.

“ਮਨ ਤੂੰ ਜੋਤਿ ਸਰੂਪੁ ਹੈਂ…” ਇਹੁ ਮਨੂਆ ਦਹ ਦਿਸਿ ਧਾਵਦਾ”

ਮਨ ਅਤੇ ਇਸਦੇ ਦੋ ਵਿਰੋਧੀ ਸਫ਼ਰ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਮਨੁੱਖਾ ਸਰੀਰ `ਚ ਮਨ ਕੀ ਹੈ? ਇਸ ਬਾਰੇ ਲੋਕਾਈ `ਚ ਬਹੁਤ ਭੁਲੇਖੇ ਹਨ। ਇਸ ਤੋਂ ਬਾਅਦ ਜਦੋਂ ਦਰਸ਼ਨ ਕਰਦੇ ਹਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਤਾਂ ਪਤਾ ਲਗਦਾ ਹੈ ਕਿ ਇਥੇ ਸੰਪੂਰਣ ਗੁਰਬਾਣੀ ਹੀ ਇਸ ‘ਮਨ’ ਦੇ ਵਿਸ਼ੇ ਨਾਲ ਓਤ-ਪ੍ਰੋਤ ਹੈ। ਇਸ ਲਈ ਜ਼ਰੂਰੀ ਹੈ ਕਿ ਅਜੇਹੀਆਂ ‘ਮਾਨਸਿਕ’ ਗੁੰਝਲਾਂ-ਸ਼ੰਕਿਆਂ ਨੂੰ ਖੋਲਣ ਲਈ ਪੂਰਣ ਸਮਰਪਣ ਦੀ ਭਾਵਨਾ ਨਾਲ ਗੁਰਬਾਣੀ ਦੀ ਸ਼ਰਣ `ਚ ਆ ਕੇ ਬੜੀ ਸਿਦਕਦਿਲੀ ਨਾਲ ਇਥੋਂ, ਮਨੁੱਖਾ ਜੀਵਨ ਲਈ, ਪ੍ਰਭੂ ਦੀ ਬਖਸ਼ੀ ਇਸ ‘ਮਨ’ ਵਾਲੀ ਦਾਤ ਨੂੰ ਸਮਝਣ ਦਾ ਜਤਨ ਕਰੀਏ। ਉਂਝ ਵੀ ਇਹ ਮੰਨਿਆਂ-ਪ੍ਰਮੰਨਿਆ ਸੱਚ ਹੈ ਕਿ ਮਨੁੱਖ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਵਿਚੋਂ ਅੱਜ ਤੀਕ ਦੋ ਚੀਜ਼ਾਂ ਮਨੁੱਖ ਦੀ ਪਛਾਣ ਜਾਂ ਪੱਕੜ `ਚ ਕਦੇ ਨਹੀਂ ਆਈਆਂ- ਇੱਕ ‘ਮਨ’ ਤੇ ਦੂਜਾ ਇਸ ਸਰੀਰ ਅੰਦਰ “ਹਰਿ ‘ਜੀਉ’ ਗੁਫਾ ਅੰਦਰਿ ਰਖਿ ਕੈ, ਵਾਜਾ ਪਵਣੁ ਵਜਾਇਆ” (ਪੰ: ੯੨੨) ਭਾਵ ਇਸ ਅੰਦਰ ਪ੍ਰਭੂ ਦਾ ‘ਨੂਰ’, ਜੋਤ, ਜੀਉ, ਚੇਤਨਾ ਸ਼ਕਤੀ। ਕਿਉਂਕਿ ਇਹਨਾ ਦੋਨਾਂ ਦੀ ਪਛਾਣ ਲਈ ਰੱਬੀ ਗਿਆਨ ਦੀ ਲੋੜ ਹੁੰਦੀ ਹੈ ਜੋ ਗੁਰਬਾਣੀ ਬਿਨਾ, ਕਿਧਰੋਂ ਬਾਹਰੋਂ ਮਿਲਣਾ ਵੀ ਸੰਭਵ ਨਹੀਂ।

ਇਸ ਵਿਸ਼ੇ `ਤੇ ਦੂਜੀ ਵਡੀ ਗੱਲ ਜੋ ਸਮਝਣ ਵਾਲੀ ਹੈ ਉਹ ਹੈ, ਕਰਤੇ ਦੀ ਰਚਨਾ ਵਿਚੋਂ ਕੇਵਲ ਮਨੁੱਖ ਹੀ ਅਜੇਹੀ ਸ਼੍ਰੇਣੀ ਹੈ ਜਿਸਨੂੰ ਕਰਤੇ ਨੇ ‘ਮਨ’ ਵਾਲੀ ਦਾਤ ਬਖ਼ਸ਼ੀ ਹੈ। ਇਹ ‘ਮਨ’ ਵਾਲੀ ਦਾਤ, ਅਰਬਾਂ-ਖਰਬਾਂ ਜੂਨਾਂ ਵਿਚੋਂ ਹੋਰ ਕਿਸੇ ਵੀ ਜੂਨੀ `ਚ ਪ੍ਰਾਪਤ ਨਹੀਂ। ਇਸੇ ਲਈ ਕੇਵਲ ਇਸ ਜੂਨੀ `ਚ ਹੀ ਪ੍ਰਭੂ ਵਲੋਂ ਮਨੁੱਖ ਨੂੰ ‘ਮਨ’ ਕਿਉਂ ਬਖ਼ਸ਼ਿਆ ਹੈ, ਇਸਦਾ ਪ੍ਰਯੋਜਣ ਜਾਂ ਮਕਸਦ ਕੀ ਹੈ ਇਹ ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ। ਇਸੇ ‘ਮਨ’ ਲਈ ਹੀ ਨੌਵੇਂ ਪਾਤਸ਼ਾਹ ਫ਼ੁਰਮਾਉਂਦੇ ਹਨ “ਸਾਧੋ ਇਹੁ ਮਨੁ ਗਹਿਓ ਨ ਜਾਈ॥ ਚੰਚਲ ਤ੍ਰਿਸਨਾ, ਸੰਗਿ ਬਸਤੁ ਹੈ, ਯਾ ਤੇ ਥਿਰੁ ਨ ਰਹਾਈ” (ਪੰ: ੨੧੯)। ਭਾਵ ਇਸ ਮਨ ਨੂੰ ਪਕੜਣਾ ਜਾਂ ਕਾਬੂ ਰਖਣਾ ਸੌਖੀ ਖੇਡ ਨਹੀਂ। ਕਿਉਂਕਿ ਇਸ ਮਨ ਅੰਦਰ ਜਦੋਂ ਤ੍ਰਿਸ਼ਨਾ ਨੇ ਵਾਸਾ ਕਰ ਰਖਿਆ ਹੁੰਦਾ ਹੈ ਤਾਂ ਇਸੇ ਤ੍ਰਿਸ਼ਨਾ ਵਾਲੀ ਭੁੱਖ ਦਾ ਸ਼ਿਕਾਰ, ਇਹ ‘ਮਨ’ ਹਰ ਸਮੇਂ ਇਧਰ-ਓਧਰ ਭਟਕਦਾ ਹੀ ਰਹਿੰਦਾ ਹੈ।

ਫ਼ੁਰਮਾਨ ਹੈ “ਇਹੁ ਮਨੂਆ ਦਹ ਦਿਸਿ ਧਾਵਦਾ, ਦੂਜੈ ਭਾਇ ਖੁਆਇਆ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ, ਬਿਰਥਾ ਜਨਮੁ ਗਵਾਇਆ॥ ਸਤਿਗੁਰੁ ਭੇਟੇ ਤਾ ਨਾਉ ਪਾਏ, ਹਉਮੈ ਮੋਹੁ ਚੁਕਾਇਆ” (ਪੰ: ੫੯੯) “ਭਾਵ ਮਾਇਕ ਅਗਿਆਨਤਾ ਦੇ ਹਨੇਰੇ (ਦੂਜੈ ਭਾਇ) ਕਾਰਨ ਮਨੁੱਖ, ਪ੍ਰਭੂ ਨੂੰ ਤਾਂ ਸਿਮਰਦਾ ਨਹੀਂ ਜੋਕਿ ਮਨੁੱਖਾ ਸਰੀਰ `ਚ ਇਸ ਮਨ ਦਾ ਅਸਲ ਮਕਸਦ ਹੈ। ਇਸੇ ਕਰਕੇ ਇਸਦਾ ਜੀਵਨ, ਆਪਣੇ ਅਸਲੇ ਭਾਵ ਕਰਤੇ ਪ੍ਰਭੂ ਨਾਲ ਜੁੜਦਾ ਨਹੀਂ। ਮਨੁੱਖ, ਸਾਰੀ ਉਮਰ ਆਪਣੇ ਮਨ ਦੀ ਇਸ ਦੌੜ `ਚ ਹੀ ਇਧਰ ਓਧਰ ਭਟਕਦਾ ਰਹਿ ਜਾਂਦਾ ਅੰਤ ਆਪਣਾ ਜਨਮ ਜ਼ਾਇਆ ਕਰਕੇ ਚਲਾ ਜਾਂਦਾ ਹੈ। ਇਸ ਸਾਰੇ ਦਾ ਇਕੋ ਇੱਕ ਹੱਲ ਹੈ “ਸਤਿਗੁਰੁ ਭੇਟੇ ਤਾ ਨਾਉ ਪਾਏ, ਹਉਮੈ ਮੋਹੁ ਚੁਕਾਇਆ” (ਉਹੀ) ਭਾਵ ਸਦਾ ਥਿੱਰ ਗੁਰੂ ਦੀ ਅਗਿਆ `ਚ ਚਲ ਕੇ ਮਨ ਨੂੰ “ਮਾਇਆ ਅਮਰੁ ਵਰਤਾਇਆ” (ਪੰ: ੯੨੧) ਦੀ ਜੱਕੜ `ਚੋਂ ਆਜ਼ਾਦ ਕਰਣਾ ਅਤੇ ਆਪਣੇ-ਆਪ ਨੂੰ ਵਿਕਾਰਾਂ ਤੋਂ ਬਚਾਉਣਾ ਹੈ। ਕਿਉਂਕਿ “ਏਹ ਮਾਇਆ, ਜਿਤੁ ਹਰਿ ਵਿਸਰੈ, ਮੋਹੁ ਉਪਜੈ ਭਾਉ ਦੂਜਾ ਲਾਇਆ” (ਪੰ: ੯੨੧) ਕਾਦਿਰ ਪ੍ਰਭੂ ਨੂੰ ਵਿਸਾਰ ਕੇ ਸੰਸਾਰ ਦੀ ਮੋਹ-ਮਮਤਾ `ਚ ਡੁੱਬ ਜਾਣਾ ਹੀ ‘ਮਾਇਆ’ ਹੈ। ਉਂਝ ਮਾਇਆ ਦਾ ਆਪਣਾ ਕੋਈ ਵਜੂਦ ਹਜੂਦ ਨਹੀਂ।

ਇਹੁ ਮਨੁ ਕਰਮਾ ਇਹੁ ਮਨੁ ਧਰਮਾ- ਅਕਾਲਪੁਰਖ ਨੇ ਮਨੁੱਖ ਨੂੰ ‘ਮਨ’ ਬਖਸ਼ਿਆ ਹੀ ਇਸ ਲਈ ਸੀ ਕਿ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਕਿ ਐ ਭਾਈ! ਤੈਨੂੰ ਮਨੁੱਖਾ ਜਨਮ ਮਿਲਿਆ ਹੀ ਇਸ ਲਈ ਹੈ ਅਨੇਕਾਂ ਜੂਨਾਂ ਤੋਂ ਬਣਿਆ ਤੇਰਾ ਫ਼ਾਸਲਾ ਖਤਮ ਹੋ ਜਾਵੇ। ਇਸ ਤਰ੍ਹਾਂ ਤੂੰ ਆਪਣੇ ਅਸਲੇ, ਕਰਤਾਰ `ਚ ਇਕ-ਮਿਕ ਹੋ ਕੇ ਜੀਵਨ ਸਫ਼ਲ ਕਰ ਸਕੇਂ। ਤੈਨੂੰ ਮੁੜ, ਜੂਨਾਂ `ਚ ਨਾ ਭਟਕਣਾ ਪਵੇ। ਗੁਰਦੇਵ ਫ਼ੁਰਮਾਉਂਦੇ ਹਨ “ਇਹੁ ਮਨੁ ਕਰਮਾ, ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ॥ ਸਾਕਤੁ ਲੋਭੀ ਇਹੁ ਮਨੁ ਮੂੜਾ” (ਪੰ: ੪੧੫) ਜਿਸਦਾ ਭਾਵ ਹੈ, ਸਾਡਾ ਇਹ ਮੂੜਾ ਮਨ, ਮੂਰਖਤਾ-ਅਗਿਆਨਤਾ ਵਾਲੇ ਪਾਸੇ ਹੀ ਟੁਰਦਾ ਹੈ। ਇਸੇ ਕਾਰਣ ਮਨੁੱਖ ਪ੍ਰਭੂ ਦਾ ਦਰ ਛਡ ਕੇ ‘ਸਾਕਤ’ ਭਾਵ ਉਸਦੀਆਂ ਸ਼ਕਤੀਆਂ-ਦਾਤਾਂ ਦਾ ਹੀ ਪੁਜਾਰੀ ਬਣ ਕੇ ਰਹਿ ਜਾਂਦਾ ਹੈ। ਨਤੀਜਾ, ਮਨੁੱਖ, ਲੋਭ ਤ੍ਰਿਸ਼ਨਾ ਆਦਿ ਦਾ ਹੀ ਗ਼ੁਲਾਮ ਹੋ ਕੇ ਜਾਂ ਹਉਮੈ ਅਧੀਨ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰਕੇ, ਫ਼ਿਰ ਤੋਂ ਜੂਨਾਂ ਦੇ ਗੇੜ `ਚ ਪੈ ਜਾਂਦਾ ਹੈ। ਗੁਰਦੇਵ ਇਥੋਂ ਤੀਕ ਸਾਵਧਾਨ ਕਰ ਰਹੇ ਹਨ ਕਿ ਜਦੋਂ “ਇਹੁ ਮਨੁ ਕਰਮਾ” ਅਨੁਸਾਰ ਮਨੁੱਖ ਜੀਵਨ ਦੇ ਉਲਟੇ ਰਾਹ ਚਲ ਕੇ, ਕਰਤਾਰ ਦੀ ਬਜਾਏ ਕਰਤਾਰ ਦੀਆਂ ਦਾਤਾਂ ਦਾ ਗ਼ੁਲਾਮ ਤੇ ਪੁਜਾਰੀ ਬਣਿਆ ਰਹਿੰਦਾ ਹੈ।

ਨਤੀਜਾ ਇਸਦੀ ਸਾਰੀ ਜ਼ਿੰਦਗੀ ਕਰਤੇ ਦੀਆਂ ਸ਼ਕਤੀਆਂ-ਦਾਤਾਂ ਪਿਛੇ ਦੌੜਦੇ “ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ” ਇਹੀ ਇਸਦਾ ਧਰਮ ਬਣ ਜਾਂਦਾ ਹੈ। ਇਸਤਰ੍ਹਾਂ ਇਲਾਹੀ-ਰੱਬੀ ਧਰਮ ਤੋੰ ਦੂਰ, ਇਸਦਾ ਧਰਮ ਪੰਜਾਂ ਤੱਤਾਂ ਦੀ ਪੂਜਾ ਤੀਕ ਸੀਮਤ ਹੁੰਦਾ ਹੈ। ਪ੍ਰਭੂ ਤੋਂ ਦੂਰ ਜਾ ਚੁਕੇ ਇਸ ਦੇ ‘ਮਨ’ ਦੀ ਬਨਾਵਟ ਪ੍ਰਭੂ ਰੰਗ ਵਾਲੀ ਨਹੀਂ, ਬਾਹਰਲੇ ਪੰਜ ਤਤਾਂ ਤੋਂ ਜਨਮੇ ‘ਮਨ’ ਵਾਲੀ ਹੀ ਬਣਦੀ ਹੈ। ਪ੍ਰਭੂ ਤੋਂ ਦੂਰ, ਆਪਣੇ ਅਸਲੇ ਤੋਂ ਟੁਟੇ ਹੋਏ ਇਸ ‘ਮਨ’ ਲਈ ‘ਪੰਚ ਤੱਤਾਂ’ ਦੀ ਪੂਜਾ-ਪ੍ਰਾਪਤੀ `ਚ ਉਲਝੇ ਰਹਿਣਾ, ਹਰ ਸਮੇਂ ਆਸਾ-ਮਨਸਾ ਵਾਲੀ ਦੌੜ ਹੀ, ਮਨੁੱਖ ਦਾ ਧਰਮ ਬਣੀ ਹੁੰਦੀ ਹੈ। ਸਾਰੀ ਉਮਰ ਤ੍ਰਿਸ਼ਨਾ-ਭਟਕਣਾ-ਨਿਰਾਸ਼ਾ ਦੀ ਅੱਗ `ਚ ਸੜਦਾ ਰਹਿੰਦਾ ਹੈ। ਆਪਣੇ ਧੁਰੇ ਪ੍ਰਭੂ ਤੋਂ ਦੁਰੇਡੇ ਬੈਠਾ ਮਨੁੱਖ, ਆਪ ਮਿਥੇ ਹਜ਼ਾਰਾ ਸੰਸਾਰਿਕ ਧਰਮਾਂ ਦੀ ਜਕੜ `ਚ ਇੱਕ ਦੂਜੇ ਦਾ ਵੈਰੀ ਅਤੇ ਖੂਨ ਤੀਕ ਦਾ ਪਿਆਸਾ ਬਣਿਆ ਰਹਿੰਦਾ ਹੈ। ਇਸਦੇ ਉਲਟ “ਗੁਰਮੁਖਿ ਨਾਮੁ ਜਪੈ ਮਨੁ ਰੂੜਾ” (ਉਹੀ) ਇਸ ਮਨ ਦੀ ਅਸਲੀਅਤ, ਮਨੁੱਖ ਜੇਕਰ ਗੁਰੂ ਦੀ ਸਿਖਿਆ `ਤੇ ਚਲ ਕੇ, ਮਨ ਨੂੰ ਪ੍ਰਭੂ ਰੰਗ `ਚ ਰੰਗ ਲਵੇ ਤਾਂ ਇਸ ਸਾਰੇ ਤੋਂ ਬਚ ਜਾਂਦਾ ਹੈ।

“ਤਤੁ ਚੁਗਹਿ ਮਿਲਿ ਏਕਸੇ” - ਗੁਰੂ ਨਾਨਕ ਪਾਤਸ਼ਾਹ, ਰਾਮਕਲੀ ਰਾਗ `ਚ ਇਸ ਮਨ ਦੇ ਦੋ ਵਿਰੋਧੀ ਦਿਸ਼ਾਵਾਂ ਵਾਲੇ ਸਫ਼ਰ ਦੀ ਬੜੀ ਕਮਾਲ ਦੀ ਵਿਆਖਿਆ ਦੇਂਦੇ ਹਨ। ਫ਼ੁਰਮਾਨ ਹੈ “ਤਰਵਰੁ ਕਾਇਆ ਪੰਖਿ ਮਨੁ, ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨ ਰੰਚ॥ ਉਡਹਿ ਤ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ” (ਪੰ: ੯੩੪) ਭਾਵ ਜੇਕਰ ਮੰਨ ਲਿਆ ਜਾਵੇ ਕਿ ਮਨੁੱਖ ਦਾ ਸਰੀਰ ਇੱਕ ਬਿਰਖ ਦੀ ਨਿਆਈਂ ਹੈ। ਉਪ੍ਰੰਤ ਇਸ ਬਿਰਖ `ਚ ਮਨ ਰੂਪੀ ਇੱਕ ਪੰਖੀ ਦਾ ਵਾਸਾ ਹੈ। ਫ਼ਿਰ ਇਸੇ ਹੀ ਬਿਰਖ `ਚ ਪੰਜ ਹੋਰ ਪੰਛੀ (ਪੰਜ ਗਿਆਨ ਇੰਦਰੇ) ਵੀ ਵਸਦੇ ਹਨ। ਖੂਬੀ ਇਹ, ਸਾਡੇ ਇਹ ਪੰਜੇ ਗਿਆਨ ਇੰਦਰੇ, ਸਦਾ ‘ਮਨ’ ਰੂਪੀ ਪੰਛੀ ਦੇ ਅਧੀਨ ਰਹਿ ਕੇ ਚਲਦੇ ਵੀ ਇਕੋ ਦਿਸ਼ਾ ਨੂੰ ਹੀ ਹਨ। ਚੂੰਕਿ ਇਹ ਪੰਜੇ ਪੰਖੀ (ਇੰਦਰੇ) ਚਲਦੇ ਇਕੋ ਹੀ ਰੁਖ ਨੂੰ ਹਨ, ਵਖ ਵਖ ਹੋ ਕੇ ਨਹੀਂਂਂ। ਇਸ ਲਈ “ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨ ਰੰਚ” (ਉਹੀ)। ਭਾਵ ਜਦੋਂ ਇਹ ਪੰਜੇ ਗਿਆਨ ਇੰਦਰੇ, ਜੀਵਨ ਦੇ ਤਤ (ਅਸਲੀਅਤ) ਪ੍ਰਭੂ ਨਾਲ ਜੁੜ ਕੇ ਉਢਦੇ-ਚਲਦੇ ਹਨ ਤਾਂ ਇਹਨਾ ਨੂੰ ਵਿਕਾਰਾਂ, ਸੰਸਾਰਕ ਬੰਧਨਾ, ਮੋਹ-ਮਾਇਆ ਆਦਿ ਵਾਲੀ ਕੋਈ ਫਾਹੀ ਨਹੀਂ ਪੈਂਦੀ।

ਇਸਦੇ ਉਲਟ ਜੇਕਰ ਇਹ ਪੰਜੇ ਗਿਆਨ ਇੰਦਰੇ (ਪੰਛੀ) ਸੰਸਾਰਕ ਮੋਹ-ਮਾਇਆ-ਤ੍ਰਿਸ਼ਨਾ ਅਤੇ ਸੰਸਾਰਕ ਪ੍ਰਾਪਤੀਆਂ-ਭੁਖਾਂ ਵਾਲੀ ਉਲਟੀ ਦਿਸ਼ਾ ਨੂੰ ਉੱਡ ਰਹੇ ਹੁੰਦੇ ਹਨ ਤਾਂ “ਉਡਹਿ ਤ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ” (ਉਹੀ)। ਇਸ ਤਰ੍ਹਾਂ ਇਹਨਾ ਦੀ ਮੋਹ ਮਾਇਆ-ਵਿਕਾਰਾਂ ਵਾਲੀ ਭੁੱਖ ਹੀ ਇਹਨਾ ਨੂੰ ਇਸ ਤਰ੍ਹਾਂ ਦੌੜ ਲਗਵਾਉਂਦੀ ਹੈ ਕਿ ਇਹ ਆਪਣੀਆਂ ਭੁੱਖਾਂ ਦੇ ਗ਼ੁਲਾਮ ਹੀ ਰਹਿੰਦੇ ਹਨ। ਜੀਵਨ ਦਾ ਚੋਗਾ ਚੁਗਦੇ ਵੀ ਜਾਂਦੇ ਹਨ ਪਰ “ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ” (ਬਾਣੀ ਜਪੁ) ਅਨੁਸਾਰ ਇਹਨਾ ਦਾ ਰੱਜ ਨਹੀਂ ਹੁੰਦਾ। ਕੁਰਾਹੇ ਪੈ ਚੁਕੇ ‘ਮਨ’ ਦਾ ਗ਼ੁਲਾਮ, ਮਨੁੱਖ ਸਾਰੀ ਉਮਰ ਧੰਨ ਪਦਾਰਥਾਂ ਦੀ ਲਾਲਸਾ ਵਾਲੀ ਦੌੜ `ਚ ਲਗਾ ਰਹਿ ਕੇ ਵੀ, ਸਦਾ ਭੁੱਖਾ ਹੀ ਰਹਿੰਦਾ ਹੈ। ਇਸ ਲਾਲਸਾ-ਤ੍ਰਿਸ਼ਨਾ ਵਾਲੀ ਦੌੜ `ਚ ਲਗਿਆਂ ਦੀ “ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ” (ਉਹੀ) ਜੀਵਨ ਦੀ ਦੌੜ ਤਾਂ ਮੁੱਕ ਜਾਂਦੀ ਹੈ ਭਾਵ ਮੌਤ ਆ ਜਾਂਦੀ ਹੈ; ਪਰ ਇਹਨਾ ਦੀ ਤ੍ਰਿਸ਼ਨਾ-ਭੁੱਖ ਵਾਲੀ ਦੌੜ ਨਹੀਂਂਂ ਮੁੱਕਦੀ, ਉਲਟਾ ਅਉਗਣਾਂ ਕਾਰਨ ਜਨਮ-ਮਰਣ ਦੇ ਗੇੜ ਵਾਲੀ ਫਾਹੀ ਮੁੜ, ਇਹਨਾ ਦੇ ਗਲ ਪੈ ਜਾਂਦੀ ਹੈ।

ਅਵਰ ਜੋਨਿ ਤੇਰੀ ਪਨਿਹਾਰੀ” - ਗੁਰਦੇਵ ਸਮਝਾ ਰਹੇ ਹਨ, “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੩੭੪) ਪੂਰਾ ਸਲੋਕ ਪੜੋ, ਕਪਾਟ ਖੁਲ ਜਾਣਗੇ, ਫ਼ਿਰ ਇਹਨਾ ਪੰਕਤੀਆਂ `ਚ ਹੀ ਗੁਰਦੇਵ ਫ਼ੁਰਮਾਂਉਂਦੇ ਹਨ, ਬੰਦਿਆ! ਪ੍ਰਭੂ ਨੇ ਇਸ ਬੇਅੰਤ ਰਚਨਾ `ਚ, ਸਭਕੁਝ ਤੇਰੇ ਲਈ ਹੀ ਬਖਸ਼ਿਆ ਹੈ। ਮਨੁੱਖਾ ਜੂਨੀ, ਜੋ ਕਿ ਹੋਰ ਸਾਰੀਆਂ ਜੂਨੀਆਂ ਤੋਂ ਸਿਰਮੌਰ ਹੈ ਇਸ ਰਾਹੀਂ ਤੂੰ ਸੰਸਾਰਿਕ ਲਬੇੜਾਂ `ਚ ਨਾ ਫ਼ਸ ਕੇ, ਇਸਦਾ ਪ੍ਰਭੂ ਮਿਲਾਪ ਵਾਲਾ ਲਾਭ ਲੈ। ਇਸ ਨਾਲ ਪ੍ਰਭ ਬਖਸ਼ੀ ਤੂੰ ਹਰੇਕ ਦਾਤ ਦੀ ਸਰਦਾਰੀ ਵੀ ਮਾਣ ਸਕੇਂਗਾ। ਤੈਨੂੰ ਪ੍ਰਭੂ ਨੇ ਮਨੁੱਖਾ ਜੂਨੀ `ਚ ਇਹ ‘ਮਨ’ ਵਾਲੀ ਦਾਤ ਵੀ ਬਖਸ਼ੀ ਹੈ। ਜੇ ਕਰ ਤੂੰ ਇਸ ‘ਮਨ’ ਦੇ ਮਕਸਦ ਨੂੰ ਸਮਝ ਕੇ ਚਲੇਂਗਾ ਤਾਂ ਹੀ ਇਸਦਾ ਲਾਭ ਵੀ ਲੈ ਸਕੇਂਗਾ। ਜੇ ਕਰ ‘ਮਨ’ ਦੇਣ ਵਾਲੇ ਪ੍ਰਭੂ ਨਾਲ ਜੁੜ ਕੇ ਤੂੰ ਇਸ ‘ਮਨ’ ਦੀ ਵਰਤੋਂ ਕਰੇਂਗਾ ਤਾਂ ਤੂੰ ਸਾਰੀ ਰਚਨਾ ਦੀ ਸਰਦਾਰੀ ਵਾਲਾ ਆਨੰਦ ਹੀ ਆਨੰਦ ਮਾਣੇਂਗਾ। ਇਸਦੇ ਉਲਟ, ਜੇਕਰ ਤੂੰ ਪ੍ਰਭੂ ਬਖਸ਼ੇ ਇਸੇ ‘ਮਨ’ ਨੂੰ “ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ” (ਉਹੀ) ਸੰਸਾਰਕ ਰਸਾਂ ਦਾ ਗ਼ੁਲਾਮ ਬਣਾਕੇ ਵਰਤੇਂਗਾ ਤਾਂ ਚੇਤੇ ਰਖ! ਇਹ ਸੋਨਾ-ਚਾਂਦੀ-ਧੰਨ ਪਦਾਰਥ, ਤੇਰੇ ਮਨ ਦੇ ਸੁਭਾਉ ਨੂੰ ਵਿਕਾਰਾਂ ਵਲ ਧੱਕਦੇ ਜਾਣਗੇ। ਤੇਰੇ ਮਨੁੱਖਾ ਜਨਮ ਨੂੰ ਅਉਗਣਾਂ-ਜੁਰਮਾਂ ਦਾ ਪੁਤਲਾ ਬਨਾ ਕੇ ਰਖ ਦੇਣਗੇ। ਤੇਰਾ ਅਮੁਲਾ ਜਨਮ ਤ੍ਰਿਸ਼ਨਾ, ਭਟਕਣਾਂ, ਨਿਰਾਸ਼ਾਂਵਾਂ, ਮੰਗਾਂ, ਸੰਸਾਰਕ ਭੁੱਖਾਂ ਦਾ ਖਾਜ ਬਣਕੇ ਵਿਅਰਥ ਚਲਾ ਜਾਵੇਗਾ। ਤੂੰ ਆਪਣੇ ਇਸ ਮਨੁੱਖਾ ਜਨਮ ਨੂੰ ਗੁਆ ਕੇ ਮੁੜ ਤੋਂ ਜਨਮ-ਮਰਣ ਦੇ ਗੇੜ `ਚ ਪੈ ਜਾਂਵੇਂਗਾ।

“ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩) ਭਾਵ ਜਿਹੜੇ ਮਨੁੱਖ, ਪ੍ਰਭੂ ਬਖਸ਼ੇ ਇਸ ‘ਮਨ’ ਨੂੰ ਗੁਰੂ ਨਾਲ ਜੋੜ ਕੇ ਇਸਦੀ ਸੁਵਰਤੋਂ ਕਰਦੇ ਹਨ ਉਹ ਆਪਣੇ ਜੀਵਨ ਨੂੰ ਪ੍ਰਭੂ ਰੰਗ `ਚ ਰੰਗ ਕੇ ਆਪਣਾ ਜਨਮ ਸਫ਼ਲਾ ਕਰ ਲੈਂਦੇ ਹਨ। ਉਹਨਾਂ ਦੇ ਜੀਵਨ ਜੀਉਂਦੇ ਜੀਅ ਅਕਾਲਪੁਰਖੀ ਗੁਣਾਂ ਦਾ ਪ੍ਰਗਟਾਵਾ ਹੁੰਦੇ ਹਨ। ਦੂਜੇ, ਜੋ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਹੂੜਮੱਤਾਂ, ਦੁਰਮੱਤਾ, ਮਨਮੱਤਾਂ ਕਾਰਨ, ਲੋਭ ਮੋਹ ਹੰਕਾਰ ਆਦਿ `ਚ ਫ਼ਸੇ ਹੋਏ, ਜਨਮ ਜ਼ਾਇਆ ਕਰਕੇ ਚਲੇ ਜਾਂਦੇ ਹਨ। ਅਜੇਹੇ ਪ੍ਰਾਣੀ, “ਸੁ ਕਚੁ ਨਿਕਚੁ” ਅਨੁਸਾਰ ਜੀਵਨ ਦੀ ਕੱਚੀ ਵਰਤੋਂ ਕਰਕੇ ਮੁੜ ਜਨਮ-ਮਰਣ ਦੇ ਗੇੜ੍ਹ `ਚ ਪੈ ਜਾਂਦੇ ਹਨ। ਇਸੇ ਸਚਾਈ ਨੂੰ ਗੁਰਦੇਵ ਇਸ ਤਰ੍ਹਾਂ ਵੀ ਸਮਝਾਉਂਦੇ ਹਨ “ਤੇਰੈ ਨਾਇ ਰਤੇ ਸੇ ਜਿਣਿ ਗਏ॥ ਹਾਰਿ ਗਏ ਸਿ ਠਗਣ ਵਾਲਿਆ” (ਪੰ: ੪੬੩) ਭਾਵ ਜੋ ਲੋਕ (ਮਨ ਦੀ ਸੁਵਰਤੋਂ ਕਰਕੇ ਗੁਰੂ-ਗੁਰਬਾਣੀ ਅਧੀਨ) ਮਨ ਦੀ ਤਿਆਰੀ ਕਰਦੇ ਹਨ, ਉਹ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ। ਦੂਜੇ ਜੋ ਠੱਗੀਆਂ ਆਦਿ ਵਾਲੇ ਜੀਵਨ ਰਾਹੀਂ, ‘ਮਨ’ ਦੀ ਕੁਵਰਤੋਂ ਕਰਕੇ ਮਨਮਤਾਂ `ਚ ਫ਼ਸੇ ਰਹਿੰਦੇ ਹਨ, ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹਨ। ਇਸੇਤਰ੍ਹਾਂ “ਗੁਰਮੁਖਿ ਲਾਧਾ, ਮਨਮੁਖਿ ਗਵਾਇਆ” ਅਨੁਸਾਰ ‘ਮਨ’ ਦੀ “ਕੁਵਰਤੋਂ ਅਤੇ ਸੁਵਰਤੋਂ” ਦੋ ਵਿਰੋਧੀ ਦਿਸ਼ਾਵਾਂ ਤੇ ਉਹਨਾਂ ਦੇ ਨਤੀਜਿਆਂ ਨੂੰ ਗੁਰਬਾਣੀ `ਚ ਹਜ਼ਾਰਾਂ ਵਾਰੀ, ਅਨੇਕਾਂ ਮਿਸਾਲਾਂ ਦੇ-ਦੇ ਕੇ, ਖੋਲ ਕੇ ਸਮਝਾਇਆ ਹੈ। ਲੋੜ ਹੈ ਤਾਂ ਗੁਰਬਾਣੀ ਵਿਚਲੇ ਇਸ ਵਿਸ਼ੇ ਨੂੰ ਸਮਝਣ ਅਤੇ ‘ਮਨ’ ਦੀ ਸੁਵਰਤੋਂ-ਸੰਭਾਲ ਦੀ।

“ਇਹੁ ਮਨੁ ਪੰਚ ਤਤ ਕੋ ਜੀਉ” -ਇਸੇ ਮਨ ਲਈ ਬਾਣੀ `ਚ ਕਬੀਰ ਜੀ ਇਥੋਂ ਤੀਕ ਕਹਿੰਦੇ ਹਨ “ਮਮਾ ਮਨ ਸਿਉ ਕਾਜੁ ਹੈ, ਮਨ ਸਾਧੇ ਸਿਧਿ ਹੋਇ॥ ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨ ਕੋਇ॥ ੩੨ ॥ ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥ ੩੩ ॥ (ਪੰ: ੩੪੨) ਭਾਵ ਮਨੁੱਖ ਦੇ ਸਾਰੇ ਜੀਵਨ ਦੀ ਸਫ਼ਲਤਾ-ਅਸਫ਼ਲਤਾ ਦਾ ਦਾਰੋ-ਮਦਾਰ ਇਸਦੇ ‘ਮਨ’ ਦੀ ਸੁਵਰਤੋਂ-ਕੁਵਰਤੋਂ `ਤੇ ਹੀ ਖੜੀ ਹੈ। “ਮਨ ਸਾਧੇ ਸਿਧਿ ਹੋਇ” ਅਨੁਸਾਰ ਜੇਕਰ ਮਨੁੱਖ, ਮਨ ਦੀ ਸੁਵਰਤੋਂ ਕਰਕੇ ਜੀਵਨ ਦੇ ਸਿਧੇ ਰਾਹ ਤੁਰਿਆ ਤਾਂ “ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ” ਜਨਮ ਨੂੰ ਸਫ਼ਲ ਕਰਕੇ, ਜੀਵਨ ਦੀ ਉੱਚੀ ਅਵਸਥਾ ਪ੍ਰਾਪਤ ਕਰ ਲਵੇਗਾ। ਇਸਦੇ ਉਲਟ, ਜੇਕਰ ਮਨੁੱਖ, ਜੀਵਨ ਭਰ “ਇਹੁ ਮਨੁ ਸਕਤੀ, ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ” ਮਨ ਨੂੰ “ਸਕਤੀ” ਭਾਵ ਕਰਤਾਰ ਦੀ ਰਚਨਾ ਦੀ ਹਵਸ-ਲਾਲਸਾ `ਚ ਹੀ ਉਲਝਾਈ ਰਖਿਆ ਤਾਂ ਪੰਜਾਂ-ਤਤਾਂ ਦੀ ਗ਼ੁਲਾਮੀ `ਚ ਫ਼ਸਿਆ ਰਿਹਾ, ਤਾਂ ਸਫ਼ਲ ਅਵਸਥਾ ਭਾਵ ਜੀਉਂਦੇ-ਜੀਅ ਪ੍ਰਭੂ ਮਿਲਾਪ ਵਾਲੇ ਆਨੰਦ ਨੂੰ ਕਦੇ ਨਹੀਂ ਮਾਣ ਸਕੇਗਾ।

ਤਨ ਮਹਿ ਮਨੂਆ” - ਇਸ ਲਈ “ਤਨ ਮਹਿ ਮਨੂਆ, ਮਨ ਮਹਿ ਸਾਚਾ॥ ਸੋ ਸਾਚਾ ਮਿਲਿ, ਸਾਚੇ ਰਾਚਾ” (ਪੰ: ੬੮੬) ਭਾਵ ਮਨੁੱਖਾ ਸਰੀਰ ਅੰਦਰ ਪ੍ਰਭੂ ਨੇ ਜੋ ਮਨ ਬਖਸ਼ਿਆ ਹੈ, ਜੇ ਕਰ ਇਸ ‘ਮਨ’ ਨੂੰ ਪ੍ਰਭੂ ਪਿਆਰ ਵਾਲਾ ਰੰਗ ਚੜ੍ਹਿਆ ਰਵੇਗਾ ਤਾਂ ਮਨੁੱਖ, ਜੀਉਂਦੇ ਜੀਅ ਪ੍ਰਭੂ ਦਾ ਰੂਪ ਹੋ ਜਾਵੇਗਾ। ਲੋੜ ਤਾਂ ਹੈ ਮਨੁੱਖਾ ਸਰੀਰ ਅੰਦਰ ‘ਮਨ’ ਦੀ ਹੋਂਦ, ਅਸਲੀਅਤ ਅਤੇ ਇਸਦੇ ਮਕਸਦ ਨੂੰ ਸਮਝਣ ਦੀ। ਨਹੀਂ ਤਾਂ “ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀਂਂ ਪੇਖਾ” (ਪੰ: ੩੩੦) ਉਪ੍ਰੰਤ “ਇਸੁ ਮਨ ਕਉ ਕੋਈ ਖੋਜਹੁ ਭਾਈ” (ਉਹੀ) ਕਿਉਂਕਿ ਵਿਰਲੇ ਹਨ ਜੋ “ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ॥ ਭਾਇ ਭਗਤਿ ਜਾ ਹਉਮੈ ਸੋਖੈ” (ਪੰ: ੧੨੪) ਨਹੀਂ ਤਾਂ, ਗੱਲ ਉਹੀ ਰਹਿੰਦੀ ਹੈ ਕਿ “ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ, ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ(ਉਹੀ)। ਇਸ ਤਰ੍ਹਾਂ ਮਨ ਦੇ ਵਿਸ਼ੇ ਨੂੰ ਸਮਝਣ ਲਈ ਗੁਰਬਾਣੀ `ਚੋਂ ਚਾਹੇ ਕੋਈ ਵੀ ਸੰਬੰਧਤ ਸ਼ਬਦ ਲੈ ਲਿਆ ਜਾਵੇ ਉਸ `ਚ ਮਨ ਦੀ ਵਿਸ਼ੇਸ਼ਤਾ ਅਤੇ ਮਕਸਦ ਜਾਂ ਮਨੁੱਖਾ ਜੀਵਨ `ਚ ਇਸਦੀ ਪ੍ਰਸੰਗਤਾ-ਲੋੜ ਸੰਬੰਧੀ, ‘ਮਨ’ ਦੇ ਦੋ ਵਿਰੋਧੀ ਦਿਸ਼ਾਵਾਂ ਵਾਲੇ ਸਫ਼ਰ ਦੀ ਗੱਲ ਆਪਣੇ ਆਪ ਸਾਫ਼ ਹੁੰਦੀ ਜਾਵੇਗੀ। ‘ਮਨ’ ਦੀ ਅਸਲ ਮੰਜ਼ਿਲ ਹੈ, ਗੁਰਬਾਣੀ-ਗੁਰੂ ਨਾਲ ਜੁੜ ਕੇ ਜੀਉਂਦੇ ਜੀਅ ਅਸਲੇ ਪ੍ਰਭੂ, `ਚ ਇੱਕ ਮਿਕ ਹੋ ਜਾਣਾ ਤੇ ਜਨਮ-ਮਰਣ ਦੇ ਗੇੜ ਚੋਂ ਨਿਕਲ ਜਾਣਾ। ਜਦਕਿ ਮਨ ਦੀ ਉਲਟੀ ਦਿਸ਼ਾ ਹੈ, ਮੋਹ-ਮਾਇਆ ਵਾਲੀ ਦਲ ਦਲ `ਚ ਫ਼ਸ ਕੇ, ਵਿਕਾਰਾਂ ਦੇ ਸੰਗਲ ਗਲ `ਚ ਪੁਆ ਕੇ ਜੀਵਨ ਨੂੰ ਕੂੜ ਦੀ ਅੱਗ `ਚ ਸਾੜ ਦੇਣਾ ਜਿਵੇਂ “ਕਲਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ” (ਪੰ: ੪੭੦) ਮਨ ਨੂੰ ਸੰਸਾਰਕ ਤ੍ਰਿਸ਼ਨਾ, ਭਟਕਣਾ, ਨਿਰਾਸ਼ਾ ਆਦਿ ਦਾ ਰਥ ਬਨਾ ਕੇ, ਸਰੀਰ ਨੂੰ ਚਲਾਉਣਾ, ਜੀਵਨ ਨੂੰ ਸੰਸਾਰਕ ਭੁੱਖਾਂ ਦਾ ਸ਼ਿਕਾਰ ਬਨਾਈ ਰਖਣਾ। ਅਜੇਹੇ ਜੀਵ, ਜੀਉਂਦੇ ਜੀਅ ਵੀ ਅਖੌਤੀ ਕਲਜੁਗ ਦਾ ਜੀਵਨ ਬਤੀਤ ਕਰਦੇ ਹਨ। ਸਰੀਰ ਤਿਆਗਣ ਬਾਅਦ ਵੀ, ਮੁੜ ਜਨਮ-ਮਰਣ ਦੇ ਗੇੜਾਂ `ਚ ਫ਼ਸਦੇ ਹਣ।

“ਇਸੁ ਮਨ ਕਉ ਕੋਈ ਖੋਜਹੁ ਭਾਈ” -ਮਨੁੱਖੀ ਮਨ ਦੀਆਂ ਦੋ ਵਿਰੋਧੀ ਦਿਸ਼ਾਂਵਾਂ ਵਾਲੇ ਸਫ਼ਰ ਨੂੰ ਤੀਜੇ ਪਾਤਸ਼ਾਹ ਇਸ ਤਰ੍ਹਾਂ ਬਿਆਨਦੇ ਹਨ “ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ॥ ਦੁਬਿਧਾ (ਦੁਚਿਤੀ) ਮਾਰਿ, ਬ੍ਰਹਮੁ ਬੀਚਾਰੇ॥ ੧॥ ਇਸੁ ਮਨ ਕਉ, ਕੋਈ ਖੋਜਹੁ ਭਾਈ॥ ਮਨੁ ਖੋਜਤ, ਨਾਮੁ ਨਉ ਨਿਧਿ ਪਾਈ॥ ੧॥ ਰਹਾਉ॥ ਮੂਲੁ ਮੋਹੁ ਕਰਿ, ਕਰਤੈ ਜਗਤੁ ਉਪਾਇਆ॥ ਮਮਤਾ ਲਾਇ, ਭਰਮਿ ਭਲਾਇਆ॥ ੨॥ ਇਸੁ ਮਨ ਤੇ ਸਭ ਪਿੰਡ ਪਰਾਣਾ॥ ਮਨ ਕੈ ਵੀਚਾਰਿ, ਹੁਕਮੁ ਬੁਝਿ ਸਮਾਣਾ॥ ੩॥ ਕਰਮੁ ਹੋਵੈ, ਗੁਰੁ ਕਿਰਪਾ ਕਰੈ॥ ਇਹੁ ਮਨੁ ਜਾਗੈ, ਇਸੁ ਮਨ ਕੀ ਦੁਬਿਧਾ ਮਰੈ॥ ੪॥ ਮਨ ਕਾ ਸੁਭਾਉ ਸਦਾ ਬੈਰਾਗੀ॥ ਸਭ ਮਹਿ ਵਸੈ ਅਤੀਤੁ ਅਨਰਾਗੀ॥ ੫॥ ਕਹਤ ਨਾਨਕੁ ਜੋ ਜਾਣੈ ਭੇਉ॥ ਆਦਿ ਪੁਰਖੁ ਨਿਰੰਜਨ ਦੇਉ” (ਪੰ: ੧੧੨੮) ਦੂਜੇ ਬੰਦ `ਚ ਗੁਰਦੇਵ ਦਸਦੇ ਹਨ “ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ॥ ਮਮਤਾ ਲਾਇ ਭਰਮਿ ਭਲਾਇਆ” ਭਾਵ ਕਰਤੇ ਨੇ ਸੰਸਾਰ `ਚ ਮੋਹ ਦੀ ਖੇਡ ਨੂੰ ਮੂਲ ਬਣਾਇਆ, ਕਿਉਂਕਿ ਇੱਕ ਸੀਮਾ ਤੀਕ ਮੋਹ ਤੋਂ ਬਿਨਾ ਮਨੁੱਖ ਦਾ ਜੀਵਨ ਹੀ ਨਹੀਂ ਚਲ ਸਕਦਾ। ਇਥੋਂ ਤੀਕ ਪ੍ਰਭੂ ਦੀ ਰਚਨਾ ਵਿਚੋਂ ਪੈਦਾ ਹੋਏ ਵਿਸਮਾਦ-ਪ੍ਰਭੂ ਪਿਆਰ (ਮੋਹ) ਕਾਰਣ ਹੀ ਮਨੁੱਖ ਦਾ ਜੀਵਨ ਕਾਦਿਰ ਦੇ ਨੇੜੇ ਵੀ ਜਾਂਦਾ ਹੈ।

ਇਸਦੇ ਉਲਟ, ਪ੍ਰਭੂ ਭੁਲੇ ਮਨੁੱਖ ਦੇ ‘ਮਨ’ ਦੇ ਕੁਰਾਹੇ ਪੈ ਜਾਣ ਕਾਰਣ; ਇਹੀ ਮੋਹ, ਮਮਤਾ (ਅਸੀਮਿਤ ਮੋਹ) `ਚ ਵੀ ਬਦਲ ਜਾਂਦਾ ਹੈ। ਚੂੰਕਿ ਮਨ ਤਾਂ ਕੁਰਾਹੇ ਪੈ ਹੀ ਚੁਕਾ ਸੀ, ਇਸ ਲਈ ਇਹ ਮਮਤਾ ਵੀ ਸੰਸਾਰਕ ਪਦਾਰਥਾਂ-ਪ੍ਰਾਪਤੀਆਂ-ਭੁੱਖਾਂ ਦਾ ਰੂਪ ਧਾਰਣ ਕਰ ਗਈ। ਕੁਰਾਹੇ ਪਏ ਮਨ ਨੇ ਪ੍ਰਭੂ ਬਖਸ਼ੀਆਂ ਬੇਅੰਤ ਦਾਤਾਂ ਦੀ ਸਰਦਾਰੀ ਮਾਨਣ ਦੀ ਬਜਾਏ, ਉਹਨਾਂ ਦੀ ਗ਼ੁਲਾਮੀ ਵਾਲੇ ਪਾਸੇ ਦੌੜ ਲਗਾ ਦਿੱਤੀ। ਇਸ ਤਰ੍ਹਾਂ ਮਨੁੱਖ ਨੇ ਸੰਸਾਰਕ ਮੋਹ-ਮਾਇਆ ਭਾਵ ਮਮਤਾ `ਚ ਉਲਝ ਕੇ, ਅਮੁਲਾ ਮਨੁੱਖਾ ਜਨਮ ਹੀ ਬਰਬਾਦ ਕਰ ਲਿਆ। ਇਸ ਤਰ੍ਹਾਂ ਪ੍ਰਭੂ ਦੀ ਅਮੁਲੀ ਦਾਤ ‘ਮੋਹ’ ਹੀ, ‘ਮਨ’ ਦੇ ਕੁਸੰਗਤ `ਚ ਪੈਣ ਕਾਰਨ, ਅਸੀਮਤ ਹੋ ਕੇ ਮਮਤਾ `ਚ ਬਦਲ ਗਿਆ।

ਮਮਤਾ ਤੋਂ ਉਪਜੀ ਅਗਿਆਨਤਾ ਦਾ ਸ਼ਿਕਾਰ ਹੋ ਕੇ ਅਸੀਂ ਸੰਸਾਰਕ ਮੋਹ ਮਾਇਆ ਦੀ ਦਲ-ਦਲ `ਚ ਲਿਬੜ ਕੇ ਰਹਿ ਗਏ। ਅਨਜਾਣੇ ਹੀ ਆਪਣੇ ਜੀਵਨ ਨੂੰ ਅਉਗਣਾਂ-ਜੁਰਮਾਂ ਵਲ ਧਕੇਲਦੇ ਗਏ। ਕੁਦਰਤੀ ਮੋਹ ਵਾਲੀ ਇਹ ਦਾਤ, ਜਿਸਨੇ ਸਾਡੇ ਲਈ ਪ੍ਰਭੂ ਬਖਸ਼ੀਆਂ ਬੇਅੰਤ ਦਾਤਾਂ ਦਾ ਰੱਬੀ ਆਨੰਦ ਅਤੇ ਸਾਨੂੰ ਸਾਡੇ ਅਸਲੇ ਪ੍ਰਭੂ ਨਾਲ ਜੋੜਣ ਦਾ ਕਾਰਣ ਬਨਣਾ ਸੀ; ਉਸੇ ਨੂੰ ਮਮਤਾ `ਚ ਬਦਲ ਕੇ, “ਦਾਤਿ ਪਿਆਰੀ ਵਿਸਰਿਆ ਦਾਤਾਰਾ” (ਪੰ: ੬੭੬) ਕਾਰਨ “ਜਾਣੈ ਨਾਹੀ ਮਰਣੁ ਵਿਚਾਰਾ” (ਪੰ: ੬੭੬) ਦਾਤੇ ਪ੍ਰਭੂ ਨੂੰ ਹੀ ਵਿਸਾਰ ਬੈਠਾ ਇਸੇ ਲਈ ਸ਼ਬਦ ਦੇ ‘ਰਹਾਓ’ ਵਾਲੇ ਬੰਦ `ਚ ਗੁਰਦੇਵ ਸੇਧ ਦੇ ਰਹੇ ਹਨ “ਇਸੁ ਮਨ ਕਉ ਕੋਈ ਖੋਜਹੁ ਭਾਈ” ਭਾਵ ਪ੍ਰਭੂ ਬਖਸ਼ੇ ਇਸ ਮਨ ਦੀ ਗਹਿਰਾਈ `ਚ ਜਾਵੋ, ਇਸ ਨੂੰ ਗੁਰੂ-ਗੁਰਬਾਣੀ ਨਾਲ ਜੋੜ ਕੇ ਖੋਜੋ। ਇਸ ਤਰ੍ਹਾਂ ਜੇਕਰ ਸਚਮੁਚ ਇਸ ਮਨ ਦੀ ਗਹਿਰਾਈ `ਚੋਂ ਤੁਹਾਡਾ ਮਿਲਾਪ ਜੀਵਨ ਦੀ ਸਚਾਈ, ਪ੍ਰਭੂ ਨਾਲ ਹੋ ਗਿਆ ਤਾਂ ਤੁਹਾਨੂੰ ਪ੍ਰਤਖ ਹੋ ਜਾਵੇਗਾ ਕਿ “ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿਖ ਸੁਣੀ” (ਬਾਣੀ ਜਪੁ) ਅਨੁਸਾਰ ਇਥੇ ਵੀ “ਮਨੁ ਖੋਜਤ ਨਾਮੁ ਨਉ ਨਿਧਿ ਪਾਈ”।

ਹੁਣ ਦਰਸ਼ਨ ਕਰੋ! ਇਸੇ ਸ਼ਬਦ ਦੇ ਬਾਕੀ ਬੰਦਾਂ `ਚ। ਪਹਿਲੇ ਬੰਦ `ਚ ਗੁਰਦੇਵ ਦਸ ਰਹੇ ਹਨ ਕਿ ਰਿਸ਼ੀ-ਮੁਨੀ ਉਹ ਨਹੀਂ ਜੋ ਖਾਸ ਪਹਿਰਾਵਾ ਪਾ, ਭੇਖ ਧਾਰ ਕੇ ਆਪਣੇ ਰਿਸ਼ੀ-ਮੁਨੀ ਹੋਣ ਦਾ ਪ੍ਰਭਾਵ ਦੇਣ। ਅਸਲ `ਚ ਰਿਸ਼ੀ-ਮੁਨੀ ਉਹ ਹਨ “ਸੋ ਮੁਨਿ, ਜਿ ਮਨ ਕੀ ਦੁਬਿਧਾ ਮਾਰੇ॥ ਦੁਬਿਧਾ ਮਾਰਿ, ਬ੍ਰਹਮੁ ਬੀਚਾਰੇ” ਜਿਹੜੇ ਆਪਣੇ ਮਨ ਦੀਆਂ ਗਹਿਰਾਈਆਂ `ਚ ਜਾ ਕੇ, ਪ੍ਰਭੂ ਨਾਲ ਸਾਂਝ ਪਾ ਲੈਂਦੇ ਹਨ। ਉਹਨਾਂ ਦੇ ਜੀਵਨ ਦੀ ਪਛਾਣ ਹੁੰਦੀ ਹੈ ਕਿ ਉਹਨਾਂ ਦੇ ਜੀਵਨ ਵਿਚੋਂ ਦੁਬਿਧਾ, ਦੁਚਿਤੀ, ਮੇਰ-ਤੇਰ, ਆਸਾ-ਮਨਸਾ-ਮੰਗਾਂ-ਲਾਲਸਾਵਾਂ ਆਦਿ ਦਾ ਮੂਲ ਤ੍ਰਿਸ਼ਨਾ ਰੋਗ ਦਾ ਅੰਤ ਹੋ ਜਾਂਦਾ ਹੈ। ‘ਮਨ’ ਜਦੋਂ ਸਹੀ ਅਰਥਾਂ `ਚ ਪ੍ਰਭੂ ਰੰਗ `ਚ ਰੰਗਿਆ ਜਾਂਦਾ ਹੈ ਤਾਂ ਉਸਨੂੰ ਸਰੀਰ ਅਤੇ ਸਰੀਰ `ਚ ਪ੍ਰਾਣਾ ਨੂੰ ਬਖਸ਼ਣ ਵਾਲੇ ਪ੍ਰਭੂ ਦੀ ਸੋਝੀ ਹੋ ਜਾਂਦੀ ਹੈ। ਉਸ ਨੂੰ ‘ਮਨ’ ਦੀ ਸੁਵਰਤੋਂ ਕਰਕੇ, ਪ੍ਰਭੂ ਦੀ ਰਜ਼ਾ `ਚ ਜੀਊਣ ਦੀ ਜਾਚ ਆ ਜਾਂਦੀ ਹੈ। ਜੀਵ ਗੁਰੂ-ਗੁਰਬਾਣੀ ਦੀ ਕਿਰਪਾ ਨਾਲ ਪ੍ਰਭੂ ਦੇ ਕਰਮ-ਬਖਸ਼ਿਸ਼ ਨੂੰ ਹਾਸਲ ਕਰ ਲੈਂਦਾ ਹੈ। ਅਜੇਹੇ ਜਿਊੜੇ ਨੂੰ ਪ੍ਰਭੂ ਬਖਸ਼ੀ ਮੋਹ ਵਾਲੀ ਦਾਤ ਕਾਰਨ, ਆਪਣੇ ਪ੍ਰਵਾਰ-ਰੁਜ਼ਗਾਰ-ਸਮਾਜ ਭਾਵ ਹਰੇਕ ਪਾਸੇ ਪ੍ਰਭੂ ਦੇ ਹੀ ਦਰਸ਼ਨ ਹੁੰਦੇ ਹਨ, ਇਹ ਮੂਲ ਮੋਹ ਪ੍ਰਭੂ ਨਾਲ ਹੀ ਹੁੰਦਾ ਹੈ। ਉਸ ਅੰਦਰ ਪ੍ਰਭੂ ਮਿਲਾਪ ਲਈ ਵੈਰਾਗ, ਪ੍ਰਭੂ ਮਿਲਾਪ ਵਾਲੀ ਤਾਂਘ ਤੀਬ੍ਰ ਹੁੰਦੀ ਜਾਂਦੀ ਹੈ। ਅਜੇਹਾ ਮਨੁੱਖ ਬਨਾਵਟੀ ਜੀਵਨ ਦਾ ਗ਼ੁਲਾਮ ਨਹੀਂ ਬਲਕਿ “ਆਦਿ ਪੁਰਖੁ ਨਿਰੰਜਨ ਦੇੳ” ਉਸਨੂੰ ਸੰਸਾਰ ਦੇ ਹਰੇਕ ਰੰਗ ਵਿਚੋਂ ਕਰਤਾਰ ਦੇ ਹੀ ਦਰਸ਼ਨ ਹੁੰਦੇ ਹਨ।

“ਬਿਨੁ ਦੇਖੇ ਉਪਜੈ ਨਹੀਂ ਆਸਾ” - ਗੁਰਬਾਣੀ `ਚ ਮਨ ਦੇ ਇਸ ਦੋ ਵਿਰੋਧੀ ਦਿਸ਼ਾਵਾਂ ਵਾਲੇ ਸਫ਼ਰਾਂ ਨੂੰ ਭਗਤ ਰਵਿਦਾਸ ਜੀ ਇੱਕ ਹੋਰ ਸੁਆਦਲੇ ਢੰਗ ਨਾਲ ਬਿਆਨਦੇ ਹਨ। ਸ਼ਬਦ ਹੈ “ਬਿਨੁ ਦੇਖੇ ਉਪਜੈ ਨਹੀ ਂਆਸਾ॥ ਜੋ ਦੀਸੈ ਸੋ ਹੋਇ ਬਿਨਾਸਾ॥ ਬਰਨ ਸਹਿਤ ਜੋ ਜਾਪੈ ਨਾਮੁ॥ ਸੋ ਜੋਗੀ ਕੇਵਲ ਨਿਹਕਾਮੁ॥ ੧॥ ਪਰਚੈ, ਰਾਮੁ ਰਵੈ ਜਉ ਕੋਈ॥ ਪਾਰਸੁ ਪਰਸੈ ਦੁਬਿਧਾ ਨ ਹੋਈ॥ ੧॥ ਰਹਾਉ॥ ਸੋ ਮੁਨਿ, ਮਨ ਕੀ ਦੁਬਿਧਾ ਖਾਇ॥ ਬਿਨੁ ਦੁਆਰੇ ਤ੍ਰੈ ਲੋਕ ਸਮਾਇ॥ ਮਨ ਕਾ ਸੁਭਾਉ ਸਭੁ ਕੋਈ ਕਰੈ॥ ਕਰਤਾ ਹੋਇ ਸੁ ਅਨਭੈ ਰਹੈ॥ ੨॥ ਫਲ ਕਾਰਨ ਫੂਲੀ ਬਨਰਾਇ॥ ਫਲੁ ਲਾਗਾ ਤਬ ਫੂਲੁ ਬਿਲਾਇ॥ ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ॥ ੩॥ ਘ੍ਰਿਤ ਕਾਰਨ ਦਧਿ ਮਥੈ ਸਇਆਨ॥ ਜੀਵਤ ਮੁਕਤ ਸਦਾ ਨਿਰਬਾਨ॥ ਕਹਿ ਰਵਿਦਾਸ ਪਰਮ ਬੈਰਾਗ॥ ਰਿਦੈ ਰਾਮੁ ਕੀ ਨ ਜਪਸਿ ਅਭਾਗ॥ ੪॥ ੧॥ (ਪੰ: ੧੧੬੭) ਸ਼ਬਦ ਦੇ ਪਹਿਲੇ ਹੀ ਬੰਦ `ਚ ਰਵੀਦਾਸ ਜੀ ਕਹਿੰਦੇ ਹਨ, ਮਨੁੱਖ ਦੇ ਮਨ ਦਾ ਸੁਭਾਓ ਹੈ ਕਿ ਉਹ ਹਰੇਕ ਚੀਜ਼ ਨੂੰ ਇਹਨਾ ਅਖਾਂ ਨਾਲ ਹੀ ਦੇਖਣਾ ਲੋੜਦਾ ਹੈ, ਜੋ ਕਿ ਸੰਭਵ ਹੈ ਹੀ ਨਹੀਂ। ਕਾਰਣ, ਅਸਲ `ਚ ਇਹਨਾ ਅੱਖਾਂ ਸਮੇਤ ਇਹ ਸੰਸਾਰ ਤਾਂ ਹੈ ਹੀ ਨਾਸ਼ਵਾਨ। ਇਸ ਲਈ ਪ੍ਰਭੂ ਦੇ ਦਰਸ਼ਨਾ ਲਈ ਇਹ ਢੰਗ ਹੀ ਨਹੀਂ। ਪ੍ਰਭੂ ਨੂੰ ਪਾਉਣ ਲਈ ਤਾਂ ਉਸਦੀ ਸਿਫ਼ਤ ਸਲਾਹ ਰਾਹੀਂ, ‘ਮਨ’ ਨੂੰ ਪ੍ਰਭੂ ਨਾਲ ਜੋੜਣ ਦੀ ਲੋੜ ਹੈ ਭਾਵ ਮਨ ਦੀਆਂ ਅਖਾਂ ਖੋਲਣ ਦੀ ਲੋੜ ਹੈ। ਇਥੇ ਨਾਲ ਹੀ ਭਗਤ ਜੀ ਉਸ ਵਿਸ਼ਵਾਸ `ਤੇ ਵੀ ਚੋਟ ਕਰਦੇ ਹਨ, ਜਦੋਂ ਕਈ ਲੋਕ ਕੁਝ ਪਹਿਰਾਵੇ ਤੇ ਯੋਗ ਸਾਧਨਾਵਾਂ ਕਰਕੇ ਹੀ ‘ਜੋਗੀ’ ਹੋਣ ਦਾ ਦਾਅਵਾ ਕਰਦੇ ਹਨ। ਪਰ ਅਸਲ ਜੋਗ ਤਾਂ ਹੈ ਪੂਭੂ ਦੀ ਸਿਫ਼ਤ-ਸਲਾਹ ਰਾਹੀਂ ਮਨ ਦੀ ਤਿਆਰੀ ਕਰ ਕੇ, ਪ੍ਰਭੂ ਰਜ਼ਾ `ਚ ਇੱਕ-ਮਿਕ ਹੋ ਕੇ ਜੀਉਣਾ।

‘ਰਹਾਓ’ ਦੇ ਬੰਦ `ਚ ਕਹਿੰਦੇ ਹਨ “ਕਮਾਲ ਦੀ ਗੱਲ ਹੈ, ਸੰਸਾਰਕ ਤੱਲ `ਤੇ ਹੀ ਪਾਰਸ ਦੇ ਛੂਹਣ ਨਾਲ ਜੇ ਕਰ ਆਮ ਲੋਹੇ ਤੋਂ ਸੋਨਾ ਬਣ ਚੁੱਕਾ ਹੋਵੇ ਤਾਂ ਕਿਸੇ ਤੋਂ ਪੁਛਣ ਦੀ ਲੋੜ ਨਹੀਂ ਹੁੰਦੀ ਕਿ ਸੋਨਾ ਬਣਿਆ ਹੈ ਜਾਂ ਨਹੀਂ। ਕਿਉਂਕਿ ਸੋਨੇ-ਲੋਹੇ ਦੀ ਪਛਾਣ ਹੀ ਵੱਖ ਵੱਖ ਹੈ। ਇਸੇ ਤਰ੍ਹਾਂ ਜਿਹੜੇ ਗੁਰਬਾਣੀ-ਗੁਰੂ ਵਾਲੇ ਪਾਰਸ ਨੂੰ ਆਪਣਾ ‘ਮਨ’ ਸੌਂਪ ਦੇਂਦੇ ਹਨ, ਉਹਨਾਂ ਦਾ ਜੀਵਨ ਆਪਣੇ ਆਪ ਹੀ ਖੋਟ ਰਹਿਤ, ਪ੍ਰਭੂ ਗੁਣਾਂ ਨਾਲ ਭਰਪੂਰ, ਕੰਚਨ ਹੋ ਜਾਂਦਾ ਹੈ। ਭਾਵ ਸਤਿਗੁਰ-ਪਾਰਸ ਨਾਲ ਛੂਹ ਕੇ ਜਦੋਂ ਮਨੁੱਖ ਦਾ ਮਨ ਦੁਚਿਤੀ, ਦੁਬਿਧਾ, ਮੇਰ-ਤੇਰ, ਮੋਹ ਮਾਇਆ, ਹਉਮੈ ਵਿਕਾਰਾਂ ਅਦਿ ਦੀ ਪੱਕੜ `ਚੋਂ ਨਿਕਲ ਕੇ ਕਾਦਿਰ ਨਾਲ ਜੁੜ ਚੁੱਕਾ ਹੋਵੇ ਤਾਂ ਉਸ ਅੰਦਰ ਪ੍ਰਭੂ ਜਾਂ ਉਸਦੀ ਹੋਂਦ ਬਾਰੇ ਸ਼ੰਕੇ-ਸੁਆਲ ਰਹਿ ਹੀ ਨਹੀਂ ਜਾਂਦੇ।

ਇਸ ਤਰ੍ਹਾਂ ਮਨੁੱਖਾ ‘ਮਨ’ ਦੇ ਦੋ ਵਿਰੋਧੀ ਦਿਸ਼ਾਵਾਂ ਵਾਲੇ ਇਹਨਾ ਸਫ਼ਰਾਂ ਨੂੰ ਭਗਤ ਜੀ ਬੜੀਆਂ ਸੁਆਦਲੀਆਂ ਮਿਸਾਲਾਂ ਰਾਹੀਂ ਨਿਖਾਰਦੇ ਹਨ। ਫ਼ੁਰਮਾਨ ਹੈ “ਕਿਸੇ ਵਿਸ਼ੇਸ਼ ਪਹਿਰਾਵੇ ਨਾਲ ਕੋਈ ਮਨੁੱਖ ਰਿਸ਼ੀ-ਮੁਨੀ ਨਹੀਂ ਹੋ ਜਾਂਦਾ। ਮੁਨੀ ਹੋਣਾ ਤਾਂ ਜੀਵਨ ਦੀ ਸਦਾਚਾਰਕ ਉਚੱਤਾ ਦਾ ਨਾਮ ਹੈ। ਜਦੋਂ ਕੋਈ ਮਨੁੱਖ ਪ੍ਰਭੂ ਨਾਲ ਇਤਨਾ ਇੱਕ-ਮਿਕ ਹੋ ਜਾਵੇ ਕਿ ਆਪਣੇ ਗਿਆਨ ਤੇ ਕਰਮ ਇੰਦ੍ਰਿਆਂ ਦੀ ਪੱਕੜ ਤੋਂ ਉਪਰ ਉਠ ਕੇ ਸਾਰੀ ਰਚਨਾ ਚੋਂ ਹੀ ਪ੍ਰਭੂ ਕਾਦਿਰ ਦੇ ਦਰਸ਼ਨ ਕਰੇ। ਅਜੇਹੇ ਸਫ਼ਲ ਜੀਵਨ ਅੰਦਰੋਂ ਤਾਂ ਸੰਸਾਰ ਦੇ ਸਾਰੇ ਡਰ, ਸਹਿਮ, ਅਉਗਣ ਆਪਣੇ-ਆਪ ਹੀ ਮੁੱਕ ਜਾਂਦੇ ਹਨ। ਇਸਦੇ ਉਲਟ “ਮਨ ਕਾ ਸੁਭਾਉ ਸਭੁ ਕੋਈ ਕਰੈ” ‘ਮਨ’ ਦੇ ਮਹਤਵ ਅਤੇ ਮਕਸਦ ਨੂੰ ਸਮਝੇ ਬਿਨਾ, ਮਨ-ਮਤੀਆ ਹੋ ਕੇ ਤਾਂ ਹਰੇਕ ਮਨੁੱਖ ਆਪਣੇ ਜੀਵਨ ਨੂੰ ਮੁਕਾਅ ਹੀ ਜਾਂਦਾ ਅਤੇ ਬਰਬਾਰ ਕਰ ਕੇ ਚਲਾ ਜਾਂਦਾ ਹੈ।

ਇਥੇ ਭਗਤ ਜੀ ‘ਮਨ’ ਦੀਆਂ ਦੋ ਵਿਰੋਧੀ ਦਿਸ਼ਾਵਾਂ ਲਈ ਕੁਝ ਹੋਰ ਮਿਸਾਲਾਂ ਵਰਤਦੇ ਹਨ। ਫ਼ੁਰਮਾਉਂਦੇ ਹਨ “ਪੌਦਿਆਂ ਨੂੰ ਫੁੱਲ ਪੈਣ ਦਾ ਮਕਸਦ ਹੈ, ਉਹਨਾਂ ਫੁੱਲਾਂ ਦਾ ਫਲਾਂ `ਚ ਤਬਦੀਲ ਹੋਣਾ। ਜਦੋਂ ਇਹ ਫੁੱਲ, ਫ਼ਲਾਂ `ਚ ਤਬਦੀਲ ਹੋ ਜਾਂਦੇ ਹਨ ਤਾਂ ਫੁੱਲ ਅਲੋਪ ਹੋ ਜਾਂਦੇ ਹਨ। ਦੂਜੀ ਮਿਸਾਲ, ਦੁਧ ਨੂੰ ਰਿੜਕਣ ਦਾ ਮਕਸਦ ਹੈ, ਘਿਉ ਕਢਣਾ। ਜਦੋਂ ਘਿਉ ਨਿਕਲ ਆਵੇ ਤਾਂ ਦੁਧ ਨਹੀਂ ਰਹਿੰਦਾ। ਠੀਕ ਇਸੇ ਤਰ੍ਹਾਂ “ਕਰਮੀ ਆਵੈ ਕਪੜਾ” (ਬਾਣੀ ਜਪੁ) ਅਨੁਸਾਰ ਕਰਤਾਰ ਨੇ ਸਾਨੂੰ ਮਨੁੱਖਾ ਜਨਮ ਬਖਸ਼ਿਆ ਤੇ “ਨਦਰੀ ਮੋਖੁ ਦੁਆਰੁ” ਇਸ ਦਾ ਮਕਸਦ ਹੈ ਇਸ ਸਰੀਰ `ਚ ਬਖਸ਼ੇ ‘ਮਨ’ ਦੀ ਸੁਵਰਤੋਂ ਕਰਕੇ, ਪ੍ਰਭੂ ਦੀ ਬਖਸ਼ਿਸ਼ ਦਾ ਪਾਤ੍ਰ ਬਨਣਾ, ਪ੍ਰਭੂ `ਚ ਇਕਮਿਕ ਹੋ ਕੇ, ਜਨਮ-ਮਰਣ ਦੇ ਗੇੜ ‘ਤੋਂ ਆਜ਼ਾਦ ਹੋ ਜਾਣਾ।

ਭਗਤ ਜੀ ਕਹਿੰਦੇ ਹਨ ਕਿ ਪ੍ਰਭੂ ਨੇ ਇਸ ਮਕਸਦ ਦੀ ਪੂਰਤੀ ਲਈ ਇੱਕ ਤਾਂ ਸਾਨੂੰ ਮਨੁੱਖਾ ਜਨਮ ਦਿੱਤਾ, ਦੂਜਾ- ‘ਮਨ’ ਵਾਲੀ ਦਾਤ। ਉਸਨੇ ਸਾਨੂੰ ਆਹਿਰ-ਰੁਜ਼ਗਾਰ-ਸਮਾਜ ਆਦਿ ਵਾਲਾ ਵਸੀਲਾ ਵੀ ਬਖਸ਼ਿਆ, ਤਾ ਕਿ ਅਸੀਂ ਸੰਸਾਰਕ ਆਹਰਾਂ-ਵਿਹਾਰਾਂ ਜ਼ਰੀਏ, ਇੱਕ ਪਾਸੇ ਤਾਂ ‘ਮਨ’ ਦੀ ਵਰਤੋਂ ਕਰਕੇ ਪ੍ਰਭੂ ਦੀਆਂ ਬੇਅੰਤ ਦਾਤਾਂ ਦਾ ਆਨੰਦ ਤੇ ਉਸਦੀ ਨੇੜਤਾ ਮਾਨੀਏ। ਦੂਜਾ, ਉਸੀਦੀਆਂ ਦਾਤਾਂ `ਚੋ ਉਸ ਦੇ ਦਰਸ਼ਨ ਕਰ ਉਸਦੀ ਬਖਸ਼ਿਸ਼ਾਂ ਤੋਂ ਵਾਰੇ ਵਾਰੇ ਜਾਵੀਏ। ਇਹਨਾ ਆਹਰਾਂ ਰਸਤੇ ਪ੍ਰਭੂ ਦੀ ਸੋਝੀ ਅਤੇ ਉਸਦੇ ਸ਼ੁਕਰਣੇ ਵਾਲਾ ਜੀਵਨ ਘੜ ਸਕੀਏ।

ਠੀਕ ਉਸੇ ਤਰ੍ਹਾਂ, ਕਬੀਰ ਸਾਹਿਬ ਕਹਿੰਦੇ ਹਨ “ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ” (ਪੰ: ੧੩੭੬) ਜਾਂ ਫ਼ਿਰ ਖੁਦ ਨਾਮਦੇਵ ਜੀ ਕਹਿੰਦੇ ਹਨ “ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ” (ਪੰ: ੯੭੨)। ਉਸੇ ਹੀ ਵਿਸ਼ੇ ਨੂੰ ਰਵੀਦਾਸ ਜੀ ਇਸ ਸ਼ਬਦ `ਚ, ਇਸ ਤਰ੍ਹਾਂ ਲੈਂਦੇ ਹਨ ਕਿ ਪ੍ਰਭੂ ਨੇ ਆਹਰੇ ਤਾਂ ਸਭ ਜੂਨਾਂ ਚ ਲਗਇਆ ਹੈ ਪਰ ਮਨੁੱਖ ਨੂੰ ਇਸ ਲਈ ਆਹਰਾਂ `ਚ ਲਾਇਆ ਹੈ ਕਿ “ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ” ਭਾਵ ਦੂਜੀਆਂ ਜੂਨਾਂ ਤੋਂ ਉਲਟ, ਪ੍ਰਭੂ ਨੇ ਮਨੁੱਖ ਨੂੰ ਕਾਰ ਵਿਹਾਰ ਇਸ ਲਈ ਬਖਸ਼ੇ ਹਨ, ਤਾਕਿ ਕਾਰ-ਵਿਹਾਰ ਦੀਆਂ ਵਡਿਆਈਆਂ ਵਿਚੋਂ ਉਸਨੂੰ ਕਰਤੇ ਦੀ ਸਿਫ਼ਤਾਂ-ਦਾਤਾਂ ਦੀ ਪਛਾਣ ਆਵੇ। ਇਹ ਪਛਾਣ ਦੂਜੀਆਂ ਜੂਨੀਆਂ `ਚ ਸੰਭਵ ਨਹੀਂ। ਉਪ੍ਰੰਤ ਇਹੀ ਪਛਾਣ ਵਾਲਾ ਗਿਆਨ, ਇਸਨੂੰ ਜੀਵਨ ਦੀ ਅਸਲੀਅਤ ਨਾਲ ਜੋੜ ਕੇ ਪ੍ਰਭੂ ਮਿਲਾਪ ਦਾ ਕਾਰਣ ਬਣ ਜਾਵੇ। ਇਸ ਤਰ੍ਹਾਂ ਫੁਲਾਂ ਤੋਂ ਫ਼ਲ, ਦੁਧ ਤੋਂ ਘਿਉ ਦੀ ਨਿਆਈਂ “ਗਿਆਨੁ ਭਇਆ ਤਹ ਕਰਮਹ ਨਾਸੁ” ਕਾਰ-ਵਿਹਾਰ ਤਾਂ ਕੇਵਲ ਆਹਰ ਹੀ ਰਹਿ ਜਾਵੇ, ਆਹਰਾਂ ਦੀ ਪੱਕੜ `ਚ, ਕਰਤਾਰ ਨੂੰ ਨਾ ਭੁੱਲ਼ ਜਾਵੇ। ਬਲਕਿ ਉਸਦਾ ਆਹਰ-ਰੁਜ਼ਗਾਰ ਵੀ ਉਸ ਲਈ ਪ੍ਰਭੂ ਪ੍ਰਾਪਤੀ ਦਾ ਵਸੀਲਾ ਹੋ ਨਿਬੜੇ। ਇਸਨੂੰ ਗੁਰਬਾਣੀ `ਚ ਇਸ ਤਰ੍ਹਾਂ ਵੀ ਬਿਆਨਿਆ ਹੈ “ਆਹਰ ਸਭਿ ਕਰਦਾ ਫਿਰੈ, ਆਹਰੁ ਇਕੁ ਨ ਹੋਇ॥ ਨਾਨਕ ਜਿਤੁ ਆਹਰਿ, ਜਗੁ ਉਧਰੈ ਵਿਰਲਾ ਬੂਝੈ ਕੋਇ” (ਪੰ: ੯੬੫) ਭਾਵ ਬਿਰਤੀ ਇਤਨੀ ਉਚੀ ਹੋਵੇ ਕਿ ਮਨੁੱਖ ਦਾ ਆਹਰ, ਮੋਹ ਮਾਇਆ `ਚ ਡੁੱਬਣ ਦਾ ਨਹੀਂ ਬਲਕਿ ਪ੍ਰਭੂ ਮਿਲਾਪ ਅਤੇ ਜੀਵਨ ਸਫ਼ਲਤਾ ਦਾ ਕਾਰਨ ਬਣ ਜਾਵੇ। ਹਥਲੇ ਸ਼ਬਦ `ਚ ਰਵੀਦਾਸ ਜੀ ਇਸਨੂੰ ਇਸ ਤਰ੍ਹਾਂ ਬਿਆਨ ਰਹੇ ਹਨ “ਐ ਮਨ! ਜੇਕਰ ਤੂੰ ਵੀ ਸੰਸਾਰਕ ਆਹਰਾਂ ਨੂੰ ਪ੍ਰਭੂ ਗਿਆਨ ਦੀ ਪ੍ਰਾਪਤੀ ਲਈ ਵਸੀਲਾ ਬਨਾਵੇਂਗਾ ਤਾਂ “ਕਹਿ ਰਵਿਦਾਸ ਪਰਮ ਬੈਰਾਗ” ਤੂੰ ਵੀ ਇਸੇ ਵਿਚੋਂ ਪਰਮ ਪਿਤਾ ਪ੍ਰਮਾਤਮਾ ਦੇ ਵੈਰਾਗ ਨੂੰ ਪ੍ਰਾਪਤ ਕਰ ਲਵੇਂਗਾ। ਇਸਦੇ ਉਲਟ ਜੇਕਰ ‘ਮਨ’ ਨੂੰ ਜੀਵਨ ਦੇ ਪੁੱਠੇ ਰਾਹ ਭਾਵ ਮਨਮਤਾਂ-ਮੋਹ ਮਾਇਆ `ਚ ਹੀ ਉਲਝਾਈ ਰਖੇਂਗਾ ਤਾਂ “ਰਿਦੈ ਰਾਮੁ ਕੀ ਨ ਜਪਸਿ ਅਭਾਗ” ਮਨੁੱਖਾ ਜਨਮ ਪਾ ਕੇ ਵੀ ਅਭਾਗਾ ਦਾ ਅਭਾਗਾ ਹੀ ਰਹਿ ਜਾਵੇਂਗਾ, ਫ਼ਿਰ ਤੋਂ ਜਨਮ ਮਰਣ ਦੇ ਗੇੜ `ਚ ਹੀ ਪਿਆ ਰਵੇਂਗਾ।

ਕਬਹੂ ਜੀਅੜਾ ਊਭਿ ਚੜਤੁ ਹੈ” - ਸਪਸ਼ਟ ਹੈ ਕਿ ਮਨੁੱਖਾ ਜੂਨ ਦਾ ਮਕਸਦ ਹੈ, ਪ੍ਰਭੂ ਮਿਲਾਪ ਭਾਵ ਜੀਉਂਦੇ-ਜੀਅ ਪ੍ਰਭੂ ਨਾਲ ਇੱਕ-ਮਿਕ ਹੋਣਾ। ਜੀਵਨ-ਮੁਕਤ ਹੋਣਾ, ਸਚਿਆਰਾ ਬਨਣਾ ਜਿਵੇਂ ਪਾਣੀ ਸੰਗ ਪਾਣੀ। ਜੀਵਨ ਦੀ ਇਸ ਅਵਸਥਾ ਲਈ ਬਾਣੀ `ਚ ਹੋਰ ਵੀ ਸ਼ਬਦ ਹਨ। ਇਸੇ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਜੂਨੀ `ਚ ਮਿਲਦਾ ਹੈ ‘ਮਨ’, ਜਦਕਿ ਦੂਜੀਆਂ ਜੂਨੀਆਂ `ਚ ‘ਮਨ’ ਨਹੀਂ ਮਿਲਦਾ। ਇਸੇ ‘ਮਨ’ ਲਈ ਗੁਰਦੇਵ ਚੇਤਾਵਨੀ ਦੇਂਦੇ ਹਨ “ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ (ਪੰ: ੪੪੧) ਭਾਵ ਐ ਮਨ! ਤੇਰੀ ਹੋਂਦ ਦਾ ਇਕੋਇਕ ਮਕਸਦ ਹੈ, ਤੇਰਾ ਤੇ ਅਕਾਲਪੁਰਖ ਦਾ ਮਿਲਾਪ।

ਇਸ ਲਈ “ਮਨ, ਹਰਿ ਜੀ ਤੇਰੈ ਨਾਲਿ ਹੈ (ਪ੍ਰਭੂ ਤਾਂ ਤੇਰੇ ਅੰਦਰ ਵਸ ਰਿਹਾ ਹੈ) ਗੁਰਮਤੀ ਰੰਗੁ ਮਾਣੁ (ਤੈਨੂੰ ਇਸਦਾ ਪਤਾ ਗੁਰਬਾਣੀ ਦੀ ਸਿਖਿਆ `ਤੇ ਚਲ ਕੇ ਹੀ ਲਗੇਗਾ, ਉਂਝ ਨਹੀਂ) ਮੂਲੁ ਪਛਾਣਹਿ ਤਾਂ ਸਹੁ ਜਾਣਹਿ, ਮਰਣ ਜੀਵਣ ਕੀ ਸੋਝੀ ਹੋਈ (ਜਦੋਂ ਤੈਂਨੂੰ ਆਪਣੀ ਅਸਲੀਅਤ ਦੀ ਸਮਝ ਆ ਗਈ, ਤਾਂ ਤੂੰ ਪ੍ਰਮਾਤਮਾ ਨਾਲ ਇਕਮਿਕ ਹੋ ਜਾਵੇਂਗਾ। ਤੈਨੂੰ ਜਨਮ-ਮਰਣ ਦੇ ਗੇੜ ਦੀ ਸਮਝ ਆ ਜਾਵੇਗੀ) ਗੁਰ ਪਰਸਾਦੀ, ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ (ਗੁਰੂ ਗਿਆਨ ਰਾਹੀਂ ਜੇ ਤੂੰ ਆਪਣੇ ਅਸਲੇ ਪ੍ਰਭੂ ਨਾਲ ਜੀਉਂਦੇ-ਜੀਅ ਇਕਮਿਕ ਹੋ ਗਿਆ ਤਾਂ ਤੇਰੇ ਜੀਵਨ ਨੂੰ ਮਾਇਕ ਮੋਹ, ਹਉਮੈ, ਵਿਕਾਰ ਆਦਿ ਬਰਬਾਦ ਨਹੀਂ ਕਰ ਸਕਣਗੇ). .” (ਉਹੀ)।

ਇਸਦੇ ਉਲਟ “ਕਬਹੂ ਜੀਅੜਾ ਊਭਿ ਚੜਤੁ ਹੈ, ਕਬਹੂ ਜਾਇ ਪਇਆਲੇ॥ ਲੋਭੀ ਜੀਅੜਾ ਥਿਰੁ ਨ ਰਹਤੁ ਹੈ, ਚਾਰੇ ਕੁੰਡਾ ਭਾਲੇ” (ਪੰ: ੮੭੬) ਤੇਰੇ ਮਨ ਦੀ ਹਉਮੈ ਵਿਕਾਰਾਂ ਅਧੀਨ ਅਰੁਕ ਦੌੜ, ਤੈਨੂੰ ਜੀਉਂਦੇ-ਜੀਅ ਅਉਗਣਾਂ ਦੀ ਖਾਣ ਬਨਾ ਦੇਵੇਗੀ ਅਤੇ ਮਰਨੋ ਬਾਅਦ ਮੁੜ ਜਨਮਾਂ ਦੇ ਗੇੜ `ਚ ਪਾ ਦੇਵੇਗੀ। #160s7.01s08#

ਸਾਰੇ ਪੰਥਕ ਮਸਲਿਆਂ ਦਾ ਹੱਲ ਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਵਧੇਰੇ ਲਾਹੇਵੰਦ ਹੋਣਗੇ ਜੀ।

Including this Self Learning Gurmat Lesson No 160

ਮਨ ਅਤੇ ਇਸਦੇ ਦੋ ਵਿਰੋਧੀ ਸਫ਼ਰ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.