.

ੴ ਵਾਹਿਗੁਰੂ ਜੀ ਕੀ ਫ਼ਤਹਿ॥

ਪੰਚਮ ਪਾਤਸ਼ਾਹ ਅਨੁਸਾਰ ਸੰਤ ਕੌਣ ਹੈ?

ਅਖੌਤੀ ਸੰਤਵਾਦ ਨਹੀਂ, ਨਾਨਕਵਾਦ ਦੇ ਧਾਰਨੀ ਬਣੀਏ!

ਹਮੇਸ਼ਾਂ ਮੱਤਲਬ ਪ੍ਰਸਤ ਲੋਕਾਂ ਨੇ, ਗੁਰੂ ਨਾਨਕ ਸਾਹਿਬ ਦੀ ਵੀਚਾਰਧਾਰਾ ਦੇ ਵਿਰੋਧੀ ਅਤੇ ਬਿਪਰਵਾਦੀ ਸੋਚ ਦੇ ਉਪਾਸ਼ਕ ਲੋਕਾਂ ਨੇ ਗੁਰੂ ਨਾਨਕ ਬਾਣੀ ਦੇ ਅਰਥ ਆਪਣੀ ਮਰਜ਼ੀ ਅਨੁਸਾਰ ਕਰਕੇ ਆਪਣਾ ਤੋਰੀ ਫੁਲਕਾ ਚਲਾਉਣ ਦੀ ਕੋਸ਼ਿਸ ਕੀਤੀ ਹੈ। ਬਹੁੱਤੇ ਪਕੜੇ ਗਏ ਅਤੇ ਉਹਨਾਂ ਦਾ ਝੂਠ ਸਾਹਮਣੇ ਆ ਗਿਆ ਪਰ ਬਹੁੱਤੇ ਅਜੇ ਤੱਕ ਵੀ ਅਖੌਤੀ ਸੰਤ, ਬਾਬੇ, ਡੇਰੇਦਾਰ ਭੋਲੇ-ਭਾਲੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਆਪਣਿਆਂ ਡੇਰਿਆਂ ਆਦਿ ਨਾਲ ਜੋੜ ਕੇ, ਗੁਰਬਾਣੀ ਦੇ ਅਰਥ ਆਪਣੀ ਮਰਜ਼ੀ ਅਨੁਸਾਰ ਕਰਦਿਆਂ, ਗੁਰਮਤਿ ਸਿਧਾਂਤਾਂ ਨਾਲੋਂ ਗੁਰਸਿੱਖਾਂ ਨੂੰ ਤੋੜ ਕੇ ਆਪਣਿਆਂ ਡੇਰਿਆਂ ਨਾਲ ਜੋੜ ਰਹੇ ਹਨ। ਇਹ ਦੰਭੀ-ਪਖੰਡੀ ਅਖੌਤੀ, ਨਕਲੀ, ਡੇਰੇਦਾਰ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਵਿੱਚ ਦਰਜ ਬ੍ਰਹਮਗਿਆਨੀ ਅਤੇ ਸੰਤ ਦੀ ਉਪਮਾ ਵਾਲੇ ਸ਼ਬਦਾਂ ਨੂੰ ਆਪਣੇ ਉਪਰ ਲਗਾ ਕੇ ਸੱਚਾ ਅਤੇ ਅਸਲੀ ਸੰਤ ਮਹਾਂਪੁਰਸ਼ ਹੋਣ ਦਾ ਦਾਅਵਾ ਕਰਦੇ ਹਨ। ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਵੀ ਇਹਨਾਂ ਅਖੌਤੀ ਸੰਤਾਂ ਅੱਗੇ ਮੱਥੇ ਟੇਕਦੇ, ਗੋਡੇ ਰਗੜਦੇ, ਵਰ ਮੰਗਦੇ ਵੇਖੇ ਜਾ ਸਕਦੇ ਹਨ, ਜੋ ਕਿ ਸਰਾਸਰ ਗੁਰਮਤਿ ਤੋਂ ਉਲਟ ਹੈ। ਅੱਜ ਆਪਾਂ ਵੀਚਾਰ ਕਰਨੀ ਹੈ ਕਿ ਗੁਰੁ ਅਰਜਨ ਦੇਵ ਜੀ ਨੇ ਕਿਹੜੇ ਸੰਤਾਂ ਦੀ ਗੱਲ ਕੀਤੀ ਸੀ ੳਥੇ ਅਸੀਂ ਕਿਹੜੇ ਸੰਤਾਂ ਅੱਗੇ ਮੱਥੇ ਟੇਕ ਰਹੇ ਹਾਂ।

ਕਈ ਵਾਰ ਕੁੱਝ ਸਿੱਖ ਇਹ ਗੱਲ ਕਰ ਦਿੰਦੇ ਹਨ ਕਿ ਜੀ ਫਲਾਂ ਡੇਰੇ ਵਿੱਚ ਤਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਤਾਂ ਕੀਤਾ ਹੋਇਆ ਹੈ। ਉਥੇ ਵੀ ਤਾਂ ਗੁਰਬਾਣੀ ਪੜੀ-ਸੁਣੀ ਜਾਂਦੀ ਹੈ। ਤਾਂ ਫਿਰ ਫਲਾਂ ਡੇਰਾ ਮਾੜਾ ਕਿਵੇਂ ਹੋਇਆ। ਇਸ ਬਾਰੇ ਸਪੱਸ਼ਟੀਕਰਨ ਇਹ ਹੈ ਕਿ ਮਿਸਾਲ ਦੇ ਤੌਰ ਤੇ ਜਿਵੇਂ ਸ਼ੇਰ ਜਿਹੜਾ ਹੈ ਉਹ ਮੁਰਦਾ ਮਾਸ ਨਹੀਂ ਖਾਂਦਾ ਕਿਉਂਕਿ ਉਹ ਤਾਜ਼ਾ ਮਾਸ ਖਾਣ ਦਾ ਸੌਕੀਨ ਹੁੰਦਾ ਹੈ ਅਤੇ ਸਰਕਸ ਵਾਲਿਆਂ ਨੂੰ ਪਤਾ ਹੁੰਦਾ ਕਿ ਜੇਕਰ ਸ਼ੇਰ ਨੂੰ ਕਾਬੂ ਕਰਨਾ ਹੈ ਤਾ ਪਹਿਲਾਂ ਉਸਨੂੰ ਮੁਰਦਾ ਮਾਸ ਖਾਣ ਦੀ ਆਦਤ ਪਾਉਣੀ ਪਵੇਗੀ। ਇਸ ਲਈ ਉਹ ਪਹਿਲਾਂ ਜੰਗਲ ਵਿੱਚ ਵੱਡਾ ਸਾਰਾ ਟੋਆ ਪੁੱਟ ਕੇ ਉਪਰ ਜਾਲ ਦੀ ਤ੍ਹਰਾਂ ਘਾਹ-ਫੂਸ ਵਿਛਾਅ ਦੇਂਦੇ ਹਨ। ਫਿਰ ਬੱਕਰੀ ਦਾ ਬੁੱਤ ਬਣਾ ਕੇ ਉਸ ਉਪਰ ਖੜਾ ਕਰ ਦੇਂਦੇ ਹਨ ਅਤੇ ਸ਼ਿਕਾਰੀ ਇੱਕ ਦਰੱਖਤ ਦੇ ਉਪਰ ਬੈਠ ਜਾਂਦਾ ਹੈ ਫਿਰ ਬੱਕਰੀ ਦੀ ਆਵਾਜ਼ ਕੱਢਣ ਲੱਗ ਪੈਂਦਾ ਹੈ। ਜਦ ਸ਼ੇਰ ਦੇ ਕੰਨੀ ਬੱਕਰੀ ਦੀ ਆਵਾਜ਼ ਪੈਂਦੀ ਹੈ ਤਾਂ ਉਹ ਬ੍ਹਿਨਾਂ ਕੁੱਝ ਦੇਖਿਆਂ ਆਵਾਜ਼ ਵੱਲੇ ਪਾਸੇ ਦਹਾੜਿਆ ਹੋਇਆ ਆਉਂਦਾ ਹੈ ਅਤੇ ਬੱਕਰੀ ਨੂੰ ਝਪਟਣ ਲਈ ਬੱਕਰੀ ਦੇ ਉਪਰ ਛਲਾਂਗ ਲਗਾਉਂਦਾ ਹੈ ਅਤੇ ਟੋਏ ਵਿੱਚ ਡਿੱਗ ਪੈਂਦਾ ਹੈ। ਫਿਰ ਉਸਨੂੰ ਕਈ-ਕਈ ਦਿਨ ਭੁੱਖਾ ਰੱਖਿਆ ਜਾਂਦਾ ਹੈ ਅਤੇ ਹੌਲੀ-ਹੌਲੀ ਮੁਰਦਾ ਮਾਸ ਖਾਣ ਦੀ ਆਦਤ ਪਾਈ ਜਾਂਦੀ ਹੈ ਅਤੇ ਉਸਨੂੰ ਕਾਬੂ ਕਰ ਲਿਆ ਜਾਂਦਾ ਹੈ ਫਿਰ ਸ਼ੇਰ ਸਰਕਸ ਵਿੱਚ ਉਹਨਾਂ ਦੇ ਕਹੇ ਅਨੁਸਾਰ ਕੰਮ ਕਰਦਾ ਹੈ।

ਠੀਕ ਇਸੇ ਤ੍ਹਰਾਂ ੲ੍ਹਿਨਾਂ ਅਖੌਤੀ ਸਾਧਾਂ ਨੂੰ ਪਤਾ ਹੈ ਕਿ ਜੇਕਰ ਸਿੱਖਾਂ ਨੂੰ ਆਪਣੇ ਜਾਲ ਵਿੱਚ ਫਸਾਉਣਾ ਹੈ ਤਾਂ ਮੁਰਦਾ ਵੀਚਾਰਧਾਰਾ ਕਿਸੇ ਕੰਮ ਨਹੀਂ ਆਉਣੀ। ਇਸੇ ਲਈ ਆਪਣੇ ਡੇਰਿਆਂ ਵਿੱਚ (ਸਿੱਖਾਂ ਨੂੰ ਫ਼ਸਾਉਣ ਲਈ ਹੀ) ਸ੍ਰੀ ਗੁਰੂ ਗੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਹਨ ਤਾਂ ਕਿ ਸਿੱਖਾਂ ਦੀ ਵੱਡੀ ਗਿਣਤੀ ਨੂੰ ਸ਼ਬਦ ਗੁਰੂ ਤੋਂ ਤੋੜ ਕੇ ਆਪਣਾ ਤੋਰੀ-ਫੁਲਕਾ ਚਲਾ ਰਹੇ ਹਨ। ਅਤੇ ਸਿੱਖਾਂ ਨੂੰ ਦੇਹਾਂ ਦੀ ਪੂਜਾ ਵਿੱਚ ਲਾ ਰਹੇ ਹਨ।

ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿਸ ਤਰ੍ਹਾਂ ਸਿੱਖਾਂ ਨੂੰ ਗੁਰਬਾਣੀ ਤੋਂ ਤੋੜਿਆ ਜਾ ਰਿਹਾ ਹੈ। ਪਰ ਅਸੀਂ ਸੇਧ ਬਾਣੀ ਤੋਂ ਲੈਣੀ ਹੈ ਕਿਉਂਕਿ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਗੁਰਮੁੱਖਾਂ, ਸੰਤਾਂ, ਸਾਧਾਂ, ਭਗਤਾਂ ਦੀ ਬਹੁੱਤ ਵਡਿਆਈ ਕੀਤੀ ਹੈ। ਉੱਥੇ ਨਾਲ ਹੀ ਸਾਧਾਂ ਸੰਤਾਂ ਦੀਆਂ ਰਹਿਤਾਂ ਬਾਰੇ ਵੀ ਡੂੰਘਾ ਜ਼ਿਕਰ ਕੀਤਾ ਹੈ, ਤਾਂ ਕਿ ਸੱਚੇ ਸੰਤਾ ਮਹਾਂਪੁਰਸ਼ਾਂ ਦੀ ਪਹਿਚਾਣ ਹੋ ਸਕੇ ਅਤੇ ਅਜੋਕੇ ਭੇਖੀ ਸੰਤਾਂ ਤੋਂ ਬਚਿਆ ਜਾ ਸਕੇ। ਸਤਿਗੁਰੂ ਜੀ ਨੇ ਸੱਚੇ ਸੰਤਾਂ ਬਾਰੇ ਲਿਖਿਆ ਹੈ ਕਿ ਸੱਚੇ ਸੰਤ ਕੌਣ ਹਨ?

ਜਿਨਾਂ ਸਾਸਿ ਗਿਰਾਸਿ ਨ ਵਿਸਰੈ, ਹਰਿ ਨਾਮਾ ਮਨਿ ਮੰਤੁ॥

ਧੰਨ ਸਿ ਸੇਈ ਨਾਨਕਾ, ਪੂਰਨ ਸੋਈ ਸੰਤ॥

(ਗਉੜੀ ਕੀ ਵਾਰ, ਸਲੋਕ ਮ. 5, ਅੰਗ 319)

ਭਾਵ ਜ੍ਹਿੰਨਾਂ ਨੂੰ ਹਰ ਸੁਆਸ ਨਾਲ ਪ੍ਰਭੂ ਯਾਦ ਹੈ। ਜੋ ਦੁਨਿਆਵੀ ਮੋਹ ਪਦਾਰਥਾਂ ਆਦਿ ਤੋਂ ਬਚੇ ਕੇਵਲ ਇੱਕ ਅਕਾਲ ਪੁਰਖ ਨਾਲ ਜੁੜੇ ਹਨ ਅਤੇ ਫਿਰ ਉਹਨਾਂ ਬਾਰੇ ਸਤਿਗੁਰੂ ਜੀ ਫੁਰਮਾਣ ਕਰਦੇ ਹਨ:

ਹਉ ਬਲਿਹਾਰੀ ਸੰਤਨ ਤੇਰੇ, ਜਿਨਿ ਕਾਮੁ ਕ੍ਰੋਧ, ਲੋਭ ਪੀਠਾ ਜੀਉ॥

(ਮਾਝ ਮਹਲਾ 5. ਅੰਗ 208)

ਕਿ ਮੈਂ ਤੇਰੇ ਉਹ ਸੰਤ ਜਿਨਾਂ ਨੇ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ ਨੂੰ ਪੀਹ ਦਿੱਤਾ (ਨਾਸ ਕਰ ਦਿੱਤਾ) ਹੈ, ਉਹਨਾਂ ਤੋਂ ਕੁਰਬਾਣ ਜਾਂਦਾ ਹਾਂ।

ਪਰ ਕਿੱਥੇ ਰਹਿੰਦੇ ਨੇ ਅਜਿਹੇ ਸੰਤ ਜਿਨਾਂ ਬਾਰੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ? ਕਿਉਂਕਿ ਅੱਜ ਜਿਧਰ ਵੀ ਨਜ਼ਰ ਮਾਰੀਏ ਤਾਂ ਸੰਤ ਰੂਪ ਵਿੱਚ ਸਿਰਫ਼ ਠੱਗ ਹੀ ਨਜ਼ਰੀਂ ਪੈਂਦੇ ਹਨ। ਮਹਿੰਗੀਆਂ ਕਾਰਾਂ, ਏ. ਸੀ. ਕਮਰੇ, ਚੇਲੇ ਚਾਟੜੇ, ਦਾਸੀਆਂ, ਭਾੜੇ ਦੇ ਗੁੰਡੇ, ਵੱਡੇ-ਵੱਡੇ ਡੇਰੇ, ਆਪੂੰ ਬਣੇ 108, 1008 ਆਦਿ। ਕੀ ਇਹਨਾਂ ਸੰਤਾਂ ਦਾ ਜ਼ਿਕਰ ਕੀਤਾ ਸੀ ਗੁਰੂ ਅਰਜਨ ਦੇਵ ਜੀ ਮਾਹਰਾਜ ਨੇ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ:

ਪ੍ਰਥਮੇ ਮਨੁ ਪਰਬੋਧੈ ਆਪਨਾ, ਪਾਛੈ ਅਵਰ ਰਿਝਾਵੈ॥

(ਆਸਾ ਮਹਲਾ 5, ਅੰਗ 381)

ਪਰ ਇੱਥੇ ਤਾਂ ਕੁੱਝ ਹੋਰ ਹੀ ਬਣਿਆ ਪਿਆ ਹੈ। ਸਟੇਜ ਤੋਂ ਕੂੜ ਸੁਇਨਾ, ਕੂੜੁ ਰੂਪਾ, ਕੂੜ ਪਹਿਨਣਹਾਰ ਕਹਿਣ ਵਾਲੇ ਆਪ ਹੀ ਅਗਾਂਹ ਹੋ ਹੋ ਕੇ ਗਲੇ ਵਿੱਚ ਸੋਨੇ ਦੀਆਂ ਚੈਨਾਂ, ਹੱਥਾਂ ਵਿੱਚ ਸੋਨੇ ਦੀਆਂ ਮੁੰਦਰੀਆਂ ਆਦਿ ਪਾਉਂਦੇ ਵੇਖੇ ਜਾ ਸਕਦੇ ਹਨ। ਪੰਚਮ ਪਾਤਸ਼ਾਹ ਤਾਂ ਫੁਰਮਾਉਂਦੇ ਹਨ:

ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ॥

(ਗਉੜੀ ਸੁਖਮਨੀ ਮ 5, ਅੰਗ 274)

`ਤੇ ਇੱਥੇ ਅਜੋਕੇ ਨਕਲੀ ਬ੍ਰਹਮਗਿਆਨੀ ਆਪੂੰ ਬਣੇ ਸਾਧ ਸੰਤ ਨਿੱਤ ਬਲਾਤਕਾਰਾਂ ਵਰਗੇ ਕੇਸਾਂ ਵਿੱਚ ਫਸੇ ਜੇਲਾਂ ਵਿੱਚ ਚੱਕੀ ਪੀਸ ਰਹੇ ਹਨ ਅਤੇ ਕਈ ਅਦਾਲਤਾਂ ਦੇ ਚੱਕਰ ਲਗਾ ਰਹੇ ਹਨ। ਮਾਇਆ ਨੂੰ ਨਾਗਨੀ ਦੱਸਣ ਵਾਲੇ ਮਾਇਆ ਵਿੱਚ ਗਲਤਾਨ ਹੋਏ ਪਏ ਹਨ। ਇਹਨਾਂ ਨਕਲੀ ਸਾਧਾਂ ਸੰਤਾਂ ਨਾਲ ਸਾਰਾ ਪੰਜਾਬ ਭਰਿਆ ਪਿਆ ਹੈ ਅਤੇ ਅਸੀ ਆਪ ਗੁਰੂ ਅਰਜਨ ਦੇਵ ਜੀ ਦੇ ਸਿੱਖ ਅਖਵਾਉਣ ਵਾਲੇ ਆਪ ਬਾਣੀ ਨੂੰ ਪੜ੍ਹੇ ਸੁਣੇ ਬਗ਼ੈਰ ਇਸ ਅਖੌਤੀ ਸਾਦ ਲਾਣੇ ਦੇ ਪੈਰੀਂ ਜਾ ਡਿੱਗੇ ਹਾਂ। ਜਿਹੜਾ ਸੰਤ ਅਜੇ ਤੱਕ ਆਪ ਹੀ ਠਕਿ ਤ੍ਹਰਾਂ ਨਾਲ ਸਿੰਘ, ਸੱਚਾ ਸਿੱਖ ਨਹੀਂ ਸਜ ਸਕਿਆ, ਅਤੇ ਜਿਸ ਬਾਰੇ ਗੁਰੂ ਸਾਹਿਬ ਫੁਰਮਾਂਦੇ ਹਨ:

ਅਵਰ ਉਪਦੇਸੈ, ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥

(ਗਉੜੀ ਸੁਖਮਨੀ ਮ. 5, ਅੰਗ 269)

ਅਸੀਂ ਅਜਿਹੇ ਸੰਤਾਂ ਨੂੰ ਸੱਚੇ ਨਿਹਕਲੰਕ, ਸਤਿਗੁਰੂ, ਸ੍ਰੀ ਮਾਨ, 108, 1008, ਬ੍ਰਹਮਗਿਆਨੀ ਆਦਿ ਨਾਵਾਂ ਨਾਲ ਸੰਬੋਧਨ ਕਰ ਰਹੇ ਹਾਂ ਜੋ ਅਜੇ ਆਪ ਜਨਮ ਮਰਨ ਦੇ ਗੇੜ ਵਿੱਚ ਫਸੇ ਪਏ ਨੇ। ਪਰ ਗੁਰੂ ਅਰਜਨ ਦੇਵ ਜੀ ਨੇ ਅਜਿਹੇ ਭੇਖੀਆਂ ਦੇ ਭੇਖ ਦਾ ਜੋਰਦਾਰ ਖੰਡਨ ਕੀਤਾ ਹੈ।

ਭੇਖ ਦਿਖਾਵੈ, ਸਚੁ ਨ ਕਮਾਵੈ॥ ਕਹਤੋ ਮਹਲੀ, ਨਿਕਟ ਨ ਆਵੈ॥ 2॥

ਅਤੀਤੁ ਸਦਾਏ ਮਾਇਆ ਕਾ ਮਾਤਾ॥ ਮਨਿ ਨਹੀ ਪ੍ਰੀਤਿ, ਕਹੈ ਮੁਖਿ ਰਾਤਾ॥ 3॥

(ਸੂਹੀ ਮ. 5, ਅੰਗ 738)

ਭਾਵ ਕਿ ਭੇਖੀ ਮਨੁੱਖ ਹੋਰਨਾਂ ਨੂੰ ਆਪਣੇ ਧਰਮੀ ਹੋਣ ਦੇ ਨਿਰੇ ਭੇਖ, ਵਿਖਾ ਰਿਹਾ ਹੈ, ਸਦਾ ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਨਹੀਂ ਕਰਦਾ। ਮੂੰਹੋ ਆਖਦਾ ਹੈ ਕਿ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਪੁੱਜਿਆ ਹੋਇਆਂ ਹਾਂ, ਪਰ ਉਹ ਪ੍ਰਭੂ ਦੇ ਚਰਨਾਂ ਵਿੱਚ ਵੀ ਨਹੀਂ ਢੁਕਿਆ ਹੁੰਦਾ। ਇਹ ਆਪਣੇ ਆਪ ਨੂੰ ਤਿਆਗੀ (ਅਤੀਤ) ਅਕਵਾਉਂਦਾ ਹੈ, ਪਰ ਮਾਇਆ ਦੀ ਲਾਲਸਾ ਵਿੱਚ ਮਸਤ ਰਹਿੰਦਾ ਹੈ। ਇਸਦੇ ਮਨ ਵਿੱਚ ਪ੍ਰਭੂ ਚਰਨਾਂ ਦਾ ਪਿਆਰ ਨਹੀਂ, ਪਰ ਮੂੰਹੋਂ ਆਖਦਾ ਹੈ ਕਿ ਮੇਂ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆਂ ਹਾਂ।

ਸੋ ਸਮੂਹ ਸੰਗਤਾਂ ਨੂਮ ਬੇਨਤੀ ਹੈ ਕਿ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਆਪਣੇ ਹਿਰਦੇ ਵਿੱਚ ਢਾਲ ਕੇ ਜੀਵਨ ਸਫ਼ਲ ਕਰੀਏ ਅਤੇ ਅਜਿਹੇ ਨਕਲੀ ਸਾਧਾਂ ਸੰਤਾਂ ਦੇ ਪਿੱਛੇ ਲੱਗ ਕੇ ਜੀਵਨ ਵਿਅਰਥ ਨਾ ਕਰੀਏ। ਸੋ ਆਓ ਪ੍ਰਣ ਕਰੀਏ ਕਿ ਅਸੀ ਗੁਰਬਾਣੀ ਦੇ ਲੜ੍ਹ ਲੱਗ ਕੇ ਇਹਨਾਂ ਦਿੰਭੀਆਂ ਪਖੰਡੀਆਂ ਦੇ ਅਖੌਤੀ ਸੰਤਵਾਦ, ਬਾਬਾਵਾਦ, ਅਤੇ ਡੇਰਾਵਾਦ ਨੂੰ ਖ਼ਤਮ ਕਰਕੇ ਨਾਨਕਵਾਦ ਦੇ ਧਾਰਨੀ ਬਣੀਏ। ਗੁਰਬਾਣੀ ਪੜੀਏ, ਵੀਚਾਰੀਏ ਅਤੇ ਅਮਲ ਕਰੀਏ।

ਦਾਸ:

- ਇਕਵਾਕ ਸਿੰਘ ਪੱਟੀ

ਜੋਧ ਨਗਰ, ਸੁਲਤਾਨਵਿੰਡ ਰੋਡ,

ਅੰਮ੍ਰਿਤਸਰ। ਮੋ. 98150-24920




.