.

ਸਵਾਗਤੀ ਸ਼ਬਦ

ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਿੱਚ ਨਿਸ਼ਕਾਮ ਤੌਰ ਤੇ ਲੱਗੇ ਹੋਏ ਸ੍ਰ. ਮਹਿੰਦਰ ਸਿੰਘ ਡਿੱਡਨ ਇੱਕ ਹੋਰ ਖੋਜ ਪੱਤਰ ਲੈ ਕੇ ਆਪਣੇ ਪਾਠਕਾਂ/ਗੁਰਬਾਣੀ ਪ੍ਰੇਮੀਆਂ ਦੇ ਸਨਮੁੱਖ ਹਨ। ਇਸ ਲੜੀ ਵਿੱਚ ਉਹਨਾਂ ਇਸ ਵਾਰੀ ‘ਗੁਰਮਤਿ ਵਿੱਚ ਨਾਮ ਦਾ ਸੰਕਲਪ’ ਵਿਸ਼ੇ ਉਪਰ ਖੋਜ ਭਰਪੂਰ ਵਿਆਖਿਆ ਕੀਤੀ ਹੈ। ਨਾਮ ਦੇ ਸੰਕਲਪ ਬਾਰੇ ਪਖੰਡੀ ਸਾਧੂਆਂ ਅਤੇ ਡੇਰਾਵਾਦ ਵਲੋਂ ਪਾਏ ਭੁਲੇਖਿਆਂ ਨੂੰ ਦੂਰ ਕਰਨ ਦੇ ਵਿੱਚ ਜਤਨ ਵਜੋਂ ਡਿੱਡਨ ਜੀ ਨੇ ਸਿੱਖ ਅਤੇ ਅੰਗ੍ਰੇਜ਼ੀ ਵਿਦਵਾਨਾਂ ਦੇ ਹਵਾਲੇ ਨਾਲ ਆਪਣਾ ਤੱਥ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਪੁਰਾਤਨ ਟ੍ਰੈਕਟ ਪਰੰਪਰਾਂ ਨੂੰ ਮੁੜ ਸੁਰਜੀਤ ਕਰਦਿਆਂ ਡਿੱਡਨ ਹੋਰਾਂ ਇਸ ਤੋਂ ਪਹਿਲਾਂ  "ਦਾਤਾਂ ਮੰਗਣ ਬਾਰੇ ਗੁਰਬਾਣੀ ਦਾ ਸਿਧਾਂਤ", "ਬਾਣੀ ਸੁਖਮਨੀ ਵਿੱਚ ਸੁੱਖ ਦਾ ਸੰਕਲਪ", "ਬਾਣੀ ਅਨੰਦੁ ਸਾਹਿਬ ਇੱਕ ਅਧਿਐਨ", "ਕੀ ਗੁਰਬਾਣੀ ਨੂੰ ਬਿਨਾਂ ਵਿਚਾਰੇ ਪੜ੍ਹਨਾ ਲਾਭਦਾਇਕ ਹੋ ਸਕਦਾ ਹੈ?" "ਸਿੱਖ ਧਰਮ ਅਤੇ ਅਜੋਕਾ ਸਿੱਖ, "ਗੁਰਬਾਣੀ ਗੁਰੂ ਕਿਵੇਂ ਹੈ" ਅਤੇ ਆਦਿ ਧਾਰਮਿਕ ਖੋਜ ਪੱਤਰਾਂ ਨਾਲ ਸਿੱਖੀ ਦੇ ਪ੍ਰਚਾਰ `ਚ ਇੱਕ ਜ਼ਿਕਰਯੋਗ ਯੋਗਦਾਨ ਪਾ ਚੁੱਕੇ ਹਨ।

ਹੱਥਲੇ ਖੋਜ ਪੱਤਰ ‘ਗੁਰਮਤਿ ਵਿੱਚ ਨਾਮ ਦਾ ਸੰਕਲਪ’ ਵਿੱਚ ਮੁੱਖ ਧਿਆਨ ਨਾਮ ਦੀ ਹੋਂਦ ਦੀ ਵਿਆਖਿਆ ਕਰਨ ਉੱਪਰ ਹੈ। ਲੇਖਕ ਅਨੁਸਾਰ ਨਾਮ ਕੇਵਲ ਸੰਗਿਆ ਨਹੀਂ ਸੰਗੋਂ ਇੱਕ ਸਾਧਨਾ ਹੈ ਨਾਮ ਅੰਮ੍ਰਿਤ ਹੈ ਅਤੇ ਇਹ ਅਮਰ ਹੈ। ਇਸ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਵਿੱਚਲੀਆਂ ਇਹ ਤੁੱਕਾਂ ਕਰਦੀਆਂ ਹਨ:-

ਹਰਿ ਕਾ ਨਾਮ ਅੰਮ੍ਰਿਤੁ ਕਲਿ ਮਾਹਿ॥

ਸਰਬ ਰੋਗ ਕਾ ਅਉਖਦੁ ਨਾਮੁ॥

ਅਰਥਾਤ ਨਾਮ ਹੀ ਦੁੱਖਾਂ ਦਾ ਤਾਰਨਹਾਰ ਹੈ। ਲੇਖਕ ਨੇ ਭੇਖੀ ਸਾਧੂ ਸੰਤਾਂ ਤੋਂ ਛੁਟਕਾਰਾ ਪਾ ਕੇ ਸੱਚੇ ਨਾਮ ਦਾ ਜਾਪ ਕਰਨ ਉੱਪਰ ਵਧੇਰੇ ਬਲ ਦਿੱਤਾ ਹੈ। ਡਿੱਡਨ ਜੀ ਦਾ ਇਹ ਬਹੁਤ ਹੀ ਸ਼ਲਾਘਾਂਯੋਗ ਜਤਨ ਹੈ। ਮੈਨੂੰ ਪੂਰੀ ਉਮੀਦ ਹੈ ਕਿ ਡਿੱਡਨ ਜੀ ਦੇ ਇਸ ਖੋਜ ਪੱਤਰ ਤੋਂ ਪਾਠਕ ਅਤੇ ਸਿੱਖ ਇਤਿਹਾਸ ਦੇ ਖੋਜੀ ਜ਼ਰੂਰ ਸੇਧ ਲੈਣਗੇ।

ਡਾ. ਪ੍ਰਿਥਵੀ ਰਾਜ ਥਾਪਰ

ਲੈਕਚਰਾਰ, ਦਿਆਲ ਸਿੰਘ ਇਵਨਿੰਗ ਕਾਲਜ

ਫੋਨ:- 9818411018

ਗੁਰਮਤਿ ਵਿੱਚ ਨਾਮ ਦਾ ਸੰਕਲਪ

ਪੰਜਾਬੀ ਵਿਆਕਰਣ ਦੇ ਅਨੁਸਾਰ ‘ਨਾਮ’ ਸ਼ਬਦ ਦਾ ਆਖਰੀ ਅਰਥ ਹੈ ‘ਸੰਗਿਆ’ ‘ਨਾਂਵ’ ‘Noun’, ਨਾਮ ਉਹ ਸੰਗਿਆ ਹੈ ਜਿਸ ਨਾਲ ਕਿਸੇ ਵਸਤੂ ਸਥਾਨ ਅਥਵਾ ਵਿਅਕਤੀ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਆਮ ਅਰਥਾਂ ਵਿੱਚ ਇਸ ਦੀ ਵਰਤੋਂ ਕਿਸੇ ਵਸਤੂ ਆਦਿ ਦੇ ਗੁਣਾਂ, ਸੁਭਾ ਅਤੇ ਸਰੂਪ ਨੂੰ ਪ੍ਰਗਟ ਕਰਨ ਲਈ ਕੀਤੀ ਜਾਂਦੀ ਹੈ। ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਦੇ ਪੰਨਾ 2451 ਦੇ ਮੁਤਾਬਿਕ "ਕਿਸੇ ਵਸਤੂ ਦੇ ਬੋਧ ਕਰਾਉਣ ਵਾਲਾ ਸ਼ਬਦ ਜਿਸ ਕਰਕੇ ਅਰਥ ਜਾਣਿਆ ਜਾਵੇ ਸੋ ਨਾਮ ਹੈ। ਨਾਮ ਦੇ ਮੁਖ ਭੇਦ ਦੋ ਹਨ ਇੱਕ ਵਸਤੂ ਵਾਚਕ ਜੈਸੇ ਮਨੁੱਖ, ਬਲਦ, ਪਹਾੜ ਆਦਿ ਦੂਜਾ ਭਾਵ ਵਾਚਕ ਜੈਸੇ ਸੁੰਦਰਤਾ, ਕਠੋਰਤਾ ਆਦਿ।" ਪਰ ਗੁਰਮਤਿ ਵਿੱਚ ਨਾਮ ਸ਼ਬਦ ਦਾ ਅਰਥ ਕੇਵਲ ਸੰਗਿਆ ਨਹੀਂ ਹੈ। ਇਹ ਸ਼ਬਦ ਗੁਰਮਤਿ ਵਿੱਚ ਸਿਰਜਨਹਾਰ ਸਰਬ ਵਿਆਪਕ, ਸਰਬ ਸਮੱਰਥ, ਪਾਲਨਹਾਰ, ਨਿਰਵੈਰ, ਨਿਰਭਉ, ਅਜੂਨੀ, ਸਦਾ ਸਥਿਰ ਰਹਿਣ ਵਾਲਾ, ਸਦਾ ਸਤਿ, ਅਤੇ ਸੁੱਤੇ ਪ੍ਰਕਾਸ਼ ਹੋਂਦ ਲਈ ਵਰਤਿਆ ਗਿਆ ਹੈ। ਨਾਮ ਇੱਕ ਸਰਬ-ਵਿਆਪਕ ਸ਼ਕਤੀ ਹੈ ਜੋ ਘਟਿ ਘਟਿ ਵਿੱਚ ਸਮਾਈ ਹੋਈ ਹੈ। ਸਿਰਫ ਸ਼ਬਦੀ ਅਰਥ ਗੁਰਮਤਿ ਅਨੁਸਾਰ ਨਾਮ ਦੀ ਪਰਿਭਾਸ਼ਾ ਉਤੇ ਪੂਰੇ ਨਹੀਂ ਉਤਰਦੇ। ਗੁਰਬਾਣੀ ਅੰਦਰ ਨਾਮ ਸਿਰਫ ਬਾਹਰਲੇ ਅਰਥਾਂ ਵਿੱਚ ਨਹੀਂ ਬਲਕਿ ਇਸ ਦਾ ਸਬੰਧ ਅੰਤਰੀਵ ਅਤੇ ਸਮੁੱਚੇ ਭਾਵਾਂ ਨਾਲ ਹੁੰਦਾ ਹੈ। ਨਾਮ ਗੁਪਤ ਅਤੇ ਸੂਖਮ ਤੱਤ ਹੈ ਇਸ ਦਾ ਆਧਾਰ ਸਦੀਵੀ ਹੋਂਦ ਵਾਲੀ ਸ਼ਕਤੀ ਹੈ। ਜਿਸ ਨੂੰ ਗੁਰਬਾਣੀ ਵਿੱਚ ਸਤਿ ਕਿਹਾ ਗਿਆ ਹੈ। ਇਹ ਸ਼ਕਤੀ ਸਾਰੇ ਵਿਸ਼ਵ ਦਾ ਕਾਰਨ ਅਤੇ ਅਧਾਰ ਰੂਪ ਵਿੱਚ ਪੱਸਰੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਦੀ ਵਿਆਖਿਆ ਬਾਣੀ ‘ਜਪੁ ‘ਵਿੱਚ ਇਉਂ ਕੀਤਾ ਹੈ।

ਜੇਤਾ ਕੀਤਾ ਤੇਤਾ ਨਾਉ॥ ਵਿਣ ਨਾਵੈ ਨਾਹੀ ਕੋ ਥਾਉ॥ (ਅੰਕ 4)

ਇਸੀ ਤੱਥ ਦੀ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਸੁਖਮਨੀ ਦੀ 16ਵੀਂ ਅਸ਼ਟਪਦੀ ਦੇ 5ਵੇਂ ਪਦੇ ਵਿੱਚ ਹੋਰ ਵਿਆਖਿਆ ਕੀਤੀ ਹੈ ਅਤੇ ਨਾਮ ਦੀ ਪਰਿਭਾਸ਼ਾ ਇਉਂ ਕੀਤੀ ਹੈ:-

ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥

ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ॥

ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥

ਨਾਮ ਕੇ ਧਾਰੇ ਆਗਾਸ ਪਾਤਾਲ॥ ਨਾਮ ਕੇ ਧਾਰੇ ਸਗਲ ਆਕਾਰ॥

ਨਾਮ ਕੇ ਧਾਰੇ ਪੁਰੀਆ ਸਭ ਭਵਨ॥ ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ॥

ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ॥

ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ॥ (ਅੰਕ 284)

ਇਸ ਪਦੇ ਵਿੱਚ ਸ਼ਬਦ "ਧਾਰੇ" ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਧਾਰੇ ਪਦ ਦੇ ਅਰਥ ਹਨ ਕਿਸੇ ਚੀਜ ਨੂੰ ਰਚਕੇ ਉਸ ਵਿੱਚ ਆਸਨ ਲਗਾ ਕੇ ਬੈਠ ਜਾਣਾ। ਨਾਮ ਨੇ ਹੀ ਸਾਰੀ ਰਚਨਾ ਰਚੀ ਹੈ। ਨਾਮ ਨੇ ਹੀ ਖੰਡ, ਬ੍ਰਹਿਮੰਡ, ਆਕਾਸ਼ ਅਤੇ ਪਾਤਾਲ ਰਚੇ ਹਨ। ਨਾਮ ਨੇ ਹੀ ਸਾਰੀ ਦ੍ਰਿਸ਼ਟ ਅਤੇ ਅਦ੍ਰਿਸ਼ਟ ਰਚਨਾ ਰਚੀ ਹੈ। ਨਾਮ ਨੇ ਹੀ ਸਾਰੀਆਂ ਪੁਰੀਆਂ ਅਤੇ ਭਵਨ ਰਚੇ ਹਨ। ਰਚਨਾ ਰਚਕੇ ਆਪਣੀ ਰਚਨਾ ਵਿੱਚ ਆਪ ਹੀ ਆਸਨ ਲਗਾ ਕੇ ਬੈਠਾ ਹੋਇਆ ਹੈ। ਫੇਰ ਨਾਮ ਆਪ ਹੀ ਸਾਰੀ ਰਚਨਾ ਨੂੰ ਪਾਲ ਪੋਸ ਰਿਹਾ ਹੈ।

ਹੁਣ ਪ੍ਰਸ਼ਨ ਇਹ ਉਠਦਾ ਹੈ ਕਿ ਨਾਮ ਕੀ ਹੈ? ਇਸ ਸਵਾਲ ਦਾ ਜਵਾਬ ਦੇਣ ਲੱਗਿਆ ਗੁਰਮਤਿ ਸਾਹਿਤ ਦੇ ਕਵੀਆਂ ਨੇ ਸਮੇਂ ਸਮੇਂ ਆਪਣੀਆਂ ਰਚਨਾਵਾਂ ਵਿੱਚ ਅਨੇਕਾ ਕਿਸਮ ਦੇ ਪ੍ਰਤੀਕ ਵਰਤ ਕੇ ਵਿਸ਼ੇ ਨੂੰ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਕਰੀਬਨ ਹਰ ਸ਼ਬਦ ਵਿੱਚ ਨਾਮ ਸਿਮਰਨ ਦੀ ਤਾਕੀਦ ਕੀਤੀ ਗਈ ਹੈ। ਪਰ ਕਿਧਰੇ ਵੀ ਵਿਧੀ ਪੂਰਵਕ ਢੰਗ ਨਾਲ ਜਾਂ ਦਰਸ਼ਨ ਗ੍ਰੰਥਾਂ ਦੀ ਮਰਯਾਦਾ ਅਨੁਸਾਰ "ਨਾਮ" ਦੀ ਪਰਿਭਾਸ਼ਾ ਨਹੀਂ ਦਰਸਾਈ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੰਭੀਰ ਅਧਿਐਨ ਓਪਰੰਤ ਇਸ ਸੰਬੰਧੀ ਕੁੱਝ ਥੋੜ੍ਹਾ ਜਿਹਾ ਸੰਕੇਤ ਮਿਲ ਜਾਂਦਾ ਹੈ। ਪਰਤੱਖ ਤੋਂ ਪਰੋਖ, ਜਾਂ ਰੂਪ ਤੋਂ ਅਰੂਪ ਵਲ ਜਾਣ ਦੀ ਸਾਧਨਾ ਵਿੱਚ ‘ਨਾਮ’ ਦੀ ਭੂਮਿਕਾ ਮਹੱਤਵ ਪੂਰਣ ਹੈ। ਵਿਵੇਕ ਦੀ ਤਲਵਾਰ ਨਾਲ ਰੂਪ ਨੂੰ ਵੱਢ ਕੇ ਅਰੂਪ ਦਾ ਸਾਖਿਆਤ ਕਰਨਾ ਹੈ। ਮਨ ਦੀ ਗਹਰਾਈ ਵਿੱਚ ਜਾਣ ਨਾਲ ਜੋ ਸ਼ਾਂਤੀ ਪ੍ਰਾਪਤ ਹੁੰਦੀ ਹੈ। ਉਸ ਦਾ ਵਰਣਨ ਗੂੰਗੇ ਦੀ ਮਠਿਆਈ ਸਮਾਨ ਹੈ।

ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ॥ (ਅੰਕ 607)

ਗੁਰਬਾਣੀ ਦੇ ਅਨੁਸਾਰ ‘ਨਾਮ’ ਇੱਕ ਅਜੇਹੀ ਸਾਧਨਾ ਹੈ ਜਿਸ ਨਾਲ ਕੁਮਤਿ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਸੂਖਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸਿੱਟੇ ਵਜੋਂ ਪਾਪ-ਪੁੰਨ ਚੰਗਿਆਈ-ਬੁਰਿਆਈ, ਧਰਮ-ਅਧਰਮ ਸੰਬੰਧੀ ਨਿਰਣਾ ਕਰਨ ਦੀ ਤਾਕਤ ਅਤੇ ਸੋਝੀ ਨਿਰੰਤਰ ਵਧਦੀ ਰਹਿੰਦੀ ਹੈ।

ਭਾਵੇਂ ਨਾਮ ਪਦ ਦੀ ਵਰਤੋਂ ਗੁਰਬਾਣੀ ਵਿੱਚ ਬੜੇ ਵਿਆਪਕ ਰੂਪ ਵਿੱਚ ਕੀਤੀ ਗਈ ਹੈ ਪਰ ਜਿਥੋਂ ਤਕ ਇਸ ਦੇ ਅਰਥਾਂ ਦਾ ਸਵਾਲ ਹੈ ਇਹ ਬੜੇ ਵਿਸ਼ਵਾਸ਼ ਨਾਲ ਕਿੱਹਾ ਜਾ ਸਕਦਾ ਹੈ ਕਿ ਮੁਖ ਰੂਪ ਵਿੱਚ ਤਿੰਨ ਅਰਥ ਭੇਦ ਦਿਖਾਈ ਦਿੰਦੇ ਹਨ।

(1) ਕਿਸੀ ਵਸਤੂ ਦਾ ਵਾਚਕ ਪਦ (2) ਪਰਮਾਤਮਾ ਦੇ ਨਾਮ ਦਾ ਵਾਚਕ ਉਸ ਦਾ ਪ੍ਰਤੱਖ ਤੇ ਪਰੋਖ ਰੂਪ ਅਤੇ (3) ਜਪ, ਸਿਮਰਣ ਅਤੇ ਲਿਵ ਹੈ। ਨਾਮ ਕੇਵਲ ਸੰਗਿਆ ਨਹੀਂ ਇਹ ਇੱਕ ਸਾਧਨਾ ਹੈ। ਪ੍ਰਮਾਣ ਵਜੋਂ ਕੁੱਝ ਕੁ ਤੁਕਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਪੇਸ਼ ਹਨ:-

ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ॥ (ਅੰਕ 888)

ਅਰਥਾਤ ਨਾਮ ਅੰਮ੍ਰਿਤ ਹੈ ਜਿਸ ਦਾ ਪਾਨ ਕਰਕੇ ਜੀਵ ਅਮਰ ਹੋ ਜਾਂਦਾ ਹੈ।

ਸਰਬ ਰੋਗ ਕਾ ਅਉਖਦੁ ਨਾਮੁ॥ (ਅੰਕ 274)

ਨਾਮ ਇੱਕ ਔਸ਼ਧੀ ਹੈ ਜਿਸ ਦਾ ਸੇਵਨ ਕਰਨ ਨਾਲ ਸਾਰੇ ਰੋਗਾਂ ਦਾ ਨਾਸ ਹੋ ਜਾਂਦਾ ਹੈ।

ਏਕ ਨਾਮ ਕਲਿਪ ਤਰ ਤਾਰੇ॥ (ਅੰਕ 330)

ਨਾਮ ਇੱਕ ਕਲਪ ਬਿਰਛ ਹੈ ਜੋ ਸੰਸਾਰ ਸਾਗਰ ਤੋਂ ਤਰ ਕੇ ਪਾਰ ਜਾਣ ਲਈ ਸਹਾਇਕ ਹੈ ਅਤੇ ਮਨੁਖ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ।

ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ॥ (ਅੰਕ 1250)

ਨਾਮ ਰੂਪੀ ਅੰਮ੍ਰਿਤ ਦਾ ਪਾਨ ਕਰਨ ਨਾਲ ਹਰ ਪ੍ਰਕਾਰ ਦੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ।

ਰਤਨ ਜਵੇਹਰ ਨਾਮ॥ ਸਤੁ ਸੰਤੋਖੁ ਗਿਆਨ॥ (ਅੰਕ 893)

ਨਾਮ ਰਤਨ ਹੈ ਜਵਾਹਰ ਹੈ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇਹ ਅਮੋਲਕ ਵਸਤੂ ਹੈ ਇਹ ਸਾਰੇ ਗੁਣਾਂ ਦਾ ਭੰਡਾਰ ਹੈ।

ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ॥ (ਅੰਕ 243)

ਨਾਨਕ ਜੀ ਨੇ ਨਾਮ ਨੂੰ ਮਹਾਰਸ ਕਿਹਾ ਹੈ ਭਾਵ ਇਹ ਸਾਰਿਆਂ ਰਸਾਂ ਤੋਂ ਸ੍ਰੇਸ਼ਟ ਹੈ। ਇਸ ਦੇ ਸਾਹਮਣੇ ਹੋਰ ਸਾਰੇ ਸੰਸਾਰ ਦੇ ਰਸ ਫਿਕੇ ਹਨ।

ਉਪਰ ਨਮੂਨੇ ਦੇ ਤੋਰ ਤੇ ਪੇਸ਼ ਕੀਤੀਆਂ ਕੁੱਝ ਗੁਰਬਾਣੀ ਦੀਆਂ ਤੁਕਾਂ ਸਪਸ਼ਟ ਕਰਦੀਆਂ ਹਨ ਕਿ ਨਾਮ ਕੀ ਹੈ? ਗੁਰਮਤਿ ਵਿੱਚ ਨਾਮ ਨੂੰ ਸੁੱਖ ਨਿਧਾਨ, ਮਹਾਂਸੁੱਖ ਦੇਣ ਵਾਲਾ, ਖੁਸ਼ੀਆਂ ਦੇਣ ਵਾਲਾ, ਜੀਵਨ ਆਧਾਰ, ਪਾਪ ਨਾਸ਼ਕ, ਦੁੱਖ ਭੰਜਨ, ਭੈ ਨਾਸ਼ਕ, ਰਤਨ ਅਤੇ ਮਾਣਿਕ, ਮਹਾ ਰਸ, ਨਿਰੰਜਨ, ਅਠਸਠ ਤੀਰਥ, ਬੰਧਨ ਕੱਟਣ ਵਾਲਾ, ਜਮਾਂ ਦਾ ਡਰ ਦੂਰ ਕਰਨ ਵਾਲਾ, ਰੋਗ ਦੂਰ ਕਰਨ ਵਾਲਾ, ਭਰਮ ਅਤੇ ਦਵੈਤ ਭਾਵ ਦੂਰ ਕਰਨ ਵਾਲਾ, ਮੁਕਤੀ ਦਾਤਾ, ਕਲਪ ਬ੍ਰਿਛ, ਕਾਮਧੇਨ, ਸ਼ੀਤਲ ਅਤੇ ਠੰਡ ਪਹੁਚਾਉਣ ਵਾਲਾ ਕਿਹਾ ਗਿਆ ਹੈ। ਇਹ ਤਾਂ ਸੰਖੇਪ ਜਿਹੇ ਵੇਰਵੇ ਹਨ ਨਾਮ ਦੀ ਵਰਤੋਂ ਤਾਂ ਗੁਰਬਾਣੀ ਵਿੱਚ ਬਹੁਤ ਵਿਆਪਕ ਰੂਪ ਵਿੱਚ ਕੀਤੀ ਗਈ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਨਾਮ ਲੋਕ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਕੋਈ ਇੱਕ ਸ਼ਬਦ ਨਾਮ ਨਹੀਂ ਹੋ ਸਕਦਾ।

ਸੰਤ ਸਾਧਕਾਂ ਤਕ ਪਹੁੰਚ ਕੇ ਨਾਮ ਕੇਵਲ ਕਿਸੇ ਸ਼ਬਦ ਵਿਸ਼ੇਸ਼ ਤਕ ਹੀ ਸੀਮਤ ਨਹੀਂ ਰਿਹਾ ਬਲਕਿ ਇਸ ਦਾ ਭਾਵਨਾਗਤ ਵਿਕਾਸ ਵੀ ਹੁੰਦਾ ਗਿਆ, Dr. K.L.S. Rao ਨੇ The Journal of Sikh Philosophy ਦੇ ਪੰਨਾ ਨੰ. 25 ਉਤੇ Guru Nanak & The Concept of Naam ਵਿੱਚ ਨਾਮ ਦੇ ਬਾਰੇ ਇਉਂ ਲਿਖਿਆ ਹੈ। God's name is the very expression of God. All that He has made constitutes His name. The whole universe, the coir of heaven and the furniture of earth is God's name. It is the manifestation of God. His qualities, His gifts, and His creations by which we know Him. God's name is as much of His being as He mercifully reveals Himself to The devotees. All that is accessible to the finite mind is God's name. His name is He himself, adapted to a man's power of perception.

ਭਾਵ ਪਰਮਾਤਮਾ ਦਾ ਨਾਮ ਹੀ ਪਰਮਾਤਮਾ ਦੀ ਅਭਿਵਿਅਕਤੀ ਹੈ। ਸ੍ਰਿਸ਼ਟੀ ਦੀ ਸਾਰੀ ਰਚਨਾ ਉਸ ਦੇ ਨਾਮ ਤੋਂ ਉੱਪਜੀ ਹੈ। ਇਹ ਸਾਰਾ ਸੰਸਾਰ ਸਾਰੇ ਆਕਾਸ਼ ਤੇ ਪਾਤਾਲ ਇਹ ਸਾਰੇ ਉਸ ਦਾ ਨਾਮ ਹੀ ਹਨ। ਇਹ ਸਭ ਕੁੱਝ ਉਸ ਦੇ ਨਾਮ ਦਾ ਪ੍ਰਗਟਾਵਾ ਹੀ ਹਨ। ਉਸ ਦੀ ਸਮੱਰਥਾ ਅਤੇ ਉਸ ਦੀਆਂ ਦਾਤਾਂ ਜਿਨ੍ਹਾਂ ਰਾਹੀਂ ਅਸੀਂ ਉਸ ਨੂੰ ਜਾਣਦੇ ਹਾਂ। ਪਰਮਾਤਮਾ ਦਾ ਨਾਮ ਹੀ ਉਸ ਦੇ ਭਗਤਾਂ ਵਾਸਤੇ ਉਸ ਦੀ ਅਭਿਵਿਅਕਤੀ ਹੈ ਉਹ ਦਯਾਵਾਨ ਹੋ ਕੇ ਆਪਣੇ ਭਗਤਾਂ ਨੂੰ ਆਪਣੇ ਦਾਸਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਦਿਵਾਉਂਦਾ ਹੈ। ਜੋ ਵੀ ਸੂਖਮ ਤੋਂ ਸੂਖਮ ਜਾਂ ਅਸਥੂਲ ਵਸਤੂ ਹੋਂਦ ਵਿੱਚ ਹੈ ਉਹ ਉਸ ਦਾ ਨਾਮ ਹੀ ਹੈ। ਨਾਮ ਜੋ ਮਨੁੱਖਾਂ ਨੇ ਆਪਣੀ ਆਪਣੀ ਸੋਚ ਮੁਤਾਬਿਕ ਉਸ ਪਰਮਾਤਮਾ ਨੂੰ ਜਾਣ ਕੇ ਰਖੇ ਹਨ, ਜਿਵੇਂ ਕੁੱਝ ਭਾਰਤੀ ਨਾਮ ਅਗੱਮ, ਅਗੋਚਰ, ਸਰਬ ਸਮਰੱਥ, ਕਰਤਾ, ਹਰਤਾ, ਹਰੀ, ਰਾਮ, ਨਿਰੰਕਾਰ, ਪਾਰਬ੍ਰਹਮ, ਅਵਿਨਾਸ਼ੀ, ਨਿਰੰਜਨ, ਨਿਰਬਾਣ, ਸਰਗੁਣ, ਅਪਰੰਪਾਰ, ਅਜੂਨੀ, ਸੈਭੰ, ਅਕਾਲ ਮੂਰਤਿ, ਮੁਰਾਰੀ, ਗੋਪਾਲ, ਗੋਬਿੰਦ, ਕਰਤਾਰ, ਪ੍ਰਭੂ, ਮੋਹਨ, ਮਾਧੋ, ਨਾਰਾਇਣ, ਵਾਸਦੇਵ, ਬਨਵਾਰੀ, ਗੋਸਾਂਈ, ਅੱਲਾਹ, ਕਾਦਿਰ, ਕਰੀਮ, ਪਾਤਸ਼ਾਹ, ਪਰਵਰਦਗਾਰ, ਰਹੀਮ, ਮਉਲਾ ਆਦਿ। ਗੁਰੂ ਨਾਨਕ ਦੇਵ ਜੀ ਨੇ ਕੁੱਝ ਨਾਂ ਅਨੁਭੂਤੀ-ਜਨਿਤ ਜਾਂ ਇੰਜ ਕਹਿ ਲਵੋ ਕਿ ਆਪਣੇ ਨਿੱਜੀ ਅਨੁਭਵ ਨਾਲ ਵੀ ਵਰਤੇ ਹਨ, ਜਿਵੇਂ ਕੰਤ, ਸਾਜਨ, ਪ੍ਰਿਆ, ਪਿਰ, ਵਰ, ਸਾਂਈ, ਸੋਹਾਗ, ਪ੍ਰੀਤਮ, ਪਿਆਰਾ ਆਦਿ।

ਗੁਰਮਤਿ ਨਿਰਣੈ ਦੇ ਪੰਨਾ ਨੰ. 463 ਉਤੇ ਭਾਈ ਜੋਧ ਸਿੰਘ ਜੀ (ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ) ਨੇ ਲਿਖਿਆ ਹੈ:- ਨਾਮ ਤੋਂ ਮੁਰਾਦ ਇਸ ਲਈ ਉਹ ਸਰਬ ਵਿਆਪਕ ਹੋਂਦ ਹੈ ਜੋ ਹਰ ਥਾਂ ਭਰਪੂਰ ਹੋ ਕੇ ਘਟ ਨੂੰ ਧਾਰ ਰਹੀ ਹੈ। ਨਾਮ ਭਾਵ ਨਿਰਾ ਨਿਰੰਕਾਰ ਦੀ ਕਿਸੇ ਸੰਗਿਆ ਤੋਂ ਨਹੀਂ ਉਹਦੇ ਸਰਬ ਵਿਆਪਕ ਸਰੂਪ ਤੋਂ ਹੈ।

ਡਾ. ਸ਼ੇਰ ਸਿੰਘ ਜੀ ਐਮ. ਏ. ਪੀ. ਐਚ. ਡੀ. ਨੇ ਗੁਰਮਤਿ ਦਰਸ਼ਨ ਦੇ ਪੰਨਾ ਨੰ. 377-78 ਉਤੇ ਨਾਮ ਬਾਰੇ ਇਉਂ ਲਿਖਿਆ ਹੈ:- ਨਾਮ ਅਕਹਿ ਤੇ ਅਕੱਥ ਹੈ। ਇਸ ਲਈ ਨਾਮ ਦਾ ਲੱਛਣ ਨਹੀਂ ਦਿੱਤਾ। ਨਾਮ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ, ਨਾਮ ਇੱਕ ਅਨੁਭੁਤੀ ਤਜਰਬਾ ਹੈ। ਇਹ ਇੱਕ ਅਹਿਸਾਸ ਹੈ, ਸੁਆਦ ਹੈ। ਇਸ ਲਈ ਇਸ ਨੂੰ ਅੱਖਰਾਂ ਵਿੱਚ ਨਹੀਂ ਦੱਸਿਆ ਜਾ ਸਕਦਾ।

ਮਿ. ਡੰਨਕਨ ਗਰੀਨਲੀਜ਼ ਨੇ ਆਪਣੀ ਪੁਸਤਕ Gospel of Guru Granth Sahib ਵਿੱਚ ਇਉਂ ਲਿਖਿਆ ਹੈ:- He (God) deigns to reveal himself by taking some manifest form that the creature may become aware of Him, and that manifest form is called the NAME. The Name is God himself adapted to our power of perception.

ਭਾਵ ਪਰਮਾਤਮਾ ਨੇ ਆਪਣਾ ਕੋਈ ਪ੍ਰਗਟ ਰੂਪ ਧਾਰਨਾ ਚਾਹਿਆ, ਤਾਂ ਜੋ ਉਸ ਦੀ ਸ੍ਰਿਸ਼ਟੀ ਉਸ ਨੂੰ ਜਾਣ ਸਕੇ, ਉਸ ਪ੍ਰਗਟ ਰੂਪ ਨੂੰ ‘ਨਾਮ’ ਕਿਹਾ ਗਿਆ ਹੈ। ਨਾਮ ਈਸ਼ਵਰ ਆਪ ਹੈ ਜੋ ਸਾਡੀ ਸਮਝ ਦੀਆਂ ਲੋੜਾ ਅਨੁਕੂਲ ਹੈ। ਇਨ੍ਹਾਂ ਪਰਿਭਾਸ਼ਾਵਾਂ ਅਤੇ ਲੱਛਣਾਂ ਦੀ ਪ੍ਰੋੜ੍ਹਤਾ ਗੁਰਬਾਣੀ ਵਿਚੋਂ ਸਪਸ਼ਟ ਮਿਲਦੀ ਹੈ।

ਗੁਰਬਾਣੀ ਦੇ ਗੰਭੀਰ ਅਧਿਐਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਨਾਮ ਸਾਧਨਾ ਚਿੱਤ ਸਾਧਨਾ ਹੈ। ਇਹ ਅਮਲੀ ਜੀਵਨ ਹੈ। ਮਨ ਨੂੰ ਪ੍ਰਫੁੱਲਤ ਕਰਨ ਦੀ ਕ੍ਰਿਆ ਹੈ। ਪ੍ਰਭੂ ਨੂੰ ਹਿਰਦੇ ਵਿੱਚ ਵਸਾਉਣਾ ਹੈ। ਉਸ ਨੂੰ ਹਰ ਥਾਂ ਹਾਜ਼ਰ ਨਾਜ਼ਰ ਜਾਣਨਾ ਹੈ, ਤਨ ਅਤੇ ਮਨ ਨੂੰ ਇੱਕ ਸੁਰ ਕਰਕੇ ਹਿਰਦੇ ਨਾਲ ਪਰਮਾਤਮਾ ਦਾ ਜਾਪ ਕਰਨਾ ਹੈ। ਕਿਸੀ ਨੂੰ ਦਿਖਾਉਣ ਜਾ ਸੁਣਾਂਣ ਵਾਸਤੇ ਜਾਪ ਨਹੀਂ ਕਰਨਾ ਬਲਕਿ ਜੁਗਾਂ ਜੁਗਾਂਤਰਾਂ ਦੀ ਮੈਲ ਜੋ ਅੰਤਹਕਰਣ ਉਤੇ ਚੜ੍ਹੀ ਹੋਈ ਹੈ ਉਸ ਨੂੰ ਜਪ ਦੇ ਸਾਬਣ ਨਾਲ ਧੋਣਾ ਹੈ। ਨਿਰੰਤਰ ਪਰਮਾਤਮਾ ਵਿੱਚ ਲਿਵ ਲਗਾਉਣੀ ਹੈ। ਉਸ ਦੇ ਪ੍ਰੇਮ ਵਿੱਚ ਜੁੜਨਾ ਹੈ। ਇਹ ਪ੍ਰੇਮ ਇਤਨਾ ਦ੍ਰਿੜ੍ਹ ਹੋ ਜਾਵੇ ਕਿ ਜੀਵ ਉਸ ਦਾ ਰੂਪ ਹੋ ਜਾਵੇ। ਹਰਿ ਸਿਮਰਨ ਨੂੰ ਮੁੱਖ ਨਾਲ ਆਰੰਭ ਕਰਕੇ ਸਹਿਜੇ ਸਹਿਜੇ ਉਨਤੀ ਕਰਦੇ ਹੋਏ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਉਣਾ ਹੈ ਅਤੇ ਉਸ ਦਾ ਰੂਪ ਹੋ ਜਾਣਾ ਹੈ। ਅਜਿਹਾ ਕਰਨ ਲਈ ਸੰਸਾਰ ਦੀਆਂ ਜਿੰਮੇਵਾਰੀਆਂ ਤੋਂ ਬੇਮੁੱਖ ਨਹੀਂ ਹੋਣਾ। ਬਲਕਿ ਧਰਮੀ ਅਤੇ ਪਰਉਪਕਾਰੀ ਬਣਨਾ ਹੈ। ਗੁਰਬਾਣੀ ਦੇ ਖੋਜੀਆਂ ਅਤੇ ਵਿਦਵਾਨਾਂ ਵਿੱਚ ਇਸ ਬਾਰੇ ਪੂਰਨ ਸਰਬ ਸੰਮਤੀ ਹੈ ਕਿ ਗੁਰਮਤਿ ਚਿੰਤਨ ਦਾ ਸਾਰ ਹੈ ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ। ਨਾਮ ਦੀ ਪ੍ਰਾਪਤੀ ਲਈ ਸੁਕ੍ਰਿਤ ਕਰਨਾ, ਹੱਕ ਹਲਾਲ ਦੀ ਕਮਾਈ ਕਰਨਾ ਅਤੇ ਇਸ ਕਮਾਈ ਨੂੰ ਸਫਲ ਕਰਨ ਲਈ ਵੰਡ ਛਕਣਾ ਜ਼ਰੂਰੀ ਹੈ। ਕਿਰਤ ਕਰਨਾ ਅਤੇ ਵੰਡ ਛਕਣਾ ਵੀ ਨਾਮ ਜਪਣ ਦੇ ਤੁੱਲ ਹੀ ਹੈ। ਇਉਂ ਜਿਸ ਮਨੁੱਖ ਦਾ ਜੀਵਨ ਸਤਿ ਅਤੇ ਸਤਿ ਆਚਾਰ ਉੱਤੇ ਆਧਾਰਤ ਹੋਵੇ ਉਸ ਦੇ ਅੰਦਰ ਮਿੱਠਾ ਬੋਲਣਾ, ਨਿਵ ਚੱਲਣਾ ਵਰਗੇ ਗੁਣ ਵੀ ਆ ਜਾਂਦੇ ਹਨ ਜੋ ਮਾਨਵ ਪ੍ਰਾਣੀ ਨੂੰ ਸ਼ਾਂਤੀ ਪ੍ਰਦਾਨ ਕਰਦੇ ਹਨ। ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਸਬਰ ਸ਼ੁਕਰ ਵਾਲਾ ਜੀਵਨ ਬਤੀਤ ਕਰਨ ਨਾਲ ਆਤਮਕ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਦਇਆ, ਧੀਰਜ, ਸੰਤੋਖ, ਸ਼ੀਲ ਅਤੇ ਸੰਜਮ ਕੁੱਝ ਹੋਰ ਗੁਣ ਹਨ ਜਿਨ੍ਹਾਂ ਨੂੰ ਗ੍ਰਹਣ ਕਰਨਾ ਸਾਧਕ ਲਈ ਜ਼ਰੂਰੀ ਹੈ।

ਆਸਾ ਕੀ ਵਾਰ ਪਉੜੀ ਸੱਤਵੀ "ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ॥ ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕਿ੍ਰਤੁ ਧਰਮੁ ਕਮਾਇਆ॥ " ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਸਬਰ ਸੰਤੋਖ ਵਿੱਚ ਰਹਿਣ ਵਾਲੇ ਨੇ ਹੀ ਪ੍ਰਭੂ ਦੀ ਸੇਵਾ ਕੀਤੀ ਹੈ। ਜਿਨ੍ਹਾਂ ਨੇ ਕੇਵਲ ਸੱਚ (ਪਰਮਾਤਮਾ) ਨੂੰ ਧਿਆਇਆ ਹੈ। ਉਨ੍ਹਾਂ ਨੇ ਭੈੜੇ ਰਸਤੇ ਵੱਲ ਕਦਮ ਵੀ ਨਹੀਂ ਪੁਟਿਆ ਸਗੋਂ ਸ਼ੁਭ ਕਰਮ ਕਰਕੇ ਭਾਵ ਸੱਚੀ ਕਿਰਤ ਕਰਕੇ ਧਰਮ ਕਮਾਇਆ ਹੈ। ਗਰੀਬ ਲਾਚਾਰ ਅਤੇ ਲੋੜਵੰਦ ਮਨੁੱਖ ਦੀ ਸੇਵਾ ਕਰਨ ਨਾਲ ਸੰਤੋਖੀ ਬ੍ਰਿਤੀ ਉਪਜਦੀ ਹੈ ਜਿਸ ਨਾਲ ਤਿਆਗ, ਨਿਮ੍ਰਤਾ, ਸੰਜਮ, ਸਬਰ ਅਤੇ ਪਰਉਪਕਾਰ ਵਰਗੇ ਗੁਣ ਸੁੱਤੇ ਸਿਧ ਹੀ ਉਜਾਗਰ ਹੋ ਜਾਂਦੇ ਹਨ। ਅਜਿਹੇ ਮਨੁੱਖ ਦਾ ਆਤਮਿਕ ਬਲ ਹੋਰ ਦ੍ਰਿੜ ਹੋ ਜਾਂਦਾ ਹੈ। ਪਰ ਲੋਭ ਅਤੇ ਲਾਲਚ ਮਨੁੱਖ ਦੇ ਆਚਰਣ ਦੇ ਰਾਹ ਵਿੱਚ ਰੋੜੇ ਅਟਕਾ ਦੇਂਦੇ ਹਨ ਜਿਸ ਨਾਲ ਮਾਨਵਵਾਦ ਕਮਜ਼ੋਰ ਹੁੰਦਾ ਹੈ। ਪਰ ਜੇਹੜੇ ਮਨੁੱਖ ਪਰਾਏ ਧਨ ਵਲ ਨਹੀਂ ਵੇਖਦੇ ਆਪਣੀ ਨੀਅਤ ਖੋਟੀ ਨਹੀਂ ਕਰਦੇ ਪ੍ਰਭੂ ਸਦਾ ਉਨ੍ਹਾਂ ਦੇ ਨਾਲ ਰਹਿੰਦਾ ਹੈ।

ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥

ਸੁਤ ਦਾਰਾ ਪਹਿ ਆਨਿ ਲੁਟਾਵੈ॥

ਮਨ ਮੇਰੇ ਭੂਲੇ ਕਪਟੁ ਨ ਕੀਜੈ॥

ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥ (ਅੰਕ 656)

ਇਸ ਸ਼ਬਦ ਵਿੱਚ ਕਬੀਰ ਸਾਹਿਬ ਸਮਝਾ ਰਹੇ ਹਨ ਹੇ ਜਿੰਦੇ ਕਾਰ ਵਿਹਾਰ ਵਿੱਚ ਠੱਗੀ ਆਦਿਕ ਕਰਨੀ ਭਾਰੀ ਮੂਰਖਤਾ ਹੈ। ਤੂੰ ਸਦਾ ਸੁਕ੍ਰਿਤ ਹੀ ਕਰਿਆ ਕਰ। ਜਿਨ੍ਹਾਂ ਪੁੱਤਰ, ਇਸਤ੍ਰੀ ਆਦਿ ਵਾਸਤੇ ਤੂੰ ਦੁਕ੍ਰਿਤ ਕਰਕੇ ਠੱਗੀ ਮਾਰਦਾ ਹੈ ਚੋਰੀ ਕਰਦਾ ਹੈ ਰਿਸ਼ਵਤ ਦਾ ਮਿਠਾ (ਧਨ) ਜ਼ਹਿਰ ਇੱਕਠਾ ਕਰੀ ਜਾਂਦਾ ਹੈਂ ਉਨ੍ਹਾਂ ਨੇ ਅੰਤ ਵੇਲੇ ਸਾਥ ਨਿਭਾਉਣਾ ਤਾਂ ਕੀ ਬੁਢੇਪਾ ਆਇਆਂ ਤੈਨੂੰ ਖੁਸ਼ ਹੋ ਕੇ ਪਾਣੀ ਦਾ ਘੁੱਟ ਵੀ ਨਹੀਂ ਦੇਣਾਂ। ਹੇ ਮੇਰੀਏ ਜਿੰਦੇ ਤੂੰ ਹੁਣੇ ਤੋਂ ਹੀ ਪ੍ਰਭੂ ਨੂੰ ਕਿਉਂ ਨਹੀਂ ਸਿਮਰਦੀ।

ਇਹੀ ਮਸ਼ਵਰਾ ਨਸੀਹਤ ਭਗਤ ਜੈ ਦੇਵ ਜੀ ਦੇ ਰਹੇ ਹਨ:-

ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕਿ੍ਰਤ ਕਿ੍ਰਤੰ॥

ਭਵ ਭੂਤ ਭਾਵ ਸਮਬਿBਅੰ ਪਰਮੰ ਪ੍ਰਸੰਨਮਿਦੰ॥

ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ॥

ਤਜਿ ਸਕਲ ਦੁਹਕਿ੍ਰਤ ਦੁਰਮਤੀ ਭਜੁ ਚਕ੍ਰਧਰ ਸਰਣੰ॥ (ਅੰਕ 526)

ਹੇ ਭਾਈ ਜੇ ਤੂੰ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ ਹੈਂ ਜੇ ਤੂੰ ਸੋਭਾ ਤੇ ਸੁੱਖ ਚਾਹੁੰਦਾ ਹੈ ਤਾਂ ਲੋਭ ਆਦਿਕ ਵਿਕਾਰ ਛੱਡ ਦੇ, ਪਰਾਏ ਘਰ ਵਲ ਤੱਕਣਾ ਛੱਡਦੇ, ਉਹ ਆਚਰਣ ਤਜ ਦੇ ਜੋ ਮਰਿਯਾਦਾ ਦੇ ਉਲਟ ਹੈ। ਸਾਰੇ ਮੰਦੇ ਕੰਮ ਛੱਡ ਕੇ ਦੁਰਮਤਿ ਤਿਆਗ ਦੇ ਅਤੇ ਉਸ ਪ੍ਰਭੂ ਦੀ ਸ਼ਰਨ ਪਉ ਜੋ ਸਭ ਨੂੰ ਨਾਸ ਕਰਨ ਦੇ ਸਮਰੱਥ ਹੈ। ਜੋ ਹੁਣ ਪਿਛਲੇ ਸਮੇਂ ਤੇ ਅਗਾਂਹ ਲਈ ਸਦਾ ਹੀ ਪੂਰਨ ਤੌਰ ਤੇ ਨਾਸ-ਰਹਿਤ ਹੈ ਜੋ ਸਭ ਤੋਂ ਉਚੀ ਹਸਤੀ ਹੈ। ਜੋ ਮਨ, ਬਚਨ ਅਤੇ ਕਰਮ ਤੋਂ ਪਵਿਤ੍ਰ ਹੁੰਦੇ ਹਨ ਉਹ ਹੀ ਪ੍ਰਭੂ} ਦੇ ਭਗਤ ਹੁੰਦੇ ਹਨ। ਯੋਗ ਸਾਧਨ, ਯੱਗ, ਦਾਨ ਅਤੇ ਤਪ ਕਰਨ ਤੋਂ ਕੋਈ ਲਾਭ ਨਹੀਂ ਹੋ ਸਕਦਾ ਇਹ ਸਾਰੇ ਪਖੰਡ, ਕਰਮ ਕਾਂਡ ਹੀ ਹਨ।

ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਜਿਸ ਅਕਾਲ ਪੁਰਖ ਦਾ ਨਾਮ ਜਪਣਾ ਹੈ ਉਸ ਦਾ ਸਰੂਪ ਕਿਹੋ ਜਿਹਾ ਹੈ, ਉਹ ਅਵਿਅਕਤ ਹੈ ਘਟ ਘਟ ਵਿੱਚ ਵਿਆਪਕ ਹੈ। ਅੰਤਰਜਾਮੀ ਹੈ ਅਰਥਾਤ ਅੰਦਰ ਵਸਦਾ ਹੈ ਜੋ ਹਿਰਦੇ ਵਿੱਚ ਸਥਿਤ ਹੈ। ਜੋ ਸਦਾ ਅੰਗ ਸੰਗ ਹੈ ਸਭ ਦੇ ਅੰਦਰ ਵਿਚਰ ਰਿਹਾ ਹੈ। ਨਾਮ ਅਤੇ ਨਾਮੀ ਵਿੱਚ ਕੋਈ ਭੇਦ ਵੀ ਨਹੀਂ ਉਹ ਉਸ ਦਾ ਰੂਪ ਵੀ ਹੈ, ਉਹ ਅਕਾਲ ਪੁਰਖ ਵੀ ਹੈ। ਉਸ ਵਿੱਲਖਣ ਸਰੂਪ ਵਾਲੇ ਅਕਾਲ ਪੁਰਖ ਨੂੰ ਜਾਣਿਆਂ ਕਿਵੇਂ ਜਾਵੇ? ਇਸ ਦਾ ਉੱਤਰ ਗੁਰੂ ਨਾਨਕ ਸਾਹਿਬ ਜੀ ਇਉਂ ਦਿੰਦੇ ਹਨ:-

ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥

ਤੂ ਪੁਰਖੁ ਅਲੇਖ ਅਗੰਮ ਨਿਰਾਲਾ॥

ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ॥ (ਅੰਕ 1038)

ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦਾ ਵਰਣਨ ਇਉਂ ਕਰਦੇ ਹਨ। ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਹੀ ਦਿਸਦਾ ਹੈ। ਉਹ ਕਿਰਪਾ ਦਾ ਸੋਮਾ ਪ੍ਰਭੂ ਨਾ ਜੰਮਦਾ ਹੈ ਨਾ ਮਰਦਾ ਹੈ। ਸਭ ਜੀਵਾਂ ਦੇ ਅੰਦਰ ਉਸੇ ਦੀ ਸਿਖਾਈ ਹੋਈ ਜੀਵਨ ਜਾਚ ਗੁਪਤ ਵਰਤ ਰਹੀ ਹੈ। ਹਰ ਏਕ ਜੀਵ ਉਸੇ ਪਰਮਾਤਮਾ ਦੇ ਆਸਰੇ ਜੀਉ ਰਿਹਾ ਹੈ, ਪਰ ਉਹ ਪਾਤਸ਼ਾਹ ਆਪ ਹੋਰ ਆਸਰਿਆਂ ਤੋਂ ਬੇ-ਮੁਥਾਜ ਹੈ। ਅਸਲ ਸਦਾ ਟਿਕੀ ਰਹਿਣ ਵਾਲੀ ਹਸਤੀ ਤਾਂ ਪਰਮਾਤਮਾ ਆਪ ਹੀ ਹੈ। ਜਗਤ ਉਸ ਪਰਮਾਤਮਾ ਦਾ ਪਰਛਾਵਾਂ ਹੈ। ਜਦੋਂ ਚਾਹੇ ਆਪਣੇ ਇਸ ਪਰਛਾਵੇਂ ਨੂੰ ਆਪਣੇ ਆਪ ਵਿੱਚ ਹੀ ਜਜ਼ਬ ਕਰ ਲੈਂਦਾ ਹੈ। ਉਸ ਪਰਮਾਤਮਾ ਦਾ ਨਾ ਕੋਈ ਪਿਉ ਹੈ, ਨਾ ਕੋਈ ਭੈਣ, ਨਾ ਕੋਈ ਭਾਈ ਤੇ ਨਾ ਕੋਈ ਸੇਵਕ। ਨਾ ਉਸ ਨੂੰ ਜਨਮ ਤੇ ਨਾ ਮੋਤ, ਨਾ ਉਸ ਦੀ ਕੋਈ ਕੁਲ ਤੇ ਨਾ ਜਾਤਿ। ਉਸ ਤੇ ਬੁਢਾਪਾ ਨਹੀਂ ਆ ਸਕਦਾ। ਉਹ ਮਹਾਨ ਸ੍ਰੇਸ਼ਟ ਹਸਤੀ ਹੈ। ਜਗਤ ਦੇ ਸਭ ਜੀਵਾਂ ਦੇ ਮਨ ਵਿੱਚ ਉਹੀ ਪਿਆਰਾ ਲਗਦਾ ਹੈ। ਹੇ ਪ੍ਰਭੂ ਤੂੰ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਵੀ ਅਮਰ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ ਤੂੰ ਸਰਬ ਵਿਆਪਕ ਹੈਂ। ਜਿਸ ਮਨੁੱਖ ਨੇ ਸੇਵਾ ਸੰਤੋਖ ਵਾਲੇ ਜੀਵਨ ਵਿੱਚ ਰਹਿ ਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਪੂਰਨ ਅਡੋਲ ਆਤਮਿਕ ਅਵਸਥਾ ਵਿੱਚ ਟਿੱਕ ਕੇ ਤੇਰੇ ਚਰਨਾਂ ਵਿੱਚ ਸੁਰਤ ਜੋੜੀ ਹੈ ਉਹ ਦਾ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ। ਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ ਪਸਾਰ ਕੇ ਪਰਮਾਤਮਾ ਆਪ ਇਹਨਾਂ ਤੋਂ ਉਤਾਂਹ ਚੌਥੇ ਘਰ ਵਿੱਚ ਟਿਕਿਆ ਰਹਿੰਦਾ ਹੈ। ਜਿਥੇ ਤਿੰਨ ਗੁਣਾਂ ਦੀ ਪਹੁੰਚ ਨਹੀਂ ਹੋ ਸਕਦੀ। ਜਨਮ ਤੇ ਮਰਨ ਉਸ ਨੇ ਇੱਕ ਗਿਰਾਹੀ ਕਰ ਲਏ ਹਨ। ਉਹ ਨਾ ਜੰਮਦਾ ਹੈ ਨਾ ਮਰਦਾ ਹੈ। ਸਾਰੇ ਜੀਵਾਂ ਵਿੱਚ ਪਰਮਾਤਮਾ ਦੀ ਪਵਿੱਤ੍ਰ ਜੋਤਿ ਚਾਨਣ ਕਰ ਰਹੀ ਹੈ। ਉਹ ਜਗਤ ਦੀ ਜਿੰਦਗੀ ਦਾ ਸਹਾਰਾ ਹੈ। ਜਿਸ ਮਨੁੱਖ ਨੂੰ ਗੁਰੂ ਨੇ ਇੱਕ ਰਸ ਆਪਣੇ ਸ਼ਬਦ ਨਾਲ ਜੋੜਿਆ ਹੈ ਉਸ ਨੂੰ ਉਹ ਜਗਜੀਵਨ ਦਾ ਦੀਦਾਰ ਕਰਾ ਦਿੰਦਾ ਹੈ। ਜਿਹੜੇ ਬੰਦੇ ਪਰਮਾਤਮਾ ਦੇ ਪਿਆਰੇ ਹਨ ਉਹ ਸ੍ਰੇਸ਼ਟ ਜੀਵਨ ਵਾਲੇ ਹਨ ਉਹ ਸੰਤ ਹਨ ਉਹ ਭਲੇ ਹਨ, ਉਹ ਪਰਮਾਤਮਾ ਦੇ ਨਾਮ ਰਸ ਵਿੱਚ ਮਸਤ ਰਹਿੰਦੇ ਹਨ। ਪਰਮਾਤਮਾ ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਹੇ ਨਾਨਕ! ਉਹਨਾਂ ਸੰਤ ਜਨਾ ਦੀ ਸੰਗਤ ਕਰ ਕੇ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਲੱਭ ਲਿਆ ਹੈ। ਹੇ ਪ੍ਰਭੂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪ੍ਰਭੂ! ਅਸੀਂ ਜੀਵ ਤੇਰੇ ਦਰ ਤੇ ਸੇਵਕ ਹਾਂ ਤੂੰ ਸਾਨੂੰ ਸਭਨਾਂ ਨੂੰ ਦਾਤਾਂ ਦੇਣ ਵਾਲਾ ਹੈਂ। ਕਿਰਪਾ ਕਰਕੇ ਸਾਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਦਿਉ। ਜਿਸ ਉਤੇ ਤੂੰ ਕਿਰਪਾ ਕਰ ਦੇਂਦਾ ਹੈਂ ਗੁਰੂ ਨੇ ਉਸ ਦੇ ਅੰਦਰ ਤੇਰੇ ਗਿਆਨ ਦਾ ਰਤਨ ਰੋਸ਼ਨ ਕਰ ਦਿੱਤਾ ਹੈ। ਸਰਬ ਵਿਆਪਕ ਪਰਮਾਤਮਾ ਦੀ ਰਜਾ ਵਿੱਚ ਪੰਜਾਂ ਤੱਤਾਂ ਨੇ ਮਿਲ ਕੇ ਇਹ ਮਨੁੱਖਾ ਸਰੀਰ ਬਣਾਇਆ ਹੈ। ਜਿਸ ਮਨੁੱਖ ਨੇ ਉਸ ਸਰਬ-ਵਿਆਪਕ ਪਰਮਾਤਮਾ ਨੂੰ ਲੱਭ ਲਿਆ ਉਸ ਦੇ ਅੰਦਰ ਆਤਮਕ ਆਨੰਦ ਬਣ ਗਿਆ ਪਰਮਾਤਮਾ ਨਾਲ ਸੰਬੰਧ ਬਣਾਣ ਵਾਲੇ ਉਸ ਦੇ ਕੰਮਾਂ ਨੂੰ ਉਸ ਦੇ ਉੱਦਮ ਨੂੰ ਉਹ ਨਾਮ ਫਲ ਲੱਗਾ ਜਿਸ ਨੇ ਉਸ ਨੂੰ ਆਤਮਕ ਜੀਵਨ ਬਖਸ਼ਿਆ, ਉਸ ਨੇ ਆਪਣੇ ਮਨ ਵਿੱਚ ਹੀ ਪਰਮਾਤਮਾ ਦਾ ਨਾਮ ਰਤਨ ਲੱਭ ਲਿਆ। ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਗਿੱਝ ਜਾਂਦਾ ਹੈ। ਉਸ ਨੂੰ ਮਾਇਆ ਦੀ ਭੁੱਖ ਤ੍ਰੇਹ ਨਹੀਂ ਰਹਿੰਦੀ, ਉਹ ਨਿਰੰਜਨ ਨੂੰ ਸਭ ਥਾਂ ਹਰੇਕ ਘਟ ਵਿੱਚ ਪਛਾਣ ਲੈਂਦਾ ਹੈ। ਉਹ ਆਤਮਕ ਜੀਵਨ ਦੇਣ ਵਾਲੇ ਸਿਰਫ ਨਾਮ ਰਸ ਵਿੱਚ ਹੀ ਮਸਤ ਰਹਿੰਦਾ ਹੈ। ਦੁਨੀਆ ਦੇ ਰਸਾਂ ਤੋਂ ਉਪਰ ਰਹਿੰਦਾ ਹੈ। ਗੁਰੂ ਦੀ ਮੱਤ ਰਾਹੀਂ ਪਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਲੱਗਣ ਲਗ ਪੈਦਾ ਹੈ। ਉਹ ਮਨੁੱਖ ਦਿਨ ਰਾਤ ਉਹੀ ਕੰਮ ਕਰਦਾ ਹੈ ਜੋ ਉਸ ਦੀ ਜਿੰਦ ਨੂੰ ਪਰਮਾਤਮਾ ਨਾਲ ਜੋੜੀ ਰੱਖਦੇ ਹਨ। ਉਹ ਪਰਮਾਤਮਾ ਦੀ ਪਵਿਤ੍ਰ ਜੋਤਿ ਨੂੰ ਹਰ ਥਾਂ ਇੱਕ ਰਸ ਵਿਆਪਕ ਪਛਾਣ ਲੈਂਦਾ ਹੈ। ਸਭ ਰਸਾਂ ਦੇ ਸੋਮੇ ਗੁਰੂ ਸ਼ਬਦ ਨੂੰ ਉਹ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਉਸ ਦੀ ਜੀਭ ਮਹਾਨ ਸ੍ਰੇਸ਼ਟ ਨਾਮ ਰਸ ਵਿੱਚ ਰਸੀ ਰਹਿੰਦੀ ਹੈ। ਉਹ ਆਪਣੇ ਆਤਮਕ ਆਨੰਦ ਦੀ ਜਿਵੇਂ ਇੱਕ ਰਸੀਲੀ ਬੰਸਰੀ ਵਜਾਉਂਦਾ ਹੈ। ਪਰ ਇਹ ਰਸੀਲੀ ਬੰਸਰੀ ਵੀ ਉਹੀ ਮਨੁੱਖ ਵਜਾ ਸਕਦਾ ਹੈ ਜਿਸ ਨੂੰ ਤਿੰਨ ਭਵਨਾ ਵਿੱਚ ਵਿਆਪਕ ਪਰਮਾਤਮਾ ਦੀ ਸੂਝ ਪੈ ਜਾਂਦੀ ਹੈ। ਹੇ ਨਾਨਕ! ਤੂੰ ਭੀ ਗੁਰੂ ਦੀ ਮੱਤ ਲੈ ਕੇ ਇਹ ਜਾਚ ਸਿੱਖ ਲੈ। ਜਿਸ ਕਿਸੇ ਨੇ ਗੁਰੂ ਦੀ ਮੱਤ ਲਈ ਹੈ ਉਸ ਦੀ ਸੁਰਤਿ ਪਰਮਾਤਮਾ ਦੇ ਨਾਮ ਵਿੱਚ ਜੁੜੀ ਰਹਿੰਦੀ ਹੈ। ਜਗਤ ਵਿੱਚ ਅਜੇਹੇ ਬੰਦੇ ਬਹੁਤ ਥੋੜ੍ਹੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤਿ ਵਿੱਚ ਟਿਕਾਉਂਦੇ ਹਨ ਤੇ ਵਿਚਰਦੇ ਹੋਏ ਵੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ। ਉਹ ਸੰਸਾਰ ਸਮੁੰਦਰ ਤੋਂ ਆਪ ਪਾਰ ਲੰਘ ਜਾਂਦੇ ਹਨ। ਆਪਣੀਆਂ ਕੁਲਾਂ ਨੂੰ ਤੇ ਉਹਨਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ, ਜੋ ਉਹਨਾਂ ਦੀ ਸੰਗਤ ਕਰਦੇ ਹਨ ਜਗਤ ਵਿੱਚ ਅਜੇਹੇ ਬੰਦਿਆਂ ਦਾ ਆਉਣਾ ਲਾਹੇਵੰਦ ਹੈ। ਉਹੀ ਬੰਦਾ ਗੁਰੂ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਿਲ ਪਛਾਣ ਲੈਂਦਾ ਹੈ ਜਿਸ ਨੂੰ ਪੂਰੇ ਗੁਰੂ ਤੋਂ ਉੱਚੀ ਸਮਝ ਮਿਲਦੀ ਹੈ। ਉਸ ਨੂੰ ਸਮਝ ਆ ਜਾਂਦੀ ਹੈ ਕਿ ਇਹ ਸਰੀਰ ਪਰਮਾਤਮਾ ਦੇ ਕਿਲ੍ਹੇ ਹਨ ਮਹਿਲ ਹਨ। ਉਹ ਮਹਿਲਾਂ ਦਾ ਮਾਲਕ ਪ੍ਰਭੂ ਸਦਾ ਹੀ ਸਥਿਰ ਰਹਿਣ ਵਾਲਾ ਹੈ। ਮਨੁੱਖੀ ਸਰੀਰ ਪ੍ਰਭੂ ਨੇ ਆਪਣੇ ਬੈਠਣ ਲਈ ਤਖਤ ਬਣਾਇਆ ਹੋਇਆ ਹੈ। ਇਹ ਬੇ-ਮਿਸਾਲ ਤੇ ਅਮੋਲਕ ਧਨ ਹਰੇਕ ਸਰੀਰ ਮਹਿਲ ਦੇ ਅੰਦਰ ਮੌਜੂਦ ਹੈ। ਜੇ ਗੁਰੂ ਮਿਲ ਪਵੇ ਤੇ ਅੰਦਰੋਂ ਇਹ ਨਾਮ ਧਨ ਲੱਭ ਪੈਂਦਾ ਹੈ। ਜਿਨ੍ਹਾਂ ਨੂੰ ਇਹ ਨਾਮ ਧਨ ਲੱਭ ਪੈਂਦਾ ਹੈ ਉਹ ਪ੍ਰਭੂ ਦੇ ਮੰਨੇ-ਪ੍ਰਮੰਨੇ ਸੇਵਕ ਅਖਵਾਉਂਦੇ ਹਨ। ਐਸੇ ਸੇਵਕ ਫਿਰ ਉਸ ਮਾਇਆ ਰੂਪੀ ਜ਼ਹਿਰ ਨੂੰ ਨਹੀਂ ਚੱਖਦੇ ਜੋ ਆਤਮਕ ਮੌਤ ਲਿਆਉਂਦੀ ਹੈ। ਉਹ ਅਟੱਲ ਆਤਮਕ ਜੀਵਨ ਦੇ ਮਾਲਕ ਬਣ ਜਾਂਦੇ ਹਨ, ਚੌਦਾਂ ਤਬਕ ਤੇ ਸੂਰਜ ਚੰਦ ਇਸ ਗੱਲ ਦੇ ਗਵਾਹ ਹਨ।

ਜਿਹੜਾ ਮਨੁੱਖ ਗੁਰੂ ਦੀ ਮੱਤ ਉਤੇ ਤੁਰਦਾ ਹੈ ਉਸ ਦੇ ਪੰਜੇ ਗਿਆਨ ਇੰਦ੍ਰੇ ਉਸ ਦੇ ਸੇਵਕ ਬਣ ਕੇ ਉਸ ਦੇ ਵਸ ਵਿੱਚ ਰਹਿੰਦੇ ਹਨ, ਉਹ ਹਿਰਦੇ ਤਖਤ ਉਤੇ ਬੈਠਣ ਜੋਗਾ ਹੋ ਜਾਂਦਾ ਹੈ ਅਤੇ ਹਿਰਦੇ ਤਖਤ ਉਤੇ ਬੈਠਾ ਰਹਿੰਦਾ ਹੈ। ਭਾਵ ਨਾ ਉਸਦੇ ਗਿਆਨ ਇੰਦ੍ਰੇ ਮਾਇਆ ਵਲ ਡੋਲਦੇ ਹਨ ਅਤੇ ਨਾ ਹੀ ਉਸ ਦਾ ਮਨ ਵਿਕਾਰਾਂ ਵਲ ਜਾਂਦਾ ਹੈ। ਜਿਹੜਾ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਦਾ ਹੈ, ਜੁਗਾਂ ਦੇ ਆਦਿ ਤੋਂ ਹੈ, ਹੁਣ ਭੀ ਮੌਜੁਦ ਹੈ ਤੇ ਸਦਾ ਲਈ ਕਾਇਮ ਰਹੇਗਾ, ਉਸ ਪਰਮਾਤਮਾ ਗੁਰੂ ਦੀ ਮੱਤ ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਸਹਿਮ ਤੇ ਉਸ ਦੀ ਭਟਕਣਾ ਦੂਰ ਕਰ ਦੇਂਦਾ ਹੈਂ। ਹਿਰਦੇ ਤਖਤ ਉਤੇ ਬੈਠੇ ਮਨੁੱਖ ਨੂੰ ਦਿਨ ਰਾਤ ਆਦਰ ਮਿਲਦਾ ਹੈ ਜਿਸ ਮਨੁੱਖ ਨੇ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਦੇ ਚਰਨਾਂ ਵਿੱਚ ਲਿਵ ਦੀ ਸਾਂਝ ਪਾਈ ਹੈ ਉਸ ਨੂੰ ਇਹ ਆਦਰ ਸਦਾ ਲਈ ਮਿਲਿਆ ਰਹਿੰਦਾ ਹੈ, ਇਹ ਇੱਜ਼ਤ ਸਦਾ ਲਈ ਮਿਲੀ ਰਹਿੰਦੀ ਹੈ। ਨਾਨਕ ਜੀ ਕਹਿੰਦੇ ਹਨ ਹੇ ਭਾਈ ਪਰਮਾਤਮਾ ਦਾ ਨਾਮ ਜਪੋ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਸਿਮਰਨ ਦੀ ਤਾਰੀ ਲਾਓ। ਜਿਹੜਾ ਮਨੁੱਖ ਸਿਮਰਨ ਕਰਦਾ ਹੈ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਜੋ ਅਖੀਰ ਤਕ ਸਾਥੀ ਬਣਿਆ ਰਹਿੰਦਾ ਹੈ।

ਗੁਰੂ ਜੀ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਭੂ ਅਕਾਲ ਹੈ, ਅਲੇਖ ਹੈ। ਐਸਾ ਹੁੰਦਿਆ ਹੋਇਆਂ ਵੀ ਉਹ ਪੁਰਖ ਹੈ। ਉਹ ਅਗੰਮ ਹੈ, ਨਿਰਲੇਪ ਹੈ, ਪਰ ਅਜਿਹਾ ਹੁੰਦਿਆਂ ਹੋਇਆ ਵੀ ਉਹ ਪ੍ਰਾਪਤ ਹੋ ਸਕਦਾ ਹੈ। ਉਸ ਦੀ ਪ੍ਰਾਪਤੀ ਦੇ ਜੋ ਤਰੀਕੇ ਹਨ ਉਨ੍ਹਾਂ ਵਿਚੋਂ ਮੁੱਖ ਤਿੰਨ ਹਨ ਸਤਿ, ਸੰਤੋਖ ਅਤੇ ਨਾਮ (ਸ਼ਬਦ) ਇਨ੍ਹਾਂ ਦੀ ਕਮਾਈ ਉਸ ਤਰੀਕੇ ਨਾਲ ਨਹੀਂ ਕਰਨੀ ਜੋ ਬ੍ਰਾਹਮਣਾਂ ਦੇ ਤੱਪਸਿਆਂ ਦੇ ਤਰੀਕੇ ਹਨ। ਇਹ ਜੁਗਤ ਤੱਪਸਿਆਂ ਤੋਂ ਬਿਲਕੁਲ ਉਲਟ ਹੈ। ਇਹ ਹੱਠ ਯੋਗ ਨਹੀਂ ਬਲਕਿ ਇਹ ਸਹਜਿ ਯੋਗ ਹੈ। ਇਹ ਉਪਾਅ ਬਹੁਤ ਸੌਖਾ ਹੈ। ਇਹ ਠੰਡਾ ਉਪਾਅ ਹੈ। ਇਸ ਨਾਲ ਮਨੁੱਖ ਸੀਤਲ ਹੋਇਆ ਹੋਇਆ ਪਰਮਾਤਮਾ ਨਾਲ ਲਿਵ ਜੋੜੀ ਰੱਖਦਾ ਹੈ। ਲਿਵ ਜੋੜਨ ਲਈ ਕੋਈ ਹੱਠ ਵਾਲੀ ਤਦਬੀਰ ਨਹੀਂ ਕਰਨੀ ਪੈਂਦੀ। ਇਹ ਨਾਮ ਸਿਮਰਨ ਵਾਲੇ ਮਨੁੱਖਾਂ ਲਈ ਸਹਿਜ ਸੁਭਾਅ ਦਾ ਕਾਰਜ ਹੈ, ਜਿਸ ਵਿੱਚ ਅੰਦਰਲੀ ਰੁੱਚੀ ਬਿਨਾ ਤੱਰਦਦ ਦੇ ਅਸਲੀਅਤ ਦਾ ਰੁੱਖ ਫੜੀ ਰਖਦੀ ਹੈ।

ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ॥

ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ॥ (ਅੰਕ 672)

ਸਹਜ ਸੁਭਾਇ ਹੋਵੈ ਸੋ ਹੋਇ॥ ਕਰਣੈਹਾਰੁ ਪਛਾਣੈ ਸੋਇ॥ (ਅੰਕ 282)

ਜੈਸੇ ਕੁਰੰਕ ਨਹੀ ਪਾਇਓ ਭੇਦੁ॥ ਤਨਿ ਸੁਗੰਧ ਢੂਢੈ ਪ੍ਰਦੇਸੁ॥

ਅਪ ਤਨ ਕਾ ਜੋ ਕਰੇ ਬੀਚਾਰੁ॥ ਤਿਸੁ ਨਹੀ ਜਮਕੰਕਰੁ ਕਰੇ ਖੁਆਰੁ॥ (ਅੰਕ 1196)

ਗੁਰਮਤਿ ਅਨੁਸਾਰ ਨਾਮ ਨਾਂ ਤਾਂ ਜੰਗਲਾਂ ਵਿਚੋਂ ਤੇ ਨਾਂ ਹੀ ਪਹਾੜਾਂ ਦੀਆਂ ਕੁੰਦਰਾਂ ਵਿਚੋਂ ਪ੍ਰਾਪਤ ਹੁੰਦਾ ਹੈ ਇਹ ਤੀਰਥਾਂ ਤੇ ਭਟਕਣ ਨਾਲ ਵੀ ਪ੍ਰਾਪਤ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਖਾਸ ਜਗ੍ਹਾ ਜਾਂ ਦਿਸ਼ਾ, ਵਿੱਚ ਮੌਜੂਦ ਹੈ। ਇਹ ਤਾਂ ਜੋਤ ਰੂਪ ਵਿੱਚ ਹਰ ਜੀਵ ਅੰਦਰ ਹੈ ਅਤੇ ਸਤਿਗੁਰ ਦੀ ਮਿਹਰ ਸਦਕਾ ਪ੍ਰਗਟ ਹੁੰਦਾ ਹੈ।

ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ॥ (ਅੰਕ 946)

ਨਾਮ ਅਮੋਲਕ ਰਤਨ ਸਤਿਗੁਰੂ ਪਾਸ ਹੀ ਹੈ ਅਤੇ ਸਤਿਗੁਰੂ ਦੀ ਸੇਵਾ ਨਾਲ ਨਾਮ ਮਨ ਵਿੱਚ ਵਸਦਾ ਹੈ। ਅਸਲ ਜੋਗ ਤਦ ਹੀ ਪੂਰਾ ਹੁੰਦਾ ਹੈ ਜਦੋਂ ਸਤਿਗੁਰੂ ਤੋਂ ਨਾਮ ਪ੍ਰਾਪਤ ਹੁੰਦਾ ਹੈ। ਧਰਮ, ਅਰਥ, ਕਾਮ ਅਤੇ ਮੋਕਸ਼ ਇਹ ਚਾਰੇ ਪਦਾਰਥ ਸਤਿਗੁਰੂ ਦੇ ਵੱਸ ਹਨ। ਤਿੰਨ ਇਸ ਸਰੀਰ ਤਕ ਹੀ ਮਹਿਦੂਦ ਹਨ। ਪਰ ਚੌਥਾ ਮੁਕਤੀ, ਤਦ ਹੀ ਅੰਦਰੋਂ ਉਜਾਗਰ ਹੁੰਦਾ ਹੈ ਜਦੋਂ ਜੀਵ ਨੂੰ ਨਾਮ ਦੀ ਪ੍ਰਾਪਤੀ ਸਤਿਗੁਰੂ ਦੀ ਮਿਹਰ ਸਦਕਾ ਹੋ ਜਾਂਦੀ ਹੈ। ਫਿਰ ਪਹਿਲੇ ਤਿੰਨ ਪਦਾਰਥ ਨੀਵੇਂ ਦਿੱਸਣ ਲੱਗ ਪੈਂਦੇ ਹਨ ਅਤੇ ਧਿਆਨ ਚੌਥੇ ਪਦਾਰਥ ਯਾਨੀ ਮੁਕਤੀ ਜਾਂ ਮੋਖ ਵਲ ਲੱਗ ਜਾਂਦਾ ਹੈ। ਪਰ ਅਜਿਹਾ ਹੁੰਦਾ ਹੈ ਨਾਮ ਦੀ ਪ੍ਰਾਪਤੀ ਦੇ ਉਪਰੰਤ ਗੁਰਮਤਿ ਵਿੱਚ ਕਈ ਥਾਂਈ ਸਾਧ ਸੰਗਤ ਤੋਂ ਨਾਮ ਦੀ ਪ੍ਰਾਪਤੀ ਦਾ ਜ਼ਿਕਰ ਵੀ ਆਇਆ ਹੈ। ਸਾਧ ਸੰਗਤ ਜਾਂ ਸਤਿਸੰਗ ਉਹ ਥਾਂ ਹੈ ਜਿੱਥੇ ਕੇਵਲ ਪ੍ਰਭੂ ਦੇ ਨਾਮ ਤੇ ਵੀਚਾਰ ਹੁੰਦੀ ਹੋਵੇ। ਸਤਿਸੰਗ ਵਿੱਚ ਸਤਿਗੁਰੂ ਦਾ ਵਾਸਾ ਹੁੰਦਾ ਹੈ। ਜੇਕਰ ਨਾਮ ਸਿਮਰਨ ਅਤੇ ਮਾਇਆ ਦੇ ਜੰਜਾਲ ਤੋਂ ਬਚਣ ਵਿੱਚ ਕੋਈ ਔਕੜ ਆ ਰਹੀ ਹੋਵੇ ਤਾਂ ਗੁਰਮੁੱਖਾਂ ਦੀ ਅਗਵਾਈ ਲਈ ਜਾ ਸਕਦੀ ਹੈ। ਅਗੇ ਚੱਲਣ ਤੋਂ ਪਹਿਲਾਂ ਸ਼ਬਦ ਸਤਿਗੁਰੂ ਜਾਂ ਗੁਰੂ ਨੂੰ ਸਮਝਣਾ ਬਹੁਤ ਲਾਜਮੀ ਹੈ ਕਿਉਂਕਿ ਬਹੁਤ ਸਾਰੇ ਦੰਭੀ ਸੰਤ ਜਾਂ ਪਖੰਡੀ ਗੁਰੂ ਆਪਣੇ ਆਪਣੇ ਡੇਰੇ ਲਗਾ ਕੇ ਬੈਠੇ ਹੋਏ ਹਨ ਜਿਹੜੇ ਕਿ ਭੋਲੇ ਭਾਲੇ ਲੋਕਾਂ ਨੂੰ ਨਾਮ ਵੀ ਵੰਡ ਰਹੇ ਹਨ ਅਤੇ ਧਰਮ ਦੇ ਨਾਮ ਤੇ ਲੋਕਾਂ ਨੂੰ ਠੱਗੀ ਵੀ ਜਾ ਰਹੇ ਹਨ। ਸਤਿਗੁਰੂ ਦੀ ਪਰਿਭਾਸ਼ਾ ਜੋ ਚੌਥੇ ਗੁਰੂ ਜੀ ਨੇ ਦੱਸੀ ਹੈ ਉਹ ਇਉਂ ਹੈ:-

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥

ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ (ਅੰਕ 759)

ਭਾਵ ਮੇਰਾ ਸਤਿਗੁਰੂ ਸਦਾ ਸਥਿਰ ਅਤੇ ਹੋਂਦ ਵਾਲਾ ਹੈ। ਉਹ ਕਦੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਉਹ ਅਮਰ ਹੈ। ਉਹ ਸਭਨਾਂ ਵਿੱਚ ਸਮਾਇਆ ਹੋਇਆ ਹੈ ਅਤੇ ਸਰਬ ਸਮੱਰਥ ਹੈ। ਗੁਰੂ ਗ੍ਰੰਥ ਸਾਹਿਬ ਨੇ ਏਨਾਂ ਪਾਖੰਡੀ ਗੁਰੂਆਂ ਤੋਂ ਸੁਚੇਤ ਰਹਿਣ ਦੀ ਹਿਦਾਇਤ ਵੀ ਦਿੱਤੀ ਹੈ। :-

ਤਨਿ ਚੰਦਨੁ ਮਸਤਕਿ ਪਾਤੀ॥ … … …॥ (ਅੰਕ 1351)

ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ॥

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ (ਅੰਕ 476)

ਪੜਿ ਪੁਸਤਕ ਸੰਧਿਆ ਬਾਦੰ॥

ਸਿਲ ਪੂਜਸਿ ਬਗੁਲ ਸਮਾਧੰ॥ (ਅੰਕ 470)

ਮਥੈ ਟਿਕਾ ਤੇੜਿ ਧੋਤੀ ਕਖਾਈ॥ (ਅੰਕ 471)

ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍ਹ੍ਹ॥

ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ਹ੍ਹ॥ (ਅੰਕ 729)

ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ (ਅੰਕ 472)

ਗੁਰੂ ਸੁਮੱਤ ਬਖਸ਼ੇ ਤਾਂ ਆਪਾ ਖੋਜਣ ਉਪਰੰਤ ਇਹ ਨਾਮ ਹਰ ਘਟ ਅੰਦਰ ਰਵਿਆ ਹੋਇਆ ਦਿਸਦਾ ਹੈ। ਜਿਹੜਾ ਇਸ ਨੂੰ ਬਾਹਰ ਲੱਭਦਾ ਹੈ ਉਹ ਭਰਮ ਵਿੱਚ ਹੈ। ਅਜਿਹੀ ਭਰਮ ਭਰੀ ਭਟਕਣਾ ਪਛਤਾਵੇ ਦਾ ਕਾਰਣ ਬਣਦੀ ਹੈ। ਇਸ ਸਰੀਰ ਦੇ ਅੰਦਰ ਬੀਜ ਮੰਤਰ ਦੇ ਤੌਰ ਤੇ ਨਾਮ ਦਾ ਗਿਆਨ ਸਭ ਨੂੰ ਦਿੱਤਾ ਗਿਆ ਹੈ। ਪਰ ਫੇਰ ਵੀ ਕਈ ਲੋਕ ਨਾਮ ਦੀ ਪ੍ਰਾਪਤੀ ਲਈ ਤੀਰਥਾਂ ਦੇ ਰਟਨ ਕਰਦੇ ਹਨ ਜੋ ਕਿ ਨਿਸ਼ਫਲ ਹੈ। ਨਾਮ ਦੇ ਅੰਦਰ ਹੀ ਅਠਾਹਠ ਤੀਰਥਾਂ ਦਾ ਵਾਸਾ ਹੈ। ਬਸ ਨਾਮ ਨੂੰ ਤਾਂ ਆਪਣੇ ਅੰਦਰੋਂ ਹੀ ਪ੍ਰਗਟ ਕਰਨਾ ਹੁੰਦਾ ਹੈ। ਇਹ ਨਾ ਤਾਂ ਆਪ ਪ੍ਰਗਟ ਹੁੰਦਾ ਹੈ ਅਤੇ ਨਾ ਹੀ ਕਰਮ ਕਰਨ ਉਪਰੰਤ ਇਹ ਉਜਾਗਰ ਹੁੰਦਾ ਹੈ। ਕਰਮ ਕਰਨ ਨਾਲ ਅਹੰਕਾਰ ਉਪਜਦਾ ਹੈ, ਇੱਕ ਦਾਹਵਾ ਜਿਹਾ ਬਣ ਜਾਂਦਾ ਹੈ। ਜੋ ਕਿ ਗੁਰਮਤਿ ਦੇ ਵਿਪਰੀਤ ਹੈ। ਇਥੇ ਤਾਂ ਕਰਮ ਕਰਨ ਤੋਂ ਬਾਦ ਨਿਹਕਰਮੀ ਹੋਣਾ ਹੈ। ਭਾਵ ਨਿਸ਼ਕਾਮ ਭਾਵਨਾ ਨਾਲ, ਬਿਨਾ ਫਲ ਦੀ ਪ੍ਰਾਪਤੀ ਦੀ ਆਸ ਦੇ ਸਾਰੇ ਕਰਮ ਕਰਨੇ ਹਨ। ਸਾਰੇ ਕਰਮ ਪ੍ਰਭੂ ਨੂੰ ਸਮਰਪਿਤ ਕਰਕੇ ਨਦਰ ਤੇ ਨਿਰਭਰ ਰਹਿਣਾ ਹੈ। ਮੈਂ ਮੇਰੀ ਦਾ ਤਿਆਗ ਕਰਕੇ ਸਭ ਕੁੱਝ ਸਤਿਗੁਰੂ ਦੇ ਹਵਾਲੇ ਕਰਕੇ ਉਸ ਦੀ ਰਹਿਮਤ ਦਾ ਪਾਤਰ ਬਣਨਾ ਹੈ। ਜਦ ਗੁਰੂ ਕਿਰਪਾ ਕਰਦਾ ਹੈ ਤਾਂ ਇਹ ਅੰਦਰਲੀ ਵਸਤ ਪ੍ਰਾਪਤ ਹੋ ਜਾਂਦੀ ਹੈ। ਉਹ ਵਡਭਾਗੀ ਹੁੰਦੇ ਹਨ ਜਿਨ੍ਹਾਂ ਸਤਿਗੁਰੂ ਦੀ ਕਿਰਪਾ ਸਦਕਾ ਅੰਤਰ ਆਪੇ ਨੂੰ ਖੋਜ ਕੇ ਨਾਮ ਪ੍ਰਾਪਤ ਕਰ ਲਿਆ ਹੈ। ਇਸ ਵਾਸਤੇ ਸਤਿਗੁਰੂ ਦੀ ਬਾਣੀ ਨੂੰ ਅਮਲ ਵਿੱਚ ਲਿਆਉਣਾਂ ਲਾਜ਼ਮੀ ਹੁੰਦਾ ਹੈ ਤਾਂ ਕਿ ਹਉਮੈ ਦਾ ਨਾਸ ਹੋ ਜਾਵੇ ਅਤੇ ਨਿਮਰਤਾ ਵਾਲਾ ਸੁਭਾਅ ਬਣ ਜਾਵੇ। ਨਿਮਰਤਾ ਪੂਰਵਕ ਗੁਰੂ ਦੀ ਮੱਤ ਧਾਰਨ ਕਰਕੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਢਾਲ ਕੇ, ਗੁਰਬਾਣੀ ਨੂੰ ਜੀਉਣਾ ਹੈ ਸਿਰਫ ਪੜ੍ਹਨ ਤਕ ਹੀ ਸੀਮਤ ਨਹੀਂ ਰਹਿਣਾ। ਅਜਿਹਾ ਕਰਨ ਨਾਲ ਗੁਰੂ ਦੀ ਮੇਹਰ ਸਦਕਾ ਅੰਦਰੋਂ ਹੀ ਨਾਮ ਰਤਨ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਬਾਣੀ ਨਾਮ ਨੂੰ ਮਨ ਨਾਲ ਤੇ ਆਤਮ ਜੋਤ ਨੂੰ ਪ੍ਰਾਮਤਮ ਜੋਤ ਨਾਲ ਮੇਲ ਕਰਾ ਦਿੰਦੀ ਹੈ। ਇਹ ਨਾਮ ਜਦ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤਾਂ ਮਨੁੱਖ ਆਪਣੇ ਸ਼ਰੀਰ ਦੇ ਅੰਦਰ ਅਤੇ ਬਾਹਰ ਹਰ ਪਾਸੇ ਸਾਰੇ ਸੰਸਾਰ ਵਿੱਚ ਇਕੋ ਜੋਤ ਦਾ ਪ੍ਰਕਾਸ਼ ਵੇਖਦਾ ਹੈ ਅਤੇ ਸਦਾ ਉਸ ਪਰਮਾਤਮਾ ਦੇ ਹਜੂਰ ਰਹਿਣ ਦੇ ਕਾਰਣ ਸੱਚ ਵਿੱਚ ਲੀਨ ਰਹਿੰਦਾ ਹੈ। ਇਹ ਸੰਸਾਰ ਦੇ ਵਖਰੇਵੇਂ ਜੋ ਦਿਸ ਰਹੇ ਹਨ ਉਹ ਤਦ ਤਕ ਹੀ ਹਨ ਜਦ ਤਕ ਸਭ ਦੇ ਅੰਦਰ ਵੱਸ ਰਹੇ ਨਾਮ ਵੱਲ ਧਿਆਨ ਨਹੀਂ ਗਿਆ। ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਆਪ ਤਾਂ ਸੰਸਾਰ ਸਾਗਰ ਤੋਂ ਤਰਦਾ ਹੀ ਹੈ ਸਗੋਂ ਹੋਰਨਾਂ ਨੂੰ ਭੀ ਪਾਰ ਲੰਘਾਂ ਦਿੰਦਾ ਹੈ "ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ " ਅਖਰੀ, ਕਰਮ ਜਾਂ ਕਿਰਤਮ ਨਾਮ ਜਪਣਾ ਤਾਂ ਸਾਧਕ ਲਈ ਸਾਧਨ ਹਨ ਜੋ ਕਿ ਲਾਜ਼ਮੀ ਤਾਂ ਹੈ ਲੇਕਿਨ ਮੰਜ਼ਿਲ ਨਹੀਂ ਪਰ ਸਰਵ ਵਿਆਪਕ ਨਾਮ ਤੇ ਦੇਹੀ ਅੰਦਰ ਬ੍ਰਾਜਮਾਨ ਨਾਮ ਮੰਜਲ ਹੈ। ਕਿਰਤਮ ਜਾਂ ਕਰਮ ਨਾਮ ਦਾ ਸਿਮਰਨ ਦੇਹੀ ਅੰਦਰ ਰੱਖੇ ਗਏ ਨਾਮ ਰੂਪੀ ਪਰਮ ਤੱਤ ਨਾਲ ਲਿਵ ਜੋੜਨ ਦਾ ਸਾਧਨ ਮਾਤ੍ਰ ਹੈ। ਭਾਈ ਵੀਰ ਸਿੰਘ ਜੀ ਨੇ ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਪਹਿਲੀ ਵਿੱਚ "ਸਤਿਨਾਮ" ਪਦ ਦੀ ਵਿਆਖਿਆ ਕਰਦੇ ਹੋਏ ਲਿਖਿਆ ਹੈ:-

"ਇਸ ਤੋਂ ਪਤਾ ਚੱਲਿਆ ਕਿ ਸਾਡਾ ਨਾਮ ਸਿਮਰਨ ਸਾਨੂੰ ਉਸ ਵਿਆਪਕ ਅਤੇ ਹਿਰਦੇ ਅੰਦਰ ਵਸਦੇ ਵਿਆਪਕ ਨਾਮ ਨਾਲ ਜੋੜ ਦੇਵੇਗਾ। ਗੋਯਾ ਵਿਆਪਕ ਨਾਮ ਤੇ ਸਿਮਰਿਆ ਜਾ ਰਿਹਾ ਨਾਮ, ਦੁਹਾਂ ਦਾ ਸੰਗਮ ਹੁੰਦਾ ਹੈ ਅਤੇ ਉਹ ਸੰਗਮ ਵੀ ਨਾਮ ਹੀ ਕਹੀਦਾ ਹੈ। ਇਸ ਤੋਂ ਪਤਾ ਲੱਗਾ ਕਿ ਨਾਮ ਨਿਰਾ ਸੰਗਯਾ ਮਾਤ੍ਰ ਨਹੀਂ। ਨਾਮ ਜਾਪ ਹੈ, ਨਾਮ ਸਿਮਰਨ ਹੈ, ਨਾਮ ਲਿਵ ਹੈ, ਨਾਮ ਵਿਆਪਕ ਨਾਮ ਵਿੱਚ ਪਹੁੰਚ ਕੇ ਤਦ ਰੂਪ ਹੁੰਦਾ ਹੈ। ਅਤੇ ਨਾਮ ਅਤੇ ਨਾਮੀ ਦੀ ਅਭੇਦਤਾ ਹੈ। ਅਰਥਾਤ ਨਾਮ-ਪ੍ਰੇਮੀ ਵਾਹਿਗੁਰੂ ਨੂੰ ਪ੍ਰਾਪਤ ਹੋ ਜਾਂਦਾ ਹੈ"।

ਵਿਆਪਕ ਨਾਮ ਵਾਹਿਗੁਰੂ ਰੂਪ ਹੈ। ਇਹ ਕਿਰਤਮ ਨਹੀਂ, ਇਸ ਲਈ ਜੀਭਾ ਦੁਆਰਾ ਜਪਿਆ ਜਾਣ ਵਾਲਾ ਨਹੀਂ। ਇਹ ਕੇਵਲ ਅੰਤਰ ਆਤਮ ਅਨੁਭਵ ਕੀਤਾ ਜਾਣ ਵਾਲਾ ਸੂਖਮ ਤੱਤ ਹੈ।

ਬਿਨੁ ਜਿਹਵਾ ਜੋ ਜਪੈ ਹਿਆਇ॥ ਕੋਈ ਜਾਣੈ ਕੈਸਾ ਨਾਉ॥ (ਅੰਕ 1256)

ਕਿਰਤਮ ਨਾਮਾਂ ਜਾਂ ਕਰਮ ਨਾਮਾਂ ਦਾ ਪਾਠ ਬਹੁਤ ਸੁਖਾਲਾ ਕਾਰਜ ਹੈ, ਪਰ ਸੱਚੇ ਨਾਮ ਦੀ ਅਰਾਧਨਾ ਬਹੁਤ ਕਠਿਨ ਘਾਲਣਾ ਹੈ। ਤਾਂ ਹੀ ਤਾਂ ਗੁਰੂ ਸਾਹਿਬ ਨੇ ਕਿਹਾ ਹੈ:-

ਆਖਣਿ ਅਉਖਾ ਸਾਚਾ ਨਾਉ॥ (ਅੰਕ 349)

ਕਿਰਤਮ ਨਾਮ ਤਾਂ ਪ੍ਰਗਟ ਹਨ, ਪਰ ਸੱਚਾ ਨਾਮ ਗੁਪਤ ਹੈ। ਇਹ ਨਾਮ ਕੇਵਲ ਗੁਰਮਤਿ ਧਾਰਨ ਕਰਨ ਨਾਲ, ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਸਿੱਖਿਆ ਉਤੇ ਚੱਲਣ ਨਾਲ, ਆਪਣੇ ਜੀਵਨ ਵਿੱਚ ਢਾਲਣ ਨਾਲ ਹੀ ਪ੍ਰਗਟ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸੰਪੂਰਣਤਾਂ ਤੋਂ ਪਹਿਲਾਂ ਇੱਕ ਸਲੋਕ ਹੈ:-

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ (ਅੰਕ 1429)

ਇਸ ਸਲੋਕ ਰਾਹੀਂ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਹੇ ਭਾਈ ਇਹ ਜਿਹੜਾ ਪੂਰਾ ਗੁਰੂ ਗ੍ਰੰਥ ਜੋ ਮੈਂ ਤੁਹਾਡੇ ਵਾਸਤੇ ਤਿਆਰ ਕੀਤਾ ਹੈ ਇਹ ਮਾਨੋ ਇੱਕ ਥਾਲ ਪਰੋਸਿਆ ਹੈ, ਤੁਹਾਡੇ ਲਈ। ਇਸ ਵਿੱਚ ਪਾਇਆ ਕੀ ਕੀ ਹੈ? ਕਹਿੰਦੇ ਹਨ, ਮੈਂ ਤਿੰਨ ਚੀਜਾਂ ਇਸ ਵਿੱਚ ਪਾਈਆਂ ਹਨ ਇੱਕ ‘ਸਤਿ’, ਦੂਜਾ ‘ਸੰਤੋਖ’। ਭਾਈ ਇਸ ਸਾਰੇ ਗ੍ਰੰਥ ਨੂੰ ਵੀਚਾਰੋ, ਤੇ ਪ੍ਰਾਪਤੀ ਕੀ ਹੋਵੇਗੀ? ਕਹਿੰਦੇ ਹਨ ਇਸ ਨੂੰ ਵੀਚਾਰਨ ਨਾਲ ਤੁਹਾਨੂੰ ਤੀਜੀ ਵਸਤੂ ‘ਅੰਮ੍ਰਿਤ ਨਾਮ’ ਦੀ ਪ੍ਰਾਪਤੀ ਹੋਵੇਗੀ। ਇਹ ਨਾਮ ਇਸ ਸਰੀਰ ਦੇ ਨਾਸ ਹੋਣ ਤੋਂ ਬਾਅਦ ਵੀ ਤੁਹਾਡੀ ਆਤਮਾ ਦੇ ਨਾਲ ਰਹੇਗਾ ਅਤੇ ਤੁਹਾਡੀ ਮੁਕਤੀ ਕਰਾ ਦੇਵੇਗਾ। ਜੀਭਾ ਦੁਆਰਾ ਰਟੇ ਜਾਣ ਵਾਲੇ ਨਾਮਾਂ ਦਾ ਸਿਮਰਨ ਤਾਂ ਸਾਰਾ ਸੰਸਾਰ ਕਰਦਾ ਹੈ ਪਰ ਜਦ ਤਕ ਗੁਰਮਤਿ ਅਨੁਸਾਰ ਉਸ ਅਕਿਰਤਮ, ਵਿਆਪਕ ਅਤੇ ਅਨਾਦੀ ਨਾਮ ਨਾਲ ਲਿਵ ਨਹੀਂ ਜੁੜਦੀ, ਭਵਸਾਗਰ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ।

ਰਸਨਾ ਨਾਮੁ ਸਭੁ ਕੋਈ ਕਹੈ॥ ਸਤਿਗੁਰੁ ਸੇਵੇ ਤਾ ਨਾਮੁ ਲਹੈ॥

ਬੰਧਨ ਤੋੜੇ ਮੁਕਤਿ ਘਰਿ ਰਹੈ॥ ਗੁਰ ਸਬਦੀ ਅਸਥਿਰੁ ਘਰਿ ਬਹੈ॥ (ਅੰਕ 1262)

ਅੱਗੇ ਚੱਲਣ ਤੋਂ ਪਹਿਲਾਂ ਏਥੇ ਮੈਂ ਇੱਕ ਗੱਲ ਹੋਰ ਸਪੱਸ਼ਟ ਕਰਨੀ ਜ਼ਰੂਰੀ ਸਮਝਦਾ ਹਾਂ। ਵਾਹਿਗੁਰੂ ਸ਼ਬਦ ਕੇਵਲ ਸ਼ਬਦ ਮਾਤ੍ਰ ਨਹੀਂ, ਇਹ ਇੱਕ ਆਤਮਕ ਅਵਸਥਾ ਹੈ ਵਿਸਮਾਦ ਦੀ। ਸਹੀ ਅਰਥਾਂ ਵਿੱਚ "ਵਾਹਿਗੁਰੂ" ਸ਼ਬਦ ਅਕਾਲ ਪੁਰਖ ਦੀ ਕਿਸੇ ਸਿਫਤ ਨੂੰ ਦਰਸਾਉਣ ਵਾਲਾ ਨਹੀਂ। ਇਸ ਤੋਂ ਪਰਮਾਤਮਾ ਦੀ ਰਚਨਾ ਵੇਖ ਕੇ ਧੰਨਵਾਦ ਅਤੇ ਵਿਸਮਾਦ ਦਾ ਅਹਿਸਾਸ ਪ੍ਰਗਟ ਹੁੰਦਾ ਹੈ। ਜਦ ਮਨੁੱਖ ਅਕਾਲ ਪੁਰਖ ਨੂੰ ਚਾਰ ਚੁਫੇਰੇ ਸ੍ਰਿਸ਼ਟੀ ਵਿੱਚ ਵਿਆਪਕ ਵੇਖਦਾ ਹੈ, ਜਦ ਮਨੁੱਖ ਵੇਖਦਾ ਹੈ ਕਿ ਅਕਾਲ ਪੁਰਖ ਹਰ ਜੀਵ ਦੇ ਅੰਦਰ ਬਿਰਾਜਮਾਨ ਹੋ ਕੇ ਰਾਜ ਕਮਾ ਰਿਹਾ ਹੈ ਤਾਂ ਮਨੁੱਖ ਵਿਸਮਾਦ ਪੂਰਤ ਹੋ ਕੇ ਅਕਾਲ ਪੁਰਖ ਦਾ ਸ਼ੁਕਰਗੁਜਾਰ ਹੁੰਦਾ ਹੈ। ਵਾਹਿਗੁਰੂ ਸ਼ਬਦ ਇਨ੍ਹਾਂ ਭਾਵਾਂ ਨੂੰ ਦਰਸਾਉਣ ਵਾਲਾ ਹੈ। ਜਿਥੇ ਅਕਲ ਰੁਕ ਜਾਂਦੀ ਹੈ ਤਾਂ ਅਸੀਂ ਹੋਰ ਮੰਡਲਾਂ ਤੇ ਜਾ ਪੁਜਦੇ ਹਾਂ, ਉਹ ਮੰਡਲ ਜਿਥੇ ਸੋਚਾਂ ਦਰ ਖੋਲਨੋ ਅਸਮਰੱਥ ਸਾਬਤ ਹੁੰਦੀਆਂ ਹਨ, ਉਥੇ ਵਿਸਮਾਦ ਉਪਜਦਾ ਹੈ ਫੇਰ ਉਹ ਵਿਸਮਾਦ ਜੀਵਨ ਦੇ ਦਰ ਚੌਪਟ ਖੋਹਲ ਦਿੰਦਾ ਹੈ।

ਗੁਰੂ ਅਮਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਸਾਨੂੰ ਸਮਝਾਇਆ ਹੈ ਕਿ ਨਾਮ ਸ਼ਰੀਰ ਦੇ ਅੰਦਰ ਕਿਹੜੀ ਜਗ੍ਹਾ ਤੇ ਹੈ ਤੇ ਉਸ ਦੇ ਪ੍ਰਗਟ ਹੋਣ ਦਾ ਸਾਧਨ ਕੀ ਹੈ?

ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ॥

ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ॥

ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ॥

ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ॥ (ਅੰਕ 922)

ਗੁਰੂ ਜੀ ਫੁਰਮਾਉਂਦੇ ਹਨ ਕਿ ਪਰਮਾਤਮਾ ਨੇ ਸਰੀਰ ਦੇ ਨੌ ਦੁਆਰੇ (ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਇੱਕ ਮੂੰਹ ਅਤੇ ਮਲ, ਮੂਤ ਦੀਆਂ ਇੰਦ੍ਰੀਆਂ) ਪ੍ਰਗਟ ਰਖੇ ਹਨ ਜਦ ਕਿ ਦਸਵਾਂ ਗੁਪਤ ਰੱਖਿਆ ਹੈ। ਉਹ ਦਸਵਾਂ ਦਰਵਾਜਾ ਨੌਆਂ ਦਰਵਾਜਿਆਂ ਤੋਂ ਉੱਪਰ ਸਿਰ ਰੂਪੀ ਗੁਫਾ ਵਿੱਚ ਹੈ। ਉਸ ਦਸਵੇਂ ਦਰਵਾਜੇ ਵਿੱਚ ਅਨੰਤ ਸੁੰਦਰਤਾ, ਸ਼ਕਤੀ, ਗਿਆਨ ਅਤੇ ਆਨੰਦ ਦੇ ਭਰੇ ਪਰਮਾਤਮਾ ਦੇ ਨਾਮ ਦਾ ਵਾਸਾ ਹੈ। ਜਿੰਨਾਂ ਜੀਵਾਂ ਨੂੰ ਉਹ ਪਰਮੇਸ਼ਰ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ ਉਹ ਗੁਰੂ ਕਿਰਪਾ ਦੁਆਰਾ ਆਪਣੀ ਸੁਰਤ ਨੂੰ ਨੋ ਦੁਆਰਿਆਂ ਵਿਚੋਂ ਸਮੇਟ ਕੇ ਦਸਵੇਂ ਦਰਵਾਜੇ ਵਿੱਚ ਇਕਾਗਰ ਕਰਕੇ ਉਸ ਦੇ ਨਾਮ ਨਾਲ ਜੁੜ ਜਾਂਦੇ ਹਨ। ਇਹ ਨਾਮ ਅੱਗੋਂ ਉਸ ਨਾਮ ਦੇ ਭੰਡਾਰ ਪਰਮਾਤਮਾ ਨਾਲ ਉਨ੍ਹਾਂ ਨੂੰ ਜੋੜ ਦਿੰਦਾ ਹੈ। ਜਿਸ ਅਨੰਤ, ਅਸਗਾਹ ਅਤੇ ਮਨੋਹਰ ਨਾਮ ਨਾਲ ਸੁਰਤ ਨੂੰ ਦਸਵੇਂ ਦਰਵਾਜੇ ਵਿੱਚ ਇਕਾਗਰ ਕਰਨ ਨਾਲ ਮਿਲਾਪ ਹੁੰਦਾ ਹੈ, ਉਹ ਨਿਰੇ ਸੁਣੇ ਜਾਣ ਦਾ ਹੀ ਨਹੀਂ ਸਗੋਂ ਦੇਖੇ ਜਾਣ ਦਾ ਵੀ ਵਿਸ਼ਾ ਹੈ। ਗੁਰੂ ਨਾਨਕ ਸਾਹਿਬ ਸਤਿਗੁਰੂ ਦੁਆਰਾ ਸ਼ਬਦ ਸੁਣਾਏ ਜਾਣ ਅਤੇ ਦਿਖਾਏ ਜਾਣ ਦਾ ਸੰਕੇਤ ਦਿੰਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਸਤਿਗੁਰੂ ਨੇ ਅੰਦਰ ਰੁਹਾਨੀ ਮੰਡਲਾਂ ਵਿੱਚ ਇੱਕ ਲੰਮਾ ਤਾਰਾ ਤੇ ਸ਼ਬਦ ਦਾ ਪ੍ਰਕਾਸ਼ ਦਿਖਾਇਆ। ਅੱਠੇ ਪਹਿਰ ਇਸ ਪ੍ਰਕਾਸ਼ ਦਾ ਧਿਆਨ ਧਰਨ ਨਾਲ ਮਨ ਅਤੇ ਇੰਦਰੀਆਂ ਸ਼ਾਂਤ ਹੋ ਗਈਆਂ, ਪੰਜ ਵਿਕਾਰਾਂ ਅਤੇ ਹਉਮੈ ਦਾ ਨਾਸ ਹੋ ਗਿਆ ਅਤੇ ਜੋਤੀ ਸਰੂਪ ਪਰਮਾਤਮਾ ਦੇ ਕੌਤਕ ਦਿਖਾਈ ਦੇਣ ਲੱਗ ਪਏ।

ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ॥

ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ॥ (ਅੰਕ 1110)

ਇਹ ਅਧਿਆਤਮਿਕ ਸਚਾਈਆਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਜੀਵਨ ਵਿੱਚ ਨਿਭਾਈਆਂ ਜਾ ਸਕਦੀਆਂ ਹਨ। ਪਰ ਉਨ੍ਹਾਂ ਨੂੰ ਸਦਾ ਭਲੀ ਪ੍ਰਕਾਰ ਕਥਨ ਕਰਨਾ ਸੰਭਵ ਨਹੀਂ। ਜਿਹੜੇ ਵੀ ਸਾਧੂ ਸੰਤ ਜਾਂ ਡੇਰੇਦਾਰ ਗੁਰੂ ਇਹ ਦ੍ਰਿਸ਼ ਦਿਖਾਉਣ ਦਾ ਜਾਂ ਬਿਆਨ ਕਰਨ ਦਾ ਦਾਅਵਾ ਕਰਦੇ ਵੀ ਹਨ ਉਨ੍ਹਾਂ ਨੂੰ ਕਦੀ ਅਜਿਹਾ ਨਿਜੀ ਅਨੁਭਵ ਹੋਇਆ ਹੀ ਨਹੀਂ ਹੁੰਦਾ ਪਰ ਫੇਰ ਵੀ ਪਾਖੰਡ ਕਰੀ ਜਾਂਦੇ ਹਨ। B. Russell ਨੇ ਆਪਣੀ ਪੁਸਤਕ The Analysis of Mind ਵਿੱਚ ਇਸ ਤੱਥ ਨੂੰ ਇਉਂ ਬਿਆਨ ਕੀਤਾ ਹੈ।

"Those who have a relatively direct vision of facts are often incapable of translating their vision into words, while those who possess the words have usully lost the vision."

ਭੇਖੀ ਸੰਤ ਜਾਂ ਅਧਿਆਤਮਕ ਮੰਡਲ ਦੇ ਛਲੀ ਕਪਟੀ ਲੋਕ ਅਕਸਰ ਸਾਧਾਰਣ ਜਨਤਾ ਨੂੰ ਇਉਂ ਧੋਖਾ ਦਿੰਦੇ ਹਨ ਕਿ ਉਨ੍ਹਾਂ ਦੇ ਕੰਨ ਉਗਲੀਆਂ ਦੇ ਨਾਲ ਬੰਦ ਕਰਕੇ ਉਨ੍ਹਾਂ ਨੂੰ ਕਹਿੰਦੇ ਹਨ ਕਿ ਆਪਣੇ ਅੰਦਰੋਂ ਨਾਦ ਸੁਣੋ, ਜੋ ਆਵਾਜ਼ ਇਉਂ ਸੁਣਾਈ ਦਿੰਦੀ ਹੈ ਉਹ ਤਾਂ ਏਵੇਂ ਭਿਣ ਭਿਣ ਹੀ ਹੈ ਜੋ ਨਾੜੀਆਂ ਵਿੱਚ ਖੂਨ ਦਾ ਦੋਰਾ ਕਰਨ ਨਾਲ ਪੈਦਾ ਹੁੰਦੀ ਹੈ। ਪਰ ਉਹ ਇਸ ਤਰ੍ਹਾਂ ਨਾਦ ਸੁਣਨ ਦਾ ਭਰਮ ਪੈਦਾ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਦਾ ਅਨਹਦ ਸ਼ਬਦ ਤਾਂ ਖਾਸ ਯੋਗਿਕ ਆਸਨਾ ਬਿਨਾ ਹੀ ਸੁਣਾਈ ਦਿੰਦਾ ਹੈ। ਇਹ ਪੈਦਾ ਤਾਂ ਹੁੰਦਾ ਹੈ ਜਦ ਨਿੱਜ ਆਪਾ ਤੇ ਜਗਤ ਆਤਮਾ ਇੱਕ ਸੁਰਤਾ ਦੀ ਦਸ਼ਾ ਵਿੱਚ ਹੋਣ। ਜਦ ਸਾਡਾ ਅੰਤ੍ਰੀਵ ਆਤਮਾ ਤੇ ਸਾਰਾ ਸੰਸਾਰ ਇੱਕ ਸੁਰ ਹੋਣ ਤੇ ਇਉਂ ਪ੍ਰਤੀਤ ਹੋਵੇ ਕਿ ਜਿੰਦਗੀ ਦੇ ਸਾਰੇ ਪ੍ਰਵਾਹ ਤੇ ਸਾਰੀ ਪ੍ਰਾਕ੍ਰਿਤੀ ਅਕਾਲ ਪੁਰਖ ਦੇ ਅੰਦਰ ਵੱਸ ਰੱਸ ਰਹੇ ਹਨ ਤਾਂ ਇਹ ਅਨਹਦ ਸ਼ਬਦ ਸੁਣਾਈ ਦਿੰਦਾ ਹੈ। ਇਸ ਸਹਜ ਅਵਸਥਾ ਵਿੱਚ ਪਰਮਾਤਮਾ ਨਾਲ ਅਭੇਦਤਾ ਪ੍ਰਾਪਤ ਹੁੰਦੀ ਹੈ।

ਸਹਜ ਗੁਫਾ ਮਹਿ ਆਸਣੁ ਬਾਧਿਆ॥

ਜੋਤਿ ਸਰੂਪ ਅਨਾਹਦੁ ਵਾਜਿਆ॥ (ਅੰਕ 370)

ਜਦ ਤੀਕ ਜੀਵ-ਆਤਮਾ ਨੌ ਦੁਆਰਿਆਂ ਚੋਂ ਸਿਮਟ ਕੇ ਦਸਵੇਂ ਦੁਆਰ ਵਿੱਚ ਪਹੁੰਚ ਕੇ ਸ਼ਬਦ ਨਾਲ ਮਿਲਾਪ ਨਹੀਂ ਕਰਦੀ ਇਸ ਦਾ ਅੰਦਰ ਅੰਧਕਾਰ ਨਾਲ ਭਰਿਆ ਰਹਿੰਦਾ ਹੈ ਅਤੇ ਇਹ ਆਪਣਾ ਰੁਹਾਨੀ ਸਫਰ ਤੈਅ ਕਰ ਕੇ ਨਿੱਜ ਘਰ ਵਾਪਸ ਨਹੀਂ ਪਹੁੰਚ ਸਕਦੀ। ਦੁਜੇ ਗੁਰੂ ਨਾਨਕ ਜੀ ਦਾ ਹੁਕਮ ਹੈ:-

ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ॥

ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ॥

ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ॥

ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ॥ (ਅੰਕ 954)

ਸੰਸਾਰ ਦੇ ਬਹੁਤੇ ਲੋਕ ਇਹ ਸੋਚਦੇ ਹਨ ਕਿ ਅਸਲ ਮਤਲਬ ਤਾਂ ਪਰਮਾਤਮਾ ਦੀ ਭਗਤੀ ਨਾਲ ਹੈ ਅਤੇ ਜਪ, ਤਪ, ਪੂਜਾ, ਪਾਠ, ਪੁੰਨ, ਦਾਨ, ਤੀਰਥ, ਵਰਤ, ਪ੍ਰਾਣਾਯਾਮ, ਹੱਠ ਕਰਮ, ਮੂਰਤੀ ਪੂਜਾ ਆਦਿ ਕੋਈ ਨ ਕੋਈ ਸਾਧਨ ਕਰਨਾ ਚਾਹੀਦਾ ਹੈ ਤਾਂ ਜੋ ਪਰਮਾਤਮਾ ਨਾਲ ਮਿਲਾਪ ਹੋ ਸਕੇ। ਪਰ ਇਹ ਬਹੁਤ ਵੱਡਾ ਭੁਲੇਖਾ ਹੈ। ਗੁਰੂ ਸਾਹਿਬਾਨ ਅਨੁਸਾਰ ਪਰਮਾਤਮਾ ਨਾਲ ਮਿਲਾਉਣ ਵਾਲੀ ਅਸਲ ਪੂਜਾ ਜਾਂ ਭਗਤੀ ਸ਼ਬਦ ਜਾਂ ਨਾਮ ਦੀ ਕਮਾਈ ਹੈ। ਇਸ ਨਾਲ ਹੀ ਮਨ ਨਿਰਮਲ ਹੁੰਦਾ ਹੈ ਅਤੇ ਇਸ ਦੁਆਰਾ ਹੀ ਜੀਵ ਆਪਣੀ ਅਸਲ ਮੰਜਲ ਉਤੇ ਪਹੁੰਚਣ ਦੇ ਕਾਬਲ ਬਣਦਾ ਹੈ। ਦੂਸਰੀ ਕੋਈ ਭਗਤੀ, ਪੂਜਾ ਜਾਂ ਕੋਈ ਹੋਰ ਤਰਕੀਬ ਜੀਵ ਨੂੰ ਪਰਮਾਤਮਾ ਨਾਲ ਨਹੀਂ ਮਿਲਾ ਸਕਦੀ, ਲੋਕ ਏਵੇਂ ਵਹਿਮਾਂ ਵਿੱਚ ਪੈ ਕੇ ਭਟਕ ਰਹੇ ਹਨ। ਗੁਰੂ ਜੀ ਨੇ ਕਿਹਾ ਹੈ:-

ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ॥

ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ॥ (ਅੰਕ 145)

ਨਾਮੁ ਵਿਸਾਰਿ ਚਲਹਿ ਅਨ ਮਾਰਗਿ ਅੰਤ ਕਾਲਿ ਪਛੁਤਾਹੀ॥ (ਅੰਕ 1153)

ਉਹ ਪਰਮਾਤਮਾ ਵੀ ਇੱਕ ਹੈ ਅਤੇ ਉਸਦਾ ਨਿਯਮ ਜਾਂ ਹੁਕਮ ਵੀ ਸਾਰੇ ਸੰਸਾਰ ਲਈ ਅਤੇ ਸਦਾ ਲਈ ਇੱਕ ਹੈ।

ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ॥ (ਅੰਕ 1046)

ਉਹ ਵਿਧਾਨ, ਕਾਨੂੰਨ ਜਾਂ ਹੁਕਮ ਇਹ ਹੈ ਕਿ ਬਿਨਾ ਪੂਰਨ ਗੁਰੂ ਦੇ ਨਾਮ ਨਹੀਂ ਮਿਲਦਾ ਅਤੇ ਬਿਨਾ ਨਾਮ ਦੇ ਮੁਕਤੀ ਨਹੀਂ ਮਿਲਦੀ। ਗੁਰੂ ਸਾਹਿਬਾਨ ਨੇ ਨਾਮ ਦੀ ਕਮਾਈ ਨੂੰ ਸੱਚੀ ਗੁਰਮਤਿ ਕਿਹਾ ਹੈ। ਜੋ ਲੋਕ ਗੁਰਮਤਿ ਦੇ ਸੱਚੇ ਮਾਰਗ ਨੂੰ ਵਿਸਾਰ ਕੇ ਕਿਸੇ ਦੂਸਰੇ ਮਾਰਗ ਨੂੰ ਧਾਰਨ ਕਰਦੇ ਹਨ ਉਨ੍ਹਾਂ ਨੂੰ ਅੰਤ ਸਮੇਂ ਪਛਤਾਉਣਾਂ ਪੈਂਦਾ ਹੈ। ਅਜਿਹੇ ਲੋਕ ਸਦਾ ਚੌਰਾਸੀ ਦੇ ਗੇੜ ਵਿੱਚ ਪਏ ਰਹਿੰਦੇ ਹਨ ਅਤੇ ਨਰਕਾਂ ਦੇ ਦੁੱਖ ਭੋਗਦੇ ਹਨ। ਲਿਵ ਨੂੰ ਅੰਦਰੋਂ ਨਾਮ ਨਾਲ ਜੋੜਿਆਂ ਹੀ ਉਸ ਅਵਿਨਾਸ਼ੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ, ਨਾਮ ਕਿਸੀ ਵੀ ਜੀਵ ਦੇ ਅੰਦਰ ਆਪਣੇ ਆਪ ਪ੍ਰਗਟ ਨਹੀਂ ਹੋ ਸਕਦਾ ਕੋਈ ਵੀ ਜੀਵ ਸਰਵ ਸ਼ਕਤੀਮਾਨ ਅਤੇ ਸਰਵ ਗਿਆਤਾ ਪ੍ਰਭੂ ਜਾਂ ਉਸ ਦੇ ਨਾਮ ਨੂੰ ਆਪਣੀ ਬੁੱਧੀ ਬਲ ਜਾਂ ਚਤੁਰਾਈ ਦੁਆਰਾ ਨਹੀਂ ਪਕੜ ਸਕਦਾ। ਸਤਿ ਸੰਗਤ ਵਿੱਚ ਜਾ ਕੇ ਸਤਿਗੁਰੂ ਦੀ ਨਦਰ ਦੁਆਰਾ ਹੀ ਇਹ ਨਾਮ ਅੰਦਰੋਂ ਪ੍ਰਗਟ ਹੁੰਦਾ ਹੈ। ਨਾਮ ਹੀ ਸੱਚਾ ਧਨ ਹੈ, ਨਾਮ ਹੀ ਸੱਚਾ ਸੁੱਖ ਹੈ, ਨਾਮ ਹੀ ਸੱਚਾ ਰਾਜ ਹੈ ਅਤੇ ਨਾਮ ਹੀ ਸੱਚਾ ਸਬੰਧੀ-ਸਹਾਇਕ ਹੈ। ਨਾਮ ਉਹ ਅਮੋਲਕ ਪੂੰਜੀ ਹੈ ਜਿਸ ਨੂੰ ਪਾ ਕੇ ਜੀਵ ਸਦਾ ਲਈ ਜਨਮ ਮਰਨ ਦੇ ਬੰਧਨਾ ਤੋਂ ਆਜਾਦ ਹੋ ਜਾਂਦਾ ਹੈ ਅਤੇ ਪਰਮ ਸੁੱਖ ਦਾ ਭਾਗੀ ਬਣ ਜਾਂਦਾ ਹੈ।

ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ॥

ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ॥ (ਅੰਕ 497)

ਦਾਸ

ਮਹਿੰਦਰ ਸਿੰਘ ਡਿੱਡਨ

Mob.: 9811526843

New Delhi, India
.