.

ਬਚਿਤ੍ਰ ਨਾਟਕ ਗ੍ਰੰਥ/ ਅਖਉਤੀ ਦਸਮ ਗ੍ਰੰਥ ਦੀ ਬ੍ਰਾਹਮਣੀ-ਗ੍ਰੰਥਾਂ ਨਾਲ ਤੁਲਨਾ

ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ ਦਾ ਪੰਜਾਬੀ ਅਨੁਵਾਦ ਗੋਬਿੰਦ ਸਦਨ, ਮਹਰੋਲੀ, ਦਿੱਲੀ ਵਾਲਿਆਂ ਨੇ ਡਾ: ਰਤਨ ਸਿੰਘ ਜੱਗੀ (ਪਟਿਆਲਾ) ਤੋ ਕਰਵਾ ਕੇ ਪੰਜ ਪੋਥੀਆਂ ਵਿੱਚ ਛਪਵਾਇਆ। ਪਹਿਲੀ ਪੋਥੀ ਵਿੱਚ ਲਿਖੀ ਭੂਮਿਕਾ ਸਿਧ ਕਰਦੀ ਹੈ ਕਿ ਇਹ ਗ੍ਰੰਥ ਪ੍ਰਮਾਣੀਕ ਗ੍ਰੰਥ ਨਹੀ। ਕਈ ਥਾਂਈ ਪਾਠ-ਅੰਤਰ ਹਨ। ਇਹ ਗ੍ਰੰਥ ਹੇਠ ਲਿਖੇ ਬ੍ਰਾਹਮਣੀ-ਗ੍ਰੰਥਾਂ ਤੇ ਆਧਾਰਿਤ ਹੈ ਜਿਨ੍ਹ੍ਹਾਂ ਦੇ ਹਿੰਦੀ-ਅਨੁਵਾਦ ਨਾਲ ਕੀਤੀ ਤੁਲਨਾ ਇਸ ਪ੍ਰਕਾਰ ਹੈ:-

(1) ਸ਼੍ਰੀ ਮਾਰਕੰਡੇਯ ਪੁਰਾਣ (ਭਾਸ਼ਾ); ਸੰਪਾਦਕ ਪੰਡਿਤ ਰਾਮ ਜੀ ਸ਼ਰਮਾ; ਪ੍ਰਕਾਸ਼ਕ ਸ਼੍ਰੀ ਦੁਰਗਾ ਪੁਸਤਕ ਭੰਡਾਰ, 527, ਏ/2, ਕੱਕੜ ਨਗਰ, ਇਲਾਹਾਬਾਦ; ਮੁਦ੍ਰਕ ਪੰਚੁਅਲ ਪ੍ਰਿੰਟਿੰਗ ਪ੍ਰੈਸ, ਇਲਾਹਾਬਾਦ (ਕੀਮਤ 150 ਰੁਪਏ)। ਕੁਲ 512 ਪੰਨੇ।

ਇਸ ਪੁਰਾਣ ਵਿੱਚ ਦੁਰਗਾ ਦੇਵੀ ਦੇ ਅਵਤਾਰ ਚਰਿਤ੍ਰਾਂ ਦਾ ਵਰਣਨ ਹੈ। ਇਸ ਪੁਸਤਕ ਵਿੱਚ ਪੰਨਾ 299 ਤੋਂ 353 ਤਕ ਦੇਵੀ ਦੁਰਗਾ ਦੇ ਮਧੁ-ਕੈਟਭ, ਮਹਿਸ਼ਾਸੁਰ, ਧੁਮ੍ਰਲੋਚਨ, ਚੰਡ, ਮੁੰਡ, ਰਕਤਬੀਜ, ਨਿਸ਼ੁੰਭ, ਸ਼ੁੰਭ ਦੈਂਤਾਂ ਨਾਲ ਹੋਏ ਜੁਧਾਂ ਦਾ ਵਰਣਨ ਹੈ। ਇਹਨਾਂ ਦੈਂਤਾਂ ਨੂੰ ਮਾਰ ਕੇ ਦੇਵਰਾਜ ਇੰਦਰ ਦਾ ਖੁਸਿਆ ਰਾਜ ਦੈਂਤਾਂ ਤੋਂ ਵਾਪਸ ਦੁਆਇਆ। ਇੰਦਰ ਅਤੇ ਹੋਰ ਸਾਰੇ ਦੇਵਤਿਆਂ ਨੇ ਦੇਵੀ ਦੀ ਉਸਤਤਿ ਕੀਤੀ; ਦੇਵੀ ਨੇ ਪ੍ਰਸੰਨ ਹੋ ਕੇ ਦੇਵਤਿਆਂ ਨੂੰ ਵਰ ਦਿੱਤੇ। ਪੰਨਾ 353 ਤੋ 357 ਤਕ ਦੇਵੀ ਚਰਿਤ੍ਰਾਂ ਦੇ ਪਾਠ ਦਾ ਮਹਾਤਮ ਲਿਖਿਆ ਹੈ।

ਬਚਿਤ੍ਰ ਨਾਟਕ ਗ੍ਰੰਥ ਦੇ ਪੰਨਾ 74 ਤੋਂ 99 ਤਕ ਅਥ ਚੰਡੀ ਚਰਿਤ ਉਕਤਿ ਬਿਲਾਸ ਹੂ-ਬ-ਹੂ ਇਸੇ ਤਰਤੀਬ ਵਿੱਚ ਲਿਖਿਆ ਹੈ; ਫਿਰ ਪੰਨਾਂ 99 ਤੋਂ 119 ਤਕ ਇਸੇ ਪ੍ਰਸੰਗ ਨੂੰ ਦੁਹਰਾਇਆ ਗਿਆ ਹੈ ਅਤੇ ਫਿਰ ਤੀਜੀ ਵਾਰੀ ਇਹੀ ਪ੍ਰਸੰਗ ਪੰਨਾ 119 ਤੋਂ 127 ਤਕ ਵਾਰ ਸ੍ਰੀ ਭਗਉਤੀ ਜੀ ਕੀ ਸਿਰਲੇਖ ਹੇਠ ਲਿਖਿਆ ਹੈ। ਡਾ: ਰਤਨ ਸਿੰਘ ਜੱਗੀ, ਜਿਨ੍ਹ੍ਹਾਂ ਨੇ ਅਖਉਤੀ ਦਸਮ ਗ੍ਰੰਥ ਦੇ ਪੰਜ ਪੋਥੀਆਂ ਵਿੱਚ ਅਰਥ ਕੀਤੇ ਹਨ, ਲਿਖਦੇ ਹਨ ਕਿ ਇਸ ਵਾਰ ਦਾ ਪਹਿਲੋਂ ਸਿਰਲੇਖ ਵਾਰ ਦੁਰਗਾ ਕੀ ਸੀ (ਪੰਨਾ 314, ਭਾਗ ਪਹਿਲਾ)। ਕਿਸੇ ਨੇ ਬਾਦ ਵਿੱਚ ਇਸਦਾ ਸਿਰਲੇਖ ਬਦਲ ਕੇ ਵਾਰ ਸ੍ਰੀ ਭਗਉਤੀ ਜੀ ਕੀ ਲਿਖ ਦਿੱਤਾ; ਸਮਾਪਤੀ ਸੰਕੇਤ ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰਸਤ. .॥ ਅਖਉਤੀ ਦਸਮ ਗ੍ਰੰਥ ਦੇ ਪੰਨਾ 127 ਤੇ ਸਪਸ਼ਟ ਲਿਖਿਆ ਹੈ। ਅਨੇਕਾਂ ਥਾਂਈਂ ਲਿਖੇ ਮੰਗਲਾਚਰਨ ਸ੍ਰੀ ਭਗਉਤੀ ਜੀ ਸਹਾਇ॥ …. ਸ੍ਰੀ ਭਗੌਤੀ ਏ ਨਮਹ॥ . . ਸਿਧ ਕਰਦੇ ਹਨ ਕਿ ਅਖਉਤੀ ਦਸਮ ਗ੍ਰੰਥ ਦੇ ਲਿਖਾਰੀ ਯਕੀਨਨ ਕੋਈ ਦੇਵੀ-ਪੂਜਕ ਹੀ ਹੋ ਸਕਦੇ ਹਨ; ਗੁਰੂ ਗੋਬਿੰਦ ਸਿੰਘ ਸਾਹਿਬ ਨਹੀ ਹਨ।

ਇਸ ਮਾਰਕੰਡੇਯ ਪੁਰਾਣ ਦੇ ਪੰਨਾ 451 ਤੋਂ ਅਖੀਰਲੇ ਪੰਨੇ 512 ਤਕ ਅਨੇਕਾਂ ਤਰ੍ਹਾਂ ਦੀ ਦੁਰਗਾਪਾਠ ਦੀ ਵਿਧੀ ਦੱਸੀ ਗਈ ਹੈ। ਮਾਰਕੰਡੇਯ ਉਵਾਚ (ਪੰਨਾ 462 ਤੋਂ 465 ਤਕ) ਦੁਰਗਾ-ਉਸਤਤਿ ਦੇ ਕੁੱਝ ਅੰਸ਼ ਇਸ ਪ੍ਰਕਾਰ ਹਨ:-

ਓਮ ਜਯੰਤੀ ਮੰਗਲਾ ਕਾਲੀ ਭਦ੍ਰਕਾਲੀ ਕਪਾਲਿਨੀ। ਦੁਰਗਾ ਛਿਮਾ ਸ਼ਿਵਾ ਧਾਤ੍ਰੀ ਸਵਾਹਾ ਸਵਧਾ ਨਮੋਸਤੁ ਤੇ॥ 1॥ ……ਰਕਤਬੀਜ ਵਧੇ ਦੇਵਿ ਚੰਡ ਮੁੰਡ ਵਿਨਾਸ਼ਿਨੀ. . ਸ਼ੁੰਭਸਯੈਵ ਨਿਸ਼ੁੰਭਸਯ ਧੁਮ੍ਰਾਛਸਯ ਚ ਮਰਦਿਨਿ॥ ਰੁਪੰ ਦੇਹਿ ਜਯੰ ਦੇਹਿ ਯਸ਼ੋ ਦੇਹਿ. . ਇਦੰ ਸਤੋਤ੍ਰੰ ਪਠਿਤਵਾ ਤੁ ਮਹਾਸਤੋਤ੍ਰੰ (ਦੁਰਗਾ ਸਪਤਸ਼ਤੀ) ਪਠੇਂਨਰ:॥ ਸਤੁ ਸਪਤਸ਼ਤੀ ਸੰਖਯਾਵਰ ਮਾਪਨੋਤਿ ਸੰਪਦਾਮ੍ਹ੍ਹ॥ 25॥

ਇਸੇ ਸ਼ਬਦਾਵਲੀ ਵਿੱਚ ਦੇਵੀ ਉਸਤਤਿ ਅਖਉਤੀ ਦਸਮ ਗ੍ਰੰਥ ਦੇ ਪੰਨਾ 809 ਤੇ ਦੇਵੀ-ਪੂਜਕ ਲਿਖਾਰੀ ਨੇ ਲਿਖੀ ਹੈ।

ਸਪਸ਼ਟ ਹੈ ਕਿ ਅਖਉਤੀ ਦਸਮ ਗ੍ਰੰਥ ਵਿੱਚ ਮਾਰਕੰਡੇਯ ਪੁਰਾਣ ਦਾ ਅਨੁਵਾਦ ਹੀ ਹੈ ਜੋ ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਉਕਾ ਹੀ ਮੇਲ ਨਹੀ ਖਾਂਦਾ।

(2) ਸ਼੍ਰੀਮਦ ਭਾਗਵਤ-ਭਾਸ਼ਾ ਸੁਖ ਸਾਗਰ, ਬਾਰਹ ਸਕੰਧ, ਅਨੁਵਾਦ-ਕਰਤਾ ਕਵਿ-ਭੂਸ਼ਣ ਮੁਕੰਦ, ਸਪੈਸ਼ਲ ਸੰਸਕਰਣ 1998; ਮੁੱਲ 300 ਰੁਪਏ; ਮਿਲਣ ਦਾ ਪਤਾ- ਨਯੂ ਸਟੈਂਡਰਡ ਪਬਲੀਕੇਸ਼ਨਜ਼, 1813, ਚੰਦ੍ਰਾਵਲ ਰੋਡ, ਦਿੱਲੀ-110007, ਕੁਲ 880 ਪੰਨੇ।

ਇਸ ਪੁਰਾਣ ਵਿੱਚ 12 ਸਕੰਧ (ਅਧਿਆਇ) ਹਨ ਜਿਨ੍ਹ੍ਹਾਂ ਵਿੱਚ ਵਿਸ਼ਨੂੰ ਦੇ ਅਵਤਾਰਾਂ ਦਾ ਜ਼ਿਕਰ ਹੈ। ਸਤਵੇਂ, ਅਠਵੇਂ ਅਤੇ ਨੋਵੇਂ ਸਕੰਧਾਂ ਵਿੱਚ ਵਿਸ਼ਨੂੰ ਦੇ 20 ਅਵਤਾਰਾਂ (ਰਾਮ ਅਵਤਾਰ ਤਕ) ਦਾ ਜ਼ਿਕਰ ਹੈ ਅਤੇ ਅਖਉਤੀ ਦਸਮ ਗ੍ਰੰਥ ਦੇ ਪੰਨਾ 155 ਤੋਂ 254 ਤਕ ਅਥ ਚੌਬੀਸ ਅਵਤਾਰ ਕਥਨੰ ਸਿਰਲੇਖ ਹੇਠ ਲਿਖੇ ਹਨ। ਦਸਮ ਸਕੰਧ (ਪੰਨਾ 488 ਤੋਂ 822) ਵਿੱਚ ਕ੍ਰਿਸ਼ਨਾਵਤਾਰ ਦੀਆਂ ਕਥਾਵਾਂ ਉਸੇ ਤਰਤੀਬ ਵਿੱਚ ਲਿਖੀਆਂ ਹਨ ਜਿਹਾ ਕਿ ਅਖਉਤੀ ਦਸਮ ਗ੍ਰੰਥ ਵਿੱਚ ਪੰਨਾ 254 ਤੋਂ 570 ਤਕ। (ਨੋਟ; ਬਚਿਤ੍ਰ ਨਾਟਕ ਗ੍ਰੰਥ ਦੇ ਲਿਖਾਰੀ ਨੇ ਵਿਸ਼ਨੂੰ ਦੇ 23ਵੇਂ (ਬੁੱਧ), 24ਵੇਂ (ਹਰਿ ਜੂ ਅਰਥਾਤ ਨਿਹਕਲੰਕੀ, ਸ਼ੁਦ੍ਰਾਂ ਨੂੰ ਮਾਰਣ ਵਾਲਾ! ? ਗੁਰੂ ਗੋਬਿੰਦ ਸਿੰਘ ਸਾਹਿਬ ਸ਼ੂਦਰਾਂ ਨੂੰ ਸਰਦਾਰੀਆਂ ਬਖਸ਼ਣ ਵਾਲੇ ਹਨ ਜਿਸਤੋਂ ਸਾਬਤ ਹੁੰਦਾ ਹੈ ਕਿ ਲਿਖਾਰੀ ਗੁਰੂ ਸਾਹਿਬ ਨਹੀ) ਅਤੇ 25ਵੇਂ (ਮਹਿਦੀ ਮੀਰ?) ਦੀ ਕਥਾ, ਜੋ ਭਾਗਵਤ-ਪੁਰਾਣ ਵਿੱਚ ਨਹੀ, ਕਿਥੋਂ ਲਈ ਹੈ ਲਿਖਾਰੀ-ਕਵੀ-ਸ਼ਯਾਮ ਹੀ ਜਾਣੇ)।

(3) ਸ਼੍ਰੀ ਸ਼ਿਵ ਮਹਾਪੁਰਾਣ, ਸੰਪਾਦਕ ਪੰਡਿਤ ਰਾਜ ਕੁਮਾਰ ਪਾਂਡੇਯ, ਤਿਲੋਈ (ਰਾਯ-ਬਰੇਲੀ), ਪ੍ਰਕਾਸ਼ਕ; ਨਯੂ ਸਟੈਂਡਰਡ ਪਬਲੀਕੇਸ਼ਨਜ਼, 1813, ਚੰਦ੍ਰਾਵਲ ਰੋਡ, ਮਲਕਾ ਗੰਜ, ਦਿੱਲੀ-110007; ਕੀਮਤ 130 ਰੁਪਏ। ਕੁਲ 770 ਪੰਨੇ।

ਇਸ ਪੁਰਾਣ ਵਿੱਚ ਸ਼ਿਵ ਦੇ ਅਵਤਾਰਾਂ ਦਾ ਜ਼ਿਕਰ ਹੈ। ਪੰਨਾ 454 ਤੇ ਦਵਾਦਸ਼ ਜਯੋਤੀਰਲਿੰਗ ਦੀ ਕਥਾ (ਸ਼ਿਵ ਦੇ 12 ਅਵਤਾਰਾਂ ਦੀ ਕਥਾ) ਮੁਤਾਬਿਕ ਉਜੈਨ (ਮੱਧ ਪ੍ਰਦੇਸ਼, ਨਰਮਦਾ ਨਦੀ ਦੇ ਕੰਡੇ) ਵਿੱਚ ਮਹਾਕਾਲ ਦਾ ਬਹੁਤ ਵੱਡਾ ਮੰਦਿਰ ਹੈ। ਪੰਨਾ 487 ਤਕ ਮਹਾਕਾਲ ਦੀ ਉਤਪਤੀ (ਨੋਟ: ਅਖਉਤੀ ਦਸਮ ਗ੍ਰੰਥ ਵਿੱਚ ਲਿਖਾਰੀ ਕਵੀ ਸਯਾਮ ਹਰ-ਹੀਲੇ ਸਾਰੇ ਦੇਵਤਿਆਂ, ਅਵਤਾਰਾਂ, ਮਹਾਪੁਰਖਾਂ, ਮਨੁਖਾਂ ਨੂੰ ਮਹਾਕਾਲ ਦਾ ਉਪਾਸਕ ਬਣਾਉਣਾ ਚਾਹੁੰਦਾ ਹੈ; ਵੇਖੋ, ਚਰਿਤ੍ਰੋ ਪਾਖਯਾਨ ਨੰ: 266, ਬ: ਨਾਟਕ ਗ੍ਰੰਥ ਪੰਨਾ 1210)

ਇਸ ਸ਼ਿਵ ਪੁਰਾਣ ਵਿੱਚ ਪੰਨਾ 28 ਤੇ ਸ਼੍ਰੀ ਸ਼ਿਵ-ਸਹਸਤ੍ਰਨਾਮਾ (1000 ਨਾਮ, ਸੰਸਕ੍ਰਿਤ ਵਿਚ) ਵਿਸ਼ਨੂੰ-ਉਵਾਚ ਦੇ ਅਰਥ (ਭਾਸ਼ਾ-ਅਨੁਵਾਦ) ਪੰਨਾ 518 ਤੋਂ 528 ਤਕ ਲਿਖੇ ਹਨ, ਜਿਸ ਵਿੱਚ ਵਰਤੇ ਗੁਣ-ਵਾਚਕ ਕੁੱਝ ਲਫ਼ਜ਼ / ਅਰਥ ਇਹ ਹਨ:- ਸੁਖ ਕੇ ਦਾਤਾ, ਪਾਰਬ੍ਰਹਮ, ਪਰਮਾਤਮਾ, ਵਿਸ਼ਵ-ਪਾਲਕ, ਅਵਿਨਾਸ਼ੀ, ਦੇਵਾਧਿਦੇਵ, ਸਾਰੇ ਦੇਵੋਂ ਮੇ ਬੜੇ, ਕਾਲੋਂ ਕੇ ਕਾਲ (ਕਾਲਕਾਲ: ), ਤੇਜੋਮਯ, ਅੰਮ੍ਰਿਤਮਯ, ਸਰਵੇਸ਼ਵਰ, ਓਂਕਾਰ ਸਰੂਪ, ਨੀਲਕੰਠ, ਸਰਵ ਵਿਆਪਕ, ਸਰਵ-ਸਮਰਥ, ਸ੍ਰਿਸ਼ਟੀ-ਕਰਤਾ, ਮ੍ਰਿਤੂ-ਰਹਿਤ (ਅਕਾਲੇ), ਚੰਦ੍ਰ ਰੂਪ, ਸਵਯੰ ਪ੍ਰਕਾਸ਼ (ਸੈਭੰ) , ਸਬ ਕੇ ਨਾਥ, ਅਭਯ, ਅਮਰ, ਸਬਸੇ ਪ੍ਰਥਮ, ਲੋਕ ਪਾਲਕ, ਅਜਨਮਾ, ਲੋਕ ਨਾਥ, ਨਿਤਯ ਅੰਮ੍ਰਿਤਮਯ, ਸ਼ਾਂਤ-ਰੂਪ, ਤੇਜੋਂ ਕੇ ਭੀ ਤੇਜਰੂਪ (ਨਮੋ ਤੇਜ ਤੇਜੇ), ਸਰਵ-ਮਹਾਨ, ਅਜੇਯ, ਪਾਪ-ਨਾਸ਼ਕ, ਸਰਵ-ਕਰਤਾ, ਇੰਦ੍ਰ-ਰੂਪ, ਮੁਕਤੀ-ਦਾਤਾ, ਨਿਰਭਯ, ਵਿਸ਼ਵੇਸ਼ਵਰ, ਵਿਸ਼ਵ-ਵਯਾਪੀ, ਅਘ-ਨਾਸ਼ਕ, ਅਗੰਮਯ, ਸ਼ਤਰੂ-ਨਾਸ਼ਕ, ਦੇਵੋਂ ਕੇ ਰਾਜਾ, ਸੁੰਦਰ-ਸਰੂਪ, ਸ਼ਬਦ-ਰੂਪ, ਦੇਵ-ਦਾਨਵ-ਮਿਤ੍ਰ, ਈਸ਼ਵਰ, ਅੰਤ-ਰਹਿਤ, ਮੂਰਤੀ ਆਕਾਰ ਸੇ ਰਹਿਤ, ਦੋਸ਼-ਰਹਿਤ, ਪਵਿਤ੍ਰ, ਧਤੂਰੇ ਕੇ ਸੇਵਨ-ਕਰਤਾ, ਕਲਾਧਾਰੀ, ਮਹਾਕਾਲ-ਰੂਪ, ਅਜੇਯ, ਪ੍ਰਕਾਸ਼ਮਯ, ਪ੍ਰਿਥਵੀ-ਨਾਥ, ਬ੍ਰਹਮਰੂਪ, ਵਾਮਦੇਵ, ਨਿਤਯ-ਅਨੰਦ-ਰੂਪ, ਸਰਵ-ਆਤਮਾ, ਸਰਵਗਯ, ਸਦਾ-ਸ਼ਾਂਤ-ਰੂਪ (ਨਮੋ ਸ਼ਾਂਤ ਰੂਪੇ), ਸਰਪ ਕੇ ਕੁੰਡਲੋਂ ਵਾਲੇ, ਸਦਾ ਅਮਰ, ਸ਼ਰੀਰਧਾਰੀ, ਨਿਸ਼-ਕਲੰਕ, ਸੰਤਾਨ-ਰਹਿਤ, ਨਰ ਨਾਸ਼ਕ, ਸ਼ਾਂਤ-ਬੁੱਧਿ, ਰਾਤ੍ਰੀ ਕੇ ਸਵਾਮੀ, ਰਕਸ਼ਕ, ਵਿਦਵਾਨੋ ਪਰ ਦਯਾਲੂ, ਪਾਰਵਤੀ ਜੀ ਕੇ ਸਾਥ ਰਹਨੇ ਵਾਲੇ, ਵੀਰਯ-ਦਾਤਾ ਭਗਵਾਨ ਸ਼ੰਕਰ ਸਦਾਸ਼ਿਵ ਮੇਰੀ ਰਕਸ਼ਾ ਕਰੋ। ਇਸ ਤਰ੍ਹਾਂ ਵਿਸ਼ਨੂੰ ਭਗਵਾਨ ਨੇ ਸ਼ਿਵ ਪੂਜਨ ਕੀਤਾ। (ਨੋਟ: ਐਸੀ ਕੁੱਝ ਗੁਣ-ਵਾਚਕ ਉਪਮਾ ਜਾਪ ਵਿੱਚ ਵੀ ਲਿਖੀ ਹੈ)।

ਸ਼ਿਵ ਪੁਰਾਣ ਦੇ ਪੰਨਾ 16 ਤੇ ਅਥ ਸ਼੍ਰੀ ਸ਼ਿਵ ਭੁਜੰਗ ਪ੍ਰਯਾਤ ਸਤੋਤ੍ਰਮ (ਜਾਪ ਵਿੱਚ ਭੁਜੰਗ ਪ੍ਰਯਾਤ ਛੰਦ) ਵਿੱਚ ਪਾਰਬ੍ਰਹਮ-ਰੂਪੰ ਜਾਣ ਕੇ ਸ਼ਿਵ-ਉਸਤਤਿ ਕੀਤੀ ਹੈ। ਪੰਨਾ 21 ਤੇ ਕਾਲਕਾਲੰ ਨਮੋਸਤੁ ਤੇ (ਨਮੋ ਕਾਲ ਕਾਲੇ॥ . . ਜਾਪ ਵਿਚ)। ਐਸੇ ਸ਼ਿਵ ਸਤੋਤ੍ਰੰ ਪੰਨਾ 38 ਤਕ ਲਿਖੇ ਹਨ।

ਇਸ ਸ਼ਿਵ ਪੁਰਾਣ ਦੇ ਪੰਨਾ 581 ਤੇ ਇਸਤ੍ਰੀਯੋਂ ਕੇ ਸਵਭਾਵ (nature) ਕਾ ਵਰਣਨ ਕਰਦਿਆਂ ਔਰਤਾਂ ਨੂੰ ਕਾਮੀ, ਵਿਭਚਾਰਨ, ਪਾਪ ਵਿੱਚ ਲਿਪਤ ਹੋਣ ਵਾਲੀ, ਕੁਟਿਲ, ਚਾਲਬਾਜ਼ ਆਦਿਕ ਅਨੇਕਾਂ ਦੋਸ਼ਾਂ ਨਾਲ ਭਰੀਆਂ ਦਸਿਆ ਹੈ। ਅਖਉਤੀ ਦਸਮ ਗ੍ਰੰਥ ਵਿੱਚ ਲਿਖੇ ਤ੍ਰਿਯਾ-ਚਰਿਤ੍ਰ (404 ਚਰਿਤ੍ਰੋ ਪਾਖਯਾਨ ਕਵਿ ਸ਼ਯਾਮ ਤੇ ਉਸਦੇ ਸਾਥੀ ਕਵਿ ਰਾਮ ਨੇ ਇਸੇ ਤੋਂ ਸੇਧ ਲੈਕੇ ਲਿਖੇ ਲਗਦੇ ਹਨ। (ਇਨ ਇਸਤ੍ਰਿਨ ਕੇ ਚਰਿਤ ਅਪਾਰਾ॥ ਸਜਿ ਪਛੁਤਾਨਯੋ ਇਨ ਕਰਤਾਰਾ॥ ਬਚਿਤ੍ਰ ਨਾਟਕ ਗ੍ਰੰਥ-ਪੰਨਾ 1278)

ਇਸ ਸ਼ਿਵ ਪੁਰਾਣ ਦੇ ਪੰਨਾ 615 ਤੋਂ 621 ਤਕ ਮਧੁ-ਕੈਟਭ ਵਧ, ਮਹਾਕਾਲੀ ਕਾ ਵਰਣਨ, ਮਹਿਖਾਸੁਰ, ਧੁਮ੍ਰਲੋਚਨ, ਚੰਡ, ਮੁੰਡ, ਰਕਤਬੀਜ, ਨਿਸ਼ੁੰਭ, ਸ਼ੁੰਭ ਦੈਂਤਾਂ ਦਾ ਦੇਵੀ ਚੰਡਿਕਾ (ਮਹਾਕਾਲੀ) ਨੇ ਵਧ ਕੀਤਾ। ਇਹ ਕਥਾ ਉਪਰ ਬਿਆਨ ਕੀਤੇ ਮਾਰਕੰਡੇਯ ਪੁਰਾਣ ਦੀ ਹੈ; ਤਿੰਨ ਵਾਰੀ ਇਹ ਕਥਾ ਕਵਿ ਸ਼ਯਾਮ ਨੇ ਬਚਿਤ੍ਰ ਨਾਟਕ ਗ੍ਰੰਥ ਵਿੱਚ ਲਿਖੀ ਹੈ।

(4) ਸ਼ਿਵ ਉਪਾਸਨਾ, ਲੇਖਕ ਸਤਯਵੀਰ ਸ਼ਾਸਤ੍ਰੀ; ਪ੍ਰਕਾਸ਼ਕ ਮਨੋਜ ਪਬਲੀਕੇਸ਼ਨਜ਼, 761, ਮੇਨ ਰੋਡ ਬੁਰਾੜੀ, ਦਿੱਲੀ-84; ਮੁਦ੍ਰਕ ਆਦਰਸ਼ ਪ੍ਰਿੰਟਰਜ਼, ਨਵੀਨ ਸ਼ਾਹਦਰਾ, ਦਿੱਲੀ-110032; ਸੰਸਕਰਣ 1999; ਕੀਮਤ 40 ਰੁਪਏ। ਕੁਲ 176 ਪੰਨੇ। ਇਸ ਪੁਸਤਕ ਵਿੱਚ ਸ਼ਿਵ-ਪੂਜਾ ਦੀ ਵਿਧੀ ਸ਼ਿਵ-ਪੁਰਾਣ ਦੇ ਆਧਾਰ ਤੇ ਸੰਖੇਪ ਰੂਪ ਵਿੱਚ ਦਸੀ ਗਈ ਹੈ। ਸ਼ਿਵ ਸਹਸਤ੍ਰ-ਨਾਮਾ ਦੇ ਅਰਥ ਪੰਨਾ 61 ਤੋਂ ਪੰਨਾ 93 ਤਕ ਸੰਸਕ੍ਰਿਤ ਦੇ ਹਰ ਅੱਖਰ ਦੇ ਅਰਥ ਨਿਖੇੜ ਕੇ (ਸੰਧਿ-ਵਿੱਛੇਦ ਕਰਕੇ) ਸਮਝਾਏ ਹਨ।

(5) ਮਹਾਕਾਲੀ ਉਪਾਸਨਾ; ਲੇਖਕ ਪੰਡਿਤ ਵਾਈ. ਐਨ. ਝਾ, ਟਾਂਡਾ ਰੋਡ, ਟੋਬਰੀ ਮੁਹੱਲਾ, ਮਕਾਨ ਨੰ: 61, ਜਲੰਧਰ ਸਿਟੀ (ਪੰਜਾਬ) ਪ੍ਰਕਾਸ਼ਕ ਅਮਿਤ ਪਾਕਟ ਬੁਕਸ, ਗਿਆਨ ਮਾਰਕਿਟ, ਨਜ਼ਦੀਕ ਚੌਕ ਅੱਡਾ ਟਾਂਡਾ, ਜਲੰਧਰ। ਕੀਮਤ 30 ਰੁਪਏ। ਕੁਲ 120 ਪੰਨੇ। ਸ਼ਿਵ-ਪਾਰਵਤੀ ਦੇ ਜੁੜਵੇਂ ਰੂਪ, ਜਿਸਦਾ ਸੱਜੇ ਹਥ ਵਾਲਾ ਹਿੱਸਾ ਮਰਦ (ਸ਼ਿਵ) ਦਾ ਦਸਿਆ ਹੈ ਅਤੇ ਖੱਬੇ (ਵਾਮ) ਹਥ ਵਾਲਾ ਹਿੱਸਾ ਔਰਤ (ਪਾਰਵਤੀ) ਦਾ ਦਸਿਆ ਹੈ, ਨੂੰ ਅਰਧ-ਨਾਰੀਸ਼ਵਰ ਦਸਿਆ ਗਿਆ ਹੈ। ਖੱਬੇ ਹਿੱਸੇ ਦੇ ਉਪਾਸਕ ਦੇਵੀ-ਪੂਜਕ ਅਥਵਾ ਵਾਮ-ਮਾਰਗੀ ਅਥਵਾ ਸ਼ਾਕਤ-ਮਤੀਏ ਅਥਵਾ ਤਾਂਤ੍ਰਿਕ ਕਹੇ ਜਾਂਦੇ ਹਨ। ਦੇਵੀ-ਪੂਜਾ ਜਾਨਵਰ ਦੀ ਬਲੀ ਦੇ ਕੇ, ਸ਼ਰਾਬ ਭੇਟਾ ਕਰਕੇ ਕਰਦੇ ਹਨ; ਦੇਵੀ-ਸ਼ਰਧਾਲੂਆਂ ਨੂੰ ਮਾਸ ਦੀ ਬੋਟੀ ਅਤੇ ਸ਼ਰਾਬ ਦਾ ਘੁੱਟ ਪਰਸ਼ਾਦ ਵਜੋਂ ਦਿੱਤਾ ਜਾਂਦਾ ਹੈ।

ਦੇਵੀ ਭਗਵਤੀ ਨੂੰ ਕਾਲੀ ਆਦਿ-ਸ਼ਕਤੀ, ਕਾਲਕਾ, ਸ਼ਿਵਾ, ਭਗਉਤੀ, ਭਵਾਨੀ, ਮਾਰਕੰਡੇਯ ਪੁਰਾਣ ਵਿੱਚ ਲਿਖਿਆ ਹੈ ਜਿਸਦਾ ਉਗ੍ਰ (ਅਤੀ ਡਰਾਉਣਾ) ਰੂਪ ਮਹਾਕਾਲੀ ਦਾ ਸਰੂਪ ਹੈ। ਵਖ ਵਖ ਸਮੇ ਅਲਗ ਅਲਗ ਹਾਲਾਤਾਂ ਵਿੱਚ ਪ੍ਰਗਟ ਹੋਈ। ਸ਼ਿਵ ਦੀ ਜਟਾ ਵਿਚੋਂ ਵੀ ਪ੍ਰਗਟ ਹੋਈ (ਦਕਸ਼ ਯੱਗ ਕਥਾ ਵਿਚ, ਸ਼ਿਵ ਪੁਰਾਣ) ਦਸੀ ਜਾਂਦੀ ਹੈ।

ਸ਼੍ਰੀ ਕਾਲੀ ਕਾਸ਼ਟਕਮ੍ਹ੍ਹ (ਪੰਨਾ 47) ਤੇ ਲਿਖਿਆ ਹੈ --- ਜਿਨਕੇ ਕੰਠ ਮੇਂ ਰਹਨੇ ਵਾਲੀ ਮੁੰਡਮਾਲਾ ਸੇ ਨਿਰੰਤਰ ਰਕਤਸ੍ਰਾਵ ਹੋ ਰਹਾ ਹੈ, ਜੋ ਮਹਾਘੋਰ ਸ਼ਬਦ ਕਰਨੇ ਵਾਲੀ ਔਰ ਬੜੇ ਬੜੇ ਦਾਂਤ ਸੇ ਅਤਯੰਤ ਭੀਸ਼ਣ ਹੈਂ, ਨੰਗੀ, ਸ਼ਮਸ਼ਾਨ ਮੇ ਨਿਵਾਸ ਕਰਨੇ ਵਾਲੀ, ਬਿਖਰੇ ਬਾਲੋਂ ਵਾਲੀ ਏਵੰ ਮਹਾਕਾਲ ਸੇ ਰਤਿ ਕੇ ਲਿਏ ਸਰਵਥਾ ਵਯਗ੍ਰ ਰਹਤੀ ਹੈਂ, ਵਹੀ ਕਾਲਿਕਾ ਕੇ ਨਾਮ ਸੇ ਵਿਖਯਾਤ ਹੈਂ। ਹੂ-ਬ-ਹੂ ਐਸਾ ਹੀ ਕਾਲ ਦਾ ਸਰੂਪ ਅਖਉਤੀ ਦਸਮ ਗ੍ਰੰਥ ਦੇ ਪੰਨਾ 810 ਤੇ ਲਿਖਿਆ ਹੈ:-

ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ॥ ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ॥ ਛੁਟੇ ਹੈਂ ਬਾਲ ਮਹਾਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ॥ ਛਾਡਤ ਜਵਾਲ ਲਏ ਕਰ ਬਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥

ਇਸ ਪੁਸਤਕ ‘ਮਹਾਕਾਲੀ ਉਪਾਸਨਾ’ ਦੇ ਲੇਖਕ ਨੇ ਪੰਨਾ 23-24 ਤੇ "ਸ਼੍ਰੀ ਦੁਰਗਾ ਜੀ ਔਰ ਮਹਾਕਾਲੀ ਜੀ ਕੇ ਉਪਾਸਕ" ਸਿਰਲੇਖ ਹੇਠ ਲਿਖਿਆ ਹੈ ਕਿ ‘ਛਤ੍ਰਪਤਿ ਗੁਰੂ ਗੋਬਿੰਦ ਸਿੰਘ’ ਤਥਾ ‘ਸ਼ਿਵਾਜੀ’ ਮਹਾਰਾਜ:- ਜਿਂਹੋਨੇ ਅਤਯੰਤ ਸੰਕਟ ਕਾਲ ਮੇਂ ਹਿੰਦੂ ਜਾਤਿ ਕੀ ਰਕਸ਼ਾ ਕੀ, ਅਨਯਥਾ ਨਰਾਧਮ ਔਰੰਗਜ਼ੇਬ ਬਾਦਸ਼ਾਹ ਕੇ ਅਤਯਾਚਾਰ ਕਾਲ ਮੇ ਹਿੰਦੂ ਜਾਤਿ ਕਾ ਲੇਸ਼ਮਾਤ੍ਰ ਭੀ ਨਹੀ ਬਚਤਾ। ਆਜ ਹਮ ਆਪ ਜੋ ਸ਼ਿਖਾ-ਯੁਕਤ ਔਰ ਜਨੇਉ-ਯੁਕਤ ਦਿਖਾਈ ਪੜ ਰਹੇ ਹੈਂ, ਯਹ ਇਨਹੀ ਦੋ ਮਹਾਨ ਵੀਰੋਂ ਕੇ ਕਾਰਯ ਕਾ ਫਲ ਹੈ। ਇਨ ਦੋਨੋ ਮਹਾਪੁਰਸ਼ੋਂ ਕੋ ‘ਜਗਦੰਬਾ’ ਜੀ ਨੇ ਆਜ ਸੇ 500 ਵਰਸ਼ (ਗਲਤ ਬਿਆਨੀ…. 300 ਸਾਲ) ਪਹਲੇ ਸਾਕਸ਼ਾਤ ਦਰਸ਼ਨ ਭੀ ਦਿਯਾ ਥਾ ਜਿਨਕੇ ਪਰਿਣਾਮ-ਸਰੂਪ ਇਤਨੇ ਬੜੇ ਕਾਰਯ ਕੋ ਕਰ ਸਕੇ। ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਪੰਡਿਤ ਵਾਈ. ਐਨ. ਝਾ ਵਰਗੇ ਲੋਕ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ-ਪੂਜਕ ਸਿਧ ਕਰਣ ਲਈ ਪੂਰਾ ਜ਼ੋਰ ਲਾ ਰਹੇ ਹਨ।

ਇਹ ਪੁਸਤਕ ਲਿਖਣ ਦਾ ਇਕੋ ਹੀ ਮਕਸਦ ਹੈ ਕਿ ੴ ਸਤਿਨਾਮੁ ਦੇ ਉਪਾਸਕ ਅਪਣੇ ਧਰਮ-ਪਿਤਾ ਸਰਬੰਸ-ਦਾਨੀ, ਮਹਾਨ ਜੋਧੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨੂਰਾਨੀ ਤੇ ਲਾਸਾਨੀ ਸ਼ਖ਼ਸੀਅਤ ਨੂੰ ਦੇਵੀ-ਪੂਜਕ ਦਾ ਲੇਬਲ ਨ ਲਗਣ ਦੇਈਏ। ਡੂੰਘੀ ਪੜਚੋਲ ਸਾਬਤ ਕਰਦੀ ਹੈ ਕਿ ਇਹ ਗ੍ਰੰਥ ਦੇਵੀ-ਪੂਜਕਾਂ ਦਾ ‘ਮਹਾਕਾਲ-ਕਾਲਕਾ ਗ੍ਰੰਥ’ ਹੈ।

ਹਰ ਗੁਰਸਿਖ ਦਾ ਫ਼ਰਜ਼ ਹੈ;

ਸਾਹਿਬੁ ਸੰਕਟਵੈ ਸੇਵਕੁ ਭਜੈ॥ ਚਿਰੰਕਾਲ ਨਹੀ ਜੀਵੈ ਦੋਊ ਕੁਲ ਲਜੈ॥ (ਗੁਰ ਗ੍ਰੰਥ ਸਾਹਿਬ)

ਗੁਰੂ ਤੇ ਹਮਲਾ ਹੋਵੇ / ਸੰਕਟ ਆਵੇ ਅਤੇ ਸਿਖ ਦੌੜ ਜਾਵੇ, ਐਸਾ ਸਿਖ ਅਤੇ ਉਸਦੀ ਔਲਾਦ ਬਹੁਤਾ ਚਿਰ ਨਹੀ ਜੀ ਸਕਦੇ; ਜੇ ਜੀਉਂਦੇ ਹਨ ਤਾਂ ਬੁਜ਼ਦਿਲ ਦੀ ਸ਼ਰਮਿੰਦਗੀ ਅਤੇ ਜ਼ਿੱਲਤ-ਭਰੀ ਜ਼ਿੰਦਗੀ।

ਦਸਮ-ਗ੍ਰੰਥ-ਰੂਪੀ ਹਥਿਆਰ ਨਾਲ ਸਿਖ-ਵਿਰੋਧੀਆਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਜਾਰੀ ਹੈ। ਗੁਰਸਿਖੋ! ਖ਼ਬਰਦਾਰ! ! ਹੋਸ਼ਿਆਰ! ! !

ਦਲਬੀਰ ਸਿੰਘ ਮਿਸ਼ਨਰੀ, ਫਰੀਦਾਬਾਦ




.