.

ੴਸਤਿਗੁਰ ਪ੍ਰਸਾਦਿ

ਸੇਵਾ ਵਿਖੇ ਪ੍ਰੋ: ਦਰਸ਼ਨ ਸਿੰਘ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

ਦਾਸਰੇ ਦੀਆਂ ਕਰਮਵਾਰ ਬੇਨਤੀਆਂ ਇਸ ਪ੍ਰਕਾਰ ਹਨ ਜੀ—

1-ਪਹਿਲੀ ਜਨਵਰੀ 1984 ਤੋਂ ਕੈਨੇਡਾ ਆ ਵੱਸੇ ਦਾਸਰੇ ਨੇ 6 ਜੂਨ ਸਨ 1984 ਤੋਂ ਵਰਤਨੇ ਆਰੰਭ ਹੋਏ ਜ਼ੁਲਮੀ ਭਾਣਿਆਂ ਦੀਆਂ ਖ਼ਬਰਾਂ ਪੜ੍ਹੀਆਂ ਤਾਂ ਇਸ ਵਿਚਾਰ ਵਿੱਚ ਪੈ ਗਿਆ ਕਿ ਇਕੱਲੇ ਹਜ਼ਰਤ ਈਸਾ ਦਾ ਈਸਾਈ ਧਰਮ ਦੁਨੀਆਂ ਵਿੱਚ ਸਭ ਤੋਂ ਵਡਾ ਰਾਜਾ ਹੈ ਅਤੇ ਇਕੋ ਹੀ ਹਜ਼ਰਤ ਮੁਹੰਮਦ ਸਾਹਿਬ ਦਾ ਦੀਨ-ਏ-ਇਸਲਾਮ ਵੀ ਚੰਗੇ ਤਕੜੇ ਰਾਜਭਾਗ ਦਾ ਮਾਲਕ ਹੈ, ਪਰ ‘ਆਦਿ ਸਚੁ’ ਦੇ ਢੰਡੋਰਚੀ, ਨਿਆਰੇ ਗੁਰਮਤਿ ਗਿਆਨ ਦੇ ਦਾਤੇ ‘ਦਸ ਸਰੂਪੀ’ ਸਤਿਗੁਰੂ ਨਾਨਕ ਸਾਹਿਬ ਜੀ ਦਾ ਨਿਆਰਾ ਨਿਰਮਲ ਪੰਥੀਆ ਜਿਸ ਦੀ ਅਰਦਾਸ ਦੋਵੇਂ ਵੇਲੇ ਸਰਬਤ ਦੇ ਭਲੇ ਦੀ ਹੈ ਉਹ ਏਡੇ ਕਸੂਤੇ ਦੁਖਾਂਤ ਵਿੱਚ ਕਿਸ ਕਾਰਨ ਉਲਝ ਗਿਆ ਹੈ? ਕੌਣ ਹੈ ਅਥਵਾ ਕੀ ਹੈ ਇਸ ਅਧੋਗਤੀ ਦਾ ਕਾਰਨ? ਨਿੱਘਰਦੀ ਜਾ ਰਹੀ ਸਿੱਖੀ ਦੀ ਹਾਲਤ ਨੂੰ ਕਿਵੇਂ ਪਵੇ ‘ਚੜ੍ਹਦੀਕਲਾ’ ਵਲ ਨੂੰ ਮੋੜਾ? ਹਿਰਦਾ ਪ੍ਰੇਸ਼ਾਨ ਰਹਿਣ ਲੱਗਾ।

2-ਇਹਨਾ ਪ੍ਰਸ਼ਨਾਂ ਦਾ ਸ਼ੰਕਾ-ਰਹਿਤ ਉੱਤਰ ਕਿਸੇ ਗ੍ਰੰਥੀ ਜਥੇਦਾਰ ਉਪਦੇਸ਼ਕ ਅਦਿ ਕਿਸੇ ਤੋਂ ਵੀ ਪ੍ਰਾਪਤ ਨਾ ਹੋਇਆ ਤਾਂ ਸੁਝਿਆ ਕਿ ਪਰਮ ਸੁਜਾਨ ‘ਦਸਮਗੁਰੂ ਨਾਨਕ ਜੀ’ ਨੇ ਜਿਸ ਸਦੀਵੀ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਲਾਇਆ ਹੈ ਉਸੇ ਨਿਆਰੇ ਗੁਰਦੇਵ ਜੀ ਤੋਂ ਹੀ ਸਾਰੇ ਸ਼ੰਕਿਆਂ ਦਾ ਸਮਾਧਾਨ ਕਿਉਂ ਪ੍ਰਾਪਤ ਨਾ ਕੀਤਾ ਜਾਵੇ? ਸਨ 1984 ਦੇ ਅੰਤਲੇ ਦਿਨਾਂ ਤੋਂ ਪਾਵਨ ਗੁਰੂਬਾਣੀ ਅਤੇ ਗੁਰੂ ਇਤਿਹਾਸ ਦੀ ਖੋਜ ਵਿੱਚ ਰਾਤ ਦਿਨ ਇੱਕ ਕਰ ਬੈਠਾ। ਹੌਲੀ ਹੌਲੀ ਸਪੱਸ਼ਟ ਹੁੰਦਾ ਗਿਆ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਦੀ ਬਾਗਡੋਰ 7 ਅਕਤੂਬਰ ਸਨ 1708 ਉਪਰੰਤ ਉਦਾਸੀ ਨਿਰਮਲੇ ਰੂਪ ਬ੍ਰਾਹਮਣ-ਪੁਜਾਰੀਆਂ ਦੇ ਹੱਥ ਵਿੱਚ ਆ ਗਈ ਤਾਂ ਉਹਨਾਂ ਨੇ ਜਲ-ਤਲਾਵਾਂ ਸਹਿਤ ਧਰਮ-ਅਸਥਾਨ ਉਹਨਾਂ ਦੀ ਸੇਵਾ ਸੰਭਾਲ ਦੀ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ-ਮਰਿਯਾਦਾ ਆਦਿ ਸਾਰਾ ਕੁਝ ਗੁਰਮਤਿ ਵਿਰੋਧੀ, ਅਜੇਹੀ ਵਿਉਂਤ ਨਾਲ ਪਰਚਲਤ ਕਰ ਲਿਆ ਕਿ ਸਤਿਗੁਰੂ ਨਾਨਕ ਸਾਹਿਬ ਜੀ ਦਾ ਨਿਰਮਲ ਪੰਥੀਆ ਗੁਰੂਬਾਣੀ ਅਨੁਸਾਰ ਜੀਵਨ ਬਨਾਈ ਰੱਖਣ ਦੀ ਲੋੜ ਗੁਆ ਬੈਠਾ। ਦਾਸਰੇ ਨੂੰ ਪੱਕਾ ਯਕੀਨ ਬਣ ਗਿਆ ਕਿ ਗੁਰਦੁਆਰਿਆਂ ਵਿੱਚ ਗੁਰਮਤਿ ਵਿਰੋਧੀ ਮਰਯਾਦਾ ਦੀ ਜਕੜ ਬਣਾਈ ਬੈਠੇ ਪੁਜਾਰੀਵਾਦ ਅਤੇ ਸਾਂਝੇ ਗੁਰਦੁਆਰਿਆਂ ਤੋਂ ਅੱਡਰੇ ਡੇਰੇ ਬਣਾਈ ਬੈਠੇ ਸਾਧ ਲਾਣੇ ਨੇ ਸਿੱਖੀ ਦਾ ਮੋੜਾ ‘ਚੜ੍ਹਦੀ ਕਲਾ’ ਵਲ ਨੂੰ ਨਾ ਸੀ ਪੈਣ ਦਿੱਤਾ ਅਤੇ ਇਹਨਾ ਨੇ ਪੰਥ ਵਿੱਚ ਗੁਰਮਤਿ ਦੇ ਅਨੁਸਾਰ ਕੋਈ-ਉਸਾਰੂ ਮੋੜਾ ਨਾ ਕਦੇ ਪੈਣ ਹੀ ਦੇਣਾ ਹੈ?

3-ਤੁਹਾਡੇ ਕੀਰਤਨ ਦੀਆਂ ਧੁੱਮਾਂ ਸੁਣੀਆਂ ਤਾਂ ਨਵੇਂ ਬਣੇ ਗੁਰਮਤਿ ਦੇ ਵਿਦਿਆਰਥੀ ਦਾਸਰੇ ਨੇ ਜਿਥੋਂ ਵੀ ਮਿਲੀਆਂ ਤੁਹਾਡੇ ਗਾਏ ਕੀਰਤਨ ਦੀਆਂ ਕੈਸਟਾਂ ਮੰਗਵਾ ਮੰਗਵਾ ਕੇ ਬੜੇ ਗਹੁ ਨਾਲ ਸੁਣੀਆਂ ਤਾਂ ਤੁਸੀ ਵੀ ਉਸੇ ਹੀ ਪੁਜਾਰੀਵਾਦ ਦੇ ਅੰਗ ਹੋ ਦਿੱਸੇ ਜੋ ਸਿੱਖ ਪੰਥ ਦੀ ਅਧੋਗਤੀ ਦਾ ਕਾਰਨ ਬਣ ਰਿਹਾ ਹੈ। ਤੁਹਾਡੇ ਕੀਤੇ ਅਰਥਾਂ ਵਿਚੋਂ ਅਨੇਕਾਂ ਸ਼ੰਕੇ ਦਸਮਦੁਆਰ ਵਿੱਚ ਚੱਕਰ ਲਾਉਣ ਲੱਗ ਪਏ। ਮਿਤੀ 30 ਨਵੰਬਰ ਸਨ 1988 ਨੂੰ ਜਦ ਤੁਸੀਂ ਸ਼੍ਰੀ ਅਕਾਲਤਖ਼ਤ ਜੀ ਤੇ ਮੁਖੀ ਸਸ਼ੋਬਤ ਸਾਉ ਤਾਂ ਤੁਹਾਡੇ ਕੀਰਤਨ ਦੀਆਂ ਉਦਾਹਰਣਾਂ ਸਹਿਤ ਗੁਰਮਤਿ ਦਾ ਠੀਕ ਪੱਖ ਸਮਝਾਉਣ ਲਈ ਜੋਦੜੀ ਪੱਤ੍ਰ ਲਿਖ ਭੇਜਿਆ। ਮੁੱਖ ਤੌਰ ਤੇ ਤੁਹਾਥੋਂ ਇਹੋ ਪੁੱਛਿਆ ਸੀ ਕਿ-ਕੀ ਗੁਰੂਬਾਣੀ ਦੇ ਅਰਥ ਆਪਣੀ ਲੋੜ ਅਨੁਸਾਰ ਬਦਲ ਕੇ ਵਰਤ ਲੈਣੇ ਗੁਰਮਤਿ ਦੀ ਨਿਰਾਦਰੀ ਤਾਂ ਨਹੀ ਹੈ? ਜਦ ਕਈ ਮਹੀਨੇ ਉੱਤਰ ਨਾ ਬਹੁੜਿਆ ਤਾਂ ਸ਼ੰਕਾ ਹੋਇਆ ਕਿ ਨਿਮਾਣੇ ਦਾਸਰੇ ਦੀ ਚਿੱਠੀ ਭਾਂਵੇਂ ਤਖ਼ਤ ਨਿਵਾਸੀ ਜਥੇਦਾਰ ਜੀ ਦੇ ਸ਼ਾਹੀ ਸ੍ਰਵਣ ਸਰੋਤਾਂ ਤੱਕ ਨਾ ਹੀ ਪੁੱਜ ਸਕੀ ਹੋਵੇ? ਫ਼ਰਿਆਦ ਨੂੰ ਤੁਹਾਡੇ ਤੱਕ ਪੁਚਾਉਣ ਦੇ ਯਤਨ ਵਿੱਚ ਚਿੱਠੀ ਦਾ ਉਤਾਰਾ ਅਖਬਾਰਾਂ ਵਲ ਭੇਜ ਦਿੱਤਾ। ਜੋ, ਵੈਨਕੂਵਰ ਤੋਂ ਛਪਦੀ ਚੜ੍ਹਦੀ ਕਲਾ ਅਖ਼ਬਾਰ ਦੇ ਅਪਰੈਲ 1989 ਦੇ ਪਰਚੇ ਵਿੱਚ ਪਰਕਾਸ਼ਤ ਹੋ ਗਿਆ। ਪਰ ਤੁਸੀਂ ਫਿਰ ਵੀ ਟੱਸ ਤੋ ਮੱਸ ਨਾ ਹੋਏ। ਯਾਦ ਪੱਤਰ ਵੀ ਖੂਹ ਖਾਤੇ ਪੈਂਦੇ ਰਹੇ। ਪੂਰੇ ਸੱਤ ਸਾਲ (Seven years) ਉਡੀਕਦੇ ਰਹਿਣ ਉਪਰੰਤ ਉਸ ਚਿੱਠੀ ਨੂੰ ਸਦੀਵੀ ਯਾਦ ਬਣਾ ਦੇਣ ਲਈ 1995 ਵਿੱਚ ਛਪੀ ਆਪਣੀ ਪੁਸਤਕ ‘ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ’ ਵਿੱਚ ਛਪਵਾ ਦਿੱਤਾ। ਉਚੇਚੀ ਖੇਡ ਖੇਡਦਿਆਂ ਤੁਸਾਂ ਸ੍ਰੀ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਤਿਆਗ ਪੱਤਰ ਦੇ ਦਿੱਤਾ। ਆਪਣੀ ਜਥੇਦਾਰੀ ਸਮੇ ਸਦਾ ਯਾਦ ਰਹਿਣ ਵਾਲੀ ਕੋਈ ਉਸਾਰੂ ਸੇਧ ਤਾਂ ਕੌਮ ਨੂੰ ਕੀ ਦੇਣੀ ਸੀ ਤੁਸੀਂ ਉਥੇ ਹੁੰਦੀਆਂ ਗੁਰਮਤਿ ਵਿਰੋਧੀ ਕਰਮ ਕਰਤੂਤਾਂ ਬਾਰੇ ਵੀ ਕਦੇ ਹਉਂਕਾ ਤੱਕ ਨਾ ਲਿਆ, ਉਦਾਹਰਨ ਵਜੋਂ-ੳ-ਸ੍ਰੀ ਅਕਾਲ ਤਖ਼ਤ ਦੇ ਮੁਖ ਕਮਰੇ ਵਿੱਚ ਬਣੇ ਸ਼ੀਸ਼ੇ ਦੇ ਗੁੰਬਦ ਰੂਪ ਸ਼ੀਸ਼ਮਹਲ ਵਿੱਚ ਨਿਰਜਿੰਦ ਸ਼ਸਤਰਾਂ ਦੀ ਦੋਵੇਂ ਵੇਲੇ ਪੂਜਾ, ਅਤੇ ਕੋਲ ਹੀ ਢਾਈ ਫ਼ੁੱਟ ਦੇ ਕਰੀਬ ਨੀਵੇਂ-“ਗੁਰਿ ਕਾਢੀ ਬਾਹ ਕੁਕੀਜੈ”-“ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ {1160}” ਹੁਕਮਾਉ ਵੱਲ ਪਿੱਠ? ਆਪਣੇ ਗੁਰਦੇਵ ਜੀ ਦੀ ਕੂਕ ਪੁਕਾਰ ਤੁਸਾਂ ਵੀ ਨਾ ਸੁਣੀ? ਸ਼ਸਤਰਾਂ ਨੂੰ ਉਹਨਾਂ ਦੀ ਅਸਲੀ ਥਾਂ ਅਸਲਾਖ਼ਾਨੇ ਭੇਜ ਕੇ ਉਥੇ ਅਸਲੀ ਮਾਲਕ ਗੁਰਦੇਵ ਜੀ ਦਾ ਪ੍ਰਕਾਸ਼ ਤੁਸੀਂ ਆਪਣੇ ਹੱਥੀਂ ਕਰਦੇ? -ਅ-ਹਰਿਮੰਦਰ ਸਾਹਿਬ ਵਿਖੇ ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਜੀ ਦੀ ਹਜ਼ੂਰੀ ਦੇ ਥਾਂ ਇਸ਼ਨਾਨ ਉਪਰੰਤ ਨਵੀਂਨ ਸੱਜ ਧੱਜ ਕਰਵਾ ਚੁੱਕੇ ਫ਼ਰਸ਼ ਦੀ ਹੀ ਹਜ਼ੂਰੀ? -ੲ-ਪਾਠ ਬੁਕ ਕਰਨੇ, ਕੀਤੇ ਕਰਾਰੇ ਪਾਠ ਵੇਚਣੇ ਅਥਵਾ ਭੇਟਾ ਦੀ ਬੇਹਿਸਾਬੀ ਮਾਇਆ, ਸਤਿਗੁਰੂ ਸਾਹਿਬ ਜੀ ਦੇ ਪਾਵਨ ਵਜੂਦ ਨੂੰ ਆਮਦਨ ਦਾ ਸਾਧਨ ਬਣਾ ਸਕਣ ਦੇ ਪੂਰਨੇ? ਆਦਿ ਹੋਰ ਗੁਰਮਤਿ ਵਿਰੋਧੀ ਕਈ ਕੁਝ ਬਾਰੇ ਤੁਸੀਂ ਬੜੀ ਤਕੜੀ ਮੁਹਿੰਮ ਚਲਾ ਸਕਦੇ ਸੀ? ਚਿੱਠੀ ਵਿੱਚ ਵੀ ਦਸਰੇ ਦਾ ਕੀ ਅਜੇਹਾ ਤਰਲਾ ਹੀ ਨਹੀਂ ਸੀ ਜੀ?

4-ਤੁਹਾਡੇ ਬਾਰੇ ਚੰਗੀ ਅਥਵਾ ਮਾੜੀ ਚਰਚਾ ਖਿੱਲਰੀ, ਤਾਂ (ਕੈਲੇਫ਼ੋਰਨੀਆ ਰਾਜ ਦੇ ਸੈਕਰਾਮੈਟੋ ਪਰਗਣੇ ਦੇ) ਰੋਜ਼ਵਿਲ-ਨੱਗਰ ਦੇ ਗੁਰਦੁਆਰੇ ਦੇ ਮਾਲਕ/ਸੰਚਾਲਕ ਭਾਈ ਹਰਦੇਵ ਸਿੰਘ ਜੀ ਸ਼ੇਰਗਿਲ ਤੁਹਾਡਾ ਇੰਟਰਵੀਊ-ਰੀਕਾਰਡ ਕਰਨ ਲਈ ਤੁਹਾਨੂੰ ਟਰਾਂਟੋ ਵਿਖੇ ਤੁਹਾਡੇ ਨਿਵਾਸ ਅਸਥਾਨ ਤੇ ਆ ਮਿਲੇ। ਤੁਸਾਂ ਆਪਣੇ ਤਜੱਰਬੇ ਦੀ ਕੋਈ ਲਾਹੇਵੰਦ ਗਲ ਤਾਂ ਨਾ ਕੀਤੀ ਪਰ ਉਹਨਾਂ ਕੋਲ ਦਾਸਰੇ ਵਿੱਰੁਧ ਸਭ ਤੋਂ ਵਡਾ ਰੋਸ ਏਹ ਕੀਤਾ ਕਿ “ਕਾਲਾ ਅਫ਼ਗ਼ਾਨਾ ਨੇ ਚਿੱਠੀ ਵਿੱਚ ਮੈਨੂੰ ‘ਪੇਸ਼ਾਵਰ ਰਾਗੀ’ ਲਿਖਿਆ ਹੈ, ਅਖ਼ੇ, ਮੈ ਉਸ ਨੂੰ ਮੂੰਹ ਤੋੜਵਾਂ ਉੱਤਰ ਤਾਂ ਖ਼ੂਬ ਦੇ ਸਕਦਾ ਸਾਂ ਪਰ ਜਥੇਦਾਰੀ ਦੇ ਰੁਝੇਵਿਆਂ ਵਿੱਚ ਸਮਾ ਨਾ ਮਿਲਿਆ”। ਸ਼ੇਰ ਗਿੱਲ ਜੀ ਕੋਲੋਂ ਸ਼ਿਕਵੇ ਸ਼ਕਾਇਤਾਂ ਸੁਣ ਕੇ ਪੁਸਤਕ ਬਿੱਪ੍ਰਨ ਕੀ ਰੀਤ ਦੇ ਪਹਿਲੇ ਭਾਗ ਦੇ 212 ਸਫ਼ੇ ਤੇ ਆਪਣੀ ਉਸ ਚਿੱਠੀ ਨੂੰ ਉਚੇਚੇ ਧਿਆਨ ਨਾਲ ਪੜ੍ਹਿਆ ਤਾਂ ਚਿੱਠੀ ਦੇ ਚੌਥੇ ਸਫ਼ੇ ਦੇ (ੳ) ਜਿਸ ਪੈਰੇ ਵਿੱਚ ਤੁਹਾਡੀ ਸ਼ਕਾਇਤ ਵਾਲੀ ਪੰਗਤੀ ਹੈ ਉਹ ਪੂਰੀ ਸਤਰ ਇਸ ਪ੍ਰਕਾਰ ਹੈ-“ਹੋਰ ਕੌਮਾਂ ਦੇ ਇਤਹਾਸ ਤੋਂ ਉਲਟ ਇੱਕ ਪੇਸ਼ਾਵਰ ਰਾਗੀ ਨੂੰ ਬਹਾਦਰਾਂ ਦੀ ਕੌਮ ਦਾ ਸਰਬ ਉੱਚ ਜਥੇਦਾਰ ਬਣਾ ਦੇਣ ਨਾਲ ਕੀ ਆਪ ਜੀ ਨੂੰ ਗੁਰਬਾਣੀ ਦਾ ਪੱਕਾ ਸਿਧਾਂਤ ਬਦਲ ਦੇਣ ਦਾ ਅਧਿਕਾਰ ਵੀ ਮਿਲ ਗਿਆ ਸੀ ਜੀ?” ਇਸ ਦੇ ਨਾਲ ਹੀ ਪੂਰੀ ਚਿੱਠ ਪੜ੍ਹਨ ਤੋਂ ਬਹੁਤੀ ਹੈਰਾਨੀ ਇਹ ਹੋਈ ਕਿ ਤਸਾਂ ਆਪਣੇ ਪੇਸ਼ੇ ਲਈ ਵਰਤੇ ਸੱਚੇ ਬਚਨਾਂ ਬਾਰੇ ਕਈ ਵਰ੍ਹਿਆਂ ਉਪਰੰਤ ਵਿਅਰਥ ਦੇ ਸ਼ਿਕਵੇ ਤਾਂ ਖ਼ੂਬ ਕੀਤੇ ਪਰ ਉਪਰੋਕਤ ਲਕੀਰ ਉਤਲੇ ਗੰਭੀਰ ਦੋਸ਼, ਅਤੇ ਪੂਰੇ ਚਿੱਠੀ ਵਿਚਲੇ ਗੁਰਮਤਿ ਵਿਰੋਧੀ ਦੂਸ਼ਨਾਂ ਨੂੰ ਤੁਸਾਂ ਘਿਉ ਦਾ ਘੁੱਟ ਕਰ ਲਿਆ? ਹੈਰਾਨੀ ਹੈ ਕਿ ਆਪਣੇ ਵਿਰੁੱਧ ਸਬੂਤਾਂ ਸਹਿਤ ਸੱਚੀਆਂ ਸ਼ਕਾਇਤਾਂ ਵਾਲੀ ਚਿੱਠੀ ਨੂੰ ਤੁਸਾਂ ਕੈਸੀ ਸਫ਼ਾਈ ਨਾਲ ਰੱਦੀ ਦੀ ਟੋਕਰੀ ਵਿੱਚ ਵਗਾਹ ਮਾਰਿਆ ਸੀ? ਹੇ ਮਹਾਂ ਕਲਾਵਾਨ ਜਥੇਦਾਰ ਸਾਹਿਬ ਜੀਓ! ਤੁਸੀ ਵਾਕਿਆ ਹੀ ਧੰਨ ਧੰਨ ਧੰਨ ਹੋ। ਜਿਸ ਕੌਮ ਵਿੱਚ ਝੂਠ ਨੂੰ ਸਚ ਬਣਾ ਦੇਣ ਵਾਲੇ ਤਹਾਡੇ ਵਰਗੇ ਨਿਪੁੰਨ ਰਾਗੀਆਂ ਦਾ ਬੋਲ ਬਾਲਾ ਹੋਵੇ ਉਸ ਕੌਮ ਦੀ ਚੜ੍ਹਦੀਕਲਾ ਦੀ ਆਸ ਛੱਡ ਕੇ ਉਸਦੇ ਕਾਇਮ ਰਹਿਣ ਦਾ ਫਿਕਰ ਕਰਨਾ ਬਹੁਤਾ ਜ਼ਰੂਰੀ ਹੈ। ਅਜੇਹੇ ਕਈ ਕੁਝ ਨੂੰ ਅੰਦਰੇ ਹੀ ਦਬਾ ਲਿਆ ਤੇ ਤੁਹਾਡੀ ਸ਼ਕਾਇਤ ਬਾਰੇ ਸ਼ੇਰ ਗਿਲ ਜੀ ਕੋਲ ਦਾਸਰੇ ਦਾ ਕੇਵਲ ਏਹੀ ਉਤਰ ਸੀ ਕਿ, ਜੇ ਜਥੇਦਾਰ ਜੀ ਉਸ ਸਮੇਂ ਦੇ ਉਚੇਚੇ ਰੁਝੇਵੇਂ ਕਾਰਨ, ਅਥਵਾ ਉਪਰੰਤ 1995 ਤੱਕ ਕੁਝ ਨਹੀਂ ਸਨ ਲਿਖ ਸਕੇ ਤਾਂ ਹੁਣ ਲਿਖ ਭੇਜਣ ਸਾਰੇ ਪੱਖ ਵਿਚਾਰ ਕੇ ਜਿਵੇਂ ਆਖੋਗੇ ਕਰ ਲਿਆ ਜਾਵੇਗਾ। ਪਰ ਤੁਸਾਂ ਤਾਂ ਸ਼ਿਕਵੇ ਸ਼ਕਾਇਤਾਂ ਹੀ ਕਰਨੀਆਂ ਹੁੰਦੀਆਂ ਸਨ ਚਿੱਠੀ ਦਾ ਉੱਤਰ ਤਾਂ ਅੱਜ ਜੂਨ 2008 ਤੱਕ ਵੀ ਨਾ ਬਹੁੜਿਆ ਅਤੇ ਪੂਰਾ ਯਕੀਨ ਹੈ ਕਿ ਉਸ ਚਿੱਠੀ ਦਾ ਕੋਈ ਉੱਤਰ ਨਾ ਕਦੇ ਬਹੁੜਨਾ ਹੀ ਹੈ?

5- ਅਚਨਚੇਤੀ ਹੋਈਆਂ ਤੁਹਾਡੀਆਂ ਨਿਵਾਜ਼ਿਸ਼ਾਂ:- ਡੈਲਟਾ ਬੀ. ਸੀ ਵਿਖੇ ਦਾਸਰਾ ਘਰ ਬੈਠਾ ਲਿਖਾ ਪੜ੍ਹੀ ਕਰ ਰਿਹਾ ਸੀ ਕਿ ਫ਼ੋਨ ਦੀ ਘੰਟੀ ਖੜਕੀ। ਰੀਸੀਵਰ ਕੰਨ ਨਾਲ ਲਾ ਕੇ ਆਪਣਾ ਨਾਮ ਬੋਲਿਆ ਤਾਂ ਅਗੋਂ ਤੁਹਾਡਾ ਪਤਾ ਲੱਗਾ। ਸੰਕਾ ਹੋਇਆ ਕਿ ਤੁਸਾਂ ਜ਼ਰੂਰ ਚਿੱਠੀ ਬਾਰੇ ਹੀ ਰੋਸ ਕਰਨਾ ਹੋਵੇਗਾ ਤੇ ਸੁਚੇਤ ਹੋ ਬੈਠਾ। ਪਰ ਆਸ ਤੋਂ ਉਲਟ ਤੁਸੀਂ ਸਗੋਂ ਮਿਹਰਾਂ ਦੇ ਘਰ ਬਿਰਾਜੇ ਇਉਂ ਬੋਲੇ-“ਇਹ ਜਾਣ ਕੇ ਮੈਨੂੰ ਬੜੀ ਪ੍ਰਸੰਨਤਾ ਹੁੰਦੀ ਹੈ ਕਿ ਸਿੱਖਾਂ ਵਿੱਚ ਵੀ ਤੁਹਾਡੇ ਜਿਹਾ ਨਿਧੜਕ ਲਿਖਾਰੀ ਮੌਜੂਦ ਹੈ ਜੋ ਬਿਨਾ ਕਿਸੇ ਡਰ ਝਿਜਕ ਦੇ ਨਿਰੋਲ ਸਚੁ ਲਿਖ ਰਿਹਾ ਹੈ।” -ਹੈਰਾਨੀ ਦੀ ਹੱਦ ਨਾ ਰਹੀ ਸ਼ਕਾਇਤਾਂ ਕਰ ਰਹੇ ਜਥੇਦਾਰ ਜੀ ਨੇ ਅੱਜ ਦਾਸਰੇ ਦੇ ਲਿਖੇ ਨੂੰ ਸੱਚ ਸਵੀਕਾਰ ਕਰ ਲਿਆ? ਦਿਲ ਉਛਲਿਆ ਕਿ ਇਸ ਸੁਖਾਂਵੇ ਮੋੜ ਦਾ ਕਾਰਨ ਪੁੱਛ ਲਵਾਂ-ਪਰ ਰਾਜ਼ੀ ਖ਼ੁਸ਼ੀ ਪੁੱਛਦਿਆਂ ਸਾਰ ਤੁਸਾਂ ਫੋਨ ਰੱਖ ਦਿੱਤਾ। ਸ਼ੰਕਿਆਂ ਨੂੰ ਅਕਾਰਨ ਜਾਣਦਿਆਂ ਨਿਸ਼ਕਪਟ ਹਿਰਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਖਿੱਚ ਜਾਗ ਪਈ।

6-ਫਿਰ ਅਚਨਚੇਤ ਹੀ-‘ਸਰੀ’ ਨੱਗਰ ਦੇ ਗੁਰਦੁਆਰੇ ਤੋਂ ਰੇਡੀਓ ਰਾਹੀਂ ਤੁਹਾਡੇ ਕੀਰਤਨ ਦੀਆਂ ਸੁਰੀਲੀਆਂ ਧੁਨਾਂ ਵਿਚ-“ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ”-ਗੁਰੂ ਸ਼ਬਦ ਦੇ ਗਾਇਨ ਨਾਲ ਅਰਥ ਹੁੰਦੇ ਸੁਣੇ ਤਾਂ ਟੇਪ ਕਰ ਲਏ। ਤੁਹਾਡੇ ਬਚਨ -“ਸਤਿਗੁਰਾਂ ਦਾ ਫ਼ੁਰਮਾਨ ਹੈ ਕਿ (ਅੰਮ੍ਰਿਤ ਵੇਲੇ) ਇਸ਼ਨਾਨ ਕਰਕੇ ਪ੍ਰਭੂ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ”। ਦਾਸਰੇ ਦੇ ਮਨ ਵਿੱਚ ਸ਼ੰਕਾ ਉਪਜਿਆ ਕਿ, ਕਿਸੇ ਬੀਮਾਰੀ ਕਾਰਨ, ‘ਪਰਾਏ ਵੱਸ’ ਹੋਣ ਕਾਰਨ ਜਾਂ ਕਿਸੇ ਵੀ ਹੋਰ ਕਾਰਨ ਇਸ਼ਨਾਨ ਨਾ ਕਰ ਸਕਣ ਵਾਲਿਆਂ ਕੋਲੋਂ ਕੀ ਨਾਮ-ਸਿਮਰਨ ਦਾ ਹੱਕ ਖੁੱਸ ਗਿਆ? ਸਰਬੱਤ ਦੇ ਭਲੇ ਦੀ ਮੰਗ ਕਰਨੀ ਸਿਖਲਾ ਰਹੀ ਗੁਰਮਤਿ ਵਿੱਚ ਵਿਤਕਰਿਆਂ ਗ੍ਰਸੇ ਅਜੇਹੇ ਲੰਗੜੇ ਉਪਦੇਸ਼ ਦੀ ਥਾਂ ਕਦੇ ਨਹੀ ਹੋ ਸਕਦੀ। ਜ਼ਰੂਰ ਗੁਰੂਸ਼ਬਦ ਦੇ ਅਰਥ ਅਸ਼ੁੱਧ ਹਨ। ਸਮਾ ਮਿਲਿਆ ਤਾਂ ਸ਼ੰਕਾ ਦੂਰ ਕਰ ਲੈਣ ਦਾ ਯਤਨ ਕਰ ਵੇਖਾਂਗਾ।

7-ਉਸੇ ਸ਼ਾਮ ਭਾਈ ਬਲਵੰਤ ਸਿੰਘ ਜੀ ਗਿਲ ਪ੍ਰਧਾਨ ਗੁਰਦੁਆਰਾ ‘ਸਰੀ’ ਨੇ ਕਾਰ ਭੇਜ ਕੇ ਦਾਸ ਨੂੰ ਆਪਣੇ ਘਰ ਮੰਗਵਾ ਲਿਆ। ਤੁਸੀਂ ਪਹਿਲਾਂ ਹੀ ਰਾਤ ਦੇ ਖਾਣੇ ਵਾਸਤੇ ਪਰਧਾਨ ਜੀ ਦੇ ਘਰ ਪੁੱਜੇ ਹੋੇਏ ਸਾਉ। ਫ਼ਤਹ ਬੁਲਾਈ ਤੇ ਨਾਲ ਲਿਆਂਦੀਆਂ ਆਪਣੀਆਂ ਦੋਵੇਂ ਪੁਸਤਕਾਂ ਆਪ ਜੀ ਦੀ ਭੇਟਾ ਕਰਕੇ ਆਪ ਜੀ ਦੇ ਕੋਲ ਹੀ ਢੁੱਕ ਬੈਠਾ। ਸਵੇਰੇ ਸੁਣੀ ਕਥਾ ਬਾਰੇ ਗਲ ਚਲਾਈ ਤਾਂ ਤੁਹਾਡਾ ਘੜਿਆ ਘੜਾਇਆ ਉਤਰ- “ਕਿਉਂਕਿ ਸ਼ਬਦ ਵਿੱਚ ‘ਮਨ’ ਦੇ ਨਾਲ ‘ਤਨ’ ਵੀ ਆਇਆ ਹੈ ਇਸ ਕਾਰਨ ਸਿਮਰਨ ਤੋਂ ਪਹਿਲਾਂ ਜਲ ਨਾਲ ਇਸ਼ਨਾਨ ਕਰ ਲੈਣਾ ਗੁਰਮਤਿ ਨੇ ਜ਼ਰੂਰੀ ਮੰਨਿਆ ਹੈ” ਗੁਰੂਬਾਣੀ ਵਿੱਚ ‘ਮਨ-ਤਨ’ ਅਤੇ ਤਨ-ਮਨ ਪੰਗਤੀਆਂ ਵਾਲੇ ਸ਼ਬਦ ਕਈ ਹਨ। ਦਾਸਰੇ ਦੇ ਯਕੀਨ ਅਨੁਸਾਰ ਨਾਮ ਸਿਮਰਨ ਦੇ ਆਤਮਕ ਇਸ਼ਨਾਨ ਨਾਲ ਮਨ ਤਨ ਆਰੋਗ ਕਰ ਲੈਣ ਦਾ ਉਪਦੇਸ਼ ਸਰਬਸਾਂਝੀ ਗੁਰਮਤਿ ਦੇ ਬਹੁਤਾ ਅਨਕੂਲ ਹੈ। ਪਰ ਉਥੇ ਚੁੱਪ ਰਹਿਣਾ ਠੀਕ ਜਾਣ ਕੇ ਪਰਸ਼ਾਦੇ ਛਕੇ ਤੇ ਆਪੋ ਆਪਣੇ ਘਰਾਂ ਵਲ ਜਾਣ ਲਈ ਵਿੱਛੁੜ ਤੁਰੇ।

8-ਕੁਝ ਸਮੇ ਉਪਰੰਤ (ਸਨ 2003) ਦਾਸਰੇ ਨੂੰ ਟਰਾਂਟੋ ਜਾਣਾ ਪਿਆ। ‘ਤਨ ਮਨ’ ਅਤੇ ‘ਮਨ ਤਨ’ ਪੰਗਤੀਆਂ ਵਾਲੇ ਗੁਰੂ ਸ਼ਬਦਾਂ ਦੀ ਢੁੱਕੜੀ ਸੂਚੀ ਤਿਆਰ ਕਰਕੇ ਨਾਲ ਲੈ ਲਈ ਤੇ ਸ: ਮਨਜੀਤ ਸਿੰਘ ਜੀ ਸਹੋਤਾ ਦੇ ਘਰ ਜਾ ਠਹਿਰਿਆ। ਸ: ਅਜਮੇਰ ਸਿੰਘ ਜੀ ਲਖੋਵਾਲ, ਪਰਧਾਨ ਕਿਸਾਨ ਸਭਾ ਪੰਜਾਬ, ਦਾਸਰੇ ਨੂੰ ਮਿਲਣ ਆ ਗਏ। ਤੁਹਾਡਾ ਬੁਲਾਵਾ ਆ ਜਾਣ ਤੇ ਮਨਜੀਤ ਸਿੰਘ ਜੀ ਦਾਸਰਾ, ਅਤੇ ਅਜਮੇਰ ਸਿੰਘ ਜੀ ਅਸੀ ਤਿੰਨੇ ਤੁਹਾਡੀ ਸੇਵਾ ਵਿੱਚ ਜਾ ਹਾਜ਼ਰ ਹੋਏ। ਤੁਸਾਂ ਬੜਾ ਨਿੱਘਾ ਸੁਆਗਤ ਕੀਤਾ ਤੇ ਸੱਜੇ ਹੋਏ ਕਮਰੇ ਵਿੱਚ ਲਿਜਾ ਬਿਠਾਇਆ। ਦਾਸ ਨੇ ਯੋਗ ਸਮਾ ਤਾੜ ਕੇ ਗੁਰੂ ਸ਼ਬਦਾਂ ਦੀ ਸੂਚੀ ਵਾਲੇ ਉਹ ਕਾਗ਼ਜ਼ ਤੁਹਾਡੀ ਜੇਬ ਵਿੱਚ ਪਾ ਦਿੱਤੇ ਤੇ ਧਿਆਨ ਨਾਲ ਵਿਚਾਰ ਲੈਣ ਦੀ ਬੇਨਤੀ ਕੀਤੀ। ਤੁਸੀਂ ਉਸੇ ਵੇਲੇ ਬਾਹਰ ਚਲੇ ਗਏ। ਨਿਰਸੰਦੇਹ ਤੁਸਾਂ ਉਹ ਕਾਗ਼ਜ਼ ਪੜ੍ਹ ਲਏ ਹੋਣਗੇ। ਦਾਸਰੇ ਨੂੰ ਸਿਰੋਪਾਉ (ਦਸਤਾਰ. ਕਮੀਜ਼ ਤੇ ਪਾਜਾਮਾ) ਦੇਣਾ ਚਾਹਿਆ ਤਾਂ ਦਾਸ ਨੇ ਬੇਨਤੀ ਕੀਤੀ-“ਅਜੇਹੀ ਭੇਟਾ ਦੇ ਹੱਕਦਾਰ ਤੁਸੀਂ ਹੀ ਹੋ। ਤੁਹਾਡੇ ਚਰਨਾ ਵਿੱਚ ਯਥਾ ਸ਼ਕਤ ਭੇਟਾ ਕਰਦੇ ਰਹਿਣਾ ਸਾਡੇ ਹਿੱਸੇ ਦੀ ਹੀ ਸੇਵਾ ਹੈ। ਉਲਟੀ ਗੰਗਾ ਨਾ ਚਲਾਉ ਜੀ”। ਪਰ ਤੁਸਾਂ ਤੁਰੰਤ ਬੜੀ ਗਰਮਜੋਸ਼ੀ ਨਾਲ ਇਉਂ ਫ਼ੁਰਮਾਨ ਕੀਤਾ “ਅਸਲ ਵਿੱਚ ਗੰਗਾ ਅੱਜ ਸਿੱਧੀ ਚੱਲਣ ਲਗੀ ਹੈ, ਇਸ ਭੇਟਾ ਦੇ ਅਸਲ ਹੱਕਦਾਰ ਤੁਸੀਂ ਹੋ”। ਦਾਸਰੇ ਦੇ ਸਾਥੀ ਸ: ਅਜਮੇਰ ਸਿੰਘ ਜੀ ਨੂੰ ਵੀ ਦਸਤਾਰਾ ਦੇ ਕੇ ਤਸਾਂ ਦੋਹਰੀਆਂ ਨਵਾਜ਼ਸ਼ਾਂ ਸਹਿਤ ਦਾਸਰੇ ਨੂੰ ਨਿਵਾਜਿਆ।

9-ਮਿਤਰਾਈ ਕਿ ਛਲਾਵਾ? ਗੁਰਮਤਿ ਵਿਰੋਧੀ ਪੁਸਤਕ ਗੁਰਬਿਲਾਸ ਪਾਤਸ਼ਾਹੀ 6 ਦੀ ਪੁਨਰ ਸੰਪਾਦਨਾ ਕਰਕੇ ਉਸ ਨੂੰ ਸਿੱਖਾਂ ਲਈ ਧਰਮ ਪੁਸਤਕ ਬਨਾਉਣ ਦੇ ਯਤਨ ਕਰਦਾ ਹੋਇਆ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਗ੍ਰੰਥੀ ਤੋਂ ਸ੍ਰੀ ਅਕਾਲ ਤਖ਼ਤ ਜੀ ਦਾ ਮੁਖੀ ਬਣ ਚੁੱਕਾ ਸੀ। ਦਾਸਰੇ ਦੀਆਂ ਲਿਖਤਾਂ ਤੋਂ ਸਿਖ ਜਗਤ ਵਿੱਚ ਆਈ ਜਾਗਰਤ ਤੋਂ ਘਾਬਰ ਕੇ ਵੇਦਾਂਤੀ ਜੀ ਨੂੰ ਆਪਣੀ ਉਪਰੋਕਤ ਗੁਰਮਤਿ ਵਿਰੋਧੀ ਪੁਸਤਕ ਤੇ ਪਾਬੰਦੀਆਂ ਲਾਉਣੀਆਂ ਪੈ ਗਈਆਂ। ਫਿਰ ਚਿੜੇ ਹੋਏ ਵੇਦਾਂਤੀ ਜੀ ਦਾਸਰੇ ਨੂੰ ਪੰਥ ਵਿਚੋਂ ਛੇਕਣ ਦੀ ਗੁਰਮਤਿ ਵਿਰੋਧੀ ਕਾਰਵਾਈ ਵਿੱਚ ਰੁੱਝ ਗਏ। ਅੰਤਮ ਗੋਲਾ ਦਾਗਣ ਤੋਂ ਪਹਿਲਾਂ ਜਦ ਦਾਸਰੇ ਨੂੰ ਤਨਖਾਹਈਆ ਘੋਸ਼ਤ ਕੀਤਾ ਤਾਂ ਤੁਸਾਂ ਇਸ ਗੁਰਮਤਿ ਵਿਰੋਧੀ ਬੇਇਨਸਾਫ਼ੀ ਦਾ ਭਰਪੂਰ ਸਆਗਤ ਕਰਦਿਆਂ ਵੇਦਾਂਤੀ ਜੀ ਨੂੰ ਵਧਾਈਆਂ ਦਿੱਤੀਆਂ। ਤੁਹਾਡੇ ਇਸ ਮਿਤਰਤਾ ਵਿਰੋਧੀ ਵਿਹਾਰ ਤੋਂ ਹਿਰਦੇ ਨੂੰ ਸੱਖ਼ਤ ਝਟਕਾ ਲੱਗਾ? ਕਿੱਥੇ ਦਾਸਰੇ ਨੂੰ ਘਰ ਬੁਲਵਾ ਕੇ ਕੀਮਤੀ ਬਸਤਰਾਂ ਦਾ ਸੁੰਦਰ ਸਿਰਉਪਾਉ ਦੇ ਕੇ ਇਸ ਸਤਿਕਾਰ ਦੇ ਅਸਲ ਹੱਕਦਾਰ ਦਾਸਰੇ ਨੂੰ ਕਹਿਣਾ ਤੇ ਕਿੱਥੇ ਹੁਣ ਪੰਥ ਵਿਚੋਂ ਛੇਕਿਆ ਵੇਖਣ ਦੀ ਉਚੇਚੀ ਕਾਹਲ? ਗੂੜ੍ਹੀ ਮਿਤ੍ਰਤਾਈ ਦਰਸਾਈ ਨੂੰ ਅਜੇ ਬਹੁਤਾ ਚਿਰ ਨਹੀਂ ਸੀ ਹੋਇਆ ਕਿ ਹਿਰਦੇ ਵਿੱਚ ਪਾਲ ਰੱਖੀ ਕੜਵਾਹਟ ਫੁੱਟ ਤੁਰੀ? ਜ਼ਫ਼ਰ ਨਾਮਹਿ ਦੇ ਇਹ ਬਚਨ ਵੀ ਤੁਹਾਡੇ ਹੀ ਕੀਰਤਨ ਵਿਚੋਂ ਹੋਏ ਹਨ -

ਹਮੂੰ ਮਰਦ ਬਾਇਅਦ ਸ਼ਵਦ ਸੁਖ਼ਨਵਰ। ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ।”

10-ਸ: ਗੁਰਚਰਨ ਸਿੰਘ ਬ੍ਰਰਾੜ ਦੇ ਘਰ ਬ੍ਰਾਹਮਪਟਨ ਵਿਖੇ ਗੁਰੂਸ਼ਬਦ ਵਿਚਾਰਾਂ ਲਈ ਦਾਸ ਦੀ ਹਾਜ਼ਰੀ ਵਿੱਚ ਸੰਗਤ ਜੁੜ ਬੈਠੀ ਤਾਂ ਬਰਾੜ ਜੀ ਨੇ ਤੁਹਾਨੂੰ ਵੀ ਸ਼ਾਮਲ ਹੋਣ ਲਈ ਫੋਨ ਕੀਤਾ। ਤੁਹਾਡਾ ਬੜਾ ਰੁੱਖਾ ਉਤੱਰ- “ਪੰਥ ਵਿਚੋਂ ਛੇਕੇ ਕਾਲਾ ਅਫ਼ਗ਼ਾਨਾ ਦੀ ਮੌਜੂਦਗੀ ਵਾਲੀ ਸੰਗਤਿ ਵਿੱਚ ਸ਼ਾਮਲ ਹੋਣ ਦੀ ਬੇਅਸੂਲੀ ਮੈ ਨਹੀਂ ਕਰ ਸਕਦਾ”। ਦਾਸਰੇ ਨਾਲ ਹੋਈ ਬੇਇਨਸਾਫ਼ੀ ਕਾਰਨ ਚੰਡੀਗੜ੍ਹ ਵਿਖੇ ਹਜ਼ਾਰਾਂ ਗੁਰਸਿਖਾਂ ਨੇ ਬੜਾ ਤਕੜਾ ਰੋਸ ਵਿਖਾਵਾ ਕਰਕੇ ਦਾਸਰੇ ਨਾਲ ਜਥੇਦਾਰੀ ਨੇ ਕੀਤੀ ਧੱਕੇਸ਼ਾਹੀ ਵਿਰੁੱਧ ਸਰਬਸਮਤੀ ਨਾਲ ਮਤੇ ਵੀ ਪਾਸ ਕੀਤੇ ਸਨ। ਉਸ ਸਭ ਕੁਝ ਦੇ ਹਵਾਲੇ ਸਹਿਤ ਬਰਾੜ ਜੀ ਬੋਲੇ-‘ਕੀ ਉਹ ਹਜ਼ਾਰਾ ਗੁਰਸਿੱਖ ਬੇ ਅਸੂਲੇ ਹੀ ਸਨ? ਤੁਹਾਡਾ ਫ਼ੁਰਮਾਨ- ‘ਮੈ ਆਪਣੇ ਅਸੂਲ ਦਾ ਮਾਲਕ ਹਾਂ ਦੂਜਿਆਂ ਨਾਲ ਮੈਨੂੰ ਕੀ?’ ਤੇ ਫ਼ੋਨ ਰੱਖ ਦਿੱਤਾ।

11-ਸਨ 2004 ਵਿੱਚ ਦਾਸ ਡੈਲਟੇ B C ਤੋਂ ਬ੍ਰੈਮਪਟਨ ਵਿੱਚ ਆ ਵਸਿਆ ਤਾਂ ਆਪਣੇ ਬੇਟੇ ਕੁਲਬੀਰ ਸਿੰਘ ਨੂੰ ਮਿਲਨ ਲਈ ਨਾਇਗਰਾਫ਼ਾਲ ਉਸ ਦੇ ਨਿਵਾਸ-ਅਸਥਾਨ ਵਿਖੇ ਗਿਆ। ਉਸ ਨੇ ਬੜੇ ਚਾਉ ਨਾਲ ਤਹਾਡੀ ਗਾਇਨ ਕੀਤੀ ਅਰਥਾਂ ਸਮੇਤ ਨਵੀਂ ਆਸਾ ਕੀ ਵਾਰ ਦੀ C.D. ਵਜੱਣੀ ਚਾਲੂ ਕਰਕੇ ਮੈਨੂੰ ਸੰਬੋਧਨ ਕਰ ਲਿਆ-–“–ਪਾਪਾ ਜੀ ਵੇਖੋ ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਹੁਣ ਗੁਰੂ ਬਾਣੀ ਦੇ ਅਰਥ ਬਿਲਕੁਲ ਤੁਹਾਡੇ ਵਾਂਗ ਹੀ ਕਰਦੇ ਹਨ।” ਬੇਟਾ ਜੀ ਦੇ ਬਚਨ ਠੀਕ ਅਨੁਭਵ ਹੋਏ ਪਰ ਤਨਖਾਹੀਆ ਘੋਸ਼ਤ ਕਰਨ ਤੇ ਵੇਦਾਂਤੀ ਜੀ ਨੂੰ ਵਧਾਈਆਂ ਦੇਣੀਆਂ ਅਤੇ ਧਙਾਣੇ ਹੀ ਦਾਸਰੇ ਨਾਲ ਵਿਰੋਧੀਆਂ ਵਾਲੇ ਸਲੂਕ ਤੋਂ ਮਨ ਵਿੱਚ ਬਣੀ ਝਿਜਕ ਕਾਰਨ ਚੁੱਪ ਰਿਹਾ। ਵਾਪਸ ਮੁੜੇ ਤਾਂ ਬੇਟਾ ਜੀ ਨੇ ਤੁਹਾਡੀ ਗਾਈ ਆਸਾ ਜੀ ਕੀ ਵਾਰ ਦੀਆਂ C.Ds. ਦੇ ਕੇ ਪਿਛਲੀਆਂ ਸਭ ਗੱਲਾਂ ਭੁਲਾ ਕੇ ਤੁਹਾਡੇ ਨਾਲ ਸਾਂਝ ਤਾਜ਼ਾ ਕਰ ਲੈਣ ਦੀ ਤਾਕੀਦ ਕੀਤੀ। ਘਰ ਪੁੱਜ ਕੇ ਦਾਸ ਨੇ C D ਕੰਪੀਉਟਰ ਵਿੱਚ ਉਚੇਰੀ ਸੁਰ ਵਿੱਚ ਵਜਾਣੀ ਚਾਲੂ ਕਰਕੇ ਤੁਹਾਡੇ ਨਾਲ ਫ਼ੋਨ ਤੇ ਸੰਪਰਕ ਬਣਾ ਲਿਆ। ਨਿਰਸੰਦੇਹ ਤੁਸੀਂ ਹੋ ਰਿਹਾ ਆਪਣਾ ਗਾਇਨ ਸੁਣ ਲਿਆ ਸੀ। ਦਾਸਰੇ ਦੇ ਮਨ ਵਿਚਲੇ ਸੰਦੇਹ ਤੋਂ ਉਲਟ ਤੁਸੀਂ ਬੜੀ ਪ੍ਰਸੰਨ ਸੁਰ ਵਿੱਚ ਸਗੋਂ ਇਉਂ ਬੋਲੇ-“ਵੇਖੋ ਜੀ ਹੁਣ ਤਾਂ ਮੈ ਤੁਹਾਡੀ ਬੋਲੀ ਹੀ ਬੋਲਦਾ ਹਾਂ”. ਤਾਂ ਦਾਸ ਨੇ ਹੌਂਸਲਾ ਕਰਕੇ ਮੱਥੇ ਨਾ ਲਗਣ ਦਾ ਕਾਰਨ ਪੁੱਛ ਲਿਆ? ਤੁਹਾਡਾ ਬੜਾ ਬੇਬਾਕਾਨਾ ਫ਼ੁਰਮਾਨ -–“ਉਹ ਮੇਰਾ ਅਸੂਲ ਹੈ। ਪੰਥ ਵਿਚੋਂ ਖ਼ਾਰਜ ਮਨੁੱਖ ਦੇ ਮੱਥੇ ਲਗਣ ਵਾਲੀ ਬੇਅਸੂਲੀ ਮੈ ਨਹੀਂ ਕਰ ਸਕਦਾ।” ਹਿਰਦੇ ਨੂੰ ਬੜਾ ਸਖ਼ਤ ਝਟਕਾ ਲੱਗਾ। ਹੈਰਾਨ ਸਾਂ ਕਿ ਗੁਰਮਤਿ ਦੇ ਪਰਚਾਰਕ ਗੁਰਸਿੱਖ ਪ੍ਰੋਫ਼ੈਸਰ ਜੀ ਨੇ ਹੁਣੇ ਹੀ ਮੰਨਿਆ ਹੈ ਕਿ ਉਹ ਦਾਸਰੇ ਦੀ ਹੀ ਬੋਲੀ ਵਰਤ ਰਹੇ ਹਨ, ਪਰ ਧੰਨਵਾਦੀ ਹੋਣ ਦੇ ਥਾਂ ਦਾਸਰੇ ਦੇ ਮੱਥੇ ਲਗਣ ਦੀ ਗਲ ਤੇ ਅਜੇਹੇ ਗਰਮਤਿ ਵਿਰੋਧੀ ਕੌੜੇ ਬਚਨ? ‘ਚਾਣਕੀਆ ਨੀਤੀ’ ਪੁਸਤਕ ਦੇ ਬਚਨ ਤੁਹਾਥੋਂ ਕਿਹੜੇ ਭੁੱਲੇ ਹੋਏ ਹਨ-“ਏਕ ਅੱਖਰ ਦਾਤਾ ਗੁਰ ਜੋ, ਜੋ ਸਿਮਰਤ ਨਹੀਂ ਤਾਸ। ਸੌ ਜਨਮ ਸੁਆਨ ਕੋ ਫਿਰ ਸਵਪਚ ਘਰ ਵਾਸ॥” ਇੱਕ ਅੱਖਰ ਤਾਂ ਕਿਤੇ ਰਹਿ ਗਿਆ ਤੁਸੀਂ ਤਾਂ ਦਾਸਰੇ ਦੀਆਂ ਲਿਖੀਆਂ ਪੁਸਤਕਾਂ ਵਰਤਦੇ ਹੋਏ ਵਾਹ ਵਾਹ ਖੱਟ ਰਹੇ ਸਾਉ ਜੀ।

12-ਵਿਕਾਰ ਗੁਨਾਹਾਂ ਤੋਂ ਪਾਕ ਸਾਫ਼, ਪਰਉਪਕਾਰੀ ਨੇਕ ਦਿਲ ਬਾਬਾ ਫ਼ਰੀਦ ਜੀ ਨੇ ਗੁਰਮਤਿ ਦੀ ਅਨੋਖੀ ਪਰਚਾਰਵਿਧੀ ਦੇ ਅਨਕੂਲ ਆਪਣੇ ਇਸ ਸਲੋਕ-ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ॥ ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥ {1381} ਰਾਹੀਂ ਉਹਨਾਂ ਪਖੰਡੀਆਂ ਦਾ ਪਾਜ ਉਘੇੜਿਆ ਹੈ ਜੋ ਕਾਲੇਂ ਕਪੜਿਆਂ ਦੇ ਕਾਲੇ ਵੇਸ ਕਾਰਨ ਕਰਾਮਾਤੀ ਫ਼ਕੀਰ ਅਥਵਾ ਵਰਾਂ ਦੇ ਦਾਤੇ ਦਰਵੇਸ਼ ਸਮਝੇ ਜਾਂਦੇ ਪਰ ਅੰਦਰੋਂ ਗੁਨਾਹਾਂ ਨਾਲ ਭਰੇ ਖ਼ਲਕਤ ਰੂਪ ਖਾਲਕ ਨੂੰ ਠੱਗ ਰਹੇ ਹਨ। ਦੂਜਿਆਂ ਦੇ ਲੱਗੀ ਨੂੰ ਬੈਸੰਤਰ ਕਹਿ ਰਹੇ (ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ. {ਪੰਨਾ-1001} ਸਤਿਕਾਰਤ ਜਥੇਦਾਰ ਦਰਸ਼ਨ ਸਿੰਘ ਜੀਓ! ਤੁਹਾਡੇ ਵਲ ਨੂੰ ਤਾਂ ਅਜੇ ਉਸ ਅਗਨੀ ਦਾ ਮਾੜਾ ਜਿਹਾ ਧੂਆਂ ਹੀ ਆਇਆ ਸੀ ਕਿ ਚੰਗੇ ਭਲੇ ਗ੍ਰਿਹਸਤੀ ਕਪੜਿਆਂ ਦੇ ਥਾਂ ਗੁਰਮਤਿ ਵਿਰੋਧੀ ਕਾਲਾ ਵੇਸ? ਸ਼ੰਕਾ ਬਣਦਾ ਹੈ ਕਿ ਜੋ ਕੁਝ ਤੁਹਾਡੇ ਮੂੰਹ ਵਿੱਚ ਹੈ ਅੰਦਰ ਉਹ ਨਹੀਂ ਹੈ।

13-ਗੁਰੂ ਗ੍ਰੰਥ ਸਾਹਿਬ ਦੇ ਇਸ ਫ਼ੁਰਮਾਨ ਨੂੰ ਤੁਸਾਂ ਕੀਰਤਨ ਵਿੱਚ ਕਈ ਵਾਰ ਵਰਤਿਆ ਹੈ-ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ- ਭਾਵ, ਗਿਆਨ ਜੋਤਿ ਓਹਾ ਸਤਿਗੁਰੂ ਨਾਨਕ ਸਾਹਿਬ ਵਾਲੀ ਅਤੇ ‘ਜੁਗਤਿ ਸਾਇ’ ਉਹ ਜੁਗਤਿ ਜੋ ਗੁਰੂ ਅੰਗਦ ਸਾਹਬ ਜੀ ਨੇ ਚਲਾਈ ਸੀ। ਭਾਵੇਂ ਤੁਸੀ ਜਾਣਤ ਹੀ ਹੋ ਪਰ ਉਦਾਹਰਣ ਵਜੋਂ ਕੇਵਲ ਇਹ ਬਚਨ:- {ਵਾਰ ਮਾਝ ਪਉੜੀ 22}

ਸਲੋਕੁ ਮਹਲਾ 2॥ ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ॥ … … ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ॥ 1॥ {ਪੰਨਾ148}

ਗੁਰੂ ਅੰਗਦ ਸਾਹਿਬ ਦੁਜੇ ਸਤਿਗੁਰੂ ਨਾਨਕ ਜੀ ਅਪਣੇ ਲਹਿਣਾ ਨਾਉਂ ਸਮੇਤ ਆਪਣਾ ਆਪਾ ਪੂਰੀ ਤਰ੍ਹਾਂ ਗੁਆ ਕੇ ‘ਨਾਨਕ ਨਾਮ ਦੀ ਦੈਵੀ ਮੋਹਰ ਹੇਠ ਗੁਰਬਾਣੀ ਰਚਨਾ ਦੀ ਨਿਆਰੀ ਜੁਗਤਿ ਚਲਾ ਦਿੱਤੀ ਜੋ ਨੌਵੇਂ ਗੁਰਦੇਵ ਪਿਤਾ ਗੁਰੂ ਤੇਗ਼ ਬਹਾਦਰ ਜੀ ਤੱਕ ਨਿਰੰਤਰ ਜਿਉਂ ਦੀ ਤਿਉਂ ਨਿਭਾਈ ਜਾਂਦੀ ਰਹੀ ਤੋਂ ਦਸਮ ਪਿਤਾ ਜੀ ਭਲੀ ਭਾਂਤੀ ਸੁਚੇਤ ਸਨ। ਦਸਵੇ ਨਾਨਾਕ ਜੀ ਹੋਣ ਕਾਰਨ ਉਹਨਾਂ ਲਈ ਇਸ ਜੁਗਿਤ ਦੀ ਪਾਬੰਦੀ ਜ਼ਰੂਰੀ ਬਣ ਚੁੱਕੀ ਸੀ, ਅਤੇ ਫਿਰ ਦਸਮ ਸਤਿਗੁਰੂ ਨਾਨਕ ਸ੍ਰੀ ਦਸ਼ਮੇਸ਼ ਜੀ ਨੇ ਆਪਣੇ ਪਿਤਾ ਪਿਤਾਮਾ ਜੀ ਤੋਂ ਅੱਡਰਾ ਵਿਹਾਰ ਕਦੇ ਵੀ ਨਹੀਂ ਸੀ ਕਰਨਾ। ਸੋ ਦਸਮ ਗੁਰੂ ਨਾਨਕ ਜੀ ਭਾਂਵੇਂ ਇੱਕ ਤੁੱਕ ਦੀ ਹੀ ਰਚਨਾ ਕਰਦੇ ਉਹਨਾਂ ਨੇ- (1) -ਨਾਨਕ ਨਾਮ ਦੀ ਮੋਹਰ ਹੇਠ ਹੀ ਕਰਨੀ ਸੀ- (2) -ਛੋਟੀ ਤੋਂ ਛੋਟੀ ਰਚਨਾ ਨੂੰ ਵੀ ਉਸੇ ਹੀ ਪਾਵਨ “ਗ੍ਰੰਥ” ਵਿੱਚ ਸ਼ਾਮਲ ਕਰ ਦੇਣਾ ਸੀ ਜੋ ਪਿਤਾ ਗੁਰਦੇਵ ਜੀ ਕੋਲੋਂ ਪ੍ਰਾਪਤ ਹੋਈ ਗੁਰਿਆਈ ਦੇ ਨਾਲ ਉਹਨਾਂ ਦੀ ਸੁਜਾਨ ਗੁਰੂ-ਸੰਭਾਲ ਵਿੱਚ ਸੁਰੱਖਿਅਤ ਹੋ ਚੁੱਕਾ ਸੀ, ਅਤੇ ਜਿਸ ਪਾਵਨ ਗ੍ਰੰਥ ਜੀ ਨੂੰ ਉਹਨਾਂ ਨੇ ਆਪਣੇ ਥਾਂ ਗੁਰੂਨਾਨਕ ਸਾਹਿਬ ਜੀ ਦੀ ਗੁਰਿਆਈ ਸੌਂਪਣੀ ਸੀ। ਇਹਨਾ ਸਚਾਈਆਂ ਦੇ ਆਧਾਰ ਤੇ ਕੀ ਤੁਸੀਂ ਇਹ ਦੱਸਣ ਦੀ ਮਿਹਰ ਕਰ ਭੇਜੋਗੇ ਕਿ ‘ਨਾਨਕ’ ਨਾਮਣੇ ਦੀ ਮੋਹਰ ਤੋਂ ਹੀਣੀ ਕਿਸੇ ਲਿਖਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇਣੀ ਦਸ-ਸਰੂਪੀ ਸਤਿਗੁਰੂ ਨਾਨਕ ਸਾਹਿਬ ਜੀ ਦੀ ਘੋਰ ਨਿਰਾਦਰੀ ਨਹੀਂ ਹੈ ਜੀ?

ਆਪਣੇ ਨਾਲ ਹੋਇਆ ਵਿਹਾਰ ਆਪ ਜੀ ਨੂੰ ਦਰਸਾ ਕੇ ਜੋਦੜੀ ਕੇਵਲ ਏਹੀ ਹੈ ਕਿ ਜਿਸ ਪਾਸੇ ਹੁਣ ਤੁਰੇ ਹੋ ਹਰ ਹਾਲਤ ਵਿੱਚ ਡਟੇ ਰਹਿਣਾ ਹੈ। ਬੰਦ ਬੰਦ ਵੀ ਕਟਵਾਉਣਾ ਪੈ ਜਾਵੇ ਤਾਂ ਮੈਦਾਨੋਂ ਨਾ ਭਜੱਣਾ ਸਿੰਘਾਂ ਨੇ ਪੂਰਨੇ ਪਾਏ ਹੋਏ ਹਨ। ਨਿੱਤ ਦੀ ਘੈਂਸ ਘੈਂਸ ਮਕਾ ਦੇਣੀ ਹੀ ਤੁਹਾਨੂੰ ਸੋਭਦੀ ਹੈ ਜੀ। ਭੁੱਲਾਂ ਬਾਰੇ ਸੁਮਤਿ ਦੀ ਲਿਖ ਭੇਜਣੀ ਸੁਹਿਰਦ ਸੱਜਣਾ ਵਾਲੀ ਮਰਦਾਨਗੀ ਹੈ ਪਰ ਦੂਜਿਆਂ ਕੋਲ ਸ਼ਿਕਵੇ ਕਰਨੇ ਤੁਹਾਡੇ ਵਰਗੇ ਗੁਰਮੁੱਖ ਸੱਜਣ ਜੀ ਲਈ ਸੋਭਨੀਕ ਨਹੀਂ ਹਨ ਜੀ। ਉੱਤਰ ਦਾ ਉਡੀਕਵਾਨ-

ਗੁਰੂਬਾਣੀ ਅਨੁਸਾਰ ਜੀਵਨ ਬਤੀਤ ਕਰ ਰਹੇ ਤੁਹਾਡੇ ਵਰਗੇ ਗੁਰਮੁਖਾਂ ਦੀ ਚਰਣ ਧੂੜ-ਦਾਸਰਾ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ

ਮਿਤੀ 25-6-08




.