.

24 ਸਾਲਾਂ ਬਾਅਦ ਸਿੱਖਾਂ ਦੀ ਨਸਲ ਕੁਸ਼ੀ ਦੀਆਂ ਫਿਰ ਤੋਂ ਤਿਆਰੀਆਂ?

1991-92 ਸਿੱਖ ਨਸਲ-ਕੁਸ਼ੀ ਦੌਰ ਖਤਮ ਹੋਇਆ। ਲੱਖਾਂ ਨੌਜਵਾਨ ਬੱਚੇ ਮੌਤ ਦੇ ਘਾਟ ਉਤਾਰੇ ਗਏ। ਇੱਕ ਲੀਡਰ ਬਾਝੋਂ ਆਪੌਂ ਬਣੇ ਜਰਨੈਲਾ ਤੇ ਕਰਨੈਲਾਂ ਨੇ, ਪਤਾ ਨਹੀਂ ਕਿਸ ਕਿਸ ਦੇ ਇਸ਼ਾਰੇ ਤੇ, ਇਸ ਲਹਿਰ ਨੂੰ ਇਸ ਲਹਿਰ ਵਿੱਚ ਡੋਬ ਦਿੱਤਾ। ਆਪ ਹੁਣ ਚੰਡੀਗੜ੍ਹ ਵਿੱਚ ਕੋਠੀਆਂ ਬਣਾ ਅਰਾਮ ਦੀ ਜਿੰਦਗੀ ਜਿਉਂ ਰਹੇ ਹਨ ਤੇ ਲੱਖਾਂ ਮਾਸੂਮ ਸਦਾ ਦੀ ਨੀਂਦਰੇ ਸਮਸ਼ਾਨਾਂ `ਚ। ਇਸ ਵਿੱਚ ਕੋਈ ਲੁੱਕ ਲਪੇਟ ਵਾਲੀ ਗੱਲ ਨਹੀਂ ਸਾਰੇ ਇਸ ਗੱਲ ਤੋਂ ਵਾਕਿਫ ਹਨ। ਕਈ ਮੰਨਦੇ ਹਨ ਤੇ ਕਈ ਨਹੀਂ ਕਿ ਸਾਨੂੰ ਗੁੰਮ ਰਾਹ ਕੀਤਾ ਗਿਆ ਹੈ। ਮੈਂ ਤਾਂ ਇਹ ਸਮਝਦਾ ਹਾਂ ਕਿ ਸਿੱਖਾਂ ਨੂੰ ਧਰਮ ਤੇ ਨਾਮ ਤੇ ਹਮੇਸ਼ਾਂ ਹੀ ਗੁੰਮਰਾਹ ਕੀਤਾ ਗਿਆ ਹੈ ਤੇ ਜਾਵੇਗਾ। ਜਿਤਨੀ ਦੇਰ ਸਿੱਖ ਦੂਰ-ਅੰਦੇਸ਼ੀ ਤੋਂ ਕੰਮ ਲੈਣਾ ਨਹੀਂ ਸਿੱਖਦੇ ਉਤਨੀ ਦੇਰ ਤਕ ਸਿੱਖ ਗੁੰਮਰਾਹ ਹੁੰਦੇ ਹੀ ਰਹਿਣਗੇ।

ਨਿਉਯਾਰਕ ਵਿੱਚ 21ਵੀਂ ਸਿੱਖ ਪਰੇਡ ਬੜੇ ਸ਼ਾਨੋ ਸ਼ੋਕਤ ਨਾਲ ਕੱਢੀ ਗਈ। ਆਪਣੀ ਤਾਕਤ ਦਾ ਵਿਖਾਵਾ ਕਰਨ ਲਈ ਐਸੀਆਂ ਪਰੇਡਾਂ ਬਹੁਤ ਜ਼ਰੂਰੀ ਹਨ। ਪਰ ਕੀ ਇਹ ਤਾਕਤ ਸਿੱਖਾਂ ਦੀ ਹੈ? ਕੀ ‘ਸਿੱਖ ਯੂਥ ਆਫ ਅਮੈਰੀਕਾ’ ਗੁਰੂ ਨਾਨਕ ਸਾਹਿਬ ਦੇ ਅਸੂਲਾਂ ਤੇ ਪਹਿਰਾ ਦਿੰਦੀ ਹੈ? ਇਕੱਲਾ ਬਾਣਾ ਪਾ ਕੇ ਆਪਣੇ ਆਪ ਨੂੰ ਸਿੱਖ ਅਖਵਾਉਣਾ ਜਾਇਜ਼ ਨਹੀਂ। ਸੋਹਣੀਆਂ ਕੇਸਰੀ ਦਸਤਰਾਂ ਤੇ ਚੋਲੇ ਪਹਿਨੇ ਬਹੁਤ ਚੰਗੇ ਲੱਗਦੇ ਹਨ। ਹੱਥਾਂ ਵਿੱਚ ਝੂਲਦੇ ਕੇਸਰੀ ਨਿਸ਼ਾਨ ਵੀ ਬਹੁਤ ਚੰਗੇ ਲੱਗਦੇ। ਇਹੋ ਲਿਬਾਸ ਪਾਈ ਬੈਂਡ ਵਾਜੇ ਵਾਲੇ ਬੈਂਡ ਨੂੰ ਕੁੱਟਦੇ ਵੀ ਬਹੁਤ ਚੰਗੇ ਲੱਗਦੇ ਹਨ। ਇਹੋ ਜਾਂ ਕਿਸੇ ਹੋਰ ਰੰਗ ਦੀ ਵਰਦੀ ਵਿੱਚ ਗਤਕਾ ਖੇਡਦੇ ਸਿੱਖ ਨੌਜਵਾਨ ਵੀ ਮਨ ਨੂੰ ਬਹੁਤ ਲੁਭਾਉਂਦੇ ਹਨ। ਪਰ ਸਾਨੂੰ ਅੱਜ ਇਹ ਜਰੂਰ ਸੋਚਣਾ ਪੈਣਾ ਹੈ ਕਿ ਕਿਤੇ ਗੁਰੂ ਨਾਨਕ ਸਾਹਬ ਦਾ ਅੱਗੇ ਲਿਖਿਆ ਫੁਰਮਾਣ ਸਾਡੇ ਤੇ ਢੁੱਕਦਾ ਤਾਂ ਨਹੀਂ।

ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ॥ 2॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍॥ 3॥ {ਪੰਨਾ 729} ਜਿਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ ਤਾਂ ਉਨ੍ਹਾਂ ਨੂੰ ਢਠਿਆਂ ਬਰਾਬਰ ਜਾਣੋ ਤੇ ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ। ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ।

ਇਸ ਕਰਕੇ ਸੋਚਣਾ ਪੈਣਾ ਹੈ ਕਿ ਕੀ ਅਸੀਂ ਸਿੱਖ ਅਖਵਾਉਣ ਦੇ ਲਾਈਕ ਵੀ ਹਾਂ ਜਾਂ ਨਹੀਂ? ਭਾਰਤ ਵਿੱਚ ਵੀ ਕਈ ਸਾਰੇ ਚੇਤਨਾ ਮਾਰਚ ਕੱਢੇ ਗਏ ਹਨ। ਕਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਤੇ ਕਦੇ ਕਿਸੇ ਹੋਰ ਵਲੋਂ ਜਾਗ੍ਰਿਤੀ ਯਾਰਤਾ। ਕੀ ਗੁਰੂ ਸਹਿਬਾਨ ਵੇਲੇ ਕਿਸੇ ਸ਼ਕਤੀ ਦੀ ਪ੍ਰਦਰਸ਼ਨੀ ਕਰਨ ਦੀ ਲੋੜ ਨਹੀਂ ਸੀ? ਗੁਰੂ ਨਾਨਕ ਸਾਹਿਬ ਨੇ ਐਸੀਆਂ ਜਾਗ੍ਰਿਤੀਆਂ ਦੇ ਪ੍ਰਦਰਸ਼ਨ ਕਰਨ ਦੀ ਲੋੜ ਮਹਿਸੂਸ ਕਿਉਂ ਨਹੀ ਕੀਤੀ? ਅਕਾਲ ਪੁਰਖ ਵਲੋਂ ਗੁਰੂ ਥਾਪ ਕੇ ਭੇਜਿਆ ਗਿਆ ਇੱਕ ਪੈਗੰਬਰ ਐਸਾ ਨਾ ਕਰੇ ਤਾਂ ਸਾਨੂੰ ਜਰੂਰ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਕਿਤੇ ਨਾ ਕਿਤੇ ਗਲਤ ਜਰੂਰ ਹਾਂ। ਗੁਰੂ ਨਾਨਕ ਸਾਹਿਬ ਨੇ ਤਾਂ ਘਰ ਘਰ ਜਾ ਕੇ ਮਰ ਚੁੱਕੀ ਲੋਕਾਈ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ ਕੀਤਾ। ਪਰ ਅਸੀਂ ਤਾਂ ਮਰ ਚੁੱਕੀ ਲੋਕਾਈ ਨੂੰ ਠੰਡਾ ਸ਼ਰਬਤ ਪਿਲਾ ਕੇ ਹੋਰ ਬਰਫ `ਚ ਲਾਈ ਜਾਣ ਨੂੰ ਹੀ ਸਿੱਖੀ ਦਾ ਪ੍ਰਚਾਰ ਕਬੂਲ ਲਿਆ ਹੈ। ਕੀ ਅਸੀਂ ਸਿੱਖ ਹਾਂ? ਨਹੀਂ। ਗਲੀਆਂ ਵਿੱਚ ਸਮਾਂ ਤੇ ਪੈਸਾ ਬਰਬਾਦ ਕਰਨ ਨਾਲ ਸਿੱਖ ਨਹੀਂ ਬਣਿਆ ਜਾ ਸਕਦਾ। ਸਿੱਖ ਸਿਧਾਂਤ ਨਾਲ ਜੁੜਿਆਂ ਹੀ ਸਿੱਖ ਬਣਿਆ ਜਾ ਸਕਦਾ ਹੈ।

ਇਸ ਪਰੇਡ ਨੂੰ ਅਯੋਜਿਤ ਕਰਨ ਵਾਲੀ ‘ਸਿੱਖ ਯੂਥ ਆਫ ਅਮੈਰੀਕਾ’ ਤੇ ਬੱਬਰ ਖਾਲਸਾ ਜੱਥੇਬੰਦੀਆਂ 84 ਦੇ ਦੌਰ ਵਿੱਚ ਹੀ ਸਥਾਪਤ ਕੀਤੀਆਂ ਗਈਆਂ। ਇਨ੍ਹਾਂ ਨੂੰ ਸਥਾਪਤ ਕਰਨ ਵਾਲਾ ਕੌਣ ਸੀ? ਉੱਤਰੀ ਅਮਰੀਕਾ ਦੇ ਸਿੱਖਾਂ ਨੂੰ ਉੱਤਰੀ ਅਮਰੀਕਾ `ਚ ਹੀ ਉਲਝਾਈ ਰੱਖਣ ਵਾਸਤੇ ਇਹ ਅਤੇ ਕੁੱਝ ਹੋਰ ਐਸੀਆਂ ਜਥੇਬੰਦੀਆਂ ਬਣਾਈਆਂ ਗਈਆਂ। ਸਿੱਖਾਂ ਅਤੇ ਸਿੱਖਾਂ ਦੇ ਪੈਸੇ ਨੂੰ ਬਰਬਾਦ ਕੀਤਾ ਗਿਆ। ਇਸੇ ਵਜ੍ਹਾ ਕਰਕੇ ਸਿੱਖ ਪਿਛਲੇ 25 ਕੁ ਸਾਲਾਂ ਵਿੱਚ ਕੋਈ ਧੜੱਲੇਦਾਰ ਯੋਜਨਾ ਨਹੀਂ ਬਣਾ ਸਕੇ। ਹਾਰ ਹੰਬ ਕੇ ਹਾਰੇ ਹੋਏ ਜੁਆਰੀਏ ਵਾਂਗੂ ਅੱਖਾਂ ਵਿੱਚ ਘਸੁੰਨ ਦੇ ਕੇ ਕਈ ਸਿੱਖ ਅੱਜ ਵੀ ਰੋਂਦੇ ਦੇਖੇ ਜਾ ਸਕਦੇ ਹਨ।

ਹੁਣ 25 ਸਾਲਾਂ ਬਾਅਦ ਫਿਰ ਖਲਸਤਾਨ ਦਾ ਨਾਹਰਾ ਅਖੋਤੀ ਜਥੇਦਾਰ ਭਾਈ ਜੋਗਿੰਦਰ ਸਿੰਘ ਵੇਦਾਂਤੀ ਲਾਵੇ ਤੇ ਇਸਦਾ ਆਕਾ ਇਹ ਕਹੇ ਕਿ ਮੈਂ ਤਾਂ ਇਸਦੇ ਨਾਹਰੇ ਨਾਲ ਸਹਿਮਤ ਨਹੀਂ, ਇਹ ਕੋਈ ਗੁੱਝੀ ਚਾਲ ਹੈ। ਸਾਨੂੰ ਸਮਝਣ `ਚ ਰਤਾ ਵੀ ਢਿੱਲ ਨਹੀਂ ਕਰਨੀ ਚਾਹੀਦੀ ਕਿ ਇਹ ਕਿਸ ਏਜੰਸੀ ਦੇ ਇਸ਼ਾਰੇ ਤੇ ਬੋਲ ਰਿਹਾ ਹੈ। ਖਲਸਤਾਨ ਦੇ ਨਾਹਰੇ ਤੇ ਨਿਸ਼ਾਨ ਝੁਲਾਏ ਜਾਣ ਦਾ ਮਤਲਬ ਹੈ ਕਿ ਜੇ ਕੋਈ ਕਸਰ ਬਾਕੀ ਰਹਿ ਗਈ ਹੈ ਤਾਂ ਉਹ ਵੀ ਪੁਰੀ ਕਰ ਲਈ ਜਾਵੇ ਤਾਂ ਕਿ ਸਿੱਖ ਕਿਤੇ ਹੁਣ ਵੀ ਕੋਈ ਉਸਾਰੂ ਮੁਹਿੰਮ ਬਾਰੇ ਸੋਚਣਾ ਨਾ ਸ਼ੁਰੂ ਕਰ ਦੇਣ।

ਇਸੇ ਹੀ ਰਾਮ ਰੌਲੇ `ਚ 300 ਸਾਲਾ ਗੁਰਤਾ ਦਿਵਸ ਦੇ ਬਹਾਨੇ ਸਿੱਖਾਂ ਕੋਲੋਂ ਅਰਬਾਂ ਰੁਪਿਆਂ ਮੱਥਾ ਟਿਕਵਾ ਲੈਣਾ ਹੈ ਜਿਸਦਾ ਕੋਈ ਹਿਸਾਬ ਕਿਤਾਬ ਨਹੀਂ। ਦਸਮ ਗ੍ਰੰਥ ਨੂੰ ਵੀ ਮੱਥਾ ਟਿਕਵਾ ਕੇ ਗੁਰੂ ਗ੍ਰੰਥ ਸਾਹਿਬ ਨੁੰ ਲਾਂਭੇ ਕਰ ਦੇਣਾ ਹੈ। ਚਲੋ ਸੱਪ ਵੀ ਮਾਰ ਲਿਆ ਤੇ ਸੋਟਾ ਵੀ ਬਚਾ ਲਿਆ। ਸਿਆਣੇ ਲੋਕ ਇੱਕ ਪੰਥ ਦੋ ਕਾਜ ਵਾਲੀ ਗੱਲ ਕਰਨ ਵਿੱਚ ਮਾਹਰ ਹਨ ਤੇ ਸਿੱਖਾਂ ਕੋਲ ਦੂਰ ਅੰਦੇਸ਼ੀ ਦੀ ਘਾਟ ਕਰਕੇ ਆਪਸ `ਚ ਲੜ ਲੜ ਮਰੀ ਜਾ ਰਹੇ ਹਨ। ਇਹ ਸਾਰਾ ਕੁੱਝ ਦੁਸ਼ਮਣ ਦੀ ਚੱਲੀ ਚੌਪੜ ਦੀ ਚਾਲ ਨਾਲ ਆਪੇ ਹੀ ਹੋਈ ਜਾ ਰਿਹਾ ਹੈ।

ਜਸਵੰਤ ਸਿੰਘ ਕੰਵਲ ਦੀ ਕਿਤਾਬ ‘ਕੌਮੀ ਵਸੀਅਤ’ ਵਿਚੋਂ: “ਤੁਸੀਂ ਡਾਲਰਾਂ ਪੌਡਾਂ ਵਾਲਿਓ! ਮੰਨੋ ਭਾਵੇਂ ਨਾ ਮੰਨੋ, ਪਰ ਤਾਰੀਖੀ ਸੱਚ ਇਹ ਹੈ, ਸਿੱਖ ਕੌਮੀਅਤ ਦੀ ਕਿਸ਼ਤੀ ਭੰਵਰ ਵਿੱਚ ਗੇੜੇ ਪਈ ਹੋਈ ਐ। ਕੋਈ ਵੰਝ ਚੱਪਾ ਨਾ ਲੱਗਾ, ਗੁਰੂ ਸਿਧਾਂਤ, ਸ਼ਹੀਦ ਪੁਰਖਿਆਂ ਦਾ ਇਤਹਾਸ, ਸੱਚਾ ਸੁੱਚਾ ਸਭਿਆਚਾਰ ਅਤੇ ਸਮੇਤ ਸਾਰੀਆਂ ਵਿਰਾਸਤਾਂ ਗਰਕਣ ਵਾਲੀਆਂ ਹਨ। ਸੱਸੀ ਦੇ ਥੱਲ ਦੀ ਤਪਾੜ ਸਭ ਕੱਝ ਹੀ ਭਸਮ ਕਰਨ ਵਾਲੀ ਹੈ। ਜੇ ਪੰਜਾਬ ਨਾਲ ਕੋਈ ਸਾਂਝ ਬਚਦੀ ਹੈ, ਦਰਦ ਪਿਆਰ ਮਹਿਸੂਸ ਕਰਦੇ ਹੋ, ਤਾਂ ਪਾਣੀ ਦੀ ਚੁਲੀ ਲੈ ਕੇ ਖਦਰਣੇ ਦੀ ਢਾਬ ਉਤੇ ਸਹਿਕਦੇ ਜਖਮੀ ਮਹਾਂ ਸਿੰਘ ਦੀ ਸਾਰ ਲੈ ਲਵੋ, ਨਹੀਂ ਤਾਂ ਸੁਆਹ ਸਿਰ ਪਾਉਣ ਨੂੰ ਬਾਕੀ ਰਹਿ ਜਾਵੇਗੀ”।

ਜੇਕਰ ਟੁੱਟੇ –ਭੱਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਲਬੜਗੱਟੇ ਸਾਧਾਂ ਤੋਂ ਸਾਧਾਰਣ ਜਨਤਾ ਨੂੰ ਬਚਾਉਣ ਦਾ ਉਪਰਾਲਾ ਕਰਨਾ ਪੈਣਾ ਹੈ। ਸਰਕਾਰੀ ਏਜੰਸੀਆਂ ਦੇ ਇਸ਼ਾਰਿਆਂ ਤੇ ਇਹ ਸਾਧ ਸਾਧਾਗਿਰੀ ਦਾ ਨੰਗਾ ਨਾਚ ਨੱਚਦੇ ਆਮ ਦੇਖੇ ਜਾ ਸਕਦੇ ਹਨ। ਅੱਜ ਜਨਤਾ ਦੀਆਂ ਸੜਕਾਂ ਦੇ ਨਾਮ ਦੇਸ ਭਗਤਾਂ ਦੇ ਨਾਵਾਂ ਦੀ ਬਜਾਏ ਇਨ੍ਹਾਂ ਬਾਬਿਆਂ ਦੇ ਬਾਬਿਆਂ ਦੇ ਨਾਵਾਂ ਤੇ ਬਗੈਰ ਕਿਸੇ ਸਰਕਾਰੀ ਇਜ਼ਾਜਤ ਦੇ ਰੱਖੇ ਵੇਖੇ ਜਾ ਸਕਦੇ ਹਨ। ਲੁਧਿਆਣਾ ਤੋਂ ਮੋਗੇ ਨੂੰ ਜਾਓ ਜਾਂ ਫਿਰ ਹਰੀਕੇ ਤੋਂ ਪੱਟੀ ਨੂੰ ਸਾਰੀਆ ਸੜਕਾਂ ਦੇ ਇੰਤਕਾਲ ਇਨ੍ਹਾਂ ਦੇ ਨਾਮ ਚੜ੍ਹੇ ਦਿਖਾਈ ਦੇਣਗੇ। ਗੁਰਦਵਾਰੇ `ਚ ਪਾਠ ਰਖਵਾ ਦੇਣਾ, ਪਾਠ ਕਰਨ ਦੇ ਪੈਸੇ ਦੇ ਦੇਣੇ, 50-100 ਬੰਦਿਆਂ ਨੂੰ ਲੰਗਰ ਛਕਾ ਦੇਣਾ ਸਿੱਖੀ ਸਿਧਾਂਤ ਨਹੀਂ। ਇਸ ਬ੍ਰਹਮਣਵਾਦੀ ਸੋਚ ਦੇ ਅਧੀਨ ਸਦਾ ਦੀ ਨੀਂਦੇ ਘੂਕ ਸੁਤੇ ਪਏ ਲੋਕੋ ਜ਼ਰਾ ਹੋਸ਼ `ਚ ਆਵੋ। ਸਾਰੀ ਦਿਹਾੜੀ ਜਾਂ ਡਬਲ ਸ਼ਿਫਟ ਕੰਮ ਕਰਕੇ ਪੈਸੇ ਕਮਾ ਲੈਣੇ, ਫਿਰ ਇਸ ਵਿਚੋਂ ਦੋ ਕੁ ਹਾੜੇ ਲਾ ਕੇ ਰਾਤ ਲੰਘਾ ਲੈਣੀ ਜ਼ਿਦਗੀ ਨਹੀਂ। ਆਪਣੇ ਪੁਰਖਿਆਂ ਦੇ ਕਰਜੇ ਥੱਲੇ ਦੱਬੇ ਕੈਨੇਡਾ ਜਾਂ ਅਮਰੀਕਾ ਆ ਜਾਣ ਤੇ ਵੀ ਅਸੀਂ ਸੁਰਖਰੂ ਨਹੀਂ ਹੋਏ। ਇਹ ਰੁਪਈਆਂ ਜਾਂ ਡਾਲਰਾਂ ਵਿੱਚ ਅਦਾ ਕੀਤਾ ਜਾਣ ਵਾਲਾ ਕਰਜਾ ਨਹੀਂ। ਪੰਡਿਤ ਮੁਤਾਬਕ ਬਿਲਕੁਲ ਨੀਵੀ ਜਾਤ ਵਿਚੋਂ ਕੱਢ ਕੇ ਗੁਰੂ ਦੀ ਬਣਾਈ ਹੋਈ ਅੱਵਲ ਦਰਜੇ ਦੀ ਜ਼ਮਾਤ ਦਾ ਸਾਡੇ ਸਿਰ ਚਾੜ੍ਹਿਆ ਕਰਜਾ ਹੈ ਜੋ ਪੈਸੇ ਨਾਲ ਬਰਾਬਰ ਨਹੀਂ ਕੀਤਾ ਜਾ ਸਕਦਾ। ਜਿਹੜੀਆਂ ਮਨੁੱਖੀ ਕਰਦਾਂ ਕੀਮਤਾਂ ਉਨ੍ਹਾਂ ਨੇ ਸਾਨੂੰ ਸਿਰਜ ਕੇ ਦਿੱਤੀਆਂ ਸਨ ਉਨ੍ਹਾਂ ਨੂੰ ਬਹਾਲ ਕਰਨ ਨਾਲ ਹੀ ਇਹ ਕਰਜਾ ਅਦਾ ਹੋ ਸਕਦਾ ਹੈ। ਇਸ ਮਹੱਲ ਦੀ ਉਸਾਰੀ ਲਈ 239 ਸਾਲ ਸਾਰੇ ਗੁਰੂ ਸਾਹਿਬਾਨ ਨੇ ਕਰੜੀ ਮਿਹਨਤ ਕੀਤੀ। ਪੰਜਵੇਂ ਗੁਰੂ ਨੇ ਆਪਣੇ ਸਰੀਰ ਦਾ ਤੱਤੀ ਤਵੀ ਤੇ ਬੈਠ ਕੇ ਫੌਲਾਦ ਤਿਆਰ ਕੀਤਾ। ਸਾਡੇ ਪੁਰਖਿਆਂ ਨੇ ਆਪਣੇ ਸਿਰਾਂ ਦੀ ਅਹੁਤੀ ਦੇ ਕੇ ਸਿੱਖ ਕੌਮ ਦੇ ਮਹੱਲ ਦੀ ਨੀਂਹ ਰੱਖੀ। ਦਸਵੇਂ ਗੁਰੂ ਸਾਹਿਬਾਨ ਨੇ ਆਪਣੇ ਸਾਰੇ ਪਰਵਾਰ ਦੇ ਖੂਨ ਨਾਲ ਇਸਦੀ ਪਰਪੱਕਤਾ ਲਈ ਤਰਾਈ ਕੀਤੀ। ਬਾਬਾ ਬੰਦਾ ਸਿੰਘ ਬਹਾਦਰ, ਉਸਦੇ ਆਪਣੇ ਪੁੱਤਰ ਅਤੇ ਆਪਣੀਆਂ ਫੌਜਾਂ ਦੀ ਖੱਲੜੀ ਨਾਲ ਇਸ ਨੂੰ ਢਕਿਆ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਹੱਡਾਂ ਦੀਆਂ ਇਸ ਨੂੰ ਖਿੜਕੀਆਂ ਤੇ ਦਰਵਾਜੇ ਲਗਾਏ ਗਏ। ਜਰਨੈਲ ਹਰੀ ਸਿੰਘ ਨਲਵੇ ਨੇ ਖੈਬਰ ਦੇ ਦਰਿਆਂ ਨੂੰ ਬੰਦ ਕਰਕੇ ਇਸ ਮਹੱਲ ਦੀ ਰਾਖੀ ਲਈ ਵਾੜ ਕੀਤੀ। ਅਸੀਂ ਜਰਾ ਕੇ ਅਵੇਸਲੇ ਹੋਏ ਤੇ ਇਹ ਮਹੱਲ, ਜਿਸਦੀ ਉਸਾਰੀ ਲਈ ਪਤਾ ਨਹੀਂ ਕਿਤਨੇ ਕੁ ਲੱਖਾਂ ਸੀਸ ਲੱਗੇ ਹੋਣਗੇ, ਰੇਤ ਦੀ ਕੰਧ ਵਾਂਗਰ ਦੁਸਮਣਾਂ ਨੇ ਢਾਹ ਕੇ ਔਹ ਮਾਰਿਆ। ਹੁਣ ਸਿਰਫ ਇਸ ਵਿੱਚ ਚਾਰ ਕੁ ਸਾਹ ਬਾਕੀ ਹਨ। ਇਸਦੇ ਸਹਿਕ ਰਹੇ ਨਿਰਬਲ ਸ਼ਰੀਰ ਵਿੱਚ ਅੱਜ ਵੀ ਸ਼ਕਤੀ ਭਰੀ ਜਾ ਸਕਦੀ ਹੈ ਜੇ ਅਸੀਂ ਅੱਜ ਵੀ ਸਿਧੇ ਰਾਹ ਤੁਰਨਾ ਸਿੱਖ ਲਈਏ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਰਨ।

www.singhsabhacanada.com




.