ਪ੍ਰਗਟਾਵੇ ਦਸੇ ਹਨ ਪਹਿਲਾ ‘ਗੁਰਮੁਖਿ’, ਦੂਜਾ ‘ਮਨਮੁਖ’। ਫ਼ੁਰਮਾਨ ਹੈ "ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ, ਮਨਮੁਖ ਜਨਮਿ ਮਰਾਹਿ" (ਪੰ: ੬੪੩) ਭਾਵ ਜਿਹੜੇ ਗੁਰੂ-ਗੁਰਬਾਣੀ ਦੀ ਰੋਸ਼ਨੀ-ਸੇਧ `ਚ ਜੀਵਨ ਬਤੀਤ ਕਰਦੇ ਹਨ ਉਹ ‘ਗੁਰਮੁਖ’ (ਵਡਭਾਗੀ) ਹੋ ਜਾਂਦੇ ਹਨ ਅਤੇ ਜੀਵਨ ਸਫ਼ਲਾ ਕਰਕੇ ਜਾਂਦੇ ਹਨ। ਦੂਜੇ- ਗੁਰੂ ਦੀ ਸਿਖਿਆ `ਤੇ ਨਾ ਚਲ ਕੇ "ਨਾਨਕ ਗੁਰੂ ਨ ਚੇਤਨੀ, ਮਨਿ ਆਪਣੈ ਸੁਚੇਤ" (ਪੰ: ੪੬੩) ‘ਮਨਮੁਖ’ ਰਹਿ ਕੇ ਅਭਾਗੇ ਹੀ ਜੀਵਨ ਬਤੀਤ ਕਰਦੇ ਹਨ, ਮੁੜ ਜਨਮ-ਮਰਨ ਦੇ ਗੇੜ੍ਹ `ਚ ਪਾ ਦਿਤੇ ਹਨ।

ਨੁੱਕਤਾ-੩ "ਤਰਵਰੁ ਕਾਇਆ ਪੰਖਿ ਮਨੁ" -ਗੁਰਮੁਖਿ ਜਾਂ ਮਨਮੁਖ, ਦੋਨਾਂ ਦਾ ਧੁਰਾ ਹੈ, ਮਨੁੱਖ ਨੂੰ ਪ੍ਰਭੂ ਵਲੋਂ ਬਖਸ਼ਿਆ ‘ਮਨ’। ਸੰਪੂਰਣ ਗੁਰਬਾਣੀ ‘ਮਨ’ ਦੇ ਵਿਸ਼ੇ ਨਾਲ ਓਤ-ਪ੍ਰੋਤ ਹੈ। ‘ਮਨ’ ਸੰਬੰਧੀ ਇੱਕ ਮਿਸਾਲ "ਤਰਵਰੁ ਕਾਇਆ ਪੰਖਿ ਮਨੁ, ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨ ਰੰਚ॥ ਉਡਹਿ ਤ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ" (ਪੰ: ੯੩੪) ਭਾਵ ਸਾਡੇ ਸਰੀਰ ਅੰਦਰ ਮਨ ਰੂਪੀ ਇੱਕ ਪੰਛੀ ਵਸਦਾ ਹੈ। ਇਸੇ ਤਰ੍ਹਾਂ ਸਾਡੇ ਇਸੇ ਸਰੀਰ ਅੰਦਰ ਪੰਜ ਹੋਰ ਪੰਛੀ (ਗਿਆਨ ਇੰਦਰੇ) ਵੀ ਹਨ। ਖੂਬੀ ਇਹ, ਕਿ ਇਹ ਪੰਜੇ, ਸਦਾ ‘ਮਨ’ ਪੰਛੀ ਦੇ ਅਧੀਨ ਹੋ ਕੇ ਉਡਦੇ ਹਨ ਅਤੇ ਉਡਦੇ ਵੀ ਇਕੋ ਹੀ ਦਿਸ਼ਾ ਨੂੰ ਹਨ, ਭਿੰਨ ਭਿੰਨ ਨੂੰ ਨਹੀਂ।

ਇਸ ਤਰ੍ਹਾਂ, ਜਦੋਂ ਸਾਡੇ ਗਿਆਨ ਇੰਦਰੇ (ਪੰਜੇ ਪੰਛੀ), ਜੀਵਨ ਦੇ ਤਤ (ਪ੍ਰਭੂ) ਨਾਲ ਜੁੜ ਕੇ ਚਲਦੇ ਹਨ ਤਾਂ ਇਹਨਾ ਨੂੰ ਵਿਕਾਰਾਂ, ਸੰਸਾਰਕ ਬੰਧਨਾ, ਮੋਹ-ਮਾਇਆ ਆਦਿ ਵਾਲੀ ਫਾਹੀ ਨਹੀਂ ਪੈਂਦੀ। ਪਰ ਜਦੋਂ ਇਹ ਪੰਛੀ, ਪ੍ਰਭੂ ਨੂੰ ਭੁਲ ਕੇ ਉਲਟੀ ਦਿਸ਼ਾ ਨੂੰ ਉਡਦੇ ਹਨ, ਤਾਂ ਸੰਸਾਰਕ ਮੋਹ-ਮਾਇਆ-ਤ੍ਰਿਸ਼ਨਾ ਵਾਲੀ ਦੌੜ ਕਦੇ ਮੁੱਕਣ ਵਾਲੀ ਨਹੀਂ। "ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ" (ਜਪੁ) ਸੰਸਾਰਕ ਭੁੱਖਾਂ ਸਦਾ ਵੱਧਣ ਵਾਲੀਆਂ ਹੀ ਹੁੰਦੀਆਂ ਹਨ ਜਿਵੇਂ ਅੱਗ `ਚ ਬਾਲਣ। ਨਤੀਜਾ "ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ" (ਉਹੀ), ਭਾਵ ਜੀਵਨ ਮੁੱਕ ਜਾਂਦਾ ਤੇ ਮੌਤ ਆ ਜਾਂਦੀ ਹੈ। ਫ਼ਿਰ ਵੀ ਤ੍ਰਿਸ਼ਨਾ, ਲੋਭ, ਹਉਮੈ ਆਦਿ ਵਿਕਾਰਾਂ ਦੀ ਨੀਂਵ `ਤੇ ਖੜੀਆਂ ਇਹ ਭੁੱਖਾਂ, ਸਾਡੇ ਜੀਵਨ `ਚ ਅਨੇਕਾਂ ਅਉਗਣਾਂ ਨੂੰ ਜਨਮ ਤਾਂ ਦੇ ਦੇਂਦੀਆਂ ਹਨ, ਪਰ ਘਟਦੀਆਂ ਨਹੀਂ, ਵਧਦੀਆਂ ਹਨ। ਇਸ ਤੋਂ ਜੀਵ ਨੂੰ ਮੁੜ ਜਨਮ-ਮਰਣ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ। ਗੁਰਬਾਣੀ ਸੇਧ `ਚ ਚਲਣ ਤੋਂ ਤਾਂ ਮਨ `ਚ ਸਦ-ਬੁਧੀ (ਸੁਮੱਤ) ਤਿਆਰ ਹੁੰਦੀ ਹੈ, ਇਨਸਾਨ ‘ਗੁਰਮੁਖ’ ਬਣਦਾ ਹੈ। ਦੂਜੇ ਸੰਸਾਰਕ ਮੋਹ ਮਾਇਆ ਵਲ ਵੱਧ ਰਹੀ ਦੌੜ, ਮਨ ਅੰਦਰ ‘ਕੁਮੱਤ’ ਨੂੰ ਜਨਮ ਦੇਂਦੀ ਹੈ। ਸਾਡਾ ਜਨਮ ਵਿਅਰਥ ਚਲਾ ਜਾਂਦਾ ਹੈ, ਬਲਕਿ ਕਈ ਵਾਰੀ ਤਾਂ ਇਹ ਮਿਲਿਆ ਹੋਇਆ ਜਨਮ ਵੀ ਅਉਗਣਾਂ ਦੀ ਖਾਣ ਹੀ ਬਨ ਕੇ ਰਹਿ ਜਾਂਦਾ ਹੈ।

ਨੁੱਕਤਾ-੪ "ਕੂੜੁ ਮਿਠਾ ਕੂੜੁ ਮਾਖਿਉ. ." ਬਿਨਸਨਹਾਰ ਪਦਾਰਥਾਂ ਦੇ ਮੋਹ (ਕੂੜ) `ਚ ਬੜੀ ਮਿਠਾਸ ਹੁੰਦੀ ਹੈ। ਮਾਇਆ ਦੀ ਇਸੇ ਮਿਠਾਸ `ਚ ਡੁੱਬਾ ਮਨੁੱਖ, ਪ੍ਰਭੂ ਦਾਤਾਂ ਦੇ ਸੁਆਦਾਂ `ਚ ਇੰਨਾ ਗ਼ਰਕ ਹੋ ਜਾਂਦਾ ਹੈ ਕਿ ਦਾਤਾਂ ਦੇਣ ਵਾਲੇ ਦਾਤੇ ਨੂੰ ਤਾਂ ਭੁਲਾ ਦੇਂਦਾ ਹੈ। "ਕੂੜੁ ਮਿਠਾ ਕੂੜੁ ਮਾਖਿਉ, ਕੂੜੁ ਡੋਬੇ ਪੂਰੁ" (ਪੰ: ੪੬੮) ਵਾਲੀ ਉਸਦੀ ਹਾਲਤ ਬਣ ਜਾਂਦੀ ਹੈ। ਉਹ ਤਾਂ "ਹੋਛੀ ਮਤਿ ਭਇਆ ਮਨੁ ਹੋਛਾ, ਗੁੜੁ ਸਾ ਮਖੀ ਖਾਇਆ॥ ਨਾ ਮਰਜਾਦੁ ਆਇਆ ਕਲਿ ਭੀਤਰਿ, ਨਾਂਗੋ ਬੰਧਿ ਚਲਾਇਆ" (ਪੰ: ੫੮੨)। ਦੂਜੇ ਪਾਸੇ ਜੇਕਰ ਮਨੁੱਖ ਦਾ ਮਨ ਸਾਧ ਸੰਗਤ `ਚ ਆ ਕੇ ਗੁਰੂ-ਗੁਰਬਾਣੀ ਦੀ ਸਿਖਿਆ `ਚ ਜਾਗ ਜਾਂਦਾ ਹੈ, ਤਾਂ ਇਸੇ ਮਾਇਆ `ਚੋਂ ਉਸਨੂੰ ਪ੍ਰਭੂ ਦੀਆਂ ਬੇਅੰਤ ਦਾਤਾਂ ਦੀ ਸਮਝ ਆਉਂਦੀ ਹੈ। ਇਸ ਤਰ੍ਹਾਂ ਪ੍ਰਭੂ ਦੀ ਇਹ ਮਾਇਆ ਹੀ, ਉਸ ਲਈ ਪ੍ਰਭੂ ਮਿਲਾਪ ਦਾ ਕਾਰਣ ਬਣਦੀ ਹੈ। ਪਰ "ਹੈਨਿ ਵਿਰਲੇ ਨਾਹੀ ਘਣੇ. ." (ਪੰ: ੧੪੧੧) ਅਜੇਹੇ ਵਡਭਾਗੀ ਗੁਰਮੁਖ ਵਿਰਲੇ ਹੁੰਦੇ ਹਨ ਜਿਹੜੇ ਜਨਮ ਨੂੰ ਸਫ਼ਲਾ ਕਰਕੇ ਜਾਂਦੇ ਹਨ। ਬਾਕੀ ਤਾਂ "ਕੂੜੁ ਡੋਬੇ ਪੂਰੁ" ਅਨੁਸਾਰ ਪੂਰਾਂ ਦੇ ਪੂਰ ਆਪਣਾ ਜਨਮ ਬਰਬਾਦ ਕਰਕੇ ਹੀ ਜਾਂਦੇ ਹਨ। ਇਹੀ ਕਾਰਨ ਹੈ ਕਿ ਮਨੁੱਖ ਦੀ ਸਾਰੀ ਜ਼ਿੰਦਗੀ `ਚ ਇੱਕ ਪਾਸੇ ਮੋਹ-ਮਾਇਆ-ਵਿਕਾਰਾਂ ਦੀਆਂ ਛੱਲਾਂ ਹਰ ਸਮੇਂ ਉਠਦੀਆਂ ਹਨ ਤੇ ਦੂਜੇ ਪਾਸੇ ਜਾਗਦਾ ਜੀਊੜਾ ਸਦਾ ਇਹਨਾ ਛਲਾਂ ਤੋਂ ਬਚਿਆ ਰਹਿੰਦਾ ਹੈ। ਇਧਰ ਧਿਆਣ ਪੁਆਉਣ ਦਾ ਮਕਸਦ, ਗੁਰਬਾਣੀ `ਚ ਮਨਮੁਖ-ਗੁਰਮੁਖ ਵਾਲਾ ਵਿਸ਼ਾ, ਪ੍ਰਮੁੱਖ ਵਿਸ਼ਾ ਹੈ ਅਤੇ ਸੰਬੰਧਤ ਸ਼ਬਦ "ਗਰੁੜ ਚੜ੍ਹ੍ਹੇ ਗੋਬਿੰਦ ਆਇਲਾ" ਨਾਲ ਵੀ ਇਸੇ ਦਾ ਹੀ ਸੰਬੰਧ ਹੈ।

ਨੁੱਕਤਾ-੫ "ਮਨ ਤੂੰ ਮਤ ਮਾਣੁ ਕਰਹਿ" -ਗੁਰਬਾਣੀ `ਚ ਜੀਵਨ ਦੀ ਤਿਆਰੀ ਜਾਂ ਬਰਬਾਦੀ ਦਾ ਆਧਾਰ ਹੀ ‘ਮਨ’ ਤੋਂ ਤਿਆਰ ਹੋਈ ਸੁਮੱਤ ਜਾਂ ਕੁਮੱਤ ਹੀ ਹੈ। ਦਿੱਤੇ ਜਾ ਚੁਕੇ ਨੁਕਤਿਆਂ `ਚ ਵੀ ‘ਮਨ’ ਵਾਲਾ ਵਿਸ਼ਾ ਹੀ ਪ੍ਰਮੁੱਖ ਮਿਲੇਗਾ। ਇਥੇ ਵੀ ਫ਼ੁਰਮਾਨ ਹੈ "ਮਨ ਤੂੰ ਮਤ ਮਾਣੁ ਕਰਹਿ, ਜਿ ਹਉ ਕਿਛੁ ਜਾਣਦਾ, ਗੁਰਮੁਖਿ ਨਿਮਾਣਾ ਹੋਹੁ (ਪੰ: ੪੧੧) ਭਾਵ ‘ਜੇ ਕਰ ਇਸ ਜੀਵਨ ਨੂੰ ਸਫ਼ਲ ਕਰਨਾ ਹੈ ਤਾਂ ਐ ਮਨ! ਤੂੰ ਨਿਮਾਨਾ ਹੋ ਕੇ ਚਲ, ਆਪਣੇ `ਤੇ ਮਾਣ-ਹੰਕਾਰ ਨਾ ਕਰ’। ਇਸੇ ਹਉਮੈ ਪਿਛੇ ਹੀ ਤਾਂ ਤੇਰੀ ਬਰਬਾਦੀ ਖੜੀ ਹੈ।

ਨੁੱਕਤਾ-੬ "ਮਨੁ ਰਾਜਾ ਸੁਲਤਾਨੁ" -ਗੁਰਬਾਣੀ `ਚ ਮਨ ਨੂੰ ਸਰੀਰ ਦਾ ਸੁਲਤਾਨ, ਰਾਜਾ ਆਦਿ ਕਿਹਾ ਅਤੇ ਸਾਬਤ ਵੀ ਕੀਤਾ ਹੈ। ਜਿਵੇਂ "ਗੁਰ ਬਿਨੁ ਕਿਨਿ ਸਮਝਾਈਐ, ਮਨੁ ਰਾਜਾ ਸੁਲਤਾਨੁ" (ਪੰ: ੬੧)। ਇਸੇ ਤਰ੍ਹਾਂ "ਨਾਨਕ ਮੇਰੁ ਸਰੀਰ ਕਾ, ਇਕੁ ਰਥੁ ਇਕੁ ਰਥਵਾਹੁ॥ ਜੁਗੁ ਜੁਗੁ ਫੇਰਿ ਵਟਾਈਅਹਿ, ਗਿਆਨੀ ਬੁਝਹਿ ਤਾਹਿ" (ਪੰ: ੪੭੦) ਇਥੇ ਵੀ ਗੁਰਦੇਵ ‘ਮਨ’ ਨੂੰ ਸਰੀਰ ਰੂਪੀ ਰਥ ਨੂੰ ਹਾਂਕਣ ਵਾਲਾ ਰਥਵਾਹ (ਬਾਦਸ਼ਾਹ) ਹੀ ਦਸ ਰਹੇ ਹਨ। ਪਾਤਸ਼ਾਹ, ਇਥੇ ਕਲਜੁਗ, ਦੁਆਪਰ ਆਦਿ ਯੁਗਾਂ ਵਾਲੇ ਵਿਸ਼ਵਾਸਾਂ ਨੂੰ ਕੱਟਦੇ ਹੋਏ ਦਸਦੇ ਹਨ-ਐ ਭਾਈ! ਜਿਸਨੂੰ ਤੂੰ ਸਤਿਜੁਗ, ਦੁਅਪਰ, ਤ੍ਰੇਤੇ, ਕਲਜੁਗ ਦਾ ਵਾਸੀ ਦਸਦਾ ਹੈਂ; ਕੇਵਲ ‘ਮਨ’ ਦੀ ਤਿਆਰੀ ਬਦਲਣ ਨਾਲ ਹੀ ਤੈਨੂੰ ਹਰੇਕ ਜੁੱਗ ਦਾ ਵਾਸੀ ਇਕੋ ਸਮੇਂ ਅਤੇ ਅੱਜ ਹੀ ਮਿਲ ਜਾਵੇਗਾ। ਜੀਵਨ ਰਹਿਣੀ ਲਈ ਕਿਸੇ ਵਿਸ਼ੇਸ ਯੁਗ-ਸਮੇਂ ਦੀ ਲੋੜ ਨਹੀਂ। ਸੁਆਲ ਤਾਂ ਸਰੀਰ ਉਪਰ ਮਨ ਦੀ ਹੋ ਰਹੀ ‘ਹਕੂਮਤ’ ਦਾ। ਦੂਜੇ ਲਫ਼ਜ਼ਾਂ `ਚ, ਇਥੇ ਵੀ ‘ਰਥਵਾਹ’ ਜਾਂ ਹਾਂਕਣ ਵਾਲਾ ਕਹਿ ਕੇ ਗੁਰਦੇਵ ਨੇ ‘ਮਨ’ ਨੂੰ ਸਰੀਰ ਦਾ ਰਾਜਾ, ਸੁਲਤਾਣ, ਬਾਦਸ਼ਾਹ ਹੀ ਸਾਬਤ ਕੀਤਾ ਹੈ ਕੁਝ ਹੋਰ ਨਹੀਂ।

ਨੁੱਕਤਾ-੭ ‘ਲਬੁ ਪਾਪੁ ਦੁਇ ਰਾਜਾ ਮਹਤਾ…" (ਪੰ: ੪੬੮) ਇਥੇ ਵੀ ਗੁਰਦੇਵ ਸਾਡੇ ਸਰੀਰ ਉਪਰ ‘ਮਨ’ ਵਾਲੀ ‘ਹਕੂਮਤ’ ਨੂੰ ਹੀ ਦਰਸਾ ਰਹੇ ਹਨ। ਫ਼ੁਰਮਾਂਦੇ ਹਨ, ਜਦੋਂ ਸਾਡੇ ਸਰੀਰ ਦਾ ‘ਬਾਦਸ਼ਾਹ, ਸੁਲਤਾਨ, ਰਾਜਾ’ ਇਹ ‘ਮਨ’ ਹੀ ਲੋਭ, ਮੋਹ, ਹੰਕਾਰ ਆਦਿ ਵਿਕਾਰਾਂ `ਚ ਗ੍ਰਸਿਆ ਹੋਵੇ ਤਾਂ ਨਤੀਜਾ ਹੋਵੇਗਾ-ਮਨੁੱਖ ਦੇ ਗਿਆਨ ਅਤੇ ਕਰਮ ਇੰਦਰੇ ਸਾਰੇ ਕੁਰਾਹੇ ਪਏ ਰਹਿਣਗੇ; ਜਨਮ ਚੱਟੀ ਬਧਾ ਬਤੀਤ ਹੋ ਰਿਹਾ ਹੋਵੇਗਾ। ਅਜੇਹੀ ਹਾਲਤ `ਚ ਜੇ ਕੋਈ ਗਿਆਨੀ ਹੈ ਤਾਂ ਆਪਣੇ ਬਨਾਵਟੀ ਗਿਆਨੀ ਹੋਣ ਦਾ ਢੰਡੋਰਾ ਪਿਟੱਣ, ਦੂਜਿਆਂ ਨੂੰ ਭਰਮਾਉਣ ਲਈ ਨਚ-ਟਪ ਤੇ ਸਾਜ਼ਾਂ ਆਦਿ ਦੀ ਵਰਤੋਂ, ਅਨੇਕਾਂ ਦਿਖਾਵੇ ਦੇ ਢੋਂਗ ਹੀ ਕਰ ਰਿਹਾ ਹੋਵੇਗਾ। ਮਨ ਦੀ ਅਜੇਹੀ ਹਕੂਮਤ ਦੇ ਹੁੰਦਿਆਂ, ਜੇ ਕੋਈ ਵਿਦਵਾਨ, ਸੂਰਮੇ ਬਹਾਦੁਰ, ਪੰਡਿਤ, ਧਾਰਮਿਕ ਆਗੂ, ਜੋਗੀ-ਸੰਨਿਆਸੀ ਆਦਿ ਹਨ, ਪਰ ਸਚੇ ਧਰਮ ਤੋਂ ਸਾਰੇ ਖਾਲੀ ਤੇ ਜੀਵਨ ਨੂੰ ਬਰਬਾਦ ਹੀ ਕਰ ਰਹੇ ਹੁੰਦੇ ਹਨ। ਕਾਰਨ ਇਕੋ ਹੈ, ਬਾਹਰੋਂ ਤਾਂ ਬੰਦੇ ਦੇ ਕਈ ਪ੍ਰਭਾਵਸ਼ਾਲੀ ਰੂਪ ਬਣੇ ਹੋਏ ਹਨ ਪਰ ਹਰੇਕ ਦੇ ਮਨ ਰੂਪੀ ਸੁਲਤਾਨ-ਬਾਦਸ਼ਾਹ-ਰਾਜੇ ਨੂੰ ਵਿਕਾਰਾਂ ਨੇ ਹੀ ਜਕੜ ਰਖਿਆ ਹੈ, ਜਿਸ ਕਾਰਨ ਉਸਦੇ ਸਾਰੇ ਇੰਦਰੇ ਕੁਰਾਹੇ ਪਏ ਹੁੰਦੇ ਹਨ। ਸਰੀਰ ਮੋਹ ਮਾਇਆ ਦੀ ਨੀਂਦ `ਚ ਸੁਤਾ ਹੁੰਦਾ ਹੈ। ਇਸ ਲਈ ਜ਼ਰੂਰੀ ਨਹੀਂ ਕਿ ਗੁਰਬਾਣੀ `ਚ ਜਿੱਥੇ ਵੀ ਲਫ਼ਜ਼ ‘ਸੁਲਤਾਨ’, ਬਾਦਸ਼ਾਹ ਆਵੇ ਤਾਂ ਉਸਦਾ ਅਰਥ ਦੁਨਿਆਵੀ ਰਾਜਾ, ਬਾਦਸ਼ਾਹ, ਸੁਲਤਾਨ ਹੀ ਹੋਵੇ। ਜਿਵੇਂ ਕਿ ਇਥੇ "ਗਰੁੜ ਚੜ੍ਹ੍ਹੇ ਗੋਬਿੰਦ ਆਇਲਾ" `ਚ ਸੁਲਤਾਨ, ਬਾਦਸ਼ਾਹ ਲਫ਼ਜ਼-ਮਨ ਲਈ ਹੀ ਆਇਆ ਹੈ।

ਨੁੱਕਤਾ-੭ "ਗੁਰਮੁਖਿ ਉਪਜੈ ਸਾਚਿ ਸਮਾਵੈ" - (ਪੰ: ੧੫੫) ਸੰਬੰਧਤ ਸ਼ਬਦ `ਚ ਸੁਲਤਾਨ, ਗਊ, ਹਾਥੀ, ਜੰਜੀਰ, ਮਾਤਾ, ਆਦਿ ਕਈ ਪ੍ਰਤੀਕ ਹਨ। ਇਹਨਾ `ਚੋਂ ਇੱਕ ਲਫ਼ਜ਼ ਵੀ ਆਪਣੇ ਸਿਧੇ ਅਰਥਾਂ `ਚ ਨਹੀਂ। ਦਰਅਸਲ ਭਗਤ ਜੀ ਦਾ ਇਹ ਸ਼ਬਦ ਵੀ "ਦੂਧੁ ਕਟੋਰੈ ਗਡਵੈ ਪਾਣੀ" (ਪੰ: ੧੧੬੩) ਜਾਂ "ਧਨਿ ਧੰਨਿ ਓ ਰਾਮ ਬੇਨੁ ਬਾਜੈ" (ਪੰ: ੯੮੮) ਉਪ੍ਰੰਤ ਕਬੀਰ ਜੀ ਦੇ ਸ਼ਬਦ "ਫੀਲੁ ਰਬਾਬੀ, ਬਲਦੁ ਪਖਾਵਜ, ਕਊਆ ਤਾਲ ਬਜਾਵੈ (ਪੰ: ੪੭੭) ਜਾਂ ਗੁਰਬਾਣੀ ਦੇ ਹੀ ਕਈ ਹੋਰ ਸ਼ਬਦਾਂ ਵਾਂਙ ਪ੍ਰਤੀਕਾਂ ਨਾਲ ਹੀ ਭਰਪੁਰ ਹੈ।

ਨੁੱਕਤਾ-੮ "ਤਿਸਨਾ ਅਗਨਿ ਜਲੈ ਸੰਸਾਰਾ" - ਵਿਚਾਰ ਅਧੀਨ ‘ਗਰੁੜ ਚੜ੍ਹ੍ਹੇ ਗੋਬਿੰਦ ਆਇਲਾ’ `ਚ ਭਗਤ ਜੀ ਨੇ ਸਾਬਤ ਕੀਤਾ ਹੈ ਕਿ ਮਨਮੁਖ ਦਾ ਕੁਮੱਤ ਵਾਲਾ ਜੀਵਨ ਜਦੋਂ ਕਿਸੇ ਸਬੱਬ, ਗੁਰਮੁਖ ਵਾਲੀ ਸੁਮੱਤ `ਚ ਬਦਲ ਜਾਵੇ ਤਾਂ ਇਸ ਬਦਲਾਵ ਤੋਂ ਬਾਅਦ ਹੀ ਸਮਝ ਆ ਸਕਦੀ ਹੈ ਕਿ ਉਹ ਕਿਸ ਮਨਮੁਖਤਾ ਵਾਲੀ ਕੁਮੱਤ `ਚ ਜੀਅ ਰਿਹਾ ਸੀ। ਬਦਲ ਚੁਕੇ, ਤ੍ਰਿਸ਼ਨਾ-ਭਟਕਣਾ, ਆਸ਼ਾ-ਅੰਦੇਸ਼ਿਆਂ ਤੋਂ ਰਹਿਤ ਨਵੇਂ ਸੰਤੋਖ-ਟਿਕਾਅ ਵਾਲੇ, ਆਨੰਦਮਈ, ਉਤੱਮ ਜੀਵਨ `ਚ ਪੁੱਜ ਕੇ ਹੀ ਕਿਸੇ ਨੂੰ ਆਪਣੇ ਪਿਛਲੇ ਰਹਿ ਚੁਕੇ ਮਨਮੁਖੀ ਕੁਮੱਤ ਭਰਪੂਰ ਨੀਚ ਕਰਮੀ, ਜਨੂੰਨੀ ਜੀਵਨ ਦੀ ਸਮਝ ਆਉਂਦੀ ਹੈ, ਪਹਿਲਾਂ ਨਹੀਂ। ਬੀਤੀ ਜ਼ਿੰਦਗੀ ਲਈ ਸ਼ਰਮ ਸਾਰੀ ਅਤੇ ਖੇਦ ਵੀ ਹੁੰਦਾ ਹੈ, ਕਿ ਪਹਿਲਾਂ ਇਸ ਦੀ ਸਮਝ ਕਿਉਂ ਨਾ ਆਈ। ਇਸਤੋਂ ਪਹਿਲਾਂ ਸਾਧ- ਸੰਗਤ ਰਾਹੀਂ ਥਿਰ ਸਤਿਗੁਰੂ ਨਾਲ ਉਸਦਾ ਮਿਲਾਪ ਕਿਉਂ ਨਾ ਬਣ ਆਇਆ। ਇਸ ਤਰ੍ਹਾਂ ਜੀਵਨ ਬਦਲ ਜਾਨ ਤੇ ਉੱਤਮ ਜੀਵਨ ਚੋਂ, ਕਰਤਾਰ ਦੀ ਨਦਰਿ-ਕਰਮ, ਬਖਸ਼ਿਸ਼ ਹੋ ਜਾਣ ਦਾ ਐਹਸਾਸ ਹੁੰਦਾ ਹੈ। ਪਹਿਲੀ ਬੀਤ ਚੁਕੀ ਜ਼ਿੰਦਗੀ ਤੋਂ ਉਸਨੂੰ ਇਹ ਪਹਿਚਾਣ ਵੀ ਜਾਂਦੀ ਹੈ ਕਿ ਗੁਰੂ ਗਿਆਨ ਵਿਹੂਨਾ ਪੂਰਾ ਸੰਸਾਰ ਹੀ "ਤਿਸਨਾ ਅਗਨਿ ਜਲੈ ਸੰਸਾਰਾ॥ ਲੋਭੁ ਅਭਿਮਾਨੁ ਬਹੁਤੁ ਅਹੰਕਾਰਾ" (ਪੰ: ੧੨੦) ਇਸ ਲਈ ਕਿ ਬੀਤ ਚੁਕਾ ਮਨਮੁਖੀ ਜੀਵਨ ਅਤੇ ਹਾਸਲ ਹੋ ਚੁਕਾ ਉੱਤਮ ਗੁਰਮੁਖੀ ਜੀਵਨ, ਦੋਨੋਂ ਉਸ ਦੇ ਤਜੁਰਬੇ ਦਾ ਹਿੱਸਾ ਬਣ ਚੁਕੇ ਹੁੰਦੇ ਹਨ।

"ਜੋਈ ਜੋਈ ਕੀਨੋ ਸੋਈ ਸੋਈ ਦੇਖਿਓ" - ਸ਼ਬਦ "ਗਰੁੜ ਚੜ੍ਹ੍ਹੇ ਗੋਬਿੰਦ ਆਇਲਾ" ਵਲ ਵਧਣ ਤੋਂ ਪਹਿਲਾਂ, ਮਿਲਵੇਂ ਅਰਥਾਂ ਵਾਲੇ ਰਵਿਦਾਸ ਜੀ ਦੇ ਸ਼ਬਦ ਨੂੰ ਲੈਣਾ ਚਾਹਾਂਗੇ ਤਾ ਕਿ ਗੱਲ ਸੌਖੀ ਸਮਝ `ਚ ਆ ਸਕੇ। ਸ਼ਬਦ ਹੈ "ਮਿਲਤ ਪਿਆਰੋ ਪ੍ਰਾਨ ਨਾਥੁ, ਕਵਨ ਭਗਤਿ ਤੇ॥ ਸਾਧਸੰਗਤਿ ਪਾਈ ਪਰਮ ਗਤੇ॥ ਰਹਾਉ॥ ਮੈਲੇ ਕਪਰੇ ਕਹਾ ਲਉ ਧੋਵਉ॥ ਆਵੈਗੀ ਨੀਦ ਕਹਾ ਲਗੁ ਸੋਵਉ॥ ੧॥ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ॥ ਝੂਠੈ ਬਨਜਿ ਉਠਿ ਹੀ ਗਈ ਹਾਟਿਓ॥ ੨॥ ਕਹੁ ਰਵਿਦਾਸ ਭਇਓ ਜਬ ਲੇਖੋ॥ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ॥" (ਪੰ: ੧੨੯੩)

ਰਹਾਉ ਦੇ ਬੰਦ `ਚ ਭਗਤ ਜੀ ਕਹਿ ਰਹੇ ਹਨ "ਸਾਧ ਸੰਗਤਿ `ਚ ਅੱਪੜ ਕੇ ਮੈ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ਹੈ, ਨਹੀਂ ਤਾਂ ਮੇਰੇ ਪ੍ਰਾਣਾਂ ਦਾ ਨਾਥ, ਪ੍ਰਭੂ ਮੈਨੂੰ ਕਿਸੇ ਦੂਜੇ ਆਹਰਾਂ ਨਾਲ ਨਹੀਂ ਸੀ ਮਿਲ ਸਕਦਾ"। ਭਗਤ ਜੀ ਕਹਿੰਦੇ ਹਨ ਕਿ ਜਦ ਤੀਕ ਮੈ ਸਾਧਸੰਗਤ `ਚ ਨਹੀਂ ਸੀ ਆਇਆ, ਤਦ ਤੀਕ ਮੈਨੂੰ ਆਪਣੇ ਪ੍ਰਾਣਾਂ ਦੇ ਮਾਲਿਕ ਪ੍ਰਭੂ ਦੀ ਸਮਝ ਹੀ ਨਹੀਂ ਸੀ ਆਈ। ਇਹ ਤਾਂ ਸਾਧਸੰਗਤ ਦੀ ਬਰਕਤ ਸੀ ਕਿ ਮੈ ਹੁਣ ਦੂਜਿਆਂ ਦੇ ਕਪੜੇ ਨਹੀਂ ਧੋਂਦਾ, ਭਾਵ ਦੂਜਿਆਂ ਦੀ ਨਿੰਦਿਆ-ਬਖੀਲੀ ਕਰਨੀ ਛੱਡ ਦਿਤੀ ਹੈ। ਇਥੇ ਸਾਧ ਸੰਗਤ `ਚ ਆਉਣ ਤੋਂ ਬਾਅਦ, ਨਾ ਹੀ ਤਾਂ ਮੈਨੂੰ ਹੁਣ ਅਗਿਆਣਤਾ ਦੀ ਨੀਂਦ ਆਵੇਗੀ ਤੇ ਨਾ ਹੀ ਮੈ ਉਸ `ਚ ਜੀਵਨ ਬਰਬਾਦ ਹੀ ਕਰਾਂਗਾ।

ਦੂਜੇ ਬੰਦ `ਚ ਭਗਤ ਜੀ ਕਹਿ ਰਹੇ ਹਨ ਕਿ ਇਸ ਤੋਂ ਪਹਿਲਾਂ ਜਿਸਨੂੰ ਮੈ ਆਪਣੀ ਜ਼ਿੰਦਗੀ ਦੀ ਕਮਾਈ ਸਮਝ ਰਿਹਾ ਸੀ, ਹੁਣ ਸਮਝ ਆ ਗਈ ਹੈ ਕਿ ਮੈ ਤਾਂ ਆਪਣੀ ਜ਼ਿੰਦਗੀ ਅਜ਼ਾਈਂ ਹੀ ਗੁਆ ਰਿਹਾ ਸੀ। ਆਪਣੀ ਜ਼ਿੰਦਗੀ ਰੂਪੀ ਦੁਕਾਨ `ਚ ਮੈ ਹੁਣ ਤੀਕ ਆਪਣੇ ਸੁਆਸਾਂ ਦੀ ਜਿੰਨੀ ਵੀ ਪੂੰਜੀ (ਰਾਸ) ਪਾਈ ਉਹ ਤਾਂ ਸਾਰੀ ਲੁਟੀ ਜਾ ਰਹੀ ਸੀ। ਤੀਜੇ ਬੰਦ `ਚ ਭਗਤ ਜੀ ਕਹਿੰਦੇ ਹਨ ਕਿ ਹੁਣ ਜਦੋਂ ਮੈ ਸਾਧ ਸੰਗਤਿ `ਚ ਅੱਪੜ ਕੇ ਆਪਣੀ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ਹੈ ਤਾਂ ਇਸ ਸੁਅਛ ਜ਼ਿੰਦਗੀ ਦੇ ਪ੍ਰਕਾਸ਼ `ਚ ਮੇਰਾ ਪਿਛਲਾ ਸਾਰਾ ਲੇਖਾ-ਜੋਖਾ ਭਾਵ ਅੱਜ ਤੀਕ ਦੀ ਮੇਰੀ ਕਰਣੀ ਮੇਰੇ ਸਾਹਮਣੇ ਆ ਗਈ ਹੈ ਅਤੇ ਸਚ-ਝੁਠ ਨਿੱਖਰ ਗਏ ਹਨ।

ਨਾਮਦੇਵ ਜੀ ਦੇ ਸ਼ਬਦ "ਗਰੁੜ ਚੜ੍ਹ੍ਹੇ. ." `ਚ ਵੀ ਵਿਸ਼ਾ ਇਹੀ ਹੈ। ਜਿਵੇਂ ਰਵਿਦਾਸ ਜੀ ਵਿਸ਼ੇ ਨੂੰ ਆਪਣੇ `ਤੇ ਘਟਾ ਕੇ ਕਹਿ ਰਹੇ ਹਨ, ਠੀਕ ਉਸੇ ਤਰ੍ਹਾਂ ਉਥੇ ਨਾਮਦੇਵ ਜੀ ਵੀ। ਫ਼ਰਕ ਹੈ ਤਾਂ, ਨਾਮਦੇਵ ਜੀ ਨੇ ਸ਼ਬਦ `ਚ ਕੁਝ ਦੂਜੇ ਢੰਗ ਨਾਲ ਇਸਨੂੰ ਮਨਮੁਖ ਤੇ ਗੁਰਮੁਖ ਦਾ ਆਹਮਣਾ-ਸਾਹਮਣਾ ਕਰਵਾ ਕੇ ਅੰਤ ਮਨਮੁਖ ਮਨ `ਤੇ ਗੁਰਮੁਖ ਮਨ ਦੀ ਫ਼ਤਿਹ ਨੂੰ ਸਾਬਤ ਕੀਤਾ ਹੈ। ਸ਼ਬਦ ਹੈ:-

"ਸੁਲਤਾਨੁ ਪੂਛੈ, ਸੁਨੁ ਬੇ ਨਾਮਾ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ॥ ੧॥ ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥ ੧॥ ਰਹਾਉ॥ ਬਿਸਮਿਲਿ ਗਊ ਦੇਹੁ ਜੀਵਾਇ॥ ਨਾਤਰੁ ਗਰਦਨਿ ਮਾਰਉ ਠਾਂਇ॥ ੨॥ ਬਾਦਿਸਾਹ, ਐਸੀ ਕਿਉ ਹੋਇ॥ ਬਿਸਮਿਲਿ ਕੀਆ ਨ ਜੀਵੈ ਕੋਇ॥ ੩॥ ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ, ਹੋਇ ਹੈ ਸੋਇ॥ ੪॥ ਬਾਦਿਸਾਹੁ ਚੜਿ੍ਹ੍ਹਓ ਅਹੰਕਾਰਿ॥ ਗਜ ਹਸਤੀ ਦੀਨੋ ਚਮਕਾਰਿ॥ ੫॥ ਰੁਦਨੁ ਕਰੈ ਨਾਮੇ ਕੀ ਮਾਇ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ॥ ੬॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ॥ ਪਿੰਡੁ ਪੜੈ ਤਉ ਹਰਿ ਗੁਨ ਗਾਇ॥ ੭॥ ਕਰੈ ਗਜਿੰਦੁ ਸੁੰਡ ਕੀ ਚੋਟ॥ ਨਾਮਾ ਉਬਰੈ ਹਰਿ ਕੀ ਓਟ॥ ੮॥ ਕਾਜੀ ਮੁਲਾਂ ਕਰਹਿ ਸਲਾਮੁ॥ ਇਨਿ ਹਿੰਦੂ ਮੇਰਾ ਮਲਿਆ ਮਾਨੁ॥ ੯॥ ਬਾਦਿਸਾਹ, ਬੇਨਤੀ ਸੁਨੇਹੁ॥ ਨਾਮੇ ਸਰ ਭਰਿ ਸੋਨਾ ਲੇਹੁ॥ ੧੦॥ ਮਾਲੁ ਲੇਉ ਤਉ ਦੋਜਕਿ ਪਰਉ॥ ਦੀਨੁ ਛੋਡਿ ਦੁਨੀਆ ਕਉ ਭਰਉ॥ ੧੧॥ ਪਾਵਹੁ ਬੇੜੀ ਹਾਥਹੁ ਤਾਲ॥ ਨਾਮਾ ਗਾਵੈ ਗੁਨ ਗੋਪਾਲ॥ ੧੨॥ ਗੰਗ ਜਮੁਨ ਜਉ ਉਲਟੀ ਬਹੈ॥ ਤਉ ਨਾਮਾ ਹਰਿ ਕਰਤਾ ਰਹੈ॥ ੧੩॥ ਸਾਤ ਘੜੀ ਜਬ ਬੀਤੀ ਸੁਣੀ॥ ਅਜਹੁ ਨ ਆਇਓ ਤ੍ਰਿਭਵਣ ਧਣੀ॥ ੧੪॥ ਪਾਖੰਤਣ ਬਾਜ ਬਜਾਇਲਾ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ॥ ੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ॥ ਗਰੁੜ ਚੜ੍ਹ੍ਹੇ ਆਏ ਗੋਪਾਲ॥ ੧੬॥ ਕਹਹਿ ਤ ਧਰਣਿ ਇਕੋਡੀ ਕਰਉ॥ ਕਹਹਿ ਤ ਲੇ ਕਰਿ ਊਪਰਿ ਧਰਉ॥ ੧੭॥ ਕਹਹਿ ਤ ਮੁਈ ਗਊ ਦੇਉ ਜੀਆਇ॥ ਸਭੁ ਕੋਈ ਦੇਖੈ ਪਤੀਆਇ॥ ੧੮॥ ਨਾਮਾ ਪ੍ਰਣਵੈ ਸੇਲਮ ਸੇਲ॥ ਗਊ ਦੁਹਾਈ ਬਛਰਾ ਮੇਲਿ॥ ੧੯॥ ਦੂਧਹਿ ਦੁਹਿ ਜਬ ਮਟੁਕੀ ਭਰੀ॥ ਲੇ ਬਾਦਿਸਾਹ ਕੇ ਆਗੇ ਧਰੀ॥ ੨੦॥ ਬਾਦਿਸਾਹੁ ਮਹਲ ਮਹਿ ਜਾਇ॥ ਅਉਘਟ ਕੀ ਘਟ ਲਾਗੀ ਆਇ॥ ੨੧॥ ਕਾਜੀ ਮੁਲਾਂ ਬਿਨਤੀ ਫੁਰਮਾਇ॥ ਬਖਸੀ, ਹਿੰਦੂ, ਮੈ ਤੇਰੀ ਗਾਇ॥ ੨੨॥ ਨਾਮਾ ਕਹੈ ਸੁਨਹੁ ਬਾਦਿਸਾਹ॥ ਇਹੁ ਕਿਛੁ ਪਤੀਆ ਮੁਝੈ ਦਿਖਾਇ॥ ੨੩॥ ਇਸ ਪਤੀਆ ਕਾ ਇਹੈ ਪਰਵਾਨੁ॥ ਸਾਚਿ ਸੀਲਿ ਚਾਲਹੁ ਸੁਲਿਤਾਨ॥ ੨੪॥ ਨਾਮਦੇਉ ਸਭ ਰਹਿਆ ਸਮਾਇ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ॥ ੨੫॥ ਜਉ ਅਬ ਕੀ ਬਾਰ ਨ ਜੀਵੈ ਗਾਇ॥ ਤ ਨਾਮਦੇਵ ਕਾ ਪਤੀਆ ਜਾਇ॥ ੨੬॥ ਨਾਮੇ ਕੀ ਕੀਰਤਿ ਰਹੀ ਸੰਸਾਰਿ॥ ਭਗਤ ਜਨਾਂ ਲੇ ਉਧਰਿਆ ਪਾਰਿ॥ ੨੭॥ ਸਗਲ ਕਲੇਸ ਨਿੰਦਕ ਭਇਆ ਖੇਦੁ॥ ਨਾਮੇ ਨਾਰਾਇਨ ਨਾਹੀ ਭੇਦੁ॥ ੨੮॥ ੧॥ ੧੦॥ {ਪੰਨਾ੧੧੬੫-੧੧੬੬}

ਸ਼ਬਦ `ਚ ਆਏ ਪ੍ਰਤੀਕ- ਇਸ ਸ਼ਬਦ `ਚ ਸੁਲਤਾਨ, ਬਿਸਮਿਲ, ਗਊ, ਹਿੰਦੂ, ਬਾਦਿਸਾਹੁ, ਗਜ ਹਸਤੀ, ਮਾਇ, ਗਜਿੰਦੁ, ਕਾਜੀ ਮੁਲਾਂ, ਸਾਤ ਘੜੀ ਜਬ ਬੀਤੀ ਸੁਣੀ, ਗਰੁੜ ਚੜੇ੍ਹ੍ਹ ਗੋਬਿੰਦ ਆਇਲਾ, ਗਰੁੜ ਚੜੇ੍ਹ੍ਹ ਆਏ ਗੋਪਾਲ, ਬਛੜਾ, ਸੇਲਮ ਸੇਲ ਆਦਿ ਸਾਰੇ ਪ੍ਰਤੀਕ ਹਨ।

ਸ਼ਬਦ ਵਿਚਲੇੇ ਪ੍ਰਤੀਕਾਂ `ਤੇ ਝਾਤ- ਲਫ਼ਜ਼ ਸੁਲਤਾਨ, ਬਾਦਿਸਾਹੁ ਦੇ ਅਰਥ ਹਨ-ਮਨ’, ਜਦੋਂ ਮਨ ਹੀ ਹੰਕਾਰੀ-ਮਨਮਤੀਆ ਹੋਵੇਗਾ ਤਾਂ ਜੀਵਨ ਵੀ ਵਿਕਾਰਾਂ ਦੇ ਸੰਗਲਾਂ, ਬੇੜੀਆਂ ਰਸਿਆਂ ਨਾਲ ਕੁਦਰਤੀ ਤੌਰ `ਤੇ ਜੱਕੜਿਆ ਰਵੇਗਾ। ਇਥੇ, ‘ਨਾਮਾ ਸੁਲਤਾਨੇ ਬਾਧਿਲਾ’, ‘ਪਾਵਹੁ ਬੇੜੀ ਹਾਥਹੁ ਤਾਲ’, ‘ਸੇਲਮ ਸੇਲ’ ਆਦਿ ਇਸੇ ਸੰਬੰਧ `ਚ ਹਨ। ===ਗਊ- ਗਊ ਭਾਵ ਰੱਬੀ ਗੁਣ, ਠੀਕ ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਵੀ ਇੱਕ ਸ਼ਬਦ `ਚ ਗਊ ਨੂੰ ਰੱਬੀ ਗੁਣਾਂ ਦਾ ਪ੍ਰਤੀਕ ਵਰਤਿਆ ਹੈ ਜਿਵੇਂ "ਖਿਮਾ ਧੀਰਜੁ ਕਰਿ ਗਊ ਲਵੇਰੀ" (ਪੰ: ੧੩੨੯)। ਮਨਮੁਖ ਦੇ ਜੀਵਨ ਅੰਦਰੋਂ ਰਬੀ ਗੁਣਾਂ ਰੂਪੀ ਗਊ ਮਰ ਚੁਕੀ ਹੁੰਦੀ ਹੈ। ਫ਼ਿਰ ਜਦੋਂ ੳੇੁਸੇ ਜੀਵਨ `ਚ ‘ਖਿਮਾ ਧੀਰਜੁ’ ਆਦਿ ਇਲਾਹੀ ਗੁਣ ਆ ਜਾਂਦੇ ਹਨ ਤਾਂ ਇਹਨਾ ਗੁਣਾ ਦਾ ਨਤੀਜਾ, ਜੀਵਨ ਸੁਆਦਲਾ, ਅਨੰਦਮਈ ਹੋ ਜਾਂਦਾ ਹੈ; ਇਹੀ ਹੈ ਮਾਨੋ "ਸਹਜੇ ਬਛਰਾ ਖੀਰੁ ਪੀਐ" (ਉਹੀ) ਭਾਵ ਗੁਣਾਂ ਰੂਪੀ ਗਊ ਦਾ ਬਛੜਾ===ਹਿੰਦੂ, ਰਾਮ, ਖੁਦਾ, ਕਾਜ਼ੀ-ਮੁਲਾਂ-ਮਨਮੁਖ ਦੀ ਤੰਗ ਨਜ਼ਰੀ, ਵਿਤਕਰਿਆਂ ਨਾਲ ਭਰਪੂਰ ਸੋਚਣੀ === "ਗਰੁੜ ਚੜ੍ਹ੍ਹੇ ਗੋਬਿੰਦ ਆਇਲਾ" ਜਦਕਿ ਨਾਲ ਹੀ ‘ਗਰੁੜ ਚੜ੍ਹ੍ਹੇ ਆਏ ਗੋਪਾਲ’ == ਪੁਰਾਤਨ ਵਿਸ਼ਵਾਸਾਂ `ਚ ਗਰੁੜ ਵਿਸ਼ਨੂੰ ਦੀ ਸੁਆਰੀ ਹੈ ਗੋਪਾਲ (ਕ੍ਰਿਸ਼ਨ) ਜਾਂ ਗੋਬਿੰਦ ਦੀ ਨਹੀਂ। ਉਂਝ ਵੀ ਇਥੇ ‘ਗੋਪਾਲ, ਗੋਬਿੰਦ’ ਪਦ ਅਕਾਲ ਪੁਰਖ ਲਈ ਹਨ, ਜਿਵੇਂ ਭਗਤ ਜੀ ਦੇ ਦੂਜੇ ਕਈ ਸ਼ਬਦਾਂ `ਚ=== ‘ਗਰੁੜ’ - ਤੇਜ਼ ਉਡਾਰੀ ਵਾਲਾ ਪੰਛੀ, ਇਥੇ ਪ੍ਰਤੀਕ ਹੈ ਪ੍ਰਭੂ ਰਾਹੀਂ ਬਿਨਾ ਢਿੱਲ ਬਹੁੜੀ ਕਰਨੀ ਅਥਵਾ ਸ਼ਬਦ, ਜਿਵੇਂ "ਗਰੁੜੁ ਸਬਦੁ ਮੁਖਿ ਲੀਠਾ" (ਪੰ: ੧੭੧) ===ਮਾਤਾ-ਜ਼ਮੀਰ ਜਿਵੇਂ "ਮਾਤਾ ਮਤਿ, ਪਿਤਾ ਸੰਤੋਖੁ॥ ਸਤੁ ਭਾਈ, ਕਰਿ ਏਹੁ ਵਿਸੇਖੁ (ਪੰ: ੧੫੧) ===ਧਰਣਿ ਇਕੋਡੀ ਕਰਉ, ਗੰਗ ਜਮੁਨ ਜਉ ਉਲਟੀ ਬਹੈ॥ ਤਉ ਨਾਮਾ ਹਰਿ ਕਰਤਾ ਰਹੈ- ਗੁਰਮੁਖ ਜੀਵਨ ਦੀ ਆਤਮਕ ਦ੍ਰਿੜਤਾ=== "ਸਾਤ ਘੜੀ ਜਬ ਬੀਤੀ ਸੁਣੀ॥ ਅਜਹੁ ਨ ਆਇਓ ਤ੍ਰਿਭਵਣ ਧਣੀ" - ਜ਼ਿੰਦਗੀ ਦੇ ਸਿਧੇ ਰਾਹ ਪੈਣ ਬਾਅਦ ਪ੍ਰਭੂ ਮਿਲਾਪ ਲਈ ਬੇਬਹਲਤਾ।

"ਗਰੁੜ ਚੜ੍ਹ੍ਹੇ … ਸ਼ਬਦ ਦਾ ਧੁਰਾ" - ਦਰਅਸਲ ਇਹੀ ਹੈ ‘ਧੁਰਾ’ ਇਸ ਸ਼ਬਦ `ਚ ਸਮਝਣ ਵਾਲਾ। ਧੁਰਾ ਸਮਝ `ਚ ਆ ਗਿਆ ਤਾਂ, ਅਰਥਾਂ ਨੂੰ ਸਮਝਣਾ ਆਸਾਨ ਹੋ ਜਾਵੇਗਾ। ‘ਧੁਰਾ’ ਹੈ, ‘ਮਨਮੁਖ ਜੀਵਨ’ ਦਾ ‘ਗੁਰਮੁਖ ਜੀਵਨ’ `ਚ ਬਦਲ ਜਾਣਾ। ਠੀਕ ਉਸੇ ਤਰ੍ਹਾਂ ਜਿਵੇਂ ਸੱਜਨ ਠੱਗ ਤੋਂ ਪ੍ਰਚਾਰਕ, ਬਿਧੀਆ ਧਾੜਵੀ ਤੋਂ ਭਾਈ ਬਿਧੀ ਚੰਦ ਜਰਨੈਲ। ਇਸ ਤਰ੍ਹਾਂ ‘ਗੁਰਮੁਖ ਜੀਵਨ’ ਦੀ ਪ੍ਰਪਤੀ ਤੋਂ ਬਾਅਦ ਜਦੋਂ ਮਨੁੱਖ ਨੂੰ ਆਪਣਾ ਪਿਛਲੇ ‘ਮਨਮੁਖਤਾ ਭਰਪੂਰ’ ਜੀਵਨ ਦਾ ਘਟੀਆ ਪਣ ਦਿਖਾਈ ਦੇਣ ਲਗ ਪੈਂਦਾ ਹੈ ਤਾਂ ਉਸ ਲਈ ਉਸ ਨੂੰ ਆਪਣੇ ਆਪ `ਚ ਹੀ ਸ਼੍ਰਮਿੰਦਗੀ ਮਹਿਸੂਸ ਹੁੰਦੀ ਤੇ ਖੇਦ ਵੀ ਆਉਂਦਾ ਹੈ। "ਗਰੁੜ ਚੜ੍ਹ੍ਹੇ … " ਇਸ ਸ਼ਬਦ `ਚ ਵੀ ਵਿਸ਼ਾ ਇਹੀ ਹੈ।

"ਗਰੁੜ ਚੜ੍ਹ੍ਹੇ. ."? - ‘ਰਹਾਉ’ ਕਿਸੇ ਵੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਅਤੇ ਅੰਤਮ ਪੰਕਤੀਆਂ, ਨਿਰਣਾ। ਇਥੇ ‘ਰਹਾਉ’ `ਚ ਮਨਮੁਖ ‘ਮਨ’ (ਸੁਲਤਾਨ, ਬਾਦਸ਼ਾਹ) ਵੰਗਾਰ ਕੇ ਕਹਿੰਦਾ ਹੈ "ਸੁਲਤਾਨੁ ਪੂਛੈ, ਸੁਨੁ ਬੇ ਨਾਮਾ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ॥ ੧॥ ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥ ੧॥ ਰਹਾਉ॥" ਉਪ੍ਰੰਤ ਅੰਤਮ ਬੰਦ’ ਚ ਜਦੋਂ ‘ਮਨਮੁਖ’ ਸੁਭਾਅ ਬਦਲ ਕੇ ‘ਗੁਰਮੁਖ’ ਹੋ ਜਾਂਦਾ ਹੈ ਤਾਂ "ਸਗਲ ਕਲੇਸ ਨਿੰਦਕ ਭਇਆ ਖੇਦੁ" ਭਾਵ ਲਬ, ਲੋਭ, ਹੰਕਾਰ ਆਦਿ ਵਿਕਾਰਾਂ ਨਾਲ ਜੱਕੜੇ ਰਹਿ ਚੁਕੇ ਮਨ ਅੰਦਰ ਜਦੋਂ ਪ੍ਰਭੂ ਗੁਣਾਂ ਰੂਪੀ ਗਊ ਜ਼ਿੰਦਾ ਹੋ ਜਾਂਦੀ ਹੈ ਤਾਂ ਜੀਵਨ ਅੰਦਰ ਰੱਬੀ ਗੁਣ ਵੀ ਆ ਪ੍ਰਗਟ ਹੁੰਦੇ ਹਨ। ਫ਼ਿਰ ਰੱਬੀ ਗੁਣਾਂ ਰੂਪੀ ਗਊ ਦਾ ਵੱਛਾ ਹੁੰਦਾ ਹੈ, ਪ੍ਰਭੂ ਰਜ਼ਾ ਅਤੇ ਟਿਕਾਅ-ਸੰਤੋਖ `ਚ ਵਾਲਾ ਬਦਲਿਆ ਜੀਵਨ। ਇਸ ਤਰ੍ਹਾ ਜੀਵਨ ਅੰਦਰ ‘ਗੁਰਮੁਖ’ ਜਦੋਂ ‘ਉੱਤਮਤਾ’ ਆ ਜਾਂਦੀ ਹੈ ਤਾਂ ਇਸ ਤੇ ਉਸੇ ਮਨੁੱਖ ਨੂੰ, ‘ਮਨਮੁਖ’ ਵਾਲੀ ਆਪਣੀ ਪਿਛਲੀ ਰਹਿਣੀ `ਤੇ ਖੇਦ ਹੁੰਦਾ ਹੈ। ਉਸਨੂੰ ਸਮਝ ਆ ਜਾਂਦੀ ਹੈ ਕਿ ਇਹ ਉਹੀ ਮਨ ਸੀ ਜਿਹੜਾ ਕਦੇ ਸਦਾ ਦੂਜਿਆਂ ਦੀ ਨਿੰਦਾ ਬਖੀਲੀ, ਕਲੇਸ਼ ਅਤੇ ਦੂਜਿਆਂ ਨੂੰ ਸਦਾ ਨੀਵਾਂ ਤੇ ਘਟੀਆ ਮੰਣਦਾ ਸੀ। "ਨਾਮੇ ਨਾਰਾਇਨ ਨਾਹੀ ਭੇਦੁ" ਜਦਕਿ ‘ਗੁਰਮੁਖ’ ਸੁਭਾਅ ਕਾਰਨ ਹੁਣ ਨਾਮਦੇਵ ਪ੍ਰਭੂ ਦਾ ਹੀ ਰੂਪ ਚੁਕਾ ਹੈ।

ਠੀਕ ਉਸੇ ਤਰ੍ਹਾਂ ਜਿਵੇਂ ਆਪਣੇ ਦੋ ਹੋਰ ਸ਼ਬਦਾਂ `ਚ ਨਾਮਦੇਵ, ਪ੍ਰਭੂ ਦਾ ਸਾਖਿਆਤ ਅਨੁਭਵ ਅਤੇ ਪ੍ਰਭੂ ਨਾਲ ਗਲਾਂ ਵੀ ਕਰਦੇ ਹਨ ਜਿਵੇਂ "ਤੂ ਕੁਨ ਰੇ॥ ਮੈ ਜੀ॥ ਨਾਮਾ॥ ਹੋ ਜੀ॥ ਆਲਾ ਤੇ ਨਿਵਾਰਣਾ ਜਮ ਕਾਰਣਾ" (ਪੰ: ੬੯੩} ਅਤੇ "ਦੂਧੁ ਪੀਆਇ ਭਗਤੁ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ" (ਪੰ: ੧੧੬੩) ਇਸੇ ਨੂੰ ਕਬੀਰ ਸਾਹਿਬ ਵੀ ਬਿਆਨਦੇ ਹਨ "ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਣੀ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ" (ਪੰ: ੯੬੯) ਲੋੜ ਹੈ ਤਾਂ ਗੁਰਬਾਣੀ ਵਿਚੋਂ ਉਸ ਰੂਪ, ਰੰਗ, ਰੇਖ ਤੋਂ ਨਿਆਰੇ ਪ੍ਰਭੂ ਦੇ ਦਰਸ਼ਨ ਕਰਣ ਦੀ ਜਾਚ ਸਿਖਣ ਦੀ।

ਸ਼ਬਦ ਦੇ ਸੰਖੇਪ ਅਤੇ ਸਰਲ ਅਰਥ-ਇਥੇ ਨਾਮਦੇਵ ਮਨਮੁਖ ਮਨ ਅਤੇ ਗੁਰਮੁਖ ਮਨ ਵਾਲਾ ਇੱਕ ਤਕਰਾਰ ਬਣਾ ਕੇ ਅਤੇ ਆਪਣੇ ਆਪ `ਤੇ ਘਟਾ ਕੇ ਪੇਸ਼ ਕਰ ਰਹੇ ਹਨ। ਫ਼ੁਰਮਾਂਦੇ ਹਨ ਕਿ ਜਦੋਂ ਮੇਰਾ ਜੀਵਨ ਮਨਮੁਖਤਾ ਦਾ ਭਰਿਆ ਸੀ ਤਾਂ ਮੇਰੇ ਅੰਦਰੋ ਰੱਬੀ ਗੁਣਾਂ ਰੂਪੀ ਗਊ ਮਰ ਚੁਕੀ ਹੋਈ ਸੀ, ਮਨਮੁਖਤਾ ਤੋਂ ਪੈਦਾ ਹੋਏ ਹਉਮੈ ਆਦਿ ਵਿਕਾਰਾਂ ਦੇ ਸੰਗਲਾਂ, ਬੇੜੀਆਂ, ਰਸਿਆਂ ਨੇ ਮੇਰੇ ਹੱਥ ਪੈਰ ਬੰਨੇ ਹੋਏ ਅਤੇ ਜੀਵਨ ਨੂੰ ਜਕੜਿਆ ਹੋਇਆ ਸੀ। ਤਦੋਂ ਮੇਰੇ ਜੀਵਨ ਅੰਦਰ ਮਜ਼ਹਬੀ ਤੰਗ ਨਜ਼ਰੀ ਵੀ ਸ਼ਿਖਰਾਂ `ਤੇ ਸੀ, ਜਿਸ ਕਾਰਣ ਮੇਰੀ ਸੋਚਣੀ `ਚ ਰਾਮ, ਖੁਦਾ, ਹਿੰਦੂ, ਕਾਜ਼ੀ, ਮੁਲਾਂ ਵਾਲੇ ਵਿਤਕਰੇ ਭਰੇ ਸਨ। ਮਨਮੁਖੀ ਰਹਿਣੀ ਤੋਂ ਮੇਰੇ ਜੀਵਨ `ਚ ਪੈਦਾ ਅਉਗਣਾਂ ਕਾਰਣ ਮੇਰੇ ਜੀਵਨ ਨੂੰ ਤਬਾਹ ਹੁੰਦਾ ਜੀਵਨ ਵੇਖ-ਜੇ ਕੋਈ ਪ੍ਰਭੂ ਪਿਆਰੇ ਮੇਰੀ ਉਸ ਹਾਲਤ `ਤੇ ਤਰਸ ਖਾਂਦੇ, ਮੈਨੂੰ ਉਸ ਘਟੀਆ ਜੀਵਨ ਦੀ ਦਲ ਦਲ `ਚੋਂ ਕਢਣ ਲਈੇ ਓਪਰਾਲੇ ਕਰਦੇ। ਮਨ ਰੂਪੀ ਬਾਦਸ਼ਾਹ ਵਿਚੋਂ ਅਉਗੁਣਾ ਦਾ ਨਾਸ ਕਰਕੇ, ਗੁਣਾਂ ਦਾ ਪ੍ਰਕਾਸ਼ ਕਰਨਾ ਚਾਹੁੰਦੇ ਤਾਂ ਮੈ ਉਹਨਾਂ ਦੀ ਪ੍ਰਵਾਹ ਨਹੀਂ ਸੀ ਕਰਦਾ ਬਲਕਿ ਇਸ ਤਰ੍ਹਾਂ ਠੁਕਰਾ ਦੇਂਦਾ ਜਿਵੇਂ ਕੋਈ ਸੱਚਾ ਮਨੁੱਖ ਰਿਸ਼ਵਤ ਨੂੰ। ਇਥੋਂ ਤੀਕ ਕਿ ਮੇਰੀ ਮਾਤਾ (ਜ਼ਮੀਰ) ਵੀ ਰੋਂਦੀ ਅਤੇ ਤੜਫ਼ਦੀ ਕਿ ਮੈ ਇਸ ਕੁਰਾਹੇ ਪਏ ਜੀਵਨ ਤੋਂ ਤੋਬਾ ਕਰ ਲਵਾਂ ਪਰ ਮੈ ਉਸਦੀ ਵੀ ਇੱਕ ਨਾ ਸੁਣਦਾ।

ਅਜੇਹੇ ਮਨਮੁਖਤਾ ਭਰਪੂਰ ਜੀਵਨ `ਚ ਜਦੋਂ "ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ, ਜਿਉ ਹਸਤੀ ਛਾਰੁ ਉਡਾਏ" (ਪੰ: ੧੪੨੩)। ਅਥਵਾ "ਜਲਿ ਹਸਤੀ ਮਲਿ ਨਾਵਾਲੀਐ, ਸਿਰਿ ਭੀ ਫਿਰਿ ਪਾਵੈ ਛਾਰੁ" (ਪੰ: ੧੩੧੪) ਉਸ ਸਮੇਂ ਮੇਰੇ ਮਨ `ਚ ਹਾਥੀ ਵਾਲੀ ਰਹਿਣੀ ਹੀ ਪ੍ਰਮੁਖ ਸੀ, ਜਿਹੜਾ ਕਿ ਮੇਰੇ ਉਪਰ ਇਸ ਤਰ੍ਹਾਂ ਚਿੰਘਾੜਦਾ ਜਿਵੇਂ ਮੇਰੇ ਜੀਵਨ ਦੇ ਸਚੇ ਹਮਦਰਦ ‘ਸਤਸੰਗੀ’ ਹੀ ਗ਼ਲਤ ਹਨ ਅਤੇ ਮੈ ਬਿਲਕੁਲ ਠੀਕ ਹਾਂ, ਕਿਸੇ ਦੀ ਪੇਸ਼ ਨਾ ਜਾਂਦੀ। ਉਸ ਸਮੇਂ ਹਾਥੀ ਦੀ ਨਿਆਈਂ ਅਉਗੁਣਾਂ ਵਾਲੀ ਮਿਟੀ ਉਡਾ ਕੇ ਆਪਣੇ `ਤੇ ਪਾਉਣੀ ਹੀ ਮੈਨੂੰ ਚੰਗੀ ਲਗਦੀ ਸੀ।

"ਸਾਤ ਘੜੀ ਜਬ ਬੀਤੀ ਸੁਣੀ" - ਫ਼ਿਰ ਜਦੋਂ ਸਾਧਸੰਗਤ ਦੀ ਬਰਕਤ ਨਾਲ ਮੈਨੂੰ ਜੀਵਨ ਦੀ ਅਸਲੀਅਤ ਸਮਝ `ਚ ਆ ਗਈ। ਮੈ ਆਪਣੇ ਮਨ ਦੀ ਹਉਮੈ-ਵਿਕਾਰਾਂ ਨੂੰ ਤਿਆਗ ਕੇ ਆਪਣਾ ਆਪ ਪ੍ਰਭੂ ਅੱਗੇ ਸਮਰਪਣ ਕਰ ਦਿਤਾ ਜਿਵੇਂ "ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ" (ਪੰ: ੧੪੨੯) ਮੇਰੇ ਅੰਦਰ ਇਲਾਹੀ ਗੁਣ ਪ੍ਰਗਟ ਹੋ ਗਏ (ਮਰ ਚੁੱਕੀ ਗਉ ਜ਼ਿੰਦਾ ਹੋ ਗਈ) ਤਰਲੇ ਲਏ ਕਿ ਹੇ ਪ੍ਰਭੂ "ਸਾਤ ਘੜੀ ਜਬ ਬੀਤੀ ਸੁਣੀ॥ ਅਜਹੁ ਨ ਆਇਓ ਤ੍ਰਿਭਵਣ ਧਣੀ" ਮੇਰੀ ਜ਼ਿੰਦਗੀ ਦਾ ਅੰਤ ਵੀ ਨੇੜੇ ਹੈ, ਹੁਣ ਤਾਂ ਬਹੁੜੀ ਕਰੋ। ਤਾਂ "ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ" (ਉਹੀ)। ਉਸੇ ਮਨ ਵਾਲੇ ਮਨਮੁਖ ਸੁਲਤਾਨ ਦੀ ਅਜੇਹੀ ‘ਗੁਰਮੁਖਤਾ’ `ਚ ਬਦਲ ਚੁਕੀ ਅਵਸਥਾ ਬਾਰੇ ਹੀ ਨਾਮਦੇਵ ਕਹਿ ਰਹੇ ਹਨ "ਇਸ ਪਤੀਆ ਕਾ ਇਹੈ ਪਰਵਾਨੁ॥ ਸਾਚਿ ਸੀਲਿ ਚਾਲਹੁ ਸੁਲਿਤਾਨ" ਕਿ ਐ ਮੇਰੇ ਮਨ (ਸੁਲਤਾਨ) ਜੇ ਸਚਮੁਚ ਹੀ ਤੈਨੂੰ ਪ੍ਰਭੂ `ਤੇ ਭਰੋਸਾ ਆ ਚੁਕਾ ਹੈ ਤਾਂ ਹੁਣ ਤੂੰ ਪ੍ਰਭੂ ਨਾਲ ਜੁੜ ਕੇ ਜੀਵਨ ਦੇ ਸਿਧੇ ਰਸਤੇ ਚਲ। ਹੁਣ ਮੈਨੂੰ ਇਹ ਵੀ ਸਮਝ ਆ ਚੁਕੀ ਸੀ ਪ੍ਰਭੂ ਗੁਣਾਂ ਵਾਲੀ ਜੀਵਨ ਅੰਦਰੋ ਮਰ ਚੁਕੀ ਗਊ ਕੇਵਲ ‘ਬਿਸਮਿਲ’ ਕਹਿਣ ਨਾਲ ਜ਼ਿੰਦਾ ਨਹੀਂ ਹੋ ਜਾਂਦੀ ਬਲਕਿ ਉਸ ਲਈ ਤਾਂ ਸਾਧਸੰਗਤ `ਚ ਆ ਕੇ ਗੁਰੂ-ਗੁਰਬਾਣੀ ਸਿਖਿਆ ਨਾਲ ਜੀਵਨ ਦੀ ਕਮਾਈ ਕਰਨੀ ਹੁੰਦੀ ਹੈ।

ਅੰਤਮ ਸਪਸ਼ਟਤਾ- ਪ੍ਰਚਲਤ ਅਰਥਾਂ ਮੁਤਾਬਕ ਜੇਕਰ ਕਿਸੇ ਮੁਸਲਮਾਨ ਬਾਦਸ਼ਾਹ ਵਾਲੀ ਗੱਲ਼ ਵੀ ਮੰਨ ਲਈ ਜਾਵੇ ਤਾਂ ਉਹਨਾਂ ਲੋਕਾਂ ਨੂੰ ਇੱਕ ਗਊ ਦੇ ਮਰਣ ਦਾ ਕੀ, ਉਥੇ ਗਊ ਹਤਿਆ ਤਾਂ ਨਿੱਤ ਦਾ ਕਾਰਾ ਹੁੰਦਾ ਹੈ। ਫ਼ਿਰ ਇਸ ਗਊ ਤੋਂ ਬਾਅਦ ਬਛੜੇ ਅਤੇ ਉਸਦੇ ਦੁਧ ਵਾਲੀ ਮੰਗ ਤਾਂ ਪ੍ਰਚਲਣ ਮੁਤਾਬਕ ਵੀ ਸ਼ਰਤ ਨਹੀਂ ਤਾਂ ਉਹ ਕਿੱਥੋਂ ਜੁੜ ਗਈ? #151s808.02s08#

Including this Self Learning Gurmat Lesson No 151

"ਗਰੁੜ ਚੜ੍ਹ੍ਹੇ ਗੋਬਿੰਦ ਆਇਲਾ" (ਪੰ: ੧੧੬੫)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com
.