.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 32)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਬਾਬਾ ਨਾਗਰ ਸਿੰਘ ਦਦੇਹਰ ਸਾਹਿਬ

ਜਦੋਂ ਅੰਮ੍ਰਿਤਧਾਰੀ ਗ੍ਰੰਥੀ ਸਿੰਘ ਵੀ ਜੋਤਸ਼ੀ ਬਣ ਗਏ। ਗੁਰੂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕਰਕੇ ਜਿਨ੍ਹਾਂ ਵਹਿਮਾਂ ਭਰਮਾਂ ਕਰਮ ਕਾਂਡਾਂ, ਭੁਲੇਖਿਆਂ, ਥਿਤਵਾਰਾਂ, ਜਾਦੂ ਮੰਤਰਾਂ, ਧਾਗੇ ਤਵੀਤਾਂ, ਟੇਵਿਆਂ, ਪੱਤਰੀਆਂ ਆਦਿ ਵਿਚੋਂ ਕੱਢਿਆ ਅੱਜ ਸਾਧ ਗ੍ਰੰਥੀ ਜੋਤਸ਼ੀ ਬਣ ਕੇ ਫਿਰ ਉਹੋ ਕੰਮ ਗੁਰਬਾਣੀ ਦੇ ਉਲਟ ਕਰ ਰਹੇ ਹਨ ਲੋਕਾਂ ਤੋਂ ਕਰਵਾ ਰਹੇ ਹਨ ਇਹ ਵਾਰਤਾ ਇਥੇ ਨੇੜੇ ਪਿੰਡ ਦਦੇਹਰ ਸਾਹਿਬ ਦੀ ਹੈ ਇਹ ਨਾਗਰ ਸਿੰਘ ਪਿੰਡ ਦਦੇਹਰ ਦਾ ਰਹਿਣ ਵਾਲਾ ਹੈ ਪਹਿਲਾਂ ਇਹ ਬੰਗਾਲ ਬਿਹਾਰ ਵੱਲ ਗੱਡੀਆਂ ਤੇ ਰਿਹਾ। ਗੱਡੀ ਸਿੱਖਣ ਦੇ ਨਾਲ ਨਾਲ ਇਹ ਜਾਦੂ ਮੰਤਰ ਵੀ ਸਿੱਖਦਾ ਰਿਹਾ। ਨਹਿਰ ਦੇ ਕੰਢੇ ਤੇ ਜਾ ਕੇ ਮੜ੍ਹੀਆਂ ਵਿੱਚ ਬੈਠਕੇ ਸ਼ਿਲੇ, ਚਾਲੀਸੇ ਕੱਢਦਾ ਰਿਹਾ। ਫਿਰ ਅਖੰਡਪਾਠੀ ਬਣ ਗਿਆ ਬਹੁਤ ਅਖੰਡ ਪਾਠ ਕੀਤੇ ਗੁਰਬਾਣੀ ਵਹਿਮਾਂ ਵਿਚੋਂ ਕੱਢਦੀ ਰਹੀ ਪਰ ਇਹ ਪਾਈ ਗਿਆ। ਇਸਦਾ ਇੱਕ ਲੜਕਾ ਟਹਿਲ ਸਿੰਘ ਟੋਪੀਧਾਰੀ ਹੈ ਮੋਹਾਲੀ ਪੰਡਤ ਬਣਿਆ ਹੋਇਆ ਹੈ ਇਹ ਦੋਵੇਂ ਪਿਉ ਪੁੱਤਰ ਟੇਵੇ ਪੱਤਰੀਆਂ ਖੋਲ੍ਹਣ ਦਾ ਕੰਮ ਕਰਕੇ ਚੰਗੀ ਕਮਾਈ ਕਰ ਰਹੇ ਹਨ। ਭੋਲੇ ਭਾਲੇ ਲੋਕਾਂ ਨੂੰ ਧਰਮ ਦੇ ਨਾਂ ਤੇ ਠੱਗਿਆ ਜਾ ਰਿਹਾ ਹੈ ਟੀ. ਵੀ. ਫਰਿੱਜਾਂ, ਮੋਟਸਾਈਕਲ ਆਦਿ ਦਾਨ ਕਰਨ ਵਾਸਤੇ ਕਿਹਾ ਜਾ ਰਿਹਾ ਹੈ। ਇਸੇ ਨੂੰ ਹੀ ਕਹਿੰਦੇ ਹਨ ‘ਧਰਮ ਉਹਲੇ ਕੁਕਰਮ’ ਅਤੇ ‘ਉਲਟੀ ਵਾੜ ਖੇਤ ਕਉ ਖਾਈ।’ ਜਿਹੜੀ ਵਾੜ ਖੇਤ ਨੂੰ ਖਾ ਰਹੀ ਹੈ। ਲੋਕਾਂ ਨੂੰ ਜਾਗ੍ਰਿਤ ਕਰਕੇ ਬਚਾਉਣ ਦੀ ਲੋੜ ਹੈ। ਕਈ ਹੋਰ ਵੀ ਐਸੇ ਹਨ ਜੋ ਘਰੇ "ਗੁਰੂ ਗ੍ਰੰਥ ਸਾਹਿਬ ਜੀ" ਦਾ ਪ੍ਰਕਾਸ਼ ਕਰਕੇ ਪੁੱਛਣਾ, ਦੱਸਣਾ ਦਾ ਕੰਮ ਕਰ ਰਹੇ ਹਨ ਜੋ ਸਰਾਸਰ ਗੁਰਮਤਿ ਦੇ ਉਲਟ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਅਸਲੀ ਵੱਡੀ ਕਥਾ ਪੂਰਨਮਾਸ਼ੀ

ਇਹ ਉਪਰ ਲਿਖਿਆ ਸਿਰਲੇਖ ਆਪ ਨੇ ਪੜ੍ਹ ਲਿਆ ਹੈ। ਇਹ ਇੱਕ ਛੋਟਾ ਜਿਹਾ ਟਰੈਕਟ ਭਾ. ਜੀਵਨ ਸਿੰਘ ਚਤਰ ਸਿੰਘ ਬਜਾਰ ਮਾਈ ਸੇਵਾਂ ਅੰਮ੍ਰਿਤਸਰ ਵਾਲਿਆਂ ਛਾਪੀ ਹੈ। ਬਾਹਮਣ ਦੀ ਨਕਲ ਕਰਕੇ ਇਹ ਸਾਰਾ ਕੁੱਝ ਗੁਰੂ ਗੋਬਿੰਦ ਜੀ ਦੇ ਮੂੰਹੋਂ ਕਢਵਾਇਆ ਗਿਆ ਹੈ ਹੋਰ ਇਸਦੇ ਲਿਖਾਰੀ ਦਾ ਕਿਧਰੇ ਕੋਈ ਨਾਮ ਨਹੀਂ ਹੈ। ਮਾਨੋ ਇਹ ਖੰਡ ਵਿੱਚ ਲਪੇਟ ਕੇ ਜ਼ਹਿਰ ਦੇਣ ਦਾ ਯਤਨ ਕੀਤਾ ਗਿਆ ਹੈ। ਕਿਹੜੀ ਪੂਰਨਮਾਸ਼ੀ? ਗੁਰਬਾਣੀ ਫੁਰਮਾਣ ਹੈ "ਚਉਦਸਿ ਅਮਾਵਸ ਰਚਿ ਰਚਿ ਮਾਗਹਿ ਹਾਥਿ ਦੀਪ ਲੈ ਕੂਏ ਪਰੈ" ਸਤਿਗੁਰੂ ਕਹਿੰਦੇ ਤੂ ਚੌਦੇ, ਮੱਸਿਆ, ਪੂਰਨਮਾਸ਼ੀ ਆਦਿ ਮਨਾ ਕੇ ਕੇਵਲ ਮੰਗਣ (ਖਾਣ) ਦਾ ਬਹਾਨਾ ਬਣਾਇਆ ਹੈ ਤੂੰ ਤਾਂ ਹਥ ਵਿੱਚ ਦੀਵਾ ਹੁੰਦਿਆਂ ਹੋਇਆਂ ਵੀ ਖੂਹ ਵਿੱਚ ਡਿੱਗ ਰਿਹਾ ਹੈਂ। ਹੋਰ ਬਚਨ ਹੈ "ਥਿਤੀ ਵਾਰ ਸੇਵਹਿ ਮੁਗਧ ਗਾਵਾਰ॥" ਥਿੱਤਾਂ ਵਾਰਾਂ ਦੀ ਪੂਜਾ ਕਰਨ ਵਾਲਾ ਮੂਰਖ ਗਾਵਾਰ ਹੈ। ਇਹ ਕਿਹੜੀ ਪੂਰਨਮਾਸ਼ੀ ਦੀ ਕਥਾ ਦਸਵੇਂ ਪਾਤਸ਼ਾਹ ਤੋਂ ਕਰਵਾ ਰਹੇ ਹਨ। ਐਸੀਆਂ ਹੋਰ ਵੀ ਕਈ ਲਿਖਤਾਂ ਛਪਦੀਆਂ ਤੁਰੀਆਂ ਆ ਰਹੀਆਂ ਹਨ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈ। ਇਸ ਪੂਰਨਮਾਸ਼ੀ ਦੀ ਕਥਾ ਟਰੈਕਟ ਵਿੱਚ ਸਾਰਾ ਕੁੱਝ ਗੁਰਮਤਿ ਦੇ ਉਲਟ ਲਿਖਿਆ ਹੋਇਆ ਹੈ। ਜਿਹੜੀ ਬਾਣੀ ਪਹਿਲੇ ਪਾਤਸ਼ਾਹ ਜੀ ਦੀ ਉਚਾਰੀ ਹੋਈ ਹੈ ਉਹ ਇਹ ਦਸਮ ਪਾਤਸ਼ਾਹ ਜੀ ਦੀ ਉਚਾਰੀ ਦੱਸੀ ਜਾਂਦੇ ਹਨ। ਕਰਾਮਾਤੀ ਝੂਠੀਆਂ ਕਹਾਣੀਆਂ ਗੁਰੂ ਦੇ ਨਾਂ ਜੋੜੀਆਂ ਹੋਈਆਂ ਹਨ। ਖੂਹ ਤੁਰੇ ਫਿਰਦੇ ਦਿਖਾਏ ਹਨ, ਖੂਹ ਨੇ ਗੁਰੂ ਨਾਲ ਗੱਲਾਂ ਕੀਤੀਆ। ਗੁਰੂ ਨੇ ਖੂਹ ਨੂੰ ਕਿਹਾ ਵਰ ਮੰਗ ਲੈ ਉਹ ਅੰਨੇ ਖੂਹ ਤੋਂ ਸੁਜਾਖਾ ਖੂਹ ਹੋ ਗਿਆ ਹੋਰ ਕਈ ਜਿਹੜੇ ਪਹਿਲਾਂ ਕਈ ਚਿਰ ਦੇ ਮਰੇ ਸੀ ਉਹਨਾਂ ਨੇ ਪਾਣੀ ਛਿੜਕਿਆ ਉਹ ਸਾਰੇ ਜਿੰਦੇ ਹੋ ਕੇ ਉਠ ਖੜੇ ਹੋਏ। ਇਹ ਮਨਘੜਤ ਲਿਖਤਾਂ ਕੇਵਲ ਇਹਨਾਂ ਨੇ ਗੁਰਮਤਿ ਸਿਧਾਂਤ ਨੂੰ ਖੰਡਨ ਕਰਨ ਵਾਸਤੇ ਬੇ-ਨਾਮ ਛਾਪੀਆਂ ਹਨ ਅਨਪੜ੍ਹ ਲੋਕ ਐਸਾ ਕੁੱਝ ਸੁਣ ਕੇ ਹੋਰ ਵੀ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਰਹੇ ਹਨ, ਐਸੀਆਂ ਲਿਖਤਾਂ ਕਲੰਕ ਹਨ।

ਇਕ ਸੰਤ ਦੋ ਚਿਹਰੇ

੨੧ ਦਸੰਬਰ ਦੇ ਸਪੋਕਸਮੈਨ ਦੇ ਸਫ਼ਾ ੩ ਉਤੇ ਲੱਗੀ ਖਬਰ "ਠੂਠਿਆਂ ਵਾਲੀ ਵਿਖੇ ਧਾਰਮਿਕ ਦੀਵਾਨ ਲੱਗੇ" ਪੜ੍ਹੀ ਤਾਂ ਲੱਗਾ ਕਿ ਸੰਤ ਬੇਅੰਤ ਸਿੰਘ ਬੇਰ ਕਲਾਂ ਵਾਲੇ ਨੇ ਲੋਕਾਂ ਅਤੇ ਨੌਜਵਾਨਾਂ ਨੂੰ ਵਧ ਰਹੇ ਨਸ਼ਿਆਂ ਤੋਂ ਮੁਕਤ ਹੋਣ, ਆਪਣੇ ਗੁਰੂਆਂ ਤੇ ਸ਼ਹੀਦਾਂ ਨੂੰ ਯਾਦ ਰੱਖਣ ਦੀ ਪ੍ਰੇਰਨਾ ਦਿੱਤੀ ਹੈ ਅਤੇ ਗਰੀਬ ਲੜਕੀਆਂ ਦੇ ਵਿਆਹ ਕਰਨ ਸਬੰਧੀ ਵੀ ਦੱਸਿਆ ਹੈ।

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਵਲੋਂ ਰਿਲੀਜ਼ ਕੀਤੀ ਗਈ ਆਡੀਉ ਕੈਸਿਟ ‘ਤਰਕਸ਼ੀਲ ਭਾਸ਼ਣ’ ਵਿੱਚ ਸੁਸਾਇਟੀ ਦੇ ਸੂਬਾ ਪ੍ਰਧਾਨ ਸ੍ਰੀ ਰਜਿੰਦਰ ਭਦੌੜ ਜੀ ਇਸ ਸੰਤ ਬਾਰੇ ਦਸਦੇ ਹਨ ‘ਸੰਤ ਬੇਅੰਤ ਸਿੰਘ, ਜੋ ਕਿ ਲੋਕਾਂ ਨੂੰ ਪੁੱਤ ਬਖਸ਼ਦਾ, ਮੁੰਡੇ ਹੋਣ ਦੀ ਕਾਮਨਾ ਪੂਰੀ ਕਰਦਾ ਹੈ ਪਰ ਇਹਨੇ ਆਪਣੀ ਘਰ ਵਾਲੀ ਨੂੰ ਨਹਿਰ `ਚ ਧੱਕਾ ਇਸ ਲਈ ਦੇ ਦਿੱਤਾ ਕਿ "ਤੂੰ ਤਿੰਨ ਕੁੜੀਆਂ ਹੀ ਜੰਮੀਆਂ ਨੇ, ਮੁੰਡਾ ਨਹੀਂ ਜੰਮਿਆਂ।" ਇਸੇ ਸੁਸਾਇਟੀ ਦੇ ਮੈਗਜ਼ੀਨ ਤਰਕਸ਼ੀਲ ਵਿੱਚ ਦੱਸਿਆ ਗਿਆ ਕਿ ਇਸ ਬੀਬੀ ਦੀ ਚੀਖ ਪੁਕਾਰ ਸੁਣ ਕੇ ਨੇੜੇ ਕੰਮ ਕਰਦੇ ਕਿਸਾਨਾਂ ਨੇ ਬੀਬੀ ਨੂੰ ਬਾਹਰ ਕੱਢਿਆ ਜਿਸ ਨੇ ਇਸ ਸੰਤ ਉਪਰ ਨਜਾਇਜ਼ ਸੰਬੰਧ ਬਨਾਉਣ ਜਿਹੇ ਦੋਸ਼ ਵੀ ਲਾਏ। ਬੜੀ ਹੈਰਾਨੀ ਹੁੰਦੀ ਹੈ ਜਦੋਂ ਇਹੋ ਜਿਹੇ ਕਿਰਦਾਰ ਵਾਲੇ ਸੰਤ ਆਮ ਲੋਕਾਂ ਨੂੰ ‘ਉੱਚੇ-ਸੁੱਚੇ’ ਜੀਵਨ ਦੀ ਪ੍ਰੇਰਨਾ ਦਿੰਦੇ ਹਨ। ਹੋ ਸਕਦਾ ਹੈ ਦੂਰ-ਨੇੜਿਉਂ ਇਨ੍ਹਾ ਦਾ ਸਬੰਧ ਮਸ਼ਹੂਰ ਸ਼ਹਿਰ ‘ਬਨਾਰਸ’ ਨਾਲ ਹੋਵੇ

ਜਗਦੇਵ ਸਿੰਘ ਮਸੂਦੜਾ ਲੁਧਿਆਣਾ

੬ ਜਨਵਰੀ ੨੦੦੬ ਦੇ ਰੋਜਾਨਾ ਸਪੋਕਸਮੈਨ ਵਿੱਚ ਜੈਤੋ ਤੋਂ ਗੁਰੂ ਮਾਨਿਉਂ ਗ੍ਰੰਥ ਪ੍ਰਚਾਰ ਕੇਂਦਰ ਦੇ ਕੁਲਦੀਪ ਸਿੰਘ ਖਾਲਸਾ ਵੱਲੋਂ ਲੱਗੀ ਖਬਰ ਪੰਜਾਬ ਵਿੱਚ ੧੬ ਹਜ਼ਾਰ ਅਖੌਤੀ ਬਾਬੇ ਸਿੱਖਾਂ ਨੂੰ ਮਾਨਸਿਕ ਤੌਰ `ਤੇ ਬਿਮਾਰ ਕਰ ਰਹੇ ਹਨ ਪਰ ਸ਼੍ਰੋਮਣੀ ਕਮੇਟੀ ਘੂਕ ਸੁੱਤੀ ਪਈ ਹੈ। ਪੰਜਾਬ ਦਾ ਕੋਈ ਐਸਾ ਪਿੰਡ ਨਹੀਂ ਹੈ ਜਿੱਥੇ ੩/੪ ਬਾਬੇ ਨਾ ਹੋਣ ਅਨਪੜ੍ਹ ਅਤੇ ਪੜ੍ਹੇ ਲਿਖੇ ਲੋਗ ਵੀ ਪ੍ਰਮਾਤਮਾ ਨੂੰ ਭੁੱਲ ਕੇ ਇਹਨਾਂ ਸੰਤ ਬਾਬਿਆਂ ਨੂੰ ਰੱਬ ਸਮਝ ਰਹੇ ਹਨ। ਇਹ ਬਾਬੇ ਕਰਾਮਾਤੀ ਅੰਤਰਜ਼ਾਮੀ ਹੋਣ ਦੇ ਦਾਅਵੇ ਕਰਦੇ ਹਨ। ਧਰਮ ਦੇ ਨਾਂ ਤੇ ਲੁੱਟ ਹੋ ਰਹੀ ਹੈ। ਭੁਲੇਖੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਸਿੱਖ ਸੰਗਤਾਂ ਨੂੰ ਜਾਗ੍ਰਿਤ ਕਰਨ ਵਾਸਤੇ ਠੋਸ ਕਦਮ ਚੁੱਕੇ ਜਾਣ ਜੋ ਇਹਨਾਂ ਸਾਧਾਂ ਸੰਤਾਂ ਨੂੰ ਨੱਥ ਪਾਈ ਜਾਵੇ।

ਗੁਰਧਾਮਾਂ ਦੀ ਯਾਤਰਾ ਦੇ ਨਾਂਅ `ਤੇ ਲੋਕਾਂ ਨਾਲ ਠੱਗੀਆਂ ਮਾਰਦੇ ਅਖੌਤੀ ਬਾਬਿਆਂ ਨੂੰ ਨੱਥ ਪਾਈ ਜਾਵੇ

ਤਰਨ ਤਾਰਨ, ੭ ਅਗਸਤ (ਪ੍ਰੀਤ, ਸੋਢੀ) ਨਜ਼ਦੀਕੀ ਪਿੰਡ ਜੌਹਲ ਰਾਜੂ ਸਿੰਘ ਦੇ ਵਸਨੀਕ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਸ: ਹਰਭਜਨ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਨੇ ਦੋਸ਼ ਲਾਇਆ ਹੈ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਪਵਿੱਤਰ ਗੁਰਧਾਮਾਂ ਦੀ ਯਾਤਰਾ ਦੇ ਨਾਂਅ `ਤੇ ਅੰਮ੍ਰਿਤਸਰ ਦੇ ਕੁੱਝ ਅਖੌਤੀ ਬਾਬੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ, ਇਸ ਲਈ ਸ਼੍ਰੋਮਣੀ ਕਮੇਟੀ ਅਜਿਹੇ ਅਖੌਤੀ ਬਾਬਿਆਂ ਨੂੰ ਨੱਥ ਪਾਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਨੇ ਦੱਸਿਆਂ ਕਿ ਬੀਤੇ ਦਿਨੀਂ ਉਨ੍ਹਾਂ ਦੇ ਪਿੰਡ ਜੌਹਲ ਰਾਜੂ ਸਿੰਘ ਵਿਖੇ ਇੱਕ ਟਰੱਕ ਉਪਰ ਬਾਬੇ ਆਏ, ਇਨ੍ਹਾ ਬਾਬਿਆਂ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰੇ ਲਈ ਉਹ ਆਟਾ ਅਤੇ ਦਾਲਾਂ ਲੈ ਕੇ ਜਾ ਰਹੇ ਹਨ। ਬਾਬਿਆਂ ਨੇ ਕਿਹਾ ਕਿ ਉਹ ਰੇਲ ਗੱਡੀ ਰਾਹੀਂ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਥਾ ਲੈ ਕੇ ਜਾ ਰਹੇ ਹਨ। ਉਨ੍ਹਾਂ ਨੇ ਯਾਤਰਾ ਲਈ ੩੦੦ ਰੁਪਏ ਪ੍ਰਤੀ ਵਿਅਕਤੀ ਭੇਟਾ ਮੰਗੀ। ਜਿਸ `ਤੇ ਹਰਭਜਨ ਸਿੰਘ ਸਮੇਤ ਅੱਠ ਆਦਮੀਆਂ ਨੇ ਮੌਕੇ `ਤੇ ਹੀ ੨੪੦੦ ਰੁਪਏ ਯਾਤਰਾ ਲਈ ਬਾਬਿਆਂ ਨੂੰ ਦੇ ਦਿੱਤੇ ਅਤੇ ਬਾਬਿਆ ਨੇ ੨੫ ਜੁਲਾਈ ੨੦੦੫ ਨੂੰ ਰੇਲਵੇ ਸਟੇਸ਼ਨ ਅੰਮ੍ਰਿਤਸਰ ਆਉਣ ਲਈ ਕਿਹਾ। ਮਿਥੇ ਸਮੇਂ ਅਨੁਸਾਰ ਤਕਰੀਬਨ ੨੫੦ ਯਾਤਰੀ ਰੇਲਵੇ ਸਟੇਸ਼ਨ `ਤੇ ਪੁੱਜ ਗਏ। ਬਾਬਿਆਂ ਨੇ ਸਾਰੇ ਯਾਤਰੂਆਂ ਨੂੰ ਬੰਬੇ ਮੇਲ ਗੱਡੀ ਵਿੱਚ ਬਿਠਾ ਦਿਤਾ ਅਤੇ ਗੱਡੀ ਦੇ ਟੀ. ਟੀ. ਨਾਲ ਗਿਟ ਮਿਟ ਕਰ ਲਈ। ਇੱਕ ਦਿਨ ਅਤੇ ਦੋ ਰਾਤਾਂ ਭੁੱਖੇ ਤਿਹਾਏ ਰਹਿਣ ਤੋਂ ਬਾਅਦ ਇਹ ਯਾਤਰੂ ਗੱਡੀ ਦਾ ਸਫਰ ਕਰਕੇ ਹਜ਼ੂਰ ਸਾਹਿਬ ਪਹੁੰਚ ਗਏ ਅਤੇ ਉਥੇ ਜਾ ਕੇ ਯਾਤਰੂਆਂ ਨੇ ਲੰਗਰ ਪਾਣੀ ਛਕਿਆ। ਉਥੇ ਜਾ ਕੇ ਬਾਬਿਆਂ ਨੇ ਯਾਤਰੂਆਂ ਨੂੰ ਕਿਹਾ ਕਿ ਹਜ਼ੂਰ ਸਾਹਿਬ ਬਹੁਤ ਹੜ੍ਹ ਆਏ ਹੋਏ ਹਨ, ਇਸ ਕਰਕੇ ਸਾਰੇ ਯਾਤਰੂਆਂ ਨੂੰ ਫਿਰ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਲੈ ਆਏ। ਹਰਭਜਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਾਬਿਆਂ ਨੇ ਯਾਤਰੂਆਂ ਪਾਸੋਂ ੭੦-੮੦ ਹਜ਼ਾਰ ਰੁਪਏ ਕਿਰਾਏ ਵਜੋਂ ਇਕੱਠੇ ਕਰਕੇ ਕਿਸੇ ਵੀ ਯਾਤਰੂ ਦੀ ਟਿਕਟ ਨਹੀਂ ਲਈ ਅਤੇ ਨਾਂ ਹੀ ਰਸਤੇ ਵਿੱਚ ਕਿਸੇ ਨੂੰ ਚਾਹ ਪਾਣੀ ਛਕਾਇਆ ਅਤੇ ਨਾਂ ਹੀ ਹਜ਼ੂਰ ਸਾਹਿਬ ਦੀ ਯਾਤਰਾ ਕਰਵਾਈ। ਉਨ੍ਹਾਂ ਕਿਹਾ ਕਿ ਰੇਲਵੇ ਅਧਿਕਾਰੀ ਵੀ ਇਨ੍ਹਾਂ ਅਖੌਤੀ ਬਾਬਿਆਂ ਨਾਲ ਮਿਲੇ ਹੋਏ ਹਨ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਰਹੇ ਹਨ। ਇਸ ਲਈ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ।
.