.

ਹਿੰਦੂ ਮਿਥਿਹਾਸ ਦਾ ਪਾਤਰ "ਪਰਸ਼ੂਰਾਮ" (ਕੁਹਾੜੇ ਵਾਲਾ ਦੇਵਤਾ)

ਸਰਵਜੀਤ ਸਿੰਘ

ਰੋਜ਼ਾਨਾ ਦੀ ਤਰ੍ਹਾਂ 16 ਅਗਸਤ ਦਿਨ ਸਨਿੱਚਰਵਾਰ ਦਾ "ਰੋਜ਼ਾਨਾ ਸਪੋਕਸਮੈਨ" ਪੜ੍ਹ ਰਿਹਾ ਸੀ ਤਾਂ ਪੰਨਾ 13 ਉਪਰ ਇੱਕ ਲੇਖ "ਬ੍ਰਾਹਮਣ ਪਰਸ਼ੂਰਾਮ ਵਲੋਂ ਕਸ਼ਤਰੀ ਵੰਸ਼ ਦਾ ਸਰਵਨਾਸ਼" ਪੜ੍ਹਿਆ ਤਾਂ ਮੈਨੂੰ ਕੋਈ ਹੈਰਾਨੀ ਨਹੀ ਹੋਈ ਕਿਉਂਕਿ ਮੈ ਇਸ ਅਖੋਤੀ ਦੇਵਤੇ ਬਾਰੇ ਪਹਿਲਾ ਵੀ ਪੜ੍ਹ-ਸੁਣ ਚੁੱਕਾ ਸੀ। ਇਹ ਲੇਖ, ਜੋ ਅਸਲ ਵਿੱਚ ਬਲਾਚੌਰ ਨਿਵਾਸੀ ਅਸ਼ਨਵੀ ਕੁਮਾਰ ਵਲੋਂ ਅਨੁਵਾਦ ਹੀ ਕੀਤਾ ਹੋਇਆ ਸੀ, ਦਾ ਮੂਲ ਸਰੋਤ ਮਹਾਤਮਾ ਜੋਤੀ ਰਾਉ ਫੂਲੇ ਦੀ ਲਿਖਤ "ਗੁਲਾਮਗਿਰੀ ਗ੍ਰੰਥ" ਹੈ। ਯਾਦ ਰਹੇ ਇਹ ਗ੍ਰੰਥ ਮਹਾਂਰਾਸਟਰ ਦੀ ਸਰਕਾਰ ਵਲੋਂ ਛਾਪਿਆ ਗਿਆ ਹੈ। ਇਸ ਤੋਂ ਅੱਗਲੇ ਹੀ ਦਿਨ ਭਾਵ ਐਤਵਾਰ ਦੇ ਮੁਖ ਪੰਨੇ ਤੇ ਸੰਪਾਦਕ ਅਤੇ ਅਨੁਵਾਦਕ/ਲੇਖਕ ਵਲੋ ਸਪੱਸ਼ਟੀਕਰਨ ਨੂੰ ਪੜਿਆ ਤਾਂ ਮਹਿਸੂਸ ਕੀਤਾ ਕੇ ਕਈ ਧਿਰਾਂ ਇਸ ਲੇਖ ਵਿਚਲੇ ਸੱਚ ਨੂੰ ਬਰਦਾਸ਼ਤ ਨਹੀ ਕਰ ਸਕੀਆਂ। ਇਹ ਪੜ ਕੇ ਖੁਸ਼ੀ ਹੋਈ ਕਿ ਇਸ ਮਸਲੇ ਨੂੰ ਬੁਹਤ ਹੀ ਸੁਹਿਰਦਤਾ ਨਾਲ ਨਜਿੱਠ ਲਿਆ ਗਿਆ ਹੈ। ਮੁਖ ਸੰਪਾਦਕ ਨੇ ਤਾਂ ਉਨ੍ਹਾ ਧਿਰਾਂ ਨੂੰ ਆਪਣਾ ਜਵਾਬੀ ਲੇਖ ਭੇਜਣ ਦਾ ਵੀ ਸੱਦਾ ਦਿੱਤਾ ਸੀ ਜੋ ਉਸ ਵੇਲੇ ਮੰਨ ਲਿਆ ਗਿਆ। ਬੜੀ ਉਤਸੁਕਤਾ ਨਾਲ ਸਬੰਧਤ ਧਿਰ ਦਾ ਪੱਖ ਪੜ੍ਹਨ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਹੀ 19 ਅੱਗਸਤ ਦਿਨ ਮੰਗਲਵਾਰ ਦੇ ਅਖ਼ਬਾਰ ਵਿੱਚ "ਭੂਤਰੀ ਹੋਈ ਭੀੜ ਵਲੋ ਪਰੈਸ ਦੀ ਅਜ਼ਾਦੀ `ਤੇ ਜਾਬਰਾਨਾ ਹਮਲਾ" ਦੀ ਸੁਰਖੀ ਪੜ੍ਹੀ ਤਾਂ ਮੈ ਹੈਰਾਨ ਰਹਿ ਗਿਆ।

ਸਬੰਧਤ ਧਿਰਾ ਨੂੰ ਬੇਨਤੀ ਹੈ ਕਿ ਦੇਵਤਿਆਂ ਦੀ ਕਲਪਣਾ ਕੀਤੀ ਤੁਸੀਂ, ਉਨ੍ਹਾਂ ਨਾਲ ਚੰਗੀਆਂ-ਮੰਦੀਆਂ ਕਹਾਣੀਆਂ ਜੋੜੀਆਂ ਤੁਸੀਂ, ਅਤੇ ਮਿਥਿਹਾਸ ਨੂੰ ਲਿਖਿਆਂ ਵੀ ਤੁਸੀਂ। ਜੇ ਅੱਜ ਕੋਈ ਉਸ ਮਿਥਿਹਾਸ ਨੂੰ ਆਮ ਭਾਸ਼ਾ ਵਿੱਚ ਪਾਠਕਾਂ ਦੀ ਜਾਣਕਾਰੀ ਲਈ ਪੇਸ਼ ਕਰਦਾ ਹੈ ਤਾਂ ਉਹ ਦੋਸ਼ੀ ਕਿਵੇ? ਕੀ ਤੁਹਾਡਾ ਇਹ ਫ਼ਰਜ ਨਹੀ ਸੀ ਬਣਦਾ ਕਿ ਤੁਸੀ ਲਿਖਤੀ ਰੂਪ ਵਿੱਚ ਆਪਣਾ ਪੱਖ ਪੇਸ਼ ਕਰਦੇ। ਕੀ ਆਪ ਹੀ ਵਾਇਦਾ ਕਰਕੇ ਉਸ ਤੇ ਅਮਲ ਨਾ ਕਰਨਾ ਦਿਆਨਤਦਾਰੀ ਹੈ? ਕੀ ਇਹ ਮੰਨ ਲਿਆ ਜਾਵੇ ਤੁਹਾਡੇ ਕੋਲ ਕਹਿਣ/ਲਿਖਣ ਲਈ ਕੁੱਝ ਵੀ ਨਹੀ ਹੈ। ਤੁਸੀਂ ਲਿਖਤੀ ਰੂਪ ਵਿੱਚ ਇਸ ਲੇਖ ਵਿੱਚ ਲਿਖੇ ਗਏ ਸੱਚ ਨੂੰ ਰੱਦ ਨਹੀਂ ਕਰ ਸਕਦੇ ਤਾਂ ਹੀ ਤੁਸੀ ਅਸਭਿਅਕ ਤਰੀਕਾ ਅਪਨਾਇਆ ਹੈ। ਸਬੰਧਤ ਧਿਰਾ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੇ ਇਸ ਭਗਵਾਨ ਨਾਲ ਸਬੰਧਤ ਜਾਣਕਾਰੀ ਤਾਂ ਭਾਸ਼ਾ ਵਿਭਾਗ ਪੰਜਾਬ ਵਲੋ ਛਾਪੇ ਅਤੇ ਘੱਟ ਕੀਮਤ ਤੇ ਲਗਾਤਾਰ ਵੇਚੇ/ਵੰਡੇ ਜਾ ਰਹੇ "ਹਿੰਦੂ ਮਿਥਿਹਾਸ ਕੋਸ਼" ਵਿੱਚ ਵੀ ਦਰਜ ਹੈ। ਇਹ ਵਿਭਾਗ ਉਸੇ ਸਰਕਾਰ ਦਾ ਹੈ ਜਿਸ ਦੇ ਤੁਸੀ ਭਾਈਵਾਲ ਹੋ।

ਅੰਗਰੇਜੀ ਭਾਸ਼ਾ ਦੇ ਪ੍ਰਸਿੱਧ ਵਿਦਿਵਾਨ ਜੌਨ ਡੋਸਨ ਵਲੋ ਲਿਖੀ ਗਈ ਪ੍ਰਸਿੱਧ ਪੁਸਤਕ "ਹਿੰਦੂ ਕਲਾਸੀਕਲ ਡਿਕਸ਼ਨਰੀ" ਦਾ ਪੰਜਾਬੀ ਅਨੁਵਾਦ ਰਾਜਿੰਦਰ ਸਿੰਘ ਭੰਡਾਰੀ ਵਲੋ ਕੀਤਾ ਗਿਆ ਹੈ। ਭਾਸ਼ਾ ਵਿਭਾਗ ਪੰਜਾਬ 1963 ਤੋਂ ਲਗਤਾਰ ਇਸ ਨੂੰ ਛਾਪ ਰਿਹਾ ਹੈ। ਪਾਠਕਾਂ ਦੀ ਜਾਣ ਕਾਰੀ ਲਈ ਪੇਸ਼ ਹੈ "ਹਿੰਦੂ ਮਿਥਿਹਾਸ ਕੋਸ਼" ਦੀ ਅਸਲ ਲਿਖਤ।

ਪਰਸ਼ੁਰਾਮ (ਪਰਸਰਾਮ): "ਉਹ ਰਾਮ ਜਿਸ ਦੇ ਹੱਥ ਵਿੱਚ ਕੁਹਾੜਾ ਫੜਿਆ ਹੋਇਆ ਹੈ।" ਇਹ ਪਹਿਲਾ ਰਾਮ ਅਤੇ ਵਿਸ਼ਨੂੰ ਦਾ ਛੇਵਾਂ ਅਵਤਾਰ ਸੀ। ਇਹ ਜਾਤ ਦਾ ਬ੍ਰਾਂਮਣ ਅਤੇ ਜਗਦਗਨੀ ਤੇ ਰੇਣੁਕਾ ਦਾ ਪੰਜਵਾਂ ਪੁੱਤਰ ਸੀ। ਆਪਣੇ ਪਿਤਾ ਦਾ ਭ੍ਰਿਗੂ ਵੰਸ਼ ਦਾ ਹੋਣ ਕਾਰਨ ਇਸ ਦਾ ਨਾਂ ਭਾਰਗਵ ਪ੍ਰਸਿੱਧ ਹੋਇਆ ਅਤੇ ਆਪਣੀ ਮਾਂ ਦੀ ਵੰਸ਼ ਪੰਰਮਰਾ ਅਨੁਸਾਰ ਇਹ ਕੁਸ਼ਿਕ ਰਾਜ ਨਾਲ ਸਬੰਧਤ ਸੀ। ਇਸ ਦਾ ਅਵਤਾਰ ਤ੍ਰੇਤਾਯੁਗ ਦੇ ਸ਼ੁਰੂ ਵਿੱਚ (ਯਾਦ ਰਹੇ ਕੱਲਯੁਗ 43200 ਸਾਲ, ਦੁਆਪਰ 864000 ਅਤੇ ਤ੍ਰੇਤਾ 1296000 ਅਤੇ ਸੱਤਯੁਗ 1728000 ਸਾਲ) ਕਸ਼ੱਤਰੀਆਂ ਦੇ ਅਤਿਆਚਾਰਾਂ ਨੂੰ ਦੂਰ ਕਰਨ ਲਈ ਹੋਇਆ। ਇਸ ਦੀ ਕਹਾਣੀ ਮਹਾਂਭਾਰਤ ਤੇ ਪੁਰਾਣਾਂ ਵਿੱਚ ਮਿਲਦੀ ਹੈ। ਇਸ ਦਾ ਹਵਾਲਾ ਰਾਮਾਇਣ ਵਿੱਚ ਵੀ ਮਿਲਦਾ ਹੈ, ਪਰ ਉਸ ਵਿੱਚ ਖਾਸ ਤੌਰ ਤੇ ਇਸ ਦਾ ਚਿਤਰਨ ਰਾਮਚੰਦ੍ਰ ਦੇ ਵਿਰੋਧੀ ਰੂਪ ਵਿੱਚ ਹੀ ਕੀਤਾ ਗਿਆ ਹੈ। ਮਹਾਂਭਾਰਤ ਅਨੁਸਾਰ ਇਸ ਨੇ ਅਰਜਨ ਨੂੰ ਸ਼ੱਸ਼ਤਰ ਵਿਦਿਆ ਸਿਖਾਈ ਸੀ ਅਤੇ ਭੀਸ਼ਮ ਨਾਲ ਲੜਾਈ ਵੀ ਹੋਈ ਸੀ, ਜਿਸ ਵਿੱਚ ਦੋਨੋਂ ਹੀ ਬਰਾਬਰ ਰਹੇ ਸਨ। ਇਹ ਕੌਰਵਾਂ ਦੀ ਯੁਧ ਕੌਂਸਲ ਵਿੱਚ ਵੀ ਸ਼ਾਮਲ ਸੀ, ਪਰਸਰਾਮ ਜੋ ਕਿ ਵਿਸ਼ਨੂੰ ਦਾ ਛੇਵਾਂ ਅਵਤਾਰ ਸੀ, ਭਾਵੇਂ ਰਾਮ ਜਾਂ ਰਾਮਚੰਦ੍ਰ ਜੋ ਕਿ ਵਿਸ਼ਨੂੰ ਦਾ ਸਤਵਾਂ ਅਵਤਾਰ ਸਨ, ਤੋਂ ਪਹਿਲਾਂ ਹੋਏ ਹਨ ਤਾਂ ਵੀ ਇਹ ਦੋਨੋਂ ਇਕੋ ਸਮੇਂ ਜੀਵਤ ਸਨ। ਪਰਸਰਾਮ ਦੇ ਦਿਲ ਵਿੱਚ ਰਾਮ ਲਈ ਬੁਹਤ ਈਰਖਾ ਭਰੀ ਹੋਈ ਸੀ। ਮਹਾਂਭਾਰਤ ਵਿੱਚ ਲਿਖਿਆ ਹੈ ਕਿ ਰਾਮ ਨੇ ਪਰਸਰਾਮ ਨੂੰ ਬੇਹੋਸ਼ ਕਰ ਦਿੱਤਾ ਸੀ। ਰਾਮਾਇਣ ਵਿੱਚ ਆਉਦਾਂ ਹੈ ਕਿ ਜਦੋ ਰਾਮ ਨੇ ਸ਼ਿਵਜੀ ਦਾ ਧਨੁਸ਼ ਤੋੜਿਆ ਤਾਂ ਪਰਸਰਾਮ ਜੋ ਸ਼ਿਵਜੀ ਦਾ ਅਨੰਤ ਭਗਤ ਸੀ, ਬੁਹਤ ਦੁਖੀ ਹੋਇਆ ਅਤੇ ਉਸ ਨੇ ਰਾਮ ਨੂੰ ਲੜਾਈ ਕਰਨ ਲਈ ਵੰਗਾਰਿਆ। ਲੜਾਈ ਵਿੱਚ ਇਸ ਦੀ ਹਾਰ ਹੋਈ, ਜਿਸ ਨਾਲ ਇਸ ਦਾ ਨਾਂ ਸਵਰਗ ਪ੍ਰਾਪਤ ਕਰਨ ਵਾਲਿਆ ਦੀ ਸੂਚੀ ਤੋਂ ਕੱਢ ਦਿੱਤਾ ਗਿਆ। ਮੁਢਲੇ ਜੀਵਨ ਵਿੱਚ ਇਹ ਸ਼ਿਵਜੀ ਦੇ ਕੋਲ ਹੀ ਰਹਿੰਦਾ ਸੀ, ਇਸ ਲਈ ਇਸ ਨੇ ਉਨ੍ਹਾਂ ਤੋਂ ਹੀ ਸ਼ਸ਼ੱਤਰ ਵਿਦਿਆ ਸਿੱਖੀ ਸੀ। ਸ਼ਿਵਜੀ ਨੇ ਇਸ ਨੂੰ ਇੱਕ ਕੁਲਹਾੜਾ (ਪਰਸ਼ੁ) ਦਿੱਤਾ, ਜਿਸ ਤੋਂ ਇਸ ਦਾ ਨਾਂ ਪਰਸਰਾਮ ਪ੍ਰਸਿੱਧ ਹੋਇਆ। ਸਭ ਤੋਂ ਪਹਿਲੇ ਮਹਾਂਭਾਰਤ ਵਿੱਚ ਇਸ ਦਾ ਵਰਣਨ ਮਿਲਦਾ ਹੈ, ਉਸ ਅਨੁਸਾਰ ਇਸ ਨੇ ਆਪਣੇ ਪਿਤਾ ਦੀ ਆਗਿਆ ਨਾਲ ਆਪਣੀ ਮਾਂ ਰੇਣੁਕਾ ਦਾ ਸਿਰ ਵੱਡ ਦਿੱਤਾ ਸੀ। ਪਰਸਰਾਮ ਦਾ ਪਿਤਾ ਆਪਣੀ ਪਤਨੀ ਰੇਣੁਕਾ ਦੀ ਚਰਿੱਤਰਹੀਣਤਾ ਕਾਰਨ ਗੁੱਸੇ ਹੋ ਗਿਆ ਸੀ। ਉਸ ਨੇ ਆਪਣੇ ਹਰ ਇੱਕ ਪੁੱਤਰ ਨੂੰ ਮਾਂ ਨੂੰ ਕਤਲ ਕਰਨ ਲਈ ਕਿਹਾ, ਪਰ ਸਿਰਫ ਪਰਸਰਾਮ ਨੇ ਹੀ ਉਸ ਦੀ ਆਗਿਆ ਦਾ ਪਾਲਣ ਕੀਤਾ। ਜਗਦਮਨੀ ਬੁਹਤ ਖੁਸ਼ ਹੋਇਆ ਅਤੇ ਉਸ ਨੇ ਪਰਸਰਾਮ ਨੂੰ ਵਰ ਮੰਗਣ ਲਈ ਕਿਹਾ। ਪਰਸਰਾਮ ਨੇ ਮੰਗ ਕੀਤੀ ਕਿ ਉਸ ਦੀ ਮਾਂ ਜੀ ਪਵੇ ਅਤੇ ਉਹ ਮੁੜ ਇਕੱਲੀ (ਸ਼ਾਇਦ ‘ਇਕੱਲਾ’ ਹੋਵੇ ਕਿਊਂਕਿ ਇਹ ਪਹਿਲਾ ਰਾਮ ਤੋਂ ਹਾਰ ਚੁੱਕਾ ਹੈ) ਮੁਠ ਭੇੜ ਵਿੱਚ ਕਿਸੇ ਕੋਲੋਂ ਵੀ ਨਾ ਹਾਰੇ ਅਤੇ ਉਸ ਦੀ ਉਮਰ ਲੰਮੀ ਹੋ ਜਾਵੇ। ਪਰਸਰਾਮ ਤੇ ਕਸ਼ੱਤਰੀਆਂ ਦੀ ਜਿਹੜੀ ਪ੍ਰਤੱਖ ਰੂਪ ਵਿੱਚ ਦੁਸ਼ਮਣੀ ਦਾ ਪ੍ਰਗਟਾਉ ਹੁੰਦਾ ਹੈ, ਉਸ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਕਸ਼ੱਤਰੀਆਂ ਅਤੇ ਬ੍ਰਾਹਮਣਾ ਦੇ ਵਿਚਕਾਰ ਪਾਰਸਪਰਕ ਸਰਬਉੱਚਤਾਂ ਬਾਰੇ ਕਾਫੀ ਸੰਘਰਸ਼ ਰਿਹਾ ਹੈ। ਇਸ ਨੇ ਇੱਕ ਵਾਰੀ ਕੱਸ਼ਤਰੀਆਂ ਦਾ ਨਾਸ਼ ਕੀਤਾ ਅਤੇ ਉਨ੍ਹਾਂ ਦਾ ਰਾਜ ਬ੍ਰਾਹਮਣਾਂ ਨੂੰ ਦਿੱਤਾ।

ਪਰਸਰਾਮ ਤੇ ਕਸ਼ੱਤਰੀਆਂ ਦੀ ਵਿਰੋਧਤਾ ਦਾ ਕਾਰਨ ਇਸ ਤਰ੍ਹਾਂ ਦੱਸਿਆ ਜਾਦਾ ਹੈ:- ਕਾਰਤਵੀਰਯ, ਜੋ ਹੈਹਯਾਂ ਦਾ ਰਾਜਾ ਸੀ, ਦੀਆਂ ਹਜਾਰ ਬਾਹਵਾਂ ਸਨ। ਇਹ ਰਾਜਾ ਜਮਦਗਨੀ ਰਿਸ਼ੀ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਆਸ਼ਰਮ ਵਿੱਚ ਗਿਆ। ਰਿਸ਼ੀ ਦੀ ਪਤਨੀ ਰੇਣੁਕਾ ਨੇ ਉਸ ਦਾ ਅਥਿਥੀ ਸਤਿਕਾਰ ਕੀਤਾ, ਪਰ ਉਹ ਆਉਣ ਲਗਿਆਂ ਯਗ ਦੀ ਗਊ (ਕਾਮਧੇਨ ਗਊ) ਜ਼ਬਰਦਸਤੀ ਆਪਣੇ ਨਾਲ ਕੈ ਆਇਆ। ਇਸ ਗੱਲ ਤੋਂ ਪਰਸਰਾਮ ਨੂੰ ਏਨਾ ਰੋਹ ਚੜ੍ਹਿਆ ਕਿ ਇਸ ਨੇ ਉਸ ਦਾ ਪਿੱਛਾ ਕਰਕੇ ਉਸ ਦੀਆਂ ਹਜ਼ਾਰ ਬਾਹਵਾਂ ਵੱਢਕੇ ਉਸ ਨੂੰ ਕਤਲ ਕਰ ਦਿਤਾਂ। ਇਸ ਦਾ ਬਦਲਾ ਲੈਣ ਲਈ ਕਾਰਤਵੀਰਯ ਦੇ ਪੁੱਤਰਾਂ ਨੇ ਜਮਦਗਨੀ ਰਿਸ਼ੀ ਨੂੰ ਮਾਰ ਸੁਟਿਆ। ਬਸ ਉਨ੍ਹਾਂ ਦੀ ਇਸ ਗੱਲ ਤੋਂ ਗੁਸੇ ਹੋਕੇ ਪਰਸਰਾਮ ਨੇ ਕਸਮ ਖਾਧੀ ਕਿ ਉਹ ਸਾਰੀ ਧਰਤੀ ਤੋਂ ਕਸ਼ੱਤਰੀਆ ਦਾ ਬੀਜ ਖਤਮ ਕਰ ਦੇਵੇਗਾ। ਇਸ ਨੇ ਇੱਕੀ ਵਾਰੀ ਕਸ਼ੱਤਰੀਆਂ ਨੂੰ ਮਾਰਕੇ ਉਨ੍ਹਾਂ ਦੇ ਖੂਨ ਨਾਲ ਪੰਜ ਵੱਡੀਆਂ ਝੀਲਾਂ, ਜਿਨ੍ਹਾਂ ਦਾ ਨਾਂ ਸਮੰਤ-ਪੰਚਕ ਸੀ, ਭਰੀਆਂ। ਇਸ ਤੋਂ ਬਾਦ ਇਸ ਨੇ ਸਾਰੀ ਧਰਤੀ ਕਸ਼ਯਪ ਨੂੰ ਦੇ ਦਿੱਤੀ ਅਤੇ ਆਪ ਮਹੇਂਦ੍ਰ ਪਹਾੜ ਤੇ ਚਲਾ ਗਿਆ। ਜਿੱਥੇ ਇਸ ਨੂੰ ਅਰਜਨ ਆਕੇ ਮਿਲਿਆ। ਪਰੰਪਰਾ ਅਨੁਸਾਰ ਮਾਲਾਬਾਰ ਦੇਸ਼ ਪਰਸਰਾਮ ਨਾਕ ਸਬੰਧਤ ਹੈ। ਇੱਕ ਰਵਾਇਤ ਅਨੁਸਾਰ ਇਸ ਨੇ ਇਹ ਦੇਸ਼ਵਰੁਣ ਕੋਲੋਂ ਭੇਟਾ ਵਜੋਂ ਪ੍ਰਾਪਤ ਕੀਤਾ ਸੀ, ਪਰ ਦੂਜੀ ਰਵਾਇਤ ਅਨੁਸਾਰ ਇਸ ਨੇ ਸਮੁੰਦਰ ਨੂੰ ਪਿਛੇ ਧਕੇਲਕੇ ਆਪਣੇ ਕੁਹਾੜੇ ਨਾਲ ਦਰਾਰਾਂ ਨੂੰ ਘਾਟਾਂ ਵਿੱਚ ਬਦਲ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਇਸ ਨੇ ਬ੍ਰਾਹਮਣਾਂ ਨੂੰ ਉੱਤਰ ਵਿਚੋਂ ਇਸ ਦੇਸ਼ ਵਿੱਚ ਲਿਆਂਦਾ ਅਤੇ ਉਨ੍ਹਾਂ ਨੂੰ ਕੱਸ਼ਤਰੀਆਂ ਦੇ ਮਾਰਨ ਦੇ ਪਰਾਸ਼ਚਤ ਵਜੋਂ ਸਾਰੀ ਧਰਤੀ ਦਾਨ ਦੇ ਦਿਤਾ ਸੀ। ਇਸ ਨੂੰ ਖੰਡ-ਪਰਸ਼ੁ, ‘ਕੁਹਾੜੇ ਨਾਲ ਮਾਰਨ ਵਾਲਾ’ ਅਤੇ ਨ੍ਯਕ੍ਹ੍ਹਸ਼, ‘ਘਟੀਆ’ ਨਾਵਾਂ ਨਾਲ ਵੀ ਸੰਬੋਧਤ ਕੀਤਾ ਜਾਂਦਾ ਹੈ। (ਹਿੰਦੂ ਮਿਥਿਹਾਸ ਕੋਸ਼, ਤੀਜੀ ਵਾਰ-2000, ਪੰਨਾ 329-331)

17 ਅਗੱਸਤ ਦਿਨ ਐਤਵਾਰ "ਰੋਜ਼ਾਨਾ ਸਪੋਕਸਮੈਨ" ਦੇ ਮੁਖ਼ ਪੰਨੇ ਉਪਰ ਮੁਖ ਸੰਪਾਦਕ ਵਲੋ ਲਿਖੇ ਨੋਟ ਵਿੱਚ ਇਹ ਪੜ੍ਹਕੇ "ਇਸ ਬਾਰੇ ਸਾਨੂੰ ਕਈ ਹਿੰਦੂ ਅਤੇ ਬ੍ਰਾਹਮਣ ਜਥੇਬੰਦੀਆਂ ਨੇ ਮਿਲ ਕੇ ਜਾਂ ਫੋਨ ਕਰਕੇ ਦੱਸਿਆ ਹੈ ਕਿ ਅਨੁਵਾਦ ਵਿੱਚ ਕੁੱਝ ਲਫ਼ਜ ਗ਼ਲਤ ਦਿਤੇ ਗਏ ਹਨ" ਮੈ ਲੇਖ ਨੂੰ ਦੁਵਾਰਾ ਪੜ੍ਹਿਆ ਤਾਂ ਦੇਖਿਆ ਕਿ ਆਖੇ ਜਾਂਦੇ ਭਗਵਾਨ ਲਈ ਸ਼ਬਦ `ਚੰਡਾਲ’ ਵਰਤਿਆ ਗਿਆ ਸੀ। "ਅਤੇ ਉਸ ਬ੍ਰਾਮਣ ਪਰਸ਼ੂਰਾਮ ਨੇ, ਕਸ਼ੱਤਰੀਆਂ ਦੀਆਂ ਅਨਾਥ (ਵਿਧਵਾਵਾਂ) ਔਰਤਾਂ ਤੋਂ ਉਨ੍ਹਾਂ ਦੇ ਛੋਟੇ-ਛੋਟੇ, ਚਾਰ-ਚਾਰ, ਪੰਜ-ਪੰਜ ਮਹੀਨਿਆਂ ਦੇ ਨਿਰਦੋਸ਼ ਮਾਸੂਮ ਬੱਚਿਆਂ ਨੂੰ ਜਬਰਦਸਤੀ ਖੋਹ ਕੇ, ਆਪਣੇ ਮਨ ਵਿੱਚ ਕਿਸੇ ਤਰ੍ਹਾਂ ਦੀ ਹਿਚਕਾਹਰ ਨਾ ਰੱਕਦੇ ਹੋਏ, ਬੜੇ ਜਬਰ ਜ਼ੁਲਮ ਨਾਲ ਉਨ੍ਹਾਂ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਸੀ। ਉਹ ਚੰਡਾਲ ਇੰਨਾ ਹੀ ਕਰ ਕੇ ਚੁਪ ਨਾ ਰਿਹਾ ਸਗੋਂ ਆਪਣੇ ਪਤੀ ਦੀ ਮੌਤ ਤੋਂ ਬਾਅਦ, ਕਈ ਔਰਤਾਂ ਨੂੰ, ਜੋ ਆਪਣੇ ਪੇਟ ਦੇ ਗਰਭ ਦੀ ਰਖਿਆ ਕਰਨ ਲਈ ਬੜੇ ਦੁਖੀ ਮਨ ਨਾਲ ਜੰਗਲਾਂ-ਪਹਾੜਾਂ `ਚ ਭੱਜੀਆਂ ਜਾ ਰਹੀਆਂ ਸਨ, ਉਹ ਸ਼ਿਕਾਰੀ ਦੀ ਤਰ੍ਹਾਂ ਪਿੱਛਾ ਕਰਕੇ, ਉਨ੍ਹਾਂ ਨੂੰ ਫੜ ਕੇ ਲੈ ਆਇਆ…"

ਜੇ ਇੱਕ ਵਦੇਸ਼ੀ ਵੀ ਇਹ ਲਿਖਣ ਲਈ ਮਜਬੂਰ ਹੈ, "ਇਸ ਨੇ ਇੱਕੀ ਵਾਰੀ ਕਸ਼ੱਤਰੀਆਂ ਨੂੰ ਮਾਰਕੇ ਉਨ੍ਹਾਂ ਦੇ ਖੂਨ ਨਾਲ ਪੰਜ ਵੱਡੀਆਂ ਝੀਲਾਂ, ਜਿਨ੍ਹਾਂ ਦਾ ਨਾਂ ਸਮੰਤ-ਪੰਚਕ ਸੀ, ਭਰੀਆਂ।" ਤਾਂ ਜਿਹਨਾਂ ਨੇ ਇਸ ਜੁਲਮ ਨੂੰ ਆਪਣੇ ਪਿੰਡੇ ਤੇ ਹੰਡਾਇਆ ਸੀ, "ਹੇ ਪਰਸ਼ੂਰਾਮ! ਅਸੀ ਤੇਰੇ ਕੋਲੋਂ ਇੰਨੀ ਹੀ ਦਇਆ ਦੀ ਭੀਖ ਮੰਗਣਾ ਚਾਹੁੰਦੀਆਂ ਹਾਂ ਕਿ ਸਾਡੇ ਗਰਭ `ਚ ਪੈਦਾ ਹੋਣ ਵਾਲੇ ਅਨਾਥ ਬੱਚਿਆਂ ਦੀ ਜਾਨ ਬਖ਼ਸ਼ ਦੇ।" ਜੇ ਉਨ੍ਹਾਂ ਨੇ ਇਸ ਅਖੌਤੀ ਦੇਵਤੇ ਲਈ `ਚੰਡਾਲ’ ਦਾ ਸ਼ਬਦ ਲਿਖ ਦਿੱਤਾ ਤਾਂ ਇਸ ਵਿੱਚ ਗਲਤ ਕੀ ਹੈ?

ਆਪਣੀਆਂ ਸ਼ਕਲਾਂ ਦੇਖੋ ਸ਼ੀਸ਼ੇ ਨੂੰ ਨਾਂ ਤੋੜੋ,

ਸ਼ੀਸ਼ੇ ਨੇ ਤਾਂ ਅਸਲੀ ਰੂਪ ਦਿਖਾਇਆ ਹੈ।
.