ਡੇਰਾਵਾਦ ਦੀਆਂ ਜ੍ਹੜਾਂ
ਜਦ ਅਸੀਂ ਸੌਦੇ, ਆਸ਼ੂਤੋਸ਼ ਜਾਂ
ਭਨਿਆਰੇ ਵਰਗੇ ਡੇਰਾਵਾਦ ਨੂੰ ਲੈ ਕੇ ਚਿੰਤਤ ਹੁੰਦੇ ਹਾਂ ਤਾਂ ਅਸੀਂ ਇਸ ਦੀਆਂ ਜੜ੍ਹਾਂ ਵਿੱਚ ਜਾਣ
ਤੋਂ ਬਿਨਾ ਸੱਪ ਦੀ ਲਕੀਰ ਕੁੱਟਣ ਲੱਗ ਪੈਦੇ ਹਾਂ। ਅਸੀਂ ਹਰੇਕ ਬੀਮਾਰੀ ਦਾ ਇਲਾਜ ਕੱਦੂ `ਚ ਟੀਕਾ
ਲਾਕੇ ਪ੍ਰੈਕਟਸ ਕਰਨ ਵਾਲੇ ਡਾਕਟਰ ਵਾਂਗ ਕਰਦੇ ਹਾਂ ਜਿਹੜਾ ਵਕਤੀ ਤੌਰ ਤੇ ਤਾਂ ਸਾਨੂੰ ਥੋੜੀ ਬਾਹਲੀ
ਰਾਹਤ ਪਹੁੰਚਉਂਦਾ ਜਾਪਦਾ ਹੈ ਪਰ ਅੰਦਰ ਬਣ ਰਹੀ ਬੀਮਾਰੀ ਥੋੜੇ ਚਿਰ ਬਾਅਦ ਹੋਰ ਭਿਆਨਕ ਹੋ ਨਿਬੜਦੀ
ਹੈ। ਇਹੀ ਕਾਰਨ ਹੈ ਕਿ ਨਰਕਧਾਰੀ ਨੂੰ ਮਾਰਨ ਦੇ ਬਾਵਜੂਦ ਵੀ ਬੀਮਾਰੀ ਉਸ ਤੋਂ ਵੀ ਖਤਰਨਾਕ ਹੋਈ
ਬੈਠੀ ਹੈ। ਸਾਨੂੰ ਇਹ ਜਾਨਣਾ ਅੱਜ ਬਹੁਤ ਜਰੂਰੀ ਹੋ ਗਿਆ ਹੈ ਕਿ ਸੰਤ ਲਫਜ ਜਦ ਗੁਰੂ ਨੇ ਕਿਸੇ
ਵਿਅਕਤੀਗਤ ਸਖਸ਼ੀਅਤ ਨੂੰ ਦਿਤਾ ਹੀ ਨਹੀਂ ਸੀ ਤਾਂ ਅਸੀਂ ਸੰਤ ਨਾਲ ਇੰਨਾ ਮੋਹ ਕਿਉਂ ਪਾ ਬੈਠੇ ਹਾਂ।
ਅੰਗਰੇਜ ਦਾ ਦਿਤਾ ਹੋਇਆ ਸੰਤ ਜੇ ਅਸੀਂ ਖੁਦ ਅੱਜ ਗੁਰੂਆਂ ਦੇ ਬਰਾਬਰ ਸਥਾਪਤ ਕਰ ਦਿਤਾ ਹੈ ਅਤੇ ਇਸ
ਦੀਆਂ ਮੂਰਤੀਆਂ ਅਸੀਂ ਘਰਾਂ ਵਿੱਚ ਪੂਜਣ ਲੱਗ ਪਏ ਹਾਂ ਤਾਂ ਸਾਡੀ ਇਹ ਦੁਰਦਸ਼ਾ ਤਾਂ ਹੋਣੀ ਹੀ ਸੀ।
ਇੱਕ ਗੱਲ ਤਾਂ ਸਾਬਤ ਹੋ ਚੁੱਕੀ ਕਿ ਖਾਲਸੇ ਨੂੰ ਖੇਰੂੰ-ਖੇਰੂੰ ਕਰਕੇ ਇਸ ਦੀ ਤਾਕਤ ਨੂੰ ਕਮਜੋਰ ਕਰਨ
ਲਈ ਅੰਗਰੇਜ਼ ਨੇ ਮਹੰਤ, ਨਿਰਮਲੇ ਜਾਂ ਉਦਾਸੀ ਗੁਰਦੁਆਰਿਆਂ ਵਿੱਚ ਪਲੈਨ ਕੀਤੇ ਅਤੇ ਉਹਨਾ ਰਾਹੀਂ ਹੀ
ਦਸਮ ਗਰੰਥ ਵਰਗੀ ਅਸ਼ਲੀਲਤਾ ਸਿੱਖਾਂ ਦੇ ਸਿਰਾਂ ਉਪਰ ਬੈਠਾਈ। ਦੂਜੀ ਗੱਲ ਕਿ ਸੰਤ ਅੰਗਰੇਜ ਵੇਲੇ ਹੀ
ਕਿਉਂ ਪ੍ਰਗਟ ਹੋ ਰਿਹਾ ਹੈ। ਇਹ ਵੀ ਕਿ ਬਾਹਲੇ ‘ਵੱਡੇ’ ਅਤੇ ਮਸ਼ਹੂਰ ਸੰਤ ਫੌਜ ਵਿਚੋਂ ਹੀ ਕਿਉਂ
ਪ੍ਰਗਟ ਹੋ ਰਹੇ ਹਨ। ਫੌਜ ਵਿੱਚ ਕੀ ਸੰਤਾਂ ਦੀ ਕੋਈ ਫੈਕਟਰੀ ਲੱਗੀ ਹੋਈ ਸੀ? ਯਾਦ ਰਹੇ ਕਿ ਬ੍ਰਹਾਮਣ
ਤਾਂ ਸਿੱਖ ਦਾ ਵੈਰੀ ਸੀ ਹੀ ਪਰ ਅੰਗਰੇਜ਼ ਨੇ ਵੀ ਭਲੀ ਨਹੀਂ ਗੁਜਾਰੀ। ਉਸ ਨੇ ਹਰੇਕ ਉਹ ਚਾਲ ਖੇਡੀ
ਜਿਸ ਨਾਲ ਸਾਂਝੀ ਖਾਲਸਾ ਜਥੇਬੰਦੀ ਵਿੱਚ ਫੁੱਟ ਪੈਂਦੀ ਹੋਵੇ।
ਇਸ ਐਂਗਲ ਤੋਂ ਸੋਚਣ ਤੋਂ ਬਾਅਦ ਸਾਨੂੰ ਸੋਚਣਾ ਬਣਦਾ ਹੈ ਕਿ ਸਰਸੇ ਵਰਗੀਆਂ ਘਟਨਾਵਾ ਡੇਰਾਵਾਦ ਅੰਦਰ
ਪਲ ਰਹੀਆਂ ਰੁੱਚੀਆਂ ਦਾ ਬਾਹਰੀ ਰੂਪ ਹੈ ਪਰ ਅੰਦਰੇ-ਅੰਦਰ ਕੀ ਚਲ ਰਿਹਾ, ਡੇਰਿਆਂ ਤੇ ਜਾਣ ਵਾਲੇ
ਸਾਰੇ ਸਿੱਖਾਂ ਨੂੰ ਪਤਾ ਹੈ। ਭੰਨਿਆਰੇ ਵਾਲਾ, ਆਸ਼ੂਤੋਸ਼, ਰਾਧਾ ਸੁਆਮੀ, ਨਿੰਰਕਾਰੀਏ ਆਦਿ ਇਹ ਉਹ ਨੇ
ਜੀਹਨਾ ਦੀਆਂ ਗੁਰੁ ਡ੍ਹੰਮ ਦੀਆਂ ਰੁਚੀਆਂ ਨਸ਼ਰ ਹੋ ਚੁਕੀਆਂ ਹਨ ਪਰ ਬਾਕੀ ਡੇਰੇਦਾਰ ਗੁਰੁ ਗਰੰਥ
ਸਾਹਿਬ ਦੇ ਉਹਲੇ `ਚ, ਜਾਂ ਅੰਮ੍ਰਤਿ ਛਕਾਉਣ ਦੇ ਨਾ ਹੇਠ ਅਪਣਾ ਗੁਰੂ ਡ੍ਹੰਮ ਬਾਕਾਇਦਾ ਚਲਾ ਰਹੇ ਹਨ
ਅਤੇ ਸ਼ੁਰੂ ਤੋਂ ਹੀ ਚਲਾ ਰਹੇ ਹਨ। ਇਸ ਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਪੁਰਾਣੀਆਂ ਵੀ
ਅਤੇ ਨਵੀਆਂ ਵੀ। ਸੰਤ ਰਾੜੇ ਵਾਲਿਆਂ ਦੀ ਦੋ ਟਾਈਮ ਕੁਰਸੀ ਲੱਗਣੀ ਤਾਂ ਉਹ ਖੁਦ ਮੰਨ ਰਹੇ ਹਨ। ਬਾਬਾ
ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ‘ਯੂ ਟਿਉਬ’ ਤੇ ਜਾ ਕੇ ਤੁਸੀਂ ਮੂਵੀ ਦੇਖ ਸਕਦੇ ਹੋ ਕਿ ਉਹ ਹਾਥੀਆਂ
ਤੇ ਚੜ੍ਹ ਚੜ੍ਹ ਜਲੂਸ ਕਢਦੇ ਰਹੇ ਹਨ। ਉਹਨਾ ਦੀਆਂ ਕੁਰਸੀਆਂ-ਕਾਰਾਂ ਨੂੰ ਹਾਲੇ ਤਾਂਈ ਮੱਥੇ ਟਿੱਕ
ਰਹੇ ਹਨ। ਢੱਢਰੀ ਵਾਲਾ ਜਾ ਵਿਰਸਾ ਸਿੰਘ ਹਾਲੇ ਕੱਲ ਦੀਆਂ ਗੱਲਾਂ ਹਨ ਕਿ ਕਲਗੀਆਂ-ਖੰਡੇ ਲਾ ਕੇ
ਲੁਕਾਈ ਨੂੰ ਅਸ਼ੀਰਵਾਦਾਂ ਦਿੰਦੇ ਰਹੇ ਹਨ। ਹੋ ਬਾਕੀ ਡੇਰਿਆਂ ਵਿੱਚ ਵੀ ਇਹਾ ਕੁੱਝ ਰਿਹਾ ਅਤੇ ਹੋ ਵੀ
‘ਵ੍ਹਡੇ ਬਾਬਿਆਂ’ ਦੇ ਵੇਲਿਆਂ ਤੋਂ ਰਿਹਾ ਹੈ ਪਰ ਸਿੱਖ ਦੀ ਸਮਝ ਦੀ ਪਕੜ ਵਿੱਚ ਪਤਾ ਨਹੀਂ ਕਿਉਂ
ਨਹੀਂ ਆ ਰਿਹਾ। ਗੱਡਿਆਂ-ਟਾਂਗਿਆਂ ਵਾਲੇ ਜਮਾਨਿਆਂ ਵਿੱਚ ਸੰਤ ਈਸ਼ਰ ਸਿੰਘ ਰਾੜੇ ਵਾਲੇ ਬਿਨਾ ਛੱਤ
ਤੋਂ ਲੰਮੀਆਂ ਕਾਰਾਂ ਵਿੱਚ ਸੜਕਾਂ ਦੇ ਦੁਆਲੇ ਖੜੀਆਂ ਸੰਗਤਾਂ ਨੂੰ ਕਾਰ ਵਿੱਚ ਖੜੋ ਕੇ ‘ਦਰਸ਼ਨ’ ਦੇ
ਕੇ ‘ਕ੍ਰਿਤਾਰਥ’ ਕਰਿਆ ਕਰਦੇ ਸਨ ਅਤੇ ਲੋਕਾਂ ਵਲੋਂ ਭੇਟ ਕੀਤੇ ਦੁੱਧ ਦੇ ਗਲਾਸ ਦੀ ਘੁੱਟ ਪੀ ਕੇ
ਬਾਕੀ ਜੂਠਾ ‘ਸੀਤਪ੍ਰਸ਼ਾਦ’ ਮੋੜ ਦਿਆ ਕਰਦੇ ਸਨ। ਅੱਜ ਤਾਂ ਫਿਰ ਜਹਾਜਾਂ-ਰਾਕਟਾਂ ਦਾ ਦੌਰ ਹੈ।
ਆਮ ਡੇਰੇਦਾਰਾਂ ਦੇ ‘ਪੱਕੇ ਸੰਗੀਆਂ’ ਨੂੰ ਪਤਾ ਹੈ ਕਿ ਕਿਵੇ ਉਹ ਫਲਾਂ ਦੇ ਟੋਕਰੇ ਲੈ ਕੇ ਬਾਬਿਆਂ
ਦੇ ਦਰਾਂ ਅਗੇ ਘੰਟਿਆਂ ਬੱਧੀ ਬਾਬਿਆਂ ਦੇ ਅਰਾਮ ਚੋਂ ਉਠਣ ਦੀ ਉਡੀਕ ਕਰਦੇ ਰਹਿੰਦੇ ਗੁਰੁ ਗਰੰਥ
ਸਾਹਿਬ ਕੋਲੇ ਜਾਣਾ ਭੀ ਭੁੱਲ ਜਾਂਦੇ ਹਨ। ਕਿਵੇਂ ਲੰਮੇ ਪੈ-ਪੈ ਡੰਡੌਤਾਂ ਹੁੰਦੀਆਂ ਹਨ ਬਾਬਿਆਂ
ਦੀਆਂ ਦੇਹਾਂ ਨੁੰ। ਦਰਵਾਜੇ ਅਗੇ ਪਏ ਬਾਬੇ ਦੇ ਜੋੜੇ ਚੁੱਕ-ਚੁੱਕ ਮੱਥੇ ਨੂੰ ਲਾਏ ਜਾਂਦੇ ਅਤੇ ਉਥੇ
ਪਈ `ਚਰਨ ਧੂੜ’ ਘਰੀ ਲਿਆਕੇ ਇਸ਼ਨਾਨ ਕੀਤੇ ਜਾਂਦੇ ਹਨ। ਬਾਬਿਆਂ ਦੇ ਰਾਹਾਂ ਵਿੱਚ ਕੀਤੀਆਂ ਜਾਂਦੀਆਂ
ਚਿੱਟੀਆਂ ਵਿਛਾਈਆਂ, ਹੱਥ ਜੋੜੀ ਖੜੋਤੀਆਂ ਅਤੇ ਜੁੱਤੀਆਂ ਲਾਹ-ਲਾਹ ਕੇ ਡੰਡੌਤਾਂ ਕਰਦੀਆਂ ਸੰਗਤਾਂ
ਨੂੰ ਕਿਸੇ ਬਾਬੇ ਦੇ ਚੇਲੇ ਨੇ ਕਦੇ ਰੋਕਣ ਦਾ ਤੱਰਦਦ ਨਹੀਂ ਕੀਤਾ। ਬਾਹਰ ਆਕੇ ਬਾਬੇ ਸਾਨੂੰ ਦਸ
ਜਾਂਦੇ ਹਨ ਕਿ ਮੱਥਾ ਕੇਵਲ ਗੁਰੂ ਗਰੰਥ ਸਾਹਿਬ ਨੂੰ ਟੇਕਣਾ ਹੈ ਪਰ ਇਹਨਾ ਦੇ ਡੇਰਿਆਂ ਵਿੱਚ ਇਹਨਾ
ਦੇ ਗੱਦਿਆਂ ਨੂੰ ਮੱਥੇ ਟੇਕੇ ਜਾ ਰਹੇ ਹਨ, ਕੁਰਸੀਆਂ, ਕਾਰਾਂ, ਕਿੱਲੀਆਂ, ਜੋੜਿਆਂ ਅਤੇ ਇਥੋਂ ਤਕ
ਕਿ ਰਾੜੇ ਵਾਲੇ ਬਾਬੇ ਦੀਆਂ ਤਿੱਲੇ ਵਾਲੀਆਂ ਜੁੱਤੀਆਂ ਤੋਂ ਬਿਨਾ ਉਸ ਦੀ ਟਾਇਲਟ ਨੂੰ ਵੀ ਭੋਲੇ
ਲੋਕਾਂ ਤੋਂ ਮੱਥੇ ਟਿਕਵਾਏ ਜਾ ਰਹੇ ਹਨ? ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਵੱਡੀ ਕਾਰ ਸੀਸ਼ਿਆਂ
ਵਿੱਚ ਮੜ੍ਹੀ ਹੋਈ ਹੈ ਜਿਸ ਉੱਤੇ ਬਕਾਇਦਾ ਲਿਖਿਆ ਹੈ ਇਸ ਉਪਰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਬੈਠ
ਕੇ ਸੰਗਤਾਂ ਨੂੰ ਤਾਰਿਆ ਕਰਦੇ ਸਨ। ਲੋਕ ਉਸ ਨੂੰ ਵੀ ਮੱਥੇ ਟੇਕਦੇ ਦੇਖੇ ਜਾ ਸਕਦੇ ਹਨ। ਜਗਰਾਉਂ
ਲਾਗੇ ਵੱਡੇ ਠਾਠ ਨਾਨਕਸਰ ਇਹ ਲੇਖਕ ਜਾ ਕੇ ਆਇਆ ਹੈ ਉਥੇ ਗੁੰਬਦਾਂ ਉਪਰ, ਕੰਧਾਂ ਉਪਰ, ਸਰੋਵਰ ਦੇ
ਆਲੇ ਦੁਆਲੇ, ਹਰੇਕ ਕੋਨੇ ਉਪਰ ਵੱਡੇ-ਵੱਡੇ ਦਿਉ ਕੱਦ ਪੋਸਟਰ ਲਾਏ ਹੋਏ ਨੇ ਜਿਹਨਾ ਉਪਰ ‘ਧੰਨ ਧੰਨ
ਬਾਬਾ ਈਸ਼ਰ ਸਿੰਘ ਜੀ ਹੋ ਰਹੀ ਹੈ ਤੇਰੀ ਜੈ ਜੈ ਕਾਰ’ ਲਿਖਿਆ ਹੋਇਆ ਹੈ। ਮੇਰੇ ਨਾਲ ਗਏ ਪੁੱਛਦੇ ਕਿ
ਇਥੇ ਗੁਰੂ ਗਰੰਥ ਸਾਹਿਬ ਕਿਥੇ ਹੈ? ਇਹ ਕੀ ਗੁਰੂ ਡ੍ਹੰਮ ਨਹੀਂ? ਭੋਰੇ ਵਿੱਚ ਬਾਬਾ ਨੰਦ ਸਿੰਘ ਜੀ
ਦੀਆਂ ਜੁੱਤੀਆਂ, ਅੰਗੀਠੀ, ਚੋਲੇ, ਖੂੰਡੀ, ਕੁਰਸੀ, ਚੌਕੀ, ਤੇ ਹੋਰ ਪਤਾ ਨਹੀਂ ਕਿੰਨਾ ਨਿੱਕ ਸੁਕ
ਜਿਸ ਨੂੰ ਭੋਲੀ ਲੁਕਾਈ ਜਾ ਕੇ ਮੱਥੇ ਟੇਕਦੀ ਹੈ ਜਦ ਕਿ ਉਸ ਦੇ ਬਿੱਲਕੁਲ ਐਨ ਸਾਹਮਣੇ ਗੁਰੂ ਗਰੰਥ
ਸਾਹਿਬ ਜੀ ਦਾ ਪ੍ਰਕਾਸ਼ ਹੈ ਜਿਸ ਨੂੰ ਇਹ ਸੱਚਖੰਡ ਕਹਿੰਦੇ ਹਨ।
ਹੈਰਾਨਗੀ ਦੀ ਗੱਲ ਕਿ ਇੱਕ ਪਾਸੇ ਤਾਂ ਲੁਕਾਈ ਉਹਨਾ ਟੋਇਆਂ ਨੂੰ ਵੀ ਮੱਥੇ ਟੇਕੀ ਜਾ ਰਹੀ ਹੈ ਜਿਸ
ਬਾਰੇ ਇਹਨਾ ਦਾ ਕਹਿਣਾ ਹੈ ਕਿ ਇਥੇ ਬਾਬਾ ਜੀ ਟੋਆ ਪੁੱਟਕੇ ਸੰਗਤਾ ਤੋਂ ਵੀ ਨੀਵੇ ਬੈਠਿਆ ਕਰਦੇ ਸਨ
ਪਰ ਦੂਜੇ ਪਾਸੇ ਬਾਬਿਆਂ ਦੀ ਫੋਟੋ ਗੁਰੂ ਗਰੰਥ ਸਾਹਿਬ ਤੋਂ ਵੀ ਉੱਚੀ? ਉਸ ਦਿਨ ਪੁੰਨਿਆਂ ਸੀ ਜਿਸ
ਦਿਨ ਇਹ ਲੇਖਕ ਉਥੇ ਗਿਆ। ਮੇਨ ਦੀਵਾਨ ਹਾਲ ਦੇ ਸਾਹਮਣੇ ਬਣੇ ‘ਸੱਚਖੰਡ’ ਵਿੱਚ ਗੁਰੂ ਗਰੰਥ ਸਾਹਿਬ
ਜੀ ਦੇ ਕਈ ਪਾਠ ਚਲ ਰਹੇ ਸਨ। ਉਸ ਦੇ ਐਨ ਸਾਹਮਣੇ ਬਾਬਾ ਨੰਦ ਸਿੰਘ ਜੀ ਦਾ ਉਹ ਟੋਆ ਹੈ ਇਹਨਾ
ਮੁਤਾਬਿਕ ਜਿਥੇ ਉਹ ਸੰਗਤਾਂ ਤੋਂ ਨੀਵੇ ਬੈਠਿਆ ਕਰਦੇ ਸਨ। ਉਸ ਨੂੰ ਬਕਾਇਦਾ ਸੰਗਮਰਮਰਾਂ, ਚਾਦਰਾਂ
ਗਲੀਚੇ ਅਤੇ ਫੁੱਲਾਂ ਨਾਲ ਸ਼ਿਗਾਰਿਆ ਹੋਇਆ ਸੀ। ਇੱਕ ਭਾਈ ਉਸ ਟੋਏ ਉਪਰ ਹੀ ਪੱਖਾ ਕਰੀ ਜਾ ਰਿਹਾ ਸੀ
ਉਸ ਟੋਏ ਦਾ ਮੱਥਾ ਕਿਉਂਕਿ ਗੁਰੂ ਗਰੰਥ ਸਾਹਿਬ ਵਾਲੇ ਪਾਸੇ ਸੀ, ਸੋ ਆ ਰਹੇ ਲੋਕ ਅੰਨ੍ਹੀ ਸ਼ਰਧਾ ਵਸ
ਗੁਰੂ ਗਰੰਥ ਸਾਹਿਬ ਜੀ ਵਾਲੇ ਪਾਸੇ ਪਿੱਠ ਕਰਕੇ ਉਸ ਟੋਏ ਨੂੰ ਹੀ ਫੁੱਲ ਪਤਾਸੇ ਰੱਖ ਕੇ ਮੱਥੇ ਟੇਕੀ
ਜਾ ਰਹੇ ਸਨ। ਯਾਦ ਰਹੇ ਕਿ ਉਥੇ ਅਜਿਹੇ ਟੋਏ, ਕੁਰਸੀਆਂ ਅਤੇ ਆਸਣ ਕਈ ਥਾਂ ਹਨ ਜਿਥੇ ਲੋਕਾਈ ਵਾਰੀ
ਵਾਰੀ ਜਾ ਕੇ ਮੱਥੇ ਟੇਕਦੀ ਹੈ। ਸਾਡੇ ਸਾਹਮਣੇ ਕਿਸੇ ਪਹਿਲੀ ਵਾਰ ਆਏ ਭਾਈ ਨੇ ਪੈਸੇ ਮੱਥਾ ਟੇਕ
ਦਿੱਤਾ ਤਾਂ ਸੇਵਾਦਾਰ ਬੜੇ ਮਾਣ ਨਾਲ ਉਸ ਨੂੰ ਦੱਸ ਰਿਹਾ ਸੀ ਕਿ ਇਥੇ ਮਾਇਆ ਨਹੀਂ ਚ੍ਹੜਦੀ ਪਰ ਜਦ
ਅਸੀਂ ਦੂਜੇ ਪਾਸੇ ਗਏ ਤਾਂ ਉਥੇ ਦੋ ਚਾਰ ਸੋਨੇ ਦੇ ਗੁੰਬਜ ਰੱਖ ਕੇ ਬਕਾਇਦਾ ਮੋਟੇ ਅੱਖਰਾਂ ਵਿੱਚ
ਲਿਖਿਆ ਹੋਇਆ ਸੀ ਕਿ ‘ਧੰਨ ਧੰਨ ਬਾਬਾ ਈਸਰ ਸਿੰਘ ਜੀ ਦੇ ਅਸਥਾਨ ਝੋਰੜਾਂ ਵਿਖੇ ਸੋਨਾ ਲਾਉਣ ਦੀ
ਸੇਵਾ ਚਲ ਰਹੀ ਹੈ ਕਿ ਹਿੱਸਾ ਪਾ ਕੇ ਅਪਣਾ ਜੀਵਨ ਸਫਲਾ ਕਰੋ ਜੀ’. . ? ਵੈਸੇ ਵੀ ਨਾਨਕਸਰ ਵਾਲੇ
ਉਂਝ ਤਾਂ ਮਾਇਆ ਚੜ੍ਹਨ ਨਹੀਂ ਦਿੰਦੇ ਪਰ ਲਫਾਫਿਆਂ ਵਾਲੀ ਮਾਇਆ ਨੂੰ ਸ਼ਾਇਦ ਪੱਵਿਤਰ ਸਮਝਦੇ ਹਨ ਜਾਂ
ਸ਼ਾਇਦ ਉਹ ਮਾਇਆ ਨਹੀਂ! ਇਹ ਗੱਲ ਸਮਝ ਤੋਂ ਬਾਹਰ ਹੈ। -
ਬ੍ਰੈਂਪਟਨ ਦੇ ਠਾਠ ਵਿੱਚ ਵੀ ਬਾਬਾ ਗੁਰਦੇਵ ਸਿੰਘ ਜੀ ਪਾਸ ਇਸ ਲੇਖਕ ਨੂੰ ਜਾਣ ਦਾ ਮੌਕਾ ਮਿਲਿਆ।
ਲਾਇਨਾ ਵਿੱਚ ਲੱਗੀ ਭੀੜ ਬੜੀ ਉਤਸਕ ਸੀ ਬਾਬਿਆਂ ਦੇ ਦਰਸ਼ਨ ਕਰਨ ਨੂੰ। ਅੰਦਰ ਦਾ ਵਰਤਾਰਾ ਤਾਂ ਉਂਝ
ਹੀ ਅਜੀਬ ਸੀ ਜਿਥੇ ਕਈ ਭੋਲੇ ਲੰਮੀਆਂ ਡੰਡਉਤਾਂ ਨਾਲ ਮੱਥੇ ਟੇਕ ਰਹੇ ਸਨ ਅਤੇ ਲਫਾਫੇ ਰੱਖ ਰਹੇ ਸਨ।
ਜਦ ਕਿ ਗੁਰੂ ਗਰੰਥ ਸਾਹਿਬ ਅੱਗੇ ਪੈਸਾ ਮੱਥਾ ਟੇਕਣਾ ਮਨ੍ਹਾ ਹੈ। ਇਸ ਲੇਖਕ ਨੇ ਬਾਬਿਆਂ ਨੂੰ ਦੋ
ਚਾਰ ਸਵਾਲ ਪੁੱਛੇ ਸਨ ਜਿਹਨਾ ਦਾ ਜਵਾਬ, ‘ਸਵਾਲ ਚਨਾ ਜਵਾਬ ਗੰਦ੍ਹਮ’ ਵਰਗਾ ਸੀ। (ਇਸ ਦਾ ਵਿਸਥਾਰ
ਕਿਸੇ ਅਗਲੇ ਲੇਖਾਂ ਵਿੱਚ ਕਰਾਂਗੇ) ਪਰ ਬੜੀ ਹੈਰਾਨੀ ਕਿ ਉਥੇ ਬਾਕੀ ਹੁੰਗਾਰਾ ਦੇਣ ਵਾਲੇ ‘ਜੀ ਸੱਚੇ
ਪਾਤਸ਼ਾਹ’ ‘ਜੀ ਸੱਚੇ ਪਾਤਸ਼ਾਹ’ ਵਾਲੇ ਸਨ। ਬਾਬਿਆਂ ਜਾਂ ਚੇਲਿਆਂ ਇੱਕ ਵਾਰੀ ਨਹੀਂ ਕਿਹਾ ਕਿ ਸੱਚਾ
ਪਾਤਸ਼ਾਹ ਤਾਂ ਧੰਨ ਗੁਰੂ ਗਰੰਥ ਸਾਹਿਬ ਜੀ ਹੈ ਮੈ ਨਹੀਂ। ਇਹਨਾ ਨਾਲੋਂ ਤਾਂ ਜਹਾਂਗੀਰ ਹੀ ਚੰਗਾ ਸੀ
ਜਿਹੜਾ ਇੱਕ ਸਿੱਖ ਦੀ ਭੇਟਾ ਰੱਖਣ ਤੋਂ ਕਹਿ ਰਿਹਾ ਸੀ ਕਿ ਸੱਚਾ ਪਾਤਸ਼ਾਹ ਮੈ ਨਹੀਂ ਉਹ ਦੂਜੇ ਤੰਬੂ
ਵਿੱਚ ਹੈ।
- ‘ਵੱਡੇ ਠਾਠ’ ਵਿੱਚ ਇੱਕ ਸ਼ੀਸ ਮਹਿਲ ਨੁਮਾ ਨਾ ਦੀ ਜਗ੍ਹਾ ਹੈ ਜਿਸ ਬਾਰੇ ਪੁੱਛਣ ਤੇ ਪਤਾ ਲੱਗਾ ਕਿ
ਇਥੇ ਬਾਬਾ ਨੰਦ ਸਿੰਘ ਜੀ ਨੇ ਸਰੀਰ ਛੱਡਿਆ ਸੀ। ਉਥੇ ਨਾਲ ਸੁਖਮਨੀ ਸਾਹਿਬ ਦੇ ਯਾਨੀ ਗੁਰਬਾਣੀ ਦੇ
ਪਾਠ ਚਲ ਰਹੇ ਹਨ ਪਰ ਉਸ ਦੇ ਬਰਾਬਰ ਦਿਉ ਕੱਦ ਬਾਬਾ ਨੰਦ ਸਿੰਘ ਦੀ ਫੋਟੋ ਲਾਈ ਹੋਈ ਹੈ ਲੁਕਾਈ
ਗੁਰਬਾਣੀ ਦੇ ਸਾਹਮਣੇ ਹੀ ਫੋਟੋ ਨੂੰ ਮੱਥਾ ਟੇਕੀ ਜਾ ਰਹੀ ਹੈ! ਇਹਨੂੰ ਕੀ ਅਸੀਂ ਗੁਰੂ ਡੰਮ੍ਹ ਨਾ
ਕਹੀਏ? ਉਥੇ ਕਈ ਥਾਂ ਬਾਬਿਆਂ ਦੀ ‘ਸੇਲ’ ਚਲ ਰਹੀ ਸੀ ਜਿਥੇ ਲੁਕਾਈ ਲਫਾਫੇ, ਸੇਬ, ਸੰਤਰੇ, ਮਠਿਆਈ
ਅਤੇ ਬਸਤਰ ਆਦਿ ਭੇਟ ਰੱਖ ਰੱਖ ਦੂਹਰੀ ਹੋ ਹੋ ਦੇਹਾਂ ਨੂੰ ਮੱਥੇ ਟੇਕ ਰਹੀ ਅਤੇ ਅਸ਼ੀਰਵਾਦਾਂ ਲੈ ਰਹੀ
ਸੀ। ਘਟੋ ਘਟੋ 5-6 ਥਾਵਾਂ ਤੇ ਅਸੀਂ ਇਹ ਵਰਤਾਰਾ ਦੇਖਿਆ। ਪੰਜਾਬ ਦੇ ਇਸ ਮਹਿੰਗਿਆਂ ਸਮਿਆਂ ਵਿੱਚ
ਬਾਬੇ ਫਰੂਟਾਂ ਦੇ ਢੇਰਾਂ ਨੂੰ ਇੰਝ ਚਲਾ ਚਲਾ ਮਾਰਦੇ ਸਨ ਜਿਵੇਂ ਇਹ ਤੂੜੀ ਦੇ ਬੋਹਲ ਹੁੰਦੇ ਹਨ।
ਉਥੇ ਵਿਹਲੜਾਂ ਦੇ ਵੱਡੇ ਢਿੱਡਾਂ ਦੇ ਵੱਗ ਲੰਮੇ ਚੋਲੇ ਪਾ ਕੇ ਇੰਝ ਘੁੰਮ ਰਹੇ ਸਨ ਜਿਵੇਂ ਕੋਈ
ਬਾਦਸ਼ਾਹ ਅਪਣੀ ਰਿਆਸਤ ਵਿੱਚ ਘੁੰਮਦਾ ਹੈ। ਬੜੀ ਦਿਲਚਸਪ ਗੱਲ ਹੈ ਕਿ ਇੱਕ ਥਾਂ, ਜਿਥੇ ਬਾਬਾ ਈਸ਼ਰ
ਸਿੰਘ ਜੀ ਦਾ ਆਸਣ ਹੈ ਅਤੇ ਲੁਕਾਈ ਦੀਆਂ ਭੀੜਾਂ ਅੰਦਰ ਗੱਦੇ ਅਤੇ ਕੁਰਸੀ ਨੂੰ ਮੱਥਾ ਟੇਕਣ ਲਈ
ਲਾਇਨਾ ਵਿੱਚ ਖੜੀ ਹੋਈ ਸੀ ਜਦ ਕਿ ਗੁਰੂ ਗਰੰਥ ਸਾਹਿਬ ਉਥੇ ਨਹੀਂ ਸਨ, ਉਥੇ ਉਹਨਾ ਸਾਨੂੰ ਫੋਟੋ ਲੈਣ
ਤੋਂ ਮਨ੍ਹਾ ਕਰ ਦਿਤਾ। ਮੇਰੇ ਨਾਲ ਗਏ ਨੇ ਪਤਾ ਨਹੀਂ ‘ਸੰਤ’ ਦੇ ਕੰਨ ਵਿੱਚ ਕੀ ਕਿਹਾ ਕਿ ਉਸ ਫੋਟੋ
ਵੀ ਲੈ ਲੈਣ ਦਿੱਤੀਆਂ ਅਤੇ ਅਪਣਾ ‘ਬਿੱਜਨੈਸ’ ਕਾਰਡ ਵੀ ਦੇ ਦਿੱਤਾ। ਬਾਅਦ ਵਿੱਚ ਪਤਾ ਲੱਗਾ ਕਿ ਉਸ
ਅਪਣੇ ਆਪ ਨੂੰ ਕਨੇਡਾ ਤੋਂ ਆਇਆ ਦਸ ਕੇ 30 ਹਜਾਰ ਰੁਪਏ ਦੀ ਸੇਵਾ ਕਰਾਉਂਣ ਲਈ ‘ਆਫਰ’ ਕੀਤੀ ਸੀ!
ਉਥੇ ਜਿੰਨੇ ‘ਸੰਤ’ ਨੇ ਉਨੇ ਹੀ ਥਾਲ ਲੱਗ ਕੇ ਗੁਰੂ ਗਰੰਥ ਸਾਹਿਬ ਦੇ ਜਾਂਦੇ ਹਨ ‘ਭੋਗ’ ਲੱਗਣ
ਵਾਸਤੇ। ਉਹੀ ਥਾਲ ਮੁੜ ਵੱਡੇ ਬਾਬੇ ਕੋਲੇ ਆਉਂਦਾ ਹੈ ਉਸਦੇ ਰੱਜਣ ਤੋਂ ਬਾਅਦ ਜੂਠਾ ਥਾਲ ਗੁਰੂ ਕੇ
ਲੰਗਰ ਵਿੱਚ ਜਾਂਦਾ ਹੈ ਜਿਥੋਂ ਪੰਗਤ ਵਿੱਚ ਬੈਠੀ ਸੰਗਤ ਨੂੰ ‘ਸੀਤ ਪ੍ਰਸਾਦ’ ਕਹਿਕੇ ਵਰਤਾਇਆ ਜਾਂਦਾ
ਹੈ। ਤੜਕੇ ਪਾਣੀ ਦੀ ਬਾਲਟੀ ਰੱਖ ਕੇ ਲਾਗੇ ਕਛਹਿਰਾ ਰੱਖਕੇ ਗੁਰੂ ਗਰੰਥ ਸਾਹਿਬ ਜੀ ਦਾ ‘ਇਸ਼ਨਾਨ’ ਵੀ
ਕਰਾਇਆ ਜਾਂਦਾ ਹੈ। ਇਹਨਾ ਦੀ ਹੀ ਕਹਾਣੀ ਮੁਤਾਬਕ ਬਾਬਾ ਨੰਦ ਸਿੰਘ ਜੀ ਦਾ ਇਸ਼ਨਾਨ ਕਰਦਿਆਂ ਧਿਆਨ
ਗੁਰੂ ਗਰੰਥ ਸਾਹਿਬ ਜੀ ਵਿੱਚ ਜੁੜ ਗਿਆ ਤਾਂ ਗੁਰੂ ਗਰੰਥ ਸਾਹਿਬ ਜੀ ਦੇ ਪੱਤਰੇ ਪਾਣੀ ਨਾਲ ਭਿੱਜ
ਗਏ! ਇਸ ਤੋਂ ਵੱਡਾ ਮਜਾਕ ਗੁਰੂ ਗਰੰਥ ਸਾਹਿਬ ਜੀ ਨਾਲ ਕੀ ਹੋ ਸਕਦਾ ਹੈ ਕਿ ਇੱਕ ਸੰਤ ਦੀ ਦੇਹ ਦਾ
ਜੂਠਾ ਪਾਣੀ ਗੁਰੂ ਗਰੰਥ ਸਾਹਿਬ ਜੀ ਉਪਰ ਪਾਉਣ ਲੱਗਿਆਂ ਵੀ ਇਹਨਾ ਦਾ ਮਨ ਨਹੀਂ ਡਰਿਆ!
ਇਹਨਾ ‘ਮਹਾਂਪੁਰਖਾਂ’ ਦੇ ਨਿਹੰਗਾਂ ਵਾਂਗ ਕੁੱਝ ਬੋਲੇ ਹਨ ਜਿਵੇਂ, ਬਾਬੇ ਚਰਨ ਪਾਉਣ ਗਏ, ਬਾਬਾ ਜੀ
ਦੇ ਪੁਰਾਣੇ ਸੰਗੀ, ਬਾਬਾ ਜੀ ਦਾ ਇਸ਼ਨਾਨ ਕਰਾਉਂਣਾ, ਬਾਬਾ ਜੀ ਨਿੱਤਨੇਮ ਵਿੱਚ ਹਨ, ਬਾਬਾ ਜੀ ਅਰਾਮ
ਵਿੱਚ ਹਨ, ਬਾਬਾ ਜੀ ਦੇ ਦਰਸ਼ਨ ਕਰ ਲਉ, ਬਾਬਾ ਜੀ ਦਾ ਸੰਗਤਾਂ ਨੂੰ ਭੁਗਤਾਉਣਾਂ, ਭੋਗ ਤੋਂ ਬਾਅਦ
ਬਾਬਾ ਜੀ ਦੀ ਆਗਿਆ ਲੈਕੇ ਜਾਣਾ, ਬਾਬਿਆਂ ਵਲੋਂ ਸੰਗਤ ਨੂੰ ਅਲਵਿਦਾ ਦਾ ਸਪੈਸ਼ਲ ਮਿਸ਼ਰੀ ਬਦਾਮਾ ਜਾਂ
ਫਰੂਟਾਂ ਦਾ ਪ੍ਰਸ਼ਾਦ ਦੇਣਾ, ਅਤੇ ਬਾਬਿਆਂ ਲਈ ਮਹਾਰਾਜ, ਸੱਚੇ ਪਾਤਸ਼ਾਹ ਵਰਗੇ ਲਫਜ਼ਾਂ ਨਾਲ ਸੰਬੋਧਨ
ਹੋਣਾ, ਇਹ ਸਭ ਸਾਬਤ ਨਹੀਂ ਕਰਦਾ ਕਿ ਇਹ ਸਾਰੀ ਰੀਸ ਬਿਨਾ ਕਲਗੀ ਲਾਏ ਗੁਰੂ ਸਾਹਿਬਾਨ ਦੀ ਹੋ ਰਹੀ
ਹੈ? ਵ੍ਹਡਿਆਂ ਬਾਬਿਆਂ ਦੀਆਂ ਬਰਸੀਆਂ ਦੇ ਧੂੜ-ਧੜੱਕੇ ਅਤੇ ਬੈਂਡ ਵਾਜਿਆਂ ਨਾਲ ਉਹਨਾ ਦੀਆਂ ਫੋਟੋਆਂ
ਲਾਕੇ ਪਾਲਕੀਆਂ ਕੱਢਣੀਆਂ, ਅਤੇ ਉਹਨਾ ਦੀਆਂ ਜੈ-ਜੈ ਕਾਰਾਂ ਦੇ ਸੰਘ ਪਾੜਵੇਂ ‘ਕੀਰਤਨ’ ਕੀ ਸਾਬਤ
ਕਰਦੇ ਹਨ? ਗੁਰੂ ਗਰੰਥ ਸਾਹਿਬ ਦਾ ‘ਫੱਟਾ’ ਇਹਨੀ ਕੇਵਲ ਤੇ ਕੇਵਲ ਭੋਲੇ ਗਾਹਕ ਫਸਾਉਣ ਲਈ ਰੱਖਿਆ ਹੈ
‘ਮਾਲ’ ਇਹ ਅਪਣਾ ਹੀ ਵੇਚ ਰਹੇ ਹਨ।
ਅੱਜ ਸਿੱਖ ਦਰਦ ਰੱਖਣ ਵਾਲੇ ਦੁੱਖੀ ਹੋ ਰਹੇ ਹਨ, ਸੱਚੇ ਦੇ ਨਾ ਹੇਠ ਝੂਠੇ ਸੌਦੇ ਕਰਨ ਵਾਲਿਆਂ ਤੋਂ
ਪਰ ਕੀ ਉਹਨੀ ਸੋਚਿਆ ਕਿ ਇਹ ਦੇਣ ਕਿਸਦੀ ਹੈ? ਐਂਵੇ ਅਸੀਂ ਫੈਸ਼ਨ ਜਿਹਾ ਬਣਾ ਲਿਆ ਇਹ ਕਹਿਣ ਦਾ ਕਿ
ਇਹ ਸਭ ਸਰਕਾਰੀ ਸਾਜਸ਼ਾਂ ਹਨ। ਪਰ ਕੀ ਕੋਈ ਸਰਕਾਰ ਸਾਨੂੰ ਗੁਰੂ ਗਰੰਥ ਸਾਹਬ ਦੀ ਸਿੱਖਿਆ ਲੈਣ ਤੋਂ
ਰੋਕ ਸਕਦੀ ਹੈ? ਜੇ ਅਸੀਂ ਖੁਦ ਹੀ ਉਸ ਕੋਲ ਬੈਠਣਾ ਨਹੀਂ ਚਾਹੁੰਦੇ ਅਤੇ ਸਾਰੇ ਹੱਕ ਅਸੀਂ ਅਪਣੇ
ਹੱਥੀਂ ਪੁਜਾਰੀ ਜਾਂ ਡੇਰੇਦਾਰਾਂ ਨੂੰ ਦੇ ਦਿੱਤੇ ਹੋਏ ਨੇ ਤਾਂ ਇਸ ਵਿੱਚ ਕਿਸੇ ਸਰਕਾਰ ਦਾ ਕੀ
ਲੈਣਾ-ਦੇਣਾ। ਡੇਰਿਆਂ ਦੀਆਂ ਵਲਗਣਾਂ ਵਿੱਚ ਅਸੀਂ ਖੁਦ ਹੀ ਇਸ ਕਦਰ ਕੈਦ ਹੋ ਚੁੱਕੇ ਹਾਂ ਕਿ ਮੋਟੀ
ਜਿਹੀ ਗਲ ਵੀ ਅਸੀਂ ਸਮਝਣ ਨੂਂੂੰ ਤਿਆਰ ਨਹੀਂ ਹੁੰਦੇ ਸਿਰਫ ਇਸ ਕਰਕੇ ਕਿ ਸਾਡੇ ਬਾਬੇ ਗਲਤ ਹੋ
ਜਾਣਗੇ। ਇਸ ਦੀ ਸਭ ਤੋਂ ਵ੍ਹਡੀ ਮਿਸਾਲ ਹੈ ਸਾਰੇ ਡੇਰੇਦਾਰਾਂ ਦਾ ਰਲਕੇ, ਦਸਮ ਗ੍ਰੰਥ ਨੂੰ ਗੁਰੂ
ਗਰੰਥ ਸਾਹਿਬ ਦੇ ਬਰਾਬਰ ਚਾਂਦਨੀਆਂ-ਚੰਦੋਏ ਲਾਕੇ ਬਰਾਬਰ ਪ੍ਰਕਾਸ਼ ਕਰਨਾ ਅਤੇ ਪਿੰਡ-ਪਿੰਡ ਘਰ-ਘਰ
ਇਸਦੇ ‘ਅਖੰਡ ਪਾਠ ਕਰਉਣ ਦਾ ਅੇਲਾਨ ਕਰਨਾ, ਇਹ ਜਾਣਦੇ ਹੋਇਆਂ ਵੀ ਕਿ ਇਸ ਵਿੱਚ ਅਸ਼ਲੀਲਤਾ ਦੀ ਬਹੁਤ
ਭਰਮਾਰ ਹੈ ਅਤੇ ਇਹ ਵੀ ਕਿ ਗੁਰੁ ਗਰੰਥ ਸਾਹਿਬ ਦੇ ਬਰਾਬਰ ਕਿਸੇ ਗਰੰਥ ਨੂੰ ਬੈਠਾਇਆ ਨਹੀਂ ਜਾ
ਸਕਦਾ। ਅੱਜ ਅਸੀਂ ਸਰਸੇ ਵਾਲੇ ਨੂੰ ਕੀ ਦੋਸ਼ ਦਈਏ ਜਦ ਹਰੇਕ ਸਿੱਖ ਨੇ ਹੀ ਕੋਈ ਨਾ ਕੋਈ ਸਰਸੇ ਵਾਲਾ
ਪਾਲ ਰੱਖਿਆ ਹੈ।
ਡੇਰਾਵਾਦੀ ਹਨੇਰਗਰਦੀਆਂ ਨੇ ਗੁਰੂ ਗਰੰਥ ਸਾਹਿਬ ਦੇ ਗਿਆਨ ਦਾ ਸੂਰਜ ਢੱਕ ਲਿਆ ਹੈ ਅਤੇ ਸਿੱਖ ਕੌਮ
ਔਜੜੇ ਪਈ ਠੇਡੇ ਖਾ ਰਹੀ ਹੈ। ਕੋਈ ਗੁਰੁ ਗੋਬਿੰਦ ਸਿੰਘ ਬਣੀ ਬੈਠਾ ਹੈ, ਕੋਈ ਸਾਹਿਬਜਾਦਾ ਅਜੀਤ
ਸਿੰਘ, ਕੋਈ ਖੁਦ ਨਿਰੰਕਾਰ ਬਣਿਆ ਹੋਇਆ ਹੈ, ਕਿਸੇ ਦੇ ਹੱਥ ਵਿੱਚ ਰੱਬ ਹੈ, ਕਿਸੇ ਦੀਆਂ ਤਲੀਆਂ
ਵਿੱਚ ਤੇ ਕਿਸੇ ਦੇ ਪੈਰਾਂ ਵਿਚ। ਇਹ ਤਮਾਸ਼ਾ ਨਿੱਤ ਸਾਡੇ ਸਾਹਮਣੇ ਹੋ ਰਿਹਾ ਹੈ, ਢੋਲਕੀ ਕੁੱਟ ਬਾਬੇ
ਮਿਰਜਿਆਂ ਦੀਆਂ ਤਾਨਾ ਲਾਕੇ ਸਿੱਖਾਂ ਦੇ ਦੋ ਘੜੀਆਂ ਸਿਰ ਮਰਵਾ ਜਾਂਦੇ ਹਨ, ਗੁਰੁ ਨਾਲੋਂ ਅਪਣੇ
ਡੇਰੇਦਾਰ ਬਾਬਿਆਂ ਦੇ ਵਰ੍ਹਾਂ-ਸਰਾਪਾਂ ਦੀਆਂ ਕਹਾਣੀਆਂ ਸੁਣਾਕੇ ਅਪਣੀਆਂ ਮਹਿੰਗੀਆਂ ਕਾਰਾਂ ਅਤੇ
ਆਲ੍ਹੀਸ਼ਾਨ ਮਹੱਲਾਂ ਦਾ ਸਮ੍ਹਾਨ ਇਕੱਠਾ ਕਰਕੇ ਰਾਹੇ ਪੈਂਦੇ ਹਨ। ਸਿੱਖ ਨੂੰ ਗੁਰੂ ਨੇ ਕਿਸੇ
ਸਾਧ-ਸੰਤ ਜਾਂ ਕਿਸੇ ਬ੍ਰਹਮਗਿਆਨੀ ਦਾ ਚੇਲਾ ਨਹੀਂ ਸੀ ਬਣਾਇਆ, ਖੁਦ ਨੂੰ ਗੁਰੁ ਲਾਗੇ ਬੈਠਣ ਦੀ ਅਤੇ
ਉਸਨੂੰ ਸਮਝਣ ਦੀ ਆਗਿਆ ਕੀਤੀ ਸੀ ਪਰ ਅੱਜ ਸਿੱਖ ਸਾਡੇ ਆਗੂਆਂ ਦੀ ਕ੍ਰਿਪਾ ਸਦਕਾ ਬੰਦੇ ਦਾ ਬੰਦਾ ਹੋ
ਕੇ ਰਹਿ ਗਿਆ ਹੈ। ਸਾਡਾ ਇਸ ਡੇਰਾਵਾਦ ਨੂੰ ਸੰਨ 1900 ਤੋਂ ਲਗਾਤਾਰ ਸ਼ਹਿ ਦੇਣ ਸਦਕਾ ਹੀ ਅੱਜ ਸਰਸੇ
ਵਰਗੇ ਡੇਰਾਵਾਦੀਆਂ ਦੀ ਜੁਅਰੱਤ ਪਈ ਕਿ ਉਹ ਖੁਦ ਗੁਰੂ ਦੇ ਸਰੀਕ ਬਣ ਖੜੇ ਹੋ ਗਏ। ਮਸੰਦ ਪ੍ਰੰਪਰਾ
ਵਾਂਗ ਇਹ ਡੇਰਾਵਾਦ ਜ੍ਹਿੰਨਾ ਚਿਰ ਅਸੀਂ ਬੰਦ ਨਹੀਂ ਕਰਦੇ ਅਸੀਂ ਇਸ ਕਿਸਮ ਦੀਆਂ ਮੁਸ਼ਕਲਾਂ ਝਲਦੇ
ਰਹਾਂਗੇ ਅਤੇ ਆਪਣੀ ਤਾਕਤ ਅੰਝਾਈ ਗਵਾਉਂਦੇ ਰਹਾਂਗੇ।
ਅਖੀਰ ਤੇ ਅਸੀਂ ਫਿਰ ਯਾਦ ਕਰਾ ਦਈਏ ਕਿ ਸਾਡਾ ਮੱਕਸਦ ਬਿਨਾ ਮੱਤਲਬ ਕਿਸੇ ਨੂੰ ਭੰਡਣਾਂ ਜਾਂ ਨਿੰਦਣਾ
ਨਹੀਂ ਪਰ ਜੋ ਅਸੀਂ ਅਪਣੀਆਂ ਖੁਲੀਆਂ ਅੱਖਾਂ ਨਾਲ ਦੇਖ ਰਹੇ ਹਾਂ ਉਸ ਤੋਂ ਕਿਵੇਂ ਇਨਕਾਰੀ ਹੋਈਏ।
ਸੰਨ 1900 ਕੁ ਦੇ ਕਰੀਬ ਅੰਗਰੇਜ਼ ਨੇ ਸਿੱਖ ਵਿੱਚ ਸੰਤ ਵਾੜਿਆ ਸੀ ਜਿਹੜਾ ਹੁਣ ਦੀਰਘ ਰੋਗ ਅਖਤਿਆਰ
ਕਰ ਚੁੱਕਾ ਹੈ। ਜਿਸ ਦੀਆਂ ਜੜ੍ਹਾਂ ਪਤਾਲੀਂ ਜਾ ਲੱਗੀਆਂ ਹਨ ਤੇ ਜਿਹੜਾ ਅਮਰ ਵੇਲ ਬਣ ਕੇ ਗੁਰੂ
ਗਰੰਥ ਸਾਹਿਬ ਦੇ ਫਲਸਫੇ ਨੂੰ ਖਾ ਰਿਹਾ ਹੈ।
ਗੁਰਦੇਵ ਸਿੰਘ ਸੱਧੇਵਾਲੀਆ।